Wednesday, 6 March 2013

Struggle on Women Question - Naujwan 5


ਔਰਤਾਂ ਦੀ ਸੁਰੱਖਿਆ ਦੇ ਮੁੱਦੇ 'ਤੇ ਸੰਘਰਸ਼

ਸਾਡੇ ਦੇਸ਼ 'ਚ ਔਰਤਾਂ ਸੁਰੱਖਿਅਤ ਨਹੀਂ ਹਨ। ਫਰੀਦਕੋਟ 'ਚ ਵਾਪਰੇ ਸ਼ਰੂਤੀ ਅਗਵਾ ਕਾਂਡ ਨਾਲ ਜੁੜਕੇ ਇਹ ਚਰਚਾ ਪੰਜਾਬ 'ਚ ਪਹਿਲਾਂ ਹੀ ਭਖੀ ਹੋਈ ਸੀ। ਦਿਨ ਦਿਹਾੜੇ ਵਾਪਰੀ ਨੰਗੀ ਚਿੱਟੀ ਧੱਕੇਸ਼ਾਹੀ ਨੇ ਪੰਜਾਬ ਦੇ ਲੋਕਾਂ ਦੇ ਮਨਾਂ ਅੰਦਰ ਔਰਤਾਂ ਲਈ ਅਸੁਰੱਖਿਅਤ ਹੋ ਰਹੇ ਹਾਲਾਤਾਂ ਬਾਰੇ ਗੰਭੀਰ ਸਰੋਕਾਰ ਜਗਾ ਦਿੱਤੇ ਸਨ। ਇਸ ਦੌਰਾਨ 16 ਦਸੰਬਰ ਨੂੰ ਰਾਜਧਾਨੀ 'ਚ ਵਾਪਰੀ ਬਲਾਤਕਾਰ ਅਤੇ ਕਤਲ ਦੀ ਹੌਲ਼ਨਾਕ ਘਟਨਾ ਨੇ ਮੁਲਕ ਭਰ 'ਚ ਹੀ ਔਰਤਾਂ ਤੇ ਹੁੰਦੇ ਜਬਰ ਜਿਨਾਹ ਦਾ ਮਸਲਾ ਹੋਰ ਜ਼ੋਰ ਨਾਲ ਉਭਾਰ ਕੇ ਸਾਹਮਣੇ ਲਿਆਂਦਾ। ਪਹਿਲਾਂ ਵੀ ਲੋਕਾਂ ਲਈ ਚਿੰਤਾ ਜਗਾਉਂਦਾ ਆ ਰਿਹਾ ਇਹ ਮਸਲਾ 16 ਤਰੀਕ ਤੋਂ ਬਾਅਦ ਸਿਰਫ਼ ਫਿਕਰ ਹੀ ਨਾ ਰਿਹਾ ਸਗੋਂ ਲੋਕਾਂ ਦੇ ਵੱਖ-ਵੱਖ ਹਿੱਸੇ ਹਰਕਤਸ਼ੀਲ ਵੀ ਹੋਏ। ਦਿਨੋਂ ਦਿਨ ਵਧ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਨੱਥ ਪਾਉਣ ਦੀ ਜ਼ੋਰਦਾਰ ਮੰਗ ਉੱਠੀ। ਮੁਲਕ ਦੀ ਰਾਜਧਾਨੀ ਸੰਘਰਸ਼ ਦਾ ਅਖਾੜਾ ਬਣ ਗਈ। ਦੇਸ਼ ਭਰ 'ਚ ਰੋਸ ਪ੍ਰਦਰਸ਼ਨਾਂ ਦੀ ਲੜੀ ਚੱਲੀ। ਵੱਖ-ਵੱਖ ਤਰ•ਾਂ ਦੀਆਂ ਮੰਗਾਂ ਉੱਭਰੀਆਂ। ਸਬੰਧਤ ਘਟਨਾ ਦੇ ਦੋਸ਼ੀਆਂ ਨੂੰ ਫਾਹੇ ਲਾਉਣ ਦੀ ਫੌਰੀ ਮੰਗ ਤੋਂ ਲੈ ਕੇ ਔਰਤਾਂ ਦੀ ਸੁਰੱਖਿਆ ਦੀ ਜ਼ਾਮਨੀ, ਸਮਾਜ 'ਚ ਔਰਤਾਂ ਦੇ ਮਾਣ ਸਨਮਾਨ ਤੇ ਅਧਿਕਾਰਾਂ ਵਰਗੇ ਬੁਨਿਆਦੀ ਮਸਲੇ ਵੀ ਚਰਚਾ 'ਚ ਆਏ। ਇਹ ਚਰਚਾ ਲਗਾਤਾਰ ਜਾਰੀ ਹੈ।
ਔਰਤਾਂ ਨਾਲ ਬਲਾਤਕਾਰ ਤੇ ਛੇੜਛਾੜ ਦੀਆਂ ਘਟਨਾਵਾਂ ਦੇ ਲੰਮੇ ਅਮਲ 'ਚੋਂ ਆਮ ਲੋਕਾਂ ਅੰਦਰ ਇਹ ਅਹਿਸਾਸ ਦਿਨੋਂ ਦਿਨ ਡੂੰਘਾ ਹੋ ਰਿਹਾ ਹੈ ਕਿ ਦੇਸ਼ ਦਾ ਅਦਾਲਤੀ-ਪ੍ਰਸ਼ਾਸਨਿਕ ਪ੍ਰਬੰਧ ਇਨਸਾਫ਼ ਨਹੀਂ ਦੇ ਰਿਹਾ। ਨਿਆਂ ਤੇ ਪ੍ਰਸ਼ਾਸਕੀ ਪ੍ਰਣਾਲੀ ਦਾ ਜਲੂਸ ਨਿਕਲਿਆ ਪਿਆ ਹੈ। ਬਲਾਤਕਾਰ ਦੇ ਕੇਸਾਂ ਦਾ ਅਮਲ ਪੀੜਤ ਔਰਤ ਲਈ ਲੋਹੜੇ ਦੇ ਮਾਨਸਿਕ ਕਸ਼ਟ ਵਾਲਾ ਹੈ ਕਿ ਛੇਤੀ ਕੋਈ ਕੇਸ ਲੈ ਕੇ ਥਾਣੇ ਹੀ ਨਹੀਂ ਪਹੁੰਚਦਾ। ਜਿੱਥੇ ਕੇਸ ਦਰਜ ਵੀ ਹੁੰਦੇ ਹਨ, ਸਿਆਸੀ ਤੇ ਅਫ਼ਸਰਸ਼ਾਹੀ ਪਹੁੰਚ ਦੇ ਜ਼ੋਰ ਦੋਸ਼ੀ ਸ਼ਰੇਆਮ ਬਚ ਨਿਕਲਦੇ ਹਨ। ਅਜਿਹੇ ਕੇਸਾਂ 'ਚ ਦੋਸ਼ੀਆਂ ਨੂੰ ਸਜ਼ਾ ਦੀ ਦਰ ਲਗਾਤਾਰ ਘਟ ਰਹੀ ਹੈ। ਇਸ ਤਿੱਖੇ ਹੋ ਰਹੇ ਅਹਿਸਾਸ ਦਾ ਸਿੱਟਾ ਹੈ ਕਿ ਲੋਕ ਹਰਕਤ 'ਚ ਆਏ। ਕਾਨੂੰਨਾਂ ਨੂੰ ਹੋਰ ਸਖ਼ਤ ਕਰਨ ਅਤੇ ਲਾਗੂ ਕਰਨ ਦੀ ਮੰਗ ਉੱਠੀ। ਔਰਤਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕਣ ਦੀ ਮੰਗ ਉੱਚੀ ਹੋਈ। ਆਪਣੇ ਕਿਰਦਾਰ ਅਨੁਸਾਰ ਹੀ ਹਕੂਮਤ ਲੋਕਾਂ ਦਾ ਹੱਕੀ ਤੇ ਵਾਜਬ ਰੋਸ ਸੁਣਨ ਸਮਝਣ ਦੀ ਬਜਾਏ ਜਬਰ 'ਤੇ ਉੱਤਰ ਆਈ। ਲੋਕ ਰੋਹ ਨੂੰ ਦਬਾਉਣ ਲਈ ਲਾਠੀਚਾਰਜ, ਅੱਥਰੂ ਗੈਸ ਤੇ ਪਾਣੀ ਦੀਆਂ ਬੁਛਾੜਾਂ ਦੀ ਖੁੱਲ• ਕੇ ਵਰਤੋਂ ਕੀਤੀ। ਪਰ ਲੋਕਾਂ ਖਾਸ ਕਰ ਨੌਜਵਾਨਾਂ ਵਿਦਿਆਰਥੀਆਂ ਨੂੰ ਜਦੋਂ ਦਬਾਇਆ ਨਾ ਜਾ ਸਕਿਆ, ਜਬਰ ਕਰ ਕੇ ਖਿੰਡਾਇਆ ਨਾ ਜਾ ਸਕਿਆ ਤਾਂ ਆਖਰ ਸਰਕਾਰ ਨੂੰ ਕੁੱਝ ਕਦਮ ਲੈਣ ਦਾ ਐਲਾਨ ਕਰਨ ਪਿਆ। ਸਰਕਾਰ ਨੇ ਫਾਸਟ ਟਰੈਕ ਅਦਾਲਤਾਂ ਬਣਾਉਣ ਦੇ ਐਲਾਨ ਕੀਤੇ। ਹੋਰ ਕਾਨੂੰਨੀ ਸੁਝਾਵਾਂ ਲਈ ਜਸਟਿਸ ਵਰਮਾ ਕਮੇਟੀ ਦਾ ਗਠਨ ਕੀਤਾ। ਕਮੇਟੀ ਦੀਆਂ ਕੁੱਝ ਸਿਫਾਰਸ਼ਾਂ ਪ੍ਰਵਾਨ ਕਰਕੇ ਅਤੇ ਕੇਸ ਦੀ ਰੋਜ਼ਾਨਾ ਸੁਣਵਾਈ ਕਰਕੇ ਸਰਕਾਰ ਨੇ ਲੋਕ ਰੋਹ 'ਤੇ ਠੰਢਾ ਛਿੜਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਇਹ ਸਾਰੇ ਕਦਮ ਸਰਕਾਰ ਨੇ ਲੋਕਾਂ ਦੇ ਦਬਾਅ ਮੂਹਰੇ ਮਜਬੂਰੀ ਵੱਸ ਲਏ ਪਰ ਨਾਲ ਹੀ ਸਰਕਾਰ ਨੇ ਮਸਲੇ ਨੂੰ ਮਹਿਜ਼ ਕਾਨੂੰਨੀ ਸਮੱਸਿਆ ਵਜੋਂ ਹੀ ਪੇਸ਼ ਕਰਨ 'ਤੇ ਜ਼ੋਰ ਲਾਇਆ ਹੈ। ਪਰ ਮਸਲਾ ਸਿਰਫ਼ ਸਖ਼ਤ ਕਾਨੂੰਨਾਂ ਜਾਂ ਸਜ਼ਾਵਾਂ ਨਾਲ ਹੀ ਹੱਲ ਹੋਣ ਵਾਲਾ ਨਹੀਂ ਹੈ। ਬੇਸ਼ੱਕ ਇਹ ਅਹਿਮ ਗੱਲ ਹੈ ਕਿ ਕਾਨੂੰਨ ਹੋਰ ਸਖ਼ਤ ਹੋਣੇ ਚਾਹੀਦੇ ਹਨ ਪਰ ਨਾਲ ਹੀ ਮਸਲਾ ਇਹ ਹੈ ਕਿ ਕਾਨੂੰਨ ਲਾਗੂ ਵੀ ਹੋਣੇ ਚਾਹੀਦੇ ਹਨ। ਕਿਉਂਕਿ ਕਈ ਕਾਨੂੰਨ ਪਹਿਲਾਂ ਵੀ ਮੌਜੂਦ ਹਨ। ਅਪਰਾਧੀਆਂ ਦੀ ਪਾਲਣਾ ਪੋਸ਼ਣਾ ਕਰਦੇ ਪੁਲਿਸ ਅਧਿਕਾਰੀਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਮੌਕਾਪ੍ਰਸਤ ਸਿਆਸਤਦਾਨਾਂ ਅਤੇ ਪਾਰਟੀਆਂ ਦੀ ਸਾਰ ਲਈ ਜਾਣੀ ਚਾਹੀਦੀ ਹੈ। ਇਨਸਾਫ਼ ਹਾਸਲ ਕਰਨ ਦਾ ਰਾਹ ਸ਼ਰੂਤੀ ਅਗਵਾ ਕਾਂਡ ਖਿਲਾਫ਼ ਲੜੇ ਸੰਘਰਸ਼ਾਂ ਦੇ ਤਜ਼ਰਬਿਆਂ 'ਚੋਂ ਲੱਭਿਆ ਜਾਣਾ ਚਾਹੀਦਾ ਹੈ। ਮਹਿਲ ਕਲਾਂ 'ਚ ਲੜੇ ਗਏ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਸੰਘਰਸ਼ ਦੇ ਸਬਕ ਚਿਤਾਰੇ ਜਾਣੇ ਚਾਹੀਦੇ ਹਨ।
ਸਮਾਜ ਅੰਦਰ ਔਰਤਾਂ ਦੀ ਸੁਰੱਖਿਆ ਤੇ ਮਾਣ ਸਨਮਾਨ ਭਰਿਆ ਜੀਵਨ ਤੈਅ ਕਰਨ ਵਾਸਤੇ ਲਾਜ਼ਮੀ ਹੈ ਅਜਿਹੇ ਅਪਰਾਧਾਂ ਦੀ ਜੰਮਣ ਭੋਂਇ ਬਣਦੀਆਂ ਔਰਤ ਵਿਰੋਧੀ ਰਵਾਇਤੀ ਸਮਾਜਿਕ ਧਾਰਨਾਵਾਂ ਨੂੰ ਵੀ ਚੁਣੌਤੀ ਦਿੱਤੀ ਜਾਵੇ। ਮਰਦ ਪ੍ਰਧਾਨ ਸਮਾਜਿਕ ਆਰਥਿਕ ਪ੍ਰਬੰਧ 'ਚ ਔਰਤ ਦੀ ਨੀਵੀਂ ਸਥਿਤੀ ਦਾ ਖਾਤਮਾ ਕੀਤੇ ਬਿਨਾਂ, ਔਰਤਾਂ ਨੂੰ ਸੁਰੱਖਿਆ ਤੇ ਮਾਣ ਇੱਜ਼ਤ ਭਰੀ ਜ਼ਿੰਦਗੀ ਨਸੀਬ ਨਹੀਂ ਹੋ ਸਕਦੀ। ਔਰਤਾਂ ਦੀ ਬਰਾਬਰੀ ਤੇ ਪੁੱਗਤ ਵਾਲੇ ਸਮਾਜ 'ਚ ਹੀ ਅਜਿਹੇ ਅਪਰਾਧਾਂ ਦਾ ਖਾਤਮਾ ਸੰਭਵ ਹੈ। ਅਜਿਹੇ ਸਮਾਜ ਦੀ ਉਸਾਰੀ ਲਈ ਯਤਨਸ਼ੀਲ ਤਾਕਤਾਂ ਨਾਲ ਜੁੜ ਕੇ ਨੌਜਵਾਨਾਂ ਨੂੰ ਆਪਣੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ।
ਅਗਲੇ ਪੰਨਿਆਂ 'ਤੇ ਇਸ ਮਸਲੇ ਦੇ ਕੁੱਝ ਪੱਖਾਂ ਬਾਰੇ ਚਰਚਾ ਕਰਦੀਆਂ ਕੁੱਝ ਲਿਖਤਾਂ ਪੇਸ਼ ਕਰ ਰਹੇ ਹਾਂ।
(ਨੌਜਵਾਨ ਪੈਂਫਲਟ ਲੜੀ ਨੰ. 5 'ਚੋਂ)

ਨੌਜਵਾਨ ਪ੍ਰਤੀਕਰਮ

ਨੌਜਵਾਨ ਲਹਿਰ ਦੀਆਂ ਰੌਸ਼ਨ ਸੰਭਾਵਨਾਵਾਂ ਵੱਲ ਸੰਕੇਤ

ਦੇਸ਼ ਭਰ 'ਚ ਔਰਤਾਂ ਨਾਲ ਵਾਪਰ ਰਹੀਆਂ ਬਲਾਤਕਾਰ ਅਤੇ ਛੇੜਛਾੜ ਦੀਆਂ ਘਟਨਾਵਾਂ ਖਿਲਾਫ਼ ਉੱਠੀ ਆਵਾਜ਼ 'ਚ ਨੌਜਵਾਨਾਂ-ਵਿਦਿਆਰਥੀਆਂ ਦੀ ਭਰਵੀਂ ਸ਼ਮੂਲੀਅਤ ਰਹੀ ਹੈ। 16 ਦਸੰਬਰ ਦੀ ਘਟਨਾ ਤੋਂ ਬਾਅਦ, ਦੇਸ਼ ਦੀ ਰਾਜਧਾਨੀ 'ਚ ਅਤੇ ਫਿਰ ਦੇਸ਼ ਦੇ ਵੱਖ-ਵੱਖ ਖੇਤਰਾਂ 'ਚ ਸੜਕਾਂ 'ਤੇ ਨਿੱਤਰਦੇ ਲੋਕ ਸਮੂਹਾਂ 'ਚ ਵੱਡੀ ਗਿਣਤੀ ਨੌਜਵਾਨ ਅਤੇ ਵਿਦਿਆਰਥੀ ਮੋਹਰੀ ਰਹੇ ਹਨ। ਦਿੱਲੀ ਦੀਆਂ ਸੜਕਾਂ 'ਤੇ ਅਤਿ ਠੰਢੀਆਂ ਰਾਤਾਂ 'ਚ ਵੀ ਵਿਦਿਆਰਥੀਆਂ ਅਤੇ ਨੌਜਵਾਨਾਂ ਦੀਆਂ ਜ਼ੋਰਦਾਰ ਰੋਸ ਭਾਵਨਾਵਾਂ ਨੇ ਮੁਲਕ ਦੇ ਸਭਨਾਂ ਲੋਕਾਂ ਦਾ ਧਿਆਨ ਖਿੱਚਿਆ ਹੈ। ਦਿੱਲੀ ਦੇ ਕਾਲਜਾਂ, ਯੂਨੀਵਰਸਿਟੀਆਂ 'ਚੋਂ ਨਿਕਲੇ ਮੁੰਡੇ ਕੁੜੀਆਂ ਦਾ ਰੋਸ ਰਾਸ਼ਟਰਪਤੀ ਭਵਨ ਵੱਲ ਸੇਧਤ ਹੋਇਆ ਹੈ। ਸਰਕਾਰ ਅਤੇ ਦਿੱਲੀ ਪੁਲਿਸ ਦੇ ਲਾਠੀਚਾਰਜਾਂ ਦਾ ਇਹਨਾਂ ਨੌਜਵਾਨਾਂ ਨੇ ਬਹਾਦਰੀ ਨਾਲ ਸਾਹਮਣਾ ਕੀਤਾ ਹੈ। ਪੁਲਿਸ ਨਾਲ ਟੱਕਰਾਂ ਲਈਆਂ ਹਨ, ਸਰਦ ਰਾਤਾਂ 'ਚ ਠੰਢੇ ਪਾਣੀ ਨਾਲ ਭਿੱਜ ਕੇ ਵੀ, ਡਾਂਗਾਂ ਖਾ ਕੇ ਵੀ ਮੈਦਾਨ ਨਹੀਂ ਛੱਡਿਆ, ਖਦੇੜੇ ਨਹੀਂ ਜਾ ਸਕੇ, ਵਾਰ-ਵਾਰ ਇਕੱਠੇ ਹੁੰਦੇ ਰਹੇ। ਸਿਰਫ਼ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਤੋਂ ਅਗਾਂਹ ਦੇਸ਼ ਭਰ 'ਚ ਔਰਤਾਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਲਈ ਆਵਾਜ਼ ਉੱਠੀ ਹੈ। ਇਸ ਆਪ ਮੁਹਾਰੀ ਰੋਸ ਲਹਿਰ 'ਚ ਬਹੁਤ ਛੋਟਾ ਹਿੱਸਾ ਹੀ ਵਿਦਿਆਰਥੀ-ਨੌਜਵਾਨ ਜੱਥੇਬੰਦੀਆਂ ਦੀ ਅਗਵਾਈ ਹੇਠ ਸੀ, ਵੱਡਾ ਹਿੱਸਾ ਗੈਰ-ਜੱਥੇਬੰਦ ਵਿਸ਼ਾਲ ਵਿਦਿਆਰਥੀ ਸਮੂਹ ਹੀ ਸਨ ਜਿਹੜੇ ਵੱਖ-ਵੱਖ ਗਰੁੱਪਾਂ 'ਚ ਆਉਂਦੇ ਰਹੇ, ਵੱਖ-ਵੱਖ ਢੰਗਾਂ ਨਾਲ ਰੋਸ ਪ੍ਰਗਟਾਉਂਦੇ ਰਹੇ। ਰਾਸ਼ਟਰਪਤੀ ਭਵਨ ਤੱਕ ਪਹੁੰਚਣ ਦੀਆਂ ਜੋਸ਼ੀਲੀਆਂ ਸ਼ਕਲਾਂ ਤੋਂ ਲੈ ਕੇ ਮੌਨ ਮਾਰਚ ਕਰਨ ਤੇ ਵੱਖ-ਵੱਖ ਤਰ•ਾਂ ਦੇ ਬੈਨਰ ਲੈ ਕੇ ਖੜ• ਜਾਣ ਤੱਕ ਦੇ ਢੰਗਾਂ ਰਾਹੀਂ ਆਵਾਜ਼ ਉਠਾਈ ਗਈ। ਪਰ ਇਹਨਾਂ ਸਭਨਾਂ ਨੌਜਵਾਨਾਂ ਦਾ ਰੋਸ, ਗੁੱਸਾ ਸਾਂਝੇ ਤੌਰ 'ਤੇ ਹਕੂਮਤ ਦੇ ਮਾੜੇ ਪੁਲਿਸ ਪ੍ਰਬੰਧਾਂ ਅਤੇ ਔਰਤਾਂ ਦੀ ਅਜਿਹੀ ਹਾਲਤ ਲਈ ਜਿੰਮੇਵਾਰ ਸਰਕਾਰ ਖਿਲਾਫ਼ ਸੇਧਤ ਸੀ। ਇਸ ਰੋਸ ਲਹਿਰ ਨੂੰ ਕੇਂਦਰ ਸਰਕਾਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੀਆਂ ਭੜਕਾਊ ਕਾਰਵਾਈਆਂ ਗਰਦਾਨਣ ਦੀਆਂ ਕੋਸ਼ਿਸ਼ਾਂ ਸਫ਼ਲ ਨਹੀਂ ਹੋਈਆਂ। ਨੌਜਵਾਨਾਂ ਦੀ ਦ੍ਰਿੜਤਾ ਨੇ ਸਰਕਾਰ ਦੇ ਕੂੜ ਪ੍ਰਚਾਰ ਦੀ ਫੂਕ ਕੱਢ ਦਿੱਤੀ ਹੈ। ਵਰਮਾ ਕਮੇਟੀ ਨੂੰ ਕਹਿਣਾ ਪਿਆ ਕਿ ਨੌਜਵਾਨਾਂ ਦਾ ਗੁੱਸਾ ਹੱਕੀ ਤੇ ਵਾਜਬ ਹੈ। ਦਿੱਲੀ ਤੋਂ ਬਿਨਾਂ ਵੀ ਦੇਸ਼ ਭਰ 'ਚ ਹੋਏ ਰੋਸ ਫੁਟਾਰਿਆਂ 'ਚ ਨੌਜਵਾਨ ਮੋਹਰੀ ਰਹੇ ਹਨ। ਪੰਜਾਬ 'ਚ ਵੀ ਜੱਥੇਬੰਦ ਅਤੇ ਚੇਤਨ ਨੌਜਵਾਨ ਜੱਥੇਬੰਦੀਆਂ ਤੋਂ ਬਿਨਾਂ ਯੂਥ ਕਲੱਬਾਂ ਅਤੇ ਆਮ ਨੌਜਵਾਨਾਂ ਨੇ ਵੀ ਔਰਤਾਂ ਦੀ ਸੁਰੱਖਿਆ ਦੇ ਮਸਲੇ 'ਤੇ ਆਵਾਜ਼ ਉਠਾਈ ਹੈ। ਨੌਜਵਾਨਾਂ ਅਤੇ ਲੋਕਾਂ ਦੇ ਇਸ ਉੱਦਮ ਦਾ ਫੌਰੀ ਸਿੱਟਾ ਇਹ ਨਿਕਲਿਆ ਹੈ ਕਿ ਸਰਕਾਰ ਨੂੰ ਫਾਸਟ ਟਰੈਕ ਅਦਾਲਤਾਂ ਬਣਾਉਣ ਤੋਂ ਲੈ ਕੇ ਵਰਮਾ ਕਮੇਟੀ ਗਠਿਤ ਕਰਨ, ਨਵਾਂ ਆਰਡੀਨੈਂਸ ਪਾਸ ਕਰਨ ਵਰਗੇ ਕਈ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਿਆ ਹੈ।
ਨੌਜਵਾਨਾਂ ਦੀ ਇਸ ਹਰਕਤਸ਼ੀਲਤਾ ਪਿੱਛੇ ਭਾਵੇਂ ਫੌਰੀ ਕਾਰਨ ਦਿੱਲੀ 'ਚ ਵਾਪਰੀ ਘਟਨਾ ਬਣੀ ਹੈ ਜੀਹਨੇ ਸੰਵੇਦਨਸ਼ੀਲ ਨੌਜਵਾਨ ਮਨਾਂ ਨੂੰ ਵੀ ਟੁੰਬਿਆ ਹੈ। ਪਰ ਇਹਨਾਂ ਰੋਹ ਭਰਪੂਰ ਪ੍ਰਦਰਸ਼ਨਾਂ ਰਾਹੀਂ ਮੁਲਕ ਦੀ ਨੌਜਵਾਨ ਜਨਤਾ 'ਚ ਦਿਨੋਂ ਦਿਨ ਜਮ•ਾਂ ਹੋ ਰਹੀ ਔਖ ਅਤੇ ਗੁੱਸੇ ਦੇ ਝਲਕਾਰੇ ਸਾਹਮਣੇ ਆਏ ਹਨ। ਇਹ ਔਖ ਅਤੇ ਗੁੱਸਾ ਦੇਸ਼ ਦੇ ਹਾਕਮਾਂ ਵੱਲੋਂ ਨੌਜਵਾਨਾਂ ਦੀ ਜ਼ਿੰਦਗੀ ਨਾਲ ਕੀਤੇ ਜਾ ਰਹੇ ਖਿਲਵਾੜ 'ਚੋਂ ਪੈਦਾ ਹੋਇਆ ਹੈ। ਹਾਕਮਾਂ ਵੱਲੋਂ ਅਖਤਿਆਰ ਕੀਤੀਆਂ ਜਾ ਰਹੀਆਂ ਨੀਤੀਆਂ ਦਾ ਸਿੱਟਾ ਹੈ ਕਿ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਬੁਰੀ ਤਰ•ਾਂ ਸੁੰਗੜ ਰਹੇ ਹਨ, ਭਵਿੱਖ ਅਤੇ ਵਰਤਮਾਨ ਹਨ•ੇਰਾ ਦਿਖਦਾ ਹੈ। ਪੇਟ ਭਰਨ ਜੋਗਾ ਰੁਜ਼ਗਾਰ ਹਾਸਲ ਕਰਨ ਲਈ ਵੀ ਸੌ-ਸੌ ਪਾਪੜ ਵੇਲਣੇ ਪੈ ਰਹੇ ਹਨ। ਮਹਿੰਗੀਆਂ ਪੜ•ਾਈਆਂ ਹੀ ਕਈ ਅਰਮਾਨ ਕੁਚਲ ਰਹੀਆਂ ਹਨ। ਅਜਿਹੀ ਸਥਿਤੀ 'ਚ ਨੌਜਵਾਨ ਜਨਤਾ ਭਾਰੀ ਬੇਚੈਨੀ ਤੇ ਰੋਸ ਹੇਠ ਜਿਉਂ ਰਹੀ ਹੈ। ਆਮ ਕਰਕੇ ਉਦਾਸੀ, ਨਿਰਾਸ਼ਾ ਤੇ ਬੇ-ਉਮੀਦੀ ਦਾ ਪਸਾਰਾ ਦਿਖਦਾ ਹੈ। ਖੁਸ਼ਹਾਲ ਜੀਵਨ ਜਿਉਣ ਦੀਆਂ ਉਮੰਗਾਂ ਸਾਕਾਰ ਕਰਨ ਵਾਸਤੇ ਇਕੱਲੇ-ਇਕੱਲੇ ਹਰ ਤਰ•ਾਂ ਦੇ ਜੁਗਾੜ ਕਰਨ ਦੇ ਰਾਹ ਪਏ ਹੋਏ ਹਨ। ਇਹ ਉਹ ਆਮ ਹਾਲਾਤ ਹਨ ਜਿਹਨਾਂ ਅੰਦਰ ਨੌਜਵਾਨ ਜਿਉਂ ਰਹੇ ਹਨ। ਇਹਨਾਂ ਹਾਲਤਾਂ ਨੇ ਨੌਜਵਾਨ ਜਨਤਾ ਅੰਦਰ ਗਹਿਰਾ ਰੋਸ, ਬੇਗਾਨਗੀ ਪੈਦਾ ਕੀਤੀ ਹੈ। ਜਦੋਂ ਏਸ ਰੋਸ ਨੂੰ, ਲਾਵੇ ਨੂੰ ਫੁੱਟਣ ਦਾ ਮੌਕਾ ਮਿਲਿਆ ਹੈ ਤਾਂ ਉਹ ਵਹਿ ਤੁਰਿਆ ਹੈ, ਦੇਸ਼ ਦੀ ਸਰਵ ਉੱਚ ਸਖਸ਼ੀਅਤ ਵੱਲ ਨੂੰ ਸੇਧਤ ਹੋ ਤੁਰਿਆ ਹੈ, ਮੌਕਾਪ੍ਰਸਤ ਪਾਰਟੀਆਂ ਅਤੇ ਸਿਆਸਤਦਾਨ ਨਿਸ਼ਾਨੇ 'ਤੇ ਆਏ ਹਨ। ਹਕੂਮਤ ਘਬਰਾਈ ਦਿਖੀ ਹੈ, ਬੁਖ਼ਲਾਹਟ 'ਚ ਆਈ ਹੈ। ਜੋ ਕੁਝ ਵਾਪਰਿਆ ਉਸਦੀ ਉਮੀਦੋਂ ਬਾਹਰਾ ਸੀ। ਮੁਲਕ ਦੀ ਜਵਾਨੀ ਨੂੰ ਕੀਲ ਕੇ ਰੱਖਣ ਦੀਆਂ ਉਸਦੀਆਂ ਕੋਸ਼ਿਸ਼ਾਂ ਅਸਫ਼ਲ ਹੁੰਦੀਆਂ ਜਾਪੀਆਂ ਹਨ। ਉਹਨਾਂ ਨੌਜਵਾਨ ਮੁੰਡੇ ਕੁੜੀਆਂ ਦੇ ਰੋਹ ਦਾ ਸੇਕ ਸੱਤ•ਾ ਤੱਕ ਪਹੁੰਚਿਆ ਹੈ ਜਿਹਨਾਂ ਨੂੰ ਪੌਪ ਸੰਗੀਤ ਦੀਆਂ ਧੁਨਾਂ 'ਤੇ ਝੂਮਦੇ ਵੇਖ ਸੱਤ•ਾ ਦੇ ਥੰਮ ਬੇਫ਼ਿਕਰ ਮਹਿਸੂਸ ਕਰਦੇ ਹਨ। ਦੇਸ਼ ਦੇ ਹਾਕਮਾਂ ਨੇ ਲੱਚਰ ਸਭਿਆਚਾਰਕ ਹੱਲੇ ਰਾਹੀਂ ਨੌਜਵਾਨ ਜਨਤਾ ਨੂੰ ਕੀਲ ਕੇ ਰੱਖਣ ਦੇ ਵੱਡੇ ਬੰਦੋਬਸਤ ਕੀਤੇ ਹੋਏ ਹਨ। ਕੁਰਾਹੇ ਪਾਉਣ ਦੇ ਨਵੇਂ ਤੋਂ ਨਵੇਂ ਢੰਗ ਖੋਜੇ ਹਨ। ਟੀ.ਵੀ. ਸੀਰੀਅਲਾਂ, ਫਿਲਮਾਂ, ਗੀਤਾਂ ਰਾਹੀਂ ਨੌਜਵਾਨਾਂ ਨੂੰ ਅਜਿਹੀ ਲੋਰੀ ਸੁਣਾਈ ਜਾਂਦੀ ਹੈ ਤਾਂ ਕਿ ਜਵਾਨੀ ਮਦਹੋਸ਼ੀ 'ਚ ਰਹੇ, ਇਹਨਾਂ 'ਤੇ ਝੂਮਦੀ ਰਹੇ। ਕਾਮ ਉਕਸਾਊ ਫਿਲਮਾਂ, ਗੀਤਾਂ ਦੀ ਭਰਮਾਰ ਨੇ ਇਸ ਕੁਦਰਤੀ ਲੋੜ ਨੂੰ ਲਗਾਤਾਰ ਹਵਾ ਦਿੱਤੀ ਹੈ। ਅਪਰਾਧਿਕ ਰੁਚੀਆਂ ਨੂੰ ਹਵਾ ਦਿੱਤੀ ਹੈ। ਔਰਤ ਮਰਦ ਰਿਸ਼ਤੇ ਨੂੰ ਵਿਗਾੜਿਆ ਹੈ। ਨੌਜਾਵਾਨ ਪੀੜ•ੀ ਨੂੰ ਤਰ•ਾਂ ਤਰ•ਾਂ ਨੌਜਵਾਨ ਪੀੜ•ੀ ਨੂੰ ਤਰ•ਾਂ ਤਰ•ਾਂ ਦੇ ਸਬਜ਼ਬਾਗਾਂ ਦੀ ਦੁਨੀਆਂ ਵਿਖਾ ਕੇ ਅਤੇ ਪੈਰਾਂ ਹੇਠੋਂ ਜ਼ਮੀਨ ਖਿੱਚਕੇ ਆਖਰ ਨੂੰ ਨਸ਼ਿਆਂ ਦੀ ਦਲਦਲ 'ਚ ਸੁੱਟਿਆ ਜਾ ਰਿਹਾ ਹੈ। ਅਜਿਹੀਆਂ ਅਲਾਮਤਾਂ ਦੀ ਮਾਰ ਹੇਠ ਆਈ ਨੌਜਵਾਨ ਜਨਤਾ ਵੱਖ-ਵੱਖ ਮੌਕਾਪ੍ਰਸਤ ਸਿਆਸੀ ਪਾਰਟੀਆਂ, ਵੱਡੇ ਧਨਾਢਾਂ, ਪੁਲਿਸ ਅਫਸਰਾਂ, ਮੌਕਾਪ੍ਰਸਤ ਸਿਆਸਤਦਾਨਾਂ, ਸਮੱਗਲਰਾਂ ਤੇ ਲੱਠਮਾਰ ਗਰੋਹਾਂ ਵੱਲੋਂ ਆਪਣੇ ਨਾਪਾਕ ਮੰਤਵਾਂ ਲਈ ਵਰਤੀ ਜਾਂਦੀ ਹੈ। ਆਪਣੀ ਸਿਆਸੀ ਚੌਧਰ ਕਾਇਮ ਕਰਨ ਦਾ ਸਾਧਨ ਬਣਾਈ ਜਾਂਦੀ ਹੈ। ਇਹਨਾਂ ਗਰੋਹਾਂ ਨੂੰ ਬਲਾਤਕਾਰ ਅਤੇ ਛੇੜਛਾੜ ਜਿਹੇ ਅਪਰਾਧਾਂ ਰਾਹੀਂ ਲੋਕਾਂ 'ਤੇ ਧੌਂਸ ਜਮਾਉਣ ਦੀ ਖੁੱਲੀ ਛੁੱਟੀ ਦਿੱਤੀ ਜਾਂਦੀ ਹੈ। ਫਿਰਕੂ ਫਾਸ਼ੀ ਗਰੋਹਾਂ ਵੱਲੋਂ ਆਪਣੇ ਫਿਰਕੂ ਮਨਸੂਬਿਆਂ ਲਈ ਜੁਟਾਇਆ ਜਾਂਦਾ ਹੈ। ਨੌਜਵਾਨਾਂ ਹੱਥ ਕਦੇ ਤ੍ਰਿਸ਼ੂਲ ਕਦੇ ਏ.ਕੇ. ਸੰਤਾਲੀ ਦੇ ਕੇ ਕਤਲੇਆਮ ਕਰਵਾਏ ਜਾਂਦੇ ਹਨ।
ਪਰ ਇਸ ਮਸਲੇ ਤੇ ਨੌਜਵਾਨ ਜਨਤਾ ਦੀ ਹਰਕਤਸ਼ੀਲਤਾ ਨੇ ਦਰਸਾਇਆ ਹੈ ਕਿ ਹਾਕਮਾਂ ਦੇ ਵੱਡੇ ਸਭਿਆਚਾਰਕ ਹਮਲੇ ਦੇ ਬਾਵਜੂਦ ਵੀ ਨੌਜਵਾਨਾਂ ਨੂੰ ਸਦਾ ਲਈ ਮਦਹੋਸ਼ੀ 'ਚ ਨਹੀਂ ਰੱਖਿਆ ਜਾ ਸਕਦਾ। ਔਖੀਆਂ ਹੋ ਰਹੀਆਂ ਜੀਵਨ ਹਾਲਤਾਂ ਨੌਜਵਾਨਾਂ ਸਾਹਮਣੇ ਜੀਵਨ ਰਾਹ ਦੀ ਚੋਣ ਕਰਨ ਦੇ ਅਹਿਮ ਸਵਾਲ ਉਭਾਰ ਰਹੀਆਂ ਹਨ। ਖੁਸ਼ਹਾਲ ਜ਼ਿੰਦਗੀ ਦੀਆਂ ਉਮੰਗਾ ਦੀ ਪੂਰਤੀ ਦੇ ਅਸਫ਼ਲ ਹੁੰਦੇ ਵਿਅਕਤੀਗਤ ਯਤਨ ਆਖ਼ਰ ਨੂੰ ਸਮੂਹਿਕ ਹੰਭਲੇ 'ਚ ਵਟ ਜਾਣ ਲਈ ਅਹੁਲ ਰਹੇ ਹਨ। ਪਹਿਲਾਂ ਵੀ ਦੇਸ਼ ਭਰ 'ਚ ਭ੍ਰਿਸ਼ਟਾਚਾਰ ਦੇ ਵਰਤਾਰੇ ਖਿਲਾਫ਼ ਨੌਜਵਾਨਾਂ ਦੀ ਜ਼ੋਰਦਾਰ ਆਵਾਜ਼ ਉੱਠੀ ਹੈ। ਇਸੇ ਤਰ•ਾਂ ਰੁਜ਼ਗਾਰ ਦੇ ਹੱਕ ਦੀ ਪ੍ਰਾਪਤੀ ਲਈ ਜਾਨ ਹੂਲਵੇਂ ਸੰਘਰਸ਼ਾਂ ਦੇ ਰਾਹ ਪਏ ਨੌਜਵਾਨਾਂ ਦੇ ਕਾਫ਼ਲੇ ਵੱਡੇ ਹੋਏ ਹਨ। ਨੌਜਵਾਨਾਂ ਦੇ ਮਨਾਂ 'ਚੋਂ ਸਮਾਜਿਕ ਸਰੋਕਾਰਾਂ ਨੂੰ ਮਿਟਾ ਕੇ ਖੁਦਗਰਜ਼ ਬਣਾਉਣ ਦੇ ਯਤਨਾਂ ਨੂੰ ਅਜੇ ਫਲ ਨਹੀਂ ਲੱਗਿਆ ਤੇ ਨਾ ਹੀ ਲੱਗ ਸਕੇਗਾ। ਸਗੋਂ ਨਿੱਘਰ ਰਹੇ ਸਮਾਜਿਕ ਹਾਲਾਤਾਂ ਖਿਲਾਫ਼ ਨੌਜਵਾਨਾਂ ਦੇ ਮਨਾਂ 'ਚ ਭਾਰੀ ਗੁੱਸਾ ਜਮ•ਾਂ ਹੋ ਰਿਹਾ ਹੈ। ਇਹ ਗੁੱਸਾ ਨਿੱਘਰੀਆਂ ਸਮਾਜਿਕ ਕਦਰਾਂ ਕੀਮਤਾਂ ਨੂੰ ਵੱਖ-ਵੱਖ ਢੰਗਾਂ ਨਾਲ ਚੁਣੌਤੀ ਦੇਣ ਰਾਹੀਂ ਪ੍ਰਗਟ ਹੋ ਰਿਹਾ ਹੈ ਤੇ ਇਹਨਾਂ ਕਦਰਾਂ ਨੂੰ ਪਾਲ਼ਦੀ ਪੋਸਦੀ ਤੇ ਸ਼ਹਿ ਦਿੰਦੀ ਹਕੂਮਤੀ ਮਸ਼ੀਨਰੀ ਵੱਲ ਵੀ ਸੇਧਤ ਹੋਣ ਨੂੰ ਅਹੁਲਦਾ ਹੈ।
ਇਨਕਲਾਬੀ ਨੌਜਵਾਨ ਲਹਿਰ ਉਸਾਰਨ ਲਈ ਯਤਨਸ਼ੀਲ ਕਾਰਕੁੰਨਾਂ ਨੂੰ ਉਹਨਾਂ ਸੰਭਾਵਨਾਵਾਂ ਨੂੰ ਬੁੱਝਣਾ ਚਾਹੀਦਾ ਹੈ ਜੋ ਇਹਨਾਂ ਨੌਜਵਾਨ ਰੋਸ ਪ੍ਰਦਰਸ਼ਰਨਾਂ ਨੇ ਦਰਸਾਈਆਂ ਹਨ। ਨੌਜਵਾਨ ਮਨਾਂ 'ਚ ਜਮ•ਾਂ ਹੋ ਰਿਹਾ ਗੁੱਸਾ ਜੱਥੇਬੰਦ ਸੰਘਰਸ਼ਾਂ 'ਚ ਵਟ ਜਾਣ ਦੀਆਂ ਅਥਾਹ ਗੁੰਜਾਇਸ਼ਾਂ ਰੱਖਦਾ ਹੈ। ਬਸ਼ਰਤੇ ਇਹਨਾਂ ਗੁੰਜਾਇਸ਼ਾਂ ਨੂੰ ਸਾਕਾਰ ਕਰਨ ਲਈ ਕਾਰਕੁੰਨ ਵੀ ਜ਼ੋਰਦਾਰ ਹੰਭਲਾ ਮਾਰਨ।
(ਨੌਜਵਾਨ ਪੈਂਫਲਟ ਲੜੀ ਨੰ. 5 'ਚੋਂ)


ਹੈਲੀਕਾਪਟਰ ਘਪਲਾ


ਹੈਲੀਕਾਪਟਰ ਘਪਲਾ ਨਵੀਆਂ ਆਰਥਿਕ ਨੀਤੀਆਂ ਦੀ ਪੈਦਾਇਸ਼

ਅਗਸਤ 2011 ਵਿੱਚ ਨੌਜਵਾਨ ਭਾਰਤ ਸਭਾ ਵੱਲੋਂ ਸ਼ੁਰੂ ਕੀਤੀ ਗਈ 'ਭ੍ਰਿਸ਼ਟਾਚਾਰ ਖਿਲਾਫ਼ ਨੌਜਵਾਨ ਮੁਹਿੰਮ' ਕਮੇਟੀ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ 'ਦੇਸ਼ ਦੇ ਵੱਡੇ ਧਨ ਕੁਬੇਰ ਅਤੇ ਬਹੁਕੌਮੀ ਕੰਪਨੀਆਂ ਭ੍ਰਿਸ਼ਟਾਚਾਰ ਦਾ ਵੱਡਾ ਸਰੋਤ ਬਣ ਰਹੀਆਂ ਹਨ . . . ਨਿੱਜੀਕਰਨ ਅਤੇ ਸੰਸਾਰੀਕਰਨ ਦੇ ਨਾਮ ਥੱਲੇ ਲੋਕਾਂ 'ਤੇ ਮੜ੍ਹੀਆਂ ਜਾ ਰਹੀਆਂ ਨਵੀਆਂ ਆਰਥਿਕ ਨੀਤੀਆਂ ਦੇ ਧਾਵੇ ਰਾਹੀਂ ਦੇਸ਼ ਦੇ ਮਾਲ ਖਜ਼ਾਨੇ ਦੇਸੀ ਵਿਦੇਸ਼ੀ ਧਨਾਢਾਂ ਵੱਲੋਂ ਲੁੱਟੇ ਜਾ ਰਹੇ ਹਨ . . . ਭ੍ਰਿਸ਼ਟਾਚਾਰ ਦੇ ਵਰਤਾਰੇ ਦੀਆਂ ਜੜ੍ਹਾਂ ਦੇਸ਼ ਅੰਦਰ ਉੱਚੇ ਅਹੁਦਿਆਂ ਤੇ ਬਿਰਾਜਮਾਨ ਸਿਆਸਤਦਾਨਾਂ ਅਤੇ ਵੱਡੀ ਅਫ਼ਸਰਸ਼ਾਹੀ ਕੋਲ ਅਥਾਹ ਸ਼ਕਤੀਆਂ 'ਚ ਵੀ ਮੌਜੂਦ ਹਨ। ਉਹ ਦੇਸ਼ ਦੀ ਆਰਥਿਕਤਾ ਸਬੰਧ ਵੱਡੇ ਫੈਸਲੇ ਲੈ ਸਕਦੇ ਹਨ ਤੇ ਇਹਨਾਂ ਨੂੰ ਜਨਤਾ ਦੀਆਂ ਨਜ਼ਰਾਂ ਤੋਂ ਉਹਲੇ ਰੱਖ ਸਕਦੇ ਹਨ। ਵੱਡੀਆਂ ਵਿਦੇਸ਼ੀ ਕੰਪਨੀਆਂ ਨਾਲ ਹਥਿਆਰਾਂ ਦੇ ਸੌਦਿਆਂ 'ਚ ਦਲਾਲੀ ਛਕ ਸਕਦੇ ਹਨ . . .
ਫਰਵਰੀ ਦੇ ਪਹਿਲੇ ਅੱਧ ਵਿੱਚ ਨਸ਼ਰ ਹੋਇਆ ਹੈਲੀਕਾਪਟਰ ਘਪਲਾ ਇਹਨਾਂ ਤੱਥਾਂ ਦੀ ਹੀ ਮੂੰਹ ਬੋਲਦੀ ਤਸਵੀਰ ਹੈ। ਹਵਾਈ ਸੈਨਾ ਦੇ ਸਾਬਕਾ ਮੁਖੀ ਦਾ ਨਾਮ ਇਸ ਘੁਟਾਲੇ ਵਿੱਚ ਬੋਲਦਾ ਹੈ। ਭਾਰਤ ਦੇ ਵੀ. ਵੀ. ਆਈ. ਪੀ. ਵਿਅਕਤੀਆਂ ਲਈ 3600 ਕਰੋੜ ਰੁਪਿਆ ਖਰਚ ਕੇ ਬ੍ਰਿਟਿਸ਼-ਇਤਾਲਵੀ ਕੰਪਨੀ ਆਗਸਤਾ ਵੈਸਟਲੈਂਡ ਤੋਂ ਖਰੀਦੇ ਜਾਣ ਵਾਲੇ 12 ਹੈਲੀਕਾਪਟਰਾਂ ਲਈ ਕੰਪਨੀ ਵੱਲੋਂ 362 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਗਈ ਹੈ। ਇਸ ਰਿਸ਼ਵਤ ਦੇ ਇਵਜ ਵੱਲੋਂ ਹੈਲੀਕਾਪਟਰਾਂ ਲਈ ਤੈਅ ਮਾਪਦੰਡਾਂ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ। ਇਹੋ ਜਿਹੀਆਂ ਮਦਾਂ ਜੋੜੀਆਂ ਗਈਆਂ ਹਨ ਕਿ ਜਾਰੀ ਕੀਤੇ ਟੈਂਡਰ ਨੂੰ ਹੁੰਗਾਰਾ ਭਰਨ ਵਾਲੀਆਂ ਤਿੰਨ ਕੰਪਨੀਆਂ ਵਿੱਚੋਂ ਸਿਰਫ਼ ਇਤਾਲਵੀ-ਬ੍ਰਿਟਿਸ਼ ਕੰਪਨੀ ਆਗਸਤਾ ਵੈਸਟਲੈਂਡ ਹੀ ਉਹਨਾਂ ਮਦਾਂ 'ਤੇ ਖਰਾ ਉੱਤਰੀ ਹੈ। ਭਾਰਤ ਦੇ ਅਖੌਤੀ 'ਸੁਰੱਖਿਆ ਸਰੋਕਾਰ' ਜਿਨ੍ਹਾਂ ਬਾਰੇ ਸਾਰੀਆਂ ਹਾਕਮ ਜਮਾਤੀ ਪਾਰਟੀਆਂ ਦੁਹਾਈ ਪਾਉਣੋਂ ਨਹੀਂ ਹਟਦੀਆਂ ਵਿੱਚ ਆਸਾਨੀ ਨਾਲ ਜੋੜ ਘਟਾਉ ਕੀਤਾ ਗਿਆ ਹੈ। ਟੈਂਡਰ ਦੀਆਂ ਮਦਾਂ ਵਿੱਚ ਇਹ ਬਦਲਾਅ ਹਵਾਈ ਸੈਨਾ ਮੁਖੀ ਐਸ. ਪੀ. ਤਿਆਗੀ ਦੇ ਕਾਰਜਕਾਲ ਸਮੇਂ ਵਾਪਰਿਆ ਹੈ। ਕੁੰਜੀਵਤ ਗਵਾਹ ਨੇ ਬਿਆਨ ਦਿੱਤਾ ਹੈ ਕਿ ਉਹ ਇਹਨਾਂ ਮਾਪਦੰਡਾਂ 'ਚ ਤਬਦੀਲੀ ਕਰਾਉਣ ਲਈ ਉਹ ਆਪ 6-7 ਵਾਰ ਹਵਾਈ ਸੈਨਾ ਮੁਖੀ ਨੂੰ ਮਿਲਿਆ ਹੈ। ਰਿਸ਼ਵਤ ਦਾ ਪੈਸਾ ਹਵਾਈ ਸੈਨਾ ਮੁਖੀ ਦੇ ਚਚੇਰੇ ਭਰਾਵਾਂ ਰਾਹੀਂ ਉਸ ਤੱਕ ਪਹੁੰਚਾਇਆ ਗਿਆ ਹੈ। ਮਾਪਦੰਡਾਂ ਦੀ ਇਸ ਤਬਦੀਲੀ ਨੂੰ ਸੁਰੱਖਿਆ ਮੰਤਰਾਲੇ, ਭਾਰਤੀ ਹਵਾਈ ਸੈਨਾ, ਪ੍ਰਧਾਨ ਮੰਤਰੀ ਦਫ਼ਤਰ, ਐਸ. ਪੀ. ਜੀ ਅਤੇ ਐਨ. ਐਸ. ਏ. ਕੌਮੀ ਸੁਰੱਖਿਆ ਏਜੰਸੀ ਨੇ ਪ੍ਰਵਾਨ ਕੀਤਾ ਹੈ। 362 ਕਰੋੜ ਵਿੱਚੋਂ ਸਪੈਸ਼ਨ ਰੱਖਿਆ ਗਰੁੱਪ 40 ਫੀਸਦੀ ਵਿਚੋਲਿਆਂ ਦਾ ਹਿੱਸਾ ਹੈ। ਬਾਕੀ ਬਚਦੇ ਵਿੱਚੋਂ ਕਿਸਨੂੰ ਕਿੰਨਾ ਮਿਲਿਆ ਹੈ, ਅਜੇ ਖੁਲਾਸਾ ਹੋਣਾ ਹੈ।

ਇਹ ਘੁਟਾਲਾ ਨਾ ਪਹਿਲਾ ਹੈ ਤੇ ਨਾ ਹੀ ਆਖ਼ਰੀ। ਭਾਰਤ ਦਾ ਲੋਕ ਦੁਸ਼ਮਣ ਪ੍ਰਬੰਦ ਇਹਨਾਂ ਘੁਟਾਲਿਆਂ ਦਾ ਜਨਮਦਾਤਾ ਹੈ। ਨਵੀਆਂ ਆਰਥਿਕ ਨੀਤੀਆਂ ਦੇ ਲਾਗੂ ਹੋਣ ਨੇ ਇਹਨਾਂ ਘੁਟਾਲਿਆਂ ਦੀ ਗਿਣਤੀ 'ਚ ਬੇਥਾਹ ਵਾਧਾ ਕੀਤਾ ਹੈ। ਬਹੁਕੌਮੀ ਕੰਪਨੀਆਂ ਨੂੰ ਵੱਡੇ ਮੁਨਾਫ਼ੇ ਪੁਹੰਚਾਉਣਾ, ਲੋਕਾਂ ਤੋਂ ਸਭ ਸਹੂਲਤਾਂ, ਰੋਟੀ ਰੁਜ਼ਗਾਰ ਖੋਹ ਕੇ ਮੁਲਕ ਦਾ ਕੁੱਲ ਸਰਮਾਇਆ ਇਹਨਾਂ ਸਾਮਰਾਜੀ ਕੰਪਨੀਆਂ ਦੇ ਕਦਮਾਂ 'ਚ ਪੇਸ਼ ਕਰਨਾ ਅਤੇ ਇਉਂ ਕਰਕੇ ਏਥੋਂ ਦੇ ਸਿਆਸਤਦਾਨਾਂ ਅਤੇ ਅਫਸਰਸ਼ਾਹੀ ਵੱਲੋਂ ਆਪਣੀਆਂ ਕੁਰਸੀਆਂ, ਦਲਾਲੀਆਂ ਤੇ ਜਾਇਦਾਦਾਂ 'ਚ ਅੰਨ੍ਹੇ ਵਾਧੇ ਦੇ ਰੂਪ ਵਿੱਚ ਸੇਵਾਦਾਰੀ ਹਾਸਲ ਕਰਨਾ ਇਹਨਾਂ ਨੀਤੀਆਂ ਦਾ ਨਿਚੋੜ ਹੈ। ਇਸ ਕਰਕੇ ਏਥੇ ਸਿੱਧੇ ਅਸਿੱਧੇ ਹਰ ਰੂਪ ਵਿੱਚ ਲੋਕਾਂ ਨਾਲ ਧੋਖਾਧੜੀ ਅਤੇ ਲੁੱਟ ਜਾਇਜ਼ ਹੈ।
1991 'ਚ ਇਹਨਾਂ ਨਵੀਆਂ ਆਰਥਿਕ ਨੀਤੀਆਂ ਦੇ ਲਾਗੂ ਹੋਣ ਬਾਅਦ ਸਕੈਡਲਾਂ ਤੇ ਘਪਲਿਆਂ ਦੀ ਗਿਣਤੀ 'ਚ ਵਾਧਾ ਦੇਖਣਯੋਗ ਹੈ। 1947 ਤੋਂ 1990 ਤੱਕ ਦੇ 43 ਸਾਲਾਂ ਵਿੱਚ ਭਾਰਤ ਅੰਦਰ ਨਸ਼ਰ ਹੋਏ ਘੁਟਾਲਿਆਂ ਦੀ ਗਿਣਤੀ 10 ਸੀ। 1991 ਤੋਂ 2000 ਤੱਕ ਸਿਰਫ਼ 10 ਸਾਲਾਂ ਵਿੱਚ ਇਹ ਗਿਣਤੀ 13 ਸੀ। 2000 ਤੋਂ 2009 ਤੱਕ ਦੇ 10 ਸਾਲਾਂ ਵਿੱਚ 27 ਘੁਟਾਲੇ ਹੋਏ। ਇਕੱਲੇ 2010 ਵਿੱਚ ਘੁਟਾਲਿਆਂ ਦੇ 9 ਕੇਸ ਸਾਹਮਣੇ ਆਏ ਜਿਹਨਾਂ ਦੀ ਗਿਣਤੀ 2011 ਵਿੱਚ ਵਧਕੇ 23 ਹੋ ਗਈ। ਸਾਲ 2012 ਵਿੱਚ ਕੱਲ ਨਸ਼ਰ ਘੁਟਾਲਿਆਂ ਦੀ ਗਿਣਤੀ 41 ਬਣਦੀ ਹੈ। ਜਿਨ੍ਹਾਂ ਵਿੱਚੋਂ 13 ਕੇਂਦਰ ਸਰਕਾਰ ਨਾਲ ਸਬੰਧਤ ਹਨ ਅਤੇ ਬਾਕੀ ਰਾਜ ਸਰਕਾਰਾਂ ਨਾਲ। ਇਹਨਾਂ 41 ਘੁਟਾਲਿਆਂ ਵਿੱਚੋਂ ਸਿਰਫ਼ ਤਿੰਨ ਵੱਡੇ ਘੁਟਾਲਿਆਂ ਵਿੱਚ ਹੀ ਲੋਕਾਂ ਨਾਲ 5186 ਲੱਖ ਕਰੋੜ ਦੀ ਠੱਗੀ ਵੱਜ ਗਈ ਹੈ। ਸਿਆਸਦਾਨ, ਕਾਰਪੋਰੇਟ ਲਾਬੀ, ਬਹੁਕੌਮੀ ਕੰਪਨੀਆਂ, ਅਫਸਰਸ਼ਾਹੀ ਇਹਨਾਂ ਘੁਟਾਲਿਆਂ 'ਚ ਮੁੱਖ ਧਿਰਾਂ ਬਣਦੀਆਂ ਰਹੀਆਂ ਹਨ। ਮੌਜੂਦਾ ਹੈਲੀਕਾਪਟਰ ਘਪਲਾ ਵੀ ਇਸੇ ਲੜੀ ਦਾ ਇੱਕ ਹਿੱਸਾ ਹੈ। ਭ੍ਰਿਸ਼ਟਾਚਾਰ ਦੇ ਇਸ ਭਿਅੰਕਰ ਵਰਤਾਰੇ ਨੂੰ ਠੱਲ੍ਹਣ ਲਈ ਜ਼ਰੂਰੀ ਹੈ ਕਿ --
1. ਨਿੱਜੀਕਰਨ ਸੰਸਾਰੀਕਰਨ ਦੇ ਨਾਮ ਹੇਠ ਹੋ ਰਹੀ ਸਰਕਾਰੀ ਕਾਰੋਬਾਰਾਂ, ਜ਼ਮੀਨਾਂ ਜਾਇਦਾਦਾਂ, ਸੰਸਥਾਵਾਂ ਦੀ ਥੋਕ ਨਿਲਾਮੀ - ਜੋ ਕਿ ਭ੍ਰਿਸ਼ਟਾਚਾਰ ਦਾ ਵੱਡਾ ਸਾਧਨ ਹੈ - ਬੰਦ ਕੀਤੀ ਜਾਵੇ।
2. ਵੱਡੀਆਂ ਵਿਦੇਸ਼ੀ ਕੰਪਨੀਆਂ ਜਿਨ੍ਹਾਂ ਕੋਲ ਅਰਬਾਂ ਖਰਬਾਂ ਦੇ ਕੇ ਸਰਕਾਰਾਂ ਨੂੰ ਖਰੀਦਣ ਦੀ ਤਾਕਤ ਹੈ ਮੁਲਕ ਤੋਂ ਦੂਰ ਰੱਖੀਆਂ ਜਾਣ। 
3. ਉੱਚ ਅਫ਼ਸਰਾਂ ਅਤੇ ਵਜ਼ੀਰਾਂ ਕੋਲ ਵੱਡੇ ਕਾਰੋਬਾਰਾਂ ਨਾਲ ਗੁਪਤ ਸੌਦਿਆਂ ਰਾਹੀਂ ਹੱਥ ਰੰਗਣ ਦੀਆਂ ਤਾਕਤਾਂ ਹਨ। ਉਹਨਾਂ ਦੇ ਖੰਭ ਕਤਰੇ ਜਾਣ ਅਤੇ ਪਾਰਦਰਸ਼ਤਾ ਯਕੀਨੀ ਬਣਾਈ ਜਾਵੇ। 

4. ਕਾਰੋਬਾਰਾਂ ਦੀ ਨਿਯਮ ਮੁਕਤੀ ਤੇ ਖੁੱਲ੍ਹਾਂ ਭ੍ਰਿਸ਼ਟਾਚਾਰ ਦਾ ਕਾਨੂੰਨੀਕਰਨ ਹਨ। ਇਹਨਾਂ ਨੂੰ ਨੱਥ ਪਾਈ ਜਾਵੇ।


5th Issue of Naujwan Pamphlet Series is Out





Wednesday, 27 February 2013

ਰਾਮਾਂ ਮੰਡੀ ਬਲਾਤਕਾਰ ਘਟਨਾ ਦੀ ਜਾਂਚ ਦੀ ਮੰਗ ਨੂੰ ਲੈ ਕੇ ਨੌਜਵਾਨ ਭਾਰਤ ਸਭਾ ਵੱਲੋਂ ਧਰਨਾ ਤੇ ਮੁਜ਼ਾਹਰਾ


ਰਾਮਾਂ ਮੰਡੀ ਬਲਾਤਕਾਰ ਘਟਨਾ ਦੀ ਜਾਂਚ ਦੀ ਮੰਗ ਨੂੰ ਲੈ ਕੇ
ਨੌਜਵਾਨ ਭਾਰਤ ਸਭਾ ਵੱਲੋਂ ਧਰਨਾ ਤੇ ਮੁਜ਼ਾਹਰਾ

12 ਫਰਵਰੀ ਨੂੰ ਰਾਮਾਂ ਮੰਡੀ (ਬਠਿੰਡਾ) 'ਚ 6 ਸਾਲਾ ਬੱਚੀ ਨਾਲ ਹੋਏ ਜਬਰ ਜਿਨਾਹ ਦੀ ਘਟਨਾ ਦੀ ਉੱਚ ਪੱਧਰੀ ਜਾਂਚ ਦੀ ਮੰਗ ਨੂੰ ਲੈ ਕੇ ਅੱਜ ਨੌਜਵਾਨ ਭਾਰਤ ਸਭਾ ਦੇ ਸੱਦੇ 'ਤੇ ਪਹੁੰਚੇ ਲੋਕਾਂ ਨੇ ਰੋਸ ਮੁਜ਼ਾਹਰਾ ਕੀਤਾ। ਪਹਿਲਾਂ ਐਸ.ਐਸ.ਪੀ. ਦਫ਼ਤਰ ਕੋਲ ਹੋਈ ਰੈਲੀ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਪੀੜਤ ਬੱਚੀ ਅਤੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ, ਘਟਨਾ ਦੇ ਅਸਲ ਦੋਸ਼ੀ ਨੂੰ ਲੱਭ ਕੇ ਗ੍ਰਿਫਤਾਰ ਕੀਤਾ ਜਾਵੇ। ਰੈਲੀ ਨੂੰ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਸਕੱਤਰ ਪਾਵੇਲ ਕੁੱਸਾ ਨੇ ਕਿਹਾ ਕਿ ਬਠਿੰਡਾ ਪੁਲਿਸ ਜਾਂ ਤਾਂ ਅਸਲ ਦੋਸ਼ੀ ਨੂੰ ਛੁਪਾਉਣਾ ਚਾਹੁੰਦੀ ਹੈ ਜਾਂ ਫਿਰ ਉਸਨੇ ਲੋਕ ਰੋਹ ਤੇ ਠੰਢਾ ਛਿੜਕਣ ਅਤੇ ਕੇਸ ਹੱਲ ਕਰਨ ਦਾ ਸਿਹਰਾ ਸਿਰ ਸਿਜਾਉਣ ਲਈ ਇੱਕ ਨਿਰਦੋਸ਼ ਨੌਜਵਾਨ ਨੂੰ ਫੜ•ਕੇ ਜੇਲ• 'ਚ ਸੁੱਟ ਦਿੱਤਾ ਹੈ। ਇਨਸਾਫ਼ ਮੰਗਦੇ ਰਾਮਾਂ ਮੰਡੀ ਨਿਵਾਸੀਆਂ ਦੇ ਅੱਖੀਂ ਘੱਟਾ ਪਾਇਆ ਹੈ। ਹਾਲਾਂਕਿ ਤੱਥ ਤੇ ਸਬੂਤ ਮੌਜੂਦ ਹਨ ਜਿਹਨਾਂ ਰਾਹੀਂ ਇਹ ਸਿੱਧ ਹੁੰਦਾ ਹੈ ਕਿ ਉਸ ਦਿਨ ਅਖਿਲੇਸ਼ ਕੁਮਾਰ ਪੱਕਾ ਕਲਾਂ ਪਿੰਡ 'ਚ ਇੱਕ ਘਰੇ ਦਿਹਾੜੀ 'ਤੇ ਕੰਮ ਕਰ ਰਿਹਾ ਸੀ। ਇਸ ਮਾਮਲੇ 'ਚ ਪੁਲਿਸ ਮੁਲਾਜ਼ਮਾਂ ਦੀ ਕਾਰਗੁਜ਼ਾਰੀ 'ਤੇ ਉੱਠਦੇ ਸਵਾਲਾਂ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇਹ ਘਟਨਾ ਰਾਮਾਂ ਮੰਡੀ ਪੁਲਿਸ ਦੇ ਐਨ ਨੱਕ ਹੇਠ ਵਾਪਰੀ ਹੈ। ਜ਼ਿਕਰਯੋਗ ਹੈ ਕਿ ਦੋਨਾਂ ਜੱਥੇਬੰਦੀਆਂ ਵੱਲੋਂ ਆਪਣੀ ਪੜਤਾਲ ਦੌਰਾਨ ਸਾਹਮਣੇ ਆਏ ਤੱਥਾਂ ਨੂੰ ਇੱਕ ਹੱਥ ਪਰਚੇ ਰਾਹੀਂ ਰਾਮਾ ਮੰਡੀ ਦੇ ਲੋਕਾਂ ਅਤੇ ਹੋਰਨਾਂ ਇਨਸਾਫ਼ ਪਸੰਦ ਲੋਕਾਂ 'ਚ ਵੰਡਿਆ ਗਿਆ ਹੈ। ਸਭਾ ਵੱਲੋਂ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ, ਸੁਮੀਤ ਅਤੇ ਅਸ਼ਵਨੀ ਕੁਮਾਰ ਨੇ ਕਿਹਾ ਕਿ ਕੇਸ ਦੀ ਉੱਚ ਪੱਧਰੀ ਪੜਤਾਲ ਹੀ ਅਸਲੀਅਤ ਸਾਹਮਣੇ ਲਿਆ ਸਕਦੀ ਹੈ। ਇਹ ਜਾਂਚ ਕਰਵਾਉਣ ਤੋਂ ਪੁਲਿਸ ਟਾਲਾ ਵੱਟ ਰਹੀ ਹੈ। ਆਪਣੀ ਝੂਠੀ ਕਹਾਣੀ ਨੂੰ ਖੜ•ੀ ਰੱਖਣ ਲਈ ਹੋਰ ਝੂਠ ਦਾ ਸਹਾਰਾ ਲੈ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੋਠੂ ਸਿੰਘ ਕੋਟੜਾ ਅਤੇ ਮੋਹਣ ਸਿੰਘ ਨੇ ਕਿਹਾ ਕਿ ਪੁਲਿਸ, ਅਦਾਲਤਾਂ ਤੇ ਸਾਰੀ ਹਕੂਮਤੀ ਮਸ਼ੀਨਰੀ ਲੋਕਾਂ ਦੇ ਦਬਾਅ ਮੂਹਰੇ ਇਹ ਪ੍ਰਭਾਵ ਦੇਣ 'ਤੇ ਲੱਗੀ ਹੈ ਕਿ ਹੁਣ ਔਰਤਾਂ ਨੂੰ ਝੱਟ ਪੱਟ ਇਨਸਾਫ਼ ਮਿਲਣਾ ਯਕੀਨੀ ਹੈ ਪਰ ਇਹ ਘਟਨਾ ਦਰਸਾਉਂਦੀ ਹੈ ਕਿ ਇਸ ਨਕਲੀ ਫੁਰਤੀ ਦਾ ਮਤਲਬ ਲੋਕਾਂ ਦੇ ਰੋਹ 'ਤੇ ਠੰਢਾ ਛਿੜਕਣਾ ਹੈ ਨਾ ਕਿ ਸਹੀ ਅਰਥਾਂ 'ਚ ਇਨਸਾਫ਼ ਕਰਨਾ। ਇਨਸਾਫ਼ ਤਾਂ ਹੀ ਮਿਲ ਸਕਦਾ ਹੈ ਜੇਕਰ ਲੋਕ ਜੱਥੇਬੰਦ ਹੋਣ ਅਤੇ ਸੰਘਰਸ਼ ਕਰਨ। ਇਸ ਮੌਕੇ ਸ਼ਾਮਲ ਸਭਨਾਂ ਜੱਥੇਬੰਦੀਆਂ ਦੇ ਆਗੂਆਂ ਨੇ ਇੱਕਸੁਰ ਹੋ ਕੇ ਕਿਹਾ ਕਿ ਇਸ ਮੁੱਦੇ 'ਤੇ ਉਹ ਚੁੱਪ ਨਹੀਂ ਬੈਠਣਗੇ ਸਗੋਂ ਪੁਲਿਸ ਦੀ ਝੂਠੀ ਕਹਾਣੀ ਦਾ ਲੋਕਾਂ ਮੂਹਰੇ ਪਰਦਾਚਾਕ ਕਰਨਾ ਜਾਰੀ ਰੱਖਣਗੇ। ਪੀ.ਐਸ.ਯੂ.(ਸ਼ਹੀਦ ਰੰਧਾਵਾ) ਦੀ ਅਗਵਾਈ 'ਚ ਵਿਦਿਆਰਥੀ ਵੀ ਸ਼ਾਮਲ ਹੋਏ। ਰੋਸ ਮਾਰਚ ਵੱਖ-ਵੱਖ ਬਜ਼ਾਰਾਂ 'ਚੋਂ ਹੁੰਦਾ ਹੋਇਆ ਬੱਸ ਅੱਡੇ 'ਤੇ ਆ ਕੇ ਸਮਾਪਤ ਹੋਇਆ। ਸ਼ਾਮਲ ਲੋਕਾਂ ਵੱਲੋਂ ਬਠਿੰਡਾ ਪੁਲਿਸ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਧਰਨੇ 'ਚ ਲੋਕ ਮੋਰਚਾ ਪੰਜਾਬ ਦੇ ਸੁਖਵਿੰਦਰ ਸਿੰਘ, ਭੁੱਲਰ ਭਾਈਚਾਰੇ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਸੰਦੀਪ ਸਿੰਘ ਨੇ ਵੀ ਸੰਬੋਧਨ ਕੀਤਾ। ਟੀ.ਐਸ.ਯੂ ਦੇ ਸਤਵਿੰਦਰ ਸੋਨੀ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਮਾਸਟਰ ਸੇਵਕ ਸਿੰਘ ਵੀ ਧਰਨੇ 'ਚ ਸ਼ਾਮਿਲ ਹੋਏ।








ਜਾਰੀ ਕਰਤਾ
ਪਾਵੇਲ ਕੁੱਸਾ, ਸੂਬਾ ਸਕੱਤਰ
ਨੌਜਵਾਨ ਭਾਰਤ ਸਭਾ

ਰਾਮਾਂ ਮੰਡੀ 'ਚ ਛੇ ਸਾਲਾ ਬੱਚੀ ਨਾਲ ਜਬਰ ਜਿਨਾਹ


ਰਾਮਾਂ ਮੰਡੀ 'ਚ ਛੇ ਸਾਲਾ ਬੱਚੀ ਨਾਲ ਜਬਰ ਜਿਨਾਹ ਦਾ ਮਾਮਲਾ
ਇਨਸਾਫ਼ ਹਾਸਲ ਕਰਨ ਲਈ ਇਕੱਠੇ ਹੋਵੋ
12 ਫਰਵਰੀ ਦੀ ਸ਼ਾਮ ਨੂੰ ਰਾਮਾਂ ਮੰਡੀ (ਬਠਿੰਡਾ) 'ਚ ਹਿਰਦਾ ਵਲੂੰਧਰਨ ਵਾਲੀ ਘਟਨਾ ਵਾਪਰੀ। ਛੇ ਸਾਲਾਂ ਦੀ ਮਾਸੂਮ ਬੱਚੀ ਨੂੰ ਜਬਰ-ਜਿਨਾਹ ਦਾ ਸ਼ਿਕਾਰ ਬਣਾਇਆ ਗਿਆ। ਖੂਨ ਨਾਲ ਲੱਥਪਥ ਬੱਚੀ ਨੂੰ ਲੋਕਾਂ ਅਤੇ ਸਮਾਜ-ਸੇਵੀ ਕਾਰਕੁੰਨਾਂ ਨੇ ਹਸਪਤਾਲ ਪਹੁੰਚਾਇਆ। ਪਰ ਹਸਪਤਾਲ 'ਚ ਲੋੜੀਂਦੀ ਸਾਂਭ ਸੰਭਾਲ ਨਾ ਹੋਈ ਅਤੇ ਬੱਚੀ ਨੂੰ ਬਠਿੰਡੇ ਰੈਫ਼ਰ ਕਰ ਦਿੱਤਾ ਗਿਆ। ਐਂਬੂਲੈਂਸ ਵੀ ਜਾਣ ਦੀ ਹਾਲਤ 'ਚ ਨਹੀਂ ਸੀ। ਲੋਕਾਂ ਨੇ ਪ੍ਰਾਈਵੇਟ ਗੱਡੀ ਰਾਹੀਂ ਪੀੜਤ ਬੱਚੀ ਨੂੰ ਬਠਿੰਡੇ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਿੱਥੇ ਅਜੇ ਵੀ ਬੱਚੀ ਦਾ ਇਲਾਜ ਚੱਲ ਰਿਹਾ ਹੈ। ਇਹ ਮਾਸੂਮ ਬੱਚੀ ਗ਼ਰੀਬ ਪ੍ਰਵਾਸੀ ਮਜ਼ਦੂਰ ਦੀ ਧੀ ਹੈ ਜਿਹੜਾ ਯੂ.ਪੀ. ਤੋਂ ਇੱਥੇ ਆ ਕੇ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ਼ਦਾ ਹੈ।
ਅਜਿਹੇ ਦਰਦਨਾਕ ਕਾਰੇ ਨਾਲ ਲੋਕ ਮਨਾਂ 'ਚ ਰੋਹ ਜਾਗਣਾ ਸੁਭਾਵਿਕ ਸੀ। ਇੱਕ ਤਾਂ ਇਹ ਕੁਕਰਮ ਰਾਮਾਂ ਮੰਡੀ ਰੇਲਵੇ ਸਟੇਸ਼ਨ 'ਤੇ ਸਥਿਤ ਪੁਲਿਸ ਚੌਂਕੀ ਦੇ ਐਨ ਨਾਲ ਅਤੇ ਰਾਮਾਂ ਪੁਲਿਸ ਥਾਣੇ ਦੇ ਬਹੁਤ ਹੀ ਨਜ਼ਦੀਕ ਕੀਤਾ ਗਿਆ ਹੈ, ਪੁਲਿਸ ਕਰਮਚਾਰੀਆਂ ਦੇ ਐਨ ਨੱਕ ਹੇਠ ਵਾਪਰਿਆ ਹੈ। ਉੱਪਰੋਂ ਸਰਕਾਰੀ ਹਸਪਤਾਲਾਂ 'ਚੋਂ ਵੀ ਢੁੱਕਵੀਂ ਮਦਦ ਅਤੇ ਇਲਾਜ ਨਸੀਬ ਨਾ ਹੋਇਆ। ਅਜਿਹੇ ਹਾਲਾਤ ਨੇ ਸਥਾਨਕ ਸ਼ਹਿਰ ਨਿਵਾਸੀਆਂ ਅੰਦਰ ਭਾਰੀ ਰੋਸ ਜਗਾ ਦਿੱਤਾ। ਉਹ ਦੋਸ਼ੀ ਦਾ ਪਤਾ ਲਗਾਉਣ ਅਤੇ ਗ੍ਰਿਫ਼ਤਾਰ ਕਰਨ ਦੀ ਮੰਗ ਲਈ ਇਕੱਠੇ ਹੋ ਗਏ। ਇਸ ਇਕੱਠ 'ਚ ਪ੍ਰਵਾਸੀ ਮਜ਼ਦੂਰਾਂ ਤੋਂ ਬਿਨਾਂ ਰਾਮਾਂ ਮੰਡੀ ਦੇ ਆਮ ਸ਼ਹਿਰੀ, ਸਮਾਜ ਸੇਵੀ ਸੰਸਥਾਵਾਂ ਤੇ ਨੇੜਲੇ ਪਿੰਡਾਂ ਤੋਂ ਕਲੱਬਾਂ ਦੇ ਨੌਜਵਾਨ ਵੀ ਆ ਜੁੜੇ। ਨੇੜਲੀ ਮਜ਼ਦੂਰ ਬਸਤੀ ਦੀਆਂ ਔਰਤਾਂ ਵੀ ਵੱਡੀ ਗਿਣਤੀ 'ਚ ਪਹੁੰਚੀਆਂ। ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਜਗਾਉਣ ਲਈ ਅਤੇ ਆਪਣੇ ਰੋਸ ਦਾ ਪ੍ਰਗਟਾਵਾ ਕਰਨ ਲਈ ਲੋਕਾਂ ਨੇ ਰੇਲਵੇ ਲਾਈਨ 'ਤੇ ਧਰਨਾ ਮਾਰ ਲਿਆ। ਦੋਸ਼ੀ ਨੂੰ ਜਲਦੀ ਲੱਭ ਕੇ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਇਹ ਧਰਨਾ ਰਾਤ ਨੂੰ 11 ਵਜੇ ਤੱਕ ਚੱਲਿਆ। ਅਗਲੇ ਦਿਨ ਸਵੇਰੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਾ ਹੋਣ 'ਤੇ ਲੋਕਾਂ ਨੇ ਮੁੜ ਰੇਲ ਲਾਈਨ ਜਾਮ ਕਰ ਦਿੱਤੀ। ਸਾਰਾ ਦਿਨ ਲੋਕਾਂ ਦੇ ਭਾਰੀ ਇਕੱਠ ਨੇ ਪੁਲਿਸ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਅਤੇ ਜਲਦ ਕਾਰਵਾਈ ਦੀ ਮੰਗ ਕੀਤੀ। ਆਖ਼ਰ ਐਸ.ਡੀ.ਐਮ ਵੱਲੋਂ ਦੋ ਦਿਨ 'ਚ ਦੋਸ਼ੀ ਲੱਭ ਕੇ ਗ੍ਰਿਫ਼ਤਾਰ ਕਰ ਲੈਣ ਦਾ ਭਰੋਸਾ ਦਿੱਤੇ ਜਾਣ ਮਗਰੋਂ ਲੋਕਾਂ ਨੇ ਧਰਨਾ ਸਮਾਪਤ ਕਰ ਦਿੱਤਾ। ਰਾਤ ਨੂੰ 8 ਵਜੇ ਬਠਿੰਡਾ 'ਚ ਐਸ.ਐਸ.ਪੀ. ਨੇ ਪ੍ਰੈੱਸ ਕਾਨਫਰੰਸ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲੈਣ ਦਾ ਦਾਅਵਾ ਕਰ ਦਿੱਤਾ। ਦੱਸਿਆ ਗਿਆ ਕਿ ਇਹ ਕਾਰਾ ਅਖਿਲੇਸ਼ ਕੁਮਾਰ ਨਾਮ ਦੇ ਇੱਕ ਪ੍ਰਵਾਸੀ ਮਜ਼ਦੂਰ ਨੇ ਕੀਤਾ ਹੈ, ਜਿਸ 'ਤੇ ਬਲਾਤਕਾਰ ਦਾ ਕੇਸ ਦਰਜ ਕਰ ਦਿੱਤਾ ਗਿਆ ਹੈ। ਬਾਅਦ 'ਚ ਅੱਧੀ ਰਾਤ ਨੂੰ ਰਾਮਾਂ ਮੰਡੀ ਕਸਬੇ 'ਚ ਪੁਲਿਸ ਵੱਲੋਂ ਅਨਾਊਂਸਮੈਂਟ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲੈਣ ਦੇ ਦਮਗਜ਼ੇ ਮਾਰੇ ਗਏ। 
ਰੇਲਵੇ ਲਾਈਨ 'ਤੇ ਧਰਨਾ ਮਾਰ ਰਹੇ ਲੋਕਾਂ ਦੀ ਹਮਾਇਤ 'ਚ ਨੌਜਵਾਨ ਭਾਰਤ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਕਾਰਕੁੰਨ ਵੀ ਆ ਪਹੁੰਚੇ ਸਨ। ਕਾਰਕੁੰਨਾਂ ਨੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਵੀ ਕੀਤਾ ਸੀ ਤੇ ਆਪਸੀ ਏਕਤਾ ਕਾਇਮ ਰੱਖਣ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਭੜਕਾਊ ਚਾਲਾਂ ਤੋਂ ਸੁਚੇਤ ਰਹਿਣ ਦੀਆਂ ਬੇਨਤੀਆਂ ਕੀਤੀਆਂ ਸਨ। ਇਸ ਵਹਿਸ਼ੀ ਕਾਰੇ ਖਿਲਾਫ਼ ਆਵਾਜ਼ ਉਠਾਉਣ ਦੇ ਕਦਮ ਨੂੰ ਹੱਲਾਸ਼ੇਰੀ ਦਿੱਤੀ ਸੀ। ਪ੍ਰੈੱਸ ਕਾਨਫਰੰਸ 'ਚ ਦੋਸ਼ੀ ਦੀ ਗ੍ਰਿਫਤਾਰੀ ਦੇ ਐਲਾਨ ਤੋਂ ਬਾਅਦ ਦੋਹਾਂ ਜੱਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਸਾਂਝੀ ਟੀਮ ਬਣਾ ਕੇ ਇਸ ਘਟਨਾ ਦੀ ਪੜਤਾਲ ਕੀਤੀ ਗਈ ਹੈ।
ਪੜਤਾਲੀਆ ਰਿਪੋਰਟ : ਅਖਿਲੇਸ਼ ਕੁਮਾਰ ਦੋਸ਼ੀ ਨਹੀਂ, ਅਸਲ ਦੋਸ਼ੀ ਹਾਲੇ ਵੀ ਬਾਹਰ
ਇਸ ਪੜਤਾਲ ਦੌਰਾਨ ਇਹ ਜ਼ੋਰਦਾਰ ਸੰਕੇਤ ਉੱਭਰਦੇ ਹਨ ਕਿ ਅਖਿਲੇਸ਼ ਕੁਮਾਰ ਨਾਮ ਦਾ ਨੌਜਵਾਨ ਅਸਲ ਦੋਸ਼ੀ ਨਹੀਂ ਹੈ। ਜਾਂ ਤਾਂ ਪੁਲਿਸ ਅਸਲ ਦੋਸ਼ੀ ਨੂੰ ਛੁਪਾਉਣਾ ਚਾਹੁੰਦੀ ਹੈ ਤੇ ਜਾਂ ਫੁਰਤੀ ਨਾਲ ਮਾਮਲਾ ਹੱਲ ਕਰਕੇ ਭੜਕੇ ਹੋਏ ਲੋਕਾਂ ਨੂੰ ਸ਼ਾਂਤ ਕਰ ਲੈਣ ਦੀ ਕਲਗ਼ੀ ਆਪਣੇ ਸਿਰ ਸਜਾਉਣ ਦੀ ਕਾਹਲ 'ਚ ਇੱਕ ਨਿਰਦੋਸ਼ ਨੌਜਵਾਨ ਨੂੰ ਜੇਲ• 'ਚ ਸੁੱਟ ਦਿੱਤਾ ਹੈ। ਅਸਲ ਗੱਲ ਸਾਹਮਣੇ ਆਉਣੀ ਤਾਂ ਹਾਲੇ ਬਾਕੀ ਹੈ। ਪਰ ਦੋਹਾਂ 'ਚੋਂ ਮੰਤਵ ਕੋਈ ਵੀ ਹੋਵੇ, ਇਹ ਗੱਲ ਸਾਫ਼ ਹੈ ਕਿ ਕੁਕਰਮ ਕਰਨ ਵਾਲਾ ਅਪਰਾਧੀ ਬਚ ਨਿਕਲਿਆ ਹੈ। ਪੀੜਤ ਬੱਚੀ ਅਤੇ ਪਰਿਵਾਰ ਨੂੰ ਅਜੇ ਇਨਸਾਫ਼ ਨਹੀਂ ਮਿਲਿਆ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਪਣੀ ਅਸਲ ਜੁੰਮੇਵਾਰੀ ਨਿਭਾਉਣ ਦੀ ਥਾਂ ਇੱਕ ਬੇਕਸੂਰ ਨੌਜਵਾਨ ਨੂੰ ਜ਼ੇਲ• 'ਚ ਸੁੱਟ ਦੇਣ ਦਾ ਗੁਨਾਹ ਕੀਤਾ ਹੈ।
ਸਾਡੀਆਂ ਦੋਹਾਂ ਜੱਥੇਬੰਦੀਆਂ ਦੇ ਕਾਰਕੁੰਨਾਂ ਦੀ ਪੜਤਾਲ ਅਨੁਸਾਰ ਇਹ ਘਟਨਾ ਦਿਨ ਦੇ ਤਿੰਨ ਵਜੇ ਦੇ ਆਸਪਾਸ ਵਾਪਰੀ। ਪੀੜਤ ਬੱਚੀ ਦੇ ਘਰ ਦੇ ਨਾਲ ਹੀ ਰਹਿੰਦੇ ਮਜ਼ਦੂਰ ਬਬਲੂ ਦੇ ਘਰ ਪੁਲਿਸ ਨੇ ਰਾਤ ਨੂੰ 12 ਵਜੇ ਦੇ ਲਗਭਗ ਛਾਪਾ ਮਾਰਿਆ ਤੇ ਉੱਥੇ ਮੌਜੂਦ ਬਬਲੂ ਦੀ ਪਤਨੀ ਅਤੇ ਉਸਦੇ ਤਿੰਨ ਭਰਾਵਾਂ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਉਹਨਾਂ ਨੇ ਕਿਹਾ ਕਿ ਉਹ ਤਾਂ ਰਾਤ ਨੂੰ ਲਗਭਗ 8 ਵਜੇ ਪਿੰਡ ਪੱਕਾ ਕਲਾਂ ਤੋਂ ਕੰਮ ਕਰਕੇ ਵਾਪਸ ਆਏ ਹਨ ਅਤੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਨਾਮ ਪਤੇ ਨੋਟ ਕਰਕੇ ਚਲੀ ਗਈ। ਅਗਲੇ ਦਿਨ ਸਵੇਰੇ 7 ਵਜੇ ਪੁਲਿਸ ਦੀ ਟੀਮ ਫਿਰ ਆਈ ਅਤੇ ਬਬਲੂ ਤੇ ਉਸਦੇ ਤਿੰਨ ਸਾਲਿਆਂ ਅਖਿਲੇਸ਼, ਅਰਵਿੰਦ ਤੇ ਵਿਪਿਨ ਨੂੰ ਗ੍ਰਿਫ਼ਤਾਰ ਕਰਕੇ ਲੈ ਗਈ। ਮੌਕੇ 'ਤੇ ਮੌਜੂਦ ਰਾਜੂ ਠੇਕੇਦਾਰ ਨੇ ਵੀ ਇਹਨਾਂ ਦੇ ਕੰਮ 'ਤੇ ਹੋਣ ਦੀ ਪੁਸ਼ਟੀ ਕੀਤੀ ਤੇ ਪੁਲਿਸ ਨੇ ਪੱਕਾ ਕਲਾਂ ਤੋਂ ਜਾ ਕੇ ਵੀ ਪਤਾ ਕਰਿਆ। ਪਰ ਇਹ ਪਤਾ ਹੋਣ ਦੇ ਬਾਵਜੂਦ ਵੀ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਈ। ਅਖਿਲੇਸ਼ 'ਤੇ ਕੇਸ ਪਾ ਕੇ ਜੇਲ• ਭੇਜ ਦਿੱਤਾ ਅਤੇ ਬਾਕੀਆਂ ਨੂੰ ਤਿੰਨ ਦਿਨ ਨਜਾਇਜ਼ ਹਿਰਾਸਤ 'ਚ ਰੱਖਿਆ। ਆਖਰ ਨੂੰ ਜਦੋਂ ਜੱਥੇਬੰਦੀਆਂ ਦੇ ਕਾਰਕੁੰਨਾਂ ਅਤੇ ਬਾਕੀ ਪਰਿਵਾਰਕ ਮੈਂਬਰਾਂ ਦਾ ਵਫ਼ਦ ਆਈ.ਜੀ. ਬਠਿੰਡਾ ਨੂੰ ਮਿਲਿਆ ਤਾਂ ਉਹਨਾਂ ਨੂੰ ਰਿਹਾਅ ਕੀਤਾ ਗਿਆ। ਹੇਠਲੇ ਤੱਥਾਂ ਤੋਂ ਪਤਾ ਲੱਗਦਾ ਹੈ ਕਿ ਅਸਲ ਦੋਸ਼ੀ ਹਾਲੇ ਗ੍ਰਿਫਤਾਰ ਨਹੀਂ ਕੀਤਾ ਗਿਆ ਸਗੋਂ ਪੁਲਿਸ ਅਖਿਲੇਸ਼ ਨੂੰ ਦੋਸ਼ੀ ਸਾਬਤ ਕਰਕੇ ਕੇਸ ਨੂੰ ਨਿੱਬੜਿਆ ਵਿਖਾਉਣਾ ਚਾਹੁੰਦੀ ਹੈ।
dਨੌਜਵਾਨ ਅਖਿਲੇਸ਼ ਕੁਮਾਰ ਉਸ ਦਿਨ ਪੱਕਾ ਕਲਾਂ 'ਚ ਸ਼੍ਰੀ ਦਿਲਵਰ ਸ਼ਰਮਾ (ਰਿਟਾਇਰਡ ਸੈਕਟਰੀ ਕੋਔਪਰੇਟਿਵ ਸੁਸਾਇਟੀ) ਦੇ ਘਰ ਉਸਾਰੀ ਦੇ ਕੰਮ ਦੌਰਾਨ ਰੋੜੀ ਕੁੱਟ ਰਿਹਾ ਸੀ। ਉਸਦਾ ਜੀਜਾ ਬਬਲੂ ਜੋ ਪਹਿਲਾਂ ਤੋਂ ਹੀ ਰਾਜੂ ਠੇਕੇਦਾਰ ਨਾਲ ਦਿਹਾੜੀ ਜਾਂਦਾ ਸੀ, ਉਸ ਦਿਨ ਅਖਿਲੇਸ਼ ਨੂੰ ਵੀ ਨਾਲ ਲੈ ਕੇ ਗਿਆ ਸੀ। ਇਸ ਦੀ ਪੁਸ਼ਟੀ ਸ਼੍ਰੀ ਦਿਲਵਰ ਸ਼ਰਮਾਂ ਦੇ ਪਰਿਵਾਰ, ਉਹਨਾਂ ਦੇ ਸੀਰੀ ਅਤੇ ਰਾਜੂ ਠੇਕੇਦਾਰ ਨੇ ਵੀ ਕੀਤੀ ਹੈ। ਅਖਿਲੇਸ਼ ਸਮੇਤ ਪੰਜ ਮਜ਼ਦੂਰ ਸਵੇਰੇ 9 ਕੁ ਵਜੇ ਰਾਮੇਂ ਤੋਂ ਪੱਕਾਂ ਕਲਾਂ ਗਏ ਹਨ ਤੇ ਰਾਤ ਨੂੰ 8 ਵਜੇ ਦੇ ਲਗਭਗ ਰਾਮਾਂ ਮੰਡੀ ਵਾਪਿਸ ਪਹੁੰਚੇ ਹਨ। 
dਕਈ ਹੋਰਨਾਂ ਲੋਕਾਂ ਵੱਲੋਂ ਵੀ ਅਖਿਲੇਸ਼ ਨੂੰ ਸਵੇਰੇ ਰਾਜੂ ਠੇਕੇਦਾਰ ਅਤੇ ਬਬਲੂ ਨਾਲ ਕੰਮ 'ਤੇ ਜਾਂਦਿਆਂ ਅਤੇ ਵਾਪਸ ਆਉਂਦਿਆਂ ਵੇਖੇ ਜਾਣ ਦੀ ਪੁਸ਼ਟੀ ਕੀਤੀ ਹੈ।
dਪੀੜਤ ਬੱਚੀ ਦੇ ਮਾਪਿਆਂ ਵੱਲੋਂ ਦੋਸ਼ੀ ਵਜੋਂ ਕਿਸੇ ਵੀ ਵਿਅਕਤੀ ਦਾ ਨਾਮ ਨਹੀਂ ਲਿਆ ਗਿਆ ਤੇ ਨਾ ਹੀ ਕਿਸੇ ਵੱਲ ਸ਼ੱਕ ਪ੍ਰਗਟ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਇਹ ਕਾਰਵਾਈ ਆਪਣੇ ਆਪ ਕੀਤੀ ਹੈ।
dਪੁਲਿਸ ਵੱਲੋਂ ਦੋਸ਼ੀ ਕਹੇ ਗਏ ਨੌਜਵਾਨ ਦੀ ਸ਼ਨਾਖਤ ਕਰਵਾਉਣ ਦਾ ਢੰਗ ਵੀ ਪਾਰਦਰਸ਼ੀ ਨਹੀਂ ਹੈ। ਬੱਚੀ ਦੇ ਪਿਤਾ ਨੂੰ ਕਮਰੇ 'ਚੋਂ ਬਾਹਰ ਕਰਕੇ, ਗ੍ਰਿਫ਼ਤਾਰ ਕੀਤੇ ਚਾਰ ਵਿਅਕਤੀਆਂ ਦੀਆਂ ਤਸਵੀਰਾਂ ਬੱਚੀ ਅੱਗੇ ਪੇਸ਼ ਕੀਤੀਆਂ ਗਈਆਂ। ਨਿੱਕੀ ਬੱਚੀ ਦੀ ਮਾਨਸਿਕ ਹਾਲਤ ਵੇਖ ਕੇ ਇਹ ਯਕੀਨ ਕਰਨਾ ਮੁਸ਼ਕਿਲ ਹੈ ਕਿ ਉਸਨੇ ਸੱਚਮੁਚ ਹੀ ਦੋਸ਼ੀ ਨੂੰ ਪਹਿਚਾਣ ਲਿਆ ਹੈ।
dਪੁਲਿਸ ਵੱਲੋਂ ਪ੍ਰੈੱਸ ਕਾਨਫਰੰਸ 'ਚ ਕਿਹਾ ਗਿਆ ਹੈ ਕਿ ਬੱਚੀ ਦੇ ਚਚੇਰੇ ਭਰਾ ਵੱਲੋਂ ਦੋਸ਼ੀ ਨੂੰ ਇਹ ਜ਼ੁਰਮ ਕਰਦਿਆਂ ਅੱਖੀਂ ਵੇਖਿਆ ਗਿਆ ਹੈ। ਜਦਕਿ ਲੜਕੇ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਾਡੇ ਮੁੰਡੇ ਨੇ ਪੁਲਿਸ ਨੂੰ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਤੇ ਉਹ ਘਟਨਾ ਸਮੇਂ ਦੌਰਾਨ ਉੱਥੇ ਮੌਜੂਦ ਹੀ ਨਹੀਂ ਸੀ। ਪੜਤਾਲੀਆ ਟੀਮ ਨੂੰ ਬੱਚੇ ਨੂੰ ਮਿਲਣ ਨਹੀਂ ਦਿੱਤਾ ਗਿਆ।
dਜਦੋਂ ਜੱਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਬਠਿੰਡਾ ਰੇਲਵੇ ਪੁਲਿਸ ਥਾਣੇ ਦੇ ਮੁਖੀ ਨਾਲ ਅਤੇ ਫਿਰ ਸੀ.ਆਈ.ਏ ਸਟਾਫ਼ ਬਠਿੰਡਾ ਦੇ ਇੰਚਾਰਜ ਨਾਲ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦਾ ਪਤਾ ਲਾਉਣ ਲਈ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਕੋਈ ਸਪੱਸ਼ਟ ਉੱਤਰ ਨਹੀਂ ਮਿਲਿਆ। ਪਹਿਲਾਂ ਉਹ ਇੱਕ ਦੂਜੇ 'ਤੇ ਜੁੰਮੇਵਾਰੀ ਸੁੱਟਦੇ ਰਹੇ ਅਤੇ ਅਖ਼ੀਰ ਐਸ.ਐਸ.ਪੀ. ਬਠਿੰਡਾ ਦਾ ਕੇਸ ਕਹਿ ਕੇ ਪੱਲਾ ਛੁਡਾਉਣ ਦਾ ਯਤਨ ਕੀਤਾ ਗਿਆ।
ਇਹਨਾਂ ਤੱਥਾਂ ਦੇ ਆਧਾਰ 'ਤੇ ਸਾਡਾ ਕਹਿਣਾ ਹੈ ਕਿ ਪੁਲਿਸ ਨੇ ਅਸਲ ਦੋਸ਼ੀ ਗ੍ਰਿਫ਼ਤਾਰ ਨਹੀਂ ਕੀਤਾ। ਡਿਊਟੀ ਦੌਰਾਨ ਆਪਣੀ ਲਾਪ੍ਰਵਾਹੀ ਛੁਪਾਉਣ ਲਈ ਅਤੇ ਆਪਣੇ ਗਲੋਂ ਕੇਸ ਦਾ ਝੰਜਟ ਮੁਕਾਉਣ ਲਈ ਪੁਲਿਸ ਨੇ ਬੇਕਸੂਰ ਪ੍ਰਵਾਸੀ ਨੌਜਵਾਨ ਨੂੰ ਫੜ• ਕੇ ਕੇਸ ਮੜ• ਦਿੱਤਾ ਹੈ। ਪੁਲਿਸ ਦੇ ਐਨ ਨੱਕ ਥੱਲੇ ਇਹ ਘਟਨਾ ਵਾਪਰਨ ਨਾਲ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਖੜ•ੇ ਹੁੰਦੇ ਹਨ। ਆਈ. ਜੀ. ਨੂੰ ਮਿਲਣ ਦੌਰਾਨ ਜੱਥੇਬੰਦੀਆਂ ਦੇ ਵਫ਼ਦ ਵੱਲੋਂ ਜਦੋਂ ਇਸ ਕੇਸ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਤਾਂ ਉਹਨਾਂ ਨੇ ਪੁਲਿਸ ਦਾ ਬਚਾਅ ਕਰਦਿਆਂ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਆਈ. ਜੀ. ਦਾ ਕਹਿਣਾ ਹੈ ਕਿ ਇਹ ਪੜਤਾਲ ਕਿਸੇ ਛੋਟੇ ਮੋਟੇ ਏ. ਐਸ. ਆਈ. ਦੀ ਨਹੀਂ ਹੈ ਸਗੋਂ ਸਾਡੀ ਆਹਲਾ ਦਰਜੇ ਦੇ ਅਫ਼ਸਰਾਂ ਦੀ ਟੀਮ ਦੀ ਹੈ ਜਿਸ ਵਿੱਚ ਸਾਡੀ ਆਈ. ਪੀ. ਐੱਸ. ਅਫ਼ਸਰ ਵੀ ਸ਼ਾਮਿਲ ਹੈ। ਪਰ ਵਿਚਾਰਨ ਵਾਲੀ ਗੱਲ ਤਾਂ ਇਹ ਹੈ ਕਿ ਜੇ ਆਹਲਾ ਅਫ਼ਸਰਾਂ ਦੀ ਅਜਿਹੀ ਟੀਮ ਐਸੀ ਪੜਤਾਲ ਕਰਦੀ ਹੈ ਤਾਂ ਮਾਮਲਾ ਹੋਰ ਵੀ ਗੰਭੀਰ ਹੈ। ਕਿਉਂਕਿ ਪੜਤਾਲ ਦੌਰਾਨ ਸਪੱਸ਼ਟ ਦਿਖਦੇ ਸਬੂਤਾਂ ਅਤੇ ਤੱਥਾਂ ਦੀ ਪਰਵਾਹ ਨਹੀਂ ਕੀਤੀ ਗਈ, ਤਿੰਨ ਨੌਜਵਾਨਾਂ ਨੂੰ ਨਜਾਇਜ਼ ਹਿਰਾਸਤ 'ਚ ਰੱਖਿਆ ਗਿਆ ਤੇ ਉਹਨਾਂ ਦੀ ਗ੍ਰਿਫ਼ਤਾਰੀ ਕਰਨ ਦੀ ਗੱਲ ਵੀ ਕਬੂਲੀ ਨਹੀਂ ਗਈ।
ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਭੂਮਿਕਾ ਹਮੇਸ਼ਾਂ ਦੀ ਤਰ•ਾਂ ਐਨੇ ਗੰਭੀਰ ਮਾਮਲੇ ਦੌਰਾਨ ਵੀ ਲੋਕਾਂ ਨੂੰ ਲਾਰੇ ਲਾਉਣ ਅਤੇ ਕਾਹਲੀ ਨਾਲ ਕੇਸ ਨੂੰ ਗਲੋਂ ਲਾਹੁਣ ਦੀ ਹੀ ਰਹੀ, ਨਾ ਕਿ ਗੰਭੀਰਤਾ ਨਾਲ ਪੜਤਾਲ ਕਰਨ ਅਤੇ ਅਸਲ ਦੋਸ਼ੀ ਨੂੰ ਲੱਭਣ ਦੀ। ਮੰਡੀ ਨਿਵਾਸੀਆਂ ਨੇ ਇਸ ਘਟਨਾ ਦਾ ਗਹਿਰਾ ਦੁੱਖ ਮਨਾਇਆ ਹੈ। ਪ੍ਰਵਾਸੀ ਮਜ਼ਦੂਰ ਦੀ ਧੀ ਨੂੰ ਆਪਣੀ ਧੀ ਸਮਝ ਕੇ ਉਸਨੂੰ ਹਸਪਤਾਲ ਪਹੁੰਚਾਇਆ ਹੈ, ਇਲਾਜ ਸ਼ੁਰੂ ਕਰਵਾਇਆ ਹੈ। ਪੀੜਤ ਲੜਕੀ ਅਤੇ ਉਸਦੇ ਪਰਿਵਾਰ ਨਾਲ ਜਾਗੀ ਡੂੰਘੀ ਹਮਦਰਦੀ ਦੀ ਭਾਵਨਾ ਤੇ ਦੋਸ਼ੀ ਪ੍ਰਤੀ ਤਿੱਖੇ ਰੋਸ ਅਤੇ ਗੁੱਸੇ ਦੇ ਅਹਿਸਾਸ 'ਚ ਵਿਚਰ ਰਹੇ ਲੋਕਾਂ ਤੋਂ ਪੁਲਿਸ ਨੇ ਭੋਰਾ ਭਰ ਸਹਿਯੋਗ ਲੈਣ ਦੀ ਜ਼ਰੂਰਤ ਵੀ ਨਹੀਂ ਸਮਝੀ। ਪੜਤਾਲ ਦੌਰਾਨ ਉਨ•ਾਂ ਦੀ ਮਦਦ ਜਾਂ ਸਹਿਯੋਗ ਲੈਣ ਦੀ ਥਾਂ ਲੋਕਾਂ ਨੂੰ ਇੱਕ ਭੀੜ ਸਮਝਿਆ ਹੈ। ਜਿਸ ਨੂੰ ਦਬਕਾਇਆ ਜਾ ਸਕਦਾ ਹੈ, ਬੇਵਕੂਫ਼ ਬਣਾਇਆ ਜਾ ਸਕਦਾ ਹੈ, ਕੋਈ ਵੀ ਗ੍ਰਿਫ਼ਤਾਰੀ ਵਿਖਾ ਕੇ ਟਿਕਾਇਆ ਜਾ ਸਕਦਾ ਹੈ। ਪੁਲਿਸ ਨੇ ਜਾਂ ਤਾਂ ਸੱਚ ਛੁਪਾ ਲਿਆ ਹੈ ਜਾਂ ਖੋਜਿਆ ਹੀ ਨਹੀਂ। ਸਾਨੂੰ ਸੱਚ ਸਾਹਮਣੇ ਲਿਆਉਣ ਲਈ ਆਵਾਜ਼ ਉਠਾਉਣੀ ਚਾਹੀਦੀ ਹੈ। ਕੇਸ ਦੀ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕਰਨੀ ਚਾਹੀਦੀ ਹੈ।
ਹਕੂਮਤੀ ਮਸ਼ੀਨਰੀ ਦੀ ਹਰਕਤਸ਼ੀਲਤਾ ਦਾ ਸੱਚ
ਜੋ ਰਾਮਾਂ ਮੰਡੀ ਵਾਲੇ ਕੇਸ 'ਚ ਵਾਪਰਿਆ ਹੈ, ਉਹ ਨਵਾਂ ਨਹੀਂ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਦੋਸ਼ੀ ਬਚ ਗਿਆ ਹੈ। ਦੋਸ਼ੀ ਅਕਸਰ ਹੀ ਬਚ ਜਾਂਦੇ ਹਨ। ਜਿੱਥੇ ਪਤਾ ਵੀ ਹੁੰਦਾ ਹੈ, ਜੱਗ ਜ਼ਾਹਰ ਵੀ ਹੁੰਦਾ ਹੈ ਉੱਥੇ ਵੀ ਬਚ ਜਾਂਦੇ ਹਨ। ਸ਼ਰੇਆਮ ਘੁੰਮਦੇ ਹਨ। ਦੇਸ਼ ਭਰ 'ਚੋਂ ਹੁਣ ਬਲਾਤਕਾਰ ਦੀ ਹਨੇਰੀ ਖਿਲਾਫ਼ ਲੋਕਾਂ ਦੀ ਵਿਆਪਕ ਰੋਸ ਲਹਿਰ ਉੱਠੀ ਹੈ। ਲੋਕ ਹਰਕਤ 'ਚ ਆਉਣ ਲੱਗੇ ਹਨ। ਪੰਜਾਬ 'ਚ ਪਹਿਲਾਂ ਵਾਪਰੇ ਸ਼ਰੂਤੀ ਅਗਵਾ ਕਾਂਡ ਅਤੇ ਫਿਰ ਦਿੱਲੀ ਦੀ ਵਿਦਿਆਰਥਣ ਨਾਲ ਵਾਪਰੀ ਜਬਰ ਜਿਨਾਹ ਤੇ ਕਤਲ ਦੀ ਘਟਨਾ ਨੇ ਸਰਕਾਰਾਂ, ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਅਦਾਲਤੀ ਅਮਲਾਂ ਖਿਲਾਫ਼ ਲੋਕਾਂ 'ਚ ਰੋਸ ਹੋਰ ਵਧਾਇਆ ਹੈ। ਸਖ਼ਤ ਕਾਨੂੰਨ ਅਤੇ ਸਖ਼ਤ ਸਜ਼ਾਵਾਂ ਦੀ ਮੰਗ ਵੀ ਉੱਠਣ ਲੱਗੀ ਹੈ। ਸਰਕਾਰਾਂ ਤੇ ਅਫ਼ਸਰਸ਼ਾਹੀ ਨੂੰ ਕੁਝ ਨਾ ਕੁਝ ਕਦਮ ਚੁੱਕਣ ਲਈ ਮਜ਼ਬੂਰ ਵੀ ਹੋਣਾ ਪਿਆ ਹੈ। ਪਰ ਉਹਨਾਂ ਦਾ ਰਵੱਈਆ ਆਮ ਤੌਰ 'ਤੇ ਦੋਸ਼ੀਆਂ ਨੂੰ ਬਚਾਉਣ ਵਾਲਾ ਤੇ ਉਹਨਾਂ ਦੀ ਰੱਖਿਆ ਕਰਨ ਵਾਲਾ ਰਹਿੰਦਾ ਆ ਰਿਹਾ ਹੈ। ਸ਼ਰੇਆਮ ਘੁੰਮਦੇ ਦੋਸ਼ੀਆਂ 'ਤੇ ਕੋਈ ਕਾਰਵਾਈ ਤੱਕ ਨਹੀਂ ਕੀਤੀ ਜਾਂਦੀ। ਹੁਣ ਦੇਸ਼ ਵਿਆਪੀ ਰੋਸ ਲਹਿਰ ਦੇ ਬਣੇ ਦਬਾਅ ਸਦਕਾ ਹੀ ਅਜਿਹੇ ਮਾਮਲਿਆਂ 'ਚ ਤੇਜ਼ੀ ਨਾਲ ਕਾਰਵਾਈ ਕਰਨ ਦਾ ਪ੍ਰਭਾਵ ਦਿੱਤਾ ਜਾ ਰਿਹਾ ਹੈ।
ਦਾਲਤਾਂ ਤੇਜ਼ੀ ਨਾਲ ਕੁਝ ਫੈਸਲੇ ਕਰਨ ਲੱਗੀਆਂ ਹਨ। ਪਰ ਅਸਲ ਮਕਸਦ ਹਾਲੇ ਵੀ ਦੋਸ਼ੀਆਂ ਨੂੰ ਸਜ਼ਾਵਾਂ ਦੇਣਾ ਨਹੀਂ ਹੈ ਸਗੋਂ ਹਕੂਮਤੀ ਮਸ਼ੀਨਰੀ ਦੀ ਫੁਰਤੀ ਦਾ ਪ੍ਰਭਾਵ ਦੇਣਾ ਹੀ ਹੈ। ਇਸ ਲਈ ਲੋਕਾਂ ਦੇ ਦਬਾਅ ਮੂਹਰੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇੱਕ ਵਾਰ ਮਾਮਲਾ ਠੰਡਾ ਕਰ ਦਿੱਤਾ ਜਾਵੇ ਚਾਹੇ ਝੂਠੀ ਕਹਾਣੀ ਬਣਾ ਕੇ ਹੀ ਕਿਉਂ ਨਾ ਪੇਸ਼ ਕਰਨੀ ਪਵੇ। ਚਾਹੇ ਇਹਦੀ ਮਾਰ 'ਚ ਕੋਈ ਨਿਰਦੋਸ਼ ਹੀ ਕਿਉਂ ਨਾ ਆ ਜਾਵੇ। ਇੱਕ ਪਾਸੇ ਜਿੱਥੇ ਸੱਚਾਈ ਇਹ ਹੈ ਕਿ ਸਾਡੇ ਮੁਲਕ 'ਚ ਆਏ ਦਿਨ ਛੋਟੀਆਂ ਬੱਚੀਆਂ ਤੋਂ ਲੈ ਕੇ ਵੱਡੀਆਂ ਔਰਤਾਂ ਨਾਲ ਛੇੜਛਾੜ, ਕੁੱਟਮਾਰ, ਬਲਾਤਕਾਰ ਤੇ ਤੇਜ਼ਾਬ ਸੁੱਟਣ ਦੀਆਂ ਘਟਨਾਵਾਂ ਬੇਰੋਕ ਵਾਪਰ ਰਹੀਆਂ ਹਨ। ਉੱਥੇ ਦੂਜੇ ਪਾਸੇ ਸੱਚ ਇਹ ਵੀ ਹੈ ਕਿ ਹਕੂਮਤੀ ਮਸ਼ੀਨਰੀ ਵੱਲੋਂ ਵਿਖਾਈ ਜਾ ਰਹੀ ਇਸ ਨਕਲੀ ਫੁਰਤੀ ਦੇ ਬਾਵਜੂਦ ਵੀ ਔਰਤਾਂ ਦੀ ਸੁਰੱਖਿਆ ਅਤੇ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਦੀ ਕੋਈ ਗਰੰਟੀ ਨਹੀਂ ਹੈ। ਸਗੋਂ ਇਸ ਫੋਕੀ ਫੁਰਤੀ ਦੇ ਚੱਕਰ 'ਚ ਕਈ ਵਾਰ ਬੇਦੋਸ਼ੇ ਵੀ ਮਾਰ 'ਚ ਆਉਂਦੇ ਹਨ। ਹੋਰ ਸਖ਼ਤ ਕਾਨੂੰਨਾਂ ਤੇ ਸਜ਼ਾਵਾਂ ਦੀ ਆੜ 'ਚ ਪੁਲਿਸ ਅਧਿਕਾਰੀਆਂ, ਅਦਾਲਤਾਂ, ਵਕੀਲਾਂ, ਜੱਜਾਂ ਨੇ ਹੋਰ ਹੱਥ ਰੰਗਣੇ ਹਨ। ਇਹਨਾਂ ਕਾਨੂੰਨਾਂ ਤੇ ਸਜ਼ਾਵਾਂ ਦੀ ਅਸਲ ਮਾਰ ਗ਼ਰੀਬ ਜਨਤਾ ਅਤੇ ਬੇਦੋਸ਼ਿਆਂ 'ਤੇ ਹੀ ਪੈਣੀ ਹੈ। ਸਿਆਸੀ ਚੌਧਰ ਦੇ ਜ਼ੋਰ ਆਪਣੇ ਚਹੇਤਿਆਂ ਨੂੰ ਬਚਾਉਣ ਲਈ ਪਹਿਲਾਂ ਦੀ ਤਰ•ਾਂ ਹੀ ਜ਼ੋਰ ਲਾਇਆ ਜਾਂਦਾ ਰਹਿਣਾ ਹੈ।
ਉੱਚ ਪੱਧਰੀ ਜਾਂਚ ਦੀ ਮੰਗ ਕਰੋ, ਇਨਸਾਫ਼ ਲਈ ਆਵਾਜ਼ ਉਠਾਓ
ਸਾਡੀ ਲੋਕਾਂ ਦੀ ਏਕਤਾ, ਸੰਘਰਸ਼ ਅਤੇ ਮੁਸਤੈਦੀ ਹੀ ਹੈ ਜੋ ਔਰਤਾਂ ਤੇ ਬੱਚੀਆਂ ਦੀ ਸੁਰੱਖਿਆ ਦੀ ਜ਼ਾਮਨੀ ਕਰ ਸਕਦੀ ਹੈ, ਅਜਿਹੀਆਂ ਘਿਨਾਉਣੀਆਂ ਘਟਨਾਵਾਂ ਨੂੰ ਠੱਲ• ਪਾ ਸਕਦੀ ਹੈ। ਸਾਡੀ ਚੇਤਨਾ ਅਤੇ ਇੱਕਜੁਟਤਾ ਦੇ ਸਿਰ 'ਤੇ ਹੀ ਅਸਲ ਦੋਸ਼ੀਆਂ ਨੂੰ ਸਜ਼ਾ ਦਿਵਾਈ ਜਾ ਸਕਦੀ ਹੈ ਅਤੇ ਬੇਦੋਸ਼ਿਆਂ ਨੂੰ ਬਚਾਇਆ ਜਾ ਸਕਦਾ ਹੈ। ਆਪਾਂ ਦੋ ਮਹੀਨੇ ਲੰਮਾ ਅਤੇ ਸਿਰੜੀ ਸੰਘਰਸ਼ ਕਰਕੇ ਫਰੀਦਕੋਟ ਦੀ ਧੀ ਸ਼ਰੂਤੀ ਨੂੰ ਗੁੰਡਿਆਂ ਦੇ ਕਬਜ਼ੇ 'ਚੋਂ ਛੁਡਵਾ ਕੇ ਮਾਪਿਆਂ ਕੋਲ ਲਿਆਂਦਾ ਹੈ। ਨੰਗੇ ਚਿੱਟੇ ਦਿਨ ਗੋਲੀਆਂ ਚਲਾਉਂਦੇ ਤੇ ਕੁੱਟਦੇ ਮਾਰਦੇ ਗੁੰਡਿਆਂ ਵੱਲੋਂ ਕੀਤੇ ਅਗਵਾ ਕਾਂਡ ਨੂੰ ਪੁਲਿਸ ਦੇ ਆਹਲਾ ਅਧਿਕਾਰੀ ਤੇ ਮੰਤਰੀ ਸੰਤਰੀ ਪਿਆਰ ਦਾ ਕਿੱਸਾ ਬਣਾ ਕੇ ਪ੍ਰਚਾਰਨ 'ਤੇ ਲੱਗੇ ਰਹੇ ਹਨ। ਇਹ ਤਾਂ ਜਾਗੀ ਤੇ ਜੱਥੇਬੰਦ ਹੋਈ ਲੋਕ ਤਾਕਤ ਹੀ ਸੀ ਕਿ ਸਰਕਾਰ ਦਾ ਝੂਠ ਖੜ• ਨਾ ਸਕਿਆ ਤੇ ਆਖ਼ਰ ਸ਼ਰੂਤੀ ਨੂੰ ਮਾਪਿਆਂ ਹਵਾਲੇ ਕਰਨਾ ਪਿਆ। ਇਉਂ ਹੀ ਡੇਢ ਦਹਾਕਾ ਪਹਿਲਾਂ ਮਹਿਲ ਕਲਾਂ (ਬਰਨਾਲਾ) 'ਚ ਕਿਰਨਜੀਤ ਕੌਰ ਕਤਲ ਕਾਂਡ ਦੇ ਦੋਸ਼ੀਆਂ ਨੂੰ ਮਿਸਾਲੀ ਲੋਕ ਤਾਕਤ ਦੇ ਕ੍ਰਿਸ਼ਮਿਆਂ ਸਦਕਾ ਹੀ ਸਜ਼ਾਵਾਂ ਦੁਆਈਆਂ ਜਾ ਸਕੀਆਂ ਸਨ। ਹੁਣ ਵੀ ਜੇਕਰ ਮੰਡੀ ਨਿਵਾਸੀ ਹਰਕਤ 'ਚ ਆਏ, ਦੋਸ਼ੀਆਂ ਦੀ ਗ੍ਰਿਫਤਾਰੀ ਦੀ ਆਵਾਜ਼ ਉੱਠੀ, ਰੇਲ ਗੱਡੀ ਰੁਕੀ ਤਾਂ ਹੀ ਸਾਰੀ ਪੁਲਿਸ ਅਤੇ ਪ੍ਰਸ਼ਾਸਨ ਨੂੰ ਭਾਜੜਾਂ ਪਈਆਂ। ਡੀ. ਸੀ, ਐਸ.ਐਸ.ਪੀ ਤੇ ਹੋਰ ਅਧਿਕਾਰੀ ਰਾਮੇ ਵੱਲ ਭੱਜੇ। ਪਰ ਉਹਨਾਂ ਨੇ ਆਪਣਾ ਫਰਜ਼ ਨਿਭਾਉਣ ਦੀ ਥਾਂ ਲੋਕਾਂ ਦੇ ਅੱਖੀਂ ਘੱਟਾ ਪਾਇਆ ਹੈ। ਸਾਡੀ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਅਜੇ ਅਧੂਰੀ ਹੈ। ਸਗੋਂ ਇੱਕ ਬੇਕਸੂਰ ਨੂੰ ਰਿਹਾਅ ਕਰਵਾਉਣ ਦੀ ਜਿੰਮੇਵਾਰੀ ਵੀ ਸਾਡੇ ਉੱਤੇ ਆਣ ਪਈ ਹੈ। ਇਹ ਤਾਂ ਹੀ ਸੰਭਵ ਹੈ ਜੇ ਅਸੀਂ ਪਹਿਲਾਂ ਵਾਂਗ ਇੱਕ ਵਾਰ ਫੇਰ ਹਰਕਤ 'ਚ ਆਈਏ। ਸਾਡੇ ਅੱਖੀਂ ਘੱਟਾ ਪਾਉਣ ਦੀਆਂ ਵਿਉਂਤਾਂ ਨੂੰ ਅਸਫ਼ਲ ਕਰੀਏ। 
ਅਸੀਂ ਦੋਹਾਂ ਜੱਥੇਬੰਦੀਆਂ ਵੱਲੋਂ ਸਭਨਾਂ ਇਨਸਾਫ਼ ਪਸੰਦ, ਜਮਹੂਰੀਅਤ ਪਸੰਦ ਸੰਘਰਸ਼ਸ਼ੀਲ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਪੀੜਤ ਬੱਚੀ ਦੇ ਮਾਪਿਆਂ ਨੂੰ ਇਨਸਾਫ਼ ਦਿਵਾਉਣ ਲਈ ਅਤੇ ਅਸਲ ਦੋਸ਼ੀ ਨੂੰ ਬਣਦੀ ਸਜ਼ਾ ਦਿਵਾਉਣ ਲਈ ਉੱਚ ਪੱਧਰੀ ਜਾਂਚ ਦੀ ਮੰਗ ਕਰੋ। ਇਸ ਮੰਗ ਲਈ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰੋ।
ਨੌਜਵਾਨ ਭਾਰਤ ਸਭਾ
(ਇਲਾਕਾ ਕਮੇਟੀ ਸੰਗਤ ਮੰਡੀ)
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)
(ਬਲਾਕ ਕਮੇਟੀ, ਤਲਵੰਡੀ ਸਾਬੋ।
ਪ੍ਰਕਾਸ਼ਕ – ਅਸ਼ਵਨੀ ਕੁਮਾਰ (ਸੂਬਾ ਕਮੇਟੀ ਮੈਂਬਰ, ਨੌਜਵਾਨ ਭਾਰਤ ਸਭਾ) 9501057052
ਮਿਤੀ – 19 ਫ਼ਰਵਰੀ, 2013