ਰਾਮਾਂ ਮੰਡੀ 'ਚ ਛੇ ਸਾਲਾ ਬੱਚੀ
ਨਾਲ ਜਬਰ ਜਿਨਾਹ ਦਾ ਮਾਮਲਾ
ਇਨਸਾਫ਼ ਹਾਸਲ ਕਰਨ ਲਈ ਇਕੱਠੇ
ਹੋਵੋ
12 ਫਰਵਰੀ
ਦੀ ਸ਼ਾਮ ਨੂੰ ਰਾਮਾਂ ਮੰਡੀ (ਬਠਿੰਡਾ) 'ਚ ਹਿਰਦਾ ਵਲੂੰਧਰਨ ਵਾਲੀ ਘਟਨਾ ਵਾਪਰੀ। ਛੇ ਸਾਲਾਂ ਦੀ ਮਾਸੂਮ
ਬੱਚੀ ਨੂੰ ਜਬਰ-ਜਿਨਾਹ ਦਾ ਸ਼ਿਕਾਰ ਬਣਾਇਆ ਗਿਆ। ਖੂਨ ਨਾਲ ਲੱਥਪਥ ਬੱਚੀ ਨੂੰ ਲੋਕਾਂ ਅਤੇ ਸਮਾਜ-ਸੇਵੀ
ਕਾਰਕੁੰਨਾਂ ਨੇ ਹਸਪਤਾਲ ਪਹੁੰਚਾਇਆ। ਪਰ ਹਸਪਤਾਲ 'ਚ ਲੋੜੀਂਦੀ ਸਾਂਭ ਸੰਭਾਲ ਨਾ ਹੋਈ ਅਤੇ ਬੱਚੀ ਨੂੰ
ਬਠਿੰਡੇ ਰੈਫ਼ਰ ਕਰ ਦਿੱਤਾ ਗਿਆ। ਐਂਬੂਲੈਂਸ ਵੀ ਜਾਣ ਦੀ ਹਾਲਤ 'ਚ ਨਹੀਂ ਸੀ। ਲੋਕਾਂ ਨੇ ਪ੍ਰਾਈਵੇਟ
ਗੱਡੀ ਰਾਹੀਂ ਪੀੜਤ ਬੱਚੀ ਨੂੰ ਬਠਿੰਡੇ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਿੱਥੇ ਅਜੇ ਵੀ ਬੱਚੀ
ਦਾ ਇਲਾਜ ਚੱਲ ਰਿਹਾ ਹੈ। ਇਹ ਮਾਸੂਮ ਬੱਚੀ ਗ਼ਰੀਬ ਪ੍ਰਵਾਸੀ ਮਜ਼ਦੂਰ ਦੀ ਧੀ ਹੈ ਜਿਹੜਾ ਯੂ.ਪੀ. ਤੋਂ
ਇੱਥੇ ਆ ਕੇ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ਼ਦਾ ਹੈ।
ਅਜਿਹੇ
ਦਰਦਨਾਕ ਕਾਰੇ ਨਾਲ ਲੋਕ ਮਨਾਂ 'ਚ ਰੋਹ ਜਾਗਣਾ ਸੁਭਾਵਿਕ ਸੀ। ਇੱਕ ਤਾਂ ਇਹ ਕੁਕਰਮ ਰਾਮਾਂ ਮੰਡੀ ਰੇਲਵੇ
ਸਟੇਸ਼ਨ 'ਤੇ ਸਥਿਤ ਪੁਲਿਸ ਚੌਂਕੀ ਦੇ ਐਨ ਨਾਲ ਅਤੇ ਰਾਮਾਂ ਪੁਲਿਸ ਥਾਣੇ ਦੇ ਬਹੁਤ ਹੀ ਨਜ਼ਦੀਕ ਕੀਤਾ
ਗਿਆ ਹੈ, ਪੁਲਿਸ ਕਰਮਚਾਰੀਆਂ ਦੇ ਐਨ ਨੱਕ ਹੇਠ ਵਾਪਰਿਆ ਹੈ। ਉੱਪਰੋਂ ਸਰਕਾਰੀ ਹਸਪਤਾਲਾਂ 'ਚੋਂ ਵੀ
ਢੁੱਕਵੀਂ ਮਦਦ ਅਤੇ ਇਲਾਜ ਨਸੀਬ ਨਾ ਹੋਇਆ। ਅਜਿਹੇ ਹਾਲਾਤ ਨੇ ਸਥਾਨਕ ਸ਼ਹਿਰ ਨਿਵਾਸੀਆਂ ਅੰਦਰ ਭਾਰੀ
ਰੋਸ ਜਗਾ ਦਿੱਤਾ। ਉਹ ਦੋਸ਼ੀ ਦਾ ਪਤਾ ਲਗਾਉਣ ਅਤੇ ਗ੍ਰਿਫ਼ਤਾਰ ਕਰਨ ਦੀ ਮੰਗ ਲਈ ਇਕੱਠੇ ਹੋ ਗਏ। ਇਸ ਇਕੱਠ
'ਚ ਪ੍ਰਵਾਸੀ ਮਜ਼ਦੂਰਾਂ ਤੋਂ ਬਿਨਾਂ ਰਾਮਾਂ ਮੰਡੀ ਦੇ ਆਮ ਸ਼ਹਿਰੀ, ਸਮਾਜ ਸੇਵੀ ਸੰਸਥਾਵਾਂ ਤੇ ਨੇੜਲੇ
ਪਿੰਡਾਂ ਤੋਂ ਕਲੱਬਾਂ ਦੇ ਨੌਜਵਾਨ ਵੀ ਆ ਜੁੜੇ। ਨੇੜਲੀ ਮਜ਼ਦੂਰ ਬਸਤੀ ਦੀਆਂ ਔਰਤਾਂ ਵੀ ਵੱਡੀ ਗਿਣਤੀ
'ਚ ਪਹੁੰਚੀਆਂ। ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਜਗਾਉਣ ਲਈ ਅਤੇ ਆਪਣੇ ਰੋਸ ਦਾ ਪ੍ਰਗਟਾਵਾ ਕਰਨ ਲਈ
ਲੋਕਾਂ ਨੇ ਰੇਲਵੇ ਲਾਈਨ 'ਤੇ ਧਰਨਾ ਮਾਰ ਲਿਆ। ਦੋਸ਼ੀ ਨੂੰ ਜਲਦੀ ਲੱਭ ਕੇ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ
ਲੈ ਕੇ ਇਹ ਧਰਨਾ ਰਾਤ ਨੂੰ 11 ਵਜੇ ਤੱਕ ਚੱਲਿਆ। ਅਗਲੇ ਦਿਨ ਸਵੇਰੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਾ ਹੋਣ
'ਤੇ ਲੋਕਾਂ ਨੇ ਮੁੜ ਰੇਲ ਲਾਈਨ ਜਾਮ ਕਰ ਦਿੱਤੀ। ਸਾਰਾ ਦਿਨ ਲੋਕਾਂ ਦੇ ਭਾਰੀ ਇਕੱਠ ਨੇ ਪੁਲਿਸ ਪ੍ਰਸ਼ਾਸਨ
ਖਿਲਾਫ਼ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਅਤੇ ਜਲਦ ਕਾਰਵਾਈ ਦੀ ਮੰਗ ਕੀਤੀ। ਆਖ਼ਰ ਐਸ.ਡੀ.ਐਮ ਵੱਲੋਂ ਦੋ ਦਿਨ
'ਚ ਦੋਸ਼ੀ ਲੱਭ ਕੇ ਗ੍ਰਿਫ਼ਤਾਰ ਕਰ ਲੈਣ ਦਾ ਭਰੋਸਾ ਦਿੱਤੇ ਜਾਣ ਮਗਰੋਂ ਲੋਕਾਂ ਨੇ ਧਰਨਾ ਸਮਾਪਤ ਕਰ ਦਿੱਤਾ।
ਰਾਤ ਨੂੰ 8 ਵਜੇ ਬਠਿੰਡਾ 'ਚ ਐਸ.ਐਸ.ਪੀ. ਨੇ ਪ੍ਰੈੱਸ ਕਾਨਫਰੰਸ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲੈਣ
ਦਾ ਦਾਅਵਾ ਕਰ ਦਿੱਤਾ। ਦੱਸਿਆ ਗਿਆ ਕਿ ਇਹ ਕਾਰਾ ਅਖਿਲੇਸ਼ ਕੁਮਾਰ ਨਾਮ ਦੇ ਇੱਕ ਪ੍ਰਵਾਸੀ ਮਜ਼ਦੂਰ ਨੇ
ਕੀਤਾ ਹੈ, ਜਿਸ 'ਤੇ ਬਲਾਤਕਾਰ ਦਾ ਕੇਸ ਦਰਜ ਕਰ ਦਿੱਤਾ ਗਿਆ ਹੈ। ਬਾਅਦ 'ਚ ਅੱਧੀ ਰਾਤ ਨੂੰ ਰਾਮਾਂ
ਮੰਡੀ ਕਸਬੇ 'ਚ ਪੁਲਿਸ ਵੱਲੋਂ ਅਨਾਊਂਸਮੈਂਟ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲੈਣ ਦੇ ਦਮਗਜ਼ੇ ਮਾਰੇ
ਗਏ।
ਰੇਲਵੇ
ਲਾਈਨ 'ਤੇ ਧਰਨਾ ਮਾਰ ਰਹੇ ਲੋਕਾਂ ਦੀ ਹਮਾਇਤ 'ਚ ਨੌਜਵਾਨ ਭਾਰਤ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ
ਦੇ ਕਾਰਕੁੰਨ ਵੀ ਆ ਪਹੁੰਚੇ ਸਨ। ਕਾਰਕੁੰਨਾਂ ਨੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਵੀ ਕੀਤਾ ਸੀ ਤੇ
ਆਪਸੀ ਏਕਤਾ ਕਾਇਮ ਰੱਖਣ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਭੜਕਾਊ ਚਾਲਾਂ ਤੋਂ ਸੁਚੇਤ ਰਹਿਣ ਦੀਆਂ ਬੇਨਤੀਆਂ
ਕੀਤੀਆਂ ਸਨ। ਇਸ ਵਹਿਸ਼ੀ ਕਾਰੇ ਖਿਲਾਫ਼ ਆਵਾਜ਼ ਉਠਾਉਣ ਦੇ ਕਦਮ ਨੂੰ ਹੱਲਾਸ਼ੇਰੀ ਦਿੱਤੀ ਸੀ। ਪ੍ਰੈੱਸ ਕਾਨਫਰੰਸ
'ਚ ਦੋਸ਼ੀ ਦੀ ਗ੍ਰਿਫਤਾਰੀ ਦੇ ਐਲਾਨ ਤੋਂ ਬਾਅਦ ਦੋਹਾਂ ਜੱਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਸਾਂਝੀ
ਟੀਮ ਬਣਾ ਕੇ ਇਸ ਘਟਨਾ ਦੀ ਪੜਤਾਲ ਕੀਤੀ ਗਈ ਹੈ।
ਪੜਤਾਲੀਆ ਰਿਪੋਰਟ : ਅਖਿਲੇਸ਼ ਕੁਮਾਰ ਦੋਸ਼ੀ ਨਹੀਂ, ਅਸਲ
ਦੋਸ਼ੀ ਹਾਲੇ ਵੀ ਬਾਹਰ
ਇਸ ਪੜਤਾਲ
ਦੌਰਾਨ ਇਹ ਜ਼ੋਰਦਾਰ ਸੰਕੇਤ ਉੱਭਰਦੇ ਹਨ ਕਿ ਅਖਿਲੇਸ਼ ਕੁਮਾਰ ਨਾਮ ਦਾ ਨੌਜਵਾਨ ਅਸਲ ਦੋਸ਼ੀ ਨਹੀਂ ਹੈ।
ਜਾਂ ਤਾਂ ਪੁਲਿਸ ਅਸਲ ਦੋਸ਼ੀ ਨੂੰ ਛੁਪਾਉਣਾ ਚਾਹੁੰਦੀ ਹੈ ਤੇ ਜਾਂ ਫੁਰਤੀ ਨਾਲ ਮਾਮਲਾ ਹੱਲ ਕਰਕੇ ਭੜਕੇ
ਹੋਏ ਲੋਕਾਂ ਨੂੰ ਸ਼ਾਂਤ ਕਰ ਲੈਣ ਦੀ ਕਲਗ਼ੀ ਆਪਣੇ ਸਿਰ ਸਜਾਉਣ ਦੀ ਕਾਹਲ 'ਚ ਇੱਕ ਨਿਰਦੋਸ਼ ਨੌਜਵਾਨ ਨੂੰ
ਜੇਲ• 'ਚ ਸੁੱਟ ਦਿੱਤਾ ਹੈ। ਅਸਲ ਗੱਲ ਸਾਹਮਣੇ ਆਉਣੀ ਤਾਂ ਹਾਲੇ ਬਾਕੀ ਹੈ। ਪਰ ਦੋਹਾਂ 'ਚੋਂ ਮੰਤਵ
ਕੋਈ ਵੀ ਹੋਵੇ, ਇਹ ਗੱਲ ਸਾਫ਼ ਹੈ ਕਿ ਕੁਕਰਮ ਕਰਨ ਵਾਲਾ ਅਪਰਾਧੀ ਬਚ ਨਿਕਲਿਆ ਹੈ। ਪੀੜਤ ਬੱਚੀ ਅਤੇ
ਪਰਿਵਾਰ ਨੂੰ ਅਜੇ ਇਨਸਾਫ਼ ਨਹੀਂ ਮਿਲਿਆ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਪਣੀ ਅਸਲ ਜੁੰਮੇਵਾਰੀ
ਨਿਭਾਉਣ ਦੀ ਥਾਂ ਇੱਕ ਬੇਕਸੂਰ ਨੌਜਵਾਨ ਨੂੰ ਜ਼ੇਲ• 'ਚ ਸੁੱਟ ਦੇਣ ਦਾ ਗੁਨਾਹ ਕੀਤਾ ਹੈ।
ਸਾਡੀਆਂ
ਦੋਹਾਂ ਜੱਥੇਬੰਦੀਆਂ ਦੇ ਕਾਰਕੁੰਨਾਂ ਦੀ ਪੜਤਾਲ ਅਨੁਸਾਰ ਇਹ ਘਟਨਾ ਦਿਨ ਦੇ ਤਿੰਨ ਵਜੇ ਦੇ ਆਸਪਾਸ ਵਾਪਰੀ।
ਪੀੜਤ ਬੱਚੀ ਦੇ ਘਰ ਦੇ ਨਾਲ ਹੀ ਰਹਿੰਦੇ ਮਜ਼ਦੂਰ ਬਬਲੂ ਦੇ ਘਰ ਪੁਲਿਸ ਨੇ ਰਾਤ ਨੂੰ 12 ਵਜੇ ਦੇ ਲਗਭਗ
ਛਾਪਾ ਮਾਰਿਆ ਤੇ ਉੱਥੇ ਮੌਜੂਦ ਬਬਲੂ ਦੀ ਪਤਨੀ ਅਤੇ ਉਸਦੇ ਤਿੰਨ ਭਰਾਵਾਂ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ
ਦੌਰਾਨ ਉਹਨਾਂ ਨੇ ਕਿਹਾ ਕਿ ਉਹ ਤਾਂ ਰਾਤ ਨੂੰ ਲਗਭਗ 8 ਵਜੇ ਪਿੰਡ ਪੱਕਾ ਕਲਾਂ ਤੋਂ ਕੰਮ ਕਰਕੇ ਵਾਪਸ
ਆਏ ਹਨ ਅਤੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਨਾਮ ਪਤੇ ਨੋਟ ਕਰਕੇ ਚਲੀ ਗਈ। ਅਗਲੇ ਦਿਨ
ਸਵੇਰੇ 7 ਵਜੇ ਪੁਲਿਸ ਦੀ ਟੀਮ ਫਿਰ ਆਈ ਅਤੇ ਬਬਲੂ ਤੇ ਉਸਦੇ ਤਿੰਨ ਸਾਲਿਆਂ ਅਖਿਲੇਸ਼, ਅਰਵਿੰਦ ਤੇ ਵਿਪਿਨ
ਨੂੰ ਗ੍ਰਿਫ਼ਤਾਰ ਕਰਕੇ ਲੈ ਗਈ। ਮੌਕੇ 'ਤੇ ਮੌਜੂਦ ਰਾਜੂ ਠੇਕੇਦਾਰ ਨੇ ਵੀ ਇਹਨਾਂ ਦੇ ਕੰਮ 'ਤੇ ਹੋਣ
ਦੀ ਪੁਸ਼ਟੀ ਕੀਤੀ ਤੇ ਪੁਲਿਸ ਨੇ ਪੱਕਾ ਕਲਾਂ ਤੋਂ ਜਾ ਕੇ ਵੀ ਪਤਾ ਕਰਿਆ। ਪਰ ਇਹ ਪਤਾ ਹੋਣ ਦੇ ਬਾਵਜੂਦ
ਵੀ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਈ। ਅਖਿਲੇਸ਼ 'ਤੇ ਕੇਸ ਪਾ ਕੇ ਜੇਲ• ਭੇਜ ਦਿੱਤਾ ਅਤੇ
ਬਾਕੀਆਂ ਨੂੰ ਤਿੰਨ ਦਿਨ ਨਜਾਇਜ਼ ਹਿਰਾਸਤ 'ਚ ਰੱਖਿਆ। ਆਖਰ ਨੂੰ ਜਦੋਂ ਜੱਥੇਬੰਦੀਆਂ ਦੇ ਕਾਰਕੁੰਨਾਂ
ਅਤੇ ਬਾਕੀ ਪਰਿਵਾਰਕ ਮੈਂਬਰਾਂ ਦਾ ਵਫ਼ਦ ਆਈ.ਜੀ. ਬਠਿੰਡਾ ਨੂੰ ਮਿਲਿਆ ਤਾਂ ਉਹਨਾਂ ਨੂੰ ਰਿਹਾਅ ਕੀਤਾ
ਗਿਆ। ਹੇਠਲੇ ਤੱਥਾਂ ਤੋਂ ਪਤਾ ਲੱਗਦਾ ਹੈ ਕਿ ਅਸਲ ਦੋਸ਼ੀ ਹਾਲੇ ਗ੍ਰਿਫਤਾਰ ਨਹੀਂ ਕੀਤਾ ਗਿਆ ਸਗੋਂ ਪੁਲਿਸ
ਅਖਿਲੇਸ਼ ਨੂੰ ਦੋਸ਼ੀ ਸਾਬਤ ਕਰਕੇ ਕੇਸ ਨੂੰ ਨਿੱਬੜਿਆ ਵਿਖਾਉਣਾ ਚਾਹੁੰਦੀ ਹੈ।
dਨੌਜਵਾਨ
ਅਖਿਲੇਸ਼ ਕੁਮਾਰ ਉਸ ਦਿਨ ਪੱਕਾ ਕਲਾਂ 'ਚ ਸ਼੍ਰੀ ਦਿਲਵਰ ਸ਼ਰਮਾ (ਰਿਟਾਇਰਡ ਸੈਕਟਰੀ ਕੋਔਪਰੇਟਿਵ ਸੁਸਾਇਟੀ)
ਦੇ ਘਰ ਉਸਾਰੀ ਦੇ ਕੰਮ ਦੌਰਾਨ ਰੋੜੀ ਕੁੱਟ ਰਿਹਾ ਸੀ। ਉਸਦਾ ਜੀਜਾ ਬਬਲੂ ਜੋ ਪਹਿਲਾਂ ਤੋਂ ਹੀ ਰਾਜੂ
ਠੇਕੇਦਾਰ ਨਾਲ ਦਿਹਾੜੀ ਜਾਂਦਾ ਸੀ, ਉਸ ਦਿਨ ਅਖਿਲੇਸ਼ ਨੂੰ ਵੀ ਨਾਲ ਲੈ ਕੇ ਗਿਆ ਸੀ। ਇਸ ਦੀ ਪੁਸ਼ਟੀ
ਸ਼੍ਰੀ ਦਿਲਵਰ ਸ਼ਰਮਾਂ ਦੇ ਪਰਿਵਾਰ, ਉਹਨਾਂ ਦੇ ਸੀਰੀ ਅਤੇ ਰਾਜੂ ਠੇਕੇਦਾਰ ਨੇ ਵੀ ਕੀਤੀ ਹੈ। ਅਖਿਲੇਸ਼
ਸਮੇਤ ਪੰਜ ਮਜ਼ਦੂਰ ਸਵੇਰੇ 9 ਕੁ ਵਜੇ ਰਾਮੇਂ ਤੋਂ ਪੱਕਾਂ ਕਲਾਂ ਗਏ ਹਨ ਤੇ ਰਾਤ ਨੂੰ 8 ਵਜੇ ਦੇ ਲਗਭਗ
ਰਾਮਾਂ ਮੰਡੀ ਵਾਪਿਸ ਪਹੁੰਚੇ ਹਨ।
dਕਈ ਹੋਰਨਾਂ
ਲੋਕਾਂ ਵੱਲੋਂ ਵੀ ਅਖਿਲੇਸ਼ ਨੂੰ ਸਵੇਰੇ ਰਾਜੂ ਠੇਕੇਦਾਰ ਅਤੇ ਬਬਲੂ ਨਾਲ ਕੰਮ 'ਤੇ ਜਾਂਦਿਆਂ ਅਤੇ ਵਾਪਸ
ਆਉਂਦਿਆਂ ਵੇਖੇ ਜਾਣ ਦੀ ਪੁਸ਼ਟੀ ਕੀਤੀ ਹੈ।
dਪੀੜਤ
ਬੱਚੀ ਦੇ ਮਾਪਿਆਂ ਵੱਲੋਂ ਦੋਸ਼ੀ ਵਜੋਂ ਕਿਸੇ ਵੀ ਵਿਅਕਤੀ ਦਾ ਨਾਮ ਨਹੀਂ ਲਿਆ ਗਿਆ ਤੇ ਨਾ ਹੀ ਕਿਸੇ
ਵੱਲ ਸ਼ੱਕ ਪ੍ਰਗਟ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਇਹ ਕਾਰਵਾਈ ਆਪਣੇ ਆਪ ਕੀਤੀ ਹੈ।
dਪੁਲਿਸ
ਵੱਲੋਂ ਦੋਸ਼ੀ ਕਹੇ ਗਏ ਨੌਜਵਾਨ ਦੀ ਸ਼ਨਾਖਤ ਕਰਵਾਉਣ ਦਾ ਢੰਗ ਵੀ ਪਾਰਦਰਸ਼ੀ ਨਹੀਂ ਹੈ। ਬੱਚੀ ਦੇ ਪਿਤਾ
ਨੂੰ ਕਮਰੇ 'ਚੋਂ ਬਾਹਰ ਕਰਕੇ, ਗ੍ਰਿਫ਼ਤਾਰ ਕੀਤੇ ਚਾਰ ਵਿਅਕਤੀਆਂ ਦੀਆਂ ਤਸਵੀਰਾਂ ਬੱਚੀ ਅੱਗੇ ਪੇਸ਼ ਕੀਤੀਆਂ
ਗਈਆਂ। ਨਿੱਕੀ ਬੱਚੀ ਦੀ ਮਾਨਸਿਕ ਹਾਲਤ ਵੇਖ ਕੇ ਇਹ ਯਕੀਨ ਕਰਨਾ ਮੁਸ਼ਕਿਲ ਹੈ ਕਿ ਉਸਨੇ ਸੱਚਮੁਚ ਹੀ
ਦੋਸ਼ੀ ਨੂੰ ਪਹਿਚਾਣ ਲਿਆ ਹੈ।
dਪੁਲਿਸ
ਵੱਲੋਂ ਪ੍ਰੈੱਸ ਕਾਨਫਰੰਸ 'ਚ ਕਿਹਾ ਗਿਆ ਹੈ ਕਿ ਬੱਚੀ ਦੇ ਚਚੇਰੇ ਭਰਾ ਵੱਲੋਂ ਦੋਸ਼ੀ ਨੂੰ ਇਹ ਜ਼ੁਰਮ
ਕਰਦਿਆਂ ਅੱਖੀਂ ਵੇਖਿਆ ਗਿਆ ਹੈ। ਜਦਕਿ ਲੜਕੇ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਾਡੇ ਮੁੰਡੇ ਨੇ ਪੁਲਿਸ
ਨੂੰ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਤੇ ਉਹ ਘਟਨਾ ਸਮੇਂ ਦੌਰਾਨ ਉੱਥੇ ਮੌਜੂਦ ਹੀ ਨਹੀਂ ਸੀ। ਪੜਤਾਲੀਆ
ਟੀਮ ਨੂੰ ਬੱਚੇ ਨੂੰ ਮਿਲਣ ਨਹੀਂ ਦਿੱਤਾ ਗਿਆ।
dਜਦੋਂ
ਜੱਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਬਠਿੰਡਾ ਰੇਲਵੇ ਪੁਲਿਸ ਥਾਣੇ ਦੇ ਮੁਖੀ ਨਾਲ ਅਤੇ ਫਿਰ ਸੀ.ਆਈ.ਏ
ਸਟਾਫ਼ ਬਠਿੰਡਾ ਦੇ ਇੰਚਾਰਜ ਨਾਲ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦਾ ਪਤਾ ਲਾਉਣ ਲਈ ਗੱਲ ਕੀਤੀ ਗਈ ਤਾਂ
ਉਹਨਾਂ ਵੱਲੋਂ ਕੋਈ ਸਪੱਸ਼ਟ ਉੱਤਰ ਨਹੀਂ ਮਿਲਿਆ। ਪਹਿਲਾਂ ਉਹ ਇੱਕ ਦੂਜੇ 'ਤੇ ਜੁੰਮੇਵਾਰੀ ਸੁੱਟਦੇ ਰਹੇ
ਅਤੇ ਅਖ਼ੀਰ ਐਸ.ਐਸ.ਪੀ. ਬਠਿੰਡਾ ਦਾ ਕੇਸ ਕਹਿ ਕੇ ਪੱਲਾ ਛੁਡਾਉਣ ਦਾ ਯਤਨ ਕੀਤਾ ਗਿਆ।
ਇਹਨਾਂ
ਤੱਥਾਂ ਦੇ ਆਧਾਰ 'ਤੇ ਸਾਡਾ ਕਹਿਣਾ ਹੈ ਕਿ ਪੁਲਿਸ ਨੇ ਅਸਲ ਦੋਸ਼ੀ ਗ੍ਰਿਫ਼ਤਾਰ ਨਹੀਂ ਕੀਤਾ। ਡਿਊਟੀ ਦੌਰਾਨ
ਆਪਣੀ ਲਾਪ੍ਰਵਾਹੀ ਛੁਪਾਉਣ ਲਈ ਅਤੇ ਆਪਣੇ ਗਲੋਂ ਕੇਸ ਦਾ ਝੰਜਟ ਮੁਕਾਉਣ ਲਈ ਪੁਲਿਸ ਨੇ ਬੇਕਸੂਰ ਪ੍ਰਵਾਸੀ
ਨੌਜਵਾਨ ਨੂੰ ਫੜ• ਕੇ ਕੇਸ ਮੜ• ਦਿੱਤਾ ਹੈ। ਪੁਲਿਸ ਦੇ ਐਨ ਨੱਕ ਥੱਲੇ ਇਹ ਘਟਨਾ ਵਾਪਰਨ ਨਾਲ ਪੁਲਿਸ
ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜ•ੇ ਹੁੰਦੇ ਹਨ। ਆਈ. ਜੀ. ਨੂੰ ਮਿਲਣ ਦੌਰਾਨ ਜੱਥੇਬੰਦੀਆਂ ਦੇ ਵਫ਼ਦ
ਵੱਲੋਂ ਜਦੋਂ ਇਸ ਕੇਸ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਤਾਂ ਉਹਨਾਂ ਨੇ ਪੁਲਿਸ ਦਾ
ਬਚਾਅ ਕਰਦਿਆਂ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਆਈ. ਜੀ. ਦਾ ਕਹਿਣਾ ਹੈ ਕਿ ਇਹ ਪੜਤਾਲ ਕਿਸੇ
ਛੋਟੇ ਮੋਟੇ ਏ. ਐਸ. ਆਈ. ਦੀ ਨਹੀਂ ਹੈ ਸਗੋਂ ਸਾਡੀ ਆਹਲਾ ਦਰਜੇ ਦੇ ਅਫ਼ਸਰਾਂ ਦੀ ਟੀਮ ਦੀ ਹੈ ਜਿਸ ਵਿੱਚ
ਸਾਡੀ ਆਈ. ਪੀ. ਐੱਸ. ਅਫ਼ਸਰ ਵੀ ਸ਼ਾਮਿਲ ਹੈ। ਪਰ ਵਿਚਾਰਨ ਵਾਲੀ ਗੱਲ ਤਾਂ ਇਹ ਹੈ ਕਿ ਜੇ ਆਹਲਾ ਅਫ਼ਸਰਾਂ
ਦੀ ਅਜਿਹੀ ਟੀਮ ਐਸੀ ਪੜਤਾਲ ਕਰਦੀ ਹੈ ਤਾਂ ਮਾਮਲਾ ਹੋਰ ਵੀ ਗੰਭੀਰ ਹੈ। ਕਿਉਂਕਿ ਪੜਤਾਲ ਦੌਰਾਨ ਸਪੱਸ਼ਟ
ਦਿਖਦੇ ਸਬੂਤਾਂ ਅਤੇ ਤੱਥਾਂ ਦੀ ਪਰਵਾਹ ਨਹੀਂ ਕੀਤੀ ਗਈ, ਤਿੰਨ ਨੌਜਵਾਨਾਂ ਨੂੰ ਨਜਾਇਜ਼ ਹਿਰਾਸਤ 'ਚ
ਰੱਖਿਆ ਗਿਆ ਤੇ ਉਹਨਾਂ ਦੀ ਗ੍ਰਿਫ਼ਤਾਰੀ ਕਰਨ ਦੀ ਗੱਲ ਵੀ ਕਬੂਲੀ ਨਹੀਂ ਗਈ।
ਪੁਲਿਸ
ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਭੂਮਿਕਾ ਹਮੇਸ਼ਾਂ ਦੀ ਤਰ•ਾਂ ਐਨੇ ਗੰਭੀਰ ਮਾਮਲੇ ਦੌਰਾਨ ਵੀ ਲੋਕਾਂ
ਨੂੰ ਲਾਰੇ ਲਾਉਣ ਅਤੇ ਕਾਹਲੀ ਨਾਲ ਕੇਸ ਨੂੰ ਗਲੋਂ ਲਾਹੁਣ ਦੀ ਹੀ ਰਹੀ, ਨਾ ਕਿ ਗੰਭੀਰਤਾ ਨਾਲ ਪੜਤਾਲ
ਕਰਨ ਅਤੇ ਅਸਲ ਦੋਸ਼ੀ ਨੂੰ ਲੱਭਣ ਦੀ। ਮੰਡੀ ਨਿਵਾਸੀਆਂ ਨੇ ਇਸ ਘਟਨਾ ਦਾ ਗਹਿਰਾ ਦੁੱਖ ਮਨਾਇਆ ਹੈ। ਪ੍ਰਵਾਸੀ
ਮਜ਼ਦੂਰ ਦੀ ਧੀ ਨੂੰ ਆਪਣੀ ਧੀ ਸਮਝ ਕੇ ਉਸਨੂੰ ਹਸਪਤਾਲ ਪਹੁੰਚਾਇਆ ਹੈ, ਇਲਾਜ ਸ਼ੁਰੂ ਕਰਵਾਇਆ ਹੈ। ਪੀੜਤ
ਲੜਕੀ ਅਤੇ ਉਸਦੇ ਪਰਿਵਾਰ ਨਾਲ ਜਾਗੀ ਡੂੰਘੀ ਹਮਦਰਦੀ ਦੀ ਭਾਵਨਾ ਤੇ ਦੋਸ਼ੀ ਪ੍ਰਤੀ ਤਿੱਖੇ ਰੋਸ ਅਤੇ
ਗੁੱਸੇ ਦੇ ਅਹਿਸਾਸ 'ਚ ਵਿਚਰ ਰਹੇ ਲੋਕਾਂ ਤੋਂ ਪੁਲਿਸ ਨੇ ਭੋਰਾ ਭਰ ਸਹਿਯੋਗ ਲੈਣ ਦੀ ਜ਼ਰੂਰਤ ਵੀ ਨਹੀਂ
ਸਮਝੀ। ਪੜਤਾਲ ਦੌਰਾਨ ਉਨ•ਾਂ ਦੀ ਮਦਦ ਜਾਂ ਸਹਿਯੋਗ ਲੈਣ ਦੀ ਥਾਂ ਲੋਕਾਂ ਨੂੰ ਇੱਕ ਭੀੜ ਸਮਝਿਆ ਹੈ।
ਜਿਸ ਨੂੰ ਦਬਕਾਇਆ ਜਾ ਸਕਦਾ ਹੈ, ਬੇਵਕੂਫ਼ ਬਣਾਇਆ ਜਾ ਸਕਦਾ ਹੈ, ਕੋਈ ਵੀ ਗ੍ਰਿਫ਼ਤਾਰੀ ਵਿਖਾ ਕੇ ਟਿਕਾਇਆ
ਜਾ ਸਕਦਾ ਹੈ। ਪੁਲਿਸ ਨੇ ਜਾਂ ਤਾਂ ਸੱਚ ਛੁਪਾ ਲਿਆ ਹੈ ਜਾਂ ਖੋਜਿਆ ਹੀ ਨਹੀਂ। ਸਾਨੂੰ ਸੱਚ ਸਾਹਮਣੇ
ਲਿਆਉਣ ਲਈ ਆਵਾਜ਼ ਉਠਾਉਣੀ ਚਾਹੀਦੀ ਹੈ। ਕੇਸ ਦੀ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕਰਨੀ ਚਾਹੀਦੀ ਹੈ।
ਹਕੂਮਤੀ ਮਸ਼ੀਨਰੀ ਦੀ ਹਰਕਤਸ਼ੀਲਤਾ ਦਾ ਸੱਚ
ਜੋ ਰਾਮਾਂ
ਮੰਡੀ ਵਾਲੇ ਕੇਸ 'ਚ ਵਾਪਰਿਆ ਹੈ, ਉਹ ਨਵਾਂ ਨਹੀਂ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਦੋਸ਼ੀ ਬਚ ਗਿਆ
ਹੈ। ਦੋਸ਼ੀ ਅਕਸਰ ਹੀ ਬਚ ਜਾਂਦੇ ਹਨ। ਜਿੱਥੇ ਪਤਾ ਵੀ ਹੁੰਦਾ ਹੈ, ਜੱਗ ਜ਼ਾਹਰ ਵੀ ਹੁੰਦਾ ਹੈ ਉੱਥੇ ਵੀ
ਬਚ ਜਾਂਦੇ ਹਨ। ਸ਼ਰੇਆਮ ਘੁੰਮਦੇ ਹਨ। ਦੇਸ਼ ਭਰ 'ਚੋਂ ਹੁਣ ਬਲਾਤਕਾਰ ਦੀ ਹਨੇਰੀ ਖਿਲਾਫ਼ ਲੋਕਾਂ ਦੀ ਵਿਆਪਕ
ਰੋਸ ਲਹਿਰ ਉੱਠੀ ਹੈ। ਲੋਕ ਹਰਕਤ 'ਚ ਆਉਣ ਲੱਗੇ ਹਨ। ਪੰਜਾਬ 'ਚ ਪਹਿਲਾਂ ਵਾਪਰੇ ਸ਼ਰੂਤੀ ਅਗਵਾ ਕਾਂਡ
ਅਤੇ ਫਿਰ ਦਿੱਲੀ ਦੀ ਵਿਦਿਆਰਥਣ ਨਾਲ ਵਾਪਰੀ ਜਬਰ ਜਿਨਾਹ ਤੇ ਕਤਲ ਦੀ ਘਟਨਾ ਨੇ ਸਰਕਾਰਾਂ, ਪੁਲਿਸ ਤੇ
ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਅਦਾਲਤੀ ਅਮਲਾਂ ਖਿਲਾਫ਼ ਲੋਕਾਂ 'ਚ ਰੋਸ ਹੋਰ ਵਧਾਇਆ ਹੈ। ਸਖ਼ਤ ਕਾਨੂੰਨ
ਅਤੇ ਸਖ਼ਤ ਸਜ਼ਾਵਾਂ ਦੀ ਮੰਗ ਵੀ ਉੱਠਣ ਲੱਗੀ ਹੈ। ਸਰਕਾਰਾਂ ਤੇ ਅਫ਼ਸਰਸ਼ਾਹੀ ਨੂੰ ਕੁਝ ਨਾ ਕੁਝ ਕਦਮ ਚੁੱਕਣ
ਲਈ ਮਜ਼ਬੂਰ ਵੀ ਹੋਣਾ ਪਿਆ ਹੈ। ਪਰ ਉਹਨਾਂ ਦਾ ਰਵੱਈਆ ਆਮ ਤੌਰ 'ਤੇ ਦੋਸ਼ੀਆਂ ਨੂੰ ਬਚਾਉਣ ਵਾਲਾ ਤੇ ਉਹਨਾਂ
ਦੀ ਰੱਖਿਆ ਕਰਨ ਵਾਲਾ ਰਹਿੰਦਾ ਆ ਰਿਹਾ ਹੈ। ਸ਼ਰੇਆਮ ਘੁੰਮਦੇ ਦੋਸ਼ੀਆਂ 'ਤੇ ਕੋਈ ਕਾਰਵਾਈ ਤੱਕ ਨਹੀਂ
ਕੀਤੀ ਜਾਂਦੀ। ਹੁਣ ਦੇਸ਼ ਵਿਆਪੀ ਰੋਸ ਲਹਿਰ ਦੇ ਬਣੇ ਦਬਾਅ ਸਦਕਾ ਹੀ ਅਜਿਹੇ ਮਾਮਲਿਆਂ 'ਚ ਤੇਜ਼ੀ ਨਾਲ
ਕਾਰਵਾਈ ਕਰਨ ਦਾ ਪ੍ਰਭਾਵ ਦਿੱਤਾ ਜਾ ਰਿਹਾ ਹੈ।
ਦਾਲਤਾਂ
ਤੇਜ਼ੀ ਨਾਲ ਕੁਝ ਫੈਸਲੇ ਕਰਨ ਲੱਗੀਆਂ ਹਨ। ਪਰ ਅਸਲ ਮਕਸਦ ਹਾਲੇ ਵੀ ਦੋਸ਼ੀਆਂ ਨੂੰ ਸਜ਼ਾਵਾਂ ਦੇਣਾ ਨਹੀਂ
ਹੈ ਸਗੋਂ ਹਕੂਮਤੀ ਮਸ਼ੀਨਰੀ ਦੀ ਫੁਰਤੀ ਦਾ ਪ੍ਰਭਾਵ ਦੇਣਾ ਹੀ ਹੈ। ਇਸ ਲਈ ਲੋਕਾਂ ਦੇ ਦਬਾਅ ਮੂਹਰੇ ਕੋਸ਼ਿਸ਼
ਕੀਤੀ ਜਾਂਦੀ ਹੈ ਕਿ ਇੱਕ ਵਾਰ ਮਾਮਲਾ ਠੰਡਾ ਕਰ ਦਿੱਤਾ ਜਾਵੇ ਚਾਹੇ ਝੂਠੀ ਕਹਾਣੀ ਬਣਾ ਕੇ ਹੀ ਕਿਉਂ
ਨਾ ਪੇਸ਼ ਕਰਨੀ ਪਵੇ। ਚਾਹੇ ਇਹਦੀ ਮਾਰ 'ਚ ਕੋਈ ਨਿਰਦੋਸ਼ ਹੀ ਕਿਉਂ ਨਾ ਆ ਜਾਵੇ। ਇੱਕ ਪਾਸੇ ਜਿੱਥੇ ਸੱਚਾਈ
ਇਹ ਹੈ ਕਿ ਸਾਡੇ ਮੁਲਕ 'ਚ ਆਏ ਦਿਨ ਛੋਟੀਆਂ ਬੱਚੀਆਂ ਤੋਂ ਲੈ ਕੇ ਵੱਡੀਆਂ ਔਰਤਾਂ ਨਾਲ ਛੇੜਛਾੜ, ਕੁੱਟਮਾਰ,
ਬਲਾਤਕਾਰ ਤੇ ਤੇਜ਼ਾਬ ਸੁੱਟਣ ਦੀਆਂ ਘਟਨਾਵਾਂ ਬੇਰੋਕ ਵਾਪਰ ਰਹੀਆਂ ਹਨ। ਉੱਥੇ ਦੂਜੇ ਪਾਸੇ ਸੱਚ ਇਹ ਵੀ
ਹੈ ਕਿ ਹਕੂਮਤੀ ਮਸ਼ੀਨਰੀ ਵੱਲੋਂ ਵਿਖਾਈ ਜਾ ਰਹੀ ਇਸ ਨਕਲੀ ਫੁਰਤੀ ਦੇ ਬਾਵਜੂਦ ਵੀ ਔਰਤਾਂ ਦੀ ਸੁਰੱਖਿਆ
ਅਤੇ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਦੀ ਕੋਈ ਗਰੰਟੀ ਨਹੀਂ ਹੈ। ਸਗੋਂ ਇਸ ਫੋਕੀ ਫੁਰਤੀ ਦੇ ਚੱਕਰ
'ਚ ਕਈ ਵਾਰ ਬੇਦੋਸ਼ੇ ਵੀ ਮਾਰ 'ਚ ਆਉਂਦੇ ਹਨ। ਹੋਰ ਸਖ਼ਤ ਕਾਨੂੰਨਾਂ ਤੇ ਸਜ਼ਾਵਾਂ ਦੀ ਆੜ 'ਚ ਪੁਲਿਸ ਅਧਿਕਾਰੀਆਂ,
ਅਦਾਲਤਾਂ, ਵਕੀਲਾਂ, ਜੱਜਾਂ ਨੇ ਹੋਰ ਹੱਥ ਰੰਗਣੇ ਹਨ। ਇਹਨਾਂ ਕਾਨੂੰਨਾਂ ਤੇ ਸਜ਼ਾਵਾਂ ਦੀ ਅਸਲ ਮਾਰ
ਗ਼ਰੀਬ ਜਨਤਾ ਅਤੇ ਬੇਦੋਸ਼ਿਆਂ 'ਤੇ ਹੀ ਪੈਣੀ ਹੈ। ਸਿਆਸੀ ਚੌਧਰ ਦੇ ਜ਼ੋਰ ਆਪਣੇ ਚਹੇਤਿਆਂ ਨੂੰ ਬਚਾਉਣ
ਲਈ ਪਹਿਲਾਂ ਦੀ ਤਰ•ਾਂ ਹੀ ਜ਼ੋਰ ਲਾਇਆ ਜਾਂਦਾ ਰਹਿਣਾ ਹੈ।
ਉੱਚ ਪੱਧਰੀ ਜਾਂਚ ਦੀ ਮੰਗ ਕਰੋ, ਇਨਸਾਫ਼ ਲਈ ਆਵਾਜ਼ ਉਠਾਓ
ਸਾਡੀ
ਲੋਕਾਂ ਦੀ ਏਕਤਾ, ਸੰਘਰਸ਼ ਅਤੇ ਮੁਸਤੈਦੀ ਹੀ ਹੈ ਜੋ ਔਰਤਾਂ ਤੇ ਬੱਚੀਆਂ ਦੀ ਸੁਰੱਖਿਆ ਦੀ ਜ਼ਾਮਨੀ ਕਰ
ਸਕਦੀ ਹੈ, ਅਜਿਹੀਆਂ ਘਿਨਾਉਣੀਆਂ ਘਟਨਾਵਾਂ ਨੂੰ ਠੱਲ• ਪਾ ਸਕਦੀ ਹੈ। ਸਾਡੀ ਚੇਤਨਾ ਅਤੇ ਇੱਕਜੁਟਤਾ
ਦੇ ਸਿਰ 'ਤੇ ਹੀ ਅਸਲ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾ ਸਕਦੀ ਹੈ ਅਤੇ ਬੇਦੋਸ਼ਿਆਂ ਨੂੰ ਬਚਾਇਆ ਜਾ ਸਕਦਾ
ਹੈ। ਆਪਾਂ ਦੋ ਮਹੀਨੇ ਲੰਮਾ ਅਤੇ ਸਿਰੜੀ ਸੰਘਰਸ਼ ਕਰਕੇ ਫਰੀਦਕੋਟ ਦੀ ਧੀ ਸ਼ਰੂਤੀ ਨੂੰ ਗੁੰਡਿਆਂ ਦੇ ਕਬਜ਼ੇ
'ਚੋਂ ਛੁਡਵਾ ਕੇ ਮਾਪਿਆਂ ਕੋਲ ਲਿਆਂਦਾ ਹੈ। ਨੰਗੇ ਚਿੱਟੇ ਦਿਨ ਗੋਲੀਆਂ ਚਲਾਉਂਦੇ ਤੇ ਕੁੱਟਦੇ ਮਾਰਦੇ
ਗੁੰਡਿਆਂ ਵੱਲੋਂ ਕੀਤੇ ਅਗਵਾ ਕਾਂਡ ਨੂੰ ਪੁਲਿਸ ਦੇ ਆਹਲਾ ਅਧਿਕਾਰੀ ਤੇ ਮੰਤਰੀ ਸੰਤਰੀ ਪਿਆਰ ਦਾ ਕਿੱਸਾ
ਬਣਾ ਕੇ ਪ੍ਰਚਾਰਨ 'ਤੇ ਲੱਗੇ ਰਹੇ ਹਨ। ਇਹ ਤਾਂ ਜਾਗੀ ਤੇ ਜੱਥੇਬੰਦ ਹੋਈ ਲੋਕ ਤਾਕਤ ਹੀ ਸੀ ਕਿ ਸਰਕਾਰ
ਦਾ ਝੂਠ ਖੜ• ਨਾ ਸਕਿਆ ਤੇ ਆਖ਼ਰ ਸ਼ਰੂਤੀ ਨੂੰ ਮਾਪਿਆਂ ਹਵਾਲੇ ਕਰਨਾ ਪਿਆ। ਇਉਂ ਹੀ ਡੇਢ ਦਹਾਕਾ ਪਹਿਲਾਂ
ਮਹਿਲ ਕਲਾਂ (ਬਰਨਾਲਾ) 'ਚ ਕਿਰਨਜੀਤ ਕੌਰ ਕਤਲ ਕਾਂਡ ਦੇ ਦੋਸ਼ੀਆਂ ਨੂੰ ਮਿਸਾਲੀ ਲੋਕ ਤਾਕਤ ਦੇ ਕ੍ਰਿਸ਼ਮਿਆਂ
ਸਦਕਾ ਹੀ ਸਜ਼ਾਵਾਂ ਦੁਆਈਆਂ ਜਾ ਸਕੀਆਂ ਸਨ। ਹੁਣ ਵੀ ਜੇਕਰ ਮੰਡੀ ਨਿਵਾਸੀ ਹਰਕਤ 'ਚ ਆਏ, ਦੋਸ਼ੀਆਂ ਦੀ
ਗ੍ਰਿਫਤਾਰੀ ਦੀ ਆਵਾਜ਼ ਉੱਠੀ, ਰੇਲ ਗੱਡੀ ਰੁਕੀ ਤਾਂ ਹੀ ਸਾਰੀ ਪੁਲਿਸ ਅਤੇ ਪ੍ਰਸ਼ਾਸਨ ਨੂੰ ਭਾਜੜਾਂ ਪਈਆਂ।
ਡੀ. ਸੀ, ਐਸ.ਐਸ.ਪੀ ਤੇ ਹੋਰ ਅਧਿਕਾਰੀ ਰਾਮੇ ਵੱਲ ਭੱਜੇ। ਪਰ ਉਹਨਾਂ ਨੇ ਆਪਣਾ ਫਰਜ਼ ਨਿਭਾਉਣ ਦੀ ਥਾਂ
ਲੋਕਾਂ ਦੇ ਅੱਖੀਂ ਘੱਟਾ ਪਾਇਆ ਹੈ। ਸਾਡੀ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਅਜੇ ਅਧੂਰੀ ਹੈ। ਸਗੋਂ
ਇੱਕ ਬੇਕਸੂਰ ਨੂੰ ਰਿਹਾਅ ਕਰਵਾਉਣ ਦੀ ਜਿੰਮੇਵਾਰੀ ਵੀ ਸਾਡੇ ਉੱਤੇ ਆਣ ਪਈ ਹੈ। ਇਹ ਤਾਂ ਹੀ ਸੰਭਵ ਹੈ
ਜੇ ਅਸੀਂ ਪਹਿਲਾਂ ਵਾਂਗ ਇੱਕ ਵਾਰ ਫੇਰ ਹਰਕਤ 'ਚ ਆਈਏ। ਸਾਡੇ ਅੱਖੀਂ ਘੱਟਾ ਪਾਉਣ ਦੀਆਂ ਵਿਉਂਤਾਂ ਨੂੰ
ਅਸਫ਼ਲ ਕਰੀਏ।
ਅਸੀਂ
ਦੋਹਾਂ ਜੱਥੇਬੰਦੀਆਂ ਵੱਲੋਂ ਸਭਨਾਂ ਇਨਸਾਫ਼ ਪਸੰਦ, ਜਮਹੂਰੀਅਤ ਪਸੰਦ ਸੰਘਰਸ਼ਸ਼ੀਲ ਲੋਕਾਂ ਨੂੰ ਅਪੀਲ ਕਰਦੇ
ਹਾਂ ਕਿ ਪੀੜਤ ਬੱਚੀ ਦੇ ਮਾਪਿਆਂ ਨੂੰ ਇਨਸਾਫ਼ ਦਿਵਾਉਣ ਲਈ ਅਤੇ ਅਸਲ ਦੋਸ਼ੀ ਨੂੰ ਬਣਦੀ ਸਜ਼ਾ ਦਿਵਾਉਣ
ਲਈ ਉੱਚ ਪੱਧਰੀ ਜਾਂਚ ਦੀ ਮੰਗ ਕਰੋ। ਇਸ ਮੰਗ ਲਈ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰੋ।
ਨੌਜਵਾਨ ਭਾਰਤ ਸਭਾ
(ਇਲਾਕਾ ਕਮੇਟੀ ਸੰਗਤ ਮੰਡੀ)
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)
(ਬਲਾਕ ਕਮੇਟੀ, ਤਲਵੰਡੀ ਸਾਬੋ।
ਪ੍ਰਕਾਸ਼ਕ – ਅਸ਼ਵਨੀ ਕੁਮਾਰ (ਸੂਬਾ ਕਮੇਟੀ ਮੈਂਬਰ, ਨੌਜਵਾਨ
ਭਾਰਤ ਸਭਾ) 9501057052
ਮਿਤੀ – 19 ਫ਼ਰਵਰੀ, 2013