Showing posts with label land struggles in punjab. Show all posts
Showing posts with label land struggles in punjab. Show all posts

Monday, 20 February 2012

ਸਾਧੂ ਸਿੰਘ ਤਖ਼ਤੂਪੁਰਾ - ਉਹ ਤਾਰਾ ਬਣਿਆਂ ਅੰਬਰਾਂ ਦਾ (ਅਮੋਲਕ ਸਿੰਘ)


ਸਾਧੂ ਸਿੰਘ ਤਖ਼ਤੂਪੁਰਾ ਦੀ 20 ਫਰਵਰੀ ਨੂੰ ਬਰਸੀ 'ਤੇ ਵਿਸ਼ੇਸ਼
ਉਹ ਤਾਰਾ ਬਣਿਆਂ ਅੰਬਰਾਂ ਦਾ
—ਅਮੋਲਕ ਸਿੰਘ
94170-76735
       ਸੰਵੇਦਨਸ਼ੀਲ, ਬੁੱਧੀਮਾਨ, ਕਵੀ, ਹੁਨਰਮੰਦ, ਜੱਥੇਬੰਦਕਾਰ, ਇਨਕਲਾਬੀ ਜਮਹੂਰੀ ਲਹਿਰ ਦੇ ਸਿਰਕੱਢ ਆਗੂ, ਲੋਕ-ਮਨਾਂ ਦੀ ਡਾਇਰੀ 'ਤੇ ਸੰਗਰਾਮੀ ਕਥਾ ਉਘਾੜਨ ਵਾਲੇ ਸਾਧੂ ਸਿੰਘ ਤਖ਼ਤੂਪੁਰਾ ਦੀ 70 ਵਰਿ•ਆਂ ਦੀ ਜੀਵਨ-ਗਾਥਾ, ਜ਼ਿੰਦਗੀ ਨੂੰ ਨਵੇਂ ਅਰਥ ਦੇਣ ਵੱਲ ਜਾਂਦੇ ਨਵੇਂ ਰਾਹਾਂ ਦਾ ਮਾਣ-ਮੱਤਾ ਸਿਰਨਾਵਾਂ ਹੈ।
       ਉਹ ਜੀਵਿਆ ਸ਼ਾਨ ਨਾਲ। ਉਹ ਐਸੀ ਮਰਨੀ ਮਾਰਿਆ ਕਿ ਹਨੇਰਾ ਢੋਂਅਦੀ ਲੋਕਾਈ ਨੂੰ ਆਪਣੀ ਤਕਦੀਰ ਬਦਲਣ ਲਈ ਸੰਘਰਸ਼ਾਂ ਦੇ ਅਖਾੜਿਆਂ 'ਚੋਂ ਕਸ਼ੀਦੇ ਵਿਚਾਰਾਂ ਨਾਲ ਚਾਨਣ ਚਾਨਣ ਕਰ ਗਿਆ।
       10 ਮਾਰਚ 1942 ਨੂੰ ਪਿੰਡ ਤਖ਼ਤੂਪੁਰਾ ਦੇ ਵਿਸਾਖਾ ਸਿੰਘ ਦੇ ਘਰ ਮਾਤਾ ਜੰਗੀਰ ਕੌਰ ਦੀ ਕੁੱਖੋਂ ਜਨਮ ਲੈਣ ਵਾਲਾ ਸਾਧੂ ਸਿੰਘ ਤਖ਼ਤੂਪੁਰਾ ਸਾਡੇ ਸਮਿਆਂ ਦੇ ਮਲਕ ਭਾਗੋਆਂ ਦੇ ਲਿਤਾੜੇ ਭਾਈ ਲਾਲੋਆਂ ਦੇ ਸਰੋਕਾਰਾਂ ਦੀ ਬਾਂਹ ਫੜਦਾ ਅਤੇ ਉਨ•ਾਂ ਲਈ ਮਾਣ-ਸਨਮਾਨ ਵਾਲੇ ਸਮਾਜ ਦੀ ਸਿਰਜਣਾ ਦੇ ਸੁਪਨੇ ਬੀਜ਼ਦਾ, ਅਜੇਹੇ ਵਿਚਾਰਾਂ ਦੀ ਫਸਲ ਨੂੰ, ਆਪਣੇ ਲਹੂ ਨਾਲ ਸਿੰਜ ਗਿਆ।
       ਉਹ ਭਾਵੇਂ ਆਰਟ ਐਂਡ ਕਰਾਫਟ ਦਾ ਕੋਰਸ ਕਰਕੇ 1964 ਵਿਚ ਡਰਾਇੰਗ ਮਾਸਟਰ ਲੱਗ ਗਿਆ। ਉਸਨੇ ਜੀਵਨ ਜਾਚ ਦੀ ਹਕੀਕੀ ਵਿਦਿਆ ਦੱਬੇ ਕੁਚਲੇ ਲੋਕਾਂ ਨਾਲ ਮੱਛੀ ਅਤੇ ਪਾਣੀ ਵਾਲਾ ਰਿਸ਼ਤਾ ਜੋੜ ਕੇ ਕੀਤੀ। ਉਹਦੀ ਤੀਜੀ ਅੱਖ ਅੰਦਰ ਗਹਿਰਾ ਅਹਿਸਾਸ ਧੜਕਣ ਲੱਗਾ ਕਿ ਕਾਗਜਾਂ 'ਤੇ ਚਿਤਰ ਬਣਾਉਣ ਤੋਂ ਮਹੱਤਵਪੂਰਨ ਕਾਰਜ਼, ਸਮਾਜ-ਸਿਰਜਕਾਂ ਦੇ ਚਿਤਰ ਸਮਝਣ ਅਤੇ ਉਹਨਾਂ 'ਚ ਖ਼ੂਬਸੂਰਤ ਰੰਗ ਭਰਨ ਦਾ ਹੈ।
       ਸਾਧੂ ਨੇ ਆਪਣੇ ਹਮਜੋਲੀ ਕਵੀ ਓਮ ਪ੍ਰਕਾਸ਼ ਕੁੱਸਾ ਨਾਲ ਮਿਲ ਕੇ ਸਾਹਿਤਕ ਪੱਤ੍ਰਿਕਾ 'ਜਾਗੋ' ਕੱਢੀ। ਮੋਗਾ ਗੋਲੀ ਕਾਂਡ-1972, ਹੰਗਾਮੀ ਹਾਲਤ, ਵੰਨ-ਸੁਵੰਨੇ ਹਾਕਮ ਧੜਿਆਂ ਦੇ ਬਦਲ 'ਚ ਲੋਕ ਧੜੇ ਦੀ ਉਸਾਰੀ, ਬੇਰੁਜ਼ਗਾਰ ਅਧਿਆਪਕਾਂ ਦਾ ਘੋਲ, ਕਰਜ਼ਾ ਮੁਕਤੀ ਘੋਲ, ਜ਼ਮੀਨੀ ਘੋਲ, ਕੁਰਕੀਆਂ ਵਿਰੋਧੀ ਲਹਿਰ, ਸਨਅਤੀ ਕਾਮਿਆਂ ਦੀ ਹਮਾਇਤ ਆਦਿ ਘੋਲਾਂ ਦਾ ਇਤਿਹਾਸ ਦਰਸਾਉਂਦਾ ਹੈ ਕਿ ਉਹ ਤਬਕਾਤੀ ਵਲਾਗਣਾ ਤੋਂ ਪਾਰ ਜਾ ਕੇ ਮਿਹਨਤਕਸ਼ ਤਬਕਿਆਂ ਦੀ ਸਾਂਝੀ, ਮਜ਼ਬੂਤ ਅਤੇ ਜੁਝਾਰੂ ਇਨਕਲਾਬੀ ਜਨਤਕ ਲਹਿਰ ਦਾ ਕਿਲ•ਾ ਉਸਾਰਨ ਲਈ ਸਰਗਰਮਸ਼ੀਲ ਰਿਹਾ।
       ਉਹ ਬਦੇਸ਼ੀ ਧੜਵੈਲ ਬਹੁ-ਕੌਮੀ ਕੰਪਨੀਆਂ ਅਤੇ ਉਨ•ਾਂ ਦੇ ਦੇਸੀ ਯਾਰਾਂ ਤੋਂ ਕੌਮੀ ਮਾਲ-ਖਜ਼ਾਨਿਆਂ, ਕੁਦਰਤੀ ਸਰੋਤਾਂ, ਮਨੁੱਖੀ ਜੀਵਨ ਦੀਆਂ ਮੁਢਲੀਆਂ ਲੋੜਾਂ, ਸਿੱਖਿਆ, ਸਿਹਤ, ਰੁਜ਼ਗਾਰ, ਬਿਜਲੀ, ਪਾਣੀ ਅਤੇ ਆਵਾਜਾਈ ਮਾਰਗਾਂ ਆਦਿ ਖੇਤਰਾਂ ਉਪਰ ਵੀ ਮਾਰੇ ਜਾ ਰਹੇ ਨਿਸੰਗ ਝਪਟਿਆਂ ਖਿਲਾਫ ਨਵੇਂ ਮੁਹਾਵਰੇ 'ਚ ਕੌਮੀ ਜਾਗਰਤੀ, ਲੋਕ-ਮੁਕਤੀ ਦੀ ਚੇਤਨਾ ਅਤੇ ਸੰਗਰਾਮ ਦੀ ਧਾਰਾ ਉਭਾਰਨ ਦਾ ਮਹੱਤਵਪੂਰਨ ਕਾਰਜ਼ ਸਾਹਮਣੇ ਖੜ•ਾ ਕਰ ਗਿਆ ਹੈ।
       ਸਾਧੂ ਸਿੰਘ ਤਖ਼ਤੂਪੁਰਾ ਨੇ ਆਪਣੀ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬੂਟੇ ਨੂੰ ਮੌਲਰਨ ਲਈ ਹੀ ਇਸ ਧਰਤੀ ਨੂੰ ਆਪਣੇ ਲਹੂ ਨਾਲ ਨਹੀਂ ਸਿੰਜਿਆ ਸਗੋਂ ਸਮੁੱਚੀ ਕਿਸਾਨ ਅਤੇ ਇਨਕਲਾਬੀ ਜਮਹੂਰੀ ਲਹਿਰ ਅੱਗੇ ਬੁਨਿਆਦੀ ਏਜੰਡਾ ਉਭਾਰਿਆ ਹੈ ਕਿ ਹਕੂਮਤੀ ਦਹਿਸ਼ਤਗਰਦੀ ਅਤੇ ਸਥਾਪਤੀ ਵੱਲੋਂ ਥਾਪੜਾ ਦੇ ਕੇ ਸਿਸ਼ਕਾਰੇ ਹਥਿਆਰਬੰਦ ਨਿਜੀ ਗਰੋਹਾਂ ਦੇ ਵਾਰਾਂ ਤੋਂ ਸਵੈ-ਰਾਖੀ, ਇਨਕਲਾਬੀ ਲੋਕ ਲਹਿਰ ਦੇ ਪਸਾਰੇ ਅਤੇ ਮਜ਼ਬੂਤੀ ਲਈ ਇਨਕਲਾਬੀ ਜਨਤਕ ਟਾਕਰਾ ਲਹਿਰ ਦੀ ਸਿਰਜਣਾ ਲਾਜ਼ਮੀ ਹੈ।
       ਕਿਰਤੀ ਕਮਾਊ, ਕਿਰਤਾਂ ਦੇ ਪਹਿਰੇਦਾਰ, ਅਮਨ-ਪਸੰਦ ਅਤੇ ਸਾਊ ਲੋਕ, ਚੜ•ਦੇ ਸੂਰਜ ਵਾਪਰ ਰਹੇ ਵਰਤਾਰਿਆਂ ਦੇ ਪ੍ਰਤੱਖ ਅਮਲਾਂ 'ਚੋਂ ਇਹ ਨਤੀਜੇ ਕੱਢਣਗੇ ਕਿ ਜੇ ਹੱਕ, ਸੱਚ, ਇਨਸਾਫ ਲਈ ਇਥੇ ਕੋਈ ਜਗ•ਾ ਹੀ ਨਹੀਂ ਫਿਰ ਅਜੋਕੇ ਪ੍ਰਬੰਧ ਤੋਂ ਝਾਕ ਕਰਨ ਦੀ ਬਜਾਏ, ਲੋਕ ਆਪਣੀ ਜਾਗਰੂਕ ਸ਼ਕਤੀ ਜੋੜਨ ਅਤੇ ਆਪਣੀ ਪੁੱਗਤ ਅਤੇ ਨਿਜ਼ਾਮ ਦੀ ਸਿਰਜਣਾ ਵੱਲ ਜਾਂਦੇ ਨਵੇਂ ਸਵੱਲੜੇ ਰਾਹਾਂ ਦੀ ਤਲਾਸ਼ ਕਰਨਗੇ।
       ਸਾਧੂ ਸਿੰਘ ਤਖ਼ਤੂਪੁਰਾ ਦੀ ਸ਼ਹਾਦਤ ਕੋਈ ਅਚਨਚੇਤ ਵਾਪਰੀ ਘਟਨਾ ਨਹੀਂ। ਸੰਘਰਸ਼ਾਂ ਦੇ ਤਪਦੇ ਮਾਰੂਥਲ 'ਚ ਉਹ ਜ਼ਿੰਦਗੀ ਭਰ ਮੌਤ ਨੂੰ ਮਖੌਲਾਂ ਕਰਦਾ ਰਿਹਾ। ਜੇਠੂਕੇ, ਮਾਈਸਰਖਾਨਾ, ਭਾਈ ਬਖਤੌਰ, ਚੱਠੇਵਾਲਾ, ਜੋਗਾ, ਮਾਨਾਵਾਲਾ, ਛੰਨਾ, ਧੌਲਾ, ਸੰਘੇੜਾ ਅਤੇ ਚੰਡੀਗੜ• ਦੀਆਂ ਸੜਕਾਂ 'ਤੇ ਵਗਿਆ ਲੋਕ-ਦਰਿਆ ਆਦਿ ਅਨੇਕਾਂ ਅਜੇਹੇ ਵੇਲੇ ਹਨ ਜਦੋਂ ਵੰਨ-ਸੁਵੰਨੇ ਹਾਕਮਾਂ ਦੇ ਰਾਜ ਅੰਦਰ ਉਨ•ਾਂ ਵੱਲੋਂ ਚੰਮ ਦੀਆਂ ਚਲਾਉਣ ਦੇ ਅਮਲਾਂ ਨੂੰ ਠੱਲ• ਪਾਉਣ ਲਈ ਲੋਕ-ਸ਼ਕਤੀ ਨੇ ਕਰਾਰੇ ਝਟਕੇ ਦਿੱਤੇ ਹਨ। ਸਾਧੂ ਸਿੰਘ ਤਖ਼ਤੂਪੁਰਾ ਦੀ ਜੱਥੇਬੰਦੀ ਬੀ.ਕੇ.ਯੂ. (ਏਕਤਾ) ਲੋਕਾਂ ਦਾ ਭਰੋਸਾ ਜਿੱਤਣ 'ਚ ਸਫਲ ਹੋਈ। ਮਜ਼ਦੂਰ ਕਿਸਾਨ ਜੱਥੇਬੰਦੀਆਂ ਦਾ ਸਾਂਝਾ ਥੜ•ਾ ਹਾਕਮਾਂ ਦੀ ਅੱਖ ਦਾ ਰੋੜ ਬਣਨ ਲੱਗਾ। ਅਜੇਹੇ ਮੌਕੇ ਸਾਧੂ ਸਿੰਘ ਤਖ਼ਤੂਪੁਰਾ ਉਪਰ ਕਾਤਲੀ ਹੱਲਾ ਅਸਲ 'ਚ ਉਸਦੀ ਜੱਥੇਬੰਦੀ, ਸਾਂਝੇ ਥੜ•ੇ ਅਤੇ ਸਮੁੱਚੀ ਇਨਕਲਾਬੀ ਜਮਹੂਰੀ ਲਹਿਰ ਨੂੰ ਚੁਣੌਤੀ ਅਤੇ ਕੰਨ ਕਰਨਾ ਹੈ ਕਿ ਹੱਕ, ਸੱਚ, ਇਨਸਾਫ ਅਤੇ ਲੋਕ ਰਜ਼ਾ ਦੀ ਗੱਲ ਕਰਨ ਵਾਲਿਆਂ ਨੂੰ ਇਸਦੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਲੋਕ-ਮਸਲਿਆਂ ਨਾਲ ਗੁੰਦਵੀਂ ਜਮਹੂਰੀ ਹੱਕਾਂ ਦੀ ਲੜਾਈ ਦਾ ਸਥਾਨ ਕਿੰਨਾ ਮਹੱਤਵਪੂਰਨ ਹੈ ਇਸਦਾ ਪ੍ਰਮਾਣ ਸਾਧੂ ਸਿੰਘ ਤਖ਼ਤੂਪੁਰਾ ਦੀ ਸ਼ਹਾਦਤ ਮਗਰੋਂ ਕਾਲੇ ਕਾਨੂੰਨਾਂ ਖਿਲਾਫ ਚੱਲ ਰਹੀ ਜੱਦੋਜਹਿਦ ਦਰਸਾਉਂਦੀ ਹੈ। ਆਪਣੇ ਹੱਕਾਂ ਲਈ ਜੂਝਦੀਆਂ ਮੁਟਿਆਰਾਂ, ਗੱਭਰੂਆਂ, ਕਿਰਤੀ, ਕਿਸਾਨਾਂ, ਮੁਲਾਜ਼ਮਾਂ, ਕਲਮਕਾਰਾਂ ਅਤੇ ਪੱਤਰਕਾਰਾਂ ਉਪਰ ਚੜ•ਦੇ ਸੂਰਜ ਹੁੰਦੇ ਹੱਲੇ ਵੀ ਵਿਸ਼ੇਸ਼ ਧਿਆਨ ਖਿੱਚਦੇ ਹਨ।
       ਜ਼ਮੀਨ ਵਾਲੇ ਪਰਿਵਾਰ 'ਚੋਂ ਹੋ ਕੇ ਸਾਧੂ ਸਿੰਘ ਤਖ਼ਤੂਪੁਰਾ ਜਿਵੇਂ ਬੇਜ਼ਮੀਨੇ ਪਰਿਵਾਰ ਦੀ ਧੀ ਦੀ ਦਰਦ-ਪਰੁੰਨੀ ਦਾਸਤਾਂ ਗੀਤ ਰਾਹੀਂ ਬਿਆਨਦਾ ਹੈ ਉਸਤੋਂ ਸਾਧੂ ਦੀ ਕਲਮ ਦੀ ਤੀਖਣ ਅੱਖ 'ਚ ਸੁਲਘਦੇ ਸੁਪਨੇ ਪੜ•ੇ ਜਾ ਸਕਦੇ ਹਨ :
''ਸਾਰਾ ਦਿਨ ਬਾਪੂ ਮੇਰਾ ਕਰਦਾ ਏ ਵਾਢੀਆਂ
ਸਾਰਾ ਦਿਨ ਰਹਾਂ ਨੀ ਮੈਂ ਸਿਲ਼ਾ ਚੁਗਦੀ
ਸਾਥੋਂ ਭੁੱਖਿਆਂ ਤੋਂ ਹੋਰ ਨਾ ਵਗਾਰ ਪੁਗਦੀ''
       ਮਿਹਨਤਕਸ਼ਾਂ ਦੀ ਖ਼ੂਨ-ਪਸੀਨੇ ਦੀ ਕਮਾਈ ਨੂੰ ਸੜ•ਾਕਦੇ ਅਤੇ ਸਾਡੇ ਪਿਆਰੇ ਵਤਨ ਦੇ ਕੌਮੀ ਮਾਲ-ਖਜ਼ਾਨਿਆਂ ਨੂੰ ਆਪਣੇ ਹੀ ਕੁਨਬੇ ਦੀ ਮਲਕੀਅਤ ਸਮਝ ਕੇ ਜੋ ਦੋਹੀਂ ਹੱਥੀਂ ਲੁੱਟਦੇ ਹਨ ਉਨ•ਾਂ ਨੂੰ ਭੈਅ ਵੱਢ ਵੱਢ ਖਾ ਰਿਹਾ ਹੈ ਕਿ ਜੇ ਸਾਧੂ ਸਿੰਘ ਤਖ਼ਤੂਪੁਰਾ ਵਰਗਿਆਂ ਨੇ ਲੋਕਾਂ ਦੇ ਮੱਥੇ 'ਚ ਜਮਾਤੀ ਚੇਤਨਾ, ਜਮਾਤੀ ਸੰਗਰਾਮ ਅਤੇ ਜਮਾਤ-ਰਹਿਤ ਨਵੇਂ-ਨਰੋਏ, ਬਰਾਬਰੀ, ਨਿਆਂ ਅਤੇ ਖੁਸ਼ਹਾਲੀ ਭਰੇ ਸਮਾਜ ਦਾ ਦੀਵਾ ਬਾਲ ਦਿੱਤਾ ਤਾਂ ਸਾਰਾ ਕੂੜ-ਅੰਧੇਰ ਭਰਿਆ ਰਾਜ ਭਾਗ ਚਾਨਣ ਅੱਗੇ ਕਿਵੇਂ ਖੜ•ੇਗਾ? ਇਸ ਕੂੜ ਦਾ ਅੰਧਕਾਰ ਫੈਲਾਉਣ, ਜਾਗਦੇ ਅਤੇ ਜਗਦੇ ਸਿਰਾਂ ਨੂੰ ਬੁਝਾਉਣ ਲਈ ਹਿੰਸਾ ਦਾ ਸਹਾਰਾ ਲਿਆ ਜਾਂਦਾ ਹੈ। ਪਰ ਹਰ ਯੁੱਗ ਅਤੇ ਹਰ ਸਮੇਂ ਦੀ ਇਹ ਵੀ ਅਟੱਲ ਸਚਾਈ ਹੈ :
ਜਦੋਂ ਜ਼ਾਲਮ ਕਲੇਜੇ ਰੁੱਗ ਭਰਦਾ ਹੈ
ਇਹ ਧਰਤੀ ਮਾਂ ਹੈ, ਸਦਮੇ 'ਚ ਗਸ਼ ਨਹੀਂ ਖਾਂਦੀ
ਸਦਾ ਸੁਹਾਗਣ ਹੈ, ਇਹਦੀ ਅੱਖ ਦਾ ਨੂਰ ਨਹੀਂ ਮਰਦਾ
ਇਹਦੀ ਗੋਦ ਨੂੰ ਸਿਰਲੱਥਾਂ ਦੀ ਤੋਟ ਨਹੀਂ ਆਉਂਦੀ।
       ਅਜੇਹਾ ਹੀ ਪੈਗ਼ਾਮ ਦੇਵੇਗੀ ਅਤੇ ਅਹਿਦ ਲਏਗੀ 20 ਫਰਵਰੀ ਨੂੰ ਪਿੰਡ ਤਖ਼ਤੂਪੁਰਾ (ਮੋਗਾ) ਵਿਖੇ ਮਨਾਈ ਜਾ ਰਹੀ ਸਾਧੂ ਸਿੰਘ ਤਖ਼ਤੂਪੁਰਾ ਦੀ ਦੂਜੀ ਬਰਸੀ। ਬਰਸੀ ਦੀ ਤਿਆਰੀ ਲਈ ਪੰਜਾਬ ਭਰ ਚੱਲੀ ਮੁਹਿੰਮ 'ਚ ਅਜੇਹੇ ਬੋਲ ਕਾਫ਼ਲਿਆਂ ਦੀ ਰੂਹ ਦਾ ਹਿੱਸਾ ਬਣੇ ਹਨ :
ਉਹ ਤਾਰਾ ਬਣਿਆ ਅੰਬਰਾਂ ਦਾ
ਉਹਨੂੰ ਕੌਣ ਕਹੇ ਉਹ ਮੋਇਆ ਏ।

ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਦੂਸਰੀ ਬਰਸੀ ਮੌਕੇ ਜਨਤਕ ਟਾਕਰੇ ਦੀ ਲਹਿਰ ਉਸਾਰਨ ਦਾ ਸੱਦਾ

ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਦੂਸਰੀ ਬਰਸੀ ਮੌਕੇ
ਆਰਥਿਕ ਤੇ ਖੂੰਨੀ ਹੱਲੇ ਖਿਲਾਫ਼ ਜਨਤਕ ਟਾਕਰੇ ਦੀ ਲਹਿਰ ਉਸਾਰਨ ਦਾ ਸੱਦਾ

ਤਖਤੂਪੁਰਾ, 20 ਫਰਵਰੀ - ਆਬਾਦਕਾਰ ਕਿਸਾਨਾਂ-ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਉਣ ਲਈ ਲੜੇ ਜਾ ਰਹੇ ਜਮੀਨੀ ਘੋਲ ਦੀ ਅਗਵਾਈ ਕਰਦਿਆਂ ਅਕਾਲੀ ਆਗੂ ਵੀਰ ਸਿੰਘ ਲੋਪੋਕੇ ਦੇ ਭੂ-ਮਾਫੀਆ ਗਿਰੋਹ ਖਿਲਾਫ਼ ਜੂਝਦੇ ਹੋਏ ਸ਼ਹਾਦਤ ਦਾ ਜਾਮ ਪੀਣ ਵਾਲੇ ਉੱਘੇ ਕਿਸਾਨ ਆਗੂ ਸਾਧੂ ਸਿੰਘ ਤਖਤੂਪੁਰਾ ਦੀ ਦੂਸਰੀ ਬਰਸੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਵੱਲੋਂ ਉਹਨਾਂ ਦੇ ਜੱਦੀ ਪਿੰਡ ਤਖਤੂਪੁਰਾ ਵਿਖੇ ਮਨਾਈ ਗਈ। ਜਿਸ ਵਿਚ ਸੂਬੇ ਭਰ 'ਚੋਂ ਹਜ਼ਾਰਾਂ ਕਿਸਾਨ-ਮਜ਼ਦੂਰ ਮਰਦ-ਔਰਤਾਂ ਵੱਲੋਂ ਸ਼ਿਰਕਤ ਕੀਤੀ ਗਈ। ਲੋਕਾਂ ਦੇ ਠਾਠਾਂ ਮਾਰਦੇ ਅਤੇ ਰੋਹ ਨਾਲ ਖਚਾਖਚ ਭਰੇ ਪੰਡਾਲ ਨੂੰ ਸੰਬੋਧਨ ਕਰਦਿਆਂ ਬੀਕੇਯੂ (ਏਕਤਾ) ਦੇ  ਸੂਬਾ ਪ੍ਰਧਾਨ ਸ੍ਰੀ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸ੍ਰੀ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਇਕਸੁਰ ਹੋ ਕੇ ਆਖਿਆ ਕਿ ਜਮੀਨਾਂ ਦੀ ਰਾਖੀ, ਕਰਜਿਆਂ ਤੋਂ ਮੁਕਤੀ, ਬਿਜਲੀ ਬੋਰਡ ਸਮੇਤ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਨੂੰ ਰੋਕਣ ਵਰਗੇ ਮੁੱਦਿਆਂ ਨੂੰ ਲੈ ਕੇ ਸੰਘਰਸ਼ਾਂ ਦੇ ਅਖਾੜਿਆਂ 'ਚੋਂ ਦਿਨੋ-ਦਿਨ ਵੱਧ-ਫੁੱਲ ਰਹੀ ਉਨ•ਾਂ ਦੀ ਜਥੇਬੰਦੀ ਨੂੰ ਮਸਲ ਕੇ ਕਿਸਾਨ ਲਹਿਰ ਨੂੰ ਸੱਟ ਮਾਰਨ ਦੇ ਖੋਰੀ ਇਰਾਦਿਆਂ ਨੂੰ ਸਿਰੇ ਚਾੜ•ਣ ਲਈ ਹੀ ਬਾਦਲ ਸਰਕਾਰ ਤੇ ਪਰਿਵਾਰ ਦੀ ਸ਼ਹਿ 'ਤੇ ਭੂ-ਮਾਫੀਆ ਵੱਲੋਂ ਸ਼ਹੀਦ ਸਾਧੂ ਸਿੰਘ ਦਾ ਚੁਣ ਕੇ ਸਿਆਸੀ ਕਤਲ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਅੱਜ ਵੀ ਸ਼ਹੀਦ ਸਾਧੂ ਸਿੰਘ ਦੇ ਵਾਰਸਾਂ ਸਾਹਮਣੇ ਗੰਭੀਰ ਚੁਣੌਤੀਆਂ ਦਰਪੇਸ਼ ਹਨ। ਇਕ ਪਾਸੇ ਸਾਮਰਾਜੀ ਦਿਸ਼ਾ-ਨਿਰਦੇਸ਼ਾਂ ਤਹਿਤ ਸੂਬਾਈ ਤੇ ਕੇਂਦਰੀ ਹਾਕਮਾਂ ਵੱਲੋਂ ਕਿਸਾਨਾਂ ਦੀਆਂ ਜਮੀਨਾਂ ਖੋਹਣ, ਸਬਸਿਡੀਆਂ ਅਤੇ ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ, ਛੋਟੇ ਖੇਤੀ ਕਰਜਿਆਂ ਦਾ ਬਜਟ ਛਾਂਗਣ ਤੋਂ ਇਲਾਵਾ ਨਵੀਂ ਜਲ-ਨੀਤੀ ਰਾਹੀਂ ਲੋਕਾਂ ਨੂੰ ਪਾਣੀ ਵਰਗੀ ਅਨਮੋਲ ਕੁਦਰਤੀ ਦਾਤ ਤੋਂ ਵਾਂਝੇ ਕਰਨ ਅਤੇ ਖੇਤੀ ਤੇ ਖੇਤ-ਮਜ਼ਦੂਰਾਂ ਤੋਂ ਫਰੀ ਬਿਜਲੀ ਸਹੂਲਤ ਖੋਹਣ, ਰੁਜ਼ਗਾਰ ਦੀ ਗਰੰਟੀ ਤੇ ਸਰਕਾਰੀ ਅਦਾਰਿਆਂ ਦਾ ਭੋਗ ਪਾਉਣ, ਵੱਡ-ਅਕਾਰੀ ਐਗਰੋ ਮਾਲ ਖੋਹਲਣ ਵਰਗੇ ਨੀਤੀ ਕਦਮਾਂ ਰਾਹੀਂ ਲੋਕਾਂ ਨੂੰ ਗੰਭੀਰ ਹਮਲੇ ਦੀ ਮਾਰ ਹੇਠ ਲਿਆਂਦਾ ਜਾ ਰਿਹਾ ਹੈ। ਦੂਜੇ ਪਾਸੇ ਆਪਣੇ ਹੱਕਾਂ ਲਈ ਜੂਝ ਰਹੇ ਕਿਸਾਨਾਂ-ਮਜ਼ਦੂਰਾਂ ਤੇ ਹੋਰਨਾਂ ਸੰਘਰਸ਼ਸ਼ੀਲ ਲੋਕਾਂ ਨੂੰ ਜਾਬਰ-ਕਾਲੇ ਕਨੂੰਨਾਂ ਤੇ ਲਾਠੀਆਂ-ਗੋਲੀਆਂ ਦੇ ਜੋਰ ਅੰਨ•ੇ ਤਸ਼ੱਦਦ ਦਾ ਸ਼ਿਕਾਰ ਬਣਾਉਣ ਤੋਂ ਇਲਾਵਾ ਸੂਦਖੋਰਾਂ, ਭੂ-ਮਾਫੀਆ ਗਰੋਹਾਂ ਅਤੇ ਜਗੀਰਦਾਰਾਂ ਦੀਆਂ ਨਿੱਜੀ ਸੈਨਾਵਾਂ ਅਤੇ ਹਥਿਆਰਬੰਦ ਗੁੰਡਾ ਗਰੋਹਾਂ ਨੂੰ ਹਾਕਮਾਂ ਵੱਲੋਂ ਆਪਣੇ ਸਿਆਸੀ ਛਤਰ-ਛਾਇਆ ਹੇਠ ਪਾਲ-ਪਲੋਸ ਕੇ ਕਾਤਲਾਨਾ ਹਮਲੇ ਕਰਵਾਏ ਜਾ ਰਹੇ ਹਨ, ਅਜਿਹਾ ਸਭ ਕੁੱਝ ਦੇਸੀ-ਵਿਦੇਸ਼ੀ ਵੱਡੇ ਸਰਮਾਏਦਾਰਾਂ, ਕਾਰਪੋਰੇਟ ਘਰਾਣਿਆਂ ਤੇ ਬਹੁ-ਕੌਮੀ ਕੰਪਨੀਆਂ ਅੱਗੇ ਦੇਸ਼ ਦੇ ਕੁਦਰਤੀ ਸਾਧਨਾਂ ਤੇ ਸਰਕਾਰੀ ਖਜਾਨੇ ਨੂੰ ਪਰੋਸ ਕੇ ਇਹਨਾਂ ਲੁਟੇਰਿਆਂ ਦੀਆਂ ਤਿਜੌਰੀਆਂ ਭਰਨ ਲਈ ਕੀਤਾ ਜਾ ਰਿਹਾ ਹੈ। 
ਕਿਸਾਨ ਆਗੂਆਂ ਨੇ ਕਿਹਾ ਕਿ ਇਹ ਚੌਤਰਫ਼ਾ ਹੱਲਾ ਜਿਥੇ ਕਿਸਾਨਾਂ-ਮਜ਼ਦੂਰਾਂ ਤੇ ਕਿਰਤੀ ਲੋਕਾਂ ਨੂੰ ਜਿਥੇ ਭੁੱਖਮਰੀ ਤੇ ਕੰਗਾਲੀ ਦੇ ਮੂੰਹ ਧੱਕ ਰਿਹਾ ਹੈ, ਉਥੇ ਲੋਕਾਂ ਨੂੰ ਸੰਘਰਸ਼ਾਂ ਦੇ ਰਾਹ ਧੱਕਣ ਦਾ ਖੁਦ ਹੀ ਆਧਾਰ ਤਿਆਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਸ ਚੌਤਰਫ਼ੇ ਆਰਥਿਕ ਹੱਲੇ ਤੇ ਖੂੰਨੀ ਧਾਵੇ ਖਿਲਾਫ਼ ਜਨਤਕ ਟਾਕਰੇ ਦੀ ਲਹਿਰ ਉਸਾਰਨ ਲਈ ਸਮੂਹ ਕਿਸਾਨਾਂ, ਖੇਤ-ਮਜ਼ਦੂਰਾਂ, ਔਰਤਾਂ, ਨੌਜਵਾਨਾਂ ਤੇ ਸਨਅਤੀ ਕਾਮਿਆਂ ਸਮੇਤ ਲੁੱਟੇ ਜਾ ਰਹੇ ਸਭਨਾਂ ਲੋਕਾਂ ਨੂੰ ਜਥੇਬੰਦ ਕਰਕੇ ਤਿੱਖੇ ਘੋਲਾਂ ਦੇ ਮੋਰਚੇ ਭਖਾਉਣ ਲਈ ਮੈਦਾਨ 'ਚ ਨਿੱਤਰਨਾ ਹੀ ਸ਼ਹੀਦ ਸਾਧੂ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੈ। ਉਨ•ਾਂ ਐਲਾਨ ਕੀਤਾ ਕਿ ਉਨ•ਾਂ ਦੀ ਜਥੇਬੰਦੀ ਸਭਨਾਂ ਚੁਣੌਤੀਆਂ ਦਾ ਖਿੜੇ ਮੱਥੇ ਟਾਕਰਾ ਕਰਦੀ ਹੋਈ ਸਾਧੂ ਸਿੰਘ ਦੀ ਵਿਰਾਸਤ ਦਾ ਝੰਡਾ ਬੁਲੰਦ ਰੱਖੇਗੀ ਅਤੇ ਕਿਸਾਨ ਲਹਿਰ ਦੀ ਉਸਾਰੀ ਤੇ ਰਾਖੀ ਲਈ ਪੂਰਾ ਤਾਣ ਲਾਵੇਗੀ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਨੌਜਵਾਨ ਭਾਰਤ ਸਭਾ ਦੇ ਸੂਬਾ ਜੱਥੇਬੰਦਕ ਸਕੱਤਰ ਪਾਵੇਲ ਕੁੱਸਾ, ਕਿਸਾਨ ਸੰਘਰਸ਼ ਕਮੇਟੀ ਦੇ ਕਨਵੀਨਰ ਸਤਨਾਮ ਸਿੰਘ ਪੰਨੂੰ, ਕਿਸਾਨ ਸੰਘਰਸ਼ ਕਮੇਟੀ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂੰ, ਬੀਕੇਯੂ (ਕਾ੍ਰਂਤੀਕਾਰੀ) ਦੇ ਜਨਰਲ ਸਕੱਤਰ ਦਲਵਿੰਦਰ ਸਿੰਘ ਸ਼ੇਰਖਾਂ, ਬੀਕੇਯੂ (ਏਕਤਾ ਡਕੌਂਦਾ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧੰਨੇਰ ਤੇ ਟੀਐਸਯੂ ਦੇ ਸੂਬਾ ਪ੍ਰਧਾਨ ਸੁਖਵੰਤ ਸਿੰਘ ਸੇਖੋਂ ਨੇ ਸ੍ਰੀ ਸਾਧੂ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਆਪਣੇ ਸੰਬੋਧਨ 'ਚ ਕਿਹਾ ਕਿ 6 ਮਾਰਚ ਤੋਂ ਬਾਅਦ ਪੰਜਾਬ 'ਚ ਜੀਹਦੀ ਮਰਜੀ ਸਰਕਾਰ ਬਣ ਜਾਵੇ, ਲੋਕਾਂ 'ਤੇ ਹਮਲੇ ਹੋਰ ਵਧਣਗੇ ਜਿੰਨਾਂ ਦਾ ਜਵਾਬ ਦੇਣ ਲਈ ਤਿਆਰ-ਬਰ-ਤਿਆਰ ਰਹਿਣ ਦੀ ਲੋੜ ਹੈ। ਇਸ ਮੌਕੇ ਮਤਾ ਪਾਸ ਕਰਕੇ ਮਜ਼ਦੂਰ ਘਰਾਂ 'ਚੋਂ ਬਿਜਲੀ ਮੀਟਰ ਪੁੱਟੇ ਜਾਣ ਦੀ ਕਾਰਵਾਈ ਦੀ ਸਖਤ ਨਿੰਦਿਆ ਕਰਦਿਆਂ ਐਲਾਨ ਕੀਤਾ ਗਿਆ ਕਿ ਜਥੇਬੰਦੀਆਂ ਕਿਸੇ ਵੀ ਮਜ਼ਦੂਰ ਦਾ ਮੀਟਰ ਨਹੀਂ ਪੁੱਟਣ ਦੇਣਗੀਆਂ। ਸਟੇਜ ਸੰਚਾਲਨ ਦੀ ਜਿੰਮੇਵਾਰੀ ਹਰਦੀਪ ਸਿੰਘ ਟੱਲੇਵਾਲ ਨੇ ਬਾਖੂਬੀ ਨਿਭਾਈ।
ਜਾਰੀ ਕਰਤਾ :
ਸੁਖਦੇਵ ਸਿੰਘ ਕੋਕਰੀ ਕਲਾਂ,
ਜਨਰਲ ਸਕੱਤਰ, ਬੀਕੇਯੂ ਏਕਤਾ
94174-66038