Showing posts with label Anti-imperialism. Show all posts
Showing posts with label Anti-imperialism. Show all posts

Tuesday, 29 November 2011

ਵਿਦੇਸ਼ੀ ਨਿਵੇਸ਼ ਦੇ ਫੈਸਲੇ ਦੀ ਨਿਖੇਧੀ


ਪ੍ਰਚੂਨ ਵਪਾਰ ਦੇ ਖੇਤਰ 'ਚ ਵਿਦੇਸ਼ੀ ਨਿਵੇਸ਼ ਦੇ ਸਰਕਾਰੀ ਫੈਸਲੇ ਦੀ ਨਿਖੇਧੀ

ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਮੁਲਕ ਅੰਦਰ ਪ੍ਰਚੂਨ ਵਪਾਰ ਦੇ ਖੇਤਰ 'ਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਦੇਣ ਦੇ ਫੈਸਲੇ ਦੀ ਨੌਜਵਾਨ ਭਾਰਤ ਸਭਾ ਵੱਲੋਂ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਜੱਥੇਬੰਦੀ ਦੇ ਸੂਬਾ ਸਕੱਤਰ ਪਾਵੇਲ ਕੁੱਸਾ, ਸੂਬਾ ਕਮੇਟੀ ਮੈਂਬਰ ਸੁਮੀਤ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਦੇਸ਼ ਅੰਦਰ ਪ੍ਰਚੂਨ ਵਪਾਰ ਦੇ ਖੇਤਰ 'ਚ ਲੱਗੇ ਕਰੋੜਾਂ ਲੋਕਾਂ ਦੇ ਰੋਜ਼ਗਾਰ ਦਾ ਉਜਾੜਾ ਕਰੇਗਾ। ਇਸ ਖੇਤਰ 'ਚ ਧੜਵੈਲ ਬਹੁ-ਕੌਮੀ ਕੰਪਨੀਆਂ ਦੇ ਕਾਰੋਬਾਰ ਖੋਲ੍ਹੇ ਜਾਣ ਦੀ ਇਜਾਜ਼ਤ ਦੇ ਦਿੱਤੇ ਜਾਣ ਦੇ ਦੇਸ਼ ਲਈ ਗੰਭੀਰ ਦੂਰ-ਰਸ ਸਿੱਟੇ ਨਿਕਲਣਗੇ। ਪ੍ਰਚੂਨ ਦੇ ਖੇਤਰ 'ਚ ਵੱਡੀਆਂ ਕੰਪਨੀਆਂ ਦੀ ਇਜਾਰੇਦਾਰੀ ਕਾਇਮ ਹੋਣ ਨਾਲ ਪਹਿਲਾਂ ਹੀ ਸਿਖਰਾਂ ਛੋਹ ਰਹੀ ਮਹਿੰਗਾਈ ਹੋਰ ਵਧੇਗੀ। ਹੁਣ ਵੀ ਦੇਸੀ ਵੱਡੇ ਸਰਮਾਏਦਾਰਾਂ ਅਤੇ ਜਖੀਰੇਬਾਜਾਂ ਦੀ ਸਰਦਾਰੀ ਦਾ ਸਿੱਟਾ ਹੈ ਕਿ ਆਏ ਦਿਨ ਮਹਿੰਗਾਈ 'ਚ ਵਾਧਾ ਹੋ ਰਿਹਾ ਹੈ ਤੇ ਵੱਡੇ ਵਿਦੇਸ਼ੀ ਸਰਮਾਏਦਾਰਾਂ ਦੀ ਇਸ ਖੇਤਰ 'ਚ ਚੌਧਰ ਸਥਾਪਤ ਹੋ ਜਾਣ ਨਾਲ ਕੀਮਤਾਂ ਪੂਰੀ ਤਰ੍ਹਾਂ ਹੀ ਉਹਨਾਂ ਦੇ ਕੰਟਰੋਲ 'ਚ ਆ ਜਾਣਗੀਆਂ। ਜਦੋਂ ਦੇਸ਼ ਨੂੰ ਭਾਰੀ ਬੇਰੁਜ਼ਗਾਰੀ ਦਾ ਸਾਹਮਣਾ ਹੈ ਤਾਂ ਓਸ ਮੌਕੇ ਇਸ ਫੈਸਲੇ ਨਾਲ ਪਰਚੂਨ ਖੇਤਰ 'ਚ ਲੱਗੇ ਛੋਟੇ ਕਾਰੋਬਾਰੀਆਂ ਅਤੇ ਹੋਰਨਾਂ ਕਰੋੜਾਂ ਲੋਕਾਂ 'ਤੇ ਸਿੱਧੀ ਮਾਰ ਪਵੇਗੀ ਅਤੇ ਉਹ ਇਸ ਖੇਤਰ 'ਚੋਂ ਬਾਹਰ ਹੋ ਜਾਣਗੇ। ਹਕੂਮਤ ਇਹ ਫੈਸਲਾ ਕਰਨ ਮੌਕੇ ਗੁੰਮਰਾਹਕੁਨ ਪ੍ਰਚਾਰ ਕਰ ਰਹੀ ਹੈ ਕਿ ਇਹ ਫੈਸਲਾ ਮਹਿੰਗਾਈ ਰੋਕਣ, ਰੁਜ਼ਗਾਰ ਪੈਦਾ ਕਰਨ ਅਤੇ ਛੋਟੇ ਉਤਪਾਦਕ ਕਿਸਾਨਾਂ ਦੀ ਚੰਗੀ ਅਤੇ ਸਥਾਈ ਆਮਦਨ ਦਾ ਸਾਧਨ ਬਣੇਗਾ ਜਦੋਂਕਿ ਇਹ ਕੋਰਾ ਝੂਠ ਹੈ। ਇੱਕ ਵਾਰ ਮਾਰਕੀਟ 'ਚ ਆਉਣ ਮੌਕੇ ਆਪਣੇ ਵੱਡੇ ਆਰਥਿਕ ਵਿਤ ਸਹਾਰੇ ਬਾਜ਼ਾਰ ਨਾਲੋਂ ਕੁਝ ਘੱਟ ਕੀਮਤਾਂ ਰੱਖ ਕੇ, ਇਹ ਕੰਪਨੀਆਂ ਪੈਰ ਜਮਾਉਣ ਦੀ ਨੀਤੀ ਅਖਤਿਆਰ ਕਰਦੀਆਂ ਹਨ ਅਤੇ ਬਾਕੀ ਦੁਕਾਨਦਾਰਾਂ ਨੂੰ ਮਾਰਕੀਟ 'ਚੋਂ ਬਾਹਰ ਕਰਦੀਆਂ ਹਨ। ਨਾਲ ਹੀ, ਸਰਕਾਰੀ ਖਰੀਦ ਪ੍ਰਬੰਧ ਨਾ ਹੋਣ ਦੀ ਮਾਰ ਹੰਢਾ ਰਹੇ ਛੋਟੇ ਕਿਸਾਨ ਹੁਣ ਪੂਰੀ ਤਰ੍ਹਾਂ ਇਹਨਾਂ ਮੁਨਾਫਾਖੋਰ ਬਹੁਕੌਮੀ ਕੰਪਨੀਆਂ ਦੀ ਲੁੱਟ ਦਾ ਸ਼ਿਕਾਰ ਹੋਣਗੇ। ਦੁਨੀਆਂ ਭਰ ਅੰਦਰ ਜਿੱਥੇ ਜਿੱਥੇ ਵੀ ਇਹਨਾਂ ਕੰਪਨੀਆਂ ਦੇ ਨਿਵੇਸ਼ ਵਾਲੇ ਬਾਜ਼ਾਰ ਹਨ ਉੱਥੇ ਹੀ ਮਹਿੰਗਾਈ ਛੜੱਪੇ ਮਾਰ ਕੇ ਵਧ ਰਹੀ ਹੈ ਅਤੇ ਲੋਕ ਵੱਡੀ ਪੱਧਰ 'ਤੇ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ। ਕੰਪਨੀਆਂ ਦੇ ਉਜਾੜੇ ਲੋਕਾਂ ਦਾ ਰੋਸ ਦਿਨੋਂ ਦਿਨ ਫੈਲ ਰਿਹਾ ਹੈ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਕਦਮ ਸੰਸਾਰੀਕਰਨ, ਨਿੱਜੀਕਰਨ ਦੀਆਂ ਨੀਤੀਆਂ ਤਹਿਤ ਚੁੱਕੇ ਜਾ ਰਹੇ ਕਦਮਾਂ ਦਾ ਹੀ ਹਿੱਸਾ ਹੈ। ਇਹਨਾਂ ਨੀਤੀਆਂ ਤਹਿਤ ਦੇਸ਼ ਦੇ ਬੂਹੇ ਵਿਦੇਸ਼ੀ ਵੱਡੀਆਂ ਬਹੁਕੌਮੀ ਕੰਪਨੀਆਂ ਲਈ ਖੋਲ ਕੇ, ਲੋਕਾਂ ਦੀਆਂ ਕਮਾਈਆਂ ਅਤੇ ਦੇਸ਼ ਦੇ ਧਨ ਦੌਲਤ ਲੁੱਟਣ ਦੇ ਲਾਇਸੰਸ ਜਾਰੀ ਕੀਤੇ ਜਾ ਰਹੇ ਹਨ। ਦੇਸ਼ 'ਤੇ ਦਿਨੋਂ ਦਿਨ ਸਾਮਰਾਜੀ ਗਲਬਾ ਵਧਾਇਆ ਜਾ ਰਿਹਾ ਹੈ। ਮੁਲਕ ਨੂੰ ਸਾਮਰਾਜੀ ਦਿਉ-ਕੰਪਨੀਆਂ ਦੇ ਵਪਾਰ ਕਰਨ ਲਈ ਪੂਰੀ ਤਰ੍ਹਾਂ ਸ਼ਿੰਗਾਰ ਕੇ ਪਰੋਸਿਆ ਜਾ ਰਿਹਾ ਹੈ। ਪਹਿਲਾਂ ਵੱਡੀਆਂ ਕੰਪਨੀਆਂ ਨੂੰ ਕਿਸਾਨਾਂ ਦੀਆਂ ਉਪਜਾਊ ਜਮੀਨਾਂ ਜ਼ਬਰੀ ਖੋਹ ਕੇ ਦਿੱਤੀਆਂ ਜਾ ਰਹੀਆਂ ਹਨ। ਸਿੱਖਿਆ, ਸਿਹਤ, ਬਿਜਲੀ ਅਤੇ ਆਵਾਜਾਈ ਦੇ ਖੇਤਰਾਂ 'ਚ ਵੀ ਦੇਸੀ ਵਿਦੇਸ਼ੀ ਵੱਡੇ ਸਰਮਾਏਦਾਰਾਂ ਦੇ ਦਾਖਲੇ ਦੇ ਰਾਹ ਖੋਲ੍ਹੇ ਜਾ ਰਹੇ ਹਨ। ਇਹਨਾਂ ਨੀਤੀਆਂ ਦੀ ਮਾਰ ਸਹਿ ਰਹੇ ਮਜ਼ਦੂਰ, ਕਿਸਾਨ ਤੇ ਮੁਲਾਜ਼ਮ ਹਿੱਸੇ ਪਹਿਲਾਂ ਹੀ ਸੰਘਰਸ਼ਾਂ ਦੇ ਰਾਹ 'ਤੇ ਹਨ। ਹੁਣ ਪ੍ਰਚੂਨ ਵਪਾਰ ਦੇ ਖੇਤਰ 'ਚ ਚੁੱਕੇ ਜਾ ਰਹੇ ਇਹਨਾਂ ਕਦਮਾਂ ਨੇ ਛੋਟੇ ਕਾਰੋਬਾਰੀਆਂ ਤੋਂ ਲੈ ਕੇ ਦੁਕਾਨਦਾਰਾਂ ਅਤੇ ਰੇਹੜੀ- ਫੜ੍ਹੀ ਵਾਲਿਆਂ ਨੂੰ ਵੀ ਸੰਘਰਸ਼ ਦੇ ਰਾਹ ਧੱਕਣਾ ਹੈ।
ਸਭਾ ਦੇ ਆਗੂਆਂ ਨੇ ਨੌਜਵਾਨਾਂ ਤੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਦੀ ਲੁੱਟ ਕਰਨ ਲਈ ਕੀਤੇ ਜਾ ਰਹੇ ਇਸ ਆਰਥਿਕ ਹਮਲੇ ਦਾ ਵਿਰੋਧ ਕਰਨ ਲਈ ਜੱਥੇਬੰਦ ਹੋਣ। ਦੇਸ਼ ਭਰ 'ਚ ਰੁਜ਼ਗਾਰ ਦਾ ਉਜਾੜਾ ਕਰ ਰਹੀਆਂ ਨੀਤੀਆਂ ਨੂੰ ਰੱਦ ਕਰਨ ਦੀ ਜ਼ੋਰਦਾਰ ਮੰਗ ਉਠਾਉਣ। ਉਹਨਾਂ ਉਕਤ ਸਰਕਾਰੀ ਫੈਸਲੇ ਦੇ ਵਿਰੋਧ 'ਚ ਦੇਸ਼ ਭਰ ਅੰਦਰ 1 ਦਸੰਬਰ ਦੇ 'ਭਾਰਤ ਬੰਦ' ਦੇ ਸੱਦੇ ਦਾ ਵੀ ਸਮਰਥਨ ਕੀਤਾ। ਆਗੂਆਂ ਨੇ ਕਿਹਾ ਕਿ ਨੌਜਵਾਨ ਭਾਰਤ ਸਭਾ ਲੋਕ ਮਾਰੂ ਨੀਤੀਆਂ ਖਿਲਾਫ਼ ਨੌਜਵਾਨਾਂ ਨੂੰ ਜੱਥੇਬੰਦ ਕਰਨ ਲਈ ਯਤਨਸ਼ੀਲ ਹੈ।
                                  ਵੱਲੋਂ-ਨੌਜਵਾਨ ਭਾਰਤ ਸਭਾ।  
ਸੂਬਾ ਜੱਥੇਬੰਦਕ ਸਕੱਤਰ-ਪਾਵੇਲ ਕੁੱਸਾ (94170-24641)

Saturday, 29 October 2011

Protest Waves across the world against Neo-Liberal Policies

ਨਵ-ਉਦਾਰਵਾਦੀ ਨੀਤੀਆਂ ਖਿਲਾਫ਼

ਸੰਸਾਰ ਭਰ 'ਚ ਲੋਕ-ਰੋਹ ਦੀਆਂ ਤਰੰਗਾਂ


ਲੰਘੇ 15 ਅਕਤੂਬਰ ਨੂੰ ਦੁਨੀਆਂ ਭਰ ਦੇ 82 ਮੁਲਕਾਂ ਦੇ 952 ਸ਼ਹਿਰਾਂ 'ਚ ਲੱਖਾਂ ਲੋਕ ਸੜਕਾਂ ਤੇ ਨਿਕਲੇ। 'ਕਬਜ਼ੇ ਹੇਠ ਲਉ' ਨਾਂ ਦੇ ਨਾਅਰੇ ਹੇਠ ਰੋਸ ਪ੍ਰਦਰਸ਼ਨ ਕਰਨ ਲਈ ਨਿੱਤਰੇ ਇਹ ਲੋਕ ਕਾਰਪੋਰੇਟ ਘਰਾਣਿਆਂ ਤੇ ਕੰਪਨੀਆਂ ਦੇ ਮੁਨਾਫਿਆਂ ਦੀ ਅੰਨੀ ਹਵਸ, ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਛੰਗਾਈਂ ਤੇ ਇਹਦੇ ਸਿੱਟੇ ਵਜੋਂ ਅਮੀਰ ਗਰੀਬ ਦੇ ਵਧ ਰਹੇ ਪਾੜੇ ਖਿਲਾਫ਼ ਆਵਾਜ਼ ਬੁਲੰਦ ਕਰ ਰਹੇ ਸਨ। ਏਦੂੰ ਪਹਿਲਾਂ ਪਿਛਲੇ ਕਈ ਮਹੀਨਿਆਂ ਤੋਂ ਵਿਕਸਿਤ ਦੁਨੀਆਂ ਵਜੋਂ ਜਾਣੇ ਜਾਂਦੇ ਫਰਾਂਸ, ਸਪੇਨ, ਇਟਲੀ, ਗਰੀਸ ਤੇ ਦੂਸਰੇ ਯੂਰਪੀ ਮੁਲਕ ਗਹਿਰੇ ਆਰਥਿਕ ਸੰਕਟ 'ਚ ਘਿਰੇ ਹੋਣ ਕਰਕੇ ਲੋਕਾਂ ਦੇ ਵੱਡੇ ਰੋਸ ਪ੍ਰਦਰਸ਼ਨਾਂ ਦਾ ਸੇਕ ਝੱਲ ਰਹੇ ਹਨ। ਸਾਮਰਾਜੀ ਸਲਤਨਤ ਦੇ ਕੇਂਦਰ ਅਮਰੀਕਾ ਅੰਦਰ ਵੀ ਵੱਡੀ ਗਿਣਤੀ 'ਚ ਲੋਕ 17 ਸਤੰਬਰ ਤੋਂ ਨਿਊਯਾਰਕ ਸ਼ਹਿਰ ਵਿਚਲੇ 'ਵਾਲ ਸਟਰੀਟ' ਇਲਾਕੇ 'ਚ ਧਰਨਾ ਲਾ ਕੇ ਬੈਠੇ ਹਨ। ਵਾਲ ਸਟਰੀਟ ਉਹ ਇਲਾਕਾ ਹੈ ਜਿੱਥੇ ਵੱਡੇ ਪੂੰਜੀਪਤੀਆਂ, ਕਾਰਪੋਰੇਟਾਂ ਤੇ ਬੈਂਕਾਂ ਦੇ ਕਈ ਦਫ਼ਤਰ ਹਨ। ਇੱਥੋਂ ਅਮਰੀਕਾ ਦੇ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਲੋਕਾਂ ਦੀਆਂ ਜੇਬਾਂ ਕੱਟਣ ਦੀਆਂ ਵਿਉਤਾਂ ਘੜੀਆਂ ਜਾਂਦੀਆਂ ਹਨ, ਫੁਰਮਾਨ ਸੁਣਾਏ ਜਾਂਦੇ ਹਨ। 'ਵਾਲ ਸਟਰੀਟ 'ਤੇ ਕਬਜ਼ਾ 'ਚ ਕਰੋ' ਮੁਹਿੰਮ ਰਾਹੀਂ ਅਮਰੀਕੀ ਪੂੰਜੀਵਾਦੀ ਤਾਕਤਾਂ ਦੀ ਚੌਧਰ ਦਾ ਇਹ ਚਿੰਨ ਨਪੀੜੇ ਜਾ ਰਹੇ ਲੋਕਾਂ ਦੇ ਗੁੱਸੇ ਦੀ ਮਾਰ ਹੇਠ ਆਇਆ ਹੋਇਆ ਹੈ। ਇਸ ਧਰਨੇ 'ਚ ਸ਼ਾਮਿਲ ਹੋਏ ਲੋਕਾਂ ਦੀ ਗਿਣਤੀ ਪਹਿਲਾਂ ਸੈਂਕੜਿਆਂ 'ਚ ਸੀ, ਪਰ ਫਿਰ ਗਿਣਤੀ ਵਧਦੀ ਗਈ। ਲੋਕ ਟੈਂਟ ਤੇ ਬਿਸਤਰੇ ਚੁੱਕ ਕੇ ਧਰਨੇ 'ਚ ਸ਼ਾਮਲ ਹੋਣ ਲਈ ਆਉਂਦੇ ਰਹੇ, ਇਹ ਗਿਣਤੀ ਹਜ਼ਾਰਾਂ ਤੋਂ ਟੱਪ ਗਈ। ਕੋਈ ਇੱਕ, ਕੋਈ ਦੋ ਤੇ ਕਈ ਹਫਤਿਆਂ ਬੱਧੀ ਧਰਨੇ 'ਚ ਬੈਠੇ ਹਨ। 


ਇਸਤੋਂ ਪਹਿਲਾਂ ਮਈ ਜੂਨ ਦੇ ਮਹੀਨਿਆਂ ਦੌਰਾਨ ਸਪੇਨ ਦੀ ਰਾਜਧਾਨੀ ਮੈਡਰਿਡ ਵੀ ਨੌਜਵਾਨਾਂ ਤੇ ਲੋਕਾਂ ਦੇ ਅਜਿਹੇ ਪ੍ਰਦਰਸ਼ਨ ਵੇਖ ਚੁੱਕੀ ਹੈ। ਆਰਥਿਕ ਸੰਕਟ ਕਾਰਨ ਵੱਡੇ ਪੱਧਰ ਤੇ ਬੇ-ਰੁਜ਼ਗਾਰੀ ਫੈਲੀ ਹੈ। ਖਾਸ ਕਰਕੇ 25 ਸਾਲ ਤੱਕ ਦੇ ਨੌਜਵਾਨਾਂ 'ਚ ਤਾਂ ਬੇਰੁਜ਼ਗਾਰੀ ਦੀ ਦਰ 46.17% ਤੱਕ ਜਾ ਪਹੁੰਚੀ ਹੈ। ਅਜਿਹੀ ਹਾਲਤ ਖਿਲਾਫ਼ ਰਾਜਧਾਨੀ ਵਿਚਲੇ ਪਿਉਰਟੋ ਡੈਲ ਸੋਲ ਚੌਂਕ 'ਚ ਨੌਜਵਾਨਾਂ ਤੇ ਲੋਕਾਂ ਵੱਲੋਂ ਧਰਨਾ ਲਾਇਆ ਗਿਆ। ਕਈ ਵਾਰ ਪੁਲਸ ਨਾਲ ਝੜਪਾਂ ਹੋਈਆਂ ਪਰ ਧਰਨਾ ਮਹੀਨਾ ਭਰ ਜਾਰੀ ਰਿਹਾ। ਪਿਛਲੇ ਸਾਲ ਨਵੰਬਰ-ਦਸੰਬਰ ਦੇ ਮਹੀਨਿਆਂ 'ਚ ਉੱਚ ਸਿੱਖਿਆ ਬੱਜਟਾਂ 'ਚ ਕੀਤੀਆਂ ਜਾ ਰਹੀਆਂ ਕਟੌਤੀਆਂ ਤੇ ਵਧਾਈਆਂ ਜਾ ਰਹੀਆਂ ਫੀਸਾਂ ਦੇ ਖਿਲਾਫ਼ ਇੰਗਲੈਂਡ ਦੇ ਵਿਦਿਆਰਥੀਆਂ ਦੇ ਰੋਹ ਭਰਪੂਰ ਪ੍ਰਦਰਸ਼ਨ ਹੋਏ ਸਨ। ਇਸ ਸਾਲ ਅਗਸਤ 'ਚ ਦੁਬਾਰਾ ਫੇਰ ਇੱਥੋਂ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਗੁੱਸੇ ਦੇ ਭਾਂਬੜ ਦੁਨੀਆਂ ਸਾਹਮਣੇ ਆਏ ਹਨ। ਮਈ ਤੋਂ ਜੁਲਾਈ ਦੇ ਮਹੀਨਿਆਂ ਦੌਰਾਨ ਯੂਰਪੀ ਮੁਲਕ ਗਰੀਸ ਦੇ ਲੋਕਾਂ ਵੱਲੋਂ ਪੈਨਸ਼ਨਾਂ ਖੋਹਣ, ਨੌਕਰੀਆਂ ਛਾਂਗਣ ਤੇ ਟੈਕਸ ਵਾਧਿਆਂ ਖਿਲਾਫ਼ ਲਗਾਤਾਰ ਹੜਤਾਲਾਂ ਅਤੇ ਪ੍ਰਦਰਸ਼ਨ ਕੀਤੇ ਗਏ ਹਨ। 25 ਮਈ ਤੋਂ ਸ਼ੁਰੂ ਹੋਏ ਇਹਨਾਂ ਪ੍ਰਦਰਸ਼ਨਾਂ ਦਾ ਸਿਖਰ 5 ਜੂਨ ਨੂੰ ਸੀ ਜਦੋਂ 3 ਲੱਖ ਲੋਕਾਂ ਨੇ ਮੁਲਕ ਦੀ ਪਾਰਲੀਮੈਂਟ ਅੱਗੇ ਜਾ ਕੇ ਧਰਨਾ ਮਾਰਿਆ। ਸਤੰਬਰ ਦੇ ਮਹੀਨੇ ਦੌਰਾਨ ਇਟਲੀ ਦੇ ਲੋਕ ਵੀ ਹਾਕਮਾਂ ਵੱਲੋਂ ਕੀਤੀਆਂ ਜਾ ਰਹੀਆਂ ਬੱਜਟ ਕਟੌਤੀਆਂ ਖਿਲਾਫ਼ ਸੜਕਾਂ 'ਤੇ ਨਿੱਤਰੇ ਹਨ। 15 ਸਤੰਬਰ ਨੂੰ ਵੱਡੀ ਹੜਤਾਲ ਕੀਤੀ ਗਈ ਹੈ ਤੇ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਤੇ ਹੁਣ ਪਿਛਲੇ ਕਈ ਦਿਨਾਂ ਤੋਂ ਅਮਰੀਕਾ ਦੇ ਨਿਊਯਾਰਕ ਅਤੇ ਵਾਸ਼ਿੰਗਟਨ ਵਰਗੇ ਸ਼ਹਿਰਾਂ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕ ''ਕਬਜ਼ਾ ਕਰੀ'' ਬੈਠੇ ਹਨ। 

ਦੁਨੀਆਂ ਭਰ 'ਚ ਫੈਲ ਰਹੇ ਇਹ ਪ੍ਰਦਰਸ਼ਨ ਯੂਰਪ ਤੇ ਅਮਰੀਕਾ ਦੇ ਲੋਕਾਂ 'ਚ ਹੋ ਰਹੀ ਓਸ ਉਥਲ ਪੁਥਲ ਦੀ ਲਗਾਤਾਰਤਾ ਹਨ ਜੋ ਪਿਛਲੇ ਸਾਲਾਂ ਤੋਂ ਜਾਰੀ ਹੈ। ਵਿਕਸਿਤ ਸਾਮਰਾਜੀ ਮੁਲਕਾਂ ਨੇ ਆਰਥਿਕ ਮੰਦਵਾੜੇ ਦਾ ਭਾਰ ਤੀਜੀ ਦੁਨੀਆਂ ਦੇ ਪਛੜੇ ਮੁਲਕਾਂ 'ਤੇ ਸੁੱਟਿਆ ਪਰ ਮੰਦਵਾੜਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹੁਣ ਇਹਦੇ ਭਾਰ ਹੇਠ ਇਹਨਾਂ ਮੁਲਕਾਂ ਦੀ ਆਮ ਜਨਤਾ ਆ ਰਹੀ ਹੈ। ਸੰਕਟਾਂ ਦੌਰਾਨ ਵੱਡੀਆਂ ਬੈਂਕਾਂ ਤੇ ਵਿੱਤੀ ਸੰਸਥਾਵਾਂ ਨੂੰ ਅਰਬਾਂ ਦੇ ਰਾਹਤ ਪੈਕੇਜ ਦਿੱਤੇ ਗਏ। ਸਰਕਾਰ ਨੇ ਆਪਣੇ ਬੱਜਟ ਬੈਂਕਾਂ ਤੇ ਕੰਪਨੀਆਂ ਨੂੰ ਬਚਾਉਣ ਦੇ ਨਾਂ ਹੇਠ ਵਹਾ ਦਿੱਤੇ। ਹੁਣ ਬੱਜਟਾਂ ਦੇ ਘਾਟੇ ਦੀ ਕੀਮਤ ਆਮ ਲੋਕਾਂ ਨੂੰ ਤਾਰਨੀ ਪੈ ਰਹੀ ਹੈ। ਤਨਖਾਹਾਂ, ਪੈਨਸ਼ਨਾਂ 'ਚ ਭਾਰੀ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ, ਹੋਰਨਾਂ ਸਹੂਲਤਾਂ 'ਤੇ ਕੱਟ ਲਗ ਰਹੇ ਹਨ, ਵਿਦਿਆਰਥੀਆਂ ਦੀਆਂ ਫੀਸਾਂ ਵਧਾਈਆਂ ਜਾ ਰਹੀਆਂ ਹਨ। ਇਹਨਾਂ ਮੁਲਕਾਂ 'ਚ ਵੀ ਲਾਗੂ ਹੋ ਰਹੀਆਂ ਨਿੱਜੀਕਰਨ ਦੀਆਂ ਨੀਤੀਆਂ ਨੇ ਮੱਧ ਵਰਗੀ ਹਿੱਸਿਆਂ ਤੱਕ ਦਾ ਕਚੂੰਮਰ ਕੱਢ ਦਿੱਤਾ ਹੈ। ਬੇਰੁਜ਼ਗਾਰੀ 'ਚ ਭਾਰੀ ਵਾਧਾ ਹੋਇਆ ਹੈ। ਇਸ ਹਾਲਤ ਨੇ ਲੋਕਾਂ ਅੰਦਰ ਭਾਰੀ ਰੋਸ ਤੇ ਬੇਚੈਨੀ ਨੂੰ ਜਨਮ ਦਿੱਤਾ ਹੈ। ਇਹਨਾਂ ਮੁਲਕਾਂ ਦੀਆਂ ਹਕੂਮਤਾਂ ਤੇ ਵੱਡੇ ਪੂੰਜੀਪਤੀ ਲੋਕ ਰੋਹ ਦਾ ਨਿਸ਼ਾਨਾ ਬਣ ਰਹੇ ਹਨ।


 15 ਅਕਤੂਬਰ ਨੂੰ ''ਕਬਜ਼ਾ ਕਰੋ'' ਦੇ ਨਾਅਰੇ ਹੇਠ ਦੁਨੀਆਂ ਭਰ 'ਚ ਪ੍ਰਦਰਸ਼ਨ ਹੋਏ ਹਨ। ਅਮਰੀਕਾ ਦੇ ਨਿਊਯਾਰਕ ਤੇ ਵਸ਼ਿੰਗਟਨ 'ਚ ਹਜ਼ਾਰਾਂ ਦੀ ਗਿਣਤੀ 'ਚ ਪ੍ਰਦਰਸ਼ਨ ਹੋਏ ਹਨ। ਇਟਲੀ 'ਚ ਇੱਕ ਲੱਖ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ। ਬੁਰੀ ਤਰਾਂ ਕਰਜ਼ੇ ਹੇਠ ਆਏ ਗ੍ਰੀਸ, ਆਇਰਲੈਂਡ ਤੇ ਪੁਰਤਗਾਲ ਵਰਗੇ ਮੁਲਕਾਂ 'ਚ ਵੱਡੇ ਇਕੱਠ ਹੋਏ ਹਨ। ਇਕੱਲੇ ਪੁਰਤਗਾਲ 'ਚ ਹੀ 50 ਹਜ਼ਾਰ ਲੋਕਾਂ  ਤੇ ਕੈਨੇਡਾ 'ਚ 10 ਹਜ਼ਾਰ ਦਾ ਮੁਜ਼ਾਹਰਾ ਹੋਇਆ ਹੈ। ਇਹ ਲੜੀ ਅਮਰੀਕਾ ਤੋਂ ਲੈ ਕੇ ਇੰਗਲੈਂਡ ਦੇ ਸ਼ਹਿਰਾਂ ਲੰਡਨ, ਸਟਾਕਹੋਮ, ਆਸਟਰੇਲੀਆ ਦੇ ਸਿਡਨੀ, ਜਾਪਾਨ ਦੇ ਟੋਕੀਓ, ਫਿਲਪੀਨ ਦੇ ਮਨੀਲਾ ਤੇ ਹਾਂਗਕਾਂਗ ਤੱਕ ਫੈਲੀ ਹੋਈ ਹੈ।


ਇਹਨਾਂ ਰੋਸ ਮੁਜ਼ਾਹਰਿਆਂ 'ਚ ਸ਼ਾਮਲ ਹੋ ਰਹੇ ਲੋਕਾਂ ਨੇ ਆਪਣੇ ਆਪ ਨੂੰ 99 ਫੀਸਦੀ ਤੇ ਵੱਡੇ ਪੂੰਜੀਪਤੀਆਂ ਤੇ ਵਪਾਰਕ ਅਦਾਰਿਆਂ ਨੂੰ 1 ਫੀਸਦੀ ਕਿਹਾ ਹੈ। 1 ਫੀਸਦੀ, 99 ਫੀਸਦੀ ਨੂੰ ਲੁੱਟ ਚੂੰਡ ਕੇ ਦਿਨੋਂ-ਦਿਨ ਅਮੀਰ ਹੋ ਰਹੇ ਹਨ ਤੇ ਵਧ ਰਿਹਾ ਆਰਥਿਕ ਪਾੜਾ ਲੋਕਾਂ ਦੇ ਭਾਰੀ ਰੋਸ ਦੀ ਵਜਾ ਦੱਸਿਆ ਜਾ ਰਿਹਾ ਹੈ। ਇਹਨਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅਖਤਿਆਰ ਕੀਤੀਆਂ ਨਵ-ਉਦਾਰਵਾਦੀ ਨੀਤੀਆਂ ਲੋਕਾਂ ਦੀ ਤਿੱਖੀ ਆਲੋਚਨਾ ਦਾ ਨਿਸ਼ਾਨਾ ਹਨ ਕਿਉਂਕਿ ਇਹਨਾਂ ਨੀਤੀਆਂ ਦੇ ਸਿੱਟੇ ਵਜੋਂ ਲੋਕਾਂ ਦੀ ਜ਼ਿੰਦਗੀ ਦਿਨੋਂ-ਦਿਨ ਹੋਰ ਦੁੱਭਰ ਹੋ ਰਹੀ ਹੈ। ਵੱਡੇ ਕਾਰਪੋਰੇਟਾਂ ਲਈ ਦੌਲਤ ਦੇ ਅੰਬਾਰ ਉੱਸਰ ਰਹੇ ਹਨ ਤੇ ਦੂਜੇ ਪਾਸੇ ਆਮ ਲੋਕਾਂ ਨੂੰ ਤੇਜ਼ੀ ਨਾਲ ਹੋ ਰਹੇ ਰੁਜ਼ਗਾਰ ਉਜਾੜੇ ਤੇ ਵਧਦੇ ਖਰਚਿਆਂ ਦੀ ਵਜਾ ਕਰਕੇ ਜੀਵਨ ਨਿਰਬਾਹ ਕਰਨਾ ਵੀ ਔਖਾ ਹੋ ਰਿਹਾ ਹੈ। ਵਧ ਰਿਹਾ ਪਾੜਾ ਦਿਨੋਂ-ਦਿਨ ਰੜਕਵਾਂ ਬਣ ਰਿਹਾ ਹੈ। ਏਸੇ ਲਈ ਆਰਥਿਕ ਅਣਸਾਵੇਂਪਣ 'ਚੋਂ ਉਪਜਦੀ ਬੇ-ਇਨਸਾਫੀ ਦੇ ਖਾਤਮੇ ਲਈ ਪੂਰੀ ਵਿਵਸਥਾ 'ਚ ਤਬਦੀਲੀ ਦੀ ਚਰਚਾ ਵੀ ਚੱਲ ਰਹੀ ਹੈ। ''ਪੂੰਜੀਵਾਦ ਦਾ ਖਾਤਮਾ-ਲੋਕਾਂ ਦੀ ਆਜ਼ਾਦੀ ਹੈ'' ਦਾ ਨਾਅਰਾ ਵੀ ਗੂੰਜਦਾ ਸੁਣਦਾ ਹੈ। ਇਉਂ ਉਹਨਾਂ ਰੋਹ ਫੁਟਾਰਿਆਂ ਦਾ ਇਕ ਵਿਸ਼ੇਸ਼ ਲੱਛਣ ਹੈ ਕਿ ਇਹ ਕਿਸੇ ਇੱਕਾ-ਦੁੱਕਾ ਮੰਗ ਤੱਕ ਸੀਮਤ ਨਹੀਂ ਹਨ ਸਗੋਂ ਲੋਕਾਂ ਦਾ ਰੋਹ ਆਰਥਿਕ ਨਾ ਬਰਾਬਰੀ ਤੇ ਆਧਾਰਿਤ ਮੌਜੂਦਾ ਪੂੰਜੀਵਾਦੀ ਵਿਵਸਥਾ ਵੱਲ ਸੇਧਤ ਹੋ ਰਿਹਾ ਹੈ। ਇਹਦੀ ਤਬਦੀਲੀ ਦੀ ਤਾਂਘ ਤਿੱਖੀ ਹੋ ਰਹੀ ਹੈ। ਅਮੀਰ ਗਰੀਬ ਦੇ ਵਧ ਰਹੇ ਪਾੜੇ ਦੇ ਖਾਤਮੇ ਦੀ ਮੰਗ ਉਠ ਰਹੀ ਹੈ। ਲੋਕਾਂ ਨੂੰ ਅਜਿਹੀਆਂ ਤਬਦੀਲੀਆਂ ਦੇ ਝੰਡਾ ਬਰਦਾਰ ਆਗੂ ਯਾਦ ਆ ਰਹੇ ਹਨ। ਬੋਸਨੀਆਂ ਦੇ ਮੁਜ਼ਾਹਰਾਕਾਰੀਆਂ ਕੋਲ ਕਿਊਬਾ ਦੇ ਇਨਕਲਾਬ ਦੇ ਨਾਇਕ ਬਣੇ ਚੀ ਗੁਵੇਰਾ ਦੀਆਂ ਚੁੱਕੀਆਂ ਤਸਵੀਰਾਂ ਇਹੀ ਕਹਿੰਦੀਆਂ ਸਨ।

ਮੀਡੀਆ 'ਚ ਇਹ ਚਰਚਾ ਵੀ ਉੱਘੜਵੇਂ ਰੂਪ 'ਚ ਸਾਹਮਣੇ ਆ ਰਹੀ ਹੈ ਕਿ ਸਾਮਰਾਜੀ ਮੁਲਕ ਅਮਰੀਕਾ ਦੀ ਜਨਤਾ ਨੂੰ ਅਰਬ ਮੁਲਕਾਂ ਦੇ ਵੱਡੇ ਜਨਤਕ ਉਭਾਰਾਂ ਨੇ ਪ੍ਰਭਾਵਿਤ ਕੀਤਾ ਹੈ। ਅਮਰੀਕੀ ਥੈਲੀਸ਼ਾਹਾਂ ਨੂੰ ਅਜਿਹਾ ਕਿਆਸ ਵੀ ਨਹੀਂ ਸੀ।
ਦੁਨੀਆਂ ਭਰ ਦੀਆਂ ਸਰਮਾਏਦਾਰ ਸਰਕਾਰਾਂ ਲਈ ਪੇਸ਼ ਹੋ ਰਹੀ ਚੁਣੌਤੀ 'ਚ ਬੇਰੁਜ਼ਗਾਰ ਜਵਾਨੀ ਮੋਹਰੀ ਹੈ। ਸਰਮਾਏਦਾਰਾਂ ਦੇ ਮੁਨਾਫ਼ਿਆਂ ਦੀ ਹਵਸ ਨੇ ਜਵਾਨੀ ਦਾ ਭਵਿੱਖ ਤੇ ਵਰਤਮਾਨ ਤਬਾਹੀ ਦੇ ਰਾਹ ਵੱਲ ਤੋਰ ਦਿੱਤਾ ਹੈ, ਉਹਨਾਂ ਲਈ ਆਉਂਦੇ ਸਮੇਂ 'ਚ ਇਹ ਧਰਤੀ ਜਿਉਣ ਲਾਇਕ ਹੀ ਨਾ ਰਹਿਣ ਲਈ ਸਰਾਪੀ ਜਾ ਰਹੀ ਹੈ। ਏਸ ਹਾਲਤ 'ਚ ਪਹਿਲਾਂ ਸੰਸਾਰ ਨੇ ਅਰਬ ਜਗਤ ਦੇ ਨੌਜਵਾਨਾਂ ਦੀ ਤਾਕਤ ਦੇ ਜਲਵੇ ਵੇਖੇ ਹਨ, ਹੁਣ ਸਾਮਰਾਜੀ 'ਪ੍ਰਭੂਆਂ' ਨੂੰ ਆਪਣੇ ਗੜਾਂ 'ਚ ਨੌਜਵਾਨ ਸ਼ਕਤੀ ਦੀ ਹਲਚਲ ਦੇ ਝਟਕੇ ਸਹਿਣੇ ਪੈ ਰਹੇ ਹਨ।


ਤੀਜੀ ਦੁਨੀਆਂ ਕਹੇ ਜਾਂਦੇ ਆਰਥਿਕ ਤੌਰ 'ਤੇ ਘੱਟ ਵਿਕਸਿਤ ਮੁਲਕਾਂ ਦੀ ਜਨਤਾ ਸਾਮਰਾਜੀ ਲੁੱਟ ਅਤੇ ਦਾਬੇ ਨੂੰ ਵੱਡੇ ਜਨਤਕ ਸੰਗਰਾਮਾਂ ਨਾਲ ਪਹਿਲਾਂ ਹੀ ਚੁਣੌਤੀ ਪੇਸ਼ ਕਰਦੀ ਆ ਰਹੀ ਹੈ। ਹੁਣ 'ਅਮੀਰ' ਮੁਲਕਾਂ ਦੇ ਆਪਣੇ ਵਿਹੜੇ 'ਚੋਂ ਵੀ ਨਾਬਰੀ ਦੀਆਂ ਤਰੰਗਾਂ ਇਹਨਾਂ ਦੀ ਹਾਲਤ ਹੋਰ ਪਤਲੀ ਕਰ ਰਹੀਆਂ ਹਨ। ਨਵ-ਉਦਾਰਵਾਦੀ ਨੀਤੀਆਂ ਦੇ ਦਿਨ ਪੁੱਗ ਰਹੇ ਹਨ। ਇਹਨਾਂ ਨੀਤੀਆਂ ਖਿਲਾਫ਼ ਉੱਠ ਰਹੀ ਸੰਸਾਰ ਵਿਆਪੀ ਵਿਰੋਧ ਲਹਿਰ ਦਾ ਸਵਾਗਤ ਕਰਨਾ ਬਣਦਾ ਹੈ।

                           21-10-2011 

Sunday, 31 July 2011

31 ਜੁਲਾਈ, ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼

ਸਾਮਰਾਜੀ ਦਾਬੇ ਨੂੰ ਕੌਮੀ ਵੰਗਾਰ ਦਾ ਚਿੰਨ : ਸ਼ਹੀਦ ਊਧਮ ਸਿੰਘ

     ਬਰਤਾਨਵੀ ਸਾਮਰਾਜ ਦੀ ਲੁੱਟ ਤੇ ਦਾਬੇ ਤੋਂ ਮੁਕਤੀ ਲਈ ਸਾਡੀ ਕੌਮ ਦੀ ਜਦੋਜਹਿਦ 'ਚ ਮੁਲਕ ਦੇ ਨੌਜਵਾਨਾਂ ਦਾ ਮੋਹਰੀ ਰੋਲ ਰਿਹਾ ਹੈ। ਮੁਲਕ ਦੀ ਜਵਾਨੀ ਨੇ ਜ਼ਾਲਮ ਅੰਗਰੇਜ਼ੀ ਸਾਮਰਾਜ ਦੇ ਜ਼ੁਲਮਾਂ ਦੀ ਪੀੜ ਸਹਿ ਰਹੀ ਮੁਲਕ ਦੀ ਲੋਕਾਈ ਨੂੰ ਝੰਜੋੜ ਕੇ ਜਗਾਉਣ ਲਈ ਆਪਣੀਆਂ ਜ਼ਿੰਦਗੀਆਂ ਵਾਰੀਆਂ। ਕੌਮੀ ਮੁਕਤੀ ਲਹਿਰ 'ਚ ਨੌਜਵਾਨ ਭਾਰਤ ਸਭਾ ਦੇ ਝੰਡੇ ਹੇਠ ਇਕੱਠੇ ਹੋ ਕੇ ਜੂਝਦੇ ਨੌਜਵਾਨਾਂ ਦੀਆਂ ਕੁਰਬਾਨੀਆਂ ਦੀ ਲੰਮੀ ਗਾਥਾ ਹੈ। ਇਹਨਾਂ 'ਚ ਸ਼ਹੀਦ ਊਧਮ ਸਿੰਘ ਉਭਰਵਾਂ ਨਾਮ ਹੈ।

     ਸ਼ਹੀਦ ਊਧਮ ਸਿੰਘ ਦਾ ਜੀਵਨ ਜਲਿਆਂਵਾਲੇ ਬਾਗ ਦੇ ਕਤਲੇਆਮ ਦੇ ਦੋਸ਼ੀ ਮਾਈਕਲ ਉਡਵਾਇਰ ਨੂੰ ਚਿੱਤ ਕਰਕੇ, ਨਿਰਦੋਸ਼ ਲੋਕਾਂ ਦੇ ਕਤਲਾਂ ਤੇ ਕੌਮ ਦੇ ਅਪਮਾਨ ਦਾ ਬਦਲਾ ਲੈਣ ਤੱਕ ਹੀ ਸੀਮਤ ਨਹੀਂ ਹੈ ਸਗੋਂ ਉਹਦੀ ਪੂਰੀ ਜੀਵਨ ਸਰਗਰਮੀ ਤੇ ਇਨਕਲਾਬੀ ਵਿਚਾਰ ਅਜਿਹੀ ਰੌਸ਼ਨੀ ਵੰਡਦੇ ਹਨ ਜਿੰਨਾਂ ਤੋਂ ਅੱਜ ਦੀ ਨੌਜਵਾਨ ਪੀੜੀ ਨੂੰ ਆਪਣੀ ਬਣਦੀ ਇਨਕਲਾਬੀ ਭੂਮਿਕਾ ਨਿਭਾਉਣ ਦੀ ਪ੍ਰੇਰਨਾ ਮਿਲਦੀ ਹੈ।
     ਊਧਮ ਸਿੰਘ ਦਾ ਜਨਮ ਸੁਨਾਮ ਦੇ ਇਕ ਗਰੀਬ ਪਰਿਵਾਰ 'ਚ 26 ਦਸੰਬਰ 1899 ਨੂੰ ਹੋਇਆ। ਊਧਮ ਸਿੰਘ ਦੋ ਵਰਿਆਂ ਦਾ ਸੀ ਜਦੋਂ ਉਹਦੀ ਮਾਂ ਗੁਜ਼ਰ ਗਈ। ਥੋੜੀ ਜਿਹੀ ਜ਼ਮੀਨ ਤੇ ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ ਸੀ। ਕੰਮ ਦੀ ਭਾਲ 'ਚ ਉਹਦਾ ਬਾਪ ਆਪਣੇ ਦੋਨਾਂ ਲੜਕਿਆਂ ਵੱਡੇ ਸਾਧੂ ਸਿੰਘ ਤੇ ਛੋਟੇ ਊਧਮ ਸਿੰਘ ਨਾਲ ਅੰਮ੍ਰਿਤਸਰ ਆ ਗਿਆ। ਏਥੇ ਆਉਣ ਸਾਰ ਹੀ ਬਿਮਾਰ ਪੈ ਗਿਆ ਤੇ ਗੁਜ਼ਰ ਗਿਆ। ਸੱਤ ਤੇ ਪੰਜ ਸਾਲ ਦੀ ਉਮਰ ਦੇ ਦੋਨੋਂ ਭਰਾ ਯਤੀਮ ਹੋ ਗਏ। ਕੁਝ ਸਮਾਂ ਟੱਪਰੀਵਾਸਾਂ ਕੋਲ ਰਹੇ, ਫਿਰ ਕਿਸੇ ਨੇ ਯਤੀਮਖਾਨੇ ਭਰਤੀ ਕਰਵਾ ਦਿੱਤੇ। ਇਥੇ ਹੀ ਉਹਨਾਂ ਮੁੱਢਲੀ ਵਿੱਦਿਆ ਹਾਸਲ ਕੀਤੀ। ਕੁਝ ਸਮੇਂ ਬਾਅਦ ਵੱਡਾ ਭਰਾ ਸਾਧੂ ਸਿੰਘ ਵੀ ਗੁਜ਼ਰ ਗਿਆ। ਮੌਤ ਦੇ ਇਹਨਾਂ ਝਟਕਿਆਂ 'ਚੋਂ ਗੁਜ਼ਰਦੇ ਊਧਮ ਸਿੰਘ ਦੇ ਸਖ਼ਤ ਘਾਲਣਾ ਭਰੇ ਬਚਪਨ ਨੇ ਹੀ ਉਹਨੂੰ ਜ਼ਿੰਦਗੀ ਦੇ ਅਰਥਾਂ ਨੂੰ ਜਾਨਣ ਸਮਝਣ ਦੇ ਰਾਹ ਤੋਰਿਆ। ਉਹਦੀ ਬਚਪਨ ਦੀ ਅਜਿਹੀ ਹਾਲ਼ਤ ਨੇ ਉਹਨੂੰ ਬੇਹੱਦ ਮੁਸ਼ਕਿਲ ਸਮਿਆਂ 'ਚ ਨਿਭਣਯੋਗ ਬਣਾਇਆ।
     13 ਅਪ੍ਰੈਲ 1919 ਨੂੰ ਜਦੋਂ ਲੋਕ ਜਲਿਆਂਵਾਲੇ ਬਾਗ 'ਚ ਇਕੱਠੇ ਹੋਏ ਤਾਂ ਇਹ ਉਹ ਸਮਾਂ ਸੀ ਜਦੋਂ ਅੰਗਰੇਜ਼ਾਂ ਵੱਲੋਂ ਬਣਾਏ ਕਾਲ਼ੇ ਕਾਨੂੰਨ ਰੋਲਟ ਐਕਟ ਖਿਲਾਫ਼ ਵਿਰੋਧ ਲਹਿਰ ਚੱਲ ਰਹੀ ਸੀ, ਲੋਕ ਥਾਂ-ਥਾਂ ਸੜਕਾਂ ਤੇ ਨਿਕਲ ਰਹੇ ਸਨ। ਅੰਗਰੇਜ਼ਾਂ ਦੇ ਜ਼ੁਲਮਾਂ ਦੀ ਹਨੇਰੀ ਝੁੱਲ ਰਹੀ ਸੀ। ਅੰਗਰੇਜ਼ਾਂ ਦੀਆਂ ਚਾਲਾਂ ਨੂੰ ਫੇਲ ਕਰਦਿਆਂ ਲੋਕਾਂ 'ਚ ਫਿਰਕੂ ਸਦਭਾਵਨਾ ਤੇ ਏਕਤਾ ਦਾ ਪਸਾਰਾ ਹੋ ਰਿਹਾ ਸੀ ਤੇ ਅੰਗਰੇਜ਼ ਹਾਕਮਾਂ ਖਿਲਾਫ਼ ਨਫ਼ਰਤ ਤਿੱਖੀ ਹੋ ਰਹੀ ਸੀ। ਵੱਖ-2 ਫਿਰਕਿਆਂ ਦੇ ਲੋਕਾਂ ਨੇ ਵਿਸਾਖੀ ਮੌਕੇ ਰਲ਼ ਕੇ ਛਬੀਲਾਂ ਲਾਈਆਂ ਸਨ। ਜਲਿਆਂਵਾਲੇ ਬਾਗ 'ਚ ਹੋ ਰਹੇ ਜਲਸੇ 'ਤੇ ਜਦੋਂ ਜਨਰਲ ਡਾਇਰ ਨੇ ਆ ਕੇ ਗੋਲ਼ੀਆਂ ਦੀ ਵਾਛੜ ਕੀਤੀ ਤਾਂ ਉਦੋਂ ਊਧਮ ਸਿੰਘ ਅਜਿਹੀ ਹੀ ਛਬੀਲ ਤੇ ਸੇਵਾ ਕਰ ਰਿਹਾ ਸੀ। ਇਸ ਖੂਨੀ ਕਾਂਡ ਨੂੰ ਉਹਨੇ ਅੱਖੀਂ ਤੱਕਿਆ। ਬਾਗ ਦਾ ਇਕੋ ਇੱਕ ਰਸਤਾ ਸਿਪਾਹੀਆਂ ਨੇ ਰੋਕ ਲਿਆ ਤੇ ਨਿਹੱਥੇ ਲੋਕਾਂ ਨੂੰ ਦਾਣਿਆਂ ਵਾਂਗ ਭੁੰਨ ਸੁੱਟਿਆ। ਬਾਗ ਦਾ ਖੂਹ ਲਾਸ਼ਾਂ ਨਾਲ ਭਰ ਗਿਆ। ਸੈਕੜੇਂ ਲੋਕ ਮਾਰੇ ਗਏ। ਇਸ ਖੂਨੀ ਕਾਂਡ ਖਿਲਾਫ਼ ਪੂਰੇ ਮੁਲਕ 'ਚ ਹੀ ਜ਼ੋਰਦਾਰ ਲਹਿਰ ਉੱਠੀ। ਇਹਨੇ ਅਨੇਕਾਂ ਹੋਰਨਾਂ ਨੌਜਵਾਨਾਂ ਵਾਂਗ ਊਧਮ ਸਿੰਘ ਦੀ ਜ਼ਿੰਦਗੀ ਦੇ ਅਰਥ ਵੀ ਬਦਲ ਦਿੱਤੇ ਤੇ ਉਹਨੇ ਲੋਕਾਂ ਦੇ ਖੂਨ ਨਾਲ ਲਿਬੜਿਆ ਮੁਲਕ ਦੀ ਆਜ਼ਾਦੀ ਦਾ ਝੰਡਾ ਆਪਣੇ ਹਾਣੀਆਂ ਨਾਲ ਰਲ਼ਕੇ ਹੋਰ ਉੱਚਾ ਚੁੱਕਣ ਦਾ ਅਹਿਦ ਕੀਤਾ ਤੇ ਉਹ ਆਜ਼ਾਦੀ ਦਾ ਪਰਵਾਨਾ ਬਣ ਗਿਆ। ਆਪਣੀ ਕੌਮ ਦੇ ਅਪਮਾਨ ਦੇ ਬਦਲੇ ਦੀ ਅੱਗ ਉਹਦੇ ਸੀਨੇ 'ਚ ਬਲ਼ਣ ਲੱਗੀ।
     ਊਧਮ ਸਿੰਘ ਨੇ ਯਤੀਮਖਾਨੇ 'ਚ ਹੀ ਤਰਖਾਣਾ, ਲੁਹਾਰਾ ਤੇ ਪੇਂਟਿੰਗ ਦੇ ਕੰਮ ਸਿੱਖ ਲਏ ਸਨ ਪਰ ਉਹਨੇ ਜ਼ਿੰਦਗੀ ਦਾ ਮਕਸਦ ਸਿਰਫ਼ ਰੁਜ਼ਗਾਰ 'ਤੇ ਲੱਗ ਕੇ ਪੇਟ ਪਾਲਣ ਤੱਕ ਸੀਮਤ ਨਾ ਕੀਤਾ ਸਗੋਂ ਇਕ ਨੌਜਵਾਨ ਵਜੋਂ ਆਪਣੇ ਵਡੇਰੇ ਸਮਾਜਿਕ ਫਰਜ਼ਾਂ ਦੀ ਪਹਿਚਾਣ ਵੀ ਕੀਤੀ। ਕੌਮ ਦੀਆਂ ਪੀੜਾਂ ਨੂੰ ਉਹਨੇ ਗਹਿਰੀ ਤਰਾਂ ਮਹਿਸੂਸ ਕੀਤਾ। ਉਹਦਾ ਨਿਸ਼ਾਨਾ ਸਿਰਫ਼ ਜਲਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲੈਣ ਤੱਕ ਹੀ ਸੀਮਤ ਨਾ ਰਿਹਾ ਸਗੋਂ ਉਹ ਵਤਨ ਦੀ ਆਜ਼ਾਦੀ ਲਈ ਅਤੇ ਲੁੱਟ, ਜਬਰ ਤੇ ਵਿਤਕਰਿਆਂ ਦਾ ਖਾਤਮਾ ਕਰਕੇ ਖੁਸ਼ਹਾਲ ਸਮਾਜ ਸਿਰਜਣ ਲਈ ਜਦੋਜਹਿਦ ਕਰਨ ਦੇ ਵਿਚਾਰਾਂ ਦਾ ਵੀ ਧਾਰਨੀ ਬਣਿਆ। ਉਹਨੇ ਦੇਸ਼ ਦੀ ਜਨਤਾ ਦੀ ਤਕਦੀਰ ਬਦਲਣ ਲਈ ਚੱਲਦੀ ਜਦੋਜਹਿਦ ਨਾਲ ਆਪਣੇ ਆਪ ਨੂੰ ਜੋੜਿਆ। 1923 'ਚ 1857 ਦੇ ਗ਼ਦਰ ਦੀ ਬਰਸੀ ਮੌਕੇ ਬੋਲਦਿਆਂ ਊਧਮ ਸਿੰਘ ਨੇ ਕਿਹਾ :
               ''ਹਿੰਦੋਸਤਾਨ ਦੀ ਆਜ਼ਾਦੀ ਦੀ ਜੰਗ ਦੇ ਉਹਨਾਂ ਬਹਾਦਰ ਸ਼ਹੀਦਾਂ ਨੂੰ ਮੈਂ ਸ਼ਰਧਾਂਜਲੀ ਭੇਂਟ ਕਰਦਾ ਹਾਂ ਜਿਹਨਾਂ ਨੇ ਆਪਣਾ ਖੂਨ ਦੇ ਕੇ ਆਜ਼ਾਦੀ ਦੇ ਝੰਡੇ ਨੂੰ ਉੱਚਿਆਂ ਕੀਤਾ ਹੈ। ਉਹਨਾਂ ਦੇ ਆਜ਼ਾਦ ਆਦਰਸ਼ ਨੂੰ ਅਪਣਾਉਂਦੇ ਹੋਏ ਅਸੀਂ ਹਕੂਮਤ ਦੇ ਹਰ ਵਾਰ ਤੇ ਕਹਿਰ ਨੂੰ ਛਾਤੀਆਂ ਤੇ ਝੱਲਾਂਗੇ। ਅੰਗਰੇਜ਼ ਸਾਮਰਾਜ ਨਾਲ ਸਾਡਾ ਸਮਝੌਤਾ ਅਸੰਭਵ ਹੈ। ਉਸ ਵਿਰੁੱਧ ਸਾਡੀ ਜੰਗ ਦਾ ਉਸ ਵੇਲੇ ਅੰਤ ਹੋਏਗਾ ਜਦ ਸਾਡੀ ਜਿੱਤ ਦਾ ਕੌਮੀ ਝੰਡਾ ਭਾਰਤ ਵਿਚ ਬ੍ਰਿਟਿਸ਼ ਸਾਮਰਾਜ ਦੀ ਕਬਰ ਤੇ ਝੂਲੇਗਾ।''
     ਜਦੋਂ ਬਾਹਰੋਂ ਵਾਪਸ ਪਰਤਣ ਮੌਕੇ ਉਹ ਅੰਮ੍ਰਿਤਸਰ ਤੋਂ ਫੜਿਆ ਗਿਆ ਤਾਂ ਉਹਦੇ ਕੋਲੋਂ ਜਿੱਥੇ ਹਥਿਆਰ ਬਰਾਮਦ ਹੋਏ ਉਥੇ ਵੇਲ਼ੇ ਦਾ ਇਨਕਲਾਬੀ ਸਾਹਿਤ ਵੀ ਮਿਲਿਆ ਜੀਹਦੇ 'ਚ ਰੂਸੀ ਗ਼ਦਰ ਗਿਆਨ ਸਮਾਚਾਰ, ਗ਼ਦਰ ਦੀ ਗੂੰਜ, ਡਾਇਰੀ, ਗੁਲਾਮੀ ਦੀ ਜ਼ਹਿਰ, ਗ਼ਦਰ ਦੀ ਧਰਤੀ ਆਦਿ ਕਿਤਾਬਾਂ ਸ਼ਾਮਲ ਸਨ।
     ਉਹ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਵੱਲੋਂ ਜਥੇਬੰਦ ਕੀਤੀ ਨੌਜਵਾਨ ਭਾਰਤ ਸਭਾ ਦੇ ਸੰਪਰਕ 'ਚ ਵੀ ਰਿਹਾ। ਭਗਤ ਸਿੰਘ ਨਾਲ ਉਹਦੀ ਦੋਸਤੀ ਪਈ। ਵਤਨੋਂ ਦੂਰ ਉਹ ਗ਼ਦਰੀ ਬਾਬਿਆਂ ਦੇ ਸੰਪਰਕ 'ਚ ਰਿਹਾ, ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨਾਲ ਵੀ ਉਹਦੀ ਮੁਲਾਕਾਤ ਦਾ ਜ਼ਿਕਰ ਮਿਲਦਾ ਹੈ। ਉਹ ਨੌਜਵਾਨ ਭਾਰਤ ਸਭਾ ਦੀਆਂ ਮੀਟਿੰਗਾਂ ਤੇ ਇਕੱਠਾਂ 'ਚ ਸ਼ਾਮਲ ਹੁੰਦਾ ਰਿਹਾ। 1925 'ਚ ਨੌਜਵਾਨ ਭਾਰਤ ਸਭਾ ਦੀ ਕਾਨਫਰੰਸ 'ਚ ਬੋਲਦਿਆਂ ਉਹਨੇ ਕਿਹਾ :
     ''ਆਜ਼ਾਦੀ ਦੀ ਬੁਨਿਆਦ ਇਨਕਲਾਬ ਹੈ। ਗੁਲਾਮੀ ਦੇ ਵਿਰੁੱਧ ਇਨਕਲਾਬ, ਮਨੁੱਖ ਦਾ ਧਰਮ ਹੈ। ਇਹ ਮਨੁੱਖ ਦੀ  ਮਨੁੱਖਤਾ ਦਾ ਆਦਰਸ਼ ਹੈ। ਜਿਹੜੀ ਕੌਮ ਅਧੀਨਗੀ ਕਬੂਲ ਕਰਕੇ ਸਿਰ ਨਿਵਾ ਦਿੰਦੀ ਹੈ ਉਹ ਮੌਤ ਨੂੰ ਪ੍ਰਵਾਨ ਕਰਦੀ ਹੈ ਕਿਉਂਕਿ ਆਜ਼ਾਦੀ ਜੀਵਨ ਤੇ ਗੁਲਾਮੀ ਮੌਤ ਹੈ। ਆਜ਼ਾਦੀ ਸਾਡਾ ਜਮਾਂਦਰੂ ਹੱਕ ਹੈ। ਅਸੀਂ ਇਹਨੂੰ ਪ੍ਰਾਪਤ ਕਰਕੇ ਹੀ ਰਹਾਂਗੇ। ਅਸੀਂ ਇਨਕਲਾਬ ਦੇ ਦਰ 'ਤੇ ਆਪਣੀ ਜਵਾਨੀ ਦੀਆਂ ਬਹਾਰਾਂ ਵਾਰਨ ਲਈ ਤਤਪਰ ਹੋ ਗਏ ਹਾਂ ਇਸ ਮਹਾਨ ਆਦਰਸ਼ ਦੀ ਭੇਂਟ ਆਪਣੀ ਜਵਾਨੀ ਤੋਂ ਘੱਟ ਹੋਰ ਹੋ ਵੀ ਕੀ ਸਕਦਾ ਹੈ।''
     ਇਨਕਲਾਬ ਦੇ ਸੰਕਲਪ ਬਾਰੇ ਉਹਦੇ ਵਿਚਾਰਾਂ 'ਚ ਪਰਪੱਕਤਾ ਆਉਂਦੀ ਗਈ। ਇਹਦਾ ਇੱਕ ਪ੍ਰਮਾਣ ਨੌਜਵਾਨ ਭਾਰਤ ਸਭਾ ਦੀ ਕਾਨਫਰੰਸ 'ਚ ਪੇਸ਼ ਕੀਤੇ ਉਹਦੇ ਵਿਚਾਰਾਂ ਤੋਂ ਮਿਲਦਾ ਹੈ :
    ''ਇਨਕਲਾਬ ਦੇ ਅਰਥ ਹਨ ਵਿਦੇਸ਼ੀ ਖੂਨੀ ਜਬਾੜਿਆਂ ਤੋਂ ਛੁਟਕਾਰਾ। ਲੁੱਟ-ਖਸੁੱਟ ਦੇ ਉਸ ਨਿਜ਼ਾਮ ਦਾ ਅੰਤ ਜੋ ਅਮੀਰ ਨੂੰ ਹੋਰ ਅਮੀਰ ਬਣਾਉਣ ਤੇ ਗਰੀਬ ਨੂੰ ਕੰਗਾਲੀ ਦੇ ਪੁੜਾਂ 'ਚ ਪੀਸੇ ਜਾਣ ਲਈ ਮਜ਼ਬੂਰ ਕਰਦਾ ਹੈ। ਸਾਮਰਾਜੀ ਨਿਜ਼ਾਮ ਕਾਰਨ ਲੱਖੂਖਾਂ ਕਿਰਤੀ, ਹਿੰਦੋਸਤਾਨੀ ਕੁੱਲੀ, ਗੁੱਲੀ, ਜੁੱਲੀ ਵਿੱਦਿਆ ਅਤੇ ਇਲਾਜ ਤੱਕ ਦੀਆਂ ਬੁਨਿਆਦੀ ਲੋੜਾਂ ਦੇ ਮੁਹਤਾਜ ਹਨ। ਕਿਹੜਾ ਐਸਾ ਪੱਥਰ ਦਿਲ ਮਨੁੱਖ ਹੈ ਕਿਰਤੀਆਂ ਕਿਸਾਨਾਂ ਦੀ ਬੇਵਸੀ ਤੇ ਲਾਚਾਰੀ ਨੂੰ ਵੇਖ ਕੇ ਜਿਸ ਦਾ ਖੂਨ ਉੱਬਲ ਨਹੀਂ ਪੈਂਦਾ। ਕਹਿਰ ਹੈ ਯਾਰੋ! ਜਿਹੜਾ ਆਪਣੀ ਜ਼ਿੰਦਗੀ ਅਤੇ ਖੂਨ ਨਾਲ ਸਰਮਾਏਦਾਰੀ ਦੇ ਮਹੱਲ ਉਸਾਰਦਾ ਹੈ ਉਹ ਆਪ ਰਾਤ ਨੂੰ ਢਿੱਡੋਂ ਖਾਲੀ ਤੇ ਕੇਵਲ ਆਕਾਸ਼ ਦੀ ਛੱਤ ਥੱਲੇ ਸੌਂਵੇ, ਅਜਿਹੇ ਨਿਜ਼ਾਮ ਨੂੰ ਸਾੜ ਕੇ ਸੁਆਹ ਕਿਉਂ ਨਹੀਂ ਕਰ ਦਿੱਤਾ ਜਾਂਦਾ। ਹੁਣ ਦਾ ਇਨਕਲਾਬ, ਇਨਕਲਾਬ ਦੇ ਵਹਿਣ ਤੇ ਖੜਾ ਹੈ। ਅਸੀਂ ਕਰੋੜਾਂ ਲੋਕੀਂ ਜਿਹੜੇ ਵਿਦੇਸ਼ੀ ਗੁਲਾਮੀ ਦੀ ਅੱਗ 'ਚ ਧੁਖ ਰਹੇ ਹਾਂ ਜੇਕਰ ਆਪਣੀ ਕਿਸਮਤ ਦੇ ਆਪ ਕਰਿੰਦੇ ਬਣ ਜਾਈਏ ਤਾਂ ਇਸਦਾ ਸਿੱਟਾ ਇਨਕਲਾਬ ਹੋਵੇਗਾ ਅਤੇ ਇਹੋ ਇਨਕਲਾਬ ਸਾਡੀ ਆਜ਼ਾਦੀ ਦੀ ਜ਼ਾਮਨੀ ਹੈ।'' 
     ਊਧਮ ਸਿੰਘ ਦੇਸ਼ ਭਗਤਾਂ ਨਾਲ ਕੰਮ ਕਰਦਾ, ਇਕ ਤੋਂ ਦੂਜੇ ਮੁਲਕ ਹੁੰਦਾ ਹੋਇਆ ਅਫਰੀਕਾ ਤੋਂ ਅਮਰੀਕਾ ਪਹੁੰਚਿਆ। ਭਗਤ ਸਿੰਘ ਦੇ ਕਹਿਣ ਤੇ ਉਹ ਭਾਰਤ ਵਾਪਸ ਪਰਤਿਆ। ਏਥੇ ਪੁਲਸ ਨੇ ਘੇਰਿਆ, ਉਹਦੋਂ ਕੋਲੋਂ ਪਸਤੌਲ ਫੜਿਆ ਗਿਆ ਤੇ ਪੰਜ ਸਾਲ ਦੀ ਸਜ਼ਾ ਹੋਈ। ਰਿਹਾਅ ਹੋ ਕੇ ਉਹ ਰਾਮ ਮੁਹੰਮਦ ਸਿੰਘ ਆਜ਼ਾਦ ਪੇਂਟਰ ਦੇ ਨਾਂ ਹੇਠ ਅੰਮ੍ਰਿਤਸਰ 'ਚ ਦੁਕਾਨ ਕਰਨ ਲੱਗਾ ਜਿਹੜੀ ਨੌਜਵਾਨ ਭਾਰਤ ਸਭਾ ਦੀਆਂ ਸਰਗਰਮੀਆਂ ਦੇ ਸੰਚਾਲਨ ਦਾ ਅੱਡਾ ਬਣੀ ਰਹੀ।
     1933 'ਚ ਉਹ ਇੰਗਲੈਂਡ ਪਹੁੰਚਿਆ। ਉਹਨੇ ਵੱਖ-2 ਤਰਾਂ ਦੇ ਕੰਮ ਕੀਤੇ ਪਰ ਉਹ ਆਪਣੇ ਸ਼ਿਕਾਰ ਦੀ ਭਾਲ 'ਚ ਰਿਹਾ। ਉਹਦਾ ਵਿਸ਼ਵਾਸ਼ ਸੀ ਕਿ ਹਜ਼ਾਰਾਂ ਬੇਦੋਸ਼ੇ ਭਾਰਤੀਆਂ ਦੇ ਕਾਤਲ, ਅਨੇਕਾਂ ਹੀ ਬਹਾਦਰ ਯੋਧਿਆਂ ਨੂੰ ਫਾਂਸੀ ਤੇ ਲਟਕਾਉਣ, ਉਮਰ ਕੈਦਾਂ 'ਚ ਭੇਜਣ ਤੇ ਆਜ਼ਾਦੀ ਸੰਗਰਾਮ ਨੂੰ ਕੁਚਲਣ ਦਾ ਸਿਰਤੋੜ ਯਤਨ ਕਰਨ ਵਾਲੇ ਸਾਬਕਾ ਗਵਰਨਰ ਮਾਈਕਲ ਉਡਵਾਇਰ ਨੂੰ ਮਾਰ ਕੇ ਉਹ ਕੌਮੀ ਸਵੈਮਾਣ ਨੂੰ ਉੱਚਾ ਕਰੇਗਾ ਤੇ ਇਹ ਕਾਰਨਾਮਾ ਨੌਜਵਾਨਾਂ 'ਚ ਜੋਸ਼ ਤੇ ਕ੍ਰਾਂਤੀ ਦੀ ਭਾਵਨਾ ਪੈਦਾ ਕਰੇਗਾ।
     13 ਮਾਰਚ 1940 ਦੀ ਸ਼ਾਮ ਨੂੰ ਉਹ ਲੰਡਨ ਦੇ ਕੈਕਸਟਨ ਹਾਲ ਜਾ ਪਹੁੰਚਿਆ ਜਿਥੇ ਇੱਕ ਇਕੱਤਰਤਾ 'ਚ ਮਾਈਕਲ ਉਡਵਾਇਰ ਭਾਰਤੀ ਲੋਕਾਂ 'ਤੇ ਕੀਤੇ ਜਬਰ ਦੀਆਂ ਸ਼ੇਖੀਆਂ ਮਾਰ ਰਿਹਾ ਸੀ। ਊਧਮ ਸਿੰਘ ਦੀਆਂ ਗੋਲੀਆਂ ਨੇ ਉਹਨੂੰ ਥਾਏਂ ਚਿੱਤ ਕਰ ਦਿੱਤਾ। ਭੱਜਣ ਦੀ ਬਜਾਏ ਊਧਮ ਸਿੰਘ ਨੇ ਹੱਸ ਕੇ ਗ੍ਰਿਫਤਾਰੀ ਦਿੱਤੀ ਤੇ ਆਪਣਾ ਨਾਂ ਰਾਮ ਮਹੁੰਮਦ ਸਿੰਘ ਆਜ਼ਾਦ ਦੱਸਿਆ। ਗ੍ਰਿਫਤਾਰੀ ਮੌਕੇ ਉਹਨੇ ਕਿਹਾ :
''. . . . . . . ਮੈਂ ਇਹ ਸਭ ਕੁਝ ਸੋਚ ਸਮਝ ਕੇ ਕੀਤਾ ਹੈ। ਉਡਵਾਇਰ ਏਸੇ ਤਰਾਂ ਦੀ ਮੌਤ ਦਾ ਹੱਕਦਾਰ ਸੀ। ਇਹ ਅਣਗਿਣਤ ਬੇਦੋਸ਼ੇ ਲੋਕਾਂ ਅਤੇ ਦੇਸ਼-ਭਗਤ ਇਨਕਲਾਬੀਆਂ ਦੇ ਖੂਨ ਨਾਲ ਹੱਥ ਰੰਗਣ ਦਾ ਦੋਸ਼ੀ ਹੈ। ਇਹ ਸਭ ਕੁਝ ਮੈਂ ਆਪਣੇ ਵਤਨ ਦੀ ਆਬਰੂ ਲਈ ਕੀਤਾ ਹੈ. . . . ..।''
     ਆਪਣੇ ਕਿਰਦਾਰ ਅਨੁਸਾਰ, ਊਧਮ ਸਿੰਘ ਦੀ ਇਸ ਬਹਾਦਰਾਨਾ ਕਾਰਵਾਈ ਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਰਾਮਗੜ ਵਿਖੇ ਹੋ ਰਹੇ ਇਜਲਾਸ 'ਚ ਮਹਾਤਮਾ ਗਾਂਧੀ ਨੇ ਇਉਂ ਟਿੱਪਣੀ ਕੀਤੀ :
                 ''ਸਰ ਮਾਈਕਲ ਉਡਵਾਇਰ ਦੀ ਮੌਤ, ਲਾਰਡ ਜੈਟਲੈਂਡ, ਲਾਰਡ ਲਸਿੰਗਟਨ ਅਤੇ ਸਰ ਲੂਈ ਡੇਨ ਦੇ ਜਖ਼ਮੀ ਹੋਣ ਨਾਲ ਮੈਨੂੰ ਡੂੰਘਾ ਦੁੱਖ ਹੋਇਆ ਹੈ। ਮੈਂ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਾ ਹਾਂ ਤੇ ਜ਼ਖ਼ਮੀ ਛੇਤੀ ਤੰਦਰੁਸਤ ਹੋ ਜਾਣਗੇ। ਮੈਂ ਇਸ ਕਾਰਨਾਮੇ ਨੂੰ ਪਾਗਲਪਣ ਸਮਝਦਾ ਹਾਂ। ਇਹੋ ਜਿਹੇ ਕਾਰਨਾਮੇ ਉਹਨਾਂ ਮੰਤਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਜਿੰਨਾਂ ਲਈ ਉਹ ਕੀਤੇ ਜਾਂਦੇ ਹਨ। ਮੈਨੂੰ ਆਸ ਹੈ ਕਿ ਰਾਜਸੀ ਫੈਸਲੇ ਵੇਲੇ ਇਸਨੂੰ ਅਸਰ ਅੰਦਾਜ਼ ਨਹੀਂ ਹੋਣ ਦਿੱਤਾ ਜਾਵੇਗਾ।''
      ਇਸਤੋਂ ਬਿਨਾਂ ਕਾਂਗਰਸ ਦੇ ਪ੍ਰਧਾਨ ਮੌਲਾਨਾ ਆਜ਼ਾਦ, ਰਿਆਸਤੀ ਰਾਜਿਆਂ ਦੀ ਐਸੋਸੀਏਸ਼ਨ ਤੇ ਕਪੂਰਥਲੇ ਦੇ ਮਹਾਰਾਜਾ ਜਗਤਜੀਤ ਸਿੰਘ ਵਰਗੇ ਸਭ ਹੀ ਉਡਵਾਇਰ ਦੀ ਮੌਤ ਤੇ ਅਫ਼ਸੋਸ ਪ੍ਰਗਟ ਕਰਦੇ ਰਹੇ।
     31 ਜੁਲਾਈ 1940 ਨੂੰ ਵਤਨੋਂ ਦੂਰ ਇਸ ਬਹਾਦਰ ਯੋਧੇ ਨੂੰ ਫਾਂਸੀ ਦੇ ਦਿੱਤੀ ਗਈ। ਊਧਮ ਸਿੰਘ ਭਾਵੇਂ ਨਹੀਂ ਰਿਹਾ। ਉਹਦੀ ਜਗਾਈ ਮਸ਼ਾਲ ਬਲਦੀ ਰਹੀ, ਹੋਰ ਉੱਚੀ ਹੁੰਦੀ ਰਹੀ। ਉਹਨੇ ਆਪਣੇ ਸਮਿਆਂ ਦੇ ਨੌਜਵਾਨਾਂ ਲਈ ਤਾਂ ਮਿਸਾਲ ਬਣਿਆ ਹੀ ਸਗੋਂ ਅੱਜ ਵੀ ਸਾਡੇ ਸਭਨਾਂ ਲਈ ਪ੍ਰੇਰਨਾ ਦਾ ਸੋਮਾ ਹੈ। ਉਹ ਆਪਣੀ 'ਜਵਾਨੀ ਦੀ ਬਹਾਰ' ਇਨਕਲਾਬ ਦੇ ਲੇਖੇ ਲਾਈ। ਉਹਦਾ ਆਜ਼ਾਦ, ਖੁਸ਼ਹਾਲ ਤੇ ਲੁੱਟ ਰਹਿਤ ਮੁਲਕ ਦਾ ਸੁਪਨਾ ਅਜੇ ਪੂਰਾ ਨਹੀਂ ਹੋਇਆ। 1947 ਨੂੰ ਸਾਮਰਾਜੀਆਂ ਦੇ ਦਲਾਲਾਂ ਨੇ ਰਾਜ ਭਾਗ ਸਾਂਭ ਕੇ ਊਧਮ ਸਿੰਘ ਵਰਗੇ ਅਨੇਕਾਂ ਇਨਕਲਾਬੀਆਂ ਤੇ ਦੇਸ਼ ਭਗਤਾਂ ਦੇ ਕਾਜ਼ ਨਾਲ ਗਦਾਰੀ ਕੀਤੀ। ਸਾਮਰਾਜੀ ਲੁੱਟ ਤੇ ਗਲਬਾ ਹੋਰ ਵਧਦਾ ਗਿਆ ਹੈ ਤੇ ਅੱਜ ਸਾਡਾ ਵਤਨ ਸਾਮਰਾਜੀ ਮੁਲਕਾਂ ਤੇ ਉਹਨਾਂ ਦੇ ਦਲਾਲਾਂ ਦੀ ਅੰਨੀ ਲੁੱਟ ਦਾ ਸ਼ਿਕਾਰ ਹੈ। ਜਦੋਂ ਤੱਕ ਦੇਸ਼ 'ਚੋਂ ਸਾਮਰਾਜੀ ਲੁੱਟ ਤੇ ਗਲਬੇ ਨੂੰ ਖਤਮ ਕਰਕੇ, ਮਿਹਨਤਕਸ਼ ਲੋਕਾਂ ਦੀ ਪੁੱਗਤ ਵਾਲੇ ਬਰਾਬਰੀ ਭਰੇ ਰਾਜ-ਭਾਗ ਦੀ ਸਿਰਜਣਾ ਨਹੀਂ ਹੋ ਜਾਂਦੀ ਉਹਦੀ ਮਸ਼ਾਲ ਤੋਂ ਰੋਸ਼ਨੀ ਲੈ ਕੇ ਹਜ਼ਾਰਾਂ ਲੱਖਾਂ ਨੌਜਵਾਨ ਮੈਦਾਨ-ਏ-ਜੰਗ 'ਚ ਨਿੱਤਰਦੇ ਰਹਿਣਗੇ ਤੇ ਆਪਣੀਆਂ ਜਵਾਨੀਆਂ ਮੁਲਕ ਤੋਂ ਕੁਰਬਾਨ ਕਰਦੇ ਰਹਿਣਗੇ। 31 ਜੁਲਾਈ ਦਾ ਦਿਹਾੜਾ, ਆਪਣੀਆਂ ਜਵਾਨੀਆਂ ਨੂੰ ਮੁਲਕ ਦੇ ਲੇਖੇ ਲਾਉਣ ਲਈ ਅਹਿਦ ਕਰਨ ਦਾ ਦਿਹਾੜਾ ਹੈ।