Friday, 9 November 2012

ਸ਼ਰੂਤੀ ਦੀ ਪੁਲਸ ਹਿਰਾਸਤ ਖ਼ਤਮ ਕਰਵਾਉਣ ਲਈ ਬਠਿੰਡੇ 'ਚ ਵਿਸ਼ਾਲ ਮੁਜ਼ਾਹਰਾ


ਸ਼ਰੂਤੀ ਦੀ ਪੁਲਸ ਹਿਰਾਸਤ ਖ਼ਤਮ ਕਰਵਾਉਣ ਤੇ ਹੋਰ ਮੰਗਾਂ ਲਈ
ਬਠਿੰਡੇ 'ਚ ਵਿਸ਼ਾਲ ਮੁਜ਼ਾਹਰਾ
18 ਨਵੰਬਰ ਨੂੰ ਨਾਰੀ ਨਿਕੇਤਨ ਜਲੰਧਰ ਅੱਗੇ ਧਰਨੇ ਦਾ ਐਲਾਨ


ਬਠਿੰਡਾ 9 ਨਵੰਬਰ — ਗੁੰਡਾ ਗਰਦੀ ਵਿਰੋਧੀ ਐਕਸ਼ਨ ਕਮੇਟੀ ਫਰੀਦਕੋਟ ਦੇ ਸੱਦੇ 'ਤੇ ਅੱਜ ਭਾਰੀ ਗਿਣਤੀ 'ਚਤ ਜੁੜੇ ਮਰਦ ਔਰਤਾਂ ਵੱਲੋਂ ਬਠਿੰਡਾ ਦੇ ਮੁੱਖ ਬਜ਼ਾਰ 'ਚ ਰੋਹ ਭਰਪੂਰ ਮੁਜਾਹਰਾ ਕਰਨ ਉਪਰੰਤ ਮਿੰਨੀ ਸਕੱਤਰੇਤ ਅੱਗੇ ਰੋਸ ਧਰਨਾ ਦੇ ਕੇ ਮੰਗ ਕੀਤੀ ਗਈ ਕਿ ਸ਼ਰੂਤੀ ਨੂੰ ਫੌਰੀ ਮਾਪਿਆਂ ਹਵਾਲੇ ਕੀਤਾ ਜਾਵੇ ਅਤੇ ਨਾਰੀ ਨਿਕੇਤਨ ਦੇ ਨਾਮ ਹੇਠ ਉਸਦੀ ਗੈਰਕਾਨੂੰਨੀ ਤਰੀਕੇ ਨਾਲ ਪੁਲਸ ਹਿਰਾਸਤ ਖ਼ਤਮ ਕੀਤੀ ਜਾਵੇ, ਇਸ ਕੇਸ 'ਚ ਗੁੰਡਾ ਗ੍ਰੋਹ ਦੇ ਸਰਗਣੇ ਨਿਸ਼ਾਨ ਸਿੰਘ ਦਾ ਸਾਥ ਦੇਣ ਵਾਲੇ ਸਾਰੇ ਪੁਲਸ ਅਧਿਕਾਰੀਆਂ ਤੇ ਅਕਾਲੀ ਨੇਤਾਵਾਂ ਦੇ ਨਾਂਅ ਨਸ਼ਰ ਕਰਕੇ ਉਹਨਾਂ ਉੱਪਰ ਵੀ ਮੁਕੱਦਮੇ ਦਜ ਕੀਤੇ ਜਾਣ ਅਤੇ ਇਸ ਸਾਰੇ ਕੇਸ ਦੀ ਪੂਰੀ ਸਚਾਈ ਸਾਹਮਣੇ ਲਿਆਉਣ ਲਈ ਸੀ.ਬੀ.ਆਈ. ਤੋਂ ਜਾਂਚ ਕਰਾਈ ਜਾਵੇ।


ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਨੇ ਐਲਾਨ ਕੀਤਾ ਕਿ ਸ਼ਰੂਤੀ ਨੂੰ ਪੁਲਸ ਹਿਰਾਸਤ ਤੋਂ ਮੁਕਤ ਕਰਾਉਣ ਲਈ 18 ਨਵੰਬਰ ਨੂੰ ਨਾਰੀ ਨਿਕੇਤਨ ਜਲੰਧਰ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਇਕੱਠ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਇਸ ਕੇਸ 'ਚ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਬੀਤੇ ਦਿਨੀਂ ਪੁਲਸ ਦੇ ਕੁੱਲ ਰੋਲ ਨੂੰ ਜਾਇਜ਼ ਠਹਿਰਾਉਣ ਵਾਲੇ ਬਿਆਨ ਦੀ ਤਿੱਖੀ ਆਲੋਚਨਾ ਕੀਤੀ ਗਈ। ਉਹਨਾਂ ਆਖਿਆ ਕਿ ਲਗਭਗ ਇੱਕ ਮਹੀਨੇ ਬਾਅਦ ਸ਼ਰੂਤੀ ਦੀ ਬਰਾਮਦਗੀ ਪੁਲਸ ਦੀ ਮਿਹਨਤ ਦਾ ਸਿੱਟਾ ਨਹੀਂ, ਸਗੋਂ ਵਧੇ ਹੋਏ ਲੋਕ ਦਬਾਅ ਦਾ ਸਿੱਟਾ ਹੈ। ਉਹਨਾਂ ਕਿਹਾ ਕਿ ਸ਼ਰੂਤੀ ਨੂੰ ਡਰਾ ਧਮਕਾ ਕੇ ਗੁੰਡਾ ਗਰੋਹ ਦੇ ਪੱਖ 'ਚ ਬਿਆਨ ਦੁਆਉਣ 'ਚ ਨਾਕਾਮ ਰਹਿਣ ਤੋਂ ਬਾਅਦ ਹੁਣ ਪੁਲਸ ਵੱਲੋਂ ਨਿਸ਼ਾਨ ਸਿੰਘ ਖਿਲਾਫ਼ ਬਲਾਤਕਾਰ ਦਾ ਕੇਸ ਦਰਜ ਕਰਨ ਦੀ ਬਣੀ ਮਜ਼ਬੂਰੀ ਉਹਨਾਂ ਸਭਨਾਂ ਲੋਕਾਂ ਦੇ ਮੂੰਹ 'ਤੇ ਕਰਾਰੀ ਚਪੇੜ ਹੈ ਜੋ ਹਥਿਆਰਾਂ ਦੇ ਜ਼ੋਰ 'ਤੇ ਮਾਂ-ਬਾਪ ਨੂੰ ਬੁਰੀ ਤਰ•ਾਂ ਜ਼ਖਮੀ ਕਰਕੇ ਸ਼ਰੂਤੀ ਨੂੰ ਅਗਵਾ ਕਰਨ ਦੀ ਘਟਨਾ ਨੂੰ ਪਿਆਰ ਮੁਹੱਬਤ ਦੇ ਕਿੱਸੇ 'ਚ ਬਦਲਣ ਲਈ ਤਿੰਘ ਰਹੇ ਸਨ, ਜਿਹਨਾਂ 'ਚ ਬੈਂਸ ਤੋਂ ਇਲਾਵਾ ਕੁਝ ਗਿਹੀ ਜ਼ਮੀਰ ਵਾਲੇ ਪੱਤਰਕਾਰ ਵੀ ਸ਼ਾਮਲ ਸਨ। ਉਹਨਾਂ ਦੋਸ਼ ਲਾਇਆ ਕਿ ਸ਼ਰੂਤੀ ਨੂੰ ਕੈਦੀਆਂ ਨਾਲੋਂ ਵੀ ਮੰਦੀ ਹਾਲਤ 'ਚ ਰੱਖਿਆ ਜਾ ਰਿਹਾ ਹੈ ਜਿਸਦਾ ਉਘੜਵਾਂ ਸਬੂਤ ਹੈ ਕਿ ਉਸਨੂੰ ਆਪਣੇ ਕੇਸ ਦੀ ਪੈਰਵਾਈ ਲਈ ਵਕੀਲ ਕਰਨ ਵਾਸਤੇ ਵਕਾਲਤਨਾਮੇ ਉੱਪਰ ਵੀ ਦਸਤਖਤ ਨਹੀਂ ਕਰਨ ਦਿੱਤੇ ਅਤੇ ਮਾਪਿਆਂ ਨੂੰ ਵੀ ਪੁਲਸ ਕਰਮਚਾਰੀਆਂ ਦੀ ਹਾਜ਼ਰੀ 'ਚ ਮਿਲਾਇਆ ਜਾਂਦਾ ਹੈ। ਬੁਲਾਰਿਆਂ ਨੇ ਇਹ ਵੀ ਦੋਸ਼ ਲਾਇਆ ਕਿ ਸ਼ਰੂਤੀ ਅਗਵਾ ਕਾਂਡ ਦੇ ਮੁੱਖ ਮੁਲਜਮ ਨਿਸ਼ਾਨ ਸਿੰਘ ਸਮੇਤ ਹੁਣ ਤੱਕ ਫੜੇ ਗ੍ਰੋਹ ਮੈਂਬਰਾਂ 'ਤੇ ਦਰਜਨਾਂ ਹੀ ਲੁੱਟਾਂ, ਖੋਹਾਂ ਤੇ ਕਤਲਾਂ ਆਦਿ ਵਰਗੇ ਪਰਚੇ ਦਰਜ ਹਨ ਪਰ ਉਹਨਾਂ ਦੇ ਮੁਜਰਮਾਨਾਂ ਰੋਲ ਬਾਰੇ ਅੱਜ ਤੱਕ ਪੁਲਸ ਤੇ ਸਰਕਾਰ ਵੱਲੋਂ ਕੋਈ ਖੁਲਾਸਾ ਨਹੀਂ ਕੀਤਾ ਗਿਆ। ਉਹਨਾਂ ਆਖਿਆ ਕਿ ਇਸ ਗ੍ਰੋਹ ਨੂੰ ਹੁਕਮਰਾਨ ਅਕਾਲੀ ਦਲ ਬਾਦਲ ਦੇ ਉੱਚ ਪੱਧਰੇ ਆਗੂਆਂ ਦੀ ਛਤਰਛਾਇਆ ਮਿਲੀ ਹੋਈ ਹੈ, ਇਸੇ ਕਰਕੇ ਬਾਦਲ ਸਰਕਾਰ, ਉਸਦੀ ਅਫਸਰਸ਼ਾਹੀ ਤੇ ਪੁਲਸ ਉਹਨਾਂ ਨੂੰ ਬਚਾਉਣ ਲਈ ਹਰ ਹੰਭਲਾ ਵਰਤ ਰਹੀ ਹੈ ਇੱਥੋਂ ਤੱਕ ਅਦਾਲਤੀ ਕਾਰਵਾਈ ਨੂੰ ਪ੍ਰਭਾਵਤ ਕੀਤਾ ਜਾ ਚੁੱਕਾ ਹੈ। ਆਗੂਆਂ ਨੇ ਐਲਾਨ ਕੀਤਾ ਕਿ ਸ਼ਰੂਤੀ ਤੇ ਉਸਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਤੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਹਨਾਂ ਪੰਜਾਬ ਦੇ ਸਮੂਹ ਲੋਕਾਂ ਨੂੰ ਇਸ ਹੱਕੀ ਘੋਲ 'ਚ ਵਧ ਚੜ•ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। . . . .  .







Tuesday, 23 October 2012

ਸ਼ਰੂਤੀ ਅਗਵਾ ਮਾਮਲਾ


ਸ਼ਰੂਤੀ ਅਗਵਾ ਮਾਮਲਾ

ਤਿੰਨ ਕਾਲਜਾਂ ਦੀਆਂ ਵਿਦਿਆਰਥਣਾਂ ਵੱਲੋਂ ਰੋਸ ਮੁਜ਼ਾਹਰਾ

ਗੁੰਡਾ ਪੁਲਸ ਅਤੇ ਲੀਡਰਾਂ ਦੇ ਗੱਠਜੋੜ ਦਾ ਪੁਤਲਾ ਫੂਕਿਆ

ਫਰੀਦਕੋਟ ਦੀ ਐਕਸ਼ਨ ਕਮੇਟੀ ਅਤੇ ਸ਼ਰੂਤੀ ਦੇ
ਮਾਪਿਆਂ ਦੀ ਡਟਵੀਂ ਹਮਾਇਤ ਦਾ ਐਲਾਨ

ਗੁੰਡਿਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਈ
ਪੁਲਸ ਅਤੇ ਲੀਡਰਾਂ ਦੀ ਨਿਖੇਧੀ


ਅੱਜ ਬਠਿੰਡਾ ਸ਼ਹਿਰ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਵਿੱਚ ਸਰਕਾਰੀ ਆਈ.ਟੀ.ਆਈ. ਬਠਿੰਡਾ, ਪੰਜਾਬੀ ਯੂਨੀਵਰਸਿਟੀ ਰੀਜ਼ਨਲ ਸੈਂਟਰ ਬਠਿੰਡਾ ਅਤੇ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੀਆਂ ਵਿਦਿਆਰਥਣਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਇਹ ਰੋਸ ਮੁਜ਼ਾਹਰਾ ਸ਼ਰੂਤੀ ਅਗਵਾ ਕਾਂਡ ਸਬੰਧੀ ਸਾਹਮਣੇ ਆ ਰਹੇ ਪੁਲਸ ਅਤੇ ਸਿਆਸੀ ਆਗੂਆਂ ਦੇ ਰੋਲ ਵਿਰੁੱਧ ਕੀਤਾ ਗਿਆ। ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਵਿਦਿਆਰਥਣਾਂ ਨੇ ਹੱਥਾਂ ਵਿੱਚ ਤਖਤੀਆਂ ਫੜ• ਕੇ ਸ਼ਹਿਰ ਵਿਚ ਮੁਜ਼ਾਹਰਾ ਕੀਤਾ ਅਤੇ ਬਾਅਦ ਵਿੱਚ ਕਚਹਿਰੀਆਂ ਕੋਲ ਆ ਕੇ ਪੁਲਸ ਪ੍ਰਸ਼ਾਸਨ, ਗੁੰਡਾ ਗਰੋਹ ਅਤੇ ਸਿਆਸੀ ਲੀਡਰਾਂ ਦੇ ਫਾਸ਼ੀ ਗੱਠਜੋੜ ਦਾ ਪੁਤਲਾ ਫੂਕਿਆ। ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਸੂਬਾ ਆਗੂ ਸੁਮੀਤ ਅਤੇ ਸਰਬਜੀਤ ਮੌੜ ਨੇ ਕਿਹਾ ਕਿ ਸਿਆਸੀ ਲੀਡਰਾਂ ਦੀ ਸ਼ਹਿ 'ਤੇ ਪੰਜਾਬ ਪੁਲਸ ਅੱਜ ਵੀ ਦੋਸ਼ੀ ਨਿਸ਼ਾਨ ਸਿੰਘ ਨੂੰ ਨਿਰਦੋਸ਼ ਸਾਬਤ ਕਰਨ ਦੇ ਯਤਨਾਂ ਵਿੱਚ ਹੈ। ਇਸੇ ਤਹਿਤ  ਹੀ ਅੱਜ ਪੰਜਾਬ ਪੁਲਸ ਦੇ ਮੁਖੀ ਦਾ ਨਿੰਦਨਯੋਗ ਬਿਆਨ ਸਾਹਮਣੇ ਆਇਆ ਹੈ ਕਿ ਸ਼ਰੂਤੀ ਨੇ ਆਪਣੀ ਮਰਜ਼ੀ ਨਾਲ ਨਿਸ਼ਾਨ ਸਿੰਘ ਨਾਲ ਵਿਆਹ ਕਰਵਾਇਆ ਹੈ। ਏਥੇ ਵਿਚਾਰਨਯੋਗ ਨੁਕਤਾ ਇਹ ਹੈ ਕਿ ਸ਼ਰੂਤੀ ਨੂੰ ਪੱਤਰਕਾਰਾਂ ਸਾਹਮਣੇ ਪੇਸ਼ ਕਿਉਂ ਨਹੀਂ ਕੀਤਾ ਗਿਆ। ਜੂਨ ਵਿੱਚ ਅਗਵਾ ਹੋਣ ਤੋਂ ਬਾਅਦ 10 ਅਗਸਤ  ਨੂੰ ਸ਼ਰੂਤੀ ਨੇ ਪੁਲਸ ਸਾਹਮਣੇ ਪੇਸ਼ ਹੋ ਕੇ ਇਹ ਬਿਆਨ ਦਰਜ ਕਰਵਾਇਆ ਸੀ ਕਿ ਉਹ ਨਿਸ਼ਾਨ ਸਿੰਘ ਦੀ ਕੈਦ ਵਿੱਚੋਂ ਭੱਜ ਕੇ ਆਈ ਹੈ ਅਤੇ ਇਸ ਦੇ ਆਧਾਰ 'ਤੇ ਹੀ ਨਿਸ਼ਾਨ ਸਿੰਘ 'ਤੇ ਕੇਸ ਦਰਜ ਹੋਇਆ ਸੀ। ਇਸ ਕਰਕੇ ਪੁਲਸ ਮੁਖੀ ਦਾ ਇਹ ਬਿਆਨ ਅਸਲੀਅਤ ਦੇ ਉਲਟ ਹੈ। ਉਹਨਾਂ ਕਿਹਾ ਕਿ ਅਸਲ ਵਿੱਚ ਪੁਲਸ ਦੀ ਭੂਮਿਕਾ ਸ਼ਰੂਤੀ ਦੇ ਅਗਵਾ ਹੋਣ ਵੇਲੇ ਤੋਂ ਹੀ ਗੁੰਡਿਆਂ ਦੇ ਪੱਖੀ ਰਹੀ ਹੈ ਤਾਂ ਹੀ ਪੁਲਸ ਨੇ ਲੋਕ ਰੋਹ 'ਤੇ ਠੰਡਾ ਛਿੜਕਣ ਲਈ ਕਦੇ ਫੋਟੋ ਅਤੇ ਕਦੇ ਚਿੱਠੀ ਜਾਰੀ ਕਰਕੇ ਭੁਲੇਖੇ ਖੜ•ੇ ਕਰੇ ਜਾ ਰਹੇ ਹਨ। ਅੱਜ ਜਦੋਂ ਲੋਕ ਰੋਹ ਅੱਗੇ ਝੁਕਦਿਆਂ ਪੁਲਸ ਪ੍ਰਸ਼ਾਸਨ ਨੇ ਦੋਸ਼ੀ  ਨੂੰ ਗ੍ਰਿਫਤਾਰ ਕਰ ਲਿਆ ਹੈ ਤਾਂ ਪੁਲਸ ਮੁਖੀ ਦਾ ਉਕਤ ਬਿਆਨ ਵੀ ਗੁੰਡਿਆਂ ਨੂੰ ਬਚਾਉਣ ਵਾਲਾ ਹੀ ਹੈ। ਇਸ ਸਰਕਾਰੀ ਸ਼ਹਿ ਕਰਕੇ ਹੀ ਸਮਾਜ ਵਿਰੋਧੀ ਗੁੰਡਾ ਅਨਸਰਾਂ ਨੂੰ ਖੁੱਲ ਮਿਲ ਰਹੀ ਹੈ। ਏਸੇ ਕਰਕੇ ਹੀ ਦੋ ਦਿਨ ਪਹਿਲਾਂ ਭਗਤਾ ਭਾਈ ਕੇ ਵਿਖੇ ਇੱਕ ਲੜਕੀ ਨਾਲ ਸਮੂਹਿਕ ਬਲਾਤਕਾਰ ਹੋਇਆ ਅਤੇ ਕੱਲ• ਮਾਛੀਵਾੜੇ ਅੱਠ ਸਾਲ ਦੀ ਬੱਚੀ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਵਾਪਰੀ ਹੈ। ਔਰਤਾਂ ਲਈ ਉੱਸਰ ਰਹੇ ਇਸ ਅਸੁਰੱਖਿਅਤ ਮਾਹੌਲ ਦੀ ਜੁੰਮੇਵਾਰੀ ਸਾਡੇ ਸਿਆਸੀ ਆਗੂਆਂ ਅਤੇ ਪੁਲਸ ਪ੍ਰਸ਼ਾਸਨ ਦੀ ਹੈ।
ਉਨ•ਾਂ ਅੱਗੇ ਕਿਹਾ ਕਿ ਸ਼ਰੂਤੀ ਦੇ ਮਾਪੇ ਅਤੇ ਸੰਘਰਸ਼ ਕਮੇਟੀ ਨੇ ਡੀ ਜੀ ਪੀ ਦੇ ਬਿਆਨ ਨੂੰ ਅਪ੍ਰਵਾਨ ਕਰਕੇ ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਤੋਂ ਸਪੱਸ਼ਟੀਕਰਨ ਮੰਗਿਆ ਤਾਂ ਮੁੱਖ ਮੰਤਰੀ ਨੇ ਫਰੀਦਕੋਟ ਆਉਣ ਦਾ ਪ੍ਰੋਗਰਾਮ ਹੀ ਰੱਦ ਕਰ ਦਿੱਤਾ। ਏਥੋਂ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਸਰਕਾਰ ਦੀ ਭਮਿਕਾ ਵੀ ਇਸ ਮਾਮਲੇ ਵਿੱਚ ਸ਼ੱਕੀ ਹੈ। ਉਹਨਾਂ ਕਿਹਾ ਕਿ ਸ਼ਰੂਤੀ ਦੇ ਮਾਪਿਆਂ ਅਤੇ ਸੰਘਰਸ਼ ਕਮੇਟੀ ਨੇ ਪੂਰਾ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਅੱਜ ਦਾ ਮੁਜ਼ਾਹਰਾ ਵੀ ਫਰੀਦਕੋਟ ਦੀ ਸੰਘਰਸ਼ ਕਮੇਟੀ ਦੇ ਸਮਰਥਨ ਵਿੱਚ ਕੀਤਾ ਗਿਆ ਹੈ। ਸੰਘਰਸ਼ ਕਮੇਟੀ ਦੇ ਸੱਦੇ ਨੂੰ ਲਾਗੂ ਕਰਨ ਲਈ 24 ਸਤੰਬਰ ਨੂੰ ਵੱਖ ਵੱਖ ਜੱਥੇਬੰਦੀਆਂ ਵੱਲੋਂ ਬਠਿੰਡਾ ਵਿਖੇ ਕੀਤੇ ਜਾ ਰਹੇ ਪੁਤਲਾ ਸਾੜ ਐਕਸ਼ਨ ਵਿੱਚ ਵੀ ਵਿਦਿਆਰਥੀ ਜੱਥੇਬੰਦੀ ਸ਼ਾਮਲ ਹੋਵੇਗੀ। ਇਸ ਮੌਕੇ 'ਤੇ ਸੰਦੀਪ ਚੱਕ, ਡੇਵਿਡ ਮਹਿਤਾ, ਹਰਵਿੰਦਰ ਸਿੰਘ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ , ਸਿਮਰਜੀਤ ਕੌਰ, ਵੀਰਪਾਲ ਕੌਰ, ਰੇਖਾ ਰਾਣੀ, ਬਿਸ਼ਨਦੀਪ ਕੌਰ, ਹਰਪ੍ਰੀਤ ਕੌਰ, ਕਿਰਨਜੀਤ ਕੌਰ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਕੁਲਵਿੰਦਰ ਚੁੱਘੇ ਅਤੇ ਅਸ਼ਵਨੀ ਕੁਮਾਰ ਵੀ ਹਾਜ਼ਰ ਸਨ। 
 A Preparatory Gathering a day before the Protest March








ਵੱਲੋਂ — ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ)
ਸੂਬਾ ਆਗੂ — ਸੁਮੀਤ (94170-24641)

Saturday, 29 September 2012

ਪਹਿਲਾ ਇਨਕਲਾਬੀ ਰੰਗ ਮੰਚ ਦਿਹਾੜਾ


ਰੰਗ ਕਰਮੀਆਂ ਅਤੇ ਮਿਹਨਤਕਸ਼ ਲੋਕਾਂ ਗਲੇ ਲੱਗ ਕੇ ਮਨਾਇਆ
ਗੁਰਸ਼ਰਨ ਸਿੰਘ ਯਾਦਗਾਰੀ ਇਨਕਲਾਬੀ ਰੰਗ ਮੰਚ ਦਿਹਾੜਾ

ਬੀਤੇ ਵਰ੍ਹੇ 27 ਸਤੰਬਰ ਨੂੰ ਵਿੱਛੜੇ ਪ੍ਰਤੀਬੱਧਤ, ਨਿਹਚਾਵਾਨ ਸ਼ਰੋਮਣੀ ਨਾਟਕਕਾਰ ਪਲਸ ਮੰੰਚ ਦੇ ਬਾਨੀ, ਇਨਕਲਾਬੀ ਜਮਹੂਰੀ ਲਹਿਰ ਦੇ ਥੰਮ੍ਹ ਅਤੇ ਸਮਾਜਿਕ ਬਰਾਬਰੀ ਭਰੇ ਸਮਾਜ ਦੀ ਸਿਰਜਣਾ ਲਈ ਸਦਾ ਸਫਰ 'ਤੇ ਰਹੇ ਗੁਰਸ਼ਰਨ ਸਿੰਘ ਦੀ ਪਹਿਲੀ ਸੂਬਾਈ ਬਰਸੀ ਇਨਕਲਾਬੀ ਰੰਗ ਮੰਚ ਦਿਹਾੜੇ ਵਜੋਂ ਮਨਾਈ ਗਈ | ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਤੇ ਇਸ ਯਾਦਗਾਰੀ ਸਭਿਆਚਾਰਕ ਉਤਸਵ ਦੇ ਮੰਚ ਸੰਚਾਲਕ ਅਮੋਲਕ ਸਿੰਘ ਨੇ ਇਨਕਲਾਬੀ ਰੰਗ ਮੰਚ ਦਿਹਾੜੇ ਦੀ ਮਹੱਤਤਾ ਬਾਰੇ ਖਚਾ ਖਚ ਭਰੇ ਪੰਡਾਲ ਨੂੰ ਦੱਸਦਿਆਂ ਕਿਹਾ ਕਿ 27 ਸਤੰਬਰ ਗੁਰਸ਼ਰਨ ਭਾਅ ਜੀ ਦੇ ਵਿਛੋੜੇ ਅਤੇ 28 ਸਤੰਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਵਿਚਕਾਰਲੀ ਇਸ ਰਾਤ ਨੂੰ ਪੰਜਾਬ ਦੇ ਕੋਨੇ ਕੋਨੇ ਤੋਂ ਰੰਗ ਕਰਮੀਆਂ, ਲੇਖਕਾਂ, ਸਾਹਿਤਕਾਰਾਂ, ਬੁੱਧੀਜੀਵੀਆਂ ਅਤੇ ਮਿਹਨਤਕਸ਼ ਲੋਕਾਂ, ਉਨ੍ਹਾਂ ਦੀਆਂ ਪ੍ਰਤੀਨਿਧ ਜਨਤਕ ਜੱਥੇਬੰਦੀਆਂ ਦਾ ਸੈਲਾਬ, ਇਨ੍ਹਾਂ ਮਹਾਨ ਹਸਤੀਆਂ ਦੇ ਸੁਪਨਿਆਂ ਦੀ ਪੂਰਤੀ ਲਈ ਆਪੋ ਆਪਣੀ ਵਿਸ਼ੇਸ ਕਲਾ ਅਤੇ ਸੰਗਰਾਮ ਦੇ ਦੋਵੇਂ ਖੇਤਰਾਂ ਅੰਦਰ, ਇਨ੍ਹਾਂ ਦੀ ਸਾਂਝੀ ਵੇਲ -ਵਲੰਗੜੀ ਦੀ ਇਤਿਹਾਸਕ ਭੂਮਿਕਾ ਨੂੰ  ਉੱਚਿਆਉਣ ਅਤੇ ਨਵੇਂ ਮੁਕਾਮ 'ਤੇ ਪਹੁੰਚਾਉਣ ਲਈ ਦ੍ਰਿੜ ਸੰਕਲਪ ਹੈ| ਜਿਸ ਦੇ ਗੌਰਵਮਈ ਪ੍ਰਮਾਣ ਭਵਿਖ ਦੇ ਰੰਗ ਮੰਚ ਦਾ ਸਿਰਨਾਵਾਂ ਬਣਨਗੇ |
ਸੈਕਟਰ 23 23 ਸਥਿਤ ਬਾਲ-ਭਵਨ ਦੇ ਖੁੱਲ੍ਹੇ ਵਿਸ਼ਾਲ ਪੰਡਾਲ ਵਿੱਚ  ਪੁੱਜੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਨਕਲਾਬੀ ਸਭਿਆਚਾਰਕ ਜੋਲ ਮੇਲੇ ਦਾ ਰੂਪ ਧਾਰਨ ਕਰਨ ਬਾਰੇ ਬੋਲਦਿਆਂ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਮੰਚ ਤੇ ਲੱਗੀਆਂ ਸ੍ਰੀ ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ, ਉਨ੍ਹਾਂ ਦੇ ਆਦਰਸ਼ਾਂ ਨੂੰ ਪਰਨਾਈਆਂ ਸਭਿਆਚਾਰਕ ਕਲਾ ਕਿਰਤਾਂ ਅਤੇ ਤਕਰੀਰਾਂ ਮਹਿਜ਼ ਸ਼ਰਧਾ ਭਾਵਨਾ ਨਾਲ ਲਬਰੇਜ਼ ਨਹੀਂ ਸਗੋਂ 'ਕਲਾ ਲੋਕਾਂ ਲਈ'  ਅਤੇ 'ਇਨਕਲਾਬ ਲੋਕਾਂ ਦੀ ਮੁਕਤੀ ਲਈ' ਦੀ ਸੋਚ ਦਾ ਪਰਚਮ ਆਖਰੀ ਦਮ ਤੱਕ ਬੁਲੰਦ ਰੱਖਣ ਵਾਲਿਆਂ ਨੂੰ ਸੱਚੀ ਸ਼ਰਧਾਂਜਲੀ ਇਹ ਹੈ ਕਿ ਉਨ੍ਹਾਂ ਵੱਲੋਂ ਦਰਸਾਏ ਹਨੇਰੇ ਤੋਂ ਰੌਸ਼ਨੀ ਵੱਲ ਦੇ ਅਰੁੱਕ ਅਤੇ ਅਮੁੱਕ ਸਫਰ  'ਤੇ ਅੱਗੇ ਵਧਿਆ ਜਾਏ, ਅੱਜ ਦਾ ਇਕੱਠ ਇਹੋ ਅਹਿਦ ਕਰਨ ਲਈ ਜੁੜਿਆ ਹੈ| 
ਅਮੋਲਕ ਸਿੰਘ ਨੇ ਬੋਲਦਿਆਂ ਉਨ੍ਹਾਂ ਸਭਨਾਂ ਰੰਗ ਟੋਲੀਆਂ ਅਤੇ ਹਮਾਇਤੀ ਕੰਨ੍ਹਾਂ ਲਾਉਣ ਵਾਲੀਆਂ ਸਮੂਹ ਜੱਥੇਬੰਦੀਆਂ ਨੂੰ ਮੁਬਾਰਕਵਾਦ ਦਿੱਤੀ ਜਿਨ੍ਹਾਂ ਦੇ  ਸਾਂਝੇ ਉੱਦਮ ਸਦਕਾ ਪੰਜਾਬ ਦੇ ਪਿੰਡਾਂ, ਕਸਬਿਆਂ, ਮੁਹੱਲਿਆਂ, ਸਕੂਲਾਂ, ਕਾਲਜਾਂ ਯੂਨੀਵਰਸਿਟੀਆਂ ਅਤੇ ਹੋਰ ਅਦਾਰਿਆਂ ਵਿੱਚ ਕੋਈ 300 ਥਾਵਾਂ ਤੇ ਨੁੱਕੜ-ਨਾਟਕ, ਨਾਟਕ,  ਗੀਤ -ਸੰਗੀਤ, ਸੈਮੀਨਾਰ, ਵਿਚਾਰ ਚਰਚਾਵਾਂ, ਜਾਗੋਆਂ, ਮਸ਼ਾਲ ਮਾਰਚ, 'ਸਦਾ ਸਫਰ ਤੇ  ਭਾਅ ਜੀ ਗੁਰਸ਼ਰਨ ਸਿੰਘ' ਦਸਤਾਵੇਜੀ ਫਿਲਮ (ਨਿਰਦੇਸ਼ਕ ਮਾਸਟਰ ਤਰਲੋਚਨ ਸਿੰਘ) ਸਮੇਤ ਕਿੰਨੇ ਹੀ ਰੂਪਾਂ ਰਾਹੀਂ 300 ਥਾਵਾਂ ਤੇ ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀ ਸੋਚ ਦਾ ਸੁਨੇਹਾ ਜੋਸ਼ੋ-ਖਰੋਸ਼ ਨਾਲ ਲੈ ਕੇ ਜਾਣ ਉਪਰੰਤ ਅੱਜ ਚੰਡੀਗੜ੍ਹ ਵਿਖੇ ਇਨਕਲਾਬੀ ਰੰਗ ਮੰਚ ਦਿਹਾੜਾ ਸਮਾਗਮ ਇਨ੍ਹਾਂ ਸਰਗਰਮੀਆਂ ਦੀ ਲੜੀ ਦਾ ਸਿਖਰ ਹੋ ਨਿਬੜਿਆ ਹੈ| ਜਿਸ ਤੋਂ ਭਵਿਖ ਅੰਦਰ ਇਨਕਲਾਬੀ ਰੰਗ ਮੰਚ ਦੀਆਂ ਸ਼ਾਨਦਾਰ ਪਿਰਤਾਂ ਪਾਉਣ ਦੇ ਸਮਰੱਥ ਹੋਣ ਦੀ ਆਸ ਬੱਝੀ ਹੈ| 
ਪੰਜਾਬ  ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਸ਼ਰਨ ਸਿੰਘ ਦੀ ਧੀ, ਡਾ. ਅਰੀਤ ਨੇ ਕਿਹਾ ਕਿ ਪੰਜਾਬ ਦੇ ਦੂਰ-ਦੁਰਾਡੇ ਖੇਤਰਾਂ ਤੱਕ ਮੈਂ, ਮੇਰੀ ਭੈਣ ਡਾ. ਨਵਸ਼ਰਨ ਅਤੇ ਡਾ. ਅਤੁਲ ਨੇ  ਜਿਵੇਂ ਇਨਕਲਾਬੀ ਰੰਗ ਮੰਚ ਮੁਹਿੰਮ ਵਿੱਚ ਲੋਕਾ ਦਾ ਉਤਸ਼ਾਹੀ ਹੁੰਗਾਰਾ ਤੱਕਿਆ ਹੈ ਉਸ ਤੋਂ ਵਿਸ਼ਵਾਸ ਨਾਲ ਕਹਿ ਸਕਦੀ ਹਾਂ ਕਿ ਭਾਵੇਂ ਸਾਡੇ ਪਾਪਾ ਜਿਸਮਾਨੀ ਤੌਰ ਤੇ ਸਾਡੇ ਦਰਮਿਆਨ ਨਹੀਂ ਰਹੇ ਪਰ ਆਉਣ ਵਾਲੇ ਕੱਲ੍ਹ ਅੰਦਰ ਉਨ੍ਹਾਂ ਦੇ ਰੰਗ ਮੰਚ, ਉਨ੍ਹਾਂ ਦੀ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਵਾਲੇ ਅਸਲੀ ਨਾਇਕ, ਲੋਕ, ਇਨਕਲਾਬੀ ਜਨਤਕ ਸ਼ਕਤੀ ਨਵੀਆਂ ਪੈੜਾਂ ਪਾਏਗੀ | 
ਡਾ. ਅਰੀਤ ਨੇ ਦਲਿਤ ਵਰਗ, ਉਜਾੜੇ ਮੂੰਹ ਆਈ ਕਿਸਾਨੀ, ਪੰਜਾਬ ਦੀ ਜੁਆਨੀ ਅਤੇ ਔਰਤਾਂ ਨੂੰ ਵਿਸ਼ੇਸ ਤੌਰ ਤੇ ਮੁਖਾਤਬ ਹੁੰਦਿਆਂ ਕਿਹਾ ਕਿ ਇਨ੍ਹਾਂ ਦੀ ਜਾਗਦੀ ਅੱਖ ਵਾਲੀ ਅਤੇ ਆਪਾ ਸਮਰਪਤ ਭਾਵਨਾਂ ਵਾਲੀ ਲੋਕ-ਸ਼ਕਤੀ ਸਾਡੇ ਗਲੇ ਸੜੇ ਸਮਾਜ ਨੂੰ ਮੁੱਢੋਂ ਸੁੱਢੋਂ  ਬਦਲ ਕੇ ਨਵਾਂ ਨਰੋਆ ਅਤੇ ਲੋਕਾਂ ਦੀ ਪੁੱਗਤ ਵਾਲਾ ਸਮਾਜ, ਸਿਰਜਣ ਦੀ ਸਮਰੱਥਾ ਰੱਖਦੀ ਹੈ |
ਪਲਸ ਮੰਚ ਦੇ ਜਨਰਲ, ਸਕੱਤਰ ਕੰਵਲਜੀਤ ਖੰਨਾ ਨੇ ਪੰਜਾਬ ਦੀ ਸਮੁੱਚੇ ਰੰਗ ਮੰਗ ਅਤੇ ਉਸਦੀ ਮੱਦਦ 'ਤੇ ਨਿੱਤਰੇ ਲੋਕ -ਹਿੱਸਿਆਂ ਵੱਲੋਂ ਇਨਕਲਾਬੀ ਰੰਗ ਮੰਚ ਦਿਹਾੜਾ ਹਰ ਵਰ੍ਹੇ ਮਨਾਉਣ ਦੀ ਪਿਰਤ ਨੂੰ ਪੱਕੇ ਪੈਰੀਂ  ਕਰਨ ਬਾਰੇ ਅਹਿਦ ਪੜ੍ਹਿਆ | ਭਰੇ ਪੰਡਾਲ ਨੇ ਦੋਵੇਂ ਬਾਹਵਾਂ ਖੜ੍ਹੀਆਂ ਕਰਕੇ, ਤਾੜੀਆਂ ਅਤੇ ਨਾਅਰਿਆਂ ਦੀ ਗੂੰਜ 'ਚ ਅਹਿਦ ਲਿਆ ਕਿ ਗੁਰਸ਼ਰਨ ਸਿੰਘ ਦੇ ਨਾਟ-ਸੰਸਾਰ ਦੀ ਅਮਿਟ ਦੇਣ ਦਾ ਝੰਡਾ ਹਮੇਸ਼ਾ ਬੁਲੰਦ ਰੱਖਿਆ  ਜਾਵੇਗਾ | ਗੁਰਸ਼ਰਨ ਸਿੰਘ ਦਾ ਰੰਗ ਮੰਚ ਅਜੋਕੇ ਮਲਕ ਭਾਗੋਆਂ ਨਾਲੋਂ ਲਕੀਰ ਖਿੱਚ ਕੇ ਚੱਲੇਗਾ ਜਿਹੜੇ ਕਿਰਤੀ ਲੋਕਾਂ, ਮੁਲਕ ਦੇ ਕੁਦਰਤੀ ਮਾਲ-ਖਜਾਨਿਆਂ ਅਤੇ ਕਲਾ-ਕੌਸ਼ਲਤਾ ਨੂੰ ਦੇਸ਼ੀ-ਵਿਦੇਸ਼ੀ ਧੜਵੈਲਾਂ ਅੱਗੇ ਪਰੋਸ ਕੇ ਮੁਲਕ ਨੂੰ ਭੁੱਖ-ਨੰਗ, ਗਰੀਬੀ, ਮਹਿੰਗਾਈ, ਕਰਜੇ, ਬੇਰੁਜ਼ਗਾਰੀ, ਸਿੱਖਿਆ ਸਿਹਤ ਦੇ ਉਧਾਲੇ, ਖੁਦਕੁਸ਼ੀਆਂ, ਜਮਹੂਰੀ ਹੱਕਾਂ ਦੇ ਘਾਣ ਅਤੇ ਅੰਨ੍ਹੇ ਜਬਰ  ਦੇ ਮੂੰਹ ਧੱਕ ਰਹੇ ਹਨ | 
ਇਸ ਮੌਕੇ ਗੁਰਸ਼ਰਨ ਸਿੰਘ ਦੀ ਵੱਡੀ ਬੇਟੀ ਨਵਸ਼ਰਨ, ਉਨ੍ਹਾਂ ਦੇ ਜੀਵਨ ਸਾਥੀ ਅਤੁਲ, ਗੁਰਸ਼ਰਨ ਸਿੰਘ ਦੀ ਜੀਵਨ ਸਾਥਣ ਸ੍ਰੀਮਤੀ ਕੈਲਾਸ਼ ਕੌਰ ਭਾਅ ਜੀ ਦੀ ਭੈਣ ਮਹਿੰਦਰ ਕੌਰ, ਬਹਿਨੋਈ ਅਤੇ ਉੱਘੇ ਵਿਦਵਾਨ  ਪ੍ਰੋ. ਰਣਧੀਰ ਸਿੰਘ ਅਤੇ ਦੋਹਤਰੀ ਨੇ ਜਦੋਂ ਗੁਰਸ਼ਰਨ ਸਿੰਘ ਹੋਰਾਂ ਦੀ ਤਸਵੀਰ ਨੂੰ ਇਨਕਲਾਬੀ ਅੰਦਾਜ ਦੇ ਫੁੱਲ ਭੇਂਟ ਕੀਤੇ ਤਾਂ ਸਾਰਾ ਮਾਹੋਲ ਅੰਬਰ ਛੋਂਹਦੇ ਨਆਰਿਆ ਨਾਲ ਗੂੰਜ ਉੱਠਿਆ : 'ਗੁਰਸ਼ਰਨ ਭਾਅ ਜੀ ਦਾ ਕਾਜ ਅਧੂਰਾ - ਲਾ ਕੇ ਜ਼ਿੰਦੜੀਆਂ ਕਰਾਂਗੇ ਪੂਰਾ' ਇਨਕਲਾਬੀ ਰੰਗ ਮੰਚ ਦਿਹਾੜਾ - ਜਿੰਦਾਬਾਦ |
ਪਲਸ ਮੰਚ ਦੇ ਸਹਾਇਕ ਸਕੱਤਰ ਮਾਸਟਰ ਤਰਲੋਚਨ ਸਿੰਘ ਨੇ ਦਸਤਾਵੇਜੀ  ਫਿਲਮਸਦਾ ਸਫਰ ਤੇ ਦੀ ਪਰਦਾਪੇਸ਼ੀ ਬਾਰੇ ਬੋਲਦਿਆਂ ਇਸ ਨੂੰ ਪੰਜਾਬ ਦੇ ਹਰ ਕੋਨੇ ਤੱਕ ਲਿਜਾਣ ਲਈ ਸਮੂਹਿਕ ਉੱਦਮਾਂ ਦੀ ਅਪੀਲ ਕੀਤੀ | ਇੱਕ ਘੰਟੇ ਦੀ ਫਿਲਮ  ਨੇ ਸਮ੍ਹਾਂ ਬੰਨ੍ਹ ਦਿੱਤਾ | ਸਾਹ ਰੋਕ ਕੇ ਵੇਖਦੇ ਦਰਸ਼ਕਾਂ ਨੇ  ਫਿਲਮ ਸ਼ੋਅ ਉਪਰੰਤ ਤਾੜੀਆਂ ਦੀ ਗੂੰਜ ਨਾਲ ਇਸ ਉੱਦਮ ਦਾ ਸਵਾਗਤ ਕੀਤਾ | 
ਚੰਡੀਗੜ੍ਹ ਸਕੂਲ ਆਫ ਡਰਾਮਾ (ਏਕੱਤਰ) 'ਖੂਹ',  ਅਦਾਕਾਰ ਮੰਚ ਮੁਹਾਲੀ  (ਡਾ. ਸਾਹਿਬ ਸਿੰਘ) 'ਟੁੰਡਾ ਹੌਲਦਾਰ', ਮੰਚ ਰੰਗ ਮੰਚ ਅੰਮ੍ਰਿਤਸਰ (ਕੇਵਲ ਧਾਲੀਵਾਲ) 'ਧਮਕ ਨਗਾਰੇ ਦੀ', ਸੁਚੇਤਕ ਰੰਗ ਮੰਚ ਮੁਹਾਲੀ (ਅਨੀਤਾ ਸ਼ਬਦੀਸ਼) ਵੱਲੋਂ ਐਕਸ਼ਨ ਗੀਤ 'ਮਸ਼ਾਲਾ ਬਾਲਕੇ ਚੱਲਣਾ' ਅਤੇ 'ਹਮ ਜੰਗੇ ਅਵਾਮੀ ਸੇ ਕੁਹਰਾਮ ਮਚਾ ਦੇਂਗੇ' ਪੇਸ਼ ਹੋਏ | 
ਲੋਕ ਸੰਗੀਤ ਮੰਡਲੀ ਭਦੌੜ
ਅਹਿਮਦਾਬਾਦ (ਗੁਜਰਾਤ) ਤੇਂ ਆਏ ਹੋਏ ਵਿਨੈ ਨੇ ਨਿਵੇਕਲੇ ਅੰਦਾਜ਼ 'ਚ  ਗੀਤਾਂ ਰਾਹੀਂ ਸ਼ਰਧਾ ਦੇ ਫੁੱਲ ਜਿਵੇਂ  ਭੇਂਟ ਕੀਤੇ ਉਨ੍ਹਾਂ ਦੀ ਮਹਿਕ ਸਰੋਤਿਆਂ ਲਈ ਅਭੁੱਲ ਰਹੇਗੀ | ਜੁਗਰਾਜ ਧੌਲਾ, ਲੋਕ ਸੰਗੀਤ ਮੰਡਲੀ (ਧੌਲਾ), ਕ੍ਰਾਂਤੀਕਾਰੀ ਸਭਿਆਚਾਰਕ ਕੇਂਦਰ, ਲੋਕ  ਸੰਗੀਤ ਮੰਡਲੀ ਜੀਦਾ (ਜਗਸੀਰ ਜੀਦਾ) ਅਤੇ ਬਲਕਰਨ ਬੱਲ ਨੇ ਗੀਤ -ਸੰਗੀਤ ਰਾਹੀਂ ਸਰੋਤਿਆਂ ਨੂੰ ਕੀਲ ਰੱਖਿਆ ਕਿਉਂਕਿ ਉਹਨਾਂ ਦੇ ਬੋਲਾਂ, ਸੁਰਾਂ ਅਤੇ ਸੰਗੀਤ ਵਿੱਚ ਭਾਅ ਜੀ ਦੀ ਰੂਹ ਧੜਕਦੀ ਸੀ | 
ਜਨਤਕ ਹੜ੍ਹ ਰੂਪੀ ਇਸ ਸਮਾਗਮ ਦਾ ਜਾਬਤਾ ਦੇਖਿਆਂ ਹੀ ਬਣਦਾ ਸੀ | ਕਿTੁਂਕਿ ਵੱਡੀ ਗਿਣਤੀ ਵਿਚ ਔਰਤਾਂ, ਮਜ਼ਦੂਰਾਂ, ਕਿਸਾਨਾਂ ਅਤੇ ਨੌਜਵਾਨਾਂ ਦਾ ਰੰਗ ਕਰਮੀਆਂ ਦੇ ਅੰਗ - ਸੰਗ ਹੋਣਾ ਪੰਜਾਬ ਅੰਦਰ ਸੁਲੱਖਣੇ ਵਰਤਾਰੇ ਦੀ ਝਲਕ ਹੈ| 
ਚਾਹ ਦਾ ਲੰਗਰ ਵਰਤਾਉਂਦੇ ਬਸੰਤੀ ਪੱਗਾਂ ਵਾਲੇ ਨੌਜਵਾਨ ਭਾਰਤ ਸਭਾ ਦੇ ਕਾਰਕੁੰਨ
ਜਿਕਰਯੋਗ ਹੈ ਕਿ ਇਸ ਮਹਾਂ ਸਭਿਆਚਾਰਕ ਉਤਸਵ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਪੰਜਾਬ  ਖੇਤ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਨੇ ਦਾਲ-ਰੋਟੀ, ਜਲੇਬੀਆਂ ਅਤੇ ਚਾਹ-ਪਾਣੀ ਦੇ ਲੰਗਰ ਦਾ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ 'ਚ ਬੰਦੋਬਸਤ ਕੀਤਾ ਹੋਇਆ ਸੀ |  ਇਸ ਲੰਗਰ ਵਿੱਚ ਪੰਜਾਬ ਦੇ ਸਮੂਹ ਲੋਕਾਂ ਨੇ ਆਟਾ, ਦਾਲ, ਚੀਨੀ ਆਦਿ ਵਿੱਚ ਜਨਤਕ ਤੌਰ ਤੇ ਭਰਵਾਂ ਯੋਗਦਾਨ ਪਾਇਆ ਜਿਸ ਦੀ ਪਕਾਈ ਦਾ ਮੰਗ ਬੀਤੇ ਤਿੰਨ ਦਿਨਾਂ ਤੋਂ ਬਰਨਾਲਾ ਅਤੇ ਚੰਡੀਗੜ੍ਹ ਵਿਖੇ ਇੱਕੋ ਸਮੇਂ ਚੱਲ ਰਿਹਾ  ਸੀ | 





ਸਭਾ ਦੇ ਵਲੰਟੀਅਰਾਂ ਦੀ ਇੱਕ ਟੋਲੀ

ਲੰਗਰ ਵਰਤਾਉਂਦੇ ਸਭਾ ਦੇ ਵਲੰਟੀਅਰ


ਮੈਡੀਕਲ ਕਾਊਂਟਰ ਦਾ ਦ੍ਰਿਸ਼



ਸਟੇਜ ਨੇੜੇ ਡਿਊਟੀ ਸਾਂਭਣ ਲਈ ਤਿਆਰ ਬੈਠੇ ਨੌਜਵਾਨ ਵਲੰਟੀਅਰ






ਸਮਾਪਤੀ ਤੋਂ ਬਾਅਦ

ਵਾਪਸੀ ਮੌਕੇ
ਅਮੋਲਕ ਸਿੰਘ
ਪ੍ਰਧਾਨ (ਪਲਸ ਮੰਚ) 
94170-76735
ਕੰਵਲਜੀਤ ਖੰਨਾ
ਜਨ: ਸਕੱਤਰ (ਪਲਸ ਮੰਚ)
94170-67344

Friday, 21 September 2012

ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਮੁਹਿੰਮ


ਗੁਰਸ਼ਰਨ ਸਿੰਘ 
ਸ਼ਰਧਾਂਜਲੀ ਸਮਾਗਮਾਂ 
'ਚ ਪੁੱਜਣਗੇ 
ਹਜ਼ਾਰਾਂ ਲੋਕ


ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਤਿਆਰੀ ਕਮੇਟੀ ਪੰਜਾਬ ਨੇ ਕਿਹਾ ਕਿ ਗੁਰਸ਼ਰਨ ਸਿੰਘ ਦੀ ਪਹਿਲੀ ਬਰਸੀ ਮੌਕੇ 23 ਸਤੰਬਰ ਨੂੰ ਜਗਰਾਓਂ 'ਚ ਅਤੇ 27 ਸਤੰਬਰ ਨੂੰ ਚੰਡੀਗੜ• 'ਚ ਹੋ ਰਹੇ ਸਮਾਗਮਾਂ 'ਚ ਪੰਜਾਬ ਭਰ 'ਚੋਂ ਦਹਿ ਹਜ਼ਾਰਾਂ ਲੋਕ ਇਨਕਲਾਬੀ ਜੋਸ਼ੋ ਖਰੋਸ਼ ਨਾਲ ਸ਼ਾਮਲ ਹੋਣਗੇ। ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਮੇਟੀ ਮੈਂਬਰਾਂ ਪਾਵੇਲ ਕੁੱਸਾ ਅਤੇ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਦੇ ਬਰਸੀ ਸਮਾਗਮਾਂ ਲਈ ਤਿਆਰੀ ਮੁਹਿੰਮ ਪੂਰਾ ਭਖਾਅ ਫੜ• ਚੁੱਕੀ ਹੈ। ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ 'ਚ ਮੀਟਿੰਗਾਂ ਅਤੇ ਸ਼ਰਧਾਂਜਲੀ ਇਕੱਤਰਤਾਵਾਂ ਨੂੰ ਵੱਖ ਵੱਖ ਜੱਥੇਬੰਦੀਆਂ ਦੇ ਸੈਂਕੜੇ ਬੁਲਾਰੇ ਸੰਬੋਧਨ ਹੋ ਰਹੇ ਹਨ। ਦਰਜਨਾਂ ਨਾਟਕ ਟੀਮਾਂ ਅਤੇ ਰੰਗਮੰਚ ਦੀਆਂ ਮੰਡਲੀਆਂ ਵੱਲੋਂ ਮੁਹਿੰਮ ਦੌਰਾਨ ਨੁੱਕੜ ਨਾਟਕਾਂ ਅਤੇ ਨਾਟਕ ਮੇਲਿਆਂ ਦਾ ਸਿਲਸਿਲਾ ਚੱਲ ਰਿਹਾ ਹੈ ਜਿਸਨੂੰ ਲੋਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਹੁਣ ਤੱਕ ਚੱਲੀ ਮੁਹਿੰਮ ਦੌਰਾਨ ਪੰਜਾਬ ਭਰ ਦੇ ਕਈ ਸੈਂਕੜੇ ਪਿੰਡਾਂ 'ਚ ਨੁੱਕੜ ਨਾਟਕ ਖੇਡੇ ਜਾ ਚੁੱਕੇ ਹਨ ਅਤੇ ਕਈ ਜ਼ਿਲ•ਾ ਪੱਧਰੇ ਵੱਡੇ ਨਾਟਕ ਸਮਾਗਮ ਵੀ ਹੋ ਚੁੱਕੇ ਹਨ। ਇਹਨਾਂ ਸਮਾਗਮਾਂ 'ਚ ਵਿਸ਼ੇਸ਼ ਤੌਰ 'ਤੇ ਸ਼੍ਰੀ ਗੁਰਸ਼ਰਨ ਸਿੰਘ ਦੇ ਨਾਟਕ ਖੇਡੇ ਜਾ ਰਹੇ ਹਨ ਤੇ ਉਹਨਾਂ ਦੀ ਇਨਕਲਾਬੀ ਜੀਵਨ ਘਾਲਣਾ ਦੇ ਮਹੱਤਵ ਨੂੰ ਉਘਾੜਿਆ ਜਾ ਰਿਹਾ ਹੈ। ਕਾਲਜਾਂ ਅਤੇ ਸਕੂਲਾਂ 'ਚ ਨੁੱਕੜ ਨਾਟਕ ਦੀ ਪੇਸ਼ਕਾਰੀ ਰਾਹੀਂ ਵਿਦਿਆਰਥੀਆਂ ਅਤੇ ਨੌਜਵਾਨਾਂ ਤੱਕ ਇਸ ਮੁਹਿੰਮ ਨੂੰ ਲੈ ਕੇ ਜਾਣ ਲਈ ਵਿਸ਼ੇਸ਼ ਯਤਨ ਜੁਟਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਗੁਰਸ਼ਰਨ ਸਿੰਘ ਹੋਰਾਂ ਨੇ ਸਾਰੀ ਜ਼ਿੰਦਗੀ ਬਰਾਬਰੀ ਭਰਿਆ ਸਮਾਜ ਉਸਾਰਨ ਦੇ ਮਿਸ਼ਨ ਦੇ ਲੇਖੇ ਲਾਈ।

 ਇਹਦੇ ਲਈ ਨਾਟਕਾਂ ਦੀ ਕਲਾ ਨੂੰ ਹਥਿਆਰ ਵਜੋਂ ਵਰਤਿਆ। ਨਾਟਕ ਦੇ ਖੇਤਰ ਤੋਂ ਇਲਾਵਾ ਉਹਨਾਂ ਕਈ ਅਹਿਮ ਮੋੜਾਂ 'ਤੇ ਲੋਕ ਹੱਕਾਂ ਦੀ ਲਹਿਰ ਦਾ ਡਟਵਾਂ ਸਾਥ ਨਿਭਾਇਆ ਤੇ ਉਹ ਇੱਕ ਸੰਸਥਾ ਵਾਂਗ ਵਿਚਰੇ। ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਦੇ ਰੰਗ ਕਰਮੀਆਂ ਦੀਆਂ ਦਰਜਨਾਂ ਟੋਲੀਆਂ ਵੱਲੋਂ ਪਿੰਡਾਂ ਦੇ ਵਿਹੜਿਆਂ ਅਤੇ ਸੱਥਾਂ 'ਚ ਹੋ ਰਹੀਆਂ ਨਾਟਕ ਪੇਸ਼ਕਾਰੀਆਂ, ਲੋਕ ਹੱਕਾਂ ਦੀ ਲਹਿਰ ਅਤੇ ਰੰਗ ਕਰਮੀਆਂ ਦੇ ਰਿਸ਼ਤੇ ਦੇ ਹੋਰ ਗੂੜ•ੇ ਹੁੰਦੇ ਜਾਣ ਦਾ ਸੰਦੇਸ਼ ਬਣ  ਰਹੀਆਂ ਹਨ। ਚੰਡੀਗੜ• 'ਚ ਹੋਣ ਵਾਲੇ ਸਮਾਗਮ ਲਈ ਲੰਗਰ ਚਲਾਉਣ ਵਾਸਤੇ ਕਿਸਾਨ ਮਜ਼ਦੂਰ ਅਤੇ ਨੌਜਵਾਨ ਜੱਥੇਬੰਦੀਆਂ ਦੇ ਕਾਰਕੁੰਨਾ ਵੱਲੋਂ ਘਰ ਘਰ ਜਾ ਕੇ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਹੈ। ਇਹਨਾਂ ਸਮਾਗਮਾਂ 'ਚ ਪੰਜਾਬ ਦੇ ਕੋਨੇ ਕੋਨੇ 'ਚੋਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਔਰਤਾਂ ਭਾਰੀ ਗਿਣਤੀ 'ਚ ਸ਼ਾਮਲ ਹੋਣਗੇ।
ਜ਼ਿਕਰਯੋਗ ਹੈ ਕਿ ਤਿਆਰੀ ਕਮੇਟੀ 'ਚ ਝੰਡਾ ਸਿੰਘ ਜੇਠੂਕੇ ਅਤੇ ਪਾਵੇਲ ਕੁੱਸਾ ਤੋਂ ਇਲਾਵਾ ਜ਼ੋਰਾ ਸਿੰਘ ਨਸਰਾਲੀ, ਗੁਰਦਿਆਲ ਭੰਗਲ ਤੇ ਹਰਜਿੰਦਰ ਸਿੰਘ ਸ਼ਾਮਲ ਹਨ।
ਜਾਰੀ ਕਰਤਾ — ਪਾਵੇਲ ਕੁੱਸਾ (94170-54015)
                                             ਮਿਤੀ — 21/09/2012