Saturday, 29 October 2011

Protest Waves across the world against Neo-Liberal Policies

ਨਵ-ਉਦਾਰਵਾਦੀ ਨੀਤੀਆਂ ਖਿਲਾਫ਼

ਸੰਸਾਰ ਭਰ 'ਚ ਲੋਕ-ਰੋਹ ਦੀਆਂ ਤਰੰਗਾਂ


ਲੰਘੇ 15 ਅਕਤੂਬਰ ਨੂੰ ਦੁਨੀਆਂ ਭਰ ਦੇ 82 ਮੁਲਕਾਂ ਦੇ 952 ਸ਼ਹਿਰਾਂ 'ਚ ਲੱਖਾਂ ਲੋਕ ਸੜਕਾਂ ਤੇ ਨਿਕਲੇ। 'ਕਬਜ਼ੇ ਹੇਠ ਲਉ' ਨਾਂ ਦੇ ਨਾਅਰੇ ਹੇਠ ਰੋਸ ਪ੍ਰਦਰਸ਼ਨ ਕਰਨ ਲਈ ਨਿੱਤਰੇ ਇਹ ਲੋਕ ਕਾਰਪੋਰੇਟ ਘਰਾਣਿਆਂ ਤੇ ਕੰਪਨੀਆਂ ਦੇ ਮੁਨਾਫਿਆਂ ਦੀ ਅੰਨੀ ਹਵਸ, ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਛੰਗਾਈਂ ਤੇ ਇਹਦੇ ਸਿੱਟੇ ਵਜੋਂ ਅਮੀਰ ਗਰੀਬ ਦੇ ਵਧ ਰਹੇ ਪਾੜੇ ਖਿਲਾਫ਼ ਆਵਾਜ਼ ਬੁਲੰਦ ਕਰ ਰਹੇ ਸਨ। ਏਦੂੰ ਪਹਿਲਾਂ ਪਿਛਲੇ ਕਈ ਮਹੀਨਿਆਂ ਤੋਂ ਵਿਕਸਿਤ ਦੁਨੀਆਂ ਵਜੋਂ ਜਾਣੇ ਜਾਂਦੇ ਫਰਾਂਸ, ਸਪੇਨ, ਇਟਲੀ, ਗਰੀਸ ਤੇ ਦੂਸਰੇ ਯੂਰਪੀ ਮੁਲਕ ਗਹਿਰੇ ਆਰਥਿਕ ਸੰਕਟ 'ਚ ਘਿਰੇ ਹੋਣ ਕਰਕੇ ਲੋਕਾਂ ਦੇ ਵੱਡੇ ਰੋਸ ਪ੍ਰਦਰਸ਼ਨਾਂ ਦਾ ਸੇਕ ਝੱਲ ਰਹੇ ਹਨ। ਸਾਮਰਾਜੀ ਸਲਤਨਤ ਦੇ ਕੇਂਦਰ ਅਮਰੀਕਾ ਅੰਦਰ ਵੀ ਵੱਡੀ ਗਿਣਤੀ 'ਚ ਲੋਕ 17 ਸਤੰਬਰ ਤੋਂ ਨਿਊਯਾਰਕ ਸ਼ਹਿਰ ਵਿਚਲੇ 'ਵਾਲ ਸਟਰੀਟ' ਇਲਾਕੇ 'ਚ ਧਰਨਾ ਲਾ ਕੇ ਬੈਠੇ ਹਨ। ਵਾਲ ਸਟਰੀਟ ਉਹ ਇਲਾਕਾ ਹੈ ਜਿੱਥੇ ਵੱਡੇ ਪੂੰਜੀਪਤੀਆਂ, ਕਾਰਪੋਰੇਟਾਂ ਤੇ ਬੈਂਕਾਂ ਦੇ ਕਈ ਦਫ਼ਤਰ ਹਨ। ਇੱਥੋਂ ਅਮਰੀਕਾ ਦੇ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਲੋਕਾਂ ਦੀਆਂ ਜੇਬਾਂ ਕੱਟਣ ਦੀਆਂ ਵਿਉਤਾਂ ਘੜੀਆਂ ਜਾਂਦੀਆਂ ਹਨ, ਫੁਰਮਾਨ ਸੁਣਾਏ ਜਾਂਦੇ ਹਨ। 'ਵਾਲ ਸਟਰੀਟ 'ਤੇ ਕਬਜ਼ਾ 'ਚ ਕਰੋ' ਮੁਹਿੰਮ ਰਾਹੀਂ ਅਮਰੀਕੀ ਪੂੰਜੀਵਾਦੀ ਤਾਕਤਾਂ ਦੀ ਚੌਧਰ ਦਾ ਇਹ ਚਿੰਨ ਨਪੀੜੇ ਜਾ ਰਹੇ ਲੋਕਾਂ ਦੇ ਗੁੱਸੇ ਦੀ ਮਾਰ ਹੇਠ ਆਇਆ ਹੋਇਆ ਹੈ। ਇਸ ਧਰਨੇ 'ਚ ਸ਼ਾਮਿਲ ਹੋਏ ਲੋਕਾਂ ਦੀ ਗਿਣਤੀ ਪਹਿਲਾਂ ਸੈਂਕੜਿਆਂ 'ਚ ਸੀ, ਪਰ ਫਿਰ ਗਿਣਤੀ ਵਧਦੀ ਗਈ। ਲੋਕ ਟੈਂਟ ਤੇ ਬਿਸਤਰੇ ਚੁੱਕ ਕੇ ਧਰਨੇ 'ਚ ਸ਼ਾਮਲ ਹੋਣ ਲਈ ਆਉਂਦੇ ਰਹੇ, ਇਹ ਗਿਣਤੀ ਹਜ਼ਾਰਾਂ ਤੋਂ ਟੱਪ ਗਈ। ਕੋਈ ਇੱਕ, ਕੋਈ ਦੋ ਤੇ ਕਈ ਹਫਤਿਆਂ ਬੱਧੀ ਧਰਨੇ 'ਚ ਬੈਠੇ ਹਨ। 


ਇਸਤੋਂ ਪਹਿਲਾਂ ਮਈ ਜੂਨ ਦੇ ਮਹੀਨਿਆਂ ਦੌਰਾਨ ਸਪੇਨ ਦੀ ਰਾਜਧਾਨੀ ਮੈਡਰਿਡ ਵੀ ਨੌਜਵਾਨਾਂ ਤੇ ਲੋਕਾਂ ਦੇ ਅਜਿਹੇ ਪ੍ਰਦਰਸ਼ਨ ਵੇਖ ਚੁੱਕੀ ਹੈ। ਆਰਥਿਕ ਸੰਕਟ ਕਾਰਨ ਵੱਡੇ ਪੱਧਰ ਤੇ ਬੇ-ਰੁਜ਼ਗਾਰੀ ਫੈਲੀ ਹੈ। ਖਾਸ ਕਰਕੇ 25 ਸਾਲ ਤੱਕ ਦੇ ਨੌਜਵਾਨਾਂ 'ਚ ਤਾਂ ਬੇਰੁਜ਼ਗਾਰੀ ਦੀ ਦਰ 46.17% ਤੱਕ ਜਾ ਪਹੁੰਚੀ ਹੈ। ਅਜਿਹੀ ਹਾਲਤ ਖਿਲਾਫ਼ ਰਾਜਧਾਨੀ ਵਿਚਲੇ ਪਿਉਰਟੋ ਡੈਲ ਸੋਲ ਚੌਂਕ 'ਚ ਨੌਜਵਾਨਾਂ ਤੇ ਲੋਕਾਂ ਵੱਲੋਂ ਧਰਨਾ ਲਾਇਆ ਗਿਆ। ਕਈ ਵਾਰ ਪੁਲਸ ਨਾਲ ਝੜਪਾਂ ਹੋਈਆਂ ਪਰ ਧਰਨਾ ਮਹੀਨਾ ਭਰ ਜਾਰੀ ਰਿਹਾ। ਪਿਛਲੇ ਸਾਲ ਨਵੰਬਰ-ਦਸੰਬਰ ਦੇ ਮਹੀਨਿਆਂ 'ਚ ਉੱਚ ਸਿੱਖਿਆ ਬੱਜਟਾਂ 'ਚ ਕੀਤੀਆਂ ਜਾ ਰਹੀਆਂ ਕਟੌਤੀਆਂ ਤੇ ਵਧਾਈਆਂ ਜਾ ਰਹੀਆਂ ਫੀਸਾਂ ਦੇ ਖਿਲਾਫ਼ ਇੰਗਲੈਂਡ ਦੇ ਵਿਦਿਆਰਥੀਆਂ ਦੇ ਰੋਹ ਭਰਪੂਰ ਪ੍ਰਦਰਸ਼ਨ ਹੋਏ ਸਨ। ਇਸ ਸਾਲ ਅਗਸਤ 'ਚ ਦੁਬਾਰਾ ਫੇਰ ਇੱਥੋਂ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਗੁੱਸੇ ਦੇ ਭਾਂਬੜ ਦੁਨੀਆਂ ਸਾਹਮਣੇ ਆਏ ਹਨ। ਮਈ ਤੋਂ ਜੁਲਾਈ ਦੇ ਮਹੀਨਿਆਂ ਦੌਰਾਨ ਯੂਰਪੀ ਮੁਲਕ ਗਰੀਸ ਦੇ ਲੋਕਾਂ ਵੱਲੋਂ ਪੈਨਸ਼ਨਾਂ ਖੋਹਣ, ਨੌਕਰੀਆਂ ਛਾਂਗਣ ਤੇ ਟੈਕਸ ਵਾਧਿਆਂ ਖਿਲਾਫ਼ ਲਗਾਤਾਰ ਹੜਤਾਲਾਂ ਅਤੇ ਪ੍ਰਦਰਸ਼ਨ ਕੀਤੇ ਗਏ ਹਨ। 25 ਮਈ ਤੋਂ ਸ਼ੁਰੂ ਹੋਏ ਇਹਨਾਂ ਪ੍ਰਦਰਸ਼ਨਾਂ ਦਾ ਸਿਖਰ 5 ਜੂਨ ਨੂੰ ਸੀ ਜਦੋਂ 3 ਲੱਖ ਲੋਕਾਂ ਨੇ ਮੁਲਕ ਦੀ ਪਾਰਲੀਮੈਂਟ ਅੱਗੇ ਜਾ ਕੇ ਧਰਨਾ ਮਾਰਿਆ। ਸਤੰਬਰ ਦੇ ਮਹੀਨੇ ਦੌਰਾਨ ਇਟਲੀ ਦੇ ਲੋਕ ਵੀ ਹਾਕਮਾਂ ਵੱਲੋਂ ਕੀਤੀਆਂ ਜਾ ਰਹੀਆਂ ਬੱਜਟ ਕਟੌਤੀਆਂ ਖਿਲਾਫ਼ ਸੜਕਾਂ 'ਤੇ ਨਿੱਤਰੇ ਹਨ। 15 ਸਤੰਬਰ ਨੂੰ ਵੱਡੀ ਹੜਤਾਲ ਕੀਤੀ ਗਈ ਹੈ ਤੇ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹਨ। ਤੇ ਹੁਣ ਪਿਛਲੇ ਕਈ ਦਿਨਾਂ ਤੋਂ ਅਮਰੀਕਾ ਦੇ ਨਿਊਯਾਰਕ ਅਤੇ ਵਾਸ਼ਿੰਗਟਨ ਵਰਗੇ ਸ਼ਹਿਰਾਂ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕ ''ਕਬਜ਼ਾ ਕਰੀ'' ਬੈਠੇ ਹਨ। 

ਦੁਨੀਆਂ ਭਰ 'ਚ ਫੈਲ ਰਹੇ ਇਹ ਪ੍ਰਦਰਸ਼ਨ ਯੂਰਪ ਤੇ ਅਮਰੀਕਾ ਦੇ ਲੋਕਾਂ 'ਚ ਹੋ ਰਹੀ ਓਸ ਉਥਲ ਪੁਥਲ ਦੀ ਲਗਾਤਾਰਤਾ ਹਨ ਜੋ ਪਿਛਲੇ ਸਾਲਾਂ ਤੋਂ ਜਾਰੀ ਹੈ। ਵਿਕਸਿਤ ਸਾਮਰਾਜੀ ਮੁਲਕਾਂ ਨੇ ਆਰਥਿਕ ਮੰਦਵਾੜੇ ਦਾ ਭਾਰ ਤੀਜੀ ਦੁਨੀਆਂ ਦੇ ਪਛੜੇ ਮੁਲਕਾਂ 'ਤੇ ਸੁੱਟਿਆ ਪਰ ਮੰਦਵਾੜਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹੁਣ ਇਹਦੇ ਭਾਰ ਹੇਠ ਇਹਨਾਂ ਮੁਲਕਾਂ ਦੀ ਆਮ ਜਨਤਾ ਆ ਰਹੀ ਹੈ। ਸੰਕਟਾਂ ਦੌਰਾਨ ਵੱਡੀਆਂ ਬੈਂਕਾਂ ਤੇ ਵਿੱਤੀ ਸੰਸਥਾਵਾਂ ਨੂੰ ਅਰਬਾਂ ਦੇ ਰਾਹਤ ਪੈਕੇਜ ਦਿੱਤੇ ਗਏ। ਸਰਕਾਰ ਨੇ ਆਪਣੇ ਬੱਜਟ ਬੈਂਕਾਂ ਤੇ ਕੰਪਨੀਆਂ ਨੂੰ ਬਚਾਉਣ ਦੇ ਨਾਂ ਹੇਠ ਵਹਾ ਦਿੱਤੇ। ਹੁਣ ਬੱਜਟਾਂ ਦੇ ਘਾਟੇ ਦੀ ਕੀਮਤ ਆਮ ਲੋਕਾਂ ਨੂੰ ਤਾਰਨੀ ਪੈ ਰਹੀ ਹੈ। ਤਨਖਾਹਾਂ, ਪੈਨਸ਼ਨਾਂ 'ਚ ਭਾਰੀ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ, ਹੋਰਨਾਂ ਸਹੂਲਤਾਂ 'ਤੇ ਕੱਟ ਲਗ ਰਹੇ ਹਨ, ਵਿਦਿਆਰਥੀਆਂ ਦੀਆਂ ਫੀਸਾਂ ਵਧਾਈਆਂ ਜਾ ਰਹੀਆਂ ਹਨ। ਇਹਨਾਂ ਮੁਲਕਾਂ 'ਚ ਵੀ ਲਾਗੂ ਹੋ ਰਹੀਆਂ ਨਿੱਜੀਕਰਨ ਦੀਆਂ ਨੀਤੀਆਂ ਨੇ ਮੱਧ ਵਰਗੀ ਹਿੱਸਿਆਂ ਤੱਕ ਦਾ ਕਚੂੰਮਰ ਕੱਢ ਦਿੱਤਾ ਹੈ। ਬੇਰੁਜ਼ਗਾਰੀ 'ਚ ਭਾਰੀ ਵਾਧਾ ਹੋਇਆ ਹੈ। ਇਸ ਹਾਲਤ ਨੇ ਲੋਕਾਂ ਅੰਦਰ ਭਾਰੀ ਰੋਸ ਤੇ ਬੇਚੈਨੀ ਨੂੰ ਜਨਮ ਦਿੱਤਾ ਹੈ। ਇਹਨਾਂ ਮੁਲਕਾਂ ਦੀਆਂ ਹਕੂਮਤਾਂ ਤੇ ਵੱਡੇ ਪੂੰਜੀਪਤੀ ਲੋਕ ਰੋਹ ਦਾ ਨਿਸ਼ਾਨਾ ਬਣ ਰਹੇ ਹਨ।


 15 ਅਕਤੂਬਰ ਨੂੰ ''ਕਬਜ਼ਾ ਕਰੋ'' ਦੇ ਨਾਅਰੇ ਹੇਠ ਦੁਨੀਆਂ ਭਰ 'ਚ ਪ੍ਰਦਰਸ਼ਨ ਹੋਏ ਹਨ। ਅਮਰੀਕਾ ਦੇ ਨਿਊਯਾਰਕ ਤੇ ਵਸ਼ਿੰਗਟਨ 'ਚ ਹਜ਼ਾਰਾਂ ਦੀ ਗਿਣਤੀ 'ਚ ਪ੍ਰਦਰਸ਼ਨ ਹੋਏ ਹਨ। ਇਟਲੀ 'ਚ ਇੱਕ ਲੱਖ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ। ਬੁਰੀ ਤਰਾਂ ਕਰਜ਼ੇ ਹੇਠ ਆਏ ਗ੍ਰੀਸ, ਆਇਰਲੈਂਡ ਤੇ ਪੁਰਤਗਾਲ ਵਰਗੇ ਮੁਲਕਾਂ 'ਚ ਵੱਡੇ ਇਕੱਠ ਹੋਏ ਹਨ। ਇਕੱਲੇ ਪੁਰਤਗਾਲ 'ਚ ਹੀ 50 ਹਜ਼ਾਰ ਲੋਕਾਂ  ਤੇ ਕੈਨੇਡਾ 'ਚ 10 ਹਜ਼ਾਰ ਦਾ ਮੁਜ਼ਾਹਰਾ ਹੋਇਆ ਹੈ। ਇਹ ਲੜੀ ਅਮਰੀਕਾ ਤੋਂ ਲੈ ਕੇ ਇੰਗਲੈਂਡ ਦੇ ਸ਼ਹਿਰਾਂ ਲੰਡਨ, ਸਟਾਕਹੋਮ, ਆਸਟਰੇਲੀਆ ਦੇ ਸਿਡਨੀ, ਜਾਪਾਨ ਦੇ ਟੋਕੀਓ, ਫਿਲਪੀਨ ਦੇ ਮਨੀਲਾ ਤੇ ਹਾਂਗਕਾਂਗ ਤੱਕ ਫੈਲੀ ਹੋਈ ਹੈ।


ਇਹਨਾਂ ਰੋਸ ਮੁਜ਼ਾਹਰਿਆਂ 'ਚ ਸ਼ਾਮਲ ਹੋ ਰਹੇ ਲੋਕਾਂ ਨੇ ਆਪਣੇ ਆਪ ਨੂੰ 99 ਫੀਸਦੀ ਤੇ ਵੱਡੇ ਪੂੰਜੀਪਤੀਆਂ ਤੇ ਵਪਾਰਕ ਅਦਾਰਿਆਂ ਨੂੰ 1 ਫੀਸਦੀ ਕਿਹਾ ਹੈ। 1 ਫੀਸਦੀ, 99 ਫੀਸਦੀ ਨੂੰ ਲੁੱਟ ਚੂੰਡ ਕੇ ਦਿਨੋਂ-ਦਿਨ ਅਮੀਰ ਹੋ ਰਹੇ ਹਨ ਤੇ ਵਧ ਰਿਹਾ ਆਰਥਿਕ ਪਾੜਾ ਲੋਕਾਂ ਦੇ ਭਾਰੀ ਰੋਸ ਦੀ ਵਜਾ ਦੱਸਿਆ ਜਾ ਰਿਹਾ ਹੈ। ਇਹਨਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅਖਤਿਆਰ ਕੀਤੀਆਂ ਨਵ-ਉਦਾਰਵਾਦੀ ਨੀਤੀਆਂ ਲੋਕਾਂ ਦੀ ਤਿੱਖੀ ਆਲੋਚਨਾ ਦਾ ਨਿਸ਼ਾਨਾ ਹਨ ਕਿਉਂਕਿ ਇਹਨਾਂ ਨੀਤੀਆਂ ਦੇ ਸਿੱਟੇ ਵਜੋਂ ਲੋਕਾਂ ਦੀ ਜ਼ਿੰਦਗੀ ਦਿਨੋਂ-ਦਿਨ ਹੋਰ ਦੁੱਭਰ ਹੋ ਰਹੀ ਹੈ। ਵੱਡੇ ਕਾਰਪੋਰੇਟਾਂ ਲਈ ਦੌਲਤ ਦੇ ਅੰਬਾਰ ਉੱਸਰ ਰਹੇ ਹਨ ਤੇ ਦੂਜੇ ਪਾਸੇ ਆਮ ਲੋਕਾਂ ਨੂੰ ਤੇਜ਼ੀ ਨਾਲ ਹੋ ਰਹੇ ਰੁਜ਼ਗਾਰ ਉਜਾੜੇ ਤੇ ਵਧਦੇ ਖਰਚਿਆਂ ਦੀ ਵਜਾ ਕਰਕੇ ਜੀਵਨ ਨਿਰਬਾਹ ਕਰਨਾ ਵੀ ਔਖਾ ਹੋ ਰਿਹਾ ਹੈ। ਵਧ ਰਿਹਾ ਪਾੜਾ ਦਿਨੋਂ-ਦਿਨ ਰੜਕਵਾਂ ਬਣ ਰਿਹਾ ਹੈ। ਏਸੇ ਲਈ ਆਰਥਿਕ ਅਣਸਾਵੇਂਪਣ 'ਚੋਂ ਉਪਜਦੀ ਬੇ-ਇਨਸਾਫੀ ਦੇ ਖਾਤਮੇ ਲਈ ਪੂਰੀ ਵਿਵਸਥਾ 'ਚ ਤਬਦੀਲੀ ਦੀ ਚਰਚਾ ਵੀ ਚੱਲ ਰਹੀ ਹੈ। ''ਪੂੰਜੀਵਾਦ ਦਾ ਖਾਤਮਾ-ਲੋਕਾਂ ਦੀ ਆਜ਼ਾਦੀ ਹੈ'' ਦਾ ਨਾਅਰਾ ਵੀ ਗੂੰਜਦਾ ਸੁਣਦਾ ਹੈ। ਇਉਂ ਉਹਨਾਂ ਰੋਹ ਫੁਟਾਰਿਆਂ ਦਾ ਇਕ ਵਿਸ਼ੇਸ਼ ਲੱਛਣ ਹੈ ਕਿ ਇਹ ਕਿਸੇ ਇੱਕਾ-ਦੁੱਕਾ ਮੰਗ ਤੱਕ ਸੀਮਤ ਨਹੀਂ ਹਨ ਸਗੋਂ ਲੋਕਾਂ ਦਾ ਰੋਹ ਆਰਥਿਕ ਨਾ ਬਰਾਬਰੀ ਤੇ ਆਧਾਰਿਤ ਮੌਜੂਦਾ ਪੂੰਜੀਵਾਦੀ ਵਿਵਸਥਾ ਵੱਲ ਸੇਧਤ ਹੋ ਰਿਹਾ ਹੈ। ਇਹਦੀ ਤਬਦੀਲੀ ਦੀ ਤਾਂਘ ਤਿੱਖੀ ਹੋ ਰਹੀ ਹੈ। ਅਮੀਰ ਗਰੀਬ ਦੇ ਵਧ ਰਹੇ ਪਾੜੇ ਦੇ ਖਾਤਮੇ ਦੀ ਮੰਗ ਉਠ ਰਹੀ ਹੈ। ਲੋਕਾਂ ਨੂੰ ਅਜਿਹੀਆਂ ਤਬਦੀਲੀਆਂ ਦੇ ਝੰਡਾ ਬਰਦਾਰ ਆਗੂ ਯਾਦ ਆ ਰਹੇ ਹਨ। ਬੋਸਨੀਆਂ ਦੇ ਮੁਜ਼ਾਹਰਾਕਾਰੀਆਂ ਕੋਲ ਕਿਊਬਾ ਦੇ ਇਨਕਲਾਬ ਦੇ ਨਾਇਕ ਬਣੇ ਚੀ ਗੁਵੇਰਾ ਦੀਆਂ ਚੁੱਕੀਆਂ ਤਸਵੀਰਾਂ ਇਹੀ ਕਹਿੰਦੀਆਂ ਸਨ।

ਮੀਡੀਆ 'ਚ ਇਹ ਚਰਚਾ ਵੀ ਉੱਘੜਵੇਂ ਰੂਪ 'ਚ ਸਾਹਮਣੇ ਆ ਰਹੀ ਹੈ ਕਿ ਸਾਮਰਾਜੀ ਮੁਲਕ ਅਮਰੀਕਾ ਦੀ ਜਨਤਾ ਨੂੰ ਅਰਬ ਮੁਲਕਾਂ ਦੇ ਵੱਡੇ ਜਨਤਕ ਉਭਾਰਾਂ ਨੇ ਪ੍ਰਭਾਵਿਤ ਕੀਤਾ ਹੈ। ਅਮਰੀਕੀ ਥੈਲੀਸ਼ਾਹਾਂ ਨੂੰ ਅਜਿਹਾ ਕਿਆਸ ਵੀ ਨਹੀਂ ਸੀ।
ਦੁਨੀਆਂ ਭਰ ਦੀਆਂ ਸਰਮਾਏਦਾਰ ਸਰਕਾਰਾਂ ਲਈ ਪੇਸ਼ ਹੋ ਰਹੀ ਚੁਣੌਤੀ 'ਚ ਬੇਰੁਜ਼ਗਾਰ ਜਵਾਨੀ ਮੋਹਰੀ ਹੈ। ਸਰਮਾਏਦਾਰਾਂ ਦੇ ਮੁਨਾਫ਼ਿਆਂ ਦੀ ਹਵਸ ਨੇ ਜਵਾਨੀ ਦਾ ਭਵਿੱਖ ਤੇ ਵਰਤਮਾਨ ਤਬਾਹੀ ਦੇ ਰਾਹ ਵੱਲ ਤੋਰ ਦਿੱਤਾ ਹੈ, ਉਹਨਾਂ ਲਈ ਆਉਂਦੇ ਸਮੇਂ 'ਚ ਇਹ ਧਰਤੀ ਜਿਉਣ ਲਾਇਕ ਹੀ ਨਾ ਰਹਿਣ ਲਈ ਸਰਾਪੀ ਜਾ ਰਹੀ ਹੈ। ਏਸ ਹਾਲਤ 'ਚ ਪਹਿਲਾਂ ਸੰਸਾਰ ਨੇ ਅਰਬ ਜਗਤ ਦੇ ਨੌਜਵਾਨਾਂ ਦੀ ਤਾਕਤ ਦੇ ਜਲਵੇ ਵੇਖੇ ਹਨ, ਹੁਣ ਸਾਮਰਾਜੀ 'ਪ੍ਰਭੂਆਂ' ਨੂੰ ਆਪਣੇ ਗੜਾਂ 'ਚ ਨੌਜਵਾਨ ਸ਼ਕਤੀ ਦੀ ਹਲਚਲ ਦੇ ਝਟਕੇ ਸਹਿਣੇ ਪੈ ਰਹੇ ਹਨ।


ਤੀਜੀ ਦੁਨੀਆਂ ਕਹੇ ਜਾਂਦੇ ਆਰਥਿਕ ਤੌਰ 'ਤੇ ਘੱਟ ਵਿਕਸਿਤ ਮੁਲਕਾਂ ਦੀ ਜਨਤਾ ਸਾਮਰਾਜੀ ਲੁੱਟ ਅਤੇ ਦਾਬੇ ਨੂੰ ਵੱਡੇ ਜਨਤਕ ਸੰਗਰਾਮਾਂ ਨਾਲ ਪਹਿਲਾਂ ਹੀ ਚੁਣੌਤੀ ਪੇਸ਼ ਕਰਦੀ ਆ ਰਹੀ ਹੈ। ਹੁਣ 'ਅਮੀਰ' ਮੁਲਕਾਂ ਦੇ ਆਪਣੇ ਵਿਹੜੇ 'ਚੋਂ ਵੀ ਨਾਬਰੀ ਦੀਆਂ ਤਰੰਗਾਂ ਇਹਨਾਂ ਦੀ ਹਾਲਤ ਹੋਰ ਪਤਲੀ ਕਰ ਰਹੀਆਂ ਹਨ। ਨਵ-ਉਦਾਰਵਾਦੀ ਨੀਤੀਆਂ ਦੇ ਦਿਨ ਪੁੱਗ ਰਹੇ ਹਨ। ਇਹਨਾਂ ਨੀਤੀਆਂ ਖਿਲਾਫ਼ ਉੱਠ ਰਹੀ ਸੰਸਾਰ ਵਿਆਪੀ ਵਿਰੋਧ ਲਹਿਰ ਦਾ ਸਵਾਗਤ ਕਰਨਾ ਬਣਦਾ ਹੈ।

                           21-10-2011 

Occupy Protests : What People Say !

ਰੋਹ ਦੀ ਕਹਾਣੀ — ਲੋਕਾਂ ਦੀ ਜ਼ੁਬਾਨੀ
(ਇਹ ਕਹਿੰਦੇ ਨੇ 'ਕਬਜ਼ਾ ਕਰੋ' ਮੁਹਿੰਮ ਵਿਚ ਸ਼ਾਮਿਲ ਲੋਕ)

Ø ਪੁਰਤਗਾਲ ਦਾ ਇੱਕ 25 ਸਾਲਾ ਨੌਜਵਾਨ ਮੈਥਿਊ ਰੀਗੋ : ਅਸੀਂ ਆਰਥਿਕ ਸੱਟੇਬਾਜ਼ੀ ਦੇ ਸ਼ਿਕਾਰ ਹਾਂ ਤੇ ਬੱਜਟ ਘਾਟਾ ਪੂਰਤੀ ਦੀਆਂ ਸਕੀਮਾਂ ਨੇ ਸਾਨੂੰ ਤਬਾਹ ਕਰ ਦੇਣਾ ਹੈ। ਸਾਨੂੰ ਇਹ ਗਲਿਆ ਸੜਿਆ ਪ੍ਰਬੰਧ ਬਦਲਣਾ ਪੈਣਾ ਹੈ।
Ø  ਇਟਲੀ ਦਾ ਇੱਕ ਕਾਲਮਨਵੀਸ : ''ਕਬਜ਼ੇ ਹੇਠ ਲਓ'' ਦਾ ਨਾਅਰਾ ਓਸ ਪੀੜ੍ਹੀ ਦੇ ਗੁੱਸੇ ਦਾ ਪ੍ਰਗਟਾਵਾ ਹੈ ਜਿਹਨਾਂ ਦਾ ਭਵਿੱਖ ਹਨੇਰਾ ਹੈ ਤੇ ਜਿਨ੍ਹਾਂ ਦਾ ਰਿਵਾਇਤੀ ਸਿਆਸਤ 'ਚ ਕੋਈ ਵਿਸ਼ਵਾਸ ਨਹੀਂ ਰਿਹਾ ਤੇ ਸਭ ਤੋਂ ਵੱਧ ਓਹਨਾਂ ਆਰਥਿਕ ਸੰਸਥਾਵਾਂ 'ਚ ਵਿਸ਼ਵਾਸ ਨਹੀਂ ਹੈ ਜਿਹੜੀਆਂ ਮੌਜੂਦਾ ਸੰਕਟ ਅਤੇ ਲੋਕਾਂ ਦੇ ਨੁਕਸਾਨ ਲਈ ਜੁੰਮੇਵਾਰ ਹਨ।
Ø  ''ਸਾਨੂੰ ਲਾਲਚੀ ਅਤੇ ਅਮੀਰ ਉੱਪਰਲੇ ਤਬਕੇ ਵੱਲੋਂ ਗਰੀਬ ਮਜ਼ਦੂਰ ਜਮਾਤ ਦੀ ਕੀਤੀ ਜਾ ਰਹੀ ਲੁੱਟ ਰੋਕਣੀ ਹੋਵੇਗੀ।'' ਦੱਖਣੀ ਅਫਰੀਕਾ ਤੋਂ 'ਕਬਜ਼ਾ ਕਰੋ' ਮੁਹਿੰਮ ਦਾ ਇੱਕ ਜੱਥੇਬੰਦਕ ਮਾਰੀਅਸ ਬੋਸ਼ਚ।
Ø  ਹਾਂਗਕਾਂਗ ਦੇ ਪਰਚੇ 'ਹਾਂਗਕਾਂਗ ਇਕਨਾਮਿਕ ਜਰਨਲ' ਅਨੁਸਾਰ, ''ਵਾਲ ਸਟਰੀਟ 'ਤੇ ਕਬਜ਼ਾ ਕਰੋ ਦੀ ਚਿੰਗਾੜੀ ਅਮੀਰ ਅਤੇ ਗਰੀਬ ਵਿਚਲੇ ਓੜਕਾਂ ਦੇ ਪਾੜੇ ਕਰਕੇ ਭੜਕੀ ਹੈ ... ਹੁਣ ਇਹ ਚਿੰਗਾੜੀ ਵੱਡੇ ਭਾਂਬੜ ਦਾ ਰੂਪ ਧਾਰ ਰਹੀ ਹੈ ਜਿਹੜਾ ਦੂਜੇ ਮੁਲਕਾਂ 'ਚ ਵੀ ਫੈਲ ਰਿਹਾ ਹੈ।''
Ø  ''ਟਾਈਮ ਫ਼ਾਰ ਆਊਟਰੇਜ਼'' (ਰੋਹ ਦੀ ਰੁੱਤ) ਨਾਮੀ ਇੱਕ ਕਿਤਾਬ ਦਾ ਲੇਖਕ : ਪੈਸੇ ਦੀ ਤਾਕਤ ਕਦੇ ਵੀ ਐਨੀ ਮੂੰਹਜ਼ੋਰ ਤੇ ਐਨੀ ਖੁਦਗਰਜ਼ ਨਹੀਂ ਸੀ ਜਿੰਨੀ ਕਿ ਹੁਣ ਹੈ . . . ਅਮੀਰ ਅਤੇ ਗਰੀਬ ਵਿਚਲਾ ਪਾੜਾ ਕਦੇ ਵੀ ਐਨਾ ਵੱਡਾ ਨਹੀਂ ਸੀ, ਮੁਕਾਬਲੇ ਅਤੇ ਪੂੰਜੀ ਦੇ ਪਸਾਰ ਨੂੰ ਕਦੇ ਵੀ ਐਨੀ ਖੁੱਲ੍ਹ ਨਹੀਂ ਸੀ ਮਿਲੀ।
ਅਮਰੀਕੀ ਟੀ.ਵੀ. ਚੈਨਲ ਸੀ.ਐਨ.ਐਨ. 'ਤੇ ਲੋਕਾਂ ਵੱਲੋਂ ਪ੍ਰਗਟਾਏ ਵਿਚਾਰ
Ø  ''ਮੈਂ ਕਾਰਪੋਰੇਟ ਘਰਾਣਿਆਂ ਨੂੰ ਬਖਸ਼ੇ ਜਾ ਰਹੇ ਮਣਾਂ-ਮੂੰਹ ਰਾਹਤ ਪੈਕਜਾਂ ਦਾ ਵਿਰੋਧ ਕਰ ਰਿਹਾ ਹਾਂ ਜਦੋਂ ਕਿ ਅਸਲ ਸ਼ੈਤਾਨ ਦੀ ਟੂਟੀ ਉਹੀ ਹਨ। ਮੈਂ ਆਪਣੇ 'ਤੇ ਮੜ੍ਹੇ ਜਾਂਦੇ ਭਾਰੀ ਟੈਕਸ ਬੋਝਾਂ ਦਾ ਵਿਰੋਧ ਕਰਦਾ ਹਾਂ ਜਦੋਂ ਕਿ ਕਾਰਪੋਰੇਟ ਘਰਾਣਿਆਂ ਨੂੰ ਆਨੀਂ-ਬਹਾਨੀਂ ਟੈਕਸਾਂ ਤੋਂ ਬਚ ਨਿਕਲਣ ਦਿੱਤਾ ਜਾਂਦਾ ਹੈ ... ... ਸਭ ਨੂੰ ਸਮਾਜਿਕ ਅਤੇ ਆਰਥਿਕ ਇਨਸਾਫ਼ ਮਿਲੇ।''
Ø  ''ਮੇਰੇ ਲਈ ਇਸਦਾ (ਵਾਲ ਸਟਰੀਟ 'ਤੇ ਕਬਜ਼ਾ ਕਰੋ) ਮਤਲਬ ਓਸ ਪ੍ਰਬੰਧ ਨੂੰ ਨਾਂਹ ਕਹਿਣ ਤੋਂ ਹੈ ਜਿਹੜਾ ਆਰਥਿਕਤਾ ਨੂੰ ਤਬਾਹ ਕਰਨ ਵਾਲੇ ਸਾਵੇਂ ਲੋਕਾਂ ਨੂੰ ਹੀ ਅਰਬਾਂ ਖਰਬਾਂ ਦੇ ਰਿਹਾ ਹੈ ਤੇ ਕਿਰਤੀ ਲੋਕਾਂ ਨੂੰ ਹੋਰ ਕੁਰਬਾਨੀ ਕਰਨ ਲਈ ਕਹਿ ਰਿਹਾ ਹੈ।''
Ø  ''ਉਹ (ਵਾਲ ਸਟਰੀਟ 'ਤੇ ਕਬਜ਼ਾ ਕਰੋ) ਚਾਹੁੰਦੇ ਹਨ ਕਿ ਸਿਆਸੀ ਲੀਡਰ ਅਮਰੀਕੀ ਲੋਕਾਂ ਦੀ ਬਿਹਤਰੀ ਲਈ ਫੈਸਲੇ ਕਰਨ ਨਾ ਕਿ ਕਾਰਪੋਰੇਟਾਂ ਦੀ ਬਿਹਤਰੀ ਲਈ।''
Ø  ''ਉਹ ਸਾਰੇ ਜਿਹੜੇ ਉਲਾਂਭੇ ਦੇ ਰਹੇ ਹਨ ਕਿ ਪ੍ਰਦਰਸ਼ਨਕਾਰੀ ਆਪਣਾ ਮੂੰਹ ਬੰਦ ਕਰਨ, ਘਰੇ ਜਾਣ ਅਤੇ ਕੋਈ ਨੌਕਰੀ ਕਰਨ; ਸ਼ਾਇਦ ਉਹ (ਪ੍ਰਦਰਸ਼ਰਨਕਾਰੀ) ਚਲੇ ਜਾਂਦੇ ਜੇ ਕਿਤੇ ਨੌਕਰੀਆਂ ਮਿਲਦੀਆਂ ਹੁੰਦੀਆਂ। ਉਹ ਸ਼ਾਇਦ ਘਰੇ ਵੀ ਮੁੜ ਜਾਂਦੇ ਜੇ ਕਿਤੇ ਉਹਨਾਂ ਦੇ ਘਰ ਹੜ੍ਹਾਂ 'ਚ ਨਾ ਰੁੜ੍ਹੇ ਹੁੰਦੇ ਜਾਂ ਕੁਰਕ ਨਾ ਹੋਏ ਹੁੰਦੇ ... ... ਨਿੱਜੀ ਤੌਰ 'ਤ ਮੈਂ ਸਮਝਦਾ ਹਾਂ ਕਿ ਮੇਰੇ ਮੱਧਵਰਗੀ ਬੱਚਿਆਂ ਦਾ ਭਵਿੱਖ ਹਨੇਰਾ ਹੈ।''

Friday, 14 October 2011

ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਭੇਟ


ਇਨਕਲਾਬੀ ਰੰਗਮੰਚ ਲਹਿਰ ਦੇ ਸ਼ਾਹ-ਅਸਵਾਰ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਭੇਟ

ਅੱਜ ਪਿੰਡ ਕੁੱਸਾ ਵਿੱਚ ਪੰਜਾਬ ਦੇ ਕੋਨੇ ਕੋਨੇ 'ਚੋਂ ਆਏ ਪੰਦਰਾਂ ਹਜ਼ਾਰ ਤੋਂ ਵੱਧ ਲੋਕਾਂ ਦੇ ਭਾਰੀ ਹਜੂਮ ਨੇ ਪੰਜਾਬ ਦੀ ਇਨਕਲਾਬੀ ਰੰਗਮੰਚ ਲਹਿਰ ਦੇ ਸ਼ਾਹ-ਅਸਵਾਰ ਗੁਰਸ਼ਰਨ ਸਿੰਘ ਨੂੰ ਛਲਕਦੇ ਜਜ਼ਬਾਤਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਉੱਘੇ ਲੋਕ ਆਗੂਆਂ ਅਤੇ ਸਾਹਿਤ ਕਲਾ-ਜਗਤ ਦੀਆਂ ਨਾਮਵਰ ਅਤੇ ਸਿਰਕੱਢ ਹਸਤੀਆਂ 'ਤੇ ਅਧਾਰਤ ''ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ'' ਦੇ ਸੱਦੇ ਦਾ ਭਰਪੂਰ ਹੁੰਗਾਰਾ ਭਰਦਿਆਂ ਉਮਡ ਕੇ ਆਏ ਲੋਕਾਂ ਦੇ ਹੜ੍ਹ ਨੇ ਉਸੇ ਥਾਂ 'ਤੇ ਲਾਏ ਪੰਡਾਲ ਨੂੰ ਨੱਕੋ ਨੱਕ ਭਰ ਦਿੱਤਾ ਜਿਥੇ 11 ਜਨਵਰੀ 2006 ਨੂੰ ਹਜ਼ਾਰਾਂ ਲੋਕਾਂ ਨੇ ਨਿਵੇਕਲੇ ਅਤੇ ਮਿਸਾਲੀ ਢੰਗ ਨਾਲ ਗੁਰਸ਼ਰਨ ਸਿੰਘ ''ਇਨਕਲਾਬੀ ਨਿਹਚਾ' ਸਨਮਾਨ'' ਨਾਲ ਸਤਿਕਾਰਿਆ ਸੀ।

ਝੋਨੇ ਦਾ ਸੀਜਨ ਸ਼ੁਰੂ ਹੋ ਜਾਣ ਅਤੇ ਚੁਣੌਤੀ ਭਰੇ ਸੰਘਰਸ਼ ਦੇ ਰੁਝੇਵਿਆਂ ਦੇ ਬਾਵਜੂਦ ਕਿਸਾਨਾਂ, ਖੇਤ ਮਜ਼ਦੂਰਾਂ, ਸਨਅੱਤੀ ਮਜ਼ਦੁਰਾਂ, ਔਰਤਾਂ, ਨੌਜਵਾਨਾਂ, ਮੁਲਾਜ਼ਮਾਂ ਅਤੇ ਰੰਗਕਰਮੀਆਂ ਦੇ ਕਾਫਲੇ ਵਹੀਰਾਂ ਘੱਤ ਕੇ ਸਮਾਗਮ ਵਿੱਚ ਪੁੱਜੇ। ਸਾਹਿਤ ਅਤੇ ਕਲਾ ਜਗਤ ਨਾਲ ਸਬੰਧਤ ਸਖਸ਼ੀਅਤਾਂ ਅਤੇ ਰੰਗਕਰਮੀ ਪੰਡਾਲ ਵਿੱਚ ਭਾਰਤੀ ਲੋਕ ਪੱਖੀ ਰੰਗਮੰਚ ਦੀ ਸਿਰਕੱਢ ਹਸਤੀ 'ਨਾਟਕਕਾਰ ਬਾਦਲ ਸਰਕਾਰ' ਨੂੰ ਸਮਰਪਤ ਵਿਸ਼ੇਸ਼ ਗੈਲਰੀ ਵਿੱਚ ਹਾਜ਼ਰ ਸਨ। ਸਟੇਜ 'ਤੇ ਮੌਜੂਦ ਸਖਸ਼ੀਅਤਾਂ ਵਿੱਚ ਡਾ. ਆਤਮਜੀਤ ਸਿੰਘ, ਕੇਵਲ ਧਾਲੀਵਾਲ, ਅਜਮੇਰ ਔਲਖ, ਡਾ. ਸਾਹਿਬ ਸਿੰਘ, ਪ੍ਰੋ. ਪਾਲੀ ਭੁਪਿੰਦਰ, ਸ਼ਬਦੀਸ਼, ਅਤਰਜੀਤ, ਰਾਮ ਸਰਵਰਨ ਸਿੰਘ ਲੱਖੇਵਾਲੀ,  ਗੁਰਮੀਤ ਸਿੰਘ (ਦੇਸ਼ ਭਗਤ ਯਾਦਗਾਰ ਕਮੇਟੀ) ਅਮੋਲਕ ਸਿੰਘ, ਝੰਡਾ ਸਿੰਘ ਜੇਠੂਕੇ, ਜੋਰਾ ਸਿੰਘ ਨਸਰਾਲੀ, ਪੁਸ਼ਪ ਲਤਾ, ਦਰਸ਼ਨ ਸਿੰਘ ਕੂਹਲੀ, ਪਵੇਲ ਕੁੱਸਾ, ਸ਼ਰਧਾਂਜਲੀ ਸਮਾਗਮ ਕਮੇਟੀ ਦੇ ਕਨਵੀਨਰ ਜਸਪਾਲ ਜੱਸੀ ਅਤੇ ਗੁਰਸ਼ਰਨ ਸਿੰਘ ਦੀ ਧੀ ਅਰੀਤ ਕੌਰ ਸ਼ਾਮਲ ਸਨ। ਉੱਘੀ ਸਮਾਜਿਕ ਕਾਰਕੁੰਨ, ਲੇਖਿਕਾ ਅਤੇ ਪੱਤਰਕਾਰ ਅਰੁੰਧਤੀ ਰਾਏ ਅਤੇ ਦਸਤਾਵੇਜੀ ਫਿਲਮਸਾਜ ਸੰਕੇ ਕਾਕ ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪੁੱਜੇ। ਔਰਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਨੌਜਵਾਨ ਵਾਲੰਟੀਅਰ ਵੱਡੀ ਗਿਣਤੀ ਵਿੱਚ ਆਪੋ ਆਪਣੇ ਮੋਰਚਿਆਂ ਉੱਤੇ ਤਾਇਨਾਤ ਸਨ। ਬਸੰਤੀ ਚੁੰਨੀਆਂ ਲਈ ਵਾਲੰਟੀਅਰ ਡਿਊਟੀ ਨਿਭਾ ਰਹੀਆਂ ਮੁਟਿਆਰਾਂ ਦਾ ਉਤਸ਼ਾਹ ਅਤੇ ਸੇਵਾ ਭਾਵਨਾ ਡੁੱਲ੍ਹ ਡੁੱਲ੍ਹ ਪੈ ਰਹੀ ਸੀ। ਚਾਰੇ ਪਾਸੇ ''ਗੁਰਸ਼ਰਨ ਸਿੰਘ ਅਮਰ ਰਹੇ'', ''ਭਾਅ ਜੀ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ'' ਅਤੇ ''ਭਾਅ ਜੀ ਤੇਰਾ ਕਾਜ ਅਧੂਰਾ ਲਾ ਕੇ ਜ਼ਿੰਦੜੀਆਂ ਕਰਾਂਗੇ ਪੂਰਾ'' ਦੇ ਨਾਅਰੇ ਗੂੰਜ ਰਹੇ ਸਨ।
ਪੰਡਾਲ ਦੇ ਇੱਕ ਕੋਨੇ ਵਿੱਚ ਗੁਰਸ਼ਰਨ ਸਿੰਘ ਦੇ ਜੀਵਨ ਨਾਲ ਸਬੰਧਤ ਤਸਵੀਰਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲੱਗੀ ਹੋਈ ਸੀ। ਇਸ ਨੂੰ ਸੁਚੇਤਕ ਕਲਾ ਮੰਚ ਮੋਹਾਲੀ ਦੇ ਰੰਗਕਰਮੀਆਂ ਵੱਲੋਂ ਤਿਆਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਵੱਖ ਵੱਖ ਪ੍ਰਕਾਸ਼ਕਾਂ ਵੱਲੋਂ ਕਿਤਾਬਾਂ ਦੇ ਸਟਾਲ ਲਗਾਏ ਗਏ ਸਨ। 

ਸਟੇਜ ਸੰਚਾਲਨ ਅਮੋਲਕ ਸਿੰਘ ਵੱਲੋਂ ਕੀਤਾ ਜਾ ਰਿਹਾ ਸੀ। ਸਮਾਗਮ ਦਾ ਆਰੰਭ ਗੁਰਸ਼ਰਨ ਸਿੰਘ ਨੂੰ ਸਮੁੱਚੇ ਇਕੱਠ ਵੱਲੋਂ ਖੜ੍ਹੇ ਹੋ ਕੇ ਦਿੱਤੀ ਸ਼ਰਧਾਂਜਲੀ ਨਾਲ ਹੋਇਆ ਅਤੇ ਇਸ ਤੋਂ ਤੁਰੰਤ ਬਾਅਦ ''ਲੋਕ ਕਲਾ ਕੇਂਦਰ ਬਰਨਾਲਾ'' (ਹਰਵਿੰਦਰ ਦੀਵਾਨਾ) ਦੇ ਕਲਾਕਾਰ ''ਹਮ ਜੰਗੇ ਆਵਾਮੀ ਸੇ- ਕੁਹਰਾਮ ਮਚਾ ਦੇਂਗੇ'' ਐਕਸ਼ਨ ਗੀਤ ਗਾਉਂਦੇ ਹੋਏ, ਸਟੇਜ 'ਤੇ ਆ ਗਏ ਅਤੇ ਸਾਰਾ ਪੰਡਾਲ ਗੁਰਸ਼ਰਨ ਸਿੰਘ ਦੇ ਇਸ ਪ੍ਰੇਰਨਾਮਈ ਸੰਦੇਸ਼ ਦੀ ਗੂੰਜ ਨਾਲ ਧੜਕ ਉੱਠਿਆ। ਇਸ ਦੇ ਨਾਲ ਹੀ ਕੇਵਲ ਧਾਲੀਵਾਲ, ਹਰਕੇਸ਼ ਚੌਧਰੀ ਦੀਆਂ ਰੰਗ-ਟੋਲੀਆਂ ਵੱਲੋਂ ਜੋਸ਼ੋ-ਖਰੋਸ਼ ਭਰੇ ਅਤੇ ਸੰਦੇਸ਼ਮਈ ਐਕਸ਼ਨ ਗੀਤ ਪੇਸ਼ ਕੀਤੇ ਗਏ। ਮਾਸਟਰ ਰਾਮ ਕੁਮਾਰ, ਜਗਸੀਰ ਜੀਦਾ, ਜਸਵਿੰਦਰ ਕੌਰ ਅਤੇ ਅੰਮ੍ਰਿਤਪਾਲ ਨੇ ਗੀਤ ਪੇਸ਼ ਕੀਤੇ। 

ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਗੁਰਸ਼ਰਨ ਸਿੰਘ ਨੂੰ ਲੋਕ ਪੱਖੀ ਰੰਗਮੰਚ ਅਤੇ ਲੋਕਾਂ ਦੀ ਇਨਕਲਾਬੀ ਲਹਿਰ ਦੇ ਸੰਗਮ ਦਾ ਮਜਬੂਤ ਥੰਮ੍ਹ ਕਰਾਰ ਦਿੱਤਾ। ਕਿਹਾ ਗਿਆ ਕਿ ਗੁਰਸ਼ਰਨ ਸਿੰਘ ਨੇ ''ਦਾਤੀਆਂ, ਕਲਮਾਂ ਅਤੇ ਹਥੌੜਿਆਂ'' ਦੀ ਏਕਤਾ ਦਾ ਉਹ ਤ੍ਰਿਸ਼ੂਲ ਸਿਰਜਣ ਵਿੱਚ ਆਗੂ ਰੋਲ ਅਦਾ ਕੀਤਾ, ਜਿਸ ਦਾ ਸੱਦਾ ਪ੍ਰੋ. ਮੋਹਨ ਸਿੰਘ ਨੇ ਆਪਣੀ ਕਵਿਤਾ ਰਾਹੀਂ ਦਿੱਤਾ ਸੀ। ਉਹਨਾਂ ਨੇ ਭਾਈ ਲਾਲੋਆਂ ਦੇ ਰੰਗਮੰਚ ਦੀ ਉਸਾਰੀ ਕੀਤੀ ਅਤੇ ਇਸ ਨੂੰ ਅਗਾਂਹਵਧੂ ਸਭਿਆਚਾਰਕ ਕਦਰਾਂ-ਕੀਮਤਾਂ ਦੀ ਬੁਲੰਦ ਆਵਾਜ਼ ਨਾਲ ਗੂੰਜਣ ਲਾ ਦਿੱਤਾ। ਉਹਨਾਂ ਦੀ ਬਹੁਪੱਖੀ ਸਖਸ਼ੀਅਤ ਦੇ ਲਿਸ਼ਕਾਰੇ ਨੇ ਨਾ ਸਿਰਫ ਰੰਗਮੰਚ ਨੂੰ ਸਗੋਂ ਸੰਗਰਾਮੀ ਜੀਵਨ ਦੇ ਕਿੰਨੇ ਹੀ ਖੇਤਰਾਂ ਨੂੰ ਰੁਸ਼ਨਾਇਆ। 

ਸਮਾਗਮ ਦੌਰਾਨ ਗੁਰਸ਼ਰਨ ਸਿੰਘ ਦੀ ਜੀਵਨ ਘਾਲਣਾ ਨੂੰ ਸਮਰਪਤ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਦਸਤਾਵੇਜੀ ਮੈਗਜ਼ੀਨ 'ਸਲਾਮ' ਸਟੇਜ ਤੋਂ ਡਾ. ਆਤਮਜੀਤ ਸਿੰਘ ਵੱਲੋਂ ਜਾਰੀ ਕੀਤਾ ਗਿਆ। ਉੱਘੇ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੇ ਸਭਨਾਂ ਲੋਕਾਂ ਦੀ ਤਰਫੋਂ ਰੰਗਕਰਮੀਆਂ ਦੇ ਇਸ ਐਲਾਨ ਦਾ ਸਵਾਗਤ ਕੀਤਾ ਕਿ ਗੁਰਸ਼ਰਨ ਸਿੰਘ ਦੀ ਬਰਸੀ ਹਰ ਸਾਲ ''ਇਨਕਲਾਬੀ ਪੰਜਾਬੀ ਰੰਗਮੰਚ ਦਿਵਸ'' ਵਜੋਂ ਮਨਾਈ ਜਾਵੇਗੀ।

ਉਹਨਾਂ ਕਿਹਾ ਕਿ ਮਿਹਨਤਕਸ਼ ਅਤੇ ਦੱਬੇ-ਕੁਚਲੇ ਲੋਕ ਗੁਰਸ਼ਰਨ ਸਿੰਘ ਨੂੰ ਕਦੇ ਨਹੀਂ ਭੁੱਲਣਗੇ। ਉਹਨਾਂ ਵੱਲੋਂ ਪੈਦਾ ਕੀਤੀ ਜਾਗਰਤੀ, ਨੂੰ ਗੂੜ੍ਹੀ ਕਰਨਗੇ। ਲੋਕ-ਪੱਖੀ ਸਾਹਿਤਕਾਰਾਂ, ਕਲਾਕਾਰਾਂ ਨੂੰ ਪਲਕਾਂ 'ਤੇ ਬਿਠਾ ਕੇ ਸਤਿਕਾਰ ਦੇਣਗੇ ਅਤੇ ਇਨਕਲਾਬੀ ਪੰਜਾਬੀ ਰੰਗਮੰਚ ਦਿਵਸ ਨੂੰ ਕਿਰਤੀ ਲੋਕਾਂ ਦਾ ਰੰਗਮੰਚ ਦਿਹਾੜਾ ਬਣਾ ਦੇਣਗੇ। 

ਇਸ ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕੇਵਲ ਧਾਲੀਵਾਲ, ਅਜਮੇਰ ਸਿੰਘ ਔਲਖ, ਡਾ. ਆਤਮਜੀਤ, ਡਾ. ਸਾਹਿਬ ਸਿੰਘ, ਸ਼ਬਦੀਸ਼, ਅਤਰਜੀਤ, ਡਾ. ਪ੍ਰਮਿੰਦਰ ਸਿੰਘ, ਪੁਸ਼ਪ ਲਤਾ, ਗੁਰਸ਼ਰਨ ਸਿੰਘ ਦੀ ਬੇਟੀ ਡਾ. ਅਰੀਤ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਨੁਮਾਇੰਦੇ ਗੁਰਮੀਤ ਸਿੰਘ, ਅਰੁੰਧਤੀ ਰਾਏ, ਅਤੇ ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਕਮੇਟੀ ਦੇ ਕਨਵੀਨਰ ਜਸਪਾਲ ਜੱਸੀ ਸ਼ਾਮਲ ਸਨ। 


ਨਾਅਰੇ ਮਾਰ ਕੇ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਦੇ ਰਿਹਾ ਲੋਕਾਂ ਦਾ ਵਿਸ਼ਾਲ ਇਕੱਠ

ਗੁਰਸ਼ਰਨ ਸਿੰਘ ਦੀ ਬੇਟੀ ਡਾ. ਅਰੀਤ ਸੰਬੋਧਨ ਕਰਦੇ ਹੋਏ

ਅਰੁੰਧਤੀ ਰਾਏ ਅਤੇ ਡਾ. ਪਰਮਿੰਦਰ

ਗੁਰਸ਼ਰਨ ਸਿੰਘ ਦੀ ਜੀਵਨ ਘਾਲਣਾ ਨੂੰ ਸਮਰਪਤ ਵਿਸ਼ੇਸ਼ ਦਸਤਾਵੇਜੀ ਮੈਗਜ਼ੀਨ 'ਸਲਾਮ' ਨੂੰ ਜਾਰੀ ਕਰਦੇ ਹੋਏ

ਇਕੱਠ 'ਚ ਸ਼ਾਮਲ ਔਰਤਾਂ ਦੀ ਵੱਡੀ ਗਿਣਤੀ