Wednesday, 29 May 2013

ਜੇ ਚਾਹੁੰਦੇ ਧੀਆਂ ਦੀ ਆਨ, ਬੰਨ• ਕਾਫ਼ਲੇ ਡਟੋ ਮੈਦਾਨ

ਲੋਕ ਸੰਘਰਸ਼ ਦੀ ਜਿੱਤ: ਨਿਸ਼ਾਨ ਨੂੰ ਉਮਰ ਕੈਦ, 
ਨੌਂ ਹੋਰਾਂ ਨੂੰ 7-7 ਸਾਲ ਦੀ ਸਜ਼ਾ
ਫ਼ਰੀਦਕੋਟ ਅਗਵਾ ਕੇਸ 'ਚ ਜ਼ਿਲ•ਾ ਸੈਸ਼ਨ ਜੱਜ ਨੇ ਫੈਸਲਾ ਸੁਣਾਉਂਦਿਆਂ ਨਿਸ਼ਾਨ ਸਿੰਘ ਨੂੰ ਉਮਰ ਕੈਦ ਤੇ 9 ਹੋਰਾਂ ਨੂੰ 7-7 ਸਾਲ ਕੈਦ ਦੀ ਸਜ਼ਾ ਸੁਣਾਈ ਹੈ ਜਿਨ•ਾਂ 'ਚ ਨਿਸ਼ਾਨ ਦੀ ਮਾਂ ਅਤੇ ਸਥਾਨਕ ਅਕਾਲੀ ਆਗੂ ਡਿੰਪੀ ਸਮਰਾ ਵੀ ਸ਼ਾਮਲ ਹਨ। ਨਿਸ਼ਾਨ ਨੂੰ ਦੋ ਵਾਰ ਅਗਵਾ ਅਤੇ ਬਲਾਤਕਾਰ ਦੇ ਜੁਰਮ 'ਚ 2 ਉਮਰ ਕੈਦਾਂ ਦੀ ਸਜ਼ਾ ਸੁਣਾਈ ਹੈ। ਸ਼ਰੂਤੀ ਦੇ ਪਰਿਵਾਰ, ਵਕੀਲਾਂ ਤੇ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਫੈਸਲੇ 'ਤੇ ਤਸੱਲੀ ਜ਼ਾਹਰ ਕੀਤੀ ਹੈ। ਇਹ ਫੈਸਲਾ ਸਿਰੜੀ ਲੋਕ ਸੰਘਰਸ਼ ਦੀ ਜਿੱਤ ਹੈ। ਇਹ ਸੰਘਰਸ਼ ਸਿਰਫ਼ ਸ਼ਰੂਤੀ ਨੂੰ ਨਿਸ਼ਾਨ ਦੇ ਚੁੰਗਲ 'ਚੋਂ ਛੁਡਾਉਣ ਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਕਰਾਉਣ ਤੋਂ ਬਾਅਦ ਨਹੀਂ ਰੁਕਿਆ। ਅਦਾਲਤੀ ਸੁਣਵਾਈ ਦੌਰਾਨ ਤੇ ਫੈਸਲਾ ਹੋਣ ਤੱਕ ਜਥੇਬੰਦਕ ਜਨਤਕ ਦਬਾਅ ਅਤੇ ਚੇਤਨ ਪਹਿਰੇਦਾਰੀ ਨੇ ਇਸ ਕੇਸ ਵਿੱਚ ਮਹੱਤਵਪੂਰਨ ਰੋਲ ਨਿਭਾਇਆ ਹੈ। ਸੁਣਵਾਈ ਦੌਰਾਨ ਗੁੰਡਾ ਢਾਣੀ ਵੱਲੋਂ ਰਚੀਆਂ ਸਾਜਸ਼ਾਂ ਦਾ ਭਾਂਡਾ ਚੌਰਾਹੇ ਭੰਨਿਆ ਜਾਂਦਾ ਰਿਹਾ ਹੈ। ਮਹੀਨਿਆਂ ਬੱਧੀ ਕਿਸਾਨ ਜਥੇਬੰਦੀ ਦੇ ਵਰਕਰ ਸੁਣਵਾਈ ਦੌਰਾਨ ਫਰਦਕੋਟ 'ਚ ਹਾਜ਼ਰ ਰਹਿੰਦੇ ਰਹੇ ਹਨ। ਫ਼ਰੀਦਕੋਟ 'ਚ ਵੱਡੇ ਜਨਤਕ ਇਕੱਠਾਂ ਦਾ ਸਿਲਸਿਲਾ ਜਾਰੀ ਰੱਖਿਆ ਗਿਆ। ਇਸ ਜਥੇਬੰਦਕ ਲੋਕ ਤਾਕਤ ਦੇ ਆਸਰੇ ਹੀ ਪਰਿਵਾਰ ਨੇ ਉੱਚਾ ਮਨੋਬਲ ਕਾਇਮ ਰੱਖਿਆ। ਸਭ ਧਮਕੀਆਂ ਘੁਰਕੀਆਂ ਦੇ ਭਾਰੀ ਦਬਾਅ ਦੇ ਬਾਵਜੂਦ ਅਡੋਲ ਰਿਹਾ ਹੈ। ਇਸ ਜਿੱਤ ਨੇ ਦਰਸਾਇਆ ਹੈ ਕਿ ਲੋਕ ਦਬਾਅ ਦੇ ਜ਼ੋਰ ਕੇਸ ਦਰਜ ਕਰਵਾ ਕੇ ਹੀ ਜਥੇਬੰਦਕ ਲੋਕ ਸ਼ਕਤੀ ਦਾ ਕੰਮ ਮੁੱਕ ਨਹੀਂ ਜਾਂਦਾ। ਲਮਕਵੀਂ ਤੇ ਗੁੰਝਲਦਾਰ ਅਦਾਲਤੀ ਪ੍ਰਕਿਰਿਆ ਦੌਰਾਨ ਰਾਜ ਭਾਗ ਦੀ ਢੋਈ ਪ੍ਰਾਪਤ ਗੁੰਡਾ ਢਾਣੀਆਂ ਸਾਹਮਣੇ ਜਥੇਬੰਦਕ ਲੋਕ ਤਾਕਤ ਹੀ ਖੜ• ਸਕੀ ਹੈ। ਇਸ ਜਿੱਤ ਨੇ ਔਰਤਾਂ ਦੀਆਂ ਇੱਜ਼ਤਾਂ 'ਤੇ ਝਪਟ ਰਹੇ ਗੁੰਡਾ ਟੋਲਿਆਂ ਨੂੰ ਵਿਸ਼ਾਲ ਜਨਤਕ ਲਾਮਬੰਦੀ ਦੇ ਜ਼ੋਰ ਨਕੇਲ ਪਾਏ ਜਾ ਸਕਣ ਦੇ ਰਾਹ ਦੀ ਫਿਰ ਪੁਸ਼ਟੀ ਕਰ ਦਿੱਤੀ ਹੈ। ਇਸ ਨਾਅਰੇ ਦੇ ਅਰਥ ਫਿਰ ਉਘਾੜ ਦਿੱਤੇ ਹਨ 
''ਜੇ ਚਾਹੁੰਦੇ ਧੀਆਂ ਦੀ ਆਨ, ਬੰਨ• ਕਾਫ਼ਲੇ ਡਟੋ ਮੈਦਾਨ।''

Thursday, 16 May 2013

ਦਸਤਾਵੇਜ਼ੀ ਫਿਲਮ 'ਮਾਟੀ ਕੇ ਲਾਲ' ਦੀ ਵਿਸ਼ੇਸ਼ ਸਕਰੀਨਿੰਗ




                                                                                   ਪ੍ਰੈੱਸ ਬਿਆਨ


ਬਠਿੰਡਾ ਸ਼ਹਿਰ 'ਚ ਉੱਘੇ ਦਸਤਾਵੇਜ਼ੀ ਫਿਲਮਕਾਰ ਸੰਜੇ ਕਾਕ ਦੁਆਰਾ ਬਣਾਈ ਗਈ ਦਸਤਾਵੇਜ਼ੀ ਫਿਲਮ 'ਮਾਟੀ ਕੇ ਲਾਲ' ਦੀ ਵਿਸ਼ੇਸ਼ ਸਕਰੀਨਿੰਗ ਅਤੇ ਵਿਚਾਰ ਚਰਚਾ ਦੇ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ 'ਚ ਫਿਲਮਕਾਰ ਸੰਜੇ ਕਾਕ ਵੱਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ। ਇਸ ਫਿਲਮ 'ਚ ਦੇਸ਼ ਭਰ ਅੰਦਰ ਚੱਲ ਰਹੇ ਲੋਕ ਸੰਘਰਸ਼ਾਂ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ। ਫਿਲਮ 'ਚ ਜਿੱਥੇ ਮੱਧ ਭਾਰਤ ਦੇ ਜੰਗਲਾਂ 'ਚ ਜਲ, ਜੰਗਲ ਅਤੇ ਜਮੀਨ ਬਚਾਉਣ ਲਈ ਜੂਝ ਰਹੇ ਆਦਿਵਾਸੀਆਂ ਦੇ ਸੰਘਰਸ਼ਾਂ, ਆਪਣੇ ਜੀਵਨ ਨਿਰਬਾਹ ਦੇ ਸ੍ਰੋਤ ਵਜੋਂ ਨਿਆਮਗਿਰੀ ਪਰਬਤ ਨੂੰ ਬਚਾਉਣ ਲਈ ਜੂਝ ਰਹੇ ਉੜੀਸਾ ਦੇ ਆਦਿਵਾਸੀਆਂ ਅਤੇ ਪੰਜਾਬ ਦੇ ਸੰਘਰਸ਼ਸ਼ੀਲ ਲੋਕਾਂ ਦੀ ਬਾਤ ਪਾਈ ਗਈ ਹੈ, ਉਥੇ ਨਾਲ ਹੀ ਇਨ•ਾਂ ਸੰਘਰਸ਼ਾਂ 'ਚ ਜੂਝਦੇ ਜੁਝਾਰੂਆਂ ਦੇ ਅਹਿਸਾਸਾਂ ਨੂੰ ਬਾਖ਼ੂਬੀ ਸਕਰੀਨ 'ਤੇ ਉਭਾਰਿਆ ਗਿਆ ਹੈ। ਫਿਲਮ 'ਚ ਕਾਇਲੀ ਲੋਕਾਂ 'ਤੇ ਢਾਹੇ ਜਾ ਰਹੇ ਹਕੂਮਤੀ ਕਹਿਰ ਤੇ ਮੋੜਵੇਂ ਕਬਾਇਲੀ ਰੋਸ ਦੀ ਤਸਵੀਰ ਵੀ ਉਭਾਰੀ ਗਈ ਹੈ। ਚੱਲ ਰਹੇ ਲੋਕ ਸੰਘਰਸ਼ਾਂ ਰਾਹੀਂ ਭਗਤ ਸਿੰਘ ਅਤੇ ਪਾਸ਼ ਵਰਗੇ ਇਨਕਲਾਬੀਆਂ ਦੇ ਵਿਚਾਰਾਂ ਦੀ ਪ੍ਰਸੰਗਿਕਤਾ ਨੂੰ ਵੀ ਨਾਲ ਹੀ ਦਰਸਾਇਆ ਗਿਆ ਹੈ।


ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਸੱਦੇ 'ਤੇ ਪਹੁੰਚੇ ਪੌਣੇ ਦੋ ਸੌ ਦੇ ਲਗਭਗ ਦਰਸ਼ਕਾਂ ਨੇ ਬਹੁਤ ਜਗਿਆਸਾ ਅਤੇ ਗੰਭੀਰਤਾ ਨਾਲ 2 ਘੰਟਿਆਂ ਦੀ ਇਹ ਦਸਤਾਵੇਜ਼ੀ ਫਿਲਮ ਵੇਖੀ। ਸਭ ਤੋਂ ਪਹਿਲਾਂ ਸਮਾਗਮ ਦੇ ਮੰਚ ਸੰਚਾਲਕ ਕਹਾਣੀਕਾਰ ਅਤਰਜੀਤ ਹੁਰਾਂ ਵੱਲੋਂ ਫਿਲਮਕਾਰ ਸੰਜੇ ਕਾਕ ਅਤੇ ਉਸਦੀਆਂ ਫਿਲਮਾਂ ਬਾਰੇ ਜਾਣ ਪਹਿਚਾਣ ਕਰਵਾਈ ਗਈ।

ਫਿਲਮ ਤੋਂ ਬਾਅਦ ਕੀਤੀ ਗਈ ਵਿਚਾਰ ਚਰਚਾ ਦੀ ਸ਼ੁਰੂਆਤ ਸਮਾਗਮ ਦੀ ਪ੍ਰਧਾਨਗੀ ਗਰ ਰਹੇ ਉੱਘੇ ਨਾਟਕਕਾਰ ਅਜਮੇਰ ਔਲਖ ਨੇ ਕੀਤੀ। ਉਹਨਾਂ ਨੇ ਕਿਹਾ ਕਿ ਜੋ ਅੱਜ ਦੇਸ਼ ਭਰ 'ਚ ਲੋਕੰ ਨਾਲ ਵਾਪਰ ਰਿਹਾ ਹੈ ਉਸਨੂੰ ਕਲਾ ਦੇ ਮਾਧਿਅਮ ਰਾਹੀਂ ਪੇਸ਼ ਕਰਨ ਵਾਸਤੇ ਕਲਾਕਾਰਾਂ ਅਤੇ ਸਾਹਿਤਕਾਰਾਂ ਨੂੰ ਵੱਡਾ ਇਰਾਦਾ ਧਾਰਨ ਕਰਨਾ ਪੈਣਾ ਹੈ। ਜਿਸਦਾ ਪ੍ਰਗਟਾਵਾ ਸੰਜੇ ਕਾਕ ਨੇ ਕੀਤਾ ਹੈ। ਉਹਨਾਂ ਕਿਹਾ ਕਿ ਕਲਾ ਅਤੇ ਸਾਹਿਤ ਜਗਤ ਨਾਲ ਜੁੜੇ ਲੋਕਾਂ ਦੇ ਮੋਢਿਆਂ 'ਤੇ ਇਹ ਜੁੰਮੇਵਾਰੀ ਹੈ ਕਿ ਉਹ ਅਖੌਤੀ ਵਿਕਾਸ ਰਾਹੀਂ ਹਾਸ਼ੀਏ 'ਤੇ ਧੱਕੇ ਜਾ ਰਹੇ ਅਤੇ ਆਪਣੀ ਹੋਂਦ ਤੱਕ ਬਚਾਉਣ ਲਈ ਜੂਝ ਰਹੇ ਲੋਕਾਂ ਦੇ ਸੰਗਰਾਮ ਤੇ ਕੁਰਬਾਨੀਆਂ ਨੂੰ ਸਲਾਮ ਕਰਨ ਤੇ ਸੰਸਾਰ ਭਰ ਮੂਹਰੇ ਆਪਣੀ ਕਲਾ ਦੇ ਜੋਰ ਉਭਾਰਨ। ਉਹਨਾਂ ਨੇ ਅਜਿਹੀ ਸ਼ਾਨਦਾਰ ਫਿਲਮ ਬਣਾਉਣ ਲਈ ਸੰਜੇ ਕਾਕ ਨੂੰ ਵਧਾਈ ਦਿੱਤੀ। ਇਸ ਤੋਂ ਬਾਅਦ ਹੋਈ ਵਿਚਾਰ ਚਰਚਾ 'ਚ ਐਨ. ਕੇ. ਜੀਤ, ਸੁਦੀਪ ਸਿੰਘ, ਪਾਵੇਲ ਅਤੇ ਲੋਕ ਬੰਧੂ ਨੇ ਭਾਗ ਲਿਆ। ਸਭਨਾਂ ਨੇ ਜਿੱਥੇ ਸਾਂਝੇ ਤੌਰ 'ਤੇ ਇਸ ਉੱਦਮ ਦੀ ਸ਼ਾਲਾਘਾ ਕੀਤੀ ਉੱਥੇ ਕੁੱਝ ਸੁਝਾਅ ਵੀ ਪੇਸ਼ ਕੀਤੇ।
ਫਿਲਮਕਾਰ ਸੰਜੇ ਕਾਕ ਨੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਉਹਨਾਂ ਦਾ ਮਕਸਦ ਦਰਸ਼ਕਾਂ ਦੇ ਮਨਾਂ 'ਚ ਸਵਾਲ ਖੜ•ੇ ਕਰਨਾ ਤੇ ਸੋਚਣ ਲਾਉਣਾ ਹੈ। ਇਹ ਠੀਕ ਹੈ ਕਿ ਇੱਕ ਫ਼ਿਲਮ ਰਾਹੀਂ ਏਡੇ ਵੱਡੇ ਵਿਸ਼ੇ ਨੂੰ ਪੂਰੀ ਤਰ•ਾਂ ਸਮੋਣਾ ਮੁਸ਼ਕਿਲ ਹੈ। ਉਹਨਾਂ ਕਿਹਾ ਕਿ ਫਿਲਮ ਬਣਾਉਣ ਦਾ ਉਸਦਾ ਇੱਕ ਆਪਣਾ ਢੰਗ ਹੈ। ਫਿਲਮ 'ਚ ਗੱਲ ਦੀ ਪੇਸ਼ਕਾਰੀ ਉਵੇਂ ਹੀ ਹੁੰਦੀ ਹੈ ਜਿਵੇਂ ਮੈਨੂੰ ਢੁਕਵਾਂ ਲੱਗਦਾ ਹੋਵੇ, ਮੈਂ ਸਾਹਮਣੇ ਵਾਲੇ ਨੂੰ ਵੇਖ ਕੇ ਪੇਸ਼ਕਾਰੀ 'ਚ ਫੇਰ ਬਦਲ ਨਹੀਂ ਕਰਦਾ। ਉਹਨਾਂ ਅੱਗੇ ਕਿਹਾ ਇਸ ਤਰ•ਾਂ ਇਕੱਤਰਤਾਵਾਂ ਕਰ ਕੇ ਫਿਲਮ ਵੇਖਣ ਨਾਲ ਚਰਚਾ ਛਿੜਦੀ ਜੋ ਕਿ ਮਹੱਤਵਪੂਰਣ ਹੈ।



















ਵੱਲੋਂ — ਪੰਜਾਬ ਲੋਕ ਸੱਭਿਆਚਾਰਕ ਮੰਚ
ਅਤਰਜੀਤ (9417581936)

Tuesday, 14 May 2013

ਮਾਰੂਥਲੀ ਸ਼ੇਰ ਦੀ ਦਹਾੜ ਦਾ ਬਿਰਤਾਂਤ


ਉਮਰ ਮੁਖ਼ਤਾਰ
ਮਾਰੂਥਲੀ ਸ਼ੇਰ ਦੀ ਦਹਾੜ ਦਾ ਬਿਰਤਾਂਤ
     ਅੱਜ ਜਦੋਂ ਅਰਬੀ ਧਰਤੀ ਉਬਾਲੇ ਖਾ ਰਹੀ ਹੈ ਤਾਂ ਅਰਬੀ ਲੋਕ ਆਪਣੇ ਪੁਰਖਿਆਂ ਦੀ ਵਿਰਾਸਤ ਦੀ ਛਾਂ ਵਿੱਚ ਲੜ ਰਹੇ ਹਨ। ਜਦੋਂ ਲਿਬੀਆ ਵਿੱਚ ਸਾਮਰਾਜ ਹਿਤੈਸ਼ੀਆਂ ਦਾ ਬੁਰਾ ਵੇਲਾ ਸ਼ੁਰੂ ਹੋਇਆ ਤਾਂ ਜਲੂਸਾਂ ਵਿੱਚ ਝੂਲਦੇ ਝੰਡਿਆਂ 'ਤੇ ਇੱਕ ਬਜ਼ੁਰਗ ਦੀ ਫੋਟੋ ਵੇਖੀ ਜਾ ਸਕਦੀ ਸੀ। ਧੁੰਦਲੀ ਜਿਹੀ ਇਸ ਫੋਟੋ ਵਿੱਚ ਸਭ ਤੋਂ ਉੱਘੜਵਾਂ ਚਿੱਟੀ ਦਾਹੜੀ ਦਾ ਰੰਗ ਹੈ। ਇਹ ਬਜ਼ੁਰਗ ਕੋਈ ਧਾਰਮਿਕ ਆਗੂ ਨਹੀਂ ਬਲਕਿ ਫਾਸ਼ੀਵਾਦੀ ਸਾਮਰਾਜ ਨਾਲ ਟੱਕਰ ਲੈਣ ਵਾਲ ਗੁਰੀਲਾ ਆਗੂ ਉਮਰ ਮੁਖ਼ਤਾਰ ਹੈ। ਜਿਸ ਦੀ ਅਗਵਾਈ ਵਿਚ ਲੜਾਈ ਲੜਕੇ ਲਿਬੀਆ ਵਾਸੀਆਂ ਨੇ ਮੁਸੋਲੀਨੀ ਨੂੰ ਵੀਹ ਸਾਲ ਆਪਣੀ ਸਜ਼ਮੀਨ 'ਤੇ ਪੈਰ ਨਹਾਂ ਜਮਾਉਣ ਦਿੱਤੇ। ਉਸੇ ਉਮਰ ਮੁਖ਼ਤਾਰ ਦੀ ਜਿੰਦਗੀ 'ਤੇ ਅਧਾਰਤ ਹੈ ਫ਼ਿਲਮ 'ਮਾਰੂਥਲ ਦਾ ਸ਼ੇਰ' (Lion of the Desert)।
     ਇਹ ਫ਼ਿਲਮ 1981 ਵਿੱਚ ਗੱਦਾਫ਼ੀ ਸਰਕਾਰ ਦੇ ਪੈਸੇ ਨਾਲ ਬਣੀ। ਇਹ ਉਹ ਦੌਰ ਸੀ ਜਦੋਂ ਲਿਬੀਆ ਵਿੱਚ ਕੌਮੀਕਰਨ ਕੀਤਾ ਜਾ ਰਿਹਾ ਸੀ। ਉਸ ਮੌਕੇ ਸਰਕਾਰ ਵੱਲੋਂ ਅਜਿਹੀ ਫ਼ਿਲਮ ਦਾ ਬਣਾਇਆ ਜਾਣਾ ਸੁਭਾਵਿਕ ਸੀ। ਕੌਮੀਕਰਨ ਕਰਨ ਵਾਲੇ ਗੱਦਾਫ਼ੀ ਲਈ ਉਮਰ ਮੁਖ਼ਤਾਰ ਦਾ ਨਾਮ ਮਦਦਗਾਰ ਸਾਬਿਤ ਹੁੰਦਾ ਹੈ ਅਤੇ ਸਾਮਰਾਜ ਅੱਗੇ ਗੋਡੇ ਟੇਕ ਦੇਣ ਵਾਲੇ ਗੱਦਾਫ਼ੀ ਲਈ ਇਹ ਨਾਮ ਵੰਗਾਰ ਬਣਦਾ ਹੈ।
     ਫ਼ਿਲਮ ਮਾਰੂਥਲ ਦੇ ਇਸ ਸ਼ੇਰ ਦੀ ਵੀਹ ਸਾਲ ਲੰਬੀ ਦਹਾੜ ਦਾ ਤਿੰਨ ਘੰਟੇ ਵਿੱਚ ਸਮੇਟਿਆ ਬਿਰਤਾਂਤ ਹੈ। 1911 ਵਿੱਚ ਇਟਾਲੀਅਨ ਸਾਮਰਾਜ ਲਿਬੀਆ ਨੂੰ ਜਿੱਤਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰਦਾ ਹੈ। 1922 ਵਿੱਚ ਮੁਸੋਲੀਨੀ ਦੇ ਸੱਤ•ਾ 'ਚ ਆਉਣ 'ਤੇ ਇਹ ਅਮਲ ਤੇਜ਼ ਹੋ ਜਾਂਦਾ ਹੈ। ਫਾਸ਼ੀਵਾਦੀ ਮੁਸੋਲੀਨੀ ਨੂੰ ਲਿਬੀਆਈ ਕਬੀਲਿਆਂ ਨਾਲ ਲੜਨਾ ਪੈ ਰਿਹਾ ਹੈ। ਇਸ ਵਿਦਰੋਹ ਨੂੰ ਕੁਚਲਣ ਲਈ ਕਬੀਲਿਆਂ ਨਾਲ ਰੋਮ ਵੱਲੋਂ ਜਨਰਲ ਗਗਜ਼ੀਆਨੀ ਨੂੰ ਲਿਬੀਆ ਭੇਜਿਆ ਜਾਂਦਾ ਹੈ। ਜਨਰਲ ਗਗਜ਼ਿਆਨੀ ਨੂੰ ਪਤਾ ਲੱਗਦਾ ਹੈ ਕਿ ਵਿਦਰੋਹ ਦੀ ਅਗਵਾਈ ਕਰਨ ਵਾਲਾ ਇੱਕ ਅਧਿਆਪਕ ਹੈ ਜਿਸਦਾ ਨਾਮ 'ਉਮਰ ਮੁਖ਼ਤਾਰ' ਹੈ। ਪਰ ਉਸ ਨੂੰ ਕਿਸੇ ਨੇ ਨਹੀਂ ਵੇਖਿਆ। ਰੋਮ ਲਈ ਉਮਰ ਮੁਖ਼ਤਾਰ ਇੱਕ ਬੁਝਾਰਤ ਹੈ ਅਤੇ ਗਗਜ਼ਿਆਨੀ ਨੂੰ ਉਸਦੀ ਸ਼ਖਸ਼ੀਅਤ ਬਾਰੇ ਜਾਨਣ ਦੀ ਅੱਚਵੀ ਲੱਗੀ ਹੋਈ ਹੈ। ਇਹੋ ਜਿਹੀ ਅੱਚਵੀ ਹੀ ਰੋਮ ਦੇ ਬੁੱਧੀਜੀਵਿਆਂ ਨੂੰ 'ਸਪਾਰਟਕਸ' (ਗੁਲਾਮਾਂ ਦੀ ਬਗ਼ਾਵਤ ਦਾ ਨਾਇਕ) ਲਈ ਲੱਗੀ ਹੋਈ ਸੀ।
     ਉਮਰ ਮੁਖ਼ਤਾਰ ਇੱਕ ਚਿੱਟੀ ਦਾਹੜੀ, ਥੋੜ•ਾ ਕੁੱਬਾ ਅਤੇ ਹਲਕਾ ਜਿਹਾ ਲੰਝ ਮਾਰਕੇ ਤੁਰਨ ਵਾਲਾ ਸਾਧਾਰਨ ਜਿਹਾ ਬਜ਼ੁਰਗ ਹੈ। ਸ਼ਾਇਦ ਸਪਾਰਟਕਸ ਵਰਗਾ ਹੀ 'ਸਧਾਰਨ'। ਕਈ ਵਾਰ ਹੱਦ ਦਰੜੇ ਦੀ ਸਧਾਰਨਤਾ ਹੀ ਮਹਾਨਤਾ ਹੋ ਨਿੱਬੜਦੀ ਹੈ। ਉਹ ਬੱਚਿਆਂ ਨੂੰ ਕੁਰਾਨ ਪੜ•ਾਉਦਾ ਹੈ ਅਤੇ ਕੁਰਾਨ ਜ਼ਰੀਏ ਵਿਗਿਆਨ। ਜਿਵੇਂ, ''ਰੱਬ ਨੇ ਧਰਤੀ ਤੋਂ ਅਸਮਾਨ ਨੂੰ ਚੁੱਕਿਆ ਅਤੇ ਤਵਾਜ਼ਨ ਬਣਾਇਆ। ਇਸ ਤਰ•ਾਂ ਮੂਲ ਗੱਲ ਸੰਤੁਲਨ ਹੈ ਜੋ ਕਿ ਵਿਗੜਨਾ ਨਹੀਂ ਚਾਹੀਦੀ।'' ਆਪ ਉਹ ਵਿਗਾੜੇ ਜਾ ਰਹੇ ਸੰਤੁਲਨ ਨੂੰ ਠੀਕ ਕਰਨ ਲਈ ਮੈਦਾਨ ਵਿੱਚ ਹੈ।

ਜਨਰਲ ਗਗਜ਼ਿਆਨੀ ਸਾਮਰਾਜੀ ਦਮਨ ਦੇ ਮੋਕਲੇ ਚੌਖਟੇ ਵਿੱਚ ਵਿਚਰਦਿਆਂ ਜਬਰ ਦੀ ਖੁੱਲੇਕ ਵਰਤੋਂ ਕਰਦਾ ਹੈ। ਉਮਰ ਮੁਖ਼ਤਾਰ ਸਥਾਨਕ ਭੂਗੋਲਿਕ ਗਿਆਨ ਨੂੰ ਵਰਤੋਂ ਵਿੱਚ ਲਿਆਉਂਦਾ ਹੋਇਆ ਮਾਰੂਥਲ ਵਿੱਚ ਇੱਕ ਸਫ਼ਲ ਗੁਰੀਲਾ ਕਮਾਂਡਰ ਸਾਬਿਤ ਹੋ ਰਿਹਾ ਹੈ। ਲਿਬੀਆ ਦਾ ਹਰ ਨੌਜਵਾਨ ਸਾਲ 'ਚੋਂ ਤਿੰਨ ਮਹੀਨੇ ਉਮਰ ਮੁਖ਼ਤਾਰ ਦੀ ਫੌਜ ਵਿੱਚ ਲੜਦਾ ਹੈ। ਆਪਣੀ ਫੌਜੀ ਟ੍ਰੇਨਿੰਗ ਤੇ ਮਾਣ ਕਰਨ ਵਾਲੇ ਇਟਾਲੀਅਨ ਅਫ਼ਸਰ ਇੱਕ ਸਧਾਰਨ ਮਾਸਟਰ ਦੇ ਫੌਜੀ ਪੈਂਤੜਿਆਂ ਨੂੰ ਸਮਝ ਨਹੀਂ ਪਾ ਰਹੇ। ਗੁਰੀਲੇ ਕਿੱਥੋਂ ਆਉਂਦੇ ਹਨ ਅਤੇ ਕਿੱਥੇ ਲੁਕਦੇ ਹਨ, ਇਹ ਉਹਨਾਂ ਦੀ ਸਮਝ ਤੋਂ ਬਾਹਰਾ ਹੈ। ਗੁਰੀਲਿਆਂ ਦੇ ਹਮਲੇ ਦਾ ਢੰਗ ਪ੍ਰਵਾਨਤ ਫੌਜੀ ਅਸੂਲਾਂ ਤੋਂ ਵੱਖਰਾ ਹੈ।
     ਇਸੇ 'ਚੋਂ ਬੌਖਲਾਇਆ ਗਗਜ਼ਿਆਨੀ ਇੱਕ ਵਿਸ਼ਾਲ ਜੇਲ• ਦੀ ਵਿਉਂਤ ਘੜ•ਦਾ ਹੈ ਅਤੇ ਲਿਬੀਆ ਦੀ ਅਬਾਦੀ ਦੇ ਵੱਡੇ ਹਿੱਸੇ ਨੂੰ ਉਸ ਕੈਂਪ ਨੁਮਾ ਜੇਲ• ਵਿੱਚ ਤਾੜਿਆ ਜਾਂਦਾ ਹੈ। ਲੱਖਾਂ ਲੋਕਾਂ ਨਾਲ ਤੂੜੇ ਕੈਂਪਾਂ ਵਿੱਚ ਭੁੱਖਮਰੀ ਅਤੇ ਬਿਮਾਰੀਆਂ ਫੈਲੀਆਂ ਹੋਈਆਂ ਹਨ। ਇਹ ਆਪਣੇ ਸਮੇਂ ਦੇ ਸਲਵਾ ਜੁਡਮ ਕੈਂਪ ਹਨ।
     ਜਬਰ ਦੇ ਨਾਲ ਨਾਲ ਗਗਜ਼ਿਆਨੀ ਛਲ ਦਾ ਪ੍ਰਯੋਗ ਵੀ ਕਰਦਾ ਹੈ। ਉਹ ਉਮਰ ਮੁਖ਼ਤਾਰ ਨੂੰ ਸ਼ਾਂਤੀ ਵਾਰਤਾ ਦੀ ਤਜ਼ਵੀਜ਼ ਭੇਜਦਾ ਹੈ ਅਤੇ ਹਥਿਆਰ ਸੁੱਟ ਦੇਣ ਬਦਲੇ ਪੈਨਸ਼ਨਾਂ ਦੇਣ ਦੀਆਂ ਪੇਸ਼ਕਸ਼ਾਂ ਵੀ ਭੇਜਿਆਂ ਜਾਂਦੀਆਂ ਹਨ। ਪਰ ਉਮਰ ਮੁਖ਼ਤਾਰ ਇਹਨਾਂ ਪੇਸ਼ਕਸ਼ਾਂ ਨੂੰ ਠੁਕਰਾਉਂਦਾ ਹੋਇਆ ਫਾਸ਼ੀਵਾਦੀਆਂ ਨੂੰ ਲਿਬੀਆ 'ਚੋਂ ਕੱਢਣ ਲਈ ਦ੍ਰਿੜ ਹੈ। ਇਹੀ ਕਾਰਨ ਹੈ ਕਿ ਉਹ ਦੁਸ਼ਮਣ ਹਲਕਿਆਂ ਅੰਦਰ ਵੀ ਸਤਿਕਾਰਿਆ ਜਾਂਦਾ ਹੈ। ਇਸੇ ਦੌਰਾਨ ਹੀ ਬੰਦਰਗਾਹਾਂ 'ਤੇ ਹਥਿਆਰ ਉੱਤਰਰਹੇ ਹਨ। ਰੇਗਿਸਤਾਨ 'ਚ ਪਹਿਲੀ ਵਾਰ ਟੈਂਕ ਉਤਾਰੇ ਜਾਂਦੇ ਹਨ। ਲਿਬੀਆਈ ਗੁਰੀਲੇ ਪਹਾੜਾਂ ਵੱਲ ਧੱਕ ਦਿੱਤੇ ਜਾਂਦੇ ਹਨ। ਹੁਣ ਲੜਾਈ ਪਹਾੜਾਂ ਵਿੱਚ ਲੜੀ ਜਾ ਰਹੀ ਹੈ। ਮਿਸਰ ਵੱਲੋਂ ਰਾਸ਼ਨ ਦੀ ਸਪਲਾਈ ਕੱਟ ਦਿੱਤੀ ਜਾਂਦੀ ਹੈ ਪਰ ਗੁਰੀਲੇ ਹਥਿਆਰ ਅਜੇ ਵੀ ਨਹੀਂ ਸੁੱਟ ਰਹੇ। ਹੁਣ ਉਹ ਮੁਕਾਮ ਆ ਗਿਆ ਹੈ ਜਿੱਥੋਂ ਪਿੱਛੇ ਨਹੀਂ ਹਟਿਆ ਜਾ ਸਕਦਾ। ਉਹ ਆਪਣੀਆਂ ਲੱਤਾਂ ਨੂੰ ਇੱਕ ਖਾਸ ਤਰੀਕੇ ਨਾਲ ਬੰਨ• ਕੇ ਲੜਦੇ ਹਨ ਤਾਂ ਕਿ ਪਿੱਛੇ ਹਟਣ ਦੀ ਗੁੰਜਾਇਸ਼ ਹੀ ਮਿਟਾ ਦਿੱਤੀ ਜਾਵੇ ਅਤੇ ਫਿਰ ਘੇਰਾ ਪਾਉਣ ਤੋਂ ਬਾਅਦ ਉਮਰ ਮੁਖ਼ਤਾਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ।
     ਹੁਣ ਉਹ ਬਜ਼ੁਰਗ, ਜਨਰਲ ਗਗਜ਼ਿਆਨੀ ਦੇ ਦਫ਼ਤਰ ਵਿੱਚ ਬੇੜੀਆਂ 'ਚ ਜਕੜਿਆ ਖੜ•ਾ ਹੈ। ਜਨਰਲ ਗਗਜ਼ਿਆਨੀ ਦੇ ਬਹੁਤ ਸਾਰੇ ਸਵਾਲਾਂ ਦਾ ਜਵਾਬ ਉਮਰ ਮੁਖ਼ਤਾਰ ਦੇ ਗਲੇ ਵਿੱਚ ਫਸੇ ਖੰਘਾਰਾਂ ਦੀ ਆਵਾਜ਼ ਵਿੱਚ ਹੈ ਨਾ ਕਿ ਲੱਛੇਦਾਰ ਸ਼ਬਦਾਂ ਵਿੱਚ।
ਫਾਂਸੀ ਦਾ ਫੈਸਲਾ ਸੁਣਾਇਆ ਜਾਂਦਾ ਹੈ ਅਤੇ 73 ਸਾਲ ਦੇ ਉਮਰ ਮੁਖ਼ਤਾਰ ਨੂੰ ਜਨਤਕ ਤੌਰ 'ਤੇ ਫਾਂਸੀ ਦੇ ਦਿੱਤੀ ਜਾਂਦੀ ਹੈ। ਸਾਲ 1931 ਹੈ। ਉਹੀ ਸਾਲ ਜਦੋਂ ਭਾਰਤ ਦੇ 23 ਸਾਲ ਦੇ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਾਂਦੀ ਹੈ। ਸ਼ਹਾਦਤ ਭੂਗੋਲਿਕ ਫਾਸਲਾ ਮੇਟ ਦਿੰਦੀ ਹੈ ਅਤੇ ਇਤਿਹਾਸ ਉਮਰ ਦੀ ਅੱਧੀ ਸਦੀ ਦਾ।
     ਉਮਰ ਮੁਖ਼ਤਾਰ ਫਾਂਸੀ ਦੇ ਫੰਦੇ 'ਤੇ ਲਟਕਦਾ ਹੈ। ਹੱਥੋਂ ਐਨਕ ਡਿੱਗਦੀ ਹੈ ਅਤੇ ਇੱਕ ਬੱਚਾ ਸਾਂਭ ਲੈਂਦਾ ਹੈ। ਹਮੇਸ਼ਾਂ ਇਉਂ ਹੀ ਹੁੰਦਾ ਆਇਆ ਹੈ। ਪਹਿਲੀ ਪੀੜ•ੀ ਦੀਆਂ ਐਨਕਾਂ ਦੀਆਂ ਅੱਖਾਂ ਬਣ ਜਾਂਦੀਆਂ ਹਨ ਅਤੇ ਵਰਤਮਾਨ ਇਤਿਹਾਸ ਦੇ ਆਇਨੇ ਪਰਖਿਆ ਜਾਂਦਾ ਹੈ।
ਆਪਣੇ ਦਫ਼ਤਰ 'ਚ ਖੜ•ੇ ਜਰਨਲ ਗਗਜ਼ਿਆਨੀ ਦਾ ਸਵਾਲ ਹੈ, ''ਥੋਨੂੰ ਪਤਾ ਸੀ ਤੁਸੀਂ ਜਿੱਤ ਨਹੀਂ ਸਕੇ, ਫਿਰ ਲੜੇ ਕਿਉਂ?''
     ਉਮਰ ਮੁਖ਼ਤਾਰ ਦਾ ਜਵਾਬ ਹੈ, ''ਅਸੀਂ ਲੜੇ ਇੰਨਾ ਹੀ ਕਾਫ਼ੀ ਹੈ। ਮੇਰੇ ਮਗਰੋਂ ਲੜਾਈ ਬੰਦ ਨਹੀਂ ਹੋਣੀ। ਥੋਨੂੰ ਸਾਡੀ ਅਗਲੀ ਪੀੜ•ੀ ਨਾਲ ਵੀ ਲੜ•ਨਾ ਹੋਵੇਗਾ ਅਤੇ ਉਸਤੋਂ ਅਗਲੀ ਪੀੜ•ੀ ਨਾਲ ਵੀ। ਅਸੀਂ ਤੁਹਾਡੇ (ਨਾ ਕਿ ਆਪਣੇ) ਆਖ਼ਰੀ ਸਾਹ ਤੱਕ ਲੜਾਂਗੇ।''
ਅੱਜ ਸਾਮਰਾਜ ਅਗਲੀ ਪੀੜ•ੀ ਨਾਲ ਲੜ ਰਿਹਾ ਹੈ।
(ਨੌਜਵਾਨ ਪੈਂਫਲਟ ਲੜੀ ਨੰ. 5 'ਚੋਂ)