Saturday, 29 September 2012

ਪਹਿਲਾ ਇਨਕਲਾਬੀ ਰੰਗ ਮੰਚ ਦਿਹਾੜਾ


ਰੰਗ ਕਰਮੀਆਂ ਅਤੇ ਮਿਹਨਤਕਸ਼ ਲੋਕਾਂ ਗਲੇ ਲੱਗ ਕੇ ਮਨਾਇਆ
ਗੁਰਸ਼ਰਨ ਸਿੰਘ ਯਾਦਗਾਰੀ ਇਨਕਲਾਬੀ ਰੰਗ ਮੰਚ ਦਿਹਾੜਾ

ਬੀਤੇ ਵਰ੍ਹੇ 27 ਸਤੰਬਰ ਨੂੰ ਵਿੱਛੜੇ ਪ੍ਰਤੀਬੱਧਤ, ਨਿਹਚਾਵਾਨ ਸ਼ਰੋਮਣੀ ਨਾਟਕਕਾਰ ਪਲਸ ਮੰੰਚ ਦੇ ਬਾਨੀ, ਇਨਕਲਾਬੀ ਜਮਹੂਰੀ ਲਹਿਰ ਦੇ ਥੰਮ੍ਹ ਅਤੇ ਸਮਾਜਿਕ ਬਰਾਬਰੀ ਭਰੇ ਸਮਾਜ ਦੀ ਸਿਰਜਣਾ ਲਈ ਸਦਾ ਸਫਰ 'ਤੇ ਰਹੇ ਗੁਰਸ਼ਰਨ ਸਿੰਘ ਦੀ ਪਹਿਲੀ ਸੂਬਾਈ ਬਰਸੀ ਇਨਕਲਾਬੀ ਰੰਗ ਮੰਚ ਦਿਹਾੜੇ ਵਜੋਂ ਮਨਾਈ ਗਈ | ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਤੇ ਇਸ ਯਾਦਗਾਰੀ ਸਭਿਆਚਾਰਕ ਉਤਸਵ ਦੇ ਮੰਚ ਸੰਚਾਲਕ ਅਮੋਲਕ ਸਿੰਘ ਨੇ ਇਨਕਲਾਬੀ ਰੰਗ ਮੰਚ ਦਿਹਾੜੇ ਦੀ ਮਹੱਤਤਾ ਬਾਰੇ ਖਚਾ ਖਚ ਭਰੇ ਪੰਡਾਲ ਨੂੰ ਦੱਸਦਿਆਂ ਕਿਹਾ ਕਿ 27 ਸਤੰਬਰ ਗੁਰਸ਼ਰਨ ਭਾਅ ਜੀ ਦੇ ਵਿਛੋੜੇ ਅਤੇ 28 ਸਤੰਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਵਿਚਕਾਰਲੀ ਇਸ ਰਾਤ ਨੂੰ ਪੰਜਾਬ ਦੇ ਕੋਨੇ ਕੋਨੇ ਤੋਂ ਰੰਗ ਕਰਮੀਆਂ, ਲੇਖਕਾਂ, ਸਾਹਿਤਕਾਰਾਂ, ਬੁੱਧੀਜੀਵੀਆਂ ਅਤੇ ਮਿਹਨਤਕਸ਼ ਲੋਕਾਂ, ਉਨ੍ਹਾਂ ਦੀਆਂ ਪ੍ਰਤੀਨਿਧ ਜਨਤਕ ਜੱਥੇਬੰਦੀਆਂ ਦਾ ਸੈਲਾਬ, ਇਨ੍ਹਾਂ ਮਹਾਨ ਹਸਤੀਆਂ ਦੇ ਸੁਪਨਿਆਂ ਦੀ ਪੂਰਤੀ ਲਈ ਆਪੋ ਆਪਣੀ ਵਿਸ਼ੇਸ ਕਲਾ ਅਤੇ ਸੰਗਰਾਮ ਦੇ ਦੋਵੇਂ ਖੇਤਰਾਂ ਅੰਦਰ, ਇਨ੍ਹਾਂ ਦੀ ਸਾਂਝੀ ਵੇਲ -ਵਲੰਗੜੀ ਦੀ ਇਤਿਹਾਸਕ ਭੂਮਿਕਾ ਨੂੰ  ਉੱਚਿਆਉਣ ਅਤੇ ਨਵੇਂ ਮੁਕਾਮ 'ਤੇ ਪਹੁੰਚਾਉਣ ਲਈ ਦ੍ਰਿੜ ਸੰਕਲਪ ਹੈ| ਜਿਸ ਦੇ ਗੌਰਵਮਈ ਪ੍ਰਮਾਣ ਭਵਿਖ ਦੇ ਰੰਗ ਮੰਚ ਦਾ ਸਿਰਨਾਵਾਂ ਬਣਨਗੇ |
ਸੈਕਟਰ 23 23 ਸਥਿਤ ਬਾਲ-ਭਵਨ ਦੇ ਖੁੱਲ੍ਹੇ ਵਿਸ਼ਾਲ ਪੰਡਾਲ ਵਿੱਚ  ਪੁੱਜੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਨਕਲਾਬੀ ਸਭਿਆਚਾਰਕ ਜੋਲ ਮੇਲੇ ਦਾ ਰੂਪ ਧਾਰਨ ਕਰਨ ਬਾਰੇ ਬੋਲਦਿਆਂ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਮੰਚ ਤੇ ਲੱਗੀਆਂ ਸ੍ਰੀ ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ, ਉਨ੍ਹਾਂ ਦੇ ਆਦਰਸ਼ਾਂ ਨੂੰ ਪਰਨਾਈਆਂ ਸਭਿਆਚਾਰਕ ਕਲਾ ਕਿਰਤਾਂ ਅਤੇ ਤਕਰੀਰਾਂ ਮਹਿਜ਼ ਸ਼ਰਧਾ ਭਾਵਨਾ ਨਾਲ ਲਬਰੇਜ਼ ਨਹੀਂ ਸਗੋਂ 'ਕਲਾ ਲੋਕਾਂ ਲਈ'  ਅਤੇ 'ਇਨਕਲਾਬ ਲੋਕਾਂ ਦੀ ਮੁਕਤੀ ਲਈ' ਦੀ ਸੋਚ ਦਾ ਪਰਚਮ ਆਖਰੀ ਦਮ ਤੱਕ ਬੁਲੰਦ ਰੱਖਣ ਵਾਲਿਆਂ ਨੂੰ ਸੱਚੀ ਸ਼ਰਧਾਂਜਲੀ ਇਹ ਹੈ ਕਿ ਉਨ੍ਹਾਂ ਵੱਲੋਂ ਦਰਸਾਏ ਹਨੇਰੇ ਤੋਂ ਰੌਸ਼ਨੀ ਵੱਲ ਦੇ ਅਰੁੱਕ ਅਤੇ ਅਮੁੱਕ ਸਫਰ  'ਤੇ ਅੱਗੇ ਵਧਿਆ ਜਾਏ, ਅੱਜ ਦਾ ਇਕੱਠ ਇਹੋ ਅਹਿਦ ਕਰਨ ਲਈ ਜੁੜਿਆ ਹੈ| 
ਅਮੋਲਕ ਸਿੰਘ ਨੇ ਬੋਲਦਿਆਂ ਉਨ੍ਹਾਂ ਸਭਨਾਂ ਰੰਗ ਟੋਲੀਆਂ ਅਤੇ ਹਮਾਇਤੀ ਕੰਨ੍ਹਾਂ ਲਾਉਣ ਵਾਲੀਆਂ ਸਮੂਹ ਜੱਥੇਬੰਦੀਆਂ ਨੂੰ ਮੁਬਾਰਕਵਾਦ ਦਿੱਤੀ ਜਿਨ੍ਹਾਂ ਦੇ  ਸਾਂਝੇ ਉੱਦਮ ਸਦਕਾ ਪੰਜਾਬ ਦੇ ਪਿੰਡਾਂ, ਕਸਬਿਆਂ, ਮੁਹੱਲਿਆਂ, ਸਕੂਲਾਂ, ਕਾਲਜਾਂ ਯੂਨੀਵਰਸਿਟੀਆਂ ਅਤੇ ਹੋਰ ਅਦਾਰਿਆਂ ਵਿੱਚ ਕੋਈ 300 ਥਾਵਾਂ ਤੇ ਨੁੱਕੜ-ਨਾਟਕ, ਨਾਟਕ,  ਗੀਤ -ਸੰਗੀਤ, ਸੈਮੀਨਾਰ, ਵਿਚਾਰ ਚਰਚਾਵਾਂ, ਜਾਗੋਆਂ, ਮਸ਼ਾਲ ਮਾਰਚ, 'ਸਦਾ ਸਫਰ ਤੇ  ਭਾਅ ਜੀ ਗੁਰਸ਼ਰਨ ਸਿੰਘ' ਦਸਤਾਵੇਜੀ ਫਿਲਮ (ਨਿਰਦੇਸ਼ਕ ਮਾਸਟਰ ਤਰਲੋਚਨ ਸਿੰਘ) ਸਮੇਤ ਕਿੰਨੇ ਹੀ ਰੂਪਾਂ ਰਾਹੀਂ 300 ਥਾਵਾਂ ਤੇ ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀ ਸੋਚ ਦਾ ਸੁਨੇਹਾ ਜੋਸ਼ੋ-ਖਰੋਸ਼ ਨਾਲ ਲੈ ਕੇ ਜਾਣ ਉਪਰੰਤ ਅੱਜ ਚੰਡੀਗੜ੍ਹ ਵਿਖੇ ਇਨਕਲਾਬੀ ਰੰਗ ਮੰਚ ਦਿਹਾੜਾ ਸਮਾਗਮ ਇਨ੍ਹਾਂ ਸਰਗਰਮੀਆਂ ਦੀ ਲੜੀ ਦਾ ਸਿਖਰ ਹੋ ਨਿਬੜਿਆ ਹੈ| ਜਿਸ ਤੋਂ ਭਵਿਖ ਅੰਦਰ ਇਨਕਲਾਬੀ ਰੰਗ ਮੰਚ ਦੀਆਂ ਸ਼ਾਨਦਾਰ ਪਿਰਤਾਂ ਪਾਉਣ ਦੇ ਸਮਰੱਥ ਹੋਣ ਦੀ ਆਸ ਬੱਝੀ ਹੈ| 
ਪੰਜਾਬ  ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਸ਼ਰਨ ਸਿੰਘ ਦੀ ਧੀ, ਡਾ. ਅਰੀਤ ਨੇ ਕਿਹਾ ਕਿ ਪੰਜਾਬ ਦੇ ਦੂਰ-ਦੁਰਾਡੇ ਖੇਤਰਾਂ ਤੱਕ ਮੈਂ, ਮੇਰੀ ਭੈਣ ਡਾ. ਨਵਸ਼ਰਨ ਅਤੇ ਡਾ. ਅਤੁਲ ਨੇ  ਜਿਵੇਂ ਇਨਕਲਾਬੀ ਰੰਗ ਮੰਚ ਮੁਹਿੰਮ ਵਿੱਚ ਲੋਕਾ ਦਾ ਉਤਸ਼ਾਹੀ ਹੁੰਗਾਰਾ ਤੱਕਿਆ ਹੈ ਉਸ ਤੋਂ ਵਿਸ਼ਵਾਸ ਨਾਲ ਕਹਿ ਸਕਦੀ ਹਾਂ ਕਿ ਭਾਵੇਂ ਸਾਡੇ ਪਾਪਾ ਜਿਸਮਾਨੀ ਤੌਰ ਤੇ ਸਾਡੇ ਦਰਮਿਆਨ ਨਹੀਂ ਰਹੇ ਪਰ ਆਉਣ ਵਾਲੇ ਕੱਲ੍ਹ ਅੰਦਰ ਉਨ੍ਹਾਂ ਦੇ ਰੰਗ ਮੰਚ, ਉਨ੍ਹਾਂ ਦੀ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਵਾਲੇ ਅਸਲੀ ਨਾਇਕ, ਲੋਕ, ਇਨਕਲਾਬੀ ਜਨਤਕ ਸ਼ਕਤੀ ਨਵੀਆਂ ਪੈੜਾਂ ਪਾਏਗੀ | 
ਡਾ. ਅਰੀਤ ਨੇ ਦਲਿਤ ਵਰਗ, ਉਜਾੜੇ ਮੂੰਹ ਆਈ ਕਿਸਾਨੀ, ਪੰਜਾਬ ਦੀ ਜੁਆਨੀ ਅਤੇ ਔਰਤਾਂ ਨੂੰ ਵਿਸ਼ੇਸ ਤੌਰ ਤੇ ਮੁਖਾਤਬ ਹੁੰਦਿਆਂ ਕਿਹਾ ਕਿ ਇਨ੍ਹਾਂ ਦੀ ਜਾਗਦੀ ਅੱਖ ਵਾਲੀ ਅਤੇ ਆਪਾ ਸਮਰਪਤ ਭਾਵਨਾਂ ਵਾਲੀ ਲੋਕ-ਸ਼ਕਤੀ ਸਾਡੇ ਗਲੇ ਸੜੇ ਸਮਾਜ ਨੂੰ ਮੁੱਢੋਂ ਸੁੱਢੋਂ  ਬਦਲ ਕੇ ਨਵਾਂ ਨਰੋਆ ਅਤੇ ਲੋਕਾਂ ਦੀ ਪੁੱਗਤ ਵਾਲਾ ਸਮਾਜ, ਸਿਰਜਣ ਦੀ ਸਮਰੱਥਾ ਰੱਖਦੀ ਹੈ |
ਪਲਸ ਮੰਚ ਦੇ ਜਨਰਲ, ਸਕੱਤਰ ਕੰਵਲਜੀਤ ਖੰਨਾ ਨੇ ਪੰਜਾਬ ਦੀ ਸਮੁੱਚੇ ਰੰਗ ਮੰਗ ਅਤੇ ਉਸਦੀ ਮੱਦਦ 'ਤੇ ਨਿੱਤਰੇ ਲੋਕ -ਹਿੱਸਿਆਂ ਵੱਲੋਂ ਇਨਕਲਾਬੀ ਰੰਗ ਮੰਚ ਦਿਹਾੜਾ ਹਰ ਵਰ੍ਹੇ ਮਨਾਉਣ ਦੀ ਪਿਰਤ ਨੂੰ ਪੱਕੇ ਪੈਰੀਂ  ਕਰਨ ਬਾਰੇ ਅਹਿਦ ਪੜ੍ਹਿਆ | ਭਰੇ ਪੰਡਾਲ ਨੇ ਦੋਵੇਂ ਬਾਹਵਾਂ ਖੜ੍ਹੀਆਂ ਕਰਕੇ, ਤਾੜੀਆਂ ਅਤੇ ਨਾਅਰਿਆਂ ਦੀ ਗੂੰਜ 'ਚ ਅਹਿਦ ਲਿਆ ਕਿ ਗੁਰਸ਼ਰਨ ਸਿੰਘ ਦੇ ਨਾਟ-ਸੰਸਾਰ ਦੀ ਅਮਿਟ ਦੇਣ ਦਾ ਝੰਡਾ ਹਮੇਸ਼ਾ ਬੁਲੰਦ ਰੱਖਿਆ  ਜਾਵੇਗਾ | ਗੁਰਸ਼ਰਨ ਸਿੰਘ ਦਾ ਰੰਗ ਮੰਚ ਅਜੋਕੇ ਮਲਕ ਭਾਗੋਆਂ ਨਾਲੋਂ ਲਕੀਰ ਖਿੱਚ ਕੇ ਚੱਲੇਗਾ ਜਿਹੜੇ ਕਿਰਤੀ ਲੋਕਾਂ, ਮੁਲਕ ਦੇ ਕੁਦਰਤੀ ਮਾਲ-ਖਜਾਨਿਆਂ ਅਤੇ ਕਲਾ-ਕੌਸ਼ਲਤਾ ਨੂੰ ਦੇਸ਼ੀ-ਵਿਦੇਸ਼ੀ ਧੜਵੈਲਾਂ ਅੱਗੇ ਪਰੋਸ ਕੇ ਮੁਲਕ ਨੂੰ ਭੁੱਖ-ਨੰਗ, ਗਰੀਬੀ, ਮਹਿੰਗਾਈ, ਕਰਜੇ, ਬੇਰੁਜ਼ਗਾਰੀ, ਸਿੱਖਿਆ ਸਿਹਤ ਦੇ ਉਧਾਲੇ, ਖੁਦਕੁਸ਼ੀਆਂ, ਜਮਹੂਰੀ ਹੱਕਾਂ ਦੇ ਘਾਣ ਅਤੇ ਅੰਨ੍ਹੇ ਜਬਰ  ਦੇ ਮੂੰਹ ਧੱਕ ਰਹੇ ਹਨ | 
ਇਸ ਮੌਕੇ ਗੁਰਸ਼ਰਨ ਸਿੰਘ ਦੀ ਵੱਡੀ ਬੇਟੀ ਨਵਸ਼ਰਨ, ਉਨ੍ਹਾਂ ਦੇ ਜੀਵਨ ਸਾਥੀ ਅਤੁਲ, ਗੁਰਸ਼ਰਨ ਸਿੰਘ ਦੀ ਜੀਵਨ ਸਾਥਣ ਸ੍ਰੀਮਤੀ ਕੈਲਾਸ਼ ਕੌਰ ਭਾਅ ਜੀ ਦੀ ਭੈਣ ਮਹਿੰਦਰ ਕੌਰ, ਬਹਿਨੋਈ ਅਤੇ ਉੱਘੇ ਵਿਦਵਾਨ  ਪ੍ਰੋ. ਰਣਧੀਰ ਸਿੰਘ ਅਤੇ ਦੋਹਤਰੀ ਨੇ ਜਦੋਂ ਗੁਰਸ਼ਰਨ ਸਿੰਘ ਹੋਰਾਂ ਦੀ ਤਸਵੀਰ ਨੂੰ ਇਨਕਲਾਬੀ ਅੰਦਾਜ ਦੇ ਫੁੱਲ ਭੇਂਟ ਕੀਤੇ ਤਾਂ ਸਾਰਾ ਮਾਹੋਲ ਅੰਬਰ ਛੋਂਹਦੇ ਨਆਰਿਆ ਨਾਲ ਗੂੰਜ ਉੱਠਿਆ : 'ਗੁਰਸ਼ਰਨ ਭਾਅ ਜੀ ਦਾ ਕਾਜ ਅਧੂਰਾ - ਲਾ ਕੇ ਜ਼ਿੰਦੜੀਆਂ ਕਰਾਂਗੇ ਪੂਰਾ' ਇਨਕਲਾਬੀ ਰੰਗ ਮੰਚ ਦਿਹਾੜਾ - ਜਿੰਦਾਬਾਦ |
ਪਲਸ ਮੰਚ ਦੇ ਸਹਾਇਕ ਸਕੱਤਰ ਮਾਸਟਰ ਤਰਲੋਚਨ ਸਿੰਘ ਨੇ ਦਸਤਾਵੇਜੀ  ਫਿਲਮਸਦਾ ਸਫਰ ਤੇ ਦੀ ਪਰਦਾਪੇਸ਼ੀ ਬਾਰੇ ਬੋਲਦਿਆਂ ਇਸ ਨੂੰ ਪੰਜਾਬ ਦੇ ਹਰ ਕੋਨੇ ਤੱਕ ਲਿਜਾਣ ਲਈ ਸਮੂਹਿਕ ਉੱਦਮਾਂ ਦੀ ਅਪੀਲ ਕੀਤੀ | ਇੱਕ ਘੰਟੇ ਦੀ ਫਿਲਮ  ਨੇ ਸਮ੍ਹਾਂ ਬੰਨ੍ਹ ਦਿੱਤਾ | ਸਾਹ ਰੋਕ ਕੇ ਵੇਖਦੇ ਦਰਸ਼ਕਾਂ ਨੇ  ਫਿਲਮ ਸ਼ੋਅ ਉਪਰੰਤ ਤਾੜੀਆਂ ਦੀ ਗੂੰਜ ਨਾਲ ਇਸ ਉੱਦਮ ਦਾ ਸਵਾਗਤ ਕੀਤਾ | 
ਚੰਡੀਗੜ੍ਹ ਸਕੂਲ ਆਫ ਡਰਾਮਾ (ਏਕੱਤਰ) 'ਖੂਹ',  ਅਦਾਕਾਰ ਮੰਚ ਮੁਹਾਲੀ  (ਡਾ. ਸਾਹਿਬ ਸਿੰਘ) 'ਟੁੰਡਾ ਹੌਲਦਾਰ', ਮੰਚ ਰੰਗ ਮੰਚ ਅੰਮ੍ਰਿਤਸਰ (ਕੇਵਲ ਧਾਲੀਵਾਲ) 'ਧਮਕ ਨਗਾਰੇ ਦੀ', ਸੁਚੇਤਕ ਰੰਗ ਮੰਚ ਮੁਹਾਲੀ (ਅਨੀਤਾ ਸ਼ਬਦੀਸ਼) ਵੱਲੋਂ ਐਕਸ਼ਨ ਗੀਤ 'ਮਸ਼ਾਲਾ ਬਾਲਕੇ ਚੱਲਣਾ' ਅਤੇ 'ਹਮ ਜੰਗੇ ਅਵਾਮੀ ਸੇ ਕੁਹਰਾਮ ਮਚਾ ਦੇਂਗੇ' ਪੇਸ਼ ਹੋਏ | 
ਲੋਕ ਸੰਗੀਤ ਮੰਡਲੀ ਭਦੌੜ
ਅਹਿਮਦਾਬਾਦ (ਗੁਜਰਾਤ) ਤੇਂ ਆਏ ਹੋਏ ਵਿਨੈ ਨੇ ਨਿਵੇਕਲੇ ਅੰਦਾਜ਼ 'ਚ  ਗੀਤਾਂ ਰਾਹੀਂ ਸ਼ਰਧਾ ਦੇ ਫੁੱਲ ਜਿਵੇਂ  ਭੇਂਟ ਕੀਤੇ ਉਨ੍ਹਾਂ ਦੀ ਮਹਿਕ ਸਰੋਤਿਆਂ ਲਈ ਅਭੁੱਲ ਰਹੇਗੀ | ਜੁਗਰਾਜ ਧੌਲਾ, ਲੋਕ ਸੰਗੀਤ ਮੰਡਲੀ (ਧੌਲਾ), ਕ੍ਰਾਂਤੀਕਾਰੀ ਸਭਿਆਚਾਰਕ ਕੇਂਦਰ, ਲੋਕ  ਸੰਗੀਤ ਮੰਡਲੀ ਜੀਦਾ (ਜਗਸੀਰ ਜੀਦਾ) ਅਤੇ ਬਲਕਰਨ ਬੱਲ ਨੇ ਗੀਤ -ਸੰਗੀਤ ਰਾਹੀਂ ਸਰੋਤਿਆਂ ਨੂੰ ਕੀਲ ਰੱਖਿਆ ਕਿਉਂਕਿ ਉਹਨਾਂ ਦੇ ਬੋਲਾਂ, ਸੁਰਾਂ ਅਤੇ ਸੰਗੀਤ ਵਿੱਚ ਭਾਅ ਜੀ ਦੀ ਰੂਹ ਧੜਕਦੀ ਸੀ | 
ਜਨਤਕ ਹੜ੍ਹ ਰੂਪੀ ਇਸ ਸਮਾਗਮ ਦਾ ਜਾਬਤਾ ਦੇਖਿਆਂ ਹੀ ਬਣਦਾ ਸੀ | ਕਿTੁਂਕਿ ਵੱਡੀ ਗਿਣਤੀ ਵਿਚ ਔਰਤਾਂ, ਮਜ਼ਦੂਰਾਂ, ਕਿਸਾਨਾਂ ਅਤੇ ਨੌਜਵਾਨਾਂ ਦਾ ਰੰਗ ਕਰਮੀਆਂ ਦੇ ਅੰਗ - ਸੰਗ ਹੋਣਾ ਪੰਜਾਬ ਅੰਦਰ ਸੁਲੱਖਣੇ ਵਰਤਾਰੇ ਦੀ ਝਲਕ ਹੈ| 
ਚਾਹ ਦਾ ਲੰਗਰ ਵਰਤਾਉਂਦੇ ਬਸੰਤੀ ਪੱਗਾਂ ਵਾਲੇ ਨੌਜਵਾਨ ਭਾਰਤ ਸਭਾ ਦੇ ਕਾਰਕੁੰਨ
ਜਿਕਰਯੋਗ ਹੈ ਕਿ ਇਸ ਮਹਾਂ ਸਭਿਆਚਾਰਕ ਉਤਸਵ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਪੰਜਾਬ  ਖੇਤ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਨੇ ਦਾਲ-ਰੋਟੀ, ਜਲੇਬੀਆਂ ਅਤੇ ਚਾਹ-ਪਾਣੀ ਦੇ ਲੰਗਰ ਦਾ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ 'ਚ ਬੰਦੋਬਸਤ ਕੀਤਾ ਹੋਇਆ ਸੀ |  ਇਸ ਲੰਗਰ ਵਿੱਚ ਪੰਜਾਬ ਦੇ ਸਮੂਹ ਲੋਕਾਂ ਨੇ ਆਟਾ, ਦਾਲ, ਚੀਨੀ ਆਦਿ ਵਿੱਚ ਜਨਤਕ ਤੌਰ ਤੇ ਭਰਵਾਂ ਯੋਗਦਾਨ ਪਾਇਆ ਜਿਸ ਦੀ ਪਕਾਈ ਦਾ ਮੰਗ ਬੀਤੇ ਤਿੰਨ ਦਿਨਾਂ ਤੋਂ ਬਰਨਾਲਾ ਅਤੇ ਚੰਡੀਗੜ੍ਹ ਵਿਖੇ ਇੱਕੋ ਸਮੇਂ ਚੱਲ ਰਿਹਾ  ਸੀ | 





ਸਭਾ ਦੇ ਵਲੰਟੀਅਰਾਂ ਦੀ ਇੱਕ ਟੋਲੀ

ਲੰਗਰ ਵਰਤਾਉਂਦੇ ਸਭਾ ਦੇ ਵਲੰਟੀਅਰ


ਮੈਡੀਕਲ ਕਾਊਂਟਰ ਦਾ ਦ੍ਰਿਸ਼



ਸਟੇਜ ਨੇੜੇ ਡਿਊਟੀ ਸਾਂਭਣ ਲਈ ਤਿਆਰ ਬੈਠੇ ਨੌਜਵਾਨ ਵਲੰਟੀਅਰ






ਸਮਾਪਤੀ ਤੋਂ ਬਾਅਦ

ਵਾਪਸੀ ਮੌਕੇ
ਅਮੋਲਕ ਸਿੰਘ
ਪ੍ਰਧਾਨ (ਪਲਸ ਮੰਚ) 
94170-76735
ਕੰਵਲਜੀਤ ਖੰਨਾ
ਜਨ: ਸਕੱਤਰ (ਪਲਸ ਮੰਚ)
94170-67344

No comments:

Post a Comment