Monday, 16 June 2014

ਨਸ਼ਿਆਂ ਖਿਲਾਫ਼ ਮੁਹਿੰਮ

ਨੌਜਵਾਨ ਭਾਰਤ ਸਭਾ ਵੱਲੋਂ ਨਸ਼ਿਆਂ ਖਿਲਾਫ਼ ਮੁਹਿੰਮ

 
ਟੀਚਰਜ਼ ਹੋਮ ਬਠਿੰਡਾ ਵਿਖੇ ਨੌਜਵਾਨ ਭਾਰਤ ਸਭਾ ਵੱਲੋਂ ਵਧਵੀਂ ਸੂਬਾ ਮੀਟਿੰਗ ਕੀਤੀ ਗਈ ਜਿਸ ਵਿੱਚ ਸ਼ਾਮਲ ਹੋਣ ਲਈ ਸੁਨਾਮ, ਬਠਿੰਡਾ, ਲੰਬੀ, ਨਿਹਾਲ ਸਿੰਘ ਵਾਲਾ, ਤੇ ਲੁਧਿਆਣਾ ਖੇਤਰ ਤੋਂ ਆਗੂ ਕਾਰਕੁੰਨ ਪਹੁੰਚੇ। ਜ਼ਿਕਰਯੋਗ ਹੈ ਕਿ ਨੌਜਵਾਨ ਭਾਰਤ ਸਭਾ ਵੱਲੋਂ ਪੰਜਾਬ ਅੰਦਰ ਫੈਲੀ ਨਸ਼ਿਆਂ ਦੀ ਮਹਾਂਮਾਰੀ ਖਿਲਾਫ਼ ਪ੍ਰਚਾਰ ਤੇ ਲਾਮਬੰਦੀ ਮੁਹਿੰਮ ਵਿੱਢੀ ਜਾ ਰਹੀ ਹੈ। ਅੱਜ ਦੀ ਮੀਟਿੰਗ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ' ਇਸ ਮੁਹਿੰਮ ਤਹਿਤ ਪਿੰਡਾਂ ਅੰਦਰ ਮੀਟਿੰਗਾਂ, ਰੈਲੀਆਂ ਤੇ ਹੋਰਨਾਂ ਸਾਧਨਾਂ ਰਾਹੀਂ ਨਸ਼ਿਆਂ ਖਿਲਾਫ਼ ਲਾਮਬੰਦੀ ਕੀਤੀ ਜਾਵੇਗੀ ਤੇ ਨਸ਼ਿਆਂ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੇ ਯਤਨ ਜੁਟਾਏ ਜਾਣਗੇ। ਮੀਟਿੰਗ ਨੂੰ ਜਥੇਬੰਦੀ ਦੇ ਸੂਬਾ ਜਥੇਬੰਦਕ ਸਕੱਤਰ ਪਵੇਲ ਕੁੱਸਾ ਨੇ ਮੁੱਖ ਬੁਲਾਰੇ ਦੇ ਤੌਰ 'ਤੇ ਸੰਬੋਧਨ ਕੀਤਾ। ਇਸ ਤੋਂ ਬਿਨਾਂ ਸੂਬਾ ਕਮੇਟੀ ਮੈਂਬਰ ਅਸ਼ਵਨੀ ਕੁਮਾਰ, ਰਵਿੰਦਰ ਹੈਪੀ ਤੇ ਸੁਮੀਤ ਨੇ ਵੀ ਆਪਣੀ ਗੱਲ ਸਾਂਝੀ ਕੀਤੀ। ਇਸ ਤੋਂ ਬਿਨਾਂ ਮੀਟਿੰਗ ਦੇ ਅੰਤ 'ਚ ਲਗਭਗ ਘੰਟਾ ਭਰ ਪੁਹੰਚੇ ਹੋਏ ਕਾਰਕੁੰਨਾਂ ਨੇ ਆਵਦੇ ਤਜ਼ਰਬੇ ਸਾਂਝੇ ਕੀਤੇ ਤੇ ਨਸ਼ਿਆਂ ਦੇ ਫੈਲਣ, ਪਸਰਨ ਤੇ ਨੌਜਵਾਨਾਂ ਦੇ ਇਸ ਵਿੱਚ ਗ਼ਲਤਾਨ ਹੋਣ ਬਾਰੇ ਵੱਖ ਵੱਖ ਪੱਖਾਂ 'ਤੇ ਚਾਨਣਾ ਪਾਇਆ।

ਮੀਟਿੰਗ ਦੇ ਅੰਤ 'ਚ ਸੱਦਾ ਦਿੱਤਾ ਗਿਆ ਕਿ ਨਸ਼ਿਆਂ ਤੋਂ ਖਹਿੜਾ ਛੁਡਾਉਣ ਲਈ ਸਭ ਤੋਂ ਪਹਿਲਾਂ ਇਸ ਬਿਮਾਰੀ ਦੇ ਅਸਲ ਦੋਸ਼ੀਆਂ ਜਾਣੀ ਕਿ ਸਿਆਸਤਦਾਨਾਂ-ਸਮੱਗਲਰਾਂ-ਪੁਲਸ ਅਧਿਕਾਰੀਆਂ ਦੇ ਗੱਠਜੋੜ ਵੱਲ ਨਿਸ਼ਾਨਾ ਸੇਧਣਾ ਹੋਵੇਗਾ। ਇਸ ਨੂੰ ਜਥੇਬੰਦ ਜਨਤਕ ਰੋਹ ਦੀ ਮਾਰ ਹੇਠ ਲਿਆ ਕੇ ਇਸਦੀਆਂ ਕਰਤੂਤਾਂ ਦੀ ਸਜ਼ਾ ਦੇਣੀ ਹੋਵੇਗੀ। ਦੂਜਾ, ਨੌਜਵਾਨਾਂ ਅੰਦਰ ਨਸ਼ਿਆਂ ਦੇ ਫੈਲਣ ਦਾ ਆਧਾਰ ਬਣਦੀਆਂ ਜੀਵਨ ਹਾਲਤਾਂ ਨੂੰ ਬਦਲਣਾ ਹੋਵੇਗਾ। ਸਭ ਨੂੰ ਰੁਜ਼ਗਾਰ ਦੇ ਮੌਕੇ, ਸਿੱਖਿਆ ਦੇ ਮੌਕੇ ਤੇ ਤਸੱਲੀਬਖਸ਼ ਉਜਰਤਾਂ ਦੇ ਕੇ ਨਿਰਾਸ਼ਾ, ਬੇਵੱਸੀ ਤੇ ਹਤਾਸ਼ਾ ਦੇ ਆਲਮ 'ਚੋਂ ਕੱਢਣਾ ਹੋਵੇਗਾ। ਸਿਹਤਮੰਦ ਤੇ ਉਸਾਰੂ ਸਮਾਜਿਕ ਸਭਿਆਚਾਰਕ ਮਾਹੌਲ ਮੁਹੱਈਆ ਕਰਨਾ ਹੋਵੇਗਾ। ਅਜਿਹਾ ਕਰਨ ਲਈ ਉਨਾਂ ਸੱਦਾ ਦਿੱਤਾ ਕਿ ਨੌਜਵਾਨਾਂ ਤੇ ਮਾਪਿਆਂ ਨੂੰ ਅੱਗੇ ਆਉਣਾ ਪਵੇਗਾ, ਜਥੇਬੰਦ ਹੋ ਕੇ ਸੰਘਰਸ਼ ਦੇ ਰਾਹ ਤੁਰਨਾ ਪਵੇਗਾ, ਠੋਸ ਕਾਰਵਾਈ ਵੀ ਕਰਨੀ ਪਵੇਗੀ ਅਤੇ ਮੰਗ ਉਠਾਉਣੀ ਪਵੇਗੀ  ਕਿ
-
ਅਜਿਹੇ ਕੁਕਰਮ ਕਰਨ ਵਾਲਿਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ।
-
ਸਰਕਾਰ ਵੱਲੋਂ ਸਿੱਧੇ/ਅਸਿੱਧੇ ਤੌਰ 'ਤੇ ਨਸ਼ਿਆਂ ਨੂੰ ਉਤਸ਼ਾਹਿਤ ਕਰਨ ਦੀ ਨੀਤੀ ਰੱਦ ਕੀਤੀ ਜਾਵੇ।
-
ਨਸ਼ਿਆਂ ਦੇ ਧੰਦੇ 'ਚ ਸ਼ਾਮਲ ਮੰਤਰੀਆਂ, ਸਿਆਸਤਦਾਨਾਂ ਤੇ ਪੁਲਸ ਅਫ਼ਸਰਾਂ ਨੂੰ ਫੌਰੀ ਗ੍ਰਿਫਤਾਰ ਕੀਤਾ ਜਾਵੇ।
-
ਸ਼ਰਾਬ ਦੇ ਠੇਕਿਆਂ, ਕਾਰਖਾਨਿਆਂ ਤੇ ਬੋਤਲਾਂ ਦੀ ਗਿਣਤੀ ਵਧਾਉਣ ਦੀ ਨੀਤੀ ਰੱਦ ਕੀਤੀ ਜਾਵੇ।
-
ਬੇਕਸੂਰ ਨਸ਼ਾ ਪੀੜਤ ਨੌਜਵਾਨਾਂ ਨਾਲ ਅਪਰਾਧੀਆਂ ਵਾਲਾ ਸਲੂਕ ਬੰਦ ਹੋਵੇ। ਉਨਾਂ ਨਾਲ ਮਰੀਜ਼ਾਂ ਵਾਲਾ ਵਰਤਾਓ ਹੋਵੇ। ਉਨਾਂ ਨੂੰ ਢੁਕਵੀਂ ਡਾਕਟਰੀ ਸਹਾਇਤਾ, ਸਹੀ ਸੇਧ ਤੇ ਸਿਹਤਮੰਦ ਮਾਹੌਲ ਮੁਹੱਈਆ ਕਰਵਾਇਆ ਜਾਵੇ।
ਵੱਲੋਂ ਸੂਬਾ ਜਥੇਬੰਦਕ ਸਕੱਤਰ,
ਪਾਵੇਲ ਕੁੱਸਾ (94170-54015)
ਨੌਜਵਾਨ ਭਾਰਤ ਸਭਾ।
  
ਜਾਰੀ ਕੀਤਾ ਗਿਆ ਲੀਫ਼ਲੈੱਟ