Sunday, 4 March 2012

ਅਮਰੀਕੀ ਸਾਮਰਾਜ - ਹੁਣ ਇਰਾਨ 'ਤੇ ਅੱਖ


ਅਮਰੀਕੀ ਸਾਮਰਾਜ ਦੇ ਜਾਬਰ ਤੇ ਲੋਟੂ ਮਨਸੂਬੇ

ਹੁਣ ਇਰਾਨ 'ਤੇ ਅੱਖ

          
ਇਰਾਨੀ ਰਾਸ਼ਟਰਪਤੀ ਮੁਹੰਮਦ ਅਹਿਮਦਨਿਜਾਦ ਅਤੇ ਇਜ਼ਰਾਈਲੀ ਪਰਧਾਨ ਮੰਤਰੀ ਬੈਨਜਾਮਿਨ ਨਿਤਾਨਯਾਹੂ
          ਅਮਰੀਕੀ ਸਾਮਰਾਜ ਨੇ ਸੰਸਾਰ ਭਰ 'ਚ ਤਬਾਹੀ ਮਚਾਈ ਹੋਈ ਹੈ, ਇੱਕ ਤੋਂ ਬਾਅਦ ਦੂਜੇ ਮੁਲਕ 'ਤੇ ਹਮਲੇ ਕਰਦਾ ਆ ਰਿਹਾ ਹੈ। ਸਾਰੇ ਸੰਸਾਰ ਦੇ ਧਨ ਦੌਲਤਾਂ ਲੁੱਟਣ ਦੀ ਇਸ ਦੀ ਧਾੜਵੀ ਮੁਹਿੰਮ ਨੇ ਹੁਣ ਤੱਕ ਕਿੰਨੇ ਹੀ ਮੁਲਕਾਂ ਦੇ ਲੋਕਾਂ ਦਾ ਘਾਣ ਕੀਤਾ ਹੈ। ਹਾਲੇ ਇਰਾਕ ਤੇ ਅਫ਼ਗਾਨਿਸਤਾਨ 'ਚ ਢਾਹੇ ਜਾ ਰਹੇ ਕਹਿਰ ਦਾ ਸਿਲਸਿਲਾ ਰੁਕਿਆ ਨਹੀਂ ਹੈ ਕਿ ਹੁਣ ਓਹੀ ਕੁਝ ਇਰਾਨ 'ਚ ਦੁਹਰਾਏ ਜਾਣ ਦੀਆਂ ਤਿਆਰੀਆਂ ਦਾ ਅਮਲ ਵਿੱਢ ਦਿੱਤਾ ਗਿਆ ਹੈ—ਸੰਸਾਰ ਦੇ ਜਮਹੂਰੀ ਹਲਕਿਆਂ 'ਚ ਇਹ ਚਰਚਾ ਭਖ ਰਹੀ ਹੈ ਕਿ ਅਮਰੀਕਾ ਇਰਾਨ 'ਤੇ ਹਮਲੇ ਦੀ ਤਿਆਰੀ ਕਰ ਰਿਹਾ ਹੈ। ਹੁਣ ਇਰਾਨ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਦਹਿਸ਼ਤਗਰਦ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਹੈ। 13 ਫਰਵਰੀ ਨੂੰ ਦਿੱਲੀ 'ਚ ਇਜ਼ਰਾਇਲੀ ਸਫ਼ਾਰਤਖਾਨੇ ਮੂਹਰੇ ਹੋਏ ਬੰਬ ਧਮਾਕੇ ਲਈ ਵੀ ਇਜ਼ਰਾਈਲ ਨੇ ਇਰਾਨ ਨੂੰ ਹੀ ਦੋਸ਼ੀ ਠਹਿਰਾਇਆ ਹੈ। ਅਮਰੀਕੀ ਸਾਮਰਾਜ ਦੀ ਪਾਲਤੂ ਇਜ਼ਰਾਈਲੀ ਹਕੂਮਤ ਵੱਲੋਂ ਇਰਾਨ ਨੂੰ ਸਬਕ ਸਿਖਾਉਣ ਦੇ ਦਾਗ਼ੇ ਜਾ ਰਹੇ ਨਿਸ਼ੰਗ ਬਿਆਨ ਵੀ ਅਜਿਹੇ ਮਨਸੂਬਿਆਂ ਨੂੰ ਜ਼ਾਹਰ ਕਰਦੇ ਹਨ। ਫੌਜੀ ਹਮਲਾ ਕਰਨ ਤੋਂ ਪਹਿਲਾਂ ਆਰਥਿਕ ਪਾਬੰਦੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਹਦੇ ਸਿੱਟੇ ਵਜੋਂ ਇਰਾਨ 'ਚ ਜ਼ਰੂਰੀ ਵਸਤਾਂ ਦੀ ਭਾਰੀ ਤੋਟ ਪੈ ਗਈ ਹੈ। ਅਤਿ ਲੋੜੀਂਦੀਆਂ ਦਵਾਈਆਂ ਤੇ ਖਾਣ ਪੀਣ ਦੀਆਂ ਹੋਰ ਜ਼ਰੂਰੀ ਵਸਤਾਂ ਇਰਾਨ ਬਾਹਰੋਂ ਮੰਗਵਾਉਂਦਾ ਹੈ ਜਿਹਨਾਂ 'ਤੇ ਹੁਣ ਪਾਬੰਦੀਆਂ ਲੱਗ ਗਈਆਂ ਹਨ। ਇਹ ਪਾਬੰਦੀਆਂ ਅਮਰੀਕਾ ਦੀ ਚੌਧਰ ਵਾਲੀ ਯੂ.ਐਨ.ਓ. ਰਾਹੀਂ ਲਗਾਈਆਂ ਗਈਆਂ ਹਨ। ਅਮਰੀਕਾ ਨੇ ਇਰਾਨ ਦੇ ਨਾਲ ਲੱਗਦੇ ਕਈ ਮੁਲਕਾਂ 'ਚ ਆਵਦੀਆਂ ਪਿੱਠੂ ਹਕੂਮਤਾਂ ਕਾਇਮ ਕੀਤੀਆਂ ਹੋਈਆਂ ਹਨ। ਜਿੱਥੇ ਲਗਭਗ 40-50 ਫੌਜੀ ਅੱਡੇ ਕਾਇਮ ਕਰਕੇ ਪੂਰੇ ਇਰਾਨ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ। ਅਮਰੀਕਾ ਤੇ ਇਜ਼ਰਾਈਲ ਵੱਲੋਂ ਹਮਲੇ ਦੀ ਤਿਆਰੀ ਲਈ ਸਾਂਝੀਆਂ ਫੌਜੀ ਮਸ਼ਕਾਂ ਕੀਤੀਆਂ ਜਾ ਰਹੀਆਂ ਹਨ। ਅਮਰੀਕਾ ਵੱਲੋਂ ਇਰਾਨ ਅੰਦਰ ਅੱਤਵਾਦੀ ਹਮਲੇ ਕਰਵਾਉਣੇ ਸ਼ੁਰੂ ਕੀਤੇ ਗਏ ਹਨ। ਅਜਿਹੇ ਇੱਕ ਹਮਲੇ 'ਚ ਉਹਨਾਂ ਦੇ ਪ੍ਰਮੁੱਖ ਵਿਗਿਆਨੀ ਮਾਰੇ ਗਏ ਹਨ। ਇਹ ਵੀ ਸੰਭਵ ਹੈ ਕਿ ਇਰਾਨ 'ਤੇ ਸਿੱਧਾ ਹਮਲਾ ਕਰਕੇ ਆਪਣੇ ਅਸਲ ਮੰਤਵਾਂ ਨੂੰ ਜ਼ਾਹਰ ਕਰਨ ਦੀ ਬਜਾਏ ਅਮਰੀਕਾ ਵੱਲੋਂ ਇਰਾਨ ਦੇ ਅੰਦਰੋਂ ਹੀ ਬਗ਼ਾਵਤ ਭੜਕਾ ਕੇ ਫੌਜੀ ਕਾਰਵਾਈ ਲਈ ਰਾਹ ਪੱਧਰਾ ਕੀਤਾ ਜਾਵੇ ਤੇ ਜਮਹੂਰੀਅਤ ਕਾਇਮ ਕਰਨ ਦੇ ਨਾਮ ਹੇਠ ਲੀਬੀਆ ਦੀ ਕਹਾਣੀ ਫਿਰ ਤੋਂ ਦੁਹਰਾਈ ਜਾਵੇ। 

         
    ਹਮਲੇ ਲਈ ਅਮਰੀਕਾ ਉਹੀ ਪੁਰਾਣਾ ਤੇ ਘਸਿਆ-ਪਿਟਿਆ ਬਹਾਨਾ ਵਰਤਣਾ ਚਾਹੁੰਦਾ ਹੈ ਕਿ ਇਰਾਨ ਕੋਲ ਮਾਰੂ ਪ੍ਰਮਾਣੂ ਹਥਿਆਰ ਹਨ ਜਿਹਨਾਂ ਤੋਂ ਸੰਸਾਰ ਦੇ ਮੁਲਕਾਂ ਨੂੰ ਖ਼ਤਰਾ ਹੈ, ਵਿਸ਼ਵ ਦਾ ਅਮਨ ਚੈਨ ਗੰਭੀਰ ਖ਼ਤਰੇ ਹੇਠ ਹੈ। ਜਦੋਂ ਕਿ ਕਿਸੇ ਵੀ ਕੌਮਾਂਤਰੀ ਏਜੰਸੀ ਦੀ ਜਾਂਚ ਇਹ ਸਾਬਤ ਨਹੀਂ ਕਰ ਸਕੀ ਕਿ ਇਰਾਨ ਨੇ ਅਜਿਹੇ ਹਥਿਆਰ ਵਿਕਸਤ ਕਰ ਲਏ ਹਨ। ਇੱਥੋਂ ਤੱਕ ਕਿ ਏ.ਆਈ.ਈ.ਏ ਵਰਗੀ ਕੌਮਾਂਤਰੀ ਏਜੰਸੀ ਮੁਤਾਬਕ ਵੀ ਇਰਾਨ 'ਚ ਅਜਿਹੇ ਹਥਿਆਰ ਮੌਜੂਦ ਨਹੀਂ ਹਨ। ਉਹਨਾਂ ਨੇ ਅਮਰੀਕਾ ਦੇ ਓਸ ਬਿਆਨ ਦਾ ਖੰਡਨ ਵੀ ਕੀਤਾ ਹੈ ਜਿਸ ਵਿੱਚ ਇਰਾਨ ਕੋਲ ਪ੍ਰਮਾਣੂ ਹਥਿਆਰਾਂ ਦੇ ਜਖ਼ੀਰੇ ਹੋਣ ਦੀਆਂ ਗੱਲਾਂ ਅਮਰੀਕਾ ਵੱਲੋਂ ਏਜੰਸੀ ਦੇ ਮੂੰਹ 'ਚ ਪਾਈਆਂ ਗਈਆਂ ਸਨ। ਉਂਝ ਵੀ ਕਈ ਪੱਖਾਂ ਤੋਂ ਅਮਰੀਕਾ ਦਾ ਇਹ ਬਹਾਨਾ ਖੋਖਲਾ ਹੈ ਕਿਉਂਕਿ ਇਰਾਨ ਤੋਂ ਪਹਿਲਾਂ ਤਾਂ ਦੱਖਣੀ ਏਸ਼ੀਆ ਦੇ ਇਸ ਖਿੱਤੇ ਦੇ ਕਈ ਮੁਲਕਾਂ ਜਿਵੇਂ ਭਾਰਤ, ਪਾਕਿਸਤਾਨ, ਚੀਨ, ਇਜ਼ਰਾਈਲ ਨੇ ਪ੍ਰਮਾਣੂ ਬੰਬ ਬਣਾਏ ਹੋਏ ਹਨ। ਇਹਨਾਂ 'ਚੋਂ ਪਾਕਿਸਤਾਨ ਅਤੇ ਇਜ਼ਰਾਈਲ ਨੇ ਤਾਂ ਪ੍ਰਮਾਣੂ ਪਸਾਰ ਨੂੰ ਰੋਕਣ ਦੀ ਕੌਮਾਂਤਰੀ ਸੰਧੀ 'ਤੇ ਵੀ ਦਸਤਖਤ ਨਹੀਂ ਕੀਤੇ ਹੋਏ। ਜਦੋਂ ਕਿ ਇਰਾਨ ਵੱਲੋਂ ਇਸ ਸੰਧੀ 'ਤੇ ਸਹੀ ਪਾਈ ਹੋਈ ਹੈ। ਦੂਜੇ ਪਾਸੇ ਇਜ਼ਰਾਈਲ ਵਰਗੇ ਮੁਲਕਾਂ ਨੂੰ ਅਮਰੀਕਾ ਨੇ ਆਪ ਨੱਕੋ-ਨੱਕ ਹਥਿਆਰਬੰਦ ਕੀਤਾ ਹੈ ਤੇ ਅਤਿ ਆਧੁਨਿਕ ਮਾਰੂ ਹਥਿਆਰਾਂ ਨਾਲ ਲੈਸ ਕੀਤਾ ਹੈ। ਨਾ ਹੀ ਇਰਾਨ ਤੋਂ ਕਿਸੇ ਕਿਸਮ ਦੇ ਫੌਜੀ ਹਮਲੇ ਦਾ ਖਤਰਾ ਮੌਜੂਦ ਹੈ। ਇੱਥੋਂ ਤੱਕ ਕਿ ਪਿਛਲੇ 2 ਸੌ ਸਾਲਾਂ ਦੇ ਇਤਿਹਾਸ 'ਚ ਇਰਾਨ ਨੇ ਕਦੇ ਕਿਸੇ ਮੁਲਕ 'ਤੇ ਪਹਿਲਾਂ ਹਮਲਾ ਨਹੀਂ ਕੀਤਾ। ਇਸ ਪੂਰੇ ਖਿੱਤੇ ਅੰਦਰ ਇਰਾਨ ਦਾ ਪ੍ਰਤੀ ਵਿਅਕਤੀ ਫੌਜੀ ਖਰਚ ਸਭਨਾਂ ਮੁਲਕਾਂ ਤੋਂ ਘੱਟ ਹੈ। ਇਰਾਨ ਅੰਦਰ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ। ਜਦਕਿ ਕਈ ਮੁਲਕ ਅਜਿਹੇ ਹਨ ਜਿੱਥੇ ਸ਼ਰੇਆਮ ਅਮਰੀਕਾ ਨੇ ਕਈ ਕਈ ਸਾਲਾਂ ਤੋਂ ਆਪਣੀਆਂ ਕਠਪੁਤਲੀ ਹਕੂਮਤਾਂ ਕਾਇਮ ਕੀਤੀਆਂ ਹੋਈਆਂ ਹਨ।

  ਅਮਰੀਕੀ ਹਮਲੇ ਦੀ ਵਿਉਂਤ ਦਾ ਅਸਲ ਮਕਸਦ ਇਰਾਨ ਦੇ ਤੇਲ ਭੰਡਾਰਾਂ 'ਤੇ ਕਬਜ਼ਾ ਕਰਨਾ ਹੈ। ਇਰਾਨ ਕੋਲ ਤੇਲ ਦੇ ਬੇਸ਼ੁਮਾਰ ਕੀਮਤੀ ਭੰਡਾਰ ਹਨ ਤੇ ਅਮਰੀਕਾ ਨੂੰ ਆਪਣੀ ਕਮਜ਼ੋਰ ਹੋ ਰਹੀ ਸਲਤਨਤ ਨੂੰ ਸਹਾਰਾ ਦੇਣ ਲਈ ਤੇਲ ਦੇ ਇਹਨਾਂ ਕੀਮਤੀ ਭੰਡਾਰਾਂ ਦੀ ਬੇਹੱਦ ਜ਼ਰੂਰਤ ਹੈ। ਏਸੇ ਤੇਲ ਲਈ ਪਹਿਲਾਂ ਇਰਾਕ ਨੂੰ ਤਬਾਹ ਕਰਕੇ ਉੱਥੇ ਆਪਣੀ ਕੱਠਪੁਤਲੀ ਹਕੂਮਤ ਕਾਇਮ ਕੀਤੀ ਗਈ ਸੀ। ਹੁਣ ਇਰਾਨ 'ਤੇ ਕਬਜ਼ਾ ਕਰਨ ਦੀ ਵਿਉਂਤ ਹੈ। ਉਂਝ ਵੀ ਇਸ ਸਾਰੇ ਖਿੱਤੇ 'ਤੇ ਆਪਣਾ ਗ਼ਲਬਾ ਕਾਇਮ ਕਰਨ ਦੀ ਅਮਰੀਕੀ ਸਕੀਮ 'ਚ ਇਰਾਨ ਹੀ ਅੜਿੱਕਾ ਬਣਦਾ ਹੈ। ਇਸ ਮੁਲਕ 'ਤੇ ਕਬਜ਼ਾ ਕਰਕੇ ਤੇਲ ਨਾਲ ਭਰਪੂਰ ਇਸ ਪੂਰੇ ਖਿੱਤੇ 'ਤੇ ਅਮਰੀਕੀ ਗ਼ਲਬਾ ਕਾਇਮ ਹੋ ਸਕਦਾ ਹੈ। ਆਪਣੇ ਲਗਾਤਾਰ ਡੂੰਘੇ ਹੋ ਰਹੇ ਆਰਥਿਕ ਸੰਕਟ ਨੂੰ ਹੱਲ ਕਰਨ ਲਈ ਅਮਰੀਕੀ ਸਾਮਰਾਜ ਜੰਗਾਂ ਦਾ ਸਹਾਰਾ ਲੈਂਦਾ ਆ ਰਿਹਾ ਹੈ। ਹੁਣ ਤੱਕ ਅਮਰੀਕਾ ਵੱਲੋਂ ਬਹੁਤ ਸਾਰੇ ਮੁਲਕਾਂ 'ਤੇ ਨਿਹੱਕੀਆਂ ਜੰਗਾਂ ਥੋਪਣ ਦਾ ਲੰਮਾ ਇਤਿਹਾਸ ਹੈ। ਇਸ ਤੋਂ ਬਿਨਾਂ ਹੁਣ ਰਾਸ਼ਟਰਪਤੀ ਓਬਾਮਾ ਦੀਆਂ ਚੋਣ ਗਿਣਤੀਆਂ ਵੀ ਸ਼ੁਰੂ ਹੋ ਚੁੱਕੀਆਂ ਹਨ। ਮੁਲਕ ਅੰਦਰ ਲੋਕਾਂ 'ਚ ਕੌਮੀ ਭਾਵਨਾਵਾਂ ਭੜਕਾ ਕੇ ਦੁਬਾਰਾ ਕੁਰਸੀ ਹਾਸਲ ਕਰਨ ਦੀਆਂ ਸਕੀਮਾਂ ਵੀ ਚੱਲ ਰਹੀਆਂ ਹਨ। ਇਹਨਾਂ ਸਾਰੇ ਲੋਟੂ ਮਨਸੂਬਿਆਂ ਦਾ ਸਿੱਟਾ ਇਰਾਨ ਦੀ ਤਬਾਹੀ ਅਤੇ ਲੱਖਾਂ ਲੋਕਾਂ ਦੇ ਕਤਲੇਆਮ 'ਚ ਨਿਕਲਣਾ ਹੈ।

          ਇਰਾਨ ਦੇ ਲੋਕਾਂ 'ਤੇ ਇਸ ਨਿਹੱਕੀ ਜੰਗ ਨੂੰ ਮੜ੍ਹਨ ਦੀਆਂ ਤਿਆਰੀਆਂ ਦੇ ਖਿਲਾਫ਼ ਸੰਸਾਰ ਦੇ ਇਨਸਾਫ਼ ਪਸੰਦ ਲੋਕਾਂ ਵੱਲੋਂ ਜ਼ੋਰਦਾਰ ਵਿਰੋਧ ਦੇ ਝਲਕਾਰੇ ਦੇਖੇ ਜਾ ਰਹੇ ਹਨ। 4 ਫਰਵਰੀ ਨੂੰ ਦੁਨੀਆਂ ਭਰ ਦੇ ਜਿਹਨਾਂ ਮੁਲਕਾਂ ਦੇ 70 ਸ਼ਹਿਰਾਂ 'ਚ ਇਸ ਸੰਭਾਵੀ ਹਮਲੇ ਖਿਲਾਫ਼ ਪ੍ਰਦਰਸ਼ਨ ਹੋਏ ਹਨ ਉਹਨਾਂ 'ਚ ਇੰਗਲੈਂਡ, ਅਮਰੀਕਾ ਤੇ ਭਾਰਤ ਵੀ ਸ਼ਾਮਲ ਹਨ। ਇਹਨਾਂ ਪ੍ਰਦਰਸ਼ਨਾਂ 'ਚ ਅਮਰੀਕਾ ਨੂੰ ਇਰਾਨ ਤੋਂ ਹੱਥ ਪਰ੍ਹੇ ਰੱਖਣ ਦੀ ਜ਼ੋਰਦਾਰ ਸੁਣਾਉਣੀ ਕੀਤੀ ਗਈ ਹੈ। ਸਾਨੂੰ ਵੀ ਸੰਸਾਰ ਭਰ ਦੇ ਇਨਸਾਫ਼ ਪਸੰਦ ਲੋਕਾਂ ਨਾਲ ਆਵਾਜ਼ ਮਿਲਾਉਂਦਿਆਂ ਇਰਾਨ ਖਿਲਾਫ਼ ਅਮਰੀਕੀ ਮਨਸੂਬਿਆਂ ਦਾ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ। ਇਰਾਨ ਦੀ ਪ੍ਰਭੂਸੱਤਾ ਤੇ ਲੋਕਾਂ ਦੀ ਆਜ਼ਾਦੀ ਦੇ ਜਮਹੂਰੀ ਹੱਕ ਦੀ ਜ਼ੋਰਦਾਰ ਹਮਾਇਤ ਕਰਨੀ ਚਾਹੀਦੀ ਹੈ।
     
          ਜਿੱਥੋਂ ਤੱਕ ਭਾਰਤ ਦਾ ਸਬੰਧ ਹੈ ਤਾਂ ਸਾਡੇ ਦੇਸ਼ ਦੇ ਹਾਕਮ ਲਗਾਤਾਰ ਅਮਰੀਕਾ ਦੇ ਸਾਮਰਾਜੀ ਜੰਗੀ ਮੰਤਵਾਂ ਨਾਲ ਮੁਲਕ ਨੂੰ ਟੋਚਨ ਕਰਦੇ ਆ ਰਹੇ ਹਨ। ਪਹਿਲਾਂ ਵੀ ਇਰਾਕ, ਅਫ਼ਗਾਨਿਸਤਾਨ 'ਤੇ ਹਮਲਿਆਂ ਮੌਕੇ ਸਾਡੇ ਹਾਕਮਾਂ ਨੇ ਚੁੱਪ ਧਾਰੀ ਰੱਖੀ ਜਾਂ ਅਮਰੀਕੀ ਹਮਲੇ ਦੀ ਹਮਾਇਤ ਹੀ ਕੀਤੀ ਹੈ। ਟੇਢੇ ਮੇਢੇ ਢੰਗਾਂ ਨਾਲ ਅਮਰੀਕੀ ਸੇਵਾ 'ਚ ਭਾਰਤੀ ਫੌਜੀ ਭੇਜੇ ਗਏ ਹਨ। ਸਾਡੇ ਮੁਲਕ ਦੀ ਜਵਾਨੀ ਦਾ ਲਹੂ ਅਮਰੀਕੀ ਸਾਮਰਾਜੀ ਲੋਟੂ ਮੰਤਵਾਂ ਲਈ ਭੇਂਟ ਕੀਤਾ ਗਿਆ ਹੈ। ਅਮਰੀਕੀ ਸਹਿਯੋਗ ਦੇ ਨਾਮ ਹੇਠ ਸਾਡੇ ਦੇਸ਼ ਦਾ ਫੌਜੀ ਬੱਜਟ ਲਗਾਤਾਰ ਵਧ ਰਿਹਾ ਹੈ ਤੇ ਲੋਕਾਂ 'ਤੇ ਬੇਲੋੜੇ ਭਾਰੀ ਫੌਜੀ ਖਰਚ ਲੱਦੇ ਜਾ ਰਹੇ ਹਨ। ਦੱਖਣੀ ਏਸ਼ੀਆ ਦੇ ਇਸ ਖਿੱਤੇ ਦੀ ਠਾਣੇਦਾਰੀ ਹਾਸਲ ਕਰਨ ਲਈ ਭਾਰਤੀ ਹਾਕਮਾਂ ਵੱਲੋਂ ਅਮਰੀਕੀ ਸਾਮਰਾਜੀਆਂ ਨਾਲ ਪਾਈ ਜੋਟੀ ਦਾ ਸਾਡੇ ਮੁਲਕ ਦੇ ਲੋਕਾਂ ਨੂੰ ਮਹਿੰਗਾ ਮੁੱਲ ਤਾਰਨਾ ਪੈਣਾ ਹੈ। ਇਸ ਖਿੱਤੇ ਦੇ ਲੋਕਾਂ 'ਚ ਅਮਰੀਕੀ ਸਾਮਰਾਜ ਖਿਲਾਫ਼ ਫੈਲ ਰਹੇ ਲੋਕ-ਰੋਹ ਦਾ ਸੇਕ ਸਾਨੂੰ ਵੀ ਲੂਹੇਗਾ। ਹਾਕਮਾਂ ਦੇ ਅਜਿਹੇ ਮਨਸੂਬਿਆਂ ਦਾ ਮੁਲਕ ਦੇ ਮਿਹਨਤਕਸ਼ ਲੋਕਾਂ ਨੂੰ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ ਤੇ ਅਮਰੀਕੀ ਸਾਮਰਾਜੀ ਹਿਤਾਂ ਨਾਲ ਦੇਸ਼ ਨੂੰ ਨੂੜਨ ਦੇ ਸਭਨਾਂ ਕਦਮਾਂ ਖਿਲਾਫ਼ ਜ਼ੋਰਦਾਰ ਆਵਾਜ਼ ਉਠਾਉਣੀ ਚਾਹੀਦੀ ਹੈ।  
                                

                                                               -੦-

No comments:

Post a Comment