Tuesday, 17 July 2012

ਅਜਾਇਬ ਚਿੱਤਰਕਾਰ


ਅਜਾਇਬ ਚਿੱਤਰਕਾਰ ਦਾ ਵਿਛੋੜਾ
ਪੰਜਾਬੀ ਦੀ ਪ੍ਰਗਤੀਸ਼ੀਲ ਧਾਰਾ ਦੇ ਨਾਮਵਰ ਕਵੀ ਅਤੇ ਪ੍ਰਸਿੱਧ ਚਿੱਤਰਕਾਰ ਅਜੈਬ ਚਿੱਤਰਕਾਰ ਦਾ ਬੀਤੀ 2 ਜੁਲਾਈ ਨੂੰ ਦੇਹਾਂਤ ਹੋ ਗਿਆ। ਉਹਨਾਂ 88 ਵਰ੍ਹਿਆਂ ਦੀ ਭਰਪੂਰ ਜ਼ਿੰਦਗੀ ਗੁਜ਼ਾਰੀ। ਉਹ ਬਹੁਤ ਲੰਮਾ ਦੌਰ ਪੰਜਾਬੀ ਸਾਹਿਤ ਜਗਤ 'ਚ ਵਿਚਰੇ, 40ਵਿਆਂ ਤੋਂ ਲੈ ਕੇ ਲਗਭਗ 70 ਸਾਲ ਉਹਨਾਂ ਸਾਹਿਤ ਰਚਨਾ ਵੀ ਕੀਤੀ ਤੇ ਚਿੱਤਰਕਾਰੀ ਵੀ। ਮਨੁੱਖੀ ਜ਼ਿੰਦਗੀ ਦੀ ਬੇਹਤਰੀ ਦੇ ਸਰੋਕਾਰ ਹਮੇਸ਼ਾਂ ਉਹਨਾਂ ਦੀ ਸਾਹਿਤ ਰਚਨਾ ਦਾ ਧੁਰਾ ਰਹੇ। ਲੋਕਾਂ ਦੇ ਦੁੱਖ ਦਰਦ ਅਤੇ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਉਹਨਾਂ ਦੀ ਕਵਿਤਾ 'ਚ ਢਲ ਕੇ ਪ੍ਰਗਟ ਹੋਏ। ਉਹ ਜ਼ਿੰਦਗੀ ਦੀ ਬਿਹਤਰੀ ਲਈ ਸੰਘਰਸ਼ ਦੇ ਕਵੀ ਸਨ। ਉਹਨਾਂ ਹਮੇਸ਼ਾਂ ਨਵੇਂ ਧਰਤੀ ਆਕਾਸ਼ ਸਿਰਜਣ ਦੀ ਲੋਚਾ ਰੱਖੀ। ਉਹਨਾਂ ਕਿਹਾ 
ਮੈਂ ਹਾਂ ਸਿਰਜਕ ਸਿਰਜਦਾ ਰਹਿਣਾ, ਨਵੇਂ ਧਰਤੀ ਆਕਾਸ਼
ਏਸ ਧਰਤੀ ਦੇ ਬੁਝੇ ਅੰਬਰ ਦਾ ਮੈਂ ਤਾਰਾ ਨਹੀਂ ਹਾਂ।
ਉਹਨਾਂ ਦੀ ਸਿਰਜਣਾ ਅਮਰ ਹੈ। ਪੰਜਾਹਵਿਆਂ 'ਚ ਸੰਸਾਰ ਭਰ 'ਚ ਚੱਲੀ ਅਮਨ ਲਹਿਰ ਵੇਲੇ ਜਿਹੜੇ ਪੰਜਾਬੀ ਸਾਹਿਤਕਾਰ ਇਸ ਲਹਿਰ ਵਿੱਚ ਮੋਹਰੀ ਹੋ ਕੇ ਤੁਰੇ ਅਜਾਇਬ ਚਿੱਤਰਕਾਰ ਉਹਨਾਂ ਵਿੱਚੋਂ ਇੱਕ ਸੀ। ਉਹਨਾਂ ਨੇ ਆਪਣੀ ਕਲਮ ਰਾਹੀਂ ਅਮਨ, ਸ਼ਾਂਤੀ ਤੇ ਹੱਕ ਸੱਚ ਦਾ ਹੋਕਾ ਦਿੱਤਾ। ਉਹਨਾਂ ਦੇ ਦਿਹਾਂਤ ਨਾਲ ਪੰਜਾਬੀ ਸਾਹਿਤ ਅਤੇ ਕਲਾ ਜਗਤ ਨੂੰ ਵੱਡਾ ਘਾਟਾ ਪਿਆ ਹੈ। ਨੌਜਵਾਨ ਭਾਰਤ ਸਭਾ ਅਜਾਇਬ ਚਿੱਤਰਕਾਰ ਦੇ ਵਿਛੋੜੇ ਮੌਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ।
* * * * * * * * * * *
. . . ਅਜੈਬ ਚਿੱਤਰਕਾਰ ਆਪਣੀਆਂ ਗਜ਼ਲਾਂ 'ਚ ਜ਼ਾਤ ਤੋਂ ਕਾਇਨਾਤ ਤੱਕ ਦਾ ਸਫ਼ਰ ਕਰਦਾ ਮਹਿਸੂਸ ਹੁੰਦਾ ਹੈ। ਉਸ ਦਾ ਸੁਖ਼ਨ ਪੜ੍ਹਨ ਵਾਲੇ ਲਈ ਸੱਜਰੀ ਜ਼ਿੰਦਗੀ ਦਾ ਪੈਗ਼ਾਮ ਦਿੰਦਾ ਹੈ . . . ਚੰਗੀ ਸ਼ਾਇਰੀ ਹਮੇਸ਼ਾਂ ਜਿਉਂਦੀ ਰਹਿੰਦੀ ਹੈ। ਚਾਹੇ ਤੁਸੀਂ ਉਸ ਨੂੰ ਕੋਈ ਵੀ ਨਾਂ ਕਿਉਂ ਨਾ ਦੇ ਦਿਓ। ਅਜਾਇਬ ਚਿੱਤਰਕਾਰ ਦਾ ਕਲਾਮ ਵੀ ਕੁੱਝ ਇਸੇ ਨੌਈਅਤ ਦਾ ਹੈ ਜਿਸ ਵਿੱਚ ਭਰਪੂਰ ਨਿੱਜਤਾ ਦੇ ਨਾਲ ਨਾਲ ਜ਼ਿੰਦਗੀ ਲਈ ਮਰ ਮਿਟਣ ਦੀ ਖਾਹਿਸ਼ ਵੀ ਹੈ ਤੇ ਖੁੱਲੇ ਅਸਮਾਨਾਂ ਨੂੰ ਛੋਹ ਲੈਣ ਦੀ ਹਸਰਤ ਵੀ। . . . 
ਸਾਹਿਰ ਲੁਧਿਆਣਵੀ
ਜਨਮ ਤੋਂ ਹੀ ਮੈਂ ਰਿਹਾ ਫਰਿਹਾਦ ਹਾਂ

ਮੇਰਿਆਂ ਹੱਥਾਂ 'ਚ ਤੇਸਾ
ਮੇਰੀਆਂ ਬਾਹਾਂ 'ਚ ਬਿਜਲੀ
ਮੇਰੀਆਂ ਅੱਖਾਂ 'ਚ ਸੁਪਨੇ
ਮੇਰਿਆਂ ਕਦਮਾਂ 'ਚ ਤੇਜ਼ੀ
ਜਨਮ ਤੋਂ ਹੀ ਮੈਂ ਰਿਹਾ ਫਰਿਹਾਦ ਹਾਂ।
ਸਾਹਮਣੇ ਮੇਰੇ ਹੈ ਪਰਬਤ
ਚਿੱਟੇ ਝਾਟੇ ਵਾਲੀਆਂ ਕਿੰਨੀਆਂ ਹੀ ਸਦੀਆਂ 
ਸਾਥ ਜਿਸਦਾ ਛੱਡ ਮੋਈਆਂ,
ਅੱਜ ਵੀ ਡਟਿਆ ਹੈ ਉਵੇਂ
ਕਿੰਨੇ ਹੀ ਵੱਡ ਵਡੇਰੇ 
ਅੱਜ ਮੈਂ ਜਿਨ੍ਹਾਂ ਦਾ ਵਾਰਸ
ਇਹੋ ਤੇਸਾ ਹੱਥ ਲੈ ਕੇ
ਕੱਟਦੇ ਰਹੇ ਨੇ ਪਰਬਤ।
ਪਰ ਇਹ ਪਰਬਤ
ਜਿਸਦਾ ਹਰ ਇੱਕ ਅੰਗ ਚਟਾਨਾਂ ਬਣਿਆ
ਅੱਜ ਵੀ ਉਵੇਂ ਹੈ ਤਣਿਆ,
ਤੇਸਾ ਟਕਰਾਉਂਦਾ ਰਿਹਾ ਹੈ
ਲਾ ਲਾ ਜਰਬਾਂ ਕਾਰੀਆਂ, 
ਟੁੱਟੀਆਂ ਚਟਾਨਾਂ
ਫੁੱਟੀਆਂ ਕਈ ਚਿੰਗਾਰੀਆਂ।
ਕਈ ਸੂਰਜ ਅਸਤ ਹੋਏ
ਉੱਗੇ ਕਈ ਪਹੁ ਫੁਟਾਲੇ,
ਨੇਰ੍ਹ ਨਾਗਾਂ ਨੇ ਬੁਝਾਏ
ਮਿਹਨਤਾਂ ਦੇ ਦੀਪ ਬਾਲੇ।
ਸਾਹਮਣੇ ਮੇਰੇ ਹੈ ਪਰਬਤ
ਜਿਸਦਾ ਹਰ ਇੱਕ ਅੰਗ ਚਟਾਨਾਂ ਬਣਿਆ,
ਮੇਰੇ ਵੀ ਲੰਬੇ ਨੇ ਜੇਰੇ
ਫਖ਼ਰ ਹੈ ਮੈਨੂੰ, ਮੈਂ ਫਰਿਹਾਦਾਂ ਦਾ ਵਾਰਸ
ਅੱਜ ਦਾ ਫ਼ਰਿਹਾਦ ਹਾਂ 
ਪਿਆਰ ਜਿਸ ਸ਼ੀਰੀਂ ਦਾ ਰਚਿਆ
ਅੱਜ ਹੈ ਲੂੰ ਲੂੰ 'ਚ ਮੇਰੇ
ਮੁਸਕਣੀ ਉਸਦੀ ਦੇ ਸਾਹਵੇਂ
ਉੱਡਣੇ ਸਦੀਆਂ ਦੇ ਨੇਰ੍ਹੇ ।
ਮੈਂ ਕਦੇ ਥੱਕਿਆ ਨਹੀਂ
ਮੈਂ ਕਦੇ ਥੱਕਣਾ ਨਹੀਂ
ਮੇਲ ਬਿਨ ਸ਼ੀਰੀਂ ਦੇ ਕਿਧਰੇ
ਵੀ ਪੜਾਅ ਆਪਣਾ ਨਹੀਂ ।
ਧੁਖ ਰਹੀ ਹੈ ਲਗਨ ਦਿਲ ਵਿੱਚ
ਕੱਟਦਾ ਜਾਵਾਂ ਚੱਟਾਨਾਂ
ਦੁਧੀਆ ਨਹਿਰਾਂ ਵਗਾਵਾਂ
ਜਿਸਮ ਮੇਰੇ 'ਤੇ ਲੰਗਾਰਾਂ।
ਮੇਰਿਆਂ ਹੱਥਾਂ 'ਚ ਅੱਟਣ
ਮੇਰਿਆਂ ਪੈਰਾਂ 'ਚ ਛਾਲੇ
ਫੇਰ ਵੀ ਪਰ 
ਮੇਰਿਆਂ ਹੱਥਾਂ 'ਚ ਤੇਸਾ
ਮੇਰੀਆਂ ਬਾਹਾਂ 'ਚ ਬਿਜਲੀ
ਮੇਰੀਆਂ ਅੱਖਾਂ 'ਚ ਸੁਪਨੇ
ਮੇਰਿਆਂ ਕਦਮਾਂ 'ਚ ਤੇਜੀ
ਜਨਮ ਤੋਂ ਹੀ ਮੈਂ ਰਿਹਾ ਫ਼ਰਿਹਾਦ ਹਾਂ।

ਉੱਘੇ ਪੰਜਾਬੀ/ਉਰਦੂ ਪ੍ਰਗਤੀਵਾਦੀ ਕਵੀ ਅਤੇ ਗ਼ਜ਼ਲਗੋ 
ਅਜਾਇਬ ਚਿੱਤਰਕਾਰ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ
ਗੁਰਸ਼ਰਨ ਸਿੰਘ ਯਾਦਗਾਰੀ ਕਮੇਟੀ ਤੇ ਸਲਾਮ ਪ੍ਰਕਾਸ਼ਨ ਕਮੇਟੀ ਦੇ ਮੈਂਬਰ ਪਾਵੇਲ ਕੁੱਸਾ ਵੱਲੋਂ ਉੱਘੇ ਪੰਜਾਬੀ/ਉਰਦੂ ਪ੍ਰਗਤੀਵਾਦੀ ਕਵੀ ਅਤੇ ਗ਼ਜ਼ਲਗੋ ਅਜਾਇਬ ਚਿੱਤਰਕਾਰ ਦੇ ਦਿਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸ੍ਰੀ ਅਜਾਇਬ ਚਿੱਤਰਕਾਰ ਦੀ ਸ਼ਾਇਰੀ ਹਮੇਸ਼ਾ ਮਿਹਨਤਕਸ਼ ਅਤੇ ਦੱਬੇ ਕੁਚਲੇ ਲੋਕਾਂ ਦੇ ਹਿੱਤਾਂ ਨੂੰ ਸਮਰਪਿਤ ਰਹੀ। ਆਖਰੀ ਸਮੇਂ ਤੱਕ ਉਹਨਾਂ ਦੀ ਸ਼ਾਇਰੀ ਦਾ ਧੁਰਾ ਮਨੁੱਖ ਪੱਖੀ ਨਵਾਂ ਨਰੋਆ ਸਮਾਜ ਸਿਰਜਣ ਦੀ ਭਾਵਨਾ ਰਹੀ।
ਇਸ ਲੋਕ ਪੱਖੀ ਸ਼ਾਇਰ ਦੀ ਘਾਲਣਾ ਨੂੰ ਸਿਜਦੇ ਵਜੋਂ ਅਤੇ ਉਹਨਾਂ ਦੀ ਸ਼ਾਇਰੀ ਨੂੰ ਸਸਤੀਆਂ ਦਰਾਂ 'ਤੇ ਕਿਰਤੀ ਲੋਕਾਂ ਤੱਕ ਪੁੱਜਦਿਆਂ ਕਰਨ ਲਈ ਸਲਾਮ ਪ੍ਰਕਾਸ਼ਨ ਵੱਲੋਂ ਜਲਦੀ ਹੀ ਉਹਨਾਂ ਦੀਆਂ ਚੋਣਵੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਦੀ ਪੁਸਤਕ ਛਾਪ ਕੇ ਪੰਜਾਬੀ ਪਾਠਕਾਂ ਦੇ ਰੂਬਰੂ ਕੀਤੀ ਜਾਵੇਗੀ।
ਜਾਰੀ ਕਰਤਾ
ਪਾਵੇਲ ਕੁੱਸਾ, ਮੈਂਬਰ, ਸਲਾਮ ਪ੍ਰਕਾਸ਼ਨ

ਸੰਪਰਕ ਨੰ
: 94170-54015

No comments:

Post a Comment