Friday, 25 September 2015

ਚੁੱਘਿਅਾਂ ਦੇ ਕੁਲਦੀਪ ਦੇ ਸੱਥਰ ਤੋਂ



ਚੁੱਘਿਆਂ ਦੇ ਕੁਲਦੀਪ ਦੇ ਸੱਥਰ ਤੋਂ……

 23-24 ਦੀ ਵਿਚਕਾਰਲੀ ਰਾਤ ਨੂੰ ਪਿੰਡ ਚੁੱਘੇ ਕਲ਼ਾਂ ਦਾ ਨੌਜਵਾਨ ਕਿਸਾਨ ਕੁਲਦੀਪ ਸਿੰਘ (27 ਸਾਲ) ਬਠਿੰਡੇ ਦੇ ਕਿਸਾਨ ਮੋਰਚੇ 'ਚ ਸਲਫਾਸ ਨਿਗਲ ਕੇ ਮੌਤ ਗਲ਼ ਲਾ ਗਿਆ।ਜਥੇਬੰਦੀਆਂ ਦੇ ਕਾਰਕੁੰਨਾਂ ਨੇ ਬਚਾਉਣ ਲਈ ਵਾਹ ਲਾਈ ,ਫਰੀਦਕੋਟ ਮੈਡੀਕਲ ਕਾਲਜ 'ਚ ਜਾ ਦਾਖਲ ਕਰਵਾਇਆ ਪਰ ਸਵੇਰ ਤੱਕ ਜ਼ਿੰਦਗੀ ਮੌਤ ਮੂਹਰੇ ਹਾਰ ਗਈ। ਚਿੱਟੇ ਮੱਛਰ ਕਾਰਨ ਨਰਮੇ ਦੀ ਬਰਬਾਦ ਹੋ ਚੁਕੀ ਫਸਲ ਦਾ ਮੁਆਵਜ਼ਾ ਲੈਣ ਲਈ ਲੱਗੇ ਮਜ਼ਦੂਰਾਂ ਕਿਸਾਨਾਂ ਦੇ ਪੱਕੇ ਮੋਰਚੇ ਦੌਰਾਨ ਦੂਜੀ ਜ਼ਿੰਦਗੀ ਭੇਂਟ ਹੋ ਚੁੱਕੀ ਹੈ।ਮੋਰਚੇ ਦੇ ਪਹਿਲੇ ਦਿਨ ਹੀ ਕਿੱਲਿਆਂਵਾਲੀ ਪਿੰਡ ਦੇ ਖੇਤ ਮਜ਼ਦੂਰ ਮੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀਪਹਿਲ ਮਜ਼ਦੂਰ ਨੇ ਕੀਤੀ ਸੀ ਤੇ ਹੁਣ ਵਾਰੀ ਕਿਸਾਨ ਦੀ ਸੀ ਅਤੇ ਕੁਲਦੀਪ ਨੇ ਜੱਟ-ਸੀਰੀ ਦੀ ਸਾਂਝ  ਤੋਂ ਮੁੱਖ ਨਹੀਂ ਵੱਟਿਆ। ਉਹਦਾ 5 ਵਰ੍ਹਿਆਂ ਦਾ ਮਾਸੂਮ ਬੇਟਾ ਹੁਣ ਸ਼ਾਇਦ ਹੀ ਪਿਤਾ ਦੀ ਕੋਈ ਯਾਦ ਸਾਂਭ ਸਕੇ।
ਖੇਤੀ ਖੁਦਕਸ਼ੀਆਂ ਦੇ ਝੰਬੇ ਪੂਰੇ ਪੰਜਾਬ ਦੇ ਪਿੰਡ ਸਿਵੇ ਠੰਡੇ ਨਾ ਹੋਣ ਦਾ ਦਰਦ ਹੰਢਾ ਰਹੇ ਹਨ।ਇਉਂ ਕੁਲਦੀਪ ਦੀ ਖੁਦਕਸ਼ੀ ਪਹਿਲਾਂ ਹੀ ਲੰਮੀ ਹੋ ਚੁੱਕੀ ਸੂਚੀ 'ਚ ਇੱਕ ਹੋਰ ਵਾਧਾ ਹੈ।ਪਰ ਕੁਲਦੀਪ ਦੀ ਖੁਦਕਸ਼ੀ ਸੰਘਰਸ਼ ਦੇ ਮੈਦਾਨ 'ਚ ਵਾਪਰੀ ਹੈ।ਇਹ ਉਹਦੀ ਸੁਚੇਤ ਚੋਣ ਸੀ।ਉਹ ਪਹਿਲੇ ਦਿਨ ਹੀ ਧਰਨੇ 'ਚ ਰਾਤ ਰੁਕਿਆ ਸੀ, ਇਕੱਲਾ , ਉਹਦਾ ਕੋਈ ਹੋਰ ਸਾਥੀ ਉਥੇ ਨਹੀਂ ਸੀ।ਉਹਨੇ ਖੁਦਕਸ਼ੀ ਤਾਂ ਕੀਤੀ ਪਰ ਤੂੜੀ ਵਾਲ਼ੇ ਕੋਠੇ 'ਚ ਵੜ ਕੇ ਨਹੀਂ, ਉਹ ਜ਼ਿੰਦਗੀ ਹੱਥੋਂ ਹਾਰਿਆ ਤਾਂ ਜ਼ਰੂਰ ਹੈ ਪਰ ਹਾਰ ਦੇ ਦੋਸ਼ੀ ਟਿੱਕ ਕੇ ਗਿਆ ਹੈ।ਮਗਰ ਰਹਿ ਗਿਆਂ ਲਈ ਜ਼ਿੰਦਗੀ ਦੇ ਦੋਸ਼ੀਆਂ ਦੀ ਸ਼ਨਾਖਤ ਹੋਰ ਗੂੜੀ੍ਹ ਕਰ ਗਿਆ ਹੈ, ਉਹ ਹਕੂਮਤ ਦੇ ਸਿਰ ਚੜ੍ਹ ਕੇ ਮਰਿਆ ਹੈ।ਉਹਦਾ ਧਰਨੇ ' ਆਉਣਾ ਹਕੂਮਤੀ ਗਰੂਰ ਮੂਹਰੇ ਅਣਗੌਲਿਆ ਸੀ ਪਰ ਹੁਣ ਫਰੀਦਕੋਟ ਦੇ ਹਸਪਤਾਲ 'ਚ ਪਈ ਉਹਦੀ ਲਾਸ਼ ਬਾਦਲ ਹਕੂਮਤ ਲਈ ਚਿੰਤਾ ਦਾ ਕਾਰਣ ਬਣ ਰਹੀ ਹੈ।
ਕੁਲਦੀਪ ਦਾ ਖੁਦਕਸ਼ੀ ਨੋਟ ਪੰਜਾਬ ਦੀ ਸਰਕਾਰ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਕਹਿੰਦਾ ਹੈ। ਭਾਰਤੀ ਕਾਨੂੰਨ ਅਨੁਸਾਰ ਤਾਂ ਪੰਜਾਬ ਸਰਕਾਰ ਕਦੇ ਵੀ ਦੋਸ਼ੀ ਸਾਬਤ ਨਹੀਂ ਹੋਵੇਗੀ। ਪਰ ਅਜਿਹੇ ਨੋਟਾਂ ਦੀ ਵਧ ਰਹੀ ਗਿਣਤੀ ਨੇ ਹਕੂਮਤ ਨੂੰ ਲੋਕ ਕਚਿਹਰੀ 'ਚ ਸਜ਼ਾ ਸੁਣਾਏ ਜਾਣ ਦੀ ਰੁੱਤ ਜ਼ਰੂਰ ਲੈ ਆਉਣੀ ਹੈ।
ਸਭ ਉਮੀਦਾਂ ਮੁੱਕ ਜਾਣ ਤੇ ਸਭ ਰਾਹ ਬੰਦ ਹੋ ਜਾਣ ਤੋਂ ਪਸਰੇ ਹਨ੍ਹੇਰੇ ਦਾ ਅੰਤ ਖੁਦਕਸ਼ੀ ਹੀ ਹੁੰਦਾ ਹੈ।ਸਭ ਰਾਹ ਬੰਦ ਹੋ ਕੇ ਵੀ ਕੁਲਦੀਪ ਲ਼ਈ ਆਸ ਦੀ ਕੋਈ ਕਿਰਨ ਬਾਕੀ ਸੀ, ਇਹ ਆਸ ਪਿੱਛੇ ਜਿਉਂਦਿਆਂ ਦਾ ਕੁੱਝ ਸੰਵਰ ਜਾਣ ਦੀ ਆਸ ਸੀ। ਹੱਕ ਮੰਗਦਿਆਂ ਦੀ ਸੁਣਵਾਈ ਹੋ ਸਕਣ ਦੀ ਆਸ ਸੀ। ਵਿਦਾ ਹੋਣ ਤੋਂ ਕੁਝ ਚਿਰ ਪਹਿਲਾਂ ਆਪਣੀ ਚਿੱਠੀ ਜਥੇਬੰਦੀ ਦੇ ਸਿਖਰਲੇ ਆਗੂ ਨੂੰ ਸੌਂਪ ਕੇ ਜਾਣਾ ਇੱਕ ਸੰਕੇਤ ਹੈ ਕਿ ਉਹ ਮੌਤ ਤੋਂ ਅਗਾਂਹ ਵੀ ਆਪਣੀ ਗੱਲ ਤੋਰਨੀ ਚਾਹੁੰਦਾ ਸੀ।ਕੋਈ ਕਹਿ ਸਕਦਾ ਹੈ ਕਿ ਖੁਦਕਸ਼ੀ ਤਾਂ ਖੁਦਕਸ਼ੀ ਹੀ ਹੈ। ਕਿਸੇ ਲਈ ਇਹ ਖੁਦਕਸ਼ੀਆਂ ਦੀ ਰੁੱਤ ਤੋਂ ਬਾਅਦ ਕੁਰਬਾਨੀਆਂ ਦੇ ਦੌਰ ਦੀ ਆਹਟ ਵੀ ਹੋ ਸਕਦੀ ਹੈ।
ਕੁਲਦੀਪ ਦੀ ਮੌਤ ਦੀ ਖਬਰ ਉਹਦੇ ਘਰ ਪੁੱਜਣ ਤੋਂ ਕੁੱਝ ਸਮਾਂ ਬਾਅਦ ਮੈਂ ਪਹੰਚਿਆ।ਉਹਦੇ ਘਰ ਪੈ ਰਹੇ ਵੈਣ ਦੂਰੋਂ ਸੁਣ ਰਹੇ ਸਨ, ਚੁੱਘੇ ਕਲ਼ਾਂ ਦੀ ਹਵਾ ਸੋਗੀ ਸੀ । ਕੁਲਦੀਪ ਦਾ ਘਰ ਵੀ ਪੰਜਾਬ ਦੀ ਗਰੀਬ ਕਿਸਾਨੀ ਦੇ ਹਜ਼ਾਰਾਂ ਲੱਖਾਂ ਘਰਾਂ ਵਰਗਾ ਹੀ ਹੈ ਜਿਹੜੇ ਹਰੇ ਇਨਕਲਾਬ ਵਾਂਗ ਆਪਣੀ ਚਮਕ ਗੁਆ ਚੁੱਕੇ ਹਨ।'ਹਰੇ ਇਨਕਲਾਬ' ਦੇ ਦੌਰ 'ਚ ਬਣੇ ਇਹਨਾਂ ਘਰਾਂ ਦੀ ਬਣਤਰ ਤੇ ਇਹਨਾਂ ਉਪਰਲਾ ਟੀਪ ਪਲਸਤਰ ਹੋ ਚੁੱਕੀ 'ਤਰੱਕੀ' ਦੀ ਯਾਦ ਦਿਵਾਉਦੇਂ ਹਨ।ਇਹ ਉਹ ਸਮਾਂ ਸੀ ਜਦੋਂ ਪੰਜਾਬ ਦੇ ਖੇਤਾਂ 'ਮਕਸੀਕਨ ਕਣਕ ਆਈ ਸੀ ਤੇ ਕੁਝ ਸਮਾਂ ਬਾਅਦ ਹੀ ਬਨੇਰਿਆਂ ਦੀ ਥਾਂ ਜੰਗਲੇ ਬਣ ਗਏ ਸਨ।ਲੋਕਾਂ ਨੇ ਚਾਵਾਂ ਨਾਲ ਉੱਪਰ ਫੁੱਲ ਪੱਤੀਆਂ ਪਾਈਆਂ ਸਨ।ਪਰ ਹਰੇ ਇਨਕਲਾਬ ਦੇ ਪੀਲੇ ਪੈਣ ਨਾਲ ਹੀ ਘਰਾਂ ਦੇ ਬਾਸ਼ਿੰਦਿਆਂ ਦੀ ਉਦਾਸੀ ਦਾ ਪ੍ਰਛਾਵਾਂ ਹੁਣ ਇਹਨਾਂ ਜੰਗਲਿਆਂ 'ਤੇ ਉਕਰਿਆ ਗਿਆ ਹੈ।ਇਹ ਉਦਾਸੀ ਹੁਣ ਪਿੰਡ ਦੀ ਫਿਰਨੀ ਤੋਂ ਹੀ ਨਜ਼ਰ ਪੈ ਜਾਂਦੀ ਹੈ।ਦਿਨੋਂ ਦਿਨ ਗਹਿਰੀ ਹੋ ਰਹੀ ਇਸ ਉਦਾਸੀ ਨੇ ਕਿਸਾਨੀ ਵੱਲੋਂ ਵਿਆਹਾਂ ਮਰਨਿਆਂ 'ਤੇ ਕੀਤੀ ਜਾਂਦੀ ਫਜ਼ੂਲ ਖਰਚ ਦੇ ਚਰਚੇ ਨੂੰ ਢਕ ਲਿਆ ਹੈ।ਉਦਾਸੀ ਤੋਂ ਮੌਤਾਂ ਦੇ ਸਫਰ ਦੀ ਸ਼ੁਰੂਆਤ ਨੇ ਇਹ ਚਰਚਾ ਉੱਕਾ ਹੀ ਬੰਦ ਕਰਵਾ ਦਿੱਤੀ ਹੈ। ਉਹ ਵੀ ਦਿਨ ਸਨ ਜਦ ਕੁਲਦੀਪ ਵਰਗਿਆਂ ਸਿਰ ਸੰਸਾਰ ਦੀ ਕੁੱਲ ਐਸ਼ ਅਰਾਮ ਮਾਨਣ ਵਾਲਿਆਂ ਵੱਲੋਂ ਅਜਿਹੇ ਇਲਜ਼ਾਮ ਧਰੇ ਜਾਂਦੇ ਸਨ।
ਕੁਲਦੀਪ ਦੇ ਹਾਣੀ ਦੱਸਦੇ ਹਨ ਕਿ ਉਹ ਬੇਹਦ ਮਿਹਨਤੀ ਸੀ।ਕਿਸੇ ਜਣੇ ਦੀ ਮੌਤ ਬਾਅਦ ਹੋਣ ਵਾਲੀ ਚਰਚਾ ਵਾਂਗ ਨਹੀਂ , ਉਹ ਸੱਚਮੁੱਚ ਹੀ ਮਿਹਨਤੀ ਸੀ। ਇੱਕ ਅਣਥੱਕ ਕਾਮਾ ਸੀ। ਉਹ ਮਿਹਨਤ ਦੇ ਜ਼ੋਰ ਘਰ ਦੀ ਹਾਲਤ ਬਦਲ ਦੇਣੀ ਚਾਹੁੰਦਾ ਸੀ। ਥੁੜ੍ਹਾਂ ਮਾਰੀ ਪੰਜਾਬ ਦੀ ਕਿਸਾਨੀ ਵਾਂਗ ਸੰਜਮ ਉਹਦੇ ਅੰਦਰ ਰਚਿਆ ਹੋਇਆ ਸੀ। ਪੰਜਾਬ ਦੇ ਬਹੁਤੇ  ਨੌਜਵਾਨਾਂ ਸਿਰ ਆਉਦਾਂ ਉਲਾਭਾਂ ਕੁਲਦੀਪ ਸਿਰ ਨਹੀਂ ਹੋ ਸਕਦਾ ਸੀ । ਉਹ ਤਾਂ ਮੋਟਰ ਸਾਇਕਲ ਦੀ ਥਾਂ ਸਾਈਕਲ ਹੀ ਵਰਤਦਾ ਸੀ , ਕਦੇ ਵਿਹਲਾ ਨਾ ਬੈਠਦਾ। ਸਿਆਲ਼ਾਂ ਦੇ ਦਿਨਾਂ 'ਚ ਖੇਤੀ ਕੰਮਾਂ ਤੋਂ ਵਿਹਲ ਦੀ ਰੁੱਤੇ ਸੱਥ 'ਚ ਬੈਠ ਕੇ ਧੁੱਪ ਸੇਕਣਾ ਉਹਦੇ ਸੁਭਾਅ 'ਚ ਨਹੀਂ ਸੀ।ਉਹਦਾ ਇੱਕ ਹਾਣੀ ਯਾਦ ਕਰਦਿਆਂ ਦੱਸਦਾ ਹੈ ਜੇਕਰ ਕੋਈ ਹੋਰ ਕੰਮ ਨਾ ਹੁੰਦਾ ਤਾਂ ਉਹ  ਨੀਰਾ ਕੁਤਰਨ ਵਾਲ਼ਾ ਟੋਕਾ ਹੀ ਦੁਬਾਰਾ ਠੀਕ ਕਰਕੇ ਜੜ ਦਿੰਦਾ ਸੀ , ਉਹ ਕੋਈ ਨਾ ਕੋਈ ਕੰਮ ਕੱਢੀ ਰੱਖਦਾ ਸੀ।ਪਰਿਵਾਰ ਹਾਲ਼ੇ ਸੁੱਤਾ ਉੱਠ ਰਿਹਾ ਹੁੰਦਾ, ਕੁਲਦੀਪ ਖੇਤੋਂ ਨੀਰਾ ਲਈ ਆਉਂਦਾ। ਘਰ ਦੀ ਕਬੀਲਦਾਰੀ ਉਹੀ ਵਿਉਂਤਦਾ, ਸ਼ਹਿਰ ਬਜ਼ਾਰੋਂ ਚੀਜ਼ ਵਸਤ ਕੁਲਦੀਪ ਹੀ ਲੈ ਕੇ ਆਉਂਦਾ।
ਚੁੱਘੇ ਕਲ਼ਾਂ ਦੇ ਠਾਣਾ ਸਿੰਘ ਕੋਲ਼ ਮਸਾਂ 4 ਕੁ ਕਿੱਲੇ ਜ਼ਮੀਨ ਹੈ ।ਉਹ ਦੋਹੇਂ ਪੁੱਤਰਾਂ ਕੁਲਦੀਪ ਤੇ ਹਰਪ੍ਰੀਤ ਨਾਲ ਖੇਤੀ ਕਰਦਾ ਆ ਰਿਹਾ ਹੈ।ਪੰਜਾਬ ਦੇ ਸਭਨਾਂ ਨਿਮਨ ਕਿਸਾਨਾਂ ਵਾਂਗ ਘਰ ਦੀ ਕਬੀਲਦਾਰੀ ਤੋਰਨ ਲਈ ਇਹ ਜ਼ਮੀਨ ਊਣੀ ਨਿਬੜਦੀ ਹੈ, ਨਾਲ ਠੇਕੇ 'ਤੇ ਲੈਣੀ ਪੈਂਦੀ ਹੈ।ਹੁਣ ਪਰਿਵਾਰ ਨੇ ਲਗਭਗ 14 ਕਿੱਲੇ ਠੇਕੇ 'ਤੇ ਲਏ ਹੋਏ ਹਨ।ਪੰਜਾਬ ਦੀ ਬਾਕੀ ਕਿਸਾਨੀ ਵਾਂਗ ਹੀ ਇਹ ਕਾਮਾ ਪਰਿਵਾਰ ਵੀ ਕਰਜ਼ਈ ਹੈ। 85 ਹਜ਼ਾਰ ਬੈਂਕ , 40 ਹਜ਼ਾਰ ਸੁਸਾਇਟੀ ਤੇ 3 ਲੱਖ ਆੜ੍ਹਤੀਏ ਦਾ ਦੇਣਾ ਹੈ। ਠੇਕੇ ਵਾਲ਼ੀ ਜ਼ਮੀਨ ਦਾ 3 ਲੱਖ ਖੜ੍ਹਾ ਹੈ ਜੀਹਦਾ ਵਿਆਜ 'ਤਾਰਨਾ ਪੈ ਰਿਹਾ ਹੈ। ਪੰਜਾਬ ਦੀ ਖੁੰਗਲ ਹੋ ਰਹੀ ਕਿਸਾਨੀ ਦੀ ਤਸਵੀਰ ਉਂਝ ਤਾਂ ਇਸ ਪਰਿਵਾਰ ਤੋਂ ਵੀ ਮੰਦੀ ਹੈ , ਮਾਲਕ ਕਿਸਾਨੀ ਕਹੇ ਜਾਂਦੇ ਪਰਿਵਾਰਾਂ 'ਚੋ ਹੁਣ 18% ਪਰਿਵਾਰ ਪੂਰੀ ਤਰਾਂ੍ਹ ਬੇਜ਼ਮੀਨੇ ਹੋ ਚੁੱਕੇ ਹਨ। ਅਗਾਂਹ 16% ਹੋਰ ਪਰਿਵਾਰ ਢਾਈ ਏਕੜ ਤੋਂ ਘੱਟ ਪੈਲ਼ੀ ਵਾਲੇ ਹਨ।
ਪਿਛਲੇ ਕਈ ਦਿਨਾਂ ਤੋਂ ਕੁਲਦੀਪ ਚਿੰਤਾਂ 'ਚ ਰਹਿ ਰਿਹਾ ਸੀ, ਉਹਦੀਆਂ ਸੋਚਾਂ 'ਚ ਮਰ ਗਈ ਫਸਲ ਘੁੰਮਦੀ ਸੀ।ਜਿੰਨ੍ਹਾਂ ਕਰਜ਼ਿਆਂ ਦੇ ਵਿਆਜ ਨੇ ਪੰਜਾਬ ਦੇ ਹਜ਼ਾਰਾਂ ਕਿਸਾਨਾਂ ਨੂੰ ਨਿਗਲਿਆ ਹੈ, ਉਹੀ ਕਰਜ਼ਾ ਕੁਲਦੀਪ ਲਈ ਸਲਫਾਸ ਬਣ ਕੇ ਆਇਆ ਹੈ। ਸੱਥਰ ਤੇ ਬੈਠੇ ਉਹਦੇ ਗਰਾਈਆਂ ਲਈ ਜਿੱਥੇ ਉਹਦੇ ਜਾਣ ਦਾ ਗਮ ਹੈ, ਉਥੇ ਉਹਦੀ ਮੌਤ ਨਾਲ ਸਭਨਾਂ ਦੇ ਸਾਂਝੇ ਦਰਦ ਦੀ ਸੁਣਵਾਈ ਹੋ ਜਾਣ ਦੀ ਇੱਕ ਆਸ ਵੀ ਝਲਕਦੀ ਹੈ। ਉਹਨਾਂ ਨੂੰ ਲਗਦਾ ਹੈ ਕਿ ਉਹਦੇ ਘਰ ਦੇ ਬਿਲਕੁਲ ਨਾਲ ਖੜ੍ਹਾ ਪੂਰੀ ਤਰ੍ਹਾਂ ਤਬਾਹ ਹੋ ਚੁੱਕਿਆ ਨਰਮਾ ਹੁਣ ਸਿਰਫ ਉਹਦੇ ਪਰਿਵਾਰ ਦੀ ਚਿੰਤਾ ਦਾ ਮਸਲਾ ਨਹੀਂ ਰਿਹਾ ਸਗੋਂ ਇਹ ਹੁਣ ਮੀਡੀਏ ' ਚਰਚਾ ਦਾ ਮੁੱਦਾ ਬਣੇਗਾ ਕਿਉਂ ਜੁ ਹੁਣ ਚੈਨਲਾਂ ਵਾਲੇ ਧੜਾਧੜ ਪੁੱਜ ਰਹੇ ਹਨ। ਏਸੇ ਆਸ ਨਾਲ ਇੱਕ ਗਰਾਈਂ ਆਖਦਾ ਹੈ, "ਕਿਉਂ ਬਈ ਹੁਣ ਤਾਂ ਸਰਕਾਰ ਹਿੱਲੂ, ਕਿ ਨਹੀਂ!" ਉਹ ਇਹ ਤਾਂ ਜਾਣਦੇ ਹਨ ਕਿ ਸਾਡੇ ਘਰ੍ਹਾਂ 'ਚ ਰੋਜ਼ ਹੀ ਸੱਥਰ ਵਿਛ ਰਹੇ ਹਨ ਪਰ ਕੋਈ ਸੱਥਰ ਮੀਡੀਏ, ਸਰਕਾਰ ਤੇ ਲੋਕਾਂ ਲਈ ਧਿਆਨ ਦਾ ਕੇਂਦਰ ਬਣਕੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਇਉਂ ਵੀ ਉਭਾਰ ਸਕਦਾ ਹੈ, ਉਹਨਾਂ ਲਈ ਇਹ ਨਵਾ ਹੈ ਇਸੇ ਲਈ ਉਹ ਪਿੰਡ 'ਚ ਵਿਛੇ ਸੱਥਰ ਤੋਂ ਬਠਿੰਡੇ ' ਮਘੇ ਸੰਘਰਸ਼ ਦੇ ਅਖਾੜੇ ਤੱਕ ਦਾ ਸਫਰ ਤੈਅ ਕਰਨ ਲਈ ਤੁਰ ਰਹੇ ਹਨ।ਕੱਲ ਨੂੰ ਸੈਂਕੜਿਆਂ ਦੀ ਗਿਣਤੀ 'ਚ ਪਿੰਡ ਵਾਸੀਆਂ ਦਾ ਕਾਫਲਾ ਬਠਿੰਡੇ ਮੋਰਚੇ 'ਚ ਸ਼ਾਮਿਲ ਹੋ ਰਿਹਾ ਹੈ। ਪਿੰਡ ਵਾਸੀਆਂ ਦੇ ਚਿਹਰਿਆਂ ਤੋਂ ਗਮ ਤੇ ਆਸ ਦੇ ਮਿਲੇ-ਜੁਲੇ ਭਾਵ ਪੜ੍ਹੇ ਜਾ ਸਕਦੇ ਹਨ।
 
ਕੁਲਦੀਪ ਦੀ ਮੌਤ ਹਾਕਮਾਂ ਲਈ ਸਰੋਕਾਰ ਦਾ ਮੁੱਦਾ ਨਹੀਂ ਹੈ ਉਹਨਾਂ ਦਾ ਜਾਗਣਾ ਤਾਂ ਦੂਰ ਦੀ ਗੱਲ ਹੈ, ਰਾਜ ਕਰਨ ਦਾ ਉਹਨਾਂ ਦਾ ਵਿਹਾਰ ਦਹਾਕਿਆਂ ਤੋਂ ਅਜਿਹੇ ਹਜ਼ਾਰਾਂ ਸੱਥਰ ਵਿਛਾਉਂਦਾ ਆ ਰਿਹਾ ਹੈ। ਕੁਲਦੀਪ ਦੀ ਮੌਤ ਮੋਰਚੇ 'ਚ ਡਟੇ ਜੁਝਾਰਾਂ ਦੇ ਰੋਹ ਨੂੰ ਪਰਚੰਡ ਕਰਨ 'ਚ ਅਪਣਾ ਹਿੱਸਾ ਪਾ ਰਹੀ ਹੈ। ਉਹਨਾਂ ਦੇ ਤਣੇ ਮੁੱਕਿਆਂ 'ਚੋ ਦੇਖਿਆ ਜਾ ਸਕਦਾ ਹੈ ਕਿ ਕੁਲਦੀਪ ਦੇ ਬਲਦੇ ਸਿਵੇ ਦਾ ਸੇਕ ਹਾਕਮਾਂ ਦੇ ਚਿਹਰਿਆਂ ਨੂੰ ਲੂਹ ਸੁੱਟੇਗਾ ਕਿਉਂਕਿ ਇਸ ਸੇਕ 'ਚ ਹੁਣ ਲੋਕਾਈ ਦੇ ਰੋਹ ਦਾ ਸੇਕ ਵੀ ਸਮਾ ਚੁੱਕਿਆ ਹੈ।  
ਮਿਤੀ 24 ਸਤੰਬਰ, 2014                                                 ਪਾਵੇਲ ਕੁੱਸਾ (9417054015)
                                                                                          ਪਿੰਡ ਤੇ ਡਾਕਖਾਨਾ ਕੁੱਸਾ
                                                                                                     ਜ਼ਿਲ੍ਹਾ ਮੋਗਾ

No comments:

Post a Comment