Showing posts with label peasant movement. Show all posts
Showing posts with label peasant movement. Show all posts

Monday, 20 February 2012

ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਦੂਸਰੀ ਬਰਸੀ ਮੌਕੇ ਜਨਤਕ ਟਾਕਰੇ ਦੀ ਲਹਿਰ ਉਸਾਰਨ ਦਾ ਸੱਦਾ

ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਦੂਸਰੀ ਬਰਸੀ ਮੌਕੇ
ਆਰਥਿਕ ਤੇ ਖੂੰਨੀ ਹੱਲੇ ਖਿਲਾਫ਼ ਜਨਤਕ ਟਾਕਰੇ ਦੀ ਲਹਿਰ ਉਸਾਰਨ ਦਾ ਸੱਦਾ

ਤਖਤੂਪੁਰਾ, 20 ਫਰਵਰੀ - ਆਬਾਦਕਾਰ ਕਿਸਾਨਾਂ-ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿਵਾਉਣ ਲਈ ਲੜੇ ਜਾ ਰਹੇ ਜਮੀਨੀ ਘੋਲ ਦੀ ਅਗਵਾਈ ਕਰਦਿਆਂ ਅਕਾਲੀ ਆਗੂ ਵੀਰ ਸਿੰਘ ਲੋਪੋਕੇ ਦੇ ਭੂ-ਮਾਫੀਆ ਗਿਰੋਹ ਖਿਲਾਫ਼ ਜੂਝਦੇ ਹੋਏ ਸ਼ਹਾਦਤ ਦਾ ਜਾਮ ਪੀਣ ਵਾਲੇ ਉੱਘੇ ਕਿਸਾਨ ਆਗੂ ਸਾਧੂ ਸਿੰਘ ਤਖਤੂਪੁਰਾ ਦੀ ਦੂਸਰੀ ਬਰਸੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਵੱਲੋਂ ਉਹਨਾਂ ਦੇ ਜੱਦੀ ਪਿੰਡ ਤਖਤੂਪੁਰਾ ਵਿਖੇ ਮਨਾਈ ਗਈ। ਜਿਸ ਵਿਚ ਸੂਬੇ ਭਰ 'ਚੋਂ ਹਜ਼ਾਰਾਂ ਕਿਸਾਨ-ਮਜ਼ਦੂਰ ਮਰਦ-ਔਰਤਾਂ ਵੱਲੋਂ ਸ਼ਿਰਕਤ ਕੀਤੀ ਗਈ। ਲੋਕਾਂ ਦੇ ਠਾਠਾਂ ਮਾਰਦੇ ਅਤੇ ਰੋਹ ਨਾਲ ਖਚਾਖਚ ਭਰੇ ਪੰਡਾਲ ਨੂੰ ਸੰਬੋਧਨ ਕਰਦਿਆਂ ਬੀਕੇਯੂ (ਏਕਤਾ) ਦੇ  ਸੂਬਾ ਪ੍ਰਧਾਨ ਸ੍ਰੀ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸ੍ਰੀ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਇਕਸੁਰ ਹੋ ਕੇ ਆਖਿਆ ਕਿ ਜਮੀਨਾਂ ਦੀ ਰਾਖੀ, ਕਰਜਿਆਂ ਤੋਂ ਮੁਕਤੀ, ਬਿਜਲੀ ਬੋਰਡ ਸਮੇਤ ਸਰਕਾਰੀ ਅਦਾਰਿਆਂ ਦੇ ਨਿੱਜੀਕਰਨ ਨੂੰ ਰੋਕਣ ਵਰਗੇ ਮੁੱਦਿਆਂ ਨੂੰ ਲੈ ਕੇ ਸੰਘਰਸ਼ਾਂ ਦੇ ਅਖਾੜਿਆਂ 'ਚੋਂ ਦਿਨੋ-ਦਿਨ ਵੱਧ-ਫੁੱਲ ਰਹੀ ਉਨ•ਾਂ ਦੀ ਜਥੇਬੰਦੀ ਨੂੰ ਮਸਲ ਕੇ ਕਿਸਾਨ ਲਹਿਰ ਨੂੰ ਸੱਟ ਮਾਰਨ ਦੇ ਖੋਰੀ ਇਰਾਦਿਆਂ ਨੂੰ ਸਿਰੇ ਚਾੜ•ਣ ਲਈ ਹੀ ਬਾਦਲ ਸਰਕਾਰ ਤੇ ਪਰਿਵਾਰ ਦੀ ਸ਼ਹਿ 'ਤੇ ਭੂ-ਮਾਫੀਆ ਵੱਲੋਂ ਸ਼ਹੀਦ ਸਾਧੂ ਸਿੰਘ ਦਾ ਚੁਣ ਕੇ ਸਿਆਸੀ ਕਤਲ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਅੱਜ ਵੀ ਸ਼ਹੀਦ ਸਾਧੂ ਸਿੰਘ ਦੇ ਵਾਰਸਾਂ ਸਾਹਮਣੇ ਗੰਭੀਰ ਚੁਣੌਤੀਆਂ ਦਰਪੇਸ਼ ਹਨ। ਇਕ ਪਾਸੇ ਸਾਮਰਾਜੀ ਦਿਸ਼ਾ-ਨਿਰਦੇਸ਼ਾਂ ਤਹਿਤ ਸੂਬਾਈ ਤੇ ਕੇਂਦਰੀ ਹਾਕਮਾਂ ਵੱਲੋਂ ਕਿਸਾਨਾਂ ਦੀਆਂ ਜਮੀਨਾਂ ਖੋਹਣ, ਸਬਸਿਡੀਆਂ ਅਤੇ ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ, ਛੋਟੇ ਖੇਤੀ ਕਰਜਿਆਂ ਦਾ ਬਜਟ ਛਾਂਗਣ ਤੋਂ ਇਲਾਵਾ ਨਵੀਂ ਜਲ-ਨੀਤੀ ਰਾਹੀਂ ਲੋਕਾਂ ਨੂੰ ਪਾਣੀ ਵਰਗੀ ਅਨਮੋਲ ਕੁਦਰਤੀ ਦਾਤ ਤੋਂ ਵਾਂਝੇ ਕਰਨ ਅਤੇ ਖੇਤੀ ਤੇ ਖੇਤ-ਮਜ਼ਦੂਰਾਂ ਤੋਂ ਫਰੀ ਬਿਜਲੀ ਸਹੂਲਤ ਖੋਹਣ, ਰੁਜ਼ਗਾਰ ਦੀ ਗਰੰਟੀ ਤੇ ਸਰਕਾਰੀ ਅਦਾਰਿਆਂ ਦਾ ਭੋਗ ਪਾਉਣ, ਵੱਡ-ਅਕਾਰੀ ਐਗਰੋ ਮਾਲ ਖੋਹਲਣ ਵਰਗੇ ਨੀਤੀ ਕਦਮਾਂ ਰਾਹੀਂ ਲੋਕਾਂ ਨੂੰ ਗੰਭੀਰ ਹਮਲੇ ਦੀ ਮਾਰ ਹੇਠ ਲਿਆਂਦਾ ਜਾ ਰਿਹਾ ਹੈ। ਦੂਜੇ ਪਾਸੇ ਆਪਣੇ ਹੱਕਾਂ ਲਈ ਜੂਝ ਰਹੇ ਕਿਸਾਨਾਂ-ਮਜ਼ਦੂਰਾਂ ਤੇ ਹੋਰਨਾਂ ਸੰਘਰਸ਼ਸ਼ੀਲ ਲੋਕਾਂ ਨੂੰ ਜਾਬਰ-ਕਾਲੇ ਕਨੂੰਨਾਂ ਤੇ ਲਾਠੀਆਂ-ਗੋਲੀਆਂ ਦੇ ਜੋਰ ਅੰਨ•ੇ ਤਸ਼ੱਦਦ ਦਾ ਸ਼ਿਕਾਰ ਬਣਾਉਣ ਤੋਂ ਇਲਾਵਾ ਸੂਦਖੋਰਾਂ, ਭੂ-ਮਾਫੀਆ ਗਰੋਹਾਂ ਅਤੇ ਜਗੀਰਦਾਰਾਂ ਦੀਆਂ ਨਿੱਜੀ ਸੈਨਾਵਾਂ ਅਤੇ ਹਥਿਆਰਬੰਦ ਗੁੰਡਾ ਗਰੋਹਾਂ ਨੂੰ ਹਾਕਮਾਂ ਵੱਲੋਂ ਆਪਣੇ ਸਿਆਸੀ ਛਤਰ-ਛਾਇਆ ਹੇਠ ਪਾਲ-ਪਲੋਸ ਕੇ ਕਾਤਲਾਨਾ ਹਮਲੇ ਕਰਵਾਏ ਜਾ ਰਹੇ ਹਨ, ਅਜਿਹਾ ਸਭ ਕੁੱਝ ਦੇਸੀ-ਵਿਦੇਸ਼ੀ ਵੱਡੇ ਸਰਮਾਏਦਾਰਾਂ, ਕਾਰਪੋਰੇਟ ਘਰਾਣਿਆਂ ਤੇ ਬਹੁ-ਕੌਮੀ ਕੰਪਨੀਆਂ ਅੱਗੇ ਦੇਸ਼ ਦੇ ਕੁਦਰਤੀ ਸਾਧਨਾਂ ਤੇ ਸਰਕਾਰੀ ਖਜਾਨੇ ਨੂੰ ਪਰੋਸ ਕੇ ਇਹਨਾਂ ਲੁਟੇਰਿਆਂ ਦੀਆਂ ਤਿਜੌਰੀਆਂ ਭਰਨ ਲਈ ਕੀਤਾ ਜਾ ਰਿਹਾ ਹੈ। 
ਕਿਸਾਨ ਆਗੂਆਂ ਨੇ ਕਿਹਾ ਕਿ ਇਹ ਚੌਤਰਫ਼ਾ ਹੱਲਾ ਜਿਥੇ ਕਿਸਾਨਾਂ-ਮਜ਼ਦੂਰਾਂ ਤੇ ਕਿਰਤੀ ਲੋਕਾਂ ਨੂੰ ਜਿਥੇ ਭੁੱਖਮਰੀ ਤੇ ਕੰਗਾਲੀ ਦੇ ਮੂੰਹ ਧੱਕ ਰਿਹਾ ਹੈ, ਉਥੇ ਲੋਕਾਂ ਨੂੰ ਸੰਘਰਸ਼ਾਂ ਦੇ ਰਾਹ ਧੱਕਣ ਦਾ ਖੁਦ ਹੀ ਆਧਾਰ ਤਿਆਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਸ ਚੌਤਰਫ਼ੇ ਆਰਥਿਕ ਹੱਲੇ ਤੇ ਖੂੰਨੀ ਧਾਵੇ ਖਿਲਾਫ਼ ਜਨਤਕ ਟਾਕਰੇ ਦੀ ਲਹਿਰ ਉਸਾਰਨ ਲਈ ਸਮੂਹ ਕਿਸਾਨਾਂ, ਖੇਤ-ਮਜ਼ਦੂਰਾਂ, ਔਰਤਾਂ, ਨੌਜਵਾਨਾਂ ਤੇ ਸਨਅਤੀ ਕਾਮਿਆਂ ਸਮੇਤ ਲੁੱਟੇ ਜਾ ਰਹੇ ਸਭਨਾਂ ਲੋਕਾਂ ਨੂੰ ਜਥੇਬੰਦ ਕਰਕੇ ਤਿੱਖੇ ਘੋਲਾਂ ਦੇ ਮੋਰਚੇ ਭਖਾਉਣ ਲਈ ਮੈਦਾਨ 'ਚ ਨਿੱਤਰਨਾ ਹੀ ਸ਼ਹੀਦ ਸਾਧੂ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੈ। ਉਨ•ਾਂ ਐਲਾਨ ਕੀਤਾ ਕਿ ਉਨ•ਾਂ ਦੀ ਜਥੇਬੰਦੀ ਸਭਨਾਂ ਚੁਣੌਤੀਆਂ ਦਾ ਖਿੜੇ ਮੱਥੇ ਟਾਕਰਾ ਕਰਦੀ ਹੋਈ ਸਾਧੂ ਸਿੰਘ ਦੀ ਵਿਰਾਸਤ ਦਾ ਝੰਡਾ ਬੁਲੰਦ ਰੱਖੇਗੀ ਅਤੇ ਕਿਸਾਨ ਲਹਿਰ ਦੀ ਉਸਾਰੀ ਤੇ ਰਾਖੀ ਲਈ ਪੂਰਾ ਤਾਣ ਲਾਵੇਗੀ। 
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਨੌਜਵਾਨ ਭਾਰਤ ਸਭਾ ਦੇ ਸੂਬਾ ਜੱਥੇਬੰਦਕ ਸਕੱਤਰ ਪਾਵੇਲ ਕੁੱਸਾ, ਕਿਸਾਨ ਸੰਘਰਸ਼ ਕਮੇਟੀ ਦੇ ਕਨਵੀਨਰ ਸਤਨਾਮ ਸਿੰਘ ਪੰਨੂੰ, ਕਿਸਾਨ ਸੰਘਰਸ਼ ਕਮੇਟੀ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂੰ, ਬੀਕੇਯੂ (ਕਾ੍ਰਂਤੀਕਾਰੀ) ਦੇ ਜਨਰਲ ਸਕੱਤਰ ਦਲਵਿੰਦਰ ਸਿੰਘ ਸ਼ੇਰਖਾਂ, ਬੀਕੇਯੂ (ਏਕਤਾ ਡਕੌਂਦਾ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧੰਨੇਰ ਤੇ ਟੀਐਸਯੂ ਦੇ ਸੂਬਾ ਪ੍ਰਧਾਨ ਸੁਖਵੰਤ ਸਿੰਘ ਸੇਖੋਂ ਨੇ ਸ੍ਰੀ ਸਾਧੂ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਆਪਣੇ ਸੰਬੋਧਨ 'ਚ ਕਿਹਾ ਕਿ 6 ਮਾਰਚ ਤੋਂ ਬਾਅਦ ਪੰਜਾਬ 'ਚ ਜੀਹਦੀ ਮਰਜੀ ਸਰਕਾਰ ਬਣ ਜਾਵੇ, ਲੋਕਾਂ 'ਤੇ ਹਮਲੇ ਹੋਰ ਵਧਣਗੇ ਜਿੰਨਾਂ ਦਾ ਜਵਾਬ ਦੇਣ ਲਈ ਤਿਆਰ-ਬਰ-ਤਿਆਰ ਰਹਿਣ ਦੀ ਲੋੜ ਹੈ। ਇਸ ਮੌਕੇ ਮਤਾ ਪਾਸ ਕਰਕੇ ਮਜ਼ਦੂਰ ਘਰਾਂ 'ਚੋਂ ਬਿਜਲੀ ਮੀਟਰ ਪੁੱਟੇ ਜਾਣ ਦੀ ਕਾਰਵਾਈ ਦੀ ਸਖਤ ਨਿੰਦਿਆ ਕਰਦਿਆਂ ਐਲਾਨ ਕੀਤਾ ਗਿਆ ਕਿ ਜਥੇਬੰਦੀਆਂ ਕਿਸੇ ਵੀ ਮਜ਼ਦੂਰ ਦਾ ਮੀਟਰ ਨਹੀਂ ਪੁੱਟਣ ਦੇਣਗੀਆਂ। ਸਟੇਜ ਸੰਚਾਲਨ ਦੀ ਜਿੰਮੇਵਾਰੀ ਹਰਦੀਪ ਸਿੰਘ ਟੱਲੇਵਾਲ ਨੇ ਬਾਖੂਬੀ ਨਿਭਾਈ।
ਜਾਰੀ ਕਰਤਾ :
ਸੁਖਦੇਵ ਸਿੰਘ ਕੋਕਰੀ ਕਲਾਂ,
ਜਨਰਲ ਸਕੱਤਰ, ਬੀਕੇਯੂ ਏਕਤਾ
94174-66038








Thursday, 16 February 2012

16 ਫ਼ਰਵਰੀ ਸ਼ਹੀਦੀ ਦਿਨ 'ਤੇ

ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ
ਜੁਝਾਰ ਕਿਸਾਨ ਲਹਿਰ ਦਾ ਸਿਰਮੌਰ ਸ਼ਹੀਦ
   ਸਾਧੂ ਸਿੰਘ ਤਖ਼ਤੂਪੁਰਾ ਦੀ ਸ਼ਹਾਦਤ ਨੂੰ ਦੋ ਵਰ•ੇ ਹੋ ਗਏ ਹਨ। 16 ਫਰਵਰੀ 2010 ਨੂੰ ਅੰਮ੍ਰਿਤਸਰ ਜਿਲ•ੇ ਦੇ ਸਰਹੱਦੀ ਪਿੰਡ ਭਿੰਡੀ ਔਲਖ ਵਿਖੇ ਅਕਾਲੀ ਸਿਆਸਤਦਾਨਾਂ ਅਤੇ ਜ਼ਮੀਨ ਮਾਫ਼ੀਆ ਗੱਠਜੋੜ ਦੇ ਗੁੰਡਿਆਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਉਹ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਸੰਗਠਨ ਸਕੱਤਰ ਸਨ ਅਤੇ ਅੰਮ੍ਰਿਤਸਰ ਜਿਲ•ੇ ਦੇ ਮੁਜਾਰੇ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦੁਵਾਉਣ ਦੇ ਚੱਲ ਰਹੇ ਸੰਘਰਸ਼ ਦੀ ਅਗਵਾਈ ਕਰ ਰਹੇ ਸਨ। ਆਬਾਦਕਾਰ ਕਿਸਾਨਾਂ ਨੂੰ ਜ਼ਮੀਨਾਂ ਤੋਂ ਉਜਾੜ ਰਹੇ ਅਕਾਲੀ ਸਿਆਸਤਦਾਨਾਂ ਦੀ ਧੱਕੇਸ਼ਾਹੀ ਖਿਲਾਫ਼ ਇਸ ਖੇਤਰ 'ਚ ਕਿਸਾਨਾਂ ਨੂੰ ਲਾਮਬੰਦ ਤੇ ਜੱਥੇਬੰਦ ਕਰਨ 'ਚ ਉਹਨਾਂ ਨੇ ਮੋਹਰੀ ਭੂਮਿਕਾ ਨਿਭਾਈ। ਉਹ ਇਸ ਲੋਟੂ ਤੇ ਜਾਬਰ ਟੋਲੇ ਦੀਆਂ ਅੱਖਾਂ 'ਚ ਰੜਕਦੇ ਰਹੇ। ਇੱਕ ਦਿਨ ਜਦੋਂ ਚੱਲ ਰਹੇ ਸੰਘਰਸ਼ ਦੌਰਾਨ ਪਿੰਡਾਂ 'ਚ ਧਰਨੇ ਦੀ ਤਿਆਰੀ ਕਰ ਰਹੇ ਸਨ ਤਾਂ ਰਸਤੇ 'ਚ ਹਮਲਾ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। 
ਮੋਗਾ ਜਿਲ•ੇ ਦੇ ਪਿੰਡ ਤਖ਼ਤੂਪੁਰਾ 'ਚ ਜਨਮੇ ਸਾਧੂ ਸਿੰਘ ਨੇ ਲੋਕ ਹੱਕਾਂ ਦੀ ਲਹਿਰ ਦੇ ਵਿਹੜੇ 'ਚ ਇਨਕਲਾਬੀ ਨੌਜਵਾਨ ਲਹਿਰ ਜ਼ਰੀਏ ਪੈਰ ਧਰਿਆ। 1960 ਵਿਆਂ ਦੇ ਅਖੀਰਲੇ ਸਾਲਾਂ 'ਚ ਪੰਜਾਬ ਦੇ ਨੌਜਵਾਨਾਂ ਅੰਦਰ ਨਵੀਂ ਚੇਤਨਾ ਨੇ ਅੰਗੜਾਈ ਲਈ ਸੀ। ਆਪਣੇ ਹੱਕਾਂ ਦੀ ਪ੍ਰਾਪਤੀ ਲਈ ਤੇ ਅੰਨ•ੇ ਹਕੂਮਤੀ ਜਬਰ ਖਿਲਾਫ਼ ਨੌਜਵਾਨ ਵਿਦਿਆਰਥੀ ਲਲਕਾਰ ਬਣ ਕੇ ਉੱਠੇ ਸਨ। ਕਾਲਜਾਂ 'ਚ ਵਿਦਿਆਰਥੀ ਜੱਥੇਬੰਦੀਆਂ ਤੇ ਪਿੰਡਾਂ 'ਚ ਨੌਜਵਾਨ ਸਭਾਵਾਂ ਬਣਨ ਦਾ ਵਰਤਾਰਾ ਚੱਲਿਆ ਸੀ। ਮੋਗਾ ਖੇਤਰ ਦੇ ਪਿੰਡਾਂ 'ਚ ਨੌਜਵਾਨ ਸਭਾਵਾਂ ਜੱਥੇਬੰਦ ਕਰਨ ਤੇ ਉਹਨਾਂ ਨੂੰ ਸਹੀ ਇਨਕਲਾਬੀ ਦਿਸ਼ਾ ਮੁਹੱਈਆ ਕਰਨ 'ਚ ਨੌਜਵਾਨ ਸਾਧੂ ਸਿੰਘ ਨੇ ਅਹਿਮ ਹਿੱਸਾ ਪਾਇਆ ਸੀ। 1972 ਵਿੱਚ ਪੰਜਾਬ ਭਰ ਦੇ ਵਿਦਿਆਰਥੀਆਂ ਤੇ ਨੌਜਵਾਨਾਂ ਵੱਲੋਂ ਲੜੇ ਗਏ ਸ਼ਾਨਾਮੱਤੇ ਮੋਗਾ ਘੋਲ ਦੌਰਾਨ ਉਹਨਾਂ ਨੇ ਪਿੰਡਾਂ ਦੇ ਨੌਜਵਾਨਾਂ ਨੂੰ ਜੱਥੇਬੰਦ ਕਰਨ ਤੇ ਘੋਲ 'ਚ ਹਮਾਇਤੀ ਕੰਨ•ਾ ਲਾਉਣ ਲਈ ਪ੍ਰੇਰਨ ਦਾ ਮਹੱਤਵਪੂਰਨ ਕੰਮ ਕੀਤਾ। ਪੰਜਾਬ ਅੰਦਰ ਮੁੜ ਜੱਥੇਬੰਦ ਹੋ ਰਹੀ ਨੌਜਵਾਨ ਭਾਰਤ ਸਭਾ ਨੂੰ ਮੋਗਾ-ਨਿਹਾਲ ਸਿੰਘ ਵਾਲਾ ਖੇਤਰ 'ਚ ਸਥਾਪਤ ਕਰਨ 'ਚ ਅਹਿਮ ਭੂਮਿਕਾ ਨਿਭਾਈ। ਇਉਂ ਇਨਕਲਾਬੀ ਨੌਜਵਾਨ ਲਹਿਰ ਤੋਂ ਸ਼ੁਰੂ ਕਰਕੇ ਉਹਨਾਂ ਨੇ ਲੋਕ ਹਿਤਾਂ ਲਈ ਸਰਗਰਮੀ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾ ਲਿਆ। ਅਧਿਆਪਕ ਹੁੰਦਿਆਂ ਉਹਨਾਂ ਨੇ ਅਧਿਆਪਕ ਜੱਥੇਬੰਦੀ ਦੀਆਂ ਮੂਹਰਲੀਆਂ ਸਫ਼ਾਂ 'ਚ ਰਹਿ ਕੇ ਅਧਿਆਪਕ ਸੰਘਰਸ਼ਾਂ 'ਚ ਹਿੱਸਾ ਪਾਇਆ। ਆਪਣੇ ਅਧਿਆਪਨ ਦੇ ਕਾਰਜ ਦੌਰਾਨ ਬਹੁਤ ਸਾਰੇ ਵਿਦਿਆਰਥੀਆਂ ਨੂੰ ਇਨਕਲਾਬੀ ਤੇ ਉਸਾਰੂ ਲੋਕ-ਪੱਖੀ ਚੇਤਨਾ ਦੀ ਜਾਗ ਲਾਈ। ਨੌਕਰੀ ਤੋਂ ਸੇਵਾ ਮੁਕਤ ਹੋ ਕੇ ਉਹਨਾਂ ਨੇ ਆਪਣਾ ਸਾਰਾ ਸਮਾਂ ਤੇ ਸ਼ਕਤੀ ਕਿਸਾਨ ਲਹਿਰ ਦੇ ਲੇਖੇ ਲਗਾ ਦਿੱਤੀ। ਦਿਲ ਦੀ ਬਿਮਾਰੀ ਦੇ ਬਾਵਜੂਦ ਉਹਨਾਂ ਨੇ ਜੁਝਾਰ ਇਨਕਲਾਬੀ ਕਿਸਾਨ ਲਹਿਰ ਉਸਾਰਨ ਲਈ ਦਿਨ ਰਾਤ ਇੱਕ ਕੀਤਾ। ਚੱਠੇਵਾਲਾ, ਮਾਨਾਂਵਾਲਾ, ਟਰਾਈਡੈਂਟ ਜ਼ਮੀਨੀ ਘੋਲ ਤੇ ਹੋਰਨਾਂ ਵੱਡੇ ਕਿਸਾਨ ਸੰਘਰਸ਼ਾਂ 'ਚ ਉਹ ਮੂਹਰੇ ਹੋ ਕੇ ਜੂਝੇ। ਪਹਿਲਾਂ ਕਿਸਾਨ ਲਹਿਰ ਨੂੰ ਆਪਣਾ ਮੁੜਕਾ ਡੋਲ• ਕੇ ਸਿੰਜਦੇ ਰਹੇ ਤੇ ਅਖੀਰ ਆਪਣਾ ਸੁਰਖ਼ ਲਹੂ ਲੋਕ ਹੱਕਾਂ ਦੀ ਲਹਿਰ ਦੇ ਲੇਖੇ ਲਾ ਗਏ। ਇਉਂ ਅੱਲ•ੜ ਜਵਾਨੀ ਵੇਲੇ ਹਾਸਲ ਕੀਤੀ ਇਨਕਲਾਬੀ ਚੇਤਨਾ ਲੰਮੇ ਜੀਵਨ ਅਮਲ ਦੌਰਾਨ ਲੋਕ ਸੰਘਰਸ਼ਾਂ ਨਾਲ ਗੁੰਦਵੇਂ ਰਿਸ਼ਤੇ ਰਾਹੀਂ ਆਪਣਾ ਸਭ ਕੁਝ ਲੋਕਾਂ ਲਈ ਕੁਰਬਾਨ ਕਰਨ ਤੱਕ ਜਾ ਪਹੁੰਚੀ। ਉਹਨਾਂ ਦੇ ਲਹੂ ਨਾਲ ਸਿੰਜੀ ਲੋਕ ਹੱਕਾਂ ਦੀ ਲਹਿਰ ਨਵੀਆਂ ਪੁਲਾਂਘਾਂ ਪੁੱਟਣ ਵੱਲ ਵਧ ਰਹੀ ਹੈ ਤੇ ਨਵੀਆਂ ਚੁਣੌਤੀਆਂ ਨਾਲ ਮੱਥਾ ਲਾ ਰਹੀ ਹੈ। ਇਹਨਾਂ ਚੁਣੌਤੀਆਂ ਨੂੰ ਸਰ ਕਰਨ ਲਈ ਸਾਧੂ ਸਿੰਘ ਤਖ਼ਤੂਪੁਰਾ ਦੀ ਕਰਨੀ ਸਾਡੇ ਲਈ ਰਾਹ ਦਰਸਾਵਾ ਹੈ।
       ਸੰਘਰਸ਼ਾਂ ਦੇ ਅਖਾੜਿਆਂ ਦੇ ਬਹਾਦਰ ਤੇ ਸੂਝਵਾਨ ਜਰਨੈਲ ਹੋਣ ਦੇ ਨਾਲ ਨਾਲ ਉਹਨਾਂ ਸਾਹਿਤਕ ਸੱਭਿਆਚਾਰਕ ਵੰਨਗੀਆਂ ਨਾਲ ਵੀ ਲੋਕਾਂ 'ਚ ਇਨਕਲਾਬੀ ਚੇਤਨਾ ਦਾ ਛੱਟਾ ਦਿੱਤਾ। 70 ਵਿਆਂ 'ਚ ਅਜਿਹੀਆਂ ਹੀ ਕਲਾ ਕਿਰਤਾਂ ਵਾਲੇ ਪਰਚੇ 'ਜਾਗੋ' ਨੂੰ ਪ੍ਰਕਾਸ਼ਤ ਕਰਨ 'ਚ ਉਹਨਾਂ ਦਾ ਯੋਗਦਾਨ ਸੀ। ਉਹਨਾਂ ਦੇ ਲਿਖੇ ਗੀਤ ਇਨਕਲਾਬੀ ਸੱਭਿਆਚਾਰਕ ਸਮਾਗਮਾਂ ਦੀਆਂ ਸਟੇਜਾਂ ਤੇ ਗੂੰਜਦੇ ਰਹੇ। ਦੂਜੀ ਬਰਸੀ ਮੌਕੇ ਜਦੋਂ ਤਖ਼ਤੂਪੁਰਾ ਵਿਖੇ ਮਜ਼ਦੂਰਾਂ ਕਿਸਾਨਾਂ ਵੱਲੋਂ ਵਿਸ਼ਾਲ ਇਕੱਤਰਤਾ ਕਰ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾ ਰਹੀ ਹੈ ਤਾਂ ਨੌਜਵਾਨ ਭਾਰਤ ਸਭਾ ਵੀ ਲੋਕਾਂ ਦੇ ਇਸ ਸ਼ਹੀਦ ਨੂੰ ਨਤਮਸਤਕ ਹੈ। ਉਹਨਾਂ ਦੇ ਜੀਵਨ ਤੇ ਸ਼ਹਾਦਤ ਤੋਂ ਪ੍ਰੇਰਣਾ ਲੈ ਕੇ ਇਨਕਲਾਬੀ ਮਾਰਗ 'ਤੇ ਅੱਗੇ ਵਧਣ ਦੇ ਇਰਾਦੇ ਬੁਲੰਦ ਕਰਦੀ ਹੈ।
ਪਹਾੜ ਦੀਏ 'ਵਾਏ
ਵਗ ਨੀ ਪਹਾੜ ਦੀਏ 'ਵਾਏ, 
ਵਗਦੀ ਇਹ ਲੂ ਮਤੇ ਸਾਡੀ ਹਰਿਆਲੀ ਸਾੜ ਜਾਏ।
ਰਾਹਾਂ ਵਿੱਚ ਤੇਰੇ ਭਾਵੇਂ ਖੜ•ਾ ਹੈ ਪਹਾੜ ਨੀ, 
ਡੱਕ ਨਹੀਂ ਸਕਦੀ ਸੁਗੰਧੀਆਂ ਨੂੰ ਵਾੜ ਨੀ, 
ਤੂੰ ਦੱਸ ਭਲਾਂ ਕਿਹੜੀ ਗੱਲੋਂ ਦੀਦੜੇ ਥਕਾਏ,
ਵਗ ਨੀ ਪਹਾੜ ਦੀਏ 'ਵਾਏ।
ਜਿੱਥੇ ਲਿਆ ਸੂਰਜ ਨੂੰ ਘੱਟਿਆਂ ਲੁਕੋ ਨੀ, 
ਸਿਖਰ ਦੁਪਹਿਰੇ ਗਏ ਸ਼ਾਹ ਕਾਲੇ ਹੋ ਨੀ,
ਹਨੇਰੀਆਂ ਦਿਸ਼ਾਵਾਂ ਵਿਚ ਤੂੰ ਹੀ ਸਦਾ ਚਾਨਣ ਪੁਚਾਏ।
ਵਗ ਨੀ ਪਹਾੜ ਦੀਏ 'ਵਾਏ।
ਤੇਰਿਆਂ ਵਰੋਲਿਆਂ 'ਚ ਕੱਖ ਨੱਚ ਪੈਣ ਨੀ, 
ਉੱਠ ਉੱਠ ਢਾਰੇ ਵੀ ਮੁਨਾਰਿਆਂ ਨੂੰ ਕਹਿਣ ਨੀ,
ਸਾਡੇ ਕੋਲੋਂ ਹੋਰ ਹੁਣ ਪੈਰਾਂ ਵਿਚ ਰੁਲਿਆ ਨਾ ਜਾਏ। 
ਵਗ ਨੀ ਪਹਾੜ ਦੀਏ 'ਵਾਏ।
ਦੱਸ ਨੀ ਤੂੰ ਪੀਕਿੰਗ ਹਨੋਈ ਦੀਏ ਲਾਲੀਏ, 
ਕੀਕਣ ਬਨੇਰਿਆਂ 'ਤੇ ਕਿਰਨਾਂ ਉਗਾਲੀਏ, 
ਕਿਵੇਂ ਸਾਡੇ ਮੱਥਿਆਂ 'ਚੋਂ ਸੁੱਤੀ ਕਸਤੂਰੀ ਫੁੱਟ ਆਏ। 
ਵਗ ਨੀ ਪਹਾੜ ਦੀਏ 'ਵਾਏ।
ਬਣ ਜਾ ਤੂੰ ਹਾਲੀਆਂ ਤੇ ਪਾਲੀਆਂ ਦੀ ਹੇਕ ਨੀ, 
ਰਮ ਜਾ ਤੂੰ ਮਿੱਲਾਂ, ਕਾਰਖਾਨਿਆਂ ਦੇ ਸੇਕ ਨੀ,
ਤਲੀਆਂ 'ਤੇ ਸੀਸ ਰੱਖ ਉੱਠ ਪੈਣੇ ਜੁੱਗਾਂ ਤੋਂ ਦਬਾਏ।
ਵਗ ਨੀ ਪਹਾੜ ਦੀਏ 'ਵਾਏ।  
                                                                        ਸਾਧੂ ਸਿੰਘ ਤਖਤੂਪੁਰਾ
ਸ਼ਹਾਦਤ ਨੂੰ ਸਿਜਦਾ 

ਸਾਧੂ ਸਿੰਘ ਤਖ਼ਤੂਪੁਰਾ ਦੀ ਸ਼ਹੀਦੀ 'ਤੇ 

ਸਾਥੀ ਤੇਰੀਆਂ ਪੈੜਾਂ ਚੁੰਮਦੇ, ਆਵਣਗੇ ਕਾਫ਼ਲੇ,
ਤੇਰੇ ਖਿਆਲਾਂ ਦਾ ਗੁਲਸ਼ਨ, ਮਹਿਕਾਵਣਗੇ ਕਾਫ਼ਲੇ।
ਸਾਥੀ ਤੇਰੀਆਂ . . . . .।
ਤੇਰੇ ਬੀਜੇ ਬੀਜ ਪੁੰਗਰ ਕੇ, ਜਿਸ ਦਿਨ ਗੱਭਰੂ ਹੋਵਣਗੇ, 
ਉਸ ਦਿਨ 'ਬਾਬੇ', 'ਵੀਰੇ' ਵਰਗੇ, ਲੱਖਾਂ ਭੱਜ ਖਲੋਵਣਗੇ।
ਤੂੰ ਲਿਖੇ ਜੋ ਗੀਤ ਹਵਾ ਵਿੱਚ, ਗਾਵਣਗੇ ਕਾਫ਼ਲੇ।
ਸਾਥੀ ਤੇਰੀਆਂ . . . . .।
ਜਦ ਤੀਕਰ ਪ੍ਰਬੰਧ ਹੈ ਲੋਟੂ, ਲੋਕ ਘੋਲ ਨਾ ਥੰਮਣਗੇ,
ਵੇਖੀਂ ਚੱਲੀਂ ਸਮੇਂ ਦੀ ਕੁੱਖ 'ਚੋਂ, ਘਰ ਘਰ ਸਾਧੂ ਜੰਮਣਗੇ।
ਹਰ ਦਮ ਤੇਰੀ ਸੋਚ ਦੇ ਸਰ 'ਚੋਂ, ਨਾਵ•ਣਗੇ ਕਾਫ਼ਲੇ।
ਸਾਥੀ ਤੇਰੀਆਂ . . . . .।
ਲਹਿਰ ਉੱਤੇ ਹਮਲੇ ਦਾ ਬਦਲਾ, ਏਦਾਂ ਅਸੀਂ ਚੁਕਾਵਾਂਗੇ,
ਤੇਰੇ ਸੁਪਨਿਆਂ ਵਾਲੀ ਸੁੱਚੀ, ਦੁਨੀਆਂ ਲੈ ਕੇ ਆਵਾਂਗੇ।
ਹਰ ਦਿਨ ਵੇਖੀਂ ਕਿੰਨੀਆਂ ਜ਼ਰਬਾਂ, ਖਾਵਣਗੇ ਕਾਫ਼ਲੇ।
ਸਾਥੀ ਤੇਰੀਆਂ . . . . .।
ਸਾਮਰਾਜ-ਪੂੰਜੀਪਤੀਆਂ ਦਾ ਫ਼ਸਤਾ, ਗਲ਼ 'ਚੋਂ ਵੱਢ ਦੇਣਾ, 
ਇਨਕਲਾਬ ਦਾ ਸੂਹਾ ਝੰਡਾ, ਜ਼ਾਬਰ ਦੀ ਹਿੱਕ 'ਚ ਗੱਡ ਦੇਣਾ।
ਧਰਤੀ ਮਾਂ ਦਾ ਸਿਰ ਤੋਂ ਕਰਜ਼ਾ, ਲਾਹਵਣਗੇ ਕਾਫ਼ਲੇ।
ਸਾਥੀ ਤੇਰੀਆਂ ਪੈੜਾਂ ਚੁੰਮਦੇ, ਆਵਣਗੇ ਕਾਫ਼ਲੇ।


ਅਮਨਦੀਪ ਮਾਛੀਕੇ   
ਨੌਜਵਾਨ ਭਾਰਤ ਸਭਾ ਦੇ ਪੈਂਫਲਿਟ 'ਨੌਜਵਾਨ' 'ਚੋਂ