Tuesday, 10 January 2012

ਨੌਜਵਾਨ-ਵਿਦਿਆਰਥੀ ਵੀ ਪਗੜੀ ਸੰਭਾਲ ਕਾਨਫਰੰਸ 'ਚ ਸ਼ਾਮਲ ਹੋਣਗੇ

ਨੌਜਵਾਨ-ਵਿਦਿਆਰਥੀ ਵੀ ਪਗੜੀ ਸੰਭਾਲ ਕਾਨਫਰੰਸ 'ਚ ਸ਼ਾਮਲ ਹੋਣਗੇ
ਬਠਿੰਡਾ ਖੇਤਰ ਦੇ ਪਿੰਡਾਂ ਅਤੇ ਕਾਲਜਾਂ 'ਚ ਪ੍ਰਚਾਰ ਮੁਹਿੰਮ ਚਲਾਉਣ ਲਈ ਮੀਟਿੰਗ, ਵਿਉਂਤ ਤਿਆਰ
ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨੇ 27 ਜਨਵਰੀ ਨੂੰ ਬਰਨਾਲਾ 'ਚ ਹੋ ਰਹੀ ਪਗੜੀ ਸੰਭਾਲ ਕਾਨਫਰੰਸ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਦੋਨੋਂ ਜੱਥੇਬੰਦੀਆਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ। ਪ੍ਰੈੱਸ ਦੇ ਨਾਂ ਲਿਖਤੀ ਬਿਆਨ ਜਾਰੀ ਕਰਦਿਆਂ ਸਭਾ ਸੂਬਾ ਜੱਥੇਬੰਦਕ ਸਕੱਤਰ ਪਾਵੇਲ ਕੁੱਸਾ ਅਤੇ ਪੀ.ਐੱਸ.ਯੂ.(ਸ਼ਹੀਦ ਰੰਧਾਵਾ) ਦੇ ਸੂਬਾ ਕਮੇਟੀ ਮੈਂਬਰ ਸੁਮੀਤ ਨੇ ਕਿਹਾ ਕਿ ਇਹ ਕਾਨਫਰੰਸ ਚੋਣਾਂ ਦੀ ਘੜਮੱਸ ਦੌਰਾਨ, ਵੋਟਾਂ ਤੋਂ ਭਲੇ ਦੀ ਆਸ ਛੱਡ ਕੇ ਸੰਘਰਸ਼ਾਂ ਦਾ ਰਾਹ ਬੁਲੰਦ ਕਰਨ ਦਾ ਹੋਕਾ ਦੇਵੇਗੀ। ਕਾਨਫਰੰਸ ਦਾ ਸੱਦਾ ਪੰਜਾਬ ਦੀਆਂ ਉੱਘੀਆਂ ਜਨਤਕ ਸਖਸ਼ੀਅਤਾਂ ਦੇ ਆਧਾਰ 'ਤੇ ਗਠਿਤ ਕੀਤੀ ਗਈ ਪਗੜੀ ਸੰਭਾਲ ਮੁਹਿੰਮ ਕਮੇਟੀ ਪੰਜਾਬ ਵੱਲੋਂ ਦਿੱਤਾ ਗਿਆ ਹੈ। ਇਹ ਕਮੇਟੀ ਪੰਜਾਬ ਭਰ 'ਚ ਲੋਕਾਂ ਨੂੰ ਚੇਤਨ ਕਰਨ ਲਈ ਮੀਟਿੰਗਾਂ, ਰੈਲੀਆਂ, ਮਾਰਚਾਂ ਰਾਹੀਂ ਵਿਸ਼ਾਲ ਲਾਮਬੰਦੀ ਕਰੇਗੀ ਅਤੇ ਸਿਖਰ ਵਜੋਂ ਬਰਨਾਲਾ 'ਚ ਲੋਕਾਂ ਦਾ ਵਿਸ਼ਾਲ ਇਕੱਠ ਹੋਵੇਗਾ। ਇਸ ਮੁਹਿੰਮ ਅਤੇ ਕਾਨਫਰੰਸ 'ਚ ਨੌਜਵਾਨ-ਵਿਦਿਆਰਥੀ ਵੀ ਵਧ ਚੜ• ਕੇ ਸ਼ਾਮਲ ਹੋਣਗੇ।                                                                           
ਬਠਿੰਡਾ ਖੇਤਰ 'ਚ ਪ੍ਰਚਾਰ ਮੁਹਿੰਮ ਜੱਥੇਬੰਦ ਕਰਨ ਅਤੇ ਪ੍ਰਚਾਰ ਸਰਗਰਮੀ ਚਲਾਉਣ ਲਈ ਅੱਜ ਬਠਿੰਡਾ ਖੇਤਰ ਦੀ ਸਾਂਝੀ ਮੀਟਿੰਗ ਕਰ ਲਈ ਗਈ ਹੈ। ਇਸ ਮੀਟਿੰਗ ਦੌਰਾਨ ਸੰਗਤ ਅਤੇ ਗੋਨਿਆਣਾ ਇਲਾਕੇ ਦੇ ਲਗਭਗ 30 ਕਾਰਕੁਨ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਦੋਹਾਂ ਆਗੂਆਂ ਨੇ ਕਿਹਾ ਕਿ ਸਮਾਜ ਦੇ ਹੋਰਨਾਂ ਮਿਹਨਤਕਸ਼ ਤਬਕਿਆਂ ਦੀ ਤਰ•ਾਂ ਨੌਜਵਾਨਾਂ ਵਿਦਿਆਰਥੀਆਂ ਦੀ ਜ਼ਿੰਦਗੀ ਦੇ ਅਸਲ ਮੁੱਦੇ ਚੋਣ ਚਰਚਾ ਦਾ ਵਿਸ਼ਾ ਨਹੀਂ ਹਨ। ਸਗੋਂ ਸਾਰੀਆਂ ਪਾਰਟੀਆਂ ਨੌਜਵਾਨਾਂ ਅਤੇ ਵਿਦਿਆਰਥੀਆਂ ਤੋਂ ਸਿੱਖਿਆ-ਰੁਜ਼ਗਾਰ ਦਾ ਹੱਕ ਖੋਹਣ 'ਚ ਇੱਕ ਦੂਜੇ ਤੋਂ ਮੂਹਰੇ ਹਨ। ਵੋਟਾਂ ਦੇ ਦਿਨਾਂ 'ਚ ਨੌਜਵਾਨਾਂ ਨੂੰ ਤਰ•ਾਂ ਤਰ•ਾਂ ਦੇ ਲਾਲਚਾਂ ਅਤੇ ਨਸ਼ਿਆਂ ਦੇ ਜਾਲ 'ਚ ਫਸਾ ਕੇ ਆਪਣੇ ਸੌੜੇ ਸਿਆਸੀ ਮਕਸਦਾਂ ਲਈ ਵਰਤਦੀਆਂ ਹਨ, ਆਪਣੇ ਲੱਠਮਾਰ ਗਰੋਹਾਂ ਦਾ ਅੰਗ ਬਣਾਉਂਦੀਆਂ ਹਨ ਅਤੇ ਨੌਜਵਾਨਾਂ ਦੀ ਏਕਤਾ ਖਿੰਡਾਉਂਦੀਆਂ ਹਨ। ਹੁਣ ਤੱਕ ਸਭਨਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਹੱਕ ਮੰਗਦੇ ਨੌਜਵਾਨਾਂ ਨੂੰ ਡਾਂਗਾਂ ਨਾਲ ਕੁੱਟਿਆ ਹੈ ਅਤੇ ਝੂਠੇ ਕੇਸ ਪਾ ਕੇ ਜੇਲ•ਾਂ 'ਚ ਸੁੱਟਿਆ ਹੈ। ਆਉਣ ਵਾਲੀ ਸਰਕਾਰ ਨੇ ਵੀ ਨਿੱਜੀਕਰਨ ਵਪਾਰੀਕਰਨ ਦੀ ਨੀਤੀ ਲਾਗੂ ਕਰਨ ਲਈ ਇਉਂ ਹੀ ਪੇਸ਼ ਆਉਣਾ ਹੈ। ਇਸ ਲਈ ਪੰਜਾਬ ਦੇ ਨੌਜਵਾਨ-ਵਿਦਿਆਰਥੀਆਂ ਨੂੰ ਇਹਨਾਂ ਪਾਰਟੀਆਂ ਮਗਰ ਲੱਗ ਕੇ ਆਪਣੀ ਏਕਤਾ ਖਿੰਡਾਉਣ ਦੀ ਥਾਂ, ਸੰਘਰਸ਼ਾਂ ਦਾ ਝੰਡਾ ਚੁੱਕਣਾ ਚਾਹੀਦਾ ਹੈ ਕਿਉਂਕਿ ਸੰਘਰਸ਼ਾਂ ਰਾਹੀਂ ਹੀ ਸਾਡੇ ਹਿਤ ਸੁਰੱਖਿਅਤ ਰਹਿ ਸਕਦੇ ਹਨ ਅਤੇ ਰੁਜ਼ਗਾਰ-ਸਿੱਖਿਆ ਦਾ ਹੱਕ ਹਾਸਲ ਕੀਤਾ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਅਕਾਲੀ-ਭਾਜਪਾ, ਕਾਂਗਰਸ ਅਤੇ ਮਨਪ੍ਰੀਤ ਮਾਰਕਾ ਮੋਰਚਾ ਸਮੇਤ ਸਭਨਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇਸ਼ ਧ੍ਰੋਹੀ ਆਰਥਿਕ ਨੀਤੀਆਂ 'ਤੇ ਇੱਕਮਤ ਹਨ। ਇਹਨਾਂ ਨੀਤੀਆਂ ਕਰਕੇ ਹੀ ਅੱਜ ਸਮਾਜ ਦੇ ਵੱਖ-ਵੱਖ ਤਬਕੇ ਕਿਸਾਨ, ਮਜ਼ਦੂਰ, ਸਨਅਤੀ ਕਾਮੇ, ਔਰਤਾਂ, ਮੁਲਾਜ਼ਮ, ਨੌਜਵਾਨ ਅਤੇ ਵਿਦਿਆਰਥੀ ਰੁਲ਼ ਰਹੇ ਹਨ। ਚੋਣਾਂ ਨਾਲ ਦੇਸੀ ਵਿਦੇਸ਼ੀ ਸਰਮਾਏਦਾਰਾਂ ਅਤੇ ਜਗੀਰਦਾਰਾਂ ਦੇ ਹਿਤ ਪਾਲਦੀਆਂ ਇਹਨਾਂ ਨੀਤੀਆਂ ਨੇ ਨਹੀਂ ਬਦਲਣਾ ਅਤੇ ਨਾ ਹੀ ਇਹ ਨੀਤੀਆਂ ਲੋਕਾਂ 'ਤੇ ਮੜ•ਨ ਲਈ ਘੜੇ ਜਾ ਰਹੇ ਜਾਬਰ ਕਾਨੂੰਨਾਂ ਨੇ ਬਦਲਣਾ ਹੈ। ਲੋਕਾਂ ਨੂੰ ਕੁੱਟਣ ਅਤੇ ਦਬਾਉਣ ਵਾਲੀਆਂ ਅਦਾਲਤਾਂ, ਪੁਲਿਸ ਅਤੇ ਅਫਸਰਸ਼ਾਹੀ ਨੇ ਵੀ ਜਿਉਂ ਦੀ ਤਿਉਂ ਹੀ ਰਹਿਣਾ ਹੈ। ਚੋਣਾਂ ਤਾਂ ਹਾਕਮ ਧੜਿਆਂ ਵੱਲੋਂ ਕੀਤੀ ਜਾ ਰਹੀ ਲੋਕਾਂ ਦੀ ਲੁੱਟ 'ਚੋਂ ਵਧੇਰੇ ਹਿੱਸੇ ਦਾ ਫੈਸਲਾ ਕਰਨ ਲਈ ਹੀ ਹਨ। ਹੁਣ ਤੱਕ ਦੇਸ਼ 'ਚ ਅਤੇ ਪੰਜਾਬ 'ਚ ਵੀ ਲੋਕਾਂ ਨੇ ਆਪਣੇ ਹਿਤਾਂ ਦੀ ਸੁਰੱਖਿਆ ਸੰਘਰਸ਼ਾਂ ਜ਼ਰੀਏ ਹੀ ਕੀਤੀ ਹੈ ਅਤੇ ਹੁਣ ਵੀ ਲੋਕਾਂ ਦੀ ਟੇਕ ਸੰਘਰਸ਼ਾਂ 'ਤੇ ਹੀ ਹੋਣੀ ਚਾਹੀਦੀ ਹੈ। ਇਸ ਲਈ ਪਗੜੀ ਸੰਭਾਲ ਕਾਨਫਰੰਸ ਲੋਕਾਂ ਨੂੰ ਅਸਲ ਵਿਕਾਸ, ਖੁਸ਼ਹਾਲੀ ਅਤੇ ਸਵੈਮਾਣ ਭਰੀ ਜਿੰਦਗੀ ਲਈ ਵਿਸ਼ਾਲ ਅਤੇ ਦ੍ਰਿੜ ਸੰਗਰਾਮਾਂ ਦਾ ਹੋਕਾ ਦੇਵੇਗੀ। 
ਮੀਟਿੰਗ 'ਚ ਬਠਿੰਡਾ ਖੇਤਰ ਦੇ ਲਗਭਗ 15 ਪਿੰਡਾਂ 'ਚ ਵਿਸ਼ੇਸ਼ ਨੌਜਵਾਨ ਮੀਟਿੰਗਾ ਕਰਨ; ਭਗਤਾ, ਨਥਾਣਾ, ਭੁੱਚੋ ਮੰਡੀ, ਬਠਿੰਡਾ, ਸੰਗਤ ਮੰਡੀ 'ਚ ਵਿਸ਼ੇਸ਼ ਫੰਡ ਮੁਹਿੰਮ, ਘਰ-ਘਰ ਸੁਨੇਹਾ ਦੇਣ ਦੀ ਮੁਹਿੰਮ ਚਲਾਉਣ ਅਤੇ ਕੰਧ ਨਾਅਰੇ ਲਿਖਣ ਦੀ ਵਿਉਂਤ ਬਣਾ ਲਈ ਗਈ ਹੈ। ਇਸ ਤੋਂ ਬਿਨਾਂ ਰਜਿੰਦਰਾ ਕਾਲਜ, ਆਈ.ਟੀ.ਆਈ., ਰਿਜ਼ਨਲ ਸੈਂਟਰ ਅਤੇ ਹੋਰਨਾਂ ਕਾਲਜਾਂ 'ਚ ਮੋਬਾਈਲ ਪ੍ਰਦਰਸ਼ਨੀਆਂ ਲਾ ਕੇ ਮੁਹਿੰਮ ਦਾ ਸੁਨੇਹਾ ਵਿਦਿਆਰਥੀਆਂ ਤੱਕ ਵੀ ਪਹੁੰਚਾਇਆ ਜਾਵੇਗਾ।
ਮਿਤੀ - 09 ਜਨਵਰੀ, 2012                              ਜਾਰੀ ਕਰਤਾ- ਪਾਵੇਲ ਕੁੱਸਾ, 9417054015,
 ਸੁਮੀਤ- 9417024641

ਨੌਜਵਾਨਾਂ ਵੱਲੋਂ ਨਿਹਾਲ ਸਿੰਘ ਵਾਲਾ ਵਿਖੇ ਚੇਤਨਾ ਰੈਲੀ

Daily Ajit: Punjab Di Awaz:: 20120101

Wednesday, 4 January 2012

ਚੋਣਾਂ ਦੀ ਦੰਭੀ ਖੇਡ ਦਾ ਭਾਂਡਾ ਭੰਨੋ—ਪਗੜੀ ਸੰਭਾਲ ਕਾਨਫਰੰਸ 'ਚ ਸ਼ਾਮਲ ਹੋਵੋ



ਚੋਣਾਂ ਦੀ ਦੰਭੀ ਖੇਡ ਦਾ ਭਾਂਡਾ ਭੰਨਣ ਲਈ ਬਰਨਾਲਾ 'ਚ ਪਗੜੀ ਸੰਭਾਲ ਕਾਨਫਰੰਸ 27 ਨੂੰ

ਲੋਕਾਂ ਦੇ ਵਿਕਾਸ ਤੇ ਸਮੂਹਿਕ ਪੁੱਗਤ ਲਈ ਸਾਂਝੇ ਤੇ ਜਾਨ ਹੂਲਵੇਂ ਸੰਗਰਾਮੀ ਰਾਹ ਦਾ ਹੋਕਾ
ਬਰਨਾਲਾ, 4 ਜਨਵਰੀ (                 )- ਅੱਜ ਕੱਲ• ਪੰਜਾਬ ਅੰਦਰ ਵਿਧਾਨ ਸਭਾ ਦੀਆਂ ਚੋਣਾਂ ਕਾਰਨ ਭਖੇ ਹੋਏ ਸਿਆਸੀ ਮਾਹੌਲ ਅੰਦਰ ਵੱਖ ਵੱਖ ਸੰਘਰਸ਼ਸ਼ੀਲ ਤੇ ਉੱਘੀਆਂ ਜਨਤਕ ਸ਼ਖ਼ਸ਼ੀਅਤਾਂ 'ਤੇ ਅਧਾਰਤ ਜਥੇਬੰਦ ਕੀਤੀ ਗਈ ''ਪਗੜੀ ਸੰਭਾਲ ਮੁਹਿੰਮ ਕਮੇਟੀ ਪੰਜਾਬ'' ਦੇ ਵੱਲੋਂ ਚੋਣਾਂ ਦੀ ਦੰਭੀ ਖੇਡ ਦਾ ਭਾਂਡਾ ਭੰਨਣ ਤੇ ਹਕੀਕੀ ਲੋਕ ਹਿਤੈਸ਼ੀ ਸੰਗਰਾਮੀ ਰਾਹ ਦਾ ਹੋਕਾ ਦੇਣ ਲਈ 27 ਜਨਵਰੀ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਪੰਜਾਬ ਪੱਧਰੀ ਵਿਸ਼ਾਲ ''ਪਗੜੀ ਸੰਭਾਲ ਕਾਨਫਰੰਸ'' ਕੀਤੀ ਜਾਵੇਗੀ। ਇਹ ਐਲਾਨ ਅੱਜ ਸਥਾਨਕ ਤਰਕਸ਼ੀਲ ਭਵਨ ਵਿਖੇ ਬੁਲਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਕਮੇਟੀ ਦੇ ਕਨਵੀਨਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਕੀਤਾ ਗਿਆ। ਵਰਣਨਯੋਗ ਹੈ ਕਿ ਜਥੇਬੰਦ ਕੀਤੀ ਗਈ ਇਸ ਕਮੇਟੀ ਵਿਚ ਲਛਮਣ ਸਿੰਘ ਸੇਵੇਵਾਲਾ ਤੋਂ ਇਲਾਵਾ ਝੰਡਾ ਸਿੰਘ ਜੇਠੂਕੇ, ਹਰਮੇਸ਼ ਮਾਲੜੀ, ਹਰਜਿੰਦਰ ਸਿੰਘ, ਪਾਵੇਲ ਕੁੱਸਾ, ਕਰੋੜਾ ਸਿੰਘ, ਅਮੋਲਕ ਸਿੰਘ, ਗੁਰਦਿਆਲ ਸਿੰਘ ਭੰਗਲ, ਐਨ.ਕੇ. ਜੀਤ, ਸ਼੍ਰੀਮਤੀ ਪੁਸ਼ਪ ਲਤਾ, ਦਰਸ਼ਨ ਸਿੰਘ ਕੂਹਲੀ, ਮਲਾਗਰ ਸਿੰਘ ਖਮਾਣੋਂ, ਯਸ਼ਪਾਲ ਤੇ ਜੋਗਿੰਦਰ ਆਜਾਦ ਸ਼ਾਮਿਲ ਹਨ। 
ਪ੍ਰੈਸ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਬੁਲਾਰਿਆਂ ਨੇ ਆਖਿਆ ਕਿ ਹੁਕਮਰਾਨ ਅਕਾਲੀ-ਭਾਜਪਾ, ਕਾਂਗਰਸ ਤੇ ਮਨਪ੍ਰੀਤ ਮਾਰਕਾ ਮੋਰਚਾ ਸਮੇਤ ਸੱਭੇ ਮੌਕਾਪ੍ਰਸਤ ਵੋਟ ਪਾਰਟੀਆਂ ਉਨ•ਾਂ ਦੇਸ਼ ਧਰੋਹੀ ਆਰਥਿਕ ਨੀਤੀਆਂ 'ਤੇ ਇੱਕਮੱਤ ਹਨ ਜਿਨ੍ਰਾਂ ਕਰਕੇ ਅੱਜ ਪੰਜਾਬ ਤੇ ਦੇਸ਼ ਦੇ ਖੇਤ ਮਜ਼ਦੂਰਾਂ, ਕਿਸਾਨਾਂ, ਸਨਅਤੀ ਤੇ ਬਿਜਲੀ ਕਾਮਿਆਂ, ਮੁਲਾਜ਼ਮਾਂ, ਬੇਰੁਜ਼ਗਾਰਾਂ, ਨੌਜਵਾਨਾਂ ਤੇ ਔਰਤਾਂ ਦੀ ਪੱਗ ਤੇ ਪਤ ਰੁਲ ਰਹੀ ਹੈ। ਪੰਜਾਬ  ਅੰਦਰ ਵੀ ਬਦਲ ਬਦਲ ਕੇ ਆਈਆਂ ਸਾਰੀਆਂ ਪਾਰਟੀਆਂ ਦਾ ਤਜ਼ਰਬਾ ਲੋਕਾਂ ਨੇ ਹੱਡੀ ਹੰਢਾਇਆ ਹੈ। ਇਸ ਲਈ ਕਮਾਊ ਲੋਕਾਂ ਨੂੰ ਆਪਣੀ ਰੁਲ ਰਹੀ ਪਗੜੀ ਬਚਾਉਣ ਲਈ ਖੁਦ ਜਥੇਬੰਦ ਹੋ ਕੇ ਜਾਨ-ਹੂਲਵੇਂ ਸਾਂਝੇ ਸੰਗਰਾਮੀ ਘੋਲਾਂ ਦੇ ਰਾਹ ਪੈਣ ਦੀ ਲੋੜ ਹੈ। ਉਨ•ਾਂ ਆਖਿਆ ਕਿ ਮੌਜੂਦਾ ਚੋਣਾਂ ਦੌਰਾਨ ਸਰਕਾਰ ਬਦਲਣ ਨਾਲ ਅਖੌਤੀ ਵਿਕਾਸ ਦੇ ਨਾਂ 'ਤੇ ਲੋਕਾਂ ਨੂੰ ਲੁੱਟਣ ਤੇ ਕੁੱਟਣ ਵਾਲੀਆਂ ਦੇਸੀ-ਵਿਦੇਸ਼ੀ ਸਰਮਾਏਦਾਰਾਂ ਤੇ ਜਗੀਰਦਾਰਾਂ ਦੇ ਹਿੱਤ ਪੂਰਦੀਆਂ ਨੀਤੀਆਂ ਨੇ ਨਹੀਂ ਬਦਲਣਾ, ਨਾ ਹੀ ਇਨ•ਾਂ ਨੀਤੀਆਂ ਨੂੰ ਲੋਕਾਂ 'ਤੇ ਮੜਨ ਲਈ ਘੜੇ ਗਏ ਜਾਬਰ ਤੇ ਕਾਲੇ ਕਾਨੂੰਨਾਂ ਨੇ ਬਦਲਣਾ ਹੈ ਅਤੇ ਨਾ ਹੀ ਆਏ ਰੋਜ ਹੱਕਾਂ ਲਈ ਜੂਝਦੇ ਲੋਕਾਂ ਦੇ ਮੌਰ ਸੇਕਣ ਵਾਲੀ ਪੁਲਸ ਤੇ ਜੇਲਾਂ ਸਮੇਤ ਅਫਸਰਸ਼ਾਹੀ ਨੇ ਬਦਲਣਾ ਹੈ। ਉਹਨਾਂ ਕਿਹਾ ਕਿ ਚੋਣਾਂ ਰਾਹੀਂ ਤਾਂ ਆਪੋ 'ਚ ਭਿੜ ਰਹੀਆਂ ਪਾਰਟੀਆਂ ਰਾਜ ਸੱਤ•ਾ ਅਤੇ ਲੁੱਟ ਦੇ ਮਾਲ ਦੀ ਆਪਸੀ ਵੰਡ ਦਾ ਰੱਟਾ ਸੁਲਝਾਉਂਦੀਆਂ ਹਨ।
ਉਨ•ਾਂ ਆਖਿਆ ਕਿ ਚਾਚਾ ਅਜੀਤ ਸਿੰਘ ਵੱਲੋਂ ਪਗੜੀ ਸੰਭਾਲਣ ਲਈ ਚਲਾਈ ਲਹਿਰ ਤੇ ਅਨੇਕਾਂ ਦੇਸ਼-ਭਗਤਾਂ, ਗਦਰੀ ਬਾਬਿਆਂ ਵੱਲੋਂ ਚਲਾਈਆਂ ਲਹਿਰਾਂ ਦੀ ਬਦੌਲਤ ਸੰਨ 47 'ਚ ਅੰਗਰੇਜ਼ਾਂ ਦੇ ਚਲੇ ਜਾਣ ਬਾਅਦ ਲੋਕਾਂ ਨੂੰ ਵਰਚਾਉਣ ਲਈ ਭਾਰਤੀ ਹੁਕਮਰਾਨਾਂ ਵੱਲੋਂ ਲੋਕਾਂ ਨੂੰ ਦਿੱਤੀਆਂ ਤੁਛ ਰਿਆਇਤਾਂ ਤੇ ਲੂਲੇ ਲੰਗੜੇ ਜਮਹੂਰੀ ਅਧਿਕਾਰਾਂ ਨੂੰ ਅੱਜ ਅਖੌਤੀ ਵਿਕਾਸ ਦੇ ਨਾਂ ਹੇਠ ਲਿਆਂਦੀਆਂ ਆਰਥਿਕ ਨੀਤੀਆਂ ਰਾਹੀਂ ਬੁਰੀ ਤਰ•ਾਂ ਛਾਂਗਿਆ ਜਾ ਰਿਹਾ ਹੈ ਤੇ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਉਜਰਤੀ ਪ੍ਰਣਾਲੀ ਦੀ ਸਫ ਵਲ•ੇਟੀ ਜਾ ਰਹੀ ਹੈ ਅਤੇ ਜ਼ਮੀਨੀ ਸੁਧਾਰ ਲਾਗੂ ਕਰਨ ਦੀ ਥਾਂ, ਜਮੀਨਾਂ ਖੋਹਣ ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ। ਲੋਕਾਂ ਦਾ ਆਪਣੇ ਜਲ, ਜਮੀਨਾਂ, ਰੁਜ਼ਗਾਰ, ਸਿਹਤ, ਵਿੱਦਿਆ, ਆਵਾਜਾਈ, ਬਿਜਲੀ ਆਦਿ ਤੋਂ ਉਜਾੜਾ ਕੀਤਾ ਜਾ ਰਿਹਾ ਹੈ ਤੇ ਨਾਮ ਨਿਹਾਦ ਜਮਹੂਰੀ ਅਧਿਕਾਰਾਂ ਨੂੰ ਵੀ ਕੁਚਲਣ ਲਈ ਵਰਤੇ ਜਾ ਰਹੇ ਅੰਨ•ੇ ਤਸ਼ੱਦਦ ਦਾ ਕਾਨੂੰਨੀਕਰਨ ਕੀਤਾ ਜਾ ਰਿਹਾ ਹੈ। ਇਉਂ ਲੋਕਾਂ ਦੇ ਹਿਤਾਂ 'ਤੇ ਚੌਤਰਫ਼ਾ ਹੱਲਾ ਬੋਲਿਆ ਹੋਇਆ ਹੈ। ਦੂਜੇ ਪਾਸੇ ਕਾਰਪੋਰੇਟ ਸੈਕਟਰ ਨੂੰ ਖਜਾਨਾ ਲੁਟਾਉਣ ਤੇ ਲੋਕਾਂ ਦੀ ਨਿਸ਼ੰਗ ਲੁੱਟ ਕਰਨ ਲਈ ਖੁੱਲੀਆਂ ਛੁੱਟੀਆਂ ਦੇਣ ਦਾ ਵੀ ਕਾਨੂੰਨੀਕਰਨ ਕੀਤਾ ਗਿਆ ਹੈ। ਇਸ ਹਾਲਤ 'ਚ ਲੋਕਾਂ ਦੇ ਅਸਲੀ ਵਿਕਾਸ, ਖੁਸ਼ਹਾਲੀ, ਸਮੂਹਿਕ ਪੁੱਗਤ ਤੇ ਸਵੈਮਾਣ ਦੀ ਜਾਮਨੀ ਲਈ ਅਣਸਰਦੀ ਲੋੜ ਹੈ ਕਿ ਉਹ ਇਨ•ਾਂ ਚੋਣਾਂ ਤੋਂ ਭਲੇ ਦੀ ਝਾਕ ਛੱਡ ਕੇ ਸਾਂਝੇ ਵਿਸ਼ਾਲ ਤੇ ਦ੍ਰਿੜ ਸੰਗਰਾਮੀ ਘੋਲਾਂ ਦਾ ਪੱਲਾ ਫੜਣ। ਉਨ•ਾਂ ਇਹ ਵੀ ਐਲਾਨ ਕੀਤਾ ਕਿ ਕਾਨਫਰੰਸ ਦੀ ਤਿਆਰੀ ਲਈ ਤੇ ਲੋਕਾਂ ਨੂੰ ਖਬਰਦਾਰ ਕਰਨ ਲਈ ਪੰਜਾਬ ਭਰ 'ਚ ਮੀਟਿੰਗਾਂ, ਰੈਲੀਆਂ, ਜਾਗੋ ਤੇ ਵੱਡੇ ਕਾਫ਼ਲਾ ਮਾਰਚਾਂ ਰਾਹੀਂ ਪਗੜੀ ਸੰਭਾਲ ਮੁਹਿੰਮ ਲਾਮਬੰਦ ਕੀਤੀ ਜਾਵੇਗੀ। ਉਨ•ਾਂ ਸਮੂਹ ਸੰਘਰਸ਼ਸ਼ੀਲ, ਲੋਕ ਹਿਤੈਸ਼ੀ, ਸਾਹਿਤਕ ਸੱਭਿਆਚਾਰਕ, ਤਰਕਸ਼ੀਲ, ਜਮਹੂਰੀ ਤੇ ਇਨਸਾਫ਼ਪਸੰਦ ਹਿੱਸਿਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਪੰਜਾਬ ਭਰ 'ਚ ਚੱਲਣ ਵਾਲੀ ਇਸ ਮੁਹਿੰਮ 'ਚ ਸ਼ਾਮਿਲ ਹੋਣ ਤੇ ਇਸਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸਹਿਯੋਗ ਦੇਣ। 
ਵੱਲੋਂ : ਪਗੜੀ ਸੰਭਾਲ ਮੁਹਿੰਮ ਕਮੇਟੀ ਪੰਜਾਬ
ਜਾਰੀ ਕਰਤਾ : ਲਛਮਣ ਸਿੰਘ ਸੇਵੇਵਾਲਾ, ਕਨਵੀਨਰ 94170-79170

Sunday, 1 January 2012

ਵੋਟਾਂ ਦੇ ਰਾਮ ਰੌਲੇ 'ਚ ਨੌਜਵਾਨਾਂ ਵੱਲੋਂ ਰੈਲੀ ਅਤੇ ਮੁਜ਼ਹਾਰਾ


ਨੌਜਵਾਨ ਭਾਰਤ ਸਭਾ ਦੇ ਸੱਦੇ 'ਤੇ ਅੱਜ ਬਠਿੰਡਾ ਸ਼ਹਿਰ 'ਚ ਇਕੱਠੇ ਹੋਏ ਨੌਜਵਾਨਾਂ-ਵਿਦਿਆਰਥੀਆਂ ਵੱਲੋਂ ਵੋਟਾਂ ਦੇ ਰਾਮ ਰੌਲੇ ਦੌਰਾਨ ਨੌਜਵਾਨਾਂ ਦੇ ਮਸਲੇ ਉਭਾਰਨ ਲਈ ਰੈਲੀ ਅਤੇ ਮੁਜ਼ਹਾਰਾ
ਬਠਿੰਡਾ 'ਚ ਅੱਜ ਨੌਜਵਾਨ ਭਾਰਤ ਸਭਾ ਦੇ ਸੱਦੇ 'ਤੇ ਇਕੱਠੇ ਹੋਏ ਸੈਂਕੜੇ ਨੌਜਵਾਨਾਂ-ਵਿਦਿਆਰਥੀਆਂ ਨੇ ਵੋਟਾਂ ਦੇ ਮਾਹੌਲ ਦੌਰਾਨ ਨੌਜਵਾਨਾਂ ਦੇ ਹਕੀਕੀ ਮਸਲੇ ਉਭਾਰਨ ਲਈ ਸ਼ਹਿਰ 'ਚ ਪ੍ਰਦਰਸ਼ਨ ਕੀਤਾ। ਪਹਿਲਾਂ ਮਿੰਨੀ ਸਕੱਤਰੇਤ ਮੂਹਰੇ ਇਕੱਠੇ ਹੋਏ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਸਕੱਤਰ ਪਾਵੇਲ ਕੁੱਸਾ ਨੇ ਕਿਹਾ ਕਿ ਇਹਨਾਂ ਦਿਨਾਂ ਦੌਰਾਨ ਸਾਰੀਆਂ ਹਾਕਮ ਜਮਾਤੀ ਵੋਟ ਪਾਰਟੀਆਂ ਨੌਜਵਾਨਾਂ ਨੂੰ ਤਰ•ਾਂ ਤਰ•ਾਂ ਦੇ ਲਾਰੇ ਅਤੇ ਨਾਅਰਿਆਂ ਨਾਲ ਆਪਣੇ ਮਗਰ ਖਿੱਚਣ ਦਾ ਯਤਨ ਕਰ ਰਹੀਆਂ ਹਨ ਅਤੇ ਆਪਣੇ ਸੌੜੇ ਸਿਆਸੀ ਮੰਤਵਾਂ ਲਈ ਵਰਤਦੀਆਂ ਹਨ। ਨਸ਼ੇ ਅਤੇ ਹੋਰ ਕਈ ਤਰ•ਾਂ ਦੇ ਲਾਲਚ ਸੁੱਟ ਕੇ ਨੌਜਵਾਨਾਂ ਦਾ ਘਾਣ ਕਰਦੀਆਂ ਹਨ। ਆਪਣੇ ਆਪਣੇ ਲੱਠਮਾਰ ਗਰੋਹ ਖੜ•ੇ ਕਰਕੇ ਨੌਜਵਾਨਾਂ ਨੂੰ ਆਪੋ 'ਚ ਲੜਾ ਕੇ ਉਹਨਾਂ ਦੀ ਤਾਕਤ ਖੋਰਦੀਆਂ ਹਨ। ਇਹਨਾਂ ਨੌਜਵਾਨਾਂ ਨੂੰ ਸਿੱਖਿਆ ਅਤੇ ਰੁਜ਼ਗਾਰ ਦੇ ਕੇ ਭਵਿੱਖ ਸਵਾਰਨ ਦਾ ਨਾ ਤਾਂ ਕੋਈ ਪ੍ਰੋਗਰਾਮ ਹੈ ਅਤੇ ਨਾ ਹੀ ਕੋਈ ਇਰਾਦਾ। ਸਗੋਂ ਸਾਰੀਆਂ ਪਾਰਟੀਆਂ ਦੀ ਅਖੌਤੀ ਆਰਥਿਕ ਸੁਧਾਰ ਲਾਗੂ ਕਰਨ 'ਤੇ ਇੱਕਮਤਤਾ ਹੈ। ਇਹ ਨੀਤੀਆਂ ਸਿੱਖਿਆ ਅਤੇ ਰੁਜ਼ਗਾਰ ਦਾ ਉਜਾੜਾ ਕਰ ਰਹੀਆਂ ਹਨ ਅਤੇ ਨੌਜਵਾਨ ਪੀੜ•ੀ ਹਨ•ੇਰੇ ਭਵਿੱਖ ਵੱਲ ਧੱਕੀ ਜਾ ਰਹੀ ਹੈ। ਨੌਜਵਾਨਾਂ ਨੇ ਹੁਣ ਤੱਕ ਜੋ ਵੀ ਰੁਜ਼ਗਾਰ ਹਾਸਲ ਕੀਤਾ ਹੈ ਉਹ ਆਪਣੀ ਏਕਤਾ ਅਤੇ ਸੰਘਰਸ਼ਾਂ ਦੇ ਜ਼ੋਰ ਹੀ ਕੀਤਾ ਹੈ। ਤੇ ਅਗਾਂਹ ਨੂੰ ਵੀ ਆਪਣੀ ਏਕਤਾ ਅਤੇ ਸੰਘਰਸ਼ਾਂ 'ਤੇ ਟੇਕ ਰੱਖ ਕੇ ਹੀ ਭਵਿੱਖ ਸੰਵਾਰਨ ਲਈ ਕੁੱਝ ਕੀਤਾ ਜਾ ਸਕਦਾ ਹੈ। ਸਭਨਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਰੁਜ਼ਗਾਰ ਮੰਗਦੇ ਨੌਜਵਾਨਾਂ 'ਤੇ ਜਬਰ ਕੀਤਾ ਹੈ, ਜੇਲ•ਾਂ 'ਚ ਸੁੱਟਿਆ ਹੈ। ਉਹਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਵੋਟਾਂ ਦੌਰਾਨ ਪਾਰਟੀਆਂ ਦੀਆਂ ਭਟਕਾਊ ਚਾਲਾਂ ਅਤੇ ਨਸ਼ਿਆਂ ਦੇ ਜਾਲ ਤੋਂ ਬਚਣ, ਉਹਨਾਂ ਦੇ ਲੱਠਮਾਰ ਗਰੋਹਾਂ ਦਾ ਅੰਗ ਨਾ ਬਣਨ ਸਗੋਂ ਆਪਸੀ ਏਕਤਾ ਮਜਬੂਤ ਕਰਕੇ ਜੱਥੇਬੰਦ ਹੋਣ ਅਤੇ ਸਸਤੀ ਸਿੱਖਿਆ ਅਤੇ ਪੱਕੇ ਰੁਜ਼ਗਾਰ ਦੀ ਮੰਗ ਕਰਨ। 
ਇਸ ਮੌਕੇ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਕਮੇਟੀ ਮੈਂਬਰ ਮਨਪ੍ਰੀਤ ਸਿੰਘ ਅਤੇ ਸੁਮੀਤ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਵੋਟਾਂ ਤੋਂ ਭਲੇ ਦੀ ਝਾਕ ਛੱਡ ਕੇ ਸ਼ਹੀਦ ਭਗਤ ਸਿੰਘ ਦੇ ਇਨਕਲਾਬੀ ਰਾਹ 'ਤੇ ਅੱਗੇ ਵਧਣਾ ਚਾਹੀਦਾ ਹੈ। ਵੋਟਾਂ ਰਾਹੀਂ ਸਿਰਫ਼ ਹਾਕਮ ਬਦਲਦੇ ਹਨ ਜਦੋਂਕਿ ਕਿਰਤੀ ਲੋਕਾਂ ਦੀ ਲੁੱਟ ਜਿਉਂ ਦੀ ਤਿਉਂ ਬਰਕਰਾਰ ਰਹਿੰਦੀ ਹੈ। ਲੋਕਾਂ ਦੀ ਲੁੱਟ ਅਤੇ ਜਬਰ ਤੋਂ ਮੁਕਤੀ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਰਾਜ ਅਤੇ ਸਮਾਜ ਉਸਾਰ ਕੇ ਹੀ ਹੋ ਸਕਦੀ ਹੈ ਅਤੇ ਇਹ ਇਨਕਲਾਬੀ ਤਬਦੀਲੀ ਵੋਟਾਂ ਰਾਹੀਂ ਨਹੀਂ ਸਗੋਂ ਲੋਕਾਂ ਦੇ ਸੰਘਰਸ਼ਾਂ ਦੇ ਜ਼ੋਰ ਹੀ ਲਿਆਂਦੀ ਜਾ ਸਕਦੀ ਹੈ। ਇਸ ਲਈ ਵੋਟਾਂ ਤੋਂ ਭਲੇ ਦੀ ਝਾਕ ਛੱਡ ਕੇ ਸਭਨਾਂ ਕਮਾਊ ਲੋਕਾਂ ਨੂੰ ਆਪਣੀ ਏਕਤਾ ਮਜ਼ਬੂਤ ਕਰਦਿਆਂ ਸਾਂਝੇ ਸੰਘਰਸ਼ਾਂ ਨੂੰ ਉਚੇਰੀ ਪੱਧਰ 'ਤੇ ਲੈ ਕੇ ਜਾਣਾ ਚਾਹੀਦਾ ਹੈ। ਮੁਜ਼ਾਹਰੇ ਦੌਰਾਨ ਐਲਾਨ ਕੀਤਾ ਗਿਆ ਕਿ ਨੌਜਵਾਨਾ ਅਤੇ ਆਮ ਲੋਕਾਂ ਤੱਕ ਇਹ ਸੁਨੇਹਾ ਲੈ ਕੇ ਜਾਣ ਲਈ ਜਨਵਰੀ 'ਚ ਮਹੀਨੇ ਭਰ ਦੀ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ ਅਤੇ ਮੀਟਿੰਗਾ, ਰੈਲੀਆਂ ਦੀ ਲੜੀ ਚਲਾਈ ਜਾਵੇਗੀ।
ਰੈਲੀ 'ਚ ਆਈ.ਟੀ.ਆਈ ਬਠਿੰਡਾ ਦੇ ਵਿਦਿਆਰਥੀ ਵੀ ਚੰਗੀ ਗਿਣਤੀ 'ਚ ਸ਼ਾਮਲ ਹੋਏ। ਮੁਜਾਹਰੇ 'ਚ ਆਉਣ ਤੋਂ ਪਹਿਲਾਂ ਵਿਦਿਆਰਥੀਆਂ ਵੱਲੋਂ ਕਾਲਜ ਵਿੱਚ ਰੈਲੀ ਵੀ ਕੀਤੀ ਗਈ। ਸ਼ਹਿਰ ਦੇ ਭਰੇ ਬਾਜ਼ਾਰਾਂ 'ਚ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਕੋਲ ਬੈਨਰ ਅਤੇ ਤਖਤੀਆਂ ਚੁੱਕੀਆਂ ਹੋਈਆਂ ਸਨ ਅਤੇ ਜੋਰਦਾਰ ਨਾਅਰੇ ਲਗਾਏ ਜਾ ਰਹੇ ਸਨ। 'ਵੋਟਾਂ ਤੋਂ ਭਲੇ ਦੀ ਝਾਕ ਮੁਕਾਓ-ਭਗਤ ਸਿੰਘ ਦਾ ਰਾਹ ਅਪਣਾਓ', 'ਵੋਟਾਂ ਨੇ ਨਹੀਂ ਲਾਉਣਾ ਪਾਰ-ਲੜਨਾ ਪੈਣਾ ਬੰਨ• ਕਤਾਰ' ਦੇ ਨਾਅਰਿਆਂ ਰਾਹੀਂ ਆਪਣਾ ਸੁਨੇਹਾ ਵੰਡਿਆ ਗਿਆ। ਇਸਤੋਂ ਬਿਨਾਂ ਸਭਾ ਦੇ ਆਗੂਆਂ ਅਸ਼ਵਨੀ ਕੁਮਾਰ ਘੁੱਦਾ, ਜਗਮੀਤ ਸਿੰਘ, ਸਵਰਨਜੀਤ ਸਿੰਘ ਭਗਤਾ ਨੇ ਵੀ ਸੰਬੋਧਨ ਕੀਤਾ।




Saturday, 24 December 2011

ਬੇਰੁਜ਼ਗਾਰ ਨੌਜਵਾਨਾਂ ਦੇ ਨਾਮ ਸਭਾ ਦਾ ਸੱਦਾ — ਇੱਕ ਲੀਫ਼ਲੈੱਟ


ਰੱਖ ਜਵਾਨੀ ਬੇਰੁਜ਼ਗਾਰ,                                                                                               ਲੱਖਾਂ ਹੱਥ ਤੇ ਸਿਰ ਬੇਕਾਰ,
ਆਪਣੀ ਕਬਰ ਪੁੱਟੇ ਸਰਕਾਰ।                                                                         ਕੌਮ ਦੀ ਦੌਲਤ ਰੁਲੇ ਲਾਚਾਰ।
ਜੂਝਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸੱਦਾ
'ਕੱਲੇ 'ਕੱਲੇ ਮਾਰ ਨਾ ਖਾਓ, 'ਕੱਠੇ ਹੋ ਕੇ ਅੱਗੇ ਆਓ 
ਬੇਰੁਜ਼ਗਾਰ ਨੌਜਵਾਨ ਸਾਥੀਓ,
ਸਾਨੂੰ ਕਰਨ ਲਈ ਕੰਮ ਮਿਲੇ, ਕੀਤੇ ਕੰਮ ਦਾ ਪੂਰਾ ਮੁੱਲ ਮਿਲੇ ਅਤੇ ਅਸੀਂ ਮਾਣ-ਸਨਮਾਨ ਵਾਲੀ ਖੁਸ਼ਹਾਲ ਜਿੰਦਗੀ ਜਿਓਂ ਸਕੀਏ, ਇਹ ਸਾਡੀ ਸਭਨਾਂ ਦੀ ਜ਼ਰੂਰਤ ਹੈ। ਏਸੇ ਦੀ ਪੂਰਤੀ ਲਈ ਆਪਾਂ ਮਾਪਿਆਂ ਦੀਆਂ ਕਮਾਈਆਂ ਖਰਚ ਕੇ ਮਹਿੰਗੀਆਂ ਪੜ•ਾਈਆਂ ਕੀਤੀਆਂ, ਵੱਧ ਤੋਂ ਵੱਧ ਅੰਕ ਹਾਸਲ ਕਰਨ ਲਈ ਤਾਣ ਲਾਇਆ, ਟਿਊਸ਼ਨਾਂ ਪੜ•ੀਆਂ ਪਰ ਇਹ ਸਾਰਾ ਕੁੱਝ ਕਰ ਕੇ ਵੀ ਅਸੀਂ ਗੁਜ਼ਾਰੇ ਲਾਇਕ ਰੁਜ਼ਗਾਰ ਦੇ ਹੱਕਦਾਰ ਨਹੀਂ ਹੋ ਸਕੇ। 
ਸਾਡੇ 'ਚੋਂ ਇੱਕ ਹਿੱਸੇ ਨੇ ਇਹ ਸਮਝ ਲਿਆ ਹੈ ਕਿ ਰੁਜ਼ਗਾਰ ਦਾ ਹੱਕ ਸਿਰਫ਼ ਪੜ•ਾਈਆਂ ਕਰ ਕੇ ਹੀ ਹਾਸਲ ਨਹੀਂ ਹੁੰਦਾ, ਸਗੋਂ ਸਰਕਾਰ ਤੋਂ ਖੋਹਣਾ ਪੈਂਦਾ ਹੈ। ਇਸ ਚੇਤਨ ਹਿੱਸੇ ਨੇ ਰੁਜ਼ਗਾਰ ਦੇ ਹੱਕ ਲਈ ਆਵਾਜ਼ ਉੱਚੀ ਕੀਤੀ ਹੈ, ਸੰਘਰਸ਼ਾਂ ਦਾ ਰਾਹ ਫੜਿਆ ਹੈ। ਸਰਕਾਰ ਨੂੰ ਸਾਡੀ ਰੁਜ਼ਗਾਰ ਦੀ ਅਣਸਰਦੀ ਲੋੜ ਦਾ ਅਹਿਸਾਸ ਕਰਵਾਉਣ ਲਈ ਕਈ ਬੇਰੁਜ਼ਗਾਰ ਨੌਜਵਾਨਾਂ ਨੇ ਭੁੱਖਾਂ, ਤ੍ਰੇਹਾਂ ਕੱਟੀਆਂ, ਕਈਆਂ ਨੇ ਤਿੱਖੜ ਦੁਪਹਿਰਾਂ ਅਤੇ ਪੋਹ ਦੀਆਂ ਰਾਤਾਂ ਖੁੱਲੇ ਅਸਮਾਨ ਹੇਠ ਗੁਜਾਰੀਆਂ। ਸਾਡੀ ਇੱਕ ਭੈਣ ਕਿਰਨਜੀਤ ਕੌਰ ਨੇ ਆਪਣੇ ਆਪ ਨੂੰ ਅੱਗ ਦੀਆਂ ਲਾਟਾਂ ਹਵਾਲੇ ਕਰ ਦਿੱਤਾ, ਬੇਹੱਦ ਗਰੀਬ ਮਾਪਿਆਂ ਦੀਆਂ ਆਸਾਂ ਦਾ ਸਹਾਰਾ ਜ਼ਿਲ•ਾ ਸਿੰਘ ਤੁਰ ਗਿਆ। ਪਰ ਇਸ ਸਰਕਾਰ ਦਾ ਦਿਲ ਨਹੀਂ ਪਸੀਜਿਆ। ਸਗੋਂ ਇਸ ਸਰਕਾਰ ਨੇ ਸਾਨੂੰ ਰੁਜ਼ਗਾਰ ਮੰਗਣ ਦੀ 'ਗੁਸਤਾਖੀ' ਕਰਨ ਦੀ 'ਸਜ਼ਾ' ਦੇਣ 'ਚ ਕੋਈ ਕਸਰ ਨਹੀਂ ਛੱਡੀ। ਸਾਡੇ 'ਤੇ ਅੰਨ•ਾ ਜਬਰ ਢਾਹਿਆ ਜਾ ਰਿਹਾ ਹੈ। ਆਏ ਦਿਨ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਛੱਲੀਆਂ ਵਾਂਗ ਕੁੱਟਿਆ ਜਾਂਦਾ ਹੈ, ਪੁਲਸ ਅਫ਼ਸਰਾਂ ਅਤੇ ਅਕਾਲੀ ਜੱਥੇਦਾਰਾਂ ਦੇ ਬੂਟਾਂ ਹੇਠ ਰੋਲਿਆ ਜਾਂਦਾ ਹੈ, ਜੇਲ•ਾਂ 'ਚ ਡੱਕਿਆ ਜਾਂਦਾ ਹੈ। 
ਜਦੋਂ ਸਰਕਾਰ ਦੇ ਇਸ ਜਬਰ ਮੂਹਰੇ ਵੀ ਬੇਰੁਜ਼ਗਾਰ ਨੌਜਵਾਨਾਂ ਦੀ ਕੋਈ ਵੰਨਗੀ ਅਡੋਲ ਰਹਿੰਦੀ ਹੈ, ਸਿਦਕਦਿਲੀ ਨਾਲ ਜਬਰ ਦਾ ਟਾਕਰਾ ਕਰਦੀ ਹੈ, ਥੱਕ ਹਾਰ ਕੇ ਘਰ ਨਹੀਂ ਬੈਠਦੀ ਤਾਂ ਉਹਨੂੰ ਲਾਰਿਆਂ ਨਾਲ ਵਰਾਇਆ ਜਾਂਦਾ ਹੈ। ਮੀਟਿੰਗਾਂ ਕਰ ਕੇ ਸਮਾਂ ਲੰਘਾਇਆ ਜਾਂਦਾ ਹੈ। ਆਪੋ ਵਿੱਚ ਪਾੜਨ ਦੀਆਂ ਚਾਲਾਂ ਚੱਲੀਆਂ ਜਾਂਦੀਆਂ ਹਨ, ਪਰ ਰੁਜ਼ਗਾਰ ਨਹੀਂ ਦਿੱਤਾ ਜਾਂਦਾ। ਚੋਣਾਂ ਦੇ ਦਿਨਾਂ 'ਚ ਵੀ ਨਹੀਂ। ਜਦੋਂ ਅਕਾਲੀ-ਭਾਜਪਾ ਸਰਕਾਰ ਲੋਕਾਂ ਨੂੰ ਰਿਐਤਾਂ-ਸਹੂਲਤਾਂ ਵੰਡਣ ਦੇ ਦਾਅਵੇ ਕਰ ਰਹੀ ਹੈ, ਲੱਖਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਫੋਕੇ ਐਲਾਨਾਂ ਨਾਲ ਵੋਟਾਂ ਵਟੋਰਨ ਨੂੰ ਫਿਰਦੀ ਹੈ। ਜਦੋਂ ਇੱਕ ਪਾਸੇ, ਸਭਨਾਂ ਸਰਕਾਰੀ ਮਹਿਕਮਿਆਂ 'ਚ ਹਜ਼ਾਰਾਂ ਦੀ ਗਿਣਤੀ 'ਚ ਅਸਾਮੀਆਂ ਖਾਲੀ ਹਨ ਅਤੇ ਦੂਜੇ ਪਾਸੇ ਨੌਜਵਾਨ ਰੁਜ਼ਗਾਰ ਲਈ ਸੜਕਾਂ 'ਤੇ ਨਿਕਲ ਰਹੇ ਹਨ, ਚੋਣਾਂ ਸਿਰ 'ਤੇ ਹਨ ਪਰ ਸਰਕਾਰ ਰੁਜ਼ਗਾਰ ਨਾ ਦੇਣ 'ਤੇ ਬਜਿੱਦ ਹੈ! ਅਜਿਹਾ ਕਿਉਂ?
ਨਿੱਜੀਕਰਨ ਦੀ ਨੀਤੀ­—ਰੁਜ਼ਗਾਰ ਉਜਾੜਨ ਦੀ ਨੀਤੀ ਹੈ
·                    ਹੋਰਨਾਂ ਸਰਕਾਰਾਂ ਵਾਂਗ ਅਕਾਲੀ-ਭਾਜਪਾ ਸਰਕਾਰ ਵੀ ਸੰਸਾਰੀਕਰਨ ਨਿੱਜੀਕਰਨ ਦੀ ਨੀਤੀ 'ਤੇ ਚੱਲ ਰਹੀ ਹੈ। ਇਹ ਨੀਤੀ ਦੇਸ਼ ਦੇ ਮਾਲ ਖਜ਼ਾਨਿਆਂ ਨੂੰ ਵੱਡੇ ਧਨਾਢਾਂ ਅਤੇ ਸਾਮਰਾਜੀ ਕੰਪਨੀਆਂ ਦੇ ਹਵਾਲੇ ਕਰਨ ਦੀ ਹੈ। ਲੋਕਾਂ ਦੀ ਸੇਵਾ ਦੇ ਅਦਾਰਿਆਂ ਨੂੰ ਬਹੁ-ਕੌਮੀ ਕੰਪਨੀਆਂ ਲਈ ਮੁਨਾਫੇ ਦੇ ਸਾਧਨਾਂ 'ਚ ਬਦਲਣ ਦੀ ਹੈ। ਇਸ ਲਈ ਸਿੱਖਿਆ, ਸਿਹਤ, ਟਰਾਂਸਪੋਰਟ, ਬਿਜਲੀ ਬੋਰਡ ਅਤੇ ਦੂਰ ਸੰਚਾਰ ਵਰਗੇ ਮਹਿਕਮੇ ਇਨ•ਾਂ ਹਵਾਲੇ ਕੀਤੇ ਜਾ ਰਹੇ ਹਨ।
·                    ਨਿੱਜੀ ਮਾਲਕ ਘੱਟ ਤੋਂ ਘੱਟ ਮੁਲਾਜ਼ਮਾਂ ਕੋਲੋਂ ਵੱਧ ਤੋਂ ਵੱਧ ਕੰਮ ਲੈਣ ਦੀ ਨੀਤੀ 'ਤੇ ਚਲਦਾ ਹੈ। ਪੱਕੇ ਰੁਜ਼ਗਾਰ ਦੀ ਥਾਂ ਠੇਕਾ ਰੁਜ਼ਗਾਰ ਲਾਗੂ ਕਰਦਾ ਹੈ। ਤਨਖਾਹਾਂ ਨਿਗੂਣੀਆਂ ਰੱਖਦਾ ਹੈ, ਹੋਰਨਾਂ ਸਹੂਲਤਾਂ 'ਤੇ ਕੱਟ ਲਾਉਂਦਾ ਹੈ। ਲੋਕਾਂ ਤੋਂ ਮੋਟੀਆਂ ਰਕਮਾਂ ਉਗਰਾਹੁੰਦਾ ਹੈ। ਇਉਂ ਮੁਨਾਫ਼ਾ ਵਧਦਾ ਹੈ।
·                    ਪੂਰੇ ਦੇਸ਼ 'ਚ ਲੋਕਾਂ ਦੀਆਂ ਕਮਾਈਆਂ 'ਤੇ ਪੈ ਰਹੇ ਡਾਕੇ ਇਸੇ ਨੀਤੀ ਦਾ ਸਿੱਟਾ ਹਨ। ਖੇਤੀ ਅਤੇ ਸਨਅਤ ਵੀ ਤਬਾਹ ਹੋ ਰਹੀ ਹੈ, ਉੱਥੇ ਵੀ ਰੁਜ਼ਗਾਰ ਦੇ ਮੌਕੇ ਸੁੰਗੜ ਰਹੇ ਹਨ, ਦੇਸ਼ ਭਰ 'ਚ ਬੇਰੁਜ਼ਗਾਰੀ ਫੈਲ ਰਹੀ ਹੈ। ਦੇਸ਼ ਦੀ ਆਰਥਿਕਤਾ ਦੇ ਸਾਰੇ ਖੇਤਰ ਸਾਮਰਾਜੀ ਕੰਪਨੀਆਂ ਦੀ ਲੁੱਟ ਲਈ ਖੋਲ•ੇ ਜਾ ਰਹੇ ਹਨ।
·                    ਲੋਕਾਂ ਦੀ ਕਮਾਈ ਨਾਲ ਭਰਦੇ ਦੇਸ਼ ਦੇ ਖਜ਼ਾਨੇ ਦਾ ਮੂੰਹ ਵੱਡੀਆਂ ਕੰਪਨੀਆਂ ਵੱਲ ਕੀਤਾ ਹੋਇਆ ਹੈ। ਇਹ ਖਜ਼ਾਨਾ ਲੋਕਾਂ ਲਈ ਰੁਜ਼ਗਾਰ ਪੈਦਾ ਕਰਨ ਅਤੇ ਦੇਸ਼ ਦੇ ਵਿਕਾਸ ਦੇ ਲੇਖੇ ਨਹੀਂ ਲੱਗਦਾ। ਸਗੋਂ ਅਮੀਰਾਂ ਨੂੰ ਟੈਕਸ ਛੋਟਾਂ, ਰਿਆਇਤਾਂ ਦੇ ਗੱਫੇ ਦੇਣ ਦੇ ਕੰਮ ਆਉਂਦਾ ਹੈ। ਜਿਵੇਂ 2009-10, 2010-11 ਦੇ  ਵਿੱਤੀ ਸਾਲਾਂ ਦੌਰਾਨ ਦੇਸੀ-ਵਿਦੇਸ਼ੀ ਵੱਡੇ ਧਨਾਢਾਂ ਨੂੰ ਲਗਭਗ 9 ਲੱਖ ਕਰੋੜ ਦੀ ਸਬਸਿਡੀ ਦਿੱਤੀ ਗਈ ਹੈ, ਜਦੋਂ ਕਿ ਆਮ ਲੋਕਾਂ ਲਈ ਇਹੀ ਸਬਸਿਡੀ 3 ਲੱਖ ਕਰੋੜ ਹੈ। ਲੋਕਾਂ ਲਈ ਖਾਲੀ ਪਏ ਇਸ ਖਜ਼ਾਨੇ 'ਚੋਂ ਪੰਜਾਬ ਦਾ ਮੁੱਖ ਮੰਤਰੀ ਸਿਰਫ਼ ਆਪਣੇ ਤੋਰੇ ਫੇਰੇ ਲਈ ਮਹੀਨੇ ਦੇ 2 ਕਰੋੜ 40 ਲੱਖ ਖਰਚ ਸਕਦਾ ਹੈ।
·                    ਸਰਕਾਰ ਨਿੱਜੀਕਰਨ ਦੀ ਨੀਤੀ ਲਾਗੂ ਕਰਨ ਲਈ ਪੱਬਾਂ ਭਾਰ ਹੈ। ਇਸ ਲਈ ਜੇਕਰ ਕਿਸੇ ਬੇਰੁਜ਼ਗਾਰ ਟੁਕੜੀ ਦੇ ਸੰਘਰਸ਼ ਦੀ ਦਾਬ ਮੰਨ ਕੇ ਨੌਕਰੀ ਦੇਣ ਦਾ ਕੌੜਾ ਅੱਕ ਚੱਬਣਾ ਵੀ ਪੈਂਦਾ ਹੈ ਤਾਂ ਠੇਕਾ ਰੁਜ਼ਗਾਰ ਦੀ ਸ਼ਰਤ ਮੜ•ੀ ਜਾਂਦੀ ਹੈ। ਨਿਗੂਣੀਆਂ ਤਨਖਾਹਾਂ ਅਤੇ ਔਖੀਆਂ ਕੰਮ ਸ਼ਰਤਾਂ ਮੜ•ੀਆਂ ਜਾਂਦੀਆਂ ਹਨ। ਇਸ ਨੀਤੀ ਦੇ ਲਾਗੂ ਰਹਿੰਦਿਆਂ ਸਾਨੂੰ ਰੈਗੂਲਰ ਰੁਜ਼ਗਾਰ ਨਸੀਬ ਨਹੀਂ ਹੋ ਸਕਦਾ।
ਏਕਤਾ ਵੱਡੀ ਕਰੋ, ਸਾਰੇ ਰਲ਼ਕੇ ਰੁਜ਼ਗਾਰ ਗਰੰਟੀ ਦੀ ਮੰਗ ਕਰੋ
ਸਾਨੂੰ ਆਪਣੇ ਸੰਘਰਸ਼ਾਂ ਦੀ ਧਾਰ ਨਿੱਜੀਕਰਨ ਦੀ ਨੀਤੀ ਖਿਲਾਫ ਸੇਧਤ ਕਰਨੀ ਚਾਹੀਦੀ ਹੈ। ਇਸ ਨੀਤੀ ਖਿਲਾਫ ਲੜਨ ਲਈ ਸਾਨੂੰ ਮਜ਼ਬੂਤ ਏਕਤਾ ਵਾਲੀ ਵਿਸ਼ਾਲ ਨੌਜਵਾਨ ਲਹਿਰ ਉਸਾਰਨੀ ਚਾਹੀਦੀ ਹੈ। ਬੇਰੁਜ਼ਗਾਰਾਂ ਦੀਆਂ ਵੱਖ-ਵੱਖ ਟੁਕੜੀਆਂ 'ਕੱਲੀਆਂ ਰਹਿ ਕੇ ਇਸ ਨੀਤੀ ਨੂੰ ਮਾਤ ਨਹੀਂ ਦੇ ਸਕਦੀਆਂ। ਅਜਿਹਾ ਸਭਨਾਂ ਬੇਰੁਜ਼ਗਾਰਾਂ ਦੇ ਸਾਂਝੇ ਅਤੇ ਇੱਕਜੁਟ ਹੰਭਲੇ ਰਾਹੀਂ ਹੀ ਸੰਭਵ ਹੋ ਸਕਦਾ ਹੈ। ਇਹਨਾਂ ਨੀਤੀਆਂ ਖਿਲਾਫ਼ ਲੜ ਰਹੇ ਹੋਰਨਾਂ ਲੋਕ ਹਿੱਸਿਆਂ ਨਾਲ ਸਾਂਝ ਪਾ ਕੇ ਹੀ ਸੰਭਵ ਹੋ ਸਕਦਾ ਹੈ। ਸਾਨੂੰ ਆਪਣੀ ਖਿੰਡੀ-ਪੁੰਡੀ ਸਾਰੀ ਤਾਕਤ ਨੂੰ ਇਕੱਠੀ ਕਰਨਾ ਚਾਹੀਦਾ ਹੈ। ਹਾਕਮ ਸਾਨੂੰ ਆਪੋ 'ਚ ਪਾੜ ਕੇ ਸਾਡੀ ਤਾਕਤ ਨੂੰ ਕਮਜ਼ੋਰ ਕਰਕੇ ਰੱਖਣਾ ਚਾਹੁੰਦੇ ਹਨ। ਸਾਡੇ 'ਚ ਵੱਖ ਵੱਖ ਕੈਟਾਗਰੀਆਂ ਦੀਆਂ ਨਕਲੀ ਵੰਡੀਆਂ ਖੜ•ੀਆਂ ਕਰਦੇ ਹਨ। ਇੱਕ ਕੈਟਾਗਿਰੀ ਨੌਕਰੀ ਨਾ ਮਿਲਣ ਦਾ ਕਾਰਨ ਦੂਸਰੀ ਕੈਟਾਗਿਰੀ ਨੂੰ ਸਮਝਦੀ ਹੈ। ਜਦੋਂ ਕੇ ਸਾਨੂੰ ਸਭਨਾਂ ਬੇਰੁਜ਼ਗਾਰਾਂ ਨੂੰ ਰਲ਼ ਕੇ ਜੂਝਣ ਵੱਲ ਕਦਮ ਵਧਾਉਣੇ ਚਾਹੀਦੇ ਹਨ। ਜਦੋਂ ਦੁਸ਼ਮਣ ਸਾਂਝਾ ਹੈ, ਮੰਗ ਸਾਂਝੀ ਹੈ ਤਾਂ ਅਸੀਂ ਵੱਖੋ-ਵੱਖਰੇ ਕਿਉਂ?
ਸਭਨਾਂ ਨੌਜਵਾਨਾਂ ਨੂੰ ਵਿਸ਼ਾਲ ਏਕਤਾ ਕਾਇਮ ਕਰਕੇ ਰੁਜ਼ਗਾਰ ਗਾਰੰਟੀ ਦੀ ਮੰਗ ਕਰਨੀ ਚਾਹੀਦੀ ਹੈ। ਨਿਗੂਣੀ ਗਿਣਤੀ 'ਚ ਅਸਾਮੀਆਂ ਭਰ ਕੇ ਠੰਢਾ ਛਿੜਕਣ ਦੀ ਹਕੂਮਤੀ ਨੀਤੀ ਨੂੰ ਪਛਾੜਦਿਆਂ, ਸਭਨਾਂ ਮਹਿਕਮਿਆਂ 'ਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਭਰਨ ਅਤੇ ਹੋਰ ਅਸਾਮੀਆਂ ਪੈਦਾ ਕਰਨ ਦੀ ਮੰਗ ਕੀਤੀ ਜਾਵੇ। ਜਨਤਕ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਨ, ਖਾਲੀ ਪਈਆਂ ਅਸਾਮੀਆਂ ਨੂੰ ਖ਼ਤਮ ਕਰਨ ਦੀ ਨੀਤੀ ਰੱਦ ਕਰਨ ਲਈ ਸਾਂਝੀ ਆਵਾਜ਼ ਉੱਚੀ ਹੋਵੇ। ਰੁਜ਼ਗਾਰ ਦਾ ਉਜਾੜਾ ਕਰਨ ਵਾਲੀਆਂ ਨਿੱਜੀਕਰਨ ਅਤੇ ਵਪਾਰੀਕਰਨ ਦੀਆਂ ਨੀਤੀਆਂ ਰੱਦ ਕਰਨ ਦੀ ਮੰਗ ਕਰਨੀ ਚਾਹੀਦੀ ਹੈ। ਵਿਸ਼ਾਲ ਨੌਜਵਾਨ ਲਹਿਰ ਹੀ ਹਾਕਮਾਂ ਨੂੰ ਮਜ਼ਬੂਰ ਕਰ ਸਕਦੀ ਹੈ ਕਿ ਮੁਲਕ ਦੇ ਧਨ ਦੌਲਤਾਂ ਦੇ ਵਸੀਲੇ ਰੁਜ਼ਗਾਰ ਪੈਦਾ ਕਰਨ ਦੇ ਲੇਖੇ ਲਾਏ ਜਾਣ। ਸਰਕਾਰੀ ਖਜ਼ਾਨੇ ਦਾ ਮੂੰਹ ਜੋਕਾਂ ਦੀ ਥਾਂ ਲੋਕਾਂ ਵੱਲ ਖੋਲਿ•ਆ ਜਾਵੇ, ਵੱਡੀਆਂ ਸਾਮਰਾਜੀ ਬਹੁਕੌਮੀ ਕੰਪਨੀਆਂ ਅਤੇ ਦੇਸੀ ਧਨ ਕੁਬੇਰਾਂ ਨੂੰ ਟੈਕਸ ਛੋਟਾਂ ਦੇਣੀਆਂ ਬੰਦ ਕੀਤੀਆਂ ਜਾਣ। ਟੈਕਸ ਉਗਰਾਹੀਆਂ ਯਕੀਨੀ ਕਰ ਕੇ ਰੁਜ਼ਗਾਰ ਪੈਦਾ ਕਰਨ ਦੇ ਲੇਖੇ ਲੱਗਣ। ਸਿੱਖਿਆ ਸਿਹਤ ਅਤੇ ਹੋਰਨਾਂ ਜ਼ਰੂਰੀ ਸੇਵਾਵਾਂ ਲਈ ਬੱਜਟ ਕਟੌਤੀਆਂ ਦੀ ਨੀਤੀ ਰੱਦ ਕੀਤੀ ਜਾਵੇ।
ਵੋਟ ਪਾਰਟੀਆਂ ਤੋਂ ਬਚੋ, ਆਪਣੀ ਜੱਥੇਬੰਦਕ ਏਕਤਾ ਉਸਾਰੋ
ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਦੰਗਲ 'ਚ ਉਤਰੀਆਂ ਸਾਰੀਆਂ ਹਾਕਮ ਜਮਾਤੀ ਸਿਆਸੀ ਪਾਰਟੀਆਂ ਹਮੇਸ਼ਾਂ ਦੀ ਤਰ•ਾਂ ਲੋਕਾਂ ਨਾਲ ਰੰਗ ਬਰੰਗੇ ਵਾਅਦੇ ਕਰ ਰਹੀਆਂ ਹਨ। ਨੌਜਵਾਨਾਂ ਨੂੰ ਨੌਕਰੀਆਂ ਵੰਡਣ ਦੇ ਐਲਾਨ ਕੀਤੇ ਜਾ ਰਹੇ ਹਨ। ਪਰ ਇਹ ਐਲਾਨ ਫੋਕੇ ਹਨ। ਇਹ ਸਭ ਪਾਰਟੀਆਂ ਨਿੱਜੀਕਰਨ ਦੀ ਨੀਤੀ ਲਾਗੂ ਕਰਨ ਲਈ ਇੱਕਮਤ ਹਨ। ਇਹ ਨੀਤੀ ਰੁਜ਼ਗਾਰ ਦਾ ਉਜਾੜਾ ਕਰਦੀ ਹੈ। ਏਸੇ ਲਈ ਇਹ ਵਾਅਦੇ ਨਕਲੀ ਹਨ। ਇਹਨਾਂ ਸਭਨਾਂ ਪਾਰਟੀਆਂ ਨੇ ਲੋਕਾਂ 'ਤੇ ਵਾਰੋ-ਵਾਰੀ ਰਾਜ ਕੀਤਾ ਹੈ। ਜੋ ਅੱਜ ਬੇਰੁਜ਼ਗਾਰਾਂ ਨਾਲ ਬਾਦਲ ਦੇ ਰਾਜ 'ਚ ਹੋ ਰਿਹਾ ਹੈ, ਉਹੀ ਕੁਝ ਪੰਜ ਸਾਲ ਪਹਿਲਾਂ ਕਾਂਗਰਸ ਦੇ ਰਾਜ 'ਚ ਮਹਾਰਾਜਾ ਪਟਿਆਲਾ ਦੇ ਮਹਿਲਾਂ ਨੇੜੇ ਵਾਪਰਦਾ ਰਿਹਾ ਹੈ। 
ਇਹਨਾਂ ਵੋਟ ਪਾਰਟੀਆਂ ਤੋਂ ਭਲੇ ਦੀ ਆਸ ਨਹੀਂ ਰੱਖਣੀ ਚਾਹੀਦੀ। ਸਗੋਂ ਇਹਨਾਂ ਤੋਂ ਬਚਣ ਦੀ ਜ਼ਰੂਰਤ ਹੋ। ਇਹ ਪਾਰਟੀਆਂ ਸਾਡੀਆਂ ਯੂਨੀਅਨਾਂ ਅੰਦਰ ਘੁਸਪੈਠ ਕਰ ਕੇ ਸਾਡੀ ਏਕਤਾ ਖਿੰਡਾਉਂਦੀਆਂ ਹਨ। ਈ.ਟੀ.ਟੀ ਅਧਿਆਪਕ ਯੂਨੀਅਨ 'ਚ ਅਜਿਹਾ ਹੀ ਵਾਪਰਿਆ ਹੈ, ਏਕਤਾ ਕਮਜ਼ੋਰ ਹੋਈ ਹੈ। ਨੌਜਵਾਨ ਇਹਨਾਂ ਲਈ ਸਿਰਫ਼ ਵੋਟਾਂ ਹਨ, ਜਾਂ ਵੋਟਾਂ ਹਥਿਆਉਣ ਅਤੇ ਭੁਗਤਾਉਣ ਦਾ ਸਾਧਨ ਹਨ। ਇਹ ਵੱਖ ਵੱਖ ਲਾਲਚ ਸੁੱਟ ਕੇ ਨੌਜਵਾਨਾਂ ਨੂੰ ਆਪਣੇ ਮਗਰ ਘੜੀਸਣ ਦਾ ਯਤਨ ਕਰਦੀਆਂ ਹਨ। ਨਸ਼ਿਆਂ ਦੇ ਲੜ ਲਾ ਕੇ ਨੌਜਵਾਨਾਂ ਨੂੰ ਲੱਠਮਾਰ ਗਰੋਹਾਂ ਦਾ ਹਿੱਸਾ ਬਣਾਇਆ ਜਾਂਦਾ ਹੈ। ਪਾਰਟੀਆਂ ਦੇ ਚੋਣ ਪ੍ਰਚਾਰ ਤੋਂ ਲੈ ਕੇ ਪੋਲਿੰਗ ਬੂਥਾਂ 'ਤੇ ਕਬਜ਼ੇ ਕਰਨ ਤੱਕ ਨੌਜਵਾਨ ਸ਼ਕਤੀ ਵਰਤੀ ਜਾਂਦੀ ਹੈ ਅਤੇ ਵਰਤ ਕੇ ਪਰ•ਾਂ ਸੁੱਟ ਦਿੱਤੀ ਜਾਂਦੀ ਹੈ। ਇਹਨਾਂ ਪਾਰਟੀਆਂ ਦੇ ਅਜਿਹੇ ਜਾਲ ਤੋਂ ਬਚਣਾ ਚਾਹੀਦਾ ਹੈ ਅਤੇ ਇਹਨਾਂ ਲੜ ਲੱਗ ਕੇ ਆਪਣੀ ਤਾਕਤ ਖੋਰਨ ਦੀ ਥਾਂ ਆਪਣੀ ਵਿਸ਼ਾਲ ਏਕਤਾ ਕਾਇਮ ਕਰਕੇ ਜੱਥੇਬੰਦ ਨੌਜਵਾਨ ਤਾਕਤ ਦੀ ਉਸਾਰੀ ਕਰਨੀ ਚਾਹੀਦੀ ਹੈ, ਜਿਹੜੀ ਇਨ•ਾਂ ਮੌਕਾਪ੍ਰਸਤ ਵੋਟ ਪਾਰਟੀਆਂ ਦੇ ਚੁੰਗਲ ਤੋਂ ਮੁਕਤ ਹੋਵੇ। ਸਾਡੀ ਅਜਿਹੀ ਜੱਥੇਬੰਦਕ ਤਾਕਤ ਹੀ ਸਾਡੇ ਲਈ ਰੁਜ਼ਗਾਰ ਅਤੇ ਬਿਹਤਰ ਭਵਿੱਖ ਦੀ ਜ਼ਾਮਨ ਹੋ ਸਕਦੀ ਹੈ। ਹੁਣ ਤੱਕ ਦਾ ਤਜ਼ਰਬਾ ਵੀ ਇਹੀ ਦੱਸਦਾ ਹੈ। ਪਾਰਟੀਆਂ ਨੇ ਸਿਰਫ਼ ਲਾਰੇ ਵੰਡੇ ਹਨ ਅਤੇ ਜ਼ਬਰ ਢਾਹਿਆ ਹੈ। ਨੌਜਵਾਨਾਂ ਨੇ ਜਦੋਂ ਵੀ ਰੁਜ਼ਗਾਰ ਪ੍ਰਾਪਤ ਕੀਤਾ ਹੈ ਸਰਕਾਰ ਦੇ ਨੱਕ 'ਚ ਦਮ ਕਰ ਕੇ ਕੀਤਾ ਹੈ, ਸੰਘਰਸ਼ਾਂ ਦੇ ਜ਼ੋਰ ਕੀਤਾ ਹੈ। ਇਹੀ ਗੱਲ ਹੋਰਨਾਂ ਸੰਘਰਸ਼ਸ਼ੀਲ ਲੋਕਾਂ ਦੇ ਮਾਮਲੇ 'ਚ ਵੀ ਸੱਚ ਹੈ। ਭਾਵੇਂ ਸਰਕਾਰ ਕਿਸੇ ਵੀ ਪਾਰਟੀ ਦੀ ਬਣ ਜਾਵੇ ਸਾਡੀ ਟੇਕ ਤਾਂ ਆਪਣੀ ਜੱਥੇਬੰਦੀ ਅਤੇ ਸੰਘਰਸ਼ 'ਤੇ ਹੋਣੀ ਚਾਹੀਦੀ ਹੈ, ਕਿਉਂ ਜੋ ਸਾਡੇ ਮਸਲੇ ਏਸੇ ਨਾਲ ਹੱਲ ਹੋਣੇ ਹਨ। ਵੋਟਾਂ ਦੀ ਰੁੱਤ ਲੰਘ ਜਾਣ 'ਤੇ ਸਾਡੇ ਸੰਘਰਸ਼ ਮੱਠੇ ਨਹੀਂ ਪੈਣੇ ਚਾਹੀਦੇ ਸਗੋਂ ਜਾਰੀ ਰਹਿਣੇ ਚਾਹੀਦੇ ਹਨ, ਹੋਰ ਤਿੱਖੇ ਅਤੇ ਵਿਸ਼ਾਲ ਹੋਣੇ ਚਾਹੀਦੇ ਹਨ ਕਿਉਂਕਿ ਮੰਜ਼ਲ ਤੱਕ ਪੁੱਜਣ ਲਈ ਅਜੇ ਲੰਮਾ ਸਫ਼ਰ ਬਾਕੀ ਹੈ।
ਵੋਟਾਂ ਦੇ ਰਾਮ ਰੌਲੇ 'ਚ ਨੌਜਵਾਨਾਂ ਨੂੰ ਸਾਡਾ ਸੱਦਾ ਹੈ ਕਿ —

·        ਵੋਟਾਂ ਤੋਂ ਭਲੇ ਦੀ ਆਸ ਨਾ ਕਰੋ। ਆਪਣੀ ਜੱਥੇਬੰਦੀ ਮਜ਼ਬੂਤ ਕਰੋ, ਸੰਘਰਸ਼ ਦੀ ਤਿਆਰੀ ਕਰੋ।
·        ਵੋਟ ਪਾਰਟੀਆਂ ਵੱਲੋਂ ਸੁੱਟੇ ਜਾ ਰਹੇ ਨਸ਼ਿਆਂ ਅਤੇ ਹੋਰ ਭਟਕਾਊ ਚਾਲਾਂ ਤੋਂ ਬਚੋ।
·        ਵੋਟ ਪਾਰਟੀਆਂ ਦੇ ਲੱਠਮਾਰ ਗਰੋਹਾਂ ਦਾ ਅੰਗ ਨਾ ਬਣੋ।

·    ਵੋਟਾਂ ਦੇ ਇਸ ਰੌਲ਼ੇ 'ਚ ਆਪਣੇ ਮੁੱਦੇ ਉਭਾਰੋ। ਸਸਤੀ ਸਿੱਖਿਆ ਅਤੇ ਪੱਕੇ ਰੁਜ਼ਗਾਰ ਦੀ ਮੰਗ ਕਰੋ।
ਪ੍ਰਕਾਸ਼ਕ-ਪਾਵੇਲ ਕੁੱਸਾ, ਸੂਬਾ ਜੱਥੇਬੰਦਕ ਸਕੱਤਰ                              ਵੱਲੋਂ —
ਫੋਨ ਨੰ : 94170-54015                                         ਸੂਬਾ ਜੱਥੇਬੰਦਕ ਕਮੇਟੀ, ਨੌਜਵਾਨ ਭਾਰਤ ਸਭਾ।
ਮਿਤੀ-20/12/2011          ਈ.ਮੇਲ - pavelnbs11@gmail.com          www.naujwan.blogspot.com