ਇਨਕਲਾਬੀ ਰੰਗਮੰਚ ਲਹਿਰ ਦੇ ਸ਼ਾਹ-ਅਸਵਾਰ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਭੇਟ
ਅੱਜ ਪਿੰਡ ਕੁੱਸਾ ਵਿੱਚ ਪੰਜਾਬ ਦੇ ਕੋਨੇ ਕੋਨੇ 'ਚੋਂ ਆਏ ਪੰਦਰਾਂ ਹਜ਼ਾਰ ਤੋਂ ਵੱਧ ਲੋਕਾਂ ਦੇ ਭਾਰੀ ਹਜੂਮ ਨੇ ਪੰਜਾਬ ਦੀ ਇਨਕਲਾਬੀ ਰੰਗਮੰਚ ਲਹਿਰ ਦੇ ਸ਼ਾਹ-ਅਸਵਾਰ ਗੁਰਸ਼ਰਨ ਸਿੰਘ ਨੂੰ ਛਲਕਦੇ ਜਜ਼ਬਾਤਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਉੱਘੇ ਲੋਕ ਆਗੂਆਂ ਅਤੇ ਸਾਹਿਤ ਕਲਾ-ਜਗਤ ਦੀਆਂ ਨਾਮਵਰ ਅਤੇ ਸਿਰਕੱਢ ਹਸਤੀਆਂ 'ਤੇ ਅਧਾਰਤ ''ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ'' ਦੇ ਸੱਦੇ ਦਾ ਭਰਪੂਰ ਹੁੰਗਾਰਾ ਭਰਦਿਆਂ ਉਮਡ ਕੇ ਆਏ ਲੋਕਾਂ ਦੇ ਹੜ੍ਹ ਨੇ ਉਸੇ ਥਾਂ 'ਤੇ ਲਾਏ ਪੰਡਾਲ ਨੂੰ ਨੱਕੋ ਨੱਕ ਭਰ ਦਿੱਤਾ ਜਿਥੇ 11 ਜਨਵਰੀ 2006 ਨੂੰ ਹਜ਼ਾਰਾਂ ਲੋਕਾਂ ਨੇ ਨਿਵੇਕਲੇ ਅਤੇ ਮਿਸਾਲੀ ਢੰਗ ਨਾਲ ਗੁਰਸ਼ਰਨ ਸਿੰਘ ''ਇਨਕਲਾਬੀ ਨਿਹਚਾ' ਸਨਮਾਨ'' ਨਾਲ ਸਤਿਕਾਰਿਆ ਸੀ।
ਝੋਨੇ ਦਾ ਸੀਜਨ ਸ਼ੁਰੂ ਹੋ ਜਾਣ ਅਤੇ ਚੁਣੌਤੀ ਭਰੇ ਸੰਘਰਸ਼ ਦੇ ਰੁਝੇਵਿਆਂ ਦੇ ਬਾਵਜੂਦ ਕਿਸਾਨਾਂ, ਖੇਤ ਮਜ਼ਦੂਰਾਂ, ਸਨਅੱਤੀ ਮਜ਼ਦੁਰਾਂ, ਔਰਤਾਂ, ਨੌਜਵਾਨਾਂ, ਮੁਲਾਜ਼ਮਾਂ ਅਤੇ ਰੰਗਕਰਮੀਆਂ ਦੇ ਕਾਫਲੇ ਵਹੀਰਾਂ ਘੱਤ ਕੇ ਸਮਾਗਮ ਵਿੱਚ ਪੁੱਜੇ। ਸਾਹਿਤ ਅਤੇ ਕਲਾ ਜਗਤ ਨਾਲ ਸਬੰਧਤ ਸਖਸ਼ੀਅਤਾਂ ਅਤੇ ਰੰਗਕਰਮੀ ਪੰਡਾਲ ਵਿੱਚ ਭਾਰਤੀ ਲੋਕ ਪੱਖੀ ਰੰਗਮੰਚ ਦੀ ਸਿਰਕੱਢ ਹਸਤੀ 'ਨਾਟਕਕਾਰ ਬਾਦਲ ਸਰਕਾਰ' ਨੂੰ ਸਮਰਪਤ ਵਿਸ਼ੇਸ਼ ਗੈਲਰੀ ਵਿੱਚ ਹਾਜ਼ਰ ਸਨ। ਸਟੇਜ 'ਤੇ ਮੌਜੂਦ ਸਖਸ਼ੀਅਤਾਂ ਵਿੱਚ ਡਾ. ਆਤਮਜੀਤ ਸਿੰਘ, ਕੇਵਲ ਧਾਲੀਵਾਲ, ਅਜਮੇਰ ਔਲਖ, ਡਾ. ਸਾਹਿਬ ਸਿੰਘ, ਪ੍ਰੋ. ਪਾਲੀ ਭੁਪਿੰਦਰ, ਸ਼ਬਦੀਸ਼, ਅਤਰਜੀਤ, ਰਾਮ ਸਰਵਰਨ ਸਿੰਘ ਲੱਖੇਵਾਲੀ, ਗੁਰਮੀਤ ਸਿੰਘ (ਦੇਸ਼ ਭਗਤ ਯਾਦਗਾਰ ਕਮੇਟੀ) ਅਮੋਲਕ ਸਿੰਘ, ਝੰਡਾ ਸਿੰਘ ਜੇਠੂਕੇ, ਜੋਰਾ ਸਿੰਘ ਨਸਰਾਲੀ, ਪੁਸ਼ਪ ਲਤਾ, ਦਰਸ਼ਨ ਸਿੰਘ ਕੂਹਲੀ, ਪਵੇਲ ਕੁੱਸਾ, ਸ਼ਰਧਾਂਜਲੀ ਸਮਾਗਮ ਕਮੇਟੀ ਦੇ ਕਨਵੀਨਰ ਜਸਪਾਲ ਜੱਸੀ ਅਤੇ ਗੁਰਸ਼ਰਨ ਸਿੰਘ ਦੀ ਧੀ ਅਰੀਤ ਕੌਰ ਸ਼ਾਮਲ ਸਨ। ਉੱਘੀ ਸਮਾਜਿਕ ਕਾਰਕੁੰਨ, ਲੇਖਿਕਾ ਅਤੇ ਪੱਤਰਕਾਰ ਅਰੁੰਧਤੀ ਰਾਏ ਅਤੇ ਦਸਤਾਵੇਜੀ ਫਿਲਮਸਾਜ ਸੰਕੇ ਕਾਕ ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪੁੱਜੇ। ਔਰਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਨੌਜਵਾਨ ਵਾਲੰਟੀਅਰ ਵੱਡੀ ਗਿਣਤੀ ਵਿੱਚ ਆਪੋ ਆਪਣੇ ਮੋਰਚਿਆਂ ਉੱਤੇ ਤਾਇਨਾਤ ਸਨ। ਬਸੰਤੀ ਚੁੰਨੀਆਂ ਲਈ ਵਾਲੰਟੀਅਰ ਡਿਊਟੀ ਨਿਭਾ ਰਹੀਆਂ ਮੁਟਿਆਰਾਂ ਦਾ ਉਤਸ਼ਾਹ ਅਤੇ ਸੇਵਾ ਭਾਵਨਾ ਡੁੱਲ੍ਹ ਡੁੱਲ੍ਹ ਪੈ ਰਹੀ ਸੀ। ਚਾਰੇ ਪਾਸੇ ''ਗੁਰਸ਼ਰਨ ਸਿੰਘ ਅਮਰ ਰਹੇ'', ''ਭਾਅ ਜੀ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ'' ਅਤੇ ''ਭਾਅ ਜੀ ਤੇਰਾ ਕਾਜ ਅਧੂਰਾ ਲਾ ਕੇ ਜ਼ਿੰਦੜੀਆਂ ਕਰਾਂਗੇ ਪੂਰਾ'' ਦੇ ਨਾਅਰੇ ਗੂੰਜ ਰਹੇ ਸਨ।
ਪੰਡਾਲ ਦੇ ਇੱਕ ਕੋਨੇ ਵਿੱਚ ਗੁਰਸ਼ਰਨ ਸਿੰਘ ਦੇ ਜੀਵਨ ਨਾਲ ਸਬੰਧਤ ਤਸਵੀਰਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲੱਗੀ ਹੋਈ ਸੀ। ਇਸ ਨੂੰ ਸੁਚੇਤਕ ਕਲਾ ਮੰਚ ਮੋਹਾਲੀ ਦੇ ਰੰਗਕਰਮੀਆਂ ਵੱਲੋਂ ਤਿਆਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਵੱਖ ਵੱਖ ਪ੍ਰਕਾਸ਼ਕਾਂ ਵੱਲੋਂ ਕਿਤਾਬਾਂ ਦੇ ਸਟਾਲ ਲਗਾਏ ਗਏ ਸਨ।
ਸਟੇਜ ਸੰਚਾਲਨ ਅਮੋਲਕ ਸਿੰਘ ਵੱਲੋਂ ਕੀਤਾ ਜਾ ਰਿਹਾ ਸੀ। ਸਮਾਗਮ ਦਾ ਆਰੰਭ ਗੁਰਸ਼ਰਨ ਸਿੰਘ ਨੂੰ ਸਮੁੱਚੇ ਇਕੱਠ ਵੱਲੋਂ ਖੜ੍ਹੇ ਹੋ ਕੇ ਦਿੱਤੀ ਸ਼ਰਧਾਂਜਲੀ ਨਾਲ ਹੋਇਆ ਅਤੇ ਇਸ ਤੋਂ ਤੁਰੰਤ ਬਾਅਦ ''ਲੋਕ ਕਲਾ ਕੇਂਦਰ ਬਰਨਾਲਾ'' (ਹਰਵਿੰਦਰ ਦੀਵਾਨਾ) ਦੇ ਕਲਾਕਾਰ ''ਹਮ ਜੰਗੇ ਆਵਾਮੀ ਸੇ- ਕੁਹਰਾਮ ਮਚਾ ਦੇਂਗੇ'' ਐਕਸ਼ਨ ਗੀਤ ਗਾਉਂਦੇ ਹੋਏ, ਸਟੇਜ 'ਤੇ ਆ ਗਏ ਅਤੇ ਸਾਰਾ ਪੰਡਾਲ ਗੁਰਸ਼ਰਨ ਸਿੰਘ ਦੇ ਇਸ ਪ੍ਰੇਰਨਾਮਈ ਸੰਦੇਸ਼ ਦੀ ਗੂੰਜ ਨਾਲ ਧੜਕ ਉੱਠਿਆ। ਇਸ ਦੇ ਨਾਲ ਹੀ ਕੇਵਲ ਧਾਲੀਵਾਲ, ਹਰਕੇਸ਼ ਚੌਧਰੀ ਦੀਆਂ ਰੰਗ-ਟੋਲੀਆਂ ਵੱਲੋਂ ਜੋਸ਼ੋ-ਖਰੋਸ਼ ਭਰੇ ਅਤੇ ਸੰਦੇਸ਼ਮਈ ਐਕਸ਼ਨ ਗੀਤ ਪੇਸ਼ ਕੀਤੇ ਗਏ। ਮਾਸਟਰ ਰਾਮ ਕੁਮਾਰ, ਜਗਸੀਰ ਜੀਦਾ, ਜਸਵਿੰਦਰ ਕੌਰ ਅਤੇ ਅੰਮ੍ਰਿਤਪਾਲ ਨੇ ਗੀਤ ਪੇਸ਼ ਕੀਤੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਗੁਰਸ਼ਰਨ ਸਿੰਘ ਨੂੰ ਲੋਕ ਪੱਖੀ ਰੰਗਮੰਚ ਅਤੇ ਲੋਕਾਂ ਦੀ ਇਨਕਲਾਬੀ ਲਹਿਰ ਦੇ ਸੰਗਮ ਦਾ ਮਜਬੂਤ ਥੰਮ੍ਹ ਕਰਾਰ ਦਿੱਤਾ। ਕਿਹਾ ਗਿਆ ਕਿ ਗੁਰਸ਼ਰਨ ਸਿੰਘ ਨੇ ''ਦਾਤੀਆਂ, ਕਲਮਾਂ ਅਤੇ ਹਥੌੜਿਆਂ'' ਦੀ ਏਕਤਾ ਦਾ ਉਹ ਤ੍ਰਿਸ਼ੂਲ ਸਿਰਜਣ ਵਿੱਚ ਆਗੂ ਰੋਲ ਅਦਾ ਕੀਤਾ, ਜਿਸ ਦਾ ਸੱਦਾ ਪ੍ਰੋ. ਮੋਹਨ ਸਿੰਘ ਨੇ ਆਪਣੀ ਕਵਿਤਾ ਰਾਹੀਂ ਦਿੱਤਾ ਸੀ। ਉਹਨਾਂ ਨੇ ਭਾਈ ਲਾਲੋਆਂ ਦੇ ਰੰਗਮੰਚ ਦੀ ਉਸਾਰੀ ਕੀਤੀ ਅਤੇ ਇਸ ਨੂੰ ਅਗਾਂਹਵਧੂ ਸਭਿਆਚਾਰਕ ਕਦਰਾਂ-ਕੀਮਤਾਂ ਦੀ ਬੁਲੰਦ ਆਵਾਜ਼ ਨਾਲ ਗੂੰਜਣ ਲਾ ਦਿੱਤਾ। ਉਹਨਾਂ ਦੀ ਬਹੁਪੱਖੀ ਸਖਸ਼ੀਅਤ ਦੇ ਲਿਸ਼ਕਾਰੇ ਨੇ ਨਾ ਸਿਰਫ ਰੰਗਮੰਚ ਨੂੰ ਸਗੋਂ ਸੰਗਰਾਮੀ ਜੀਵਨ ਦੇ ਕਿੰਨੇ ਹੀ ਖੇਤਰਾਂ ਨੂੰ ਰੁਸ਼ਨਾਇਆ।
ਸਮਾਗਮ ਦੌਰਾਨ ਗੁਰਸ਼ਰਨ ਸਿੰਘ ਦੀ ਜੀਵਨ ਘਾਲਣਾ ਨੂੰ ਸਮਰਪਤ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਦਸਤਾਵੇਜੀ ਮੈਗਜ਼ੀਨ 'ਸਲਾਮ' ਸਟੇਜ ਤੋਂ ਡਾ. ਆਤਮਜੀਤ ਸਿੰਘ ਵੱਲੋਂ ਜਾਰੀ ਕੀਤਾ ਗਿਆ। ਉੱਘੇ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੇ ਸਭਨਾਂ ਲੋਕਾਂ ਦੀ ਤਰਫੋਂ ਰੰਗਕਰਮੀਆਂ ਦੇ ਇਸ ਐਲਾਨ ਦਾ ਸਵਾਗਤ ਕੀਤਾ ਕਿ ਗੁਰਸ਼ਰਨ ਸਿੰਘ ਦੀ ਬਰਸੀ ਹਰ ਸਾਲ ''ਇਨਕਲਾਬੀ ਪੰਜਾਬੀ ਰੰਗਮੰਚ ਦਿਵਸ'' ਵਜੋਂ ਮਨਾਈ ਜਾਵੇਗੀ।
ਉਹਨਾਂ ਕਿਹਾ ਕਿ ਮਿਹਨਤਕਸ਼ ਅਤੇ ਦੱਬੇ-ਕੁਚਲੇ ਲੋਕ ਗੁਰਸ਼ਰਨ ਸਿੰਘ ਨੂੰ ਕਦੇ ਨਹੀਂ ਭੁੱਲਣਗੇ। ਉਹਨਾਂ ਵੱਲੋਂ ਪੈਦਾ ਕੀਤੀ ਜਾਗਰਤੀ, ਨੂੰ ਗੂੜ੍ਹੀ ਕਰਨਗੇ। ਲੋਕ-ਪੱਖੀ ਸਾਹਿਤਕਾਰਾਂ, ਕਲਾਕਾਰਾਂ ਨੂੰ ਪਲਕਾਂ 'ਤੇ ਬਿਠਾ ਕੇ ਸਤਿਕਾਰ ਦੇਣਗੇ ਅਤੇ ਇਨਕਲਾਬੀ ਪੰਜਾਬੀ ਰੰਗਮੰਚ ਦਿਵਸ ਨੂੰ ਕਿਰਤੀ ਲੋਕਾਂ ਦਾ ਰੰਗਮੰਚ ਦਿਹਾੜਾ ਬਣਾ ਦੇਣਗੇ।
ਇਸ ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕੇਵਲ ਧਾਲੀਵਾਲ, ਅਜਮੇਰ ਸਿੰਘ ਔਲਖ, ਡਾ. ਆਤਮਜੀਤ, ਡਾ. ਸਾਹਿਬ ਸਿੰਘ, ਸ਼ਬਦੀਸ਼, ਅਤਰਜੀਤ, ਡਾ. ਪ੍ਰਮਿੰਦਰ ਸਿੰਘ, ਪੁਸ਼ਪ ਲਤਾ, ਗੁਰਸ਼ਰਨ ਸਿੰਘ ਦੀ ਬੇਟੀ ਡਾ. ਅਰੀਤ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਨੁਮਾਇੰਦੇ ਗੁਰਮੀਤ ਸਿੰਘ, ਅਰੁੰਧਤੀ ਰਾਏ, ਅਤੇ ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ ਦੇ ਕਨਵੀਨਰ ਜਸਪਾਲ ਜੱਸੀ ਸ਼ਾਮਲ ਸਨ।
ਨਾਅਰੇ ਮਾਰ ਕੇ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਦੇ ਰਿਹਾ ਲੋਕਾਂ ਦਾ ਵਿਸ਼ਾਲ ਇਕੱਠ |
ਗੁਰਸ਼ਰਨ ਸਿੰਘ ਦੀ ਬੇਟੀ ਡਾ. ਅਰੀਤ ਸੰਬੋਧਨ ਕਰਦੇ ਹੋਏ |
ਅਰੁੰਧਤੀ ਰਾਏ ਅਤੇ ਡਾ. ਪਰਮਿੰਦਰ |
ਗੁਰਸ਼ਰਨ ਸਿੰਘ ਦੀ ਜੀਵਨ ਘਾਲਣਾ ਨੂੰ ਸਮਰਪਤ ਵਿਸ਼ੇਸ਼ ਦਸਤਾਵੇਜੀ ਮੈਗਜ਼ੀਨ 'ਸਲਾਮ' ਨੂੰ ਜਾਰੀ ਕਰਦੇ ਹੋਏ |
ਇਕੱਠ 'ਚ ਸ਼ਾਮਲ ਔਰਤਾਂ ਦੀ ਵੱਡੀ ਗਿਣਤੀ |
No comments:
Post a Comment