Friday, 4 November 2011

ਨੌਜਵਾਨਾਂ ਦਾ ਗੁਰਸ਼ਰਨ ਸਿੰਘ ਨੂੰ ਸਿਜਦਾ


ਨੌਜਵਾਨਾਂ ਨੇ ਇਉਂ ਕੀਤਾ ਸਿਜਦਾ

ਸ਼ਰਧਾਂਜਲੀ ਸਮਾਰੋਹਾਂ 'ਚ ਵਲੰਟੀਅਰਾਂ ਵਜੋਂ ਨਿਭਾਈਆਂ ਜ਼ਿੰਮੇਵਾਰੀਆਂ

ਉੱਘੇ ਨਾਟਕਕਾਰ ਗੁਰਸ਼ਰਨ ਸਿੰਘ ਦੇ ਦੇਹਾਂਤ ਮਗਰੋਂ ਪੰਜਾਬ ਦੀ ਅਗਾਂਹਵਧੂ ਜਮਹੂਰੀ ਲਹਿਰ ਵੱਲੋਂ ਉਹਨਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਲਈ ਸਮਾਗਮਾਂ ਦੀ ਲੜੀ ਚੱਲ ਰਹੀ ਹੈ। ਇਹਨਾਂ ਸਮਾਗਮਾਂ 'ਚ ਹਜ਼ਾਰਾਂ-ਦਹਿ ਹਜ਼ਾਰਾਂ ਦੇ ਇਕੱਠਾਂ 'ਚ ਉਮੜ ਕੇ ਆਏ ਲੋਕਾਂ ਨੇ ਗੁਰਸ਼ਰਨ  ਸਿੰਘ ਦੀ ਇਨਕਲਾਬੀ ਕਰਨੀ ਨੂੰ ਸਲਾਮ ਕਹਿੰਦਿਆਂ ਉਹਦੇ ਆਦਰਸ਼ਾਂ ਨੂੰ ਬੁਲੰਦ ਕਰਨ ਦਾ ਅਹਿਦ ਲਿਆ ਹੈ। ਇਹਨਾਂ 'ਚ ਦੇਸ਼ ਦੀਆਂ ਉੱਘੀਆਂ ਸਾਹਿਤਕ ਸ਼ਖਸ਼ੀਅਤਾਂ ਨੇ ਵੀ ਸ਼ਾਮਿਲ ਹੋ ਕੇ ਪੰਜਾਬ ਦੀ ਇਨਕਲਾਬੀ ਲਹਿਰ ਦੀ ਸਤਿਕਾਰਤ ਹਸਤੀ ਨੂੰ ਇਨਕਲਾਬੀ ਸਲਾਮ ਭੇਂਟ ਕੀਤੀ ਹੈ। ਇਹਨਾਂ ਸਮਾਗਮਾਂ 'ਚ ਸਭਾ ਦੀ ਅਗਵਾਈ ਹੇਠ ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ ਹੋਈ ਹੈ। ਸਮਾਗਮਾਂ ਦੇ ਇੰਤਜ਼ਾਮਾਂ 'ਚ ਹੱਥ ਵਟਾਈ ਰਾਹੀਂ ਤੇ ਬਕਾਇਦਾ ਵਲੰਟੀਅਰਾਂ ਵਜੋਂ ਭੂਮਿਕਾ ਅਦਾ ਕਰਕੇ ਪੰਜਾਬ ਦੀ ਜਵਾਨੀ ਨੇ ਆਪਣੇ ਨਾਇਕ ਦੀ ਜੁਝਾਰ ਵਿਰਾਸਤ ਦੇ ਝੰਡੇ ਨੂੰ ਬੁਲੰਦ ਰੱਖਣ ਦੇ ਇਰਾਦਿਆਂ ਦਾ ਪ੍ਰਗਟਾਵਾ ਕੀਤਾ ਹੈ।
9 ਅਕਤੂਬਰ ਨੂੰ ਪਿੰਡ ਕੁੱਸੇ 'ਚ ਹੋਏ ਵੱਡੇ ਜਨਤਕ ਸਮਾਗਮ 'ਚ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਔਰਤਾਂ ਤੇ ਨੌਜਵਾਨਾਂ-ਵਿਦਿਆਰਥੀਆਂ ਤੋਂ ਬਿਨਾਂ ਰੰਗਕਰਮੀਆਂ ਤੇ ਸਾਹਿਤ-ਕਲਾ ਜਗਤ ਦੀਆਂ ਨਾਮਵਰ ਹਸਤੀਆਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਇਸ ਸਮਾਗਮ  ਦੀ ਤਿਆਰੀ ਲਈ ਚੱਲੀ ਮੁਹਿੰਮ 'ਚ ਤੇ ਸਮਾਗਮਾਂ ਦੇ ਪ੍ਰਬੰਧਾਂ 'ਚ ਨੌਜਵਾਨ ਟੋਲੀਆਂ ਨੇ ਭਰਵਾਂ ਯੋਗਦਾਨ ਪਾਇਆ। ਸਮਾਗਮ ਦੀ ਤਿਆਰੀ ਲਈ ਮੋਗਾ ਇਲਾਕੇ 'ਚ ਬਣੀ ਕਮੇਟੀ 'ਚ ਸਭਾ ਦੇ ਆਗੂ ਵੀ ਸ਼ਾਮਲ ਹੋਏ। ਸਮਾਗਮ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਲਈ ਇਲਾਕੇ ਭਰ 'ਚ ਮਜ਼ਦੂਰਾਂ ਕਿਸਾਨਾਂ ਨਾਲ ਰਲਕੇ ਸਾਂਝੀ ਮੁਹਿੰਮ ਚਲਾਈ ਗਈ। ਪਿੰਡਾਂ 'ਚ ਹੋਈਆਂ ਸ਼ਰਧਾਂਜਲੀ ਇਕੱਤਰਤਾਵਾਂ 'ਚ ਨੌਜਵਾਨਾਂ ਦੀ ਭਰਵੀਂ ਹਾਜ਼ਰੀ ਰਹੀ। ਇਸ ਤੋਂ ਬਿਨਾਂ ਸਮਾਗਮ ਦੇ ਇੰਤਜ਼ਾਮਾਂ 'ਚ ਬਹੁਤ ਸਾਰੇ ਕੰਮ ਨੌਜਵਾਨਾਂ ਵੱਲੋਂ ਓਟੇ ਗਏ ਤੇ ਪੂਰੀ ਤਨਦੇਹੀ ਨਾਲ ਨਿਭਾਏ ਗਏ। ਸਮਾਗਮ ਦਾ ਸੱਦਾ ਦਿੰਦੇ ਬੈਨਰ ਇਲਾਕੇ ਭਰ 'ਚ ਟੰਗਣ ਤੋਂ ਲੈ ਕੇ ਪਿੰਡਾਂ 'ਚ ਸੂਚਨਾ ਪਹੁੰਚਾਉਣ ਤੱਕ ਦੀਆਂ ਕਈ ਕਿਸਮ ਦੀਆਂ ਜ਼ਿੰਮੇਵਾਰੀਆਂ 'ਚ ਮੋਹਰੀ ਰੋਲ ਨਿਭਾਇਆ। ਖਾਸ ਕਰਕੇ ਕੁੱਸੇ ਪਿੰਡ 'ਚ ਲਾਮਬੰਦ ਹੋਏ 70-80 ਨੌਜਵਾਨਾਂ ਨੇ ਕਈ ਦਿਨ ਪਹਿਲਾਂ ਸਮਾਗਮ ਵਾਲੀ ਜਗ•ਾ ਦੀ ਸਫਾਈ ਕਰਨ, ਲੰਗਰ ਲਈ ਰਾਸ਼ਨ ਇਕੱਠਾ ਕਰਨ ਤੇ ਹੋਰ ਅਜਿਹੀਆ ਜ਼ਿੰਮੇਵਾਰੀਆਂ ਨਿਭਾਈਆਂ। ਇਕ ਦਿਨ ਕੁੱਸੇ ਪਿੰਡ ਦੇ 25-30 ਨੌਜਵਾਨ ਸ਼ਾਮ ਨੂੰ ਗੁਆਂਢੀ ਪਿੰਡ ਬੌਡੇ 'ਚ ਜਾ ਕੇ ਮਸ਼ਾਲ ਮਾਰਚ ਰਾਹੀਂ ਪ੍ਰੋਗਰਾਮ ਦਾ ਸੱਦਾ ਦੇ ਕੇ ਆਏ।
ਵਲੰਟੀਅਰਾਂ ਵੱਜੋਂ ਜਿੰਮੇਵਾਰੀਆਂ ਨਿਭਾਉਣ ਲਈ ਇਲਾਕੇ ਦੇ ਪਿੰਡਾਂ ਕੁੱਸਾ, ਰਾਮਾਂ, ਹਿੰਮਤਪੁਰਾ, ਮਾਛੀਕੇ, ਭਾਗੀਕੇ, ਤਖਤੂਪੁਰਾ, ਕਲਾਲਾ, ਸੈਦੋਕੇ ਆਦਿ 'ਚ ਨੌਜਵਾਨਾਂ ਦੀਆਂ ਮੀਟਿੰਗਾਂ 'ਚ ਭਰਵੀਂ ਸ਼ਮੂਲੀਅਤ ਹੋਈ। ਸਮਾਗਮ ਤੋਂ ਪਹਿਲੀ ਸ਼ਾਮ ਪਿੰਡ ਦੇ ਨੌਜਵਾਨਾਂ ਤੋਂ ਬਿਨਾ ਬਾਹਰਲੇ ਪਿੰਡਾਂ 'ਚੋਂ ਵੀ 40-45 ਨੌਜਵਾਨ ਸਮਾਗਮ ਵਾਲੀ ਥਾਂ ਪਹੁੰਚ ਗਏ। ਪੂਰੇ ਸਮਾਗਮ ਦੌਰਾਨ 250 ਦੇ ਲਗਭਗ ਨੌਜਵਾਨ ਮੁੰਡੇ-ਕੁੜੀਆਂ ਬਸੰਤੀ ਪੱਗਾਂ ਤੇ ਚੁੰਨੀਆਂ ਦੇ ਪਹਿਰਾਵੇ 'ਚ ਸਜੇ ਹੋਏ ਟ੍ਰੈਫਿਕ ਕੰਟਰੋਲ ਕਰਨ, ਲੰਗਰ ਤਿਆਰ ਕਰਨ ਤੇ ਵਰਤਾਉਣ, ਪੰਡਾਲ ਅਤੇ ਸਟੇਜ ਦੇ ਇੰਤਜ਼ਾਮਾਂ 'ਚ ਤਾਇਨਾਤ ਰਹੇ। ਗਲ਼ਾਂ 'ਚ ਸਭਾ ਦੇ ਬੈਜ ਲਟਕਾਈ, ਇਹ ਨੌਜਵਾਨ ਗੁਰਸ਼ਰਨ ਸਿੰਘ ਦੇ ਪਸੰਦੀਦਾ ਗੀਤ 'ਮੇਰਾ ਰੰਗ ਦੇ ਬਸੰਤੀ ਚੋਲਾ' ਦਾ ਹੁੰਗਾਰਾ ਜਾਪਦੇ ਸਨ।
ਇਸ ਤੋਂ ਬਿਨਾਂ ਸਮਾਗਮ ਦੀ ਤਿਆਰੀ 'ਚ ਇਸ ਇਲਾਕੇ ਤੋਂ ਬਿਨਾਂ ਹੋਰਨਾਂ ਖੇਤਰਾਂ 'ਚ ਵੀ ਨੌਜਵਾਨਾਂ ਦੀਆਂ ਮੀਟਿੰਗਾਂ ਹੋਈਆਂ। ਸੁਨਾਮ, ਬਠਿੰਡਾ, ਸੰਗਤ ਆਦਿ ਦੇ ਪਿੰਡਾਂ ਛਾਜਲੀ, ਘੁੱਦਾ, ਸਿਵੀਆਂ, ਕੱਚੀ ਭੁੱਚੋ, ਗਿੱਦੜ, ਸਿੰਘੇਵਾਲਾ, ਕਿੱਲਿ•ਆਂਵਾਲੀ, ਸਰਦਾਰਗੜ•, ਨਗਲਾ 'ਚ ਨੌਜਵਾਨਾਂ ਨੇ ਇਹਨਾਂ ਮੀਟਿੰਗਾਂ ਦੌਰਾਨ ਗੁਰਸ਼ਰਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਘੁੱਦਾ (ਸੰਗਤ) ਪਿੰਡ 'ਚ ਗੁਰਸ਼ਰਨ ਸਿੰਘ ਹੋਰਾਂ ਬਾਰੇ ਦਸਤਾਵੇਜ਼ੀ ਫਿਲਮ 'ਕ੍ਰਾਂਤੀ ਦਾ ਕਲਾਕਾਰ' ਨੌਜਵਾਨਾਂ ਦੀ ਭਰਵੀਂ ਇਕੱਤਰਤਾ 'ਚ ਦਿਖਾਈ ਗਈ। ਸਭਾ ਦੀ ਅਗਵਾਈ 'ਚ ਸੈਂਕੜਿਆਂ ਦੀ ਗਿਣਤੀ 'ਚ ਨੌਜਵਾਨ ਕੁੱਸਾ ਸਮਾਗਮ 'ਚ ਸ਼ਾਮਲ ਹੋਏ। 
ਇਕ ਸ਼ਰਧਾਂਜਲੀ ਸਮਾਗਮ 2 ਅਕਤੂਬਰ ਨੂੰ ਚੰਡੀਗੜ• 'ਚ ਹੋਇਆ। ਸਮਾਗਮ ਵਾਲੇ ਦਿਨ ਕੰਮਾਂ ਦੇ ਇੰਤਾਜ਼ਾਮਾਂ ਲਈ ਸਭਾ ਦੇ 75 ਕਾਰਕੁਨ ਵੱਖ-ਵੱਖ ਥਾਵਾਂ ਤੋਂ ਚੰਡੀਗੜ• ਪਹੁੰਚੇ ਜਿਨ•ਾਂ 'ਚ ਮੋਗਾ, ਬਠਿੰਡਾ, ਸੰਗਤ, ਸੁਨਾਮ ਤੇ ਖੰਨਾ ਖੇਤਰ ਤੋਂ ਨੌਜਵਾਨ ਸ਼ਾਮਿਲ ਸਨ। ਵੱਖ-2 ਖੇਤਰਾਂ 'ਚੋਂ ਸਵੇਰੇ 5 ਵਜੇ ਦੇ ਲਗਭਗ ਚੱਲੇ ਨੌਜਵਾਨਾਂ ਨੇ 9 ਵਜਦੇ ਤੱਕ ਸਮਾਗਮ ਵਾਲੀ ਥਾਂ ਪਹੁੰਚ ਕੇ ਡਿਊਟੀਆਂ ਸਾਂਭ ਲਈਆਂ ਤੇ ਸਮਾਪਤੀ ਤੱਕ ਆਪੋ ਆਪਣੀਆਂ ਜ਼ਿੰਮੇਵਾਰੀਆਂ ਤੇ ਡਟੇ ਰਹੇ। 23 ਅਕਤੂਬਰ ਨੂੰ ਮੋਗੇ 'ਚ ਹੋਏ ਸ਼ਰਧਾਂਜਲੀ ਸਮਾਗਮ 'ਚ ਵੀ ਸਭਾ ਦੀ ਆਗਵਾਈ ਹੇਠ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।
ਇਉਂ, ਕਲਾ-ਸਾਹਿਤ ਦੇ ਮੋਰਚੇ ਦੇ ਵਿਛੜ ਗਏ ਜਰਨੈਲ ਨੂੰ ਸਿਜਦਾ ਕਰਦਿਆਂ ਚੇਤਨ ਨੌਜਵਾਨਾਂ ਨੇ ਉਹਦੇ ਖਰੇ ਵਾਰਸ ਬਣਕੇ, ਲੋਕਾਂ ਦੀ ਮੁਕਤੀ ਲਈ ਚੱਲਦੀ ਜਦੋ-ਜਹਿਦ 'ਚ ਹਿੱਸਾ ਪਾਉਣ ਦੀ ਇਨਕਲਾਬੀ ਭਾਵਨਾ ਜ਼ਾਹਰ ਕੀਤੀ ਹੈ।

No comments:

Post a Comment