ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਦੂਸਰੀ ਬਰਸੀ ਮੌਕੇ
ਆਰਥਿਕ ਤੇ ਖੂੰਨੀ ਹੱਲੇ ਖਿਲਾਫ਼ ਜਨਤਕ ਟਾਕਰੇ ਦੀ ਲਹਿਰ ਉਸਾਰਨ ਦਾ ਸੱਦਾ
ਤਖਤੂਪੁਰਾ, 20 ਫਰਵਰੀ - ਆਬਾਦਕਾਰ ਕਿਸਾਨਾਂ-ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਉਣ ਲਈ ਲੜੇ ਜਾ ਰਹੇ ਜਮੀਨੀ ਘੋਲ ਦੀ ਅਗਵਾਈ ਕਰਦਿਆਂ ਅਕਾਲੀ ਆਗੂ ਵੀਰ ਸਿੰਘ ਲੋਪੋਕੇ ਦੇ ਭੂ-ਮਾਫੀਆ ਗਿਰੋਹ ਖਿਲਾਫ਼ ਜੂਝਦੇ ਹੋਏ ਸ਼ਹਾਦਤ ਦਾ ਜਾਮ ਪੀਣ ਵਾਲੇ ਉੱਘੇ ਕਿਸਾਨ ਆਗੂ ਸਾਧੂ ਸਿੰਘ ਤਖਤੂਪੁਰਾ ਦੀ ਦੂਸਰੀ ਬਰਸੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਵੱਲੋਂ ਉਹਨਾਂ ਦੇ ਜੱਦੀ ਪਿੰਡ ਤਖਤੂਪੁਰਾ ਵਿਖੇ ਮਨਾਈ ਗਈ। ਜਿਸ ਵਿਚ ਸੂਬੇ ਭਰ 'ਚੋਂ ਹਜ਼ਾਰਾਂ ਕਿਸਾਨ-ਮਜ਼ਦੂਰ ਮਰਦ-ਔਰਤਾਂ ਵੱਲੋਂ ਸ਼ਿਰਕਤ ਕੀਤੀ ਗਈ। ਲੋਕਾਂ ਦੇ ਠਾਠਾਂ ਮਾਰਦੇ ਅਤੇ ਰੋਹ ਨਾਲ ਖਚਾਖਚ ਭਰੇ ਪੰਡਾਲ ਨੂੰ ਸੰਬੋਧਨ ਕਰਦਿਆਂ ਬੀਕੇਯੂ (ਏਕਤਾ) ਦੇ ਸੂਬਾ ਪ੍ਰਧਾਨ ਸ੍ਰੀ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸ੍ਰੀ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਇਕਸੁਰ ਹੋ ਕੇ ਆਖਿਆ ਕਿ ਜਮੀਨਾਂ ਦੀ ਰਾਖੀ, ਕਰਜਿਆਂ ਤੋਂ ਮੁਕਤੀ, ਬਿਜਲੀ ਬੋਰਡ ਸਮੇਤ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਨੂੰ ਰੋਕਣ ਵਰਗੇ ਮੁੱਦਿਆਂ ਨੂੰ ਲੈ ਕੇ ਸੰਘਰਸ਼ਾਂ ਦੇ ਅਖਾੜਿਆਂ 'ਚੋਂ ਦਿਨੋ-ਦਿਨ ਵੱਧ-ਫੁੱਲ ਰਹੀ ਉਨ•ਾਂ ਦੀ ਜਥੇਬੰਦੀ ਨੂੰ ਮਸਲ ਕੇ ਕਿਸਾਨ ਲਹਿਰ ਨੂੰ ਸੱਟ ਮਾਰਨ ਦੇ ਖੋਰੀ ਇਰਾਦਿਆਂ ਨੂੰ ਸਿਰੇ ਚਾੜ•ਣ ਲਈ ਹੀ ਬਾਦਲ ਸਰਕਾਰ ਤੇ ਪਰਿਵਾਰ ਦੀ ਸ਼ਹਿ 'ਤੇ ਭੂ-ਮਾਫੀਆ ਵੱਲੋਂ ਸ਼ਹੀਦ ਸਾਧੂ ਸਿੰਘ ਦਾ ਚੁਣ ਕੇ ਸਿਆਸੀ ਕਤਲ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਅੱਜ ਵੀ ਸ਼ਹੀਦ ਸਾਧੂ ਸਿੰਘ ਦੇ ਵਾਰਸਾਂ ਸਾਹਮਣੇ ਗੰਭੀਰ ਚੁਣੌਤੀਆਂ ਦਰਪੇਸ਼ ਹਨ। ਇਕ ਪਾਸੇ ਸਾਮਰਾਜੀ ਦਿਸ਼ਾ-ਨਿਰਦੇਸ਼ਾਂ ਤਹਿਤ ਸੂਬਾਈ ਤੇ ਕੇਂਦਰੀ ਹਾਕਮਾਂ ਵੱਲੋਂ ਕਿਸਾਨਾਂ ਦੀਆਂ ਜਮੀਨਾਂ ਖੋਹਣ, ਸਬਸਿਡੀਆਂ ਅਤੇ ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ, ਛੋਟੇ ਖੇਤੀ ਕਰਜਿਆਂ ਦਾ ਬਜਟ ਛਾਂਗਣ ਤੋਂ ਇਲਾਵਾ ਨਵੀਂ ਜਲ-ਨੀਤੀ ਰਾਹੀਂ ਲੋਕਾਂ ਨੂੰ ਪਾਣੀ ਵਰਗੀ ਅਨਮੋਲ ਕੁਦਰਤੀ ਦਾਤ ਤੋਂ ਵਾਂਝੇ ਕਰਨ ਅਤੇ ਖੇਤੀ ਤੇ ਖੇਤ-ਮਜ਼ਦੂਰਾਂ ਤੋਂ ਫਰੀ ਬਿਜਲੀ ਸਹੂਲਤ ਖੋਹਣ, ਰੁਜ਼ਗਾਰ ਦੀ ਗਰੰਟੀ ਤੇ ਸਰਕਾਰੀ ਅਦਾਰਿਆਂ ਦਾ ਭੋਗ ਪਾਉਣ, ਵੱਡ-ਅਕਾਰੀ ਐਗਰੋ ਮਾਲ ਖੋਹਲਣ ਵਰਗੇ ਨੀਤੀ ਕਦਮਾਂ ਰਾਹੀਂ ਲੋਕਾਂ ਨੂੰ ਗੰਭੀਰ ਹਮਲੇ ਦੀ ਮਾਰ ਹੇਠ ਲਿਆਂਦਾ ਜਾ ਰਿਹਾ ਹੈ। ਦੂਜੇ ਪਾਸੇ ਆਪਣੇ ਹੱਕਾਂ ਲਈ ਜੂਝ ਰਹੇ ਕਿਸਾਨਾਂ-ਮਜ਼ਦੂਰਾਂ ਤੇ ਹੋਰਨਾਂ ਸੰਘਰਸ਼ਸ਼ੀਲ ਲੋਕਾਂ ਨੂੰ ਜਾਬਰ-ਕਾਲੇ ਕਨੂੰਨਾਂ ਤੇ ਲਾਠੀਆਂ-ਗੋਲੀਆਂ ਦੇ ਜੋਰ ਅੰਨ•ੇ ਤਸ਼ੱਦਦ ਦਾ ਸ਼ਿਕਾਰ ਬਣਾਉਣ ਤੋਂ ਇਲਾਵਾ ਸੂਦਖੋਰਾਂ, ਭੂ-ਮਾਫੀਆ ਗਰੋਹਾਂ ਅਤੇ ਜਗੀਰਦਾਰਾਂ ਦੀਆਂ ਨਿੱਜੀ ਸੈਨਾਵਾਂ ਅਤੇ ਹਥਿਆਰਬੰਦ ਗੁੰਡਾ ਗਰੋਹਾਂ ਨੂੰ ਹਾਕਮਾਂ ਵੱਲੋਂ ਆਪਣੇ ਸਿਆਸੀ ਛਤਰ-ਛਾਇਆ ਹੇਠ ਪਾਲ-ਪਲੋਸ ਕੇ ਕਾਤਲਾਨਾ ਹਮਲੇ ਕਰਵਾਏ ਜਾ ਰਹੇ ਹਨ, ਅਜਿਹਾ ਸਭ ਕੁੱਝ ਦੇਸੀ-ਵਿਦੇਸ਼ੀ ਵੱਡੇ ਸਰਮਾਏਦਾਰਾਂ, ਕਾਰਪੋਰੇਟ ਘਰਾਣਿਆਂ ਤੇ ਬਹੁ-ਕੌਮੀ ਕੰਪਨੀਆਂ ਅੱਗੇ ਦੇਸ਼ ਦੇ ਕੁਦਰਤੀ ਸਾਧਨਾਂ ਤੇ ਸਰਕਾਰੀ ਖਜਾਨੇ ਨੂੰ ਪਰੋਸ ਕੇ ਇਹਨਾਂ ਲੁਟੇਰਿਆਂ ਦੀਆਂ ਤਿਜੌਰੀਆਂ ਭਰਨ ਲਈ ਕੀਤਾ ਜਾ ਰਿਹਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਇਹ ਚੌਤਰਫ਼ਾ ਹੱਲਾ ਜਿਥੇ ਕਿਸਾਨਾਂ-ਮਜ਼ਦੂਰਾਂ ਤੇ ਕਿਰਤੀ ਲੋਕਾਂ ਨੂੰ ਜਿਥੇ ਭੁੱਖਮਰੀ ਤੇ ਕੰਗਾਲੀ ਦੇ ਮੂੰਹ ਧੱਕ ਰਿਹਾ ਹੈ, ਉਥੇ ਲੋਕਾਂ ਨੂੰ ਸੰਘਰਸ਼ਾਂ ਦੇ ਰਾਹ ਧੱਕਣ ਦਾ ਖੁਦ ਹੀ ਆਧਾਰ ਤਿਆਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਸ ਚੌਤਰਫ਼ੇ ਆਰਥਿਕ ਹੱਲੇ ਤੇ ਖੂੰਨੀ ਧਾਵੇ ਖਿਲਾਫ਼ ਜਨਤਕ ਟਾਕਰੇ ਦੀ ਲਹਿਰ ਉਸਾਰਨ ਲਈ ਸਮੂਹ ਕਿਸਾਨਾਂ, ਖੇਤ-ਮਜ਼ਦੂਰਾਂ, ਔਰਤਾਂ, ਨੌਜਵਾਨਾਂ ਤੇ ਸਨਅਤੀ ਕਾਮਿਆਂ ਸਮੇਤ ਲੁੱਟੇ ਜਾ ਰਹੇ ਸਭਨਾਂ ਲੋਕਾਂ ਨੂੰ ਜਥੇਬੰਦ ਕਰਕੇ ਤਿੱਖੇ ਘੋਲਾਂ ਦੇ ਮੋਰਚੇ ਭਖਾਉਣ ਲਈ ਮੈਦਾਨ 'ਚ ਨਿੱਤਰਨਾ ਹੀ ਸ਼ਹੀਦ ਸਾਧੂ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੈ। ਉਨ•ਾਂ ਐਲਾਨ ਕੀਤਾ ਕਿ ਉਨ•ਾਂ ਦੀ ਜਥੇਬੰਦੀ ਸਭਨਾਂ ਚੁਣੌਤੀਆਂ ਦਾ ਖਿੜੇ ਮੱਥੇ ਟਾਕਰਾ ਕਰਦੀ ਹੋਈ ਸਾਧੂ ਸਿੰਘ ਦੀ ਵਿਰਾਸਤ ਦਾ ਝੰਡਾ ਬੁਲੰਦ ਰੱਖੇਗੀ ਅਤੇ ਕਿਸਾਨ ਲਹਿਰ ਦੀ ਉਸਾਰੀ ਤੇ ਰਾਖੀ ਲਈ ਪੂਰਾ ਤਾਣ ਲਾਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਨੌਜਵਾਨ ਭਾਰਤ ਸਭਾ ਦੇ ਸੂਬਾ ਜੱਥੇਬੰਦਕ ਸਕੱਤਰ ਪਾਵੇਲ ਕੁੱਸਾ, ਕਿਸਾਨ ਸੰਘਰਸ਼ ਕਮੇਟੀ ਦੇ ਕਨਵੀਨਰ ਸਤਨਾਮ ਸਿੰਘ ਪੰਨੂੰ, ਕਿਸਾਨ ਸੰਘਰਸ਼ ਕਮੇਟੀ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂੰ, ਬੀਕੇਯੂ (ਕਾ੍ਰਂਤੀਕਾਰੀ) ਦੇ ਜਨਰਲ ਸਕੱਤਰ ਦਲਵਿੰਦਰ ਸਿੰਘ ਸ਼ੇਰਖਾਂ, ਬੀਕੇਯੂ (ਏਕਤਾ ਡਕੌਂਦਾ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧੰਨੇਰ ਤੇ ਟੀਐਸਯੂ ਦੇ ਸੂਬਾ ਪ੍ਰਧਾਨ ਸੁਖਵੰਤ ਸਿੰਘ ਸੇਖੋਂ ਨੇ ਸ੍ਰੀ ਸਾਧੂ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਆਪਣੇ ਸੰਬੋਧਨ 'ਚ ਕਿਹਾ ਕਿ 6 ਮਾਰਚ ਤੋਂ ਬਾਅਦ ਪੰਜਾਬ 'ਚ ਜੀਹਦੀ ਮਰਜੀ ਸਰਕਾਰ ਬਣ ਜਾਵੇ, ਲੋਕਾਂ 'ਤੇ ਹਮਲੇ ਹੋਰ ਵਧਣਗੇ ਜਿੰਨਾਂ ਦਾ ਜਵਾਬ ਦੇਣ ਲਈ ਤਿਆਰ-ਬਰ-ਤਿਆਰ ਰਹਿਣ ਦੀ ਲੋੜ ਹੈ। ਇਸ ਮੌਕੇ ਮਤਾ ਪਾਸ ਕਰਕੇ ਮਜ਼ਦੂਰ ਘਰਾਂ 'ਚੋਂ ਬਿਜਲੀ ਮੀਟਰ ਪੁੱਟੇ ਜਾਣ ਦੀ ਕਾਰਵਾਈ ਦੀ ਸਖਤ ਨਿੰਦਿਆ ਕਰਦਿਆਂ ਐਲਾਨ ਕੀਤਾ ਗਿਆ ਕਿ ਜਥੇਬੰਦੀਆਂ ਕਿਸੇ ਵੀ ਮਜ਼ਦੂਰ ਦਾ ਮੀਟਰ ਨਹੀਂ ਪੁੱਟਣ ਦੇਣਗੀਆਂ। ਸਟੇਜ ਸੰਚਾਲਨ ਦੀ ਜਿੰਮੇਵਾਰੀ ਹਰਦੀਪ ਸਿੰਘ ਟੱਲੇਵਾਲ ਨੇ ਬਾਖੂਬੀ ਨਿਭਾਈ।
ਜਾਰੀ ਕਰਤਾ :
ਸੁਖਦੇਵ ਸਿੰਘ ਕੋਕਰੀ ਕਲਾਂ,
ਜਨਰਲ ਸਕੱਤਰ, ਬੀਕੇਯੂ ਏਕਤਾ
94174-66038
No comments:
Post a Comment