Showing posts with label Shruti abduction case. Show all posts
Showing posts with label Shruti abduction case. Show all posts

Wednesday, 29 May 2013

ਜੇ ਚਾਹੁੰਦੇ ਧੀਆਂ ਦੀ ਆਨ, ਬੰਨ• ਕਾਫ਼ਲੇ ਡਟੋ ਮੈਦਾਨ

ਲੋਕ ਸੰਘਰਸ਼ ਦੀ ਜਿੱਤ: ਨਿਸ਼ਾਨ ਨੂੰ ਉਮਰ ਕੈਦ, 
ਨੌਂ ਹੋਰਾਂ ਨੂੰ 7-7 ਸਾਲ ਦੀ ਸਜ਼ਾ
ਫ਼ਰੀਦਕੋਟ ਅਗਵਾ ਕੇਸ 'ਚ ਜ਼ਿਲ•ਾ ਸੈਸ਼ਨ ਜੱਜ ਨੇ ਫੈਸਲਾ ਸੁਣਾਉਂਦਿਆਂ ਨਿਸ਼ਾਨ ਸਿੰਘ ਨੂੰ ਉਮਰ ਕੈਦ ਤੇ 9 ਹੋਰਾਂ ਨੂੰ 7-7 ਸਾਲ ਕੈਦ ਦੀ ਸਜ਼ਾ ਸੁਣਾਈ ਹੈ ਜਿਨ•ਾਂ 'ਚ ਨਿਸ਼ਾਨ ਦੀ ਮਾਂ ਅਤੇ ਸਥਾਨਕ ਅਕਾਲੀ ਆਗੂ ਡਿੰਪੀ ਸਮਰਾ ਵੀ ਸ਼ਾਮਲ ਹਨ। ਨਿਸ਼ਾਨ ਨੂੰ ਦੋ ਵਾਰ ਅਗਵਾ ਅਤੇ ਬਲਾਤਕਾਰ ਦੇ ਜੁਰਮ 'ਚ 2 ਉਮਰ ਕੈਦਾਂ ਦੀ ਸਜ਼ਾ ਸੁਣਾਈ ਹੈ। ਸ਼ਰੂਤੀ ਦੇ ਪਰਿਵਾਰ, ਵਕੀਲਾਂ ਤੇ ਸੰਘਰਸ਼ਸ਼ੀਲ ਜਥੇਬੰਦੀਆਂ ਨੇ ਫੈਸਲੇ 'ਤੇ ਤਸੱਲੀ ਜ਼ਾਹਰ ਕੀਤੀ ਹੈ। ਇਹ ਫੈਸਲਾ ਸਿਰੜੀ ਲੋਕ ਸੰਘਰਸ਼ ਦੀ ਜਿੱਤ ਹੈ। ਇਹ ਸੰਘਰਸ਼ ਸਿਰਫ਼ ਸ਼ਰੂਤੀ ਨੂੰ ਨਿਸ਼ਾਨ ਦੇ ਚੁੰਗਲ 'ਚੋਂ ਛੁਡਾਉਣ ਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਕਰਾਉਣ ਤੋਂ ਬਾਅਦ ਨਹੀਂ ਰੁਕਿਆ। ਅਦਾਲਤੀ ਸੁਣਵਾਈ ਦੌਰਾਨ ਤੇ ਫੈਸਲਾ ਹੋਣ ਤੱਕ ਜਥੇਬੰਦਕ ਜਨਤਕ ਦਬਾਅ ਅਤੇ ਚੇਤਨ ਪਹਿਰੇਦਾਰੀ ਨੇ ਇਸ ਕੇਸ ਵਿੱਚ ਮਹੱਤਵਪੂਰਨ ਰੋਲ ਨਿਭਾਇਆ ਹੈ। ਸੁਣਵਾਈ ਦੌਰਾਨ ਗੁੰਡਾ ਢਾਣੀ ਵੱਲੋਂ ਰਚੀਆਂ ਸਾਜਸ਼ਾਂ ਦਾ ਭਾਂਡਾ ਚੌਰਾਹੇ ਭੰਨਿਆ ਜਾਂਦਾ ਰਿਹਾ ਹੈ। ਮਹੀਨਿਆਂ ਬੱਧੀ ਕਿਸਾਨ ਜਥੇਬੰਦੀ ਦੇ ਵਰਕਰ ਸੁਣਵਾਈ ਦੌਰਾਨ ਫਰਦਕੋਟ 'ਚ ਹਾਜ਼ਰ ਰਹਿੰਦੇ ਰਹੇ ਹਨ। ਫ਼ਰੀਦਕੋਟ 'ਚ ਵੱਡੇ ਜਨਤਕ ਇਕੱਠਾਂ ਦਾ ਸਿਲਸਿਲਾ ਜਾਰੀ ਰੱਖਿਆ ਗਿਆ। ਇਸ ਜਥੇਬੰਦਕ ਲੋਕ ਤਾਕਤ ਦੇ ਆਸਰੇ ਹੀ ਪਰਿਵਾਰ ਨੇ ਉੱਚਾ ਮਨੋਬਲ ਕਾਇਮ ਰੱਖਿਆ। ਸਭ ਧਮਕੀਆਂ ਘੁਰਕੀਆਂ ਦੇ ਭਾਰੀ ਦਬਾਅ ਦੇ ਬਾਵਜੂਦ ਅਡੋਲ ਰਿਹਾ ਹੈ। ਇਸ ਜਿੱਤ ਨੇ ਦਰਸਾਇਆ ਹੈ ਕਿ ਲੋਕ ਦਬਾਅ ਦੇ ਜ਼ੋਰ ਕੇਸ ਦਰਜ ਕਰਵਾ ਕੇ ਹੀ ਜਥੇਬੰਦਕ ਲੋਕ ਸ਼ਕਤੀ ਦਾ ਕੰਮ ਮੁੱਕ ਨਹੀਂ ਜਾਂਦਾ। ਲਮਕਵੀਂ ਤੇ ਗੁੰਝਲਦਾਰ ਅਦਾਲਤੀ ਪ੍ਰਕਿਰਿਆ ਦੌਰਾਨ ਰਾਜ ਭਾਗ ਦੀ ਢੋਈ ਪ੍ਰਾਪਤ ਗੁੰਡਾ ਢਾਣੀਆਂ ਸਾਹਮਣੇ ਜਥੇਬੰਦਕ ਲੋਕ ਤਾਕਤ ਹੀ ਖੜ• ਸਕੀ ਹੈ। ਇਸ ਜਿੱਤ ਨੇ ਔਰਤਾਂ ਦੀਆਂ ਇੱਜ਼ਤਾਂ 'ਤੇ ਝਪਟ ਰਹੇ ਗੁੰਡਾ ਟੋਲਿਆਂ ਨੂੰ ਵਿਸ਼ਾਲ ਜਨਤਕ ਲਾਮਬੰਦੀ ਦੇ ਜ਼ੋਰ ਨਕੇਲ ਪਾਏ ਜਾ ਸਕਣ ਦੇ ਰਾਹ ਦੀ ਫਿਰ ਪੁਸ਼ਟੀ ਕਰ ਦਿੱਤੀ ਹੈ। ਇਸ ਨਾਅਰੇ ਦੇ ਅਰਥ ਫਿਰ ਉਘਾੜ ਦਿੱਤੇ ਹਨ 
''ਜੇ ਚਾਹੁੰਦੇ ਧੀਆਂ ਦੀ ਆਨ, ਬੰਨ• ਕਾਫ਼ਲੇ ਡਟੋ ਮੈਦਾਨ।''

Sunday, 10 February 2013


ਫਰੀਦਕੋਟ 'ਚ ਗੁੰਡਾਗਰਦੀ ਵਿਰੁੱਧ ਲਾਮਿਸਾਲ ਔਰਤ-ਸ਼ਕਤੀ-ਪ੍ਰਦਰਸ਼ਨ
ਗੁੰਡਾ ਗ੍ਰੋਹਾਂ ਨੂੰ ਰਾਜਸੀ ਸਰਪ੍ਰਸਤੀ ਬੰਦ ਕਰਨ ਦੀ ਮੰਗ

ਫਰੀਦਕੋਟ, 9 ਫਰਵਰੀ - ਪੰਜਾਬ ਭਰ ਤੋਂ ਗੁੰਡਾਗਰਦੀ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੱਦੇ 'ਤੇ ਲਾਮਬੰਦ ਹੋ ਕੇ ਇੱਥੇ ਪੁੱਜੀਆਂ ਹਜ਼ਾਰਾਂ ਕਿਸਾਨ ਤੇ ਖੇਤ ਮਜ਼ਦੂਰ ਔਰਤਾਂ ਵੱਲੋਂ ਮੇਨ ਬਜਾਰ 'ਚ ਰੋਹ ਭਰਪੂਰ ਮਾਰਚ ਕਰਨ ਮਗਰੋਂ ਸ਼ਹੀਦ ਭਗਤ ਸਿੰਘ ਪਾਰਕ ਵਿਚ ਜਬਰਦਸਤ ਰੈਲੀ ਕੀਤੀ ਗਈ। ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਸੋਚ ਦੇ ਪ੍ਰਤੀਕ ਬਸੰਤੀ ਰੰਗ 'ਤੇ ਹਰੇ ਛਾਪੇ ਵਾਲੇ ਝੰਡਿਆਂ ਨੂੰ ਉੱਚੇ ਲਹਿਰਾਉਂਦਾ ਕਾਫ਼ਲਾ ਹੜ• ਦੀਆਂ ਲਹਿਰਾਂ ਵਾਂਗ ਅੱਗੇ ਵਧ ਰਿਹਾ ਸੀ। ਸਹਿਯੋਗੀ ਜਥੇਬੰਦੀਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਸ਼ਰੂਤੀ ਅਗਵਾਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਲਾਲ ਝੰਡੇ ਫੁਲਕਾਰੀ 'ਤੇ ਫੁੱਲਾਂ ਵਾਂਗ ਜਾਪ ਰਹੇ ਸਨ। ਵਿਸ਼ਾਲ ਪਾਰਕ 'ਚ ਤਿਲ ਸੁੱਣ ਜੋਗੀ ਥਾਂ ਨਹੀਂ ਬਚੀ। ''ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ'' ਅਤੇ ''ਗੁੰਡਾਗਰਦੀ ਚੱਕ ਦਿਆਂਗੇ, ਧੌਣ 'ਤੇ ਗੋਡਾ ਰੱਖ ਦਿਆਂਗੇ'' ਵਰਗੇ ਨਾਹਰੇ ਆਕਾਸ਼ ਗੁੰਜਾ ਰਹੇ ਸਨ। ਰੈਲੀ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ 'ਚ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ, ਕੁਲਦੀਪ ਕੌਰ ਕੁੱਸਾ, ਪਰਮਜੀਤ ਕੌਰ ਕੋਟੜਾ ਅਤੇ ਸੁਖਦੇਵ ਸਿੰਘ ਕੋਕਰੀ ਕਲਾਂ ਤੋਂ ਇਲਾਵਾ ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਸ਼ਾਮਲ ਸਨ ਅਤੇ ਸਟੇਜ ਸਕੱਤਰ ਦੀ ਜਿੰਮੇਵਾਰੀ ਨਿਰਲੇਪ ਕੌਰ ਢਿੱਲਵਾਂ ਨੇ ਨਿਭਾਈ। ਸ਼੍ਰੀਮਤੀ ਬਿੰਦੂ ਨੇ ਫਰੀਦਕੋਟ, ਅੰਮ੍ਰਿਤਸਰ (ਛੇਹਰਟਾ), ਜਲੰਧਰ, ਪਟਿਆਲਾ (ਬਾਦਸ਼ਾਹਪੁਰ), ਬੰਬੇ ਤੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਸਮੇਤ ਪੂਰੇ ਦੇਸ਼ ਅੰਦਰ ਅਮਰਵੇਲ ਵਾਂਗ ਫੈਲ ਰਹੀ ਔਰਤਾਂ ਵਿਰੁੱਧ ਹਿੰਸਾ 'ਤੇ ਗਹਿਰੀ ਚਿੰਤਾ ਜ਼ਾਹਰ ਕੀਤੀ। ਖਾਸ ਕਰਕੇ ਸ਼ਰੂਤੀ ਅਗਵਾ ਕਾਂਡ 'ਚ ਫਰੀਦਕੋਟ ਦੇ ਥਾਣੇਦਾਰ ਸੰਜੀਵ ਕੁਮਾਰ ਤੋਂ ਲੈ ਕੇ ਡੀ.ਜੀ.ਪੀ. ਤੱਕ ਅਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸਮੇਤ ਸ਼ਰੂਤੀ ਨੂੰ ਉਹਦੀ ਮਰਜੀ ਦੇ ਵਿਰੁੱਧ ਨਾਰੀ ਨਿਕੇਤਨ ਭੇਜਣ ਵਾਲੀ ਨਿਆਂਪਾਲਕਾ ਸਣੇ ਰਾਜ ਦੇ ਚੌਹਾਂ ਥੰਮਾਂ ਉਤੇ ਵੀ ਗੁੰਡਾਗਰਦੀ ਦੀ ਸਰਪ੍ਰਸਤੀ ਦਾ ਦੋਸ਼ ਲਾਇਆ। ਸ੍ਰੀਮਤੀ ਕੁੱਸਾ ਨੇ ਕਿਹਾ ਕਿ ਮਨੁੱਖਾ-ਸਮਾਜ ਦੀ ਮੂਲ ਇਕਾਈ ਪਰਵਾਰ ਤੋਂ ਲੈ ਕੇ (ਕੁੱਖ ਤੋਂ ਕਬਰ) ਤੱਕ ਸਮਾਜ ਦੇ ਹਰ ਖੇਤਰ 'ਚ ਔਰਤ ਨਾਲ ਹੁੰਦੇ ਵਿਤਕਰੇ/ਹਿੰਸਾ ਦੀਆਂ ਜੜ•ਾਂ ਮੁਲਕ ਦੀ ਆਰਥਿਕਤਾ 'ਤੇ ਕਾਬਜ ਮਰਦ-ਪ੍ਰਧਾਨ ਸਮਾਜਕ ਸਭਿਆਚਾਰਕ ਕਦਰਾਂ-ਕੀਮਤਾਂ 'ਚ ਲੱਗੀਆਂ ਹੋਈਆਂ ਹਨ। ਕਿਉਂਕਿ ਜਿੰਨਾ ਚਿਰ ਅੰਨ•ੇ ਨਿੱਜੀ ਮੁਨਾਫ਼ਿਆਂ ਦੀ ਹਵਸ ਆਰਥਿਕਤਾ ਦਾ ਧੁਰਾ ਬਣੀ ਹੋਈ ਹੈ, ਉਨਾ ਚਿਰ ਆਰਥਿਕ ਸਾਧਨਾਂ ਤੋਂ ਵਿਹੂਣੀ ਔਰਤ ਦਾ ਸਥਾਨ ਮਰਦ ਦੇ ਬਰਾਬਰ ਹੋ ਹੀ ਨਹੀਂ ਸਕਦਾ। ਵੱਡੇ ਆਰਥਿਕ ਪਾੜੇ ਤੇ ਕਿਰਤ ਦੀ ਅੰਨ•ੀ ਲੁੱਟ 'ਚੋਂ ਉਪਜੀ ਅੰਤਾਂ ਦੀ ਗਰੀਬੀ ਤੇ ਲਾਚਾਰੀ ਨਾਲ ਗ੍ਰਸੀਆਂ ਔਰਤਾਂ ਦੀ ਪਸ਼ੂਆਂ ਵਾਂਗ ਵਿਕਰੀ ਉਨਾ ਚਿਰ ਬੰਦ ਨਹੀਂ ਹੋ ਸਕਦੀ। ਸ੍ਰੀ ਕੋਕਰੀ ਕਲਾਂ ਨੇ ਕਿਹਾ ਕਿ ਆਰਥਿਕ ਲੁੱਟ ਦੇ ਸਭ ਤੋਂ ਵੱਧ ਝੰਬੇ ਗੈਰ-ਜਥੇਬੰਦ ਅਤੇ ਬੇ-ਆਵਾਜ਼ ਸਮਾਜ ਦੇ ਬਹੁਤ ਵੱਡੇ ਹਿੱਸੇ ਦੀਆਂ ਦੂਹਰੀ ਗੁਲਾਮੀ ਦਾ ਸ਼ਿਕਾਰ ਔਰਤਾਂ ਉੱੇਤੇ ਲਿੰਗ-ਹਿੰਸਾ ਤੇ ਅੱਤਿਆਚਾਰਾਂ ਦੇ ਸਦੀਆਂ ਤੋਂ ਢਾਹੇ ਜਾ ਰਹੇ ਕਹਿਰ ਦਾ ਸੇਕ ਜਦੋਂ ਦੇਸ਼ ਦੇ ਮਹਾਂਨਗਰਾਂ 'ਚ ਵਸਦੇ ਬਾ-ਆਵਾਜ਼ ਹਿੱਸਿਆਂ ਤੱਕ ਪਹੁੰਚਣ ਲੱਗਾ ਤਾਂ ਚਾਰੇ ਪਾਸੇ ਹਾਹਾਕਾਰ ਮੱਚ ਉੱਠੀ, ਹਜ਼ਾਰਾਂ ਲੋਕ ਸੜਕਾਂ 'ਤੇ ਉੱਤਰ ਆਏ। ਸਮਾਜ ਦਾ ਵਹਿਸ਼ੀਪੁਣਾ ਨਸ਼ਰ ਹੋਣ ਲੱਗਾ। ਪ੍ਰੰਤੂ ਅਜੇ ਵੀ ਛੇਹਰਟਾ ਥਾਣੇਦਾਰ ਕਤਲਕਾਂਡ ਨੂੰ ਛੱਡ ਕੇ ਹਰ ਮਾਮਲੇ 'ਚ ਰਾਜ ਦੇ ਚੌਂਹਾਂ ਥੰਮਾਂ ਨੇ ਸ਼ੁਰੂ 'ਚ ਫਰੀਦਕੋਟ ਵਰਗਾ ਹੀ ਰੋਲ ਅਦਾ ਕੀਤਾ। ਦਿੱਲੀ 'ਚ ਦਫ਼ਾ 144, ਮੈਟਰੋ ਰੇਲਾਂ ਤੇ ਸਕੂਲ ਕਾਲਜ ਬੰਦ, ਪੁਲਸੀ ਲਾਠੀਆਂ ਅਤੇ ਅੱਤਵਾਦੀ ਘੁਸਪੈਠ ਵਰਗੇ ਗੁੰਮਰਾਹਕੁੰਨ ਪ੍ਰਾਪੇਗੰਡੇ ਜਿਹੇ ਸਾਰੇ ਹਰਬੇ ਵਰਤੇ ਗਏ। ਇਥੋਂ ਤੱਕ ਕਿ ਆਸਾ ਰਾਮ ਬਾਪੂ ਵਰਗੇ ਧਾਰਮਕ ਆਗੂ ਵੀ ਦਾਮਿਨੀ ਵੱਲੋਂ ਗੁੰਡਿਆਂ ਦੇ ਬਹਾਦਰੀ ਭਰੇ ਵਿਰੋਧ ਨੂੰ ਹੀ ਘਟਨਾ ਦਾ ਕਾਰਨ ਦੱਸਣ ਲੱਗੇ ਅਤੇ ਤਾੜੀ ਦੋਵੇਂ ਹੱਥੀਂ ਵੱਜਣ ਦੀ ਗੱਲ ਕਰਕੇ ਸ਼ਰੇਆਮ ਗੁੰਡਿਆਂ ਦਾ ਪੱਖ ਪੂਰਨ ਲੱਗੇ। ਸਾਰੇ ਹਰਬੇ ਨਾਕਾਮ ਹੋਣ ਮਗਰੋਂ ਛਲ ਖੇਡਦਿਆਂ ਸਖ਼ਤ ਕਾਨੂੰਨਾਂ, ਫਾਂਸੀਆਂ, ਉਮਰ ਕੈਦਾਂ, ਫਾਸਟ ਟ੍ਰੈਕ ਅਦਾਲਤਾਂ ਆਦਿ ਦੀ ਡੌਂਡੀ ਪਿੱਟੀ ਜਾਣ ਲੱਗੀ। ਫਿਰ ਵੀ ਔਰਤ-ਵਿਰੋਧੀ ਹਿੰਸਾ ਨੂੰ ਰਾਜ ਦੀ ਸਰਪ੍ਰਸਤੀ ਗੁੱਝੀ ਨਾ ਰਹਿ ਸਕੀ। ਯੂ.ਪੀ.ਏ. ਸਰਕਾਰ ਵੱਲੋਂ ਖੁਦ ਥਾਪੇ ਗਏ ਵਰਮਾ ਕਮਿਸ਼ਨ ਦੁਆਰਾ ਔਰਤਾਂ 'ਤੇ ਲਿੰਗ-ਹਿੰਸਾ ਤੇ ਕਤਲਾਂ ਵਰਗੇ ਸੰਗੀਨ ਅਪਰਾਧਾਂ 'ਚ ਸ਼ਾਮਲ ਪੁਲਸੀ, ਅਰਧ-ਫੌਜੀ ਤੇ ਫੌਜੀ ਜਵਾਨਾਂ ਨੂੰ ਵੀ ਆਮ ਸ਼ਹਿਰੀਆਂ ਵਾਂਗ ਨਵੇਂ ਕਾਨੂੰਨ ਦੀ ਜ਼ੱਦ 'ਚ ਲਿਆਉਣ ਅਤੇ ਅਜਿਹੇ ਅਪਰਾਧਾਂ 'ਚ ਸ਼ਾਮਲ ਰਾਜਸੀ ਆਗੂਆਂ 'ਤੇ ਜਨਤਾ ਦੇ ਵਿਧਾਨਕ ਨੁਮਾਇੰਦੇ ਬਣਨ 'ਤੇ ਰੋਕ ਲਾਉਣ ਵਰਗੀਆਂ ਅਹਿਮ ਸਿਫਾਰਸ਼ਾਂ ਨੂੰ ਜਾਣ ਬੁੱਝ ਕੇ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ ਗਿਆ। ਸ੍ਰੀਮਤੀ ਕੋਟੜਾ ਵੱਲੋਂ ਰੱਖੀਆਂ ਗਈਆਂ ਮੰਗਾਂ 'ਚ ਉਕਤ ਦੋਵੇਂ ਧਾਰਾਵਾਂ ਨਵੇਂ ਕਾਨੂੰਨ 'ਚ ਸ਼ਾਮਲ ਕਰਨ ਤੋਂ ਇਲਾਵਾ ਗੁੰਡਾਗਰਦੀ ਨੂੰ ਰਾਜਕੀ ਸਰਪ੍ਰਸਤੀ ਬੰਦ ਕਰਨ; ਸ਼ਰੂਤੀ ਮਾਮਲੇ 'ਚ ਸ਼ਾਮਲ ਪੁਲਸੀ ਤੇ ਰਾਜਸੀ ਸਰਪ੍ਰਸਤਾਂ ਨੂੰ ਕਟਹਿਰੇ 'ਚ ਖੜਾ ਕਰਨ; ਨਿਸ਼ਾਨ ਨੂੰ ਜੇਲ• 'ਚ ਮੋਬਾਈਲ ਪਹੁੰਚਾਉਣ ਦੇ ਦੋਸ਼ੀ ਜੇਲ• ਅਧਿਕਾਰੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਅਤੇ ਨਿਸ਼ਾਨ ਸਮੇਤ ਸਾਰੇ ਨਜ਼ਰਬੰਦ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ।





Friday, 9 November 2012

ਸ਼ਰੂਤੀ ਦੀ ਪੁਲਸ ਹਿਰਾਸਤ ਖ਼ਤਮ ਕਰਵਾਉਣ ਲਈ ਬਠਿੰਡੇ 'ਚ ਵਿਸ਼ਾਲ ਮੁਜ਼ਾਹਰਾ


ਸ਼ਰੂਤੀ ਦੀ ਪੁਲਸ ਹਿਰਾਸਤ ਖ਼ਤਮ ਕਰਵਾਉਣ ਤੇ ਹੋਰ ਮੰਗਾਂ ਲਈ
ਬਠਿੰਡੇ 'ਚ ਵਿਸ਼ਾਲ ਮੁਜ਼ਾਹਰਾ
18 ਨਵੰਬਰ ਨੂੰ ਨਾਰੀ ਨਿਕੇਤਨ ਜਲੰਧਰ ਅੱਗੇ ਧਰਨੇ ਦਾ ਐਲਾਨ


ਬਠਿੰਡਾ 9 ਨਵੰਬਰ — ਗੁੰਡਾ ਗਰਦੀ ਵਿਰੋਧੀ ਐਕਸ਼ਨ ਕਮੇਟੀ ਫਰੀਦਕੋਟ ਦੇ ਸੱਦੇ 'ਤੇ ਅੱਜ ਭਾਰੀ ਗਿਣਤੀ 'ਚਤ ਜੁੜੇ ਮਰਦ ਔਰਤਾਂ ਵੱਲੋਂ ਬਠਿੰਡਾ ਦੇ ਮੁੱਖ ਬਜ਼ਾਰ 'ਚ ਰੋਹ ਭਰਪੂਰ ਮੁਜਾਹਰਾ ਕਰਨ ਉਪਰੰਤ ਮਿੰਨੀ ਸਕੱਤਰੇਤ ਅੱਗੇ ਰੋਸ ਧਰਨਾ ਦੇ ਕੇ ਮੰਗ ਕੀਤੀ ਗਈ ਕਿ ਸ਼ਰੂਤੀ ਨੂੰ ਫੌਰੀ ਮਾਪਿਆਂ ਹਵਾਲੇ ਕੀਤਾ ਜਾਵੇ ਅਤੇ ਨਾਰੀ ਨਿਕੇਤਨ ਦੇ ਨਾਮ ਹੇਠ ਉਸਦੀ ਗੈਰਕਾਨੂੰਨੀ ਤਰੀਕੇ ਨਾਲ ਪੁਲਸ ਹਿਰਾਸਤ ਖ਼ਤਮ ਕੀਤੀ ਜਾਵੇ, ਇਸ ਕੇਸ 'ਚ ਗੁੰਡਾ ਗ੍ਰੋਹ ਦੇ ਸਰਗਣੇ ਨਿਸ਼ਾਨ ਸਿੰਘ ਦਾ ਸਾਥ ਦੇਣ ਵਾਲੇ ਸਾਰੇ ਪੁਲਸ ਅਧਿਕਾਰੀਆਂ ਤੇ ਅਕਾਲੀ ਨੇਤਾਵਾਂ ਦੇ ਨਾਂਅ ਨਸ਼ਰ ਕਰਕੇ ਉਹਨਾਂ ਉੱਪਰ ਵੀ ਮੁਕੱਦਮੇ ਦਜ ਕੀਤੇ ਜਾਣ ਅਤੇ ਇਸ ਸਾਰੇ ਕੇਸ ਦੀ ਪੂਰੀ ਸਚਾਈ ਸਾਹਮਣੇ ਲਿਆਉਣ ਲਈ ਸੀ.ਬੀ.ਆਈ. ਤੋਂ ਜਾਂਚ ਕਰਾਈ ਜਾਵੇ।


ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਨੇ ਐਲਾਨ ਕੀਤਾ ਕਿ ਸ਼ਰੂਤੀ ਨੂੰ ਪੁਲਸ ਹਿਰਾਸਤ ਤੋਂ ਮੁਕਤ ਕਰਾਉਣ ਲਈ 18 ਨਵੰਬਰ ਨੂੰ ਨਾਰੀ ਨਿਕੇਤਨ ਜਲੰਧਰ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਇਕੱਠ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਇਸ ਕੇਸ 'ਚ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਬੀਤੇ ਦਿਨੀਂ ਪੁਲਸ ਦੇ ਕੁੱਲ ਰੋਲ ਨੂੰ ਜਾਇਜ਼ ਠਹਿਰਾਉਣ ਵਾਲੇ ਬਿਆਨ ਦੀ ਤਿੱਖੀ ਆਲੋਚਨਾ ਕੀਤੀ ਗਈ। ਉਹਨਾਂ ਆਖਿਆ ਕਿ ਲਗਭਗ ਇੱਕ ਮਹੀਨੇ ਬਾਅਦ ਸ਼ਰੂਤੀ ਦੀ ਬਰਾਮਦਗੀ ਪੁਲਸ ਦੀ ਮਿਹਨਤ ਦਾ ਸਿੱਟਾ ਨਹੀਂ, ਸਗੋਂ ਵਧੇ ਹੋਏ ਲੋਕ ਦਬਾਅ ਦਾ ਸਿੱਟਾ ਹੈ। ਉਹਨਾਂ ਕਿਹਾ ਕਿ ਸ਼ਰੂਤੀ ਨੂੰ ਡਰਾ ਧਮਕਾ ਕੇ ਗੁੰਡਾ ਗਰੋਹ ਦੇ ਪੱਖ 'ਚ ਬਿਆਨ ਦੁਆਉਣ 'ਚ ਨਾਕਾਮ ਰਹਿਣ ਤੋਂ ਬਾਅਦ ਹੁਣ ਪੁਲਸ ਵੱਲੋਂ ਨਿਸ਼ਾਨ ਸਿੰਘ ਖਿਲਾਫ਼ ਬਲਾਤਕਾਰ ਦਾ ਕੇਸ ਦਰਜ ਕਰਨ ਦੀ ਬਣੀ ਮਜ਼ਬੂਰੀ ਉਹਨਾਂ ਸਭਨਾਂ ਲੋਕਾਂ ਦੇ ਮੂੰਹ 'ਤੇ ਕਰਾਰੀ ਚਪੇੜ ਹੈ ਜੋ ਹਥਿਆਰਾਂ ਦੇ ਜ਼ੋਰ 'ਤੇ ਮਾਂ-ਬਾਪ ਨੂੰ ਬੁਰੀ ਤਰ•ਾਂ ਜ਼ਖਮੀ ਕਰਕੇ ਸ਼ਰੂਤੀ ਨੂੰ ਅਗਵਾ ਕਰਨ ਦੀ ਘਟਨਾ ਨੂੰ ਪਿਆਰ ਮੁਹੱਬਤ ਦੇ ਕਿੱਸੇ 'ਚ ਬਦਲਣ ਲਈ ਤਿੰਘ ਰਹੇ ਸਨ, ਜਿਹਨਾਂ 'ਚ ਬੈਂਸ ਤੋਂ ਇਲਾਵਾ ਕੁਝ ਗਿਹੀ ਜ਼ਮੀਰ ਵਾਲੇ ਪੱਤਰਕਾਰ ਵੀ ਸ਼ਾਮਲ ਸਨ। ਉਹਨਾਂ ਦੋਸ਼ ਲਾਇਆ ਕਿ ਸ਼ਰੂਤੀ ਨੂੰ ਕੈਦੀਆਂ ਨਾਲੋਂ ਵੀ ਮੰਦੀ ਹਾਲਤ 'ਚ ਰੱਖਿਆ ਜਾ ਰਿਹਾ ਹੈ ਜਿਸਦਾ ਉਘੜਵਾਂ ਸਬੂਤ ਹੈ ਕਿ ਉਸਨੂੰ ਆਪਣੇ ਕੇਸ ਦੀ ਪੈਰਵਾਈ ਲਈ ਵਕੀਲ ਕਰਨ ਵਾਸਤੇ ਵਕਾਲਤਨਾਮੇ ਉੱਪਰ ਵੀ ਦਸਤਖਤ ਨਹੀਂ ਕਰਨ ਦਿੱਤੇ ਅਤੇ ਮਾਪਿਆਂ ਨੂੰ ਵੀ ਪੁਲਸ ਕਰਮਚਾਰੀਆਂ ਦੀ ਹਾਜ਼ਰੀ 'ਚ ਮਿਲਾਇਆ ਜਾਂਦਾ ਹੈ। ਬੁਲਾਰਿਆਂ ਨੇ ਇਹ ਵੀ ਦੋਸ਼ ਲਾਇਆ ਕਿ ਸ਼ਰੂਤੀ ਅਗਵਾ ਕਾਂਡ ਦੇ ਮੁੱਖ ਮੁਲਜਮ ਨਿਸ਼ਾਨ ਸਿੰਘ ਸਮੇਤ ਹੁਣ ਤੱਕ ਫੜੇ ਗ੍ਰੋਹ ਮੈਂਬਰਾਂ 'ਤੇ ਦਰਜਨਾਂ ਹੀ ਲੁੱਟਾਂ, ਖੋਹਾਂ ਤੇ ਕਤਲਾਂ ਆਦਿ ਵਰਗੇ ਪਰਚੇ ਦਰਜ ਹਨ ਪਰ ਉਹਨਾਂ ਦੇ ਮੁਜਰਮਾਨਾਂ ਰੋਲ ਬਾਰੇ ਅੱਜ ਤੱਕ ਪੁਲਸ ਤੇ ਸਰਕਾਰ ਵੱਲੋਂ ਕੋਈ ਖੁਲਾਸਾ ਨਹੀਂ ਕੀਤਾ ਗਿਆ। ਉਹਨਾਂ ਆਖਿਆ ਕਿ ਇਸ ਗ੍ਰੋਹ ਨੂੰ ਹੁਕਮਰਾਨ ਅਕਾਲੀ ਦਲ ਬਾਦਲ ਦੇ ਉੱਚ ਪੱਧਰੇ ਆਗੂਆਂ ਦੀ ਛਤਰਛਾਇਆ ਮਿਲੀ ਹੋਈ ਹੈ, ਇਸੇ ਕਰਕੇ ਬਾਦਲ ਸਰਕਾਰ, ਉਸਦੀ ਅਫਸਰਸ਼ਾਹੀ ਤੇ ਪੁਲਸ ਉਹਨਾਂ ਨੂੰ ਬਚਾਉਣ ਲਈ ਹਰ ਹੰਭਲਾ ਵਰਤ ਰਹੀ ਹੈ ਇੱਥੋਂ ਤੱਕ ਅਦਾਲਤੀ ਕਾਰਵਾਈ ਨੂੰ ਪ੍ਰਭਾਵਤ ਕੀਤਾ ਜਾ ਚੁੱਕਾ ਹੈ। ਆਗੂਆਂ ਨੇ ਐਲਾਨ ਕੀਤਾ ਕਿ ਸ਼ਰੂਤੀ ਤੇ ਉਸਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਤੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਹਨਾਂ ਪੰਜਾਬ ਦੇ ਸਮੂਹ ਲੋਕਾਂ ਨੂੰ ਇਸ ਹੱਕੀ ਘੋਲ 'ਚ ਵਧ ਚੜ•ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। . . . .  .







Tuesday, 23 October 2012

ਸ਼ਰੂਤੀ ਅਗਵਾ ਮਾਮਲਾ


ਸ਼ਰੂਤੀ ਅਗਵਾ ਮਾਮਲਾ

ਤਿੰਨ ਕਾਲਜਾਂ ਦੀਆਂ ਵਿਦਿਆਰਥਣਾਂ ਵੱਲੋਂ ਰੋਸ ਮੁਜ਼ਾਹਰਾ

ਗੁੰਡਾ ਪੁਲਸ ਅਤੇ ਲੀਡਰਾਂ ਦੇ ਗੱਠਜੋੜ ਦਾ ਪੁਤਲਾ ਫੂਕਿਆ

ਫਰੀਦਕੋਟ ਦੀ ਐਕਸ਼ਨ ਕਮੇਟੀ ਅਤੇ ਸ਼ਰੂਤੀ ਦੇ
ਮਾਪਿਆਂ ਦੀ ਡਟਵੀਂ ਹਮਾਇਤ ਦਾ ਐਲਾਨ

ਗੁੰਡਿਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਈ
ਪੁਲਸ ਅਤੇ ਲੀਡਰਾਂ ਦੀ ਨਿਖੇਧੀ


ਅੱਜ ਬਠਿੰਡਾ ਸ਼ਹਿਰ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਵਿੱਚ ਸਰਕਾਰੀ ਆਈ.ਟੀ.ਆਈ. ਬਠਿੰਡਾ, ਪੰਜਾਬੀ ਯੂਨੀਵਰਸਿਟੀ ਰੀਜ਼ਨਲ ਸੈਂਟਰ ਬਠਿੰਡਾ ਅਤੇ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੀਆਂ ਵਿਦਿਆਰਥਣਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਇਹ ਰੋਸ ਮੁਜ਼ਾਹਰਾ ਸ਼ਰੂਤੀ ਅਗਵਾ ਕਾਂਡ ਸਬੰਧੀ ਸਾਹਮਣੇ ਆ ਰਹੇ ਪੁਲਸ ਅਤੇ ਸਿਆਸੀ ਆਗੂਆਂ ਦੇ ਰੋਲ ਵਿਰੁੱਧ ਕੀਤਾ ਗਿਆ। ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਵਿਦਿਆਰਥਣਾਂ ਨੇ ਹੱਥਾਂ ਵਿੱਚ ਤਖਤੀਆਂ ਫੜ• ਕੇ ਸ਼ਹਿਰ ਵਿਚ ਮੁਜ਼ਾਹਰਾ ਕੀਤਾ ਅਤੇ ਬਾਅਦ ਵਿੱਚ ਕਚਹਿਰੀਆਂ ਕੋਲ ਆ ਕੇ ਪੁਲਸ ਪ੍ਰਸ਼ਾਸਨ, ਗੁੰਡਾ ਗਰੋਹ ਅਤੇ ਸਿਆਸੀ ਲੀਡਰਾਂ ਦੇ ਫਾਸ਼ੀ ਗੱਠਜੋੜ ਦਾ ਪੁਤਲਾ ਫੂਕਿਆ। ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਸੂਬਾ ਆਗੂ ਸੁਮੀਤ ਅਤੇ ਸਰਬਜੀਤ ਮੌੜ ਨੇ ਕਿਹਾ ਕਿ ਸਿਆਸੀ ਲੀਡਰਾਂ ਦੀ ਸ਼ਹਿ 'ਤੇ ਪੰਜਾਬ ਪੁਲਸ ਅੱਜ ਵੀ ਦੋਸ਼ੀ ਨਿਸ਼ਾਨ ਸਿੰਘ ਨੂੰ ਨਿਰਦੋਸ਼ ਸਾਬਤ ਕਰਨ ਦੇ ਯਤਨਾਂ ਵਿੱਚ ਹੈ। ਇਸੇ ਤਹਿਤ  ਹੀ ਅੱਜ ਪੰਜਾਬ ਪੁਲਸ ਦੇ ਮੁਖੀ ਦਾ ਨਿੰਦਨਯੋਗ ਬਿਆਨ ਸਾਹਮਣੇ ਆਇਆ ਹੈ ਕਿ ਸ਼ਰੂਤੀ ਨੇ ਆਪਣੀ ਮਰਜ਼ੀ ਨਾਲ ਨਿਸ਼ਾਨ ਸਿੰਘ ਨਾਲ ਵਿਆਹ ਕਰਵਾਇਆ ਹੈ। ਏਥੇ ਵਿਚਾਰਨਯੋਗ ਨੁਕਤਾ ਇਹ ਹੈ ਕਿ ਸ਼ਰੂਤੀ ਨੂੰ ਪੱਤਰਕਾਰਾਂ ਸਾਹਮਣੇ ਪੇਸ਼ ਕਿਉਂ ਨਹੀਂ ਕੀਤਾ ਗਿਆ। ਜੂਨ ਵਿੱਚ ਅਗਵਾ ਹੋਣ ਤੋਂ ਬਾਅਦ 10 ਅਗਸਤ  ਨੂੰ ਸ਼ਰੂਤੀ ਨੇ ਪੁਲਸ ਸਾਹਮਣੇ ਪੇਸ਼ ਹੋ ਕੇ ਇਹ ਬਿਆਨ ਦਰਜ ਕਰਵਾਇਆ ਸੀ ਕਿ ਉਹ ਨਿਸ਼ਾਨ ਸਿੰਘ ਦੀ ਕੈਦ ਵਿੱਚੋਂ ਭੱਜ ਕੇ ਆਈ ਹੈ ਅਤੇ ਇਸ ਦੇ ਆਧਾਰ 'ਤੇ ਹੀ ਨਿਸ਼ਾਨ ਸਿੰਘ 'ਤੇ ਕੇਸ ਦਰਜ ਹੋਇਆ ਸੀ। ਇਸ ਕਰਕੇ ਪੁਲਸ ਮੁਖੀ ਦਾ ਇਹ ਬਿਆਨ ਅਸਲੀਅਤ ਦੇ ਉਲਟ ਹੈ। ਉਹਨਾਂ ਕਿਹਾ ਕਿ ਅਸਲ ਵਿੱਚ ਪੁਲਸ ਦੀ ਭੂਮਿਕਾ ਸ਼ਰੂਤੀ ਦੇ ਅਗਵਾ ਹੋਣ ਵੇਲੇ ਤੋਂ ਹੀ ਗੁੰਡਿਆਂ ਦੇ ਪੱਖੀ ਰਹੀ ਹੈ ਤਾਂ ਹੀ ਪੁਲਸ ਨੇ ਲੋਕ ਰੋਹ 'ਤੇ ਠੰਡਾ ਛਿੜਕਣ ਲਈ ਕਦੇ ਫੋਟੋ ਅਤੇ ਕਦੇ ਚਿੱਠੀ ਜਾਰੀ ਕਰਕੇ ਭੁਲੇਖੇ ਖੜ•ੇ ਕਰੇ ਜਾ ਰਹੇ ਹਨ। ਅੱਜ ਜਦੋਂ ਲੋਕ ਰੋਹ ਅੱਗੇ ਝੁਕਦਿਆਂ ਪੁਲਸ ਪ੍ਰਸ਼ਾਸਨ ਨੇ ਦੋਸ਼ੀ  ਨੂੰ ਗ੍ਰਿਫਤਾਰ ਕਰ ਲਿਆ ਹੈ ਤਾਂ ਪੁਲਸ ਮੁਖੀ ਦਾ ਉਕਤ ਬਿਆਨ ਵੀ ਗੁੰਡਿਆਂ ਨੂੰ ਬਚਾਉਣ ਵਾਲਾ ਹੀ ਹੈ। ਇਸ ਸਰਕਾਰੀ ਸ਼ਹਿ ਕਰਕੇ ਹੀ ਸਮਾਜ ਵਿਰੋਧੀ ਗੁੰਡਾ ਅਨਸਰਾਂ ਨੂੰ ਖੁੱਲ ਮਿਲ ਰਹੀ ਹੈ। ਏਸੇ ਕਰਕੇ ਹੀ ਦੋ ਦਿਨ ਪਹਿਲਾਂ ਭਗਤਾ ਭਾਈ ਕੇ ਵਿਖੇ ਇੱਕ ਲੜਕੀ ਨਾਲ ਸਮੂਹਿਕ ਬਲਾਤਕਾਰ ਹੋਇਆ ਅਤੇ ਕੱਲ• ਮਾਛੀਵਾੜੇ ਅੱਠ ਸਾਲ ਦੀ ਬੱਚੀ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਵਾਪਰੀ ਹੈ। ਔਰਤਾਂ ਲਈ ਉੱਸਰ ਰਹੇ ਇਸ ਅਸੁਰੱਖਿਅਤ ਮਾਹੌਲ ਦੀ ਜੁੰਮੇਵਾਰੀ ਸਾਡੇ ਸਿਆਸੀ ਆਗੂਆਂ ਅਤੇ ਪੁਲਸ ਪ੍ਰਸ਼ਾਸਨ ਦੀ ਹੈ।
ਉਨ•ਾਂ ਅੱਗੇ ਕਿਹਾ ਕਿ ਸ਼ਰੂਤੀ ਦੇ ਮਾਪੇ ਅਤੇ ਸੰਘਰਸ਼ ਕਮੇਟੀ ਨੇ ਡੀ ਜੀ ਪੀ ਦੇ ਬਿਆਨ ਨੂੰ ਅਪ੍ਰਵਾਨ ਕਰਕੇ ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਤੋਂ ਸਪੱਸ਼ਟੀਕਰਨ ਮੰਗਿਆ ਤਾਂ ਮੁੱਖ ਮੰਤਰੀ ਨੇ ਫਰੀਦਕੋਟ ਆਉਣ ਦਾ ਪ੍ਰੋਗਰਾਮ ਹੀ ਰੱਦ ਕਰ ਦਿੱਤਾ। ਏਥੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਸਰਕਾਰ ਦੀ ਭਮਿਕਾ ਵੀ ਇਸ ਮਾਮਲੇ ਵਿੱਚ ਸ਼ੱਕੀ ਹੈ। ਉਹਨਾਂ ਕਿਹਾ ਕਿ ਸ਼ਰੂਤੀ ਦੇ ਮਾਪਿਆਂ ਅਤੇ ਸੰਘਰਸ਼ ਕਮੇਟੀ ਨੇ ਪੂਰਾ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਅੱਜ ਦਾ ਮੁਜ਼ਾਹਰਾ ਵੀ ਫਰੀਦਕੋਟ ਦੀ ਸੰਘਰਸ਼ ਕਮੇਟੀ ਦੇ ਸਮਰਥਨ ਵਿੱਚ ਕੀਤਾ ਗਿਆ ਹੈ। ਸੰਘਰਸ਼ ਕਮੇਟੀ ਦੇ ਸੱਦੇ ਨੂੰ ਲਾਗੂ ਕਰਨ ਲਈ 24 ਸਤੰਬਰ ਨੂੰ ਵੱਖ ਵੱਖ ਜੱਥੇਬੰਦੀਆਂ ਵੱਲੋਂ ਬਠਿੰਡਾ ਵਿਖੇ ਕੀਤੇ ਜਾ ਰਹੇ ਪੁਤਲਾ ਸਾੜ ਐਕਸ਼ਨ ਵਿੱਚ ਵੀ ਵਿਦਿਆਰਥੀ ਜੱਥੇਬੰਦੀ ਸ਼ਾਮਲ ਹੋਵੇਗੀ। ਇਸ ਮੌਕੇ 'ਤੇ ਸੰਦੀਪ ਚੱਕ, ਡੇਵਿਡ ਮਹਿਤਾ, ਹਰਵਿੰਦਰ ਸਿੰਘ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ , ਸਿਮਰਜੀਤ ਕੌਰ, ਵੀਰਪਾਲ ਕੌਰ, ਰੇਖਾ ਰਾਣੀ, ਬਿਸ਼ਨਦੀਪ ਕੌਰ, ਹਰਪ੍ਰੀਤ ਕੌਰ, ਕਿਰਨਜੀਤ ਕੌਰ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਕੁਲਵਿੰਦਰ ਚੁੱਘੇ ਅਤੇ ਅਸ਼ਵਨੀ ਕੁਮਾਰ ਵੀ ਹਾਜ਼ਰ ਸਨ। 
 A Preparatory Gathering a day before the Protest March








ਵੱਲੋਂ — ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ)
ਸੂਬਾ ਆਗੂ — ਸੁਮੀਤ (94170-24641)