Tuesday 31 July 2012

Naujwan Pamphlet Series - 4 Shaheed Udham Singh


ਸ਼ਹੀਦ ਊਧਮ ਸਿੰਘ ਦੇ ਆਖਰੀ ਬੋਲ


[ਸ਼ਹੀਦ ਊਧਮ ਸਿੰਘ ਨੇ ਲੰਡਨ ਦੀ ਅਦਾਲਤ 
''ਚ ਜਿਹੜਾ ਆਖ਼ਰੀ ਬਿਆਨ ਦਿੱਤਾ ਸੀ ਉਸਨੂੰ
ਬਰਤਾਨਵੀ ਅਦਾਲਤ ਨੇ ਬਹੁਤ ਸਾਲ ਦੱਬੀ 
ਰੱਖਿਆ ਸੀ। 1995 'ਚ ਬਰਤਾਨਵੀ ਪਬਲਿਕ 
ਰਿਕਾਰਡ ਆਫ਼ਿਸ ਨੇ ਇਸਨੂੰ ਜਾਰੀ ਕੀਤਾ। 
ਜਿਸਨੂੰ ਇੰਗਲੈਂਡ ਤੋਂ ਨਿਕਲਦੇ ਪਰਚੇ ਲਲਕਾਰ 
ਨੇ ਜੁਲਾਈ-ਅਗਸਤ 1996 ਦੇ ਅੰਕ 'ਚ ਛਾਪਿਆ 
ਸੀ। ਸ਼ਹੀਦ ਊਧਮ  ਸਿੰਘ ਨੂੰ ਸ਼ਰਧਾਂਜਲੀ ਵਜੋਂ 
ਇਹ ਬਿਆਨ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।]





ਉਸਨੇ ਜੱਜ ਵੱਲ ਮੂੰਹ ਕਰਕੇ ਉੱਚੀ ਆਵਾਜ਼ 'ਚ ਕਿਹਾ, ''ਬਰਤਾਨਵੀਂ ਸਾਮਰਾਜ ਮੁਰਦਾਬਾਦ! ਤੁਸੀਂ ਕਹਿੰਦੇ ਹੋ ਭਾਰਤ 'ਚ ਸ਼ਾਂਤੀ ਨਹੀਂ। ਸਾਡੇ ਕੋਲ ਸਿਰਫ਼ ਗ਼ੁਲਾਮੀ ਹੈ। ਪੁਸ਼ਤਾਂ ਤੋਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਸਾਡੇ ਲਈ ਸਭਿਆ ਰਾਜ ਲਿਆਂਦਾ ਹੈ ਪਰ ਇਹ ਸਭ ਸਾਡੇ ਲਈ ਗੰਦਾ ਤੇ ਨਿੱਘਰਿਆ ਹੋਇਆ ਹੈ। ਤੁਹਾਨੂੰ ਆਪਣਾ ਇਤਿਹਾਸ ਪੜ•ਨਾ ਚਾਹੀਦਾ ਹੈ। ਜੇ ਤੁਹਾਡੇ 'ਚ ਮਨੁੱਖੀ ਸ਼ਰਾਫਤ ਹੈ ਤਾਂ ਤੁਸੀਂ ਸ਼ਰਮ ਨਾਲ ਮਰ ਜਾਵੋਗੇ। ਹਰਾਮੀ ਖੂਨ ਦੇ ਇਹ ਅਖੌਤੀ ਬੁੱਧੀਜੀਵੀ ਬੁੱਚੜ ਤੇ ਖੂਨ ਦੇ ਪਿਆਸੇ ਆਪਣੇ ਆਪ ਨੂੰ ਸੰਸਾਰ ਦੇ ਸਭਿਆ ਰਾਜ ਦੇ ਸ਼ਾਸਕ ਸਮਝਦੇ ਹਨ।''
ਜੱਜ — ''ਮੈਂ ਇੱਥੇ ਕੋਈ ਸਿਆਸੀ ਭਾਸ਼ਨ ਸੁਣਨ ਲਈ ਨਹੀਂ ਬੈਠਾ। ਜੇ ਤੇਰੇ ਕੋਲ ਇਸ ਕੇਸ ਬਾਰੇ ਕੁੱਝ ਖਾਸ ਕਹਿਣ ਨੂੰ ਹੈ ਤਾਂ ਕਹਿ।
ਊਧਮ ਸਿੰਘ — ''ਮੈਂ ਇਹ ਕਹਿਣਾ ਹੈ ਕਿ ਮੈਂ ਵਿਰੋਧ ਕਰਨਾ ਚਾਹੁੰਦਾ ਹਾਂ।'' ਊਧਮ ਸਿੰਘ ਨੇ ਬੰਡਲ ਦੇ ਕਾਗਜ਼ਾਂ ਨੂੰ ਪਲਟਾਇਆ ਜਿਹੜੇ ਉਹ ਪੜ• ਰਿਹਾ ਸੀ।
ਜੱਜ — ''ਕੀ ਇਹ ਅੰਗਰੇਜ਼ੀ 'ਚ ਹੈ?''
ਊਧਮ ਸਿੰਘ — ''ਤੁਸੀਂ ਸਮਝ ਸਕਦੇ ਹੋ ਜੋ ਮੈਂ ਪੜ• ਰਿਹਾ ਹਾਂ?''
ਜੱਜ — ''ਜੇ ਤੁਸੀਂ ਮੈਨੂੰ ਪੜ•ਨ ਨੂੰ ਦਿਓ ਤਾਂ ਮੈਂ ਚੰਗੀ ਤਰ•ਾਂ ਸਮਝ ਸਕਦਾ ਹਾਂ।''
ਊਧਮ ਸਿੰਘ — ''ਮੈਂ ਨਿਆਂ ਸਭਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਇਸ ਨੂੰ ਸਾਰੇ ਇਕੱਠੇ ਸੁਣਨ।''
ਸ਼੍ਰੀ ਜੀ. ਬੀ. ਮੈਕਲੇਅਰ (ਪੈਰਵੀ) ਨੇ ਜੱਜ ਨੂੰ ਯਾਦ ਕਰਵਾਇਆ ਕਿ ਤੁਸੀਂ ਸੈਕਸ਼ਨ 6 ਐਮਰਜੈਂਸੀ ਪਾਵਰ ਐਕਟ ਵਰਤ ਕੇ ਊਧਮ ਸਿੰਘ ਦੀ ਸਪੀਚ ਨੂੰ ਗੁਪਤ ਰੱਖ ਸਕਦੇ ਹੋ ਜਾਂ ਇਹ ਸਾਰੀ ਕਾਰਵਾਈ ਕੈਮਰੇ ਦੀ ਨਿਗਰਾਨੀ 'ਚ ਵੀ ਹੋ ਸਕਦੀ ਹੈ।
ਜੱਜ — ‘''ਤੁਸੀਂ ਇਸ ਤਰ•ਾਂ ਸਮਝੋ ਜਿਹੜਾ ਤੁਸੀਂ ਕਹਿ ਰਹੇ ਹੋ ਇਸ ਨੂੰ ਛਾਪਿਆ ਨਹੀਂ ਜਾਵੇਗਾ। ਤੁਸੀਂ ਸੰਖੇਪ 'ਚ ਮਤਲਬ ਦੀ ਗੱਲ ਕਰੋ। ਹੁਣ ਅੱਗੇ ਗੱਲ ਕਰੋ।''
ਊਧਮ ਸਿੰਘ — ''ਮੇਰਾ ਮਤਲਬ ਹੈ, ਮੈਂ ਵਿਰੋਧ ਕਰ ਰਿਹਾ ਹਾਂ। ਮੈਂ ਉਸ ਭਾਸ਼ਨ ਬਾਰੇ ਬਿਲਕੁਲ ਬੇਕਸੂਰ ਹਾਂ। ਨਿਆਂ ਸਭਾ ਨੂੰ ਇਸ ਬਾਰੇ ਗੁੰਮਰਾਹ ਕੀਤਾ ਗਿਆ ਸੀ ਮੈਂ ਇਸ ਨੂੰ ਪੜ• ਰਿਹਾ ਹਾਂ।''
ਜੱਜ — ''ਠੀਕ ਹੈ ਪੜ•ੋ।''
ਜਦੋਂ ਉਹ ਪੇਪਰ ਪੜ• ਰਿਹਾ ਸੀ ਤਾਂ ਜੱਜ ਨੇ ਉਸ ਨੂੰ ਦੁਬਾਰਾ ਯਾਦ ਕਰਵਾਇਆ ਕਿ ਤੂੰ ਸਿਰਫ਼ ਇਸ ਵਾਸਤੇ ਬੋਲ ਕਿ ਕਾਨੂੰਨ ਅਨੁਸਾਰ ਤੈਨੂੰ ਸਜ਼ਾ ਕਿਉਂ ਨਾ ਦਿੱਤੀ ਜਾਵੇ।
ਊਧਮ ਸਿੰਘ — (ਗਰਜਵੀਂ ਆਵਾਜ਼ 'ਚ) ‘''ਮੈਂ ਮੌਤ ਦੀ ਸਜ਼ਾ ਦੀ ਪਰਵਾਹ ਨਹੀਂ ਕਰਦਾ। ਇਹਦਾ ਮੇਰੇ ਲਈ ਕੋਈ ਮਤਲਬ ਨਹੀਂ। ਮੈਂ ਮਰਨ ਦੀ ਜਾਂ ਕਿਸੇ ਹੋਰ ਗੱਲ ਦੀ ਪਰਵਾਹ ਨਹੀਂ ਕਰਦਾ। ਮੈਨੂੰ ਇਸ ਬਾਰੇ ਕੋਈ ਫ਼ਿਕਰ ਨਹੀਂ। ਮੈਂ ਇੱਕ ਮਕਸਦ ਲਈ ਮਰ ਰਿਹਾ ਹਾਂ।'' ਊਧਮ ਸਿੰਘ ਨੇ ਕਟਹਿਰੇ ਦੀ ਰੇਲਿੰਗ 'ਤੇ ਜ਼ੋਰ ਨਾਲ ਹੱਥ ਮਾਰਿਆ ਤੇ ਕਿਹਾ ''ਅਸੀਂ ਬਰਤਾਨਵੀਂ ਰਾਜ ਦੇ ਜ਼ੁਲਮਾਂ ਦੇ ਸ਼ਿਕਾਰ ਹਾਂ।'' ਊਧਮ ਸਿੰਘ ਨੇ ਆਪਣੀ ਗੱਲ ਜਾਰੀ ਰੱਖੀ ''ਮੈਂ ਮਰਨ ਤੋਂ ਨਹੀਂ ਡਰਦਾ, ਮੈਨੂੰ ਉਮੀਦ ਹੈ ਜਦੋਂ ਮੈਂ ਚਲਾ ਜਾਵਾਂਗਾ ਮੇਰੀ ਥਾਂ 'ਤੇ ਮੇਰੇ ਦੇਸ਼ ਦੇ ਹਜ਼ਾਰਾਂ ਲੋਕ, ਗੰਦੇ ਕੁੱਤਿਆਂ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆ ਜਾਣਗੇ।'' 
''ਮੈਂ ਇੱਕ ਅੰਗਰੇਜ਼ ਨਿਆਂ ਸਭਾ ਸਾਹਮਣੇ ਖੜ•ਾ ਹਾਂ। ਮੈਂ ਅੰਗਰੇਜ਼ ਅਦਾਲਤ 'ਚ ਹਾਂ। ਜਦੋਂ ਤੁਸੀਂ ਭਾਰਤ ਜਾਂਦੇ ਹੋ ਤੇ ਵਾਪਸ ਆਉਂਦੇ ਹੋ ਤਾਂ ਤੁਹਾਨੂੰ ਇਨਾਮ ਦਿੱਤਾ ਜਾਂਦਾ ਹੈ ਅਤੇ ਹਾਊਸ ਆਫ਼ ਕਾਮਨਜ਼ 'ਚ ਥਾਂ ਦਿੱਤੀ ਜਾਂਦੀ ਹੈ। ਜਦੋਂ ਅਸੀਂ ਇੰਗਲੈਂਡ ਆਉਂਦੇ ਹਾਂ ਤਾਂ ਸਾਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ।''
''ਇੱਕ ਸਮਾਂ ਆਵੇਗਾ ਗੰਦੇ ਕੁੱਤਿਓ! ਜਦੋਂ ਤੁਸੀਂ ਭਾਰਤ ਆਵੋਗੇ ਤਾਂ ਤੁਹਾਨੂੰ ਭਾਰਤ 'ਚੋਂ ਕੱਢ ਦਿੱਤਾ ਜਾਵੇਗਾ। ਤੁਹਾਡਾ ਸਾਰਾ ਬਰਤਾਨਵੀਂ ਸਾਮਰਾਜ ਤਬਾਹ ਕਰ ਦਿੱਤਾ ਜਾਵੇਗਾ।''
''ਭਾਰਤ 'ਚ ਜਿੱਥੇ ਤੁਹਾਡੀ ਅਖੌਤੀ ਜਮਹੂਰੀਅਤ ਅਤੇ ਇਸਾਈ ਧਰਮ ਦਾ ਝੰਡਾ ਲਹਿਰਾਉਂਦਾ ਹੈ ਉਥੇ ਤੁਹਾਡੀਆਂ ਮਸ਼ੀਨਗੰਨਾਂ ਹਜ਼ਾਰਾਂ ਗਰੀਬ ਔਰਤਾਂ ਅਤੇ ਬੱਚਿਆਂ ਦੇ ਢੇਰ ਲਗਾ ਰਹੀਆਂ ਹਨ।''
''ਤੁਹਾਡਾ ਚਰਿੱਤਰ—ਤੁਹਾਡਾ ਚਰਿੱਤਰ—ਮੈਂ ਅੰਗਰੇਜ਼ ਸਰਕਾਰ ਦੀ ਗੱਲ ਕਰ ਰਿਹਾ ਹਾਂ। ਮੈਂ ਸਾਰੇ ਅੰਗਰੇਜ਼ਾਂ ਦੇ ਵਿਰੁੱਧ ਨਹੀਂ ਹਾਂ। ਮੇਰੇ ਜ਼ਿਆਦਾ ਦੋਸਤ ਭਾਰਤ ਦੀ ਥਾਂ ਇੰਗਲੈਂਡ 'ਚ ਰਹਿੰਦੇ ਹਨ। ਮੇਰੀ ਅੰਗਰੇਜ਼ ਕਾਮਿਆਂ ਨਾਲ ਬਹੁਤ ਹਮਦਰਦੀ ਹੈ। ਮੈਂ ਸਰਮਾਏਦਾਰ ਸਰਕਾਰ ਦੇ ਵਿਰੁੱਧ ਹਾਂ।''
''ਤੁਸੀਂ ਲੋਕ ਕਾਮਿਆਂ 'ਤੇ ਜ਼ੁਲਮ ਢਾਹ ਰਹੇ ਹੋ। ਹਰ ਕੋਈ ਗੰਦੇ ਕੁੱਤਿਆਂ ਤੇ ਪਾਗਲ ਦਰਿੰਦਿਆਂ ਦੇ ਜ਼ੁਲਮ ਦਾ ਸ਼ਿਕਾਰ ਹੈ। ਭਾਰਤ 'ਚ ਕੇਵਲ ਗ਼ੁਲਾਮੀ ਹੈ। ਅਸੀਂ ਜਾਣਦੇ ਹਾਂ, ਭਾਰਤ 'ਚ ਕੀ ਹੋ ਰਿਹਾ ਹੈ। ਬਰਤਾਨਵੀਂ ਸਾਮਰਾਜੀਆਂ ਦੁਆਰਾ ਭਾਰਤ 'ਚ ਕਤਲ, ਕੱਟ-ਵੱਢ ਤਬਾਹੀ ਕੀਤੀ ਜਾ ਰਹੀ ਹੈ।''
ਜੱਜ — ''ਮੈਂ ਹੋਰ ਜ਼ਿਆਦਾ ਨਹੀਂ ਸੁਣਨਾ ਚਾਹੁੰਦਾ।''
ਊਧਮ ਸਿੰਘ — ''ਤੁਸੀਂ ਮੈਨੂੰ ਹੋਰ ਸੁਣਨਾ ਨਹੀਂ ਚਾਹੁੰਦੇ ਕਿਉਂਕਿ ਤੁਸੀਂ ਮੇਰੇ ਭਾਸ਼ਨ ਤੋਂ ਥੱਕ ਗਏ ਹੋ, ਆਹ। ਪਰ ਮੈਂ ਅਜੇ ਹੋਰ ਬਹੁਤ ਕੁਝ ਕਹਿਣਾ ਹੈ।''
ਜੱਜ — ''ਮੈਂ ਇਸ ਬਿਆਨ ਬਾਰੇ ਹੋਰ ਕੁੱਝ ਨਹੀਂ ਸੁਣਨਾ ਚਾਹੁੰਦਾ।''
ਊਧਮ ਸਿੰਘ — ''ਤੁਸੀਂ ਮੈਨੂੰ ਪੁੱਛੋ ਮੈਂ ਕੀ ਕਹਿਣਾ ਚਾਹੁੰਦਾ ਹਾਂ। ਮੈਂ ਕਹਿ ਰਿਹਾ ਹਾਂ ਕਿਉਂਕਿ ਤੁਸੀਂ ਲੋਕ ਗੰਦੇ ਹੋ, ਤੁਸੀਂ ਸਾਡੇ ਤੋਂ ਸੁਣਨਾ ਨਹੀਂ ਚਾਹੁੰਦੇ, ਤੁਸੀਂ ਭਾਰਤ 'ਚ ਕੀ ਕਰ ਰਹੇ ਹੋ?''
ਆਪਣੀਆਂ ਐਨਕਾਂ ਨੂੰ ਜੇਬ• 'ਚ ਪਾਉਂਦਿਆਂ ਊਧਮ ਸਿੰਘ ਨੇ ਹਿੰਦੋਸਤਾਨੀ 'ਚ ਤਿੰਨ ਸ਼ਬਦ ਕਹੇ ਤੇ ਗਰਜ਼ਿਆ ''ਬਰਤਾਨਵੀ ਸਾਮਰਾਜ-ਮੁਰਦਾਬਾਦ!! ਬਰਤਾਨਵੀ ਗੰਦੇ ਕੁੱਤੇ-ਮੁਰਦਾਬਾਦ!!''
ਜਿਉਂ ਹੀ ਉਹ ਕਟਿਹਰਾ ਛੱਡਣ ਲਈ ਮੁੜਿਆ ਤਾਂ ਉਸਨੇ ਜਾਚਕ ਦੀ ਮੇਜ਼ 'ਤੇ ਮੁੱਕਾ ਮਾਰਿਆ। 
ਜਦੋਂ ਊਧਮ ਸਿੰਘ ਨੇ ਕਟਿਹਰਾ ਛੱਡਿਆ ਤਾਂ ਜੱਜ ਪ੍ਰੈੱਸ ਵੱਲ ਮੁੜਿਆ ਤੇ ਕਿਹਾ, ''ਮੈਂ ਤੁਹਾਨੂੰ ਹਦਾਇਤ ਕਰਦਾ ਹਾਂ। ਮੁਜ਼ਰਿਮ ਨੇ ਜਿਹੜਾ ਬਿਆਨ ਕਟਿਹਰੇ 'ਚ ਦਿੱਤਾ ਹੈ ਇਸ ਨੂੰ ਅਖਬਾਰਾਂ 'ਚ ਨਾ ਛਾਪਿਆ ਜਾਵੇ। ਸਮਝ ਗਏ ਪ੍ਰੈਸ ਦੇ ਮੈਂਬਰੋ''।

Thursday 26 July 2012

ਨੌਜਵਾਨ ਪੈਂਫਲਟ ਲੜੀ 4 'ਚੋਂ - ਬਾਦਲ ਸਰਕਾਰ ਦਾ ਬੱਜਟ ਅਤੇ ਨੌਜਵਾਨ

ਬਾਦਲ ਸਰਕਾਰ ਦਾ ਬੱਜਟ ਅਤੇ ਨੌਜਵਾਨ
ਲੰਘੀ 20 ਜੂਨ ਨੂੰ ਦੁਬਾਰਾ ਸੱਤ•ਾ 'ਚ ਆਈ ਅਕਾਲੀ ਭਾਜਪਾ ਸਰਕਾਰ ਨੇ ਆਪਣਾ ਸਲਾਨਾ ਬੱਜਟ ਵਿਧਾਨ ਸਭਾ 'ਚ ਪੇਸ਼ ਕੀਤਾ ਜਿਹੜਾ ਕਿ 3123 ਕਰੋੜ ਰੁਪਏ ਦੇ ਘਾਟੇ ਵਾਲਾ ਬੱਜਟ ਹੈ। ਬੱਜਟ ਪੇਸ਼ ਕਰਨ ਵਾਲੇ ਨਵੇਂ ਬਣੇ ਨੌਜਵਾਨ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਸੀ ਕਿ ਬੱਜਟ ਤਿਆਰ ਕਰਨ ਵੇਲੇ ਉਸਦੇ ਮੁੱਖ ਸਰੋਕਾਰ ਸਿੱਖਿਆ, ਸਿਹਤ ਤੇ ਸਮਾਜ ਭਲਾਈ ਵਰਗੇ ਖੇਤਰ ਹਨ। ਉਂਝ ਨੌਜਵਾਨ ਤਬਕਾ ਵੀ ਵਿਸ਼ੇਸ਼ ਤੌਰ 'ਤੇ ਅਕਾਲੀ-ਭਾਜਪਾ ਸਰਕਾਰ ਦੇ ਸਰੋਕਾਰਾਂ 'ਚ ਅਹਿਮ ਸਥਾਨ ਰੱਖਦਾ ਹੈ ਜੀਹਦਾ ਜ਼ੋਰਦਾਰ ਪ੍ਰਗਟਾਵਾ ਢੀਂਡਸਾ ਤੇ ਮਜੀਠੀਏ ਵਰਗਿਆਂ ਨੂੰ ਕੈਬਨਿਟ ਮੰਤਰੀ ਬਣਾ ਕੇ ਕੀਤਾ ਗਿਆ ਹੈ।
ਪੰਜਾਬ ਬੱਜਟ ਰਾਹੀਂ ਨੌਜਵਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜੋ 'ਸਰੋਕਾਰ' ਪ੍ਰਗਟ ਹੋਏ ਹਨ ਉਹ ਪੰਜਾਬ ਸਰਕਾਰ ਦੇ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਦੇ ਅਮਲ ਤੋਂ ਵੱਖਰੇ ਨਹੀਂ ਹਨ। ਬੱਜਟ 'ਚ ਸਰਕਾਰ ਨੇ ਪੰਜਾਬ ਦੇ ਗਰੈਜੂਏਟ  ਬੇ-ਰੁਜ਼ਗਾਰ ਨੌਜਵਾਨਾਂ ਨੂੰ 1000 ਰੁ. ਪ੍ਰਤੀ ਮਹੀਨਾ ਬੇ-ਰੁਜ਼ਗਾਰੀ ਭੱਤਾ ਦੇਣ ਦਾ ਐਲਾਨ ਕੀਤਾ ਹੈ ਜਿਹੜਾ ਬੇ-ਰੁਜ਼ਗਾਰੀ ਦੀ ਝੰਬੀ ਪੰਜਾਬ ਦੀ ਨੌਜਵਾਨ ਜਨਤਾ ਨਾਲ ਮਜ਼ਾਕ ਤੋਂ ਸਿਵਾਏ ਹੋਰ ਕੁਝ ਨਹੀਂ ਹੈ। ਅੰਤਾਂ ਦੀ ਮਹਿੰਗਾਈ ਦੇ ਜ਼ਮਾਨੇ 'ਚ 1000/- ਰੁ: ਪ੍ਰਤੀ ਮਹੀਨੇ ਨਾਲ ਕਿਸੇ ਦਾ 4 ਕੁ ਦਿਨ ਤਾਂ ਗੁਜ਼ਾਰਾ ਹੋ ਸਕਦਾ ਹੈ ਪਰ ਬਾਕੀ ਦੇ 26 ਦਿਨ ਉਹ ਕਿਵੇਂ ਜਿਉਂਵੇਂ, ਕੀ ਕਰੇ, ਕਿੱਥੇ ਜਾਵੇ ਇਹ ਸਰਕਾਰ ਨੇ ਨਹੀਂ ਦੱਸਿਆ। ਸਰਕਾਰ ਨੇ ਆਪਣਾ ਫਰਜ਼ ਨਿਭਾ ਦਿੱਤਾ ਹੈ, ਅਗਾਂਹ ਨੌਜਵਾਨਾਂ ਨੇ ਸੋਚਣਾ ਹੈ ਕਿ ਮਹੀਨਾ ਭਰ ਗੁਜ਼ਾਰਾ ਕਰਨ ਲਈ ਉਹ ਕਿਹੜਾ ਰਾਹ ਅਖਤਿਆਰ ਕਰਨ। ਸਰਕਾਰ ਦੇ ਹੀ ਇੱਕ ਸਰਵੇ ਅਨੁਸਾਰ ਰੁਜ਼ਗਾਰ ਦਫ਼ਤਰਾਂ 'ਚ ਇਸ ਮੌਕੇ 30 ਹਜ਼ਾਰ ਨੌਜਵਾਨਾਂ ਨੇ ਨਾਮ ਦਰਜ ਕਰਵਾਇਆ ਹੋਇਆ ਹੈ। ਜਿੰਨ•ਾਂ ਲਈ ਸਰਕਾਰ ਨੇ ਬੱਜਟ 'ਚ 40 ਕਰੋੜ ਰੁ: ਦੀ ਰਕਮ ਰੱਖੀ ਹੈ। ਪਰ ਪੰਜਾਬ 'ਚ ਬੇ-ਰੁਜ਼ਗਾਰ ਨੌਜਵਾਨਾਂ ਦੀ ਗਿਣਤੀ ਦਾ ਅੰਕੜਾ 45 ਲੱਖ ਤੋਂ ਵੀ ਉੱਪਰ ਹੈ। ਇਹਨਾਂ 'ਚ ਲੱਖਾਂ ਹੀ ਉਹ ਹਨ ਜਿੰਨ•ਾਂ ਨੂੰ ਗਰੈਜੂਏਸ਼ਨ ਤੱਕ ਪੜ•ਾਈ ਕਰਨ ਦਾ ਮੌਕਾ ਹੀ ਨਸੀਬ ਨਹੀਂ ਹੋਇਆ। ਲੱਖਾਂ ਹੀ ਉਹ ਗਰੈਜੂਏਟ ਵੀ ਹਨ ਜਿੰਨ•ਾਂ ਨੇ ਰੁਜ਼ਗਾਰ ਦਫਤਰਾਂ 'ਚ ਨਾਮ ਦਰਜ ਕਰਵਾ ਕੇ ਨੌਕਰੀ ਦੀ ਆਸ ਕਦੋਂ ਦੀ ਮੁਕਾਈ ਹੋਈ ਹੈ। ਉਂਝ ਵੀ ਰੁਜ਼ਗਾਰ ਦਫ਼ਤਰਾਂ ਦੀ ਮੌਜੂਦਾ ਹਾਲਤ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਸਰਕਾਰ ਨੇ ਕਿਹਾ ਹੈ ਕਿ ਜਿਹਨਾਂ ਦਾ ਨਾਮ 3 ਸਾਲ ਤੋਂ ਦਰਜ ਹੈ, ਭੱਤਾ ਉਹਨਾਂ ਨੂੰ ਮਿਲਣਾ ਹੈ। ਇਉਂ ਪੰਜਾਬ ਸਰਕਾਰ ਨੇ ਪੰਜਾਬ ਦੇ ਲੱਖਾਂ ਨੌਜਵਾਨਾਂ ਦੇ ਰੁਜ਼ਗਾਰ ਦੇ ਮਸਲੇ ਨੂੰ ਪਾਸੇ ਛੱਡਦਿਆਂ ਸਿਰਫ਼ 30 ਹਜ਼ਾਰ ਨੌਜਵਾਨਾਂ ਨੂੰ 1000 ਰੁ: ਮਹੀਨਾ ਦੀ ਮਮੂਲੀ ਰਕਮ ਦਾ ਐਲਾਨ ਕਰਕੇ ਨੌਜਵਾਨਾਂ ਲਈ ਸਰਕਾਰੀ ਫ਼ਿਰਕਮੰਦੀ ਜ਼ਾਹਰ ਕਰ ਦਿੱਤੀ ਹੈ। ਬਾਦਲ ਸਰਕਾਰ ਨੇ ਦੂਜੀ ਵਾਰ ਸੱਤ•ਾ ਸੰਭਾਲਣ ਮੌਕੇ ਮਾਰਚ 'ਚ ਹੀ ਐਲਾਨ ਕੀਤਾ ਸੀ ਕਿ ਉਦਯੋਗਾਂ ਤੇ ਸੇਵਾਵਾਂ ਦੇ ਖੇਤਰ 'ਚ 10 ਲੱਖ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਪਰ ਮੌਜੂਦਾ ਬੱਜਟ 'ਚ ਪਹਿਲਾਂ ਤੋਂ ਖਾਲੀ ਪਈਆਂ ਅਸਾਮੀਆਂ ਭਰਨ, ਨਵੀਆਂ ਅਸਾਮੀਆਂ ਪੈਦਾ ਕਰਨ, ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨ ਲਈ ਸਰਕਾਰੀ ਪੈਸਾ ਲਾਉਣ ਵਰਗੇ ਕਿਸੇ ਵੀ ਕਦਮ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਸਪੱਸ਼ਟ ਹੈ ਸਰਕਾਰ ਰੁਜ਼ਗਾਰ ਨਾ ਦੇਣ ਦੀ ਪਹਿਲਾਂ ਵਾਲੀ ਨੀਤੀ 'ਤੇ ਦ੍ਰਿੜ• ਹੈ। ਮਾਰਚ ਮਹੀਨੇ ਦਾ ਐਲਾਨ ਮਹਿਜ਼ ਐਲਾਨ ਹੀ ਸੀ।
ਇਸ ਤੋਂ ਬਿਨਾਂ ਇਕ ਹੋਰ ਫੈਸਲਾ, ਜੀਹਦਾ ਵਾਅਦਾ ਚੋਣ ਮੈਨੀਫੈਸਟੋ 'ਚ ਵੀ ਕੀਤਾ ਗਿਆ ਸੀ ਤੇ ਜਿਸਨੂੰ ਹੁਣ ਸਰਕਾਰ ਬੜੇ ਹੀ ਅਹਿਮ ਐਲਾਨ ਵਜੋਂ ਪ੍ਰਚਾਰ ਰਹੀ ਹੈ ਉਹ ਸਰਕਾਰ ਵੱਲੋਂ 10+2 ਦੇ ਵਿਦਿਆਰਥੀਆਂ ਨੂੰ ਮੁਫ਼ਤ tablets (ਛੋਟੇ ਕੰਪਿਊਟਰ) ਦੇਣਾ ਹੈ। ਇਹ ਫੈਸਲਾ ਵੀ ਸਰਕਾਰ ਦੇ ਸਿੱਖਿਆ ਪ੍ਰਤੀ ਰਵੱਈਏ ਨੂੰ ਜ਼ਾਹਰ ਕਰਦਾ ਹੈ। ਵਿਦਿਆਰਥੀਆਂ ਨੂੰ ਕੰਪਿਊਟਰਾਂ ਤੋਂ ਵੀ ਪਹਿਲਾਂ ਕਿਤਾਬਾਂ ਚਾਹੀਦੀਆਂ ਹਨ ਜਿਹੜੀਆਂ ਅਸਮਾਨੀਂ ਚੜ•ੀਆਂ ਕੀਮਤਾਂ ਦੀ ਵਜ•ਾ ਕਰਕੇ ਵੱਡੇ ਹਿੱਸੇ ਦੀ ਪਹੁੰਚ ਤੋਂ ਬਾਹਰ ਹਨ ਤੇ ਸਰਕਾਰ ਹਾਲੇ ਤੱਕ ਸਭਨਾਂ ਵਿਦਿਆਰਥੀਆਂ ਨੂੰ ਮੁਫ਼ਤ ਕਿਤਾਬਾਂ ਕਾਪੀਆਂ ਤੇ ਹੋਰ ਸਟੇਸ਼ਨਰੀ ਮੁਹੱਈਆ ਨਹੀਂ ਕਰਵਾ ਸਕੀ। ਵਿਦਿਆਰਥੀਆਂ ਨੂੰ ਪਹਿਲਾਂ ਸਕੂਲ ਚਾਹੀਦੇ ਹਨ, ਕਲਾਸ ਰੂਮ ਚਾਹੀਦੇ ਹਨ, ਲਾਇਬਰੇਰੀਆਂ, ਲੈਬਾਰਟਰੀਆਂ ਤੇ ਹੋਰ ਮੁੱਢਲੀਆਂ ਸਹੂਲਤਾਂ ਚਾਹੀਦੀਆਂ ਹਨ, 35:1 ਦੇ ਅਨੁਪਾਤ ਅਨੁਸਾਰ ਅਧਿਆਪਕ ਚਾਹੀਦੇ ਹਨ। ਅਜਿਹਾ ਢਾਂਚਾ ਖੜ•ਾ ਕਰਨ ਤੇ ਪੂਰੀ ਯੋਗਤਾ ਵਾਲੇ ਰੈਗੂਲਰ ਅਧਿਆਪਕ ਰੱਖਣ ਲਈ ਸਰਕਾਰ ਕੋਲ ਬੱਜਟ ਨਹੀਂ ਹੈ। +2 ਦੇ 1.5 ਲੱਖ ਵਿਦਿਆਰਥੀਆਂ ਨੂੰ ਇਸ ਸਾਲ ਦੌਰਾਨ 110 ਕਰੋੜ ਰੁਪਏ ਦੇ ਕੰਪਿਊਟਰ ਦੇਣੇ ਹਨ ਕਿਉਂਕਿ ਅਜਿਹਾ ਕਰਨ ਨਾਲ ਸਰਕਾਰ ਚਰਚਾ 'ਚ ਆ ਸਕਦੀ ਹੈ, ਬੱਲੇ ਬੱਲੇ ਵੀ ਕਰਵਾ ਸਕਦੀ ਹੈ ਜਿਵੇਂ ਚੋਣਾਂ ਤੋਂ ਪਹਿਲਾਂ ਬਾਦਲ ਦੀ ਫੋਟੋ ਵਾਲੇ ਸਾਇਕਲ ਮਾਈ ਭਾਗੋ ਸਕੀਮ ਤਹਿਤ ਵੰਡ ਕੇ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਹੁਣ ਵੀ ਕੰਪਿਊਟਰਾਂ ਦੇ ਸਕਰੀਨ ਸੇਵਰ ਦੋਹੇਂ ਬਾਦਲ ਹੋ ਸਕਦੇ ਹਨ ਤੇ ਇਕ ਵਾਰ ਫਿਰ ਵੋਟਰ ਲੁਭਾਏ ਜਾ ਸਕਦੇ ਹਨ। ਪਰ ਸਭਨਾਂ ਲੋੜਵੰਦਾਂ ਤੱਕ ਸਿੱਖਿਆ ਪਹੁੰਚਦੀ ਕਰਨ ਦੀ ਕੋਈ ਵੀ ਸਰਕਾਰੀ ਵਿਉਂਤ ਬੱਜਟ 'ਚੋਂ ਜ਼ਾਹਰ ਨਹੀਂ ਹੋਈ ਹੈ। ਇਹ ਸਭਨਾਂ ਸਰਕਾਰਾਂ ਦੀ ਨੀਤੀ ਹੈ ਕਿ ਇਕ ਹੱਥ ਸਿੱÎਖਿਆ ਨੂੰ ਨਿੱਜੀ ਹੱਥਾਂ 'ਚ ਵੇਚਦੇ ਤੁਰੇ ਜਾਓ, ਵਿਦਿਆਰਥੀਆਂ ਲਈ ਪੜ•ਾਈ ਕਰਨੀ ਦੁੱਭਰ ਕਰੀ ਜਾਓ। ਇਕ ਅੱਧਾ ਅਜਿਹਾ ਛੋਛਾ ਆਏ ਸਾਲ ਛੱਡਦੇ ਰਹੋ ਤੇ ਲੋਕਾਂ ਦੀ ਕਮਜ਼ੋਰ ਚੇਤਨਾ ਦਾ ਫਾਇਦਾ ਉਠਾਉਂਦੇ ਹੋਏ ਵੋਟਾਂ ਪੱਕੀਆਂ ਕਰਦੇ ਜਾਉ। ਮੌਜੂਦਾ ਬੱਜਟ ਵੀ ਏਸੇ ਨੀਤੀ ਨੂੰ ਲਾਗੂ ਕਰ ਰਿਹਾ ਹੈ। ਇਸਤੋਂ ਬਿਨਾਂ ਬੱਜਟ ਦੌਰਾਨ ਨਵੇਂ ਸਕੂਲ ਕਾਲਜ ਖੋਹਲਣ ਦੇ ਐਲਾਨ ਕੀਤੇ ਗਏ ਹਨ ਜੋ ਹਰ ਵਾਰ ਹੁੰਦੇ ਆ ਰਹੇ ਹਨ। ਸਰਕਾਰੀ ਸਿੱਖਿਆ ਖੇਤਰ ਦਾ ਪਸਾਰਾ ਕਰਨ ਅਤੇ ਪ੍ਰਾਈਵੇਟ ਸਿੱਖਿਆ ਕਾਲਜਾਂ ਦੇ ਮੁਨਾਫ਼ੇ ਕੰਟਰੋਲ ਕਰਕੇ ਵਿਦਿਆਰਥੀਆਂ ਨੂੰ ਕੁਝ ਸੌਖੇ ਕਰਨ ਵਰਗੇ ਅਹਿਮ ਮਸਲਿਆਂ ਦਾ ਬੱਜਟ 'ਚ ਜ਼ਿਕਰ ਤੱਕ ਨਹੀਂ ਹੈ।
ਹਰ ਵਾਰ ਦੀ ਤਰ•ਾਂ ਏਸ ਵਾਰ ਵੀ ਨੌਜਵਾਨਾਂ 'ਚ ਖੇਡਾਂ ਤੇ ਹੋਰ ਸਿਹਤਮੰਦ ਰੁਚੀਆਂ ਨੂੰ ਪ੍ਰਫੁੱਲਤ ਕਰਨ ਦੇ ਨਾਂ ਹੇਠ ਖਿਡਾਰੀਆਂ ਨੂੰ ਵਜ਼ੀਫੇ ਦੇਣ, ਖੇਡ ਸੰਸਥਾ ਉਸਾਰਨ ਤੇ ਉਲੰਪਿਕ ਤਮਗਾ ਜਿੱਤਣ ਵਾਲਿਆਂ ਨੂੰ ਲੱਖਾਂ ਕਰੋੜਾਂ ਦੇਣ ਦੇ ਐਲਾਨ ਕੀਤੇ ਗਏ ਹਨ। ਅਜਿਹੇ ਐਲਾਨ ਆਈ ਵਾਰ ਹੁੰਦੇ ਹਨ, ਕੁਝ ਨਾ ਕੁਝ ਗ੍ਰਾਂਟਾਂ ਜਾਰੀ ਹੋ ਜਾਂਦੀਆਂ ਹਨ ਜਿਹੜੀਆਂ ਹੇਠਾਂ ਤੱਕ ਪਹੁੰਚਦੀਆਂ-2 ਖੁਰ ਜਾਂਦੀਆਂ ਹਨ। ਬਾਕੀ ਬਚਦੀਆਂ ਵੀ ਪਿੰਡਾਂ ਦੇ ਕਲੱਬਾਂ ਰਾਹੀਂ ਵੋਟਾਂ ਪੱਕੀਆਂ ਕਰਨ ਦੇ ਕੰਮ ਆਉਂਦੀਆਂ ਹਨ। ਪਿਛਲੇ ਕਾਰਜਕਾਲ ਦੀ ਸ਼ੁਰੂਆਤ ਦੌਰਾਨ ਹੀ ਸਰਕਾਰ ਨੇ ਯੂਥ ਵਿਕਾਸ ਬੋਰਡ ਦਾ ਗਠਨ ਕਰਕੇ ਨੌਜਵਾਨਾਂ ਲਈ ਵਿਕਾਸ ਦਾ ਰਾਹ ਖੋਲ• ਦੇਣ ਦੇ ਦਮਗਜੇ ਮਾਰੇ ਸਨ ਪਰ ਪੂਰੇ ਪੰਜ ਸਾਲਾਂ ਦੌਰਾਨ ਨੌਜਵਾਨਾਂ ਨੂੰ ਆਪਣਾ ਵਿਕਾਸ ਬੋਰਡ ਭਾਲਿਆਂ ਵੀ ਨਾ ਲੱਭਿਆ, ਬਸ ਬੋਰਡ ਦੇ ਚੇਅਰਮੈਨ ਬਣੇ ਰਾਜੂ ਖੰਨਾ ਦੀ ਤਸਵੀਰ ਹੀ ਦੋਹੇਂ ਬਾਦਲਾਂ ਨਾਲ ਛਪਦੀ ਰਹੀ। ਖੇਡਾਂ ਦੇ ਖੇਤਰ 'ਚ ਹੋਰ ਮੌਕੇ ਮੁਹੱਈਆ ਕਰਨ ਦਾ ਬਾਦਲੀ ਫਾਰਮੂਲਾ ਵੀ ਅਜਿਹਾ ਹੀ ਹੈ ਕਿ ਖੇਡਾਂ ਲਈ ਆਧਾਰ ਢਾਂਚਾ ਉਸਾਰਨ ਅਤੇ ਹੇਠਲੇ ਪੱਧਰ 'ਤੇ ਸਹੂਲਤਾਂ ਮੁਹੱਈਆ ਕਰਨ ਦੀ ਥਾਂ ਇਕ ਟੂਰਨਾਮੈਂਟ ਕਰਵਾ ਕੇ ਬੱਲੇ-ਬੱਲੇ ਕਰਵਾਈ ਜਾਵੇ। ਪੰਜਾਬ ਵਾਸੀਆਂ ਨੂੰ ਕਰੋੜਾਂ ਰੁਪਏ ਦੀ ਸ਼ਰਾਬ ਪਿਆ ਕੇ ਕਬੱਡੀ ਦਾ ਦਿਖਾਇਆ ਤਮਾਸ਼ਾ ਸਭ ਨੂੰ ਯਾਦ ਹੈ। ਜਿਹੜਾ ਸਿਰਫ਼ ਤੇ ਸਿਰਫ਼ ਚੋਣ ਰੈਲੀਆਂ ਤੋਂ ਬਿਨਾਂ ਹੋਰ ਕੁਝ ਨਹੀਂ ਸੀ। ਅਜਿਹਾ ਕੁਝ ਹੀ ਹੁਣ ਦੁਹਰਾਇਆ ਜਾਣਾ ਹੈ।
ਪੰਜਾਬ ਦੇ ਮੌਜੂਦਾ ਬੱਜਟ 'ਚ ਨੌਜਵਾਨਾਂ ਲਈ ਫੋਕੀ ਆਸ ਬੰਨ•ਾਉਣ ਵਾਸਤੇ ਵੀ ਕੁਝ ਨਹੀਂ ਹੈ ਸਰਕਾਰ ਨੇ ਸਿੱਖਿਆ ਤੇ ਰੁਜ਼ਗਾਰ ਦਾ ਹੱਕ ਖੋਹਣ ਦੀ ਆਪਣੀ ਪਹਿਲੀ ਨੀਤੀ ਜਿਉਂ ਤਿਉਂ ਜਾਰੀ ਰੱਖੀ ਹੈ। ਸਭਨਾਂ ਲਈ ਸਸਤੀ ਸਿੱਖਿਆ, ਪੱਕਾ ਰੁਜ਼ਗਾਰ, ਖੇਡਾਂ ਤੇ ਸਿਹਤਮੰਦ ਮਨੋਰੰਜਨ ਦਾ ਮਾਹੌਲ ਤਾਂ ਹੀ ਹਾਸਲ ਹੋ ਸਕਦਾ ਹੈ ਜੇਕਰ ਨੌਜਵਾਨ ਚੇਤਨ ਹੋਣ, ਏਕਤਾ ਉਸਾਰਨ ਤੇ ਇਹ ਅਧਿਕਾਰ ਹਾਸਲ ਕਰਨ ਲਈ ਸੰਘਰਸ਼ਾਂ ਦੇ ਮੋਰਚੇ ਮੱਲਣ। ਪਿਛਲੀ ਵਾਰ ਵੀ ਜੋ ਕੱਚਾ ਪੱਕਾ ਰੁਜ਼ਗਾਰ ਹਾਸਲ ਹੋ ਸਕਿਆ ਹੈ ਉਹ ਪੰਜਾਬ ਬੱਜਟ 'ਚੋਂ ਨਹੀਂ ਸਗੋਂ ਸਾਡੀ ਸੰਘਰਸ਼ ਲਲਕਾਰ 'ਚੋਂ ਨਿਕਲਿਆ ਸੀ। ਇਸ ਲਈ ਪੰਜਾਬ ਦੇ ਸਭਨਾਂ ਨੌਜਵਾਨਾਂ ਨੂੰ ਆਪਣੇ ਲਈ ਵਿਕਾਸ ਦੇ ਅਸਲ ਰਾਹ ਖੋਲ•ਣ ਵਾਸਤੇ ਸੰਘਰਸ਼ਾਂ ਦੇ ਰਾਹ ਤੁਰਨਾ ਚਾਹੀਦਾ ਹੈ।
ਬੇਰੁਜ਼ਗਾਰੀ ਦੇ ਅੰਕੜਿਆਂ ਦੀ ਖੇਡ
ਪੰਜਾਬ 'ਚੋਂ ਬੇਰੁਜ਼ਗਾਰੀ ਦੂਰ ਕਰਨਾ ਤਾਂ ਇੱਕ ਪਾਸੇ ਰਿਹਾ, ਸਰਕਾਰਾਂ ਤੋਂ ਹਾਲੇ ਤੱਕ ਬੇਰੁਜ਼ਗਾਰੀ ਦੇ ਸਹੀ ਅੰਕੜੇ ਵੀ ਇਕੱਠੇ ਨਹੀਂ ਕੀਤੇ ਜਾ ਸਕੇ। ਹੁਣ ਕੇਂਦਰੀ ਕਿਰਤ ਮੰਤਰਾਲੇ ਨੇ ਹੋਰ ਜਾਣਕਾਰੀ ਦਿੱਤੀ ਹੈ। ਮੰਤਰਾਲੇ ਦੇ ਦਫ਼ਤਰ ਅਨੁਸਾਰ ਪੰਜਾਬ 'ਚ ਬੇਰੁਜ਼ਗਾਰੀ ਦੀ ਦਰ ਸਾਰੇ ਮੁਲਕ 'ਚੋਂ ਘੱਟ ਹੈ। ਮੰਤਰਾਲੇ ਦਾ 2011-12 ਦਾ ਸਰਵੇ ਦੱਸਦਾ ਹੈ ਕਿ ਪੰਜਾਬ 'ਚ ਬੇਰੁਜ਼ਗਾਰੀ ਦੀ ਦਰ 1.8% ਹੈ ਜਿਹੜੀ ਕਿ 3.8% ਦੀ ਕੌਮੀ ਦਰ ਤੋਂ ਘੱਟ ਹੈ। ਪਰ ਚੰਡੀਗੜ• ਕਿਰਤ ਬਿਊਰੋ ਦੇ ਦਫ਼ਤਰ ਅਨੁਸਾਰ ਪੰਜਾਬ 'ਚ ਬੇਰੁਜ਼ਗਾਰੀ ਦੀ ਦਰ 10.5% ਹੈ। ਜਿਹੜੀ 9.4% ਦੀ ਕੌਮੀ ਦਰ ਤੋਂ ਜ਼ਿਆਦਾ ਹੈ। ਕੇਂਦਰੀ ਮੰਤਰਾਲੇ ਦਾ ਇਹ ਅੰਕੜਾ ਬਾਦਲ ਸਰਕਾਰ ਲਈ ਖੁਸ਼ੀ ਵਧਾਉਣ ਵਾਲਾ ਹੋ ਸਕਦਾ ਹੈ ਕਿਉਂਕਿ ਸਾਡੀਆਂ ਸਰਕਾਰਾਂ ਦੀ ਤਰਜੀਹ ਸਮੱਸਿਆ ਹੱਲ ਕਰਨ ਦੀ ਥਾਂ ਅੰਕੜੇ ਘਟਾ ਕੇ ਤਸੱਲੀ ਹਾਸਲ ਕਰਨ ਦੀ ਰਹਿੰਦੀ ਹੈ। ਅੰਕੜੇ ਕੁਝ ਵੀ ਕਹਿਣ, ਬੇਰੁਜ਼ਗਾਰੀ ਦੀ ਮਾਰ ਕਿੰਨੀ ਗਹਿਰੀ ਹੈ ਤੇ ਇਸ ਮਾਰ ਦਾ ਸੰਤਾਪ ਕੀ ਹੈ, ਇਹ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਤੋਂ ਬਿਹਤਰ ਹੋਰ ਕੌਣ ਜਾਣਦਾ ਹੋ ਸਕਦਾ ਹੈ।

Tuesday 24 July 2012

ਨੌਜਵਾਨ ਪੈਂਫਲਟ ਲੜੀ 4 'ਚੋਂ—ਇਹੋ ਜਿਹਾ ਸੀ ਸਾਡਾ ਪਿਰਥੀ


ਇਹੋ 
ਜਿਹਾ 
ਸੀ 
ਸਾਡਾ 
ਪਿਰਥੀ!

ਪੀ. ਐਸ. ਯੂ. ਦੀਆਂ ਨਜ਼ਰਾਂ 'ਚ

18 ਜੁਲਾਈ ਦੀ ਤਾਰੀਖ ਸਾਡੇ ਮਨਾਂ ਉਪਰ ਸਦਾ ਲਈ ਇਕ ਜ਼ਖਮ ਬਣ ਕੇ ਉੱਕਰੀ ਗਈ ਹੈ। 18 ਜੁਲਾਈ ਦੀ ਇਸ ਹਨ•ੇਰੀ ਰਾਤ ਨੂੰ ਹਨ•ੇਰੇ ਦੇ ਅੰਨ•ੇ ਵਣਜਾਰਿਆਂ ਨੇ, ਆਪਣਾ ਆਪ ਜਲਾ ਇਹਨਾਂ ਹਨੇ•ਰਿਆਂ ਨੂੰ ਚੀਰਦੀ ਤੇ ਚਾਨਣ ਦੀ ਲੋਅ ਵੰਡਦੀ ਇਕ ਸੂਹੀ ਲਾਟ ਨੂੰ ਸਦਾ ਲਈ ਨਿਗਲ ਲਿਆ। ਇਹ ਸੂਹੀ ਲਾਟ ਸੀ, ਸਾਡਾ ਪਿਰਥੀ। ਜਿਹੜਾ ਸਾਡੇ ਰਾਹਾਂ ਨੂੰ ਰੁਸ਼ਨਾਉਣ ਲਈ ਲਗਾਤਾਰ ਅੱਠ ਸਾਲ ਆਪਣੇ ਮਾਂ ਪਿਓ ਦੀਆਂ ਸੱਧਰਾਂ, ਆਪਣੇ ਜੁਆਨ ਵਲਵਲਿਆਂ ਤੇ ਜ਼ਿੰਦਗੀ ਦੇ ਚਾਅ ਮਲਾਰਾਂ ਨੂੰ ਖੁਸ਼ੀ ਖੁਸ਼ੀ ਇਸ ਲਾਟ ਦੀ ਭੇਂਟ ਚੜ•ਾਉਂਦਾ ਰਿਹਾ ਤੇ ਆਖਰ 18 ਜੁਲਾਈ ਦੀ ਰਾਤ ਨੂੰ ਆਪਣੀ ਚਰਬੀ ਅਤੇ ਲਹੂ ਦੀ ਆਖਰੀ ਤਿੱਪ ਵੀ ਇਸ ਲਾਟ ਨੂੰ ਸਮਰਪਿਤ ਕਰ, ਇੱਕ ਭੰਬੂਕਾ ਬਣ ਕੇ ਮੱਚਿਆ ਅਤੇ ਜਾਬਰ ਹਾਕਮਾਂ ਦੇ ਚਿਹਰੇ 'ਤੇ ਚਾੜ•ੇ ਮਖੌਟਿਆਂ ਨੂੰ ਲੂੰਹਦਾ, ਇਹਨਾਂ ਦੇ ਖੂਨੀ ਅਤੇ ਫਾਸ਼ੀ ਚਿਹਰੇ ਨੂੰ ਲੋਕਾਂ ਸਾਹਵੇਂ ਬੇਪੜਦ ਕਰ ਗਿਆ।
ਸਿਰੇ ਦਾ ਸਿਰੜੀ ਤੇ ਅਣਥਕ ਮਾਲੀ ਸੀ, ਸਾਡਾ ਪਿਰਥੀ! ਜੀਹਨੇ 70-71 ਦੇ ਚੰਦਰੇ ਮੌਸਮਾਂ ਦੀ ਪ੍ਰਵਾਹ ਨਾ ਕਰਦਿਆਂ, ਪੁਲਸੀ ਕਹਿਰ ਦੀਆਂ ਸ਼ੂਕਦੀਆਂ ਘਣਘੋਰ ਘਟਾਵਾਂ ਦੇ ਵਿਚ, ਅਣਖੀ ਸੂਰਮਿਆਂ ਦੇ ਖੂਨ ਨਾਲ ਨਿੱਤ ਦਿਨ ਰੰਗੀ ਜਾ ਰਹੀ ਪੰਜਾਬ ਦੀ ਲਹੂ ਭਿੱਜੀ ਧਰਤੀ 'ਤੇ ਪੀ. ਐਸ. ਯੂ. ਦੇ ਬੂਟੇ ਨੂੰ ਲਾਇਆ ਅਤੇ ਇਹਨੂੰ ਮੁੱਢ ਵਿੱਚ ਹੀ ਜੜੋਂ ਉਖਾੜ ਦੇਣ ਲਈ ਝੁਲਦੇ ਜਬਰ ਦੇ ਮਾਰੂ ਝੱਖੜਾਂ ਤੋਂ ਬਚਾਉਣ ਲਈ, ਇਸ ਬੂਟੇ ਦੇ ਦੁਆਲੇ ਆਪਣੇ ਵਰਗੇ ਸਿਰਲੱਥਾਂ ਦੇ ਸਿਰਾਂ ਦੀ ਵਾੜ ਕੀਤੀ।
ਵਿਦਿਆਰਥੀ ਹਿਤਾਂ ਲਈ ਮੌਤ ਨੂੰ ਟਿੱਚ ਜਾਣਦਾ ਅਜਿਹਾ ਬਹਾਦਰ ਜਰਨੈਲ ਸੀ, ਸਾਡਾ ਪਿਰਥੀ! ਜੀਹਨੇ ਲੋਕਾਂ ਨੂੰ ਬੇਗੈਰਤੇ ਬਨਾਉਣ ਲਈ ਅੰਨ•ਾ ਜ਼ਬਰ ਢਾਹ ਰਹੇ, ਹੱਕ ਸੱਚ ਲਈ ਉੱਠੀ ਹਰ ਆਵਾਜ਼ ਨੂੰ ਖੂਨ 'ਚ ਡੋਬਣ 'ਤੇ ਤੁਲੇ ਅਤੇ ਸੂਰਮਿਆਂ ਦੀ ਧਰਤੀ ਪੰਜਾਬ ਦੀ ਹਿੱਕ ਉੱਤੇ ਤਾਕਤ ਦੇ ਨਸ਼ੇ 'ਚ ਚੰਘਿਆੜ ਰਹੇ ਹਾਕਮਾਂ ਅਤੇ ਉਨ•ਾਂ ਦੇ ਪਾਲਤੂ ਪੁਲਸ ਅਫਸਰਾਂ ਦੇ ਕਹਿਰ ਨੂੰ ਟਿੱਚ ਜਾਣਦਿਆਂ ਕਾਲਜਾਂ, ਯੂਨੀਵਰਸਿਟੀਆਂ ਨੂੰ ਜੇਲ• ਖਾਨੇ ਬਣਾ, ਵਿਦਿਆਰਥੀਆਂ ਦੀ ਅਣਖ ਤੇ ਸਵੈਮਾਨ ਨੂੰ ਪੈਰਾਂ ਹੇਠ ਦਰੜ ਰਹੇ ਅਤੇ ਉਹਨਾਂ ਨੂੰ ਗੁਲਾਮਾਂ ਵਰਗੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਕਰ ਰਹੇ ਵਿਦਿਆਰਥੀ ਦੋਖੀ ਵਿੱਦਿਅਕ ਅਧਿਕਾਰੀਆਂ ਦੀਆਂ ਘੂਰੀਆਂ ਦੀ ਪ੍ਰਵਾਹ ਨਾ ਕਰਦਿਆਂ, ਰੋਹਲੀ ਗਰਜ ਨਾਲ 'ਜੈ ਸੰਘਰਸ਼' ਦਾ ਨਾਹਰਾ ਬੁਲੰਦ ਕੀਤਾ ਅਤੇ ਜਾਬਰ ਹਾਕਮਾਂ, ਭੂਸਰੇ ਪੁਲਸ ਅਧਿਕਾਰੀਆਂ ਅਤੇ ਵਿਦਿਆਰਥੀ ਦੋਖੀ ਵਿਦਿਅਕ ਅਧਿਕਾਰੀਆਂ ਦੀਆਂ ਵਧੀਕੀਆਂ, ਧੌਸਾਂ ਤੇ ਘੁਰਕੀਆਂ ਦੇ ਜੁਆਬ ਵਿਚ ਆਪਣਾ ਰੋਹ ਭਰਿਆ ਫੌਲਾਦੀ ਮੁੱਕਾ ਤਣਦਿਆਂ, ਪੀ. ਐਸ. ਯੂ. ਬਣਾਉਣ ਦਾ ਦਲੇਰਾਨਾ ਐਲਾਨ ਕੀਤਾ। ਐਲਾਨ ਹੀ ਨਹੀਂ ਕੀਤਾ। ਇਸ ਐਲਾਨ ਬਦਲੇ ਹਕੂਮਤ ਅਤੇ ਉਸ ਦੇ ਜ਼ਰਖਰੀਦ ਅਫ਼ਸਰਾਂ ਵੱਲੋਂ ਢਾਹੇ ਜਾਣ ਵਾਲੇ ਕਹਿਰ ਦੀ ਪ੍ਰਵਾਹ ਨਾ ਕਰਦਿਆਂ, ਆਪਣੀ ਜਿੰਦਗੀ ਨੂੰ ਦਾਅ ਉੱਤੇ ਲਾ, ਇਹਨੂੰ ਵਿਦਿਆਰਥੀਆਂ ਅਤੇ ਹੱਕ ਸੱਚ ਦੇ ਸੰਗਰਾਮ ਦੀ ਅਮਾਨਤ ਸਮਝ, ਬੇਖੌਫ਼ ਹੋ ਇਸ ਐਲਾਨਨਾਮੇ ਨੂੰ ਅਮਲੀ ਜਾਮਾ ਪਹਿਨਾਉਣ ਵਿਚ ਜੁਟ ਗਿਆ।
ਤੇ ਫਿਰ ਡਰ ਤੇ ਦਹਿਸ਼ਤ ਦੇ ਉਸ ਮਾਹੌਲ ਵਿਚ ਵੀ ਲਲਕਾਰ ਬਣਕੇ ਗੂੰਜਦੇ 'ਜੈ ਸੰਘਰਸ਼' ਅਤੇ 'ਪੀ. ਐਸ. ਯੂ ਜਿੰਦਾਬਾਦ' ਦੇ ਰੋਹਲੇ ਨਾਹਰਿਆਂ ਨੇ ਸਿਰ ਸਿੱਟ ਕੇ ਜਿਉਂ ਰਹੇ ਅਤੇ ਭੈ ਭੀਤ ਚਿਹਰਿਆਂ ਵਿਚ ਵੀ ਨਵੀਂ ਰੂਹ ਫੂਕ ਦਿੱਤੀ ਤੇ ਆਸ ਦੀ ਚਿਣਗ ਜਗਾ ਦਿੱਤੀ। ਉਹਨਾਂ ਵਿਚਲਾ ਮਰਦਪੁਣਾ ਤੇ ਸਵੈਮਾਨ ਵੀ ਅੰਗੜਾਈ ਲੈ ਉੱਠਿਆ। ਇੰਜ ਜਾਬਰ ਹਾਕਮਾਂ ਨਾਲ ਪਿਛਲੇ ਹਿਸਾਬ ਕਿਤਾਬ ਚੁਕਾਉਣ ਤੇ ਜਬਰ ਜ਼ੁਲਮ ਨੂੰ ਠੱਲ ਪਾਉਣ ਲਈ ਕੁਝ ਕਰਨਾ ਲੋਚਦੇ ਇਹਨਾਂ ਜਾਗੇ ਹੋਏ ਨੌਜਵਾਨਾਂ ਦਾ ਕਾਫ਼ਲਾ ਹੋਰ ਵੱਡਾ ਹੁੰਦਾ ਗਿਆ ਅਤੇ ਜਾਬਰਾਂ, ਬੁੱਚੜਾਂ ਤੇ ਵਿਦਿਆਰਥੀ ਦੋਖੀ ਵਿਦਿਅਕ ਅਧਿਕਾਰੀਆਂ ਦੀ ਹਿੱਕ ਉਤੇ ਲਹਿਰਾਉਂਦੇ, ਪੀ. ਐਸ. ਯੂ. ਦੇ ਝੰਡੇ ਦੁਆਲੇ ਜੁੜਦਾ ਗਿਆ। ਜਾਬਰਾਂ, ਬੁੱਚੜਾਂ ਤੇ ਵਿਦਿਆਰਥੀ ਦੋਖੀ ਵਿਦਿਅਕ ਅਧਿਕਾਰੀਆਂ ਦੀ ਹਿੱਕ ਉੱਤੇ ਪੀ. ਐਸ. ਯੂ. ਦੇ ਸੂਹੇ ਪਰਚਮ ਨੂੰ ਗੱਡ, ਪੁਲਸੀ ਜ਼ੁਲਮਾਂ ਅੱਗੇ ਬੇਵੱਸ ਹੋਈ ਤੇ ਕਿਸੇ ਸੇਧ ਲਈ ਤਰਸ ਰਹੀ ਪੰਜਾਬ ਦੀ ਜੁਆਨੀ ਨੂੰ ਝੰਜੋੜਨ ਵਾਲਾ ਅਤੇ ਉਹਨਾਂ ਨੂੰ ਸਹੀ ਰਾਹ ਦਿਖਾਉਣ ਵਾਲਾ ਚਿਰਾਗ਼ ਸੀ—ਸਾਡਾ ਰੰਧਾਵਾ!
. . . ਵਿਦਿਆਰਥੀ ਹਿੱਤਾਂ ਲਈ ਆਪਣਾ ਸਭ ਕੁਝ ਨਿਛਾਵਰ ਕਰ ਦੇਣ ਵਾਲਾ ਵਿਦਿਆਰਥੀਆਂ ਦਾ ਸੱਚਾ ਸੁੱਚਾ ਰਹਿਨੁਮਾ ਸੀ ਸਾਡਾ ਪਿਰਥੀ! ਪੰਜਾਬ ਦੇ ਵਿਦਿਆਰਥੀਆਂ ਦੀ ਅਣਖ ਤੇ ਸਵੈਮਾਨ ਦਾ ਜਿਉਂਦਾ ਜਾਗਦਾ ਪ੍ਰਤੀਕ ਸੀ ਸਾਡਾ ਪਿਰਥੀ। ਉਹਦੀ ਅਗਵਾਈ ਵਿੱਚ ਹੀ ਪੀ. ਐਸ. ਯੂ. ਨੇ ਵਿਦਿਆਰਥੀ ਮੰਗਾਂ ਲਈ ਦਲੇਰਾਨਾ ਸੰਘਰਸ਼ ਲੜੇ ਤੇ ਜਿੱਤੇ। ਹਰ ਤਰ•ਾਂ ਦੀ ਗੁੰਡਾਗਰਦੀ ਦਾ ਮੂੰਹ ਤੋੜ ਜੁਆਬ ਦਿੱਤਾ। ਪੁਲਸੀ ਜਬਰ ਦਾ ਬੁਥਾੜ ਭੰਨਿਆ। ਹੰਕਾਰੇ ਵਿਦਿਅਕ ਅਧਿਕਾਰੀਆਂ ਦੀਆਂ ਗੋਡਣੀਆਂ ਲੁਆਈਆਂ। ਇਸ ਸਭ ਕਾਸੇ ਕਰਕੇ ਹੀ ਅੱਜ ਅਸੀਂ ਅਣਖ ਤੇ ਸਵੈਮਾਨ ਨਾਲ ਜਿਉਣ ਦੇ ਯੋਗ ਹੋਏ ਹਾਂ। ਕਾਲਜਾਂ ਯੂਨੀਵਰਸਿਟੀਆਂ ਵਿੱਚ ਆਪਣੀ ਆਜ਼ਾਦ ਹਸਤੀ ਬਰਕਰਾਰ ਰੱਖਣ ਦੇ ਯੋਗ ਹੋਏ ਹਾਂ। ਇਸ ਸਭ ਕਾਸੇ ਕਰਕੇ ਹੀ ਅਸੀਂ ਆਪਣੇ ਵਿਦਿਆਰਥੀ ਜੀਵਨ ਨੂੰ ਚੰਗੇਰਾ ਬਣਾਉਣ ਲਈ ਬੇਅੰਤ ਰਿਆਇਤਾਂ ਅਤੇ ਖੁੱਲ•ਾਂ ਹਾਸਲ ਕਰ ਸਕੇ ਹਾਂ। ਵਿੱਦਿਅਕ ਅਧਿਕਾਰੀਆਂ ਤੇ ਪੁਲਸੀ ਅਫ਼ਸਰਾਂ ਦਾ ਦਾਬਾ ਤੇ ਤਹਿਕਾ ਤੋੜਨ 'ਚ ਸਫ਼ਲ ਹੋਏ ਹਾਂ। ਆਪਣੀ ਜਾਨ ਨਾਲੋਂ ਪਿਆਰੀ ਜੱਥੇਬੰਦੀ ਪੀ. ਐਸ. ਯੂ. ਤੇ ਇਹਦੇ ਦਿਲ ਤੇ ਦਿਮਾਗ ਪਿਰਥੀਪਾਲ ਰੰਧਾਵੇ ਦੀ ਅਗਵਾਈ 'ਚ ਅਸੀਂ ਅਣਖ ਤੇ ਸਵੈਮਾਨ ਨਾਲ ਜਿਉਣ ਦਾ ਹੱਕ ਜਿੱਤਿਆ ਹੈ ਅਤੇ ਵਿਦਿਆਰਥੀ ਲਹਿਰ ਦੇ ਇਤਿਹਾਸ 'ਚ ਅਜਿਹੀਆਂ ਸੰਗਰਾਮੀ ਤੇ ਮਿਸਾਲੀ ਰਵਾਇਤਾਂ ਪਾਈਆਂ ਹਨ ਜੋ ਹੋਰਨਾਂ ਤਬਕਿਆਂ ਲਈ ਵੀ ਰਾਹ ਦਰਸਾਵਾ ਬਣੀਆਂ ਹੋਈਆਂ ਹਨ।
ਇੰਜ ਬੇਹੱਦ ਕਸੂਤੀਆਂ ਹਾਲਤਾਂ ਵਿੱਚ ਪੀ. ਐਸ. ਯੂ. ਨੂੰ ਖੜ•ੀ ਕਰਨ ਵਾਲਾ, ਝੱਖੜ ਝੋਲਿਆਂ 'ਚ ਇਹਦੀ ਅਗਵਾਈ ਕਰਨ ਵਾਲਾ, ਸਾਨੂੰ ਅਣਖ ਤੇ ਸਵੈਮਾਨ ਨਾਲ ਜਿਉਣ ਦਾ ਹੱਕ ਦਿਵਾਉਣ ਵਾਲ, ਹੋਰਨਾਂ ਮਿਹਨਤਕਸ਼ ਤਬਕਿਆਂ ਨਾਲ ਸਾਂਝ ਦੀਆਂ ਤੰਦਾਂ ਪਕੇਰੀਆਂ ਕਰਕੇ ਸੰਗਰਾਮੀ ਏਕੇ ਤੇ ਸਾਂਝੇ ਸੰਗਰਸ਼ਾਂ ਦੀਆਂ ਨਵੀਆਂ ਪਿਰਤਾਂ ਪਾਉਣ ਵਾਲਾ, ਜਮਹੂਰੀ ਹੱਕਾਂ ਤੇ ਡਟਵਾਂ ਪਹਿਰਾ ਦੇਣ ਵਾਲਾ ਤੇ ਪੰਜਾਬ ਦੀ ਸਮੁੱਚੀ ਜਨਤਕ ਜਮਹੂਰੀ ਲਹਿਰ 'ਚ ਸੰਗਰਾਮੀ ਰਵਾਇਤਾਂ ਪਾਉਣ ਵਾਲਾ—ਗੰਭੀਰ, ਸੂਝਵਾਨ ਹੋਣਹਾਰ ਤੇ ਨਿਧੜਕ ਆਗੂ ਸੀ—ਪਿਰਥੀਪਾਲ ਰੰਧਾਵਾ।
ਪਰ ਅਜਿਹੇ ਗੁਣਾਂ ਤੇ ਵਿਲੱਖਣ ਯੋਗਤਾਵਾਂ ਕਰਕੇ ਸਾਡਾ ਮਹਿਬੂਬ ਨੇਤਾ ਬਣਿਆ, ਸਾਡੇ ਮਨਾਂ 'ਚ ਸਮਾਇਆ ਤੇ ਸਾਡੇ ਦਿਲਾਂ ਦੀਆਂ ਡੂੰਘਾਈਆਂ 'ਚ ਉਤਰਿਆ ਇਹ ਮਹਾਨ ਆਗੂ ਲੋਕ ਦੁਸ਼ਮਣ ਤਾਕਤਾਂ ਲਈ ਉਹਨਾਂ ਦੀ ਰਾਤਾਂ ਦੀ ਨੀਂਦ ਹਰਾਮ ਕਰਨ ਵਾਲਾ ਇੱਕ ਭੂਤ ਸੀ, ਉਹਨਾਂ ਦੀਆਂ ਅੱਖਾਂ 'ਚ ਰੜਕਦਾ ਇੱਕ ਰੋੜ ਸੀ, ਉਹਨਾਂ ਦੇ ਕਾਲਜੇ ਹੌਲ ਪਾਉਂਦਾ ਇੱਕ ਬੱਬਰ ਸ਼ੇਰ ਸੀ। ਜਿਸਨੂੰ ਉਹ ਕਿਸੇ ਵੀ ਹਾਲਾਤ 'ਚ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਸਨ। ਪਿਰਥੀ ਦੀ ਹੋਂਦ, ਪਿਰਥੀ ਦੀ ਸੋਚ ਉਹਨਾਂ ਲਈ ਮੌਤ ਸੀ। ਇਸ 'ਬਲਾ' ਤੋਂ ਖਹਿੜਾ ਛੁਡਾਉਣ ਲਈ ਜਦੋਂ ਉਹਨਾਂ ਦੇ ਜਬਰ ਤਸ਼ੱਦਦ ਤੇ ਫ਼ਰੇਬੀ ਚਾਲਾਂ ਦੇ ਯਤਨ ਨਾਕਾਮ ਹੋ ਗਏ ਤਾਂ ਆਖ਼ਰ ਉਹਨਾਂ ਅੰਨ•ੀ ਨਫ਼ਰਤ ਨਾਲ ਕਰਿਝਦਿਆਂ ਆਪਣੇ ਪਾਲਤੂ ਗੁੰਡਿਆਂ ਰਾਹੀਂ, ਇਸ ਗੜ•ਕਦੀ ਆਵਾਜ਼ ਨੂੰ ਸਦਾ ਲਈ ਖਾਮੋਸ਼ ਕਰਨ ਲਈ ਖੂਨੀ ਕਾਰਾ ਕਰ ਵਿਖਾਇਆ ਹੈ। ਲੋਕਾਂ ਦੇ ਇਸ ਜਾਏ ਨੂੰ ਜਿਸ ਤਰ•ਾਂ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਹੈ ਇਸ ਤੋਂ ਇਸ ਆਗੂ ਪ੍ਰਤੀ ਤੇ ਇਸ ਰਾਹ ਤੇ ਤੁਰਦੇ ਹੋਰਨਾਂ ਜੁਝਾਰੂ ਲੋਕਾਂ ਪ੍ਰਤੀ ਲੋਕ ਦੁਸ਼ਮਣ ਤਾਕਤਾਂ ਦੀ ਅੰਨ•ੀ ਨਫ਼ਰਤ ਤੇ ਵਿਹੁ ਸਾਫ਼ ਝਲਕਦੀ ਹੈ। ਲੋਕ ਦੁਸ਼ਮਣ ਤਾਕਤਾਂ ਨਾਲ ਬੇਖੌਫ਼ ਹੋ ਕੇ ਭਿੜਦਾ ਆਖਰ ਪੀ. ਐਸ. ਯੂ. ਦੇ ਸੂਹੇ ਪ੍ਰਚਮ ਨੂੰ ਆਪਣੇ ਗਾੜ•ੇ ਖੂਨ ਸੰਗ ਹੋਰ ਗੂੜ•ਾ ਕਰ ਗਿਆ—ਅਮਰ ਸ਼ਹੀਦ ਹੈ ਪਿਰਥੀ! . . . 
ਪਿਰਥੀ ਦੀ ਸ਼ਹਾਦਤ ਮੌਕੇ ਅਗਸਤ 1979 ਦੇ
''ਜੈ ਸੰਘਰਸ਼'' ਦੇ ਵਿਸ਼ੇਸ਼ ਅੰਕ 'ਚ ਛਪੀ ਲੰਬੀ ਲਿਖ਼ਤ 'ਚੋਂ

Tuesday 17 July 2012

ਅਜਾਇਬ ਚਿੱਤਰਕਾਰ


ਅਜਾਇਬ ਚਿੱਤਰਕਾਰ ਦਾ ਵਿਛੋੜਾ
ਪੰਜਾਬੀ ਦੀ ਪ੍ਰਗਤੀਸ਼ੀਲ ਧਾਰਾ ਦੇ ਨਾਮਵਰ ਕਵੀ ਅਤੇ ਪ੍ਰਸਿੱਧ ਚਿੱਤਰਕਾਰ ਅਜੈਬ ਚਿੱਤਰਕਾਰ ਦਾ ਬੀਤੀ 2 ਜੁਲਾਈ ਨੂੰ ਦੇਹਾਂਤ ਹੋ ਗਿਆ। ਉਹਨਾਂ 88 ਵਰ੍ਹਿਆਂ ਦੀ ਭਰਪੂਰ ਜ਼ਿੰਦਗੀ ਗੁਜ਼ਾਰੀ। ਉਹ ਬਹੁਤ ਲੰਮਾ ਦੌਰ ਪੰਜਾਬੀ ਸਾਹਿਤ ਜਗਤ 'ਚ ਵਿਚਰੇ, 40ਵਿਆਂ ਤੋਂ ਲੈ ਕੇ ਲਗਭਗ 70 ਸਾਲ ਉਹਨਾਂ ਸਾਹਿਤ ਰਚਨਾ ਵੀ ਕੀਤੀ ਤੇ ਚਿੱਤਰਕਾਰੀ ਵੀ। ਮਨੁੱਖੀ ਜ਼ਿੰਦਗੀ ਦੀ ਬੇਹਤਰੀ ਦੇ ਸਰੋਕਾਰ ਹਮੇਸ਼ਾਂ ਉਹਨਾਂ ਦੀ ਸਾਹਿਤ ਰਚਨਾ ਦਾ ਧੁਰਾ ਰਹੇ। ਲੋਕਾਂ ਦੇ ਦੁੱਖ ਦਰਦ ਅਤੇ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਉਹਨਾਂ ਦੀ ਕਵਿਤਾ 'ਚ ਢਲ ਕੇ ਪ੍ਰਗਟ ਹੋਏ। ਉਹ ਜ਼ਿੰਦਗੀ ਦੀ ਬਿਹਤਰੀ ਲਈ ਸੰਘਰਸ਼ ਦੇ ਕਵੀ ਸਨ। ਉਹਨਾਂ ਹਮੇਸ਼ਾਂ ਨਵੇਂ ਧਰਤੀ ਆਕਾਸ਼ ਸਿਰਜਣ ਦੀ ਲੋਚਾ ਰੱਖੀ। ਉਹਨਾਂ ਕਿਹਾ 
ਮੈਂ ਹਾਂ ਸਿਰਜਕ ਸਿਰਜਦਾ ਰਹਿਣਾ, ਨਵੇਂ ਧਰਤੀ ਆਕਾਸ਼
ਏਸ ਧਰਤੀ ਦੇ ਬੁਝੇ ਅੰਬਰ ਦਾ ਮੈਂ ਤਾਰਾ ਨਹੀਂ ਹਾਂ।
ਉਹਨਾਂ ਦੀ ਸਿਰਜਣਾ ਅਮਰ ਹੈ। ਪੰਜਾਹਵਿਆਂ 'ਚ ਸੰਸਾਰ ਭਰ 'ਚ ਚੱਲੀ ਅਮਨ ਲਹਿਰ ਵੇਲੇ ਜਿਹੜੇ ਪੰਜਾਬੀ ਸਾਹਿਤਕਾਰ ਇਸ ਲਹਿਰ ਵਿੱਚ ਮੋਹਰੀ ਹੋ ਕੇ ਤੁਰੇ ਅਜਾਇਬ ਚਿੱਤਰਕਾਰ ਉਹਨਾਂ ਵਿੱਚੋਂ ਇੱਕ ਸੀ। ਉਹਨਾਂ ਨੇ ਆਪਣੀ ਕਲਮ ਰਾਹੀਂ ਅਮਨ, ਸ਼ਾਂਤੀ ਤੇ ਹੱਕ ਸੱਚ ਦਾ ਹੋਕਾ ਦਿੱਤਾ। ਉਹਨਾਂ ਦੇ ਦਿਹਾਂਤ ਨਾਲ ਪੰਜਾਬੀ ਸਾਹਿਤ ਅਤੇ ਕਲਾ ਜਗਤ ਨੂੰ ਵੱਡਾ ਘਾਟਾ ਪਿਆ ਹੈ। ਨੌਜਵਾਨ ਭਾਰਤ ਸਭਾ ਅਜਾਇਬ ਚਿੱਤਰਕਾਰ ਦੇ ਵਿਛੋੜੇ ਮੌਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ।
* * * * * * * * * * *
. . . ਅਜੈਬ ਚਿੱਤਰਕਾਰ ਆਪਣੀਆਂ ਗਜ਼ਲਾਂ 'ਚ ਜ਼ਾਤ ਤੋਂ ਕਾਇਨਾਤ ਤੱਕ ਦਾ ਸਫ਼ਰ ਕਰਦਾ ਮਹਿਸੂਸ ਹੁੰਦਾ ਹੈ। ਉਸ ਦਾ ਸੁਖ਼ਨ ਪੜ੍ਹਨ ਵਾਲੇ ਲਈ ਸੱਜਰੀ ਜ਼ਿੰਦਗੀ ਦਾ ਪੈਗ਼ਾਮ ਦਿੰਦਾ ਹੈ . . . ਚੰਗੀ ਸ਼ਾਇਰੀ ਹਮੇਸ਼ਾਂ ਜਿਉਂਦੀ ਰਹਿੰਦੀ ਹੈ। ਚਾਹੇ ਤੁਸੀਂ ਉਸ ਨੂੰ ਕੋਈ ਵੀ ਨਾਂ ਕਿਉਂ ਨਾ ਦੇ ਦਿਓ। ਅਜਾਇਬ ਚਿੱਤਰਕਾਰ ਦਾ ਕਲਾਮ ਵੀ ਕੁੱਝ ਇਸੇ ਨੌਈਅਤ ਦਾ ਹੈ ਜਿਸ ਵਿੱਚ ਭਰਪੂਰ ਨਿੱਜਤਾ ਦੇ ਨਾਲ ਨਾਲ ਜ਼ਿੰਦਗੀ ਲਈ ਮਰ ਮਿਟਣ ਦੀ ਖਾਹਿਸ਼ ਵੀ ਹੈ ਤੇ ਖੁੱਲੇ ਅਸਮਾਨਾਂ ਨੂੰ ਛੋਹ ਲੈਣ ਦੀ ਹਸਰਤ ਵੀ। . . . 
ਸਾਹਿਰ ਲੁਧਿਆਣਵੀ
ਜਨਮ ਤੋਂ ਹੀ ਮੈਂ ਰਿਹਾ ਫਰਿਹਾਦ ਹਾਂ

ਮੇਰਿਆਂ ਹੱਥਾਂ 'ਚ ਤੇਸਾ
ਮੇਰੀਆਂ ਬਾਹਾਂ 'ਚ ਬਿਜਲੀ
ਮੇਰੀਆਂ ਅੱਖਾਂ 'ਚ ਸੁਪਨੇ
ਮੇਰਿਆਂ ਕਦਮਾਂ 'ਚ ਤੇਜ਼ੀ
ਜਨਮ ਤੋਂ ਹੀ ਮੈਂ ਰਿਹਾ ਫਰਿਹਾਦ ਹਾਂ।
ਸਾਹਮਣੇ ਮੇਰੇ ਹੈ ਪਰਬਤ
ਚਿੱਟੇ ਝਾਟੇ ਵਾਲੀਆਂ ਕਿੰਨੀਆਂ ਹੀ ਸਦੀਆਂ 
ਸਾਥ ਜਿਸਦਾ ਛੱਡ ਮੋਈਆਂ,
ਅੱਜ ਵੀ ਡਟਿਆ ਹੈ ਉਵੇਂ
ਕਿੰਨੇ ਹੀ ਵੱਡ ਵਡੇਰੇ 
ਅੱਜ ਮੈਂ ਜਿਨ੍ਹਾਂ ਦਾ ਵਾਰਸ
ਇਹੋ ਤੇਸਾ ਹੱਥ ਲੈ ਕੇ
ਕੱਟਦੇ ਰਹੇ ਨੇ ਪਰਬਤ।
ਪਰ ਇਹ ਪਰਬਤ
ਜਿਸਦਾ ਹਰ ਇੱਕ ਅੰਗ ਚਟਾਨਾਂ ਬਣਿਆ
ਅੱਜ ਵੀ ਉਵੇਂ ਹੈ ਤਣਿਆ,
ਤੇਸਾ ਟਕਰਾਉਂਦਾ ਰਿਹਾ ਹੈ
ਲਾ ਲਾ ਜਰਬਾਂ ਕਾਰੀਆਂ, 
ਟੁੱਟੀਆਂ ਚਟਾਨਾਂ
ਫੁੱਟੀਆਂ ਕਈ ਚਿੰਗਾਰੀਆਂ।
ਕਈ ਸੂਰਜ ਅਸਤ ਹੋਏ
ਉੱਗੇ ਕਈ ਪਹੁ ਫੁਟਾਲੇ,
ਨੇਰ੍ਹ ਨਾਗਾਂ ਨੇ ਬੁਝਾਏ
ਮਿਹਨਤਾਂ ਦੇ ਦੀਪ ਬਾਲੇ।
ਸਾਹਮਣੇ ਮੇਰੇ ਹੈ ਪਰਬਤ
ਜਿਸਦਾ ਹਰ ਇੱਕ ਅੰਗ ਚਟਾਨਾਂ ਬਣਿਆ,
ਮੇਰੇ ਵੀ ਲੰਬੇ ਨੇ ਜੇਰੇ
ਫਖ਼ਰ ਹੈ ਮੈਨੂੰ, ਮੈਂ ਫਰਿਹਾਦਾਂ ਦਾ ਵਾਰਸ
ਅੱਜ ਦਾ ਫ਼ਰਿਹਾਦ ਹਾਂ 
ਪਿਆਰ ਜਿਸ ਸ਼ੀਰੀਂ ਦਾ ਰਚਿਆ
ਅੱਜ ਹੈ ਲੂੰ ਲੂੰ 'ਚ ਮੇਰੇ
ਮੁਸਕਣੀ ਉਸਦੀ ਦੇ ਸਾਹਵੇਂ
ਉੱਡਣੇ ਸਦੀਆਂ ਦੇ ਨੇਰ੍ਹੇ ।
ਮੈਂ ਕਦੇ ਥੱਕਿਆ ਨਹੀਂ
ਮੈਂ ਕਦੇ ਥੱਕਣਾ ਨਹੀਂ
ਮੇਲ ਬਿਨ ਸ਼ੀਰੀਂ ਦੇ ਕਿਧਰੇ
ਵੀ ਪੜਾਅ ਆਪਣਾ ਨਹੀਂ ।
ਧੁਖ ਰਹੀ ਹੈ ਲਗਨ ਦਿਲ ਵਿੱਚ
ਕੱਟਦਾ ਜਾਵਾਂ ਚੱਟਾਨਾਂ
ਦੁਧੀਆ ਨਹਿਰਾਂ ਵਗਾਵਾਂ
ਜਿਸਮ ਮੇਰੇ 'ਤੇ ਲੰਗਾਰਾਂ।
ਮੇਰਿਆਂ ਹੱਥਾਂ 'ਚ ਅੱਟਣ
ਮੇਰਿਆਂ ਪੈਰਾਂ 'ਚ ਛਾਲੇ
ਫੇਰ ਵੀ ਪਰ 
ਮੇਰਿਆਂ ਹੱਥਾਂ 'ਚ ਤੇਸਾ
ਮੇਰੀਆਂ ਬਾਹਾਂ 'ਚ ਬਿਜਲੀ
ਮੇਰੀਆਂ ਅੱਖਾਂ 'ਚ ਸੁਪਨੇ
ਮੇਰਿਆਂ ਕਦਮਾਂ 'ਚ ਤੇਜੀ
ਜਨਮ ਤੋਂ ਹੀ ਮੈਂ ਰਿਹਾ ਫ਼ਰਿਹਾਦ ਹਾਂ।

ਉੱਘੇ ਪੰਜਾਬੀ/ਉਰਦੂ ਪ੍ਰਗਤੀਵਾਦੀ ਕਵੀ ਅਤੇ ਗ਼ਜ਼ਲਗੋ 
ਅਜਾਇਬ ਚਿੱਤਰਕਾਰ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ
ਗੁਰਸ਼ਰਨ ਸਿੰਘ ਯਾਦਗਾਰੀ ਕਮੇਟੀ ਤੇ ਸਲਾਮ ਪ੍ਰਕਾਸ਼ਨ ਕਮੇਟੀ ਦੇ ਮੈਂਬਰ ਪਾਵੇਲ ਕੁੱਸਾ ਵੱਲੋਂ ਉੱਘੇ ਪੰਜਾਬੀ/ਉਰਦੂ ਪ੍ਰਗਤੀਵਾਦੀ ਕਵੀ ਅਤੇ ਗ਼ਜ਼ਲਗੋ ਅਜਾਇਬ ਚਿੱਤਰਕਾਰ ਦੇ ਦਿਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸ੍ਰੀ ਅਜਾਇਬ ਚਿੱਤਰਕਾਰ ਦੀ ਸ਼ਾਇਰੀ ਹਮੇਸ਼ਾ ਮਿਹਨਤਕਸ਼ ਅਤੇ ਦੱਬੇ ਕੁਚਲੇ ਲੋਕਾਂ ਦੇ ਹਿੱਤਾਂ ਨੂੰ ਸਮਰਪਿਤ ਰਹੀ। ਆਖਰੀ ਸਮੇਂ ਤੱਕ ਉਹਨਾਂ ਦੀ ਸ਼ਾਇਰੀ ਦਾ ਧੁਰਾ ਮਨੁੱਖ ਪੱਖੀ ਨਵਾਂ ਨਰੋਆ ਸਮਾਜ ਸਿਰਜਣ ਦੀ ਭਾਵਨਾ ਰਹੀ।
ਇਸ ਲੋਕ ਪੱਖੀ ਸ਼ਾਇਰ ਦੀ ਘਾਲਣਾ ਨੂੰ ਸਿਜਦੇ ਵਜੋਂ ਅਤੇ ਉਹਨਾਂ ਦੀ ਸ਼ਾਇਰੀ ਨੂੰ ਸਸਤੀਆਂ ਦਰਾਂ 'ਤੇ ਕਿਰਤੀ ਲੋਕਾਂ ਤੱਕ ਪੁੱਜਦਿਆਂ ਕਰਨ ਲਈ ਸਲਾਮ ਪ੍ਰਕਾਸ਼ਨ ਵੱਲੋਂ ਜਲਦੀ ਹੀ ਉਹਨਾਂ ਦੀਆਂ ਚੋਣਵੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਦੀ ਪੁਸਤਕ ਛਾਪ ਕੇ ਪੰਜਾਬੀ ਪਾਠਕਾਂ ਦੇ ਰੂਬਰੂ ਕੀਤੀ ਜਾਵੇਗੀ।
ਜਾਰੀ ਕਰਤਾ
ਪਾਵੇਲ ਕੁੱਸਾ, ਮੈਂਬਰ, ਸਲਾਮ ਪ੍ਰਕਾਸ਼ਨ

ਸੰਪਰਕ ਨੰ
: 94170-54015

Saturday 14 July 2012

ਲਾਠੀਚਾਰਜ ਦੀ ਨਿਖੇਧੀ


ਪ੍ਰੈਸ ਬਿਆਨ
ਬਰਜਿੰਦਰਾ ਕਾਲਜ ਦੇ ਵਿਦਿਆਰਥੀਆਂ 'ਤੇ
ਪੁਲਸ ਲਾਠੀਚਾਰਜ ਦੀ ਨਿਖੇਧੀ
ਬਠਿੰਡਾ (14 ਜੁਲਾਈ, 2012) ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨੇ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਦੇ ਵਿਦਿਆਰਥੀਆਂ 'ਤੇ ਕੱਲ• ਕੀਤੇ ਗਏ ਪੁਲਸ ਲਾਠੀਚਾਰਜ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਲਾਠੀਚਾਰਜ ਕਰਨ ਵਾਲੇ ਪੁਲਸ ਅਧਿਕਾਰੀਆਂ ਖਿਲਾਫ਼ ਕੇਸ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਸਭਾ ਦੇ ਸੂਬਾ ਸਕੱਤਰ ਪਾਵੇਲ ਕੁੱਸਾ ਤੇ ਪੀ. ਐਸ. ਯੂ. (ਸ਼ਹੀਦ ਰੰਧਾਵਾ) ਦੇ ਆਗੂ ਸੁਮੀਤ ਨੇ ਕਿਹਾ ਕਿ ਪੁਲਸ ਨੇ ਜਿਸ ਤਰ•ਾਂ ਕਾਲਜ ਨੂੰ ਘੇਰਾ ਪਾ ਕੇ ਦਾਖ਼ਲਿਆਂ ਦੀ ਮੰਗ ਕਰ ਰਹੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਬੁਰੀ ਤਰ•ਾਂ ਕੁੱਟਿਆ ਹੈ, ਗ੍ਰਿਫਤਾਰ ਕੀਤਾ ਹੈ ਇਹ ਅਤਿ ਨਿੰਦਣਯੋਗ ਕਾਰਵਾਈ ਹੈ। ਹੱਕੀ ਮੰਗ ਲਈ ਰੋਸ ਪ੍ਰਗਟਾਉਣ ਦੇ ਵਿਦਿਆਰਥੀਆਂ ਦੇ ਜਮਹੂਰੀ ਅਧਿਕਾਰ ਦਾ ਦਮਨ ਹੈ। ਵਿਦਿਆਰਥੀ ਪੜ•ਾਈ ਲਈ ਕਾਲਜ 'ਚ ਦਾਖ਼ਲ ਹੋਣਾ ਚਾਹੁੰਦੇ ਹਨ ਤੇ ਉਹਨਾਂ ਨੂੰ ਦਾਖ਼ਲੇ ਦੀ ਥਾਂ ਪੁਲਸ ਜਬਰ ਸਹਿਣਾ ਪੈ ਰਿਹਾ ਹੈ। 
ਪੰਜਾਬ ਦੇ ਸਰਕਾਰੀ ਕਾਲਜਾਂ 'ਚ ਇਸ ਸੈਸ਼ਨ ਦੀ ਸ਼ੁਰੂਆਤ ਦੌਰਾਨ ਵਿਦਿਆਰਥੀਆਂ ਨੂੰ ਦਾਖ਼ਲਿਆਂ ਲਈ ਉੱਚੇ ਨੰਬਰਾਂ ਦੀਆਂ ਸ਼ਰਤਾਂ, ਫੇਲ• ਤੇ ਰੀ-ਅਪੀਅਰ ਵਾਲੇ ਵਿਦਿਆਰਥੀਆਂ ਨੂੰ ਦਾਖ਼ਲੇ ਨਾ ਦੇਣ ਵਰਗੇ ਫੈਸਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਸ਼ਰਤਾਂ ਤੇ ਫੈਸਲੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਿੱਖਿਆ ਦਾ ਭੋਗ ਪਾਉਣ ਲਈ ਲਏ ਜਾ ਰਹੇ ਕਦਮਾਂ ਦੀ ਦੇਣ ਹਨ। ਸਰਕਾਰੀ ਕਾਲਜਾਂ 'ਚ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਨਾ ਭਰਨ ਤੇ ਦਾਖ਼ਲੇ ਲਈ ਸੀਟਾਂ ਘਟਾਉਣ ਵਰਗੇ ਕਦਮ ਚੁੱਕੇ ਜਾ ਰਹੇ ਹਨ। ਸਰਕਾਰੀ ਕਾਲਜਾਂ 'ਚ ਦਾਖ਼ਲਾ ਨਾ ਮਿਲਣ ਦੀ ਸੂਰਤ 'ਚ ਵਿਦਿਆਰਥੀਆਂ ਨੂੰ ਮਜ਼ਬੂਰਨ ਪ੍ਰਾਈਵੇਟ ਕਾਲਜਾਂ 'ਚ ਜਾਣਾ ਪੈਂਦਾ ਹੈ। ਜਿੱਥੇ ਉੱਚੇ ਫ਼ੀਸਾਂ ਫੰਡਾਂ ਰਾਹੀਂ ਵਿਦਿਆਰਥੀਆਂ ਦੀ ਭਾਰੀ ਲੁੱਟ ਕੀਤੀ ਜਾਂਦੀ ਹੈ। ਸਰਕਾਰੀ ਕਾਲਜਾਂ 'ਚ ਵੱਡਾ ਹਿੱਸਾ ਗ਼ਰੀਬ ਤੇ ਮੱਧਵਰਗੀ ਲੋਕਾਂ ਦੇ ਧੀਆਂ ਪੁੱਤ ਪਹੁੰਚਦੇ ਹਨ। ਵਧਦੀਆਂ ਸਿੱਖਿਆ ਲੋੜਾਂ ਅਨੁਸਾਰ ਜ਼ਰੂਰਤ ਤਾਂ ਇਹ ਹੈ ਕਿ ਸਰਕਾਰੀ ਕਾਲਜਾਂ 'ਚ ਸੀਟਾਂ ਦੀ ਗਿਣਤੀ ਵਧਾਈ ਜਾਵੇ, ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ ਤੇ ਹੋਰ ਸਰਕਾਰੀ ਕਾਲਜ ਖੋਲ•ੇ ਜਾਣ। ਸਰਕਾਰ ਇੱਕ ਪਾਸੇ ਤਾਂ ਬੱਜਟ 'ਚ ਨਵੇਂ ਕਾਲਜ ਖੋਲ•ਣ ਦੇ ਐਲਾਨ ਕਰ ਰਹੀ ਹੈ ਪਰ ਦੂਜੇ ਪਾਸੇ ਪਹਿਲਿਆਂ ਕਾਲਜਾਂ 'ਚ ਵਿਦਿਆਰਥੀਆਂ ਨੂੰ ਦਾਖ਼ਲਿਆਂ ਤੋਂ ਜੁਆਬ ਦਿੱਤਾ ਜਾ ਰਿਹਾ ਹੈ। ਕਾਲਜਾਂ 'ਚ ਸੀਟਾਂ ਘਟਾਈਆਂ ਜਾ ਰਹੀਆਂ ਹਨ, ਨੰਬਰਾਂ ਦੀਆਂ ਸ਼ਰਤਾਂ ਮੜ•ੀਆਂ ਜਾ ਰਹੀਆਂ ਹਨ ਤੇ ਅਧਿਆਪਕਾਂ ਦੀਆਂ ਅਸਾਮੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ। ਉਹਨਾਂ ਮੰਗ ਕੀਤੀ ਕਿ ਪੰਜਾਬ ਦੇ ਸਭਨਾਂ ਸਰਕਾਰੀ ਕਾਲਜਾਂ 'ਚੋਂ ਦਾਖ਼ਲੇ ਸਮੇਂ ਨੰਬਰਾਂ ਦੀਆਂ ਸ਼ਰਤਾਂ ਹਟਾਈਆਂ ਜਾਣ, ਸੀਟਾਂ ਦੀ ਗਿਣਤੀ ਵਧਾਈ ਜਾਵੇ, ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ ਤੇ ਸਭਨਾਂ ਲੋੜਵੰਦ ਵਿਦਿਆਰਥੀਆਂ ਲਈ ਸਸਤੀ ਸਿੱਖਿਆ ਦੇ ਹੱਕ ਦੀ ਜ਼ਾਮਨੀ ਕੀਤੀ ਜਾਵੇ।
ਲਾਠੀਚਾਰਜ ਦੇ ਵਿਰੋਧ 'ਚ ਬਾਦਲ ਸਰਕਾਰ ਦੀ ਅਰਥੀ ਸਾੜੀ
ਪੀ. ਐਸ. ਯੂ. (ਸ਼ਹੀਦ ਰੰਧਾਵਾ) ਦੀ ਅਗਵਾਈ 'ਚ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿਖੇ ਇਕੱਠੇ ਹੋਏ ਵਿਦਿਆਰਥੀਆਂ ਨੇ ਫਰੀਦਕੋਟ ਦੇ ਵਿਦਿਆਰਥੀਆਂ 'ਤੇ ਕੱਲ• ਹੋਏ ਜਬਰ ਦੇ ਰੋਸ ਵਜੋਂ ਬਾਦਲ ਸਰਕਾਰ ਦੀ ਅਰਥੀ ਫੂਕੀ। ਇਕੱਠੇ ਹੋਏ ਸੈਂਕੜੇ ਵਿਦਿਆਰਥੀਆਂ ਨੇ ਬਾਦਲ ਸਰਕਾਰ ਖਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ। ਗੇਟ 'ਤੇ ਇਕੱਠੇ ਹੋਏ ਵਿਦਿਆਰਥੀਆਂ ਨੇ ਪਹਿਲਾਂ ਰੋਸ ਰੈਲੀ ਕਰਦਿਆਂ ਸਰਕਾਰ ਦੇ ਵਿਦਿਆਰਥੀਆਂ ਪ੍ਰਤੀ ਰਵੱਈਏ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਦੋਸ਼ੀ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਕੱਠੇ ਹੋਏ ਵਿਦਿਆਰਥੀਆਂ ਨੂੰ ਪੀ. ਐਸ. ਯੂ (ਸ਼ਹੀਦ ਰੰਧਾਵਾ) ਦੇ ਆਗੂ ਗਗਨ ਨੇ ਸੰਬੋਧਨ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਐਸ. ਡੀ. ਐਮ. ਸੁਨਾਮ ਤੋਂ ਮੰਗ ਕੀਤੀ ਕਿ ਕਾਲਜ 'ਚ ਰੀ-ਅਪੀਅਰ ਵਾਲੇ ਸਭਨਾਂ ਪੜ•ਾਈ ਦੇ ਇਛੁੱਕ ਵਿਦਿਆਰਥੀਆਂ ਨੂੰ ਦਾਖ਼ਲੇ ਦਿੱਤੇ ਜਾਣ। ਮੰਗ ਨਾ ਮੰਨੇ ਜਾਣ ਦੀ ਸੂਰਤ 'ਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਹ ਵਿਦਿਆਰਥੀ ਹਫ਼ਤਾ ਭਰ ਤੋਂ ਕਾਲਜ 'ਚ ਦਾਖ਼ਲੇ ਲਈ ਸੰਘਰਸ਼ ਕਰਦੇ ਆ ਰਹੇ ਹਨ।
ਸਰਕਾਰੀ ਰਜਿੰਦਰਾ ਕਾਲਜ ਬਠਿੰਡਾ 'ਚ ਵੀ ਦਾਖ਼ਲਿਆਂ ਲਈ ਆਏ ਵਿਦਿਆਰਥੀਆਂ ਦੇ ਇਕੱਠ ਨੇ ਫਰੀਦਕੋਟ ਦੇ ਵਿਦਿਆਰਥੀਆਂ 'ਤੇ ਹੋਏ ਲਾਠੀਚਾਰਜ ਦੀ ਨਿਖੇਧੀ ਕੀਤੀ। ਜੁੜੇ ਵਿਦਿਆਰਥੀਆਂ ਨੂੰ ਪੀ. ਐਸ. ਯੂ. (ਸ਼ਹੀਦ ਰੰਧਾਵਾ) ਦੇ ਕਾਲਜ ਇਕਾਈ ਦੇ ਪ੍ਰਧਾਨ ਸੰਦੀਪ ਸਿੰਘ ਨੇ ਸੰਬੋਧਨ ਕਰਦਿਆਂ ਸਭਨਾਂ ਵਿਦਿਆਰਥੀਆਂ ਨੂੰ ਦਾਖ਼ਲੇ ਦੇਣ ਤੇ ਦੋਸ਼ੀ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ।
ਮਿਤੀ — 14/07/2012