Friday, 7 June 2013

''ਆਈ.ਪੀ.ਐਲ. ਨਾ ਤਮੀਜ਼ ਸੇ ਖੇਲਾ ਜਾਤਾ ਹੈ ਔਰ ਨਾ ਤਮੀਜ਼ ਸੇ ਦੇਖਾ ਜਾਤਾ ਹੈ''

ਆਈ. ਪੀ. ਐਲ
ਰੋਟੀ ਨੂੰ ਤਰਸਦੇ ਲੋਕਾਂ ਦੇ ਦੇਸ਼ 'ਚ ਅਰਬਾਂ ਦਾ ਖੇਡ ਕਾਰੋਬਾਰ

'ਇੰਡੀਅਨ ਪ੍ਰੀਮੀਅਮ ਲੀਗ' ਜਾਂ 'ਆਈ.ਪੀ.ਐਲ.' ਬਾਰੇ ਵਿਸਥਾਰ ਵਿੱਚ ਜਾਣ ਤੋਂ ਪਹਿਲਾਂ, ਫਿਲਮ ਸਟਾਰ ਰਣਬੀਰ ਕਪੂਰ ਦੀਆਂ ਪੈਪਸੀ ਅਤੇ ਆਈ.ਪੀ.ਐਲ. ਬਾਰੇ ਦੋ ਮਸ਼ਹੂਰੀਆਂ, ਜੋ ਵੱਖ ਵੱਖ ਚੈਨਲਾਂ 'ਤੇ ਚੱਲਦੀਆਂ ਹਨ, ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਪਹਿਲੀ ਮਸ਼ਹੂਰੀ ਵਿੱਚ ਰਣਬੀਰ ਕਪੂਰ ਤੇ ਉਸਦਾ ਦੋਸਤ ਇੱਕ ਕੁੜੀ ਨੂੰ ਉਹਨਾਂ ਵਾਸਤੇ ਪੈਪਸੀ ਲਿਆਉਣ ਦਾ ਹੁਕਮ ਦਿੰਦੇ ਹਨ। ਦੂਜੀ ਮਸ਼ਹੂਰੀ ਵਿੱਚ ਰਣਬੀਰ ਕਪੂਰ ਕਿਸੇ ਹਸਪਤਾਲ ਦੇ ਇੱਕ ਕਮਰੇ ਵਿੱਚ ਜਾਂਦਾ ਹੈ। ਉਥੇ ਪਲਸਤਰ ਵਿੱਚ ਲਪੇਟੇ ਹੋਏ ਮਰੀਜ਼ ਨੂੰ ਬੈੱਡ ਤੋਂ ਉਠਾ ਕੇ ਕੁਰਸੀ 'ਤੇ ਬਿਠਾ ਦਿੰਦਾ ਹੈ ਤੇ ਆਪ ਉਸਦੇ ਬੈੱਡ 'ਤੇ ਬੈਠ ਕੇ ਪੈਪਸੀ ਪੀਂਦਾ ਹੋਇਆ ਆਈ.ਪੀ.ਐਲ. ਦਾ ਮੈਚ ਦੇਖਦਾ ਹੈ। ਦੋਵਾਂ ਮਸ਼ਹੂਰੀਆਂ ਦੇ ਅੰਤ ਵਿੱਚ ਰਣਬੀਰ ਕਪੂਰ ਇਹ ਡਾਇਲਾਗ ਬੋਲਦਾ ਹੈ, ''ਆਈ.ਪੀ.ਐਲ. ਨਾ ਤਮੀਜ਼ ਸੇ ਖੇਲਾ ਜਾਤਾ ਹੈ ਔਰ ਨਾ ਤਮੀਜ਼ ਸੇ ਦੇਖਾ ਜਾਤਾ ਹੈ'' ਅਤੇ 'ਬਦਤਮੀਜ਼ੀ' ਤੇ ਖੇਡ ਭਾਵਨਾ ਦਾ ਕਮਾਲ ਦਾ ਰਿਸ਼ਤਾ ਬਿਆਨ ਕਰਦਾ ਹੈ! ਇਸ ਡਾਇਲਾਗ ਨਾਲ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੋ ਜਾਂਦੀ ਹੈ ਕਿ ਆਈ.ਪੀ.ਐਲ. ਦਾ ਖੇਡਾਂ (ਕ੍ਰਿਕਟ) ਨਾਲ ਕੋਈ ਸਰੋਕਾਰ ਨਹੀਂ। 
'ਆਈ.ਪੀ.ਐਲ.' ਅਸਲ ਵਿੱਚ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਫੁੱਟਬਾਲ ਦੀਆਂ ਪ੍ਰੀਮੀਅਮ ਲੀਗਜ਼ ਦੀ ਨਕਲ ਹੈ, ਜੋ ਯੂਰਪੀ ਦੇਸ਼ਾਂ ਵਿੱਚ ਬਹੁਤ ਜ਼ਿਆਦਾ ਹਰਮਨ ਪਿਆਰੀਆਂ ਹਨ। ਇਹਨਾਂ ਫੁੱਟਬਾਲ ਲੀਗਜ਼ ਨੂੰ ਸਪਾਂਸਰ ਕਰਨ ਵਾਲੀਆਂ ਵੱਡੀਆਂ ਬਹੁ-ਕੌਮੀ ਕੰਪਨੀਆਂ ਹਨ, ਜੋ ਕਰੋੜਾਂ ਰੁਪਏ ਇਹਨਾਂ ਖੇਡਾਂ ਵਿੱਚ ਨਿਵੇਸ਼ ਕਰਦੀਆਂ ਹਨ ਤੇ ਕਈ ਕਈ ਗੁਣਾਂ ਕਮਾਈ ਕਰਦੀਆਂ ਹਨ। ਕ੍ਰਿਕਟ ਨੂੰ ਦੇਖਣ ਵਾਲੇ ਸਭ ਤੋਂ ਜ਼ਿਆਦਾ ਦਰਸ਼ਕ (20 ਕਰੋੜ ਤੋਂ ਜ਼ਿਆਦਾ) ਭਾਰਤ ਵਿੱਚ ਹਨ ਤੇ 'ਭਾਰਤੀ ਕ੍ਰਿਕਟ ਕੰਟਰੋਲ ਬੋਰਡ' ਦੁਨੀਆਂ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ ਹੈ। 2008 ਵਿੱਚ ਇਸ ਬੋਰਡ ਦੇ ਉਸ ਸਮੇਂ ਦੇ ਕਮਿਸ਼ਨਰ ਲਲਿਤ ਮੋਦੀ ਦੇ 'ਕਾਰਪੋਰੇਟੀ ਦਿਮਾਗ' ਨੂੰ ਭਾਰਤ ਵਿੱਚ ਕ੍ਰਿਕਟ ਦੀ ਪ੍ਰੀਮੀਅਮ ਲੀਗ ਕਰਵਾਉਣ ਦਾ ਫੁਰਨਾ ਫੁਰਿਆ। ਇਹਦੇ ਪਿੱਛੇ ਇੱਕ ਕਾਰਨ ਤਾਂ ਇਹ ਸੀ ਕਿ ਇੱਕ ਦਿਨਾ ਅਤੇ ਪੰਜ ਦਿਨਾ ਕ੍ਰਿਕਟ ਮੈਚਾਂ ਵਿੱਚ ਦਰਸ਼ਕਾਂ ਦੀ ਗਿਣਤੀ ਲਗਾਤਾਰ ਘਟ ਰਹੀ ਸੀ ਤੇ ਸਟੇਡੀਅਮ ਖਾਲੀ ਰਹਿਣ ਦੀ ਸਮੱਸਿਆ ਆ ਗਈ। ਏਸੇ ਲਈ ਕ੍ਰਿਕਟ ਕੰਟਰੋਲ ਬੋਰਡ ਨੇ 'ਟਵੰਟੀ ਟਵੰਟੀ' (20-20 ਓਵਰਾਂ ਦਾ ਮੈਚ) ਕਰਵਾਉਣ ਦਾ ਫੈਸਲਾ ਕੀਤਾ। ਲੋਕਾਂ ਨੂੰ ਆਈ.ਪੀ.ਐਲ. ਵਿੱਚ ਖਿੱਚਣ ਲਈ ਜਿੱਥੇ ਇੱਕ ਪਾਸੇ ਪ੍ਰੀਟੀ ਜਿੰਟਾ, ਸ਼ਿਲਪਾ ਸ਼ੈਟੀ ਤੇ ਸ਼ਾਹਰੁਖ ਖਾਨ ਵਰਗੇ ਫਿਲਮ ਸਟਾਰਾਂ ਨੂੰ ਟੀਮਾਂ ਦੇ ਅਰਧ-ਮਾਲਕ (ਅਸਲ ਮਾਲਕ ਤਾਂ ਅੰਬਾਨੀ ਵਰਗੇ ਕਾਰਪੋਰੇਟ ਜਗਤ ਦੇ 'ਵੱਡੇ ਖਿਡਾਰੀ' ਹਨ) ਬਣਾਇਆ ਗਿਆ ਹੈ ਉਥੇ ਦੂਜੇ ਪਾਸੇ ਸਟੇਡੀਅਮਾਂ ਵਿੱਚ ਚੀਅਰਲੀਡਰਜ਼ (ਅੱਧ ਨੰਗੀਆਂ ਬਦੇਸ਼ੀ ਕੁੜੀਆਂ) ਨੂੰ ਨਚਾਇਆ ਜਾਂਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੈਚ ਤੋਂ ਅੱਧਾ ਘੰਟਾ ਪਹਿਲਾਂ ਚੱਲਦੀ ਵਿਚਾਰ-ਚਰਚਾ ਸਮੇਂ ਵੀ ਇਹਨਾਂ ਕੁੜੀਆਂ ਦੇ ਦ੍ਰਿਸ਼ ਦਿਖਾਏ ਜਾਂਦੇ ਹਨ। 
ਆਈ.ਪੀ.ਐਲ. ਆਪਣੇ ਸਹੀ ਅਰਥਾਂ ਵਿੱਚ ਕੋਈ ਕ੍ਰਿਕਟ ਟੂਰਨਾਮੈਂਟ ਨਹੀਂ ਸਗੋਂ ਮੁਨਾਫੇ ਦੀ ਮੰਡੀ ਹੈ, ਜਿਥੇ ਸ਼ਰੇਆਮ ਖਿਡਾਰੀਆਂ ਦੀ ਨਿਲਾਮੀ ਹੁੰਦੀ ਹੈ ਤੇ ਕਾਰਪੋਰੇਟ ਘਰਾਣੇ ਉਹਨਾਂ ਨੂੰ ਖਰੀਦਦੇ ਹਨ। ਜਦੋਂ ਅਖਬਾਰਾਂ ਵਿੱਚ ਬਿਆਨ ਲੱਗਦੇ ਹਨ ਕਿ ਆਸਟਰੇਲੀਆ ਦਾ ਆਲ ਰਾਊਂਡਰ ਮੈਕਸਵੈੱਲ 'ਸਿਰਫ 5 ਕਰੋੜ' 'ਚ ਵਿਕਿਆ ਤਾਂ ਆਈ.ਪੀ.ਐਲ. ਤੋਂ ਹੁੰਦੇ ਕੁੱਲ ਮੁਨਾਫੇ ਬਾਰੇ ਅੰਦਾਜ਼ਾ ਲਾਇਆ ਜਾ ਸਕਦਾ ਹੈ। (ਸਭ ਤੋਂ ਸਸਤੇ ਖਿਡਾਰੀ ਦੀ ਕੀਮਤ ਜਿੰਨੇ ਪੈਸੇ ਸਾਡੀ ਸਰਕਾਰ ਖੁਦਕੁਸ਼ੀਆਂ ਕਰ ਚੁੱਕੇ 500 ਕਿਸਾਨਾਂ ਦੇ ਪਰਿਵਾਰਾਂ ਨੂੰ ਦੇਣ ਵਾਸਤੇ ਅਣਮੰਨੇ ਢੰਗ ਨਾਲ ਮੰਨਦੀ ਹੈ)। 2013 ਦੀਆਂ ਖੇਡਾਂ ਲਈ ਖਿਡਾਰੀਆਂ ਦੀ ਨਿਲਾਮੀ 'ਸੋਨੀ ਸਿਕਸ' ਚੈਨਲ 'ਤੇ ਦਿਖਾਈ ਗਈ। 108 ਖਿਡਾਰੀਆਂ 'ਚੋਂ ਸਿਰਫ 37 ਖਿਡਾਰੀ ਖਰੀਦੇ ਗਏ। ਵਿਕਣ ਵਾਲੇ ਖਿਡਾਰੀਆਂ ਦੀ ਕੀਮਤ 593 ਕਰੋੜ ਰੁਪਏ ਸੀ। ਵਿਕਣ ਵਾਲੀਆਂ ਟੀਮਾਂ ਦੀ ਔਸਤਨ ਕੀਮਤ 250 ਕਰੋੜ ਰੁਪਏ ਹੈ। ਕ੍ਰਿਕਟ ਕੰਟਰੋਲ ਬੋਰਡ ਨੂੰ ਪੰਜ ਤੋਂ ਦਸ ਸਾਲਾਂ ਦੇ ਵਿੱਚ ਵਿੱਚ 8700 ਕਰੋੜ ਰੁਪਏ ਦੀ ਕਮਾਈ ਹੋਣ ਦੀ ਆਸ ਹੈ। ਬਹੁਕੌਮੀ ਕਾਰਪੋਰੇਸ਼ਨਾਂ ਦੇ ਮੁਨਾਫੇ ਇਸ ਤੋਂ ਕਈ ਗੁਣਾਂ (ਲੱਗਭੱਗ 70000 ਕਰੋੜ ਰੁਪਏ) ਤੋਂ ਵੀ ਜ਼ਿਆਦਾ ਹਨ।
ਆਈ.ਪੀ.ਐਲ. ਦੇ 'ਨਾਮ ਅਧਿਕਾਰ' ਪੈਪਸੀਕੋ ਕੰਪਨੀ ਨੇ 396 ਕਰੋੜ ਵਿੱਚ ਖਰੀਦੇ ਹਨ ਮਤਲਬ ਕਿ ਆਈ.ਪੀ.ਐਲ. ਦੀ ਹਰ ਮਸ਼ਹੂਰੀ ਵਿੱਚ ਪੈਪਸੀ ਦਾ ਨਾਮ ਜ਼ਰੂਰ ਆਵੇਗਾ। ਸਟੇਡੀਅਮਾਂ ਵਿੱਚ ਪੈਪਸੀਕੋ ਦਾ ਮਾਲ ਵਿਕੇਗਾ ਜਾਂ ਹੋਰਾਂ ਕੰਪਨੀਆਂ ਨੂੰ ਮਾਲ ਵੇਚਣ ਲਈ ਇਸ ਤੋਂ ਮਨਜੂਰੀ ਲੈਣੀ ਪਵੇਗੀ। ਦਰਸ਼ਕ ਸਟੇਡੀਅਮ 'ਚ ਬਾਹਰੋਂ ਕੋਈ ਚੀਜ਼ ਨਾਲ ਲੈ ਕੇ ਨਹੀਂ ਜਾ ਸਕਦੇ ਬਲਕਿ ਸਟੇਡੀਅਮ 'ਚੋਂ ਹੀ 60 ਰੁਪਏ ਦੀ ਪਾਣੀ ਦੀ ਬੋਤਲ ਖਰੀਦਣਗੇ। ਕਿੰਗਫਿਸ਼ਰ ਏਅਰਲਾਈਨ ਨੇ 'ਅੰਪਾਇਰ ਹੱਕ' 106 ਕਰੋੜ 'ਚ ਖਰੀਦੇ ਹਨ ਮਤਲਬ ਕਿ ਅੰਪਾਇਰ ਦੀ ਵਰਦੀ 'ਤੇ ਕਿੰਗਫਿਸ਼ਰ ਏਅਰਲਾਈਨ ਦੀ ਮਸ਼ਹੂਰੀ ਹੋਵੇਗੀ ਤੇ ਥਰਡ ਅੰਪਾਇਰ ਸਮੇਂ ਸਕਰੀਨ ਏਸੇ ਕੰਪਨੀ ਦੀ ਮਸ਼ਹੂਰੀ ਕਰੇਗੀ। ਲੁੱਟ ਲੋਕਾਂ ਦੀ, ਮਸ਼ਹੂਰੀ ਕੰਪਨੀ ਦੀ। 
2010 ਦੀਆਂ ਆਈ.ਪੀ.ਐਲ. ਖੇਡਾਂ ਦਾ ਸਿੱਧਾ ਪ੍ਰਸਾਰਣ ਯੂ. ਟਿਊਬ 'ਤੇ ਦਿਖਾਇਆ ਗਿਆ। ਯੂ. ਟਿਊਬ 'ਤੇ ਪ੍ਰਸਾਰਿਤ ਹੋਣ ਵਾਲਾ ਇਹ ਦੁਨੀਆਂ ਦਾ ਪਹਿਲਾ ਟੂਰਨਾਮੈਂਟ ਹੈ। ਟੂਰਨਾਮੈਂਟ ਦੇ ਅਖੀਰਲੇ 4 ਮੈਚ ਦੇਸ਼ ਦੇ ਵੱਖ ਵੱਖ ਸਿਨੇਮਾ ਘਰਾਂ ਵਿੱਚ 34 ਸਕਰੀਨ ਰਾਹੀਂ ਦਿਖਾਏ ਗਏ। ਏਸੇ ਸਾਲ ਆਈ.ਪੀ.ਐਲ. ਵਿੱਚ ਇੱਕ ਵੱਡਾ ਵਿੱਤੀ ਸਕੈਂਡਲ ਸਾਹਮਣੇ ਆਇਆ, ਜਿਸ ਨਾਲ ਲਲਿਤ ਮੋਦੀ ਦਾ ਇਮਾਨਦਾਰ ਆਦਮੀ ਦਾ ਚਿਹਰਾ ਲੀਰੋ ਲੀਰ ਹੋ ਗਿਆ ਤੇ ਉਸਦੀ ਜਗਾਹ 'ਤੇ ਚਿਰਾਯੂ ਆਮੀਨ (ਸਨਅੱਤਕਾਰ ਤੇ ਬੜੌਦਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ) ਨੂੰ ਅੰਤਰਿਮ ਚੇਅਰਮੈਨ ਬਣਾਇਆ ਗਿਆ। ਅੱਜ ਕੱਲ• ਇਸਦਾ ਚੇਅਰਮੈਨ ਲਲਿਤ ਮੋਦੀ ਦਾ 'ਪੁਰਾਣਾ ਸਾਥੀ' ਰਾਜੀਵ ਸ਼ੁਕਲਾ ਹੈ। ਦੋਸਤ, ਦੋਸਤ ਨਾ ਰਹਾ! ਵੈਸੇ ਮੁਨਾਫੇ ਦੀ ਮੰਡੀ ਵਿੱਚ ਸਭ ਤੋਂ ਵਫਾਦਾਰ ਦੋਸਤ ਮੁਨਾਫਾ ਹੀ ਹੁੰਦਾ ਹੈ। 
ਕ੍ਰਿਕਟ ਵਿੱਚ ਮੈਚ ਫਿਕਸਿੰਗ ਦੇ ਦੋਸ਼ ਤਾਂ ਪਹਿਲਾਂ ਵੀ ਕਈ ਵਾਰ ਸਾਬਤ ਹੁੰਦੇ ਆਏ ਹਨ, ਪਰ ਆਈ.ਪੀ.ਐਲ. ਵਿੱਚ ਫਿਕਸਿੰਗ ਦਾ ਇੱਕ ਨਵਾਂ ਵਰਤਾਰਾ ਸਾਹਮਣੇ ਆਇਆ- ਸਪੌਟ ਫਿਕਸਿੰਗ। 'ਕੱਲੀ 'ਕੱਲੀ ਗੇਂਦ ਦੀ ਫਿਕਸਿੰਗ ਕਿ ਫਲਾਣੀ ਗੇਂਦ 'ਤੇ ਛਿੱਕਾ ਲੱਗੇਗਾ ਤੇ ਫਲਾਣੀ ਗੇਂਦ 'ਤੇ ਕੋਈ ਰਨ ਨਹੀਂ ਲੈਣਾ। ਭਾਰਤ ਦੇ ਕਰੋੜਾਂ ਕ੍ਰਿਕਟ ਪ੍ਰੇਮੀਆਂ (ਜਿਹੜੇ ਇਸ ਤੱਥ 'ਤੇ ਬੜੇ ਉਤਸੁਕ ਸੀ, ਕਿ 14 ਮੈਚਾਂ ਦਾ ਫੈਸਲਾ ਬਿਲਕੁੱਲ ਅਖੀਰਲੇ ਓਵਰ 'ਚ ਹੋਇਆ ਤੇ 2 ਮੈਚਾਂ ਵਿੱਚ ਫੈਸਲਾ ਬਿਲਕੁੱਲ ਅਖੀਰਲੀ ਗੇਂਦ 'ਤੇ ਹੋਇਆ) ਨੂੰ ਇਸ ਤੋਂ ਜ਼ਿਆਦਾ ਹੋਰ ਕਿਵੇਂ ਬੇਵਕੂਫ ਬਣਾਇਆ ਜਾ ਸਕਦਾ ਹੈ। 

ਇੱਕ ਹੋਰ ਤੱਥ ਜਿਹੜਾ ਸ਼ਾਇਦ ਸਿੱਧਾ ਆਈ.ਪੀ.ਐਲ. ਨਾਲ ਨਾ ਜੁੜਦਾ ਦਿਸਦਾ ਹੋਵੇ ਪਰ ਇਹ ਸੱਚ ਹੈ ਕਿ ਅਜਿਹੇ ਟੂਰਨਾਮੈਂਟ ਨੌਜਵਾਨਾਂ ਵਿੱਚ ਬਲਾਤਕਾਰੀ ਮਾਨਸਿਕਤਾ ਨੂੰ ਹੱਲਾਸ਼ੇਰੀ ਦਿੰਦੇ ਹਨ। ਜਦੋਂ ਰਣਬੀਰ ਕਪੂਰ ਨੂੰ ਕੁੜੀਆਂ ਨਾਲ ਬਦਤਮੀਜ਼ੀ ਕਰਨਾ ਆਪਣਾ ਹੱਕ ਲੱਗਦਾ ਹੈ, ਆਈ.ਪੀ.ਐਲ. ਦਾ ਵਿਰਾਟ ਕੋਹਲੀ ਜਦੋਂ ''ਲੜਕੀ ਕੋ ਮੂਰਖ ਬਨਾਨੇ ਕੇ ਦੋ ਤਰੀਕੇ ਹੈਂ'' ਕਹਿੰਦਾ ਹੈ, ਆਈ.ਪੀ.ਐਲ. ਦੀਆਂ 'ਆਫਟਰ ਮੈਚ' ਪਾਰਟੀਆਂ ਵਿੱਚ ਅਯਾਸ਼ੀ ਦਾ ਨੰਗਾ ਨਾਚ ਹੁੰਦਾ ਹੈ ਤਾਂ ਅਸੀਂ ਆਪਣੀਆਂ ਧੀਆਂ-ਭੈਣਾਂ ਨੂੰ ਸੁਰੱਖਿਅਤ ਕਿਵੇਂ ਮੰਨ ਸਕਦੇ ਹਾਂ?
ਆਈ.ਪੀ.ਐਲ. ਰਾਹੀਂ ਇੱਕ ਗੱਲ ਸਾਫ ਹੋ ਜਾਂਦੀ ਹੈ ਕਿ ਇੱਕ ਪਾਸੇ ਤਾਂ ਅੰਨ•ੀਂ ਦੌਲਤ ਦੇ ਨਸ਼ੇ ਵਿੱਚ ਡੁੱਬੇ ਲੋਕ ਅਯਾਸ਼ੀਆਂ ਕਰਦੇ ਹਨ ਤੇ ਦੂਜੇ ਪਾਸੇ ਕਰੋੜਾਂ ਲੋਕਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਅਸੀਂ ਇਹ ਕਿਵੇਂ ਬਰਦਾਸ਼ਤ ਕਰ ਸਕਦੇ ਹਾਂ ਕਿ ਸਾਡੇ ਦੇਸ਼ ਦਾ ਖੇਤੀਬਾੜੀ ਮੰਤਰੀ ਆਈ.ਪੀ.ਐਲ. ਦੇ ਪ੍ਰੋਗਰਾਮਾਂ ਦੀਆਂ ਪ੍ਰਧਾਨਗੀਆਂ ਕਰਦਾ ਫਿਰੇ ਤੇ ਦੇਸ਼ ਵਿੱਚ ਹਰ ਅੱਧੇ ਘੰਟੇ ਬਾਅਦ ਇੱਕ ਕਿਸਾਨ ਖੁਦਕੁਸ਼ੀ ਕਰਨ ਲਈ ਮਜਬੂਰ ਹੋਵੇ। ਸਾਡੇ ਵਰਗੇ ਕਰੋੜਾਂ ਕਰੋੜ ਨੌਜਵਾਨਾਂ ਨੂੰ ਆਈ. ਪੀ. ਐਲ ਦੀ ਚਾਟ 'ਤੇ ਲਾ ਕੇ, ਸਾਡੀ ਸੁਰਤ ਭੁਆ ਕੇ ਕਿਵੇਂ ਦੇਸੀ ਵਿਦੇਸ਼ੀ ਧਨਾਢ ਅਰਬਾਂ-ਖਰਬਾਂ ਕਮਾ ਰਹੇ ਹਨ ਇਹ ਸਾਨੂੰ ਲਾਜ਼ਮੀ ਹੀ ਸੋਚਣਾ ਚਾਹੀਦਾ ਹੈ। ਲੁਟੇਰਿਆਂ ਵੱਲੋਂ ਬੁਣੇ ਇਸ ਤੰਦੂਆ ਜਾਲ ਤੋਂ ਛੁਟਕਾਰਾ ਪਾ ਕੇ, ਆਪਣੇ ਤੇ ਆਪਣੀ ਕੌਮ ਦੀ ਲੋਕਾਈ ਦੇ ਹਿਤਾਂ ਵੱਲ ਸੁਰਤ ਮੋੜਨੀ ਚਾਹੀਦੀ ਹੈ। 

ਰਾਜਿੰਦਰ ਸਿੰਘ ਸਿਵੀਆਂ

1 comment: