ਬੇਰੁਜ਼ਗਾਰ ਲਾਈਨਮੈਨ
ਚੋਣਾਂ ਦੌਰਾਨ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਿਆ
ਪੰਜਾਬ ਵਿਧਾਨ ਸਭਾ ਚੋਣਾਂ ਦੇ ਲੋਕ ਮਸਲਿਆਂ ਨੂੰ ਰੋਲਣ ਤੇ ਸੰਘਰਸ਼ਸ਼ੀਲ ਲੋਕਾਂ ਦੀ ਏਕਤਾ ਖਿੰਡਾਉਣ ਵਾਲੇ ਮਾਹੌਲ ਦਾ ਪ੍ਰਛਾਵਾਂ ਬੇਰੁਜ਼ਗਾਰ ਲਾਈਨਮੈਨਾਂ ਨੇ ਆਪਣੇ ਸੰਘਰਸ਼ 'ਤੇ ਨਹੀਂ ਪੈਣ ਦਿੱਤਾ। ਚੋਣ ਜਾਬਤਾ ਲੱਗ ਜਾਣ ਤੋਂ ਬਾਅਦ ਵੀ ਉਹਨਾਂ ਵੱਲੋਂ ਆਪਣੇ ਸੰਘਰਸ਼ ਅਤੇ ਏਕੇ ਦਾ ਝੰਡਾ ਬੁਲੰਦ ਰੱਖਿਆ ਗਿਆ ਹੈ। ਦਸੰਬਰ ਮਹੀਨੇ ਦੇ ਐਨ ਸ਼ੁਰੂ 'ਚ ਜਦੋਂ ਸਾਰੀਆਂ ਹੀ ਵੋਟ ਵਟੋਰੂ ਪਾਰਟੀਆਂ ਵੋਟ ਕਮਾਈ ਕਰਨ ਖਾਤਰ ਲੋਕਾਂ ਨੂੰ ਭਰਮਾਉਣ ਪਰਚਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ ਤਾਂ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ 42 ਦਿਨਾਂ ਭੁੱਖ ਹੜਤਾਲ ਸ਼ੁਰੂ ਕੀਤੀ ਗਈ। 5 ਦਸੰਬਰ ਨੂੰ ਬਠਿੰਡੇ ਸ਼ਹਿਰ ਵਿੱਚ ਵੱਡਾ ਇਕੱਠ ਕੀਤਾ ਗਿਆ। ਪਰਿਵਾਰਾਂ ਸਮੇਤ ਪੁਹੰਚੇ ਬੇਰੁਜ਼ਗਾਰ ਲਾਈਨਮੈਨਾਂ ਵੱਲੋਂ 3 ਘੰਟੇ ਲਈ ਬੱਸ ਅੱਡਾ ਜਾਮ ਕੀਤਾ ਤੇ ਉਸੇ ਦਿਨ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਚਲਦੀ ਭੁੱਖ ਹੜਤਾਲ ਦੌਰਾਨ ਸ਼ਹਿਰ ਵਾਸੀਆਂ ਤੱਕ ਆਪਣੀ ਗੱਲ ਪਹੁੰਚਾਉਣ ਲਈ ਰੋਸ ਮੁਜ਼ਾਹਰਾ ਅਤੇ ਕੈਂਡਲ ਮਾਰਚ ਕੀਤਾ ਗਿਆ। ਇਸੇ ਤਰ•ਾਂ 25 ਦਸੰਬਰ ਨੂੰ ਵੱਖ ਵੱਖ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਸਰਕਾਰ ਦੀ ਵਾਅਦਾ ਖਿਲਾਫ਼ੀ ਦੇ ਵਿਰੁੱਧ ਕੀਤੇ ਰੋਸ ਪ੍ਰਦਰਸ਼ਨ 'ਚ ਭਰਵੀਂ ਸ਼ਮੂਲੀਅਤ ਕੀਤੀ ਗਈ। ਬੇਰੁਜ਼ਗਾਰਾਂ ਦੀ ਇਸ ਭੁੱਖ ਹੜਤਾਲ ਦੌਰਾਨ ਵੱਖੋ ਵੱਖ ਜ਼ਿਲਿ•ਆਂ ਵੱਲੋਂ ਵਾਰੀ ਸਿਰ ਸ਼ਾਮਲ ਹੋ ਕੇ ਭੁੱਖ ਹੜਤਾਲ ਨੂੰ ਬੇਰੋਕ ਜਾਰੀ ਰੱਖਿਆ ਗਿਆ। 16 ਜਨਵਰੀ ਨੂੰ ਭੁੱਖ ਹੜਤਾਲ ਸਮਾਪਤ ਕਰਨ ਮੌਕੇ ਭਰਵਾਂ ਇਕੱਠ ਕਰਕੇ ਸਰਕਾਰ ਦੀ ਅਰਥੀ ਸਾੜੀ ਗਈ ਤੇ ਮੰਗਾਂ ਹੱਲ ਨਾ ਹੋਣ ਦੀ ਸੂਰਤ 'ਚ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।
ਇਉਂ, ਭਖੀ ਹੋਈ ਚੋਣ ਸਰਗਰਮੀ ਦੇ ਦਿਨਾਂ 'ਚ ਵੀ ਬੇਰੁਜ਼ਗਾਰ ਲਾਈਨਮੈਨਾਂ ਨੇ ਆਪਣੇ ਮੁੱਦੇ ਰੁਲ਼ਣ ਨਾ ਦਿੱਤੇ ਤੇ ਆਪਣੀ ਸੰਘਰਸ਼ ਸਰਗਰਮੀ ਰਾਹੀਂ ਆਉਣ ਵਾਲੀ ਸਰਕਾਰ ਨੂੰ ਸੁਣਵਾਈ ਕੀਤੀ।
No comments:
Post a Comment