Saturday, 25 February 2012

ਪਗੜੀ ਸੰਭਾਲ ਮੁਹਿੰਮ ਦੌਰਾਨ ਨੌਜਵਾਨ ਭਾਰਤ ਸਭਾ ਦੀ ਸਰਗਰਮੀ


ਮੁਹਿੰਮ ਦਾ ਸੁਨੇਹਾ ਨੌਜਵਾਨਾਂ ਤੱਕ ਪਹੁੰਚਾਇਆ
       ਪਗੜੀ ਸੰਭਾਲ ਮੁਹਿੰਮ ਤੇ ਕਾਨਫਰੰਸ ਦਾ ਸੱਦਾ ਨੌਜਵਾਨਾਂ 'ਚ ਲੈ ਕੇ ਜਾਣ ਲਈ ਨੌਜਵਾਨ ਭਾਰਤ ਸਭਾ ਤੇ ਪੀ.ਐਸ.ਯੂ (ਸ਼ਹੀਦ ਰੰਧਾਵਾ) ਵੱਲੋਂ ਵਿਸ਼ੇਸ਼ ਮੁਹਿੰਮ ਜੱਥੇਬੰਦ ਕੀਤੀ ਗਈ। ਪਿੰਡਾਂ 'ਚ ਵੱਖਰੇ ਤੌਰ 'ਤੇ ਨੌਜਵਾਨਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਜਿਹਨਾਂ 'ਚ ਨੌਜਵਾਨਾਂ ਦੀ ਅਜੋਕੀ ਹਾਲਤ ਤੇ ਚੋਣਾਂ ਨਾਲ ਇਹਦੇ ਸੰਬੰਧ ਬਾਰੇ ਚਰਚਾ ਕੀਤੀ ਗਈ। ਸਿੱਖਿਆ ਤੇ ਰੁਜ਼ਗਾਰ ਦੇ ਹੱਕ ਦੀ ਪ੍ਰਾਪਤੀ ਲਈ ਸੰਘਰਸ਼ਾਂ 'ਤੇ ਟੇਕ ਰੱਖਣ ਦਾ ਸੱਦਾ ਦਿੱਤਾ ਗਿਆ। 10 ਹਜ਼ਾਰ ਦੀ ਗਿਣਤੀ 'ਚ ਹੱਥ-ਪਰਚਾ ਨੌਜਵਾਨਾਂ ਵਿਦਿਆਰਥੀਆਂ 'ਚ ਵੰਡਿਆ ਗਿਆ। ਵੱਖ ਵੱਖ ਖੇਤਰਾਂ ਦੇ ਪਿੰਡਾਂ 'ਚ ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ ਮੀਟਿੰਗਾਂ ਤੋਂ ਬਾਅਦ ਮੁਹਿੰਮ ਦਾ ਸੁਨੇਹਾ ਆਮ ਲੋਕਾਂ ਤੱਕ ਵੀ ਪਹੁੰਚਾਇਆ ਗਿਆ। ਸਭਨਾਂ ਪਿੰਡਾਂ 'ਚ ਨੌਜਵਾਨਾਂ ਨੇ ਕਮੇਟੀ ਦਾ ਲੀਫ਼ਲੈੱਟ ਘਰ ਘਰ ਪਹੁੰਚਾਇਆ। ਸੰਗਤ ਬਲਾਕ ਦੇ ਪਿੰਡਾਂ 'ਚ ਝੰਡਾ ਮਾਰਚ ਰਾਹੀਂ ਲੋਕਾਂ ਨੂੰ ਸੰਬੋਧਤ ਹੋਇਆ ਗਿਆ। ਮਾਰਚ ਦੌਰਾਨ ਛੇ ਪਿੰਡਾਂ 'ਚ ਰੈਲੀਆਂ ਰਾਹੀਂ ਸੈਂਕੜੇ ਲੋਕਾਂ ਤੱਕ ਆਪਣਾ ਸੱਦਾ ਪਹੁੰਚਾਇਆ ਗਿਆ। ਨਿਹਾਲ ਸਿੰਘ ਵਾਲਾ ਖੇਤਰ 'ਚ ਕਿਸਾਨਾਂ ਮਜ਼ਦੂਰਾਂ ਨਾਲ ਰਲ਼ ਕੇ ਮਾਰਚ ਕੀਤਾ ਗਿਆ। ਜਿਹਦੇ 'ਚ ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ ਹੋਈ। ਸੁਨਾਮ ਇਲਾਕੇ ਦੇ ਛਾਜਲੀ ਅਤੇ ਆਸ-ਪਾਸ ਦੇ ਪਿੰਡਾਂ ਦੀ ਭਰਵੀਂ ਵਿਸਥਾਰੀ ਮੀਟਿੰਗ ਛਾਜਲੀ ਪਿੰਡ 'ਚ ਹੋਈ ਜਿਸ ਵਿੱਚ ਲਗਭਗ 50 ਨੌਜਵਾਨ ਸ਼ਾਮਲ ਹੋਏ। ਬਠਿੰਡਾ ਦੇ ਰਜਿੰਦਰਾ ਕਾਲਜ 'ਚ ਵਿਦਿਆਰਥੀਆਂ ਦੀ ਭਰਵੀਂ ਰੈਲੀ ਹੋਈ। ਕਈ ਖੇਤਰਾਂ 'ਚ ਮੁਹਿੰਮ ਦੇ ਪੋਸਟਰ ਲਾਉਣ ਦੀ ਜੁੰਮੇਵਾਰੀ ਨੌਜਵਾਨਾਂ ਵੱਲੋਂ ਨਿਭਾਈ ਗਈ।
       ਮੁਹਿੰਮ ਦੌਰਾਨ ਨੌਜਵਾਨਾਂ ਵੱਲੋਂ ਫੰਡ ਵਾਸਤੇ ਲੋਕਾਂ ਤੱਕ ਕੀਤੀ ਪਹੁੰਚ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ। ਬਠਿੰਡੇ ਜਿਲ•ੇ ਦੇ ਭਗਤਾ ਕਸਬੇ ਦੇ ਬਾਜ਼ਾਰਾਂ 'ਚੋਂ ਨੌਜਵਾਨਾਂ ਦੀ ਟੀਮ ਨੇ ਫੰਡ ਇਕੱਤਰ ਕੀਤਾ। ਏਸੇ ਦੌਰਾਨ ਡੱਬਵਾਲੀ ਕੋਲ ਕਿਲਿਆਂਵਾਲੀ ਪਿੰਡ 'ਚ ਵੀ ਨੌਜਵਾਨਾਂ ਵੱਲੋਂ ਫੰਡ ਇਕੱਠਾ ਕੀਤਾ ਗਿਆ ਹੈ। ਚੱਕ ਫਤਹਿ ਸਿੰਘ ਵਾਲਾ (ਬਠਿੰਡਾ) ਪਿੰਡ ਦੀਆਂ ਨੌਜਵਾਨ ਕੁੜੀਆਂ ਦੀ ਮੀਟਿੰਗ ਤੋਂ ਬਾਅਦ ਕੁੜੀਆਂ ਨੇ ਸਮਾਗਮ ਲਈ ਪਿੰਡ 'ਚੋਂ ਫੰਡ ਇਕੱਠਾ ਕੀਤਾ।
ਕੋਠਾ ਗੁਰੂ ਪਿੰਡ 'ਚ ਨੌਜਵਾਨਾਂ ਵੱਲੋਂ ਲਿਖੇ ਕੰਧ ਨਾਅਰੇ ਖਿੱਚ ਦਾ ਕੇਂਦਰ ਰਹੇ। 
ਕਾਨਫਰੰਸ 'ਚ ਸਭਾ ਦੇ ਸਭਨਾਂ ਖੇਤਰਾਂ 'ਚੋਂ ਨੌਜਵਾਨ ਆਪ ਵੀ ਸ਼ਾਮਲ ਹੋਏ ਤੇ ਕਈ ਥਾਵਾਂ ਤੋਂ ਪਿੰਡਾਂ ਦੇ ਲੋਕਾਂ ਨੂੰ ਵੀ ਕਾਨਫਰੰਸ 'ਚ ਸ਼ਾਮਲ ਕਰਵਾਇਆ ਗਿਆ। ਕਾਨਫਰੰਸ ਦੌਰਾਨ ਵੱਖ ਵੱਖ ਕੰਮਾਂ ਦੀਆਂ ਜੰਮੇਵਾਰੀਆਂ ਸਭਾ ਦੇ ਵਲੰਟੀਅਰਾਂ ਨੇ ਨਿਭਾਈਆਂ।
ਪਿੰਡ ਕੋਠਾਗੁਰੂ 'ਚ ਚੋਣ ਕਮਿਸ਼ਨ ਦੀ ਟੀਮ ਦਾ ਘਿਰਾਓ
ਪੰਜਾਬ ਅੰਦਰ ਚੱਲ ਰਹੀ ਪਗੜੀ ਸੰਭਾਲ ਮੁਹਿੰਮ ਦੀ ਤਿਆਰੀ ਤਹਿਤ ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਕੋਠਾਗੁਰੂ 'ਚ ਕੰਧ ਨਾਅਰੇ ਲਿਖੇ ਗਏ ਸਨ। ਏਸੇ ਦੌਰਾਨ 20 ਜਨਵਰੀ ਨੂੰ ਚੋਣ ਕਮਿਸ਼ਨ ਦੀ ਇੱਕ ਟੀਮ ਜਿਸ ਦੀ ਅਗਵਾਈ ਇਲਾਕੇ ਦਾ ਬਲਾਕ ਵਿਕਾਸ ਅਫ਼ਸਰ (ਬੀ.ਡੀ.ਓ.) ਕਰ ਰਿਹਾ ਸੀ ਨੇ ਪਿੰਡ ਵਿੱਚ ਆ ਕੇ ਸਭਾ ਵੱਲੋਂ ਲਿਖੇ ਨਾਅਰਿਆਂ 'ਤੇ ਕਾਲਾ ਰੰਗ ਫੇਰਨਾ ਅਤੇ ਮੁਹਿੰਮ ਦੇ ਪੋਸਟਰਾਂ ਨੂੰ ਉਤਾਰਨਾ ਸ਼ੁਰੂ ਕਰ ਦਿੱਤਾ। ਜਦੋਂ ਇਸ ਦਾ ਪਤਾ ਪਿੰਡ 'ਚ ਪੋਸਟਰ ਲਗਾ ਰਹੀ ਨੌਜਵਾਨ ਭਾਰਤ ਸਭਾ ਤੇ ਬੀ.ਕੇ.ਯੂ. ਉਗਰਾਹਾਂ ਦੀ ਟੀਮ ਨੂੰ ਲੱਗਿਆ ਤਾਂ ਉਹਨਾਂ ਤੁਰੰਤ ਉੱਥੇ ਪਹੁੰਚ ਕੇ ਅਧਿਕਾਰੀਆਂ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ। ਪਰ ਬੀ.ਡੀ.ਓ. ਨੇ ਉੱਪਰੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਕਹਿ ਕੇ ਨਾਅਰੇ ਮਿਟਾਉਣੇ ਜਾਰੀ ਰੱਖੇ। ਪੋਸਟਰ ਤੇ ਨਾਅਰੇ ਕਿਸੇ ਵੀ ਵੋਟਾਂ ਵਾਲੀ ਸਿਆਸੀ ਪਾਰਟੀ ਜਾਂ ਚੋਣ ਪ੍ਰਚਾਰ ਨਾਲ ਸਬੰਧਤ ਨਾ ਹੋਣ ਦੀਆਂ ਦਿੱਤੀਆਂ ਦਲੀਲਾਂ ਦੀ ਵੀ ਪਰਵਾਹ ਨਾ ਕੀਤੀ ਤਾਂ ਮੌਕੇ 'ਤੇ ਇਕੱਤਰ 40-50 ਨੌਜਵਾਨਾਂ ਤੇ ਪਿੰਡ ਵਾਸੀਆਂ ਨੇ ਟੀਮ ਦਾ ਘਿਰਾਓ ਕਰ ਲਿਆ। ਲਗਭਗ 25-30 ਮਿੰਟ ਦੇ ਘਿਰਾਓ ਤੋਂ ਬਾਅਦ ਬੀ.ਡੀ.ਓ. ਨੇ ਆਪਣੀ ਗਲਤੀ ਮੰਨਦਿਆਂ ਇਕੱਤਰ ਇਕੱਠ ਕੋਲੋਂ ਆਪਣੀ ਧੱਕੜ ਕਾਰਵਾਈ ਲਈ ਮੁਆਫ਼ੀ ਮੰਗੀ ਤੇ ਅੱਗੇ ਤੋਂ ਅਜਿਹੀ ਕੋਈ ਵੀ ਕਾਰਵਾਈ ਨਾ ਕਰਨ ਦਾ ਭਰੋਸਾ ਦਿੱਤਾ। ਇਸ ਉਪਰੰਤ ਹੀ ਨੌਜਵਾਨਾਂ ਤੇ ਪਿੰਡ ਵਾਸੀਆਂ ਨੇ ਉਹਨਾਂ ਦਾ ਘਿਰਾਓ ਛੱਡਿਆ ਤੇ ਨਾਅਰੇ ਫਿਰ ਤੋਂ ਲਿਖ ਦਿੱਤੇ ਗਏ।

No comments:

Post a Comment