Sunday, 2 June 2013

ਵਪਾਰਕ ਹਿਤਾਂ ਦੀ ਭੇਂਟ ਚੜ•ਦੀਆਂ ਖੇਡਾਂ

ਆਈ. ਪੀ. ਐਲ. ਘੁਟਾਲਾ
ਵਪਾਰਕ ਹਿਤਾਂ ਦੀ ਭੇਂਟ ਚੜ•ਦੀਆਂ ਖੇਡਾਂ

ਆਈ. ਪੀ. ਐਲ. ਹੁਣ ਸਪਾਟ ਫਿਕਸਿੰਗ ਨੂੰ ਲੈ ਕੇ ਵਿਵਾਦਾਂ ਵਿੱਚ ਹੈ। ਸ਼੍ਰੀਸੰਥ ਵਰਗੇ ਖਿਡਾਰੀਆਂ ਦੀ ਗ੍ਰਿਫਤਾਰੀ ਤੋਂ ਤੁਰਿਆ ਲੜ ਹੁਣ ਉੱਧੜਦਾ ਹੀ ਜਾ ਰਿਹਾ ਹੈ। ਇਸ ਦੀਆਂ ਤਾਰਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸ਼੍ਰੀਨਿਵਾਸਨ ਨਾਲ ਵੀ ਜੁੜਦੀਆਂ ਦਿਖਦੀਆਂ ਹਨ। ਆਈ. ਪੀ. ਐਲ. ਦੀ ਮੋਹਰੀ ਟੀਮ ਚੇਨੱਈ ਸੁਪਰ ਕਿੰਗਜ਼ ਦਾ ਮਾਲਕ ਸ਼੍ਰੀਨਿਵਾਸਨ ਆਪ ਹੈ। ਕ੍ਰਿਕਟ ਪ੍ਰੇਮੀ ਫਿਰ ਠੱਗੇ ਗਏ ਮਹਿਸੂਸ ਕਰ ਰਹੇ ਹਨ। ਮੀਡੀਆ ਦਾ ਇੱਕ ਹਿੱਸਾ ਅਤੇ ਕਈ ਸੁਹਿਰਦ ਖੇਡ ਪ੍ਰੇਮੀ ਆਈ. ਪੀ. ਐਲ 'ਤੇ ਪਾਬੰਦੀ ਲਾਉਣ ਦੀ ਮੰਗ ਕਰ ਰਹੇ ਹਨ। ਉਂਝ ਸੱਟੇਬਾਜ਼ੀ ਦਾ ਧੰਦਾ ਸਿਰਫ਼ ਆਈ. ਪੀ. ਐਲ. ਤੱਕ ਸੀਮਤ ਨਹੀਂ ਹੈ, ਬਾਕੀ ਕ੍ਰਿਕਟ ਮੈਚਾਂ ਦੌਰਾਨ ਵੀ ਸੱਟੇਬਾਜ਼ੀ ਆਮ ਗੱਲ ਹੈ। ਪਹਿਲਾਂ ਵੀ ਕਈ ਵਾਰ ਉੱਘੇ ਕ੍ਰਿਕਟ ਖਿਡਾਰੀਆਂ ਦੇ ਨਾਮ ਇਸ ਧੰਦੇ ਨਾਲ ਜੁੜੇ ਹਨ। ਸਨ 2000 'ਚ ਸੀ. ਬੀ. ਆਈ. ਵੱਲੋਂ ਕੀਤੀ ਜਾਂਚ ਨਾਲ ਮੁਹੰਮਦ ਅਜ਼ਹਰੂਦੀਨ ਅਤੇ ਹੈਂਸੀ ਕਰੋਨੀਏ ਵਰਗੇ ਨਾਮੀ ਕ੍ਰਿਕਟਰ ਵੀ ਇਸ ਧੰਦੇ ਵਿੱਚ ਗਲ਼ ਗਲ਼ ਤੱਕ ਲਿੱਬੜੇ ਨਜ਼ਰ ਆਏ ਸਨ। ਪਹਿਲਾਂ ਵਾਂਗ ਹੀ ਕ੍ਰਿਕਟ ਖਿਡਾਰੀਆਂ ਨੂੰ ਕੌਮੀ ਨਾਇਕ ਬਣਾ ਕੇ ਪੇਸ਼ ਕਰਨ ਵਾਲਾ ਮੀਡੀਆ ਹੁਣ ਫਿਰ ਰਾਤੋ ਰਾਤ ਇਨ•ਾਂ ਨੂੰ ਸਭ ਤੋਂ ਵੱਡੇ ਖਲਨਾਇਕ ਕਰਾਰ ਦੇ ਰਿਹਾ ਹੈ। ਦੇਸ਼ ਕੌਮ ਅਤੇ ਕ੍ਰਿਕਟ ਪ੍ਰੇਮੀਆਂ ਨਾਲ ਧ੍ਰੋਹ ਕਮਾ ਕੇ ਦੇਸ਼ ਦੀ ਆਨ ਸ਼ਾਨ ਰੋਲਣ ਵਾਲਿਆਂ 'ਤੇ ਉਮਰ ਭਰ ਲਈ ਪਾਬੰਦੀ ਲਾ ਕੇ ਖੇਡ ਨੂੰ ਸਾਫ਼ ਸੁਥਰੀ ਰੱਖਣ ਦੀ ਦੁਹਾਈ ਦਿੱਤੀ ਜਾ ਰਹੀ ਹੈ। ਏਸੇ ਦੌਰਾਨ ਹੀ ਕ੍ਰਿਕਟ ਬੋਰਡ ਦੇ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਵੀ ਉੱਠ ਰਹੀ ਹੈ। ਕੇਂਦਰ ਸਰਕਾਰ ਖੇਡਾਂ 'ਚ ਅਜਿਹੀਆਂ ਬੇਨਿਯਮੀਆਂ ਰੋਕਣ ਲਈ ਕਾਨੂੰਨ ਬਣਾਉਣ ਤੁਰ ਪਈ ਹੈ। ਕਪਿਲ ਸਿੱਬਲ ਜਲਦ ਹੀ ਇਸ ਕਾਨੂੰਨ ਦਾ ਖਰੜਾ ਪੇਸ਼ ਕਰਨ ਜਾ ਰਿਹਾ ਹੈ।
ਪਰ ਕ੍ਰਿਕਟ ਦੀ ਖੇਡ 'ਚ ਵਸੀਹ ਪੈਮਾਨੇ 'ਤੇ ਚਲਦਾ ਸੱਟੇਬਾਜ਼ੀ ਦਾ ਧੰਦਾ ਕੁਝ ਦੇਸ਼ ਧ੍ਰੋਹੀ ਖਿਡਾਰੀਆਂ ਤੇ ਚੰਦ ਕੁ ਸੱਟੇਬਾਜ਼ਾਂ ਦੀ ਦੇਣ ਨਹੀਂ ਹੈ। ਸਗੋਂ ਇਹਦੇ ਪਿੱਛੇ ਦੇਸ਼ ਦੇ ਵੱਡੇ ਕਾਰੋਬਾਰੀਏ, ਭ੍ਰਿਸ਼ਟ ਸਿਆਸਤਦਾਨਾਂ ਤੇ ਅਫ਼ਸਰਸ਼ਾਹੀ ਦਾ ਕਰੋੜਾਂ ਅਰਬਾਂ ਰੁਪਏ ਦਾ ਕਾਲਾ ਧਨ ਸ਼ਾਮਲ ਹੈ। ਇੱਕ ਅਧਿਐਨ ਮੁਤਾਬਕ ਦੇਸ਼ ਭਰ 'ਚ ਸੱਟੇਬਾਜ਼ੀ ਦਾ ਧੰਦਾ 3 ਲੱਖ ਕਰੋੜ ਰੁਪਏ ਦਾ ਹੈ। ਫਿਲਮ ਸਟਾਰ ਅਤੇ ਕ੍ਰਿਕਟ ਖਿਡਾਰੀ ਤਾਂ ਪਰਦੇ ਪਿੱਛੇ ਚੱਲ ਰਹੀ ਵੱਡੀ ਖੇਡ ਦੀਆਂ ਸਾਹਮਣੇ ਦਿਖਦੀਆਂ ਕੱਠਪੁਤਲੀਆਂ ਹਨ। ਅਸਲ ਕਰਤਾ ਧਰਤਾ ਤਾਂ ਕਰੋੜਾਂ ਅਰਬਾਂ ਦੇ ਸੌਦਿਆਂ 'ਚ ਰਹਿੰਦੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣੇ ਹਨ ਜਿਨ•ਾਂ ਦੇ ਇਸ਼ਾਰਿਆਂ 'ਤੇ ਅਫ਼ਸਰਸ਼ਾਹੀ ਵੀ ਨੱਚਦੀ ਹੈ, ਜਿਹੜੇ ਕ੍ਰਿਕਟ ਬੋਰਡ ਦੇ ਕਾਰੋਬਾਰ ਨੂੰ ਕੰਟਰੋਲ ਕਰਦੇ ਹਨ। ਬਿਰਲੇ, ਅੰਬਾਨੀ ਅਤੇ ਵੱਡੀਆਂ ਬਹੁਕੌਮੀ ਕਾਰਪੋਰੇਸ਼ਨਾਂ ਜਿਹੜੇ ਲੱਖਾਂ ਕਰੋੜਾਂ ਲੋਕਾਂ ਵੱਲੋਂ ਚੁਣ ਕੇ ਭੇਜੇ ਪਾਰਲੀਮੈਂਟ ਮੈਂਬਰਾਂ ਅਤੇ ਕੇਂਦਰੀ ਮੰਤਰੀਆਂ ਤੱਕ ਨੂੰ ਸਵੇਰ ਸ਼ਾਮ ਖਰੀਦ ਸਕਦੇ ਹਨ ਭਲਾਂ ਉਹਨਾਂ ਸਾਹਮਣੇ ਪਹਿਲਾਂ ਹੀ ਬੋਲੀ ਦੇ ਕੇ ਖਰੀਦੇ ਸ਼੍ਰੀਸੰਤ ਵਰਗੇ ਖਿਡਾਰੀ ਕੀ ਚੀਜ਼ ਹਨ। ਜਿਹੜੀ ਖੇਡ 'ਚ ਅਜਿਹੀਆਂ ਲੁਟੇਰੀਆਂ ਧਿਰਾਂ ਸ਼ਾਮਲ ਹੋਣ ਉਹ ਸਾਫ਼ ਸੁਥਰੀ ਕਿਵੇਂ ਰੱਖੀ ਜਾ ਸਕਦੀ ਹੈ। ਕ੍ਰਿਕਟ ਨੂੰ ਖੇਡ ਤਾਂ ਰਹਿਣ ਹੀ ਨਹੀਂ ਦਿੱਤਾ ਗਿਆ। ਖੇਡ ਤਾਂ ਇਸ ਵਿਚੋਂ ਕਦੋਂ ਦੀ ਮਨਫ਼ੀ ਕੀਤੀ ਜਾ ਚੁੱਕੀ ਹੈ। ਲੰਮੇ ਸਮੇਂ ਤੋਂ ਇਹ ਖੇਡ ਦੇਸ਼ ਭਰ ਅੰਦਰ ਵਿੱਢੇ ਹੋਏ ਸਾਮਰਾਜੀ ਖਪਤਕਾਰੀ ਸਭਿਆਚਾਰ ਦੇ ਹੱਲੇ ਨੂੰ ਅੱਗੇ ਵਧਾਉਣ ਦਾ ਸਾਧਨ ਬਣਦੀ ਆ ਰਹੀ ਹੈ, ਵੱਡੇ ਕਾਰੋਬਾਰੀਆਂ ਅਤੇ ਕੰਪਨੀਆਂ ਦੇ ਵਪਾਰਕ ਹਿਤਾਂ ਦੇ ਪਸਾਰੇ ਦਾ ਸਾਧਨ ਬਣੀ ਹੋਈ ਹੈ। ਸਾਰੇ ਕਾਰੋਬਾਰੀਏ, ਆਈ. ਪੀ. ਐਲ. ਦੇ ਕਰਤੇ ਧਰਤੇ ਤੇ ਖਿਡਾਰੀ ਸ਼ਰੇਆਮ ਇਕਬਾਲ ਕਰਦੇ ਹਨ ਕਿ ਆਈ. ਪੀ. ਐਲ. ਤਾਂ ਮਨੋਰੰਜਨ ਹੈ। ਅਸਲ 'ਚ ਇਸ ਮਨੋਰੰਜਨ ਰਾਹੀਂ  ਬਹੁਕੌਮੀ ਕਾਰਪੋਰੇਸ਼ਨਾ ਖਪਤਕਾਰੀ ਸਭਿਆਚਾਰ ਸਿਰਜ ਕੇ ਲੋਕਾਂ ਦੇ ਘਰਾਂ ਤੱਕ ਆਪਣਾ ਮਾਲ ਪਹੁੰਚਾਉਂਦੀਆਂ ਹਨ। ਉਹ ਗੀਤਾਂ, ਫਿਲਮਾਂ, ਫਿਲਮੀ ਸਿਤਾਰਿਆਂ ਤੇ ਕ੍ਰਿਕਟਰਾਂ ਦੀ ਵਰਤੋਂ ਕਰਦਿਆਂ ਬਹੁਤ ਸੂਖਮ ਤਰੀਕੇ ਨਾਲ ਲੋਕਾਂ 'ਚ ਆਪਣੇ ਗਾਹਕ ਸਿਰਜਦੇ ਤੁਰੇ ਜਾਂਦੇ ਹਨ। ਇਸੇ ਲਈ ਵਿਸ਼ਵ ਕੱਪ ਤੋਂ ਲੈ ਕੇ ਆਮ ਮੈਚਾਂ 'ਚ ਹਰ ਸ਼ਾਟ, ਹਰ ਚੌਕਾ ਤੇ ਛੱਕਾ ਗੱਲ ਕੀ ਖੇਡ ਦੀ ਹਰ ਗਤੀਵਿਧੀ ਨੂੰ ਵਪਾਰੀ ਮਾਨਸਿਕਤਾ ਅਤੇ ਹਿਤ ਕੰਟਰੋਲ ਕਰਦੇ ਹਨ। ਆਈ. ਪੀ. ਐਲ. ਤਾਂ ਕਾਰੋਬਾਰੀ ਮਨੋਰਥਾਂ ਦਾ ਸਾਧਨ ਬਣ ਗਈਆਂ ਖੇਡਾਂ ਦੀ ਸਿਖਰਲੀ ਉਦਾਹਰਨ ਹੈ। ਅੱਜ ਕੋਈ ਵੀ ਖੇਡ ਇਸ ਕਾਰੋਬਾਰੀ ਮੁਨਾਫ਼ਾਮੁਖੀ ਬਿਰਤੀ ਦੀ ਭੇਂਟ ਚੜ•ਨੋ ਨਹੀਂ ਬਚੀ ਹੋਈ। ਸਮੇਂ ਤੇ ਸਥਿਤੀਆਂ ਦੇ ਪ੍ਰਸੰਗ 'ਚ ਵੱਧ ਘੱਟ ਦਾ ਹੀ ਅੰਤਰ ਹੈ। ਪੂੰਜੀ ਦੇ ਯੁੱਗ 'ਚ ਹਰ ਖੇਡ ਗਤੀਵਿਧੀ ਮੰਡੀ 'ਚ ਕਾਬਜ਼ ਤਾਕਤਾਂ ਦੀ ਮੁਨਾਫ਼ਿਆਂ ਦੀ ਹਵਸ ਪੂਰਤੀ ਦਾ ਸਾਧਨ ਬਣਦੀ ਹੈ। ਜੇਕਰ ਏਸ਼ੀਆ 'ਚ ਕ੍ਰਿਕਟ ਵੱਡੀ ਪੂੰਜੀ ਲਈ ਮੁਨਾਫ਼ੇ ਤੇ ਕਾਰੋਬਾਰ ਦੇ ਵਧਾਰੇ ਪਸਾਰੇ ਦਾ ਸਾਧਨ ਹੈ ਤਾਂ ਯੂਰਪ ਵਰਗੇ ਮੁਲਕਾਂ 'ਚ ਫੁੱਟਬਾਲ ਤੇ ਟੈਨਿਸ ਵਰਗੀਆਂ ਖੇਡਾਂ ਏਸੇ ਮਨੋਰਥ ਦਾ ਸਾਧਨ ਬਣੀਆਂ ਹੋਈਆਂ ਹਨ। ਕੱਲ• ਨੂੰ ਕਿਸੇ ਹੋਰ ਖੇਡ 'ਤੇ ਮੁਨਾਫ਼ੇਖੋਰ ਪੂੰਜੀਪਤੀਆਂ ਦੀ 'ਸਵੱਲੀ ਨਜ਼ਰ' ਪੈ ਸਕਦੀ ਹੈ ਤੇ ਵਿਕਾਊ ਮੀਡੀਏ ਰਾਹੀਂ ਉਹਦੇ ਕਰੋੜਾਂ ਦਰਸ਼ਕ-ਪ੍ਰੇਮੀ ਪੈਦਾ ਕੀਤੇ ਜਾ ਸਕਦੇ ਹਨ। ਮੰਡੀ ਦੇ ਕਾਰੋਬਾਰੀ ਤੇ ਵਪਾਰੀ ਸਦਾ ਏਸ ਤਲਾਸ਼ 'ਚ ਰਹਿੰਦੇ ਹਨ ਕਿ ਲੋਕਾਂ 'ਚ ਮੌਜੂਦ ਸਭਿਆਚਾਰਕ ਅਤੇ ਖੇਡ ਰੁਚੀਆਂ ਨੂੰ ਮਾਲ ਵਿਕਰੀ ਦਾ ਸਾਧਨ ਕਿਵੇਂ ਬਣਾਉਣਾ ਹੈ। ਜਿਵੇਂ ਪੰਜਾਬੀਆਂ 'ਚ ਹਰਮਨ ਪਿਆਰੀ ਖੇਡ ਕਬੱਡੀ ਨੂੰ ਪਰਲਜ਼ ਵਰਗੀਆਂ ਕੰਪਨੀਆਂ ਨੇ ਮੰਡੀ 'ਚ ਆਪਣਾ ਪਸਾਰਾ ਕਰਨ ਦਾ ਸਾਧਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਕਈ ਵਿਚਾਰੇ ਪੰਜਾਬੀ ਹਿਤੈਸ਼ੀ 'ਕੱਖਾਂ ਦੀ ਕਬੱਡੀ ਕਰੋੜਾਂ ਦੀ ਹੋ ਗਈ' ਦਾ ਗੁਣਗਾਣ ਕਰ ਰਹੇ ਹਨ। ਪਰ ਕੱਖਾਂ ਵਾਲੀ ਕਬੱਡੀ ਦੀ ਖੇਡ ਲੋਕਾਂ ਦੀ ਸੀ, ਕਰੋੜਾਂ ਦੀ ਹੋਣ ਦਾ ਅਰਥ ਪਰਲਜ਼ ਵਾਲਿਆਂ ਦੀ ਮੁਨਾਫ਼ੇ ਦੀ ਹਵਸ ਪੂਰਤੀ ਦਾ ਸਾਧਨ ਬਣ ਕੇ ਲੋਕਾਂ ਤੋਂ ਖੋਹੀ ਜਾਣਾ ਹੈ। ਸੌੜੇ ਸਿਆਸੀ ਮਨੋਰਥਾਂ ਤੇ ਮੁਨਾਫ਼ੇ ਦੀਆਂ ਸਾਂਝੀਆਂ ਲੋੜਾਂ ਦੀ ਭੇਂਟ ਚੜ• ਜਾਣਾ ਹੈ। ਕੱਲ• ਨੂੰ ਕ੍ਰਿਕਟ ਖਿਡਾਰੀਆਂ ਵਾਂਗ ਕਬੱਡੀ ਖਿਡਾਰੀ ਵੀ ਲੋਕਾਂ ਦੇ ਹਰਮਨ ਪਿਆਰੇ ਨਾਇਕ ਬਣਾਕੇ ਉਭਾਰੇ ਜਾ ਸਕਦੇ ਹਨ। ਕ੍ਰਿਕਟ ਤਾਂ ਪਹਿਲਾਂ ਹੀ ਪੂੰਜੀਪਤੀਆਂ ਦੇ ਅਮੀਰਜ਼ਾਦਿਆਂ ਦੀ ਖੇਡ ਸੀ। ਪੂੰਜੀ ਤਾਂ ਲੋਕਾਂ ਦੀਆਂ ਖੇਡਾਂ ਨੂੰ ਵੀ ਅਗਵਾ ਕਰਕੇ ਲੈ ਜਾਂਦੀ ਹੈ। ਖੇਡ ਟੂਰਨਾਮੈਂਟਾਂ 'ਚ ਪੈਸੇ ਦੀ ਪਾਣੀ ਵਾਂਗ ਵਰਤੋਂ, ਲੱਖਾਂ ਕਰੋੜਾਂ ਦੇ ਇਨਾਮ ਖਿਡਾਰੀਆਂ ਨੂੰ ਪੈਸੇ ਦੀ ਅੰਨ•ੀ ਦੌੜ ਵਿੱਚ ਧੂਹ ਲੈਂਦੇ ਹਨ। ਫਿਰ ਕਿਵੇਂ ਸੱਟੇਬਾਜ਼ੀ ਤਹਿਤ ਮੈਚ ਫਿਕਸਿੰਗ, ਅਭਿਆਸ ਦੀ ਥਾਂ ਮਸ਼ਹੂਰੀਆਂ ਅਤੇ ਸਟਾਰ ਪਾਰਟੀਆਂ ਅਤੇ ਜਿੱਤ ਲਈ ਨਸ਼ਿਆਂ ਤੇ ਦਵਾਈਆਂ ਦਾ ਸੇਵਨ ਸਹਾਰਾ ਬਣ ਜਾਂਦਾ ਹੈ। ਇਹਦਾ ਪਤਾ ਭਲਾਂ ਖਿਡਾਰੀਆਂ ਨੂੰ ਕਿਵੇਂ ਲੱਗ ਸਕਦਾ ਹੈ, ਤੇ ਸਿਰਫ਼ ਉਨ•ਾਂ ਨੂੰ ਇਹਦੇ ਜਿੰਮੇਵਾਰ ਕਿਵੇਂ ਠਹਿਰਾਇਆ ਜਾ ਸਕਦਾ ਹੈ! 

ਪੂੰਜੀ ਦੇ ਰਾਜ 'ਚ ਸਿਆਸਤਦਾਨ, ਅਫ਼ਸਰਸ਼ਾਹੀ, ਮੀਡੀਆ ਤੇ ਖਿਡਾਰੀ ਸਭ ਉਹਦੇ ਮੁਨਾਫ਼ੇ ਦੀਆਂ ਲੋੜਾਂ ਦੇ ਤਰਕ ਮੁਤਾਬਕ ਚੱਲਦੇ ਹਨ। ਪੂੰਜੀ ਨੂੰ ਖੇਡਾਂ ਬਿਹਤਰ ਸਾਧਨ ਬਣਦੀਆਂ ਲੱਗਦੀਆਂ ਹਨ ਤਾਂ ਸਿਆਸਤਦਾਨ ਖੇਡ ਐਸੋਸਿਏਸ਼ਨਾਂ ਦੇ ਮੁਖੀ ਬਣ ਬੈਠਦੇ ਹਨ। ਖਿਡਾਰੀ ਵੀ ਪ੍ਰਬੰਧਕਾਂ ਤੋਂ ਸਿਆਸਤਦਾਨਾਂ ਤੱਕ ਦਾ ਸਫ਼ਰ ਤਹਿ ਕਰ ਸਕਦੇ ਹਨ। ਸੁਰੇਸ਼ ਕਲਮਾਡੀ, ਕੇ. ਪੀ. ਐਸ ਗਿੱਲ, ਪਰਗਟ ਸਿੰਘ, ਕਰਤਾਰ ਸਿੰਘ ਕੁਝ ਉਭਰਵੀਆਂ ਉਦਾਹਰਨਾ ਹਨ। ਆਈ. ਪੀ. ਐਲ. 'ਚ ਮੋਹਰੀ ਕੇਂਦਰੀ ਮੰਤਰੀ ਤੇ ਕਾਂਗਰਸੀ ਨੇਤਾ ਰਾਜੀਵ ਸ਼ੁਕਲਾ ਤੇ ਇੱਕ ਹੋਰ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਅਸਿੱਧੀ ਸ਼ਮੂਲੀਅਤ ਸੱਤ•ਾ ਤੇ ਕ੍ਰਿਕਟ ਕਾਰੋਬਾਰ ਦੀ ਸਾਂਝ ਦੀਆਂ ਅਗਲੀਆਂ ਉਦਾਹਰਨਾਂ ਹਨ। ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਵੀ ਕ੍ਰਿਕਟ ਬੋਰਡ ਦਾ ਸਾਬਕਾ ਪ੍ਰਧਾਨ ਹੈ। ਇਨ•ਾਂ ਸਾਰਿਆਂ ਦੇ ਸਾਂਝੇ ਵਪਾਰਕ ਤੇ ਸਿਆਸੀ ਹਿਤ ਜਦੋਂ ਇੱਕਸੁਰ ਹੋ ਜਾਂਦੇ ਹਨ ਤਾਂ ਫਿਰ ਭਾਰਤੀ ਖਿਡਾਰੀਆਂ ਦੇ ਉਲੰਪਿਕ ਖੇਡਾਂ 'ਚ ਹੁੰਦੇ ਹਸ਼ਰ ਤੋਂ ਲੈ ਕੇ ਆਈ. ਪੀ. ਐਲ. ਦੇ ਫਿਕਸਿੰਗ ਘੁਟਾਲੇ ਦੀ ਸਾਂਝੀ ਤਸਵੀਰ ਉੱਭਰ ਆਉਂਦੀ ਹੈ। 
ਜੇਕਰ ਦੇਸ਼ ਲਈ ਤੋਪਾਂ, ਟੈਂਕ ਤੇ ਹਵਾਈ ਜਹਾਜ਼ ਖਰੀਦਣ ਮੌਕੇ ਵੱਡੇ ਅਫ਼ਸਰ ਤੇ ਕੌਮੀ ਲੀਡਰ ਵਿਦੇਸ਼ੀ ਕੰਪਨੀਆਂ ਤੋਂ ਦਲਾਲੀਆਂ ਛਕ ਸਕਦੇ ਹਨ, ਕੇਂਦਰੀ ਮੰਤਰੀਆਂ ਦੇ ਨਿਤ ਨਵੇਂ ਘੁਟਾਲੇ ਸਾਹਮਣੇ ਆ ਸਕਦੇ ਹਨ ਤਾਂ ਪੂਰੀ ਤਰ•ਾਂ ਮੁਨਾਫ਼ਾ ਮੁਖੀ ਹਿਤਾਂ ਦੀ ਬੁਨਿਆਦ 'ਤੇ ਟਿਕੇ ਆਈ. ਪੀ. ਐਲ ਵਰਗੇ ਟੂਰਨਾਮੈਂਟ ਤੋਂ ਹੋਰ ਕੀ ਆਸ ਕੀਤੀ ਜਾ ਸਕਦੀ ਹੈ। 
ਖੇਡਾਂ ਮਨੁੱਖੀ ਸਰੀਰਕ ਸਮਰੱਥਾ ਦੀਆਂ ਬੁਲੰਦੀਆਂ ਦੇ ਪ੍ਰਗਟਾਵਿਆਂ ਰਾਹੀਂ ਸਾਡੀ ਸਰੀਰਕ ਅਤੇ ਮਾਨਸਿਕ ਤ੍ਰਿਪਤੀ ਦਾ ਸਾਧਨ ਹਨ। ਪਰ ਪੈਸੇ ਦੇ ਯੁੱਗ 'ਚ ਮਨੁੱਖੀ ਸਰੀਰਕ ਸਮਰੱਥਾ ਦੀਆਂ ਉਚਾਈਆਂ ਸਿੱਕਿਆਂ ਦੇ ਅੰਬਾਰ ਮੂਹਰੇ ਬੌਣੀਆਂ ਬਣਾ ਦਿੱਤੀਆਂ ਗਈਆਂ ਹਨ। ਸੁਹਿਰਦ ਖੇਡ ਪ੍ਰੇਮੀ ਨਿਰਾਸ਼ ਹੋ ਜਾਂਦੇ ਹਨ ਤੇ ਸੁੱਚੇ ਖਰੇ ਖਿਡਾਰੀਆਂ ਦੀ ਤਲਾਸ਼ ਕਰਦੇ ਹਨ। ਪਰ ਉਹ ਭੁੱਲ ਜਾਂਦੇ ਹਨ ਕਿ ਖਿਡਾਰੀਆਂ ਦੀਆਂ ਡੋਰਾਂ ਬਹੁਕੌਮੀ ਕਾਰਪੋਰੇਸ਼ਨਾਂ ਦੇ ਹੱਥਾਂ 'ਚ ਹਨ। ਖੇਡਾਂ ਨੂੰ ਬਹੁਕੌਮੀ ਕਾਰਪੋਰੇਸ਼ਨਾਂ ਦੇ ਚੁੰਗਲ ਤੋਂ ਮੁਕਤ ਕਰਵਾ ਕੇ ਹੀ ਇਨ•ਾਂ ਨੂੰ ਸਹੀ ਅਰਥਾਂ 'ਚ ਮਾਣਿਆ ਜਾ ਸਕਦਾ ਹੈ। ਇਸ ਮੁਕਤੀ ਦਾ ਸਬੰਧ ਦੇਸ਼ ਦੇ ਲੋਕਾਂ ਦੇ ਸਿਰੋਂ ਦੇਸੀ ਵਿਦੇਸ਼ੀ ਬਹੁਕੌਮੀ ਕੰਪਨੀਆਂ ਤੇ ਘਰਾਣਿਆਂ ਦੀ ਚੌਧਰ ਦੇ ਖਾਤਮੇ ਨਾਲ ਹੈ।  ਇਹ ਮੁਕਤੀ ਸੰਗਰਾਮ ਦੀ ਮੰਗ ਕਰਦੀ ਹੈ।

27-05-13

No comments:

Post a Comment