Wednesday, 12 September 2012

ਕਿਸਾਨ ਮਜ਼ਦੂਰ ਔਰਤ ਕਾਰਕੁੰਨਾਂ ਦੀ ਇਕੱਤਰਤਾ


'ਗੁਰਸ਼ਰਨ ਸਿੰਘ ਦੀ ਕਲਾ ਸਰਗਰਮੀ ਅਤੇ ਔਰਤ ਮੁਕਤੀ ਦਾ ਮਸਲਾ' ਵਿਸ਼ੇ 'ਤੇ

ਕਿਸਾਨ ਮਜ਼ਦੂਰ ਔਰਤ ਕਾਰਕੁੰਨਾਂ ਦੀ ਇਕੱਤਰਤਾ







ਉੱਘੇ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਪਹਿਲੀ ਬਰਸੀ ਮਨਾਉਣ ਦੀ ਤਿਆਰੀ 'ਚ ਚੱਲ ਰਹੇ ਸਮਾਗਮਾਂ ਦੀ ਲੜੀ ਦੌਰਾਨ ਅੱਜ ਟੀਚਰਜ਼ ਹੋਮ ਬਠਿੰਡਾ 'ਚ ਸੈਂਕੜੇ ਕਿਸਾਨ ਮਜ਼ਦੂਰ ਔਰਤ ਕਾਰਕੁੰਨਾਂ ਦੀ ਇਕੱਤਰਤਾ ਹੋਈ। ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਤਿਆਰੀ ਕਮੇਟੀ ਵੱਲੋਂ 'ਗੁਰਸ਼ਰਨ ਸਿੰਘ ਦੀ ਕਲਾ ਸਰਗਰਮੀ ਅਤੇ ਔਰਤ ਮੁਕਤੀ ਦਾ ਮਸਲਾ' ਵਿਸ਼ੇ 'ਤੇ ਸੱਦੀ ਇਸ ਇਕੱਤਰਤਾ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਡਾ. ਪਰਮਿੰਦਰ ਸਿੰਘ ਅਤੇ ਐਡਵੋਕੇਟ ਐਨ. ਕੇ. ਜੀਤ ਨੇ ਵਿਸਥਾਰੀ ਭਾਸ਼ਣ ਦਿੱਤੇ। ਮਾਲਵਾ ਖੇਤਰ ਤੋਂ ਜੁੜੀਆਂ ਮਜ਼ਦੂਰ ਕਿਸਾਨ ਔਰਤ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਗੁਰਸ਼ਰਨ ਸਿੰਘ ਨੇ ਆਪਣੇ ਜੀਵਨ ਭਰ ਦੀ ਸਰਗਰਮੀ ਦੌਰਾਨ ਔਰਤਾਂ ਦੀ ਸਮਾਜਕ ਆਰਥਕ ਬਰਾਬਰੀ ਦੇ ਮਸਲੇ ਨੂੰ ਬਹੁਤ ਜ਼ੋਰ ਨਾਲ ਉਭਾਰਿਆ। ਸਾਡੇ ਸਮਾਜ 'ਚ ਔਰਤਾਂ ਨੂੰ ਪਈਆਂ ਬੇੜੀਆਂ, ਮਰਦਾਵਾਂ ਦਾਬਾ, ਔਰਤਾਂ 'ਤੇ ਹੁੰਦੇ ਜ਼ਬਰ ਅਤੇ ਵਿਤਕਰੇ ਗੁਰਸ਼ਰਨ ਸਿੰਘ ਦੇ ਨਾਟਕਾਂ 'ਚ ਬਹੁਤ ਉੱਭਰਵੇਂ ਢੰਗ ਨਾਲ ਪੇਸ਼ ਹੋਏ। ਔਰਤ ਵਿਰੋਧੀ ਸਮਾਜਕ ਧਾਰਨਾਵਾਂ ਉਹਨਾਂ ਦੀ ਕਲਾ ਦਾ ਚੁਣਵਾਂ ਨਿਸ਼ਾਨਾ ਬਣਦੀਆਂ ਰਹੀਆਂ। ਉਹਨਾਂ ਦੇ ਬਰਾਬਰੀ ਭਰੇ ਸਮਾਜ ਦੀ ਉਸਾਰੀ ਦੇ ਸੰਕਲਪ ਵਿੱਚ ਔਰਤ ਦੀ ਆਰਥਕ ਸਮਾਜਕ ਪੁੱਗਤ ਸਥਾਪਤ ਕਰਨਾ ਵੀ ਸ਼ਾਮਲ ਸੀ। ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਅੱਜ ਜਦੋਂ ਮਿਹਨਤਕਸ਼ ਲੋਕਾਂ 'ਤੇ ਨਵੀਆਂ ਆਰਥਿਕ ਨੀਤੀਆਂ ਤਹਿਤ ਵੱਡੇ ਆਰਥਕ ਬੋਝ ਲੱਦੇ ਜਾ ਰਹੇ ਹਨ ਤਾਂ ਇਹਦੀ ਸਭ ਤੋਂ ਵੱਧ ਮਾਰ ਔਰਤਾਂ 'ਤੇ ਪੈ ਰਹੀ ਹੈ। ਔਰਤਾਂ ਦੀ ਜ਼ਿੰਦਗੀ ਬਦਲਣ ਲਈ ਲਾਜ਼ਮੀ ਹੈ ਕਿ ਉਹ ਲੋਕ ਹੱਕਾਂ ਲਈ ਚੱਲਦੇ ਸੰਗਰਾਮਾਂ 'ਚ ਜ਼ੋਰਦਾਰ ਸ਼ਮੂਲੀਅਤ ਕਰਨ ਜੱਥੇਬੰਦ ਹੋਣ ਤੇ ਸੰਘਰਸ਼ਾਂ 'ਚ ਮੋਹਰੀ ਭੂਮਿਕਾ ਨਿਭਾਉਣ।
ਐਡਵੋਕੇਟ ਐਨ. ਕੇ. ਜੀਤ ਨੇ ਦੁਨੀਆਂ ਭਰ ਦੇ ਮੁਲਕਾਂ ਦੀਆਂ ਔਰਤ ਲਹਿਰਾਂ ਦੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਸਾਡੇ ਗੁਆਂਢੀ ਮੁਲਕ ਚੀਨ 'ਚ ਲੋਕ ਮੁਕਤੀ ਲਈ ਚੱਲਦੇ ਸੰਘਰਸ਼ਾਂ 'ਚ ਔਰਤਾਂ ਨੇ ਬਹੁਤ ਅਹਿਮ ਹਿੱਸਾ ਪਾਇਆ ਸੀ। ਉੱਥੇ ਸਥਾਪਤ ਹੋਏ ਲੋਕ ਪੱਖੀ ਨਿਜ਼ਾਮ 'ਚ ਔਰਤਾਂ ਹਕੀਕੀ ਤੌਰ 'ਤੇ ਅੱਧ ਦੀਆਂ ਮਾਲਕ ਬਣੀਆਂ ਤੇ ਆਪਦੀ ਤਕਦੀਰ ਦੀ ਉਸਾਰੀ ਆਪਣੇ ਹੱਥ ਲਈ। ਉਹਨਾਂ ਸਾਡੇ ਦੇਸ਼ ਤੇ ਪੰਜਾਬ 'ਚ ਲੜੇ ਜਾ ਰਹੇ ਸੰਘਰਸ਼ਾਂ ਦੌਰਾਨ ਔਰਤਾਂ ਵੱਲੋਂ ਨਿਭਾਈ ਭੂਮਿਕਾ ਦਾ ਮਹੱਤਵ ਉਘਾੜਿਆ ਤੇ ਕਈ ਵੱਡੇ ਜਨਤਕ ਘੋਲਾਂ ਦੀ ਜਿੱਤ 'ਚ ਔਰਤਾਂ ਦੀ ਸਰਗਰਮ ਸ਼ਮੂਲੀਅਤ ਬਾਰੇ ਵਿਸਥਾਰ 'ਚ ਦੱਸਿਆ। ਉਹਨਾਂ ਔਰਤ ਕਾਰਕੁੰਨਾਂ ਨੂੰ ਸੱਦਾ ਦਿੱਤਾ ਕਿ ਉਹ ਲੋਕ ਸੰਘਰਸ਼ਾਂ 'ਚ ਆਪਣੀ ਸਰਗਰਮ ਭੂਮਿਕਾ ਨਿਭਾਉਣ ਲਈ ਅੱਗੇ ਆਉਣ ਤਾਂ ਹੀ ਔਰਤ ਮੁਕਤੀ ਦਾ ਰਾਹ ਖੁੱਲਣਾ ਹੈ। ਔਰਤ ਕਾਰਕੁੰਨਾਂ ਤਰਫੋਂ ਹਰਿੰਦਰ ਬਿੰਦੂ ਨੇ ਜਿੱਥੇ ਬੁਲਾਰਿਆਂ ਦਾ ਧੰਨਵਾਦ ਕੀਤਾ ਉੱਥੇ ਨਾਲ ਹੀ ਤਾਜ਼ਾ ਕਿਸਾਨ ਸੰਘਰਸ਼ਾਂ 'ਚ ਔਰਤਾਂ ਦੀ ਸ਼ਾਨਾਮੱਤੀ ਭੂਮਿਕਾ ਦੀ ਚਰਚਾ ਵੀ ਕੀਤੀ। ਪਾਵੇਲ ਕੁੱਸਾ ਦੀ ਮੰਚ ਸੰਚਾਲਣਾ 'ਚ ਹੋਏ ਸਮਾਗਮ ਦੌਰਾਨ ਕਮੇਟੀ ਮੈਂਬਰ ਝੰਡਾ ਸਿੰਘ ਜੇਠੂਕੇ ਅਤੇ ਜ਼ੋਰਾ ਸਿੰਘ ਨਸਰਾਲੀ ਵੀ ਹਾਜ਼ਰ ਸਨ। ਅੰਤ ਵਿੱਚ ਕਮੇਟੀ ਨੇ ਸਭਨਾਂ ਨੂੰ ਗੁਰਸ਼ਰਨ ਸਿੰਘ ਦੀ ਪਹਿਲੀ ਬਰਸੀ ਲਈ ਹੋ ਰਹੇ ਸਮਾਗਮਾਂ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਮਿਤੀ12/09/2012                                   ਜਾਰੀ ਕਰਤਾ — ਪਾਵੇਲ ਕੁੱਸਾ, ਕਮੇਟੀ ਮੈਂਬਰ।
9417054015

No comments:

Post a Comment