Saturday, 29 September 2012

ਪਹਿਲਾ ਇਨਕਲਾਬੀ ਰੰਗ ਮੰਚ ਦਿਹਾੜਾ


ਰੰਗ ਕਰਮੀਆਂ ਅਤੇ ਮਿਹਨਤਕਸ਼ ਲੋਕਾਂ ਗਲੇ ਲੱਗ ਕੇ ਮਨਾਇਆ
ਗੁਰਸ਼ਰਨ ਸਿੰਘ ਯਾਦਗਾਰੀ ਇਨਕਲਾਬੀ ਰੰਗ ਮੰਚ ਦਿਹਾੜਾ

ਬੀਤੇ ਵਰ੍ਹੇ 27 ਸਤੰਬਰ ਨੂੰ ਵਿੱਛੜੇ ਪ੍ਰਤੀਬੱਧਤ, ਨਿਹਚਾਵਾਨ ਸ਼ਰੋਮਣੀ ਨਾਟਕਕਾਰ ਪਲਸ ਮੰੰਚ ਦੇ ਬਾਨੀ, ਇਨਕਲਾਬੀ ਜਮਹੂਰੀ ਲਹਿਰ ਦੇ ਥੰਮ੍ਹ ਅਤੇ ਸਮਾਜਿਕ ਬਰਾਬਰੀ ਭਰੇ ਸਮਾਜ ਦੀ ਸਿਰਜਣਾ ਲਈ ਸਦਾ ਸਫਰ 'ਤੇ ਰਹੇ ਗੁਰਸ਼ਰਨ ਸਿੰਘ ਦੀ ਪਹਿਲੀ ਸੂਬਾਈ ਬਰਸੀ ਇਨਕਲਾਬੀ ਰੰਗ ਮੰਚ ਦਿਹਾੜੇ ਵਜੋਂ ਮਨਾਈ ਗਈ | ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਤੇ ਇਸ ਯਾਦਗਾਰੀ ਸਭਿਆਚਾਰਕ ਉਤਸਵ ਦੇ ਮੰਚ ਸੰਚਾਲਕ ਅਮੋਲਕ ਸਿੰਘ ਨੇ ਇਨਕਲਾਬੀ ਰੰਗ ਮੰਚ ਦਿਹਾੜੇ ਦੀ ਮਹੱਤਤਾ ਬਾਰੇ ਖਚਾ ਖਚ ਭਰੇ ਪੰਡਾਲ ਨੂੰ ਦੱਸਦਿਆਂ ਕਿਹਾ ਕਿ 27 ਸਤੰਬਰ ਗੁਰਸ਼ਰਨ ਭਾਅ ਜੀ ਦੇ ਵਿਛੋੜੇ ਅਤੇ 28 ਸਤੰਬਰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਵਿਚਕਾਰਲੀ ਇਸ ਰਾਤ ਨੂੰ ਪੰਜਾਬ ਦੇ ਕੋਨੇ ਕੋਨੇ ਤੋਂ ਰੰਗ ਕਰਮੀਆਂ, ਲੇਖਕਾਂ, ਸਾਹਿਤਕਾਰਾਂ, ਬੁੱਧੀਜੀਵੀਆਂ ਅਤੇ ਮਿਹਨਤਕਸ਼ ਲੋਕਾਂ, ਉਨ੍ਹਾਂ ਦੀਆਂ ਪ੍ਰਤੀਨਿਧ ਜਨਤਕ ਜੱਥੇਬੰਦੀਆਂ ਦਾ ਸੈਲਾਬ, ਇਨ੍ਹਾਂ ਮਹਾਨ ਹਸਤੀਆਂ ਦੇ ਸੁਪਨਿਆਂ ਦੀ ਪੂਰਤੀ ਲਈ ਆਪੋ ਆਪਣੀ ਵਿਸ਼ੇਸ ਕਲਾ ਅਤੇ ਸੰਗਰਾਮ ਦੇ ਦੋਵੇਂ ਖੇਤਰਾਂ ਅੰਦਰ, ਇਨ੍ਹਾਂ ਦੀ ਸਾਂਝੀ ਵੇਲ -ਵਲੰਗੜੀ ਦੀ ਇਤਿਹਾਸਕ ਭੂਮਿਕਾ ਨੂੰ  ਉੱਚਿਆਉਣ ਅਤੇ ਨਵੇਂ ਮੁਕਾਮ 'ਤੇ ਪਹੁੰਚਾਉਣ ਲਈ ਦ੍ਰਿੜ ਸੰਕਲਪ ਹੈ| ਜਿਸ ਦੇ ਗੌਰਵਮਈ ਪ੍ਰਮਾਣ ਭਵਿਖ ਦੇ ਰੰਗ ਮੰਚ ਦਾ ਸਿਰਨਾਵਾਂ ਬਣਨਗੇ |
ਸੈਕਟਰ 23 23 ਸਥਿਤ ਬਾਲ-ਭਵਨ ਦੇ ਖੁੱਲ੍ਹੇ ਵਿਸ਼ਾਲ ਪੰਡਾਲ ਵਿੱਚ  ਪੁੱਜੇ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਨਕਲਾਬੀ ਸਭਿਆਚਾਰਕ ਜੋਲ ਮੇਲੇ ਦਾ ਰੂਪ ਧਾਰਨ ਕਰਨ ਬਾਰੇ ਬੋਲਦਿਆਂ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਮੰਚ ਤੇ ਲੱਗੀਆਂ ਸ੍ਰੀ ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ, ਉਨ੍ਹਾਂ ਦੇ ਆਦਰਸ਼ਾਂ ਨੂੰ ਪਰਨਾਈਆਂ ਸਭਿਆਚਾਰਕ ਕਲਾ ਕਿਰਤਾਂ ਅਤੇ ਤਕਰੀਰਾਂ ਮਹਿਜ਼ ਸ਼ਰਧਾ ਭਾਵਨਾ ਨਾਲ ਲਬਰੇਜ਼ ਨਹੀਂ ਸਗੋਂ 'ਕਲਾ ਲੋਕਾਂ ਲਈ'  ਅਤੇ 'ਇਨਕਲਾਬ ਲੋਕਾਂ ਦੀ ਮੁਕਤੀ ਲਈ' ਦੀ ਸੋਚ ਦਾ ਪਰਚਮ ਆਖਰੀ ਦਮ ਤੱਕ ਬੁਲੰਦ ਰੱਖਣ ਵਾਲਿਆਂ ਨੂੰ ਸੱਚੀ ਸ਼ਰਧਾਂਜਲੀ ਇਹ ਹੈ ਕਿ ਉਨ੍ਹਾਂ ਵੱਲੋਂ ਦਰਸਾਏ ਹਨੇਰੇ ਤੋਂ ਰੌਸ਼ਨੀ ਵੱਲ ਦੇ ਅਰੁੱਕ ਅਤੇ ਅਮੁੱਕ ਸਫਰ  'ਤੇ ਅੱਗੇ ਵਧਿਆ ਜਾਏ, ਅੱਜ ਦਾ ਇਕੱਠ ਇਹੋ ਅਹਿਦ ਕਰਨ ਲਈ ਜੁੜਿਆ ਹੈ| 
ਅਮੋਲਕ ਸਿੰਘ ਨੇ ਬੋਲਦਿਆਂ ਉਨ੍ਹਾਂ ਸਭਨਾਂ ਰੰਗ ਟੋਲੀਆਂ ਅਤੇ ਹਮਾਇਤੀ ਕੰਨ੍ਹਾਂ ਲਾਉਣ ਵਾਲੀਆਂ ਸਮੂਹ ਜੱਥੇਬੰਦੀਆਂ ਨੂੰ ਮੁਬਾਰਕਵਾਦ ਦਿੱਤੀ ਜਿਨ੍ਹਾਂ ਦੇ  ਸਾਂਝੇ ਉੱਦਮ ਸਦਕਾ ਪੰਜਾਬ ਦੇ ਪਿੰਡਾਂ, ਕਸਬਿਆਂ, ਮੁਹੱਲਿਆਂ, ਸਕੂਲਾਂ, ਕਾਲਜਾਂ ਯੂਨੀਵਰਸਿਟੀਆਂ ਅਤੇ ਹੋਰ ਅਦਾਰਿਆਂ ਵਿੱਚ ਕੋਈ 300 ਥਾਵਾਂ ਤੇ ਨੁੱਕੜ-ਨਾਟਕ, ਨਾਟਕ,  ਗੀਤ -ਸੰਗੀਤ, ਸੈਮੀਨਾਰ, ਵਿਚਾਰ ਚਰਚਾਵਾਂ, ਜਾਗੋਆਂ, ਮਸ਼ਾਲ ਮਾਰਚ, 'ਸਦਾ ਸਫਰ ਤੇ  ਭਾਅ ਜੀ ਗੁਰਸ਼ਰਨ ਸਿੰਘ' ਦਸਤਾਵੇਜੀ ਫਿਲਮ (ਨਿਰਦੇਸ਼ਕ ਮਾਸਟਰ ਤਰਲੋਚਨ ਸਿੰਘ) ਸਮੇਤ ਕਿੰਨੇ ਹੀ ਰੂਪਾਂ ਰਾਹੀਂ 300 ਥਾਵਾਂ ਤੇ ਗੁਰਸ਼ਰਨ ਸਿੰਘ ਅਤੇ ਸ਼ਹੀਦ ਭਗਤ ਸਿੰਘ ਦੀ ਸੋਚ ਦਾ ਸੁਨੇਹਾ ਜੋਸ਼ੋ-ਖਰੋਸ਼ ਨਾਲ ਲੈ ਕੇ ਜਾਣ ਉਪਰੰਤ ਅੱਜ ਚੰਡੀਗੜ੍ਹ ਵਿਖੇ ਇਨਕਲਾਬੀ ਰੰਗ ਮੰਚ ਦਿਹਾੜਾ ਸਮਾਗਮ ਇਨ੍ਹਾਂ ਸਰਗਰਮੀਆਂ ਦੀ ਲੜੀ ਦਾ ਸਿਖਰ ਹੋ ਨਿਬੜਿਆ ਹੈ| ਜਿਸ ਤੋਂ ਭਵਿਖ ਅੰਦਰ ਇਨਕਲਾਬੀ ਰੰਗ ਮੰਚ ਦੀਆਂ ਸ਼ਾਨਦਾਰ ਪਿਰਤਾਂ ਪਾਉਣ ਦੇ ਸਮਰੱਥ ਹੋਣ ਦੀ ਆਸ ਬੱਝੀ ਹੈ| 
ਪੰਜਾਬ  ਲੋਕ ਸਭਿਆਚਾਰਕ ਮੰਚ (ਪਲਸ ਮੰਚ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਸ਼ਰਨ ਸਿੰਘ ਦੀ ਧੀ, ਡਾ. ਅਰੀਤ ਨੇ ਕਿਹਾ ਕਿ ਪੰਜਾਬ ਦੇ ਦੂਰ-ਦੁਰਾਡੇ ਖੇਤਰਾਂ ਤੱਕ ਮੈਂ, ਮੇਰੀ ਭੈਣ ਡਾ. ਨਵਸ਼ਰਨ ਅਤੇ ਡਾ. ਅਤੁਲ ਨੇ  ਜਿਵੇਂ ਇਨਕਲਾਬੀ ਰੰਗ ਮੰਚ ਮੁਹਿੰਮ ਵਿੱਚ ਲੋਕਾ ਦਾ ਉਤਸ਼ਾਹੀ ਹੁੰਗਾਰਾ ਤੱਕਿਆ ਹੈ ਉਸ ਤੋਂ ਵਿਸ਼ਵਾਸ ਨਾਲ ਕਹਿ ਸਕਦੀ ਹਾਂ ਕਿ ਭਾਵੇਂ ਸਾਡੇ ਪਾਪਾ ਜਿਸਮਾਨੀ ਤੌਰ ਤੇ ਸਾਡੇ ਦਰਮਿਆਨ ਨਹੀਂ ਰਹੇ ਪਰ ਆਉਣ ਵਾਲੇ ਕੱਲ੍ਹ ਅੰਦਰ ਉਨ੍ਹਾਂ ਦੇ ਰੰਗ ਮੰਚ, ਉਨ੍ਹਾਂ ਦੀ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਵਾਲੇ ਅਸਲੀ ਨਾਇਕ, ਲੋਕ, ਇਨਕਲਾਬੀ ਜਨਤਕ ਸ਼ਕਤੀ ਨਵੀਆਂ ਪੈੜਾਂ ਪਾਏਗੀ | 
ਡਾ. ਅਰੀਤ ਨੇ ਦਲਿਤ ਵਰਗ, ਉਜਾੜੇ ਮੂੰਹ ਆਈ ਕਿਸਾਨੀ, ਪੰਜਾਬ ਦੀ ਜੁਆਨੀ ਅਤੇ ਔਰਤਾਂ ਨੂੰ ਵਿਸ਼ੇਸ ਤੌਰ ਤੇ ਮੁਖਾਤਬ ਹੁੰਦਿਆਂ ਕਿਹਾ ਕਿ ਇਨ੍ਹਾਂ ਦੀ ਜਾਗਦੀ ਅੱਖ ਵਾਲੀ ਅਤੇ ਆਪਾ ਸਮਰਪਤ ਭਾਵਨਾਂ ਵਾਲੀ ਲੋਕ-ਸ਼ਕਤੀ ਸਾਡੇ ਗਲੇ ਸੜੇ ਸਮਾਜ ਨੂੰ ਮੁੱਢੋਂ ਸੁੱਢੋਂ  ਬਦਲ ਕੇ ਨਵਾਂ ਨਰੋਆ ਅਤੇ ਲੋਕਾਂ ਦੀ ਪੁੱਗਤ ਵਾਲਾ ਸਮਾਜ, ਸਿਰਜਣ ਦੀ ਸਮਰੱਥਾ ਰੱਖਦੀ ਹੈ |
ਪਲਸ ਮੰਚ ਦੇ ਜਨਰਲ, ਸਕੱਤਰ ਕੰਵਲਜੀਤ ਖੰਨਾ ਨੇ ਪੰਜਾਬ ਦੀ ਸਮੁੱਚੇ ਰੰਗ ਮੰਗ ਅਤੇ ਉਸਦੀ ਮੱਦਦ 'ਤੇ ਨਿੱਤਰੇ ਲੋਕ -ਹਿੱਸਿਆਂ ਵੱਲੋਂ ਇਨਕਲਾਬੀ ਰੰਗ ਮੰਚ ਦਿਹਾੜਾ ਹਰ ਵਰ੍ਹੇ ਮਨਾਉਣ ਦੀ ਪਿਰਤ ਨੂੰ ਪੱਕੇ ਪੈਰੀਂ  ਕਰਨ ਬਾਰੇ ਅਹਿਦ ਪੜ੍ਹਿਆ | ਭਰੇ ਪੰਡਾਲ ਨੇ ਦੋਵੇਂ ਬਾਹਵਾਂ ਖੜ੍ਹੀਆਂ ਕਰਕੇ, ਤਾੜੀਆਂ ਅਤੇ ਨਾਅਰਿਆਂ ਦੀ ਗੂੰਜ 'ਚ ਅਹਿਦ ਲਿਆ ਕਿ ਗੁਰਸ਼ਰਨ ਸਿੰਘ ਦੇ ਨਾਟ-ਸੰਸਾਰ ਦੀ ਅਮਿਟ ਦੇਣ ਦਾ ਝੰਡਾ ਹਮੇਸ਼ਾ ਬੁਲੰਦ ਰੱਖਿਆ  ਜਾਵੇਗਾ | ਗੁਰਸ਼ਰਨ ਸਿੰਘ ਦਾ ਰੰਗ ਮੰਚ ਅਜੋਕੇ ਮਲਕ ਭਾਗੋਆਂ ਨਾਲੋਂ ਲਕੀਰ ਖਿੱਚ ਕੇ ਚੱਲੇਗਾ ਜਿਹੜੇ ਕਿਰਤੀ ਲੋਕਾਂ, ਮੁਲਕ ਦੇ ਕੁਦਰਤੀ ਮਾਲ-ਖਜਾਨਿਆਂ ਅਤੇ ਕਲਾ-ਕੌਸ਼ਲਤਾ ਨੂੰ ਦੇਸ਼ੀ-ਵਿਦੇਸ਼ੀ ਧੜਵੈਲਾਂ ਅੱਗੇ ਪਰੋਸ ਕੇ ਮੁਲਕ ਨੂੰ ਭੁੱਖ-ਨੰਗ, ਗਰੀਬੀ, ਮਹਿੰਗਾਈ, ਕਰਜੇ, ਬੇਰੁਜ਼ਗਾਰੀ, ਸਿੱਖਿਆ ਸਿਹਤ ਦੇ ਉਧਾਲੇ, ਖੁਦਕੁਸ਼ੀਆਂ, ਜਮਹੂਰੀ ਹੱਕਾਂ ਦੇ ਘਾਣ ਅਤੇ ਅੰਨ੍ਹੇ ਜਬਰ  ਦੇ ਮੂੰਹ ਧੱਕ ਰਹੇ ਹਨ | 
ਇਸ ਮੌਕੇ ਗੁਰਸ਼ਰਨ ਸਿੰਘ ਦੀ ਵੱਡੀ ਬੇਟੀ ਨਵਸ਼ਰਨ, ਉਨ੍ਹਾਂ ਦੇ ਜੀਵਨ ਸਾਥੀ ਅਤੁਲ, ਗੁਰਸ਼ਰਨ ਸਿੰਘ ਦੀ ਜੀਵਨ ਸਾਥਣ ਸ੍ਰੀਮਤੀ ਕੈਲਾਸ਼ ਕੌਰ ਭਾਅ ਜੀ ਦੀ ਭੈਣ ਮਹਿੰਦਰ ਕੌਰ, ਬਹਿਨੋਈ ਅਤੇ ਉੱਘੇ ਵਿਦਵਾਨ  ਪ੍ਰੋ. ਰਣਧੀਰ ਸਿੰਘ ਅਤੇ ਦੋਹਤਰੀ ਨੇ ਜਦੋਂ ਗੁਰਸ਼ਰਨ ਸਿੰਘ ਹੋਰਾਂ ਦੀ ਤਸਵੀਰ ਨੂੰ ਇਨਕਲਾਬੀ ਅੰਦਾਜ ਦੇ ਫੁੱਲ ਭੇਂਟ ਕੀਤੇ ਤਾਂ ਸਾਰਾ ਮਾਹੋਲ ਅੰਬਰ ਛੋਂਹਦੇ ਨਆਰਿਆ ਨਾਲ ਗੂੰਜ ਉੱਠਿਆ : 'ਗੁਰਸ਼ਰਨ ਭਾਅ ਜੀ ਦਾ ਕਾਜ ਅਧੂਰਾ - ਲਾ ਕੇ ਜ਼ਿੰਦੜੀਆਂ ਕਰਾਂਗੇ ਪੂਰਾ' ਇਨਕਲਾਬੀ ਰੰਗ ਮੰਚ ਦਿਹਾੜਾ - ਜਿੰਦਾਬਾਦ |
ਪਲਸ ਮੰਚ ਦੇ ਸਹਾਇਕ ਸਕੱਤਰ ਮਾਸਟਰ ਤਰਲੋਚਨ ਸਿੰਘ ਨੇ ਦਸਤਾਵੇਜੀ  ਫਿਲਮਸਦਾ ਸਫਰ ਤੇ ਦੀ ਪਰਦਾਪੇਸ਼ੀ ਬਾਰੇ ਬੋਲਦਿਆਂ ਇਸ ਨੂੰ ਪੰਜਾਬ ਦੇ ਹਰ ਕੋਨੇ ਤੱਕ ਲਿਜਾਣ ਲਈ ਸਮੂਹਿਕ ਉੱਦਮਾਂ ਦੀ ਅਪੀਲ ਕੀਤੀ | ਇੱਕ ਘੰਟੇ ਦੀ ਫਿਲਮ  ਨੇ ਸਮ੍ਹਾਂ ਬੰਨ੍ਹ ਦਿੱਤਾ | ਸਾਹ ਰੋਕ ਕੇ ਵੇਖਦੇ ਦਰਸ਼ਕਾਂ ਨੇ  ਫਿਲਮ ਸ਼ੋਅ ਉਪਰੰਤ ਤਾੜੀਆਂ ਦੀ ਗੂੰਜ ਨਾਲ ਇਸ ਉੱਦਮ ਦਾ ਸਵਾਗਤ ਕੀਤਾ | 
ਚੰਡੀਗੜ੍ਹ ਸਕੂਲ ਆਫ ਡਰਾਮਾ (ਏਕੱਤਰ) 'ਖੂਹ',  ਅਦਾਕਾਰ ਮੰਚ ਮੁਹਾਲੀ  (ਡਾ. ਸਾਹਿਬ ਸਿੰਘ) 'ਟੁੰਡਾ ਹੌਲਦਾਰ', ਮੰਚ ਰੰਗ ਮੰਚ ਅੰਮ੍ਰਿਤਸਰ (ਕੇਵਲ ਧਾਲੀਵਾਲ) 'ਧਮਕ ਨਗਾਰੇ ਦੀ', ਸੁਚੇਤਕ ਰੰਗ ਮੰਚ ਮੁਹਾਲੀ (ਅਨੀਤਾ ਸ਼ਬਦੀਸ਼) ਵੱਲੋਂ ਐਕਸ਼ਨ ਗੀਤ 'ਮਸ਼ਾਲਾ ਬਾਲਕੇ ਚੱਲਣਾ' ਅਤੇ 'ਹਮ ਜੰਗੇ ਅਵਾਮੀ ਸੇ ਕੁਹਰਾਮ ਮਚਾ ਦੇਂਗੇ' ਪੇਸ਼ ਹੋਏ | 
ਲੋਕ ਸੰਗੀਤ ਮੰਡਲੀ ਭਦੌੜ
ਅਹਿਮਦਾਬਾਦ (ਗੁਜਰਾਤ) ਤੇਂ ਆਏ ਹੋਏ ਵਿਨੈ ਨੇ ਨਿਵੇਕਲੇ ਅੰਦਾਜ਼ 'ਚ  ਗੀਤਾਂ ਰਾਹੀਂ ਸ਼ਰਧਾ ਦੇ ਫੁੱਲ ਜਿਵੇਂ  ਭੇਂਟ ਕੀਤੇ ਉਨ੍ਹਾਂ ਦੀ ਮਹਿਕ ਸਰੋਤਿਆਂ ਲਈ ਅਭੁੱਲ ਰਹੇਗੀ | ਜੁਗਰਾਜ ਧੌਲਾ, ਲੋਕ ਸੰਗੀਤ ਮੰਡਲੀ (ਧੌਲਾ), ਕ੍ਰਾਂਤੀਕਾਰੀ ਸਭਿਆਚਾਰਕ ਕੇਂਦਰ, ਲੋਕ  ਸੰਗੀਤ ਮੰਡਲੀ ਜੀਦਾ (ਜਗਸੀਰ ਜੀਦਾ) ਅਤੇ ਬਲਕਰਨ ਬੱਲ ਨੇ ਗੀਤ -ਸੰਗੀਤ ਰਾਹੀਂ ਸਰੋਤਿਆਂ ਨੂੰ ਕੀਲ ਰੱਖਿਆ ਕਿਉਂਕਿ ਉਹਨਾਂ ਦੇ ਬੋਲਾਂ, ਸੁਰਾਂ ਅਤੇ ਸੰਗੀਤ ਵਿੱਚ ਭਾਅ ਜੀ ਦੀ ਰੂਹ ਧੜਕਦੀ ਸੀ | 
ਜਨਤਕ ਹੜ੍ਹ ਰੂਪੀ ਇਸ ਸਮਾਗਮ ਦਾ ਜਾਬਤਾ ਦੇਖਿਆਂ ਹੀ ਬਣਦਾ ਸੀ | ਕਿTੁਂਕਿ ਵੱਡੀ ਗਿਣਤੀ ਵਿਚ ਔਰਤਾਂ, ਮਜ਼ਦੂਰਾਂ, ਕਿਸਾਨਾਂ ਅਤੇ ਨੌਜਵਾਨਾਂ ਦਾ ਰੰਗ ਕਰਮੀਆਂ ਦੇ ਅੰਗ - ਸੰਗ ਹੋਣਾ ਪੰਜਾਬ ਅੰਦਰ ਸੁਲੱਖਣੇ ਵਰਤਾਰੇ ਦੀ ਝਲਕ ਹੈ| 
ਚਾਹ ਦਾ ਲੰਗਰ ਵਰਤਾਉਂਦੇ ਬਸੰਤੀ ਪੱਗਾਂ ਵਾਲੇ ਨੌਜਵਾਨ ਭਾਰਤ ਸਭਾ ਦੇ ਕਾਰਕੁੰਨ
ਜਿਕਰਯੋਗ ਹੈ ਕਿ ਇਸ ਮਹਾਂ ਸਭਿਆਚਾਰਕ ਉਤਸਵ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਪੰਜਾਬ  ਖੇਤ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਨੇ ਦਾਲ-ਰੋਟੀ, ਜਲੇਬੀਆਂ ਅਤੇ ਚਾਹ-ਪਾਣੀ ਦੇ ਲੰਗਰ ਦਾ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ 'ਚ ਬੰਦੋਬਸਤ ਕੀਤਾ ਹੋਇਆ ਸੀ |  ਇਸ ਲੰਗਰ ਵਿੱਚ ਪੰਜਾਬ ਦੇ ਸਮੂਹ ਲੋਕਾਂ ਨੇ ਆਟਾ, ਦਾਲ, ਚੀਨੀ ਆਦਿ ਵਿੱਚ ਜਨਤਕ ਤੌਰ ਤੇ ਭਰਵਾਂ ਯੋਗਦਾਨ ਪਾਇਆ ਜਿਸ ਦੀ ਪਕਾਈ ਦਾ ਮੰਗ ਬੀਤੇ ਤਿੰਨ ਦਿਨਾਂ ਤੋਂ ਬਰਨਾਲਾ ਅਤੇ ਚੰਡੀਗੜ੍ਹ ਵਿਖੇ ਇੱਕੋ ਸਮੇਂ ਚੱਲ ਰਿਹਾ  ਸੀ | 





ਸਭਾ ਦੇ ਵਲੰਟੀਅਰਾਂ ਦੀ ਇੱਕ ਟੋਲੀ

ਲੰਗਰ ਵਰਤਾਉਂਦੇ ਸਭਾ ਦੇ ਵਲੰਟੀਅਰ


ਮੈਡੀਕਲ ਕਾਊਂਟਰ ਦਾ ਦ੍ਰਿਸ਼



ਸਟੇਜ ਨੇੜੇ ਡਿਊਟੀ ਸਾਂਭਣ ਲਈ ਤਿਆਰ ਬੈਠੇ ਨੌਜਵਾਨ ਵਲੰਟੀਅਰ






ਸਮਾਪਤੀ ਤੋਂ ਬਾਅਦ

ਵਾਪਸੀ ਮੌਕੇ
ਅਮੋਲਕ ਸਿੰਘ
ਪ੍ਰਧਾਨ (ਪਲਸ ਮੰਚ) 
94170-76735
ਕੰਵਲਜੀਤ ਖੰਨਾ
ਜਨ: ਸਕੱਤਰ (ਪਲਸ ਮੰਚ)
94170-67344

Friday, 21 September 2012

ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਮੁਹਿੰਮ


ਗੁਰਸ਼ਰਨ ਸਿੰਘ 
ਸ਼ਰਧਾਂਜਲੀ ਸਮਾਗਮਾਂ 
'ਚ ਪੁੱਜਣਗੇ 
ਹਜ਼ਾਰਾਂ ਲੋਕ


ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਤਿਆਰੀ ਕਮੇਟੀ ਪੰਜਾਬ ਨੇ ਕਿਹਾ ਕਿ ਗੁਰਸ਼ਰਨ ਸਿੰਘ ਦੀ ਪਹਿਲੀ ਬਰਸੀ ਮੌਕੇ 23 ਸਤੰਬਰ ਨੂੰ ਜਗਰਾਓਂ 'ਚ ਅਤੇ 27 ਸਤੰਬਰ ਨੂੰ ਚੰਡੀਗੜ• 'ਚ ਹੋ ਰਹੇ ਸਮਾਗਮਾਂ 'ਚ ਪੰਜਾਬ ਭਰ 'ਚੋਂ ਦਹਿ ਹਜ਼ਾਰਾਂ ਲੋਕ ਇਨਕਲਾਬੀ ਜੋਸ਼ੋ ਖਰੋਸ਼ ਨਾਲ ਸ਼ਾਮਲ ਹੋਣਗੇ। ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਮੇਟੀ ਮੈਂਬਰਾਂ ਪਾਵੇਲ ਕੁੱਸਾ ਅਤੇ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਕਿ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਦੇ ਬਰਸੀ ਸਮਾਗਮਾਂ ਲਈ ਤਿਆਰੀ ਮੁਹਿੰਮ ਪੂਰਾ ਭਖਾਅ ਫੜ• ਚੁੱਕੀ ਹੈ। ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ 'ਚ ਮੀਟਿੰਗਾਂ ਅਤੇ ਸ਼ਰਧਾਂਜਲੀ ਇਕੱਤਰਤਾਵਾਂ ਨੂੰ ਵੱਖ ਵੱਖ ਜੱਥੇਬੰਦੀਆਂ ਦੇ ਸੈਂਕੜੇ ਬੁਲਾਰੇ ਸੰਬੋਧਨ ਹੋ ਰਹੇ ਹਨ। ਦਰਜਨਾਂ ਨਾਟਕ ਟੀਮਾਂ ਅਤੇ ਰੰਗਮੰਚ ਦੀਆਂ ਮੰਡਲੀਆਂ ਵੱਲੋਂ ਮੁਹਿੰਮ ਦੌਰਾਨ ਨੁੱਕੜ ਨਾਟਕਾਂ ਅਤੇ ਨਾਟਕ ਮੇਲਿਆਂ ਦਾ ਸਿਲਸਿਲਾ ਚੱਲ ਰਿਹਾ ਹੈ ਜਿਸਨੂੰ ਲੋਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਹੁਣ ਤੱਕ ਚੱਲੀ ਮੁਹਿੰਮ ਦੌਰਾਨ ਪੰਜਾਬ ਭਰ ਦੇ ਕਈ ਸੈਂਕੜੇ ਪਿੰਡਾਂ 'ਚ ਨੁੱਕੜ ਨਾਟਕ ਖੇਡੇ ਜਾ ਚੁੱਕੇ ਹਨ ਅਤੇ ਕਈ ਜ਼ਿਲ•ਾ ਪੱਧਰੇ ਵੱਡੇ ਨਾਟਕ ਸਮਾਗਮ ਵੀ ਹੋ ਚੁੱਕੇ ਹਨ। ਇਹਨਾਂ ਸਮਾਗਮਾਂ 'ਚ ਵਿਸ਼ੇਸ਼ ਤੌਰ 'ਤੇ ਸ਼੍ਰੀ ਗੁਰਸ਼ਰਨ ਸਿੰਘ ਦੇ ਨਾਟਕ ਖੇਡੇ ਜਾ ਰਹੇ ਹਨ ਤੇ ਉਹਨਾਂ ਦੀ ਇਨਕਲਾਬੀ ਜੀਵਨ ਘਾਲਣਾ ਦੇ ਮਹੱਤਵ ਨੂੰ ਉਘਾੜਿਆ ਜਾ ਰਿਹਾ ਹੈ। ਕਾਲਜਾਂ ਅਤੇ ਸਕੂਲਾਂ 'ਚ ਨੁੱਕੜ ਨਾਟਕ ਦੀ ਪੇਸ਼ਕਾਰੀ ਰਾਹੀਂ ਵਿਦਿਆਰਥੀਆਂ ਅਤੇ ਨੌਜਵਾਨਾਂ ਤੱਕ ਇਸ ਮੁਹਿੰਮ ਨੂੰ ਲੈ ਕੇ ਜਾਣ ਲਈ ਵਿਸ਼ੇਸ਼ ਯਤਨ ਜੁਟਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਗੁਰਸ਼ਰਨ ਸਿੰਘ ਹੋਰਾਂ ਨੇ ਸਾਰੀ ਜ਼ਿੰਦਗੀ ਬਰਾਬਰੀ ਭਰਿਆ ਸਮਾਜ ਉਸਾਰਨ ਦੇ ਮਿਸ਼ਨ ਦੇ ਲੇਖੇ ਲਾਈ।

 ਇਹਦੇ ਲਈ ਨਾਟਕਾਂ ਦੀ ਕਲਾ ਨੂੰ ਹਥਿਆਰ ਵਜੋਂ ਵਰਤਿਆ। ਨਾਟਕ ਦੇ ਖੇਤਰ ਤੋਂ ਇਲਾਵਾ ਉਹਨਾਂ ਕਈ ਅਹਿਮ ਮੋੜਾਂ 'ਤੇ ਲੋਕ ਹੱਕਾਂ ਦੀ ਲਹਿਰ ਦਾ ਡਟਵਾਂ ਸਾਥ ਨਿਭਾਇਆ ਤੇ ਉਹ ਇੱਕ ਸੰਸਥਾ ਵਾਂਗ ਵਿਚਰੇ। ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਦੇ ਰੰਗ ਕਰਮੀਆਂ ਦੀਆਂ ਦਰਜਨਾਂ ਟੋਲੀਆਂ ਵੱਲੋਂ ਪਿੰਡਾਂ ਦੇ ਵਿਹੜਿਆਂ ਅਤੇ ਸੱਥਾਂ 'ਚ ਹੋ ਰਹੀਆਂ ਨਾਟਕ ਪੇਸ਼ਕਾਰੀਆਂ, ਲੋਕ ਹੱਕਾਂ ਦੀ ਲਹਿਰ ਅਤੇ ਰੰਗ ਕਰਮੀਆਂ ਦੇ ਰਿਸ਼ਤੇ ਦੇ ਹੋਰ ਗੂੜ•ੇ ਹੁੰਦੇ ਜਾਣ ਦਾ ਸੰਦੇਸ਼ ਬਣ  ਰਹੀਆਂ ਹਨ। ਚੰਡੀਗੜ• 'ਚ ਹੋਣ ਵਾਲੇ ਸਮਾਗਮ ਲਈ ਲੰਗਰ ਚਲਾਉਣ ਵਾਸਤੇ ਕਿਸਾਨ ਮਜ਼ਦੂਰ ਅਤੇ ਨੌਜਵਾਨ ਜੱਥੇਬੰਦੀਆਂ ਦੇ ਕਾਰਕੁੰਨਾ ਵੱਲੋਂ ਘਰ ਘਰ ਜਾ ਕੇ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਹੈ। ਇਹਨਾਂ ਸਮਾਗਮਾਂ 'ਚ ਪੰਜਾਬ ਦੇ ਕੋਨੇ ਕੋਨੇ 'ਚੋਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਔਰਤਾਂ ਭਾਰੀ ਗਿਣਤੀ 'ਚ ਸ਼ਾਮਲ ਹੋਣਗੇ।
ਜ਼ਿਕਰਯੋਗ ਹੈ ਕਿ ਤਿਆਰੀ ਕਮੇਟੀ 'ਚ ਝੰਡਾ ਸਿੰਘ ਜੇਠੂਕੇ ਅਤੇ ਪਾਵੇਲ ਕੁੱਸਾ ਤੋਂ ਇਲਾਵਾ ਜ਼ੋਰਾ ਸਿੰਘ ਨਸਰਾਲੀ, ਗੁਰਦਿਆਲ ਭੰਗਲ ਤੇ ਹਰਜਿੰਦਰ ਸਿੰਘ ਸ਼ਾਮਲ ਹਨ।
ਜਾਰੀ ਕਰਤਾ — ਪਾਵੇਲ ਕੁੱਸਾ (94170-54015)
                                             ਮਿਤੀ — 21/09/2012

































Wednesday, 12 September 2012

ਕਿਸਾਨ ਮਜ਼ਦੂਰ ਔਰਤ ਕਾਰਕੁੰਨਾਂ ਦੀ ਇਕੱਤਰਤਾ


'ਗੁਰਸ਼ਰਨ ਸਿੰਘ ਦੀ ਕਲਾ ਸਰਗਰਮੀ ਅਤੇ ਔਰਤ ਮੁਕਤੀ ਦਾ ਮਸਲਾ' ਵਿਸ਼ੇ 'ਤੇ

ਕਿਸਾਨ ਮਜ਼ਦੂਰ ਔਰਤ ਕਾਰਕੁੰਨਾਂ ਦੀ ਇਕੱਤਰਤਾ







ਉੱਘੇ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਪਹਿਲੀ ਬਰਸੀ ਮਨਾਉਣ ਦੀ ਤਿਆਰੀ 'ਚ ਚੱਲ ਰਹੇ ਸਮਾਗਮਾਂ ਦੀ ਲੜੀ ਦੌਰਾਨ ਅੱਜ ਟੀਚਰਜ਼ ਹੋਮ ਬਠਿੰਡਾ 'ਚ ਸੈਂਕੜੇ ਕਿਸਾਨ ਮਜ਼ਦੂਰ ਔਰਤ ਕਾਰਕੁੰਨਾਂ ਦੀ ਇਕੱਤਰਤਾ ਹੋਈ। ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਤਿਆਰੀ ਕਮੇਟੀ ਵੱਲੋਂ 'ਗੁਰਸ਼ਰਨ ਸਿੰਘ ਦੀ ਕਲਾ ਸਰਗਰਮੀ ਅਤੇ ਔਰਤ ਮੁਕਤੀ ਦਾ ਮਸਲਾ' ਵਿਸ਼ੇ 'ਤੇ ਸੱਦੀ ਇਸ ਇਕੱਤਰਤਾ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਡਾ. ਪਰਮਿੰਦਰ ਸਿੰਘ ਅਤੇ ਐਡਵੋਕੇਟ ਐਨ. ਕੇ. ਜੀਤ ਨੇ ਵਿਸਥਾਰੀ ਭਾਸ਼ਣ ਦਿੱਤੇ। ਮਾਲਵਾ ਖੇਤਰ ਤੋਂ ਜੁੜੀਆਂ ਮਜ਼ਦੂਰ ਕਿਸਾਨ ਔਰਤ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਗੁਰਸ਼ਰਨ ਸਿੰਘ ਨੇ ਆਪਣੇ ਜੀਵਨ ਭਰ ਦੀ ਸਰਗਰਮੀ ਦੌਰਾਨ ਔਰਤਾਂ ਦੀ ਸਮਾਜਕ ਆਰਥਕ ਬਰਾਬਰੀ ਦੇ ਮਸਲੇ ਨੂੰ ਬਹੁਤ ਜ਼ੋਰ ਨਾਲ ਉਭਾਰਿਆ। ਸਾਡੇ ਸਮਾਜ 'ਚ ਔਰਤਾਂ ਨੂੰ ਪਈਆਂ ਬੇੜੀਆਂ, ਮਰਦਾਵਾਂ ਦਾਬਾ, ਔਰਤਾਂ 'ਤੇ ਹੁੰਦੇ ਜ਼ਬਰ ਅਤੇ ਵਿਤਕਰੇ ਗੁਰਸ਼ਰਨ ਸਿੰਘ ਦੇ ਨਾਟਕਾਂ 'ਚ ਬਹੁਤ ਉੱਭਰਵੇਂ ਢੰਗ ਨਾਲ ਪੇਸ਼ ਹੋਏ। ਔਰਤ ਵਿਰੋਧੀ ਸਮਾਜਕ ਧਾਰਨਾਵਾਂ ਉਹਨਾਂ ਦੀ ਕਲਾ ਦਾ ਚੁਣਵਾਂ ਨਿਸ਼ਾਨਾ ਬਣਦੀਆਂ ਰਹੀਆਂ। ਉਹਨਾਂ ਦੇ ਬਰਾਬਰੀ ਭਰੇ ਸਮਾਜ ਦੀ ਉਸਾਰੀ ਦੇ ਸੰਕਲਪ ਵਿੱਚ ਔਰਤ ਦੀ ਆਰਥਕ ਸਮਾਜਕ ਪੁੱਗਤ ਸਥਾਪਤ ਕਰਨਾ ਵੀ ਸ਼ਾਮਲ ਸੀ। ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਅੱਜ ਜਦੋਂ ਮਿਹਨਤਕਸ਼ ਲੋਕਾਂ 'ਤੇ ਨਵੀਆਂ ਆਰਥਿਕ ਨੀਤੀਆਂ ਤਹਿਤ ਵੱਡੇ ਆਰਥਕ ਬੋਝ ਲੱਦੇ ਜਾ ਰਹੇ ਹਨ ਤਾਂ ਇਹਦੀ ਸਭ ਤੋਂ ਵੱਧ ਮਾਰ ਔਰਤਾਂ 'ਤੇ ਪੈ ਰਹੀ ਹੈ। ਔਰਤਾਂ ਦੀ ਜ਼ਿੰਦਗੀ ਬਦਲਣ ਲਈ ਲਾਜ਼ਮੀ ਹੈ ਕਿ ਉਹ ਲੋਕ ਹੱਕਾਂ ਲਈ ਚੱਲਦੇ ਸੰਗਰਾਮਾਂ 'ਚ ਜ਼ੋਰਦਾਰ ਸ਼ਮੂਲੀਅਤ ਕਰਨ ਜੱਥੇਬੰਦ ਹੋਣ ਤੇ ਸੰਘਰਸ਼ਾਂ 'ਚ ਮੋਹਰੀ ਭੂਮਿਕਾ ਨਿਭਾਉਣ।
ਐਡਵੋਕੇਟ ਐਨ. ਕੇ. ਜੀਤ ਨੇ ਦੁਨੀਆਂ ਭਰ ਦੇ ਮੁਲਕਾਂ ਦੀਆਂ ਔਰਤ ਲਹਿਰਾਂ ਦੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਸਾਡੇ ਗੁਆਂਢੀ ਮੁਲਕ ਚੀਨ 'ਚ ਲੋਕ ਮੁਕਤੀ ਲਈ ਚੱਲਦੇ ਸੰਘਰਸ਼ਾਂ 'ਚ ਔਰਤਾਂ ਨੇ ਬਹੁਤ ਅਹਿਮ ਹਿੱਸਾ ਪਾਇਆ ਸੀ। ਉੱਥੇ ਸਥਾਪਤ ਹੋਏ ਲੋਕ ਪੱਖੀ ਨਿਜ਼ਾਮ 'ਚ ਔਰਤਾਂ ਹਕੀਕੀ ਤੌਰ 'ਤੇ ਅੱਧ ਦੀਆਂ ਮਾਲਕ ਬਣੀਆਂ ਤੇ ਆਪਦੀ ਤਕਦੀਰ ਦੀ ਉਸਾਰੀ ਆਪਣੇ ਹੱਥ ਲਈ। ਉਹਨਾਂ ਸਾਡੇ ਦੇਸ਼ ਤੇ ਪੰਜਾਬ 'ਚ ਲੜੇ ਜਾ ਰਹੇ ਸੰਘਰਸ਼ਾਂ ਦੌਰਾਨ ਔਰਤਾਂ ਵੱਲੋਂ ਨਿਭਾਈ ਭੂਮਿਕਾ ਦਾ ਮਹੱਤਵ ਉਘਾੜਿਆ ਤੇ ਕਈ ਵੱਡੇ ਜਨਤਕ ਘੋਲਾਂ ਦੀ ਜਿੱਤ 'ਚ ਔਰਤਾਂ ਦੀ ਸਰਗਰਮ ਸ਼ਮੂਲੀਅਤ ਬਾਰੇ ਵਿਸਥਾਰ 'ਚ ਦੱਸਿਆ। ਉਹਨਾਂ ਔਰਤ ਕਾਰਕੁੰਨਾਂ ਨੂੰ ਸੱਦਾ ਦਿੱਤਾ ਕਿ ਉਹ ਲੋਕ ਸੰਘਰਸ਼ਾਂ 'ਚ ਆਪਣੀ ਸਰਗਰਮ ਭੂਮਿਕਾ ਨਿਭਾਉਣ ਲਈ ਅੱਗੇ ਆਉਣ ਤਾਂ ਹੀ ਔਰਤ ਮੁਕਤੀ ਦਾ ਰਾਹ ਖੁੱਲਣਾ ਹੈ। ਔਰਤ ਕਾਰਕੁੰਨਾਂ ਤਰਫੋਂ ਹਰਿੰਦਰ ਬਿੰਦੂ ਨੇ ਜਿੱਥੇ ਬੁਲਾਰਿਆਂ ਦਾ ਧੰਨਵਾਦ ਕੀਤਾ ਉੱਥੇ ਨਾਲ ਹੀ ਤਾਜ਼ਾ ਕਿਸਾਨ ਸੰਘਰਸ਼ਾਂ 'ਚ ਔਰਤਾਂ ਦੀ ਸ਼ਾਨਾਮੱਤੀ ਭੂਮਿਕਾ ਦੀ ਚਰਚਾ ਵੀ ਕੀਤੀ। ਪਾਵੇਲ ਕੁੱਸਾ ਦੀ ਮੰਚ ਸੰਚਾਲਣਾ 'ਚ ਹੋਏ ਸਮਾਗਮ ਦੌਰਾਨ ਕਮੇਟੀ ਮੈਂਬਰ ਝੰਡਾ ਸਿੰਘ ਜੇਠੂਕੇ ਅਤੇ ਜ਼ੋਰਾ ਸਿੰਘ ਨਸਰਾਲੀ ਵੀ ਹਾਜ਼ਰ ਸਨ। ਅੰਤ ਵਿੱਚ ਕਮੇਟੀ ਨੇ ਸਭਨਾਂ ਨੂੰ ਗੁਰਸ਼ਰਨ ਸਿੰਘ ਦੀ ਪਹਿਲੀ ਬਰਸੀ ਲਈ ਹੋ ਰਹੇ ਸਮਾਗਮਾਂ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਮਿਤੀ12/09/2012                                   ਜਾਰੀ ਕਰਤਾ — ਪਾਵੇਲ ਕੁੱਸਾ, ਕਮੇਟੀ ਮੈਂਬਰ।
9417054015

Saturday, 1 September 2012

ਅਮਰੀਕੀ ਸਾਮਰਾਜ ਦੀ ਚਾਕਰੀ


ਅਮਰੀਕੀ ਸਾਮਰਾਜ ਦੀ ਚਾਕਰੀ 'ਚ 
ਜਵਾਨੀ ਦਾ ਲਹੂ ਭੇਂਟ ਕਰਨ ਦੀਆਂ ਤਿਆਰੀਆਂ

ਜਦੋਂ ਸਾਰਾ ਮੁਲਕ ਅੰਗਰੇਜ਼ੀ ਗੁਲਾਮੀ ਦੀ ਪੀੜ ਹੰਢਾ ਰਿਹਾ ਸੀ ਤਾਂ ਉਹਨਾਂ ਸਮਿਆਂ 'ਚ ਅੰਗਰੇਜ਼ੀ ਸਾਮਰਾਜੀਆਂ ਦੇ ਲੋਟੂ ਮਕਸਦਾਂ ਲਈ ਭਾਰਤ ਦੀ ਜਵਾਨੀ ਦਾ ਲਹੂ ਦੂਰ-ਦੁਰਾਡੇ ਮੁਲਕਾਂ ਦੀਆਂ ਧਰਤੀਆਂ 'ਤੇ ਡੁੱਲ•ਦਾ ਸੀ। ਅੰਗਰੇਜ਼ ਜਬਰੀ ਭਰਤੀ ਕਰਕੇ ਸੰਸਾਰ ਜੰਗਾਂ ਦੇ ਸਮੇਂ ਦੁਨੀਆਂ ਦੇ ਮੁਲਕਾਂ 'ਤੇ ਕਬਜ਼ਾ ਕਰਨ ਚੜ•ੇ ਤਾਂ ਸਾਡੇ ਮੁਲਕ ਦੀ ਜਵਾਨੀ ਨੂੰ ਦੁਸ਼ਮਣ ਦੀਆਂ ਗੋਲੀਆਂ ਮੂਹਰੇ ਝੋਕਿਆ। ਭਾਰਤੀ ਫੌਜੀ ਕਈ ਕਈ ਵਰ•ੇ ਵਿਦੇਸ਼ੀ ਧਰਤੀਆਂ 'ਤੇ ਲੜਦੇ ਰਹੇ। 'ਬਸਰੇ ਦੀ ਲਾਮ ਟੁੱਟਜੇ-ਮੈਂ ਰੰਡੀਓਂ ਸੁਹਾਗਣ ਹੋਵਾਂ . . . ' ਦੀਆਂ ਲਾਈਨਾਂ ਸਾਡੀ ਕੌਮ ਦੇ ਏਸੇ ਦਰਦ ਨੂੰ ਬਿਆਨਦੀਆਂ ਹਨ। ਪਰ ਹੁਣ ਤਾਂ ਅਸੀਂ 'ਆਜ਼ਾਦ' ਹਾਂ, 'ਪ੍ਰਭੂਸੱਤਾ ਸੰਪੰਨ ਹਾਂ'। ਅਸੀਂ ਤਾਂ ਆਪਣੀਆਂ ਸਰਹੱਦਾਂ ਦੀ ਹੀ ਰਾਖੀ ਕਰਨੀ ਹੈ, ਵਿਦੇਸ਼ੀ ਧਰਤੀਆਂ 'ਤੇ ਜਾ ਕੇ ਸਾਡੀ ਕੌਮ ਦਾ ਨਿਹੱਕਾ ਖੂਨ ਡੋਲ•ਣ ਵਾਲਾ ਅੰਗਰੇਜ਼ ਤਾਂ ਕਦੋਂ ਦਾ ਕੱਢਿਆ ਜਾ ਚੁੱਕਾ ਹੈ।
ਪਰ ਸਾਡੀ 'ਆਜ਼ਾਦੀ' ਨੂੰ ਏਨੇ ਵਰ•ੇ ਬੀਤ ਜਾਣ ਬਾਅਦ ਫ਼ਰਕ ਇਹ ਪਿਆ ਹੈ ਕਿ ਹੁਣ ਬਸਰਾ ਨਹੀਂ ਤਾਂ ਬਗਦਾਦ ਜਾਂ ਕਾਬਲ ਹੋ ਸਕਦਾ ਹੈ। ਅੰਗਰੇਜ਼ ਨਹੀਂ ਤਾਂ ਅਮਰੀਕੀ ਸਾਮਰਾਜੀਏ ਹੋ ਸਕਦੇ ਹਨ, ਮੁਲਕ ਦੀ ਜਵਾਨੀ ਨੂੰ ਉਥੇ ਭੇਜਣ ਵਾਲੇ ਸਾਮਰਾਜੀ ਮਾਲਕਾਂ ਦੇ ਸੇਵਾਦਾਰ ਭਾਰਤੀ ਹੋ ਸਕਦੇ ਹਨ। ਭਾਰਤ-ਅਮਰੀਕਾ ਦੀ ਵਧ ਰਹੀ ਦੋਸਤੀ ਦੀਆਂ ਖਬਰਾਂ ਇਹੀ ਕਹਿ ਰਹੀਆਂ ਹਨ ਕਿ ਭਾਰਤੀ ਹਾਕਮ ਆਪਣੇ ਅਮਰੀਕੀ ਪ੍ਰਭੂਆਂ ਦੀ ਸੇਵਾ 'ਚ ਮੁਲਕ ਦੀ ਜਵਾਨੀ ਦਾ ਲਹੂ ਭੇਂਟ ਕਰਨ ਦੇ ਇਰਾਦੇ ਰੱਖਦੇ ਹਨ। ਪਿਛਲੇ ਮਹੀਨੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਰੱਖਿਆ ਮੰਤਰੀ ਏ.ਕੇ. ਐਂਟਨੀ ਦੀਆਂ ਅਮਰੀਕੀ ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾਂ ਅਜਿਹੀ ਹੀ ਚਰਚਾ ਛੇੜ ਰਹੀਆਂ ਹਨ। ਅਮਰੀਕੀ ਰੱਖਿਆ ਸਕੱਤਰ ਲਿਉਨ ਪਨੇਟਾ ਨੇ ਕਿਹਾ ਹੈ ਕਿ ਭਾਰਤ ਨੂੰ ਅਫ਼ਗਾਨਿਸਤਾਨ 'ਚ ਸ਼ਾਂਤੀ ਬਹਾਲੀ ਦੇ ਕੰਮ 'ਚ ਆਪਣੀ ਸ਼ਮੂਲੀਅਤ ਵਧਾਉਣੀ ਚਾਹੀਦੀ ਹੈ ਕਿਉਂਕਿ 2014 'ਚ ਅਮਰੀਕਾ ਨੇ ਮੁੱਖ ਤੌਰ 'ਤੇ ਅਫਗਾਨਿਸਤਾਨ 'ਚੋਂ ਆਪਣੀਆਂ ਫੌਜਾਂ ਵਾਪਸ ਬੁਲਾਉਣੀਆਂ ਹਨ। ਜੀਹਦਾ ਭਾਵ ਸਪੱਸ਼ਟ ਹੈ ਕਿ ਹੁਣ ਜੋ ਕੰਮ ਅਮਰੀਕੀ ਫੌਜੀ ਅਫਗਾਨਿਸਤਾਨ 'ਚ ਕਰ ਰਹੇ ਹਨ ਉਹ ਕੰਮ ਭਾਰਤੀ ਫੌਜ ਸਾਂਭਣ ਲਈ ਤਿਆਰ ਰਹੇ।
ਅਮਰੀਕਾ ਨੇ ਦੁਨੀਆਂ ਭਰ 'ਚ ਆਪਣੇ ਲੋਟੂ ਮਕਸਦਾਂ ਦੀ ਪੂਰਤੀ ਲਈ ਤਬਾਹੀ ਮਚਾਈ ਹੋਈ ਹੈ। ਦੁਨੀਆਂ ਦੇ ਤੇਲ ਸੋਮਿਆਂ 'ਤੇ ਕਬਜ਼ੇ ਕਰਨ, ਉਹਦੀ ਢੋਆ-ਢੁਆਈ ਲਈ ਲਾਂਘੇ ਬਣਾਉਣ ਖਾਤਰ ਹੀ ਉਹਨੇ ਪਹਿਲਾਂ ਇਰਾਕ ਨੂੰ ਤਬਾਹ ਕਰਕੇ ਉਥੇ ਕਬਜ਼ਾ ਕੀਤਾ ਹੈ। 2001 'ਚ ਅਫ਼ਗਾਨਿਸਤਾਨ 'ਤੇ ਹਮਲਾ ਕਰਕੇ ਉੱਥੇ ਵੀ ਕਠਪੁਤਲੀ ਹਕੂਮਤ ਕਾਇਮ ਕੀਤੀ ਹੈ ਪਰ ਅਫ਼ਗਾਨਿਸਤਾਨ ਦੇ ਲੋਕਾਂ ਨੇ ਅਮਰੀਕੀ ਅਧੀਨਗੀ ਕਬੂਲ ਨਹੀਂ ਕੀਤੀ ਤੇ ਪਿਛਲੇ 11 ਵਰਿ•ਆਂ ਤੋਂ ਹੀ ਉੱਥੇ ਟਾਕਰਾ ਜਾਰੀ ਹੈ। ਅਮਰੀਕੀ ਸੈਨਿਕ ਲਗਾਤਾਰ ਮਰ ਰਹੇ ਹਨ। ਅਮਰੀਕਾ ਦੇ ਸਹਿਯੋਗੀ ਨਾਟੋ ਮੁਲਕਾਂ ਦੇ ਫੌਜੀਆਂ ਦੀਆਂ ਮੌਤਾਂ ਦੀ ਗਿਣਤੀ ਵੀ ਵਧ ਰਹੀ ਹੈ। ਇਹਨਾਂ ਮੁਲਕਾਂ 'ਚ ਪਹੁੰਚਦੀਆਂ ਲਾਸ਼ਾਂ ਉੱਥੇ ਤਿੱਖੇ ਵਿਰੋਧ ਨੂੰ ਜਨਮ ਦੇ ਰਹੀਆਂ ਹਨ। ਸਾਮਰਾਜੀ ਮੁਲਕਾਂ ਨੂੰ ਆਪਣੇ ਦੇਸ਼ ਅੰਦਰੋਂ ਹੀ ਵਿਰੋਧ ਦਾ ਸਾਹਮਣਾ ਕਰਨਾ ਵਾਰਾ ਨਹੀਂ ਖਾ ਰਿਹਾ। ਏਸੇ ਲਈ ਹੁਣ ਫੌਜਾਂ ਵਾਪਸ ਬੁਲਾਉਣ ਦੀਆਂ ਗੱਲਾਂ ਹੋ ਰਹੀਆਂ ਹਨ। ਇਹਨਾਂ ਜੰਗਾਂ 'ਤੇ ਹੋ ਰਹੇ ਖਰਚਿਆਂ ਨੇ ਵੀ ਅਮਰੀਕਾ ਅਤੇ ਨਾਟੋ ਮੁਲਕਾਂ ਦਾ ਦਵਾਲਾ ਕੱਢਣਾ ਸ਼ੁਰੂ ਕਰ ਦਿੱਤਾ ਹੈ। ਲੋਕ ਸਹੂਲਤਾਂ 'ਤੇ ਕੱਟ ਲਾ ਕੇ ਜੰਗਾਂ 'ਤੇ ਰੋੜ•ੇ ਜਾ ਰਹੇ ਪੈਸੇ ਅਤੇ ਆਪਣੇ ਲੋਕਾਂ ਦੀਆਂ ਜਾਨਾਂ ਦੀ ਅਹੂਤੀ ਨੇ ਇਹਨਾਂ ਸਾਮਰਾਜੀ ਹਾਕਮਾਂ ਨੂੰ ਹੁਣ ਹੋਰ ਜੰਗੀ ਖਰਚੇ ਕਰਨ ਤੋਂ ਪਹਿਲਾਂ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਪਰ ਅਫ਼ਗਾਨਿਸਤਾਨ ਤੇ ਹੋਰਨਾਂ ਮੁਲਕਾਂ 'ਤੇ ਕਬਜ਼ਾ ਰੱਖਣਾ ਜ਼ਰੂਰੀ ਹੈ। ਇਹਦੇ ਲਈ ਹੁਣ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਦੀ ਵਰਤੋਂ ਕੀਤੀ ਜਾਣੀ ਹੈ।
ਭਾਰਤੀ ਹਾਕਮ ਆਪਣੇ ਆਂਢ-ਗੁਆਂਢ ਦੇ ਮੁਲਕਾਂ 'ਤੇ ਥਾਣੇਦਾਰੀ ਕਰਨ ਦੀ ਲਾਲਸਾ ਰੱਖਦੇ ਹਨ, ਦੱਖਣੀ ਏਸ਼ੀਆ ਖਿੱਤੇ 'ਚ ਇੱਕ ਵੱਡੀ ਫੌਜੀ ਤਾਕਤ ਵਜੋਂ ਉੱਭਰਨਾ ਚਾਹੁੰਦੇ ਹਨ। ਅਜਿਹਾ ਉਹ ਅਮਰੀਕੀ ਸਰਪ੍ਰਸਤੀ ਹੇਠ ਹੀ ਕਰ ਸਕਦੇ ਹਨ। ਇਹਨਾਂ ਲਾਲਸਾਵਾਂ ਦੀ ਪੂਰਤੀ ਲਈ ਦਿਨੋਂ ਦਿਨ ਅਮਰੀਕੀ ਸਾਮਰਾਜੀਆਂ ਦੀ ਅਧੀਨਗੀ ਸਵੀਕਾਰ ਕਰ ਰਹੇ ਹਨ। ਏਸ ਖੇਤਰ 'ਚ ਅਮਰੀਕੀਆਂ ਦੀ ਫੌਜੀ ਚੌਂਕੀ ਵਜੋਂ ਆਪਣੇ ਆਪ ਨੂੰ ਪੇਸ਼ ਕਰ ਰਹੇ ਹਨ। ਇਸ ਅਧੀਨਗੀ ਦੇ ਰਿਸ਼ਤੇ ਨੂੰ ਅਮਰੀਕਾ-ਭਾਰਤ ਦੋਸਤੀ ਦੇ ਨਾਂ ਥੱਲੇ ਪ੍ਰਚਾਰਿਆ ਜਾ ਰਿਹਾ ਹੈ। ਅਮਰੀਕੀ ਸਾਮਰਾਜੀ ਲੋੜਾਂ ਭਾਰਤੀ ਫੌਜ ਤੋਂ ਉਹ ਸਾਰੇ ਕੰਮ ਲੈਣ ਦੀ ਮੰਗ ਕਰਦੀਆਂ ਹਨ ਜਿਹੜੇ ਅਮਰੀਕਾ ਨੂੰ ਭਾਰੀ ਖਰਚੇ ਕਰਕੇ, ਆਪਣੇ ਮੁਲਕ ਤੋਂ ਫੌਜਾਂ ਭੇਜ ਕੇ ਕਰਨੇ ਪੈਂਦੇ ਹਨ। ਇਸ ਲਈ ਹੁਣ ਭਾਰਤ ਤੇ ਅਮਰੀਕਾ ਦੀਆਂ ਸਾਂਝੀਆਂ ਫੌਜੀ ਮਸ਼ਕਾਂ ਕੀਤੀਆਂ ਜਾ ਰਹੀਆਂ ਹਨ। ਦੁਨੀਆਂ ਦੇ ਹੋਰ ਕਿਸੇ ਵੀ ਮੁਲਕ ਨੇ ਅਮਰੀਕਾ ਨਾਲ ਏਨੀਆਂ ਫੌਜੀ ਮਸ਼ਕਾਂ ਨਹੀਂ ਕੀਤੀਆਂ ਜਿੰਨੀਆਂ ਭਾਰਤ ਨੇ ਕੀਤੀਆਂ ਹਨ। ਦੋਹੇਂ ਮੁਲਕ ਹੁਣ ਤੱਕ 50 ਸਾਂਝੀਆਂ ਮਸ਼ਕਾਂ ਕਰ ਚੁੱਕੇ ਹਨ।
ਅਮਰੀਕੀ ਹਾਕਮ ਇੱਕ ਪਾਸੇ ਇਰਾਨ ਤੇ ਹਮਲੇ ਦੀ ਤਿਆਰੀ ਕਰ ਰਹੇ ਹਨ ਤੇ ਨਾਲ ਹੀ ਚੀਨ ਨੂੰ ਲੰਮੇ ਦਾਅ ਦੀ ਯੋਜਨਾ ਅਨੁਸਾਰ ਘੇਰਨ ਦੀਆਂ ਤਿਆਰੀਆਂ ਵੱਟ ਰਹੇ ਹਨ। ਅਜਿਹੀਆਂ ਸਭਨਾਂ ਜੰਗੀ ਕਾਰਵਾਈਆਂ 'ਚ ਭਾਰਤੀ ਫੌਜ ਨੂੰ ਝੋਕਣਾ ਚਾਹੁੰਦੇ ਹਨ। ਭਾਰਤ ਦੀ ਧਰਤੀ 'ਤੇ ਸਮੁੰਦਰੀ ਖੇਤਰਾਂ ਦੀ ਖੁੱਲ•ੇਆਮ ਵਰਤੋਂ ਕਰਨਾ ਚਾਹੁੰਦੇ ਹਨ। ਹੁਣ ਅਫ਼ਗਾਨਿਸਤਾਨ 'ਚ ਫੌਜਾਂ ਭੇਜ ਕੇ ਉਹ ਅਜਿਹੇ ਹੀ ਲੰਮੇ ਅਮਲ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਨ।
ਅਮਰੀਕੀ ਜੰਗ ਨਿਹੱਕੀ ਜੰਗ ਹੈ ਜੀਹਨੇ ਅਫਗਾਨਿਸਤਾਨ 'ਚ ਲੱਖਾਂ ਲੋਕਾਂ ਨੂੰ ਮਾਰਿਆ ਹੈ, ਉਜਾੜਿਆ ਹੈ। ਭਾਰਤੀ ਹਾਕਮ ਹੁਣ ਤੱਕ ਅਮਰੀਕੀ ਜੰਗੀ ਕੁਕਰਮਾਂ 'ਚ ਹੱਥ ਵਟਾਉਂਦੇ ਆ ਰਹੇ ਹਨ, ਅਫ਼ਗਾਨਿਸਤਾਨ ਦੇ ਲੋਕਾਂ ਦੀ ਤਬਾਹੀ ਲਈ ਅਮਰੀਕੀਆਂ ਦਾ ਸਾਥ ਨਿਭਾਉਣ ਦੇ ਦੋਸ਼ੀ ਹਨ। ਭਾਰਤੀ ਫੌਜ ਹੁਣ ਤੱਕ ਵਿਦੇਸ਼ੀ ਫੌਜਾਂ ਦੀ ਸੇਵਾ ਕਰਨ ਦਾ ਕੰਮ ਕਰਦੀ ਆ ਰਹੀ ਹੈ। ਸਿੱਧੀ ਲੜਾਈ ਤੋਂ ਬਿਨਾਂ ਫੌਜੀਆਂ ਨੂੰ ਰਾਸ਼ਨ ਪਹੁੰਚਾਉਣ ਅਤੇ ਸੜਕਾਂ ਬਣਾਉਣ ਵਰਗੀਆਂ ਦੋਮ ਦਰਜ਼ੇ ਦੀਆਂ ਫੌਜੀ ਜੁੰਮੇਵਾਰੀਆਂ ਓਟਦੀ ਆ ਰਹੀ ਹੈ। ਹੁਣ ਭਾਰਤੀ ਫੌਜੀਆਂ ਨੂੰ ਸਿੱਧੇ ਗੋਲੀਆਂ ਮੂਹਰੇ ਖੜ•ੇ ਕਰਨ ਦੀ ਵਿਉਂਤ ਘੜੀ ਜਾ ਰਹੀ ਹੈ। ਅਫ਼ਗਾਨੀ ਲੋਕ ਸ਼ਾਨਦਾਰ ਟਾਕਰਾ ਕਰ ਰਹੇ ਹਨ। ਵਿਦੇਸ਼ੀ ਧਾੜਵੀਆਂ 'ਤੇ ਲਗਾਤਾਰ ਹਮਲੇ ਕਰ ਰਹੇ ਹਨ। ਉਥੇ ਗਏ ਭਾਰਤੀ ਫੌਜੀਆਂ ਨੇ ਇਹਨਾਂ ਹਮਲਿਆਂ ਦਾ ਨਿਸ਼ਾਨਾ ਬਣਨਾ ਹੈ, ਸਾਡੀ ਜਵਾਨੀ ਦਾ ਲਹੂ ਸਾਮਰਾਜੀ ਕੁਕਰਮਾਂ ਲਈ ਵਹਾਇਆ ਜਾਣਾ ਹੈ।
ਸਾਡੇ ਮੁਲਕ 'ਚ ਨੌਜਵਾਨਾਂ ਨੂੰ ਭਾਰੀ ਬੇ-ਰੁਜ਼ਗਾਰੀ ਦਾ ਸਾਹਮਣਾ ਹੈ। ਬੇ-ਰੁਜ਼ਗਾਰ ਜਵਾਨੀ ਢਿੱਡ ਨੂੰ ਝੁਲਕਾ ਦੇਣ ਲਈ ਗੋਲੀਆਂ ਮੂਹਰੇ ਵੀ ਹਿੱਕਾਂ ਡਾਹੁਣ ਲਈ ਮਜ਼ਬੂਰ ਹੁੰਦੀ ਹੈ। ਹਾਕਮ ਏਸ ਮਜ਼ਬੂਰੀ ਦਾ ਫਾਇਦਾ ਉਠਾਉਂਦੇ ਹਨ। ਸਾਮਰਾਜੀ ਹਿੱਤਾਂ ਅਤੇ ਆਪਣੀਆਂ ਲਾਲਸਾਵਾਂ ਦੀ ਪੂਰਤੀ ਲਈ ਸਾਡੇ ਨੌਜਵਾਨਾਂ ਨੂੰ ਅੱਗ 'ਚ ਝੋਕਣਾ ਚਾਹੁੰਦੇ ਹਨ। ਇਹ ਸ਼ਰੇਆਮ ਆਪਣੇ ਲੋਕਾਂ ਨਾਲ ਗੱਦਾਰੀ ਹੈ, ਕੌਮ ਧ੍ਰੋਹ ਹੈ, ਸਾਮਰਾਜੀ ਚਾਕਰੀ ਹੈ।
ਆਓ, ਹਾਕਮਾਂ ਦੇ ਕੌਮ ਧ੍ਰੋਹੀ ਮਨਸੂਬਿਆਂ ਨੂੰ ਪਛਾਣੀਏ। ਇਹਨਾਂ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰੀਏ। ਵਿਦੇਸ਼ੀ ਧਾੜਵੀਆਂ ਦੀ ਸੇਵਾ 'ਚ ਆਪਣੇ ਮੁਲਕ ਦੀ ਜਵਾਨੀ ਦਾ ਲਹੂ ਭੇਂਟ ਕਰਨ ਤੋਂ ਇਨਕਾਰ ਕਰੀਏ। ਅਮਰੀਕੀ ਸਾਮਰਾਜੀਆਂ ਦੀ ਨਿਹੱਕੀ ਜੰਗ ਦਾ ਵਿਰੋਧ ਕਰੀਏ। ਅਫਗਾਨਿਸਤਾਨ ਦੇ ਲੋਕਾਂ ਦੇ ਕੌਮੀ ਟਾਕਰੇ ਦੀ ਡਟਵੀਂ ਹਮਾਇਤ ਕਰੀਏ।

ਵਧ ਰਿਹਾ ਭਾਰਤ ਅਮਰੀਕਾ ਫੌਜੀ ਸਹਿਯੋਗ

ਭਾਰਤ ਸਾਮਰਾਜੀ ਮੁਲਕਾਂ ਲਈ ਹਥਿਆਰ ਵੇਚਣ ਦੀ ਮੰਡੀ ਹੈ। ਵੱਡੀ ਫੌਜੀ ਤਾਕਤ ਵਜੋਂ ਉਭਰਨ ਦੀਆਂ ਭਾਰਤੀ ਹਾਕਮਾਂ ਦੀਆਂ ਲਾਲਸਾਵਾਂ ਤਹਿਤ ਅਰਬਾਂ-ਖਰਬਾਂ ਰੁਪਏ ਫੌਜੀ ਸਾਜੋ ਸਮਾਨ 'ਤੇ ਖਰਚੇ ਜਾ ਰਹੇ ਹਨ। ਸਾਮਰਾਜੀ ਮੁਲਕਾਂ ਅਤੇ ਹਥਿਆਰ ਕੰਪਨੀਆਂ ਦਰਮਿਆਨ ਭਾਰਤ ਨੂੰ ਜੰਗੀ ਸਾਜੋ ਸਮਾਨ ਵੇਚਣ ਦੀ ਦੌੜ ਲੱਗੀ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਫਰਾਂਸ ਦੀ ਡਸਾਲਟ ਕੰਪਨੀ ਤੋਂ 50 ਹਜ਼ਾਰ ਕਰੋੜ ਰੁਪਏ ਦੇ ਜੰਗੀ ਜਹਾਜ਼ ਖਰੀਦਣ ਦੇ ਸੌਦੇ ਤੋਂ ਅਮਰੀਕੀ ਸਾਮਰਾਜੀਆਂ ਨੂੰ ਭਾਰੀ ਨਿਰਾਸ਼ਾ ਹੋਈ ਸੀ। ਹੁਣ ਅਮਰੀਕੀ ਹਾਕਮਾਂ ਦਾ ਕਹਿਣਾ ਹੈ ਕਿ ਇਹ ਵਰ•ਾ ਭਾਰਤੀਆਂ ਤੋਂ ਨਵੇਂ ਰੱਖਿਆ ਸੌਦੇ ਜਿੱਤਣ ਦਾ ਹੋਵੇਗਾ। ਅਮਰੀਕਾ ਦੀ ਸ਼ਾਂਤੀ ਸੰਸਥਾ 'ਚ ਬੋਲਦਿਆਂ ਅਮਰੀਕੀ ਰੱਖਿਆ ਸਕੱਤਰ ਲਿਓਨ ਪਨੇਟਾ ਨੇ ਕਿਹਾ ਕਿ ਅਸੀਂ ਆਪਣੇ ਰੱਖਿਆ ਸਮਾਨ ਬਾਹਰ ਭੇਜਣ ਦੇ ਪ੍ਰਬੰਧ 'ਚ ਮਹੱਤਵਪੂਰਣ ਤਬਦੀਲੀਆਂ ਕਰਾਂਗੇ ਜੀਹਦਾ ਭਾਰਤ ਨੂੰ ਕਾਫ਼ੀ ਫ਼ਾਇਦਾ ਹੋਵੇਗਾ। ਉਹਨੇ ਕਿਹਾ ਕਿ ਲੰਘੀ ਜੂਨ ਦੇ ਭਾਰਤ ਦੌਰੇ ਦੌਰਾਨ ਉਹ ਇਹ ਅਹਿਮ ਐਲਾਨ ਕਰਕੇ ਆਇਆ ਹੈ ਕਿ ਰੱਖਿਆ ਵਪਾਰ ਦੀ ਕਾਮਯਾਬੀ ਲਈ ਦੋਹਾਂ ਮੁਲਕਾਂ ਦੇ ਸਬੰਧਤ ਰੱਖਿਆ ਅਧਿਕਾਰੀਆਂ ਦਾ ਬੇਹਤਰ ਰਾਬਤਾ ਕਾਇਮ ਕੀਤਾ ਜਾਵੇਗਾ। ਅਮਰੀਕੀ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਅਮਰੀਕਾ ਤੋਂ ਹਥਿਆਰ ਖਰੀਦਣਾ ਸਿਰਫ਼ ਸੌਦਾ ਹੀ ਨਹੀਂ ਹੋਵੇਗਾ ਸਗੋਂ ਇਹ ਅਮਰੀਕਾ ਨਾਲ ਫੌਜੀ ਰਿਸ਼ਤੇ ਦਾ ਵਧਾਰਾ ਵੀ ਹੋਵੇਗਾ।
(30 ਜੂਨ, 'ਦ ਹਿੰਦੂ' ਦੇ ਹਵਾਲੇ ਨਾਲ)
ਭਾਰਤ ਤੇ ਅਮਰੀਕਾ ਲਗਾਤਾਰ ਫੌਜੀ ਸਬੰਧ ਵਧਾ ਰਹੇ ਹਨ ਭਾਵ ਭਾਰਤ ਨੂੰ ਲਗਾਤਾਰ ਅਮਰੀਕੀ ਜੰਗੀ ਮਨਸੂਬਿਆਂ ਨਾਲ ਨੱਥੀ ਕੀਤਾ ਜਾ ਰਿਹਾ ਹੈ। ਭਾਰਤ ਨੇ ਅਰਬਾਂ ਖਰਬਾਂ ਦੇ ਹਥਿਆਰ ਵੀ ਅਮਰੀਕਾ ਤੋਂ ਖਰੀਦਣੇ ਹਨ ਤੇ ਵਰਤਣੇ ਵੀ ਵਿਦੇਸ਼ੀ ਧਰਤੀਆਂ 'ਤੇ ਅਮਰੀਕੀ ਸੇਵਾ ਲਈ ਹਨ। ਸਾਮਰਾਜੀਆਂ ਪ੍ਰਤੀ ਵਫ਼ਾਦਾਰੀ ਨਿਭਾਉਣ ਦਾ ਹੋਰ ਉੱਚਤਮ ਨਮੂਨਾ ਕੀ ਹੋ ਸਕਦਾ ਹੈ! ਇਹ ਵਫ਼ਾਦਾਰੀ ਭਾਰਤੀ ਲੋਕਾਂ ਨੂੰ ਬਹੁਤ ਮਹਿੰਗੀ ਪੈ ਰਹੀ ਹੈ। ਇੱਕ ਪਾਸੇ ਲੋਕਾਂ ਦੀਆਂ ਸੇਵਾਵਾਂ ਲਈ ਬੱਜਟਾਂ 'ਚ ਲਗਾਤਾਰ ਕਟੌਤੀ ਹੋ ਰਹੀ ਹੈ, ਸਰਕਾਰ ਆਏ ਵਾਰ ਖਜ਼ਾਨਾ ਖਾਲੀ ਹੋਣ ਦਾ ਰਾਗ ਅਲਾਪ ਰਹੀ ਹੈ ਤੇ ਦੂਜੇ ਪਾਸੇ ਮਾਰੂ ਹਥਿਆਰ ਖ੍ਰੀਦਣ 'ਤੇ ਅਰਬਾਂ ਰੁਪਏ ਵਹਾਏ ਜਾਂਦੇ ਹਨ। ਮਹਿੰਗੀ ਕੀਮਤ ਤਾਰ ਕੇ ਖਰੀਦੇ ਇਹਨਾਂ ਹਥਿਆਰਾਂ ਨਾਲ ਹਾਕਮਾਂ ਨੇ ਗੁਆਂਢੀ ਮੁਲਕਾਂ ਨਾਲ ਵੀ ਦੁਸ਼ਮਣੀ ਖਰੀਦਣੀ ਹੈ, ਜੰਗਾਂ ਲਾਉਣੀਆਂ ਹਨ। ਇਹਦੀ ਸਾਡੀ ਕੌਮ ਨੂੰ ਹੋਰ ਵੀ ਵੱਡੀ ਕੀਮਤ 'ਤਾਰਨੀ ਪੈਣੀ ਹੈ।