ਦਾਮਿਨੀ
ਦੇ
ਭਾਰਤ
ਵਿੱਚ
IPL
ਇੱਕ ਸਾਲ ਦੇ ਦੌਰਾਨ ਹੀ ਸ਼ਰੂਤੀ
ਕਾਂਡ, ਦਿੱਲੀ ਗੈਂਗਰੇਪ, ਛੇਹਰਟਾ ਕਾਂਡ, ਰਾਮਾਂ ਜਬਰਜਨਾਹ ਕੇਸ ਸਮੇਤ ਔਰਤਾਂ ਖਿਲਾਫ਼ ਅਪਰਾਧਾਂ ਦੇ
ਸੈਂਕੜੇ ਕੇਸ ਲੋਕਾਂ ਸਾਹਮਣੇ ਨਸ਼ਰ ਹੋਏ ਹਨ। ਇਹ ਘਟਨਾਵਾਂ ਇਸ ਤੱਥ ਦੀਆਂ ਜ਼ੋਰਦਾਰ ਗਵਾਹ ਹਨ ਕਿ ਸਾਡੇ
ਮੁਲਕ ਅੰਦਰ ਔਰਤਾਂ ਬੇਹੱਦ ਅਸੁਰੱਖਿਆ ਹੇਠ ਜਿਉਂ ਰਹੀਆਂ ਹਨ। ਸਾਡੇ ਸਮਾਜ ਅੰਦਰ ਪਹਿਲਾਂ ਤੋਂ ਹੀ ਨਾਬਰਾਬਰੀ,
ਵਿਤਕਰੇ ਤੇ ਦਾਬੇ ਦਾ ਸੰਤਾਪ ਹੰਢਾਉਂਦੀਆਂ ਰਹੀਆਂ ਅੱਧੀ ਆਬਾਦੀ ਔਰਤਾਂ ਉੱਪਰ ਨਵੀਆਂ ਸਾਮਰਾਜੀ ਨੀਤੀਆਂ
ਤੇ ਸਾਮਰਾਜੀ ਸਭਿਆਚਾਰ ਦਾ ਸਭ ਤੋਂ ਮਾਰੂ ਪ੍ਰਭਾਵ ਪਿਆ ਹੈ। ਸਾਮਰਾਜੀ ਸਭਿਆਚਾਰ ਦੇ ਇਸ ਹਮਲੇ ਨੇ ਔਰਤਾਂ
ਦੀ ਹੈਸੀਅਤ ਇੱਕ ਮਾਨਣਯੋਗ ਵਸਤੂ ਤੱਕ ਸੁੰਗੇੜ ਕੇ ਰੱਖ ਦਿੱਤੀ ਹੈ। ਬਹੁਕੌਮੀ ਕੰਪਨੀਆਂ ਦੀ ਮੁਨਾਫ਼ੇ
ਦੀ ਦੌੜ ਵਿੱਚ ਇਸ ਵਸਤੂ ਦਾ ਇੱਕ ਸੰਦ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ। ਇਲੈਕਟ੍ਰਾਨਿਕ ਸਮਾਨ
ਤੋਂ ਲੈ ਕੇ ਕਾਰਾਂ, ਸਕੂਟਰਾਂ ਤੱਕ ਦੀ ਮਸ਼ਹੂਰੀ ਲਈ ਅਰਧ ਨਗਨ ਔਰਤਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਔਰਤ
ਦੀ ਇੱਕ ਬਰਾਬਰ ਦੇ ਗੈਰਤਮੰਦ ਮਨੁੱਖ ਵਜੋਂ ਹੋਂਦ ਤੋਂ ਮੁਨਕਰ ਹੋ ਕੇ ਉਸਦੀ ਇੱਕ ਕਾਮਉਤੇਜਕ ਵਸਤੂ ਵਜੋਂ
ਪੇਸ਼ਕਾਰੀ ਕਰਨ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਫਿਲਮਾਂ, ਟੀ.ਵੀ., ਮਸ਼ਹੂਰੀਆਂ, ਸਾਹਿਤ ਆਦਿ ਹਰ
ਵੰਨਗੀ ਦਾ ਮੀਡੀਆ ਔਰਤਾਂ ਪ੍ਰਤੀ ਅਜਿਹੇ ਨਜ਼ਰੀਏ ਦੀ ਸਥਾਪਤੀ 'ਚ ਜੁਟਿਆ ਹੋਇਆ ਹੈ। ਪਿਛਲੇ ਕੁਝ ਸਾਲਾਂ
ਤੋਂ ਖੇਡਾਂ ਨੂੰ ਵੀ ਇਸ ਸਭਿਆਚਾਰਕ ਪ੍ਰਦੂਸ਼ਣ ਦਾ ਸਾਧਨ ਬਣਾ ਲਿਆ ਗਿਆ ਹੈ। ਮੌਜੂਦਾ IPL ਇਸਦੀ ਸਭ ਤੋਂ ਉੱਘੜਵੀਂ ਉਦਾਹਰਨ
ਹੈ।
IPL ਦੇ ਮੈਚਾਂ ਦੌਰਾਨ ਚੀਅਰ ਲੀਡਰ
ਕੁੜੀਆਂ, ਕਲਰ ਰਿਪੋਰਟਰਾਂ ਅਤੇ ਸਟੂਡੀਓ ਡਾਂਸਰਾਂ ਜਿਹਨਾਂ ਦਾ ਕ੍ਰਿਕਟ ਦੀ ਖੇਡ ਨਾਲ ਦੂਰ ਦਾ ਵੀ ਵਾਸਤਾ
ਨਹੀਂ, ਮੋਹਰੀ ਭੂਮਿਕਾ ਵਿੱਚ ਰਹੇ ਹਨ। ਚੀਅਰ ਲੀਡਰਜ਼ ਦੀਆਂ ਕਾਮ ਉਕਸਾਊ ਅਦਾਵਾਂ, ਕੁਮੈਂਟੇਟਰਾਂ ਦੀਆਂ
ਬੇਸ਼ਰਮ ਟਿੱਪਣੀਆਂ, ਦੋਗਲੀ ਸ਼ਬਦਾਵਲੀ, ਸ਼ਰਾਰਤੀ ਹਰਕਤਾਂ ਇਹਨਾਂ ਮੈਚਾਂ ਦਾ ਅਟੁੱਟ ਅੰਗ ਬਣੇ ਹਨ। IPL ਦੇ ਫੀਲਡ ਕੁਮੈਂਟੇਟਰ ਡੈਨੀ
ਮੌਰੀਸਨ ਵੱਲੋਂ ਸ਼ਰ•ੇਆਮ ਰਿਪੋਰਟਰ ਨੂੰ ਗੋਦੀ ਚੁੱਕ ਲੈਣਾ, ਨਵਜੋਤ ਸਿੱਧੂ ਤੇ ਸਮੀਰ ਕੋਛੜ ਵੱਲੋਂ ਸਟੂਡੀਓ
'ਚ ਮਹਿਮਾਨ ਵਜੋਂ ਸ਼ਾਮਲ ਹੋਈ ਇੰਗਲੈਂਡ ਦੀ ਔਰਤ ਟੀਮ ਦੀ ਤੇਜ਼ ਗੇਂਦਬਾਜ਼ ਇਜ਼ਾ ਗੁਹਾ ਤੋਂ ਪੁੱਛਣਾ ਕਿ
ਕਿਹੜਾ IPL ਖਿਡਾਰੀ ਸਭ ਤੋਂ ਵੱਧ ਕਾਮ ਉਤੇਜਕ (Hottest) ਹੈ ਤੇ ਕਿਹੜਾ ਕ੍ਰਿਕਟਰ ਉਹਦਾ
ਪਸੰਦੀਦਾ ਡਾਂਸਰ ਹੈ। ਰਵੀ ਸ਼ਾਸਤਰੀ ਵੱਲੋਂ ਰਿਪੋਰਟਰ ਦੀ ਲਿਪਸਟਿਕ ਦੇ ਰੰਗ ਦੀ ਤਾਰੀਫ਼ ਕਰਨੀ, ਸੁਨੀਲ
ਗਾਵਸਕਰ ਤੇ ਨਵਜੋਤ ਸਿੱਧੂ ਵੱਲੋਂ ਔਰਤ ਰਿਪੋਰਟਰਾਂ ਬਾਰੇ ਇੱਕ ਦੂਜੇ ਨੂੰ ਛੇੜਨਾ, ਗਾਵਸਕਰ ਵੱਲੋਂ
ਭਾਰਤ ਦੀਆਂ ਸਭ ਤੋਂ ਸੋਹਣੀਆਂ ਕੁੜੀਆਂ ਦੇ ਸਾਥ 'ਚ ਹੋਣ ਦੀ ਗੱਲ ਕਰਨਾ, ਮੈਕਸ ਚੈਨਲ ਦੇ ਵਪਾਰਕ ਮੁਖੀ
ਨੀਰਜ ਵਿਆਸ ਵੱਲੋਂ ਆਏ ਸਾਲ ਲੇਡੀ ਰਿਪੋਰਟਰ ਬਦਲਣ ਨੂੰ ਜਾਇਜ਼ ਠਹਿਰਾਉਂਦੇ ਹੋਏ ਹਰ ਵਾਰ 'ਅੱਲ•ੜ ਤੇ
ਨਵੇਂ ਚਿਹਰੇ' ਪੇਸ਼ ਕਰਨ ਦੀ ਜ਼ਰੂਰਤ ਦੀ ਗੱਲ ਕਰਨਾ ਆਦਿ ਤਾਂ ਬਹੁਤ ਥੋੜ•ੇ ਜਿਹੇ ਉਦਾਹਰਨ ਹੀ ਹਨ।
IPL ਦੇ ਕੁੱਲ ਅਮਲ ਦੌਰਾਨ ਲਗਾਤਾਰ ਔਰਤਾਂ ਪ੍ਰਤੀ ਅਨੈਤਿਕ ਨਜ਼ਰੀਆ
ਪੇਸ਼ ਹੀ ਨਹੀਂ ਕੀਤਾ ਜਾਂਦਾ ਸਗੋਂ ਸਥਾਪਿਤ ਕੀਤਾ ਜਾਂਦਾ ਹੈ। ਕਪਿਲ ਦੇਵ ਦੇ ਆਪਣੇ ਸ਼ਬਦ ਹਨ ਕਿ IPL ਦਾ ਕੁਮੈਂਟੇਟਰ ਬਣਨ ਲਈ 'ਕੋਠੇ
ਦੇ ਤੌਰ ਤਰੀਕੇ ਸਿੱਖਣੇ ਪੈਣਗੇ'। ਨੱਚਣ ਵਾਲੀਆਂ ਕੁੜੀਆਂ ਦੀਆਂ ਲੱਛੇਦਾਰ ਤਰੀਫਾਂ ਕਰਨ ਵਾਲਾ ਨਵਜੋਤ
ਸਿੱਧੂ ਇੱਕ ਥਾਂ ਤੇ ਇਹ ਵੀ ਕਹਿੰਦਾ ਹੈ ਕਿ 'ਇਹਨਾਂ ਨੱਚਣ ਵਾਲੀਆਂ ਕੋਲ ਪੈਸਾ ਤਾਂ ਹੈ, ਪਰ ਇੱਜ਼ਤ
ਨਹੀਂ।' ਇਹ ਤਮਾਮ ਗੱਲਾਂ ਸਿਰਫ ਤੇ ਸਿਰਫ ਇਹੀ ਸੰਕੇਤ ਕਰਦੀਆਂ ਹਨ ਕਿ IPL ਅੰਦਰ ਖੂਬਸੂਰਤ ਕੁੜੀਆਂ ਦੀ
ਹਾਜ਼ਰੀ ਅਤੇ ਕੁੱਲ ਗੈਰ ਸਭਿਅਕ ਵਿਹਾਰ ਲੱਚਰਤਾ ਨੂੰ ਉਤਸ਼ਾਹਤ ਤੇ ਸਥਾਪਤ ਕਰਨ ਦੀ ਕੋਸ਼ਿਸ਼ ਹੈ। ਬਿਨਾਂ
ਸ਼ੱਕ ਅਜਿਹਾ ਗਿਣੀ ਮਿਥੀ ਵਿਉਂਤ ਤਹਿਤ ਕੀਤਾ ਜਾ ਰਿਹਾ ਹੈ। ਨੀਰਜ ਵਿਆਸ ਦਾ ਕਹਿਣਾ ਹੈ ਕਿ ''ਕੁੜੀਆਂ
ਦੀ ਚੋਣ ਕ੍ਰਿਕਟ ਬਾਰੇ ਉਹਨਾਂ ਦੀ ਜਾਣਕਾਰੀ ਕਰਕੇ ਨਹੀਂ ਕੀਤੀ ਗਈ। ਸਾਡਾ ਧਿਆਨ ਮਨੋਰੰਜਨ ਤਮਾਸ਼ੇ
'ਤੇ ਹੈ ਨਾ ਕਿ ਗੰਭੀਰ ਕ੍ਰਿਕਟ 'ਤੇ।''
ਲੱਚਰ ਸਭਿਆਚਾਰ ਦੀ ਇਸ ਪੇਸ਼ਕਾਰੀ ਨੂੰ ਸਭਨਾਂ ਹਾਕਮ ਜਮਾਤੀ ਪਾਰਟੀਆਂ ਦੀ ਪ੍ਰਵਾਨਗੀ
ਹੈ। ਮਨਮੋਹਨ ਸਿੰਘ, ਜਿਹੜਾ 16 ਦਸੰਬਰ ਨੂੰ ਦਿੱਲੀ 'ਚ ਵਾਪਰੀ ਗੈਂਗਰੇਪ ਘਟਨਾ ਤੋਂ 'ਬੇਹੱਦ ਦੁਖੀ'
ਸੀ, ਉਸਦੀ ਸਰਕਾਰ ਦੇ ਮੰਤਰੀ ਅਤੇ IPL ਕਮੇਟੀ ਦੇ ਪ੍ਰਧਾਨ ਰਾਜੀਵ ਸ਼ੁਕਲਾ ਦੀ ਨਿਗਰਾਨੀ ਵਿੱਚ ਕੁੜੀਆਂ ਪ੍ਰਤੀ ਅਜਿਹੇ
ਵਤੀਰੇ ਨੂੰ ਉਤਸ਼ਾਹਤ ਕਰਨ ਵਾਲੀਆਂ ਸਰਗਰਮੀਆਂ ਚੱਲ ਰਹੀਆਂ ਹਨ। ਜਿਹੜੀ ਭਾਜਪਾ ਤੇ ਵਿਸ਼ਵ ਹਿੰਦੂ ਪ੍ਰੀਸ਼ਦ
ਵੈਲੇਨਟਾਈਨ ਡੇ ਮੌਕੇ ਕੁੜੀਆਂ ਮੁੰਡਿਆਂ ਦੀ ਮਾਰਕੁਟਾਈ ਕਰਨਾ ਤੇ ਸਮਾਜਿਕ ਮਾਹੌਲ ਨੂੰ ਠੀਕ ਕਰਨ ਦੇ
ਨਾਮ ਹੇਠ ਗੁੰਡਾਗਰਦੀ ਕਰਨਾ ਆਪਣਾ ਜਮਾਂਦਰੂ ਹੱਕ ਸਮਝਦੀਆਂ ਹਨ, ਉਹਦਾ ਲੋਕ ਸਭਾ ਮੈਂਬਰ ਨਵਜੋਤ ਸਿੱਧੂ
ਘਟੀਆ ਫਿਕਰੇ ਕਸਣ ਅਤੇ ਔਰਤ ਕ੍ਰਿਕਟਰਾਂ ਨੂੰ ਬੇਹੂਦਾ ਸਵਾਲ ਪੁੱਛਣ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ
ਕਰਦਾ।
ਕੁੜੀਆਂ ਦੀ ਸਮੂਹਿਕ ਅਸਮਤ ਨਾਲ
ਇਹ ਖਿਲਵਾੜ ਦਿਨ ਦਿਹਾੜੇ ਵਾਪਰ ਰਿਹਾ ਹੈ। ਸਰਕਾਰ ਦੀ ਨਜ਼ਰਸਾਨੀ ਹੇਠ ਵਾਪਰ ਰਿਹਾ ਹੈ। ਇਸ ਲੱਚਰਤਾ
ਨੂੰ ਉਤਸ਼ਾਹਤ ਕਰਨਾ ਸਭਨਾਂ ਹਾਕਮ ਜਮਾਤਾਂ ਅਤੇ ਸਰਕਾਰ ਦੀ ਲੋੜ ਹੈ। ਲੋਕਾਂ ਨੂੰ ਨਸ਼ਿਆਂ ਅਤੇ ਅਸ਼ਲੀਲਤਾ
ਦੇ ਹਨੇਰੇ ਵਿੱਚ ਧੱਕ ਕੇ ਅਸਲੀ ਮਸਲਿਆਂ ਤੋਂ ਧਿਆਨ ਲਾਂਭੇ ਕਰਨਾ ਉਹਨਾਂ ਦੀ ਹੋਂਦ ਬਚਾਉਣ ਲਈ ਜ਼ਰੂਰੀ
ਹੈ। ਦਾਮਿਨੀ ਦੀ ਮੌਤ ਦਾ ਅਫ਼ਸੋਸ ਮਗਰਮੱਛ ਦੇ ਹੰਝੂ ਹਨ। ਅਜਿਹੇ ਮੈਚਾਂ, ਫਿਲਮਾਂ, ਕਾਮ ਉਕਸਾਊ ਸਾਹਿਤ,
ਟੀ. ਵੀ. ਮਸ਼ਹੂਰੀਆਂ ਰਾਹੀਂ ਔਰਤ ਵਿਰੋਧੀ ਲੱਚਰ ਸਭਿਆਚਾਰ ਸਿਰਜ ਕੇ ਲਗਾਤਾਰ ਔਰਤਾਂ ਦੀ ਹੋਰ ਵਧੇਰੇ
ਬੇਹੁਰਮਤੀ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ।
ਖੇਡਾਂ ਦੇ ਨਾਮ ਹੇਠ ਔਰਤਾਂ ਦੀ
ਬੇਪਤੀ ਦਾ ਸਾਧਨ ਬਣਨ ਵਾਲੇ ਅਜਿਹੇ ਪ੍ਰੋਗਰਾਮਾਂ ਖਿਲਾਫ਼ ਲੋਕਾਂ ਨੂੰ ਫਤਵਾ ਦੇਣਾ ਚਾਹੀਦਾ ਹੈ। ਸਭਨਾਂ
ਲੋਕ ਸੰਘਰਸ਼ਾਂ ਵਿੱਚ ਆਬਾਦੀ ਦੇ ਅੱਧ ਔਰਤਾਂ ਦੀ ਸੁਰੱਖਿਅਤ ਮਾਣ ਭਰਪੂਰ ਤੇ ਸਜੀਵ ਸ਼ਮੂਲੀਅਤ ਨੇ ਹੀ
ਲੋਕ ਮਸਲਿਆਂ ਦੇ ਹੱਲ ਦੀ ਜ਼ਾਮਨੀ ਕਰਨੀ ਹੈ ਤੇ ਬਿਹਤਰ ਸਮਾਜ ਦੀ ਨੀਂਹ ਰੱਖਣੀ ਹੈ।
(18-05-13)
Cool...
ReplyDelete