Sunday 3 August 2014

ਕਾਲੇ ਕਾਨੂੰਨਾਂ ਦਾ ਵਿਰੋਧ

ਪਿੰਡ ਰਾਮਾਂ, ਨਿਹਾਲ ਸਿੰਘ ਵਾਲਾ

ਪਿੰਡ ਰਾਮਾਂ, ਨਿਹਾਲ ਸਿੰਘ ਵਾਲਾ


ਪਿੰਡ ਗਿੱਦਡ਼, ਬਠਿੰਡਾ

ਗਿੱਦਡ਼ ਬਠਿੰਡਾ

Monday 28 July 2014

ਕਾਲੇ ਕਾਨੂੰਨ ਦਾ ਵਿਰੋਧ



 

 

ਪ੍ਰੈੱਸ ਬਿਆਨ



ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਘੁੱਦਾ, ਕੋਟਗੁਰੂ, ਸਿਵੀਆਂ ਅਤੇ ਬਾਜਕ ਵਿਖੇ ਪੰਜਾਬ ਸਰਕਾਰ ਵੱਲੋਂ ਲੰਘੇ ਵਿਧਾਨ ਸਭਾ ਸੈਸ਼ਨ ਦੌਰਾਨ ਪਾਸ ਕੀਤੇ ''ਨਿੱਜੀ ਅਤੇ ਜਨਤਕ ਸੰਪਤੀ ਦਾ ਨੁਕਸਾਨ ਰੋਕੂ ਕਾਨੂੰਨ'' ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਲੁਧਿਆਣਾ ਵਿਖੇ ਜਮਹੂਰੀ ਅਧਿਕਾਰ ਸਭਾ ਦੇ ਸੱਦੇ 'ਤੇ ਹੋਈ ਸਮੂਹ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਮੀਟਿੰਗ ਦੇ ਫੈਸਲੇ ਅਨੁਸਾਰ ਉਪਰੋਕਤ ਵਿਰੋਧ ਪ੍ਰਦਰਸ਼ਰਨ ਕੀਤੇ ਗਏ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਇਹ ਕਾਨੂੰਨ ਪੂਰੀ ਤਰਾਂ ਲੋਕ ਵਿਰੋਧੀ ਹੈ ਅਤੇ ਇਸ ਦੇ ਲਾਗੂ ਹੋਣ ਨਾਲ ਲੋਕਾਂ ਵੱਲੋਂ ਆਪਣੀ ਆਵਾਜ਼ ਬੁਲੰਦ ਕਰਨ ਤੇ ਰੋਸ ਪ੍ਰਦਰਸ਼ਰਨ ਕਰਨ ਦੇ ਜਮਹੂਰੀ ਹੱਕ ਦਾ ਘਾਣ ਹੋਇਆ ਹੈ। ਉਨਾਂ ਕਿਹਾ ਕਿ ਗੈਰ-ਜ਼ਮਾਨਤੀ ਸਜ਼ਾ, ਭਾਰੀ ਜੁਰਮਾਨਾ (ਮਰਜ਼ੀ ਦੇ ਅਧਿਕਾਰੀ ਦੀ ਜੁਰਮਾਨਾ ਤਹਿ ਕਰਨ ਦੀ ਜੁੰਮੇਵਾਰੀ ਲਾਉਣ ਦੀ ਮਦ ਸਮੇਤ), ਜਾਇਦਾਦ ਦੀ ਕੁਰਕੀ ਆਦਿ ਕਿੰਨੀਆਂ ਹੀ ਮਦਾਂ ਹਨ ਜਿਹੜੀਆਂ ਆਵਾਜ਼ ਬੁਲੰਦ ਕਰਨ ਦੇ ਹੱਕ ਦੇ ਖਿਲਾਫ਼ ਜਾਂਦੀਆਂ ਹਨ।
ਉਨਾਂ ਕਿਹਾ ਨਵੀਆਂ ਆਰਥਿਕ ਨੀਤੀਆਂ ਦੇ ਤੇਜ਼ੀ ਨਾਲ ਵਾਹੇ ਜਾ ਰਹੇ ਕੁਹਾੜੇ ਸਦਕਾ ਨਿਤ ਨਵੇਂ ਤਬਕਿਆਂ ਦੀਆਂ ਮੰਗਾਂ ਮਸਲੇ ਉੱਠ ਰਹੇ ਹਨ। ਲੋਕ ਨਸ਼ਿਆਂ, ਜ਼ਮੀਨਾਂ 'ਤੇ ਕਬਜ਼ੇ, ਮਹਿੰਗਾਈ, ਗ਼ਰੀਬੀ, ਬੇਰੁਜ਼ਗਾਰੀ, ਗੁੰਡਾਗਰਦੀ ਤੇ ਨਿਤ ਗੁੰਮ ਹੋ ਰਹੇ ਬੱਚਿਆਂ ਤੇ ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਹੱਡੀਂ ਹੰਢਾ ਰਹੇ ਹਨ। ਅਜਿਹੀ ਹਾਲਤ 'ਚ ਵੱਖੋ ਵੱਖ ਹਿੱਸਿਆਂ ਵੱਲੋਂ ਸੰਘਰਸ਼ ਵਿੱਢੇ ਜਾਂਦੇ ਹਨ ਜਿਨਾਂ ਪ੍ਰਤੀ ਪੰਜਾਬ ਸਰਕਾਰ ਸਿਰੇ ਦੇ ਨਖਿੱਧ ਰਵੱਈਆ ਅਪਨਾਉਂਦੀ ਹੈ ਤੇ ਲੋਕਾਂ ਦੀ ਆਵਾਜ਼ ਨੂੰ ਟਿੱਚ ਕਰਕੇ ਜਾਣਦੀ ਹੈ। ਲੋਕਾਂ ਦੇ ਉੱਠ ਰਹੇ ਇਨਾਂ ਹੱਕੀ ਸੰਘਰਸ਼ਾਂ ਨੂੰ ਦਬਾਉਣ ਲਈ ਹੀ ਪੰਜਾਬ ਸਰਕਾਰ ਵੱਲੋਂ ਅਜਿਹਾ ਕਾਨੂੰਨ ਲਿਆਂਦਾ ਜਾ ਰਿਹਾ ਹੈ। ਇਹ ਕਾਨੂੰਨ ਸੰਵਿਧਾਨ ਵਿੱਚ ਦਿੱਤੇ ਜਮਹੂਰੀ ਹੱਕਾਂ ਦੀ ਭਾਵਨਾ ਦੇ ਬਿਲਕੁਲ ਉਲਟ ਜਾਂਦਾ ਹੈ। ਇਹ ਕਾਨੂੰਨ ਪੁਲਸ ਦੇ ਇੱਕ ਹੌਲਦਾਰ ਤੱਕ ਨੂੰ ਖੁੱਲੀਆਂ ਤਾਕਤਾਂ ਦਿੰਦਾ ਹੈ ਤੇ ਇਸ ਕਾਨੂੰਨ ਦੇ ਘੇਰੇ 'ਚ ਘਟਨਾ 'ਚ ਸ਼ਾਮਲ ਵਿਅਕਤੀਆਂ ਤੋਂ ਇਲਾਵਾ ਜਥੇਬੰਦੀ ਦੇ ਆਗੂਆਂ, ਸਲਾਹਕਾਰਾਂ (ਭਾਵੇਂ ਉਹ ਘਟਨਾ 'ਚ ਸ਼ਾਮਲ ਹੋਣ ਜਾਂ ਨਾ) ਨੂੰ ਵੀ ਬੜੀ ਮੌਜ ਨਾਲ ਸ਼ਾਮਲ ਕੀਤਾ ਜਾ ਸਕਦਾ ਹੈ।  ਹਾਲਾਂਕਿ 2010 'ਚ ਪੰਜਾਬ ਦੇ ਲੋਕਾਂ ਵੱਲੋਂ ਕੀਤੇ ਵਿਰੋਧ ਦੇ ਚਲਦਿਆਂ ਪੰਜਾਬ ਹਕੂਮਤ ਨੂੰ ਇਹ ਕਾਨੂੰਨ ਉਦੋਂ ਵਾਪਸ ਲੈਣਾ ਪਿਆ ਸੀ ਪਰ ਲੋਕਾਂ ਦੇ ਵਿਰੋਧ ਨੂੰ ਟਿੱਚ ਜਾਣਦਿਆਂ ਪੰਜਾਬ ਸਰਕਾਰ ਵੱਲੋਂ ਐਂਤਕੀ ਇਸ ਕਾਨੂੰਨ ਨੂੰ ਹੋਰ ਸਖ਼ਤ ਕਰਕੇ ਤੇ ਸੜਕੀ ਤੇ ਰੇਲ ਆਵਾਜਾਈ ਰੋਕਣ ਨੂੰ ਵੀ ਇਸ ਕਾਨੂੰਨ ਦੇ ਘੇਰੇ 'ਚ ਲੈਂਦੇ ਹੋਏ ਇਹ ਕਾਨੂੰਨ ਪਾਸ ਕੀਤਾ ਗਿਆ ਹੈ।
ਅਸ਼ਵਨੀ ਕੁਮਾਰ ਨੇ ਕਿਹਾ ਕਿ ਨੌਜਵਾਨ ਭਾਰਤ ਸਭਾ ਵੱਲੋਂ ਉਹ ਸਰਕਾਰ ਵੱਲੋਂ ਪਾਸ ਕੀਤੇ ਇਸ ਜਮਹੂਰੀਅਤ ਵਿਰੋਧੀ ਕਾਨੂੰਨ ਦਾ ਜੋਰਦਾਰ ਵਿਰੋਧ ਕਰਦੇ ਹਨ ਤੇ ਆਉਣ ਵਾਲੇ ਦਿਨਾਂ ਵਿੱਚ ਨੌਜਵਾਨ ਭਾਰਤ ਸਭਾ ਵੱਲੋਂ ਹੋਰਨਾਂ ਪਿੰਡਾਂ (ਬਾਹੋ, ਗਿੱਦੜ ਆਦਿ) ਵਿੱਚ ਵੀ ਇਸ ਕਾਨੂੰਨ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਵੱਲੋਂ ਨੌਜਵਾਨ ਭਾਰਤ ਸਭਾ।
ਸੂਬਾ ਕਮੇਟੀ ਮੈਂਬਰ, ਅਸ਼ਵਨੀ ਕੁਮਾਰ (9501057052)

Friday 18 July 2014

ਸੰਗਰਾਮੀ ਇਤਿਹਾਸ ਦੇ ਪੰਨਿਆਂ 'ਤੇ ਸਦਾ ਚਮਕੇਗਾ



ਸੰਗਰਾਮੀ ਇਤਿਹਾਸ ਦੇ ਪੰਨਿਆਂ 'ਤੇ ਸਦਾ ਚਮਕੇਗਾ
ਸ਼ਹੀਦ ਪ੍ਰਿਥੀਪਾਲ ਰੰਧਾਵਾ

70 ਵਿਆਂ ਦਾ ਦਹਾਕਾ ਪੰਜਾਬ ਦੀ ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਦੇ ਸ਼ਾਨਾਮੱਤੇ ਇਤਿਹਾਸ ਦਾ ਸਮਾਂ ਹੈ ਜਦੋਂ ਪੰਜਾਬ ਦੀ ਜਵਾਨੀ ਨੇ ਲੋਕਾਂ ਨੂੰ ਹੱਕਾਂ ਲਈ ਜੂਝਣ ਦਾ ਰਾਹ ਵਿਖਾਇਆ ਤੇ ਸ਼ਾਨਦਾਰ ਇਨਕਲਾਬੀ ਭੂਮਿਕਾ ਅਦਾ ਕੀਤੀ। ਪ੍ਰਿਥੀਪਾਲ ਰੰਧਾਵਾ ਇਸ ਲਹਿਰ ਦਾ ਅਜਿਹਾ ਨਾਇਕ ਸੀ ਜੀਹਦੀ ਅਗਵਾਈ 'ਚ ਪੰਜਾਬ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਸ਼ਾਨਦਾਰ ਸੰਗਰਾਮੀ ਰਵਾਇਤਾਂ ਸਿਰਜੀਆਂ ਜਿਹੜੀਆਂ ਅੱਜ ਵੀ ਸਾਡਾ ਰਾਹ ਰੁਸ਼ਨਾਉਦੀਆਂ ਹਨ। ਭਾਵੇਂ 18 ਜੁਲਾਈ 1979 ਨੂੰ ਅਕਾਲੀ ਸਰਕਾਰ ਦੇ ਗੁੰਡਿਆਂ ਨੇ ਪ੍ਰਿਥੀ ਨੂੰ ਜਿਸਮਾਨੀ ਤੌਰ 'ਤੇ ਸਾਡੇ ਕੋਲੋਂ ਖੋਹ ਲਿਆ ਪਰ ਉਹਦੀ ਜੀਵਨ ਘਾਲਣਾ ਤੇ ਸ਼ਹਾਦਤ ਸਾਡੇ ਲਈ ਪ੍ਰੇਰਨਾ ਦਾ ਅਮੁੱਕ ਸੋਮਾ ਹੈ।
ਪਿਰਥੀ ਦਾ ਜੀਵਨ ਤੇ ਪੀ.ਐਸ.ਯੂ. ਦਾ ਸਫ਼ਰ ਇਕ ਦੂਜੇ ਨਾਲ ਏਨੀ ਗਹਿਰੀ ਤਰਾਂ ਜੁੜਿਆ ਹੈ ਕਿ ਵੱਖ-2 ਕਰਕੇ ਨਹੀਂ ਦੇਖਿਆ ਜਾ ਸਕਦਾ। 5 ਮਾਰਚ, 1952 ਨੂੰ ਜਨਮਿਆ ਪ੍ਰਿਥੀ ਜਦੋਂ ਟਾਂਡੇ ਕਾਲਜ ਤੋਂ ਪਰੀ-ਮੈਡੀਕਲ ਕਰਕੇ ਪੀ.ਏ.ਯੂ. ਲੁਧਿਆਣੇ ਦਾਖਲ ਹੋਇਆ ਤਾਂ ਉਦੋਂ ਤੋਂ ਹੀ ਉਹਨੇ ਸਮਾਜ 'ਚ ਫੈਲੇ ਲੁੱਟ, ਜਬਰ, ਅਨਿਆਂ ਤੇ ਵਿਤਕਰਿਆਂ ਨੂੰ ਨੀਝ ਨਾਲ ਘੋਖਣਾ ਸ਼ੁਰੂ ਕਰ ਦਿੱਤਾ। ਉਹਨੇ ਬਾਕੀ ਦੀ ਜ਼ਿੰਦਗੀ ਨੌਜਵਾਨਾਂ, ਵਿਦਿਆਰਥੀਆਂ ਤੇ ਹੋਰਨਾਂ ਮਿਹਤਨਕਸ਼ ਤਬਕਿਆਂ ਦਾ ਰਾਹ ਰੁਸ਼ਨਾਉਣ ਦੇ ਲੇਖੇ ਲਾਈ ਅਤੇ ਅੰਤ ਆਪਣੇ ਲਹੂ ਦਾ ਆਖਰੀ ਕਤਰਾ ਵੀ ਲੋਕ ਹੱਕਾਂ ਦੀ ਲਹਿਰ ਦੇ ਬੂਟੇ ਨੂੰ ਸਿੰਜਣ ਲਈ ਵਹਾ ਦਿੱਤਾ।
ਪਿਰਥੀ ਤੇ ਸਾਥੀਆਂ ਨੇ 70-71 ਦੇ ਅਜਿਹੇ ਔਖੇ ਵੇਲ਼ਿਆਂ 'ਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਝੰਡੇ ਹੇਠ ਵਿਦਿਆਰਥੀਆਂ ਨੂੰ ਜਥੇਬੰਦ ਕਰਨ ਦਾ ਬੀੜਾ ਚੁੱਕਿਆ ਜਦੋਂ ਪੰਜਾਬ 'ਚ ਨੌਜਵਾਨਾਂ ਨੂੰ ਹੱਕ ਸੱਚ ਦੀ ਗੱਲ ਕਰਨ ਬਦਲੇ ਵੱਡੀ ਕੀਮਤ ਤਾਰਨੀ ਪੈਂਦੀ ਸੀ। ਪੰਜਾਬ 'ਚ ਇਨਕਲਾਬੀ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਜਾ ਰਹੇ ਸਨ। ਕਾਲਜਾਂ-ਯੂਨੀਵਰਸਿਟੀਆਂ ਦੇ ਧੱਕੜ ਅਧਿਕਾਰੀ ਚੰਮ ਦੀਆਂ ਚਲਾਉਂਦੇ ਸਨ, ਵਿਦਿਅਕ ਸੰਸਥਾਵਾਂ ਧੱਕੜ ਪੁਲਸ ਅਫ਼ਸਰਾਂ ਲਈ ਜਬਰ ਦੇ ਅਖਾੜੇ ਬਣੀਆਂ ਹੋਈਆਂ ਸਨ। ਪਹਿਲੇ ਸਾਲਾਂ 'ਚ ਬਣੀ ਪੀ.ਐਸ.ਯੂ. ਇਨਕਲਾਬੀਆਂ ਅੰਦਰ ਉੱਠੇ ਗਲਤ ਰੁਝਾਨ ਦੀ ਭੇਂਟ ਚੜਕੇ ਖਿੰਡ ਪੁੰਡ ਗਈ ਸੀ। ਅਜਿਹੇ ਵੇਲ਼ਿਆਂ 'ਚ ਪਿਰਥੀ ਤੇ ਸਾਥੀਆਂ ਨੇ ਆਪਣੀਆਂ ਜ਼ਿੰਦਗੀਆਂ ਦੀ ਪ੍ਰਵਾਹ ਨਾ ਕਰਦਿਆਂ ਪੀ.ਐਸ.ਯੂ. ਦਾ ਬੂਟਾ ਲਾਇਆ। ਪੀ.ਐਸ.ਯੂ. ਨੇ ਅਜੇ ਮੁੱਢਲੇ ਕਦਮ ਹੀ ਪੁੱਟੇ ਸਨ ਕਿ ਮੋਗੇ 'ਚ ਰੀਗਲ ਸਿਨੇਮੇ ਦੇ ਮਾਲਕਾਂ ਦੀ ਗੁੰਡਾਗਰਦੀ ਖਿਲਾਫ਼ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ 'ਤੇ ਪੁਲਿਸ ਨੇ ਗੋਲੀ ਚਲਾ ਦਿੱਤੀ। ਦੋ ਵਿਦਿਆਰਥੀ ਹਰਜੀਤ ਤੇ ਸਵਰਨ ਤੇ ਹੋਰ ਲੋਕ ਸ਼ਹੀਦ ਕਰ ਦਿੱਤੇ। ਹਕੂਮਤ ਦੇ ਇਸ ਜਬਰ ਖਿਲਾਫ਼ ਵਿਦਿਆਰਥੀ ਰੋਹ ਦੀ ਕਾਂਗ ਉੱਠ ਖੜੀ ਹੋਈ। ਪੰਜਾਬ 'ਚ ਵਿਦਿਆਰਥੀਆਂ ਦਾ ਗੁੱਸਾ ਫੁੱਟ ਪਿਆ ਤੇ ਮੋਗਾ ਸੰਗਰਾਮ ਛਿੜ ਪਿਆ। ਹਾਕਮਾਂ ਦੀਆਂ ਸਭਨਾਂ ਚਾਲਾਂ ਨੂੰ ਫੇਲਕਰਦਿਆਂ ਪਿਰਥੀ ਦੀ ਅਗਵਾਈ 'ਚ ਵਿਦਿਆਰਥੀਆਂ ਨੇ ਅਜਿਹਾ ਦਲੇਰਾਨਾ ਸੰਗਰਾਮ ਲੜਿਆ ਜੀਹਨੇ ਪੰਜਾਬ ਦੀ ਜਨਤਕ ਇਨਕਲਾਬੀ ਲਹਿਰ ਨੂੰ ਨਵਾਂ ਮੁਹਾਂਦਰਾ ਦਿੱਤਾ। ਪੁਲਸ ਜਬਰ ਮੂਹਰੇ ਬੇਵੱਸ ਹੋਈ ਜਵਾਨੀ ਨੂੰ ਪਿਰਥੀ ਨੇ ਸਹੀ ਸੇਧ ਦਿੱਤੀ। ਮੋਗੇ ਦੇ ਇਸ ਲੰਬੇ ਖਾੜਕੂ ਘੋਲ ਨੇ ਇਨਕਲਾਬੀ ਨੌਜਵਾਨਾਂ ਦੇ ਕਤਲ ਵਰਗੇ ਅਨਰਥ ਕਰਨ ਤੋਂ ਹਾਕਮਾਂ ਦੇ ਮਨਾਂ 'ਚ ਤਹਿਕਾ ਬਿਠਾ ਦਿੱਤਾ ਅਤੇ ਪੰਜਾਬ ਦੇ ਲੋਕਾਂ ਸਾਹਮਣੇ ਹੱਕਾਂ ਲਈ ਜਥੇਬੰਦ ਹੋ ਕੇ ਲੰਮੇ ਖਾੜਕੂ ਸੰਘਰਸ਼ਾਂ ਦੇ ਰਾਹ ਪੈਣ ਦੀ ਮਿਸਾਲ ਪੈਦਾ ਕੀਤੀ।
ਇਸਤੋਂ ਬਾਅਦ ਪਿਰਥੀ ਦੀ ਅਗਵਾਈ 'ਚ ਪੀ.ਐਸ.ਯੂ. ਨੇ ਵਿਦਿਆਰਥੀ ਮੰਗਾਂ ਜਿਵੇਂ ਬੱਸ ਪਾਸ ਸਹੂਲਤ ਹਾਸਲ ਕਰਨ,  ਵਧਦੀਆਂ ਫੀਸਾਂ ਦਾ ਵਿਰੋਧ ਕਰਨ, ਸਸਤੀਆਂ ਮੈੱਸਾਂ-ਕੰਟੀਨਾਂ ਤੇ ਹੋਸਟਲਾਂ ਦੇ ਇੰਤਜ਼ਾਮ ਕਰਵਾਉਣ, ਸਸਤੀਆਂ ਕਿਤਾਬਾਂ ਕਾਪੀਆਂ ਹਾਸਲ ਕਰਨ, ਵਿਦਿਅਕ ਸੰਸਥਾਵਾਂ 'ਚ ਜਮਹੂਰੀ ਮਾਹੌਲ ਸਿਰਜਣ ਤੇ ਹੋਰਨਾਂ ਮਸਲਿਆਂ ਤੇ ਅਨੇਕਾਂ ਹੀ ਪੰਜਾਬ ਪੱਧਰੇ ਤੇ ਸਥਾਨਕ ਪੱਧਰੇ ਸੰਘਰਸ਼ ਲੜੇ ਅਤੇ ਜਿੱਤਾਂ ਜਿੱਤੀਆਂ।
ਪਿਰਥੀਪਾਲ ਰੰਧਾਵਾ ਸਾਧਾਰਨ ਵਿਦਿਆਰਥੀ ਆਗੂ ਨਹੀਂ ਸੀ ਸਗੋਂ ਜੁਝਾਰੂ ਇਨਕਲਾਬੀ ਲੋਕ ਆਗੂ ਸੀ ਜੀਹਦੀ ਅਗਵਾਈ 'ਚ ਵਿਦਿਆਰਥੀ ਸਿਰਫ਼ ਆਪਣੇ ਤਬਕੇ ਦੇ ਮਸਲਿਆਂ ਤੱਕ ਹੀ ਸੀਮਤ ਨਾ ਰਹੇ ਸਗੋਂ ਆਪਣੇ ਇਨਕਲਾਬੀ ਸਮਾਜਿਕ ਰੋਲ ਦੀ ਪਹਿਚਾਣ ਕਰਦਿਆਂ ਸਮਾਜ ਦੇ ਹੋਰਨਾਂ ਮਿਹਤਨਕਸ਼ ਤਬਕਿਆਂ ਲਈ ਜੂਝਣ ਦੀ ਪ੍ਰੇਰਨਾ ਵੀ ਬਣੇ। ਸਮਾਜ 'ਚ ਲੋਕਾਂ 'ਤੇ ਅਸਰ ਪਾਉਣ ਵਾਲੇ ਵੱਡੇ ਮਸਲਿਆਂ ਤੇ ਖਾਸ ਕਰ ਜਦੋਂ ਲੋਕਾਂ ਨੂੰ ਭੁਚਲਾਉਣ ਲਈ ਲੋਕ ਦੋਖੀ ਤਾਕਤਾਂ ਆਪਣਾ ਤਾਣ ਲਗਾਉਂਦੀਆਂ ਰਹੀਆਂ ਤਾਂ ਪੰਜਾਬ ਦੇ ਨੌਜਵਾਨ ਵਿਦਿਆਰਥੀਆਂ ਨੇ ਪਿਰਥੀ ਦੀ ਅਗਵਾਈ 'ਚ ਕਿਰਤੀ ਲੋਕਾਂ ਦਾ ਮਾਰਗ ਰੌਸ਼ਨ ਕੀਤਾ।
1974 'ਚ ਮੁਲਕ ਦੀ ਜਨਤਾ 'ਚ ਇੰਦਰਾ ਗਾਂਧੀ ਹਕੂਮਤ ਖਿਲਾਫ਼ ਉੱਠੀ ਬੇਚੈਨੀ ਨੂੰ ਹਾਕਮ ਜਮਾਤਾਂ ਦੇ ਹੀ ਦੂਸਰੇ ਹਿੱਸੇ ਵਰਤਣ ਲਈ ਤੁਰੇ। ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ 'ਚ ਜੁੜੇ ਮੌਕਾਪ੍ਰਸਤ ਟੋਲੇ ਨੇ ਲੋਕਾਂ ਦੇ ਸਾਹਮਣੇ ਫ਼ਰੇਬੀ ਨਾਹਰੇ ਪੇਸ਼ ਕੀਤੇ ਅਤੇ ਲੋਕਾਂ ਦੀ ਲਹਿਰ ਨੂੰ ਪਟੜੀ ਤੋਂ ਲਾਹ ਕੇ ਆਪਣੀਆਂ ਵੋਟ ਗਿਣਤੀਆਂ ਵਾਸਤੇ ਵਰਤਣ ਦੇ ਯਤਨ ਕੀਤੇ। ਭ੍ਰਿਸ਼ਟਾਚਾਰ, ਮਹਿੰਗਾਈ, ਗਰੀਬੀ ਹਟਾਉ ਦੇ ਅਮੂਰਤ ਤੇ ਬੇ-ਨਕਸ਼ ਨਾਅਰੇ ਦਿੱਤੇ ਗਏ। ਅਜਿਹੇ ਸਮੇਂ ਪੰਜਾਬ ਦੇ ਵਿਦਿਆਰਥੀਆਂ ਨੇ ਪ੍ਰਿਥੀ ਦੀ ਅਗਵਾਈ 'ਚ ਮਿਹਨਤਕਸ਼  ਲੋਕਾਂ ਨੂੰ ਸਹੀ ਸੇਧ ਦਿੱਤੀ। ਪੀ.ਐਸ.ਯੂ. ਨੇ ਮੋਗੇ 'ਚ ਨੌਜਵਾਨ ਭਾਰਤ ਸਭਾ ਤੇ ਹੋਰਨਾਂ ਮਿਹਨਤਕਸ਼ ਤਬਕਿਆਂ ਦੇ ਸਹਿਯੋਗ ਨਾਲ 'ਸੰਗਰਾਮ ਰੈਲੀ' ਜਥੇਬੰਦ ਕਰਕੇ ਮੌਕਾਪ੍ਰਸਤ ਟੋਲੇ ਦਾ ਕਿਰਦਾਰ ਨੰਗਾ ਕੀਤਾ ਅਤੇ 'ਸੰਕਟ ਮੂੰਹ ਆਈ ਕੌਮ ਲਈ ਕਲਿਆਣ ਦਾ ਮਾਰਗ' ਪੇਸ਼ ਕੀਤਾ।
26 ਜੂਨ 1975 'ਚ ਇੰਦਰਾ ਗਾਂਧੀ ਸਰਕਾਰ ਨੇ ਆਪਣੀ ਕੁਰਸੀ ਬਚਾਉਣ ਲਈ ਤੇ ਲੋਕ ਬੇਚੈਨੀ ਨੂੰ ਕੁਚਲਣ ਲਈ ਸਾਰੇ ਦੇਸ਼ 'ਚ ਐਮਰਜੈਂਸੀ ਮੜਦਿੱਤੀ। ਸਭਨਾਂ ਲੋਕ ਪੱਖੀ ਤੇ ਜਮਹੂਰੀ ਸ਼ਕਤੀਆਂ ਉੱਤੇ ਜਬਰ ਦਾ ਝੱਖੜ ਝੁਲਾ ਦਿੱਤਾ। ਪੀ.ਐਸ.ਯੂ. ਨੇ ਆਪਣੀਆਂ ਸੰਗਰਾਮੀ ਰਵਾਇਤਾਂ ਤੇ ਪਹਿਰਾ ਦਿੰਦਿਆਂ ਇਸ ਵੰਗਾਰ ਨੂੰ ਕਬੂਲ ਕੀਤਾ। ਅੰਨੇ ਹਕੂਮਤੀ ਜਬਰ ਦੇ ਦੌਰ 'ਚ ਤੇ ਐਮਰਜੈਂਸੀ ਦੀਆਂ ਸਖਤ ਪਾਬੰਦੀਆਂ ਦੇ ਬਾਵਜੂਦ 'ਐਮਰਜੈਂਸੀ ਖਤਮ ਕਰੋ' ਤੇ 'ਜਮਹੂਰੀ ਹੱਕ ਬਹਾਲ ਕਰੋ' ਦੀਆਂ ਆਵਾਜ਼ਾਂ ਕਾਂਗਰਸੀ ਹਾਕਮਾਂ ਨੂੰ ਕੰਬਣੀਆਂ ਛੇੜਦੀਆਂ ਰਹੀਆਂ। 'ਅਸੀਂ ਜਿਉਂਦੇ-ਅਸੀਂ ਜਾਗਦੇ' ਦਾ ਸੱਦਾ ਲਾਉਂਦੀਆਂ ਰਹੀਆਂ। ਪੀ.ਐਸ.ਯੂ. ਦੇ ਆਗੂਆਂ-ਵਰਕਰਾਂ ਨੇ ਪੁਲਸੀ ਕਹਿਰ ਨੂੰ ਖਿੜੇ ਮੱਥੇ ਝੱਲਿਆ। ਰੰਧਾਵੇ ਨੂੰ ਮੀਸਾ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਗਿਆ, ਕਹਿਰਾਂ ਦਾ ਜਬਰ ਢਾਹਿਆ ਗਿਆ ਪਰ ਪ੍ਰਿਥੀ ਅਡੋਲ ਰਿਹਾ, ਉਹਨੂੰ ਝੁਕਾਇਆ ਨਾ ਜਾ ਸਕਿਆ। ਡੇਢ ਸਾਲ ਜੇਲ• 'ਚ ਰਹਿਣ ਮਗਰੋਂ ਮੁੜ ਆ ਸੰਗਰਾਮ ਦੇ ਮੈਦਾਨ 'ਚ ਕੁੱਦਿਆ।
ਪ੍ਰਿਥੀ ਦੀ ਅਗਵਾਈ 'ਚ ਹੀ ਪੰਜਾਬ ਦੇ ਵਿਦਿਆਰਥੀਆਂ ਨੇ ਹਰ ਮਿਹਤਨਕਸ਼ ਤਬਕੇ ਦੇ ਸੰਘਰਸ਼ਾਂ ਨੂੰ ਜਾ ਹਮਾਇਤੀ ਕੰਨਾ ਲਾਇਆ ਤੇ ਬੇ-ਗਰਜ਼ ਭਰਾਤਰੀ ਹਮਾਇਤ ਦੀਆਂ ਪਿਰਤਾਂ ਪਾਈਆਂ। ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਤੇ ਹੋਰਨਾਂ ਮਿਹਨਤਕਸ਼ ਤਬਕਿਆਂ ਨਾਲ ਸਾਂਝੇ ਸੰਘਰਸ਼ਾਂ ਦੀਆਂ ਤੰਦਾਂ ਮਜ਼ਬੂਤ ਕੀਤੀਆਂ।
ਪ੍ਰਿਥੀ ਨੇ ਜਮਹੂਰੀ ਹੱਕਾਂ ਦੇ ਦਮਨ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਉਹਦੀ ਅਗਵਾਈ 'ਚ ਹੀ ਵਿਦਿਆਰਥੀਆਂ ਨੇ  ਪੰਜਾਬ ਦੇ ਕਿਰਤੀ ਲੋਕਾਂ 'ਚ ਜਮਹੂਰੀ ਹੱਕਾਂ ਦੀ ਸੋਝੀ ਦਾ ਸੰਚਾਰ ਕਰਨ ਦੇ ਯਤਨਾਂ 'ਚ ਭਰਪੂਰ ਹਿੱਸਾ ਪਾਇਆ।  ਪੀ.ਐਸ.ਯੂ. ਨੇ ਜਮਹੂਰੀ ਹੱਕਾਂ ਦੀ ਰਾਖੀ ਲਈ ਮੋਗੇ 'ਚ ਵਿਸ਼ਾਲ ਮਾਰਚ ਜਥੇਬੰਦ ਕੀਤਾ।
ਰੰਧਾਵਾ ਗੰਭੀਰ, ਸੂਝਵਾਨ, ਹੋਣਹਾਰ ਤੇ ਨਿਧੜਕ ਆਗੂ ਸੀ ਜੀਹਨੇ ਬੇਹੱਦ ਕਸੂਤੀਆਂ ਹਾਲਤਾਂ 'ਚ ਪੀ.ਐਸ.ਯੂ. ਖੜੀ ਕਰਨ, ਇਹਦੀ ਅਗਵਾਈ ਕਰਨ, ਪੰਜਾਬ 'ਚ ਜਨਤਕ ਜਮਹੂਰੀ ਲਹਿਰ ਨੂੰ ਤਕੜੀ ਕਰਨ ਤੇ ਵੱਖ-ਵੱਖ ਤਬਕਿਆਂ ਦੀ ਸੰਗਰਾਮੀ ਸਾਂਝ ਦੀਆਂ ਰਵਾਇਤਾਂ ਕਾਇਮ ਕੀਤੀਆਂ। ਰੰਧਾਵੇ ਦੀ ਅਗਵਾਈ 'ਚ ਹੀ ਪੰਜਾਬ ਦੀ ਵਿਦਿਆਰਥੀ ਲਹਿਰ ਨੂੰ ਫਿਰਕੂ ਵਣਜਾਰਿਆਂ ਦੇ ਜ਼ਹਿਰੀ ਡੰਗਾਂ ਤੋਂ ਮੁਕਤ ਰੱਖਿਆ ਜਾ ਸਕਿਆ ਤੇ ਨੌਜਵਾਨਾਂ-ਵਿਦਿਆਰਥੀਆਂ ਨੇ ਸਮਾਜ 'ਚ ਫਿਰਕੂ ਸਦਭਾਵਨਾ ਦਾ ਹੋਕਾ ਦਿੱਤਾ।
ਪੰਜਾਬ ਦੇ ਵਿਦਿਆਰਥੀਆਂ ਨੌਜਵਾਨਾਂ 'ਚ ਹੀ ਨਹੀਂ ਸਗੋਂ ਹੋਰਨਾਂ ਮਿਹਨਤਕਸ਼ ਤਬਕਿਆਂ 'ਚ ਵੀ ਪ੍ਰਿਥੀਪਾਲ ਰੰਧਾਵਾ ਸਤਿਕਾਰਿਆ ਤੇ ਪਿਆਰਿਆ ਜਾਣ ਲੱਗ ਪਿਆ ਸੀ। ਉਹ ਸਮੇਂ ਦੇ ਹਾਕਮਾਂ ਲਈ ਇਕ ਵੰਗਾਰ ਸੀ। ਮੌਕੇ ਦੀ ਅਕਾਲੀ ਸਰਕਾਰ ਦੇ ਪਾਲਤੂ ਗੁੰਡਿਆਂ ਨੇ ਉਹਨੂੰ ਅਗਵਾ ਕਰਕੇ ਕਹਿਰਾਂ ਦਾ ਤਸ਼ਦੱਦ ਢਾਹਿਆ ਪਰ ਉਹਨੂੰ ਝੁਕਾਇਆ ਨਾ ਜਾ ਸਕਿਆ। ਅਖੀਰ ਉਹਨੂੰ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ। ਰੰਧਾਵੇ ਦੇ ਕਤਲ ਦੇ ਖਿਲਾਫ਼ ਪੰਜਾਬ ਦੀ ਧਰਤੀ ਤੇ ਜ਼ੋਰਦਾਰ ਸੰਗਰਾਮ ਲੜਿਆ ਗਿਆ। ਨੌਜਵਾਨਾਂ ਵਿਦਿਆਰਥੀਆਂ ਤੇ ਲੋਕਾਂ ਨੇ ਆਪਣੇ ਵਿਛੜ ਗਏ ਆਗੂ ਨੂੰ ਸ਼ਰਧਾਂਜਲੀ ਵੱਡੇ ਘਮਸਾਨੀ ਘੋਲ਼ 'ਚ ਦਿੱਤੀ।
ਪੜਾਈ 'ਚ ਬੇਹੱਦ ਹੁਸ਼ਿਆਰ ਪਿਰਥੀ ਨੇ ਯੂਨਿ: 'ਚੋਂ ਆਪਣੀ ਐਮ.ਐਸ.ਸੀ. ਦੀ ਪੜਾਈ ਹਾਲੇ ਕੁਝ ਸਮਾਂ ਪਹਿਲਾਂ ਹੀ ਖਤਮ ਕੀਤੀ ਸੀ। ਉਹਨੇ ਰੁਜ਼ਗਾਰ 'ਤੇ ਲੱਗ ਕੇ ਕਮਾਈ ਕਰਨ ਦੀ ਥਾਂ ਆਪਣੀ ਜ਼ਿੰਦਗੀ ਲੋਕ ਸੰਗਰਾਮਾਂ ਨੂੰ ਅਰਪਿਤ ਕਰਨ ਦਾ ਫੈਸਲਾ ਕਰ ਲਿਆ ਸੀ। ਉਹਦੇ ਲਈ ਜ਼ਿੰਦਗੀ ਦੇ ਅਰਥ ਆਪਣੇ ਆਪ ਤੋਂ, ਘਰ ਪਰਿਵਾਰ ਤੋਂ ਵੱਡੇ ਸਨ। ਉਹਦੇ ਲਈ ਜ਼ਿੰਦਗੀ ਦੀ ਸਾਰਥਿਕਤਾ ਸਮਾਜ 'ਚੋਂ ਹਰ ਤਰਾਂ ਦੀ ਲੁੱਟ ਜਬਰ ਖਤਮ ਕਰਕੇ, ਬਰਾਬਰੀ ਭਰਿਆ ਰਾਜ ਸਿਰਜਣ ਦੇ ਮਹਾਨ ਕਾਜ਼ 'ਚ ਹਿੱਸਾ ਪਾਈ ਦੀ ਸੀ। ਉਹਨੇ ਆਪਣੀ ਜ਼ਿੰਦਗੀ ਏਸ ਕਾਜ਼ ਨੂੰ ਸਮਰਪਿਤ ਕਰ ਦਿੱਤੀ।
ਅੱਜ ਦੇ ਦੌਰ ', ਨਵੀਆਂ ਆਰਥਿਕ ਨੀਤੀਆਂ ਦਾ ਹੱਲਾ ਸਿੱਖਿਆ ਖੇਤਰ ਦਾ ਤੇਜ਼ੀ ਨਾਲ ਨਿੱਜੀਕਰਨ ਤੇ ਵਪਾਰੀਕਰਨ ਕਰ ਰਿਹਾ ਹੈ। ਸਰਕਾਰ ਆਏ ਦਿਨ ਸਿੱਖਿਆ ਤੇ ਖਰਚ ਕਰਨ ਤੋਂ ਹੱਥ ਘੁੱਟਦੀ ਆ ਰਹੀ ਹੈ। ਫੰਡ, ਗ੍ਰਾਂਟਾ ਸੁੰਗੇੜਦੀ ਆ ਰਹੀ ਹੈ। ਸਰਕਾਰੀ ਕਾਲਜ, ਸਕੂਲ ਅਧਿਆਪਕਾਂ ਤੋਂ ਸੱਖਣੇ ਹੋ ਰਹੇ ਹਨ। ਪ੍ਰਾਈਵੇਟ ਅਧਿਆਪਕ ਰੱਖਕੇ ਕੰਮ ਚਲਾਇਆ ਜਾ ਰਿਹਾ ਹੈ, ਬੋਝ ਵਿਦਿਆਰਥੀਆਂ 'ਤੇ ਪਾਇਆ ਜਾ ਰਿਹਾ ਹੈ। ਪ੍ਰਾਈਵੇਟ ਵਿਦਿਅਕ ਸੰਸਥਾਵਾਂ ਮਨ-ਮਰਜ਼ੀ ਦੇ ਫੀਸਾਂ ਫੰਡ ਬਟੋਰ ਕੇ ਵਿਦਿਆਰਥੀਆਂ ਦੀ ਅੰਨੀ ਲੁੱਟ ਕਰ ਰਹੇ ਹਨ। ਨਿੱਤ ਨਵੇਂ ਵਪਾਰੀ-ਕਾਰੋਬਾਰੀ ਵਿਦਿਅਕ ਖੇਤਰ 'ਚ ਦਾਖ਼ਲ ਹੋ ਰਹੇ ਹਨ ਤੇ ਚੰਮ ਦੀਆਂ ਚਲਾ ਰਹੇ ਹਨ।
ਸ਼ੁਰੂ ਹੋ ਰਹੇ ਮੌਜੂਦਾ ਵਿਦਿਅਕ ਸੈਸ਼ਨ ਦੌਰਾਨ ਵੀ ਵਿਦਿਆਰਥੀ ਹਿੱਤਾਂ ਤੇ ਨਵੇਂ ਹੱਲੇ ਹੋਏ ਹਨ। ਐਸ.ਸੀ. ਵਿਦਿਆਰਥੀਆਂ ਨੂੰ ਮਿਲਦੀ ਫ਼ੀਸ ਮੁਆਫ਼ੀ ਰੱਦ ਕਰਕੇ ਪੂਰੀ ਫ਼ੀਸ ਉਗਰਾਹੁਣ ਦੇ ਫ਼ੁਰਮਾਨ ਆ ਗਏ ਹਨ ਅਤੇ ਕਾਲਜਾਂ ਨੇ ਫ਼ੀਸਾਂ ਉਗਰਾਹੁਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬੀ ਯੂਨੀਵਰਸਿਟੀ ਨੇ ਫ਼ੀਸਾਂ ਫੰਡਾਂ 'ਚ ਲਗਭਗ 1200 ਰੁ. ਦਾ ਵਾਧਾ ਕਰ ਦਿੱਤਾ ਹੈ। ਪੰਜਾਬ ਯੂਨੀਵਰਸਿਟੀ ਨੇ ਵੀ ਹਰ ਸਾਲ 10 ਫ਼ੀਸਦੀ ਵਾਧਾ ਕਰਨ ਦੀ ਨੀਤੀ ਜਾਰੀ ਰੱਖਦਿਆਂ ਫ਼ੀਸ ਵਧਾ ਦਿੱਤੀ ਹੈ। ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਨੂੰ ਦਿੱਤੀ ਜਾਂਦੀ 95 ਫ਼ੀਸਦੀ ਸਰਕਾਰੀ ਗਰਾਂਟ ਨੂੰ ਕੱਟ ਕੇ 80 ਫ਼ੀਸਦੀ ਤੱਕ ਲੈ ਆਂਦਾ ਹੈ ਤੇ ਹਰ ਸਾਲ 5 ਫ਼ੀਸਦੀ ਘਟਾਉਂਦੇ ਜਾਣ ਦਾ ਰਾਹ ਫੜਲਿਆ ਹੈ। ਇਨਾਂ ਤਾਜ਼ਾ ਫੈਸਲਿਆਂ ਦੀ ਵਿਦਿਆਰਥੀ ਵਰਗ ਤੇ ਵੱਡੀ ਮਾਰ ਪੈਣੀ ਹੈ। ਪਹਿਲਾਂ ਹੀ ਸਿੱਖਿਆ ਦੇ ਹੱਕ ਤੋਂ ਵਾਂਝੇ ਹੋ ਰਹੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਮਿਲਣਾ ਹੈ।
ਨਿਤ ਦਿਨ ਲਾਗੂ ਹੋ ਰਹੀਆਂ ਨੀਤੀਆਂ ਵਿਦਿਆਰਥੀ ਜਨਤਾ ਦੇ ਜਥੇਬੰਦ ਹੋਣ ਦੀ ਮੰਗ ਕਰਦੀਆਂ ਹਨ। ਵਿਦਿਆਰਥੀ ਜਨਤਾ ਦੇ ਜਥੇਬੰਦ ਹੋਣ ਦਾ ਮਹੱਤਵ ਪਹਿਲਾਂ ਨਾਲੋਂ ਵੀ ਵਧਦਾ ਜਾ ਰਿਹਾ ਹੈ। ਸਰਕਾਰ ਦੀਆਂ ਵਿਦਿਆਰਥੀ ਮਾਰੂ ਨੀਤੀਆਂ ਖਿਲਾਫ਼ ਸੰਘਰਸ ਕਰਨ ਲਈ ਅੱਜ ਸ਼ਹੀਦ ਰੰਧਾਵੇ ਦੀ ਅਗਵਾਈ ਹੇਠਲੀ ਵਿਦਿਆਰਥੀ ਜਥੇਬੰਦੀ ਵਰਗੀ ਜਥੇਬੰਦੀ ਉਸਾਰਨ ਦੀ ਲੋੜ ਹੈ।
ਭਾਵੇਂ ਅੱਜ ਤੋਂ 35 ਵਰੇ ਪਹਿਲਾਂ ਉਹਦੀ ਅਗਵਾਈ ਤੋਂ ਪੰਜਾਬ ਦੀ ਜਨਤਕ ਇਨਕਲਾਬੀ ਲਹਿਰ ਨੂੰ ਵਾਂਝੇ ਕੀਤਾ ਗਿਆ ਸੀ ਪਰ ਉਹਦੀਆਂ ਪਾਈਆਂ ਪੈੜਾਂ 'ਤੇ ਕਦਮ ਟਿਕਾ ਕੇ ਅੱਜ ਇਹ ਲਹਿਰ ਭਰ ਜਵਾਨ ਹੋਣ ਵੱਲ ਵਧ ਰਹੀ ਹੈ। ਸਾਡੇ ਸਾਹਮਣੇ ਅੱਜ ਹਨੇਰੇ ਰਾਹਾਂ 'ਚ ਭਟਕਦੀ ਜਵਾਨੀ ਨੂੰ ਚਾਨਣ ਦਿਖਾਉਣ ਦਾ ਵੱਡਾ ਕਾਰਜ ਹੈ। ਇਹਦੇ ਲਈ ਰੌਸ਼ਨੀ ਸਾਨੂੰ ਪ੍ਰਿਥੀਪਾਲ ਰੰਧਾਵਾ ਦੀ ਜਗਾਈ ਮਸ਼ਾਲ ਵੰਡਦੀ ਹੈ। ਇਸ ਮਸ਼ਾਲ ਦੀ ਰੌਸ਼ਨੀ 'ਚ ਹੀ ਅਸੀਂ ਮੁੜ ਪੰਜਾਬ ਅੰਦਰ ਇਨਕਲਾਬੀ ਵਿਦਿਆਰਥੀ ਲਹਿਰ ਦੀ ਉਸਾਰੀ ਲਈ ਕਦਮ ਪੁੱਟ ਸਕਦੇ ਹਾਂ। ਇਹ ਮਸ਼ਾਲ ਸਦਾ ਸਾਡੇ ਰਾਹਾਂ 'ਚ ਚਾਨਣ ਬਿਖੇਰਦੀ ਰਹੇਗੀ।  -੦-
ਮਿਤੀ – 15/07/14
ਪਾਵੇਲ ਕੁੱਸਾ (9417054015)

Monday 16 June 2014

ਨਸ਼ਿਆਂ ਖਿਲਾਫ਼ ਮੁਹਿੰਮ

ਨੌਜਵਾਨ ਭਾਰਤ ਸਭਾ ਵੱਲੋਂ ਨਸ਼ਿਆਂ ਖਿਲਾਫ਼ ਮੁਹਿੰਮ

 
ਟੀਚਰਜ਼ ਹੋਮ ਬਠਿੰਡਾ ਵਿਖੇ ਨੌਜਵਾਨ ਭਾਰਤ ਸਭਾ ਵੱਲੋਂ ਵਧਵੀਂ ਸੂਬਾ ਮੀਟਿੰਗ ਕੀਤੀ ਗਈ ਜਿਸ ਵਿੱਚ ਸ਼ਾਮਲ ਹੋਣ ਲਈ ਸੁਨਾਮ, ਬਠਿੰਡਾ, ਲੰਬੀ, ਨਿਹਾਲ ਸਿੰਘ ਵਾਲਾ, ਤੇ ਲੁਧਿਆਣਾ ਖੇਤਰ ਤੋਂ ਆਗੂ ਕਾਰਕੁੰਨ ਪਹੁੰਚੇ। ਜ਼ਿਕਰਯੋਗ ਹੈ ਕਿ ਨੌਜਵਾਨ ਭਾਰਤ ਸਭਾ ਵੱਲੋਂ ਪੰਜਾਬ ਅੰਦਰ ਫੈਲੀ ਨਸ਼ਿਆਂ ਦੀ ਮਹਾਂਮਾਰੀ ਖਿਲਾਫ਼ ਪ੍ਰਚਾਰ ਤੇ ਲਾਮਬੰਦੀ ਮੁਹਿੰਮ ਵਿੱਢੀ ਜਾ ਰਹੀ ਹੈ। ਅੱਜ ਦੀ ਮੀਟਿੰਗ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ' ਇਸ ਮੁਹਿੰਮ ਤਹਿਤ ਪਿੰਡਾਂ ਅੰਦਰ ਮੀਟਿੰਗਾਂ, ਰੈਲੀਆਂ ਤੇ ਹੋਰਨਾਂ ਸਾਧਨਾਂ ਰਾਹੀਂ ਨਸ਼ਿਆਂ ਖਿਲਾਫ਼ ਲਾਮਬੰਦੀ ਕੀਤੀ ਜਾਵੇਗੀ ਤੇ ਨਸ਼ਿਆਂ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੇ ਯਤਨ ਜੁਟਾਏ ਜਾਣਗੇ। ਮੀਟਿੰਗ ਨੂੰ ਜਥੇਬੰਦੀ ਦੇ ਸੂਬਾ ਜਥੇਬੰਦਕ ਸਕੱਤਰ ਪਵੇਲ ਕੁੱਸਾ ਨੇ ਮੁੱਖ ਬੁਲਾਰੇ ਦੇ ਤੌਰ 'ਤੇ ਸੰਬੋਧਨ ਕੀਤਾ। ਇਸ ਤੋਂ ਬਿਨਾਂ ਸੂਬਾ ਕਮੇਟੀ ਮੈਂਬਰ ਅਸ਼ਵਨੀ ਕੁਮਾਰ, ਰਵਿੰਦਰ ਹੈਪੀ ਤੇ ਸੁਮੀਤ ਨੇ ਵੀ ਆਪਣੀ ਗੱਲ ਸਾਂਝੀ ਕੀਤੀ। ਇਸ ਤੋਂ ਬਿਨਾਂ ਮੀਟਿੰਗ ਦੇ ਅੰਤ 'ਚ ਲਗਭਗ ਘੰਟਾ ਭਰ ਪੁਹੰਚੇ ਹੋਏ ਕਾਰਕੁੰਨਾਂ ਨੇ ਆਵਦੇ ਤਜ਼ਰਬੇ ਸਾਂਝੇ ਕੀਤੇ ਤੇ ਨਸ਼ਿਆਂ ਦੇ ਫੈਲਣ, ਪਸਰਨ ਤੇ ਨੌਜਵਾਨਾਂ ਦੇ ਇਸ ਵਿੱਚ ਗ਼ਲਤਾਨ ਹੋਣ ਬਾਰੇ ਵੱਖ ਵੱਖ ਪੱਖਾਂ 'ਤੇ ਚਾਨਣਾ ਪਾਇਆ।

ਮੀਟਿੰਗ ਦੇ ਅੰਤ 'ਚ ਸੱਦਾ ਦਿੱਤਾ ਗਿਆ ਕਿ ਨਸ਼ਿਆਂ ਤੋਂ ਖਹਿੜਾ ਛੁਡਾਉਣ ਲਈ ਸਭ ਤੋਂ ਪਹਿਲਾਂ ਇਸ ਬਿਮਾਰੀ ਦੇ ਅਸਲ ਦੋਸ਼ੀਆਂ ਜਾਣੀ ਕਿ ਸਿਆਸਤਦਾਨਾਂ-ਸਮੱਗਲਰਾਂ-ਪੁਲਸ ਅਧਿਕਾਰੀਆਂ ਦੇ ਗੱਠਜੋੜ ਵੱਲ ਨਿਸ਼ਾਨਾ ਸੇਧਣਾ ਹੋਵੇਗਾ। ਇਸ ਨੂੰ ਜਥੇਬੰਦ ਜਨਤਕ ਰੋਹ ਦੀ ਮਾਰ ਹੇਠ ਲਿਆ ਕੇ ਇਸਦੀਆਂ ਕਰਤੂਤਾਂ ਦੀ ਸਜ਼ਾ ਦੇਣੀ ਹੋਵੇਗੀ। ਦੂਜਾ, ਨੌਜਵਾਨਾਂ ਅੰਦਰ ਨਸ਼ਿਆਂ ਦੇ ਫੈਲਣ ਦਾ ਆਧਾਰ ਬਣਦੀਆਂ ਜੀਵਨ ਹਾਲਤਾਂ ਨੂੰ ਬਦਲਣਾ ਹੋਵੇਗਾ। ਸਭ ਨੂੰ ਰੁਜ਼ਗਾਰ ਦੇ ਮੌਕੇ, ਸਿੱਖਿਆ ਦੇ ਮੌਕੇ ਤੇ ਤਸੱਲੀਬਖਸ਼ ਉਜਰਤਾਂ ਦੇ ਕੇ ਨਿਰਾਸ਼ਾ, ਬੇਵੱਸੀ ਤੇ ਹਤਾਸ਼ਾ ਦੇ ਆਲਮ 'ਚੋਂ ਕੱਢਣਾ ਹੋਵੇਗਾ। ਸਿਹਤਮੰਦ ਤੇ ਉਸਾਰੂ ਸਮਾਜਿਕ ਸਭਿਆਚਾਰਕ ਮਾਹੌਲ ਮੁਹੱਈਆ ਕਰਨਾ ਹੋਵੇਗਾ। ਅਜਿਹਾ ਕਰਨ ਲਈ ਉਨਾਂ ਸੱਦਾ ਦਿੱਤਾ ਕਿ ਨੌਜਵਾਨਾਂ ਤੇ ਮਾਪਿਆਂ ਨੂੰ ਅੱਗੇ ਆਉਣਾ ਪਵੇਗਾ, ਜਥੇਬੰਦ ਹੋ ਕੇ ਸੰਘਰਸ਼ ਦੇ ਰਾਹ ਤੁਰਨਾ ਪਵੇਗਾ, ਠੋਸ ਕਾਰਵਾਈ ਵੀ ਕਰਨੀ ਪਵੇਗੀ ਅਤੇ ਮੰਗ ਉਠਾਉਣੀ ਪਵੇਗੀ  ਕਿ
-
ਅਜਿਹੇ ਕੁਕਰਮ ਕਰਨ ਵਾਲਿਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ।
-
ਸਰਕਾਰ ਵੱਲੋਂ ਸਿੱਧੇ/ਅਸਿੱਧੇ ਤੌਰ 'ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਰੱਦ ਕੀਤੀ ਜਾਵੇ।
-
ਨਸ਼ਿਆਂ ਦੇ ਧੰਦੇ 'ਚ ਸ਼ਾਮਲ ਮੰਤਰੀਆਂ, ਸਿਆਸਤਦਾਨਾਂ ਤੇ ਪੁਲਸ ਅਫ਼ਸਰਾਂ ਨੂੰ ਫੌਰੀ ਗ੍ਰਿਫਤਾਰ ਕੀਤਾ ਜਾਵੇ।
-
ਸ਼ਰਾਬ ਦੇ ਠੇਕਿਆਂ, ਕਾਰਖਾਨਿਆਂ ਤੇ ਬੋਤਲਾਂ ਦੀ ਗਿਣਤੀ ਵਧਾਉਣ ਦੀ ਨੀਤੀ ਰੱਦ ਕੀਤੀ ਜਾਵੇ।
-
ਬੇਕਸੂਰ ਨਸ਼ਾ ਪੀੜਤ ਨੌਜਵਾਨਾਂ ਨਾਲ ਅਪਰਾਧੀਆਂ ਵਾਲਾ ਸਲੂਕ ਬੰਦ ਹੋਵੇ। ਉਨਾਂ ਨਾਲ ਮਰੀਜ਼ਾਂ ਵਾਲਾ ਵਰਤਾਓ ਹੋਵੇ। ਉਨਾਂ ਨੂੰ ਢੁਕਵੀਂ ਡਾਕਟਰੀ ਸਹਾਇਤਾ, ਸਹੀ ਸੇਧ ਤੇ ਸਿਹਤਮੰਦ ਮਾਹੌਲ ਮੁਹੱਈਆ ਕਰਵਾਇਆ ਜਾਵੇ।
ਵੱਲੋਂ ਸੂਬਾ ਜਥੇਬੰਦਕ ਸਕੱਤਰ,
ਪਾਵੇਲ ਕੁੱਸਾ (94170-54015)
ਨੌਜਵਾਨ ਭਾਰਤ ਸਭਾ।
  
ਜਾਰੀ ਕੀਤਾ ਗਿਆ ਲੀਫ਼ਲੈੱਟ