Tuesday, 1 November 2011

ਗੁਰਸ਼ਰਨ ਸਿੰਘ

ਗੁਰਸ਼ਰਨ ਸਿੰਘ - ਇਨਕਲਾਬੀ ਨੌਜਵਾਨ ਲਹਿਰ ਦਾ ਨੇੜਲਾ ਸੰਗੀ

ਗੁਰਸ਼ਰਨ ਸਿੰਘ ਨੇ ਆਪਣੀ 82 ਵਰਿ•ਆਂ ਦੀ ਘਾਲਣਾ ਭਰੀ ਭਰਪੂਰ ਜ਼ਿੰਦਗੀ 'ਚੋਂ 50-55 ਸਾਲ ਲੋਕਾਂ ਦੀ ਲਹਿਰ ਦੇ ਵਿਹੜੇ 'ਚ ਗੁਜ਼ਾਰੇ। ਮੁਲਕ 'ਚ ਲੋਕ ਤਾਕਤ ਜ਼ਰੀਏ ਇਨਕਲਾਬੀ ਸਮਾਜਿਕ ਤਬਦੀਲੀ ਉਹਨਾਂ ਦਾ ਉਦੇਸ਼ ਸੀ। ਇਹ ਉਦੇਸ਼ ਹੀ ਉਹਨਾਂ ਦੀ ਨਾਟ-ਕਲਾ ਰਾਹੀਂ ਲੋਕ ਮੁਹਾਵਰੇ 'ਚ ਢਲ ਕੇ ਪੇਸ਼ ਹੁੰਦਾ ਰਿਹਾ ਤੇ ਉਹਨਾਂ ਦੀ ਮਕਬੂਲੀਅਤ ਦਾ ਕਾਰਨ ਬਣਿਆ। ਇਉਂ ਉਹਨਾਂ ਰੰਗਮੰਚ ਦੇ ਸ਼ਾਹ ਅਸਵਾਰ ਹੋਣ ਦੇ ਨਾਲ-2 ਇੱਕ ਇਨਕਲਾਬੀ ਸੰਗਰਾਮੀਏ ਦੀ ਭੂਮਿਕਾ ਵੀ ਅਦਾ ਕੀਤੀ।

ਲੋਕ ਹੱਕਾਂ ਦੀ ਲਹਿਰ ਨਾਲ ਉਹਨਾਂ ਦੀ ਨੇੜਲੀ ਜੋਟੀ ਇਸ ਲਹਿਰ ਦੀ ਮੋਹਰੀ ਟੁਕੜੀ ਵਜੋਂ ਵਿਚਰ ਰਹੀ ਇਨਕਲਾਬੀ ਵਿਦਿਆਰਥੀ ਨੌਜਵਾਨ ਲਹਿਰ ਰਾਹੀਂ ਪਈ। ਹਾਲਾਂਕਿ 69-70 ਤੱਕ ਉਹਨਾਂ ਦੇ ਨਾਟਕਾਂ 'ਚ ਅਗਾਂਹਵਧੂ ਸਮਾਜਿਕ ਚੇਤਨਾ ਦਾ ਸੁਨੇਹਾ ਸੁਣਾਈ ਦੇ ਰਿਹਾ ਸੀ ਪਰ ਲੋਕ ਲਹਿਰ ਨਾਲ ਨੇੜਲੀ ਸੰਗਰਾਮੀ ਜੋਟੀ ਦਾ ਸਫ਼ਰ ਇਸਤੋਂ ਬਾਅਦ ਸ਼ੁਰੂ ਹੋਇਆ। ਜੂਨ 1975 'ਚ ਇੰਦਰਾ ਗਾਂਧੀ ਹਕੂਮਤ ਨੇ ਦੇਸ਼ 'ਚ ਐਮਰਜੈਂਸੀ ਲਗਾ ਦਿੱਤੀ।

ਲੋਕਾਂ ਦੇ ਜਮਹੂਰੀ ਹੱਕ ਕੁਚਲਣ ਦਾ ਰਾਹ ਫੜ• ਲਿਆ। ਲੋਕਾਂ ਦਾ ਆਪਣੇ ਮਸਲਿਆਂ 'ਤੇ ਆਵਾਜ਼ ਉਠਾਉਣ ਦਾ ਅਧਿਕਾਰ ਐਲਾਨੀਆ ਖੋਹ ਲਿਆ। ਲੋਕਾਂ ਦੇ ਆਗੂ ਜੇਲ•ੀਂ ਡੱਕ ਦਿੱਤੇ। ਅਜਿਹੇ ਸਮੇਂ ਪੰਜਾਬ ਦੀ ਨੌਜਵਾਨ ਵਿਦਿਆਰਥੀ ਲਹਿਰ ਨੇ ਐਮਰਜੈਂਸੀ ਦੇ ਐਲਾਨੀਆ ਵਿਰੋਧ ਦਾ ਝੰਡਾ ਬੁਲੰਦ ਕੀਤਾ। ਪੰਜਾਬ ਦੇ ਕਾਲਜਾਂ ਤੇ ਪਿੰਡਾਂ ਦੇ ਨੌਜਵਾਨਾਂ ਵੱਲੋਂ ਪੀ.ਐਸ.ਯੂ. ਤੇ ਨੌਜਵਾਨ ਭਾਰਤ ਸਭਾ ਦੀ ਅਗਵਾਈ 'ਚ 'ਅਸੀਂ ਜਿਉਂਦੇ-ਅਸੀਂ ਜਾਗਦੇ' ਦੇ ਨਾਅਰੇ ਗੂੰਜ ਉੱਠੇ। ਇਹੀ ਸਮਾਂ ਸੀ ਜਦੋਂ ਗੁਰਸ਼ਰਨ ਸਿੰਘ ਦੀ ਆਵਾਜ਼ ਐਮਰਜੈਂਸੀ ਖਿਲਾਫ਼ ਬੇਖੌਫ਼ ਗੂੰਜਦੀ ਸੁਣਾਈ ਦੇ ਰਹੀ ਸੀ। ਉਹਨੇ ਨਾਟਕਾਂ ਜ਼ਰੀਏ ਹਕੂਮਤ ਦੇ ਫਾਸ਼ੀ ਕਿਰਦਾਰ ਨੂੰ ਨੰਗਾ ਕਰਨ ਤੇ ਲੋਕਾਂ ਨੂੰ ਵਿਰੋਧ ਲਈ ਇੱਕਜੁੱਟ ਹੋਣ ਦਾ ਸੱਦਾ ਦਿੱਤਾ। ਰੈਲੀਆਂ-ਮੁਜ਼ਾਹਰਿਆਂ ਤੇ ਪਾਬੰਦੀ ਦੀ ਹਾਲਤ 'ਚ ਗੁਰਸ਼ਰਨ ਸਿੰਘ ਦੇ ਨਾਟਕ ਬਦਲਵੇਂ ਭੇਸ 'ਚ ਸਰਗਰਮੀ ਜਾਰੀ ਰੱਖਣ ਦਾ ਸਾਧਨ ਬਣੇ। ਕਾਲਜਾਂ ਦੇ ਵਿਦਿਆਰਥੀਆਂ ਤੇ ਅਗਾਂਹਵਧੂ ਪੇਂਡੂ ਨੌਜਵਾਨਾਂ ਦੀਆਂ ਟੋਲੀਆਂ ਨੇ ਗੁਰਸ਼ਰਨ ਸਿੰਘ ਦੀਆਂ ਨਾਟਕ ਪੇਸ਼ਕਾਰੀਆਂ ਵਾਸਤੇ ਸਮਾਗਮ ਜਥੇਬੰਦ ਕੀਤੇ ਜਿੱਥੋਂ ਐਮਰਜੈਂਸੀ ਖਿਲਾਫ਼ ਆਵਾਜ਼ ਉੱਚੀ ਹੋਈ। ਉਹਨਾਂ ਦਾ ਆਪਣਾ ਕਹਿਣਾ ਸੀ ਕਿ ਐਮਰਜੈਂਸੀ ਦੌਰਾਨ 90 ਫੀਸਦੀ ਨਾਟਕ ਪੇਸ਼ਕਾਰੀਆਂ ਨੌਜਵਾਨਾਂ, ਵਿਦਿਆਰਥੀਆਂ ਨਾਲ ਜੁੜ ਕੇ ਹੋਈਆਂ। ਗੁਰਸ਼ਰਨ ਸਿੰਘ ਇੱਕ ਇੰਟਰਵਿਊ 'ਚ ਜ਼ਿਕਰ ਕਰਦੇ ਸਨ ਕਿ ਜਦੋਂ ਐਮਰਜੈਂਸੀ ਦੌਰਾਨ ਮੈਨੂੰ ਨੌਕਰੀ ਤੋਂ ਡਿਸਮਿਸ ਕੀਤਾ ਗਿਆ ਤਾਂ ਜੇਲ• 'ਚੋਂ ਭੇਜਿਆ ਵਿਦਿਆਰਥੀ ਆਗੂ ਪ੍ਰਿਥੀਪਾਲ ਰੰਧਾਵਾ ਦਾ ਰੁੱਕਾ ਮਿਲਿਆ, ''ਭਾਅ ਜੀ, ਫਿਕਰ ਨਾ ਕਰਨਾ, ਸਾਨੂੰ ਤੁਹਾਡਾ ਫਿਕਰ ਹੈ।'' ਅਜਿਹੇ ਸੁਨੇਹਿਆਂ ਨੇ ਗੁਰਸ਼ਰਨ ਸਿੰਘ ਦਾ ਹੌਂਸਲਾ ਵਧਾਇਆ। ਇਉਂ ਕਲਾ-ਸਾਹਿਤ ਤੇ ਲੋਕਾਂ ਦੀ ਲਹਿਰ ਨੇ ਇੱਕ ਦੂਸਰੇ ਨੂੰ ਤਾਕਤ ਦਿੱਤੀ ਤੇ ਇਸ ਰਿਸ਼ਤੇ ਦੀਆਂ ਤੰਦਾਂ ਹੋਰ ਮਜ਼ਬੂਤ ਹੋਈਆਂ।

ਇਨਕਲਾਬੀ ਲਹਿਰ 'ਚ ਨੌਜਵਾਨ ਵਿਦਿਆਰਥੀ ਲਹਿਰ ਦੀ ਉਹ ਮਹੱਤਵਪੂਰਨ ਭੂਮਿਕਾ ਮਿਥਦੇ ਸਨ। ਮਿਹਨਤਕਸ਼ ਲੋਕਾਂ ਨੂੰ ਜਗਾਉਣ, ਚੇਤਨ ਕਰਨ ਤੇ ਸੰਘਰਸ਼ਾਂ ਲਈ ਤਿਆਰ ਕਰਨ 'ਚ ਨੌਜਵਾਨਾਂ ਦਾ ਅਹਿਮ ਯੋਗਦਾਨ ਦੇਖਦੇ ਸਨ। ਏਸੇ ਲਈ ਪਿੰਡਾਂ ਵੱਲ ਰੁਖ ਕਰਕੇ, ਡੂੰਘਾ ਉਤਰਨ ਤੋਂ ਪਹਿਲਾਂ ਸਕੂਲ ਕਾਲਜ ਉਹਨਾਂ ਦੀ ਸਰਗਰਮੀ ਦਾ ਕੇਂਦਰ ਰਹੇ। ਇੱਥੇ ਨਾਟਕਾਂ ਜ਼ਰੀਏ ਉਹਨਾਂ ਨੌਜਵਾਨਾਂ 'ਚ ਅਗਾਂਹਵਧੂ ਇਨਕਲਾਬੀ ਵਿਚਾਰਾਂ ਦਾ ਛੱਟਾ ਦਿੱਤਾ, ਇਨਕਲਾਬੀ ਵਿਚਾਰਾਂ ਦੇ ਲੜ ਲਾਉਣ ਤੇ ਇਸ ਰਸਤੇ ਤੋਰਨ 'ਚ ਅਹਿਮ ਰੋਲ ਨਿਭਾਇਆ। ਸਭਨਾਂ ਅਹਿਮ ਮੋੜਾਂ 'ਤੇ ਉਹ ਨੌਜਵਾਨ ਵਿਦਿਆਰਥੀ ਲਹਿਰ ਦੇ ਅੰਗ-ਸੰਗ ਵਿਚਰੇ। ਜਮਹੂਰੀ ਹੱਕਾਂ ਲਈ ਐਜੀਟੇਸ਼ਨ, ਰੰਧਾਵਾ ਘੋਲ ਤੇ ਬੱਸ ਕਿਰਾਇਆ ਘੋਲ ਵਰਗੇ ਵੱਡੇ ਜਨਤਕ ਸੰਘਰਸ਼ਾਂ ਦੌਰਾਨ ਉਹ ਨੌਜਵਾਨ ਵਿਦਿਆਰਥੀ ਲਹਿਰ ਦੇ ਨੇੜਲੇ ਸੰਗੀ ਰਹੇ। ਇਸ ਦੌਰ ਦੌਰਾਨ ਉਹਨਾਂ ਦਾ ਰਿਸ਼ਤਾ ਨੌਜਵਾਨ ਵਿਦਿਆਰਥੀ ਲਹਿਰ ਜ਼ਰੀਏ ਲੋਕਾਂ ਦੀ ਲਹਿਰ ਨਾਲ ਹੋਰ ਗੂੜ•ਾ ਹੁੰਦਾ ਗਿਆ।

ਨੌਜਵਾਨਾਂ ਦੇ ਪੂਰਾਂ ਦੇ ਪੂਰਾਂ ਨੂੰ ਵਡੇਰੀ ਸੂਝ ਤੇ ਸੰਵੇਦਨਾ ਦੇ ਲੜ ਲਾਉਣ 'ਚ ਉਹਨਾਂ ਦੀ ਬੇਹੱਦ ਮਹੱਤਵਪੂਰਨ ਭੂਮਿਕਾ ਰਹੀ। ਨੌਜਵਾਨ-ਵਿਦਿਆਰਥੀ ਲਹਿਰ ਦੇ ਪ੍ਰਭਾਵ ਹੇਠਲੀ ਜਵਾਨੀ 'ਚ ਅਗਾਂਹਵਧੂ ਸੱਭਿਆਚਾਰਕ ਰੁਚੀਆਂ ਪ੍ਰਫੁੱਲਤ ਕਰਨ ਦੇ ਯਤਨ ਜੁਟਾਏ ਗਏ। ਚੰਗੇ ਸਾਹਿਤ ਦੀਆਂ ਬੇਹੱਦ ਸਸਤੀਆਂ ਕਿਤਾਬਾਂ ਆਪ ਛਾਪ ਕੇ ਕਾਲਜਾਂ ਸਕੂਲਾਂ ਤੱਕ ਲੈ ਕੇ ਗਏ। ਨੌਜਵਾਨ ਇਨਕਲਾਬੀ ਸਾਹਿਤਕਾਰਾਂ ਪਾਸ਼, ਸੰਤ ਸੰਧੂ ਤੇ ਵਰਿਆਮ ਸੰਧੂ ਵਰਗਿਆਂ ਦੀਆਂ ਰਚਨਾਵਾਂ ਛਾਪ ਕੇ ਲੋਕਾਂ ਤੱਕ ਪਹੁੰਚਾਈਆਂ। ਉਹਨਾਂ ਦੀ ਇਸ ਸਰਗਰਮੀ ਦੇ ਦੌਰ 'ਚ ਸਮਾਜ ਅੰਦਰ ਅਗਾਂਹਵਧੂ ਅਤੇ ਸਮਾਜਿਕ ਬਰਾਬਰੀ ਦੀਆਂ ਕਦਰਾਂ ਕੀਮਤਾਂ ਦਾ ਸੰਚਾਰ ਹੋਇਆ, ਜਾਤਪਾਤੀ ਵਿਤਕਰੇ ਘਟੇ। ਨੌਜਵਾਨਾਂ 'ਚ ਕਿਰਤ ਦਾ ਸਤਿਕਾਰ ਜਗਾਉਣ ਤੇ ਸਾਮਰਾਜ ਵਿਰੋਧੀ  ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ 'ਚ ਰੋਲ ਅਹਿਮ ਰੋਲ ਨਿਭਾਇਆ। ਉਹਨਾਂ ਦੇ ਨਾਟਕਾਂ ਦੇ ਨਾਇਕ ਮਜ਼ਦੂਰਾਂ-ਕਿਸਾਨਾਂ ਦੇ ਨਾਲ ਨਾਲ ਅਗਾਂਹਵਧੂ ਇਨਕਲਾਬੀ ਵਿਚਾਰਾਂ ਨੂੰ ਪ੍ਰਣਾਏ ਨੌਜਵਾਨ ਵੀ ਬਣੇ। ਪੁਰਾਣੀਆਂ ਰੂੜ•ੀਵਾਦੀ, ਪਿਛਾਂਹਖਿੱਚੂ ਕਦਰਾਂ ਕੀਮਤਾਂ ਨੂੰ ਰੱਦ ਕਰਨ ਵਾਲੇ ਤੇ ਆਰਥਿਕ ਸਮਾਜਿਕ ਬਰਾਬਰੀ ਦੀ ਜਦੋਜਹਿਦ ਨੂੰ ਪ੍ਰਣਾਏ ਨੌਜਵਾਨ ਸਿਰਜੇ ਜਾਣਾ ਉਹਨਾਂ ਦਾ ਸੁਪਨਾ ਸੀ ਤੇ ਨੌਜਵਾਨ ਲਹਿਰ ਦੀ ਚੜ•ਤ ਦੇ ਸਾਲਾਂ 'ਚ ਅਜਿਹੇ ਨੌਜਵਾਨਾਂ ਦੇ ਕਾਫ਼ਲੇ ਉਹਨਾਂ ਨੂੰ ਤਸੱਲੀ ਬਖਸ਼ਦੇ ਰਹੇ, ਉਤਸ਼ਾਹ ਦਾ ਸ੍ਰੋਤ ਵੀ ਬਣਦੇ ਰਹੇ। ਉਹਨਾਂ ਦੇ ਜੀਵਨ ਦੇ ਮਗਰਲੇ ਸਾਲਾਂ ਦੌਰਾਨ ਇਨਕਲਾਬੀ ਨੌਜਵਾਨ ਲਹਿਰ ਦੀ ਕਮਜ਼ੋਰੀ ਵਾਲੀ ਹਾਲਤ ਉਹਨਾਂ ਲਈ ਗਹਿਰੇ ਫਿਕਰ ਤੇ ਚਿੰਤਾ ਦਾ ਮਸਲਾ ਸੀ। ਲੋਕ ਲਹਿਰ ਦੀ ਇਸ ਟੁਕੜੀ ਦੀ ਮਜ਼ਬੂਤੀ ਲਈ ਉਹਨਾਂ ਦੇ ਸਰੋਕਾਰ ਵੱਖ-ਵੱਖ ਮੌਕਿਆਂ ਤੇ ਜ਼ਾਹਰ ਹੁੰਦੇ ਰਹੇ। ਸ਼ਹੀਦ ਭਗਤ ਸਿੰਘ ਜਨਮ ਸ਼ਤਾਬਦੀ ਮੌਕੇ ਇਹ ਹੋਰ ਵੀ ਉੱਘੜ ਕੇ ਪ੍ਰਗਟ ਹੋਏ। ਸੰਨ 2007 'ਚ ਲੋਕ ਲਹਿਰ ਵੱਲੋਂ ਸ਼੍ਰੀ ਗੁਰਸ਼ਰਨ ਸਿੰਘ ਦੀ ਅਗਵਾਈ 'ਚ ਬਰਨਾਲੇ 'ਚ 'ਰਾਜ ਬਦਲੋ-ਸਮਾਜ ਬਦਲੋ' ਰੈਲੀ ਕਰਕੇ ਜਨਮ ਸ਼ਤਾਬਦੀ ਮਨਾਈ ਗਈ। ਇਸ ਮੁਹਿੰਮ ਦੌਰਾਨ ਉਹਨਾਂ ਜ਼ੋਰ ਦਿੱਤਾ ਕਿ ਇਹ ਮੁਹਿੰਮ ਨੌਜਵਾਨਾਂ ਤੱਕ ਖਾਸ ਤੌਰ 'ਤੇ ਲਿਜਾਈ ਜਾਣੀ ਚਾਹੀਦੀ ਹੈ। ਨੌਜਵਾਨਾਂ ਨੂੰ ਭਗਤ ਸਿੰਘ ਦੇ ਵਿਚਾਰਾਂ ਤੋਂ ਜਾਣੂੰ ਕਰਾਉਣਾ ਚਾਹੀਦਾ ਹੈ। ਬਰਨਾਲਾ ਰੈਲੀ 'ਚ ਜਦੋਂ ਬਸੰਤੀ ਪੱਗਾਂ ਬੰਨ•ੀ ਨੌਜਵਾਨਾਂ ਦੀਆਂ ਟੋਲ਼ੀਆ ਨਜ਼ਰੀਂ ਪੈ ਰਹੀਆਂ ਸਨ ਤਾਂ ਉਹਨਾਂ ਲਈ ਇਹ ਆਸ ਦੀ ਕਿਰਨ ਸੀ। ਉਹਨਾਂ ਦੀਆਂ ਅੱਖਾਂ 'ਚ ਸੱਤਰਵਿਆਂ ਦੇ ਦੌਰ ਵਰਗੀ ਇਨਕਲਾਬੀ ਨੌਜਵਾਨ ਲਹਿਰ ਦੀ ਮੁੜ ਉਸਾਰੀ ਦੀਆਂ ਉਮੀਦਾਂ ਝਲਕੀਆਂ ਸਨ।

ਗੁਰਸ਼ਰਨ ਸਿੰਘ ਦੇ ਚਲੇ ਜਾਣ ਨਾਲ ਪੰਜਾਬ ਦੀ ਇਨਕਲਾਬੀ ਨੌਜਵਾਨ ਲਹਿਰ ਨੇ ਆਪਣਾ ਨੇੜਲਾ ਸੰਗੀ ਗੁਆ ਲਿਆ ਹੈ। ਲਹਿਰ ਉਹਨਾਂ ਦੀ ਇਨਕਲਾਬੀ ਜੁਝਾਰੂ ਹੱਲਾਸ਼ੇਰੀ ਵਾਲੇ ਨੇੜਲੇ ਸਾਥ ਤੋਂ ਵਾਂਝੀ ਹੋ ਗਈ ਹੈ। ਅਸੀਂ ਆਪਣੀ ਪੂਰੀ ਸ਼ਕਤੀ ਜੁਟਾ ਕੇ ਉਹਨਾਂ ਦਾ ਨੌਜਵਾਨ ਲਹਿਰ ਉਸਾਰੀ ਦਾ ਸੁਪਨਾ ਪੂਰਾ ਕਰਨਾ ਹੈ। ਆਉ ਨੌਜਵਾਨ ਲਹਿਰ ਦੀ ਉਸਾਰੀ ਲਈ ਹੰਭਲਾ ਮਾਰ ਕੇ ਆਪਣੇ ਵਿਛੜੇ ਸੰਗੀ ਨੂੰ ਸ਼ਰਧਾਂਜਲੀ ਦੇਈਏ।

No comments:

Post a Comment