15 ਅਗਸਤ - ਨਕਲੀ ਆਜ਼ਾਦੀ ਦਾ ਪਰਦਾਚਾਕ ਕਰੋ
ਹਰ ਸਾਲ 15 ਅਗਸਤ ਨੂੰ ਲਾਲ ਕਿਲ੍ਹੇ ਤੇ ਝੰਡਾ ਝੁਲਾ ਕੇ ਦੇਸ਼ ਦੇ ਹਾਕਮ ਆਜ਼ਾਦੀ ਦੇ ਗੁਣਗਾਨ ਕਰਦੇ ਹਨ। ਲਾਲ ਕਿਲ੍ਹੇ ਤੋਂ ਖੜ੍ਹ ਕੇ 15 ਅਗਸਤ 1947 ਨੂੰ ਆਈ ਆਜ਼ਾਦੀ ਦੀਆਂ ਬਰਕਤਾਂ ਗਿਣਾਈਆਂ ਜਾਂਦੀਆਂ ਹਨ, ਆਜ਼ਾਦੀ ਆਉਣ ਤੋਂ ਬਾਅਦ ਤਰੱਕੀ ਕਰ ਰਹੇ ਮੁਲਕ ਦੀ ਖੁਸ਼ਹਾਲੀ ਤੇ ਵਿਕਾਸ ਦੀ ਰਫ਼ਤਾਰ ਦੀਆਂ ਦਰਾਂ ਗਿਣਾਈਆਂ ਜਾਂਦੀਆਂ ਹਨ ਤੇ ਆਉਂਦੇ ਸਮੇ 'ਚ ਛੇਤੀ ਹੀ 'ਭਾਰਤ' ਦੇ ਸੰਸਾਰ ਮਹਾਂਸ਼ਕਤੀ ਬਣ ਜਾਣ ਦੇ ਸਬਜ਼ਬਾਗ ਦਿਖਾਏ ਜਾਂਦੇ ਹਨ। ਪਰੇਡ 'ਚ ਪੇਸ਼ ਕੀਤੀਆਂ ਜਾਂਦੀਆਂ ਝਾਕੀਆਂ ਨੂੰ ਇਉਂ ਲਿਸ਼ਕਾ-ਪੁਸ਼ਕਾ ਕੇ ਪੇਸ਼ ਕੀਤਾ ਜਾਂਦਾ ਹੈ ਜਿਵੇਂ ਭਾਰਤ ਦੇ ਲੋਕ ਸਵਰਗ 'ਚ ਵਸਦੇ ਹੋਣ। ਭੁੱਖ ਤੇ ਕੁਪੋਸ਼ਣ ਨਾਲ ਮਰਦੇ ਭਾਰਤੀ ਲੋਕਾਂ ਦੀ ਹਕੀਕੀ ਤਸਵੀਰ ਨੂੰ ਮਹਿੰਗੇ ਭਾਅ ਅਮਰੀਕੀਆਂ ਤੋਂ ਖਰੀਦੇ ਟੈਂਕਾਂ, ਤੋਪਾਂ ਦੇ ਪ੍ਰਦਰਸ਼ਨ ਹੇਠ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਗਰੀਬ ਮੁਲਕ ਦੇ ਕਰੋੜਾਂ-ਅਰਬਾਂ ਰੁਪਏ ਇਹਨਾਂ ਜਸ਼ਨਾਂ 'ਚ ਵਹਾਏ ਜਾਂਦੇ ਹਨ। ਸਰਕਾਰੀ ਦਫ਼ਤਰਾਂ 'ਚ ਝੰਡੇ ਝੁਲਾਉਣ ਦੇ ਹੁਕਮ ਚਾੜ੍ਹੇ ਜਾਂਦੇ ਹਨ ਤੇ ਸਕੂਲੀ ਬੱਚਿਆਂ 'ਚ ਲੱਡੂ ਵੰਡੇ ਕੇ ਆਜ਼ਾਦੀ ਦੀ ਮਿਠਾਸ ਦਰਸਾਉਣ ਦੇ ਯਤਨ ਕੀਤੇ ਜਾਂਦੇ ਹਨ। ਲੋਕ ਕਦੇ ਵੀ ਚਾਅ ਨਾਲ ਇਹਨਾਂ ਜਸ਼ਨਾਂ 'ਚ ਸ਼ਾਮਲ ਨਹੀਂ ਹੁੰਦੇ (ਕਦੇ ਮਜ਼ਬੂਰੀ 'ਚ ਹੋ ਜਾਣ ਤਾਂ ਕੀ ਕਹਿਣਾ) ਹੋਣ ਵੀ ਕਿਵੇਂ, ਅੱਜ ਤੱਕ ਉਹਨਾਂ ਲਈ ਇਹ 'ਆਜ਼ਾਦੀ' ਖੁਸ਼ੀਆਂ ਖੇੜਿਆਂ ਦੀ ਥਾਂ ਦੁੱਖਾਂ ਮੁਸੀਬਤਾਂ ਦੇ ਹੋਰ ਵੱਡੇ ਪਹਾੜ ਹੀ ਲੈ ਕੇ ਆਈ ਹੈ। ਲੋਕਾਂ ਨਾਲ ਹੁਣ ਤੱਕ ਆਜ਼ਾਦੀ ਦੇ ਨਾਂ 'ਤੇ ਧੋਖਾ ਹੀ ਹੁੰਦਾ ਆਇਆ ਹੈ। ਲੋਕਾਂ ਨੂੰ ਚਹੁੰ ਪਾਸਿਆਂ ਤੋਂ ਘੇਰੀ ਖੜ੍ਹੇ ਮਹਿੰਗਾਈ, ਬੇ-ਰੁਜ਼ਗਾਰੀ, ਭ੍ਰਿਸ਼ਟਾਚਾਰ, ਭੁੱਖਮਰੀ, ਕੰਗਾਲੀ ਤੇ ਮਹਾਂਮਾਰੀਆਂ ਦੇ ਦੈਂਤ ਆਏ ਦਿਨ ਹੋਰ ਖੂੰਖਾਰ ਹੁੰਦੇ ਗਏ ਹਨ। 'ਆਜ਼ਾਦ' ਭਾਰਤ 'ਚ ਲੱਗ ਰਹੇ 'ਵਿਕਾਸ' ਪ੍ਰੋਜੈਕਟਾਂ ਨੇ ਲੋਕਾਂ ਦੀ ਰੋਜ਼ੀ ਰੋਟੀ ਦੇ ਬਚੇ ਖੁਚੇ ਜੁਗਾੜ ਵੀ ਉਖਾੜ ਸੁੱਟੇ ਹਨ, ਇਹਨਾਂ ਦੇ ਉਜਾੜੇ ਲੋਕ 'ਆਜ਼ਾਦ' ਵਤਨ 'ਚ ਗੁਲਾਮਾਂ ਦੀ ਤਰ੍ਹਾਂ ਰਹਿਣ ਲਈ ਮਜ਼ਬੂਰ ਹਨ। ਲੋਕਾਂ ਲਈ ਇਸ 'ਆਜ਼ਾਦੀ' ਦੇ ਕਦੇ ਕੋਈ ਮਾਅਨੇ ਨਹੀਂ ਰਹੇ ਤੇ ਇਹਨਾਂ ਅਖੌਤੀ ਜਸ਼ਨਾਂ 'ਚ ਸ਼ਾਮਲ ਹੋਣ ਦੀ ਲੋਕਾਂ 'ਚ ਕਦੇ ਕੋਈ ਰੁਚੀ ਨਹੀਂ ਰਹੀ। ਇਕ ਪਾਸੇ ਆਏ ਸਾਲ ਇਹ ਡਰਾਮਾ ਰਚਿਆ ਜਾਂਦਾ ਹੈ ਤੇ ਦੂਜੇ ਪਾਸੇ ਇੰਗਲੈਂਡ ਗਿਆ ਭਾਰਤ ਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅੰਗਰੇਜ਼ਾਂ ਦਾ ਭਾਰਤ 'ਤੇ ਡੇਢ ਸੌ ਸਾਲ ਰਾਜ ਕਰਨ ਬਦਲੇ ਧੰਨਵਾਦ ਕਰਕੇ ਆਉਂਦਾ ਹੈ ਕਿਉਂਕਿ ਉਹਨਾਂ ਨੇ ਭਾਰਤੀਆਂ ਨੂੰ 'ਜੀਣ ਦਾ ਚੱਜ' ਸਿਖਾਇਆ ਸੀ।
ਸ਼ਹੀਦਾਂ ਦੇ ਡੁੱਲੇ ਲਹੂ ਨਾਲ ਗ਼ਦਾਰੀ
ਸਾਡਾ ਦੇਸ਼ ਕੋਈ ਡੇਢ ਸੌ ਸਾਲ ਅੰਗਰੇਜ਼ ਸਾਮਰਾਜੀਆਂ ਦਾ ਸਿੱਧੇ ਰੂਪ 'ਚ ਗੁਲਾਮ ਰਿਹਾ ਤੇ ਇਹਨਾਂ ਸਾਮਾਰਾਜੀਆਂ ਨੂੰ ਮੁਲਕ 'ਚੋਂ ਬਾਹਰ ਕੱਢਣ ਲਈ ਸਾਡੀ ਕੌਮ ਨੇ ਲੰਮੀ ਜਦੋਜਹਿਦ ਲੜੀ। ਆਜ਼ਾਦੀ ਸੰਗਰਾਮ ਦੌਰਾਨ ਦੋ ਧਰਾਵਾਂ ਉੱਭਰੀਆਂ। ਇਕ ਧਾਰਾ ਹਕੀਕੀ ਅਜ਼ਾਦੀ ਲਈ ਸੰਘਰਸ਼ ਦੀ ਧਾਰਾ ਸੀ ਜੀਹਦਾ ਮਕਸਦ ਅੰਗਰੇਜ਼ਾਂ ਨੂੰ ਮੁਲਕ 'ਚੋਂ ਪੂਰੀ ਤਰ੍ਹਾਂ ਬਾਹਰ ਕਰਕੇ ਲੋਕਾਂ ਦੀ ਪੁੱਗਤ ਵਾਲੇ ਰਾਜ ਭਾਗ ਦੀ ਸਿਰਜਣਾ ਕਰਨਾ ਸੀ। ਅਨੇਕਾਂ ਹੀ ਸੂਰਬੀਰ ਯੋਧਿਆਂ ਨੇ ਏਸ ਮਕਸਦ ਦੀ ਪੂਰਤੀ ਲਈ ਆਪਣੀਆਂ ਜ਼ਿੰਦਗੀਆਂ ਵਾਰੀਆਂ, ਅੰਗਰੇਜ਼ਾਂ ਦੀਆਂ ਜੇਲ੍ਹਾਂ ਦੇ ਤਸੀਹੇ ਹੱਸ ਕੇ ਸਹੇ ਪਰ ਆਪਣੇ ਮਕਸਦ ਤੋਂ ਨਾ ਹਿੱਲੇ। ਗਦਰੀ ਬਾਬਿਆਂ, ਬੱਬਰ ਅਕਾਲੀਆਂ, ਕੂਕਾ ਲਹਿਰ ਤੇ ਹੋਰ ਵਤਨ ਪ੍ਰਸਤ ਲਹਿਰਾਂ ਏਸੇ ਧਾਰਾ ਦਾ ਅੰਗ ਹਨ। ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੇ ਇਸ ਲਹਿਰ ਨੂੰ ਸਭ ਤੋਂ ਵਧੇਰੇ ਸਿਧਾਂਤਕ ਸਪਸ਼ਟਤਾ ਨਾਲ ਤਕੜਾਈ ਦਿੱਤੀ। ਸਾਮਰਾਜੀਆਂ ਤੇ ਜਗੀਰਦਾਰਾਂ ਦੇ ਰਾਜ ਦਾ ਫਸਤਾ ਵੱਢ ਕੇ ਉਸਰਨ ਵਾਲੇ ਮਜ਼ਦੂਰਾਂ ਕਿਸਾਨਾਂ ਦੇ ਇਨਕਲਾਬੀ ਰਾਜ ਦੇ ਨਕਸ਼ ਉਘਾੜ ਕੇ ਦੱਸੇ। ਇਸ ਮਕਸਦ ਦੀ ਪੂਰਤੀ ਲਈ ਲੋਕਾਂ ਦੀ ਤਾਕਤ 'ਤੇ ਟੇਕ ਰੱਖਦਿਆਂ ਹਥਿਆਰਬੰਦ ਇਨਕਲਾਬ ਦਾ ਮਾਰਗ ਦਰਸਾਇਆ।
ਦੂਜੀ ਧਾਰਾ ਗਾਂਧੀ, ਨਹਿਰੂ ਦੀ ਅਗਵਾਈ ਹੇਠਲੀ ਕਾਂਗਰਸ ਪਾਰਟੀ ਦੇ ਸੁਧਾਰਵਾਦੀ ਪ੍ਰੋਗਰਾਮ ਦੀ ਸੀ ਜੋ ਦੇਸ਼ ਦੇ ਜਗੀਰਦਾਰਾਂ ਤੇ ਦਲਾਲ ਸਰਮਾਏਦਾਰਾਂ ਦੇ ਹਿਤਾਂ ਦੀ ਨੁਮਾਇੰਦਗੀ ਕਰਦੀ ਸੀ। ਉਹ ਅੰਗਰੇਜ਼ਾਂ ਨੂੰ ਭਾਰਤੀ ਕੌਮ ਦੇ ਦੁਸ਼ਮਣ ਨਹੀਂ ਸਗੋਂ ਦੋਸਤ ਗਰਦਾਨਦੀ ਸੀ ਤੇ ਉਹਨਾਂ ਦੀ ਛਤਰ ਛਾਇਆ ਹੇਠ ਹੀ ਰਾਜਭਾਗ ਹਾਸਲ ਕਰਨਾ ਚਾਹੁੰਦੀ ਸੀ। ਏਸੇ ਲਈ ਇਹ ਅਹਿੰਸਾ ਵਰਗੇ ਦੰਭੀ ਸਿਧਾਂਤ ਪ੍ਰਚਾਰਦੀ ਸੀ।
ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਤੋਂ ਬਾਅਦ ਖਰੀ ਕੌਮੀ ਆਜ਼ਾਦੀ ਦੀ ਧਾਰਾ ਆਗੂ ਰਹਿਤ ਹੋ ਗਈ ਤੇ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਨੇ ਸ਼ਹੀਦਾਂ ਦੇ ਕਾਜ਼ ਨਾਲ ਗਦਾਰੀ ਕਰਦਿਆਂ ਅੰਗਰੇਜ਼ ਹਾਕਮਾਂ ਨਾਲ ਸੌਦੇ ਤਹਿਤ ਰਾਜ ਭਾਗ ਸਾਂਭ ਲਿਆ। 15 ਅਗਸਤ 1947 ਨੂੰ ਕੀਤੇ ਸ਼ਰਮਨਾਕ ਸੌਦੇ ਨੂੰ ਆਜ਼ਾਦੀ ਵਜੋਂ ਪ੍ਰਚਾਰਿਆ ਗਿਆ ਪਰ ਜਦੋਂ ਕਿ ਆਜ਼ਾਦੀ ਦੇ ਨਾਂ ਥੱਲੇ ਭਾਰਤੀ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਗਿਆ। ਅੰਗਰੇਜ਼ ਸਾਮਰਾਜੀਆਂ ਦੇ ਹਿਤਾਂ ਨੂੰ ਆਂਚ ਤੱਕ ਨਹੀਂ ਆਉਣ ਦਿੱਤੀ ਗਈ। ਵੱਡੇ ਜਗੀਰਦਾਰਾਂ ਤੇ ਸਰਮਾਏਦਾਰਾਂ ਨੂੰ ਰਾਜ ਭਾਗ ਦੇ ਮਾਲਕ ਬਣਾ ਕੇ ਲੋਕਾਂ ਉਪਰ ਸਾਮਰਾਜੀ ਤੇ ਜਗੀਰੂ ਲੁੱਟ ਤੇ ਦਾਬਾ ਜਿਉਂ ਦਾ ਤਿਉਂ ਬਰਕਰਾਰ ਰੱਖਿਆ ਗਿਆ। ਜਦੋਂ ਇਹ 'ਆਜ਼ਾਦੀ' ਆਈ ਤਾਂ ਮੁਲਕ 'ਚ ਖੂਨ ਦੀਆਂ ਨਦੀਆਂ ਵਗੀਆਂ, ਕਰੋੜਾਂ ਲੋਕ ਉੱਜੜੇ, ਅਣਗਿਣਤ ਕਤਲ ਹੋਏ।
ਮੁਲਕ 'ਚ ਲੋਕ ਉਭਾਰ - ਰਾਜ ਸਿੰਘਾਸਣ ਡਾਵਾਂਡੋਲ
40ਵਿਆਂ ਦੇ ਅੱਧ 'ਚ ਮੁਲਕ ਅੰਦਰ ਉੱਠਿਆ ਲੋਕ ਉਭਾਰ ਸੀ ਜੀਹਨੇ ਅੰਗਰੇਜ਼ਾਂ ਨੂੰ ਆਪ ਪਰਦੇ ਪਿੱਛੇ ਹੋ ਕੇ ਆਪਣੇ ਪਾਲ਼ੇ ਪੋਸੇ ਕਾਂਗਰਸੀ ਵਫਾਦਾਰਾਂ ਨੂੰ ਰਾਜਭਾਗ ਸੌਂਪਣ ਲਈ ਮਜ਼ਬੂਰ ਕੀਤਾ ਕਿਉਂਕਿ ਅਜਿਹਾ ਨਾ ਕਰਨ ਦੀ ਸੂਰਤ 'ਚ ਭਾਰਤ ਅੰਦਰ ਅੰਗਰੇਜ਼ ਸਾਮਰਾਜ ਤੇ ਉਹਨਾਂ ਦੇ ਵਫਾਦਾਰਾਂ ਦੇ ਥੰਮ ਸਦਾ ਲਈ ਉਖੜ ਜਾਣੇ ਸਨ ਤੇ ਲੋਕਾ ਸ਼ਾਹੀ ਰਾਜ ਦੀ ਸਥਾਪਨਾ ਹੋ ਜਾਣੀ ਸੀ।
ਦੂਜੀ ਸੰਸਾਰ ਜੰਗ ਤੋਂ ਬਾਅਦ ਸੰਸਾਰ ਭਰ 'ਚ ਹੀ ਇੱਕ ਜ਼ਬਰਦਸਤ ਇਨਕਲਾਬੀ ਉਭਾਰ ਵਿਕਸਿਤ ਹੋਇਆ। ਭਾਰਤ 'ਚ ਵੀ ਕੌਮੀ ਆਜ਼ਾਦੀ ਦੀ ਤਾਂਘ ਬੇਹੱਦ ਤਿੱਖੀ ਤੇ ਪ੍ਰਚੰਡ ਹੋ ਉੱਠੀ। ਮਜ਼ਦੂਰ, ਕਿਸਾਨ, ਮੁਲਾਜ਼ਮ, ਵਿਦਿਆਰਥੀ ਗੱਲ ਕੀ ਹਰ ਮਿਹਨਤਕਸ਼ ਤਬਕਾ ਵਿਸ਼ਾਲ ਖਾੜਕੂ ਸੰਘਰਸ਼ਾਂ ਦੇ ਰਾਹ ਪੈ ਤੁਰਿਆ। ਭਾਰਤ ਦਾ ਚੱਪਾ ਚੱਪਾ ਸਾਮਰਾਜ ਤੇ ਜਗੀਰਦਾਰ ਵਿਰੋਧੀ ਸੰਘਰਸ਼ਾਂ ਨਾਲ ਬਲ਼ ਉੱਠਿਆ। 1946 'ਚ ਮਜ਼ਦੂਰਾਂ ਦੀਆਂ ਵੱਡੀਆਂ ਹੜਤਾਲਾਂ ਹੋਈਆਂ। ਡਾਕ-ਕਰਮਚਾਰੀਆਂ ਦੀ ਹੜਤਾਲ ਦੀ ਹਮਾਇਤ 'ਚ ਕਲਕੱਤਾ ਬੰਦ ਹੋਇਆ ਜੀਹਦੇ 'ਚ ਮਜ਼ਦੂਰਾਂ ਸਮੇਤ 40 ਲੱਖ ਲੋਕਾਂ ਨੇ ਸ਼ਮੂਲੀਅਤ ਕੀਤੀ। ਮੁੰਬਈ 'ਚ 30,000 ਮਜ਼ਦੂਰਾਂ ਨੇ ਫੌਜੀਆਂ ਨਾਲ ਸਾਂਝਾ ਮੁਜ਼ਾਹਰਾ ਕੀਤਾ। ਸੋਨੇ, ਕੋਲੇ, ਲੋਹੇ ਦੀਆਂ ਖਾਣਾਂ ਦੇ ਮਜ਼ਦੂਰਾਂ ਦੀਆਂ ਹੜਤਾਲਾਂ ਹੋਈਆਂ, ਥਾਂ-ਥਾਂ ਪੁਲਿਸ ਨਾਲ ਝੜਪਾਂ ਹੋਈਆਂ। ਸੈਂਕੜੇ ਮਜ਼ਦੂਰ ਸ਼ਹੀਦ ਹੋਏ। ਗਿਰਡੀਹ, ਕੁਲਾਰ, ਨਾਗਪੁਰ, ਕੋਇੰਬਟੂਰ, ਗੋਲਡਨ ਰਾਕ, ਕਾਨਪੁਰ ਤੇ ਹੋਰਨਾਂ ਥਾਵਾਂ 'ਤੇ ਮਜ਼ਦੂਰਾਂ ਦੀਆਂ ਪੁਲਸ ਨਾਲ ਝੜਪਾਂ ਹੋਈਆਂ। ਮਜ਼ਦੂਰਾਂ ਅੰਦਰ ਆਪਣੀਆਂ ਮੰਗਾਂ ਤੋਂ ਅਗਾਂਹ ਸਾਮਰਾਜ ਵਿਰੋਧੀ ਚੇਤਨਾ ਦੇ ਜ਼ੋਰਦਾਰ ਝਲਕਾਰੇ ਪ੍ਰਗਟ ਹੋਏ। ਏਸੇ ਸਮੇਂ ਹੀ ਅੰਗਰੇਜ਼ੀ ਰਾਜ ਦੇ ਜ਼ਿਮੀਂਦਾਰਾ ਪ੍ਰਬੰਧ ਅਧੀਨ ਵੀ ਤੇ ਰਿਆਸਤਾਂ 'ਚ ਵੀ ਜਗੀਰੂ ਲੁੱਟ ਖਿਲਾਫ਼ ਵੱਡੀਆਂ ਕਿਸਾਨ ਬਗਾਵਤਾਂ ਉੱਠੀਆਂ। 1946 ਦੇ ਸ਼ੁਰੂ 'ਚ ਹੀ ਤਿਭਾਗਾ ਕਿਸਾਨ ਅੰਦੋਲਨ ਉੱਠਿਆ। ਜਗੀਰਦਾਰਾਂ ਖਿਲਾਫ਼ ਕਿਸਾਨ ਵਾ-ਵਰੋਲੇ ਵਾਂਗ ਉੱਠੇ ਤੇ ਜਗੀਰਦਾਰ ਪਿੰਡ ਛੱਡ ਕੇ ਭੱਜਣ ਲੱਗੇ। ਨਵੰਬਰ '47 ਤੱਕ ਇਹ ਸੰਘਰਸ਼ ਠਾਕਰ ਗਾਉਂ, ਜਲਪਾਈਗੁੜੀ, ਰੰਗਪੁਰ, ਮਾਲਦਾ, ਮਿਦਨਾਪੁਰ ਤੇ ਮੈਮਨ ਸਿੰਘ ਜ਼ਿਲ੍ਹਿਆਂ ਤੱਕ ਫੈਲਿਆ। ਹਾਕਮਾਂ ਨੇ ਜਬਰ ਦੇ ਝੱਖੜ ਝੁਲਾਏ। ਜੰਮੂ-ਕਸ਼ਮੀਰ, ਟਰਾਵਨਕੋਰ, ਪੈਪਸੂ, ਰਾਜਕੋਟ, ਮੈਸੂਰ ਆਦਿ ਰਿਆਸਤਾਂ ਅੰਦਰ ਰਜਵਾੜਾਸ਼ਾਹੀ ਖਿਲਾਫ਼ ਜ਼ੋਰਦਾਰ ਸੰਘਰਸ਼ ਉੱਠੇ। ਪੁਨਪਰਾ ਵਾਇਨਾਰ 'ਚ ਨਾਰੀਅਲ ਦੇ ਰੇਸ਼ੇ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੀਆਂ ਯੂਨੀਅਨਾਂ ਨੇ ਵੱਡਾ ਸੰਗਰਾਮ ਲੜਿਆ। ਆਂਧਰਾ ਪ੍ਰਦੇਸ਼ ਦੇ ਤਿਲੰਗਾਨਾ ਖੇਤਰ 'ਚ ਜਗੀਰੂ ਲੁੱਟ ਤੇ ਜਬਰ ਖਿਲਾਫ 1941 'ਚ ਕਿਸਾਨ ਸੰਘਰਸ਼ ਫੁੱਟਿਆ ਤੇ ਹਥਿਆਰਬੰਦ ਘੋਲ਼ ਤੱਕ ਪਹੁੰਚ ਗਿਆ। ਕਿਸਾਨਾਂ ਨੇ ਜਗੀਰਦਾਰਾਂ ਤੋਂ ਖੋਹੀ ਜ਼ਮੀਨ ਦੀ ਰਾਖੀ ਲਈ 1947 'ਚ ਹਥਿਆਰਬੰਦ ਗੁਰੀਲਾ ਦਸਤੇ ਤੇ ਵਲੰਟੀਅਰ ਦਸਤੇ ਕਾਇਮ ਕੀਤੇ। ਇਕ ਪੜਾਅ ਤੱਕ ਲਹਿਰ ਕੋਲ਼ 10000 ਪੇਂਡੂ ਵਲੰਟੀਅਰ ਅਤੇ 2000 ਬਕਾਇਦਾ ਗੁਰੀਲਾ ਦਸਤਿਆਂ ਦੇ ਮੈਂਬਰ ਹੋ ਗਏ। ਆਪਣੇ ਸਿਖਰ 'ਤੇ ਇਹ ਲਹਿਰ 3000 ਪਿੰਡਾਂ, ਜਿੰਨ੍ਹਾਂ ਦੀ ਵਸੋਂ 30 ਲੱਖ ਸੀ, ਤੱਕ ਫੈਲੀ। ਜਗੀਰਦਾਰਾਂ ਦੀ 10 ਲੱਖ ਏਕੜ ਜ਼ਮੀਨ ਕਿਸਾਨਾਂ ਮਜ਼ਦੂਰਾਂ 'ਚ ਵੰਡੀ ਗਈ। ਪੂਰੇ ਮੁਲਕ 'ਚ ਕਿਸਾਨ ਬਗਾਵਤਾਂ ਦੀ ਲੜੀ ਚੱਲ ਪਈ। ਮਜ਼ਦੂਰਾਂ-ਕਿਸਾਨਾਂ ਦੇ ਅੰਦੋਲਨਾਂ ਦੌਰਾਨ ਸ਼ਹਿਰੀ ਮੱਧ ਵਰਗੀ ਹਿੱਸੇ ਵੀ ਪਿੱਛੇ ਨਾ ਰਹੇ। ਇਹਨਾਂ ਸੰਘਰਸ਼ਾਂ ਦੀ ਹਮਾਇਤ 'ਚ ਸ਼ਹਿਰਾਂ 'ਚ ਜ਼ੋਰਦਾਰ ਲਾਮਬੰਦੀ ਕੀਤੀ ਗਈ। ਬੁੱਧੀਜੀਵੀਆਂ ਤੇ ਵਿਦਿਆਰਥੀਆਂ ਨੇ ਚਿਟਾਗਾਂਗ ਦੇ ਪਿੰਡਾਂ 'ਚ ਢਾਹੇ ਜਬਰ ਖਿਲਾਫ਼ ਕਲਕੱਤੇ 'ਚ ਇੱਕ ਲੱਖ ਲੋਕਾਂ ਦਾ ਰੋਸ ਮਾਰਚ ਜਥੇਬੰਦ ਕੀਤਾ। 21 ਨਵੰਬਰ 1945 ਨੂੰ ਕਲਕੱਤੇ ਦੇ ਵਿਦਿਆਰਥੀਆਂ ਨੇ ਆਜ਼ਾਦ ਹਿੰਦ ਫੌਜ ਦੇ ਕੈਦੀਆਂ ਦੀ ਰਿਹਾਈ ਲਈ ਜਲੂਸ ਕੱਢਿਆ। ਪੁਲਿਸ ਨੇ ਗੋਲੀ ਚਲਾਈ, ਵਿਦਿਆਰਥੀ ਸ਼ਹੀਦ ਹੋਏ। ਇਹਤੋਂ ਬਾਅਦ ਪੂਰਾ ਕਲਕੱਤਾ ਸ਼ਹਿਰ ਬਲ਼ ਉੱਠਿਆ। ਥਾਂ-ਥਾਂ ਲੋਕਾਂ ਦੀਆਂ ਫੌਜਾਂ ਨਾਲ ਟੱਕਰਾਂ ਹੋਈਆਂ। 18 ਫਰਵਰੀ ਨੂੰ ਨੇਵੀ ਦੇ ਜਹਾਜ਼ੀਆਂ ਦੀ ਬਗਾਵਤ ਦੀ ਹਮਾਇਤ 'ਚ ਬੰਬਈ 'ਚ ਲੋਕਾਂ ਦੀਆਂ ਫੌਜ ਨਾਲ ਟੱਕਰਾਂ ਹੋਈਆਂ। ਬੰਬਈ ਦੇ ਪ੍ਰਾਇਮਰੀ ਅਧਿਆਪਕਾਂ ਨੇ ਲੰਮੀ ਹੜਤਾਲ ਕੀਤੀ।
1946-47 'ਚ ਅੰਗਰੇਜ਼ੀ ਰਾਜ ਦੀ ਭਾਰਤੀ ਫੌਜ ਤੇ ਪੁਲਿਸ ਅੰਦਰ ਵੀ ਕੌਮੀ ਜਜ਼ਬੇ ਅੰਗੜਾਈਆਂ ਭਰਨ ਲੱਗੇ। ਆਜ਼ਾਦ ਹਿੰਦ ਫੌਜ ਦੀ ਬਗਾਵਤ ਨੇ ਭਾਰਤੀ ਫੌਜੀਆਂ 'ਚ ਦੇਸ਼ ਭਗਤੀ ਦੀ ਭਾਵਨਾ ਦਾ ਪਸਾਰਾ ਕਰਨ 'ਚ ਰੋਲ਼ ਨਿਭਾਇਆ। ਸ਼ਾਹੀ ਸਮੁੰਦਰੀ ਫੌਜ ਦੀਆਂ ਸਫ਼ਾਂ ਨੇ ਪਹਿਲਾਂ ਬੰਬਈ ਵਿੱਚ, ਫਿਰ ਕਰਾਚੀ, ਕਲਕੱਤਾ ਤੇ ਮਦਰਾਸ 'ਚ ਬਗਾਵਤ ਦੇ ਝੰਡੇ ਝੁਲਾ ਦਿੱਤੇ। 22 ਫਰਵਰੀ 1946 ਨੂੰ ਬਾਗੀ ਜਹਾਜ਼ੀਆਂ ਨੇ ਜੰਗੀ ਬੇੜੇ ਦੇ 22 ਜਹਾਜ਼ਾਂ ਤੇ ਕਬਜ਼ਾ ਕਰ ਲਿਆ। ਫਿਰ ਬਾਗੀ ਜਹਾਜ਼ੀਆਂ ਦੀ ਗਿਣਤੀ 20,000 ਹੋ ਗਈ ਜਿੰਨ੍ਹਾਂ ਦਾ 78 ਜਹਾਜ਼ਾਂ ਅਤੇ 20 ਸਮੁੰਦਰੀ ਫੌਜੀ ਟਿਕਾਣਿਆਂ ਤੇ ਕਬਜ਼ਾ ਹੋ ਗਿਆ। ਵੱਡੇ ਸ਼ਹਿਰਾਂ 'ਚ ਬਾਗੀ ਫੌਜੀਆਂ ਦੀ ਹਮਾਇਤ 'ਚ ਲੋਕਾਂ ਦੇ ਵੱਡੇ ਮੁਜ਼ਾਹਰੇ ਹੋਏ ਤੇ ਫੌਜ ਨਾਲ ਟੱਕਰਾਂ ਹੋਈਆਂ। ਭਾਂਵੇਂ ਗੱਦਾਰ ਕਾਂਗਰਸੀ ਲੀਡਰਾਂ ਨੇ ਵਰਗਲਾ ਕੇ ਇਹਨਾਂ ਬਾਗੀਆਂ ਤੋਂ ਹਥਿਆਰ ਸੁੱਟਵਾ ਦਿੱਤੇ ਪਰ ਇਹਨਾਂ ਬਗਾਵਤਾਂ ਨੇ ਅੰਗਰੇਜ਼ ਸਾਮਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਤੇ ਆਪਣੇ ਰਾਜ ਦੀ ਸਲਾਮਤੀ ਦਾ ਸੰਸਾ ਖੜ੍ਹਾ ਕਰ ਦਿੱਤਾ। ਇਸ ਸੰਸੇ ਦਾ ਪ੍ਰਗਟਾਵਾ ਆਖਰੀ ਵਾਇਸਰਾਏ ਦੇ ਚੀਫ਼ ਆਫ ਸਟਾਫ ਲਾਰਡ ਇਸਮੇ ਦੇ ਸ਼ਬਦਾਂ 'ਚ ਇਉਂ ਹੋਇਆ:
''ਮਾਰਚ 1947 ਵਿੱਚ ਭਾਰਤ, ਅੱਧ ਸਮੁੰਦਰ ਵਿੱਚ ਬਾਰੂਦ ਨਾਲ ਭਰੇ ਤੇ ਅੱਗ ਦੀਆਂ ਲਪਟਾਂ 'ਚ ਘਿਰੇ ਸਮੁੰਦਰੀ ਜਹਾਜ਼ ਵਾਂਗ ਸੀ। ਉਸ ਸਮੇਂ ਮਸਲਾ ਇਹ ਸੀ ਕਿ ਬਾਰੂਦ ਤੱਕ ਪਹੁੰਚਣ ਤੋਂ ਪਹਿਲਾਂ ਅੱਗ ਨੂੰ ਕਿਵੇਂ ਬੁਝਾਇਆ ਜਾਵੇ।''
ਇਸ ਤੋਂ ਬਿਨਾਂ ਦੂਜੀ ਸੰਸਾਰ ਜੰਗ 'ਚ ਕਮਜ਼ੋਰ ਹੋਇਆ ਬਰਤਾਨਵੀ ਸਾਮਰਾਜ ਆਪਣੀ ਬਸਤੀਆਨਾ ਸਲਤਨਤ ਨੂੰ ਕਾਇਮ ਰੱਖਣ ਤੋਂ ਲੜਖੜਾ ਰਿਹਾ ਸੀ ਤੇ ਉਹ ਨਵੀਂ ਉਭਰੀ ਸਾਮਰਾਜੀ ਸ਼ਕਤੀ ਅਮਰੀਕਾ ਦੇ ਭਾਰੀ ਦਬਾਅ ਹੇਠ ਵੀ ਸੀ। ਉਹਦੇ ਲਈ ਬਾਗੀ ਹੋ ਰਹੀ ਜਨਤਾ ਨੂੰ ਆਪਣੇ ਜੂਲੇ ਹੇਠ ਡੰਡੇ ਨਾਲ ਰੱਖਣਾ ਦਿਨੋਂ ਦਿਨ ਮੁਸ਼ਕਿਲ ਹੋ ਰਿਹਾ ਸੀ। ਅਜਿਹੇ ਸਮੇਂ ਕਾਂਗਰਸ ਨੇ ਇਹਨਾਂ ਸੰਘਰਸ਼ਾਂ ਨੂੰ ਕਮਜ਼ੋਰ ਕਰਨ ਤੇ ਖਿੰਡਾਉਣ ਲਈ ਤਾਣ ਲਾਇਆ, ਅੰਗਰੇਜ਼ਾਂ ਨੂੰ ਇਹਨਾਂ ਦੀ ਮਾਰ ਤੋਂ ਬਚਣ ਲਈ ਨਸੀਹਤਾਂ ਦਿੱਤੀਆਂ ਅਤੇ ਅਖੀਰ ਸਾਮਰਾਜੀ ਹਿੱਤਾਂ ਦੀ ਲੰਮੇ ਦਾਅ ਤੋਂ ਸਲਾਮਤੀ ਲਈ ਇਕ ਸੌਦੇ ਤਹਿਤ ਰਾਜ ਭਾਗ ਸਾਂਭ ਲਿਆ। ਇਹਨੂੰ ਲੋਕਾਂ ਦੇ ਰਾਜ ਤੇ ਜਮਹੂਰੀਅਤ ਵਜੋਂ ਪ੍ਰਚਾਰਿਆ ਗਿਆ ਜਦੋਂ ਅੱਧੀ ਰਾਤ ਨੂੰ ਗੱਦੀ ਸਾਂਭਣ ਦੇ ਜਸ਼ਨ ਮਨਾਏ ਜਾ ਰਹੇ ਸਨ ਤਾਂ ਦੂਜੇ ਪਾਸੇ ਫਿਰਕੂ ਦੰਗਿਆਂ ਦੀਆਂ ਲਾਟਾਂ ਉੱਠ ਰਹੀਆਂ ਸਨ। ਲੁੱਟਮਾਰ, ਬਲਾਤਕਾਰ ਤੇ ਘਰਾਂ ਦੇ ਉਜਾੜੇ ਦੇ ਵੈਣ ਪੈ ਰਹੇ ਸਨ। ਲੱਖਾਂ-ਕਰੋੜਾਂ ਲੋਕਾਂ ਦੀਆਂ ਲਾਸ਼ਾਂ 'ਤੇ ਰਚਿਆ ਗਿਆ ਆਜ਼ਾਦੀ ਦਾ ਨਾਟਕ ਲੋਕਾਂ ਨਾਲ ਧੋਖੇ ਦੀ ਦਾਸਤਾਨ ਬਣ ਗਿਆ।
ਆਜ਼ਾਦੀ ਪੂਰੀ ਤਰ੍ਹਾਂ ਨਕਲੀ ਹੈ
15 ਅਗਸਤ 1947 ਨੂੰ ਆਈ ਆਜ਼ਾਦੀ ਪੂਰੀ ਤਰ੍ਹਾਂ ਨਕਲੀ ਤੇ ਝੂਠੀ ਸੀ। ਭਾਰਤ ਅੰਗਰੇਜ਼ਾਂ ਦੀ ਸਿੱਧੀ ਬਸਤੀ ਤੋਂ ਅਸਿੱਧੀ 'ਚ ਤਬਦੀਲ ਹੋਇਆ ਸੀ, ਇਕ ਸਾਮਰਾਜੀ ਮੁਲਕ ਦੀ ਥਾਂ, ਕਈ ਮੁਲਕਾਂ ਦੀ ਲੁੱਟ ਤੇ ਦਾਬੇ ਦਾ ਅਖਾੜਾ ਬਣ ਗਿਆ ਸੀ। ਸਿੱਧੀ ਗੁਲਾਮੀ, ਚੋਰ ਗੁਲਾਮੀ 'ਚ ਬਦਲ ਗਈ। ਉਂਝ ਵੀ ਜਦੋਂ ਕਦੇ ਕਿਸੇ ਸਾਮਰਾਜੀ ਸ਼ਕਤੀ ਨੂੰ ਮੁਲਕ 'ਚੋਂ ਬਾਹਰ ਕੀਤਾ ਜਾਂਦਾ ਹੈ ਤਾਂ ਉਹਦੇ ਤਾਜ ਪੈਰਾਂ 'ਚ ਰੋਲ਼ ਦਿੱਤੇ ਜਾਂਦੇ ਹਨ, ਮੁਲਕ ਵਿਚਲੇ ਉਹਦੇ ਕਾਰੋਬਾਰ ਉਜਾੜ ਦਿੱਤੇ ਜਾਂਦੇ ਹਨ ਤੇ ਉਹਦਾ ਸਰਮਾਇਆ ਜ਼ਬਤ ਕਰਕੇ ਉਹਨੂੰ ਮੁਲਕ 'ਚੋਂ ਦਬੱਲਿਆ ਜਾਂਦਾ ਹੈ ਨਾ ਕਿ ਮਾਣ ਸਨਮਾਨ ਨਾਲ ਵਿਦਾਇਗੀ ਦਿੱਤੀ ਜਾਂਦੀ ਹੈ। ਪਰ ਇੱਥੇ ਅੰਗਰੇਜ਼ਾਂ ਦੇ ਹਿਤਾਂ ਨੂੰ ਆਂਚ ਨਾ ਆਉਣ ਦੇ ਭਰੋਸੇ ਦਿੱਤੇ ਗਏ। ਸੱਤਾ ਵੱਡੇ ਸਰਮਾਏਦਾਰਾਂ ਤੇ ਜਗੀਰਦਾਰਾਂ ਦੇ ਹੱਥ ਆਈ। ਰਾਜ ਪ੍ਰਬੰਧ ਜਿਉਂ ਦਾ ਤਿਉਂ ਰਿਹਾ।
1. ਰਾਜ ਸੱਤਾ ਸੌਂਪਣ ਦੇ ਇਵਜ਼ਾਨੇ ਵਜੋਂ ਨਵੇਂ ਭਾਰਤੀ ਹਾਕਮਾਂ ਨੇ ਅੰਗਰੇਜ਼ਾਂ ਨੂੰ ਭਰੋਸਾ ਦਿੱਤਾ ਕਿ ਭਾਰਤ ਅੰਗਰੇਜ਼ ਸਾਮਰਾਜੀਆਂ ਦੀ ਛਤਰ ਛਾਇਆ ਹੇਠ ਰਹੇਗਾ, ਕਾਮਨਵੈਲਥ ਦਾ ਮੈਂਬਰ ਬਣਿਆ ਰਹੇਗਾ। ਹੋਰ ਵਧੇਰੇ ਸਾਮਰਾਜੀ ਸਰਮਾਏ ਲਈ ਭਾਰਤ ਦੇ ਬੂਹੇ ਖੁੱਲ੍ਹੇ ਰਹਿਣਗੇ।
2. ਅੰਗਰੇਜ਼ ਸਾਮਰਾਜੀਆਂ ਵੱਲੋਂ ਭਾਰਤੀ ਲੋਕਾਂ ਤੇ ਗੁਲਾਮੀ ਦਾ ਰਾਜ ਕਾਇਮ ਰੱਖਣ ਲਈ, ਲੋਕਾਂ ਨੂੰ ਕੁੱਟਣ ਦਬਾਉਣ ਲਈ ਜੋ ਰਾਜ ਮਸ਼ੀਨਰੀ, ਫੌਜ, ਪੁਲਿਸ, ਕਚਹਿਰੀਆਂ ਤੇ ਕਾਨੂੰਨ ਦਾ ਢਾਂਚਾ ਸਥਾਪਤ ਕੀਤਾ ਗਿਆ ਸੀ, ਕਰ-ਉਗਰਾਹੀ ਦਾ ਜੋ ਸਿਸਟਮ ਬਣਾਇਆ ਗਿਆ ਸੀ, ਜਿਉਂ ਦਾ ਤਿਉਂ ਬਰਕਰਾਰ ਰੱਖਿਆ ਗਿਆ। ਅੰਗਰੇਜ਼ਾਂ ਪ੍ਰਤੀ ਵਫ਼ਾਦਾਰੀ ਦਿਖਾਉਣ ਵਾਲੇ ਅਫਸਰਾਂ ਖਿਲਾਫ਼ ਕਾਰਵਾਈ ਤਾਂ ਦੂਰ ਦੀ ਗੱਲ ਸੀ ਸਗੋਂ ਉਹਨਾਂ ਵੱਲੋਂ ਕੀਤੀ 'ਜਬਤ-ਪਾਲਣਾ' ਦੀ ਪ੍ਰਸੰਸਾ ਕੀਤੀ ਜਾਂਦੀ ਰਹੀ ਤੇ ਆਜ਼ਾਦੀ ਸੰਗਰਾਮ 'ਚ ਕੁੱਦੇ ਫੌਜੀਆਂ ਖਿਲਾਫ਼ ਬਣੇ ਕੇਸ ਬਰਕਰਾਰ ਰੱਖੇ ਗਏ ਤੇ ਮੁੜ ਫੌਜੀ ਸੇਵਾਵਾਂ 'ਚ ਬਹਾਲ ਨਹੀਂ ਕੀਤਾ ਗਿਆ।
3. ਅੰਗਰੇਜ਼ਾਂ ਦਾ ਬਸਤੀਵਾਦੀ ਕਾਨੂੰਨ ਪ੍ਰਬੰਧ ਕਾਇਮ ਰੱਖਿਆ ਗਿਆ। ਨਵੇਂ ਭਾਰਤੀ ਸੰਵਿਧਾਨ 'ਚ ਅੰਗਰੇਜ਼ਾਂ ਦੇ ਘੜੇ 1935 ਦੇ ਇੰਡੀਆ ਐਕਟ ਦੀਆਂ ਲਗਭਗ 250 ਧਾਰਾਵਾਂ ਨੂੰ ਸ਼ਬਦ-ਬਾ-ਸ਼ਬਦ ਦਰਜ ਕਰ ਲਿਆ ਗਿਆ। ਇਹ ਐਕਟ ਉਸੇ ਸਾਈਮਨ ਕਮਿਸ਼ਨ ਦੀਆਂ ਸਿਫਾਰਸ਼ਾਂ 'ਤੇ ਆਧਾਰਿਤ ਸੀ ਜਿਸਦਾ ਵਿਰੋਧ ਕਰਨ 'ਚ ਕਾਂਗਰਸ ਆਪ ਸਭ ਤੋਂ ਮੂਹਰੇ ਸੀ।
4. ਅੰਗਰੇਜ਼ ਸਾਮਰਾਜੀਆਂ ਵੱਲੋਂ ਗੁਆਂਢੀ ਛੋਟੇ ਮੁਲਕਾਂ ਨਾਲ ਦਬਸ਼ਪੂਰਨ ਸੰਧੀਆਂ ਕੀਤੀਆਂ ਹੋਈਆਂ ਸਨ। 1921 ਵਿਚ ਕਾਂਗਰਸ ਨੇ ਮਤਾ ਪਾ ਕੇ ਐਲਾਨ ਕੀਤਾ ਸੀ ਕਿ ਆਜ਼ਾਦ ਭਾਰਤ ਦੇ ਲੋਕ ਇਹ ਸੰਧੀਆਂ ਰੱਦ ਕਰਨਗੇ ਤੇ ਗੁਆਂਢੀ ਮੁਲਕਾਂ ਨਾਲ ਭਰਾਤਰੀ ਭਾਵ ਨਾਲ ਵਿਚਰਨਗੇ ਪਰ ਦਲਾਲ ਹਾਕਮ ਆਪਣੇ ਬੋਲਾਂ ਤੋਂ ਫਿਰ ਗਏ। ਸੰਧੀਆਂ ਜਿਉਂ ਦੀਆਂ ਤਿਉਂ ਬਰਕਰਾਰ ਰੱਖੀਆਂ ਤੇ ਗੁਆਂਢੀ ਮੁਲਕਾਂ 'ਤੇ ਦਾਬਾ ਪਾਉਂਦੇ ਰਹੇ। ਸਿੱਕਮ ਹੜੱਪ ਲਿਆ। ਨੇਪਾਲ, ਭੂਟਾਨ, ਸ੍ਰੀਲੰਕਾ ਤੇ ਦਾਬਾ ਪਾ ਕੇ ਰੱਖਿਆ ਹੋਇਆ ਹੈ।
5. ਜਗੀਰਦਾਰੀ ਨੂੰ ਬਰਕਰਾਰ ਰੱਖਿਆ ਗਿਆ। ਇਸਦੇ ਦਾਬੇ ਤੇ ਲੁੱਟ ਦੇ ਉਭਰਵੇਂ ਰੂਪ ਦੀ ਕੁਝ ਤਬਦੀਲੀ ਕੀਤੀ ਗਈ ਤੇ ਨਵੀਆਂ ਸ਼ਕਲਾਂ ਦਿੱਤੀਆਂ ਗਈਆਂ। ਭਾਰਤੀ ਯੂਨੀਅਨ 'ਚ ਮਿਲਾਏ ਰਜਵਾੜਿਆਂ ਦੀਆਂ ਜਾਇਦਾਦਾਂ ਛੇੜੀਆਂ ਤੱਕ ਨਾ ਗਈਆਂ ਸਗੋਂ ਭਾਰੀ ਪੈਨਸ਼ਨਾਂ ਦਿੱਤੀਆਂ ਗਈਆਂ। ਜੋ 1972 ਤੱਕ ਜਾਰੀ ਰਹੀਆਂ (ਨਵਾਬ ਹੈਦਾਰਬਾਦ ਨੂੰ 50 ਲੱਖ ਰੁਪੈ ਸਲਾਨਾ ਦੀ ਪੈਨਸ਼ਨ ਮਿਲਦੀ ਸੀ) ਬਹੁਤ ਸਾਰੇ ਰਾਜਿਆਂ ਨੂੰ ਰਾਜ ਪ੍ਰਬੰਧ 'ਚ ਸਨਮਾਨਯੋਗ ਪਦਵੀਆਂ ਦਿੱਤੀਆਂ ਗਈਆਂ।
6. ਅੰਗਰੇਜ਼ਾਂ ਦੀਆਂ ਲੋਕ ਵਿਰੋਧੀ ਪ੍ਰਸ਼ਾਸ਼ਨਿਕ ਸੇਵਾਵਾਂ ਬਰਕਰਾਰ ਰੱਖੀਆਂ ਗਈਆਂ। ਖੁਦ ਨਹਿਰੂ ਨੇ ਕਦੇ ਕਿਹਾ ਸੀ, ''ਜਿੰਨਾ ਚਿਰ ਤੱਕ ਸਾਡੇ ਪ੍ਰਸ਼ਾਸ਼ਨ ਅਤੇ ਜਨਤਕ ਸੇਵਾਵਾਂ ਉਪਰ ਆਈ.ਸੀ.ਐਸ. ਦੀ ਰੂਹ ਭਾਰੂ ਰਹੇਗੀ, ਕੋਈ ਨਵਾਂ ਨਿਜ਼ਾਮ ਨਹੀਂ ਉਸਾਰਿਆ ਜਾ ਸਕੇਗਾ। ਨਵੇਂ ਨਿਜ਼ਾਮ ਲਈ ਕੰਮ ਕਰਨ ਤੋਂ ਪਹਿਲਾਂ ਇਹਨਾਂ ਸੇਵਾਵਾਂ ਨੂੰ ਖਤਮ ਕਰਨਾ ਪਵੇਗਾ।'' ਪਰ ਸੱਤਾ ਬਦਲੀ ਤੋਂ ਬਾਅਦ ਇਹ ਪ੍ਰਸ਼ਾਸ਼ਕੀ ਢਾਂਚਾ ਜਿਉਂ ਦਾ ਤਿਉਂ ਕਬੂਲ ਕੀਤਾ ਗਿਆ। ਸਿਰਫ ਇਹਦਾ ਨਾਂ ਬਦਲ ਦਿੱਤਾ ਗਿਆ ਹੁਣ ਇਹਨੂੰ ਆਈ.ਏ.ਐਸ. ਕਿਹਾ ਜਾਣ ਲੱਗਾ।
1947 ਦੀ ਸੱਤਾ ਬਦਲੀ ਮੌਕੇ ਚੁੱਕੇ ਇਹ ਕਦਮ ਅਤੇ ਹੁਣ ਤੱਕ ਦੇ ਬੀਤੇ 64 ਸਾਲਾਂ ਦਾ ਇਹ ਅਮਲ ਸਾਬਤ ਕਰਦਾ ਹੈ ਕਿ 15 ਅਗਸਤ ਦੀ ਆਜ਼ਾਦੀ ਨਕਲੀ, ਦੰਭੀ ਤੇ ਝੂਠੀ ਹੈ। ਇਹਨੂੰ ਲੋਕਾਂ ਦਾ ਰਾਜ ਸਾਬਤ ਕਰਨ ਲਈ ਇਹਦੇ ਤੇ ਪਾਰਲੀਮੈਂਟ ਦਾ ਬੁਰਕਾ ਪਾ ਦਿੱਤਾ ਗਿਆ। ਪਰ ਏਸ ਬੁਰਕੇ ਹੇਠ ਛੁਪਿਆ ਰਾਜ ਪ੍ਰਬੰਧ ਸਾਮਰਾਜੀਆਂ ਤੇ ਉਹਨਾਂ ਦੇ ਦੇਸੀ ਦਲਾਲ ਸਰਮਾਏਦਾਰਾਂ ਤੇ ਜਗਰੀਦਾਰਾਂ ਦੇ ਹਿੱਤਾਂ ਦੀ ਸੇਵਾ ਕਰਦਾ ਆ ਰਿਹਾ ਹੈ। ਸਭ ਅਧਿਕਾਰ ਤੇ ਜਮਹੂਰੀਅਤ ਦੇ ਅਰਥ ਇਹਨਾਂ ਜਮਾਤਾਂ ਲਈ ਹਨ, ਲੋਕਾਂ ਕੋਲ ਸਿਰਫ਼ ਨਾਂ ਦੇ ਅਧਿਕਾਰ ਹਨ। ਮੁਲਕ ਦੇ ਸੰਸਾਰ ਦੀ ਸਭ ਤੋਂ ਵੱਡੀ ਜਮਹੂਰੀਅਤ ਹੋਣ ਦੇ ਦਾਅਵੇ ਫ਼ਰੇਬੀ ਹਨ। ਖਰੀ ਆਜ਼ਾਦੀ ਤੇ ਲੋਕਾਂ ਲਈ ਜਮਹੂਰੀਅਤ ਵਾਲੇ ਖੁਸ਼ਹਾਲ, ਸਵੈਨਿਰਭਰ, ਮੁਲਕ ਦੀ ਉਸਾਰੀ ਕਰਨ ਦਾ ਸਾਡੇ ਕੌਮੀ ਸ਼ਹੀਦਾਂ ਦਾ ਸੁਪਨਾ ਅਜੇ ਅਧੂਰਾ ਹੈ।
ਖਰੀ ਆਜ਼ਾਦੀ ਲਈ ਜਦੋਜਹਿਦ ਤੇਜ਼ ਕਰੋ
ਪਿਛਲੇ 64 ਸਾਲਾਂ ਤੋਂ ਸਾਡੇ ਲੋਕ 1947 ਮੌਕੇ ਕੌਮ ਦੇ ਲੀਡਰਾਂ ਦੀ ਗਦਾਰੀ ਦੀ ਕੀਮਤ 'ਤਾਰਦੇ ਆ ਰਹੇ ਹਨ। ਹੁਣ ਸਾਡੇ ਦੇਸ਼ 'ਤੇ ਕਿਸੇ ਇੱਕ ਸਾਮਾਰਾਜੀ ਤਾਕਤ ਦਾ ਸਿੱਧਾ ਗਲਬਾ ਨਹੀਂ ਸਗੋਂ ਇਹ ਧਰਤੀ ਕਈ ਵੱਡੇ ਸਾਮਰਾਜੀ ਮੁਲਕਾਂ ਦੇ ਮੁਨਾਫ਼ਿਆਂ ਦਾ ਸਾਧਨ ਬਣੀ ਹੋਈ ਹੈ। ਇਹ ਸਾਮਰਾਜੀ ਲੁੱਟ ਤੇ ਦਾਬਾ ਆਏ ਦਿਨ ਤਿੱਖਾ ਹੋ ਰਿਹਾ ਹੈ। ਮੁਲਕ ਦਿਨੋਂ ਦਿਨ ਗਹਿਰੇ ਹੁੰਦੇ ਜਾ ਰਹੇ ਚੌਤਰਫ਼ੇ ਸੰਕਟ 'ਚ ਘਿਰਿਆ ਹੋਇਆ ਹੈ। ਸਾਮਰਾਜੀ ਲੁੱਟ ਨੇ ਸਾਡੇ ਮੁਲਕ ਦੇ ਵਿਕਾਸ ਨੂੰ ਬੰਨ੍ਹ ਮਾਰਿਆ ਹੋਇਆ ਹੈ। ਸਾਡੇ ਲੋਕਾਂ ਨੇ ਕਦੀ ਵੀ ਇਸ 'ਆਜ਼ਾਦੀ' ਨੂੰ ਪ੍ਰਵਾਨ ਨਹੀਂ ਕੀਤਾ ਤੇ ਹੁਣ ਤੱਕ ਪੂਰੇ ਦੇਸ਼ 'ਚ ਹੀ ਲੋਕ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਜੂਝਦੇ ਆ ਰਹੇ ਹਨ। ਮੁਲਕ 'ਚ ਹੁਣ ਤੱਕ ਕਈ ਵੱਡੀਆਂ ਇਨਕਲਾਬੀ ਬਗਾਵਤਾਂ ਉੱਠੀਆਂ ਹਨ ਤੇ ਅਨੇਕਾਂ ਹੀ ਛੋਟੇ ਵੱਡੇ ਜਨਤਕ ਸੰਘਰਸ਼ ਲੜੇ ਗਏ ਹਨ। ਹੁਣ ਵੀ ਨਵੀਆਂ ਆਰÎਥਿਕ ਨੀਤੀਆਂ ਦੇ ਹੱਲੇ ਸਨਮੁੱਖ ਸਭਨਾਂ ਮਿਹਨਤਕਸ਼ ਤਬਕਿਆਂ ਦੇ ਸੰਘਰਸ਼ ਆਏ ਦਿਨ ਫੁੱਟ ਰਹੇ ਹਨ ਤੇ ਤਿੱਖੀਆਂ ਸ਼ਕਲਾਂ ਅਖਤਿਆਰ ਕਰ ਰਹੇ ਹਨ। ਪੂਰੇ ਦੇਸ਼ 'ਚ ਹੀ ਨਵੀਆਂ ਨੀਤੀਆਂ ਦੇ ਉਜਾੜੇ ਖਿਲਾਫ਼ ਸੰਘਰਸ਼ਾਂ ਦੇ ਮੋਰਚੇ ਭਖ਼ ਰਹੇ ਹਨ ਤੇ ਹਾਕਮਾਂ ਦੀ ਨੀਂਦ ਹਰਾਮ ਕਰ ਰਹੇ ਹਨ। ਦੇਸ਼ 'ਚ ਖਰੀ ਆਜ਼ਾਦੀ ਤੇ ਜਮਹੂਰੀਅਤ ਲਿਆਉਣ ਲਈ ਇਹਨਾਂ ਲੋਕ ਸੰਘਰਸ਼ਾਂ ਨੇ ਇਨਕਲਾਬ ਦੀ ਮੰਜ਼ਿਲ ਤੱਕ ਪੁੱਜਣਾ ਹੈ ਲੋਕ ਤਾਕਤ ਦੀ ਉਸਾਰੀ ਕਰਕੇ, ਸਾਮਰਾਜੀਆਂ ਤੇ ਉਹਨਾਂ ਦੇ ਸੇਵਾਦਾਰ ਦਲਾਲ ਭਾਰਤੀ ਹਾਕਮਾਂ ਦੇ ਮੌਜੂਦਾ ਰਾਜ-ਪ੍ਰਬੰਧ ਨੂੰ ਮੁੱਢੋਂ ਤਬਦੀਲ ਕਰਨਾ ਹੈ। ਸਾਡੀ ਹੁਣ ਤੱਕ ਦੀ ਕੌਮੀ ਮੁਕਤੀ ਲਹਿਰ 'ਚ ਵਿਸ਼ਾਲ ਮਜ਼ਦੂਰ ਕਿਸਾਨ ਜਨਸਮੂਹਾਂ ਨੂੰ ਇਨਕਲਾਬ ਦੀ ਸੋਝੀ ਦੇਣ ਦਾ ਕੰਮ ਮੁਲਕ ਦੇ ਨੌਜਵਾਨਾਂ ਨੇ ਕੀਤਾ ਹੈ ਅਤੇ ਹੁਣ ਵੀ ਇਹ ਜ਼ਿੰਮੇਵਾਰੀ ਅੱਜ ਦੀ ਨੌਜਵਾਨ ਪੀੜ੍ਹੀ ਦੇ ਸਿਰ ਹੈ।
ਆਓ, 15 ਅਗਸਤ ਦੇ ਦਿਨ 'ਤੇ ਨਕਲੀ ਆਜ਼ਾਦੀ ਤੇ ਹਾਕਮਾਂ ਦੇ ਦਾਅਵਿਆਂ ਦਾ ਪਰਦਾਚਾਕ ਕਰੀਏ। ਅਸਲੀ ਆਜ਼ਾਦੀ ਤੇ ਲੋਕਾਸ਼ਾਹੀ ਰਾਜ ਉਸਾਰਨ ਦਾ ਸੁਨੇਹਾ ਲੋਕਾਂ ਤੱਕ ਲੈ ਕੇ ਜਾਈਏ। ਸ਼ਹੀਦਾਂ ਦੇ ਅਧੂਰੇ ਰਹਿ ਗਏ ਉਦੇਸ਼ਾਂ ਦੀ ਪੂਰਤੀ ਲਈ ਜੂਝਣ ਦਾ ਅਹਿਦ ਲਈਏ।