Showing posts with label punjab students union. Show all posts
Showing posts with label punjab students union. Show all posts

Friday, 18 July 2014

ਸੰਗਰਾਮੀ ਇਤਿਹਾਸ ਦੇ ਪੰਨਿਆਂ 'ਤੇ ਸਦਾ ਚਮਕੇਗਾ



ਸੰਗਰਾਮੀ ਇਤਿਹਾਸ ਦੇ ਪੰਨਿਆਂ 'ਤੇ ਸਦਾ ਚਮਕੇਗਾ
ਸ਼ਹੀਦ ਪ੍ਰਿਥੀਪਾਲ ਰੰਧਾਵਾ

70 ਵਿਆਂ ਦਾ ਦਹਾਕਾ ਪੰਜਾਬ ਦੀ ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਦੇ ਸ਼ਾਨਾਮੱਤੇ ਇਤਿਹਾਸ ਦਾ ਸਮਾਂ ਹੈ ਜਦੋਂ ਪੰਜਾਬ ਦੀ ਜਵਾਨੀ ਨੇ ਲੋਕਾਂ ਨੂੰ ਹੱਕਾਂ ਲਈ ਜੂਝਣ ਦਾ ਰਾਹ ਵਿਖਾਇਆ ਤੇ ਸ਼ਾਨਦਾਰ ਇਨਕਲਾਬੀ ਭੂਮਿਕਾ ਅਦਾ ਕੀਤੀ। ਪ੍ਰਿਥੀਪਾਲ ਰੰਧਾਵਾ ਇਸ ਲਹਿਰ ਦਾ ਅਜਿਹਾ ਨਾਇਕ ਸੀ ਜੀਹਦੀ ਅਗਵਾਈ 'ਚ ਪੰਜਾਬ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਨੇ ਸ਼ਾਨਦਾਰ ਸੰਗਰਾਮੀ ਰਵਾਇਤਾਂ ਸਿਰਜੀਆਂ ਜਿਹੜੀਆਂ ਅੱਜ ਵੀ ਸਾਡਾ ਰਾਹ ਰੁਸ਼ਨਾਉਦੀਆਂ ਹਨ। ਭਾਵੇਂ 18 ਜੁਲਾਈ 1979 ਨੂੰ ਅਕਾਲੀ ਸਰਕਾਰ ਦੇ ਗੁੰਡਿਆਂ ਨੇ ਪ੍ਰਿਥੀ ਨੂੰ ਜਿਸਮਾਨੀ ਤੌਰ 'ਤੇ ਸਾਡੇ ਕੋਲੋਂ ਖੋਹ ਲਿਆ ਪਰ ਉਹਦੀ ਜੀਵਨ ਘਾਲਣਾ ਤੇ ਸ਼ਹਾਦਤ ਸਾਡੇ ਲਈ ਪ੍ਰੇਰਨਾ ਦਾ ਅਮੁੱਕ ਸੋਮਾ ਹੈ।
ਪਿਰਥੀ ਦਾ ਜੀਵਨ ਤੇ ਪੀ.ਐਸ.ਯੂ. ਦਾ ਸਫ਼ਰ ਇਕ ਦੂਜੇ ਨਾਲ ਏਨੀ ਗਹਿਰੀ ਤਰਾਂ ਜੁੜਿਆ ਹੈ ਕਿ ਵੱਖ-2 ਕਰਕੇ ਨਹੀਂ ਦੇਖਿਆ ਜਾ ਸਕਦਾ। 5 ਮਾਰਚ, 1952 ਨੂੰ ਜਨਮਿਆ ਪ੍ਰਿਥੀ ਜਦੋਂ ਟਾਂਡੇ ਕਾਲਜ ਤੋਂ ਪਰੀ-ਮੈਡੀਕਲ ਕਰਕੇ ਪੀ.ਏ.ਯੂ. ਲੁਧਿਆਣੇ ਦਾਖਲ ਹੋਇਆ ਤਾਂ ਉਦੋਂ ਤੋਂ ਹੀ ਉਹਨੇ ਸਮਾਜ 'ਚ ਫੈਲੇ ਲੁੱਟ, ਜਬਰ, ਅਨਿਆਂ ਤੇ ਵਿਤਕਰਿਆਂ ਨੂੰ ਨੀਝ ਨਾਲ ਘੋਖਣਾ ਸ਼ੁਰੂ ਕਰ ਦਿੱਤਾ। ਉਹਨੇ ਬਾਕੀ ਦੀ ਜ਼ਿੰਦਗੀ ਨੌਜਵਾਨਾਂ, ਵਿਦਿਆਰਥੀਆਂ ਤੇ ਹੋਰਨਾਂ ਮਿਹਤਨਕਸ਼ ਤਬਕਿਆਂ ਦਾ ਰਾਹ ਰੁਸ਼ਨਾਉਣ ਦੇ ਲੇਖੇ ਲਾਈ ਅਤੇ ਅੰਤ ਆਪਣੇ ਲਹੂ ਦਾ ਆਖਰੀ ਕਤਰਾ ਵੀ ਲੋਕ ਹੱਕਾਂ ਦੀ ਲਹਿਰ ਦੇ ਬੂਟੇ ਨੂੰ ਸਿੰਜਣ ਲਈ ਵਹਾ ਦਿੱਤਾ।
ਪਿਰਥੀ ਤੇ ਸਾਥੀਆਂ ਨੇ 70-71 ਦੇ ਅਜਿਹੇ ਔਖੇ ਵੇਲ਼ਿਆਂ 'ਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਝੰਡੇ ਹੇਠ ਵਿਦਿਆਰਥੀਆਂ ਨੂੰ ਜਥੇਬੰਦ ਕਰਨ ਦਾ ਬੀੜਾ ਚੁੱਕਿਆ ਜਦੋਂ ਪੰਜਾਬ 'ਚ ਨੌਜਵਾਨਾਂ ਨੂੰ ਹੱਕ ਸੱਚ ਦੀ ਗੱਲ ਕਰਨ ਬਦਲੇ ਵੱਡੀ ਕੀਮਤ ਤਾਰਨੀ ਪੈਂਦੀ ਸੀ। ਪੰਜਾਬ 'ਚ ਇਨਕਲਾਬੀ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਜਾ ਰਹੇ ਸਨ। ਕਾਲਜਾਂ-ਯੂਨੀਵਰਸਿਟੀਆਂ ਦੇ ਧੱਕੜ ਅਧਿਕਾਰੀ ਚੰਮ ਦੀਆਂ ਚਲਾਉਂਦੇ ਸਨ, ਵਿਦਿਅਕ ਸੰਸਥਾਵਾਂ ਧੱਕੜ ਪੁਲਸ ਅਫ਼ਸਰਾਂ ਲਈ ਜਬਰ ਦੇ ਅਖਾੜੇ ਬਣੀਆਂ ਹੋਈਆਂ ਸਨ। ਪਹਿਲੇ ਸਾਲਾਂ 'ਚ ਬਣੀ ਪੀ.ਐਸ.ਯੂ. ਇਨਕਲਾਬੀਆਂ ਅੰਦਰ ਉੱਠੇ ਗਲਤ ਰੁਝਾਨ ਦੀ ਭੇਂਟ ਚੜਕੇ ਖਿੰਡ ਪੁੰਡ ਗਈ ਸੀ। ਅਜਿਹੇ ਵੇਲ਼ਿਆਂ 'ਚ ਪਿਰਥੀ ਤੇ ਸਾਥੀਆਂ ਨੇ ਆਪਣੀਆਂ ਜ਼ਿੰਦਗੀਆਂ ਦੀ ਪ੍ਰਵਾਹ ਨਾ ਕਰਦਿਆਂ ਪੀ.ਐਸ.ਯੂ. ਦਾ ਬੂਟਾ ਲਾਇਆ। ਪੀ.ਐਸ.ਯੂ. ਨੇ ਅਜੇ ਮੁੱਢਲੇ ਕਦਮ ਹੀ ਪੁੱਟੇ ਸਨ ਕਿ ਮੋਗੇ 'ਚ ਰੀਗਲ ਸਿਨੇਮੇ ਦੇ ਮਾਲਕਾਂ ਦੀ ਗੁੰਡਾਗਰਦੀ ਖਿਲਾਫ਼ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ 'ਤੇ ਪੁਲਿਸ ਨੇ ਗੋਲੀ ਚਲਾ ਦਿੱਤੀ। ਦੋ ਵਿਦਿਆਰਥੀ ਹਰਜੀਤ ਤੇ ਸਵਰਨ ਤੇ ਹੋਰ ਲੋਕ ਸ਼ਹੀਦ ਕਰ ਦਿੱਤੇ। ਹਕੂਮਤ ਦੇ ਇਸ ਜਬਰ ਖਿਲਾਫ਼ ਵਿਦਿਆਰਥੀ ਰੋਹ ਦੀ ਕਾਂਗ ਉੱਠ ਖੜੀ ਹੋਈ। ਪੰਜਾਬ 'ਚ ਵਿਦਿਆਰਥੀਆਂ ਦਾ ਗੁੱਸਾ ਫੁੱਟ ਪਿਆ ਤੇ ਮੋਗਾ ਸੰਗਰਾਮ ਛਿੜ ਪਿਆ। ਹਾਕਮਾਂ ਦੀਆਂ ਸਭਨਾਂ ਚਾਲਾਂ ਨੂੰ ਫੇਲਕਰਦਿਆਂ ਪਿਰਥੀ ਦੀ ਅਗਵਾਈ 'ਚ ਵਿਦਿਆਰਥੀਆਂ ਨੇ ਅਜਿਹਾ ਦਲੇਰਾਨਾ ਸੰਗਰਾਮ ਲੜਿਆ ਜੀਹਨੇ ਪੰਜਾਬ ਦੀ ਜਨਤਕ ਇਨਕਲਾਬੀ ਲਹਿਰ ਨੂੰ ਨਵਾਂ ਮੁਹਾਂਦਰਾ ਦਿੱਤਾ। ਪੁਲਸ ਜਬਰ ਮੂਹਰੇ ਬੇਵੱਸ ਹੋਈ ਜਵਾਨੀ ਨੂੰ ਪਿਰਥੀ ਨੇ ਸਹੀ ਸੇਧ ਦਿੱਤੀ। ਮੋਗੇ ਦੇ ਇਸ ਲੰਬੇ ਖਾੜਕੂ ਘੋਲ ਨੇ ਇਨਕਲਾਬੀ ਨੌਜਵਾਨਾਂ ਦੇ ਕਤਲ ਵਰਗੇ ਅਨਰਥ ਕਰਨ ਤੋਂ ਹਾਕਮਾਂ ਦੇ ਮਨਾਂ 'ਚ ਤਹਿਕਾ ਬਿਠਾ ਦਿੱਤਾ ਅਤੇ ਪੰਜਾਬ ਦੇ ਲੋਕਾਂ ਸਾਹਮਣੇ ਹੱਕਾਂ ਲਈ ਜਥੇਬੰਦ ਹੋ ਕੇ ਲੰਮੇ ਖਾੜਕੂ ਸੰਘਰਸ਼ਾਂ ਦੇ ਰਾਹ ਪੈਣ ਦੀ ਮਿਸਾਲ ਪੈਦਾ ਕੀਤੀ।
ਇਸਤੋਂ ਬਾਅਦ ਪਿਰਥੀ ਦੀ ਅਗਵਾਈ 'ਚ ਪੀ.ਐਸ.ਯੂ. ਨੇ ਵਿਦਿਆਰਥੀ ਮੰਗਾਂ ਜਿਵੇਂ ਬੱਸ ਪਾਸ ਸਹੂਲਤ ਹਾਸਲ ਕਰਨ,  ਵਧਦੀਆਂ ਫੀਸਾਂ ਦਾ ਵਿਰੋਧ ਕਰਨ, ਸਸਤੀਆਂ ਮੈੱਸਾਂ-ਕੰਟੀਨਾਂ ਤੇ ਹੋਸਟਲਾਂ ਦੇ ਇੰਤਜ਼ਾਮ ਕਰਵਾਉਣ, ਸਸਤੀਆਂ ਕਿਤਾਬਾਂ ਕਾਪੀਆਂ ਹਾਸਲ ਕਰਨ, ਵਿਦਿਅਕ ਸੰਸਥਾਵਾਂ 'ਚ ਜਮਹੂਰੀ ਮਾਹੌਲ ਸਿਰਜਣ ਤੇ ਹੋਰਨਾਂ ਮਸਲਿਆਂ ਤੇ ਅਨੇਕਾਂ ਹੀ ਪੰਜਾਬ ਪੱਧਰੇ ਤੇ ਸਥਾਨਕ ਪੱਧਰੇ ਸੰਘਰਸ਼ ਲੜੇ ਅਤੇ ਜਿੱਤਾਂ ਜਿੱਤੀਆਂ।
ਪਿਰਥੀਪਾਲ ਰੰਧਾਵਾ ਸਾਧਾਰਨ ਵਿਦਿਆਰਥੀ ਆਗੂ ਨਹੀਂ ਸੀ ਸਗੋਂ ਜੁਝਾਰੂ ਇਨਕਲਾਬੀ ਲੋਕ ਆਗੂ ਸੀ ਜੀਹਦੀ ਅਗਵਾਈ 'ਚ ਵਿਦਿਆਰਥੀ ਸਿਰਫ਼ ਆਪਣੇ ਤਬਕੇ ਦੇ ਮਸਲਿਆਂ ਤੱਕ ਹੀ ਸੀਮਤ ਨਾ ਰਹੇ ਸਗੋਂ ਆਪਣੇ ਇਨਕਲਾਬੀ ਸਮਾਜਿਕ ਰੋਲ ਦੀ ਪਹਿਚਾਣ ਕਰਦਿਆਂ ਸਮਾਜ ਦੇ ਹੋਰਨਾਂ ਮਿਹਤਨਕਸ਼ ਤਬਕਿਆਂ ਲਈ ਜੂਝਣ ਦੀ ਪ੍ਰੇਰਨਾ ਵੀ ਬਣੇ। ਸਮਾਜ 'ਚ ਲੋਕਾਂ 'ਤੇ ਅਸਰ ਪਾਉਣ ਵਾਲੇ ਵੱਡੇ ਮਸਲਿਆਂ ਤੇ ਖਾਸ ਕਰ ਜਦੋਂ ਲੋਕਾਂ ਨੂੰ ਭੁਚਲਾਉਣ ਲਈ ਲੋਕ ਦੋਖੀ ਤਾਕਤਾਂ ਆਪਣਾ ਤਾਣ ਲਗਾਉਂਦੀਆਂ ਰਹੀਆਂ ਤਾਂ ਪੰਜਾਬ ਦੇ ਨੌਜਵਾਨ ਵਿਦਿਆਰਥੀਆਂ ਨੇ ਪਿਰਥੀ ਦੀ ਅਗਵਾਈ 'ਚ ਕਿਰਤੀ ਲੋਕਾਂ ਦਾ ਮਾਰਗ ਰੌਸ਼ਨ ਕੀਤਾ।
1974 'ਚ ਮੁਲਕ ਦੀ ਜਨਤਾ 'ਚ ਇੰਦਰਾ ਗਾਂਧੀ ਹਕੂਮਤ ਖਿਲਾਫ਼ ਉੱਠੀ ਬੇਚੈਨੀ ਨੂੰ ਹਾਕਮ ਜਮਾਤਾਂ ਦੇ ਹੀ ਦੂਸਰੇ ਹਿੱਸੇ ਵਰਤਣ ਲਈ ਤੁਰੇ। ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ 'ਚ ਜੁੜੇ ਮੌਕਾਪ੍ਰਸਤ ਟੋਲੇ ਨੇ ਲੋਕਾਂ ਦੇ ਸਾਹਮਣੇ ਫ਼ਰੇਬੀ ਨਾਹਰੇ ਪੇਸ਼ ਕੀਤੇ ਅਤੇ ਲੋਕਾਂ ਦੀ ਲਹਿਰ ਨੂੰ ਪਟੜੀ ਤੋਂ ਲਾਹ ਕੇ ਆਪਣੀਆਂ ਵੋਟ ਗਿਣਤੀਆਂ ਵਾਸਤੇ ਵਰਤਣ ਦੇ ਯਤਨ ਕੀਤੇ। ਭ੍ਰਿਸ਼ਟਾਚਾਰ, ਮਹਿੰਗਾਈ, ਗਰੀਬੀ ਹਟਾਉ ਦੇ ਅਮੂਰਤ ਤੇ ਬੇ-ਨਕਸ਼ ਨਾਅਰੇ ਦਿੱਤੇ ਗਏ। ਅਜਿਹੇ ਸਮੇਂ ਪੰਜਾਬ ਦੇ ਵਿਦਿਆਰਥੀਆਂ ਨੇ ਪ੍ਰਿਥੀ ਦੀ ਅਗਵਾਈ 'ਚ ਮਿਹਨਤਕਸ਼  ਲੋਕਾਂ ਨੂੰ ਸਹੀ ਸੇਧ ਦਿੱਤੀ। ਪੀ.ਐਸ.ਯੂ. ਨੇ ਮੋਗੇ 'ਚ ਨੌਜਵਾਨ ਭਾਰਤ ਸਭਾ ਤੇ ਹੋਰਨਾਂ ਮਿਹਨਤਕਸ਼ ਤਬਕਿਆਂ ਦੇ ਸਹਿਯੋਗ ਨਾਲ 'ਸੰਗਰਾਮ ਰੈਲੀ' ਜਥੇਬੰਦ ਕਰਕੇ ਮੌਕਾਪ੍ਰਸਤ ਟੋਲੇ ਦਾ ਕਿਰਦਾਰ ਨੰਗਾ ਕੀਤਾ ਅਤੇ 'ਸੰਕਟ ਮੂੰਹ ਆਈ ਕੌਮ ਲਈ ਕਲਿਆਣ ਦਾ ਮਾਰਗ' ਪੇਸ਼ ਕੀਤਾ।
26 ਜੂਨ 1975 'ਚ ਇੰਦਰਾ ਗਾਂਧੀ ਸਰਕਾਰ ਨੇ ਆਪਣੀ ਕੁਰਸੀ ਬਚਾਉਣ ਲਈ ਤੇ ਲੋਕ ਬੇਚੈਨੀ ਨੂੰ ਕੁਚਲਣ ਲਈ ਸਾਰੇ ਦੇਸ਼ 'ਚ ਐਮਰਜੈਂਸੀ ਮੜਦਿੱਤੀ। ਸਭਨਾਂ ਲੋਕ ਪੱਖੀ ਤੇ ਜਮਹੂਰੀ ਸ਼ਕਤੀਆਂ ਉੱਤੇ ਜਬਰ ਦਾ ਝੱਖੜ ਝੁਲਾ ਦਿੱਤਾ। ਪੀ.ਐਸ.ਯੂ. ਨੇ ਆਪਣੀਆਂ ਸੰਗਰਾਮੀ ਰਵਾਇਤਾਂ ਤੇ ਪਹਿਰਾ ਦਿੰਦਿਆਂ ਇਸ ਵੰਗਾਰ ਨੂੰ ਕਬੂਲ ਕੀਤਾ। ਅੰਨੇ ਹਕੂਮਤੀ ਜਬਰ ਦੇ ਦੌਰ 'ਚ ਤੇ ਐਮਰਜੈਂਸੀ ਦੀਆਂ ਸਖਤ ਪਾਬੰਦੀਆਂ ਦੇ ਬਾਵਜੂਦ 'ਐਮਰਜੈਂਸੀ ਖਤਮ ਕਰੋ' ਤੇ 'ਜਮਹੂਰੀ ਹੱਕ ਬਹਾਲ ਕਰੋ' ਦੀਆਂ ਆਵਾਜ਼ਾਂ ਕਾਂਗਰਸੀ ਹਾਕਮਾਂ ਨੂੰ ਕੰਬਣੀਆਂ ਛੇੜਦੀਆਂ ਰਹੀਆਂ। 'ਅਸੀਂ ਜਿਉਂਦੇ-ਅਸੀਂ ਜਾਗਦੇ' ਦਾ ਸੱਦਾ ਲਾਉਂਦੀਆਂ ਰਹੀਆਂ। ਪੀ.ਐਸ.ਯੂ. ਦੇ ਆਗੂਆਂ-ਵਰਕਰਾਂ ਨੇ ਪੁਲਸੀ ਕਹਿਰ ਨੂੰ ਖਿੜੇ ਮੱਥੇ ਝੱਲਿਆ। ਰੰਧਾਵੇ ਨੂੰ ਮੀਸਾ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਗਿਆ, ਕਹਿਰਾਂ ਦਾ ਜਬਰ ਢਾਹਿਆ ਗਿਆ ਪਰ ਪ੍ਰਿਥੀ ਅਡੋਲ ਰਿਹਾ, ਉਹਨੂੰ ਝੁਕਾਇਆ ਨਾ ਜਾ ਸਕਿਆ। ਡੇਢ ਸਾਲ ਜੇਲ• 'ਚ ਰਹਿਣ ਮਗਰੋਂ ਮੁੜ ਆ ਸੰਗਰਾਮ ਦੇ ਮੈਦਾਨ 'ਚ ਕੁੱਦਿਆ।
ਪ੍ਰਿਥੀ ਦੀ ਅਗਵਾਈ 'ਚ ਹੀ ਪੰਜਾਬ ਦੇ ਵਿਦਿਆਰਥੀਆਂ ਨੇ ਹਰ ਮਿਹਤਨਕਸ਼ ਤਬਕੇ ਦੇ ਸੰਘਰਸ਼ਾਂ ਨੂੰ ਜਾ ਹਮਾਇਤੀ ਕੰਨਾ ਲਾਇਆ ਤੇ ਬੇ-ਗਰਜ਼ ਭਰਾਤਰੀ ਹਮਾਇਤ ਦੀਆਂ ਪਿਰਤਾਂ ਪਾਈਆਂ। ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਤੇ ਹੋਰਨਾਂ ਮਿਹਨਤਕਸ਼ ਤਬਕਿਆਂ ਨਾਲ ਸਾਂਝੇ ਸੰਘਰਸ਼ਾਂ ਦੀਆਂ ਤੰਦਾਂ ਮਜ਼ਬੂਤ ਕੀਤੀਆਂ।
ਪ੍ਰਿਥੀ ਨੇ ਜਮਹੂਰੀ ਹੱਕਾਂ ਦੇ ਦਮਨ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ। ਉਹਦੀ ਅਗਵਾਈ 'ਚ ਹੀ ਵਿਦਿਆਰਥੀਆਂ ਨੇ  ਪੰਜਾਬ ਦੇ ਕਿਰਤੀ ਲੋਕਾਂ 'ਚ ਜਮਹੂਰੀ ਹੱਕਾਂ ਦੀ ਸੋਝੀ ਦਾ ਸੰਚਾਰ ਕਰਨ ਦੇ ਯਤਨਾਂ 'ਚ ਭਰਪੂਰ ਹਿੱਸਾ ਪਾਇਆ।  ਪੀ.ਐਸ.ਯੂ. ਨੇ ਜਮਹੂਰੀ ਹੱਕਾਂ ਦੀ ਰਾਖੀ ਲਈ ਮੋਗੇ 'ਚ ਵਿਸ਼ਾਲ ਮਾਰਚ ਜਥੇਬੰਦ ਕੀਤਾ।
ਰੰਧਾਵਾ ਗੰਭੀਰ, ਸੂਝਵਾਨ, ਹੋਣਹਾਰ ਤੇ ਨਿਧੜਕ ਆਗੂ ਸੀ ਜੀਹਨੇ ਬੇਹੱਦ ਕਸੂਤੀਆਂ ਹਾਲਤਾਂ 'ਚ ਪੀ.ਐਸ.ਯੂ. ਖੜੀ ਕਰਨ, ਇਹਦੀ ਅਗਵਾਈ ਕਰਨ, ਪੰਜਾਬ 'ਚ ਜਨਤਕ ਜਮਹੂਰੀ ਲਹਿਰ ਨੂੰ ਤਕੜੀ ਕਰਨ ਤੇ ਵੱਖ-ਵੱਖ ਤਬਕਿਆਂ ਦੀ ਸੰਗਰਾਮੀ ਸਾਂਝ ਦੀਆਂ ਰਵਾਇਤਾਂ ਕਾਇਮ ਕੀਤੀਆਂ। ਰੰਧਾਵੇ ਦੀ ਅਗਵਾਈ 'ਚ ਹੀ ਪੰਜਾਬ ਦੀ ਵਿਦਿਆਰਥੀ ਲਹਿਰ ਨੂੰ ਫਿਰਕੂ ਵਣਜਾਰਿਆਂ ਦੇ ਜ਼ਹਿਰੀ ਡੰਗਾਂ ਤੋਂ ਮੁਕਤ ਰੱਖਿਆ ਜਾ ਸਕਿਆ ਤੇ ਨੌਜਵਾਨਾਂ-ਵਿਦਿਆਰਥੀਆਂ ਨੇ ਸਮਾਜ 'ਚ ਫਿਰਕੂ ਸਦਭਾਵਨਾ ਦਾ ਹੋਕਾ ਦਿੱਤਾ।
ਪੰਜਾਬ ਦੇ ਵਿਦਿਆਰਥੀਆਂ ਨੌਜਵਾਨਾਂ 'ਚ ਹੀ ਨਹੀਂ ਸਗੋਂ ਹੋਰਨਾਂ ਮਿਹਨਤਕਸ਼ ਤਬਕਿਆਂ 'ਚ ਵੀ ਪ੍ਰਿਥੀਪਾਲ ਰੰਧਾਵਾ ਸਤਿਕਾਰਿਆ ਤੇ ਪਿਆਰਿਆ ਜਾਣ ਲੱਗ ਪਿਆ ਸੀ। ਉਹ ਸਮੇਂ ਦੇ ਹਾਕਮਾਂ ਲਈ ਇਕ ਵੰਗਾਰ ਸੀ। ਮੌਕੇ ਦੀ ਅਕਾਲੀ ਸਰਕਾਰ ਦੇ ਪਾਲਤੂ ਗੁੰਡਿਆਂ ਨੇ ਉਹਨੂੰ ਅਗਵਾ ਕਰਕੇ ਕਹਿਰਾਂ ਦਾ ਤਸ਼ਦੱਦ ਢਾਹਿਆ ਪਰ ਉਹਨੂੰ ਝੁਕਾਇਆ ਨਾ ਜਾ ਸਕਿਆ। ਅਖੀਰ ਉਹਨੂੰ ਕੋਹ-ਕੋਹ ਕੇ ਸ਼ਹੀਦ ਕਰ ਦਿੱਤਾ। ਰੰਧਾਵੇ ਦੇ ਕਤਲ ਦੇ ਖਿਲਾਫ਼ ਪੰਜਾਬ ਦੀ ਧਰਤੀ ਤੇ ਜ਼ੋਰਦਾਰ ਸੰਗਰਾਮ ਲੜਿਆ ਗਿਆ। ਨੌਜਵਾਨਾਂ ਵਿਦਿਆਰਥੀਆਂ ਤੇ ਲੋਕਾਂ ਨੇ ਆਪਣੇ ਵਿਛੜ ਗਏ ਆਗੂ ਨੂੰ ਸ਼ਰਧਾਂਜਲੀ ਵੱਡੇ ਘਮਸਾਨੀ ਘੋਲ਼ 'ਚ ਦਿੱਤੀ।
ਪੜਾਈ 'ਚ ਬੇਹੱਦ ਹੁਸ਼ਿਆਰ ਪਿਰਥੀ ਨੇ ਯੂਨਿ: 'ਚੋਂ ਆਪਣੀ ਐਮ.ਐਸ.ਸੀ. ਦੀ ਪੜਾਈ ਹਾਲੇ ਕੁਝ ਸਮਾਂ ਪਹਿਲਾਂ ਹੀ ਖਤਮ ਕੀਤੀ ਸੀ। ਉਹਨੇ ਰੁਜ਼ਗਾਰ 'ਤੇ ਲੱਗ ਕੇ ਕਮਾਈ ਕਰਨ ਦੀ ਥਾਂ ਆਪਣੀ ਜ਼ਿੰਦਗੀ ਲੋਕ ਸੰਗਰਾਮਾਂ ਨੂੰ ਅਰਪਿਤ ਕਰਨ ਦਾ ਫੈਸਲਾ ਕਰ ਲਿਆ ਸੀ। ਉਹਦੇ ਲਈ ਜ਼ਿੰਦਗੀ ਦੇ ਅਰਥ ਆਪਣੇ ਆਪ ਤੋਂ, ਘਰ ਪਰਿਵਾਰ ਤੋਂ ਵੱਡੇ ਸਨ। ਉਹਦੇ ਲਈ ਜ਼ਿੰਦਗੀ ਦੀ ਸਾਰਥਿਕਤਾ ਸਮਾਜ 'ਚੋਂ ਹਰ ਤਰਾਂ ਦੀ ਲੁੱਟ ਜਬਰ ਖਤਮ ਕਰਕੇ, ਬਰਾਬਰੀ ਭਰਿਆ ਰਾਜ ਸਿਰਜਣ ਦੇ ਮਹਾਨ ਕਾਜ਼ 'ਚ ਹਿੱਸਾ ਪਾਈ ਦੀ ਸੀ। ਉਹਨੇ ਆਪਣੀ ਜ਼ਿੰਦਗੀ ਏਸ ਕਾਜ਼ ਨੂੰ ਸਮਰਪਿਤ ਕਰ ਦਿੱਤੀ।
ਅੱਜ ਦੇ ਦੌਰ ', ਨਵੀਆਂ ਆਰਥਿਕ ਨੀਤੀਆਂ ਦਾ ਹੱਲਾ ਸਿੱਖਿਆ ਖੇਤਰ ਦਾ ਤੇਜ਼ੀ ਨਾਲ ਨਿੱਜੀਕਰਨ ਤੇ ਵਪਾਰੀਕਰਨ ਕਰ ਰਿਹਾ ਹੈ। ਸਰਕਾਰ ਆਏ ਦਿਨ ਸਿੱਖਿਆ ਤੇ ਖਰਚ ਕਰਨ ਤੋਂ ਹੱਥ ਘੁੱਟਦੀ ਆ ਰਹੀ ਹੈ। ਫੰਡ, ਗ੍ਰਾਂਟਾ ਸੁੰਗੇੜਦੀ ਆ ਰਹੀ ਹੈ। ਸਰਕਾਰੀ ਕਾਲਜ, ਸਕੂਲ ਅਧਿਆਪਕਾਂ ਤੋਂ ਸੱਖਣੇ ਹੋ ਰਹੇ ਹਨ। ਪ੍ਰਾਈਵੇਟ ਅਧਿਆਪਕ ਰੱਖਕੇ ਕੰਮ ਚਲਾਇਆ ਜਾ ਰਿਹਾ ਹੈ, ਬੋਝ ਵਿਦਿਆਰਥੀਆਂ 'ਤੇ ਪਾਇਆ ਜਾ ਰਿਹਾ ਹੈ। ਪ੍ਰਾਈਵੇਟ ਵਿਦਿਅਕ ਸੰਸਥਾਵਾਂ ਮਨ-ਮਰਜ਼ੀ ਦੇ ਫੀਸਾਂ ਫੰਡ ਬਟੋਰ ਕੇ ਵਿਦਿਆਰਥੀਆਂ ਦੀ ਅੰਨੀ ਲੁੱਟ ਕਰ ਰਹੇ ਹਨ। ਨਿੱਤ ਨਵੇਂ ਵਪਾਰੀ-ਕਾਰੋਬਾਰੀ ਵਿਦਿਅਕ ਖੇਤਰ 'ਚ ਦਾਖ਼ਲ ਹੋ ਰਹੇ ਹਨ ਤੇ ਚੰਮ ਦੀਆਂ ਚਲਾ ਰਹੇ ਹਨ।
ਸ਼ੁਰੂ ਹੋ ਰਹੇ ਮੌਜੂਦਾ ਵਿਦਿਅਕ ਸੈਸ਼ਨ ਦੌਰਾਨ ਵੀ ਵਿਦਿਆਰਥੀ ਹਿੱਤਾਂ ਤੇ ਨਵੇਂ ਹੱਲੇ ਹੋਏ ਹਨ। ਐਸ.ਸੀ. ਵਿਦਿਆਰਥੀਆਂ ਨੂੰ ਮਿਲਦੀ ਫ਼ੀਸ ਮੁਆਫ਼ੀ ਰੱਦ ਕਰਕੇ ਪੂਰੀ ਫ਼ੀਸ ਉਗਰਾਹੁਣ ਦੇ ਫ਼ੁਰਮਾਨ ਆ ਗਏ ਹਨ ਅਤੇ ਕਾਲਜਾਂ ਨੇ ਫ਼ੀਸਾਂ ਉਗਰਾਹੁਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬੀ ਯੂਨੀਵਰਸਿਟੀ ਨੇ ਫ਼ੀਸਾਂ ਫੰਡਾਂ 'ਚ ਲਗਭਗ 1200 ਰੁ. ਦਾ ਵਾਧਾ ਕਰ ਦਿੱਤਾ ਹੈ। ਪੰਜਾਬ ਯੂਨੀਵਰਸਿਟੀ ਨੇ ਵੀ ਹਰ ਸਾਲ 10 ਫ਼ੀਸਦੀ ਵਾਧਾ ਕਰਨ ਦੀ ਨੀਤੀ ਜਾਰੀ ਰੱਖਦਿਆਂ ਫ਼ੀਸ ਵਧਾ ਦਿੱਤੀ ਹੈ। ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਨੂੰ ਦਿੱਤੀ ਜਾਂਦੀ 95 ਫ਼ੀਸਦੀ ਸਰਕਾਰੀ ਗਰਾਂਟ ਨੂੰ ਕੱਟ ਕੇ 80 ਫ਼ੀਸਦੀ ਤੱਕ ਲੈ ਆਂਦਾ ਹੈ ਤੇ ਹਰ ਸਾਲ 5 ਫ਼ੀਸਦੀ ਘਟਾਉਂਦੇ ਜਾਣ ਦਾ ਰਾਹ ਫੜਲਿਆ ਹੈ। ਇਨਾਂ ਤਾਜ਼ਾ ਫੈਸਲਿਆਂ ਦੀ ਵਿਦਿਆਰਥੀ ਵਰਗ ਤੇ ਵੱਡੀ ਮਾਰ ਪੈਣੀ ਹੈ। ਪਹਿਲਾਂ ਹੀ ਸਿੱਖਿਆ ਦੇ ਹੱਕ ਤੋਂ ਵਾਂਝੇ ਹੋ ਰਹੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਮਿਲਣਾ ਹੈ।
ਨਿਤ ਦਿਨ ਲਾਗੂ ਹੋ ਰਹੀਆਂ ਨੀਤੀਆਂ ਵਿਦਿਆਰਥੀ ਜਨਤਾ ਦੇ ਜਥੇਬੰਦ ਹੋਣ ਦੀ ਮੰਗ ਕਰਦੀਆਂ ਹਨ। ਵਿਦਿਆਰਥੀ ਜਨਤਾ ਦੇ ਜਥੇਬੰਦ ਹੋਣ ਦਾ ਮਹੱਤਵ ਪਹਿਲਾਂ ਨਾਲੋਂ ਵੀ ਵਧਦਾ ਜਾ ਰਿਹਾ ਹੈ। ਸਰਕਾਰ ਦੀਆਂ ਵਿਦਿਆਰਥੀ ਮਾਰੂ ਨੀਤੀਆਂ ਖਿਲਾਫ਼ ਸੰਘਰਸ ਕਰਨ ਲਈ ਅੱਜ ਸ਼ਹੀਦ ਰੰਧਾਵੇ ਦੀ ਅਗਵਾਈ ਹੇਠਲੀ ਵਿਦਿਆਰਥੀ ਜਥੇਬੰਦੀ ਵਰਗੀ ਜਥੇਬੰਦੀ ਉਸਾਰਨ ਦੀ ਲੋੜ ਹੈ।
ਭਾਵੇਂ ਅੱਜ ਤੋਂ 35 ਵਰੇ ਪਹਿਲਾਂ ਉਹਦੀ ਅਗਵਾਈ ਤੋਂ ਪੰਜਾਬ ਦੀ ਜਨਤਕ ਇਨਕਲਾਬੀ ਲਹਿਰ ਨੂੰ ਵਾਂਝੇ ਕੀਤਾ ਗਿਆ ਸੀ ਪਰ ਉਹਦੀਆਂ ਪਾਈਆਂ ਪੈੜਾਂ 'ਤੇ ਕਦਮ ਟਿਕਾ ਕੇ ਅੱਜ ਇਹ ਲਹਿਰ ਭਰ ਜਵਾਨ ਹੋਣ ਵੱਲ ਵਧ ਰਹੀ ਹੈ। ਸਾਡੇ ਸਾਹਮਣੇ ਅੱਜ ਹਨੇਰੇ ਰਾਹਾਂ 'ਚ ਭਟਕਦੀ ਜਵਾਨੀ ਨੂੰ ਚਾਨਣ ਦਿਖਾਉਣ ਦਾ ਵੱਡਾ ਕਾਰਜ ਹੈ। ਇਹਦੇ ਲਈ ਰੌਸ਼ਨੀ ਸਾਨੂੰ ਪ੍ਰਿਥੀਪਾਲ ਰੰਧਾਵਾ ਦੀ ਜਗਾਈ ਮਸ਼ਾਲ ਵੰਡਦੀ ਹੈ। ਇਸ ਮਸ਼ਾਲ ਦੀ ਰੌਸ਼ਨੀ 'ਚ ਹੀ ਅਸੀਂ ਮੁੜ ਪੰਜਾਬ ਅੰਦਰ ਇਨਕਲਾਬੀ ਵਿਦਿਆਰਥੀ ਲਹਿਰ ਦੀ ਉਸਾਰੀ ਲਈ ਕਦਮ ਪੁੱਟ ਸਕਦੇ ਹਾਂ। ਇਹ ਮਸ਼ਾਲ ਸਦਾ ਸਾਡੇ ਰਾਹਾਂ 'ਚ ਚਾਨਣ ਬਿਖੇਰਦੀ ਰਹੇਗੀ।  -੦-
ਮਿਤੀ – 15/07/14
ਪਾਵੇਲ ਕੁੱਸਾ (9417054015)

Friday, 19 July 2013

Tuesday, 24 July 2012

ਨੌਜਵਾਨ ਪੈਂਫਲਟ ਲੜੀ 4 'ਚੋਂ—ਇਹੋ ਜਿਹਾ ਸੀ ਸਾਡਾ ਪਿਰਥੀ


ਇਹੋ 
ਜਿਹਾ 
ਸੀ 
ਸਾਡਾ 
ਪਿਰਥੀ!

ਪੀ. ਐਸ. ਯੂ. ਦੀਆਂ ਨਜ਼ਰਾਂ 'ਚ

18 ਜੁਲਾਈ ਦੀ ਤਾਰੀਖ ਸਾਡੇ ਮਨਾਂ ਉਪਰ ਸਦਾ ਲਈ ਇਕ ਜ਼ਖਮ ਬਣ ਕੇ ਉੱਕਰੀ ਗਈ ਹੈ। 18 ਜੁਲਾਈ ਦੀ ਇਸ ਹਨ•ੇਰੀ ਰਾਤ ਨੂੰ ਹਨ•ੇਰੇ ਦੇ ਅੰਨ•ੇ ਵਣਜਾਰਿਆਂ ਨੇ, ਆਪਣਾ ਆਪ ਜਲਾ ਇਹਨਾਂ ਹਨੇ•ਰਿਆਂ ਨੂੰ ਚੀਰਦੀ ਤੇ ਚਾਨਣ ਦੀ ਲੋਅ ਵੰਡਦੀ ਇਕ ਸੂਹੀ ਲਾਟ ਨੂੰ ਸਦਾ ਲਈ ਨਿਗਲ ਲਿਆ। ਇਹ ਸੂਹੀ ਲਾਟ ਸੀ, ਸਾਡਾ ਪਿਰਥੀ। ਜਿਹੜਾ ਸਾਡੇ ਰਾਹਾਂ ਨੂੰ ਰੁਸ਼ਨਾਉਣ ਲਈ ਲਗਾਤਾਰ ਅੱਠ ਸਾਲ ਆਪਣੇ ਮਾਂ ਪਿਓ ਦੀਆਂ ਸੱਧਰਾਂ, ਆਪਣੇ ਜੁਆਨ ਵਲਵਲਿਆਂ ਤੇ ਜ਼ਿੰਦਗੀ ਦੇ ਚਾਅ ਮਲਾਰਾਂ ਨੂੰ ਖੁਸ਼ੀ ਖੁਸ਼ੀ ਇਸ ਲਾਟ ਦੀ ਭੇਂਟ ਚੜ•ਾਉਂਦਾ ਰਿਹਾ ਤੇ ਆਖਰ 18 ਜੁਲਾਈ ਦੀ ਰਾਤ ਨੂੰ ਆਪਣੀ ਚਰਬੀ ਅਤੇ ਲਹੂ ਦੀ ਆਖਰੀ ਤਿੱਪ ਵੀ ਇਸ ਲਾਟ ਨੂੰ ਸਮਰਪਿਤ ਕਰ, ਇੱਕ ਭੰਬੂਕਾ ਬਣ ਕੇ ਮੱਚਿਆ ਅਤੇ ਜਾਬਰ ਹਾਕਮਾਂ ਦੇ ਚਿਹਰੇ 'ਤੇ ਚਾੜ•ੇ ਮਖੌਟਿਆਂ ਨੂੰ ਲੂੰਹਦਾ, ਇਹਨਾਂ ਦੇ ਖੂਨੀ ਅਤੇ ਫਾਸ਼ੀ ਚਿਹਰੇ ਨੂੰ ਲੋਕਾਂ ਸਾਹਵੇਂ ਬੇਪੜਦ ਕਰ ਗਿਆ।
ਸਿਰੇ ਦਾ ਸਿਰੜੀ ਤੇ ਅਣਥਕ ਮਾਲੀ ਸੀ, ਸਾਡਾ ਪਿਰਥੀ! ਜੀਹਨੇ 70-71 ਦੇ ਚੰਦਰੇ ਮੌਸਮਾਂ ਦੀ ਪ੍ਰਵਾਹ ਨਾ ਕਰਦਿਆਂ, ਪੁਲਸੀ ਕਹਿਰ ਦੀਆਂ ਸ਼ੂਕਦੀਆਂ ਘਣਘੋਰ ਘਟਾਵਾਂ ਦੇ ਵਿਚ, ਅਣਖੀ ਸੂਰਮਿਆਂ ਦੇ ਖੂਨ ਨਾਲ ਨਿੱਤ ਦਿਨ ਰੰਗੀ ਜਾ ਰਹੀ ਪੰਜਾਬ ਦੀ ਲਹੂ ਭਿੱਜੀ ਧਰਤੀ 'ਤੇ ਪੀ. ਐਸ. ਯੂ. ਦੇ ਬੂਟੇ ਨੂੰ ਲਾਇਆ ਅਤੇ ਇਹਨੂੰ ਮੁੱਢ ਵਿੱਚ ਹੀ ਜੜੋਂ ਉਖਾੜ ਦੇਣ ਲਈ ਝੁਲਦੇ ਜਬਰ ਦੇ ਮਾਰੂ ਝੱਖੜਾਂ ਤੋਂ ਬਚਾਉਣ ਲਈ, ਇਸ ਬੂਟੇ ਦੇ ਦੁਆਲੇ ਆਪਣੇ ਵਰਗੇ ਸਿਰਲੱਥਾਂ ਦੇ ਸਿਰਾਂ ਦੀ ਵਾੜ ਕੀਤੀ।
ਵਿਦਿਆਰਥੀ ਹਿਤਾਂ ਲਈ ਮੌਤ ਨੂੰ ਟਿੱਚ ਜਾਣਦਾ ਅਜਿਹਾ ਬਹਾਦਰ ਜਰਨੈਲ ਸੀ, ਸਾਡਾ ਪਿਰਥੀ! ਜੀਹਨੇ ਲੋਕਾਂ ਨੂੰ ਬੇਗੈਰਤੇ ਬਨਾਉਣ ਲਈ ਅੰਨ•ਾ ਜ਼ਬਰ ਢਾਹ ਰਹੇ, ਹੱਕ ਸੱਚ ਲਈ ਉੱਠੀ ਹਰ ਆਵਾਜ਼ ਨੂੰ ਖੂਨ 'ਚ ਡੋਬਣ 'ਤੇ ਤੁਲੇ ਅਤੇ ਸੂਰਮਿਆਂ ਦੀ ਧਰਤੀ ਪੰਜਾਬ ਦੀ ਹਿੱਕ ਉੱਤੇ ਤਾਕਤ ਦੇ ਨਸ਼ੇ 'ਚ ਚੰਘਿਆੜ ਰਹੇ ਹਾਕਮਾਂ ਅਤੇ ਉਨ•ਾਂ ਦੇ ਪਾਲਤੂ ਪੁਲਸ ਅਫਸਰਾਂ ਦੇ ਕਹਿਰ ਨੂੰ ਟਿੱਚ ਜਾਣਦਿਆਂ ਕਾਲਜਾਂ, ਯੂਨੀਵਰਸਿਟੀਆਂ ਨੂੰ ਜੇਲ• ਖਾਨੇ ਬਣਾ, ਵਿਦਿਆਰਥੀਆਂ ਦੀ ਅਣਖ ਤੇ ਸਵੈਮਾਨ ਨੂੰ ਪੈਰਾਂ ਹੇਠ ਦਰੜ ਰਹੇ ਅਤੇ ਉਹਨਾਂ ਨੂੰ ਗੁਲਾਮਾਂ ਵਰਗੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਕਰ ਰਹੇ ਵਿਦਿਆਰਥੀ ਦੋਖੀ ਵਿੱਦਿਅਕ ਅਧਿਕਾਰੀਆਂ ਦੀਆਂ ਘੂਰੀਆਂ ਦੀ ਪ੍ਰਵਾਹ ਨਾ ਕਰਦਿਆਂ, ਰੋਹਲੀ ਗਰਜ ਨਾਲ 'ਜੈ ਸੰਘਰਸ਼' ਦਾ ਨਾਹਰਾ ਬੁਲੰਦ ਕੀਤਾ ਅਤੇ ਜਾਬਰ ਹਾਕਮਾਂ, ਭੂਸਰੇ ਪੁਲਸ ਅਧਿਕਾਰੀਆਂ ਅਤੇ ਵਿਦਿਆਰਥੀ ਦੋਖੀ ਵਿਦਿਅਕ ਅਧਿਕਾਰੀਆਂ ਦੀਆਂ ਵਧੀਕੀਆਂ, ਧੌਸਾਂ ਤੇ ਘੁਰਕੀਆਂ ਦੇ ਜੁਆਬ ਵਿਚ ਆਪਣਾ ਰੋਹ ਭਰਿਆ ਫੌਲਾਦੀ ਮੁੱਕਾ ਤਣਦਿਆਂ, ਪੀ. ਐਸ. ਯੂ. ਬਣਾਉਣ ਦਾ ਦਲੇਰਾਨਾ ਐਲਾਨ ਕੀਤਾ। ਐਲਾਨ ਹੀ ਨਹੀਂ ਕੀਤਾ। ਇਸ ਐਲਾਨ ਬਦਲੇ ਹਕੂਮਤ ਅਤੇ ਉਸ ਦੇ ਜ਼ਰਖਰੀਦ ਅਫ਼ਸਰਾਂ ਵੱਲੋਂ ਢਾਹੇ ਜਾਣ ਵਾਲੇ ਕਹਿਰ ਦੀ ਪ੍ਰਵਾਹ ਨਾ ਕਰਦਿਆਂ, ਆਪਣੀ ਜਿੰਦਗੀ ਨੂੰ ਦਾਅ ਉੱਤੇ ਲਾ, ਇਹਨੂੰ ਵਿਦਿਆਰਥੀਆਂ ਅਤੇ ਹੱਕ ਸੱਚ ਦੇ ਸੰਗਰਾਮ ਦੀ ਅਮਾਨਤ ਸਮਝ, ਬੇਖੌਫ਼ ਹੋ ਇਸ ਐਲਾਨਨਾਮੇ ਨੂੰ ਅਮਲੀ ਜਾਮਾ ਪਹਿਨਾਉਣ ਵਿਚ ਜੁਟ ਗਿਆ।
ਤੇ ਫਿਰ ਡਰ ਤੇ ਦਹਿਸ਼ਤ ਦੇ ਉਸ ਮਾਹੌਲ ਵਿਚ ਵੀ ਲਲਕਾਰ ਬਣਕੇ ਗੂੰਜਦੇ 'ਜੈ ਸੰਘਰਸ਼' ਅਤੇ 'ਪੀ. ਐਸ. ਯੂ ਜਿੰਦਾਬਾਦ' ਦੇ ਰੋਹਲੇ ਨਾਹਰਿਆਂ ਨੇ ਸਿਰ ਸਿੱਟ ਕੇ ਜਿਉਂ ਰਹੇ ਅਤੇ ਭੈ ਭੀਤ ਚਿਹਰਿਆਂ ਵਿਚ ਵੀ ਨਵੀਂ ਰੂਹ ਫੂਕ ਦਿੱਤੀ ਤੇ ਆਸ ਦੀ ਚਿਣਗ ਜਗਾ ਦਿੱਤੀ। ਉਹਨਾਂ ਵਿਚਲਾ ਮਰਦਪੁਣਾ ਤੇ ਸਵੈਮਾਨ ਵੀ ਅੰਗੜਾਈ ਲੈ ਉੱਠਿਆ। ਇੰਜ ਜਾਬਰ ਹਾਕਮਾਂ ਨਾਲ ਪਿਛਲੇ ਹਿਸਾਬ ਕਿਤਾਬ ਚੁਕਾਉਣ ਤੇ ਜਬਰ ਜ਼ੁਲਮ ਨੂੰ ਠੱਲ ਪਾਉਣ ਲਈ ਕੁਝ ਕਰਨਾ ਲੋਚਦੇ ਇਹਨਾਂ ਜਾਗੇ ਹੋਏ ਨੌਜਵਾਨਾਂ ਦਾ ਕਾਫ਼ਲਾ ਹੋਰ ਵੱਡਾ ਹੁੰਦਾ ਗਿਆ ਅਤੇ ਜਾਬਰਾਂ, ਬੁੱਚੜਾਂ ਤੇ ਵਿਦਿਆਰਥੀ ਦੋਖੀ ਵਿਦਿਅਕ ਅਧਿਕਾਰੀਆਂ ਦੀ ਹਿੱਕ ਉਤੇ ਲਹਿਰਾਉਂਦੇ, ਪੀ. ਐਸ. ਯੂ. ਦੇ ਝੰਡੇ ਦੁਆਲੇ ਜੁੜਦਾ ਗਿਆ। ਜਾਬਰਾਂ, ਬੁੱਚੜਾਂ ਤੇ ਵਿਦਿਆਰਥੀ ਦੋਖੀ ਵਿਦਿਅਕ ਅਧਿਕਾਰੀਆਂ ਦੀ ਹਿੱਕ ਉੱਤੇ ਪੀ. ਐਸ. ਯੂ. ਦੇ ਸੂਹੇ ਪਰਚਮ ਨੂੰ ਗੱਡ, ਪੁਲਸੀ ਜ਼ੁਲਮਾਂ ਅੱਗੇ ਬੇਵੱਸ ਹੋਈ ਤੇ ਕਿਸੇ ਸੇਧ ਲਈ ਤਰਸ ਰਹੀ ਪੰਜਾਬ ਦੀ ਜੁਆਨੀ ਨੂੰ ਝੰਜੋੜਨ ਵਾਲਾ ਅਤੇ ਉਹਨਾਂ ਨੂੰ ਸਹੀ ਰਾਹ ਦਿਖਾਉਣ ਵਾਲਾ ਚਿਰਾਗ਼ ਸੀ—ਸਾਡਾ ਰੰਧਾਵਾ!
. . . ਵਿਦਿਆਰਥੀ ਹਿੱਤਾਂ ਲਈ ਆਪਣਾ ਸਭ ਕੁਝ ਨਿਛਾਵਰ ਕਰ ਦੇਣ ਵਾਲਾ ਵਿਦਿਆਰਥੀਆਂ ਦਾ ਸੱਚਾ ਸੁੱਚਾ ਰਹਿਨੁਮਾ ਸੀ ਸਾਡਾ ਪਿਰਥੀ! ਪੰਜਾਬ ਦੇ ਵਿਦਿਆਰਥੀਆਂ ਦੀ ਅਣਖ ਤੇ ਸਵੈਮਾਨ ਦਾ ਜਿਉਂਦਾ ਜਾਗਦਾ ਪ੍ਰਤੀਕ ਸੀ ਸਾਡਾ ਪਿਰਥੀ। ਉਹਦੀ ਅਗਵਾਈ ਵਿੱਚ ਹੀ ਪੀ. ਐਸ. ਯੂ. ਨੇ ਵਿਦਿਆਰਥੀ ਮੰਗਾਂ ਲਈ ਦਲੇਰਾਨਾ ਸੰਘਰਸ਼ ਲੜੇ ਤੇ ਜਿੱਤੇ। ਹਰ ਤਰ•ਾਂ ਦੀ ਗੁੰਡਾਗਰਦੀ ਦਾ ਮੂੰਹ ਤੋੜ ਜੁਆਬ ਦਿੱਤਾ। ਪੁਲਸੀ ਜਬਰ ਦਾ ਬੁਥਾੜ ਭੰਨਿਆ। ਹੰਕਾਰੇ ਵਿਦਿਅਕ ਅਧਿਕਾਰੀਆਂ ਦੀਆਂ ਗੋਡਣੀਆਂ ਲੁਆਈਆਂ। ਇਸ ਸਭ ਕਾਸੇ ਕਰਕੇ ਹੀ ਅੱਜ ਅਸੀਂ ਅਣਖ ਤੇ ਸਵੈਮਾਨ ਨਾਲ ਜਿਉਣ ਦੇ ਯੋਗ ਹੋਏ ਹਾਂ। ਕਾਲਜਾਂ ਯੂਨੀਵਰਸਿਟੀਆਂ ਵਿੱਚ ਆਪਣੀ ਆਜ਼ਾਦ ਹਸਤੀ ਬਰਕਰਾਰ ਰੱਖਣ ਦੇ ਯੋਗ ਹੋਏ ਹਾਂ। ਇਸ ਸਭ ਕਾਸੇ ਕਰਕੇ ਹੀ ਅਸੀਂ ਆਪਣੇ ਵਿਦਿਆਰਥੀ ਜੀਵਨ ਨੂੰ ਚੰਗੇਰਾ ਬਣਾਉਣ ਲਈ ਬੇਅੰਤ ਰਿਆਇਤਾਂ ਅਤੇ ਖੁੱਲ•ਾਂ ਹਾਸਲ ਕਰ ਸਕੇ ਹਾਂ। ਵਿੱਦਿਅਕ ਅਧਿਕਾਰੀਆਂ ਤੇ ਪੁਲਸੀ ਅਫ਼ਸਰਾਂ ਦਾ ਦਾਬਾ ਤੇ ਤਹਿਕਾ ਤੋੜਨ 'ਚ ਸਫ਼ਲ ਹੋਏ ਹਾਂ। ਆਪਣੀ ਜਾਨ ਨਾਲੋਂ ਪਿਆਰੀ ਜੱਥੇਬੰਦੀ ਪੀ. ਐਸ. ਯੂ. ਤੇ ਇਹਦੇ ਦਿਲ ਤੇ ਦਿਮਾਗ ਪਿਰਥੀਪਾਲ ਰੰਧਾਵੇ ਦੀ ਅਗਵਾਈ 'ਚ ਅਸੀਂ ਅਣਖ ਤੇ ਸਵੈਮਾਨ ਨਾਲ ਜਿਉਣ ਦਾ ਹੱਕ ਜਿੱਤਿਆ ਹੈ ਅਤੇ ਵਿਦਿਆਰਥੀ ਲਹਿਰ ਦੇ ਇਤਿਹਾਸ 'ਚ ਅਜਿਹੀਆਂ ਸੰਗਰਾਮੀ ਤੇ ਮਿਸਾਲੀ ਰਵਾਇਤਾਂ ਪਾਈਆਂ ਹਨ ਜੋ ਹੋਰਨਾਂ ਤਬਕਿਆਂ ਲਈ ਵੀ ਰਾਹ ਦਰਸਾਵਾ ਬਣੀਆਂ ਹੋਈਆਂ ਹਨ।
ਇੰਜ ਬੇਹੱਦ ਕਸੂਤੀਆਂ ਹਾਲਤਾਂ ਵਿੱਚ ਪੀ. ਐਸ. ਯੂ. ਨੂੰ ਖੜ•ੀ ਕਰਨ ਵਾਲਾ, ਝੱਖੜ ਝੋਲਿਆਂ 'ਚ ਇਹਦੀ ਅਗਵਾਈ ਕਰਨ ਵਾਲਾ, ਸਾਨੂੰ ਅਣਖ ਤੇ ਸਵੈਮਾਨ ਨਾਲ ਜਿਉਣ ਦਾ ਹੱਕ ਦਿਵਾਉਣ ਵਾਲ, ਹੋਰਨਾਂ ਮਿਹਨਤਕਸ਼ ਤਬਕਿਆਂ ਨਾਲ ਸਾਂਝ ਦੀਆਂ ਤੰਦਾਂ ਪਕੇਰੀਆਂ ਕਰਕੇ ਸੰਗਰਾਮੀ ਏਕੇ ਤੇ ਸਾਂਝੇ ਸੰਗਰਸ਼ਾਂ ਦੀਆਂ ਨਵੀਆਂ ਪਿਰਤਾਂ ਪਾਉਣ ਵਾਲਾ, ਜਮਹੂਰੀ ਹੱਕਾਂ ਤੇ ਡਟਵਾਂ ਪਹਿਰਾ ਦੇਣ ਵਾਲਾ ਤੇ ਪੰਜਾਬ ਦੀ ਸਮੁੱਚੀ ਜਨਤਕ ਜਮਹੂਰੀ ਲਹਿਰ 'ਚ ਸੰਗਰਾਮੀ ਰਵਾਇਤਾਂ ਪਾਉਣ ਵਾਲਾ—ਗੰਭੀਰ, ਸੂਝਵਾਨ ਹੋਣਹਾਰ ਤੇ ਨਿਧੜਕ ਆਗੂ ਸੀ—ਪਿਰਥੀਪਾਲ ਰੰਧਾਵਾ।
ਪਰ ਅਜਿਹੇ ਗੁਣਾਂ ਤੇ ਵਿਲੱਖਣ ਯੋਗਤਾਵਾਂ ਕਰਕੇ ਸਾਡਾ ਮਹਿਬੂਬ ਨੇਤਾ ਬਣਿਆ, ਸਾਡੇ ਮਨਾਂ 'ਚ ਸਮਾਇਆ ਤੇ ਸਾਡੇ ਦਿਲਾਂ ਦੀਆਂ ਡੂੰਘਾਈਆਂ 'ਚ ਉਤਰਿਆ ਇਹ ਮਹਾਨ ਆਗੂ ਲੋਕ ਦੁਸ਼ਮਣ ਤਾਕਤਾਂ ਲਈ ਉਹਨਾਂ ਦੀ ਰਾਤਾਂ ਦੀ ਨੀਂਦ ਹਰਾਮ ਕਰਨ ਵਾਲਾ ਇੱਕ ਭੂਤ ਸੀ, ਉਹਨਾਂ ਦੀਆਂ ਅੱਖਾਂ 'ਚ ਰੜਕਦਾ ਇੱਕ ਰੋੜ ਸੀ, ਉਹਨਾਂ ਦੇ ਕਾਲਜੇ ਹੌਲ ਪਾਉਂਦਾ ਇੱਕ ਬੱਬਰ ਸ਼ੇਰ ਸੀ। ਜਿਸਨੂੰ ਉਹ ਕਿਸੇ ਵੀ ਹਾਲਾਤ 'ਚ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਸਨ। ਪਿਰਥੀ ਦੀ ਹੋਂਦ, ਪਿਰਥੀ ਦੀ ਸੋਚ ਉਹਨਾਂ ਲਈ ਮੌਤ ਸੀ। ਇਸ 'ਬਲਾ' ਤੋਂ ਖਹਿੜਾ ਛੁਡਾਉਣ ਲਈ ਜਦੋਂ ਉਹਨਾਂ ਦੇ ਜਬਰ ਤਸ਼ੱਦਦ ਤੇ ਫ਼ਰੇਬੀ ਚਾਲਾਂ ਦੇ ਯਤਨ ਨਾਕਾਮ ਹੋ ਗਏ ਤਾਂ ਆਖ਼ਰ ਉਹਨਾਂ ਅੰਨ•ੀ ਨਫ਼ਰਤ ਨਾਲ ਕਰਿਝਦਿਆਂ ਆਪਣੇ ਪਾਲਤੂ ਗੁੰਡਿਆਂ ਰਾਹੀਂ, ਇਸ ਗੜ•ਕਦੀ ਆਵਾਜ਼ ਨੂੰ ਸਦਾ ਲਈ ਖਾਮੋਸ਼ ਕਰਨ ਲਈ ਖੂਨੀ ਕਾਰਾ ਕਰ ਵਿਖਾਇਆ ਹੈ। ਲੋਕਾਂ ਦੇ ਇਸ ਜਾਏ ਨੂੰ ਜਿਸ ਤਰ•ਾਂ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ ਹੈ ਇਸ ਤੋਂ ਇਸ ਆਗੂ ਪ੍ਰਤੀ ਤੇ ਇਸ ਰਾਹ ਤੇ ਤੁਰਦੇ ਹੋਰਨਾਂ ਜੁਝਾਰੂ ਲੋਕਾਂ ਪ੍ਰਤੀ ਲੋਕ ਦੁਸ਼ਮਣ ਤਾਕਤਾਂ ਦੀ ਅੰਨ•ੀ ਨਫ਼ਰਤ ਤੇ ਵਿਹੁ ਸਾਫ਼ ਝਲਕਦੀ ਹੈ। ਲੋਕ ਦੁਸ਼ਮਣ ਤਾਕਤਾਂ ਨਾਲ ਬੇਖੌਫ਼ ਹੋ ਕੇ ਭਿੜਦਾ ਆਖਰ ਪੀ. ਐਸ. ਯੂ. ਦੇ ਸੂਹੇ ਪ੍ਰਚਮ ਨੂੰ ਆਪਣੇ ਗਾੜ•ੇ ਖੂਨ ਸੰਗ ਹੋਰ ਗੂੜ•ਾ ਕਰ ਗਿਆ—ਅਮਰ ਸ਼ਹੀਦ ਹੈ ਪਿਰਥੀ! . . . 
ਪਿਰਥੀ ਦੀ ਸ਼ਹਾਦਤ ਮੌਕੇ ਅਗਸਤ 1979 ਦੇ
''ਜੈ ਸੰਘਰਸ਼'' ਦੇ ਵਿਸ਼ੇਸ਼ ਅੰਕ 'ਚ ਛਪੀ ਲੰਬੀ ਲਿਖ਼ਤ 'ਚੋਂ

Tuesday, 24 January 2012

ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ):ਪਗੜੀ ਸੰਭਾਲ ਕਾਨਫਰੰਸ ਸਬੰਧੀ ਵਿਦਿਆਰਥੀਆਂ ਵੱਲੋਂ ਰੈਲੀ

ਪਗੜੀ ਸੰਭਾਲ ਕਾਨਫਰੰਸ ਸਬੰਧੀ ਵਿਦਿਆਰਥੀਆਂ ਵੱਲੋਂ ਰੈਲੀ
Posted On January - 24 – 2012                               ਖੇਤਰੀ ਪ੍ਰਤੀਨਿੱਧ, ਬਠਿੰਡਾ, 23 ਜਨਵਰੀ
ਬਰਨਾਲਾ ਵਿਖੇ 27 ਜਨਵਰੀ ਨੂੰ ਸੰਘਰਸ਼ਸ਼ੀਲ ਲੋਕਾਂ ਵੱਲੋਂ ਕੀਤੀ ਜਾਣ ਵਾਲੀ ਪਗੜੀ ਸੰਭਾਲ ਕਾਨਫਰੰਸ ਨੂੰ ਭਰਪੂਰ ਹੁੰਗਾਰਾ ਦੇਣ ਲਈ ਅੱਜ ਬਠਿੰਡਾ ਦੇ ਸਰਕਾਰੀ ਰਾਜਿੰਦਰਾ ਕਾਲਜ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਵੀ ਇੱਕ ਵਿਦਿਆਰਥੀ ਰੈਲੀ ਕੀਤੀ ਗਈ।
ਕਾਲਜ ਦੇ ਬਲਵੰਤ ਗਾਰਗੀ ਥੀਏਟਰ ਵਿੱਚ ਹੋਈ ਇਸ ਰੈਲੀ ਨੂੰ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਸੁਮੀਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਅਤੇ ਨੌਜੁਆਨਾਂ ਲਈ ਮੁੱਖ ਮੁੱਦੇ ਸਸਤੀ ਸਿੱਖਿਆ ਅਤੇ ਪੱਕਾ ਰੁਜ਼ਗਾਰ ਹੈ ਪਰੰਤੂ ਕੋਈ ਵੀ ਸਿਆਸੀ ਪਾਰਟੀ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਵਾਲੀ ਨਹੀਂ ਹੈ। ਸਾਰੀਆਂ ਪਾਰਟੀਆਂ ਹੀ ਨਵੀਆਂ ਆਰਥਿਕ ਨੀਤੀਆਂ ਨੂੰ ਲਾਗੂ ਕਰਨ ਲਈ ਇਕਮੱਤ ਹਨ। ਇਨ੍ਹਾਂ ਨਵੀਆਂ ਨੀਤੀਆਂ ਤਹਿਤ ਸਿੱਖਿਆ ਨੂੰ ਪ੍ਰਾਈਵੇਟ ਧਨਾਢਾਂ ਦੇ ਮੁਨਾਫੇ ਦਾ ਸਾਧਨ ਬਣਾਇਆ ਜਾ ਰਿਹਾ ਹੈ। ਸਰਕਾਰੀ ਸਕੂਲਾਂ, ਕਾਲਜਾਂ ਵਿੱਚ ਗ੍ਰਾਂਟਾਂ ਜਾਮ ਹਨ ਅਤੇ ਇਨ੍ਹਾਂ ਦਾ ਸਹੂਲਤਾਂ ਪੱਖੋਂ ਮੰਦਾ ਹਾਲ ਹੈ। ਉਨ੍ਹਾਂ ਇਹ ਵੀ ਆਖਿਆ ਕਿ ਪ੍ਰਾਈਵੇਟ ਸਕੂਲ ਕਾਲਜ ਖੁੰਭਾਂ ਵਾਂਗੂ ਉਗ ਰਹੇ ਹਨ ਅਤੇ ਫੀਸਾਂ ਅਸਮਾਨੀ ਚੜ੍ਹ ਗਈਆਂ ਹਨ। ਮਹਿੰਗੀਆਂ ਪੜ੍ਹਾਈਆਂ ਕਰ ਕੇ ਵੀ ਪੱਕਾ ਰੁਜ਼ਗਾਰ ਨਹੀਂ ਮਿਲਣਾ। ਠੇਕੇ ’ਤੇ ਨਿਗੂਣਾ ਰੁਜ਼ਗਾਰ ਲੱਖਾਂ, ਬੇਰੁਜ਼ਗਾਰਾਂ ਦੀ ਲੋੜ ਪੂਰੀ ਨਹੀਂ ਕਰਦਾ। 
ਇਸ ਲਈ ਨੌਜੁਆਨਾਂ ਸਾਹਮਣੇ ਭਾਰੀ ਨਿਰਾਸ਼ਾ ਦਾ ਆਲਮ ਹੈ। ਉਹ ਵਿਦੇਸ਼ਾਂ ਵਿੱਚ ਜਾਣ ਲਈ ਅਤੇ ਉਥੇ ਨੌਕਰੀਆਂ ਲੱਭਣ ਖਾਤਰ ਧੱਕੇ ਖਾਣ ਲਈ ਮਜ਼ਬੂਰ ਹਨ। ਨੌਜਆਨਾਂ ਦਾ ਇੱਕ ਹਿੱਸਾ ਨਸ਼ਿਆਂ ਦੀ ਦਲਦਲ ਵਿੱਚ ਗੜੁੱਚ ਹੋ ਚੁਕਿਆ ਹੈ। ਰੈਲੀ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਵੋਟ ਬਟੋਰੂ ਪਾਰਟੀਆਂ ਵੱਲੋਂ ਪੈਸਿਆਂ ਅਤੇ ਨਸ਼ਿਆਂ ਦੇ ਜਾਲ ਤੋਂ ਬਾਹਰ ਨਿਕਲਣ ਅਤੇ ਉਨ੍ਹਾਂ ਦੀਆਂ ਗੱਡੀਆਂ ਵਿੱਚ ਚੜ੍ਹ ਕੇ ਸਾਧਨ ਬਨਣ ਦੀ ਬਜਾਏ ਆਪਣੀ ਏਕਤਾ ਅਤੇ ਜਥੇਬੰਦੀ ਕਾਇਮ ਕਰਦੇ ਹੋਏ ਸੰਘਰਸ਼ਾਂ ਦੇ ਰਾਹ ’ਤੇ ਅੱਗੇ ਵਧਣ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਜਥੇਬੰਦੀ ਦੇ ਕਾਲਜ ਕਮੇਟੀ ਪ੍ਰਧਾਨ ਸੰਦੀਪ ਚੱਕ, ਸਕੱਤਰ ਗੁਰਮੀਤ ਕੋਟਗੁਰੂ, ਗੁਰਪ੍ਰੀਤ ਚੱਕ, ਭੁਪਿੰਦਰ ਚੱਕ, ਕਮਲ ਡੱਬਵਾਲੀ, ਗੁਰਦੀਪ ਝੁੰਬਾ ਅਤੇ ਸੁਖਪ੍ਰੀਤ ਕੋਠਾ ਗੁਰੂ ਸਮੇਤ ਸਾਰੇ ਆਗੂ ਤੇ ਮੈਂਬਰ ਮੌਜੂਦ ਸਨ।