Showing posts with label occupy protests. Show all posts
Showing posts with label occupy protests. Show all posts

Friday, 18 November 2011

ਅਰੁੰਧਤੀ ਰਾਏ 'ਕਬਜ਼ਾ ਕਰੋ' ਲਹਿਰ ਬਾਰੇ-ਪੀਪਲਜ਼ ਯੂਨੀਵਰਸਿਟੀ ਵਾਸ਼ਿੰਗਟਨ ਸਕੁਏਰ ਭਾਸ਼ਣ


ਆਪਾਂ ਸਾਰੇ ਕਬਜ਼ਾ ਕਰਨ ਵਾਲੇ ਹਾਂ
(16 ਨਵੰਬਰ 2011 ਨੂੰ ਪੀਪਲਜ਼ ਯੂਨੀਵਰਸਿਟੀ ਵਾਸ਼ਿੰਗਟਨ ਸਕੁਏਰ ਵਿਖੇ ਅਰੁੰਧਤੀ ਰਾਏ ਵੱਲੋਂ ਦਿੱਤਾ ਗਿਆ ਭਾਸ਼ਣ) follow at:www.naujwan.blogspot.com
        ਸਾਮਰਾਜ ਦੇ ਗੜ੍ 'ਚ ਅਨਿਆਂ ਵਿਰੁੱਧ ਉੱਠ ਖੜ੍ਹੇ ਹੋਣ ਅਤੇ ਬਰਾਬਰੀ ਲਈ ਲੜਨ ਵਾਲੀ ''ਕਬਜ਼ਾ ਕਰੋ'' ਲਹਿਰ ਨੂੰ ਸੰਸਾਰ ਭਰ ਦੇ ਲੋਕਾਂ ਵੱਲੋਂ ਸਲਾਮ
        ਮੰਗਲਵਾਰ ਸਵੇਰੇ ਪੁਲਸ ਨੇ ਜ਼ੁਕੋਟੀ ਪਾਰਕ ਨੂੰ ਖਾਲੀ ਕਰਵਾ ਲਿਆ ਸੀ, ਪਰ ਅੱਜ ਲੋਕ ਫਿਰ ਵਾਪਸ ਆ ਗਏ ਹਨ। ਪੁਲਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਲੜਾਈ ਕਿਸੇ ਇਲਾਕੇ ਖਾਤਰ ਨਹੀਂ ਲੜੀ ਜਾ ਰਹੀ। ਅਸੀਂ ਇੱਥੇ ਜਾਂ ਉਥੇ ਕਿਸੇ ਪਾਰਕ 'ਤੇ ਕਬਜ਼ਾ ਕਰਨ ਦੇ ਹੱਕ ਖਾਤਰ ਨਹੀਂ ਲੜ ਰਹੇ ਹਾਂ। ਅਸੀਂ ਨਿਆਂ ਲਈ ਲੜ ਰਹੇ ਹਾਂ। ਸਿਰਫ਼ ਅਮਰੀਕਾ ਦੇ ਲੋਕਾਂ ਖਾਤਰ ਨਿਆਂ ਲਈ ਨਹੀਂ, ਸਗੋਂ ਹਰ ਇੱਕ ਖਾਤਰ ਨਿਆਂ ਲਈ।
        ਅਮਰੀਕਾ ਅੰਦਰ 17 ਸਤੰਬਰ ਤੋਂ ਸ਼ੁਰੂ ਹੋਈ 'ਕਬਜ਼ਾ ਕਰੋ' ਦੀ ਲਹਿਰ ਰਾਹੀਂ ਤੁਸੀਂ ਸਾਮਰਾਜ ਦੀ ਐਨ ਹਿੱਕ 'ਚ ਇੱਕ ਨਵੀਂ ਸੋਚ, ਨਵੇਂ ਸਿਆਸੀ ਬੋਲਾਂ ਨੂੰ ਦਾਖਲ ਕਰਨ 'ਚ ਕਾਮਯਾਬ ਹੋਏ ਹੋਂ। ਤੁਸੀਂ ਓਸ ਪ੍ਰਬੰਧ ਅੰਦਰ ਸੁਪਨੇ ਲੈਣ ਦੇ ਹੱਕ ਨੂੰ ਮੁੜ ਦਾਖਲ ਕੀਤਾ ਹੈ ਜੋ ਹਰ ਬੰਦੇ ਨੂੰ ਸੰਮੋਹਿਤ ਕਰਕੇ ਅਜਿਹੀਆਂ ਜਿਉਂਦੀਆਂ ਲੋਥਾਂ 'ਚ ਤਬਦੀਲ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਹੜੀਆਂ ਬੇਥਵ੍ਹੇ  ਉਪਭੋਗਤਾਵਾਦ ਨੂੰ ਹੀ ਖੁਸ਼ਹਾਲੀ ਅਤੇ ਸੰਪੂਰਣਤਾ ਸਮਝਦੀਆਂ ਹਨ।
        ਇੱਕ ਲੇਖਕ ਦੇ ਤੌਰ 'ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਜ਼ਬਰਦਸਤ ਪ੍ਰਾਪਤੀ ਹੈ। ਮੇਰੇ ਕੋਲ ਤੁਹਾਡਾ ਧੰਨਵਾਦ ਕਰਨ ਲਈ ਸ਼ਬਦ ਨਹੀਂ ਹਨ।
        ਅਸੀਂ ਨਿਆਂ ਦੀ ਗੱਲ ਕਰ ਰਹੇ ਸੀ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਅਮਰੀਕਾ ਦੀ ਫੌਜ ਇਰਾਕ ਅਤੇ ਅਫ਼ਗਾਨੀਸਤਾਨ ਅੰਦਰ ਕਬਜ਼ਾ ਕਰਨ ਲਈ ਜੰਗ ਲੜ ਰਹੀ ਹੈ। ਅਮਰੀਕੀ ਡਰੋਨ ਜਹਾਜ਼ ਪਾਕਿਸਤਾਨ ਅਤੇ ਉਸਤੋਂ ਪਰ੍ਹੇ ਆਮ ਸ਼ਹਿਰੀਆਂ ਨੂੰ ਮਾਰ ਰਹੇ ਹਨ। ਦਹਿ ਹਜ਼ਾਰਾਂ ਦੀ ਗਿਣਤੀ 'ਚ ਅਮਰੀਕੀ ਪਲਟਨਾਂ ਅਤੇ ਮੌਤ ਵੰਡਦੇ ਜੱਥੇ ਅਫਰੀਕਾ 'ਚ ਦਾਖਲ ਹੋ ਰਹੇ ਹਨ। ਤੇ ਹੁਣ ਇਰਾਨ ਖਿਲਾਫ਼ ਜੰਗ ਲਈ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ, ਜਿਵੇਂ ਕਿਤੇ ਹਾਲੇ ਇਰਾਕ ਅਤੇ ਅਫਗਾਨੀਸਤਾਨ 'ਤੇ ਕਬਜ਼ਾ ਕਰਨ ਲਈ ਵਹਾਏ ਜਾ ਰਹੇ ਤੁਹਾਡੇ ਕਰੋੜਾਂ ਡਾਲਰ ਕਾਫ਼ੀ ਨਾ ਹੋਣ।
ਵੱਡੇ ਆਰਥਿਕ ਮੰਦਵਾੜੇ ਦੇ ਵੇਲੇ ਤੋਂ ਲੈ ਕੇ, ਹਥਿਆਰ ਬਣਾਉਣਾ ਅਤੇ ਜੰਗ ਲਾਉਣਾ ਦੋ ਅਜਿਹੀਆਂ ਮੁੱਖ ਜੁਗਤਾਂ ਹਨ ਜਿਹਨਾਂ ਰਾਹੀਂ ਅਮਰੀਕਾ ਆਪਣੇ ਅਰਥਚਾਰੇ ਨੂੰ ਬਲ ਬਖਸ਼ਦਾ ਰਿਹਾ ਹੈ। ਹੁਣੇ ਹੁਣੇ ਹੀ, ਰਾਸ਼ਟਰਪਤੀ ਉਬਾਮਾ ਦੇ ਸਮੇਂ 'ਚ ਹੀ ਅਮਰੀਕਾ ਨੇ ਸਾਊਦੀ 
ਰਬ ਨਾਲ 60 ਬਿਲੀਅਨ ਡਾਲਰ ਦੇ ਹਥਿਆਰਾਂ ਦਾ ਸੌਦਾ ਕੀਤਾ ਹੈ। ਇਹ ਸਯੁੰਕਤ ਅਰਬ ਅਮੀਰਾਤ ਨੂੰ ਹਜ਼ਾਰਾਂ ਦੀ ਗਿਣਤੀ 'ਚ ਬੰਕਰ-ਭੰਨ ਬੰਬ ਵੇਚਣ ਦੀ ਤਿਆਰੀ 'ਚ ਬੈਠਾ ਹੈ। ਇਹਨੇ ਮੇਰੇ ਮੁਲਕ ਭਾਰਤ ਨੂੰ 5 ਬਿਲੀਅਨ ਡਾਲਰ ਦੇ ਫੌਜੀ ਜਹਾਜ਼ ਵੇਚੇ ਹਨ ਜਿੱਥੇ ਅਫ਼ਰੀਕਾ ਦੇ ਸਾਰੇ ਗਰੀਬ ਮੁਲਕਾਂ ਦੇ ਕੁੱਲ ਜੋੜ ਨਾਲੋਂ ਵੀ ਜਿਆਦਾ ਗ਼ਰੀਬ ਲੋਕ ਵਸਦੇ ਹਨ। ਹੀਰੋਸ਼ੀਮਾਂ ਅਤੇ ਨਾਗਾਸਾਕੀ 'ਤੇ ਸੁੱਟੇ ਬੰਬਾਂ ਤੋਂ ਲੈ ਕੇ ਵਿਅਤਨਾਮ, ਕੋਰੀਆ, ਲਾਤੀਨੀ ਅਮਰੀਕਾ ਤੱਕ ਦੇ ਸਾਰੇ ਯੁੱਧਾਂ ਦੌਰਾਨ ਲੱਖਾਂ ਹੀ ਜਾਨਾਂ ਗਈਆਂ ਹਨ-ਤੇ ਇਹ ਸਾਰੇ ਯੁੱਧ ''ਅਮਰੀਕੀ ਜੀਵਨ ਜਾਚ'' ਦੀ ਚੜ੍ਹਾਈ ਯਕੀਨੀ ਕਰਨ ਲਈ ਲੜੇ ਗਏ। ਅੱਜ ਅਸੀਂ ਜਾਣਦੇ ਹਾਂ ਕਿ ''ਅਮਰੀਕੀ ਜੀਵਨ ਜਾਚ''-ਜਿਹੋ ਜਿਹਾ ਬਣਨ ਦੀ ਇੱਛਾ ਕਰਨ ਦੀ ਬਾਕੀ ਸਾਰੇ ਮੁਲਕਾਂ ਤੋਂ ਆਸ ਕੀਤੀ ਜਾਂਦੀ ਹੈ- ਦਾ ਸਿੱਟਾ ਇਹ ਨਿਕਲਿਆ ਹੈ ਕਿ ਅਮਰੀਕਾ ਦੀ ਅੱਧੀ ਵਸੋਂ ਦੀ ਦੌਲਤ 'ਤੇ 4 ਸੌ ਲੋਕਾਂ ਦੀ ਮਾਲਕੀ ਹੈ। ਇਸਦਾ ਮਤਲਬ ਹੈ ਕਿ ਹਜ਼ਾਰਾਂ ਲੋਕਾਂ ਨੂੰ ਘਰਾਂ ਅਤੇ ਨੌਕਰੀਆਂ ਤੋਂ ਕੱਢਿਆ ਗਿਆ ਹੈ ਜਦੋਂ ਕਿ ਅਮਰੀਕੀ ਸਰਕਾਰ ਨੇ ਬੈਂਕਾਂ ਅਤੇ ਕਾਰਪੋਰੇਸ਼ਨਾਂ ਨੂੰ ਰਾਹਤ ਪੈਕੇਜ ਵੰਡੇ ਹਨ — ਇਕੱਲੇ ਅਮਰੀਕੀ ਕੌਮਾਂਤਰੀ ਗਰੁੱਪ ਨੂੰ ਹੀ 182 ਬਿਲੀਅਨ ਡਾਲਰ ਦਿੱਤੇ ਗਏ ਹਨ।
        ਭਾਰਤੀ ਸਰਕਾਰ ਅਮਰੀਕੀ ਆਰਥਿਕ ਨੀਤੀ ਦੀ ਸ਼ਰਧਾਵਾਨ ਭਗਤ ਹੈ। ਖੁੱਲੀ ਮੰਡੀ ਦੀ ਆਰਥਿਕਤਾ ਦੇ 20 ਸਾਲਾਂ ਦੇ ਸਿੱਟੇ ਵਜੋਂ ਭਾਰਤ ਦੇ ਸਿਖਰਲੇ 100 ਧਨਾਢਾਂ ਕੋਲ ਮੁਲਕ ਦੀ ਕੁੱਲ ਪੈਦਾਵਾਰ ਦੇ ਇੱਕ ਚੌਥਾਈ ਦੇ ਬਰਾਬਰ ਧਨ-ਦੌਲਤ ਹੈ, ਜਦੋਂ ਕਿ 80 ਫੀਸਦੀ ਤੋਂ ਵੀ ਜਿਆਦਾ ਲੋਕ 50 ਸੈਂਟ (23-24 ਰੁ.) ਦਿਹਾੜੀ ਨਾਲੋਂ ਵੀ ਘੱਟ 'ਤੇ ਗੁਜ਼ਾਰਾ ਕਰਦੇ ਹਨ; 2 ਲੱਖ 50 ਹਜ਼ਾਰ ਕਿਸਾਨ ਮੌਤ ਦੇ ਮੂੰਹ 'ਚ ਧੱਕੇ ਜਾ ਚੁੱਕੇ ਹਨ, ਉਹਨਾਂ ਨੇ ਖੁਦਕੁਸ਼ੀ ਕਰ ਲਈ ਹੈ। ਸਾਡੇ ਲਈ ਇਹ ਵਿਕਾਸ ਹੈ, ਅਤੇ ਹੁਣ ਅਸੀਂ ਆਵਦੇ ਆਪ ਨੂੰ ਸੁਪਰ-ਪਾਵਰ (ਮਹਾਂ-ਸ਼ਕਤੀ) ਸਮਝਦੇ ਹਾਂ। ਤੁਹਾਡੀ ਤਰ੍ਹਾਂ ਅਸੀਂ ਵੀ ਯੋਗਤਾ ਸ਼ਰਤਾਂ ਪੂਰੀਆਂ ਕਰ ਲਈਆਂ ਹਨ : ਸਾਡੇ ਕੋਲ ਪ੍ਰਮਾਣੂ ਬੰਬ ਹਨ ਅਤੇ ਘਿਣਾਉਣੀ ਨਾ-ਬਰਾਬਰੀ ਹੈ।
        ਚੰਗੀ ਖ਼ਬਰ ਇਹ ਹੈ ਕਿ ਲੋਕ ਅੱਕ ਚੁੱਕੇ ਹਨ ਅਤੇ ਉਹ ਹੋਰ ਬਰਦਾਸ਼ਤ ਨਹੀਂ ਕਰਨ ਲੱਗੇ। 'ਕਬਜ਼ਾ ਕਰੋ' ਲਹਿਰ ਵੀ ਸੰਸਾਰ ਭਰ 'ਚ ਚੱਲ ਰਹੀਆਂ ਉਹਨਾਂ ਹਜ਼ਾਰਾਂ ਵਿਰੋਧ ਲਹਿਰਾਂ 'ਚ ਸ਼ਾਮਲ ਹੋ ਗਈ ਹੈ ਜਿਹਨਾਂ ਰਾਹੀਂ ਗਰੀਬੀ ਮਾਰੇ ਲੋਕ ਉੱਠ ਖੜ੍ਹੇ ਹੋਏ ਹਨ ਅਤੇ ਧਨਾਢ ਕਾਰਪੋਰੇਸ਼ਨਾਂ ਦਾ ਰਾਹ ਰੋਕ ਰਹੇ ਹਨ। ਸਾਡੇ 'ਚੋਂ ਥੋੜਿਆਂ ਨੇ ਹੀ ਸੋਚਿਆ ਸੀ ਕਿ ਅਸੀਂ ਤੁਹਾਨੂੰ, ਯਾਨੀ ਕਿ ਅਮਰੀਕਾ ਦੇ ਲੋਕਾਂ ਨੂੰ ਆਵਦੇ ਨਾਲ ਖੜ੍ਹੇ ਅਤੇ ਸਾਮਰਾਜ ਦੇ ਗੜ੍ 'ਚ ਅਜਿਹਾ ਕਰਦੇ ਹੋਏ ਤੱਕਾਂਗੇ। ਮੈਨੂੰ ਨਹੀਂ ਪਤਾ ਵੀ ਮੈਂ ਕਿਵੇਂ ਦੱਸਾਂ ਕਿ ਇਹ ਕਿੱਡੀ ਵੱਡੀ ਗੱਲ ਹੈ।
        ਉਹ (1% ਧਨਾਢ) ਕਹਿੰਦੇ ਹਨ ਕਿ ਸਾਡੇ ਕੋਲ ਮੰਗਾਂ ਨਹੀਂ ਹਨ . . . ਸ਼ਾਇਦ ਉਹ ਨਹੀਂ ਜਾਣਦੇ ਕਿ ਉਹਨਾਂ ਨੂੰ ਤਬਾਹ ਕਰਨ ਲਈ ਸਿਰਫ਼ ਸਾਡਾ ਰੋਹ ਹੀ ਕਾਫ਼ੀ ਹੈ। ਪਰ ਮੈਂ ਸਾਡੇ ਸਾਰਿਆਂ ਦੇ ਇਕੱਠਿਆਂ ਸੋਚਣ ਲਈ ਕੁੱਝ ਗੱਲਾਂ ਕਹਿਣਾ ਚਾਹਾਂਗੀ-ਕੁਝ ''ਪੂਰਵ-ਇਨਕਲਾਬੀ'' ਵਿਚਾਰ ਜੋ ਮੈਂ ਸੋਚੇ ਸਨ : 
        ਅਸੀਂ ਏਸ ਪ੍ਰਬੰਧ ਨੂੰ ਥੰਮ੍ਹਣਾ ਚਾਹੁੰਦੇ ਹਾਂ ਜੋ ਨਾ-ਬਰਾਬਰੀ ਪੈਦਾ ਕਰਦਾ ਹੈ। ਅਸੀਂ ਇਕੱਲੇ-'ਕਹਿਰੇ ਬੰਦਿਆਂ ਅਤੇ ਕਾਰਪੋਰੇਸ਼ਨਾਂ ਵੱਲੋਂ ਧਨ ਅਤੇ ਦੌਲਤ ਦੀ ਬੇਮੁਹਾਰ ਇਕੱਤਰਤਾ ਨੂੰ ਨੂੜ ਲੈਣਾ ਚਾਹੁੰਦੇ ਹਾਂ। ''ਨੂੜਨ'' ਵਾਲਿਆਂ ਅਤੇ ''ਥੰਮ੍ਹਣ'' ਵਾਲਿਆਂ ਵਜੋਂ ਅਸੀਂ ਮੰਗ ਕਰਦੇ ਹਾਂ-
ਕਾਰੋਬਾਰਾਂ 'ਚ ਦੁਪਾਸੜ ਮਾਲਕੀ ਬੰਦ ਹੋਵੇ। ਉਦਾਹਰਣ ਲਈ ਹਥਿਆਰ ਬਣਾਉਣ ਵਾਲੇ     
  ਟੀ.ਵੀ. ਸਟੇਸ਼ਨਾਂ ਦੇ ਮਾਲਕ ਨਹੀਂ ਬਣ ਸਕਦੇ; ਖਾਣਾਂ ਪੁੱਟਣ ਵਾਲੀਆਂ ਕਰਪੋਰੇਸ਼ਨਾਂ ਅਖ਼ਬਾਰ ਨਹੀਂ
  ਚਲਾ ਸਕਦੀਆਂ; ਵਪਾਰਕ ਘਰਾਣੇ ਯੂਨੀਵਰਸਿਟੀਆਂ ਨੂੰ ਫੰਡ ਨਹੀਂ ਦੇ ਸਕਦੇ; ਦਵਾਈਆਂ ਬਣਾਉਣ
  ਵਾਲੀਆਂ ਕੰਪਨੀਆਂ ਜਨਤਕ ਸਿਹਤ ਨਾਲ ਸੰਬੰਧਿਤ ਫੰਡਾਂ ਨੂੰ ਕੰਟਰੋਲ ਨਹੀਂ ਕਰ ਸਕਦੀਆਂ।
• ਕੁਦਰਤੀ ਸੋਮਿਆਂ ਅਤੇ ਪਾਣੀ ਦੀ ਸਪਲਾਈ, ਬਿਜਲੀ, ਸਿਹਤ ਅਤੇ ਸਿੱਖਿਆ ਜਿਹੇ ਜ਼ਰੂਰੀ
  ਢਾਂਚਿਆਂ ਦਾ ਨਿੱਜੀਕਰਨ ਨਹੀਂ ਕੀਤਾ ਜਾ ਸਕਦਾ। 
• ਰਿਹਾਇਸ਼, ਸਿੱਖਿਆ ਅਤੇ ਸਿਹਤ ਸੰਭਾਲ ਹਰ ਇੱਕ ਦਾ ਹੱਕ ਹੋਵੇ।
• ਧਨਾਢਾਂ ਦੇ ਬੱਚਿਆਂ ਨੂੰ ਆਪਣੇ ਮਾਪਿਆਂ ਦੀ ਦੌਲਤ ਵਿਰਾਸਤ 'ਚ ਨਹੀਂ ਮਿਲ ਸਕਦੀ।
        ਮੌਜੂਦਾ ਸੰਘਰਸ਼ ਨੇ ਸਾਡੀ ਸੋਚ ਨੂੰ ਮੁੜ-ਸੁਰਜੀਤ ਕਰ ਦਿੱਤਾ ਹੈ। ਪਤਾ ਨਹੀਂ ਕਿਹੜੇ ਵੇਲੇ ਪੂੰਜੀਵਾਦ ਨੇ ਨਿਆਂ ਦਾ ਮਤਲਬ ਸਿਰਫ਼ ''ਮਨੁੱਖੀ ਅਧਿਕਾਰਾਂ'' ਤੱਕ ਹੀ ਸੁੰਗੇੜ ਦਿੱਤਾ ਸੀ ਅਤੇ ਬਰਾਬਰੀ ਦਾ ਸੁਪਨਾ ਲੈਣ ਦਾ ਵਿਚਾਰ ਵੀ ਕਾਫ਼ਰਾਨਾ ਹੋ ਗਿਆ ਸੀ। ਅਸੀਂ ਏਸ ਪ੍ਰਬੰਧ ਨੂੰ ਸੋਧਣ ਜਾਂ ਇਹਦੀ ਗੰਢ-ਤੁੱਪ ਕਰਨ ਲਈ ਨਹੀਂ ਲੜ ਰਹੇ, ਇਹਨੂੰ ਬਦਲਣ ਦੀ ਜ਼ਰੂਰਤ ਹੈ।
        ''ਨੂੜਨ'' ਵਾਲੀ ਅਤੇ ''ਥੰਮ੍ਹਣ'' ਵਾਲੀ ਵਜੋਂ ਮੈਂ ਤੁਹਡੇ ਸੰਘਰਸ਼ ਨੂੰ ਸਲਾਮ ਕਰਦੀ ਹਾਂ।
        ਸਲਾਮ ਅਤੇ ਜ਼ਿੰਦਾਬਾਦ।

Saturday, 29 October 2011

Protest Waves across the world against Neo-Liberal Policies

ਨਵ-ਉਦਾਰਵਾਦੀ ਨੀਤੀਆਂ ਖਿਲਾਫ਼

ਸੰਸਾਰ ਭਰ 'ਚ ਲੋਕ-ਰੋਹ ਦੀਆਂ ਤਰੰਗਾਂ


ਲੰਘੇ 15 ਅਕਤੂਬਰ ਨੂੰ ਦੁਨੀਆਂ ਭਰ ਦੇ 82 ਮੁਲਕਾਂ ਦੇ 952 ਸ਼ਹਿਰਾਂ 'ਚ ਲੱਖਾਂ ਲੋਕ ਸੜਕਾਂ ਤੇ ਨਿਕਲੇ। 'ਕਬਜ਼ੇ ਹੇਠ ਲਉ' ਨਾਂ ਦੇ ਨਾਅਰੇ ਹੇਠ ਰੋਸ ਪ੍ਰਦਰਸ਼ਨ ਕਰਨ ਲਈ ਨਿੱਤਰੇ ਇਹ ਲੋਕ ਕਾਰਪੋਰੇਟ ਘਰਾਣਿਆਂ ਤੇ ਕੰਪਨੀਆਂ ਦੇ ਮੁਨਾਫਿਆਂ ਦੀ ਅੰਨੀ ਹਵਸ, ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਛੰਗਾਈਂ ਤੇ ਇਹਦੇ ਸਿੱਟੇ ਵਜੋਂ ਅਮੀਰ ਗਰੀਬ ਦੇ ਵਧ ਰਹੇ ਪਾੜੇ ਖਿਲਾਫ਼ ਆਵਾਜ਼ ਬੁਲੰਦ ਕਰ ਰਹੇ ਸਨ। ਏਦੂੰ ਪਹਿਲਾਂ ਪਿਛਲੇ ਕਈ ਮਹੀਨਿਆਂ ਤੋਂ ਵਿਕਸਿਤ ਦੁਨੀਆਂ ਵਜੋਂ ਜਾਣੇ ਜਾਂਦੇ ਫਰਾਂਸ, ਸਪੇਨ, ਇਟਲੀ, ਗਰੀਸ ਤੇ ਦੂਸਰੇ ਯੂਰਪੀ ਮੁਲਕ ਗਹਿਰੇ ਆਰਥਿਕ ਸੰਕਟ 'ਚ ਘਿਰੇ ਹੋਣ ਕਰਕੇ ਲੋਕਾਂ ਦੇ ਵੱਡੇ ਰੋਸ ਪ੍ਰਦਰਸ਼ਨਾਂ ਦਾ ਸੇਕ ਝੱਲ ਰਹੇ ਹਨ। ਸਾਮਰਾਜੀ ਸਲਤਨਤ ਦੇ ਕੇਂਦਰ ਅਮਰੀਕਾ ਅੰਦਰ ਵੀ ਵੱਡੀ ਗਿਣਤੀ 'ਚ ਲੋਕ 17 ਸਤੰਬਰ ਤੋਂ ਨਿਊਯਾਰਕ ਸ਼ਹਿਰ ਵਿਚਲੇ 'ਵਾਲ ਸਟਰੀਟ' ਇਲਾਕੇ 'ਚ ਧਰਨਾ ਲਾ ਕੇ ਬੈਠੇ ਹਨ। ਵਾਲ ਸਟਰੀਟ ਉਹ ਇਲਾਕਾ ਹੈ ਜਿੱਥੇ ਵੱਡੇ ਪੂੰਜੀਪਤੀਆਂ, ਕਾਰਪੋਰੇਟਾਂ ਤੇ ਬੈਂਕਾਂ ਦੇ ਕਈ ਦਫ਼ਤਰ ਹਨ। ਇੱਥੋਂ ਅਮਰੀਕਾ ਦੇ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਲੋਕਾਂ ਦੀਆਂ ਜੇਬਾਂ ਕੱਟਣ ਦੀਆਂ ਵਿਉਤਾਂ ਘੜੀਆਂ ਜਾਂਦੀਆਂ ਹਨ, ਫੁਰਮਾਨ ਸੁਣਾਏ ਜਾਂਦੇ ਹਨ। 'ਵਾਲ ਸਟਰੀਟ 'ਤੇ ਕਬਜ਼ਾ 'ਚ ਕਰੋ' ਮੁਹਿੰਮ ਰਾਹੀਂ ਅਮਰੀਕੀ ਪੂੰਜੀਵਾਦੀ ਤਾਕਤਾਂ ਦੀ ਚੌਧਰ ਦਾ ਇਹ ਚਿੰਨ ਨਪੀੜੇ ਜਾ ਰਹੇ ਲੋਕਾਂ ਦੇ ਗੁੱਸੇ ਦੀ ਮਾਰ ਹੇਠ ਆਇਆ ਹੋਇਆ ਹੈ। ਇਸ ਧਰਨੇ 'ਚ ਸ਼ਾਮਿਲ ਹੋਏ ਲੋਕਾਂ ਦੀ ਗਿਣਤੀ ਪਹਿਲਾਂ ਸੈਂਕੜਿਆਂ 'ਚ ਸੀ, ਪਰ ਫਿਰ ਗਿਣਤੀ ਵਧਦੀ ਗਈ। ਲੋਕ ਟੈਂਟ ਤੇ ਬਿਸਤਰੇ ਚੁੱਕ ਕੇ ਧਰਨੇ 'ਚ ਸ਼ਾਮਲ ਹੋਣ ਲਈ ਆਉਂਦੇ ਰਹੇ, ਇਹ ਗਿਣਤੀ ਹਜ਼ਾਰਾਂ ਤੋਂ ਟੱਪ ਗਈ। ਕੋਈ ਇੱਕ, ਕੋਈ ਦੋ ਤੇ ਕਈ ਹਫਤਿਆਂ ਬੱਧੀ ਧਰਨੇ 'ਚ ਬੈਠੇ ਹਨ। 


ਇਸਤੋਂ ਪਹਿਲਾਂ ਮਈ ਜੂਨ ਦੇ ਮਹੀਨਿਆਂ ਦੌਰਾਨ ਸਪੇਨ ਦੀ ਰਾਜਧਾਨੀ ਮੈਡਰਿਡ ਵੀ ਨੌਜਵਾਨਾਂ ਤੇ ਲੋਕਾਂ ਦੇ ਅਜਿਹੇ ਪ੍ਰਦਰਸ਼ਨ ਵੇਖ ਚੁੱਕੀ ਹੈ। ਆਰਥਿਕ ਸੰਕਟ ਕਾਰਨ ਵੱਡੇ ਪੱਧਰ ਤੇ ਬੇ-ਰੁਜ਼ਗਾਰੀ ਫੈਲੀ ਹੈ। ਖਾਸ ਕਰਕੇ 25 ਸਾਲ ਤੱਕ ਦੇ ਨੌਜਵਾਨਾਂ 'ਚ ਤਾਂ ਬੇਰੁਜ਼ਗਾਰੀ ਦੀ ਦਰ 46.17% ਤੱਕ ਜਾ ਪਹੁੰਚੀ ਹੈ। ਅਜਿਹੀ ਹਾਲਤ ਖਿਲਾਫ਼ ਰਾਜਧਾਨੀ ਵਿਚਲੇ ਪਿਉਰਟੋ ਡੈਲ ਸੋਲ ਚੌਂਕ 'ਚ ਨੌਜਵਾਨਾਂ ਤੇ ਲੋਕਾਂ ਵੱਲੋਂ ਧਰਨਾ ਲਾਇਆ ਗਿਆ। ਕਈ ਵਾਰ ਪੁਲਸ ਨਾਲ ਝੜਪਾਂ ਹੋਈਆਂ ਪਰ ਧਰਨਾ ਮਹੀਨਾ ਭਰ ਜਾਰੀ ਰਿਹਾ। ਪਿਛਲੇ ਸਾਲ ਨਵੰਬਰ-ਦਸੰਬਰ ਦੇ ਮਹੀਨਿਆਂ 'ਚ ਉੱਚ ਸਿੱਖਿਆ ਬੱਜਟਾਂ 'ਚ ਕੀਤੀਆਂ ਜਾ ਰਹੀਆਂ ਕਟੌਤੀਆਂ ਤੇ ਵਧਾਈਆਂ ਜਾ ਰਹੀਆਂ ਫੀਸਾਂ ਦੇ ਖਿਲਾਫ਼ ਇੰਗਲੈਂਡ ਦੇ ਵਿਦਿਆਰਥੀਆਂ ਦੇ ਰੋਹ ਭਰਪੂਰ ਪ੍ਰਦਰਸ਼ਨ ਹੋਏ ਸਨ। ਇਸ ਸਾਲ ਅਗਸਤ 'ਚ ਦੁਬਾਰਾ ਫੇਰ ਇੱਥੋਂ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਗੁੱਸੇ ਦੇ ਭਾਂਬੜ ਦੁਨੀਆਂ ਸਾਹਮਣੇ ਆਏ ਹਨ। ਮਈ ਤੋਂ ਜੁਲਾਈ ਦੇ ਮਹੀਨਿਆਂ ਦੌਰਾਨ ਯੂਰਪੀ ਮੁਲਕ ਗਰੀਸ ਦੇ ਲੋਕਾਂ ਵੱਲੋਂ ਪੈਨਸ਼ਨਾਂ ਖੋਹਣ, ਨੌਕਰੀਆਂ ਛਾਂਗਣ ਤੇ ਟੈਕਸ ਵਾਧਿਆਂ ਖਿਲਾਫ਼ ਲਗਾਤਾਰ ਹੜਤਾਲਾਂ ਅਤੇ ਪ੍ਰਦਰਸ਼ਨ ਕੀਤੇ ਗਏ ਹਨ। 25 ਮਈ ਤੋਂ ਸ਼ੁਰੂ ਹੋਏ ਇਹਨਾਂ ਪ੍ਰਦਰਸ਼ਨਾਂ ਦਾ ਸਿਖਰ 5 ਜੂਨ ਨੂੰ ਸੀ ਜਦੋਂ 3 ਲੱਖ ਲੋਕਾਂ ਨੇ ਮੁਲਕ ਦੀ ਪਾਰਲੀਮੈਂਟ ਅੱਗੇ ਜਾ ਕੇ ਧਰਨਾ ਮਾਰਿਆ। ਸਤੰਬਰ ਦੇ ਮਹੀਨੇ ਦੌਰਾਨ ਇਟਲੀ ਦੇ ਲੋਕ ਵੀ ਹਾਕਮਾਂ ਵੱਲੋਂ ਕੀਤੀਆਂ ਜਾ ਰਹੀਆਂ ਬੱਜਟ ਕਟੌਤੀਆਂ ਖਿਲਾਫ਼ ਸੜਕਾਂ 'ਤੇ ਨਿੱਤਰੇ ਹਨ। 15 ਸਤੰਬਰ ਨੂੰ ਵੱਡੀ ਹੜਤਾਲ ਕੀਤੀ ਗਈ ਹੈ ਤੇ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਤੇ ਹੁਣ ਪਿਛਲੇ ਕਈ ਦਿਨਾਂ ਤੋਂ ਅਮਰੀਕਾ ਦੇ ਨਿਊਯਾਰਕ ਅਤੇ ਵਾਸ਼ਿੰਗਟਨ ਵਰਗੇ ਸ਼ਹਿਰਾਂ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕ ''ਕਬਜ਼ਾ ਕਰੀ'' ਬੈਠੇ ਹਨ। 

ਦੁਨੀਆਂ ਭਰ 'ਚ ਫੈਲ ਰਹੇ ਇਹ ਪ੍ਰਦਰਸ਼ਨ ਯੂਰਪ ਤੇ ਅਮਰੀਕਾ ਦੇ ਲੋਕਾਂ 'ਚ ਹੋ ਰਹੀ ਓਸ ਉਥਲ ਪੁਥਲ ਦੀ ਲਗਾਤਾਰਤਾ ਹਨ ਜੋ ਪਿਛਲੇ ਸਾਲਾਂ ਤੋਂ ਜਾਰੀ ਹੈ। ਵਿਕਸਿਤ ਸਾਮਰਾਜੀ ਮੁਲਕਾਂ ਨੇ ਆਰਥਿਕ ਮੰਦਵਾੜੇ ਦਾ ਭਾਰ ਤੀਜੀ ਦੁਨੀਆਂ ਦੇ ਪਛੜੇ ਮੁਲਕਾਂ 'ਤੇ ਸੁੱਟਿਆ ਪਰ ਮੰਦਵਾੜਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹੁਣ ਇਹਦੇ ਭਾਰ ਹੇਠ ਇਹਨਾਂ ਮੁਲਕਾਂ ਦੀ ਆਮ ਜਨਤਾ ਆ ਰਹੀ ਹੈ। ਸੰਕਟਾਂ ਦੌਰਾਨ ਵੱਡੀਆਂ ਬੈਂਕਾਂ ਤੇ ਵਿੱਤੀ ਸੰਸਥਾਵਾਂ ਨੂੰ ਅਰਬਾਂ ਦੇ ਰਾਹਤ ਪੈਕੇਜ ਦਿੱਤੇ ਗਏ। ਸਰਕਾਰ ਨੇ ਆਪਣੇ ਬੱਜਟ ਬੈਂਕਾਂ ਤੇ ਕੰਪਨੀਆਂ ਨੂੰ ਬਚਾਉਣ ਦੇ ਨਾਂ ਹੇਠ ਵਹਾ ਦਿੱਤੇ। ਹੁਣ ਬੱਜਟਾਂ ਦੇ ਘਾਟੇ ਦੀ ਕੀਮਤ ਆਮ ਲੋਕਾਂ ਨੂੰ ਤਾਰਨੀ ਪੈ ਰਹੀ ਹੈ। ਤਨਖਾਹਾਂ, ਪੈਨਸ਼ਨਾਂ 'ਚ ਭਾਰੀ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ, ਹੋਰਨਾਂ ਸਹੂਲਤਾਂ 'ਤੇ ਕੱਟ ਲਗ ਰਹੇ ਹਨ, ਵਿਦਿਆਰਥੀਆਂ ਦੀਆਂ ਫੀਸਾਂ ਵਧਾਈਆਂ ਜਾ ਰਹੀਆਂ ਹਨ। ਇਹਨਾਂ ਮੁਲਕਾਂ 'ਚ ਵੀ ਲਾਗੂ ਹੋ ਰਹੀਆਂ ਨਿੱਜੀਕਰਨ ਦੀਆਂ ਨੀਤੀਆਂ ਨੇ ਮੱਧ ਵਰਗੀ ਹਿੱਸਿਆਂ ਤੱਕ ਦਾ ਕਚੂੰਮਰ ਕੱਢ ਦਿੱਤਾ ਹੈ। ਬੇਰੁਜ਼ਗਾਰੀ 'ਚ ਭਾਰੀ ਵਾਧਾ ਹੋਇਆ ਹੈ। ਇਸ ਹਾਲਤ ਨੇ ਲੋਕਾਂ ਅੰਦਰ ਭਾਰੀ ਰੋਸ ਤੇ ਬੇਚੈਨੀ ਨੂੰ ਜਨਮ ਦਿੱਤਾ ਹੈ। ਇਹਨਾਂ ਮੁਲਕਾਂ ਦੀਆਂ ਹਕੂਮਤਾਂ ਤੇ ਵੱਡੇ ਪੂੰਜੀਪਤੀ ਲੋਕ ਰੋਹ ਦਾ ਨਿਸ਼ਾਨਾ ਬਣ ਰਹੇ ਹਨ।


 15 ਅਕਤੂਬਰ ਨੂੰ ''ਕਬਜ਼ਾ ਕਰੋ'' ਦੇ ਨਾਅਰੇ ਹੇਠ ਦੁਨੀਆਂ ਭਰ 'ਚ ਪ੍ਰਦਰਸ਼ਨ ਹੋਏ ਹਨ। ਅਮਰੀਕਾ ਦੇ ਨਿਊਯਾਰਕ ਤੇ ਵਸ਼ਿੰਗਟਨ 'ਚ ਹਜ਼ਾਰਾਂ ਦੀ ਗਿਣਤੀ 'ਚ ਪ੍ਰਦਰਸ਼ਨ ਹੋਏ ਹਨ। ਇਟਲੀ 'ਚ ਇੱਕ ਲੱਖ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ। ਬੁਰੀ ਤਰਾਂ ਕਰਜ਼ੇ ਹੇਠ ਆਏ ਗ੍ਰੀਸ, ਆਇਰਲੈਂਡ ਤੇ ਪੁਰਤਗਾਲ ਵਰਗੇ ਮੁਲਕਾਂ 'ਚ ਵੱਡੇ ਇਕੱਠ ਹੋਏ ਹਨ। ਇਕੱਲੇ ਪੁਰਤਗਾਲ 'ਚ ਹੀ 50 ਹਜ਼ਾਰ ਲੋਕਾਂ  ਤੇ ਕੈਨੇਡਾ 'ਚ 10 ਹਜ਼ਾਰ ਦਾ ਮੁਜ਼ਾਹਰਾ ਹੋਇਆ ਹੈ। ਇਹ ਲੜੀ ਅਮਰੀਕਾ ਤੋਂ ਲੈ ਕੇ ਇੰਗਲੈਂਡ ਦੇ ਸ਼ਹਿਰਾਂ ਲੰਡਨ, ਸਟਾਕਹੋਮ, ਆਸਟਰੇਲੀਆ ਦੇ ਸਿਡਨੀ, ਜਾਪਾਨ ਦੇ ਟੋਕੀਓ, ਫਿਲਪੀਨ ਦੇ ਮਨੀਲਾ ਤੇ ਹਾਂਗਕਾਂਗ ਤੱਕ ਫੈਲੀ ਹੋਈ ਹੈ।


ਇਹਨਾਂ ਰੋਸ ਮੁਜ਼ਾਹਰਿਆਂ 'ਚ ਸ਼ਾਮਲ ਹੋ ਰਹੇ ਲੋਕਾਂ ਨੇ ਆਪਣੇ ਆਪ ਨੂੰ 99 ਫੀਸਦੀ ਤੇ ਵੱਡੇ ਪੂੰਜੀਪਤੀਆਂ ਤੇ ਵਪਾਰਕ ਅਦਾਰਿਆਂ ਨੂੰ 1 ਫੀਸਦੀ ਕਿਹਾ ਹੈ। 1 ਫੀਸਦੀ, 99 ਫੀਸਦੀ ਨੂੰ ਲੁੱਟ ਚੂੰਡ ਕੇ ਦਿਨੋਂ-ਦਿਨ ਅਮੀਰ ਹੋ ਰਹੇ ਹਨ ਤੇ ਵਧ ਰਿਹਾ ਆਰਥਿਕ ਪਾੜਾ ਲੋਕਾਂ ਦੇ ਭਾਰੀ ਰੋਸ ਦੀ ਵਜਾ ਦੱਸਿਆ ਜਾ ਰਿਹਾ ਹੈ। ਇਹਨਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅਖਤਿਆਰ ਕੀਤੀਆਂ ਨਵ-ਉਦਾਰਵਾਦੀ ਨੀਤੀਆਂ ਲੋਕਾਂ ਦੀ ਤਿੱਖੀ ਆਲੋਚਨਾ ਦਾ ਨਿਸ਼ਾਨਾ ਹਨ ਕਿਉਂਕਿ ਇਹਨਾਂ ਨੀਤੀਆਂ ਦੇ ਸਿੱਟੇ ਵਜੋਂ ਲੋਕਾਂ ਦੀ ਜ਼ਿੰਦਗੀ ਦਿਨੋਂ-ਦਿਨ ਹੋਰ ਦੁੱਭਰ ਹੋ ਰਹੀ ਹੈ। ਵੱਡੇ ਕਾਰਪੋਰੇਟਾਂ ਲਈ ਦੌਲਤ ਦੇ ਅੰਬਾਰ ਉੱਸਰ ਰਹੇ ਹਨ ਤੇ ਦੂਜੇ ਪਾਸੇ ਆਮ ਲੋਕਾਂ ਨੂੰ ਤੇਜ਼ੀ ਨਾਲ ਹੋ ਰਹੇ ਰੁਜ਼ਗਾਰ ਉਜਾੜੇ ਤੇ ਵਧਦੇ ਖਰਚਿਆਂ ਦੀ ਵਜਾ ਕਰਕੇ ਜੀਵਨ ਨਿਰਬਾਹ ਕਰਨਾ ਵੀ ਔਖਾ ਹੋ ਰਿਹਾ ਹੈ। ਵਧ ਰਿਹਾ ਪਾੜਾ ਦਿਨੋਂ-ਦਿਨ ਰੜਕਵਾਂ ਬਣ ਰਿਹਾ ਹੈ। ਏਸੇ ਲਈ ਆਰਥਿਕ ਅਣਸਾਵੇਂਪਣ 'ਚੋਂ ਉਪਜਦੀ ਬੇ-ਇਨਸਾਫੀ ਦੇ ਖਾਤਮੇ ਲਈ ਪੂਰੀ ਵਿਵਸਥਾ 'ਚ ਤਬਦੀਲੀ ਦੀ ਚਰਚਾ ਵੀ ਚੱਲ ਰਹੀ ਹੈ। ''ਪੂੰਜੀਵਾਦ ਦਾ ਖਾਤਮਾ-ਲੋਕਾਂ ਦੀ ਆਜ਼ਾਦੀ ਹੈ'' ਦਾ ਨਾਅਰਾ ਵੀ ਗੂੰਜਦਾ ਸੁਣਦਾ ਹੈ। ਇਉਂ ਉਹਨਾਂ ਰੋਹ ਫੁਟਾਰਿਆਂ ਦਾ ਇਕ ਵਿਸ਼ੇਸ਼ ਲੱਛਣ ਹੈ ਕਿ ਇਹ ਕਿਸੇ ਇੱਕਾ-ਦੁੱਕਾ ਮੰਗ ਤੱਕ ਸੀਮਤ ਨਹੀਂ ਹਨ ਸਗੋਂ ਲੋਕਾਂ ਦਾ ਰੋਹ ਆਰਥਿਕ ਨਾ ਬਰਾਬਰੀ ਤੇ ਆਧਾਰਿਤ ਮੌਜੂਦਾ ਪੂੰਜੀਵਾਦੀ ਵਿਵਸਥਾ ਵੱਲ ਸੇਧਤ ਹੋ ਰਿਹਾ ਹੈ। ਇਹਦੀ ਤਬਦੀਲੀ ਦੀ ਤਾਂਘ ਤਿੱਖੀ ਹੋ ਰਹੀ ਹੈ। ਅਮੀਰ ਗਰੀਬ ਦੇ ਵਧ ਰਹੇ ਪਾੜੇ ਦੇ ਖਾਤਮੇ ਦੀ ਮੰਗ ਉਠ ਰਹੀ ਹੈ। ਲੋਕਾਂ ਨੂੰ ਅਜਿਹੀਆਂ ਤਬਦੀਲੀਆਂ ਦੇ ਝੰਡਾ ਬਰਦਾਰ ਆਗੂ ਯਾਦ ਆ ਰਹੇ ਹਨ। ਬੋਸਨੀਆਂ ਦੇ ਮੁਜ਼ਾਹਰਾਕਾਰੀਆਂ ਕੋਲ ਕਿਊਬਾ ਦੇ ਇਨਕਲਾਬ ਦੇ ਨਾਇਕ ਬਣੇ ਚੀ ਗੁਵੇਰਾ ਦੀਆਂ ਚੁੱਕੀਆਂ ਤਸਵੀਰਾਂ ਇਹੀ ਕਹਿੰਦੀਆਂ ਸਨ।

ਮੀਡੀਆ 'ਚ ਇਹ ਚਰਚਾ ਵੀ ਉੱਘੜਵੇਂ ਰੂਪ 'ਚ ਸਾਹਮਣੇ ਆ ਰਹੀ ਹੈ ਕਿ ਸਾਮਰਾਜੀ ਮੁਲਕ ਅਮਰੀਕਾ ਦੀ ਜਨਤਾ ਨੂੰ ਅਰਬ ਮੁਲਕਾਂ ਦੇ ਵੱਡੇ ਜਨਤਕ ਉਭਾਰਾਂ ਨੇ ਪ੍ਰਭਾਵਿਤ ਕੀਤਾ ਹੈ। ਅਮਰੀਕੀ ਥੈਲੀਸ਼ਾਹਾਂ ਨੂੰ ਅਜਿਹਾ ਕਿਆਸ ਵੀ ਨਹੀਂ ਸੀ।
ਦੁਨੀਆਂ ਭਰ ਦੀਆਂ ਸਰਮਾਏਦਾਰ ਸਰਕਾਰਾਂ ਲਈ ਪੇਸ਼ ਹੋ ਰਹੀ ਚੁਣੌਤੀ 'ਚ ਬੇਰੁਜ਼ਗਾਰ ਜਵਾਨੀ ਮੋਹਰੀ ਹੈ। ਸਰਮਾਏਦਾਰਾਂ ਦੇ ਮੁਨਾਫ਼ਿਆਂ ਦੀ ਹਵਸ ਨੇ ਜਵਾਨੀ ਦਾ ਭਵਿੱਖ ਤੇ ਵਰਤਮਾਨ ਤਬਾਹੀ ਦੇ ਰਾਹ ਵੱਲ ਤੋਰ ਦਿੱਤਾ ਹੈ, ਉਹਨਾਂ ਲਈ ਆਉਂਦੇ ਸਮੇਂ 'ਚ ਇਹ ਧਰਤੀ ਜਿਉਣ ਲਾਇਕ ਹੀ ਨਾ ਰਹਿਣ ਲਈ ਸਰਾਪੀ ਜਾ ਰਹੀ ਹੈ। ਏਸ ਹਾਲਤ 'ਚ ਪਹਿਲਾਂ ਸੰਸਾਰ ਨੇ ਅਰਬ ਜਗਤ ਦੇ ਨੌਜਵਾਨਾਂ ਦੀ ਤਾਕਤ ਦੇ ਜਲਵੇ ਵੇਖੇ ਹਨ, ਹੁਣ ਸਾਮਰਾਜੀ 'ਪ੍ਰਭੂਆਂ' ਨੂੰ ਆਪਣੇ ਗੜਾਂ 'ਚ ਨੌਜਵਾਨ ਸ਼ਕਤੀ ਦੀ ਹਲਚਲ ਦੇ ਝਟਕੇ ਸਹਿਣੇ ਪੈ ਰਹੇ ਹਨ।


ਤੀਜੀ ਦੁਨੀਆਂ ਕਹੇ ਜਾਂਦੇ ਆਰਥਿਕ ਤੌਰ 'ਤੇ ਘੱਟ ਵਿਕਸਿਤ ਮੁਲਕਾਂ ਦੀ ਜਨਤਾ ਸਾਮਰਾਜੀ ਲੁੱਟ ਅਤੇ ਦਾਬੇ ਨੂੰ ਵੱਡੇ ਜਨਤਕ ਸੰਗਰਾਮਾਂ ਨਾਲ ਪਹਿਲਾਂ ਹੀ ਚੁਣੌਤੀ ਪੇਸ਼ ਕਰਦੀ ਆ ਰਹੀ ਹੈ। ਹੁਣ 'ਅਮੀਰ' ਮੁਲਕਾਂ ਦੇ ਆਪਣੇ ਵਿਹੜੇ 'ਚੋਂ ਵੀ ਨਾਬਰੀ ਦੀਆਂ ਤਰੰਗਾਂ ਇਹਨਾਂ ਦੀ ਹਾਲਤ ਹੋਰ ਪਤਲੀ ਕਰ ਰਹੀਆਂ ਹਨ। ਨਵ-ਉਦਾਰਵਾਦੀ ਨੀਤੀਆਂ ਦੇ ਦਿਨ ਪੁੱਗ ਰਹੇ ਹਨ। ਇਹਨਾਂ ਨੀਤੀਆਂ ਖਿਲਾਫ਼ ਉੱਠ ਰਹੀ ਸੰਸਾਰ ਵਿਆਪੀ ਵਿਰੋਧ ਲਹਿਰ ਦਾ ਸਵਾਗਤ ਕਰਨਾ ਬਣਦਾ ਹੈ।

                           21-10-2011 

Occupy Protests : What People Say !

ਰੋਹ ਦੀ ਕਹਾਣੀ — ਲੋਕਾਂ ਦੀ ਜ਼ੁਬਾਨੀ
(ਇਹ ਕਹਿੰਦੇ ਨੇ 'ਕਬਜ਼ਾ ਕਰੋ' ਮੁਹਿੰਮ ਵਿਚ ਸ਼ਾਮਿਲ ਲੋਕ)

Ø ਪੁਰਤਗਾਲ ਦਾ ਇੱਕ 25 ਸਾਲਾ ਨੌਜਵਾਨ ਮੈਥਿਊ ਰੀਗੋ : ਅਸੀਂ ਆਰਥਿਕ ਸੱਟੇਬਾਜ਼ੀ ਦੇ ਸ਼ਿਕਾਰ ਹਾਂ ਤੇ ਬੱਜਟ ਘਾਟਾ ਪੂਰਤੀ ਦੀਆਂ ਸਕੀਮਾਂ ਨੇ ਸਾਨੂੰ ਤਬਾਹ ਕਰ ਦੇਣਾ ਹੈ। ਸਾਨੂੰ ਇਹ ਗਲਿਆ ਸੜਿਆ ਪ੍ਰਬੰਧ ਬਦਲਣਾ ਪੈਣਾ ਹੈ।
Ø  ਇਟਲੀ ਦਾ ਇੱਕ ਕਾਲਮਨਵੀਸ : ''ਕਬਜ਼ੇ ਹੇਠ ਲਓ'' ਦਾ ਨਾਅਰਾ ਓਸ ਪੀੜ੍ਹੀ ਦੇ ਗੁੱਸੇ ਦਾ ਪ੍ਰਗਟਾਵਾ ਹੈ ਜਿਹਨਾਂ ਦਾ ਭਵਿੱਖ ਹਨੇਰਾ ਹੈ ਤੇ ਜਿਨ੍ਹਾਂ ਦਾ ਰਿਵਾਇਤੀ ਸਿਆਸਤ 'ਚ ਕੋਈ ਵਿਸ਼ਵਾਸ ਨਹੀਂ ਰਿਹਾ ਤੇ ਸਭ ਤੋਂ ਵੱਧ ਓਹਨਾਂ ਆਰਥਿਕ ਸੰਸਥਾਵਾਂ 'ਚ ਵਿਸ਼ਵਾਸ ਨਹੀਂ ਹੈ ਜਿਹੜੀਆਂ ਮੌਜੂਦਾ ਸੰਕਟ ਅਤੇ ਲੋਕਾਂ ਦੇ ਨੁਕਸਾਨ ਲਈ ਜੁੰਮੇਵਾਰ ਹਨ।
Ø  ''ਸਾਨੂੰ ਲਾਲਚੀ ਅਤੇ ਅਮੀਰ ਉੱਪਰਲੇ ਤਬਕੇ ਵੱਲੋਂ ਗਰੀਬ ਮਜ਼ਦੂਰ ਜਮਾਤ ਦੀ ਕੀਤੀ ਜਾ ਰਹੀ ਲੁੱਟ ਰੋਕਣੀ ਹੋਵੇਗੀ।'' ਦੱਖਣੀ ਅਫਰੀਕਾ ਤੋਂ 'ਕਬਜ਼ਾ ਕਰੋ' ਮੁਹਿੰਮ ਦਾ ਇੱਕ ਜੱਥੇਬੰਦਕ ਮਾਰੀਅਸ ਬੋਸ਼ਚ।
Ø  ਹਾਂਗਕਾਂਗ ਦੇ ਪਰਚੇ 'ਹਾਂਗਕਾਂਗ ਇਕਨਾਮਿਕ ਜਰਨਲ' ਅਨੁਸਾਰ, ''ਵਾਲ ਸਟਰੀਟ 'ਤੇ ਕਬਜ਼ਾ ਕਰੋ ਦੀ ਚਿੰਗਾੜੀ ਅਮੀਰ ਅਤੇ ਗਰੀਬ ਵਿਚਲੇ ਓੜਕਾਂ ਦੇ ਪਾੜੇ ਕਰਕੇ ਭੜਕੀ ਹੈ ... ਹੁਣ ਇਹ ਚਿੰਗਾੜੀ ਵੱਡੇ ਭਾਂਬੜ ਦਾ ਰੂਪ ਧਾਰ ਰਹੀ ਹੈ ਜਿਹੜਾ ਦੂਜੇ ਮੁਲਕਾਂ 'ਚ ਵੀ ਫੈਲ ਰਿਹਾ ਹੈ।''
Ø  ''ਟਾਈਮ ਫ਼ਾਰ ਆਊਟਰੇਜ਼'' (ਰੋਹ ਦੀ ਰੁੱਤ) ਨਾਮੀ ਇੱਕ ਕਿਤਾਬ ਦਾ ਲੇਖਕ : ਪੈਸੇ ਦੀ ਤਾਕਤ ਕਦੇ ਵੀ ਐਨੀ ਮੂੰਹਜ਼ੋਰ ਤੇ ਐਨੀ ਖੁਦਗਰਜ਼ ਨਹੀਂ ਸੀ ਜਿੰਨੀ ਕਿ ਹੁਣ ਹੈ . . . ਅਮੀਰ ਅਤੇ ਗਰੀਬ ਵਿਚਲਾ ਪਾੜਾ ਕਦੇ ਵੀ ਐਨਾ ਵੱਡਾ ਨਹੀਂ ਸੀ, ਮੁਕਾਬਲੇ ਅਤੇ ਪੂੰਜੀ ਦੇ ਪਸਾਰ ਨੂੰ ਕਦੇ ਵੀ ਐਨੀ ਖੁੱਲ੍ਹ ਨਹੀਂ ਸੀ ਮਿਲੀ।
ਅਮਰੀਕੀ ਟੀ.ਵੀ. ਚੈਨਲ ਸੀ.ਐਨ.ਐਨ. 'ਤੇ ਲੋਕਾਂ ਵੱਲੋਂ ਪ੍ਰਗਟਾਏ ਵਿਚਾਰ
Ø  ''ਮੈਂ ਕਾਰਪੋਰੇਟ ਘਰਾਣਿਆਂ ਨੂੰ ਬਖਸ਼ੇ ਜਾ ਰਹੇ ਮਣਾਂ-ਮੂੰਹ ਰਾਹਤ ਪੈਕਜਾਂ ਦਾ ਵਿਰੋਧ ਕਰ ਰਿਹਾ ਹਾਂ ਜਦੋਂ ਕਿ ਅਸਲ ਸ਼ੈਤਾਨ ਦੀ ਟੂਟੀ ਉਹੀ ਹਨ। ਮੈਂ ਆਪਣੇ 'ਤੇ ਮੜ੍ਹੇ ਜਾਂਦੇ ਭਾਰੀ ਟੈਕਸ ਬੋਝਾਂ ਦਾ ਵਿਰੋਧ ਕਰਦਾ ਹਾਂ ਜਦੋਂ ਕਿ ਕਾਰਪੋਰੇਟ ਘਰਾਣਿਆਂ ਨੂੰ ਆਨੀਂ-ਬਹਾਨੀਂ ਟੈਕਸਾਂ ਤੋਂ ਬਚ ਨਿਕਲਣ ਦਿੱਤਾ ਜਾਂਦਾ ਹੈ ... ... ਸਭ ਨੂੰ ਸਮਾਜਿਕ ਅਤੇ ਆਰਥਿਕ ਇਨਸਾਫ਼ ਮਿਲੇ।''
Ø  ''ਮੇਰੇ ਲਈ ਇਸਦਾ (ਵਾਲ ਸਟਰੀਟ 'ਤੇ ਕਬਜ਼ਾ ਕਰੋ) ਮਤਲਬ ਓਸ ਪ੍ਰਬੰਧ ਨੂੰ ਨਾਂਹ ਕਹਿਣ ਤੋਂ ਹੈ ਜਿਹੜਾ ਆਰਥਿਕਤਾ ਨੂੰ ਤਬਾਹ ਕਰਨ ਵਾਲੇ ਸਾਵੇਂ ਲੋਕਾਂ ਨੂੰ ਹੀ ਅਰਬਾਂ ਖਰਬਾਂ ਦੇ ਰਿਹਾ ਹੈ ਤੇ ਕਿਰਤੀ ਲੋਕਾਂ ਨੂੰ ਹੋਰ ਕੁਰਬਾਨੀ ਕਰਨ ਲਈ ਕਹਿ ਰਿਹਾ ਹੈ।''
Ø  ''ਉਹ (ਵਾਲ ਸਟਰੀਟ 'ਤੇ ਕਬਜ਼ਾ ਕਰੋ) ਚਾਹੁੰਦੇ ਹਨ ਕਿ ਸਿਆਸੀ ਲੀਡਰ ਅਮਰੀਕੀ ਲੋਕਾਂ ਦੀ ਬਿਹਤਰੀ ਲਈ ਫੈਸਲੇ ਕਰਨ ਨਾ ਕਿ ਕਾਰਪੋਰੇਟਾਂ ਦੀ ਬਿਹਤਰੀ ਲਈ।''
Ø  ''ਉਹ ਸਾਰੇ ਜਿਹੜੇ ਉਲਾਂਭੇ ਦੇ ਰਹੇ ਹਨ ਕਿ ਪ੍ਰਦਰਸ਼ਨਕਾਰੀ ਆਪਣਾ ਮੂੰਹ ਬੰਦ ਕਰਨ, ਘਰੇ ਜਾਣ ਅਤੇ ਕੋਈ ਨੌਕਰੀ ਕਰਨ; ਸ਼ਾਇਦ ਉਹ (ਪ੍ਰਦਰਸ਼ਰਨਕਾਰੀ) ਚਲੇ ਜਾਂਦੇ ਜੇ ਕਿਤੇ ਨੌਕਰੀਆਂ ਮਿਲਦੀਆਂ ਹੁੰਦੀਆਂ। ਉਹ ਸ਼ਾਇਦ ਘਰੇ ਵੀ ਮੁੜ ਜਾਂਦੇ ਜੇ ਕਿਤੇ ਉਹਨਾਂ ਦੇ ਘਰ ਹੜ੍ਹਾਂ 'ਚ ਨਾ ਰੁੜ੍ਹੇ ਹੁੰਦੇ ਜਾਂ ਕੁਰਕ ਨਾ ਹੋਏ ਹੁੰਦੇ ... ... ਨਿੱਜੀ ਤੌਰ 'ਤ ਮੈਂ ਸਮਝਦਾ ਹਾਂ ਕਿ ਮੇਰੇ ਮੱਧਵਰਗੀ ਬੱਚਿਆਂ ਦਾ ਭਵਿੱਖ ਹਨੇਰਾ ਹੈ।''