Saturday, 6 August 2011


ਨੌਜਵਾਨ ਭਾਰਤ ਸਭਾ ਦੀ ਇਲਾਕਾ ਕਮੇਟੀ ਦੀ ਚੋਣ
Posted On August - 6 - 2011
ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 5 ਅਗਸਤ

ਨੌਜਵਾਨ ਭਾਰਤ ਸਭਾ ਵੱਲੋਂ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਦੀ ਯਾਦ ‘ਚ ਪਿੰਡ ਭਾਗੀਕੇ ‘ਚ ਸਮਾਗਮ ਕੀਤਾ ਗਿਆ। ਇਸ ਸਮੇਂ ਇਲਾਕਾ ਮੋਗਾ-ਨਿਹਾਲ ਸਿੰਘ ਵਾਲਾ ਦੀ ਜਥੇਬੰਦਕ ਕਮੇਟੀ ਦੀ ਚੋਣ ਕੀਤੀ ਗਈ। ਸਭਾ ਦੇ ਆਗੂ ਗੁਰਮੁੱਖ ਸਿੰਘ ਹਿੰਮਤਪੁਰਾ ਨੇ ਦੱਸਿਆ ਕਿ ਚੋਣ ਤੋਂ ਪਹਿਲਾਂ ਇਲਾਕੇ ਦੇ ਦਸ ਪਿੰਡਾਂ ਵਿੱਚ ਮੁਹਿੰਮ ਚਲਾ ਕੇ ਸ਼ਹੀਦਾਂ ਦੀ ਵਿਰਾਸਤ ਨੂੰ ਮਿਹਨਤਕਸ਼ ਵਰਗ ਤੱਕ ਲਿਜਾਇਆ ਗਿਆ।
ਇਸ ਮੌਕੇ ਬੋਲਦਿਆਂ ਸੂਬਾ ਜਥੇਬੰਦਕ ਸਕੱਤਰ ਪਵੇਲ ਕੁੱਸਾ ਅਤੇ ਸੂਬਾ ਕਮੇਟੀ ਮੈਂਬਰ ਕਰਮ ਰਾਮਾ ਨੇ ਕਿਹਾ ਕਿ ਬੇਰੁਜ਼ਗਾਰੀ, ਮਹਿੰਗੀ ਵਿਦਿਆ, ਨਸ਼ੇ ਅਤੇ ਪੱਛਮੀ ਸੱਭਿਆਚਾਰ ਦਾ ਹਮਲਾ ਨੌਜਵਾਨਾਂ ਨੂੰ ਨਿਰਾਸ਼ਾ ਦੇ ਆਲਮ ਵਿੱਚ ਸੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦਾ ਅਸਲ ਮਕਸਦ ਦੇਸ਼ ਅੰਦਰ ਅਜਿਹਾ ਰਾਜ ਪ੍ਰਬੰਧ ਸਥਾਪਤ ਕਰਨਾ ਸੀ, ਜਿਸ ਅੰਦਰ ਅਮੀਰ ਤੇ ਗਰੀਬ ਵਿਚਾਲੇ ਪਾੜਾ ਖ਼ਤਮ ਹੋਵੇਗਾ। ਲੋਕਾਂ ਨੂੰ ਸਹੀ ਅਰਥਾਂ ‘ਚ ਆਜ਼ਾਦੀ ਹੋਵੇਗੀ। ਇਸ ਮੌਕੇ ਗੁਰਮੁੱਖ ਸਿੰਘ, ਤਰਸੇਮ ਰਾਮਾ ਅਤੇ ਸੁਰਿੰਦਰ ਸਿੰਘ ਭਾਗੀਕੇ ਨੇ ਵੀ ਵਿਚਾਰ ਪੇਸ਼ ਕੀਤੇ। ਮੰਚ ਸੰਚਾਲਕ ਦੇ ਫ਼ਰਜ਼ ਜਗਰਾਜ ਸਿੰਘ ਕੁੱਸਾ ਨੇ ਨਿਭਾਏ। ਸਰਬਸੰਮਤੀ ਨਾਲ ਕੀਤੀ ਗਈ ਚੋਣ ਨਾਲ ਇਲਾਕਾ ਜਥੇਬੰਦਕ ਕਮੇਟੀ ਵਿੱਚ ਕਰਮ ਰਾਮਾ, ਗੁਰਮੁੱਖ ਹਿੰਮਤਪੁਰਾ, ਸੁਰਿੰਦਰ ਭਾਗੀਕੇ, ਜੁਗਰਾਜ ਕੁੱਸਾ, ਤਰਸੇਮ ਰਾਮਾ, ਮਨਵੀਰ ਸੈਦੋਕੇ ਅਤੇ ਸੁਖਜੀਤ ਸੁੱਖੀ ਮਾਛੀਕੇ ਨੂੰ ਲਿਆ ਗਿਆ। ਕਰਮਾ ਰਾਮਾ ਨੂੰ ਇਲਾਕਾ ਜਥੇਬੰਦਕ ਸਕੱਤਰ ਲਿਆ ਗਿਆ। ਇਸ ਸਮੇਂ ਮਤਾ ਪਾਸ ਕਰ ਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਦੀ 161 ਏਕੜ ਜ਼ਮੀਨ ਜਬਰੀ ਹਾਸਲ ਕਰਨ, ਪ੍ਰਾਈਵੇਟ ਕੰਪਨੀਆਂ ਨੂੰ ਜ਼ਮੀਨਾਂ ਸੌਂਪਣ ਅਤੇ ਸੰਘਰਸ਼ ਕਰਦੇ ਕਿਸਾਨਾਂ ‘ਤੇ ਤਸ਼ੱਦਦ ਕਰਨ ਦੀ ਨਿਖੇਧੀ ਕੀਤੀ ਗਈ

No comments:

Post a Comment