ਬਠਿੰਡਾ ਸ਼ਹਿਰ ਵਿੱਚ ਵਿਦਿਆਰਥਣਾਂ ਵੱਲੋਂ ਰੋਸ ਪ੍ਰਦਰਸ਼ਨ
ਚੌਕ ਵਿੱਚ ਮਨੁੱਖੀ ਕੜੀ ਬਣਾ ਕੇ ਵੰਡਿਆ ਸੁਨੇਹਾ
ਚੌਕ ਵਿੱਚ ਮਨੁੱਖੀ ਕੜੀ ਬਣਾ ਕੇ ਵੰਡਿਆ ਸੁਨੇਹਾ
ਮੁਲਕ ਵਿੱਚ ਦਿਨੋਂ ਦਿਨ ਵਧ ਰਹੇ ਬਲਾਤਕਾਰ ਦੇ ਘਿਨਾਉਣੇ ਅਪਰਾਧ ਨੂੰ
ਠੱਲ੍ਹਣ ਦੀ ਮੰਗ ਕਰਦਿਆਂ ਅੱਜ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਵਿੱਚ
ਸੈਂਕੜੇ ਵਿਦਿਆਰਥਣਾਂ ਨੇ ਸ਼ਹਿਰ ਦੀਆਂ ਸੜਕਾਂ 'ਤੇ ਮਾਰਚ ਕੀਤਾ ਅਤੇ ਘੰਟਾ ਭਰ ਫੌਜੀ ਚੌਕ ਵਿੱਚ
ਮਨੁੱਖੀ ਕੜੀ ਬਣਾ ਕੇ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾਈ। ਪਹਿਲਾਂ ਆਈ.ਟੀ.ਆਈ. ਬਠਿੰਡਾ ਵਿੱਚ ਹੋਈ
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪੀ.ਐਸ.ਯੂ. (ਸ਼ਹੀਦ ਰੰਧਾਵਾ) ਦੇ ਆਗੂਆਂ ਸਰਬਜੀਤ ਮੌੜ ਅਤੇ ਸੰਦੀਪ
ਸਿੰਘ ਨੇ ਕਿਹਾ ਕਿ ਮੁਲਕ ਭਰ ਵਿੱਚ ਵਾਪਰ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਨੇ ਲੋਕਾਂ ਅੰਦਰ ਡਾਢਾ
ਰੋਸ ਤੇ ਚਿੰਤਾ ਪੈਦਾ ਕੀਤਾ ਹੈ। ਸਰਕਾਰ ਇਹਨੂੰ ਗੰਭੀਰਤਾ ਨਾਲ ਲੈਣ ਦੀ ਬਜਾਏ ਦਿੱਲੀ ਵਿੱਚ
ਨੌਜਵਾਨਾਂ 'ਤੇ ਜਬਰ ਢਾਹ ਰਹੀ ਹੈ। ਇਕੱਤਰਤਾ ਨੇ ਕੇਂਦਰ ਸਰਕਾਰ ਦੇ ਇਸ ਰਵੱਈਏ ਦੀ
ਜ਼ੋਰਦਾਰ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਬਲਾਤਕਾਰੀਆਂ ਨੂੰ ਸਖਤ ਸਜ਼ਾਵਾਂ ਦੇਣ ਦਾ ਕਾਨੂੰਨ
ਬਣਾਇਆ ਜਾਵੇ ਤੇ ਲਾਗੂ ਕਰਨਾ ਯਕੀਨੀ ਕੀਤਾ ਜਾਵੇ। ਉਹਨਾਂ ਕਿਹਾ ਕਿ ਬਲਾਤਕਾਰ ਦਾ ਜੁਰਮ ਸਿਆਸੀ
ਸਰਪ੍ਰਸਤੀ, ਪੁਲਸ ਅਤੇ
ਗੁੰਡਾ-ਗੱਠਜੋੜ ਰਾਹੀਂ ਵਧ ਰਿਹਾ ਹੈ। ਦੋਸ਼ੀ ਸ਼ਰੇਆਮ ਘੁੰਮਦੇ ਹਨ ਤੇ ਪੀੜਤ ਲੜਕੀਆਂ ਤੇ ਮਾਪਿਆਂ
ਨੂੰ ਨਕਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੋਣਾ ਪੈਂਦਾ ਹੈ। ਉਹਨਾਂ ਕਿਹਾ ਕਿ ਸਮਾਜ ਅੰਦਰ ਔਰਤ ਦਾ
ਨੀਵਾਂ ਸਮਝਿਆ ਜਾਂਦਾ ਸਥਾਨ ਅਤੇ ਪੁਰਾਤਨ ਜਗੀਰੂ ਵਿਚਾਰ ਅਜਿਹੇ ਜੁਰਮਾਂ ਲਈ ਜ਼ਰਖੇਜ਼ ਜ਼ਮੀਨ ਬਣਦੇ
ਹਨ ਅਤੇ ਦਿਨੋਂ ਦਿਨ ਫੈਲਾਇਆ ਜਾ ਰਿਹਾ ਖਪਤਕਾਰੀ ਲੱਚਰ ਸਭਿਆਚਾਰ ਨੌਜਵਾਨਾਂ ਨੂੰ ਅਜਿਹੇ ਜੁਰਮਾਂ
ਵੱਲ ਧੱਕ ਰਿਹਾ ਹੈ। ਗੀਤਾਂ, ਫਿਲਮਾਂ ਤੇ ਟੀ.ਵੀ. ਸੀਰੀਅਲਾਂ ਰਾਹੀਂ ਪਰੋਸਿਆ ਜਾ ਰਿਹਾ ਗੰਦਾ ਸਭਿਆਚਾਰ
ਆਮ ਨੌਜਵਾਨਾਂ ਅੰਦਰ ਅਜਿਹੀਆਂ ਰੁਚੀਆਂ ਪੈਦਾ ਕਰ ਰਿਹਾ ਹੈ। ਇਹ ਸਾਰਾ ਵਰਤਾਰਾ ਬਾਕਾਇਦਾ
ਨੌਜਵਾਨਾਂ ਨੂੰ ਕੁਰਾਹੇ ਪਾਉਣ ਲਈ ਸੋਚੀ ਸਮਝੀ ਸਕੀਮ ਦਾ ਹਿੱਸਾ ਹੈ। ਸ਼ਰੇਆਮ ਹਨੀ ਸਿੰਘ ਵਰਗੇ
ਗਾਇਕ ''ਮੈਂ
ਬਲਾਤਕਾਰੀ ਹੂੰ'' ਵਰਗੇ ਗੀਤ ਗਾ ਰਹੇ ਹਨ ਤੇ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ। ਇਕੱਤਰਤਾ
ਨੇ ਮੰਗ ਕੀਤੀ ਕਿ ਇਸ ਵਰਤਾਰੇ 'ਤੇ ਪਾਬੰਦੀ ਲਾਈ ਜਾਵੇ।
ਰੋਸ ਮਾਰਚ ਦੌਰਾਨ ਲੜਕੀਆਂ ਕੋਲ ਚੁੱਕੇ ਬੈਨਰਾਂ ਤੇ ਮਾਟੋਆਂ ਰਾਹੀਂ ਔਰਤਾਂ
ਤੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ ਕਿ ਉਹ ਬਲਾਤਕਾਰੀ ਪੰਜਿਆਂ ਤੋਂ ਰੱਖਿਆ ਲਈ ਅਤੇ ਸਵੈ-ਮਾਣ
ਦੀ ਰਾਖੀ ਲਈ ਜਥੇਬੰਦ ਹੋਣ ਅਤੇ ਸੰਘਰਸ਼ਾਂ 'ਤੇ ਟੇਕ ਰੱਖਣ। ਨੰਨ੍ਹੀਂ ਛਾਂ ਦਾ ਡਰਾਮਾ ਕਰਨ
ਵਾਲੀ ਸਰਕਾਰ ਨੂੰ ਫਿਟਕਾਰਿਆ ਗਿਆ ਅਤੇ ਬਾਦਸ਼ਾਹਪੁਰ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ
ਕੀਤੀ ਗਈ।
No comments:
Post a Comment