8 ਮਾਰਚ-ਕੌਮਾਂਤਰੀ ਔਰਤ ਦਿਵਸ 'ਤੇ
ਸੰਘਰਸ਼ਾਂ 'ਚ ਔਰਤਾਂ ਦੀ ਅਣਸਰਦੀ ਲੋੜ
[8 ਮਾਰਚ ਕੌਮਾਂਤਰੀ ਔਰਤ ਦਿਵਸ ਹੈ। ਇਹ ਦਿਨ ਸੰਸਾਰ ਭਰ ਅੰਦਰ ਸੰਘਰਸ਼ਸ਼ੀਲ ਔਰਤਾਂ ਵੱਲੋਂ ਮਨਾਇਆ ਜਾਂਦਾ ਹੈ। ਆਬਾਦੀ ਦਾ ਅੱਧ ਬਣਦੀਆਂ ਔਰਤਾਂ ਦੀ ਸਭਨਾਂ ਲੋਕ ਸੰਘਰਸ਼ਾਂ ਵਿੱਚ ਬੇਹੱਦ ਅਹਿਮ ਭੂਮਿਕਾ ਬਣਦੀ ਹੈ। ਇਸ ਕਰਕੇ ਜਿੱਥੇ ਲੋਕਾਂ ਨੂੰ ਲੁੱਟਣ ਦਬਾਉਣ ਵਾਲੀਆਂ ਹਾਕਮ ਜਮਾਤਾਂ ਦਾ ਸਰੋਕਾਰ ਇਸ ਅਹਿਮ ਹਿੱਸੇ ਨੂੰ ਲੋਕ ਸੰਘਰਸ਼ਾਂ ਤੋਂ ਪਾਸੇ ਰੱਖਣਾ ਹੈ ਤੇ ਇਸ ਖਾਤਰ ਉਹ ਕੁੜੀਆਂ ਨੂੰ ਚਾਰਦੀਵਾਰੀ 'ਚ ਰਹਿਣ, ਸਮਾਜ ਅੰਦਰ ਜੋ ਵਾਪਰ ਰਿਹਾ ਹੈ ਉਸ ਨਾਲ ਕੋਈ ਸਰੋਕਾਰ ਨਾ ਰੱਖਣ ਤੇ ਜਾਂ ਫਿਰ ਕੁੜੀਆਂ ਨੂੰ ਸਿਰਫ਼ ਵਰਤੋਂ ਦੀਆਂ ਚੀਜ਼ਾਂ ਵਜੋਂ ਪੇਸ਼ ਕਰਨ ਲਈ ਯਤਨ ਕਰਦੇ ਹਨ। ਦੂਜੇ ਪਾਸੇ ਸੰਘਰਸ਼ਸ਼ੀਲ ਲੋਕ ਹਿੱਸਿਆਂ ਦਾ ਸਰੋਕਾਰ ਇਸ ਹਿੱਸੇ ਨੂੰ ਸਾਂਝੀ ਲੜਾਈ ਦਾ ਜਾਨਦਾਰ ਅੰਗ ਬਣਾਉਣਾ ਹੈ। ਉਹਨਾਂ ਨੂੰ ਬਰਾਬਰ ਦਾ ਦਰਜਾ ਦੇਣਾ, ਉਹਨਾਂ ਦਾ ਚੇਤਨਾ ਪੱਧਰ ਉੱਚਾ ਚੁੱਕਣਾ, ਔਰਤਾਂ ਨੂੰ ਦਬਾਉਣ ਦਾ ਸਾਧਨ ਬਣਦੇ ਸਭ ਰਸਮਾਂ ਰਿਵਾਜਾਂ ਤੇ ਕਦਰਾਂ ਕੀਮਤਾਂ ਨੂੰ ਤਿਆਗਣ ਤੇ ਲੋਕ ਸੰਘਰਸ਼ਾਂ 'ਚ ਉਹਨਾਂ ਦੀ ਸ਼ਮੂਲੀਅਤ ਲਈ ਯਤਨ ਜੁਟਾਉਣਾ ਤੇ ਮਾਫ਼ਕ ਹਾਲਤਾਂ ਮੁਹੱਈਆ ਕਰਨਾ ਹੈ। ਅੱਜ ਜਦੋਂ ਕਿ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ਼ ਵੱਖ-ਵੱਖ ਲੋਕ ਹਿੱਸੇ ਸੰਘਰਸ਼ਾਂ ਦੇ ਰਾਹ ਤੁਰ ਰਹੇ ਹਨ ਤੇ ਦਿਨੋ ਦਿਨ ਇਹ ਸੰਘਰਸ਼ ਵਿਆਪਕ ਤੇ ਤਿੱਖੇ ਹੋਣ ਵੱਲ ਵਧ ਰਹੇ ਹਨ, ਉਸ ਸਮੇਂ ਇਹਨਾਂ ਸੰਘਰਸ਼ਾਂ ਅੰਦਰ ਔਰਤਾਂ ਦੀ ਸ਼ਮੂਲੀਅਤ ਯਕੀਨੀ ਕਰਨ ਲਈ ਜਾਬਤੇ ਤੇ ਅਨੁਸ਼ਾਸਨ ਦਾ ਬੇਹੱਦ ਮਹੱਤਵ ਹੈ। ਔਰਤਾਂ ਦੀ ਭੂਮਿਕਾ ਕਿਸੇ ਸੰਘਰਸ਼ ਵਿੱਚ ਕਿੰਨਾ ਅਹਿਮ ਰੋਲ ਅਦਾ ਕਰ ਸਕਦੀ ਹੈ, ਉਸਦੀਆਂ ਉੱਘੜਵੀਆਂ ਉਦਾਹਰਨਾਂ ਈ.ਟੀ.ਟੀ. ਵਿਦਿਆਰਥੀ ਸੰਘਰਸ਼, ਈ.ਜੀ.ਐੱਸ., ਡੀ.ਐੱਮ.ਸੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਘਰਸ਼ਾਂ ਤੋਂ ਮਿਲ ਸਕਦੀਆਂ ਹਨ। ਏਥੇ ਅਸੀਂ ਇਸ ਪ੍ਰਸੰਗ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਘਰਸ਼ 'ਚ ਸ਼ਾਮਲ ਪੀ.ਐੱਸ.ਯੂ.(ਸ਼ਹੀਦ ਰੰਧਾਵਾ) ਦੀ ਸਾਬਕਾ ਸੂਬਾ ਕਮੇਟੀ ਮੈਂਬਰ ਸ਼ੀਰੀਂ ਵੱਲੋਂ ਭੇਜੀ ਇੱਕ ਲਿਖ਼ਤ ਤੁਹਾਡੀ ਨਜ਼ਰ ਕਰ ਰਹੇ ਹਾਂ।]
ਸੰਘਰਸ਼ਾਂ 'ਚ ਇਉਂ ਵੀ ਨਿਭ ਸਕਦੀਆਂ ਨੇ ਕੁੜੀਆਂ
ਜੁਲਾਈ-ਅਗਸਤ 2003 ਵਿੱਚ ਪੰਜਾਬ ਸਰਕਾਰ ਨੇ ਫੀਸਾਂ ਵਿੱਚ ਵੱਡਾ ਵਾਧਾ ਕਰ ਦਿੱਤਾ ਸੀ। ਪੰਜਾਬ ਭਰ ਅੰਦਰ ਇਸ ਵਾਧੇ ਦਾ ਤਿੱਖਾ ਵਿਰੋਧ ਹੋਇਆ ਸੀ। ਜਿਹੜੀਆਂ ਸੰਸਥਾਵਾਂ ਫੀਸ ਵਾਧੇ 'ਚ ਵਾਪਸੀ ਲਈ ਸੰਘਰਸ਼ ਕਰ ਰਹੀਆਂ ਸਨ, ਉਹਨਾਂ 'ਚੋਂ ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਸੀ। ਲਗਭਗ ਇੱਕ ਮਹਨਾ ਪੰਜਾਬ ਭਰ ਵਿੱਚ ਥਾਂ ਥਾਂ ਰੈਲੀਆਂ, ਮੁਜ਼ਾਹਰੇ, ਜਾਮ, ਅਰਥੀ ਫੂਕ ਐਕਸ਼ਨ ਹੁੰਦੇ ਰਹੇ, ਜਿਸਦੇ ਸਿੱਟੇ ਵਜੋਂ ਪੰਜਾਬ ਸਰਕਾਰ ਨੂੰ ਇਸ ਵਾਧਾ ਵਾਪਸ ਲੈਣ ਲਈ ਮਜ਼ਬੂਰ ਹੋਣਾ ਪਿਆ। ਪਰ ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ. ਵੱਲੋਂ ਇਹ ਕਹਿ ਕੇ ਕਿ ਯੂਨੀਵਰਸਿਟੀ ਇੱਕ ਖੁਦਮੁਖ਼ਤਿਆਰ ਸੰਸਥਾ ਹੈ ਤੇ ਪੰਜਾਬ ਦੇ ਫੈਸਲੇ ਇਸਤੇ ਲਾਗੂ ਨਹੀਂ ਹੁੰਦੇ, ਇਹ ਵਾਧਾ ਵਾਪਸ ਲੈਣੋਂ ਇਨਕਾਰ ਕਰ ਦਿੱਤਾ। ਉਸ ਵਕਤ ਯੂਨੀਵਰਸਿਟੀ ਅੰਦਰ ਕਈ ਤਰ•ਾਂ ਦੀਆਂ ਵਿਦਿਆਰਥੀ ਯੂਨੀਅਨਾਂ ਸਰਗਰਮ ਸਨ। ਇਹਨਾਂ ਯੂਨੀਅਨਾਂ ਵੱਲੋਂ ਸਾਂਝੀ ਕਨਫੈਡਰੇਸ਼ਨ ਬਣਾ ਕੇ ਸੰਘਰਸ਼ ਕੀਤਾ ਜਾ ਰਿਹਾ ਸੀ। ਯੂਨੀਵਰਸਿਟੀ ਗੇਟ ਉੱਤੇ ਲਗਾਤਾਰ ਧਰਨੇ ਦਾ ਸਿਲਸਿਲਾ ਜਾਰੀ ਸੀ। ਵਿਦਿਆਰਥੀ ਸੰਘਰਸ਼ ਨੂੰ ਜਬਰ ਪੂਰਵਕ ਦਬਾਉਣ ਲਈ ਵੀ.ਸੀ. ਨੇ ਯੂਨੀਅਨ ਦੇ 11 ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ ਜਿਹਨਾਂ 'ਚੋਂ ਇੱਕ ਵਿਦਿਆਰਥਣ ਵੀ ਸੀ। ਇਹਨਾਂ ਮੁਅੱਤਲੀਆਂ ਦੇ ਬਾਵਜੂਦ ਸੰਘਰਸ਼ ਜਾਰੀ ਰਿਹਾ। ਯੂਨੀਵਰਸਿਟੀ ਅਣਮਿਥੇ ਸਮੇਂ ਲਈ ਬੰਦ ਕਰ ਦਿੱਤੀ ਗਈ। ਵਿਦਿਆਰਥੀ ਰੋਸ ਪ੍ਰਦਰਸ਼ਨ 'ਚ ਸ਼ਾਮਲ ਹੁੰਦੇ ਰਹੇ। ਕਿਸੇ ਹੀਲੇ ਵੀ ਸੰਘਰਸ਼ ਰੁਕਦਾ ਨਾ ਵੇਖਕੇ ਵਾਈਸ ਚਾਂਸਲਰ ਸਵਰਨ ਸਿੰਘ ਬੋਪਾਰਾਏ ਨੇ ਕੋਝੀ ਖੇਡ ਖੇਡੀ। ਜਦ ਵਿਦਿਆਰਥੀ-ਵਿਦਿਆਰਥਣਾਂ ਧਰਨੇ 'ਚ ਗਏ ਤਾਂ ਪਿੱਛੋਂ ਉਹਨਾਂ ਦੇ ਕਮਰੇ ਅਤੇ ਹੋਸਟਲ ਬੰਦ ਕਰਵਾ ਦਿੱਤੇ। ਧਰਨੇ 'ਚੋਂ ਵਾਪਸ ਮੁੜੇ ਵਿਦਿਆਰਥੀਆਂ ਨੂੰ ਆਪਣੇ ਕਮਰਿਆਂ 'ਚ ਦਾਖ਼ਲ ਨਾ ਹੋਣ ਦਿੱਤਾ ਗਿਆ। ਸਭਨਾਂ ਦੇ ਕੱਪੜੇ, ਪਰਸ ਤੇ ਹੋਰ ਲੋੜੀਂਦੀਆਂ ਚੀਜ਼ਾਂ ਕਮਰਿਆਂ ਵਿੱਚ ਰਹਿ ਗਈਆਂ। ਸਭਨਾਂ ਲਈ ਆਪੋ-ਆਪਣੇ ਘਰ ਜਾਣ ਦੀ ਮਜਬੂਰੀ ਬਣਾ ਦਿੱਤੀ ਗਈ। ਅਜਿਹੇ ਸਮੇਂ ਕੁੜੀਆਂ ਦਾ ਕੱਪੜਿਆਂ ਤੇ ਲੋੜੀਂਦੇ ਸਾਮਾਨ ਤੋਂ ਬਿਨਾਂ ਰਹਿਣਾ ਹੋਰ ਵੀ ਔਖਾ ਹੋ ਸੀ। ਆਪਣੀ ਪ੍ਰਸਾਸ਼ਨਿਕ ਯੋਗਤਾ ਦੇ ਹੰਕਾਰ ਵਿੱਚ ਆਈ.ਏ.ਐੱਸ. ਅਧਿਕਾਰੀ ਬੋਪਾਰਾਏ ਨੇ ਇਹ ਜੁਗਤ ਕੱਢੀ ਸੀ। ਕੁੜੀਆਂ ਨੂੰ ਘਰ ਜਾਣ ਲਈ ਮਜ਼ਬੂਰ ਕਰਕੇ ਇੱਕ ਤਾਂ ਵਿਦਿਆਰਥੀਆਂ ਦੀ ਗਿਣਤੀ ਅੱਧੀ ਰਹਿ ਜਾਣੀ ਸੀ ਤੇ ਇਸ ਗਿਣਤੀ ਵਿੱਚ ਵੱਡੀ ਕਮੀ ਨੇ ਬਾਕੀ ਵਿਦਿਆਰਥੀਆਂ ਦੇ ਮਨੋਬਲ ਨੂੰ ਵੀ ਢਾਹ ਲਾਉਣੀ ਸੀ, ਦੂਜੇ ਇਕੱਲੇ ਮੁੰਡਿਆਂ ਨਾਲ ਨਜਿੱਠਣਾ ਕਿਤੇ ਵੱਧ ਸੌਖਾ ਸੀ। ਸੋ, ਇਹ ਸੰਘਰਸ਼ ਲਈ ਫੈਸਲਾਕੁਨ ਸਮਾਂ ਸੀ। ਆਗੂ ਟੀਮ ਨੇ ਵਿਦਿਆਰਥਣਾਂ ਨੂੰ ਸੰਘਰਸ਼ ਦੇ ਇਸ ਮੋੜ ਤੇ ਉਹਨਾਂ ਦੇ ਸਾਥ ਦਾ ਫੈਸਲਾਕੁਨ ਰੋਲ ਜਚਾਉਣ ਤੇ ਸੰਘਰਸ਼ 'ਚ ਸ਼ਾਮਲ ਰਹਿਣ ਲਈ ਮਨਾਉਣ ਦੀਆਂ ਸਿਰਤੋੜ ਕੋਸ਼ਿਸ਼ਾਂ ਕੀਤੀਆਂ। ਇਹਨਾਂ ਕੋਸ਼ਿਸ਼ਾਂ ਦੇ ਸਿੱਟੇ ਵਜੋਂ ਵਿਦਿਆਰਥਣਾਂ ਦੇ ਇੱਕ ਪ੍ਰਭਾਵਸ਼ਾਲੀ ਹਿੱਸੇ ਨੇ ਸੰਘਰਸ਼ 'ਚ ਸ਼ਾਮਲ ਰਹਿਣ ਦਾ ਫੈਸਲਾ ਕਰ ਲਿਆ। ਇਹ ਵਿਦਿਆਰਥਣਾਂ ਆਪਣੇ ਵਿਦਿਆਰਥੀ ਸਾਥੀਆਂ ਸਮੇਤ ਵੀ.ਸੀ. ਦਫ਼ਤਰ ਅੱਗੇ ਧਰਨੇ 'ਚ ਡਟ ਗਈਆਂ। ਕੁੜੀਆਂ ਦੇ ਸਾਥ ਨੇ ਵਿਦਿਆਰਥੀਆਂ ਦੇ ਮਨੋਬਲ ਤੇ ਅਸਰ ਪਾਇਆ। ਸੰਘਰਸ਼ ਖਿੰਡਣ ਦੀ ਥਾਵੇਂ ਹੋਰ ਮਘ ਪਿਆ। ਖੁੱਲੇ ਅਸਮਾਨ ਹੇਠ ਦਿਨ ਰਾਤ ਧਰਨਾ ਚਾਲੂ ਰਿਹਾ। ਵੀ.ਸੀ. ਦੀਆਂ ਜੂਗਤਾਂ ਧਰੀਆਂ ਧਰਾਈਆਂ ਰਹਿ ਗਈਆਂ। ਉਹਨੇ ਅਜੇ ਵੀ ਆਪਣੇ ਕੋਝੇ ਦਿਮਾਗ਼ ਦਾ ਪ੍ਰਦਰਸ਼ਨ ਜਾਰੀ ਰੱਖਿਆ। ਯੂਨੀਵਰਸਿਟੀ ਦੀਆਂ ਤਮਾਮ ਟਾਇਲਟਸ ਤੇ ਤਾਲੇ ਲਗਵਾ ਦਿੱਤੇ। ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ। ਸੰਘਰਸ਼ ਜਾਰੀ ਰਿਹਾ। ਵੀ.ਸੀ. ਨੇ ਹੋਰ ਚਾਲ ਖੇਡੀ। ਕੁੜੀਆਂ ਦੇ ਚਾਰ ਹੋਸਟਲਾਂ ਦੀਆਂ ਵਾਰਡਨਾਂ ਨੂੰ ਕੁੜੀਆਂ ਕੋਲ ਭੇਜਿਆ। ਵਾਰਡਨਾਂ ਨੇ ਧਰਨੇ ਵਿੱਚੋਂ ਸਭ ਕੁੜੀਆਂ ਨੂੰ ਇੱਕ ਪਾਸੇ ਇਕੱਠੇ ਕਰ ਲਿਆ। ਇਹ ਉਹੀ ਵਾਰਡਨਾਂ ਸਨ ਜਿਹਨਾਂ ਨੇ ਇੱਕ ਦਿਨ ਪਹਿਲਾਂ ਵਿਦਿਆਰਥਣਾਂ ਨੂੰ ਉਹਨਾਂ ਦੇ ਆਪਣੇ ਕਮਰਿਆਂ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਸੀ, ਕੱਲੀ-ਕੱਲੀ ਨੂੰ ਵੇਖ ਲੈਣ ਦੀਆਂ ਧਮਕੀਆਂ ਦਿੱਤੀਆਂ ਸਨ, ਉਹਨਾਂ ਦੇ ਘਰਾਂ ਵਿੱਚ ਫੋਨ ਖੜਕਾਏ ਸਨ। ਹੁਣ ਉਹ ਕੁੜੀਆਂ ਨੂੰ ਕਹਿ ਰਹੀਆਂ ਸਨ ਕਿ ਉਹ ਉਹਨਾਂ ਦੀਆਂ ਮਾਵਾਂ ਵਾਂਗ ਹਨ, ਕਿ ਕੁੜੀਆਂ ਦਾ ਇਉਂ ਖੁੱਲ•ੇ ਅਸਮਾਨ ਹੇਠ ਰਹਿਣਾ ਉਹਨਾਂ ਨੂੰ ਤਕਲੀਫ਼ ਦੇ ਰਿਹਾ ਹੈ, ਕਿ ਉਹਨਾਂ ਸਿਰ ਕੁੜੀਆਂ ਦੀ ਵੱਡੀ ਜੁੰਮੇਵਾਰੀ ਹੈ। ਇਹ ਕਹਿਕੇ ਉਹ ਕੁੜੀਆਂ ਨੂੰ ਧਰਨੇ 'ਚੋਂ ਉੱਠ ਕੇ ਯੂਨੀਵਰਸਿਟੀ ਦੇ ਵਾਰਸ ਭਵਨ ਵਿੱਚ ਰਹਿਣ ਲਈ ਮਜਬੂਰ ਕਰ ਰਹੀਆਂ ਸਨ। ਕੁੜੀਆਂ ਨੇ ਚੁੱਪ ਚਾਪ ਸਾਰੀ ਗੱਲ ਸੁਣੀ। ਵਾਰਡਨਾਂ ਨੇ ਪਿਆਰ ਨਾਲ ਵੀ ਗੱਲ ਕੀਤੀ, ਗੰਭੀਰ ਸਿੱਟੇ ਦਰਸਾ ਕੇ ਡਰਾਇਆ ਵੀ, ਕੈਰੀਅਰ ਤੇ ਅਸਰ ਪੈਣ ਦੀ ਪੋਲੇ ਸ਼ਬਦਾਂ 'ਚ ਧਮਕੀ ਵੀ ਦਿੱਤੀ, ਮੁੰਡਿਆਂ ਨਾਲ ਰਾਤਾਂ ਨੂੰ ਇਕੱਠੇ ਬਹਿਣ ਕਾਰਨ ਬਦਨਾਮੀ ਹੋਣ ਦੀਆਂ ਗੱਲਾਂ ਵੀ ਕੀਤੀਆਂ। ਲੱਗ ਰਿਹਾ ਸੀ ਕਿ ਕੁੜੀਆਂ ਉੱਤੇ ਇਹ ਸਭ ਦਲੀਲਾਂ ਅਸਰ ਪਾ ਰਹੀਆਂ ਨੇ ਕਿ ਅਚਾਨਕ ਕਿਤੋਂ ਪਿੱਛੋਂ ਦੋ ਕੁੜੀਆਂ ਦੀ ਆਵਾਜ਼ ਆਈ—ਹੋਸਟਲ। ਕੁੜੀਆਂ ਦੇ ਏਨੇ ਇਕੱਠ 'ਚੋਂ ਵਾਰਡਨਾਂ ਨੂੰ ਬੋਲਣ ਵਾਲੀਆਂ ਦੇ ਚਿਹਰੇ ਨਾ ਦਿਖੇ। ਉਹਨਾਂ ਨੇ ਫੇਰ ਗੱਲ ਤੋਰੀ। ਫੇਰ ਆਵਾਜ਼ ਆਈ—ਹੋਸਟਲ। ਹੁਣ ਇਹ 3-4 ਆਵਾਜ਼ਾਂ ਸਨ। ਵਾਰਡਨਾਂ ਬੋਲਣ ਲੱਗੀਆਂ ਤਾਂ ਸਾਰੀਆਂ ਕੁੜੀਆਂ ਹੀ ਬੋਲ ਉੱਠੀਆਂ—ਹੋਸਟਲ। ਜਦ ਵੀ ਕੋਈ ਵਾਰਡਨ ਗੱਲ ਕਰਨਾ ਸ਼ੁਰੂ ਕਰਦੀ ਤਾਂ ਕੁੜੀਆਂ ਇੱਕ ਸੁਰ ਹੋ ਕੇ ਕਹਿੰਦੀਆਂ—ਹੋਸਟਲ, ਹੋਸਟਲ। ਕੁੜੀਆਂ ਨੇ ਇੱਕ ਸੁਰ ਹੋ ਕੇ ਆਪਣੇ ਹੋਸਟਲਾਂ ਤੋਂ ਬਿਨਾਂ ਹੋਰ ਕਿਧਰੇ ਵੀ ਜਾਣੋਂ ਦੋ ਟੁੱਕ ਨਾਂਹ ਕਰ ਦਿੱਤੀ। ਵਾਰਡਨਾਂ ਬੇਰੰਗ ਪਰਤੀਆਂ। ਇਹ ਘਟਨਾ ਸੰਕੇਤ ਸੀ, ਵਿਦਿਆਰਥੀ ਮਨੋਬਲ ਦੀ, ਉਹਨਾਂ ਦੀ ਸੰਘਰਸ਼ ਤਾਂਘ ਦੀ, ਉਹਨਾਂ ਦੇ ਏਕੇ ਦੀ, ਪਾਟਕ ਪਾਉਣ ਦੀਆਂ ਚਾਲਾਂ ਖਿਲਾਫ਼ ਉਹਨਾਂ ਦੀ ਸੂਝ ਦੀ। ਇਸ ਘਟਨਾ ਨੇ ਕੁੱਲ ਵਿਦਿਆਰਥੀ ਸੰਘਰਸ਼ 'ਚ ਅਹਿਮ, ਸਗੋਂ ਫੈਸਲਾਕੁਨ ਰੋਲ ਨਿਭਾਇਆ। ਬਾਅਦ ਵਿੱਚ ਜਦ ਵਿਦਿਆਰਥਣਾਂ ਦੇ ਮਾਪੇ ਉਹਨਾਂ ਨੂੰ ਘਰ ਲਿਜਾਣ ਲਈ ਆਉਂਦੇ ਤਾਂ ਕੁੜੀਆਂ ਇਕੱਠੀਆਂ ਹੋ ਕੇ ਮਾਪਿਆਂ ਨਾਲ ਗੱਲ ਕਰਦੀਆਂ। ਬਾਕੀ ਕੁੜੀਆਂ ਦੀ ਉਦਾਹਰਨ ਦਿੰਦੀਆਂ। ਅਕਸਰ ਮਾਪੇ ਇਸ ਮਾਹੌਲ ਤੋਂ ਪ੍ਰਭਾਵਿਤ ਹੋ ਕੇ ਆਪ ਵੀ ਧਰਨੇ 'ਚ ਹੀ ਬੈਠ ਜਾਂਦੇ। ਕੁੜੀਆਂ ਦੀ ਸ਼ਮੂਲੀਅਤ ਦੇ ਚਰਚੇ ਪੰਜਾਬ ਭਰ ਵਿੱਚ ਹੋਏ। ਤਿੰਨ ਰਾਤਾਂ ਕੁੜੀਆਂ ਨੂੰ ਬਾਹਰ ਬਿਤਾਉਣ ਲਈ ਮਜਬੂਰ ਕਰਨ ਵਾਸਤੇ ਵੀ.ਸੀ. ਦੀ ਹਰ ਪਾਸੇ ਥੂਹ-ਥੂਹ ਹੋਈ। ਕੁੜੀਆਂ ਦੀ ਸ਼ਮੂਲੀਅਤ ਨੇ ਇਸ ਸੰਘਰਸ਼ ਨੂੰ ਹੋਰ ਵੱਧ ਮਜ਼ਬੂਤ, ਵਾਜਬ ਤੇ ਧਿਆਨ ਖਿੱਚਣ ਵਾਲਾ ਬਣਾ ਦਿੱਤਾ। ਪੰਜਾਬ ਸਰਕਾਰ ਨੂੰ ਕਨਫੈਡਰੇਸ਼ਨ ਨਾਲ ਫੌਰੀ ਗੱਲਬਾਤ ਕਰਨੀ ਪਈ ਤੇ ਫੀਸਾਂ ਦਾ 7-8 ਫੀਸਦੀ ਤੱਕ ਸੀਮਤ ਕਰਨ ਦਾ ਐਲਾਨ ਕਰਨਾ ਪਿਆ। ਬਾਅਦ ਵਿੱਚ ਵੀ ਜਦ ਵਿਦਿਆਰਥੀ ਸੰਘਰਸ਼ ਮੁਅੱਤਲੀਆਂ ਵਾਰਸ ਕਰਵਾਉਣ ਤੇ ਹੋਰਨਾਂ ਮੰਗਾਂ ਤੇ ਜਾਰੀ ਰਿਹਾ ਤਾਂ ਯੂਨੀਵਰਸਿਟੀ ਅੰਦਰ 7 ਜ਼ਿਲਿ•ਆਂ ਦੀ ਪੁਲਸ ਲਾਈ ਗਈ। ਇੱਕ ਵਿਦਿਆਰਥਣ ਆਗੂ ਦੀ ਪੁਲਿਸ ਵੱਲੋਂ ਕੀਤੀ ਖਿੱਚਧੂਹ ਦੀ ਫੋਟੇ ਸਭਨਾਂ ਅਖਬਾਰਾਂ ਵਿੱਚ ਛਪੀ। ਵੀ.ਸੀ. ਤੇ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਦਾ ਵਿਆਪਕ ਵਿਰੋਧ ਹੋਇਆ। ਯੂਨੀਵਰਸਿਟੀ ਦੇ ਸੰਘਰਸ਼ ਦੀ ਹਿਮਾਇਤ ਵਿੱਚ ਪੰਜਾਬ ਭਰ ਦੇ ਲੋਕ ਹਿੱਸੇ ਆਏ ਤੇ ਅੰਤ ਇਹ ਸੰਘਰਸ਼ ਸੌ ਫੀਸਦੀ ਵਾਧੇ ਵਿੱਚ ਵਾਪਸੀ, ਮੁਅੱਤਲੀਆਂ ਰੱਦ ਹੋਣ ਤੇ ਸਭਨਾਂ ਮੰਗਾਂ ਦੀ ਪੂਰਤੀ ਨਾਲ ਸਫ਼ਲਤਾ ਸਹਿਤ ਖ਼ਤਮ ਹੋਇਆ।
No comments:
Post a Comment