Tuesday, 10 January 2012

ਨੌਜਵਾਨ-ਵਿਦਿਆਰਥੀ ਵੀ ਪਗੜੀ ਸੰਭਾਲ ਕਾਨਫਰੰਸ 'ਚ ਸ਼ਾਮਲ ਹੋਣਗੇ

ਨੌਜਵਾਨ-ਵਿਦਿਆਰਥੀ ਵੀ ਪਗੜੀ ਸੰਭਾਲ ਕਾਨਫਰੰਸ 'ਚ ਸ਼ਾਮਲ ਹੋਣਗੇ
ਬਠਿੰਡਾ ਖੇਤਰ ਦੇ ਪਿੰਡਾਂ ਅਤੇ ਕਾਲਜਾਂ 'ਚ ਪ੍ਰਚਾਰ ਮੁਹਿੰਮ ਚਲਾਉਣ ਲਈ ਮੀਟਿੰਗ, ਵਿਉਂਤ ਤਿਆਰ
ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨੇ 27 ਜਨਵਰੀ ਨੂੰ ਬਰਨਾਲਾ 'ਚ ਹੋ ਰਹੀ ਪਗੜੀ ਸੰਭਾਲ ਕਾਨਫਰੰਸ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਦੋਨੋਂ ਜੱਥੇਬੰਦੀਆਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ। ਪ੍ਰੈੱਸ ਦੇ ਨਾਂ ਲਿਖਤੀ ਬਿਆਨ ਜਾਰੀ ਕਰਦਿਆਂ ਸਭਾ ਸੂਬਾ ਜੱਥੇਬੰਦਕ ਸਕੱਤਰ ਪਾਵੇਲ ਕੁੱਸਾ ਅਤੇ ਪੀ.ਐੱਸ.ਯੂ.(ਸ਼ਹੀਦ ਰੰਧਾਵਾ) ਦੇ ਸੂਬਾ ਕਮੇਟੀ ਮੈਂਬਰ ਸੁਮੀਤ ਨੇ ਕਿਹਾ ਕਿ ਇਹ ਕਾਨਫਰੰਸ ਚੋਣਾਂ ਦੀ ਘੜਮੱਸ ਦੌਰਾਨ, ਵੋਟਾਂ ਤੋਂ ਭਲੇ ਦੀ ਆਸ ਛੱਡ ਕੇ ਸੰਘਰਸ਼ਾਂ ਦਾ ਰਾਹ ਬੁਲੰਦ ਕਰਨ ਦਾ ਹੋਕਾ ਦੇਵੇਗੀ। ਕਾਨਫਰੰਸ ਦਾ ਸੱਦਾ ਪੰਜਾਬ ਦੀਆਂ ਉੱਘੀਆਂ ਜਨਤਕ ਸਖਸ਼ੀਅਤਾਂ ਦੇ ਆਧਾਰ 'ਤੇ ਗਠਿਤ ਕੀਤੀ ਗਈ ਪਗੜੀ ਸੰਭਾਲ ਮੁਹਿੰਮ ਕਮੇਟੀ ਪੰਜਾਬ ਵੱਲੋਂ ਦਿੱਤਾ ਗਿਆ ਹੈ। ਇਹ ਕਮੇਟੀ ਪੰਜਾਬ ਭਰ 'ਚ ਲੋਕਾਂ ਨੂੰ ਚੇਤਨ ਕਰਨ ਲਈ ਮੀਟਿੰਗਾਂ, ਰੈਲੀਆਂ, ਮਾਰਚਾਂ ਰਾਹੀਂ ਵਿਸ਼ਾਲ ਲਾਮਬੰਦੀ ਕਰੇਗੀ ਅਤੇ ਸਿਖਰ ਵਜੋਂ ਬਰਨਾਲਾ 'ਚ ਲੋਕਾਂ ਦਾ ਵਿਸ਼ਾਲ ਇਕੱਠ ਹੋਵੇਗਾ। ਇਸ ਮੁਹਿੰਮ ਅਤੇ ਕਾਨਫਰੰਸ 'ਚ ਨੌਜਵਾਨ-ਵਿਦਿਆਰਥੀ ਵੀ ਵਧ ਚੜ• ਕੇ ਸ਼ਾਮਲ ਹੋਣਗੇ।                                                                           
ਬਠਿੰਡਾ ਖੇਤਰ 'ਚ ਪ੍ਰਚਾਰ ਮੁਹਿੰਮ ਜੱਥੇਬੰਦ ਕਰਨ ਅਤੇ ਪ੍ਰਚਾਰ ਸਰਗਰਮੀ ਚਲਾਉਣ ਲਈ ਅੱਜ ਬਠਿੰਡਾ ਖੇਤਰ ਦੀ ਸਾਂਝੀ ਮੀਟਿੰਗ ਕਰ ਲਈ ਗਈ ਹੈ। ਇਸ ਮੀਟਿੰਗ ਦੌਰਾਨ ਸੰਗਤ ਅਤੇ ਗੋਨਿਆਣਾ ਇਲਾਕੇ ਦੇ ਲਗਭਗ 30 ਕਾਰਕੁਨ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਦੋਹਾਂ ਆਗੂਆਂ ਨੇ ਕਿਹਾ ਕਿ ਸਮਾਜ ਦੇ ਹੋਰਨਾਂ ਮਿਹਨਤਕਸ਼ ਤਬਕਿਆਂ ਦੀ ਤਰ•ਾਂ ਨੌਜਵਾਨਾਂ ਵਿਦਿਆਰਥੀਆਂ ਦੀ ਜ਼ਿੰਦਗੀ ਦੇ ਅਸਲ ਮੁੱਦੇ ਚੋਣ ਚਰਚਾ ਦਾ ਵਿਸ਼ਾ ਨਹੀਂ ਹਨ। ਸਗੋਂ ਸਾਰੀਆਂ ਪਾਰਟੀਆਂ ਨੌਜਵਾਨਾਂ ਅਤੇ ਵਿਦਿਆਰਥੀਆਂ ਤੋਂ ਸਿੱਖਿਆ-ਰੁਜ਼ਗਾਰ ਦਾ ਹੱਕ ਖੋਹਣ 'ਚ ਇੱਕ ਦੂਜੇ ਤੋਂ ਮੂਹਰੇ ਹਨ। ਵੋਟਾਂ ਦੇ ਦਿਨਾਂ 'ਚ ਨੌਜਵਾਨਾਂ ਨੂੰ ਤਰ•ਾਂ ਤਰ•ਾਂ ਦੇ ਲਾਲਚਾਂ ਅਤੇ ਨਸ਼ਿਆਂ ਦੇ ਜਾਲ 'ਚ ਫਸਾ ਕੇ ਆਪਣੇ ਸੌੜੇ ਸਿਆਸੀ ਮਕਸਦਾਂ ਲਈ ਵਰਤਦੀਆਂ ਹਨ, ਆਪਣੇ ਲੱਠਮਾਰ ਗਰੋਹਾਂ ਦਾ ਅੰਗ ਬਣਾਉਂਦੀਆਂ ਹਨ ਅਤੇ ਨੌਜਵਾਨਾਂ ਦੀ ਏਕਤਾ ਖਿੰਡਾਉਂਦੀਆਂ ਹਨ। ਹੁਣ ਤੱਕ ਸਭਨਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਹੱਕ ਮੰਗਦੇ ਨੌਜਵਾਨਾਂ ਨੂੰ ਡਾਂਗਾਂ ਨਾਲ ਕੁੱਟਿਆ ਹੈ ਅਤੇ ਝੂਠੇ ਕੇਸ ਪਾ ਕੇ ਜੇਲ•ਾਂ 'ਚ ਸੁੱਟਿਆ ਹੈ। ਆਉਣ ਵਾਲੀ ਸਰਕਾਰ ਨੇ ਵੀ ਨਿੱਜੀਕਰਨ ਵਪਾਰੀਕਰਨ ਦੀ ਨੀਤੀ ਲਾਗੂ ਕਰਨ ਲਈ ਇਉਂ ਹੀ ਪੇਸ਼ ਆਉਣਾ ਹੈ। ਇਸ ਲਈ ਪੰਜਾਬ ਦੇ ਨੌਜਵਾਨ-ਵਿਦਿਆਰਥੀਆਂ ਨੂੰ ਇਹਨਾਂ ਪਾਰਟੀਆਂ ਮਗਰ ਲੱਗ ਕੇ ਆਪਣੀ ਏਕਤਾ ਖਿੰਡਾਉਣ ਦੀ ਥਾਂ, ਸੰਘਰਸ਼ਾਂ ਦਾ ਝੰਡਾ ਚੁੱਕਣਾ ਚਾਹੀਦਾ ਹੈ ਕਿਉਂਕਿ ਸੰਘਰਸ਼ਾਂ ਰਾਹੀਂ ਹੀ ਸਾਡੇ ਹਿਤ ਸੁਰੱਖਿਅਤ ਰਹਿ ਸਕਦੇ ਹਨ ਅਤੇ ਰੁਜ਼ਗਾਰ-ਸਿੱਖਿਆ ਦਾ ਹੱਕ ਹਾਸਲ ਕੀਤਾ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਅਕਾਲੀ-ਭਾਜਪਾ, ਕਾਂਗਰਸ ਅਤੇ ਮਨਪ੍ਰੀਤ ਮਾਰਕਾ ਮੋਰਚਾ ਸਮੇਤ ਸਭਨਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇਸ਼ ਧ੍ਰੋਹੀ ਆਰਥਿਕ ਨੀਤੀਆਂ 'ਤੇ ਇੱਕਮਤ ਹਨ। ਇਹਨਾਂ ਨੀਤੀਆਂ ਕਰਕੇ ਹੀ ਅੱਜ ਸਮਾਜ ਦੇ ਵੱਖ-ਵੱਖ ਤਬਕੇ ਕਿਸਾਨ, ਮਜ਼ਦੂਰ, ਸਨਅਤੀ ਕਾਮੇ, ਔਰਤਾਂ, ਮੁਲਾਜ਼ਮ, ਨੌਜਵਾਨ ਅਤੇ ਵਿਦਿਆਰਥੀ ਰੁਲ਼ ਰਹੇ ਹਨ। ਚੋਣਾਂ ਨਾਲ ਦੇਸੀ ਵਿਦੇਸ਼ੀ ਸਰਮਾਏਦਾਰਾਂ ਅਤੇ ਜਗੀਰਦਾਰਾਂ ਦੇ ਹਿਤ ਪਾਲਦੀਆਂ ਇਹਨਾਂ ਨੀਤੀਆਂ ਨੇ ਨਹੀਂ ਬਦਲਣਾ ਅਤੇ ਨਾ ਹੀ ਇਹ ਨੀਤੀਆਂ ਲੋਕਾਂ 'ਤੇ ਮੜ•ਨ ਲਈ ਘੜੇ ਜਾ ਰਹੇ ਜਾਬਰ ਕਾਨੂੰਨਾਂ ਨੇ ਬਦਲਣਾ ਹੈ। ਲੋਕਾਂ ਨੂੰ ਕੁੱਟਣ ਅਤੇ ਦਬਾਉਣ ਵਾਲੀਆਂ ਅਦਾਲਤਾਂ, ਪੁਲਿਸ ਅਤੇ ਅਫਸਰਸ਼ਾਹੀ ਨੇ ਵੀ ਜਿਉਂ ਦੀ ਤਿਉਂ ਹੀ ਰਹਿਣਾ ਹੈ। ਚੋਣਾਂ ਤਾਂ ਹਾਕਮ ਧੜਿਆਂ ਵੱਲੋਂ ਕੀਤੀ ਜਾ ਰਹੀ ਲੋਕਾਂ ਦੀ ਲੁੱਟ 'ਚੋਂ ਵਧੇਰੇ ਹਿੱਸੇ ਦਾ ਫੈਸਲਾ ਕਰਨ ਲਈ ਹੀ ਹਨ। ਹੁਣ ਤੱਕ ਦੇਸ਼ 'ਚ ਅਤੇ ਪੰਜਾਬ 'ਚ ਵੀ ਲੋਕਾਂ ਨੇ ਆਪਣੇ ਹਿਤਾਂ ਦੀ ਸੁਰੱਖਿਆ ਸੰਘਰਸ਼ਾਂ ਜ਼ਰੀਏ ਹੀ ਕੀਤੀ ਹੈ ਅਤੇ ਹੁਣ ਵੀ ਲੋਕਾਂ ਦੀ ਟੇਕ ਸੰਘਰਸ਼ਾਂ 'ਤੇ ਹੀ ਹੋਣੀ ਚਾਹੀਦੀ ਹੈ। ਇਸ ਲਈ ਪਗੜੀ ਸੰਭਾਲ ਕਾਨਫਰੰਸ ਲੋਕਾਂ ਨੂੰ ਅਸਲ ਵਿਕਾਸ, ਖੁਸ਼ਹਾਲੀ ਅਤੇ ਸਵੈਮਾਣ ਭਰੀ ਜਿੰਦਗੀ ਲਈ ਵਿਸ਼ਾਲ ਅਤੇ ਦ੍ਰਿੜ ਸੰਗਰਾਮਾਂ ਦਾ ਹੋਕਾ ਦੇਵੇਗੀ। 
ਮੀਟਿੰਗ 'ਚ ਬਠਿੰਡਾ ਖੇਤਰ ਦੇ ਲਗਭਗ 15 ਪਿੰਡਾਂ 'ਚ ਵਿਸ਼ੇਸ਼ ਨੌਜਵਾਨ ਮੀਟਿੰਗਾ ਕਰਨ; ਭਗਤਾ, ਨਥਾਣਾ, ਭੁੱਚੋ ਮੰਡੀ, ਬਠਿੰਡਾ, ਸੰਗਤ ਮੰਡੀ 'ਚ ਵਿਸ਼ੇਸ਼ ਫੰਡ ਮੁਹਿੰਮ, ਘਰ-ਘਰ ਸੁਨੇਹਾ ਦੇਣ ਦੀ ਮੁਹਿੰਮ ਚਲਾਉਣ ਅਤੇ ਕੰਧ ਨਾਅਰੇ ਲਿਖਣ ਦੀ ਵਿਉਂਤ ਬਣਾ ਲਈ ਗਈ ਹੈ। ਇਸ ਤੋਂ ਬਿਨਾਂ ਰਜਿੰਦਰਾ ਕਾਲਜ, ਆਈ.ਟੀ.ਆਈ., ਰਿਜ਼ਨਲ ਸੈਂਟਰ ਅਤੇ ਹੋਰਨਾਂ ਕਾਲਜਾਂ 'ਚ ਮੋਬਾਈਲ ਪ੍ਰਦਰਸ਼ਨੀਆਂ ਲਾ ਕੇ ਮੁਹਿੰਮ ਦਾ ਸੁਨੇਹਾ ਵਿਦਿਆਰਥੀਆਂ ਤੱਕ ਵੀ ਪਹੁੰਚਾਇਆ ਜਾਵੇਗਾ।
ਮਿਤੀ - 09 ਜਨਵਰੀ, 2012                              ਜਾਰੀ ਕਰਤਾ- ਪਾਵੇਲ ਕੁੱਸਾ, 9417054015,
 ਸੁਮੀਤ- 9417024641

No comments:

Post a Comment