Showing posts with label pagri sambhal conference. Show all posts
Showing posts with label pagri sambhal conference. Show all posts

Saturday, 25 February 2012

ਪਗੜੀ ਸੰਭਾਲ ਮੁਹਿੰਮ ਦੌਰਾਨ ਨੌਜਵਾਨ ਭਾਰਤ ਸਭਾ ਦੀ ਸਰਗਰਮੀ


ਮੁਹਿੰਮ ਦਾ ਸੁਨੇਹਾ ਨੌਜਵਾਨਾਂ ਤੱਕ ਪਹੁੰਚਾਇਆ
       ਪਗੜੀ ਸੰਭਾਲ ਮੁਹਿੰਮ ਤੇ ਕਾਨਫਰੰਸ ਦਾ ਸੱਦਾ ਨੌਜਵਾਨਾਂ 'ਚ ਲੈ ਕੇ ਜਾਣ ਲਈ ਨੌਜਵਾਨ ਭਾਰਤ ਸਭਾ ਤੇ ਪੀ.ਐਸ.ਯੂ (ਸ਼ਹੀਦ ਰੰਧਾਵਾ) ਵੱਲੋਂ ਵਿਸ਼ੇਸ਼ ਮੁਹਿੰਮ ਜੱਥੇਬੰਦ ਕੀਤੀ ਗਈ। ਪਿੰਡਾਂ 'ਚ ਵੱਖਰੇ ਤੌਰ 'ਤੇ ਨੌਜਵਾਨਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਜਿਹਨਾਂ 'ਚ ਨੌਜਵਾਨਾਂ ਦੀ ਅਜੋਕੀ ਹਾਲਤ ਤੇ ਚੋਣਾਂ ਨਾਲ ਇਹਦੇ ਸੰਬੰਧ ਬਾਰੇ ਚਰਚਾ ਕੀਤੀ ਗਈ। ਸਿੱਖਿਆ ਤੇ ਰੁਜ਼ਗਾਰ ਦੇ ਹੱਕ ਦੀ ਪ੍ਰਾਪਤੀ ਲਈ ਸੰਘਰਸ਼ਾਂ 'ਤੇ ਟੇਕ ਰੱਖਣ ਦਾ ਸੱਦਾ ਦਿੱਤਾ ਗਿਆ। 10 ਹਜ਼ਾਰ ਦੀ ਗਿਣਤੀ 'ਚ ਹੱਥ-ਪਰਚਾ ਨੌਜਵਾਨਾਂ ਵਿਦਿਆਰਥੀਆਂ 'ਚ ਵੰਡਿਆ ਗਿਆ। ਵੱਖ ਵੱਖ ਖੇਤਰਾਂ ਦੇ ਪਿੰਡਾਂ 'ਚ ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ ਮੀਟਿੰਗਾਂ ਤੋਂ ਬਾਅਦ ਮੁਹਿੰਮ ਦਾ ਸੁਨੇਹਾ ਆਮ ਲੋਕਾਂ ਤੱਕ ਵੀ ਪਹੁੰਚਾਇਆ ਗਿਆ। ਸਭਨਾਂ ਪਿੰਡਾਂ 'ਚ ਨੌਜਵਾਨਾਂ ਨੇ ਕਮੇਟੀ ਦਾ ਲੀਫ਼ਲੈੱਟ ਘਰ ਘਰ ਪਹੁੰਚਾਇਆ। ਸੰਗਤ ਬਲਾਕ ਦੇ ਪਿੰਡਾਂ 'ਚ ਝੰਡਾ ਮਾਰਚ ਰਾਹੀਂ ਲੋਕਾਂ ਨੂੰ ਸੰਬੋਧਤ ਹੋਇਆ ਗਿਆ। ਮਾਰਚ ਦੌਰਾਨ ਛੇ ਪਿੰਡਾਂ 'ਚ ਰੈਲੀਆਂ ਰਾਹੀਂ ਸੈਂਕੜੇ ਲੋਕਾਂ ਤੱਕ ਆਪਣਾ ਸੱਦਾ ਪਹੁੰਚਾਇਆ ਗਿਆ। ਨਿਹਾਲ ਸਿੰਘ ਵਾਲਾ ਖੇਤਰ 'ਚ ਕਿਸਾਨਾਂ ਮਜ਼ਦੂਰਾਂ ਨਾਲ ਰਲ਼ ਕੇ ਮਾਰਚ ਕੀਤਾ ਗਿਆ। ਜਿਹਦੇ 'ਚ ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ ਹੋਈ। ਸੁਨਾਮ ਇਲਾਕੇ ਦੇ ਛਾਜਲੀ ਅਤੇ ਆਸ-ਪਾਸ ਦੇ ਪਿੰਡਾਂ ਦੀ ਭਰਵੀਂ ਵਿਸਥਾਰੀ ਮੀਟਿੰਗ ਛਾਜਲੀ ਪਿੰਡ 'ਚ ਹੋਈ ਜਿਸ ਵਿੱਚ ਲਗਭਗ 50 ਨੌਜਵਾਨ ਸ਼ਾਮਲ ਹੋਏ। ਬਠਿੰਡਾ ਦੇ ਰਜਿੰਦਰਾ ਕਾਲਜ 'ਚ ਵਿਦਿਆਰਥੀਆਂ ਦੀ ਭਰਵੀਂ ਰੈਲੀ ਹੋਈ। ਕਈ ਖੇਤਰਾਂ 'ਚ ਮੁਹਿੰਮ ਦੇ ਪੋਸਟਰ ਲਾਉਣ ਦੀ ਜੁੰਮੇਵਾਰੀ ਨੌਜਵਾਨਾਂ ਵੱਲੋਂ ਨਿਭਾਈ ਗਈ।
       ਮੁਹਿੰਮ ਦੌਰਾਨ ਨੌਜਵਾਨਾਂ ਵੱਲੋਂ ਫੰਡ ਵਾਸਤੇ ਲੋਕਾਂ ਤੱਕ ਕੀਤੀ ਪਹੁੰਚ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ। ਬਠਿੰਡੇ ਜਿਲ•ੇ ਦੇ ਭਗਤਾ ਕਸਬੇ ਦੇ ਬਾਜ਼ਾਰਾਂ 'ਚੋਂ ਨੌਜਵਾਨਾਂ ਦੀ ਟੀਮ ਨੇ ਫੰਡ ਇਕੱਤਰ ਕੀਤਾ। ਏਸੇ ਦੌਰਾਨ ਡੱਬਵਾਲੀ ਕੋਲ ਕਿਲਿਆਂਵਾਲੀ ਪਿੰਡ 'ਚ ਵੀ ਨੌਜਵਾਨਾਂ ਵੱਲੋਂ ਫੰਡ ਇਕੱਠਾ ਕੀਤਾ ਗਿਆ ਹੈ। ਚੱਕ ਫਤਹਿ ਸਿੰਘ ਵਾਲਾ (ਬਠਿੰਡਾ) ਪਿੰਡ ਦੀਆਂ ਨੌਜਵਾਨ ਕੁੜੀਆਂ ਦੀ ਮੀਟਿੰਗ ਤੋਂ ਬਾਅਦ ਕੁੜੀਆਂ ਨੇ ਸਮਾਗਮ ਲਈ ਪਿੰਡ 'ਚੋਂ ਫੰਡ ਇਕੱਠਾ ਕੀਤਾ।
ਕੋਠਾ ਗੁਰੂ ਪਿੰਡ 'ਚ ਨੌਜਵਾਨਾਂ ਵੱਲੋਂ ਲਿਖੇ ਕੰਧ ਨਾਅਰੇ ਖਿੱਚ ਦਾ ਕੇਂਦਰ ਰਹੇ। 
ਕਾਨਫਰੰਸ 'ਚ ਸਭਾ ਦੇ ਸਭਨਾਂ ਖੇਤਰਾਂ 'ਚੋਂ ਨੌਜਵਾਨ ਆਪ ਵੀ ਸ਼ਾਮਲ ਹੋਏ ਤੇ ਕਈ ਥਾਵਾਂ ਤੋਂ ਪਿੰਡਾਂ ਦੇ ਲੋਕਾਂ ਨੂੰ ਵੀ ਕਾਨਫਰੰਸ 'ਚ ਸ਼ਾਮਲ ਕਰਵਾਇਆ ਗਿਆ। ਕਾਨਫਰੰਸ ਦੌਰਾਨ ਵੱਖ ਵੱਖ ਕੰਮਾਂ ਦੀਆਂ ਜੰਮੇਵਾਰੀਆਂ ਸਭਾ ਦੇ ਵਲੰਟੀਅਰਾਂ ਨੇ ਨਿਭਾਈਆਂ।
ਪਿੰਡ ਕੋਠਾਗੁਰੂ 'ਚ ਚੋਣ ਕਮਿਸ਼ਨ ਦੀ ਟੀਮ ਦਾ ਘਿਰਾਓ
ਪੰਜਾਬ ਅੰਦਰ ਚੱਲ ਰਹੀ ਪਗੜੀ ਸੰਭਾਲ ਮੁਹਿੰਮ ਦੀ ਤਿਆਰੀ ਤਹਿਤ ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਕੋਠਾਗੁਰੂ 'ਚ ਕੰਧ ਨਾਅਰੇ ਲਿਖੇ ਗਏ ਸਨ। ਏਸੇ ਦੌਰਾਨ 20 ਜਨਵਰੀ ਨੂੰ ਚੋਣ ਕਮਿਸ਼ਨ ਦੀ ਇੱਕ ਟੀਮ ਜਿਸ ਦੀ ਅਗਵਾਈ ਇਲਾਕੇ ਦਾ ਬਲਾਕ ਵਿਕਾਸ ਅਫ਼ਸਰ (ਬੀ.ਡੀ.ਓ.) ਕਰ ਰਿਹਾ ਸੀ ਨੇ ਪਿੰਡ ਵਿੱਚ ਆ ਕੇ ਸਭਾ ਵੱਲੋਂ ਲਿਖੇ ਨਾਅਰਿਆਂ 'ਤੇ ਕਾਲਾ ਰੰਗ ਫੇਰਨਾ ਅਤੇ ਮੁਹਿੰਮ ਦੇ ਪੋਸਟਰਾਂ ਨੂੰ ਉਤਾਰਨਾ ਸ਼ੁਰੂ ਕਰ ਦਿੱਤਾ। ਜਦੋਂ ਇਸ ਦਾ ਪਤਾ ਪਿੰਡ 'ਚ ਪੋਸਟਰ ਲਗਾ ਰਹੀ ਨੌਜਵਾਨ ਭਾਰਤ ਸਭਾ ਤੇ ਬੀ.ਕੇ.ਯੂ. ਉਗਰਾਹਾਂ ਦੀ ਟੀਮ ਨੂੰ ਲੱਗਿਆ ਤਾਂ ਉਹਨਾਂ ਤੁਰੰਤ ਉੱਥੇ ਪਹੁੰਚ ਕੇ ਅਧਿਕਾਰੀਆਂ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ। ਪਰ ਬੀ.ਡੀ.ਓ. ਨੇ ਉੱਪਰੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਕਹਿ ਕੇ ਨਾਅਰੇ ਮਿਟਾਉਣੇ ਜਾਰੀ ਰੱਖੇ। ਪੋਸਟਰ ਤੇ ਨਾਅਰੇ ਕਿਸੇ ਵੀ ਵੋਟਾਂ ਵਾਲੀ ਸਿਆਸੀ ਪਾਰਟੀ ਜਾਂ ਚੋਣ ਪ੍ਰਚਾਰ ਨਾਲ ਸਬੰਧਤ ਨਾ ਹੋਣ ਦੀਆਂ ਦਿੱਤੀਆਂ ਦਲੀਲਾਂ ਦੀ ਵੀ ਪਰਵਾਹ ਨਾ ਕੀਤੀ ਤਾਂ ਮੌਕੇ 'ਤੇ ਇਕੱਤਰ 40-50 ਨੌਜਵਾਨਾਂ ਤੇ ਪਿੰਡ ਵਾਸੀਆਂ ਨੇ ਟੀਮ ਦਾ ਘਿਰਾਓ ਕਰ ਲਿਆ। ਲਗਭਗ 25-30 ਮਿੰਟ ਦੇ ਘਿਰਾਓ ਤੋਂ ਬਾਅਦ ਬੀ.ਡੀ.ਓ. ਨੇ ਆਪਣੀ ਗਲਤੀ ਮੰਨਦਿਆਂ ਇਕੱਤਰ ਇਕੱਠ ਕੋਲੋਂ ਆਪਣੀ ਧੱਕੜ ਕਾਰਵਾਈ ਲਈ ਮੁਆਫ਼ੀ ਮੰਗੀ ਤੇ ਅੱਗੇ ਤੋਂ ਅਜਿਹੀ ਕੋਈ ਵੀ ਕਾਰਵਾਈ ਨਾ ਕਰਨ ਦਾ ਭਰੋਸਾ ਦਿੱਤਾ। ਇਸ ਉਪਰੰਤ ਹੀ ਨੌਜਵਾਨਾਂ ਤੇ ਪਿੰਡ ਵਾਸੀਆਂ ਨੇ ਉਹਨਾਂ ਦਾ ਘਿਰਾਓ ਛੱਡਿਆ ਤੇ ਨਾਅਰੇ ਫਿਰ ਤੋਂ ਲਿਖ ਦਿੱਤੇ ਗਏ।

Saturday, 28 January 2012

ਪਗੜੀ ਸੰਭਾਲ ਸੂਬਾਈ ਕਾਨਫਰੰਸ ਨੇ ਦਿੱਤਾ ਲੋਕ ਸੰਗਰਾਮਾਂ ਦਾ ਹੋਕਾ


ਪਗੜੀ ਸੰਭਾਲ ਸੂਬਾਈ ਕਾਨਫਰੰਸ ਨੇ ਦਿੱਤਾ
ਚੋਣਾਂ ਤੋਂ ਭਲੇ ਦੀ ਝਾਕ ਛੱਡ ਕੇ ਲੋਕ ਸੰਗਰਾਮਾਂ ਦਾ ਹੋਕਾ

ਬਰਨਾਲਾ, 27 ਜਨਵਰੀ – (                         ) - ਪੰਜਾਬ ਭਰ ਦੇ ਸਨਅਤੀ ਕਾਮਿਆਂ, ਖੇਤ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ, ਨੌਜਵਾਨਾਂ, ਔਰਤਾਂ ਅਤੇ ਇਨਕਲਾਬੀ ਜਮਹੂਰੀ ਸੰਘਰਸ਼ ਅਖਾੜਿਆਂ ਦੀਆਂ ਜਾਣੀਆਂ-ਪਹਿਚਾਣੀਆਂ ਸਖਸ਼ੀਅਤਾਂ ਅਤੇ ਲੋਕ-ਪ੍ਰਤੀਨਿਧਾਂ 'ਤੇ ਅਧਾਰਤ ਪਗੜੀ ਸੰਭਾਲ ਮੁਹਿੰਮ ਕਮੇਟੀ ਪੰਜਾਬ ਵੱਲੋਂ ਅੱਜ ਸਥਾਨਕ ਦਾਣਾ ਮੰਡੀ 'ਚ ਵਿਸ਼ਾਲ ਪਗੜੀ ਸੰਭਾਲ ਸੂਬਾਈ ਕਾਨਫਰੰਸ ਕਰਕੇ ਵੋਟਾਂ ਰਾਹੀਂ ਕਿਸੇ ਵੀ ਅਦਲਾ-ਬਦਲੀ ਜਾਂ ਚੁਣੀ ਜਾਣ ਵਾਲੀ ਸਰਕਾਰ ਤੋਂ ਆਪਣੇ ਭਲੇ ਦੀ ਝਾਕ ਛੱਡਕੇ, ਚੋਣ-ਪਰਪੰਚ ਦੇ ਬਦਲ 'ਚ ਆਪਣੀਆਂ ਲੋਕ-ਜੱਥੇਬੰਦੀਆਂ ਅਤੇ ਲੋਕ ਸੰਗਰਾਮ ਦੇ ਰਾਹ ਉੱਪਰ ਹੀ ਟੇਕ ਰੱਖਣ, ਆਪਣੀ ਤਕਦੀਰ ਆਪ ਘੜਨ, ਆਪਣੇ ਸਵੈਮਾਣ ਅਤੇ ਲੋਕ-ਪੁੱਗਤ ਵਾਲੇ ਨਿਜ਼ਾਮ ਦਾ ਮੁੱਖੜਾ ਚੁੰਮਣ ਲਈ ਜੋਕ ਧੜਿਆਂ ਦੀ ਬਜਾਏ ਮਿਹਨਤਕਸ਼ਾਂ ਦਾ ਲੋਕ-ਧੜਾ ਮਜ਼ਬੂਤ ਕਰਨ ਦਾ ਜੋਰਦਾਰ ਸੱਦਾ ਦਿੱਤਾ।
       ਪੰਜਾਬ ਦੇ ਕੋਨੇ ਕੋਨੇ ਤੋਂ ਆਏ ਲੋਕਾਂ ਦਾ ਹੜ• ਅਤੇ ਜੋਸ਼ ਦੇਖਿਆਂ ਹੀ ਬਣਦਾ ਸੀ ਜਿਹੜੇ ''ਚੋਣਾਂ ਤੋਂ ਭਲੇ ਦੀ ਝਾਕ ਛੱਡ ਦਿਓ-ਸੰਘਰਸ਼ਾਂ ਦੇ ਝੰਡੇ ਗੱਡ ਦਿਓ'', ''ਵਾਅਦੇ ਕਰਦੇ ਲੋਕਾਂ ਨਾਲ-ਵਫ਼ਾ ਨਿਭਾਉਂਦੇ ਜੋਕਾਂ ਨਾਲ'', ''ਮੁਕਤੀ ਹੋਣੀ ਏਕੇ ਨਾਲ-ਉੱਠ ਵੇ ਲੋਕਾ ਪੱਗ ਸੰਭਾਲ'', ''ਨਵੇਂ ਹਾਕਮ ਵੀ ਲੁੱਟਣਗੇ 'ਤੇ ਕੁੱਟਣਗੇ-ਘੋਲ ਲੋਕਾਂ ਦੇ ਨਾ ਰੁਕਣਗੇ'' ਆਦਿ ਆਕਾਸ਼ ਗੁੰਜਾਊ ਨਾਅਰੇ ਲਾਉਂਦੇ ਹੋਏ ਆਪਣੀ ਸੋਚ, ਸਮਝ, ਅਮਲ ਅਤੇ ਭਵਿੱਖ 'ਚ ਜਾਨ-ਹੂਲਵੇਂ ਸੰਘਰਸ਼ਾਂ ਦੀ ਤਿਆਰੀ 'ਚ ਲੱਕ ਬੰਨ• ਕੇ ਜੁਟੇ ਰਹਿਣ ਦਾ ਡੁੱਲ• ਡੁੱਲ• ਪੈਂਦਾ ਪ੍ਰਭਾਵ ਦੇ ਰਹੇ ਸਨ।
       ਇਹ ਕਾਫ਼ਲੇ ਪਿਛਲੇ ਤਿੰਨ ਹਫ਼ਤਿਆਂ ਤੋਂ ਕੋਈ 500 ਪਿੰਡਾਂ ਤੋਂ ਇਲਾਵਾ ਮਜ਼ਦੂਰ ਬਸਤੀਆਂ, ਦਫ਼ਤਰਾਂ ਅਤੇ ਵਿੱਦਿਅਕ ਅਦਾਰਿਆਂ ਤੱਕ ਝੰਡਾ ਮਾਰਚ, ਰੈਲੀਆਂ, ਜਾਗੋਆਂ, ਪ੍ਰਭਾਤ ਫੇਰੀਆਂ ਕੱਢਦੇ, ਸੱਭਿਆਚਾਰਕ ਕਲਾ-ਵੰਨਗੀਆਂ ਅਤੇ ਤਕਰੀਰਾਂ ਰਾਹੀਂ ਅਜਿਹਾ ਸੁਨੇਹਾ ਵੰਡਦੇ ਹੋਏ ਅੱਜ ਸਥਾਨਕ ਦਾਣਾ ਮੰਡੀ 'ਚ ਸੂਬਾਈ ਕਾਨਫਰੰਸ 'ਚ ਜੁੜੇ ਸਨ।
       ਪਗੜੀ ਸੰਭਾਲ ਮੁਹਿੰਮ ਕਮੇਟੀ ਮੈਂਬਰਾਂ ਹਰਮੇਸ਼ ਮਾਲੜੀ, ਹਰਜਿੰਦਰ ਸਿੰਘ, ਦਰਸ਼ਨ ਸਿੰਘ ਕੂਹਲੀ, ਐਡਵੋਕੇਟ ਐਨ. ਕੇ. ਜੀਤ, ਪੁਸ਼ਪ ਲਤਾ, ਕਰੋੜਾ ਸਿੰਘ, ਯਸ਼ਪਾਲ. ਜੁਗਿੰਦਰ ਆਜ਼ਾਦ, ਮਲਾਗਰ ਸਿੰਘ ਖਮਾਣੋਂ ਅਤੇ ਅਮੋਲਕ ਸਿੰਘ ਦੀ ਪ੍ਰਧਾਨਗੀ ਅਤੇ ਪਾਵੇਲ ਕੁੱਸਾ ਦੀ ਮੰਚ ਸੰਚਾਲਨਾ 'ਚ ਹੋਈ ਪਗੜੀ ਸੰਭਾਲ ਸੂਬਾਈ ਕਾਨਫਰੰਸ ਨੂੰ ਮੁੱਖ ਬੁਲਾਰਿਆਂ ਵਜੋਂ ਕਮੇਟੀ ਦੇ ਸੂਬਾਈ ਆਗੂ ਗੁਰਦਿਆਲ ਸਿੰਘ ਭੰਗਲ, ਕਮੇਟੀ ਦੇ ਕਨਵੀਨਰ ਲਛਮਣ ਸਿੰਘ ਸੇਵੇਵਾਲਾ ਅਤੇ ਸੂਬਾਈ ਆਗੂ ਝੰਡਾ ਸਿੰਘ ਜੇਠੂਕੇ ਤੋਂ ਇਲਾਵਾ ਕੰਵਲਪ੍ਰੀਤ ਸਿੰਘ ਪੰਨੂੰ, ਜਗਸੀਰ ਸਿੰਘ ਸਹੋਤਾ, ਗੁਰਬਚਨ ਸਿੰਘ ਚੱਬਾ ਅਤੇ ਰਜਿੰਦਰ ਸਿੰਘ ਨੇ ਸੰਬੋਧਨ ਕੀਤਾ।
       ਬੁਲਾਰਿਆਂ ਨੇ ਕਿਹਾ ਕਿ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਉੱਪਰ ਇੱਕ ਦੂਜੇ ਤੋਂ ਅੱਗੇ ਹੋ ਕੇ ਫੁੱਲ ਚੜ•ਾਉਂਦੇ ਵੰਨ-ਸੁਵੰਨੇ ਹਾਕਮ ਧੜੇ ਵਿਸ਼ਵੀਕਰਨ, ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਦੀ ਲੋਕਾਂ ਉੱਪਰ ਆਰੀ ਚਲਾਉਣ ਲਈ ਇੱਕ ਸੁਰ ਹਨ। ਰਾਜ ਭਾਗ ਦੀ ਤਾਕਤ ਅਤੇ ਖਜ਼ਾਨੇ ਵੰਡਣ 'ਤੇ ਹੀ ਕੁੱਕੜ ਖੋਹੀ ਦੀ ਰਿਹਰਸਲ ਹੋ ਰਹੀ ਹੈ ਏਸੇ ਕਰਕੇ ਇਸ ਵਾਰ ਸੀਟਾਂ ਦੀਆਂ ਟਿਕਟਾਂ ਦੇ ਸੂਚਕ ਅੰਕ ਦਾ ਪਾਰਾ ਵੀ ਚੜਿ•ਆ ਹੈ। ਇਹਨਾਂ ਦੀਆਂ ਨੀਤੀਆਂ ਦੇ ਨਤੀਜੇ ਵਜੋਂ ਜੋਕਾਂ ਦਾ ਵਿਕਾਸ ਅਤੇ ਲੋਕਾਂ ਦਾ ਵਿਨਾਸ਼ ਹੀ ਹੋਵੇਗਾ।
       ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਅਸੰਬਲੀ ਲੋਕ ਹਿੱਤਾਂ ਦੀ ਰਾਖੀ ਦਾ ਮੰਚ ਹੈ ਹੀ ਨਹੀਂ। ਕਰਜ਼ਿਆਂ, ਖੁਦਕੁਸ਼ੀਆਂ, ਜ਼ਮੀਨਾਂ ਦੀ ਰਾਖੀ, ਰੁਜ਼ਗਾਰ ਲਈ ਜੱਦੋਜਹਿਦ, ਬਿਜਲੀ, ਪਾਣੀ, ਸਿੱਖਿਆ, ਸਿਹਤ, ਜੰਗਲ, ਜਲ, ਕੁਦਰਤੀ ਸਰੋਤਾਂ ਆਦਿ ਅਨੇਕਾਂ ਲੋਕ ਮੁੱਦਿਆਂ 'ਤੇ ਲੋਕਾਂ ਦੀ ਬਾਂਹ ਫੜਨ ਅਤੇ ਸਿਰ ਵਾਰਨ ਲਈ ਲੋਕਾਂ ਦੀਆਂ ਅਸਲ ਪ੍ਰਤੀਨਿਧ ਜੱਥੇਬੰਦੀਆਂ ਅਤੇ ਲੋਕਾਂ ਦੇ ਹਿਤੈਸ਼ੀ ਜੁਝਾਰ ਇਨਕਲਾਬੀ ਨੁਮਾਇੰਦੇ ਹੀ ਅੱਗੇ ਆਏ ਹਨ। ਭਵਿੱਖ ਵਿੱਚ, ਆਹਮੋ ਸਾਹਮਣੇ ਖੜੇ ਮਲਕ ਭਾਗੋਆਂ ਅਤੇ ਭਾਈ ਲਾਲੋਆਂ ਦੇ ਜੋਕ ਅਤੇ ਲੋਕ ਕੈਂਪ ਦੀ ਲਕੀਰ ਹੋਰ ਵੀ ਗੂਹੜੀ ਹੋਵੇਗੀ। ਇਸ ਲਕੀਰ ਨੂੰ ਮੇਟਣ ਲਈ ਹੀ ਇਹ ਲੋਕਾਂ ਨੂੰ ਲੂਆਟਾ ਦਾਲ਼, ਸਾਈਕਲ, ਲੈਪਟਾਪ ਆਦਿ ਦੀਆਂ ਬੁਰਕੀਆਂ ਅਤੇ ਭਰਮਾਊ ਜਾਲ ਵਿਛਾਉਣ ਦਾ ਨਾਕਾਮ ਯਤਨ ਕਰ ਰਹੇ ਹਨ।
       ਉਹਨਾਂ ਕਿਹਾ ਕਿ ਹੱਕ ਮੰਗਦੇ ਲੋਕਾਂ ਨੇ ਆਪਣੇ ਹੱਡੀਂ ਹੰਢਾਏ ਤਜ਼ਰਬੇ ਰਾਹੀਂ 'ਜਮਹੂਰੀਅਤ' ਦੇ ਖੂਬ ਦੀਦਾਰ ਕੀਤੇ ਹਨ। ਅਗਲੇ ਸਮਿਆਂ 'ਚ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਦੇ ਨਿਸ਼ੰਗ ਸਿਲਸਿਲੇ ਦੇ ਚੌਤਰਫ਼ੇ ਹੱਲੇ ਨਾਲ ਲੋਕਾਂ ਦਾ ਮੱਥਾ ਲੱਗੇਗਾ।
       ਸੂਬਾਈ ਕਾਨਫਰੰਸ ਦਾ ਕੇਂਦਰੀ ਸੁਨੇਹਾ ਵੀ ਵੱਡੀ ਗਿਣਤੀ 'ਚ ਵੰਡਿਆ ਗਿਆ ਜਿਸ ਵਿੱਚ ਦੇਸੀ-ਵਿਦੇਸ਼ੀ ਬਹੁਕੌਮੀ ਕੰਪਨੀਆਂ ਨਾਲ ਸੰਧੀਆਂ ਕਰਕੇ ਮੁਲਕ ਅਤੇ ਲੋਕ-ਉਜਾੜੂ ਨੀਤੀਆਂ ਨੂੰ ਪਿਛਲ ਮੋੜਾ ਦੇਣ, ਜ਼ਮੀਨ ਦੀ ਬੇਜ਼ਮੀਨਿਆਂ ਅਤੇ ਥੁੜ-ਜ਼ਮੀਨਿਆਂ 'ਚ ਮੁੜ ਵੰਡ ਕਰਨ, ਕਰਜ਼ਿਆਂ ਉੱਪਰ ਲੀਕ ਮਾਰਨ, ਨਵੀਂ ਲੋਕ-ਮੁਖੀ ਕਰਜ਼ਾ ਨੀਤੀ ਲਾਗੂ ਕਰਨ, ਖਜ਼ਾਨਿਆਂ, ਰਿਐਤਾਂ ਦੇ ਮੂੰਹ ਜੋਕ-ਧੜਿਆਂ ਵੱਲ ਖੋਲ•ਣ ਦੀ ਬਜਾਏ ਲੋਕਾਂ ਦੀਆਂ ਮੁੱਢਲੀਆਂ ਜੀਵਨ ਲੋੜਾਂ ਦੀ ਜਾਮਨੀ ਕਰਨ, ਪੱਕੇ ਰੁਜ਼ਗਾਰ ਦੀ ਗਾਰੰਟੀ ਕਰਨ, ਜਾਬਰ ਕਾਲ਼ੇ ਕਾਨੂੰਨਾਂ ਉੱਪਰ ਕਾਟਾ ਮਾਰਨ, ਰੋਜ਼ਮਰ•ਾ ਦੀਆਂ ਸਮੱਸਿਆਵਾਂ, ਲੋੜਾਂ ਉੱਪਰ ਸੰਘਰਸ਼ ਕਰਦੇ ਹੋਏ ਅਸਲ 'ਚ ਬੁਨਿਆਦੀ ਮਸਲਿਆਂ ਵੱਲ ਵਡੇਰੀਆਂ ਅਤੇ ਲੰਮੇਰੀਆਂ ਪੁਲਾਂਘਾਂ ਪੁੱਟਣ ਲਈ ਵੱਖ ਵੱਖ ਮਿਹਨਤਕਸ਼ ਤਬਕਿਆਂ ਨੂੰ ਤਬਕਾਤੀ ਮੰਗਾਂ-ਮਸਲਿਆਂ ਤੋਂ ਅੱਗੇ ਵਧਣ ਲਈ ਜੋਟੀਆਂ ਪਾ ਕੇ, ਸਾਂਝੇ, ਲੰਮੇ, ਦ੍ਰਿੜ ਅਤੇ ਖਾੜਕੂ ਲੋਕ ਘੋਲਾਂ ਲਈ ਕਮਰਕੱਸੇ ਕਸਣ ਦਾ ਸੱਦਾ ਦਿੱਤਾ ਗਿਆ ਜਿਸਨੂੰ ਭਰੇ ਪੰਡਾਲ ਨੇ ਦੋਵੇਂ ਹੱਥ ਖੜ•ੇ ਕਰਕੇ ਪ੍ਰਵਾਨਗੀ ਦਿੱਤੀ।
       ਜ਼ਿਕਰਯੋਗ ਹੈ ਕਿ ਕਾਨਫਰੰਸ 'ਚ ਚੇਤਨਾ ਕਲਾ ਕੇਂਦਰ ਬਰਨਾਲਾ ਦੇ ਕੋਈ ਦੋ ਦਰਜਨ ਕਲਾਕਾਰਾਂ ਵੱਲੋਂ ਹਰਵਿੰਦਰ ਦਿਵਾਨਾ ਦੀ ਨਿਰਦੇਸ਼ਨਾ 'ਚ ਅਮੋਲਕ ਸਿੰਘ ਦਾ ਲਿਖਿਆ ਕਾਵਿ-ਨਾਟ ਬਹੁਤ ਹੀ ਆਕਰਸ਼ਕ ਅੰਦਾਜ਼ 'ਚ ਪੇਸ਼ ਕੀਤਾ ਜਿਸਨੇ ਲੋਕਾਂ ਨੂੰ ਚੋਣਾਂ ਦੇ ਭਰਮ-ਜਾਲ ਤੋਂ ਖ਼ਬਰਦਾਰ ਕਰਦਿਆਂ ਸੰਗਰਾਮੀ ਰਾਹ ਦਾ ਹੋਕਾ ਦਿੱਤਾ। ਜਗਸੀਰ ਜੀਦਾ ਅਤੇ ਮਾਸਟਰ ਰਾਮ ਕੁਮਾਰ ਭਦੌੜ ਦੀਆਂ ਸੰਗੀਤ ਮੰਡਲੀਆਂ ਅਤੇ ਅਮ੍ਰਿਤਪਾਲ ਬਠਿੰਡਾ ਨੇ ਗੀਤਾਂ ਰਾਹੀਂ ਵੀ ਲੋਕਾਂ ਨੂੰ ਆਪਣੇ ਹੱਕਾਂ ਅਤੇ ਹਿਤਾਂ ਲਈ ਜਾਗਣ ਅਤੇ ਜੂਝਣ ਦਾ ਸੱਦਾ ਦਿੱਤਾ।
ਵੱਲੋਂ - ਪਗੜੀ ਸੰਭਾਲ ਮੁਹਿੰਮ ਕਮੇਟੀ, ਪੰਜਾਬ
ਲਛਮਣ ਸਿੰਘ ਸੇਵੇਵਾਲਾ, ਕਨਵੀਨਰ (94170-79170)
94173-58524, 94170-54015
ਮਿਤੀ – 27-01-2012





Tuesday, 24 January 2012

ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ):ਪਗੜੀ ਸੰਭਾਲ ਕਾਨਫਰੰਸ ਸਬੰਧੀ ਵਿਦਿਆਰਥੀਆਂ ਵੱਲੋਂ ਰੈਲੀ

ਪਗੜੀ ਸੰਭਾਲ ਕਾਨਫਰੰਸ ਸਬੰਧੀ ਵਿਦਿਆਰਥੀਆਂ ਵੱਲੋਂ ਰੈਲੀ
Posted On January - 24 – 2012                               ਖੇਤਰੀ ਪ੍ਰਤੀਨਿੱਧ, ਬਠਿੰਡਾ, 23 ਜਨਵਰੀ
ਬਰਨਾਲਾ ਵਿਖੇ 27 ਜਨਵਰੀ ਨੂੰ ਸੰਘਰਸ਼ਸ਼ੀਲ ਲੋਕਾਂ ਵੱਲੋਂ ਕੀਤੀ ਜਾਣ ਵਾਲੀ ਪਗੜੀ ਸੰਭਾਲ ਕਾਨਫਰੰਸ ਨੂੰ ਭਰਪੂਰ ਹੁੰਗਾਰਾ ਦੇਣ ਲਈ ਅੱਜ ਬਠਿੰਡਾ ਦੇ ਸਰਕਾਰੀ ਰਾਜਿੰਦਰਾ ਕਾਲਜ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਵੀ ਇੱਕ ਵਿਦਿਆਰਥੀ ਰੈਲੀ ਕੀਤੀ ਗਈ।
ਕਾਲਜ ਦੇ ਬਲਵੰਤ ਗਾਰਗੀ ਥੀਏਟਰ ਵਿੱਚ ਹੋਈ ਇਸ ਰੈਲੀ ਨੂੰ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਸੁਮੀਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਅਤੇ ਨੌਜੁਆਨਾਂ ਲਈ ਮੁੱਖ ਮੁੱਦੇ ਸਸਤੀ ਸਿੱਖਿਆ ਅਤੇ ਪੱਕਾ ਰੁਜ਼ਗਾਰ ਹੈ ਪਰੰਤੂ ਕੋਈ ਵੀ ਸਿਆਸੀ ਪਾਰਟੀ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਵਾਲੀ ਨਹੀਂ ਹੈ। ਸਾਰੀਆਂ ਪਾਰਟੀਆਂ ਹੀ ਨਵੀਆਂ ਆਰਥਿਕ ਨੀਤੀਆਂ ਨੂੰ ਲਾਗੂ ਕਰਨ ਲਈ ਇਕਮੱਤ ਹਨ। ਇਨ੍ਹਾਂ ਨਵੀਆਂ ਨੀਤੀਆਂ ਤਹਿਤ ਸਿੱਖਿਆ ਨੂੰ ਪ੍ਰਾਈਵੇਟ ਧਨਾਢਾਂ ਦੇ ਮੁਨਾਫੇ ਦਾ ਸਾਧਨ ਬਣਾਇਆ ਜਾ ਰਿਹਾ ਹੈ। ਸਰਕਾਰੀ ਸਕੂਲਾਂ, ਕਾਲਜਾਂ ਵਿੱਚ ਗ੍ਰਾਂਟਾਂ ਜਾਮ ਹਨ ਅਤੇ ਇਨ੍ਹਾਂ ਦਾ ਸਹੂਲਤਾਂ ਪੱਖੋਂ ਮੰਦਾ ਹਾਲ ਹੈ। ਉਨ੍ਹਾਂ ਇਹ ਵੀ ਆਖਿਆ ਕਿ ਪ੍ਰਾਈਵੇਟ ਸਕੂਲ ਕਾਲਜ ਖੁੰਭਾਂ ਵਾਂਗੂ ਉਗ ਰਹੇ ਹਨ ਅਤੇ ਫੀਸਾਂ ਅਸਮਾਨੀ ਚੜ੍ਹ ਗਈਆਂ ਹਨ। ਮਹਿੰਗੀਆਂ ਪੜ੍ਹਾਈਆਂ ਕਰ ਕੇ ਵੀ ਪੱਕਾ ਰੁਜ਼ਗਾਰ ਨਹੀਂ ਮਿਲਣਾ। ਠੇਕੇ ’ਤੇ ਨਿਗੂਣਾ ਰੁਜ਼ਗਾਰ ਲੱਖਾਂ, ਬੇਰੁਜ਼ਗਾਰਾਂ ਦੀ ਲੋੜ ਪੂਰੀ ਨਹੀਂ ਕਰਦਾ। 
ਇਸ ਲਈ ਨੌਜੁਆਨਾਂ ਸਾਹਮਣੇ ਭਾਰੀ ਨਿਰਾਸ਼ਾ ਦਾ ਆਲਮ ਹੈ। ਉਹ ਵਿਦੇਸ਼ਾਂ ਵਿੱਚ ਜਾਣ ਲਈ ਅਤੇ ਉਥੇ ਨੌਕਰੀਆਂ ਲੱਭਣ ਖਾਤਰ ਧੱਕੇ ਖਾਣ ਲਈ ਮਜ਼ਬੂਰ ਹਨ। ਨੌਜਆਨਾਂ ਦਾ ਇੱਕ ਹਿੱਸਾ ਨਸ਼ਿਆਂ ਦੀ ਦਲਦਲ ਵਿੱਚ ਗੜੁੱਚ ਹੋ ਚੁਕਿਆ ਹੈ। ਰੈਲੀ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਵੋਟ ਬਟੋਰੂ ਪਾਰਟੀਆਂ ਵੱਲੋਂ ਪੈਸਿਆਂ ਅਤੇ ਨਸ਼ਿਆਂ ਦੇ ਜਾਲ ਤੋਂ ਬਾਹਰ ਨਿਕਲਣ ਅਤੇ ਉਨ੍ਹਾਂ ਦੀਆਂ ਗੱਡੀਆਂ ਵਿੱਚ ਚੜ੍ਹ ਕੇ ਸਾਧਨ ਬਨਣ ਦੀ ਬਜਾਏ ਆਪਣੀ ਏਕਤਾ ਅਤੇ ਜਥੇਬੰਦੀ ਕਾਇਮ ਕਰਦੇ ਹੋਏ ਸੰਘਰਸ਼ਾਂ ਦੇ ਰਾਹ ’ਤੇ ਅੱਗੇ ਵਧਣ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਜਥੇਬੰਦੀ ਦੇ ਕਾਲਜ ਕਮੇਟੀ ਪ੍ਰਧਾਨ ਸੰਦੀਪ ਚੱਕ, ਸਕੱਤਰ ਗੁਰਮੀਤ ਕੋਟਗੁਰੂ, ਗੁਰਪ੍ਰੀਤ ਚੱਕ, ਭੁਪਿੰਦਰ ਚੱਕ, ਕਮਲ ਡੱਬਵਾਲੀ, ਗੁਰਦੀਪ ਝੁੰਬਾ ਅਤੇ ਸੁਖਪ੍ਰੀਤ ਕੋਠਾ ਗੁਰੂ ਸਮੇਤ ਸਾਰੇ ਆਗੂ ਤੇ ਮੈਂਬਰ ਮੌਜੂਦ ਸਨ।



Wednesday, 4 January 2012

ਚੋਣਾਂ ਦੀ ਦੰਭੀ ਖੇਡ ਦਾ ਭਾਂਡਾ ਭੰਨੋ—ਪਗੜੀ ਸੰਭਾਲ ਕਾਨਫਰੰਸ 'ਚ ਸ਼ਾਮਲ ਹੋਵੋ



ਚੋਣਾਂ ਦੀ ਦੰਭੀ ਖੇਡ ਦਾ ਭਾਂਡਾ ਭੰਨਣ ਲਈ ਬਰਨਾਲਾ 'ਚ ਪਗੜੀ ਸੰਭਾਲ ਕਾਨਫਰੰਸ 27 ਨੂੰ

ਲੋਕਾਂ ਦੇ ਵਿਕਾਸ ਤੇ ਸਮੂਹਿਕ ਪੁੱਗਤ ਲਈ ਸਾਂਝੇ ਤੇ ਜਾਨ ਹੂਲਵੇਂ ਸੰਗਰਾਮੀ ਰਾਹ ਦਾ ਹੋਕਾ
ਬਰਨਾਲਾ, 4 ਜਨਵਰੀ (                 )- ਅੱਜ ਕੱਲ• ਪੰਜਾਬ ਅੰਦਰ ਵਿਧਾਨ ਸਭਾ ਦੀਆਂ ਚੋਣਾਂ ਕਾਰਨ ਭਖੇ ਹੋਏ ਸਿਆਸੀ ਮਾਹੌਲ ਅੰਦਰ ਵੱਖ ਵੱਖ ਸੰਘਰਸ਼ਸ਼ੀਲ ਤੇ ਉੱਘੀਆਂ ਜਨਤਕ ਸ਼ਖ਼ਸ਼ੀਅਤਾਂ 'ਤੇ ਅਧਾਰਤ ਜਥੇਬੰਦ ਕੀਤੀ ਗਈ ''ਪਗੜੀ ਸੰਭਾਲ ਮੁਹਿੰਮ ਕਮੇਟੀ ਪੰਜਾਬ'' ਦੇ ਵੱਲੋਂ ਚੋਣਾਂ ਦੀ ਦੰਭੀ ਖੇਡ ਦਾ ਭਾਂਡਾ ਭੰਨਣ ਤੇ ਹਕੀਕੀ ਲੋਕ ਹਿਤੈਸ਼ੀ ਸੰਗਰਾਮੀ ਰਾਹ ਦਾ ਹੋਕਾ ਦੇਣ ਲਈ 27 ਜਨਵਰੀ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਪੰਜਾਬ ਪੱਧਰੀ ਵਿਸ਼ਾਲ ''ਪਗੜੀ ਸੰਭਾਲ ਕਾਨਫਰੰਸ'' ਕੀਤੀ ਜਾਵੇਗੀ। ਇਹ ਐਲਾਨ ਅੱਜ ਸਥਾਨਕ ਤਰਕਸ਼ੀਲ ਭਵਨ ਵਿਖੇ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਕਮੇਟੀ ਦੇ ਕਨਵੀਨਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਕੀਤਾ ਗਿਆ। ਵਰਣਨਯੋਗ ਹੈ ਕਿ ਜਥੇਬੰਦ ਕੀਤੀ ਗਈ ਇਸ ਕਮੇਟੀ ਵਿਚ ਲਛਮਣ ਸਿੰਘ ਸੇਵੇਵਾਲਾ ਤੋਂ ਇਲਾਵਾ ਝੰਡਾ ਸਿੰਘ ਜੇਠੂਕੇ, ਹਰਮੇਸ਼ ਮਾਲੜੀ, ਹਰਜਿੰਦਰ ਸਿੰਘ, ਪਾਵੇਲ ਕੁੱਸਾ, ਕਰੋੜਾ ਸਿੰਘ, ਅਮੋਲਕ ਸਿੰਘ, ਗੁਰਦਿਆਲ ਸਿੰਘ ਭੰਗਲ, ਐਨ.ਕੇ. ਜੀਤ, ਸ਼੍ਰੀਮਤੀ ਪੁਸ਼ਪ ਲਤਾ, ਦਰਸ਼ਨ ਸਿੰਘ ਕੂਹਲੀ, ਮਲਾਗਰ ਸਿੰਘ ਖਮਾਣੋਂ, ਯਸ਼ਪਾਲ ਤੇ ਜੋਗਿੰਦਰ ਆਜਾਦ ਸ਼ਾਮਿਲ ਹਨ। 
ਪ੍ਰੈਸ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਬੁਲਾਰਿਆਂ ਨੇ ਆਖਿਆ ਕਿ ਹੁਕਮਰਾਨ ਅਕਾਲੀ-ਭਾਜਪਾ, ਕਾਂਗਰਸ ਤੇ ਮਨਪ੍ਰੀਤ ਮਾਰਕਾ ਮੋਰਚਾ ਸਮੇਤ ਸੱਭੇ ਮੌਕਾਪ੍ਰਸਤ ਵੋਟ ਪਾਰਟੀਆਂ ਉਨ•ਾਂ ਦੇਸ਼ ਧਰੋਹੀ ਆਰਥਿਕ ਨੀਤੀਆਂ 'ਤੇ ਇੱਕਮੱਤ ਹਨ ਜਿਨ੍ਰਾਂ ਕਰਕੇ ਅੱਜ ਪੰਜਾਬ ਤੇ ਦੇਸ਼ ਦੇ ਖੇਤ ਮਜ਼ਦੂਰਾਂ, ਕਿਸਾਨਾਂ, ਸਨਅਤੀ ਤੇ ਬਿਜਲੀ ਕਾਮਿਆਂ, ਮੁਲਾਜ਼ਮਾਂ, ਬੇਰੁਜ਼ਗਾਰਾਂ, ਨੌਜਵਾਨਾਂ ਤੇ ਔਰਤਾਂ ਦੀ ਪੱਗ ਤੇ ਪਤ ਰੁਲ ਰਹੀ ਹੈ। ਪੰਜਾਬ  ਅੰਦਰ ਵੀ ਬਦਲ ਬਦਲ ਕੇ ਆਈਆਂ ਸਾਰੀਆਂ ਪਾਰਟੀਆਂ ਦਾ ਤਜ਼ਰਬਾ ਲੋਕਾਂ ਨੇ ਹੱਡੀ ਹੰਢਾਇਆ ਹੈ। ਇਸ ਲਈ ਕਮਾਊ ਲੋਕਾਂ ਨੂੰ ਆਪਣੀ ਰੁਲ ਰਹੀ ਪਗੜੀ ਬਚਾਉਣ ਲਈ ਖੁਦ ਜਥੇਬੰਦ ਹੋ ਕੇ ਜਾਨ-ਹੂਲਵੇਂ ਸਾਂਝੇ ਸੰਗਰਾਮੀ ਘੋਲਾਂ ਦੇ ਰਾਹ ਪੈਣ ਦੀ ਲੋੜ ਹੈ। ਉਨ•ਾਂ ਆਖਿਆ ਕਿ ਮੌਜੂਦਾ ਚੋਣਾਂ ਦੌਰਾਨ ਸਰਕਾਰ ਬਦਲਣ ਨਾਲ ਅਖੌਤੀ ਵਿਕਾਸ ਦੇ ਨਾਂ 'ਤੇ ਲੋਕਾਂ ਨੂੰ ਲੁੱਟਣ ਤੇ ਕੁੱਟਣ ਵਾਲੀਆਂ ਦੇਸੀ-ਵਿਦੇਸ਼ੀ ਸਰਮਾਏਦਾਰਾਂ ਤੇ ਜਗੀਰਦਾਰਾਂ ਦੇ ਹਿੱਤ ਪੂਰਦੀਆਂ ਨੀਤੀਆਂ ਨੇ ਨਹੀਂ ਬਦਲਣਾ, ਨਾ ਹੀ ਇਨ•ਾਂ ਨੀਤੀਆਂ ਨੂੰ ਲੋਕਾਂ 'ਤੇ ਮੜਨ ਲਈ ਘੜੇ ਗਏ ਜਾਬਰ ਤੇ ਕਾਲੇ ਕਾਨੂੰਨਾਂ ਨੇ ਬਦਲਣਾ ਹੈ ਅਤੇ ਨਾ ਹੀ ਆਏ ਰੋਜ ਹੱਕਾਂ ਲਈ ਜੂਝਦੇ ਲੋਕਾਂ ਦੇ ਮੌਰ ਸੇਕਣ ਵਾਲੀ ਪੁਲਸ ਤੇ ਜੇਲਾਂ ਸਮੇਤ ਅਫਸਰਸ਼ਾਹੀ ਨੇ ਬਦਲਣਾ ਹੈ। ਉਹਨਾਂ ਕਿਹਾ ਕਿ ਚੋਣਾਂ ਰਾਹੀਂ ਤਾਂ ਆਪੋ 'ਚ ਭਿੜ ਰਹੀਆਂ ਪਾਰਟੀਆਂ ਰਾਜ ਸੱਤ•ਾ ਅਤੇ ਲੁੱਟ ਦੇ ਮਾਲ ਦੀ ਆਪਸੀ ਵੰਡ ਦਾ ਰੱਟਾ ਸੁਲਝਾਉਂਦੀਆਂ ਹਨ।
ਉਨ•ਾਂ ਆਖਿਆ ਕਿ ਚਾਚਾ ਅਜੀਤ ਸਿੰਘ ਵੱਲੋਂ ਪਗੜੀ ਸੰਭਾਲਣ ਲਈ ਚਲਾਈ ਲਹਿਰ ਤੇ ਅਨੇਕਾਂ ਦੇਸ਼-ਭਗਤਾਂ, ਗਦਰੀ ਬਾਬਿਆਂ ਵੱਲੋਂ ਚਲਾਈਆਂ ਲਹਿਰਾਂ ਦੀ ਬਦੌਲਤ ਸੰਨ 47 'ਚ ਅੰਗਰੇਜ਼ਾਂ ਦੇ ਚਲੇ ਜਾਣ ਬਾਅਦ ਲੋਕਾਂ ਨੂੰ ਵਰਚਾਉਣ ਲਈ ਭਾਰਤੀ ਹੁਕਮਰਾਨਾਂ ਵੱਲੋਂ ਲੋਕਾਂ ਨੂੰ ਦਿੱਤੀਆਂ ਤੁਛ ਰਿਆਇਤਾਂ ਤੇ ਲੂਲੇ ਲੰਗੜੇ ਜਮਹੂਰੀ ਅਧਿਕਾਰਾਂ ਨੂੰ ਅੱਜ ਅਖੌਤੀ ਵਿਕਾਸ ਦੇ ਨਾਂ ਹੇਠ ਲਿਆਂਦੀਆਂ ਆਰਥਿਕ ਨੀਤੀਆਂ ਰਾਹੀਂ ਬੁਰੀ ਤਰ•ਾਂ ਛਾਂਗਿਆ ਜਾ ਰਿਹਾ ਹੈ ਤੇ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਉਜਰਤੀ ਪ੍ਰਣਾਲੀ ਦੀ ਸਫ ਵਲ•ੇਟੀ ਜਾ ਰਹੀ ਹੈ ਅਤੇ ਜ਼ਮੀਨੀ ਸੁਧਾਰ ਲਾਗੂ ਕਰਨ ਦੀ ਥਾਂ, ਜਮੀਨਾਂ ਖੋਹਣ ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ। ਲੋਕਾਂ ਦਾ ਆਪਣੇ ਜਲ, ਜਮੀਨਾਂ, ਰੁਜ਼ਗਾਰ, ਸਿਹਤ, ਵਿੱਦਿਆ, ਆਵਾਜਾਈ, ਬਿਜਲੀ ਆਦਿ ਤੋਂ ਉਜਾੜਾ ਕੀਤਾ ਜਾ ਰਿਹਾ ਹੈ ਤੇ ਨਾਮ ਨਿਹਾਦ ਜਮਹੂਰੀ ਅਧਿਕਾਰਾਂ ਨੂੰ ਵੀ ਕੁਚਲਣ ਲਈ ਵਰਤੇ ਜਾ ਰਹੇ ਅੰਨ•ੇ ਤਸ਼ੱਦਦ ਦਾ ਕਾਨੂੰਨੀਕਰਨ ਕੀਤਾ ਜਾ ਰਿਹਾ ਹੈ। ਇਉਂ ਲੋਕਾਂ ਦੇ ਹਿਤਾਂ 'ਤੇ ਚੌਤਰਫ਼ਾ ਹੱਲਾ ਬੋਲਿਆ ਹੋਇਆ ਹੈ। ਦੂਜੇ ਪਾਸੇ ਕਾਰਪੋਰੇਟ ਸੈਕਟਰ ਨੂੰ ਖਜਾਨਾ ਲੁਟਾਉਣ ਤੇ ਲੋਕਾਂ ਦੀ ਨਿਸ਼ੰਗ ਲੁੱਟ ਕਰਨ ਲਈ ਖੁੱਲੀਆਂ ਛੁੱਟੀਆਂ ਦੇਣ ਦਾ ਵੀ ਕਾਨੂੰਨੀਕਰਨ ਕੀਤਾ ਗਿਆ ਹੈ। ਇਸ ਹਾਲਤ 'ਚ ਲੋਕਾਂ ਦੇ ਅਸਲੀ ਵਿਕਾਸ, ਖੁਸ਼ਹਾਲੀ, ਸਮੂਹਿਕ ਪੁੱਗਤ ਤੇ ਸਵੈਮਾਣ ਦੀ ਜਾਮਨੀ ਲਈ ਅਣਸਰਦੀ ਲੋੜ ਹੈ ਕਿ ਉਹ ਇਨ•ਾਂ ਚੋਣਾਂ ਤੋਂ ਭਲੇ ਦੀ ਝਾਕ ਛੱਡ ਕੇ ਸਾਂਝੇ ਵਿਸ਼ਾਲ ਤੇ ਦ੍ਰਿੜ ਸੰਗਰਾਮੀ ਘੋਲਾਂ ਦਾ ਪੱਲਾ ਫੜਣ। ਉਨ•ਾਂ ਇਹ ਵੀ ਐਲਾਨ ਕੀਤਾ ਕਿ ਕਾਨਫਰੰਸ ਦੀ ਤਿਆਰੀ ਲਈ ਤੇ ਲੋਕਾਂ ਨੂੰ ਖਬਰਦਾਰ ਕਰਨ ਲਈ ਪੰਜਾਬ ਭਰ 'ਚ ਮੀਟਿੰਗਾਂ, ਰੈਲੀਆਂ, ਜਾਗੋ ਤੇ ਵੱਡੇ ਕਾਫ਼ਲਾ ਮਾਰਚਾਂ ਰਾਹੀਂ ਪਗੜੀ ਸੰਭਾਲ ਮੁਹਿੰਮ ਲਾਮਬੰਦ ਕੀਤੀ ਜਾਵੇਗੀ। ਉਨ•ਾਂ ਸਮੂਹ ਸੰਘਰਸ਼ਸ਼ੀਲ, ਲੋਕ ਹਿਤੈਸ਼ੀ, ਸਾਹਿਤਕ ਸੱਭਿਆਚਾਰਕ, ਤਰਕਸ਼ੀਲ, ਜਮਹੂਰੀ ਤੇ ਇਨਸਾਫ਼ਪਸੰਦ ਹਿੱਸਿਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਪੰਜਾਬ ਭਰ 'ਚ ਚੱਲਣ ਵਾਲੀ ਇਸ ਮੁਹਿੰਮ 'ਚ ਸ਼ਾਮਿਲ ਹੋਣ ਤੇ ਇਸਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਹਿਯੋਗ ਦੇਣ। 
ਵੱਲੋਂ : ਪਗੜੀ ਸੰਭਾਲ ਮੁਹਿੰਮ ਕਮੇਟੀ ਪੰਜਾਬ
ਜਾਰੀ ਕਰਤਾ : ਲਛਮਣ ਸਿੰਘ ਸੇਵੇਵਾਲਾ, ਕਨਵੀਨਰ 94170-79170