Friday, 4 November 2011

ਗੁਰਸ਼ਰਨ ਸਿੰਘ ਤੋਂ ਸਿੱਖੀਏ


               ਸਾਹਿਤ ਕਲਾ ਲੋਕਾਂ ਨੂੰ ਸਮਰਪਿਤ ਕਰਨ ਦਾ ਵੱਲ 
                         ਗੁਰਸ਼ਰਨ ਸਿੰਘ ਤੋਂ ਸਿੱਖੀਏ

ਪੰਜਾਬ ਦੀ ਇਨਕਲਾਬੀ ਲਹਿਰ ਦੇ ਸ਼੍ਰੋਮਣੀ ਉਸਰੱਈਏ ਤੇ ਇਨਕਲਾਬੀ ਜਮਹੂਰੀ ਲਹਿਰ ਦੀ ਉੱਘੀ ਸ਼ਖਸ਼ੀਅਤ ਗੁਰਸ਼ਰਨ ਸਿੰਘ ਸਾਡੇ 'ਚ ਨਹੀਂ ਰਹੇ। ਪਰ ਉਹ ਆਪਣੀ ਸ਼ਾਨਦਾਰ ਕਰਨੀ ਰਾਹੀਂ ਯੁੱਗਾਂ-ਯੁੱਗਾਂ ਤੱਕ ਲੋਕ ਮਨਾਂ 'ਚ ਵਸਦੇ ਰਹਿਣਗੇ। ਸਾਡੇ ਸਮਾਜ ਨੂੰ ਅਤੇ ਲੋਕ ਹੱਕਾਂ ਦੀ ਲਹਿਰ ਨੂੰ ਉਹਨਾਂ ਦੀਆਂ ਦੇਣਾਂ ਅਮਿੱਟ ਹਨ। ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਇਨਕਲਾਬੀ ਵਿਰਾਸਤ ਸਾਡਾ ਤੇ ਆਉਣ ਵਾਲੀਆਂ ਪੀੜ•ੀਆਂ ਦਾ ਮਾਰਗ ਰੁਸ਼ਨਾਉਂਦੀ ਰਹੇਗੀ। ਅਸੀਂ ਇਸ ਵਿਰਾਸਤ ਦੇ ਲੜ ਲੱਗ ਕੇ ਤੁਰਨਾ ਹੈ।
ਗੁਰਸ਼ਰਨ ਸਿੰਘ ਇੱਕ ਖਾਂਦੇ-ਪੀਂਦੇ ਪਰਿਵਾਰ 'ਚ ਜਨਮੇ, ਉੱਚੀ ਪੜ•ਾਈ ਪੜ•ੇ, ਵੱਡੇ ਇੰਜੀਨੀਅਰ ਬਣੇ ਤੇ ਉੱਚੀ ਸਰਕਾਰੀ ਪਦਵੀ ਹਾਸਲ ਕੀਤੀ। ਭਾਖੜਾ ਡੈਮ ਦੀ ਉਸਾਰੀ ਮੌਕੇ ਉਥੇ ਇੰਜੀਨੀਅਰ ਵਜੋਂ ਤਾਇਨਾਤ ਹੋਏ। ਏਸੇ ਦੌਰਾਨ ਹੀ ਉਹਨਾਂ ਅੰਦਰਲੇ ਨਾਟਕਕਾਰ ਨੇ ਅੰਗੜਾਈ ਭਰੀ। ਉਹਨਾਂ ਅੰਦਰ ਨਾਟ-ਕਲਾ ਦੀਆਂ ਕਰੂੰਬਲਾਂ ਫੁੱਟੀਆਂ। ਉਹਨਾਂ ਦੀ ਸੂਖਮ ਦ੍ਰਿਸ਼ਟੀ ਤੇ ਸੰਵਦੇਨਸ਼ੀਲ ਮਨ ਨੇ ਸਮਾਜ ਅੰਦਰ ਕਿਰਤ ਕਰਨ ਵਾਲੇ ਲੋਕਾਂ ਦੀਆਂ, ਮਜ਼ਦੂਰਾਂ ਕਿਸਾਨਾਂ ਦੀਆਂ ਪੀੜਾਂ ਨੂੰ ਗਹਿਰੀ ਤਰ•ਾਂ ਮਹਿਸੂਸ ਕੀਤਾ ਤੇ ਇਹ ਪੀੜਾਂ ਉਹਨਾਂ ਦੀ ਕਲਾ ਰਾਹੀਂ ਮੰਚ 'ਤੇ ਪੇਸ਼ ਹੋਈਆਂ। ਕਿਰਤੀ ਲੋਕਾਂ ਦੇ ਦੁੱਖਾਂ ਦਾ ਅੰਤ ਕਰਨ ਲਈ ਉਹਨਾਂ ਸਮਾਜ ਅੰਦਰ ਇਨਕਲਾਬੀ ਤਬਦੀਲੀ ਦਾ ਹੋਕਾ ਦਿੱਤਾ। ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਬਰਾਬਰੀ ਭਰਿਆ ਸਮਾਜ ਉਸਾਰਨ ਲਈ ਚੱਲਦੀ ਜਦੋਜਹਿਦ ਦਾ ਹਿੱਸਾ ਬਣੇ। ਉਹਨਾਂ ਆਪਣੀ ਲਿਆਕਤ, ਕਲਾ, ਯੋਗਤਾ ਨੂੰ ਸਮਾਜ 'ਚ ਕਾਣੀ ਵੰਡ ਖਤਮ ਕਰਕੇ, ਸੁਨਹਿਰਾ ਸਮਾਜ ਉਸਾਰਨ ਦੇ ਮਿਸ਼ਨ ਨੂੰ ਅਰਪਿਤ ਕੀਤਾ। ਇਹਦੇ ਲਈ ਨਾਟਕ ਕਲਾ ਨੂੰ ਹਥਿਆਰ ਵਜੋਂ ਵਰਤਿਆ। ਪੰਜਾਬੀ ਨਾਟਕ ਨੂੰ ਮਹਿੰਗੇ ਸੈਟੱਾਂ ਤੇ ਰੌਸ਼ਨੀਆਂ ਦੀ ਤਕਨੀਕ 'ਚੋਂ ਕੱਢ ਕੇ ਪੇਂਡੂ ਥੜਿ•ਆਂ ਤੇ ਸੱਥਾਂ ਤੱਕ ਪਹੁੰਚਾਉਣ ਦਾ ਸਿਹਰਾ ਗੁਰਸ਼ਰਨ ਸਿੰਘ ਨੂੰ ਜਾਂਦਾ ਹੈ। ਉਹ ਲੋਕਾਂ ਦੀ ਇਨਕਲਾਬੀ ਲਹਿਰ 'ਚ ਸਾਹਿਤਕ ਸਭਿਆਚਾਰਕ ਮੋਰਚੇ ਦੇ ਮੋਹਰੀ ਜਰਨੈਲ ਵਜੋਂ ਵਿਚਰੇ। ਪੰਜਾਬੀ ਰੰਗਮੰਚ ਨੂੰ ਲੋਕ ਪੱਖੀ ਧਾਰਾ 'ਚ ਉਸਾਰਨ ਤੇ ਬੰਨ• ਕੇ ਰੱਖਣ 'ਚ ਮੋਹਰੀ ਭੂਮਿਕਾ ਨਿਭਾਈ। ਏਸੇ ਕਰਕੇ ਅੱਜ ਪੰਜਾਬੀ ਰੰਗਮੰਚ ਰਾਹੀਂ ਲੋਕਾਂ ਦੇ ਦੁੱਖਾਂ ਦਰਦਾਂ ਦੀ ਗੱਲ ਹੋ ਰਹੀ ਹੈ ਤੇ ਇਹ ਲੋਕਾਂ ਅੰਦਰ ਸਮਾਜਿਕ ਤਬਦੀਲੀ ਦੀ ਚੇਤਨਾ ਵੰਡਣ ਦਾ ਅਹਿਮ ਸਾਧਨ ਬਣਿਆ ਹੋਇਆ ਹੈ।
ਉਹਨਾਂ ਨੂੰ ਲੋਕਾਂ ਦੇ ਨਾਇਕ ਦਾ ਰੁਤਬਾ ਹਾਸਲ ਹੋਇਆ ਕਿਉਂਕਿ ਉਹ ਹਮੇਸ਼ਾ ਲੋਕਾਂ ਦੀ ਮੁਕਤੀ ਦੇ ਕਾਜ਼ ਲਈ ਵਫ਼ਾਦਾਰ ਰਹੇ। ਉਹਨਾਂ ਆਪਣੀ ਕਲਾ ਨੂੰ ਸਥਾਪਤੀ ਕੋਲ ਵੇਚ ਕੇ ਲੋਕਾਂ ਨਾਲ ਗ਼ਦਾਰੀ ਨਹੀਂ ਕੀਤੀ। ਰਾਜ ਸੱਤਾ ਦੇ ਮਾਣ-ਸਨਮਾਨਾਂ ਦੀ ਚਕਾਚੌਂਧ ਤੋਂ ਚੁੰਧਿਆ ਕੇ ਹਾਕਮ ਜਮਾਤਾਂ ਦੇ ਧੁਤੂ ਬਣਕੇ ਵੱਜਣ ਦੀ ਥਾਂ ਉਹਨਾਂ ਨੇ ਕਲਾ ਦੀ ਸਿਰਜਣਾ ਰਾਹੀਂ, ਦਰੜੀ ਜਾ ਰਹੀ ਜਨਤਾ ਨੂੰ ਹਲੂਣ ਜਗਾਇਆ। ਝੂਠੇ ਕੇਸ, ਜੇਲ•ਾਂ ਗੁਰਸ਼ਰਨ ਸਿੰਘ ਨੂੰ ਡੱਕ ਨਾ ਸਕੀਆਂ। ਗੁਰਸ਼ਰਨ ਸਿੰਘ ਦੀ ਲੋਕ-ਪੱਖੀ ਦ੍ਰਿਸ਼ਟੀ ਤੇ ਲੋਕਾਂ ਦੀ ਜ਼ਿੰਦਗੀ ਬਦਲ ਕੇ ਬਰਾਬਰੀ ਭਰਿਆ ਸਮਾਜ ਉਸਾਰੇ ਜਾ ਸਕਣ ਦਾ ਭਰੋਸਾ ਹੀ ਸੀ ਜੀਹਨੇ ਉਹਨਾਂ ਨੂੰ ਜੀਵਨ ਭਰ ਇਨਕਲਾਬੀ ਮਾਰਗ 'ਤੇ ਅਡੋਲ ਰੱਖਿਆ। ਉਹਨਾਂ ਸਾਰੀ ਸ਼ਕਤੀ ਤੇ ਸਮਾਂ ਲੋਕਾਂ ਦੀ ਲਹਿਰ ਦੇ ਲੇਖੇ ਲਾਇਆ। ਲੋਕ ਹੱਕਾਂ ਦੀ ਲਹਿਰ ਨੇ ਉਹਨਾਂ ਦੀ ਇਸ ਘਾਲਣਾ ਨੂੰ ਸੰਨ 2006 'ਚ ਪਿੰਡ ਕੁੱਸਾ 'ਚ ਹਜ਼ਾਰਾਂ ਲੋਕਾਂ ਦੇ ਵਿਸ਼ਾਲ ਇਕੱਠ ਅੰਦਰ ਇਨਕਲਾਬੀ ਨਿਹਚਾ ਸਨਮਾਨ ਨਾਲ ਸਨਮਾਨਿਆ।
ਜਦੋਂ ਅਸੀਂ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਰੌਸ਼ਨੀ ਲੈ ਕੇ ਇਨਕਲਾਬ ਦੇ ਰਾਹ ਤੇ ਅੱਗੇ ਵਧਣ ਦਾ ਸੱਦਾ ਦੇ ਰਹੇ ਹਾਂ ਤਾਂ ਸਾਨੂੰ 'ਸਾਡੇ ਸਮਿਆਂ ਦੇ ਭਗਤ ਸਿੰਘ' ਦੀ ਜੀਵਨ ਘਾਲਣਾ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਸਾਮਰਾਜੀ ਖਪਤਕਾਰੀ ਸੱਭਿਆਚਾਰ ਦੀ ਮਾਰੂ ਹਨੇ•ਰੀ ਦੇ ਦੌਰ 'ਚ ਨੌਜਵਾਨਾਂ ਨੂੰ ਇਨਕਲਾਬੀ ਸਮਾਜਿਕ ਤਬਦੀਲੀ ਦੀ ਚੇਤਨਾ ਦੇ ਲੜ ਲਾਉਣ ਦਾ ਪਹਾੜ ਜਿੱਡਾ ਕਾਰਜ ਸਾਡੇ ਸਾਹਮਣੇ ਹੈ। ਹੋਣਹਾਰ ਨੌਜਵਾਨਾਂ ਦੀ ਲਿਆਕਤ ਤੇ ਕਲਾ ਨੂੰ ਹਾਕਮ ਜਮਾਤਾਂ ਆਪਣੇ ਲੋਟੂ ਰਾਜ ਪ੍ਰਬੰਧ ਦੀ ਉਮਰ ਲੰਮੀ ਕਰਨ ਦੇ ਸਾਧਨ ਵਜੋਂ ਜੁਟਾਉਂਦੀਆਂ ਹਨ। ਹਾਕਮਾਂ ਦੇ ਸਿੱਕਿਆਂ 'ਤੇ ਪਲਦੇ ਸਾਹਿਤਕਾਰਾਂ ਤੇ ਕਲਾਕਾਰਾਂ ਨੂੰ ਨਾਇਕ ਬਣਾ ਕੇ ਉਭਾਰਦੀਆਂ ਹਨ ਤੇ ਪੁੰਗਰਦੀਆਂ ਕਲਮਾਂ ਨੂੰ ਪੈਸੇ ਤੇ ਰੁਤਬੇ ਦੀ ਅੰਨ•ੀ ਦੌੜ 'ਚ ਧੂਹ ਲਿਆਉਣ ਲਈ ਹਰ ਹੀਲ਼ਾ ਵਰਤਦੀਆਂ ਹਨ। ਗੀਤਾਂ, ਫਿਲਮਾਂ ਤੇ ਹੋਰਨਾਂ ਢੰਗਾਂ ਜ਼ਰੀਏ ਨੌਜਵਾਨ ਵੱਡੀਆਂ ਕਮਾਈਆਂ ਕਰਨ ਤੇ ਉੱਚੇ ਰੁਤਬੇ ਹਾਸਲ ਕਰਨ ਦੇ ਸੁਪਨੇ ਪਾਲਦੇ ਹਨ ਤੇ ਕਲਾ ਦਮ ਤੋੜਦੀ ਹੈ।
ਗੁਰਸ਼ਰਨ ਸਿੰਘ ਦੀ ਕਰਨੀ ਨੇ ਦਿਖਾਇਆ ਕਿ ਕਲਾ ਦਾ ਫੁੱਲ ਪੂੰਜੀ ਦੀ ਦੌੜ ਦੌਰਾਨ, ਹਾਕਮਾਂ ਦੇ ਦਰਬਾਰ 'ਚ ਨਹੀਂ ਖਿੜਦਾ ਸਗੋਂ ਜ਼ਿੰਦਗੀ ਦੇ ਅਸਲ ਸਿਰਜਣਹਾਰਿਆਂ ਦੇ ਬਾਗ਼ 'ਚ ਟਹਿਕਦਾ ਹੈ। ਲੋਕਾਂ ਨੂੰ ਸਮਰਪਿਤ ਕਲਾ ਤੇ ਸਾਹਿਤ ਹੀ ਅਮਰ ਹੁੰਦਾ ਹੈ ਤੇ ਅਸੀਂ ਆਪਣੀ ਕਲਾ, ਲਿਆਕਤ ਲੋਕਾਂ ਨੂੰ ਅਰਪਿਤ ਕਰਕੇ ਹਮੇਸ਼ਾ ਹਮੇਸ਼ਾ ਲਈ ਲੋਕਾਂ ਦੇ ਹੋ ਜਾਣ ਦੀ ਜਾਚ ਗੁਰਸ਼ਰਨ ਸਿੰਘ ਤੋਂ ਸਿੱਖਣੀ ਹੈ। ਇਹੀ ਸੰਦੇਸ਼ ਸਭਨਾਂ ਨੌਜਵਾਨਾਂ ਤੱਕ ਪਹੁੰਚਾਉਣਾ ਹੈ। ਸੁਨੇਹਾ ਪਹੁੰਚਾਉਣ ਲਈ ਇਰਾਦੇ ਦੀ ਮਜ਼ਬੂਤੀ ਤੇ ਨਿਸ਼ਾਨੇ ਦੀ ਸਪੱਸ਼ਟਤਾ ਦਾ ਵੱਲ ਵੀ ਅਸੀਂ ਗੁਰਸ਼ਰਨ ਸਿੰਘ ਤੋਂ ਹੀ ਸਿੱਖਣਾ ਹੈ।

No comments:

Post a Comment