ਸਾਮਰਾਜੀ
ਦਾਬੇ ਨੂੰ ਕੌਮੀ ਵੰਗਾਰ ਦਾ ਚਿੰਨ : ਸ਼ਹੀਦ ਊਧਮ ਸਿੰਘ
ਬਰਤਾਨਵੀ
ਸਾਮਰਾਜ ਦੀ ਲੁੱਟ ਤੇ ਦਾਬੇ ਤੋਂ ਮੁਕਤੀ ਲਈ ਸਾਡੀ ਕੌਮ ਦੀ ਜਦੋਜਹਿਦ 'ਚ ਮੁਲਕ ਦੇ ਨੌਜਵਾਨਾਂ ਦਾ ਮੋਹਰੀ
ਰੋਲ ਰਿਹਾ ਹੈ। ਮੁਲਕ ਦੀ ਜਵਾਨੀ ਨੇ ਜ਼ਾਲਮ ਅੰਗਰੇਜ਼ੀ ਸਾਮਰਾਜ ਦੇ ਜ਼ੁਲਮਾਂ ਦੀ ਪੀੜ ਸਹਿ ਰਹੀ ਮੁਲਕ
ਦੀ ਲੋਕਾਈ ਨੂੰ ਝੰਜੋੜ ਕੇ ਜਗਾਉਣ ਲਈ ਆਪਣੀਆਂ ਜ਼ਿੰਦਗੀਆਂ ਵਾਰੀਆਂ। ਕੌਮੀ ਮੁਕਤੀ ਲਹਿਰ 'ਚ ਨੌਜਵਾਨ
ਭਾਰਤ ਸਭਾ ਦੇ ਝੰਡੇ ਹੇਠ ਇਕੱਠੇ ਹੋ ਕੇ ਜੂਝਦੇ ਨੌਜਵਾਨਾਂ ਦੀਆਂ ਕੁਰਬਾਨੀਆਂ ਦੀ ਲੰਮੀ ਗਾਥਾ ਹੈ।
ਇਹਨਾਂ 'ਚ ਸ਼ਹੀਦ ਊਧਮ ਸਿੰਘ ਉਭਰਵਾਂ ਨਾਮ ਹੈ।
ਸ਼ਹੀਦ ਊਧਮ ਸਿੰਘ ਦਾ ਜੀਵਨ ਜਲਿਆਂਵਾਲੇ ਬਾਗ ਦੇ ਕਤਲੇਆਮ ਦੇ ਦੋਸ਼ੀ ਮਾਈਕਲ ਉਡਵਾਇਰ ਨੂੰ ਚਿੱਤ
ਕਰਕੇ, ਨਿਰਦੋਸ਼ ਲੋਕਾਂ ਦੇ ਕਤਲਾਂ ਤੇ ਕੌਮ ਦੇ ਅਪਮਾਨ ਦਾ ਬਦਲਾ ਲੈਣ ਤੱਕ ਹੀ ਸੀਮਤ ਨਹੀਂ ਹੈ ਸਗੋਂ
ਉਹਦੀ ਪੂਰੀ ਜੀਵਨ ਸਰਗਰਮੀ ਤੇ ਇਨਕਲਾਬੀ ਵਿਚਾਰ ਅਜਿਹੀ ਰੌਸ਼ਨੀ ਵੰਡਦੇ ਹਨ ਜਿੰਨਾਂ ਤੋਂ ਅੱਜ ਦੀ ਨੌਜਵਾਨ
ਪੀੜੀ ਨੂੰ ਆਪਣੀ ਬਣਦੀ ਇਨਕਲਾਬੀ ਭੂਮਿਕਾ ਨਿਭਾਉਣ ਦੀ ਪ੍ਰੇਰਨਾ ਮਿਲਦੀ ਹੈ।
ਊਧਮ ਸਿੰਘ ਦਾ ਜਨਮ ਸੁਨਾਮ ਦੇ ਇਕ ਗਰੀਬ ਪਰਿਵਾਰ 'ਚ 26 ਦਸੰਬਰ 1899 ਨੂੰ ਹੋਇਆ। ਊਧਮ ਸਿੰਘ
ਦੋ ਵਰਿਆਂ ਦਾ ਸੀ ਜਦੋਂ ਉਹਦੀ ਮਾਂ ਗੁਜ਼ਰ ਗਈ। ਥੋੜੀ ਜਿਹੀ ਜ਼ਮੀਨ ਤੇ ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ
ਸੀ। ਕੰਮ ਦੀ ਭਾਲ 'ਚ ਉਹਦਾ ਬਾਪ ਆਪਣੇ ਦੋਨਾਂ ਲੜਕਿਆਂ ਵੱਡੇ ਸਾਧੂ ਸਿੰਘ ਤੇ ਛੋਟੇ ਊਧਮ ਸਿੰਘ ਨਾਲ
ਅੰਮ੍ਰਿਤਸਰ ਆ ਗਿਆ। ਏਥੇ ਆਉਣ ਸਾਰ ਹੀ ਬਿਮਾਰ ਪੈ ਗਿਆ ਤੇ ਗੁਜ਼ਰ ਗਿਆ। ਸੱਤ ਤੇ ਪੰਜ ਸਾਲ ਦੀ ਉਮਰ
ਦੇ ਦੋਨੋਂ ਭਰਾ ਯਤੀਮ ਹੋ ਗਏ। ਕੁਝ ਸਮਾਂ ਟੱਪਰੀਵਾਸਾਂ ਕੋਲ ਰਹੇ, ਫਿਰ ਕਿਸੇ ਨੇ ਯਤੀਮਖਾਨੇ ਭਰਤੀ
ਕਰਵਾ ਦਿੱਤੇ। ਇਥੇ ਹੀ ਉਹਨਾਂ ਮੁੱਢਲੀ ਵਿੱਦਿਆ ਹਾਸਲ ਕੀਤੀ। ਕੁਝ ਸਮੇਂ ਬਾਅਦ ਵੱਡਾ ਭਰਾ ਸਾਧੂ ਸਿੰਘ
ਵੀ ਗੁਜ਼ਰ ਗਿਆ। ਮੌਤ ਦੇ ਇਹਨਾਂ ਝਟਕਿਆਂ 'ਚੋਂ ਗੁਜ਼ਰਦੇ ਊਧਮ ਸਿੰਘ ਦੇ ਸਖ਼ਤ ਘਾਲਣਾ ਭਰੇ ਬਚਪਨ ਨੇ ਹੀ
ਉਹਨੂੰ ਜ਼ਿੰਦਗੀ ਦੇ ਅਰਥਾਂ ਨੂੰ ਜਾਨਣ ਸਮਝਣ ਦੇ ਰਾਹ ਤੋਰਿਆ। ਉਹਦੀ ਬਚਪਨ ਦੀ ਅਜਿਹੀ ਹਾਲ਼ਤ ਨੇ ਉਹਨੂੰ
ਬੇਹੱਦ ਮੁਸ਼ਕਿਲ ਸਮਿਆਂ 'ਚ ਨਿਭਣਯੋਗ ਬਣਾਇਆ।
13 ਅਪ੍ਰੈਲ 1919 ਨੂੰ ਜਦੋਂ ਲੋਕ ਜਲਿਆਂਵਾਲੇ ਬਾਗ 'ਚ ਇਕੱਠੇ ਹੋਏ ਤਾਂ ਇਹ ਉਹ ਸਮਾਂ ਸੀ
ਜਦੋਂ ਅੰਗਰੇਜ਼ਾਂ ਵੱਲੋਂ ਬਣਾਏ ਕਾਲ਼ੇ ਕਾਨੂੰਨ ਰੋਲਟ ਐਕਟ ਖਿਲਾਫ਼ ਵਿਰੋਧ ਲਹਿਰ ਚੱਲ ਰਹੀ ਸੀ, ਲੋਕ ਥਾਂ-ਥਾਂ
ਸੜਕਾਂ ਤੇ ਨਿਕਲ ਰਹੇ ਸਨ। ਅੰਗਰੇਜ਼ਾਂ ਦੇ ਜ਼ੁਲਮਾਂ ਦੀ ਹਨੇਰੀ ਝੁੱਲ ਰਹੀ ਸੀ। ਅੰਗਰੇਜ਼ਾਂ ਦੀਆਂ ਚਾਲਾਂ
ਨੂੰ ਫੇਲ ਕਰਦਿਆਂ ਲੋਕਾਂ 'ਚ ਫਿਰਕੂ ਸਦਭਾਵਨਾ ਤੇ ਏਕਤਾ ਦਾ ਪਸਾਰਾ ਹੋ ਰਿਹਾ ਸੀ ਤੇ ਅੰਗਰੇਜ਼ ਹਾਕਮਾਂ
ਖਿਲਾਫ਼ ਨਫ਼ਰਤ ਤਿੱਖੀ ਹੋ ਰਹੀ ਸੀ। ਵੱਖ-2 ਫਿਰਕਿਆਂ ਦੇ ਲੋਕਾਂ ਨੇ ਵਿਸਾਖੀ ਮੌਕੇ ਰਲ਼ ਕੇ ਛਬੀਲਾਂ ਲਾਈਆਂ
ਸਨ। ਜਲਿਆਂਵਾਲੇ ਬਾਗ 'ਚ ਹੋ ਰਹੇ ਜਲਸੇ 'ਤੇ ਜਦੋਂ ਜਨਰਲ ਡਾਇਰ ਨੇ ਆ ਕੇ ਗੋਲ਼ੀਆਂ ਦੀ ਵਾਛੜ ਕੀਤੀ
ਤਾਂ ਉਦੋਂ ਊਧਮ ਸਿੰਘ ਅਜਿਹੀ ਹੀ ਛਬੀਲ ਤੇ ਸੇਵਾ ਕਰ ਰਿਹਾ ਸੀ। ਇਸ ਖੂਨੀ ਕਾਂਡ ਨੂੰ ਉਹਨੇ ਅੱਖੀਂ
ਤੱਕਿਆ। ਬਾਗ ਦਾ ਇਕੋ ਇੱਕ ਰਸਤਾ ਸਿਪਾਹੀਆਂ ਨੇ ਰੋਕ ਲਿਆ ਤੇ ਨਿਹੱਥੇ ਲੋਕਾਂ ਨੂੰ ਦਾਣਿਆਂ ਵਾਂਗ ਭੁੰਨ
ਸੁੱਟਿਆ। ਬਾਗ ਦਾ ਖੂਹ ਲਾਸ਼ਾਂ ਨਾਲ ਭਰ ਗਿਆ। ਸੈਕੜੇਂ ਲੋਕ ਮਾਰੇ ਗਏ। ਇਸ ਖੂਨੀ ਕਾਂਡ ਖਿਲਾਫ਼ ਪੂਰੇ
ਮੁਲਕ 'ਚ ਹੀ ਜ਼ੋਰਦਾਰ ਲਹਿਰ ਉੱਠੀ। ਇਹਨੇ ਅਨੇਕਾਂ ਹੋਰਨਾਂ ਨੌਜਵਾਨਾਂ ਵਾਂਗ ਊਧਮ ਸਿੰਘ ਦੀ ਜ਼ਿੰਦਗੀ
ਦੇ ਅਰਥ ਵੀ ਬਦਲ ਦਿੱਤੇ ਤੇ ਉਹਨੇ ਲੋਕਾਂ ਦੇ ਖੂਨ ਨਾਲ ਲਿਬੜਿਆ ਮੁਲਕ ਦੀ ਆਜ਼ਾਦੀ ਦਾ ਝੰਡਾ ਆਪਣੇ ਹਾਣੀਆਂ
ਨਾਲ ਰਲ਼ਕੇ ਹੋਰ ਉੱਚਾ ਚੁੱਕਣ ਦਾ ਅਹਿਦ ਕੀਤਾ ਤੇ ਉਹ ਆਜ਼ਾਦੀ ਦਾ ਪਰਵਾਨਾ ਬਣ ਗਿਆ। ਆਪਣੀ ਕੌਮ ਦੇ ਅਪਮਾਨ
ਦੇ ਬਦਲੇ ਦੀ ਅੱਗ ਉਹਦੇ ਸੀਨੇ 'ਚ ਬਲ਼ਣ ਲੱਗੀ।
ਊਧਮ ਸਿੰਘ ਨੇ ਯਤੀਮਖਾਨੇ 'ਚ ਹੀ ਤਰਖਾਣਾ, ਲੁਹਾਰਾ ਤੇ ਪੇਂਟਿੰਗ ਦੇ ਕੰਮ ਸਿੱਖ ਲਏ ਸਨ ਪਰ
ਉਹਨੇ ਜ਼ਿੰਦਗੀ ਦਾ ਮਕਸਦ ਸਿਰਫ਼ ਰੁਜ਼ਗਾਰ 'ਤੇ ਲੱਗ ਕੇ ਪੇਟ ਪਾਲਣ ਤੱਕ ਸੀਮਤ ਨਾ ਕੀਤਾ ਸਗੋਂ ਇਕ ਨੌਜਵਾਨ
ਵਜੋਂ ਆਪਣੇ ਵਡੇਰੇ ਸਮਾਜਿਕ ਫਰਜ਼ਾਂ ਦੀ ਪਹਿਚਾਣ ਵੀ ਕੀਤੀ। ਕੌਮ ਦੀਆਂ ਪੀੜਾਂ ਨੂੰ ਉਹਨੇ ਗਹਿਰੀ ਤਰਾਂ
ਮਹਿਸੂਸ ਕੀਤਾ। ਉਹਦਾ ਨਿਸ਼ਾਨਾ ਸਿਰਫ਼ ਜਲਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲੈਣ ਤੱਕ ਹੀ ਸੀਮਤ ਨਾ ਰਿਹਾ
ਸਗੋਂ ਉਹ ਵਤਨ ਦੀ ਆਜ਼ਾਦੀ ਲਈ ਅਤੇ ਲੁੱਟ, ਜਬਰ ਤੇ ਵਿਤਕਰਿਆਂ ਦਾ ਖਾਤਮਾ ਕਰਕੇ ਖੁਸ਼ਹਾਲ ਸਮਾਜ ਸਿਰਜਣ
ਲਈ ਜਦੋਜਹਿਦ ਕਰਨ ਦੇ ਵਿਚਾਰਾਂ ਦਾ ਵੀ ਧਾਰਨੀ ਬਣਿਆ। ਉਹਨੇ ਦੇਸ਼ ਦੀ ਜਨਤਾ ਦੀ ਤਕਦੀਰ ਬਦਲਣ ਲਈ ਚੱਲਦੀ
ਜਦੋਜਹਿਦ ਨਾਲ ਆਪਣੇ ਆਪ ਨੂੰ ਜੋੜਿਆ। 1923 'ਚ 1857 ਦੇ ਗ਼ਦਰ ਦੀ ਬਰਸੀ ਮੌਕੇ ਬੋਲਦਿਆਂ ਊਧਮ ਸਿੰਘ
ਨੇ ਕਿਹਾ :
''ਹਿੰਦੋਸਤਾਨ ਦੀ ਆਜ਼ਾਦੀ ਦੀ ਜੰਗ ਦੇ ਉਹਨਾਂ
ਬਹਾਦਰ ਸ਼ਹੀਦਾਂ ਨੂੰ ਮੈਂ ਸ਼ਰਧਾਂਜਲੀ ਭੇਂਟ ਕਰਦਾ ਹਾਂ ਜਿਹਨਾਂ ਨੇ ਆਪਣਾ ਖੂਨ ਦੇ ਕੇ ਆਜ਼ਾਦੀ ਦੇ ਝੰਡੇ
ਨੂੰ ਉੱਚਿਆਂ ਕੀਤਾ ਹੈ। ਉਹਨਾਂ ਦੇ ਆਜ਼ਾਦ ਆਦਰਸ਼ ਨੂੰ ਅਪਣਾਉਂਦੇ ਹੋਏ ਅਸੀਂ ਹਕੂਮਤ ਦੇ ਹਰ ਵਾਰ ਤੇ
ਕਹਿਰ ਨੂੰ ਛਾਤੀਆਂ ਤੇ ਝੱਲਾਂਗੇ। ਅੰਗਰੇਜ਼ ਸਾਮਰਾਜ ਨਾਲ ਸਾਡਾ ਸਮਝੌਤਾ ਅਸੰਭਵ ਹੈ। ਉਸ ਵਿਰੁੱਧ ਸਾਡੀ
ਜੰਗ ਦਾ ਉਸ ਵੇਲੇ ਅੰਤ ਹੋਏਗਾ ਜਦ ਸਾਡੀ ਜਿੱਤ ਦਾ ਕੌਮੀ ਝੰਡਾ ਭਾਰਤ ਵਿਚ ਬ੍ਰਿਟਿਸ਼ ਸਾਮਰਾਜ ਦੀ ਕਬਰ
ਤੇ ਝੂਲੇਗਾ।''
ਜਦੋਂ ਬਾਹਰੋਂ ਵਾਪਸ ਪਰਤਣ ਮੌਕੇ ਉਹ ਅੰਮ੍ਰਿਤਸਰ ਤੋਂ ਫੜਿਆ ਗਿਆ ਤਾਂ ਉਹਦੇ ਕੋਲੋਂ ਜਿੱਥੇ
ਹਥਿਆਰ ਬਰਾਮਦ ਹੋਏ ਉਥੇ ਵੇਲ਼ੇ ਦਾ ਇਨਕਲਾਬੀ ਸਾਹਿਤ ਵੀ ਮਿਲਿਆ ਜੀਹਦੇ 'ਚ ਰੂਸੀ ਗ਼ਦਰ ਗਿਆਨ ਸਮਾਚਾਰ,
ਗ਼ਦਰ ਦੀ ਗੂੰਜ, ਡਾਇਰੀ, ਗੁਲਾਮੀ ਦੀ ਜ਼ਹਿਰ, ਗ਼ਦਰ ਦੀ ਧਰਤੀ ਆਦਿ ਕਿਤਾਬਾਂ ਸ਼ਾਮਲ ਸਨ।
ਉਹ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਵੱਲੋਂ ਜਥੇਬੰਦ ਕੀਤੀ ਨੌਜਵਾਨ ਭਾਰਤ ਸਭਾ ਦੇ ਸੰਪਰਕ 'ਚ
ਵੀ ਰਿਹਾ। ਭਗਤ ਸਿੰਘ ਨਾਲ ਉਹਦੀ ਦੋਸਤੀ ਪਈ। ਵਤਨੋਂ ਦੂਰ ਉਹ ਗ਼ਦਰੀ ਬਾਬਿਆਂ ਦੇ ਸੰਪਰਕ 'ਚ ਰਿਹਾ,
ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨਾਲ ਵੀ ਉਹਦੀ ਮੁਲਾਕਾਤ ਦਾ ਜ਼ਿਕਰ ਮਿਲਦਾ ਹੈ। ਉਹ ਨੌਜਵਾਨ ਭਾਰਤ
ਸਭਾ ਦੀਆਂ ਮੀਟਿੰਗਾਂ ਤੇ ਇਕੱਠਾਂ 'ਚ ਸ਼ਾਮਲ ਹੁੰਦਾ ਰਿਹਾ। 1925 'ਚ ਨੌਜਵਾਨ ਭਾਰਤ ਸਭਾ ਦੀ ਕਾਨਫਰੰਸ
'ਚ ਬੋਲਦਿਆਂ ਉਹਨੇ ਕਿਹਾ :
''ਆਜ਼ਾਦੀ ਦੀ ਬੁਨਿਆਦ ਇਨਕਲਾਬ ਹੈ। ਗੁਲਾਮੀ
ਦੇ ਵਿਰੁੱਧ ਇਨਕਲਾਬ, ਮਨੁੱਖ ਦਾ ਧਰਮ ਹੈ। ਇਹ ਮਨੁੱਖ ਦੀ ਮਨੁੱਖਤਾ ਦਾ ਆਦਰਸ਼ ਹੈ। ਜਿਹੜੀ ਕੌਮ
ਅਧੀਨਗੀ ਕਬੂਲ ਕਰਕੇ ਸਿਰ ਨਿਵਾ ਦਿੰਦੀ ਹੈ ਉਹ ਮੌਤ ਨੂੰ ਪ੍ਰਵਾਨ ਕਰਦੀ ਹੈ ਕਿਉਂਕਿ ਆਜ਼ਾਦੀ ਜੀਵਨ ਤੇ
ਗੁਲਾਮੀ ਮੌਤ ਹੈ। ਆਜ਼ਾਦੀ ਸਾਡਾ ਜਮਾਂਦਰੂ ਹੱਕ ਹੈ। ਅਸੀਂ ਇਹਨੂੰ ਪ੍ਰਾਪਤ ਕਰਕੇ ਹੀ ਰਹਾਂਗੇ। ਅਸੀਂ
ਇਨਕਲਾਬ ਦੇ ਦਰ 'ਤੇ ਆਪਣੀ ਜਵਾਨੀ ਦੀਆਂ ਬਹਾਰਾਂ ਵਾਰਨ ਲਈ ਤਤਪਰ ਹੋ ਗਏ ਹਾਂ ਇਸ ਮਹਾਨ ਆਦਰਸ਼ ਦੀ ਭੇਂਟ
ਆਪਣੀ ਜਵਾਨੀ ਤੋਂ ਘੱਟ ਹੋਰ ਹੋ ਵੀ ਕੀ ਸਕਦਾ ਹੈ।''
ਇਨਕਲਾਬ ਦੇ ਸੰਕਲਪ ਬਾਰੇ ਉਹਦੇ ਵਿਚਾਰਾਂ 'ਚ ਪਰਪੱਕਤਾ ਆਉਂਦੀ
ਗਈ। ਇਹਦਾ ਇੱਕ ਪ੍ਰਮਾਣ ਨੌਜਵਾਨ ਭਾਰਤ ਸਭਾ ਦੀ ਕਾਨਫਰੰਸ 'ਚ ਪੇਸ਼ ਕੀਤੇ ਉਹਦੇ ਵਿਚਾਰਾਂ ਤੋਂ ਮਿਲਦਾ
ਹੈ :
''ਇਨਕਲਾਬ ਦੇ ਅਰਥ ਹਨ ਵਿਦੇਸ਼ੀ ਖੂਨੀ ਜਬਾੜਿਆਂ
ਤੋਂ ਛੁਟਕਾਰਾ। ਲੁੱਟ-ਖਸੁੱਟ ਦੇ ਉਸ ਨਿਜ਼ਾਮ ਦਾ ਅੰਤ ਜੋ ਅਮੀਰ ਨੂੰ ਹੋਰ ਅਮੀਰ ਬਣਾਉਣ ਤੇ ਗਰੀਬ ਨੂੰ
ਕੰਗਾਲੀ ਦੇ ਪੁੜਾਂ 'ਚ ਪੀਸੇ ਜਾਣ ਲਈ ਮਜ਼ਬੂਰ ਕਰਦਾ ਹੈ। ਸਾਮਰਾਜੀ ਨਿਜ਼ਾਮ ਕਾਰਨ ਲੱਖੂਖਾਂ ਕਿਰਤੀ,
ਹਿੰਦੋਸਤਾਨੀ ਕੁੱਲੀ, ਗੁੱਲੀ, ਜੁੱਲੀ ਵਿੱਦਿਆ ਅਤੇ ਇਲਾਜ ਤੱਕ ਦੀਆਂ ਬੁਨਿਆਦੀ ਲੋੜਾਂ ਦੇ ਮੁਹਤਾਜ
ਹਨ। ਕਿਹੜਾ ਐਸਾ ਪੱਥਰ ਦਿਲ ਮਨੁੱਖ ਹੈ ਕਿਰਤੀਆਂ ਕਿਸਾਨਾਂ ਦੀ ਬੇਵਸੀ ਤੇ ਲਾਚਾਰੀ ਨੂੰ ਵੇਖ ਕੇ ਜਿਸ
ਦਾ ਖੂਨ ਉੱਬਲ ਨਹੀਂ ਪੈਂਦਾ। ਕਹਿਰ ਹੈ ਯਾਰੋ! ਜਿਹੜਾ ਆਪਣੀ ਜ਼ਿੰਦਗੀ ਅਤੇ ਖੂਨ ਨਾਲ ਸਰਮਾਏਦਾਰੀ ਦੇ
ਮਹੱਲ ਉਸਾਰਦਾ ਹੈ ਉਹ ਆਪ ਰਾਤ ਨੂੰ ਢਿੱਡੋਂ ਖਾਲੀ ਤੇ ਕੇਵਲ ਆਕਾਸ਼ ਦੀ ਛੱਤ ਥੱਲੇ ਸੌਂਵੇ, ਅਜਿਹੇ ਨਿਜ਼ਾਮ
ਨੂੰ ਸਾੜ ਕੇ ਸੁਆਹ ਕਿਉਂ ਨਹੀਂ ਕਰ ਦਿੱਤਾ ਜਾਂਦਾ। ਹੁਣ ਦਾ ਇਨਕਲਾਬ, ਇਨਕਲਾਬ ਦੇ ਵਹਿਣ ਤੇ ਖੜਾ ਹੈ।
ਅਸੀਂ ਕਰੋੜਾਂ ਲੋਕੀਂ ਜਿਹੜੇ ਵਿਦੇਸ਼ੀ ਗੁਲਾਮੀ ਦੀ ਅੱਗ 'ਚ ਧੁਖ ਰਹੇ ਹਾਂ ਜੇਕਰ ਆਪਣੀ ਕਿਸਮਤ ਦੇ ਆਪ
ਕਰਿੰਦੇ ਬਣ ਜਾਈਏ ਤਾਂ ਇਸਦਾ ਸਿੱਟਾ ਇਨਕਲਾਬ ਹੋਵੇਗਾ ਅਤੇ ਇਹੋ ਇਨਕਲਾਬ ਸਾਡੀ ਆਜ਼ਾਦੀ ਦੀ ਜ਼ਾਮਨੀ ਹੈ।''
ਊਧਮ ਸਿੰਘ ਦੇਸ਼ ਭਗਤਾਂ ਨਾਲ ਕੰਮ ਕਰਦਾ, ਇਕ ਤੋਂ ਦੂਜੇ ਮੁਲਕ ਹੁੰਦਾ ਹੋਇਆ ਅਫਰੀਕਾ ਤੋਂ ਅਮਰੀਕਾ ਪਹੁੰਚਿਆ। ਭਗਤ ਸਿੰਘ ਦੇ ਕਹਿਣ ਤੇ ਉਹ ਭਾਰਤ ਵਾਪਸ ਪਰਤਿਆ। ਏਥੇ ਪੁਲਸ ਨੇ ਘੇਰਿਆ, ਉਹਦੋਂ ਕੋਲੋਂ ਪਸਤੌਲ ਫੜਿਆ ਗਿਆ ਤੇ ਪੰਜ ਸਾਲ ਦੀ ਸਜ਼ਾ ਹੋਈ। ਰਿਹਾਅ ਹੋ ਕੇ ਉਹ ਰਾਮ ਮੁਹੰਮਦ ਸਿੰਘ ਆਜ਼ਾਦ ਪੇਂਟਰ ਦੇ ਨਾਂ ਹੇਠ ਅੰਮ੍ਰਿਤਸਰ 'ਚ ਦੁਕਾਨ ਕਰਨ ਲੱਗਾ ਜਿਹੜੀ ਨੌਜਵਾਨ ਭਾਰਤ ਸਭਾ ਦੀਆਂ ਸਰਗਰਮੀਆਂ ਦੇ ਸੰਚਾਲਨ ਦਾ ਅੱਡਾ ਬਣੀ ਰਹੀ।
1933 'ਚ ਉਹ ਇੰਗਲੈਂਡ ਪਹੁੰਚਿਆ। ਉਹਨੇ ਵੱਖ-2 ਤਰਾਂ ਦੇ ਕੰਮ ਕੀਤੇ ਪਰ ਉਹ ਆਪਣੇ ਸ਼ਿਕਾਰ ਦੀ ਭਾਲ 'ਚ ਰਿਹਾ। ਉਹਦਾ ਵਿਸ਼ਵਾਸ਼ ਸੀ ਕਿ ਹਜ਼ਾਰਾਂ ਬੇਦੋਸ਼ੇ ਭਾਰਤੀਆਂ ਦੇ ਕਾਤਲ, ਅਨੇਕਾਂ ਹੀ ਬਹਾਦਰ ਯੋਧਿਆਂ ਨੂੰ ਫਾਂਸੀ ਤੇ ਲਟਕਾਉਣ, ਉਮਰ ਕੈਦਾਂ 'ਚ ਭੇਜਣ ਤੇ ਆਜ਼ਾਦੀ ਸੰਗਰਾਮ ਨੂੰ ਕੁਚਲਣ ਦਾ ਸਿਰਤੋੜ ਯਤਨ ਕਰਨ ਵਾਲੇ ਸਾਬਕਾ ਗਵਰਨਰ ਮਾਈਕਲ ਉਡਵਾਇਰ ਨੂੰ ਮਾਰ ਕੇ ਉਹ ਕੌਮੀ ਸਵੈਮਾਣ ਨੂੰ ਉੱਚਾ ਕਰੇਗਾ ਤੇ ਇਹ ਕਾਰਨਾਮਾ ਨੌਜਵਾਨਾਂ 'ਚ ਜੋਸ਼ ਤੇ ਕ੍ਰਾਂਤੀ ਦੀ ਭਾਵਨਾ ਪੈਦਾ ਕਰੇਗਾ।
ਊਧਮ ਸਿੰਘ ਦੇਸ਼ ਭਗਤਾਂ ਨਾਲ ਕੰਮ ਕਰਦਾ, ਇਕ ਤੋਂ ਦੂਜੇ ਮੁਲਕ ਹੁੰਦਾ ਹੋਇਆ ਅਫਰੀਕਾ ਤੋਂ ਅਮਰੀਕਾ ਪਹੁੰਚਿਆ। ਭਗਤ ਸਿੰਘ ਦੇ ਕਹਿਣ ਤੇ ਉਹ ਭਾਰਤ ਵਾਪਸ ਪਰਤਿਆ। ਏਥੇ ਪੁਲਸ ਨੇ ਘੇਰਿਆ, ਉਹਦੋਂ ਕੋਲੋਂ ਪਸਤੌਲ ਫੜਿਆ ਗਿਆ ਤੇ ਪੰਜ ਸਾਲ ਦੀ ਸਜ਼ਾ ਹੋਈ। ਰਿਹਾਅ ਹੋ ਕੇ ਉਹ ਰਾਮ ਮੁਹੰਮਦ ਸਿੰਘ ਆਜ਼ਾਦ ਪੇਂਟਰ ਦੇ ਨਾਂ ਹੇਠ ਅੰਮ੍ਰਿਤਸਰ 'ਚ ਦੁਕਾਨ ਕਰਨ ਲੱਗਾ ਜਿਹੜੀ ਨੌਜਵਾਨ ਭਾਰਤ ਸਭਾ ਦੀਆਂ ਸਰਗਰਮੀਆਂ ਦੇ ਸੰਚਾਲਨ ਦਾ ਅੱਡਾ ਬਣੀ ਰਹੀ।
1933 'ਚ ਉਹ ਇੰਗਲੈਂਡ ਪਹੁੰਚਿਆ। ਉਹਨੇ ਵੱਖ-2 ਤਰਾਂ ਦੇ ਕੰਮ ਕੀਤੇ ਪਰ ਉਹ ਆਪਣੇ ਸ਼ਿਕਾਰ ਦੀ ਭਾਲ 'ਚ ਰਿਹਾ। ਉਹਦਾ ਵਿਸ਼ਵਾਸ਼ ਸੀ ਕਿ ਹਜ਼ਾਰਾਂ ਬੇਦੋਸ਼ੇ ਭਾਰਤੀਆਂ ਦੇ ਕਾਤਲ, ਅਨੇਕਾਂ ਹੀ ਬਹਾਦਰ ਯੋਧਿਆਂ ਨੂੰ ਫਾਂਸੀ ਤੇ ਲਟਕਾਉਣ, ਉਮਰ ਕੈਦਾਂ 'ਚ ਭੇਜਣ ਤੇ ਆਜ਼ਾਦੀ ਸੰਗਰਾਮ ਨੂੰ ਕੁਚਲਣ ਦਾ ਸਿਰਤੋੜ ਯਤਨ ਕਰਨ ਵਾਲੇ ਸਾਬਕਾ ਗਵਰਨਰ ਮਾਈਕਲ ਉਡਵਾਇਰ ਨੂੰ ਮਾਰ ਕੇ ਉਹ ਕੌਮੀ ਸਵੈਮਾਣ ਨੂੰ ਉੱਚਾ ਕਰੇਗਾ ਤੇ ਇਹ ਕਾਰਨਾਮਾ ਨੌਜਵਾਨਾਂ 'ਚ ਜੋਸ਼ ਤੇ ਕ੍ਰਾਂਤੀ ਦੀ ਭਾਵਨਾ ਪੈਦਾ ਕਰੇਗਾ।
13 ਮਾਰਚ 1940 ਦੀ ਸ਼ਾਮ ਨੂੰ ਉਹ ਲੰਡਨ ਦੇ ਕੈਕਸਟਨ ਹਾਲ ਜਾ ਪਹੁੰਚਿਆ ਜਿਥੇ ਇੱਕ ਇਕੱਤਰਤਾ
'ਚ ਮਾਈਕਲ ਉਡਵਾਇਰ ਭਾਰਤੀ ਲੋਕਾਂ 'ਤੇ ਕੀਤੇ ਜਬਰ ਦੀਆਂ ਸ਼ੇਖੀਆਂ ਮਾਰ ਰਿਹਾ ਸੀ। ਊਧਮ ਸਿੰਘ ਦੀਆਂ
ਗੋਲੀਆਂ ਨੇ ਉਹਨੂੰ ਥਾਏਂ ਚਿੱਤ ਕਰ ਦਿੱਤਾ। ਭੱਜਣ ਦੀ ਬਜਾਏ ਊਧਮ ਸਿੰਘ ਨੇ ਹੱਸ ਕੇ ਗ੍ਰਿਫਤਾਰੀ ਦਿੱਤੀ
ਤੇ ਆਪਣਾ ਨਾਂ ਰਾਮ ਮਹੁੰਮਦ ਸਿੰਘ ਆਜ਼ਾਦ ਦੱਸਿਆ। ਗ੍ਰਿਫਤਾਰੀ ਮੌਕੇ ਉਹਨੇ ਕਿਹਾ :
''.
. . . . . . ਮੈਂ ਇਹ ਸਭ ਕੁਝ ਸੋਚ ਸਮਝ ਕੇ ਕੀਤਾ ਹੈ। ਉਡਵਾਇਰ ਏਸੇ ਤਰਾਂ ਦੀ ਮੌਤ ਦਾ ਹੱਕਦਾਰ ਸੀ।
ਇਹ ਅਣਗਿਣਤ ਬੇਦੋਸ਼ੇ ਲੋਕਾਂ ਅਤੇ ਦੇਸ਼-ਭਗਤ ਇਨਕਲਾਬੀਆਂ ਦੇ ਖੂਨ ਨਾਲ ਹੱਥ ਰੰਗਣ ਦਾ ਦੋਸ਼ੀ ਹੈ। ਇਹ
ਸਭ ਕੁਝ ਮੈਂ ਆਪਣੇ ਵਤਨ ਦੀ ਆਬਰੂ ਲਈ ਕੀਤਾ ਹੈ. . . . ..।''
ਆਪਣੇ ਕਿਰਦਾਰ ਅਨੁਸਾਰ, ਊਧਮ ਸਿੰਘ ਦੀ ਇਸ ਬਹਾਦਰਾਨਾ ਕਾਰਵਾਈ ਤੇ ਇੰਡੀਅਨ ਨੈਸ਼ਨਲ ਕਾਂਗਰਸ
ਦੇ ਰਾਮਗੜ ਵਿਖੇ ਹੋ ਰਹੇ ਇਜਲਾਸ 'ਚ ਮਹਾਤਮਾ ਗਾਂਧੀ ਨੇ ਇਉਂ ਟਿੱਪਣੀ ਕੀਤੀ :
''ਸਰ ਮਾਈਕਲ ਉਡਵਾਇਰ ਦੀ ਮੌਤ, ਲਾਰਡ ਜੈਟਲੈਂਡ, ਲਾਰਡ ਲਸਿੰਗਟਨ ਅਤੇ ਸਰ ਲੂਈ ਡੇਨ ਦੇ ਜਖ਼ਮੀ
ਹੋਣ ਨਾਲ ਮੈਨੂੰ ਡੂੰਘਾ ਦੁੱਖ ਹੋਇਆ ਹੈ। ਮੈਂ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਾ
ਹਾਂ ਤੇ ਜ਼ਖ਼ਮੀ ਛੇਤੀ ਤੰਦਰੁਸਤ ਹੋ ਜਾਣਗੇ। ਮੈਂ ਇਸ ਕਾਰਨਾਮੇ ਨੂੰ ਪਾਗਲਪਣ ਸਮਝਦਾ ਹਾਂ। ਇਹੋ ਜਿਹੇ
ਕਾਰਨਾਮੇ ਉਹਨਾਂ ਮੰਤਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਜਿੰਨਾਂ ਲਈ ਉਹ ਕੀਤੇ ਜਾਂਦੇ ਹਨ। ਮੈਨੂੰ
ਆਸ ਹੈ ਕਿ ਰਾਜਸੀ ਫੈਸਲੇ ਵੇਲੇ ਇਸਨੂੰ ਅਸਰ ਅੰਦਾਜ਼ ਨਹੀਂ ਹੋਣ ਦਿੱਤਾ ਜਾਵੇਗਾ।''
ਇਸਤੋਂ ਬਿਨਾਂ ਕਾਂਗਰਸ ਦੇ ਪ੍ਰਧਾਨ ਮੌਲਾਨਾ ਆਜ਼ਾਦ, ਰਿਆਸਤੀ ਰਾਜਿਆਂ ਦੀ ਐਸੋਸੀਏਸ਼ਨ ਤੇ ਕਪੂਰਥਲੇ
ਦੇ ਮਹਾਰਾਜਾ ਜਗਤਜੀਤ ਸਿੰਘ ਵਰਗੇ ਸਭ ਹੀ ਉਡਵਾਇਰ ਦੀ ਮੌਤ ਤੇ ਅਫ਼ਸੋਸ ਪ੍ਰਗਟ ਕਰਦੇ ਰਹੇ।
31 ਜੁਲਾਈ 1940 ਨੂੰ ਵਤਨੋਂ ਦੂਰ ਇਸ ਬਹਾਦਰ ਯੋਧੇ ਨੂੰ ਫਾਂਸੀ ਦੇ ਦਿੱਤੀ ਗਈ। ਊਧਮ ਸਿੰਘ
ਭਾਵੇਂ ਨਹੀਂ ਰਿਹਾ। ਉਹਦੀ ਜਗਾਈ ਮਸ਼ਾਲ ਬਲਦੀ ਰਹੀ, ਹੋਰ ਉੱਚੀ ਹੁੰਦੀ ਰਹੀ। ਉਹਨੇ ਆਪਣੇ ਸਮਿਆਂ ਦੇ
ਨੌਜਵਾਨਾਂ ਲਈ ਤਾਂ ਮਿਸਾਲ ਬਣਿਆ ਹੀ ਸਗੋਂ ਅੱਜ ਵੀ ਸਾਡੇ ਸਭਨਾਂ ਲਈ ਪ੍ਰੇਰਨਾ ਦਾ ਸੋਮਾ ਹੈ। ਉਹ ਆਪਣੀ
'ਜਵਾਨੀ ਦੀ ਬਹਾਰ' ਇਨਕਲਾਬ ਦੇ ਲੇਖੇ ਲਾਈ। ਉਹਦਾ ਆਜ਼ਾਦ, ਖੁਸ਼ਹਾਲ ਤੇ ਲੁੱਟ ਰਹਿਤ ਮੁਲਕ ਦਾ ਸੁਪਨਾ
ਅਜੇ ਪੂਰਾ ਨਹੀਂ ਹੋਇਆ। 1947 ਨੂੰ ਸਾਮਰਾਜੀਆਂ ਦੇ ਦਲਾਲਾਂ ਨੇ ਰਾਜ ਭਾਗ ਸਾਂਭ ਕੇ ਊਧਮ ਸਿੰਘ ਵਰਗੇ
ਅਨੇਕਾਂ ਇਨਕਲਾਬੀਆਂ ਤੇ ਦੇਸ਼ ਭਗਤਾਂ ਦੇ ਕਾਜ਼ ਨਾਲ ਗਦਾਰੀ ਕੀਤੀ। ਸਾਮਰਾਜੀ ਲੁੱਟ ਤੇ ਗਲਬਾ ਹੋਰ ਵਧਦਾ
ਗਿਆ ਹੈ ਤੇ ਅੱਜ ਸਾਡਾ ਵਤਨ ਸਾਮਰਾਜੀ ਮੁਲਕਾਂ ਤੇ ਉਹਨਾਂ ਦੇ ਦਲਾਲਾਂ ਦੀ ਅੰਨੀ ਲੁੱਟ ਦਾ ਸ਼ਿਕਾਰ ਹੈ।
ਜਦੋਂ ਤੱਕ ਦੇਸ਼ 'ਚੋਂ ਸਾਮਰਾਜੀ ਲੁੱਟ ਤੇ ਗਲਬੇ ਨੂੰ ਖਤਮ ਕਰਕੇ, ਮਿਹਨਤਕਸ਼ ਲੋਕਾਂ ਦੀ ਪੁੱਗਤ ਵਾਲੇ
ਬਰਾਬਰੀ ਭਰੇ ਰਾਜ-ਭਾਗ ਦੀ ਸਿਰਜਣਾ ਨਹੀਂ ਹੋ ਜਾਂਦੀ ਉਹਦੀ ਮਸ਼ਾਲ ਤੋਂ ਰੋਸ਼ਨੀ ਲੈ ਕੇ ਹਜ਼ਾਰਾਂ ਲੱਖਾਂ
ਨੌਜਵਾਨ ਮੈਦਾਨ-ਏ-ਜੰਗ 'ਚ ਨਿੱਤਰਦੇ ਰਹਿਣਗੇ ਤੇ ਆਪਣੀਆਂ ਜਵਾਨੀਆਂ ਮੁਲਕ ਤੋਂ ਕੁਰਬਾਨ ਕਰਦੇ ਰਹਿਣਗੇ।
31 ਜੁਲਾਈ ਦਾ ਦਿਹਾੜਾ, ਆਪਣੀਆਂ ਜਵਾਨੀਆਂ ਨੂੰ ਮੁਲਕ ਦੇ ਲੇਖੇ ਲਾਉਣ ਲਈ ਅਹਿਦ ਕਰਨ ਦਾ ਦਿਹਾੜਾ ਹੈ।