Showing posts with label unemployed youth struggles in punjab. Show all posts
Showing posts with label unemployed youth struggles in punjab. Show all posts

Saturday, 25 February 2012

ਚੋਣਾਂ, ਨੌਜਵਾਨ ਅਤੇ ਨੌਜਵਾਨ ਭਾਰਤ ਸਭਾ — ਸਰਗਰਮੀਆਂ


ਚੋਣਾਂ ਦੌਰਾਨ ਹੋਏ ਨੌਜਵਾਨ ਮੁਜ਼ਾਹਰਿਆਂ ਦਾ ਸੱਦਾ
ਵੋਟ ਪਾਰਟੀਆਂ ਦੇ ਭਰਮਾਊ ਜਾਲ਼ ਤੋਂ ਬਚੋ
ਪੰਜਾਬ ਵਿਧਾਨ ਸਭਾ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਸਭਨਾਂ ਵੋਟ ਵਟੋਰੂ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਮੂਹਰੇ ਝੂਠੇ ਲਾਰਿਆਂ ਤੇ ਵਾਅਦਿਆਂ ਦੀ ਢੱਡ ਖੜਕਾਈ ਜਾ ਰਹੀ ਸੀ। ਲੋਕਾਂ ਦੇ ਅਸਲ ਮਸਲਿਆਂ ਨੂੰ ਰੋਲਣ ਜਾਂ ਖੂੰਜੇ ਲਾਉਣ ਲਈ ਭਰਮਾਊ ਚਾਲਾਂ ਚੱਲੀਆਂ ਜਾ ਰਹੀਆਂ ਸਨ। ਇਹਨਾਂ ਚਾਲਾਂ ਦੇ ਸਿਰ 'ਤੇ ਹੀ ਵੋਟਾਂ ਦੀ ਫਸਲ ਕੱਟਣ ਲਈ ਕਮਰਕੱਸੇ ਕੀਤੇ ਜਾ ਰਹੇ ਸਨ। ਵੋਟਾਂ ਭੁਗਤਾਉਣ ਤੇ ਪਾਰਟੀਆਂ ਦੇ ਚੋਣ ਪ੍ਰਚਾਰ ਦਾ ਸਾਧਨ ਬਣਾਉਣ ਲਈ ਨੌਜਵਾਨ ਤਬਕਾ ਵਿਸ਼ੇਸ਼ ਤੌਰ 'ਤੇ ਪਾਰਟੀਆਂ ਦੇ ਨਿਸ਼ਾਨੇ 'ਤੇ ਸੀ। ਪਾਰਟੀਆਂ ਵੱਲੋਂ ਆਪੋ-ਆਪਣੇ ਯੂਥ ਵਿੰਗਾਂ ਨੂੰ ਨਵੇਂ ਸਿਰੇ ਤੋਂ ਲਿਸ਼ਕਾ-ਪੁਸ਼ਕਾ ਕੇ ਨੌਜਵਾਨਾਂ ਨੂੰ ਭਰਮਾਉਣ, ਪਤਿਆਉਣ ਦੇ ਕੰਮ ਸੌਂਪੇ ਗਏ ਸਨ। 
ਅਜਿਹੀ ਹਾਲਤ ਦੌਰਾਨ ਦਸੰਬਰ ਮਹੀਨੇ 'ਚ ਨੌਜਵਾਨ ਭਾਰਤ ਸਭਾ ਵੱਲੋਂ ਨੌਜਵਾਨਾਂ ਨੂੰ ਇਹਨਾਂ ਚਾਲਾਂ 'ਚ ਉਲਝਣ ਤੋਂ ਸੁਚੇਤ ਰਹਿਣ ਦਾ ਸੁਨੇਹਾ ਦੇਣ ਲਈ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ। ਇਸ ਮੁਹਿੰਮ ਤਹਿਤ ਵੱਖ-ਵੱਖ ਖੇਤਰਾਂ 'ਚ ਨੌਜਵਾਨਾਂ ਤੱਕ ਸਿੱਧੀ ਪਹੁੰਚ ਕਰਦਿਆਂ ਕਿਹਾ ਗਿਆ ਕਿ ਵੋਟਾਂ ਦੀ ਖੇਡ ਰਾਹੀਂ ਹਾਕਮ ਧੜੇ ਆਪਣਾ ਉੱਲੂ ਸਿੱਧਾ ਕਰਦੇ ਹਨ ਤੇ ਸਾਡਾ ਘਾਣ ਕਰਦੇ ਹਨ। ਖਾਸ ਕਰਕੇ ਨੌਜਵਾਨ ਤਬਕੇ ਨੂੰ ਤਰ•ਾਂ ਤਰ•ਾਂ ਦੇ ਲਾਲਚ ਪਰੋਸ ਕੇ, ਆਪਣੇ ਸੌੜੇ ਮੰਤਵਾਂ ਲਈ ਵਰਤਦੇ ਹਨ। ਲੱਠਮਾਰ ਗਰੋਹਾਂ ਦਾ ਹਿੱਸਾ ਬਣਾ ਕੇ ਜਵਾਨੀ ਨੂੰ ਆਪੋ ਵਿੱਚ ਲੜਾਉਂਦੇ ਹਨ, ਨਸ਼ਿਆਂ ਦੇ ਹੜ• 'ਚ ਰੋੜ•ਦੇ ਹਨ। ਨੌਜਵਾਨਾਂ ਨੂੰ ਇਹਨਾਂ ਪਾਰਟੀਆਂ ਤੋਂ ਬਚਦਿਆਂ ਆਪਣੇ ਅਸਲ ਮਸਲੇ ਤੇ ਸਮੱਸਿਆਵਾਂ ਬਾਰੇ ਸੋਚਣਾ ਵਿਚਾਰਨਾ ਚਾਹੀਦਾ ਹੈ। ਇਹਨਾਂ ਦੇ ਹੱਲ ਲਈ ਆਪਣੀ ਏਕਤਾ ਤੇ ਸੰਘਰਸ਼ ਉੱਪਰ ਟੇਕ ਰੱਖਣੀ ਚਾਹੀਦੀ ਹੈ। 
ਹਾਕਮ ਜਮਾਤੀ ਵੋਟ ਪਾਰਟੀਆਂ ਦੇ ਚਮਕਾਊ, ਚੁੰਧਿਆਊ ਪ੍ਰਚਾਰ ਦੀ ਹਨੇਰੀ ਦੇ ਬਾਵਜੂਦ ਨੌਜਵਾਨਾਂ ਵੱਲੋਂ ਇਸ ਸੱਦੇ ਨੂੰ ਬਹੁਤ ਗੰਭੀਰਤਾ ਨਾਲ ਸੁਣਿਆ ਗਿਆ ਤੇ ਹੁੰਗਾਰਾ ਭਰਿਆ ਗਿਆ। ਵੱਖ ਵੱਖ ਖੇਤਰਾਂ ਦੇ ਪਿਡਾਂ 'ਚ ਹੋਈਆਂ ਮੀਟਿੰਗਾਂ ਦੌਰਾਨ ਨੌਜਵਾਨਾਂ ਦੀ ਭਰਵੀਂ ਹਾਜ਼ਰੀ ਰਹੀ। ਬਠਿੰਡੇ ਅਤੇ ਮੋਗਾ ਖੇਤਰਾਂ 'ਚ ਇਹਨਾਂ ਮੀਟਿੰਗਾਂ ਤੋਂ ਬਾਅਦ ਨੌਜਵਾਨਾਂ 'ਚ ਇਹ ਸੱਦਾ ਉਭਾਰਨ ਲਈ ਮੁਜ਼ਾਹਰੇ ਵੀ ਕੀਤੇ ਗਏ। ਬਠਿੰਡਾ ਸ਼ਹਿਰ 'ਚ ਹੋਏ ਮੁਜ਼ਾਹਰੇ 'ਚ 250 ਦੇ ਲਗਭਗ ਨੌਜਵਾਨ ਸ਼ਾਮਲ ਹੋਏ ਜਿਸ ਵਿੱਚ 25 ਦੇ ਕਰੀਬ ਕੁੜੀਆਂ ਦੀ ਵੀ ਹਾਜ਼ਰੀ ਸੀ। ਮੁਜ਼ਾਹਰੇ ਤੋਂ ਪਹਿਲਾਂ ਸਥਾਨਕ ਆਈ.ਟੀ.ਆਈ. ਵਿੱਚ ਵੀ ਸੈਂਕੜੇ ਵਿਦਿਆਰਥੀਆਂ ਦੀ ਰੈਲੀ ਹੋਈ ਜਿੱਥੋਂ 60-70 ਵਿਦਿਆਰਥੀ ਵੀ ਮੁਜ਼ਾਹਰੇ 'ਚ ਪਹੁੰਚੇ। ਬਠਿੰਡਾ ਦੇ ਮਿੰਨੀ ਸਕੱਤਰੇਤ ਮੂਹਰੇ ਵੱਖ ਵੱਖ ਪਿੰਡਾਂ ਤੋਂ ਪਹੁੰਚ ਕੇ ਇਕੱਠੇ ਹੋਏ ਨੌਜਵਾਨਾਂ ਵੱਲੋਂ ਪਹਿਲਾਂ ਰੈਲੀ ਕੀਤੀ ਗਈ। ਇਸੇ ਦੌਰਾਨ ਹੀ ਉੱਥੇ ਪੱਕੇ ਤੌਰ 'ਤੇ ਧਰਨੇ 'ਤੇ ਬੇਠੇ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ ਵੀ ਰੈਲੀ 'ਚ ਸ਼ਮੂਲੀਅਤ ਕੀਤੀ ਗਈ। 
ਰੈਲੀ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਕਮੇਟੀ ਮੈਂਬਰਾਂ ਸੁਮੀਤ ਤੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਚੋਣਾਂ ਦੇ ਇਸ ਮਾਹੌਲ 'ਚ ਸਭਨਾਂ ਪਾਰਟੀਆਂ ਵੱਲੋਂ ਨੌਜਵਾਨਾਂ ਹੱਥ ਤਾਕਤ ਦੇਣ ਦੇ ਲਲਕਰੇ ਛੱਡੇ ਜਾ ਰਹੇ ਹਨ। ਪਰ ਕਿਸੇ ਪਾਰਟੀ ਕੋਲ ਨੌਜਵਾਨਾਂ ਲਈ ਸਸਤੀ ਸਿੱਖਿਆ ਤੇ ਪੱਕੇ ਰੁਜ਼ਗਾਰ ਦੇ ਹੱਕ ਬਾਰੇ ਕਹਿਣ ਲਈ ਕੁਝ ਨਹੀਂ ਹੈ। ਸਗੋਂ ਸਾਰੀਆਂ ਪਾਰਟੀਆਂ ਸਾਡਾ ਇਹ ਹੱਕ ਖੋਹਣ ਲਈ ਇੱਕਮਤ ਹਨ, ਰੁਜ਼ਗਾਰ ਮੰਗਦੇ ਨੌਜਵਾਨਾਂ 'ਤੇ ਜ਼ਬਰ ਢਾਹੁਣ ਲਈ ਇੱਕ ਦੂਜੇ ਤੋਂ ਮੂਹਰੇ ਹਨ। ਹੁਣ ਸਰਕਾਰ ਜਿਹੜੀ ਮਰਜ਼ੀ ਬਣ ਜਾਵੇ, ਇਸ ਹੱਕ ਦਾ ਕੁਚਲਿਆ ਜਾਣਾ ਇਉਂ ਹੀ ਜਾਰੀ ਰਹਿਣਾ ਹੈ। ਉਹਨਾਂ ਕਿਹਾ ਕਿ ਸਸਤੀ ਸਿੱਖਿਆ ਅਤੇ ਪੱਕੇ ਰੁਜ਼ਗਾਰ ਦੇ ਹੱਕ ਦੀ ਪ੍ਰਾਪਤੀ ਲਈ ਸਾਨੂੰ ਪਾਰਟੀਆਂ ਤੋਂ ਝਾਕ ਛੱਡ ਕੇ ਆਪਣੀ ਇੱਕਜੁਟ ਤਾਕਤ ਉਸਾਰਦਿਆਂ ਸੰਘਰਸ਼ਾਂ ਦੇ ਰਾਹ ਪੈਣਾ ਚਾਹੀਦਾ ਹੈ। ਸਾਡੇ ਸੰਘਰਸ਼ਾਂ ਦਾ ਹੁਣ ਤੱਕ ਦਾ ਤਜ਼ਰਬਾ ਵੀ ਇਹੀ ਦੱਸਦਾ ਹੈ। ਰੁਜ਼ਗਾਰ ਦੇ ਹੱਕ ਲਈ, ਮਹਿੰਗੀਆਂ ਫੀਸਾਂ ਖਿਲਾਫ਼, ਨਾਜਾਇਜ਼ ਫੰਡਾਂ ਤੇ ਜੁਰਮਾਨਿਆਂ ਖਿਲਾਫ਼ ਤੇ ਅਜਿਹੀਆਂ ਹੋਰਨਾਂ ਮੰਗਾਂ 'ਤੇ ਜਦੋਂ ਵੀ ਅਸੀਂ ਸੰਘਰਸ਼ ਕੀਤਾ ਹੈ ਤਾਂ ਸਫ਼ਲਤਾ ਹਾਸਲ ਕੀਤੀ ਹੈ। ਖਾਸ ਕਰਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਕਿਸੇ ਵਿਧਾਨ ਸਭਾ ਨੇ ਨਹੀਂ ਸਗੋਂ ਜਾਨ-ਹੂਲਵੇਂ ਸੰਘਰਸ਼ਾਂ ਨੇ ਦਵਾਇਆ ਹੈ, ਲਾਠੀਚਾਰਜਾਂ ਤੇ ਝੂਠੇ ਕੇਸਾਂ ਮੂਹਰੇ ਅਡੋਲ ਰਹਿਣ ਨੇ ਦਵਾਇਆ ਹੈ। ਹੁਣ ਵੀ ਸਾਡੇ ਮਸਲਿਆਂ ਦੇ ਹੱਲ ਦਾ ਇਹੋ ਰਾਹ ਹੈ। 
ਮਾਰਚ ਕਰਦੇ ਨੌਜਵਾਨਾਂ ਕੋਲ ਚੁੱਕੇ ਬੈਨਰ ਅਤੇ ਤਖ਼ਤੀਆਂ 'ਤੇ ਉੱਕਰੇ ਨਾਅਰੇ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਸਨ, ਵੋਟਾਂ ਦੇ ਦਿਨਾਂ 'ਚ ਨੌਜਵਾਨਾਂ ਦੇ ਕਿਸੇ ਕਾਫ਼ਲੇ ਦਾ ਗੰਭੀਰ ਸਰੋਕਾਰ ਲੈ ਕੇ ਇਉਂ ਸੜਕਾਂ 'ਤੇ ਨਿਕਲਣਾ ਵੇਖਣ ਸੁਣਨ ਵਾਲੇ ਲੋਕਾਂ ਲਈ ਸੁਖਾਵਾਂ ਅਹਿਸਾਸ ਸੀ ਕਿਉਂਕਿ ਆਮ ਤੌਰ 'ਤੇ ਕਿਸੇ ਨਾ ਕਿਸੇ ਸਿਆਸੀ ਪਾਰਟੀ ਲਈ ਚੀਕਾਂ ਰੌਲੀ ਪਾਉਂਦੀਆਂ ਨੌਜਵਾਨਾਂ ਦੀਆਂ ਟੋਲੀਆਂ ਦੇ ਦ੍ਰਿਸ਼ ਹੀ ਲੋਕਾਂ ਦੇ ਨਜ਼ਰੀਂ ਪੈਂਦੇ ਹਨ। ''ਨਿੱਜੀਕਰਨ ਦੀ ਫੜ• ਤਲਵਾਰ-ਛਾਂਗਣ ਲੋਕਾਂ ਦਾ ਰੁਜ਼ਗਾਰ'', ''ਰੁਜ਼ਗਾਰ ਦਾ ਉਜਾੜਾ ਬੰਦ ਕਰੋ'' ਵਰਗੇ ਨਾਅਰਿਆਂ ਦੀ ਗੂੰਜ ਪੈ ਰਹੀ ਸੀ। ਮਾਰਚ ਵੱਲੋਂ ਸ਼ਹਿਰ ਵਿੱਚ ਸਥਾਪਿਤ ਭਗਤ ਸਿੰਘ ਦੇ ਬੁੱਤ ਕੋਲ ਪਹੁੰਚ ਕੇ ਵੀ ਰੈਲੀ ਕੀਤੀ ਗਈ। ਜਿੱਥੇ ਸਭਾ ਦੇ ਸੂਬਾ ਜੱਥੇਬੰਦਕ ਸਕੱਤਰ ਪਾਵੇਲ ਨੇ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਸਾਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਦੇ ਰਾਹ ਵੱਲ ਤੁਰਨ ਲਈ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਲੁੱਟ ਦੇ ਆਧਾਰ 'ਤੇ ਉੱਸਰੇ ਢਾਂਚੇ 'ਚ ਵੱਡੀਆਂ ਤਬਦੀਲੀਆਂ ਦੀ ਲੋੜ ਹੈ ਜਿਹੜੀਆਂ ਵੋਟਾਂ ਰਾਹੀਂ ਨਹੀਂ ਕੀਤੀਆਂ ਜਾ ਸਕਦੀਆਂ, ਸਗੋਂ ਭਗਤ ਸਿੰਘ ਦੇ ਦਰਸਾਏ ਮਾਰਗ ਅਨੁਸਾਰ ਲੋਕਾਂ ਦੀ ਜੱਥੇਬੰਦ ਤਾਕਤ ਰਾਹੀਂ ਹੀ ਸੰਭਵ ਹਨ। ਇਸ ਲਈ ਸਾਨੂੰ ਮੌਜੂਦਾ ਚੋਣਾਂ ਨੂੰ ਵੀ ਭਗਤ ਸਿੰਘ ਦੇ ਵਿਚਾਰਾਂ ਦੀ ਕਸਵੱਟੀ 'ਤੇ ਪਰਖਣਾ ਚਾਹੀਦਾ ਹੈ। ਇਸ ਇਕੱਠ ਨੂੰ ਹੋਰਨਾਂ ਤੋਂ ਇਲਾਵਾ ਸੰਗਤ-ਲੰਬੀ ਇਲਾਕਾ ਕਮੇਟੀ ਦੇ ਸਕੱਤਰ ਜਗਮੀਤ ਸਿੰਘ, ਸੂਬਾ ਕਮੇਟੀ ਮੈਂਬਰ ਅਸ਼ਵਨੀ ਕੁਮਾਰ ਨੇ ਵੀ ਸੰਬੋਧਨ ਕੀਤਾ।
ਨਿਹਾਲ ਸਿੰਘ ਵਾਲਾ (ਮੋਗਾ) 'ਚ ਵੀ 31 ਦਸੰਬਰ ਨੂੰ 50-55 ਨੌਜਵਾਨਾਂ ਵੱਲੋਂ ਰੈਲੀ ਕਰਨ ਤੋਂ ਬਾਅਦ ਬਾਜ਼ਾਰ ਵਿੱਚ ਮਾਰਚ ਕੀਤਾ ਗਿਆ। ਸਭਨਾਂ ਨੌਜਵਾਨਾਂ ਵੱਲੋਂ ਸਭਾ ਦਾ ਸੁਨੇਹਾ ਉਭਾਰਦੇ ਤਖਤੀਆਂ ਤੇ ਬੈਨਰ ਚੁੱਕੇ ਹੋਏ ਸਨ। ਇਸ ਮੌਕੇ ਨੌਜਵਾਨਾਂ ਨੂੰ ਸਭਾ ਦੇ ਇਲਾਕਾ ਸਕੱਤਰ ਕਰਮ ਰਾਮਾਂ ਤੋਂ ਬਿਨਾਂ ਜੁਗਰਾਜ ਕੁੱਸਾ, ਗੁਰਮੁੱਖ ਸਿੰਘ ਹਿੰਮਤਪੁਰਾ ਤੇ ਅਮਨਦੀਪ ਮਾਛੀਕੇ ਨੇ ਵੀ ਸੰਬੋਧਨ ਕੀਤਾ।  -0-
ਜੂਝ ਰਹੇ ਬੇਰੁਜ਼ਗਾਰ ਨੌਜਵਾਨਾਂ ਨੂੰ ਸੱਦਾ
ਵੱਡੀ ਏਕਤਾ ਉਸਾਰੋ, ਪੱਕੇ ਰੁਜ਼ਗਾਰ ਦੀ ਮੰਗ ਕਰੋ
ਚੋਣਾਂ ਦੌਰਾਨ ਨੌਜਵਾਨ ਭਾਰਤ ਸਭਾ ਵੱਲੋਂ ਜੂਝ ਰਹੇ ਬੇਰੁਜ਼ਗਾਰ ਨੌਜਵਾਨ ਹਿੱਸਿਆਂ ਨੂੰ ਵਿਸ਼ੇਸ਼ ਤੌਰ 'ਤੇ ਸੰਬੋਧਿਤ ਹੋਇਆ ਗਿਆ। ਚੋਣਾਂ ਦਾ ਐਲਾਨ ਹੋਣ ਅਤੇ ਚੋਣ ਤਮਾਸ਼ੇ ਦੇ ਸ਼ੁਰੂ ਹੋਣ ਤੋਂ ਐਨ ਪਹਿਲਾਂ ਬੇਰੁਜ਼ਗਾਰ ਨੌਜਵਾਨਾਂ ਦੇ ਕਿੰਨੇ ਹੀ ਹਿੱਸੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਸਨ। ਇਹਨਾਂ ਨੌਜਵਾਨਾਂ ਵੱਲੋਂ ਆਏ ਦਿਨ ਧਰਨੇ, ਮੁਜ਼ਾਹਰੇ ਅਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਸਨ। ਪਿਛਲੇ ਪੰਦਰਾਂ ਸਾਲਾਂ ਤੋਂ ਰੁਜ਼ਗਾਰ ਦੀ ਮੰਗ ਕਰ ਰਹੇ ਬੇਰੁਜ਼ਗਾਰ ਲਾਈਨਮੈਨਾਂ ਦੇ ਵੱਡੇ ਇਕੱਠ ਨੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਬਠਿੰਡੇ ਦਾ ਬੱਸ ਅੱਡਾ ਜਾਮ ਕਰਕੇ ਹਕੂਮਤ ਨੂੰ ਉਹਨਾਂ ਨਾਲ ਗੱਲਬਾਤ ਕਰਨ ਲਈ ਮਜ਼ਬੂਰ ਕੀਤਾ ਸੀ ਤੇ ਉਸੇ ਦਿਨ ਤੋਂ ਹੀ ਸ਼ਹਿਰ 'ਚ ਮੰਗਾਂ ਪੂਰੀਆਂ ਹੋਣ ਤੱਕ ਲਗਾਤਾਰ ਭੁੱਖ ਹੜਤਾਲ 'ਤੇ ਬੈਠਣ ਦੀ ਸ਼ੁਰੂਆਤ ਕੀਤੀ ਸੀ। ਈ.ਜੀ.ਐੱਸ. ਅਧਿਆਪਕਾਂ ਨੇ ਗਿੱਦੜਬਾਹਾ ਵਿਖੇ ਵੱਡੇ ਚੌਂਕ 'ਚ ਕਈ ਦਿਨ ਚੱਲਣ ਵਾਲਾ ਧਰਨਾ ਲਾਇਆ ਹੋਇਆ ਸੀ। ਕਾਲਜਾਂ 'ਚ ਠੇਕਾ ਸਿਸਟਮ ਅਧੀਨ ਭਰਤੀ ਕੀਤੇ ਪੀ.ਟੀ.ਏ. ਅਧਿਆਪਕ ਜਾਂ ਗੈਸਟ ਫੈਕੁਲਟੀ ਲੈਕਚਰਾਰਾਂ ਵੱਲੋਂ ਵੀ ਤਸੱਲੀਬਖਸ਼ ਰੁਜ਼ਗਾਰ ਲਈ ਮਰਨ ਵਰਤ ਸ਼ੁਰੂ ਕੀਤਾ ਗਿਆ ਸੀ। ਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕਾਂ ਨੇ ਵੀ ਸੰਘਰਸ਼ ਦਾ ਬਿਗਲ ਵਜਾਇਆ ਹੋਇਆ ਸੀ। ਇਸ ਤੋਂ ਬਿਨਾਂ ਐੱਸ. ਟੀ. ਆਰ ਅਧਿਆਪਕਾਂ ਵੱਲੋਂ ਵੀ ਆਪਣੇ ਸੰਘਰਸ਼ ਦੀ ਸ਼ੁਰੂਆਤ ਕਰ ਦਿੱਤੀ ਗਈ ਸੀ। ਇਉਂ ਬੇਰੁਜ਼ਗਾਰ ਨੌਜਵਾਨਾਂ ਦੇ ਇਹ ਹਿੱਸੇ ਓਸ ਮੌਕੇ ਪੱਕੇ ਅਤੇ ਤਸੱਲੀਬਖਸ਼ ਰੁਜ਼ਗਾਰ ਲਈ ਸੰਘਰਸ਼ਾਂ ਦੇ ਰਾਹ ਪਏ ਹੋਏ ਸਨ।
ਚੋਣ ਦੰਗਲ 'ਚ ਕੁੱਦਣ ਲਈ ਤਿਆਰ ਵੱਖੋ ਵੱਖਰੀਆਂ ਪਾਰਟੀਆਂ ਨੂੰ ਵੀ ਜੂਝ ਰਹੇ ਬੇਰੁਜ਼ਗਾਰਾਂ ਦਾ ਨਕਲੀ ਹੇਜ ਜਾਗਣਾ ਸ਼ੁਰੂ ਹੋ ਗਿਆ ਸੀ। ਹਕੂਮਤੀ ਪਾਰਟੀ ਵੱਲੋਂ ਜਿੱਥੇ ਇੱਕ ਹੱਥ ਰੁਜ਼ਗਾਰ ਮੰਗਦੇ ਇਹਨਾਂ ਨੌਜਵਾਨਾਂ ਨੂੰ ਡਾਂਗਾਂ, ਜੇਲਾਂ, ਝੂਠੇ ਕੇਸਾਂ ਤੇ ਜੱਥੇਦਾਰਾਂ ਦੀ ਕੁੱਟ ਰਾਹੀਂ ਨਿੱਸਲ ਕਰਕੇ ਸ਼ਾਂਤ ਕਰਨ ਦੇ ਯਤਨ ਕੀਤੇ ਜਾ ਰਹੇ ਸਨ, ਉੱਥੇ ਨਾਲ ਹੀ ਹੋ ਰਹੀ ਬਦਨਾਮੀ ਦੇ ਡਰੋਂ ਮੀਟਿੰਗਾਂ, ਬਿਆਨਾਂ ਤੇ ਫੋਕੇ ਨੋਟੀਫਿਕੇਸ਼ਨਾਂ ਰਾਹੀਂ ਵਰਚਾਉਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਸਨ। ਜੇ ਹਕੂਮਤੀ ਪਾਰਟੀ ਆਪਣੇ ਵੱਲੋਂ ਦਿੱਤੇ ਰੁਜ਼ਗਾਰ ਦੇ ਅੰਕੜੇ ਗਿਣਾ ਰਹੀ ਸੀ ਤਾਂ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਅੰਦਰ ਫੈਲੀ ਬੇਰੁਜ਼ਗਾਰੀ ਦੀ ਦੁਹਾਈ ਪਾਈ ਜਾ ਰਹੀ ਸੀ। ਉਹਨਾਂ ਵੱਲੋਂ ਸਰਕਾਰੀ ਨੀਤੀ ਅਤੇ ਰਵੱਈਏ ਦੀ ਨਿੰਦਾ ਕਰਦੇ ਬਿਆਨ ਦਾਗ਼ੇ ਜਾ ਰਹੇ ਸਨ ਤੇ ਸਿਆਸੀ ਲੀਡਰਾਂ ਵੱਲੋਂ ਧਰਨਿਆਂ 'ਚ ਗੇੜੇ ਮਾਰੇ ਜਾ ਰਹੇ ਸਨ। ਇਉਂ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਇਹ ਵੋਟ ਵਟੋਰੂ ਪਾਰਟੀਆਂ ਆਪਣੇ ਆਪ ਨੂੰ ਬੇਰੁਜ਼ਗਾਰ ਨੌਜਵਾਨਾਂ ਦੇ ਸੱਚੇ ਦਰਦੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ 'ਚ ਲੱਗੀਆਂ ਹੋਈਆਂ ਸਨ।
ਏਸ ਮੌਕੇ ਨੌਜਵਾਨ ਭਾਰਤ ਸਭਾ ਵੱਲੋਂ ਵਿਸ਼ੇਸ਼ ਪ੍ਰਚਾਰ ਮੁਹਿੰਮ ਚਲਾ ਕੇ ਨੌਜਵਾਨਾਂ ਪ੍ਰਤੀ ਨਕਲੀ ਹੇਜ ਪ੍ਰਗਟ ਕਰ ਰਹੇ ਸਿਆਸੀ ਟੋਲਿਆਂ ਦੇ ਦੰਭ ਨੂੰ ਨੰਗਾ ਕਰਦਿਆਂ ਇਹ ਦੱਸਿਆ ਗਿਆ ਕਿ ਕਿਵੇਂ ਸਾਰੀਆਂ ਵੋਟ ਵਟੋਰੂ ਪਾਰਟੀਆਂ ਹੀ ਰੁਜ਼ਗਾਰ ਦੇ ਉਜਾੜੇ ਲਈ ਜੁੰਮੇਵਾਰ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਇੱਕਮਤ ਹਨ। ਸਭਾ ਵੱਲੋਂ ਸੰਘਰਸ਼ ਦੇ ਰਾਹ ਪਏ ਹੋਏ ਇਹਨਾਂ ਨੌਜਵਾਨਾਂ ਨੂੰ ਵੋਟ ਵਟੋਰੂ ਪਾਰਟੀਆਂ ਦੇ ਝੂਠੇ ਲਾਰਿਆਂ 'ਚ ਆਉਣ ਤੇ ਉਹਨਾਂ ਮਗਰ ਧੂਹੇ ਜਾਣ ਤੋਂ ਖ਼ਬਰਦਾਰ ਕੀਤਾ ਗਿਆ। ਸੱਦਾ ਦਿੱਤਾ ਗਿਆ ਕਿ ਰੁਜ਼ਗਾਰ ਪ੍ਰਾਪਤੀ ਲਈ ਕਿਸੇ ਵੋਟ ਵਟੋਰੂ ਪਾਰਟੀ ਤੋਂ ਆਸ ਕਰਨ ਦੀ ਬਜਾਏ ਉਹ ਆਪਣੇ ਵੱਲੋਂ ਵਿੱਢੇ ਸੰਘਰਸ਼ਾਂ ਨੂੰ ਹੋਰ ਮਜ਼ਬੂਤ ਤੇ ਵਿਸ਼ਾਲ ਕਰਨ ਅਤੇ ਆਪਣੇ ਏਕੇ 'ਤੇ ਹੀ ਟੇਕ ਰੱਖਣ। ਇਹ ਗੱਲ ਜ਼ੋਰ ਨਾਲ ਉਭਾਰੀ ਗਈ ਕਿ ਦੇਸੀ ਵਿਦੇਸ਼ੀ ਧਨਾਢਾਂ ਨੂੰ ਲੁਟਾਏ ਜਾ ਰਹੇ ਮੁਲਕ ਦੇ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਖੋਹਲੇ ਤੋਂ ਬਿਨਾਂ ਅਤੇ ਕਾਰਪੋਰੇਟਾਂ ਦੇ ਸੁਪਰ ਮੁਨਾਫਿਆਂ 'ਤੇ ਰੋਕ ਅਤੇ ਟੈਕਸ ਲਾਏ ਤੋਂ ਬਿਨਾਂ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਨਹੀਂ ਕੀਤੇ ਜਾ ਸਕਦੇ ਹਨ। ਤੇ ਅਜਿਹਾ ਕਰਨਾ ਤਾਂ ਦੂਰ ਕੋਈ ਵੀ ਮੌਕਾਪ੍ਰਸਤ ਸਿਆਸੀ ਪਾਰਟੀ ਇਹਦੀ ਗੱਲ ਕਰਨ ਲਈ ਵੀ ਤਿਆਰ ਨਹੀਂ ਹੈ। ਸੋ ਲੋੜ ਇਸ ਗੱਲ ਦੀ ਹੈ ਕਿ ਰੁਜ਼ਗਾਰ ਪ੍ਰਾਪਤੀ ਲਈ ਲੜ ਰਹੀਆਂ ਵੱਖੋ ਵੱਖ ਟੁਕੜੀਆਂ ਨੂੰ ਇੱਕਜੁੱਟ ਕਰਦੇ ਹੋਏ ਵਿਸ਼ਾਲ ਇੱਕਜੁਟ ਨੌਜਵਾਨ ਲਹਿਰ ਉਸਾਰੀ ਜਾਵੇ ਤੇ ਸੰਘਰਸ਼ ਦੀ ਧਾਰ ਰੁਜ਼ਗਾਰ ਦਾ ਉਜਾੜਾ ਕਰਨ ਵਾਲੀਆਂ ਨਿੱਜੀਕਰਨ ਦੀਆਂ ਨੀਤੀਆਂ ਵੱਲ ਸੇਧਤ ਕਰਦੇ ਹੋਏ ਪੱਕੇ ਅਤੇ ਤਸੱਲੀਬਖਸ਼ ਰੁਜ਼ਗਾਰ ਲਈ ਜ਼ੋਰਦਾਰ ਸੰਘਰਸ਼ ਲੜਿਆ ਜਾਵੇ।
ਆਪਣੇ ਇਸ ਸੁਨੇਹੇ ਨੂੰ ਸਭਾ ਵੱਲੋਂ ਜੂਝ ਰਹੇ ਬੇਰੁਜ਼ਗਾਰਾਂ ਦੇ ਵੱਡੇ ਹਿੱਸੇ ਤੱਕ ਪਹੁੰਚਾਇਆ ਗਿਆ ਹੈ। ''ਕੱਲੇ-ਕੱਲੇ ਮਾਰ ਨਾ ਖਾਓ-'ਕੱਠੇ ਹੋ ਕੇ ਅੱਗੇ ਆਓ'' ਦਾ ਸੁਨੇਹਾ ਦਿੰਦਾ ਇੱਕ ਹੱਥ ਪਰਚਾ ਜੱਥੇਬੰਦੀ ਵੱਲੋਂ 4 ਹਜ਼ਾਰ ਦੀ ਗਿਣਤੀ 'ਚ ਛਪਾਇਆ ਗਿਆ ਤੇ ਬੇਰੁਜ਼ਗਾਰ ਨੌਜਵਾਨਾਂ ਦੇ ਇਕੱਠਾਂ 'ਚ ਵੰਡਿਆ ਗਿਆ। ਸਭਾ ਦੇ ਕਾਰਕੁੰਨਾ ਵੱਲੋਂ ਇਹਨਾਂ ਨੌਜਵਾਨਾਂ ਨਾਲ ਸਰਗਰਮ ਰਾਬਤਾ ਰੱਖਿਆ ਗਿਆ। ਬਹੁਤ ਸਾਰੇ ਮੌਕਿਆਂ 'ਤੇ ਬੇਰੁਜ਼ਗਾਰ ਨੌਜਵਾਨਾਂ ਦੇ ਵੱਖੋ ਵੱਖ ਇਕੱਠਾਂ ਨੂੰ ਸਭਾ ਦੇ ਬੁਲਾਰੇ ਸਿੱਧੇ ਤੌਰ 'ਤੇ ਸੰਬੋਧਤ ਹੋਏ। ਇਉਂ ਸਭਾ ਵੱਲੋਂ ਸੰਘਰਸ਼ ਕਰ ਰਹੇ ਬੇਰੁਜ਼ਗਾਰ ਲਾਈਨਮੈਨਾਂ, ਗੈਸਟ ਫੈਕੁਲਟੀ ਲੈਕਚਰਾਰਾਂ, ਬੇਰੁਜ਼ਗਾਰ ਪੀ.ਟੀ.ਆਈ. (ਸਰੀਰਕ ਸਿੱਖਿਆ) ਅਧਿਆਪਕਾਂ, ਬੇਰੁਜ਼ਗਾਰ ਈ.ਜੀ.ਐੱਸ. ਅਧਿਆਪਕਾਂ ਤੇ ਐਸ.ਟੀ.ਆਰ ਅਧਿਆਪਕਾਂ ਦੇ ਅੰਗ ਸੰਗ ਰਹਿੰਦਿਆਂ ਆਪਣਾ ਸੁਨੇਹਾ ਉਹਨਾਂ ਤੱਕ ਪਹੁੰਚਾਇਆ ਗਿਆ। -0-
ਐਸ.ਟੀ.ਸੀ. ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ
ਵੋਟਾਂ ਦੇ ਦਿਨਾਂ 'ਚ ਚੋਣ ਜ਼ਾਬਤਾ ਲੱਗ ਜਾਣ ਦੇ ਬਾਵਜੂਦ ਵੀ ਐਸ.ਟੀ.ਸੀ. ਅਧਿਆਪਕਾਂ ਨੇ ਆਪਣਾ ਰੁਜ਼ਗਾਰ ਖੋਹੇ ਜਾਣ ਖਿਲਾਫ਼ ਆਪਣਾ ਸੰਘਰਸ਼ ਜਾਰੀ ਰੱਖਿਆ। ਇਹ ਅਧਿਆਪਕ ਸਕੂਲ ਜਾਣ ਤੋਂ ਵਾਂਝੇ ਰਹਿ ਗਏ ਬੱਚਿਆਂ ਨੂੰ ਸਿੱਖਿਆ ਦੇਣ ਲਈ ਸਰਵ ਸਿੱਖਿਆ ਅਭਿਆਨ ਤਹਿਤ 2500 ਰੁਪਏ ਮਹੀਨਾ ਦੀ ਨਿਗੂਣੀ ਤਨਖਾਹ 'ਤੇ ਰੱਖੇ ਗਏ ਸਨ ਤੇ ਹੁਣ ਇਹਨਾਂ ਨੂੰ ਨੌਕਰੀ ਤੋਂ ਹਟਾਉਣ ਦਾ ਫੁਰਮਾਨ ਜਾਰੀ ਕਰ ਦਿੱਤਾ ਗਿਆ ਸੀ। ਰੈਲੀਆਂ ਮੁਜ਼ਾਹਰੇ ਕਰਦੇ ਆ ਰਹੇ ਅਧਿਆਪਕ ਆਖ਼ਰ ਨੂੰ ਗੋਨਿਆਣਾ ਨੇੜਲੇ ਪਿੰਡ ਭੋਖੜਾ ਦੀ ਟੈਂਕੀ 'ਤੇ ਚੜ• ਗਏ। ਦਸੰਬਰ ਮਹੀਨੇ ਦੀ ਕੜਾਕੇ ਦੀ ਠੰਡ 'ਚ 11 ਅਧਿਆਪਕ ਤੇ ਅਧਿਆਪਕਾਵਾਂ ਟੈਂਕੀ ਉੱਪਰ ਚੜ•ੇ ਰਹੇ ਤੇ ਬਾਕੀ 80-90 ਹੇਠਾਂ ਧਰਨੇ 'ਤੇ ਬੈਠੇ ਰਹੇ। ਇਸ ਦੌਰਾਨ ਨੌਜਵਾਨ ਭਾਰਤ ਸਭਾ ਵੱਲੋਂ ਇਹਨਾਂ ਅਧਿਆਪਕਾਂ ਦੀ ਜ਼ੋਰਦਾਰ ਹਮਾਇਤ ਕੀਤੀ ਗਈ। ਸਭਾ ਦੇ ਵਰਕਰਾਂ ਨੇ ਉਹਨਾਂ ਤੱਕ ਆਸ ਪਾਸ ਦੇ ਪਿੰਡਾਂ 'ਚੋਂ ਲੰਗਰ ਇਕੱਠਾ ਕਰ ਕੇ ਪਹੁੰਚਾਇਆ। ਉਹਨਾਂ ਦੀ ਹਮਾਇਤ ਕਰਨ ਲਈ ਭਰਾਤਰੀ ਜੱਥੇਬੰਦੀਆਂ ਨੂੰ ਸੁਨੇਹੇ ਪਹੁੰਚਾਏ ਗਏ। ਹੋਰਨਾਂ ਜੱਥੇਬੰਦੀਆਂ ਨੂੰ ਨਾਲ ਲੈ ਕੇ ਡੀ.ਸੀ. ਬਠਿੰਡਾ ਨੂੰ ਇੱਕ ਡੈਪੂਟੇਸ਼ਨ ਮਿਲਿਆ। ਕਈ ਦਿਨਾਂ ਦੀ ਜੱਦੋਜਹਿਦ ਬਾਅਦ ਆਖਰ ਇਹਨਾਂ ਨੂੰ ਇੱਕ ਸਾਲ ਲਈ ਹੋਰ ਨੌਕਰੀ 'ਤੇ ਰੱਖਣ ਅਤੇ ਤਨਖਾਹ ਵਧਾਉਣ ਦੀ ਮੰਗ ਸਰਕਾਰ ਨੂੰ ਚੋਣ ਜਾਬਤੇ ਦੇ ਬਾਵਜੂਦ ਪ੍ਰਵਾਨ ਕਰਨੀ ਪਈ। ਇਹਨਾਂ ਅਧਿਆਪਕਾਂ ਨੇ ਬਾਅਦ 'ਚ ਨੌਜਵਾਨ ਭਾਰਤ ਸਭਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। 30 ਦਸੰਬਰ ਦੇ ਬਠਿੰਡੇ ਦੇ ਮੁਜ਼ਾਹਰੇ ਤੇ 27 ਜਨਵਰੀ ਨੂੰ ਬਰਨਾਲੇ ਦੀ ਪਗੜੀ ਸੰਭਾਲ ਕਾਨਫਰੰਸ 'ਚ ਸ਼ਾਮਲ ਹੋਏ।