Friday, 12 August 2011

Hamidi (Barnala)

Thousands Paid Tribute to the Peasant Martyr

Vowed to Fight to the End

            Thousands of farmers, along with the large number of women, today, attended the bhog ceremony of the Peasent Martyr Surjit Singh Hamidi. The leaders of the 17 Peasants and Land Labour organizations, which led the Aug. 2 land struggle at Gobindpura (Mansa) village, declared him the first martyr of the Gobindpura Land Struggle and asked the attendants to be ready for further sacrifices. Massive gathering of people paid revolutionary tribute to the Martyr and raised the slogans ‘‘Shaheeda teri soch te, pehra diange thok k.” and “Surjit Singh Hamidi amar rahe.”
 By adopting a resolution, todays gathering demanded the abolishment of the Land Acquisition Act of 1894 and all the subsequent acts of land acquisition; the resolution also refuted the new Land Acquisiton Bill as old wine in the new bottle. The leaders warned that the ongoing policy of acquiring the fertile land would endanger the country’s food security, which will inturn lead to the London-like anarchic situation. Farmers and Land Labour organizations demanded the annulment of the notification of 171 acres of land (cheques against which have not been accepted) at Gobindpura, permanent jobs and compensation of 5 hundred thousand each for the land labourers (as they have lost their only source of livelihood as a result of the land acquisition), compensation of 50,000 and treatment expenses each for the injured, compensation for the damage done to the vehicles by the Police, registration of police case under section 302 and 307 against the policemen accused of killing and brutally assaulting the protesting farmers.
            Large number of farmers and women from the Gobindpura village itself were also present. Those farmers from Gobindpura were also there who were, earlier, deceitfully made to accept the compensation for their lands by the government; these farmers expressed their wish to return the cheques and get back the lands. In the end, leaders announced to start the permanent sit–in at the district headquarters of Mansa, Jalandhar and Amritsar from August 22nd. They called it a 'nabera karu dharna' (the final battle). A group of vehicles then left, amidst resounding revolutionary slogans, to Hussainiwala to immerse the ashes of the martyr in river Satluj.


Some Glimpses


- Two minutes of silence were observed by the entire gathering to pay homage to
   Surjit Singh Hamidi.
- A calendar of Martyr Surjit Singh Hamidi was released and handed over to
   martyr’s family as a symbol of respect.
- A cheque of Rs 5 Lakh, a compensation won over from the government, was also
  handed over to the martyr’s family.
- Food and water served (Langar) throught out the ceremony was still abundant in
  the end.
- All the flags of the 17 leading organizations were tied together to a pole symbolizing
  the unity of the organizations.
- The makeshift shelter was decorated with Martyr's calenders and flexes, and it was
  so large and so full of people that it was almost impossible to capture the
  other end with a 7.1 mp camera.















Monday, 8 August 2011

ਸ਼ਰਾਬ ਦੇ ਠੇਕਿਆਂ 'ਤੇ ਲੋਕ-ਵਿਰੋਧ

ਸ਼ਰਾਬ ਦੇ ਠੇਕਿਆਂ 'ਤੇ ਲੋਕ-ਵਿਰੋਧ     
ਹਕੂਮਤੀ ਰਵੱਈਏ ਪਿਛਲੀ ਨੀਤ ਪਛਾਣੋ

ਪੰਜਾਬ ਦੇ ਲੋਕ ਪਿਛਲੇ ਲੰਮੇ ਅਰਸੇ ਤੋਂ ਸ਼ਰਾਬ ਅਤੇ ਹੋਰਨਾਂ ਕਾਨੂੰਨੀ, ਗੈਰ-ਕਾਨੂੰਨੀ ਨਸ਼ਿਆਂ ਦੀ ਬੇਮੁਹਾਰ  ਸਮੱਸਿਆ ਨਾਲ ਜੂਝ ਰਹੇ ਹਨ। ਨੌਜਵਾਨਾਂ ਤੋਂ ਲੈ ਕੇ ਹਰ ਉਮਰ ਵਰਗ ਦੇ ਲੋਕ ਇਸ ਬਿਮਾਰੀ ਦਾ ਸ਼ਿਕਾਰ ਹਨ ਤੇ ਅਜਿਹੇ ਰੋਗੀਆਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ। ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ 'ਚ ਸ਼ਰਾਬ ਤੋਂ ਲੈ ਕੇ ਹਰ ਤਰ੍ਹਾਂ ਦੇ ਕਾਨੂੰਨੀ, ਗੈਰ-ਕਾਨੂੰਨੀ ਨਸ਼ਿਆਂ ਦਾ ਦਰਿਆ ਬੇਰੋਕ ਵਗ ਰਿਹਾ ਹੈ। ਅੰਗਰੇਜ਼ੀ-ਦੇਸੀ ਸ਼ਰਾਬ, ਮੈਡੀਕਲ ਨਸ਼ੇ, ਅਫ਼ੀਮ, ਭੁੱਕੀ, ਪੋਸਤ, ਸਮੈਕ ਆਦਿ ਹਰ ਵੰਨਗੀ ਦੇ ਨਸ਼ੇ ਲੋਕਾਂ ਨੂੰ ਬੇਰੋਕ ਵਰਤਾਏ ਜਾ ਰਹੇ ਹਨ। ਨਸ਼ਿਆਂ ਕਰਕੇ ਘਰਾਂ 'ਚ ਤਣਾਅ, ਲੜਾਈ ਝਗੜੇ ਅਤੇ ਕੁੱਟ ਕੁਟਾਪੇ ਦਾ ਮਾਹੌਲ ਹੋਣਾ, ਪਰਿਵਾਰਾਂ ਦਾ ਟੁੱਟਣਾ ਅਤੇ ਆਰਥਿਕ ਪੱਖੋਂ ਖੁੰਘਲ ਹੋਣਾ ਸਾਡੇ ਸਮਾਜ ਦਾ ਆਮ ਵਰਤਾਰਾ ਬਣ ਚੁੱਕਿਆ ਹੈ। ਨਵੀਆਂ ਆਰਥਿਕ ਨੀਤੀਆਂ ਦੇ ਹੂੰਝਾ ਫੇਰੂ ਹੱਲੇ ਦੀ ਮਾਰ ਹੇਠ ਆਏ ਲੋਕ ਪਹਿਲਾਂ ਹੀ ਗ਼ਰੀਬੀ, ਮੰਦਹਾਲੀ, ਬੇ-ਰੁਜ਼ਗਾਰੀ, ਮਹਿੰਗਾਈ, ਕਰਜ਼ੇ, ਖੁਦਕੁਸ਼ੀਆਂ ਆਦਿ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੀ ਹਾਲਤ 'ਚ ਨਸ਼ਿਆਂ ਦੇ ਧੰਦੇ 'ਚ ਬੇਲਗਾਮ ਵਾਧਾ ਆਰਥਿਕ-ਸਮਾਜਿਕ ਸਮੱਸਿਆਵਾਂ 'ਚ ਘਿਰੇ ਲੋਕਾਂ ਦੇ ਇੱਕ ਹਿੱਸੇ ਨੂੰ ਆਵਦੇ ਵੱਲ ਖਿੱਚਦਾ ਹੈ ਅਤੇ ਉਹਨਾਂ ਦੇ ਗਰਕ ਜਾਣ ਦਾ ਰਾਹ ਖੋਲਦਾ ਹੈ। ਇਉਂ ਸਮਾਜਿਕ-ਆਰਥਿਕ ਹਾਲਤ ਨਾਲ ਜੁੜ ਕੇ ਨਸ਼ਿਆਂ ਦੀ ਸਮੱਸਿਆ ਹੋਰ ਵੀ ਗੰਭੀਰ ਅਤੇ ਵਿਆਪਕ ਰੂਪ ਅਖ਼ਤਿਆਰ ਕਰ ਰਹੀ ਹੈ।
ਅਜਿਹੇ ਮੌਕੇ ਸੱਤਾ ਦੀ ਕੁਰਸੀ 'ਤੇ ਬੈਠੇ ਜਾਂ ਬੈਠਣ ਦੀਆਂ ਰੀਝਾਂ ਪਾਲਣ ਵਾਲੇ ਰੰਗ-ਬਰੰਗੇ ਹਕੂਮਤੀ ਲਾਣੇ ਪੰਜਾਬ ਨੂੰ ਨਸ਼ਾ ਰਹਿਤ ਕਰਨ ਦੀਆਂ ਡੀਂਗਾਂ ਮਾਰ ਰਹੇ ਹਨ। ਕਦੇ ਨਸ਼ਾ ਛੁਡਾਊ ਕੇਂਦਰਾਂ ਦਾ ਉਦਘਾਟਨ ਕਰਦੇ ਹਨ, ਕਦੇ ਨਸ਼ਾ ਛੁਡਾਊ ਕੈਂਪ ਲਾਉਣ ਦੇ ਖੇਖਣ ਕਰਦੇ ਹਨ, ਕਦੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਦਾ ਪਖੰਡ ਰਚਦੇ ਹਨ ਤੇ ਕਦੇ ਖੇਡ ਮੇਲਿਆਂ 'ਤੇ ਨੌਜੁਆਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀਆਂ ਮੱਤਾਂ ਦਿੰਦੇ ਹਨ। ਪਰ ਸੱਚ ਇਹ ਹੈ ਕਿ ਪੰਜਾਬ 'ਚ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਲਈ ਸਭ ਤੋਂ ਵੱਡੇ ਦੋਸ਼ੀ ਇਹ ਹਾਕਮ ਧੜੇ ਆਪ ਹੀ ਹਨ। ਪੰਜਾਬ ਅੰਦਰ ਨਸ਼ਿਆਂ ਦੇ ਕਾਰੋਬਾਰ 'ਚ ਬੇਥਾਹ ਅਤੇ ਬੇਰੋਕ ਵਾਧਾ ਹੋਇਆ ਹੈ ਤੇ ਇਹ ਧੰਦਾ ਸਾਡੇ ਹਾਕਮਾਂ ਲਈ ਅਰਬਾਂ ਰੁਪਏ ਦੇ ਮੁਨਾਫ਼ੇ ਕਮਾਉਣ ਦਾ ਸਾਧਨ ਬਣਿਆ ਹੋਇਆ ਹੈ। ਪੁਲਸ ਅਧਿਕਾਰੀਆਂ ਤੋਂ ਲੈ ਕੇ ਵੱਡੀਆਂ ਸਿਆਸੀ ਸਖਸ਼ੀਅਤਾਂ ਨਸ਼ਿਆਂ ਦੇ ਇਸ ਮੁਨਾਫ਼ਾਬਖਸ਼ ਧੰਦੇ 'ਚ ਗ਼ਲਤਾਨ ਹਨ। ਸਮੇਂ ਦਰ ਸਮੇਂ ਇਸ ਬਾਰੇ ਚਰਚਾ ਛਿੜਦੀ ਰਹਿੰਦੀ ਹੈ। ਪਿਛਲੇ ਦਿਨੀਂ ਪੰਜਾਬ ਭਰ 'ਚ ਚੱਲੇ ਸ਼ਰਾਬ ਦੇ ਠੇਕਿਆਂ ਦੇ ਮਸਲੇ ਨੇ ਇੱਕ ਵਾਰ ਫੇਰ ਇਸ ਸੱਚ ਨੂੰ ਨੰਗਾ ਕੀਤਾ ਹੈ। ਹਾਕਮਾਂ ਅਤੇ ਨਸ਼ਿਆਂ ਦੇ ਵਪਾਰੀਆਂ ਦੇ ਆਪਸੀ ਯਾਰਾਨੇ ਫੇਰ ਜੱਗ-ਜ਼ਾਹਰ ਹੋਏ ਹਨ, ਇਹ ਗੱਲ ਸਾਫ਼ ਹੋਈ ਹੈ ਕਿ ਨਸ਼ਿਆਂ ਦੀ ਜੜ੍ਹ ਮੁਕਾਉਣ ਦੇ ਦਾਅਵੇ ਕਰਨ ਵਾਲੇ ਹਾਕਮ ਸੱਚੀਂ-ਮੁੱਚੀਂ ਅਜਿਹਾ ਕਰਨ ਲਈ ਕਿੰਨਾ ਕੁ ਗੰਭੀਰ ਹਨ। ਅੱਗੇ ਅਸੀਂ ਸ਼ਰਾਬ ਦੇ ਉੱਭਰੇ ਮੁੱਦੇ ਬਾਰੇ ਸੰਖੇਪ ਚਰਚਾ ਕਰਨ ਜਾ ਰਹੇ ਹਾਂ, ਪਰ ਇਹ ਗੱਲ ਚੇਤੇ ਰਹੇ ਕਿ ਸਮੱਸਿਆ 'ਕੱਲੀ ਸ਼ਰਾਬ ਤੱਕ ਸੀਮਤ ਨਾ ਹੋ ਕੇ ਸਗੋਂ ਹਰ ਤਰ੍ਹਾਂ ਦੇ ਕਾਨੂੰਨੀ, ਗੈਰ-ਕਾਨੂੰਨੀ ਨਸ਼ਿਆਂ ਦੀ ਹੈ।
ਪਿਛਲੇ 3-4 ਮਹੀਨਿਆਂ ਤੋਂ ਪਿੰਡਾਂ ਅੰਦਰ ਧੜਾਧੜ ਖੁੱਲ ਰਹੇ ਠੇਕਿਆਂ ਖਿਲਾਫ਼ ਪੰਜਾਬ ਦੇ ਲਗਭਗ ਸਾਰੇ ਖੇਤਰਾਂ (ਮਾਝਾ, ਮਾਲਵਾ ਅਤੇ ਦੁਆਬਾ) 'ਚ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਹੈ। ਪਿੰਡਾਂ ਦੀਆਂ ਪੰਚਾਇਤਾਂ, ਸਭਾਵਾਂ, ਕਲੱਬਾਂ, ਜਥੇਬੰਦੀਆਂ ਅਤੇ ਆਮ ਲੋਕਾਂ ਨੇ ਸਮੂਹਿਕ ਰੂਪ 'ਚ ਨਵੇਂ ਠੇਕਿਆਂ ਦੇ ਖੁੱਲਣ ਖਿਲਾਫ਼ ਤੇ ਪਹਿਲਾਂ ਚਲਦੇ ਠੇਕਿਆਂ ਨੂੰ ਬੰਦ ਕਰਵਾਉਣ ਜਾਂ ਆਬਾਦੀ ਤੋਂ ਦੂਰ ਲਿਜਾਣ ਲਈ ਮਤੇ ਪਾਏ ਹਨ। ਅਖਬਾਰਾਂ 'ਚ ਛਪੀਆਂ ਖਬਰਾਂ ਅਨੁਸਾਰ ਸੰਗਰੂਰ ਜ਼ਿਲ੍ਹੇ ਦੇ ਲਗਭਗ 45 ਪਿੰਡਾਂ ਦੀਆਂ ਪੰਚਾਇਤਾਂ ਨੇ ਠੇਕਿਆਂ ਖਿਲਾਫ਼ ਮਤੇ ਪਾਏ ਹਨ। ਏਸੇ ਤਰ੍ਹਾਂ ਦੁਆਬਾ ਖੇਤਰ ਦੇ ਨਕੋਦਰ, ਸ਼ਾਹਕੋਟ ਅਤੇ ਭੋਗਪੁਰ ਬਲਾਕਾਂ 'ਚ 22 ਪੰਡਾਂ ਨੇ ਠੇਕਿਆਂ ਦਾ ਵਿਰੋਧ ਕੀਤਾ ਹੈ। ਪਟਿਆਲਾ, ਰੋਪੜ, ਬਠਿੰਡਾ, ਹੁਸ਼ਿਆਰਪੁਰ, ਬਰਨਾਲਾ, ਗੁਰਦਾਸਪੁਰ, ਮੁਕਤਸਰ ਅਤੇ ਫਰੀਦਕੋਟ ਵੀ ਉਹ ਜ਼ਿਲ੍ਹੇ ਹਨ, ਜਿੱਥੇ ਲੋਕਾਂ ਨੇ ਸ਼ਰਾਬ ਦੇ ਠੇਕਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ। ਬਠਿੰਡਾ, ਲੁਧਿਆਣਾ, ਅਮ੍ਰਿਤਸਰ ਅਤੇ ਪਠਾਨਕੋਟ ਵਰਗੇ ਸ਼ਹਿਰਾਂ 'ਚ ਸ਼ਹਿਰੀ ਕਲੋਨੀਆਂ ਵੱਲੋਂ ਵੀ ਸ਼ਰਾਬ ਦੇ ਠੇਕਿਆਂ ਦਾ ਵਿਰੋਧ ਕੀਤਾ ਗਿਆ ਹੈ।
ਦੂਜੇ ਪਾਸੇ ਸ਼ਰਾਬ ਦਾ ਕਾਰੋਬਾਰ ਪੰਜਾਬ ਸਰਕਾਰ ਲਈ ਵੈਟ ਤੋਂ ਬਾਅਦ ਆਮਦਨ ਦਾ ਦੂਜਾ ਸਭ ਤੋਂ ਵੱਡਾ ਸਰੋਤ ਹੈ। ਸਾਲ 2005-06 'ਚ ਸਰਕਾਰ ਨੂੰ ਇਸ ਧੰਦੇ ਤੋਂ 1570.30 ਕਰੋੜ ਅਤੇ 2010-11 'ਚ 2400 ਕਰੋੜ ਰੁਪਏ ਦੀ ਆਮਦਨ ਹੋਈ ਸੀ। ਇਸ ਸਾਲ ਦੀ ਨਵੀਂ ਆਬਕਾਰੀ ਨੀਤੀ ਤਹਿਤ ਇਸ ਆਮਦਨ ਦੇ ਵਧ ਕੇ 3190.49 ਕਰੋੜ ਰੁਪਏ ਹੋਣ ਦੀ ਆਸ ਕੀਤੀ ਜਾ ਰਹੀ ਹੈ। ਨਵੇਂ ਵਰ੍ਹੇ ਦੀ ਆਬਕਾਰੀ ਨੀਤੀ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਲਈ ਸ਼ਰਾਬ ਦੇ ਕੁੱਲ ਕੋਟੇ 'ਚ ਪਿਛਲੇ ਸਾਲ ਨਾਲੋਂ 10 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਜਿਹਦੇ ਸਿੱਟੇ ਵਜੋਂ ਮੌਜੂਦਾ ਵਰ੍ਹੇ ਦਾ ਕੁੱਲ ਕੋਟਾ 1290 ਲੱਖ ਪਰੂਫ਼ ਲੀਟਰ ਹੋ ਗਿਆ ਹੈ। ਇਹਦੇ 'ਚੋਂ 884 ਲੱਖ ਪਰੂਫ਼ ਲੀਟਰ ਦੇਸੀ ਸ਼ਰਾਬ ਤੇ 406 ਲੱਖ ਪਰੂਫ਼ ਲੀਟਰ ਅੰਗਰੇਜ਼ੀ ਸ਼ਰਾਬ ਹੋਵੇਗੀ। ਮਤਲਬ ਇਹ ਕਿ ਲਗਭਗ 1.77 ਕਰੋੜ ਡੱਬੇ ਦੇਸੀ ਸ਼ਰਾਬ ਦੇ ਤੇ 60 ਲੱਖ ਡੱਬੇ ਅੰਗਰੇਜ਼ੀ ਸ਼ਰਾਬ ਦੇ। ਇਸ ਕੁੱਲ ਕੋਟੇ ਨੂੰ ਸਾਂਭਣ ਅਤੇ ਵੇਚਣ ਖਾਤਰ ਸੂਬੇ ਅੰਦਰ ਠੇਕਿਆਂ ਦੀ ਗਿਣਤੀ 'ਚ ਵਾਧਾ ਕੀਤਾ ਗਿਆ ਹੈ। ਸਾਲ 2005-06 'ਚ ਇਹ ਗਿਣਤੀ 5652 ਸੀ। ਮੌਜੂਦਾ ਸਾਲ 'ਚ ਇਹ ਵਧਾ ਕੇ 7256 ਕਰ ਦਿੱਤੀ ਗਈ ਹੈ। ਏਸੇ ਕਰਕੇ ਐਸ ਵੇਲੇ 280 ਪਿੰਡਾਂ ਵਾਲੇ ਬਠਿੰਡਾ ਜਿਲ੍ਹੇ 'ਚ 'ਕੱਲੇ ਪੇਂਡੂ ਖੇਤਰ ਦੇ ਠੇਕਿਆਂ ਦੀ ਗਿਣਤੀ 260 ਦੇ ਲਗਭਗ ਪਹੁੰਚ ਚੁੱਕੀ ਹੈ। ਇਉਂ ਇੱਕ ਪਾਸੇ ਲੋਕ ਧੜਾਧੜ ਖੁੱਲ ਰਹੇ ਠੇਕਿਆਂ ਦਾ ਵਿਰੋਧ ਕਰ ਰਹੇ ਹਨ ਤੇ ਦੂਜੇ ਪਾਸੇ ਸਰਕਾਰ ਬਿਨਾਂ ਇਸ ਗੱਲ ਦੀ ਪਰਵਾਹ ਮੰਨੇ ਠੇਕਿਆਂ ਦੀ ਗਿਣਤੀ ਵਧਾਉਣ ਦੀ ਨੀਤੀ ਲਾਗੂ ਕਰ ਰਹੀ ਹੈ।
ਏਸ ਕਰਕੇ ਜਦੋਂ ਪਹਿਲਾਂ ਹੀ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਹੀ ਜਨਤਾ (ਵਿਸ਼ੇਸ਼ ਕਰਕੇ ਪੇਂਡੂ ਜਨਤਾ) ਨੇ ਅੰਨੇਵਾਹ ਖੁੱਲ ਰਹੇ ਸ਼ਰਾਬ ਦੇ ਠੇਕਿਆਂ ਖਿਲਾਫ਼ ਆਵਾਜ਼ ਬੁਲੰਦ ਕਰਨੀ ਸ਼ੁਰੂ ਕੀਤੀ ਤਾਂ ਹਕੂਮਤ ਨੂੰ ਇਹ ਗੱਲ ਹਜਮ ਨਾ ਆਈ। ਥਾਂ ਥਾਂ 'ਤੇ ਲੋਕਾਂ ਨੂੰ ਠੇਕੇ ਦੀ ਮੰਗ ਦੇ ਸੰਬੰਧ 'ਚ ਸਰਕਾਰੀ ਘੇਸਲ ਦਾ ਸਾਹਮਣਾ ਕਰਨਾ ਪਿਆ ਹੈ। ਵਾਰ ਵਾਰ ਕਹਿਣ ਦੇ ਬਾਵਜੂਦ ਅਧਿਕਾਰੀਆਂ ਨੇ ਲਾਰੇ ਲਾਉਣ ਅਤੇ ਟਰਕਾਉਣ ਤੋਂ ਬਿਨਾਂ ਕੋਈ ਹੋਰ ਬਹੁਤੀ ਕਾਰਵਾਈ ਨਹੀਂ ਕੀਤੀ। ਲੋਕਾਂ ਅਤੇ ਹਕੂਮਤ ਵਿਚਲਾ ਇਹ ਵਿਰੋਧ ਸਭ ਤੋਂ ਤਿੱਖੇ ਰੂਪ 'ਚ ਬਠਿੰਡਾ ਜ਼ਿਲ੍ਹੇ ਦੇ ਸੇਲਬਰਾਹ ਅਤੇ ਕੋਟੜਾ ਕੌੜਿਆਂ ਵਾਲੀ 'ਚ ਸਾਹਮਣੇ ਆਇਆ ਹੈ। ਠੇਕੇ ਚੁਕਵਾਉਣ ਲਈ ਸੰਘਰਸ਼ ਦੇ ਰਾਹ ਪਏ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਸਬਕ ਸਿਖਾਉਣ ਲਈ ਹਕੂਮਤ ਨੰਗੇ ਚਿੱਟੇ ਰੂਪ 'ਚ ਠੇਕੇਦਾਰਾਂ ਦੇ ਹੱਕ 'ਚ ਨਿੱਤਰੀ ਹੈ। ਇਲਾਕੇ ਦੇ ਅਕਾਲੀ ਲੀਡਰਾਂ ਨੇ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਏ ਹਨ। ਪਿੰਡ ਦੇ ਗੁੰਡਾ ਅਨਸਰਾਂ ਨੂੰ ਚੱਕ ਦੇ ਕੇ ਮੂਹਰੇ ਲੱਗੇ ਆਗੂਆਂ ਦੀ ਕੁੱਟ ਮਾਰ ਕਰਨ, ਲੋਕਾਂ 'ਤੇ ਝੂਠੇ ਪਰਚੇ ਦਰਜ ਕਰਨ, ਜੇਲ੍ਹੀਂ ਡੱਕਣ, ਦੋਸ਼ੀ ਬਣਦੇ ਠੇਕੇਦਾਰਾਂ ਅਤੇ ਗੁੰਡਾ ਅਨਸਰਾਂ ਨੂੰ ਹਕੂਮਤੀ ਪੁਸ਼ਤ-ਪਨਾਹੀ ਦੇਣ ਵਰਗੇ ਸਭ ਕਾਰੇ ਕੀਤੇ ਹਨ। ਸਿਆਸੀ ਚੌਧਰੀਆਂ ਤੇ ਆਬਕਾਰੀ ਅਧਿਕਾਰੀਆਂ ਵੱਲੋਂ ਠੇਕੇ ਹਰ ਹਾਲ ਖੋਲਣ ਦੇ ਬਿਆਨ ਦਾਗੇ ਗਏ ਹਨ ਤੇ ਮਸਲੇ ਨੂੰ ਸਿਆਸੀ ਮੋੜ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।
ਦੋਸਤੋ, ਹੋਣਾ ਤਾਂ ਇਹ ਚਾਹੀਦਾ ਸੀ ਕਿ ਸਰਕਾਰ ਲੋਕਾਂ ਨੂੰ ਨਸ਼ਿਆਂ ਤੋਂ ਖਹਿੜਾ ਛੁਡਾਉਣ ਲਈ ਪ੍ਰੇਰਿਤ ਕਰਦੀ ਤੇ ਅਜਿਹੀ ਹਾਲਤ ਪੈਦਾ ਕਰਦੀ ਕਿ ਨਸ਼ਿਆਂ ਦੀ ਵਰਤੋਂ ਘੱਟ ਤੋਂ ਘੱਟ ਹੋਵੇ। ਪਰ ਇੱਥੇ ਤਾਂ ਉਲਟਾ ਸਰਕਾਰ ਵੱਲੋਂ ਹੁੱਬ ਕੇ ਠੇਕੇ ਖੋਲਣ ਦੀ ਵਕਾਲਤ ਕੀਤੀ ਗਈ ਤੇ ਵਿਰੋਧ ਕਰਨ ਵਾਲਿਆਂ ਨੂੰ ਸਬਕ ਸਿਖਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਠੇਕਿਆਂ ਦੀ ਗਿਣਤੀ ਵਧਾਉਣ ਦੀ ਆਪਣੀ ਨੀਤੀ ਨੂੰ ਲੋਕਾਂ 'ਚ ਮਾਨਤਾ ਦਵਾਉਣ ਲਈ ਇਹ ਕਿਹਾ ਗਿਆ ਕਿ ਸ਼ਰਾਬ ਤੋਂ ਹੋਈ ਆਮਦਨ ਦਾ 25 ਫੀਸਦੀ ਸੂਬੇ 'ਚ ਖੇਡਾਂ ਦੀ ਬਿਹਤਰੀ ਲਈ ਖਰਚਿਆ ਜਾਵੇਗਾ। ਇਹ ਦਲੀਲਾਂ ਦਿੱਤੀਆਂ ਗਈਆਂ ਕਿ ਵਿਰੋਧ ਕਰ ਰਹੇ ਲੋਕ ਸਰਕਾਰੀ ਆਮਦਨ ਅਤੇ ਕੰਮ ਕਾਰ ਦੇ ਰਾਹ 'ਚ ਅੜਿੱਕੇ ਲਾ ਰਹੇ ਹਨ। ਲੋਕਾਂ ਦੇ ਵਿਰੋਧ ਨੂੰ ਗਲਤ ਅਤੇ ਸਰਕਾਰ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਮਾਮਲਾ ਸਿਰਫ਼ ਸਰਕਾਰੀ ਆਮਦਨ ਦੇ ਘਟਣ ਜਾਂ ਖੇਡਾਂ 'ਤੇ ਖਰਚੇ ਦਾ ਨਹੀਂ ਹੈ। ਇਹਨਾਂ ਕੰਮਾਂ ਲਈ ਆਮਦਨ ਦੇ ਹੋਰ ਬਹੁਤ ਸੋਮੇ ਪੈਦਾ ਕੀਤੇ ਜਾ ਸਕਦੇ ਹਨ। ਸ਼ਰਾਬ ਦੀ ਵਿਕਰੀ ਘੱਟ ਹੋਣ ਨਾਲ ਸਰਕਾਰੀ ਖਜ਼ਾਨੇ ਦਾ ਭੋਗ ਨਹੀਂ ਪੈਣ ਲੱਗਾ। ਅਸਲ 'ਚ ਮਾਮਲਾ ਇਹ ਹੈ ਕਿ ਸ਼ਰਾਬ ਦਾ ਧੰਦਾ ਇਸ ਕਾਰੋਬਾਰ 'ਚ ਲੱਗੇ ਵੱਡੇ ਠੇਕੇਦਾਰਾਂ, ਵਪਾਰੀਆਂ ਤੇ ਉਹਨਾਂ ਦੇ ਨੇੜਲੇ ਵੱਡੇ ਸਿਆਸੀ ਲੀਡਰਾਂ ਲਈ ਅੰਨੇਵਾਹ ਮੁਨਾਫ਼ਿਆਂ ਦੀ ਵੱਡੀ ਖਾਣ ਹੈ। ਪੌਂਟੀ ਚੱਡਾ ਵਰਗੇ ਕਈ ਠੇਕੇਦਾਰ ਇਸ ਧੰਦੇ ਦੇ ਵੱਡੇ ਖਿਡਾਰੀ ਹਨ। ਇਹਨਾਂ ਠੇਕੇਦਾਰਾਂ ਜਾਂ ਵਪਾਰੀਆਂ 'ਚੋਂ ਬਹੁਤੇ ਤਾਂ ਸਿੱਧੇ ਤੌਰ 'ਤੇ ਹੀ ਰੰਗ ਬਦਲ ਬਦਲ ਕੇ ਆਉਂਦੇ ਹਾਕਮ ਲਾਣਿਆਂ ਦੇ ਨਾਲ ਜੁੜੇ ਹੋਏ ਹਨ ਜਾਂ ਵੱਡੇ ਸਿਆਸੀ ਲੀਡਰਾਂ ਦੇ ਬਹੁਤ ਨੇੜਲਿਆਂ 'ਚੋਂ ਹਨ। ਵੱਡੇ ਲੀਡਰਾਂ ਅਤੇ ਠੇਕੇਦਾਰਾਂ ਦਾ ਇਹ ਆਪਸੀ ਗੱਠਜੋੜ ਹੀ ਮੁੱਖ ਤੌਰ 'ਤੇ ਸ਼ਰਾਬ ਦੇ ਕਾਰੋਬਾਰ 'ਤੇ ਕਾਬਜ਼ ਹੈ ਤੇ ਅਰਬਾਂ ਰੁਪਏ ਕਮਾ ਰਿਹਾ ਹੈ। ਠੇਕਿਆਂ ਵਿਰੁੱਧ ਲੋਕਾਂ ਵੱਲੋਂ ਉੱਠੇ ਵਿਰੋਧ ਨੇ ਅਸਲ 'ਚ ਇਸ ਗੱਠਜੋੜ ਦੇ ਨਿੱਜੀ-ਕਾਰੋਬਾਰੀ ਹਿਤਾਂ ਨੂੰ ਖ਼ਤਰਾ ਖੜ੍ਹਾ ਕੀਤਾ ਹੈ। ਇਸ ਲਈ ਠੇਕਿਆਂ ਦੇ ਮਸਲੇ 'ਤੇ ਸਾਹਮਣੇ ਆਇਆ ਹਕੂਮਤੀ ਰਵੱਈਆ ਅਸਲ 'ਚ ਹਾਕਮਾਂ ਵੱਲੋਂ ਇਸ ਖਤਰੇ ਦੀ ਫੂਕ ਕੱਢਣ ਦੀ ਕੋਸ਼ਿਸ਼ ਦਾ ਸਿੱਟਾ ਹੈ।
ਪੰਜਾਬ 'ਚ ਉੱਭਰੇ ਠੇਕਿਆਂ ਦੇ ਮਸਲੇ ਨੇ ਸੂਬੇ ਨੂੰ ਨਸ਼ਾ ਰਹਿਤ ਕਰਨ ਦੇ ਹਕੂਮਤੀ ਦਾਅਵਿਆਂ ਦਾ ਥੋਥ ਜ਼ਾਹਰ ਕੀਤਾ ਹੈ। ਨਾ ਸਿਰਫ਼ ਆਪਣੇ ਕਾਰੋਬਾਰੀ ਹਿੱਤਾਂ ਕਰਕੇ ਸਗੋਂ ਸਿਆਸੀ ਹਿੱਤਾਂ ਕਰਕੇ ਵੀ ਇਹ ਹਾਕਮ ਕਦੇ ਨਹੀਂ ਚਾਹੁਣਗੇ ਕਿ ਲੋਕ ਸੱਚੀਂ-ਮੁਚੀਂ ਨਸ਼ਾ ਰਹਿਤ ਹੋ ਸਕਣ। ਨਵੀਆਂ ਆਰਥਿਕ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰਨ ਦੇ ਸਾਮਰਾਜੀ ਦਿਸ਼ਾ ਨਿਰਦੇਸ਼ਾਂ ਕਰਕੇ ਸਾਡੇ ਲੋਕਾਂ ਤੋਂ ਧੜਾਧੜ ਬਿਜਲੀ, ਪਾਣੀ, ਇਲਾਜ, ਸਿੱਖਿਆ ਤੇ ਰੁਜ਼ਗਾਰ (ਖੇਤੀ, ਸਨਅਤ ਤੇ ਨੌਕਰੀ) ਵਰਗੀਆਂ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ। ਇਸਦੇ ਖਿਲਾਫ਼ ਲੋਕ-ਸੰਘਰਸ਼ਾਂ ਦੇ ਮੋਰਚੇ ਭਖਾਅ ਫੜ੍ਹ ਰਹੇ ਹਨ ਤੇ ਹਾਕਮਾਂ ਵੱਲੋਂ ਫੜ੍ਹੇ ਰਾਹ 'ਚ ਅੜਿੱਕੇ ਡਾਹ ਰਹੇ ਹਨ। ਅਜਿਹੀ ਹਾਲਤ 'ਚ ਹਾਕਮਾਂ ਦੀ ਇਹ ਅਣਸਰਦੀ ਲੋੜ ਹੈ ਕਿ ਲੋਕਾਂ ਦੀ ਸੁਰਤ ਨੂੰ ਇਹਨਾਂ ਮੁੱਦਿਆਂ ਤੋਂ ਪਾਸੇ ਤਿਲਕਾਇਆ ਜਾਵੇ, ਸੰਘਰਸ਼ਾਂ ਦੇ ਰਾਹ 'ਤੇ ਅੱਗੇ ਵਧਦੇ ਕਦਮਾਂ ਨੂੰ ਗਲਤ ਪਾਸੇ ਮੋੜਿਆ ਜਾਵੇ ਤੇ ਉਹਨਾਂ ਦੀ ਸੋਚ ਅਤੇ ਸਮਝ ਨੂੰ ਖੁੰਢਾ ਕੀਤਾ ਜਾਵੇ। ਆਪਣੇ ਇਸ ਮਨਸੂਬੇ ਦੇ ਹੱਲ ਲਈ ਹਾਕਮ ਜਮਾਤਾਂ ਨਸ਼ਿਆਂ ਦੀ ਵਰਤੋਂ ਇੱਕ ਹਥਿਆਰ ਵਜੋਂ ਕਰ ਰਹੀਆਂ ਹਨ। ਇਤਿਹਾਸ ਗਵਾਹ ਹੈ ਕਿ ਆਪਣੀ ਲੁੱਟ ਨੂੰ ਜਾਰੀ ਰੱਖਣ ਲਈ ਲੋਟੂ ਤਾਕਤਾਂ ਸਿਰਫ਼ ਜ਼ਬਰ-ਜ਼ੁਲਮ ਦੀ ਵਰਤੋਂ ਹੀ ਨਹੀਂ ਕਰਦੀਆਂ, ਸਗੋਂ ਲੜ ਰਹੇ ਲੋਕਾਂ ਦੀ ਸੋਚ ਅਤੇ ਸੱਭਿਆਚਾਰ 'ਤੇ ਵੀ ਹਮਲੇ ਕੀਤੇ ਜਾਂਦੇ ਹਨ। ਬਸਤੀਵਾਦੀ ਦੌਰ 'ਚ ਭਾਰਤ ਵਾਂਗੂੰ ਚੀਨ 'ਤੇ ਕਬਜ਼ਾ ਕਰਨ ਲਈ ਬਰਤਾਨੀਆ ਵੱਲੋਂ ਚੀਨ ਅੰਦਰ ਰੱਜ ਕੇ ਅਫ਼ੀਮ ਢੋਹੀ ਗਈ ਸੀ। ਚੀਨੀ ਲੋਕਾਂ ਵੱਲੋਂ ਵਿਰੋਧ ਕਰਨ 'ਤੇ ਉਹਨਾਂ ਸਿਰ ਨਿਹੱਕੀ ਸਾਮਰਾਜੀ ਜੰਗ ਮੜ੍ਹੀ ਗਈ, ਜਿਹੜੀ ਅੱਜ ਵੀ ''ਅਫ਼ੀਮ ਦੀ ਜੰਗ'' ਵਜੋਂ ਮਸ਼ਹੂਰ ਹੈ।
ਠੇਕਿਆਂ ਦੇ ਮਸਲੇ 'ਤੇ ਸਾਹਮਣੇ ਆਏ ਇਸ ਹਕੂਮਤੀ ਰਵੱਈਏ ਨੇ ਜਿੱਥੇ ਪੰਚਾਇਤੀ ਰਾਜ ਨੂੰ ਮਜ਼ਬੂਤ ਕਰਨ ਦੀਆਂ ਸਿਆਸੀ ਟਾਰ੍ਹਾਂ ਦੀ ਫੂਕ ਕੱਢੀ ਹੈ, ਉਥੇ ਏਦੂੰ ਵਧਕੇ, ਇੱਕ ਵਾਰ ਫੇਰ, ਲੋਕਾਂ ਸਾਹਮਣੇ ਜਮਹੂਰੀ ਬਾਣੇ ਹੇਠ ਲੁਕੀ ਆਪਾਸ਼ਾਹ ਹਕੂਮਤ ਦੇ ਲੋਕ ਦੋਖੀ ਚਿਹਰੇ ਨੂੰ ਬੇਪੜਦ ਕੀਤਾ ਹੈ। ਪੰਚਾਇਤਾਂ ਅਤੇ ਲੋਕਾਂ ਵੱਲੋਂ ਪਾਏ ਮਤੇ ਕਾਨੂੰਨੀ ਚੋਰ-ਮੋਰੀਆਂ ਰਾਹੀਂ ਉਲਟਾਏ ਗਏ ਹਨ। ਵਿਸ਼ੇਸ਼ ਕਰਕੇ ਸੇਲਬਰਾਹ ਅਤੇ ਕੋਟੜਾ ਕੌੜਿਆਂ ਵਾਲੀ ਦੀਆਂ ਘਟਨਾਵਾਂ ਨੇ ਸਾਬਤ ਕੀਤਾ ਹੈ ਕਿ ਕਿਵੇਂ ਪੁਲਸ, ਕਾਨੂੰਨ ਅਤੇ ਹਕੂਮਤ ਲੋਕਾਂ ਦੀ ਸਮੂਹਿਕ ਰਜ਼ਾ ਨੂੰ ਪੂਰਾ ਕਰਨ ਦਾ ਸਾਧਨ ਬਣਨ ਦੀ ਬਜਾਏ ਸਿਆਸੀ ਚੌਧਰੀਆਂ ਅਤੇ ਲੱਠਮਾਰਾਂ ਦੇ ਕਾਰੋਬਾਰੀ ਮੰਤਵਾਂ ਅਤੇ ਸਿਆਸੀ ਹਿੱਤਾਂ ਦੀ ਨਿਸ਼ੰਗ ਰਾਖੀ 'ਚ ਡਟਦੇ ਹਨ ਅਤੇ ਉਹਨਾਂ ਦੇ ਇਸ਼ਾਰਿਆਂ 'ਤੇ ਨੱਚਦੇ ਹਨ। ਇਸ ਲਈ ਨਸ਼ਿਆਂ ਦੇ ਦੈਂਤ ਤੋਂ ਖਹਿੜਾ ਛੁਡਾਉਣ ਲਈ ਸਾਨੂੰ ਆਵਦੀ ਜਥੇਬੰਦਕ ਤਾਕਤ 'ਤੇ ਟੇਕ ਰੱਖਦੇ ਹੋਏ, ਇਹਨੂੰ ਹੋਰ ਮਜ਼ਬੂਤ ਕਰਦੇ ਹੋਏ, ਨਸ਼ਿਆਂ ਲਈ ਅਸਲ 'ਚ ਜੁੰਮੇਵਾਰ  ਹਾਕਮਾਂ ਨੂੰ ਘੇਰਨਾ ਚਾਹੀਦਾ ਹੈ।

Saturday, 6 August 2011


ਨੌਜਵਾਨ ਭਾਰਤ ਸਭਾ ਦੀ ਇਲਾਕਾ ਕਮੇਟੀ ਦੀ ਚੋਣ
Posted On August - 6 - 2011
ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 5 ਅਗਸਤ

ਨੌਜਵਾਨ ਭਾਰਤ ਸਭਾ ਵੱਲੋਂ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ ਦੀ ਯਾਦ ‘ਚ ਪਿੰਡ ਭਾਗੀਕੇ ‘ਚ ਸਮਾਗਮ ਕੀਤਾ ਗਿਆ। ਇਸ ਸਮੇਂ ਇਲਾਕਾ ਮੋਗਾ-ਨਿਹਾਲ ਸਿੰਘ ਵਾਲਾ ਦੀ ਜਥੇਬੰਦਕ ਕਮੇਟੀ ਦੀ ਚੋਣ ਕੀਤੀ ਗਈ। ਸਭਾ ਦੇ ਆਗੂ ਗੁਰਮੁੱਖ ਸਿੰਘ ਹਿੰਮਤਪੁਰਾ ਨੇ ਦੱਸਿਆ ਕਿ ਚੋਣ ਤੋਂ ਪਹਿਲਾਂ ਇਲਾਕੇ ਦੇ ਦਸ ਪਿੰਡਾਂ ਵਿੱਚ ਮੁਹਿੰਮ ਚਲਾ ਕੇ ਸ਼ਹੀਦਾਂ ਦੀ ਵਿਰਾਸਤ ਨੂੰ ਮਿਹਨਤਕਸ਼ ਵਰਗ ਤੱਕ ਲਿਜਾਇਆ ਗਿਆ।
ਇਸ ਮੌਕੇ ਬੋਲਦਿਆਂ ਸੂਬਾ ਜਥੇਬੰਦਕ ਸਕੱਤਰ ਪਵੇਲ ਕੁੱਸਾ ਅਤੇ ਸੂਬਾ ਕਮੇਟੀ ਮੈਂਬਰ ਕਰਮ ਰਾਮਾ ਨੇ ਕਿਹਾ ਕਿ ਬੇਰੁਜ਼ਗਾਰੀ, ਮਹਿੰਗੀ ਵਿਦਿਆ, ਨਸ਼ੇ ਅਤੇ ਪੱਛਮੀ ਸੱਭਿਆਚਾਰ ਦਾ ਹਮਲਾ ਨੌਜਵਾਨਾਂ ਨੂੰ ਨਿਰਾਸ਼ਾ ਦੇ ਆਲਮ ਵਿੱਚ ਸੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦਾ ਅਸਲ ਮਕਸਦ ਦੇਸ਼ ਅੰਦਰ ਅਜਿਹਾ ਰਾਜ ਪ੍ਰਬੰਧ ਸਥਾਪਤ ਕਰਨਾ ਸੀ, ਜਿਸ ਅੰਦਰ ਅਮੀਰ ਤੇ ਗਰੀਬ ਵਿਚਾਲੇ ਪਾੜਾ ਖ਼ਤਮ ਹੋਵੇਗਾ। ਲੋਕਾਂ ਨੂੰ ਸਹੀ ਅਰਥਾਂ ‘ਚ ਆਜ਼ਾਦੀ ਹੋਵੇਗੀ। ਇਸ ਮੌਕੇ ਗੁਰਮੁੱਖ ਸਿੰਘ, ਤਰਸੇਮ ਰਾਮਾ ਅਤੇ ਸੁਰਿੰਦਰ ਸਿੰਘ ਭਾਗੀਕੇ ਨੇ ਵੀ ਵਿਚਾਰ ਪੇਸ਼ ਕੀਤੇ। ਮੰਚ ਸੰਚਾਲਕ ਦੇ ਫ਼ਰਜ਼ ਜਗਰਾਜ ਸਿੰਘ ਕੁੱਸਾ ਨੇ ਨਿਭਾਏ। ਸਰਬਸੰਮਤੀ ਨਾਲ ਕੀਤੀ ਗਈ ਚੋਣ ਨਾਲ ਇਲਾਕਾ ਜਥੇਬੰਦਕ ਕਮੇਟੀ ਵਿੱਚ ਕਰਮ ਰਾਮਾ, ਗੁਰਮੁੱਖ ਹਿੰਮਤਪੁਰਾ, ਸੁਰਿੰਦਰ ਭਾਗੀਕੇ, ਜੁਗਰਾਜ ਕੁੱਸਾ, ਤਰਸੇਮ ਰਾਮਾ, ਮਨਵੀਰ ਸੈਦੋਕੇ ਅਤੇ ਸੁਖਜੀਤ ਸੁੱਖੀ ਮਾਛੀਕੇ ਨੂੰ ਲਿਆ ਗਿਆ। ਕਰਮਾ ਰਾਮਾ ਨੂੰ ਇਲਾਕਾ ਜਥੇਬੰਦਕ ਸਕੱਤਰ ਲਿਆ ਗਿਆ। ਇਸ ਸਮੇਂ ਮਤਾ ਪਾਸ ਕਰ ਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਗੋਬਿੰਦਪੁਰਾ ਦੀ 161 ਏਕੜ ਜ਼ਮੀਨ ਜਬਰੀ ਹਾਸਲ ਕਰਨ, ਪ੍ਰਾਈਵੇਟ ਕੰਪਨੀਆਂ ਨੂੰ ਜ਼ਮੀਨਾਂ ਸੌਂਪਣ ਅਤੇ ਸੰਘਰਸ਼ ਕਰਦੇ ਕਿਸਾਨਾਂ ‘ਤੇ ਤਸ਼ੱਦਦ ਕਰਨ ਦੀ ਨਿਖੇਧੀ ਕੀਤੀ ਗਈ

Thursday, 4 August 2011


ਬੇਰੁਜ਼ਗਾਰੀ: ਜੜ ਨੂੰ ਫੜੇ ਬਿਨਾਂ ਇਲਾਜ ਸੰਭਵ ਨਹੀਂ
ਪਿਛਲੇ ਕੁਝ ਅਰਸੇ ਤੋਂ ਪੰਜਾਬ ਅੰਦਰ ਨੌਜਵਾਨਾਂ ਦੇ ਕੁਛ ਹਿੱਸੇ ਬਾਦਲ ਸਰਕਾਰ ਲਈ ਡਾਢੀ ਪ੍ਰੇਸ਼ਾਨੀ ਦਾ ਕਾਰਣ ਬਣੇ ਹੋਏ ਹਨ। ਇਸ ਪ੍ਰੇਸ਼ਾਨੀ ਦੀ ਵਜHw ਇਹ ਨਹੀਂ ਕਿ ਪੰਜਾਬ 'ਚ ਵਹਿੰਦਾ ਨਸ਼ੇ ਦਾ ਛੇਵਾਂ ਦਰਿਆ ਬਹੁਤ ਵੱਡੀ ਪੱਧਰ 'ਤੇ ਨੌਜਵਾਨੀ ਨੂੰ ਰੋੜ ਕੇ ਲੈ ਗਿਆ ਹੈ, ਨਾ ਹੀ ਵਜHw ਇਹ ਹੈ ਕਿ ਘਟੀਆ ਖਪਤਕਾਰੀ, ਲੱਚਰ, ਪੱਛਮੀ ਸੱਭਿਆਚਾਰ ਦੀ ਹਨੇਰੀ ਪੰਜਾਬ ਦੀ ਜਵਾਨੀ ਨੂੰ ਕੱਢੀ ਜਾ ਰਹੀ ਹੈ ਜਾਂ ਬੇਰੁਜ਼ਗਾਰੀ ਦੇ ਭੰਨੇ ਨੌਜਵਾਨ ਅੱਤ ਦੀ ਨਿਰਾਸ਼ਾ 'ਚ ਧੱਕੇ ਜਾ ਰਹੇ ਹਨ। ਸਗੋਂ ਸਰਕਾਰ ਦੀ ਪ੍ਰੇਸ਼ਾਨੀ ਦਾ ਕਾਰਨ ਏਦੂੰ ਬਿਲਕੁਲ ਉਲਟ ਹੈ। ਨੌਜਵਾਨਾਂ ਦੇ ਇਹ ਹਿੱਸੇ ਆਪਣੀ ਬੇਵੁੱਕਤੀ ਦੀ ਹਾਲਤ ਬਦਲਣ ਲਈ ਜਥੇਬੰਦ ਹੋ ਰਹੇ ਹਨ। ਇਕੱਠੇ ਹੋ ਕੇ ਰੁਜ਼ਗਾਰ ਮੰਗਣ ਦੀ ਜੁਰੱਅਤ ਕਰ ਰਹੇ ਹਨ। ਇਹੋ ਜੁਰੱਅਤ ਸਰਕਾਰ ਲਈ ਵੱਡੀ ਸਿਰਦਰਦੀ ਹੈ।
ਇਹ ਠੀਕ ਹੈ ਕਿ ਥਾਂ ਪੁਰ ਥਾਂ ਸੰਘਰਸ਼ ਦੇ ਮੋਰਚੇ ਖੋਲH ਰਹੇ ਨੌਜਵਾਨਾਂ ਦੀਆਂ ਟੁਕੜੀਆਂ ਬਹੁਤ ਛੋਟੀਆਂ ਹਨ। ਪੰਜਾਬ ਦੇ ਬਹੁਤ ਵੱਡੀ ਗਿਣਤੀ ਬੇਰੁਜ਼ਗਾਰਾਂ ਦੇ ਮੁਕਾਬਲੇ ਰੁਜ਼ਗਾਰ ਲਈ ਆਵਾਜ਼ ਬੁਲੰਦ ਕਰ ਰਹੇ ਹਿੱਸੇ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੈ। ਬਹੁਤ ਵੱਡੀ ਗਿਣਤੀ ਨੌਜਵਾਨ ਤਾਂ ਰੁਜ਼ਗਾਰ ਨੂੰ ਲੈ ਕੇ ਬਿਲਕੁਲ ਆਸ ਵਿਹੂਣੇ ਹੋ ਚੁੱਕੇ ਹਨ। ਸਮਾਜ ਅੰਦਰ ਸਨਮਾਨਜਨਕ ਜੀਵਨ ਉਹਨਾਂ ਨੂੰ ਪਹੁੰਚੋਂ ਬਾਹਰ ਲੱਗਦਾ ਹੈ। 'ਵਿਹਲੜ ਮੰਡੀਰ' ਜਿਹੇ ਵਿਸ਼ੇਸ਼ਣਾਂ ਤੋਂ ਛੁਟਕਾਰਾ ਅਸੰਭਵ ਜਾਪਦਾ ਹੈ। 'ਕਾਸੇ ਜੋਗੇ ਨਾ ਹੋਣ' ਦਾ ਅਹਿਸਾਸ ਉਹਨਾਂ ਦੀ ਹੋਣੀ ਬਣ ਚੁੱਕਾ ਹੈ। ਗੁਜ਼ਾਰੇ ਲਾਇਕ ਆਮਦਨ ਲਈ ਥਾਂ ਥਾਂ ਦੇ ਧੱਕੇ ਉਹਨਾਂ ਦੀ ਜ਼ਿਦਗੀ ਦੀ ਠੋਸ ਹਕੀਕਤ ਹਨ। ਪਰ ਜਿਸ ਛੋਟੇ ਹਿੱਸੇ ਨੇ ਇਸ ਹਕੀਕਤ ਨੂੰ ਬਦਲਣ ਲਈ ਸੰਘਰਸ਼ ਦਾ ਰਾਹ ਚੁਣਿਆ ਹੈ, ਉਹ ਹਿੱਸਾ ਸਭਨਾਂ ਬੇਰੁਜ਼ਗਾਰਾਂ ਲਈ ਚਾਨਣ ਦੀ ਲੀਕ ਹੈ।
ਇੱਥੇ ਸਵਾਲ ਇਹ ਆਉਂਦਾ ਹੈ ਕਿ ਰੁਜ਼ਗਾਰ ਦੀ ਏਨੀ ਸਿੱਧੀ ਸਾਦੀ ਮੰਗ, ਜਿਸ ਨਾਲ ਕਿਸੇ ਵਿਅਕਤੀ ਦੀ ਆਰਥਿਕ ਸੁਰੱਖਿਆ ਜੁੜੀ ਹੁੰਦੀ ਹੈ, ਸਮਾਜ ਅੰਦਰ ਹੈਸੀਅਤ ਜੁੜੀ ਹੁੰਦੀ ਹੈ, ਮਾਣ-ਸਨਮਾਨ ਜੁੜਿਆ ਹੁੰਦਾ ਹੈ, ਭਵਿੱਖ ਦੀਆਂ ਲੋੜਾਂ ਜੁੜੀਆਂ ਹੁੰਦੀਆਂ ਹਨ, ਉਹ ਮੰਗ ਸਰਕਾਰ ਲਈ ਏਨੀ ਚਿੜ ਅਤੇ ਪ੍ਰੇਸ਼ਾਨੀ ਦਾ ਕਾਰਨ ਕਿਉਂ ਹੈ। ਕਿਉਂ ਮੰਗ ਪੱਤਰ ਦੇਣ ਜਾ ਰਹੀਆਂ ਬੇਰੁਜ਼ਗਾਰਾਂ ਦੀਆਂ ਟੁਕੜੀਆਂ ਨੂੰ ਅਕਸਰ ਹੀ ਡਾਂਗਾਂ, ਅੱਥਰੂ ਗੈਸ, ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਕਿਉਂ ਸੰਗਤ ਦਰਸ਼ਨ ਪ੍ਰੋਗਰਾਮਾਂ ਜਾਂ ਹਾਕਮ ਜਮਾਤਾਂ ਦੀਆਂ ਸਿਆਸੀ ਰੈਲੀਆਂ 'ਚ ਸੁਣਵਾਈ ਲਈ ਪੁੱਜੇ ਬੇਰੁਜ਼ਗਾਰਾਂ ਨਾਲ ਖਤਰਨਾਕ ਅਪਰਾਧੀਆਂ ਵਰਗਾ ਸਲੂਕ ਕੀਤਾ ਜਾਂਦਾ ਹੈ? ਕਿਉਂ ਪੁਲਸੀ ਕੁਟਾਈ 'ਤੇ ਵੀ ਤਸੱਲੀ ਨਾ ਕਰਦੇ ਹੋਏ ਸਰਕਾਰਾਂ ਦੇ ਮੰਤਰੀ ਆਪ ਕੁੱਟਣ ਮਾਰਨ ਅਤੇ ਖਿੱਚ ਧੂਹ ਕਰਨ ਤੱਕ ਜਾਂਦੇ ਹਨ? ਕੀ ਕਾਰਨ ਹੈ ਕਿ ਰੁਜ਼ਗਾਰ ਦੀ ਸਾਧਾਰਨ ਮੰਗ ਪਿੱਛੇ ਸਰਕਾਰਾਂ ਨੂੰ ਵੱਡੀਆਂ ਅਰਥ ਸੰਭਾਵਨਾਵਾਂ ਦਿਖਦੀਆਂ ਹਨ? ਤੇ ਆਖਰ ਕੀ ਗੱਲ ਹੈ ਕਿ ਜਿਹੜੇ ਰੁਜ਼ਗਾਰ ਨੇ ਕਿਸੇ ਮੁਲਕ ਨੂੰ ਤਰੱਕੀ ਅਤੇ ਖੁਸ਼ਹਾਲੀ ਵੱਲ ਲੈ ਕੇ ਜਾਣਾ ਹੁੰਦਾ ਹੈ, ਉਹਨੂੰ ਸਾਡੇ ਮੁਲਕ ਅੰਦਰ ਖਜ਼ਾਨੇ ਉੱਤੇ ਵੱਡੇ ਬੋਝ ਵਜੋਂ ਪੇਸ਼ ਕੀਤਾ ਜਾ ਰਿਹਾ ਹੈ?
ਇਹ ਪ੍ਰਬੰਧ ਲੋਕ ਦੋਖੀ ਹੈ।
ਰੁਜ਼ਗਾਰ ਦੀ ਹਾਲਤ ਅਸਲ ਵਿੱਚ ਕਿਸੇ ਵੀ ਦੇਸ਼ ਅੰਦਰ ਚੱਲ ਰਹੇ ਪ੍ਰਬੰਧ ਨਾਲ ਜੁੜੀ ਹੁੰਦੀ ਹੈ। 1947 ਵਿੱਚ ਭਾਰਤੀ ਲੋਕਾਂ ਦੀ ਕੌਮੀ ਮੁਕਤੀ ਲਹਿਰ ਨਾਲ ਗ਼ਦਾਰੀ ਕਰਕੇ ਭਾਰਤੀ ਹਾਕਮਾਂ ਵੱਲੋਂ ਬਰਤਾਨਵੀ ਸਾਮਰਾਜੀਆਂ ਨਾਲ ਸ਼ਰਮਨਾਕ ਸਮਝੌਤਾ ਕੀਤਾ ਗਿਆ। ਇਸ ਸਮਝੌਤੇ ਤਹਿਤ ਭਾਰਤ ਅੰਦਰ ਸਾਮਰਾਜੀ ਹਿੱਤਾਂ ਨੂੰ ਸੁਰੱਖਿਅਤ ਰੱਖਣ ਦਾ ਵਾਅਦਾ ਕੀਤਾ ਗਿਆ। ਭਾਰਤ ਅੰਦਰ ਬਰਤਾਨਵੀ ਸਾਮਰਾਜੀਆਂ ਦੀਆਂ ਜਮੀਨਾਂ-ਜਾਇਦਾਦਾਂ, ਕਾਰੋਬਾਰ ਅਤੇ ਮੁਨਾਫ਼ੇ ਜਿਉਂ ਦੀ ਤਿਉਂ ਰਹੇ। ਭਾਰਤ ਦੀ ਸੰਵਿਧਾਨਕ ਅਸੈਂਬਲੀ ਤੇ ਪ੍ਰਧਾਨ ਰਜਿੰਦਰ ਕੁਮਾਰ ਨੇ ਲਾਰਡ ਮਾਊਂਟਬੈਟਨ ਨੂੰ ਸੰਦੇਸ਼ ਭੇਜਿਆ, ''...... ਮੈਨੂੰ ਕੋਈ ਸ਼ੱਕ ਨਹੀਂ ਕਿ ਅਸੀਂ ਬਹੁਤ ਖੁਸ਼ੀ ਨਾਲ ਬਰਤਾਨੀਆ ਨਾਲ ਇੱਕ ਵੱਖਰੀ ਕਿਸਮ ਦੀ ਸਾਂਝ ਦੀ ਤਵੱਕੋ ਕਰ ਸਕਦੇ ਹਾਂ। ਮੈਨੂੰ ਆਸ ਹੈ ਅਤੇ ਵਿਸ਼ਵਾਸ ਹੈ ਕਿ ਜਿਹੜੇ ਸਰੋਕਾਰ, ਹਮਦਰਦੀ ਅਤੇ ਦਿਆਲਤਾ ਨੇ ਹਮੇਸ਼ਾਂ ਹਜ਼ੂਰੇ ਆਜ਼ਮ ਨੂੰ ਪ੍ਰੇਰਿਤ ਕੀਤਾ ਹੈ, ਉਹ ਹੁਣ ਵੀ ਭਾਰਤ ਲਈ ਜਾਰੀ ਰਹਿਣਗੇ ਅਤੇ ਅਸੀਂ ਉਹਨਾਂ ਦੇ ਯੋਗ ਨਿਬੜਾਂਗੇ।'' ਅਤੇ ਸਾਮਰਾਜੀਆਂ ਦੇ ਹਿਤਾਂ ਦੇ ਯੋਗ ਨਿਬੜਨ ਦੀਆਂ ਕੋਸ਼ਿਸ਼ਾਂ ਭਾਰਤੀ ਪ੍ਰਬੰਧ ਦੀ ਨੀਂਹ ਬਣੀਆਂ। 7 ਜੁਲਾਈ 1950 ਨੂੰ ਨਹਿਰੂ ਨੇ ਕਿਹਾ, ''ਸਾਫ਼ ਗੱਲ ਹੈ ਕਿ ਸਾਡਾ ਅਰਥਚਾਰਾ ਇੰਗਲੈਂਡ ਅਤੇ ਹੋਰ ਮਿੱਤਰ ਸ਼ਕਤੀਆਂ ਨਾਲ ਬੱਝਿਆ ਹੋਇਆ ਹੈ।'' ਅਤੇ ਇਹਨਾਂ 'ਮਿੱਤਰ ਸ਼ਕਤੀਆਂ' ਨਾਲ ਬੱਝਿਆ ਅਰਥਚਾਰਾ 1947 ਤੋਂ ਬਾਅਦ ਲਗਾਤਾਰ ਭਾਰਤੀ ਲੋਕਾਂ ਦੀ ਲੁੱਟ ਅਤੇ 'ਮਿੱਤਰ ਸ਼ਕਤੀਆਂ' ਦੀ ਸੇਵਾ ਕਰਦਾ ਆ ਰਿਹਾ ਹੈ। 5 ਨਵੰਬਰ 1951 ਨੂੰ ਜੀ.ਡੀ. ਬਿਰਲਾ ਨੇ ਧਨਾਢ ਕਾਰੋਬਾਰੀਆਂ ਅਤੇ ਭਾਰਤ ਤੇ ਅਮਰੀਕਾ ਦੇ ਸਰਕਾਰੀ ਅਫਸਰਾਂ ਨੂੰ ਲੈ ਕੇ 'ਭਾਰਤੀ-ਅਮਰੀਕੀ ਵਿਕਾਸ ਕਾਰਪੋਰੇਸ਼ਨ' ਨਾਂ ਦੀ ਭਾਰਤੀ ਅਰਥਚਾਰੇ ਦੇ ਭਵਿੱਖ ਨੂੰ ਨਿਰਦੇਸ਼ਤ ਕਰਨ ਵਾਲੀ ਸਰਵਸ੍ਰੇਸ਼ਠ ਟਰੱਸਟ ਬਣਾਉਣ ਦਾ ਸੁਝਾਅ ਦਿੱਤਾ ਅਤੇ ਜਨਵਰੀ 1952 ਵਿੱਚ ਅਮਰੀਕਾ ਵਿਚਲੇ ਭਾਰਤੀ ਰਾਜਦੂਤ ਬੀ.ਆਰ.ਸੇਨ ਨੇ 70 ਫੀਸਦੀ ਅਮਰੀਕਨ ਨਿੱਜੀ ਪੂੰਜੀ ਤੇ ਆਧਾਰਿਤ ਨਿਵੇਸ਼ ਕੰਪਨੀ ਬਣਾਉਣ ਦੀ ਸਿਫਾਰਸ਼ ਕੀਤੀ। ਯਾਨੀ ਕਿ ਭਾਰਤੀ ਸਰਕਾਰ ਤੇ ਭਾਰਤੀ ਵੱਡੀ ਸਰਮਾਏਦਾਰੀ ਨੇ ਆਪਣੀ ਜ਼ੋਰਦਾਰ ਇੱਛਾ ਦਰਸਾਈ ਕਿ ਭਾਰਤੀ ਅਰਥਚਾਰਾ ਭਾਰਤੀਆਂ ਵੱਲੋਂ ਨਹੀਂ ਸਗੋਂ ਅਮਰੀਕੀ ਸਰਮਾਏ ਵੱਲੋਂ ਨਿਰਦੇਸ਼ਤ ਕੀਤਾ ਜਾਵੇ। ਭਾਰਤੀ ਸਰਕਾਰ ਦੀ ਥਾਪੀ ਪ੍ਰਾਪਤ ਸਾਮਰਾਜੀ ਅਜਾਰੇਦਾਰੀਆਂ ਤੇ ਅਜਿਹੇ ਸਾਂਝੇ ਕਾਰੋਬਾਰ ਉਦੋਂ ਤੋਂ ਹੀ ਭਾਰਤ ਅੰਦਰ ਆਮ ਵਰਤਾਰਾ ਹਨ। ਯਾਨੀ ਕਿ ਸਾਡੇ ਮੁਲਕ ਦਾ ਢਾਂਚਾ ਆਪਣੇ ਲੋਕਾਂ ਦੀ ਲੁੱਟ ਅਤੇ ਸਾਮਰਾਜੀਆਂ ਦੀ ਸੇਵਾ ਦੇ ਆਧਾਰ 'ਤੇ ਟਿਕਿਆ ਹੋਇਆ ਹੈ। ਤਾਂ ਹੀ ਤਾਂ ਅੰਗਰੇਜ਼ਾਂ ਦੇ ਜਾਣ ਬਾਅਦ ਨਾ ਖੇਤੀ ਤੇ ਨਾ ਸਨਅਤ ਨੇ ਅਸਰਯੋਗ ਤਰੱਕੀ ਕੀਤੀ, ਨਾ ਮੁਲਕ ਆਤਮਨਿਰਭਰ ਬਣਿਆ, ਨਾ ਲੋਕਾਂ ਲਈ ਰੁਜ਼ਗਾਰ ਤੇ ਖੁਸ਼ਹਾਲੀ ਦੇ ਰਾਹ ਖੁੱਲੇ। ਏਦੂੰ ਉਲਟ ਸਾਡੀ ਸੋਨੇ ਦੀ ਚਿੜੀ ਨੂੰ ਲੁੱਟਣ ਲਈ ਇੱਕ ਈਸਟ ਇੰਡੀਆ ਕੰਪਨੀ ਦੀ ਥਾਵੇਂ ਅਨੇਕਾਂ ਸਾਮਰਾਜੀ ਕੰਪਨੀਆਂ ਆ ਗਈਆਂ। 1947 ਤੋਂ ਬਦਲ ਬਦਲ ਕੇ ਰਾਜ ਕਰਦੀਆਂ ਆ ਰਹੀਆਂ ਸਿਆਸੀ ਪਾਰਟੀਆਂ ਨੇ ਇਸ ਪ੍ਰਬੰਧ ਨੂੰ ਕਾਇਮ ਰੱਖਿਆ ਤੇ ਵਧਾਇਆ। ਵੱਡੀਆਂ ਸਾਮਰਾਜੀ ਕੰਪਨੀਆਂ ਵੱਲੋਂ ਸਾਡੇ ਮੁਲਕ ਦੇ ਲੋਕਾਂ ਦੀ ਲੁੱਟ ਦੇ ਸਿਰ 'ਤੇ ਕਮਾਏ ਮੁਨਾਫਿਆਂ ਦੇ ਇਵਜਾਨੇ ਵਜੋਂ ਕੁਰਸੀਆਂ ਤੇ ਕਮਿਸ਼ਨਾਂ ਦੇ ਗੱਫੇ ਹਾਸਲ ਕੀਤੇ। ਅੰਗਰੇਜ਼ਾਂ ਦੇ ਵੇਲੇ ਤੋਂ ਤੁਰੀ ਆ ਰਹੀ ਖੇਤੀ ਤੇ ਸਨਅਤ ਦੀ ਮਾੜੀ ਹਾਲਤ ਕਾਇਮ ਰਹੀ। ਛੋਟੀ ਦੇਸੀ ਸਨਅਤ ਸਰਕਾਰੀ ਮਦਦ ਅਤੇ ਮੁੱਢਲੀਆਂ ਲੋੜਾਂ ਦੀ ਘਾਟ ਨਾਲ ਜੂਝਦੀ ਮਰਨ ਕਿਨਾਰੇ ਪਹੁੰਚ ਗਈ। ਇਹਨਾਂ ਹਾਲਤਾਂ ਅੰਦਰ ਨਵੇਂ ਰੁਜ਼ਗਾਰ ਦਾ ਪੈਦਾ ਹੋਣਾ ਅਸੰਭਵ ਸੀ। ਇਹਨਾਂ ਹਾਲਤਾਂ ਦਾ ਹੀ ਨਤੀਜਾ ਹੈ ਕਿ ਭਾਰਤ ਅੰਦਰ ਬੇਰੁਜ਼ਗਾਰੀ ਦਰ ਲਗਾਤਾਰ ਵਧ ਰਹੀ ਹੈ। ਪਿਛਲੇ ਵਿੱਤੀ ਸਾਲ ਦੌਰਾਨ ਇਹ ਦਰ 9.4 ਫੀਸਦੀ ਤੇ ਪਹੁੰਚ ਗਈ ਹੈ। ਭਾਰਤ ਦੀ ਕੁੱਲ ਕੰਮਕਾਜੀ ਵਸੋਂ ਦਾ ਸਿਰਫ਼ 46.5 ਫੀਸਦੀ ਰੁਜ਼ਗਾਰ 'ਤੇ ਹੈ। ਇਸ ਕਾਮਾ ਸ਼ਕਤੀ 'ਚੋਂ ਸਿਰਫ਼ 16.8 ਫੀਸਦੀ ਨੂੰ ਹੀ ਬਾਝਵੀਂ ਤਨਖਾਹ ਮਿਲਦੀ ਹੈ। ਪੇਂਡੂ ਖੇਤਰਾਂ 'ਚ ਤਾਂ ਬੱਝਵੀਂ ਤਨਖਾਹ ਹਾਸਲ ਕਰਨ ਵਾਲਾ ਹਿੱਸਾ ਸਿਰਫ਼ 10.8 ਫੀਸਦੀ ਹੈ। ਕਿਉਂਕਿ ਭਾਰਤੀ ਲੋਕਾਂ ਨੂੰ ਰੁਜ਼ਗਾਰ ਦੇਣ ਵਾਲੇ ਖੇਤੀ, ਸਨਅਤ ਤੇ ਸੇਵਾਵਾਂ ਦੇ ਖੇਤਰ ਲਗਾਤਾਰ ਹੋਰ ਵਧੇਰੇ ਸਾਮਰਾਜੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ, ਇਸ ਕਰਕੇ ਰੁਜ਼ਗਾਰ ਦੀ ਹਾਲਤ ਹਰ ਲੰਘਦੇ ਦਿਨ ਨਾਲ ਮਾੜੀ ਹੁੰਦੀ ਜਾ ਰਹੀ ਹੈ। ਸਾਮਰਾਜੀ ਕੰਪਨੀਆਂ ਵਿੱਚ ਅਤੇ ਸਾਮਰਾਜੀਆਂ ਵੱਲੋਂ ਨਿਰਦੇਸ਼ਤ ਕੀਤੀਆਂ ਨੀਤੀਆਂ ਤਹਿਤ ਭਾਰਤੀ ਰੁਜ਼ਗਾਰ (ਜਿਵੇਂ ਠੇਕਾ ਆਧਾਰਿਤ ਰੁਜ਼ਗਾਰ) ਕਿਰਤੀਆਂ ਦੀ ਬੇਹਿਸਾਬ ਲੁੱਟ 'ਤੇ ਟਿਕਿਆ ਹੋਇਆ ਹੈ। ਨਿਗੂਣੀਆਂ ਤਨਖਾਹਾਂ ਉੱਪਰ ਬੇਹਿਸਾਬ ਕੰਮ ਕਰਦੇ ਠੇਕਾ ਕਰਮਚਾਰੀ ਆਰਥਿਕ, ਸਰੀਰਕ ਤੇ ਸਮਾਜਿਕ ਲੁੱਟ ਦਾ ਸ਼ਿਕਾਰ ਹਨ। ਮਨੁੱਖੀ ਮਿਹਨਤ ਸ਼ਕਤੀ ਦੀ ਇਸ ਲੁੱਟ ਦੇ ਨਾਲ ਨਾਲ ਹੀ ਸਾਡੇ ਮੁਲਕ ਦੀ ਜ਼ਮੀਨ, ਜੰਗਲ, ਖਣਿਜ ਪਦਾਰਥ, ਪਾਣੀ ਅਤੇ ਹੋਰ ਕੁਦਰਤੀ ਸੋਮੇ ਵੀ ਲੁੱਟਣ ਲਈ ਪੇਸ਼ ਕੀਤੇ ਜਾ ਚੁੱਕੇ ਹਨ। ਹਰ ਖੇਤਰ ਅੰਦਰ ਭਾਰਤੀ ਲੋਕ ਵੱਡੀ ਸਾਮਰਾਜੀ ਲੁੱਟ ਦਾ ਸ਼ਿਕਾਰ ਬਣੇ ਹੋਏ ਹਨ। ਦੂਜੇ ਪਾਸੇ ਲੋਕਾਂ ਦੀ ਮਿਹਨਤ ਸ਼ਕਤੀ ਅਤੇ ਭਾਰਤੀ ਸਾਧਨਾਂ ਦੀ ਲੁੱਟ ਕਰਕੇ ਹਾਸਲ ਕੀਤਾ ਪੈਸਾ ਵੱਡੀਆਂ ਕੰਪਨੀਆਂ ਨੂੰ ਮੁਨਾਫ਼ੇ ਦੇਣ ਲਈ ਵਰਤਿਆ ਜਾ ਰਿਹਾ ਹੈ। ਭਾਰਤੀ ਖਜ਼ਾਨੇ ਦਾ ਮੂੰਹ ਭਾਰਤੀ ਲੋਕਾਂ ਲਈ ਬੰਦ ਹੈ ਪਰ ਸਾਮਰਾਜੀ ਮਾਲਕਾਂ ਅਤੇ ਉਹਨਾਂ ਦੇ ਭਾਰਤੀ ਵਫਾਦਾਰਾਂ ਲਈ ਖੁੱਲਾ ਹੈ। ਇਕੱਲੇ 27 ਸਪੈਕਟਰਮ ਘੁਟਾਲੇ ਤੋਂ ਰਿਲਾਇੰਸ, ਸਵਾਨ ਵਰਗੀਆਂ ਕੰਪਨੀਆਂ ਨੂੰ 1 ਲੱਖ 72 ਹਜ਼ਾਰ ਕਰੋੜ ਰੁਪਏ ਦਾ ਫਾਇਦਾ ਪਹੁੰਚਿਆ ਹੈ। ਇਹ ਲੋਕ ਦੋਖੀ ਪ੍ਰਬੰਧ ਹੀ ਸਾਡੇ ਮੁਲਕ ਅੰਦਰ ਵੱਡੀ ਪੱਧਰ 'ਤੇ ਫੈਲੀ ਬੇਰੁਜ਼ਗਾਰੀ ਲਈ ਦੋਸ਼ੀ ਹੈ।
ਬੇਰੁਜ਼ਗਾਰੀ ਲਈ ਜ਼ਿੰਮੇਵਾਰ ਪ੍ਰਬੰਧ
ਸਾਡੇ ਮੁਲਕ ਅੰਦਰ ਵੱਡੇ ਪੱਧਰ 'ਤੇ ਰੁਜ਼ਗਾਰ ਨੂੰ ਵੱਜੇ ਬੰਨH ਦਾ ਕਾਰਨ ਇਹ ਹੈ ਕਿ ਰੁਜ਼ਗਾਰ ਪੈਦਾ ਕਰਨ ਵਾਲੇ ਤਿੰਨੇ ਮੁੱਖ ਸੋਮੇ - ਖੇਤੀ, ਸਨਅਤ ਅਤੇ ਸੇਵਾਵਾਂ ਦੀ ਢਲਾਈ ਸਾਡੇ ਦੇਸ਼ ਦੀਆਂ ਲੋੜਾਂ ਨਾਲੋਂ ਤੋੜ ਕੇ ਵੱਡੀਆਂ ਬਹੁਕੌਮੀ ਕੰਪਨੀਆਂ ਤੇ ਅਮਰੀਕਾ ਵਰਗੇ ਸਾਮਰਾਜੀ ਮੁਲਕਾਂ ਦੇ ਹਿਤਾਂ ਅਤੇ ਆਦੇਸ਼ਾਂ ਅਨੁਸਾਰ ਕੀਤੀ ਜਾ ਰਹੀ ਹੈ। ਸਾਮਰਾਜੀ ਹਿਤ ਇਹ ਮੰਗ ਕਰਦੇ ਹਨ ਕਿ ਸਾਡੇ ਦੇਸ਼ ਵਿੱਚ ਮੌਜੂਦ ਬੇਥਾਹ ਮਨੁੱਖਾ ਸ਼ਕਤੀ ਦੀ ਥਾਵੇਂ ਵਿਦੇਸ਼ਾਂ 'ਚ ਬਣੀ ਮਸ਼ੀਨਰੀ ਦੀ ਵਰਤੋਂ ਹੋਵੇ। ਇਸ ਮਸ਼ੀਨਰੀ ਤੇ ਤਕਨੀਕ ਨੂੰ ਸਾਡੇ ਮੁਲਕ ਅੰਦਰ ਮਹਿੰਗੀਆਂ ਕੀਮਤਾਂ 'ਤੇ ਦਰਾਮਦ ਕਰਕੇ ਆਪਣੇ ਮੁਨਾਫ਼ੇ ਸੁਰੱਖਿਅਤ ਕਰਨ ਦੀ ਲੋੜ 'ਚੋਂ ਉਹ ਸਾਡੀ ਵਸੋਂ ਨੂੰ ਮਨੁੱਖੀ ਕਿਰਤ ਸ਼ਕਤੀ ਵਜੋਂ ਤਸਲੀਮ ਕਰਨ ਦੀ ਥਾਵੇਂ ਮੁਲਕ ਦੀ ਤਰੱਕੀ ਵਿੱਚ ਰੁਕਾਵਟ ਵਜੋਂ ਪੇਸ਼ ਕਰਦੇ ਹਨ। ਸਸਤੀ ਮਨੁੱਖੀ ਕਿਰਤ ਦੀ ਥਾਂ 'ਤੇ ਮਹਿੰਗੀ ਵਿਦੇਸ਼ੀ ਤਕਨੀਕ ਅਤੇ ਮਸ਼ੀਨਰੀ ਜਦੋਂ ਸਾਡੇ ਦੇਸ਼ ਵਿੱਚ ਵਰਤੀ ਜਾਂਦੀ ਹੈ ਤਾਂ ਹਜ਼ਾਰਾਂ ਲੱਖਾਂ ਹੱਥ ਕੰਮ ਖੁਣੋਂ ਵਿਹਲੇ ਹੋ ਜਾਂਦੇ ਹਨ। ਇੱਕ ਕੰਪਿਊਟਰ ਵੀਹ ਆਦਮੀਆਂ ਨੂੰ ਬੇਕਾਰ ਬਣਾ ਧਰਦਾ ਹੈ। ਵੀਹ ਆਦਮੀਆਂ ਦੀ ਆਮਦਨ ਇੱਕ ਕੰਪਿਊਟਰ ਖਰੀਦਣ 'ਤੇ ਖਰਚ ਹੋ ਜਾਂਦੀ ਹੈ।
ਖੇਤੀ ਪ੍ਰਧਾਨ ਦੇਸ਼ ਹੋਣ ਦੇ ਬਾਵਜੂਦ ਸਾਡੇ ਦੇਸ਼ ਦੀ ਖੇਤੀ ਡੂੰਘੇ ਸੰਕਟ ਦੀ ਸ਼ਿਕਾਰ ਹੈ। ਜਗੀਰਦਾਰੀ, ਸੂਦਖੋਰੀ, ਰੇਹਾਂ-ਤੇਲਾਂ-ਬੀਜਾਂ-ਸਪਰੇਆਂ ਦੇ ਖੇਤਰ ਵਿੱਚ ਵਿਦੇਸ਼ੀ ਕੰਪਨੀਆਂ ਦੀ ਅੰਨੀ ਲੁੱਟ, ਸਰਕਾਰੀ ਕਰਜ਼ਿਆਂ ਅਤੇ ਸਬਸਿਡੀਆਂ ਦੀ ਅਣਹੋਂਦ, ਪੈਦਾਵਾਰ ਦੇ ਪਛੜੇ ਢੰਗਾਂ ਅਤੇ ਮਾੜੇ ਖਰੀਦ ਪ੍ਰਬੰਧਾਂ ਕਰਕੇ ਇਹ ਮੁੱਖ ਖੇਤਰ ਸਿਰੇ ਦੇ ਮੰਦੇ ਹਾਲ ਵਿੱਚ ਹੈ, ਜਿਸ ਕਰਕੇ ਇਹਦੇ ਤੋਂ ਸਿੱਧੇ ਜਾਂ ਅਸਿੱਧੇ ਰੂਪ 'ਚ ਰੁਜ਼ਗਾਰ ਹਾਸਲ ਕਰਨ ਵਾਲੀ ਬਹੁਗਿਣਤੀ ਜਨਤਾ ਵੀ ਮੰਦਹਾਲੀ ਅਤੇ ਬੇਰੁਜ਼ਗਾਰੀ ਦਾ ਸ਼ਿਕਾਰ ਬਣ ਰਹੀ ਹੈ। ਖੇਤੀ 'ਤੇ ਨਿਰਭਰ 80 ਫੀਸਦੀ ਲੋਕ ਗੁਜ਼ਾਰੇ ਜੋਗੀ ਆਮਦਨ ਤੋਂ ਵੀ ਵਾਂਝੇ ਹਨ। ਪਿੰਡਾਂ ਅੰਦਰ ਬੇਰੁਜ਼ਗਾਰਾਂ ਦੀਆਂ ਭੀੜਾਂ ਹਨ। ਖੇਤੀ 'ਚੋਂ ਬਾਹਰ ਹੋਏ ਇਹਨਾਂ ਲੋਕਾਂ ਨੂੰ ਨਾ ਸ਼ਹਿਰਾਂ ਦੇ ਲੇਬਰ ਚੌਂਕ ਝੱਲਦੇ ਹਨ ਤੇ ਨਾ ਕਾਰਖਾਨੇ।
ਰੁਜ਼ਗਾਰ ਦਾ ਦੂਜਾ ਵੱਡਾ ਖੇਤਰ – ਸਨਅਤ ਸਾਡੇ ਦੇਸ਼ ਅੰਦਰ ਜਨਮਜਾਤ ਅਪਾਹਜ ਹੈ। ਐਨ ਮੁੱਢ ਤੋਂ, ਇਹ ਆਪਣੀ ਮਸ਼ੀਨਰੀ ਤੇ ਤਕਨੀਕ ਲਈ ਵਿਦੇਸ਼ਾਂ ਉਪਰ ਨਿਰਭਰ ਤੁਰੀ ਆਉਂਦੀ ਹੈ। ਇਹਦੇ ਅੰਦਰ ਵਰਤੀ ਜਾਂਦੀ ਮਸ਼ੀਨਰੀ ਵਿਦੇਸ਼ੀ ਹੋਣ ਕਰਕੇ, ਵਿਦੇਸ਼ਾਂ ਵਿੱਚ ਤਾਂ ਰੁਜ਼ਗਾਰ ਨੂੰ ਹੁਲਾਰਾ ਦਿੰਦੀ ਹੈ, ਪਰ ਸਾਡੇ ਆਪਣੇ ਮੁਲਕ ਅੰਦਰ ਬੇਰੁਜ਼ਗਾਰੀ ਕਾਇਮ ਰੱਖਦੀ ਹੈ। ਇਸ ਮਸ਼ੀਨਰੀ ਦੀ ਮੁਰੰਮਤ, ਸਾਂਭ-ਸੰਭਾਲ ਤੇ ਲੋੜੀਂਦੇ ਫੇਰਬਦਲ ਲਈ ਵੀ ਵਿਦੇਸ਼ੀ ਕਾਰੀਗਰ ਹੀ ਲੋੜੀਂਦੇ ਹਨ। ਜਿੱਥੋਂ ਤੱਕ ਛੋਟੀ ਸਨਅਤ ਦਾ ਸੁਆਲ ਹੈ, ਜੀਹਨੇ ਥਾਂ ਥਾਂ ਖੁੱਲੇ ਕਾਰਖਾਨਿਆਂ ਦੇ ਸਿਰ 'ਤੇ ਨੇੜਲੀ ਵਸੋਂ ਦੀਆਂ ਲੋੜਾਂ ਦੀ ਪੂਰਤੀ ਕਰਨੀ ਹੁੰਦੀ ਹੈ, ਉਹ ਭਾਰੀ ਟੈਕਸਾਂ-ਕਰਾਂ-ਡਿਊਟੀਆਂ ਅਤੇ ਬੁਨਿਆਦੀ ਸਾਜੋ ਸਮਾਨ, ਬਿਜਲੀ ਦੀ ਅੱਤ ਦੀ ਮਹਿੰਗਾਈ ਕਾਰਨ ਮਰਨ ਕਿਨਾਰੇ ਹੈ। ਸਾਈਕਲ ਇੰਡਸਟਰੀ 'ਚੋਂ ਅਨੇਕਾਂ ਮਜ਼ਦੂਰਾਂ ਦੀ ਛਾਂਟੀ ਹੋ ਚੁੱਕੀ ਹੈ। ਛੋਟੀ ਸਨਅਤ ਨੂੰ ਸਰਕਾਰੀ ਸਬਸਿਡੀਆਂ ਅਤੇ ਸਹਾਇਤਾ ਤੋਂ ਵਾਂਝੇ ਕਰਕੇ ਸਰਕਾਰ ਦੀ ਨੀਤੀ ਵਿਦੇਸ਼ੀ ਬਹੁਕੌਮੀ ਕੰਪਨੀਆਂ ਦੀਆਂ ਰਿਆਇਤਾਂ ਤੇ ਫਾਇਦੇ ਸੁਰੱਖਿਅਤ ਕਰਨ ਦੀ ਹੈ। ਸਰਕਾਰ ਵੱਲੋਂ ਵਿਕਾਸ ਦੇ ਮਾਰਗ ਵਜੋਂ ਪੇਸ਼ ਕੀਤੇ ਜਾ ਰਹੇ 'ਸਪੈਸ਼ਲ ਇਕਨੌਮਿਕ ਜ਼ੋਨ' ਘਰੇਲੂ ਸਨਅਤ ਦੀ ਬਰਬਾਦੀ ਦੇ ਸਿਰ 'ਤੇ ਸਾਮਰਾਜੀਆਂ ਨੂੰ ਦਿੱਤੀਆਂ ਅਥਾਹ ਛੋਟਾਂ ਦੀ ਉੱਘੜਵੀਂ ਮਿਸਾਲ ਹੈ। ਇਹਨਾਂ ਜ਼ੋਨਾਂ ਅੰਦਰ ਕੋਈ ਕਿਰਤ ਕਾਨੂੰਨ ਲਾਗੂ ਨਹੀਂ ਹੁੰਦਾ, ਇਹਨਾਂ ਕੰਪਨੀਆਂ ਨੂੰ ਟੈਕਸ, ਚੁੰਗੀ ਕਰਾਂ ਤੋਂ ਭਾਰੀ ਛੋਟਾਂ ਦਿੱਤੀਆਂ ਜਾਂਦੀਆਂ ਹਨ। ਦਰਾਮਦ-ਬਰਾਮਦ ਡਿਊਟੀਆਂ ਕੱਟੀਆਂ ਜਾਂਦੀਆਂ ਹਨ। ਕੱਚੇ ਮਾਲ, ਪਾਣੀ, ਬਿਜਲੀ ਦੀ ਸਪਲਾਈ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ। ਛੱਤੀਸਗੜ 'ਚੋਂ ਖੁਦਾਈ ਰਾਹੀਂ ਕੱਢੇ ਜਾ ਰਹੇ ਲੋਹੇ 'ਚੋਂ ਸਭ ਤੋਂ ਵਧੀਆ ਕਵਾਲਿਟੀ ਦਾ ਲੋਹਾ 400 ਰੁ. ਪ੍ਰਤੀ ਟਨ ਦੇ ਹਿਸਾਬ ਨਾਲ ਜਾਪਾਨ ਭੇਜਿਆ ਜਾਂਦਾ ਹੈ। ਵਿਦੇਸ਼ੀ ਕੰਪਨੀਆਂ ਨਾਲ ਸਹੀਬੰਦ ਹੋਏ ਨਵੇਂ ਸਮਝੌਤੇ ਮੁਤਾਬਕ ਇਹ ਲੋਹਾ ਉਹਨਾਂ ਨੂੰ 50 ਰੁ. ਪ੍ਰਤੀ ਟਨ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਸਥਾਨਕ ਦੇਸੀ ਕਾਰਖਾਨੇਦਾਰ ਇਹੀ ਲੋਹਾ 5800 ਰੁ. ਪ੍ਰਤੀ ਟਨ ਦੇ ਹਿਸਾਬ ਖਰੀਦਦੇ ਹਨ। ਝਾਰਖੰਡ ਅੰਦਰ 2005 ਵਿੱਚ ਸਰਕਾਰ ਵੱਲੋਂ ਆਰਸਲਰ ਮਿੱਤਲ ਨਾਲ ਹੋਏ ਸਮਝੌਤੇ ਮੁਤਾਬਕ ਉਹਨੂੰ ਉਸਦੇ ਪ੍ਰਾਜੈਕਟ ਲਈ 25 ਹਜ਼ਾਰ ਏਕੜ ਜ਼ਮੀਨ ਤੇ 20 ਹਜ਼ਾਰ ਯੂਨਿਟ ਪ੍ਰਤੀ ਘੰਟਾ ਪਾਣੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਏਨੀ ਵੱਡੀ ਪੱਧਰ 'ਤੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਸਰਕਾਰ ਨੇ ਕੋਇਲ ਕਾਰੋ ਦਰਿਆ 'ਤੇ ਬੰਨH ਮਾਰਕੇ ਮੈਗਾ ਪ੍ਰਾਜੈਕਟ ਦੀ ਉਸਾਰੀ ਸ਼ੁਰੂ ਕੀਤੀ। 256 ਪਿੰਡ ਇਸ ਖਾਤਰ ਉਜਾੜ ਦਿੱਤੇ ਗਏ। 10 ਲੱਖ ਲੋਕ ਬੇਘਰ ਹੋ ਗਏ। ਐਕੁਆਇਰ ਕੀਤੀ ਜ਼ਮੀਨ 'ਚੋਂ 12 ਹਜ਼ਾਰ ਏਕੜ ਵਾਹੀਯੋਗ ਸੀ ਤੇ 10 ਹਜ਼ਾਰ ਏਕੜ ਉੱਪਰ ਜੰਗਲ ਸੀ। ਦੂਜੇ ਪਾਸੇ, ਸਿਰਫ਼ ਬਿਜਲੀ ਦੀ ਕਿੱਲਤ ਕਾਰਨ ਆਏ ਸਾਲ ਅਨੇਕਾਂ ਘਰੇਲੂ ਕਾਰਖਾਨੇ ਬੰਦ ਹੋ ਜਾਂਦੇ ਹਨ। ਜਿਹਨਾਂ ਕਾਰਖਾਨਿਆਂ ਨੇ ਖੇਤੀ ਕਾਰਨ ਬੇਰੁਜ਼ਗਾਰ ਹੋਈ (ਖੇਤੀ ਤੋਂ ਵਿਹਲੀ ਹੋਈ) ਵਸੋਂ ਨੂੰ ਸਾਂਭਣਾ ਸੀ, ਉਹਨਾਂ ਕਾਰਖਾਨਿਆਂ 'ਚੋਂ ਆਏ ਦਿਨ ਬਾਹਰ ਹੋ ਰਹੇ ਛਾਂਟੀ ਕੀਤੇ ਕਾਮੇ ਬੇਰੁਜ਼ਗਾਰਾਂ ਦੀ ਭੀੜ 'ਚ ਵਾਧਾ ਕਰ ਰਹੇ ਹਨ। 2009 ਦੇ ਸਨਅਤੀ ਮੰਦਵਾੜੇ ਕਾਰਨ ਉੱਤਰੀ ਭਾਰਤ ਦੀ ਕੱਪੜਾ ਸਨਅਤ 'ਚੋਂ ਹਜ਼ਾਰਾਂ ਮਜ਼ਦੂਰ ਬੇਕਾਰ ਹੋ ਗਏ। ਮੰਡੀ ਗੋਬਿੰਦਗੜ ਦੀਆਂ 40 ਰੋਲਿੰਗ ਸਟੀਲ ਇਕਾਈਆਂ ਬੰਦ ਹੋ ਗਈਆਂ। ਲੁਧਿਆਣੇ ਦੀ ਸਾਈਕਲ ਸਨਅਤ 'ਚੋਂ ਵੱਡੀ ਪੱਧਰ 'ਤੇ ਡੇਲੀ ਵੇਜ ਲੇਬਰ ਦੀ ਛਾਂਟੀ ਹੋ ਗਈ।
ਰੁਜ਼ਗਾਰ ਦਾ ਤੀਜਾ ਵੱਡਾ ਖੇਤਰ ਸੇਵਾਵਾਂ ਦਾ ਬਣਦਾ ਹੈ, ਜਿਸ ਅੰਦਰ ਸਿਹਤ, ਸਿੱਖਿਆ, ਸੰਚਾਰ, ਟਰਾਂਸਪੋਰਟ ਆਦਿ ਆਉਂਦੇ ਹਨ। ਇਸ ਖੇਤਰ ਅੰਦਰ ਵੀ ਸਰਕਾਰੀ ਨਿਵੇਸ਼ ਦਾ ਮੁਕੰਮਲ ਭੋਗ ਪਾਉਣ ਦੀ ਹਕੂਮਤੀ ਨੀਤੀ ਪੂਰੇ ਜੋਰ-ਸ਼ੋਰ ਨਾਲ ਲਾਗੂ ਹੋ ਰਹੀ ਹੋ। ਇਸੇ ਨੀਤੀ ਕਰਕੇ ਬਿਜਲੀ ਬੋਰਡ, ਟੈਲੀਫੋਨ, ਟਰਾਂਸਪੋਰਟ, ਬੱਸ ਅੱਡੇ, ਹਸਪਤਾਲ, ਸਕੂਲ ਨਿੱਜੀਕਰਨ ਦੀ ਮਾਰ ਹੰਢਾ ਰਹੇ ਹਨ ਜਾਂ ਠੇਕੇਦਾਰੀਕਰਨ ਦੇ ਪ੍ਰਛਾਵੇਂ ਹੇਠ ਹਨ। ਇਹਨਾਂ ਅਦਾਰਿਆਂ ਵਿੱਚ ਪੱਕੀ ਸਰਕਾਰੀ ਭਰਤੀ ਲਗਭਗ ਬੰਦ ਹੈ। ਜੋ ਭਰਤੀ ਹੋ ਰਹੀ ਹੈ, ਉਹ ਠੇਕੇ ਉੱਪਰ 'ਤੇ ਬਹੁਤ ਸਖ਼ਤ ਸ਼ਰਤਾਂ ਤਹਿਤ ਕੀਤੀ ਜਾ ਰਹੀ ਹੈ। ਨਿਗੂਣੀਆਂ ਤਨਖਾਹਾਂ ਉੱਪਰ ਮਨੁੱਖੀ ਕਿਰਤ ਸ਼ਕਤੀ ਦੀ ਬੇਥਾਹ ਲੁੱਟ ਹੋ ਰਹੀ ਹੈ। ਰੁਜ਼ਗਾਰ ਸੁਰੱਖਿਆ 'ਤੇ ਕਾਟਾ ਫੇਰਨ ਵਾਲੇ ਨਿੱਤ ਨਵੇਂ ਕਾਨੂੰਨ ਲਿਆਂਦੇ ਜਾ ਰਹੇ ਹਨ। ਨਾਲ ਹੀ ਰੁਜ਼ਗਾਰ ਦੇ ਬਾਕੀ ਦੋਨਾਂ ਸੋਮਿਆਂ ਵਾਂਗ ਇਸ ਖੇਤਰ ਨੂੰ ਵੀ ਸਾਡੇ ਦੇਸ਼ ਅਤੇ ਲੋਕਾਂ ਦੀਆਂ ਲੋੜਾਂ ਨਾਲੋਂ ਤੋੜ ਕੇ ਬਹੁਕੌਮੀ ਸਾਮਰਾਜੀ ਕੰਪਨੀਆਂ ਦੀ ਰਜ਼ਾ ਮੁਤਾਬਕ ਢਾਲਿਆ ਜਾ ਰਿਹਾ ਹੈ। ਅਧਿਆਪਕਾਂ, ਸਿਹਤ ਕਾਮਿਆਂ, ਡਰਾਇਵਰਾਂ, ਮਕੈਨਿਕਾਂ, ਬਿਜਲੀ ਕਾਮਿਆਂ, ਡਾਕਟਰਾਂ ਦੀ ਥਾਵੇਂ ਬਹੁਕੌਮੀ ਕੰਪਨੀਆਂ ਦੇ ਇੰਜੀਨੀਅਰ, ਮੈਨੇਜਰ ਕਿਤੇ ਵੱਡੀਆਂ ਤਨਖਾਹਾਂ ਹਾਸਲ ਕਰਦੇ ਹਨ। ਲੋਕਾਂ ਦੀਆਂ ਲੋੜਾਂ ਦੀ ਪੂਰਤੀ ਕਰਨ ਵਾਲੇ ਸਾਰੇ ਖੇਤਰ ਕਿਰਤ ਸ਼ਕਤੀ ਦੀ ਥੁੜ ਹੰਢਾ ਰਹੇ ਹਨ। ਵਿਦੇਸ਼ੀ ਕੰਪਨੀਆਂ ਦੇ ਕਾਲ ਸੈਂਟਰ ਆਪਣਾ ਮਾਲ ਵੇਚਣ ਲਈ ਸਸਤੀ ਭਾਰਤੀ ਕਿਰਤ ਸ਼ਕਤੀ ਦੀ ਲੁੱਟ ਕਰਦੇ ਹਨ।
ਰੁਜ਼ਗਾਰ ਦੀ ਲੜਾਈ ਵੱਡੀ ਏਕਤਾ ਮੰਗਦੀ ਹੈ
ਏਸੇ ਕਰਕੇ ਅੱਜ ਦੇ ਸਮੇਂ ਅੰਦਰ ਪੱਕੇ ਰੁਜ਼ਗਾਰ ਦੀ ਮੰਗ ਦਾ ਮਤਲਬ ਬਣਦਾ ਹੈ – ਹਾਕਮ ਜਮਾਤਾਂ ਦੀਆਂ ਉਹਨਾਂ ਨੀਤੀਆਂ ਤੋਂ ਨਾਬਰੀ ਜਿਹਨਾਂ ਤਹਿਤ ਹਾਕਮਾਂ ਨੇ ਲੋਕਾਂ ਦੀ ਲੁੱਟ ਤੇ ਜੋਕਾਂ ਦੀ ਸੇਵਾ ਕਰਨੀ ਹੈ। ਜਿਹਨਾਂ ਨੀਤੀਆਂ ਤਹਿਤ ਸਾਡੇ ਦੇਸ਼ ਦੀ ਕੁੱਲ ਆਮਦਨ ਤੇ ਮਾਲ-ਖਜਾਨਿਆਂ ਨੂੰ ਸਾਮਰਾਜੀਆਂ ਦੇ ਹਜੂਰ 'ਚ ਪੇਸ਼ ਕਰਨਾ ਹੈ। ਤਾਂ ਹੀ ਰੁਜ਼ਗਾਰ ਦੀ ਬਹੁਤ ਸੁਭਾਵਿਕ ਮੰਗ ਸਰਕਾਰਾਂ ਨੂੰ ਏਨੀ ਖ਼ਤਰਨਾਕ ਜਾਪਦੀ ਹੈ। ਤਾਂ ਹੀ ਹਰ ਹਰਬਾ ਵਰਤ ਕੇ ਬੇਰੁਜ਼ਗਾਰਾਂ ਦੇ ਸੰਘਰਸ਼ਾਂ ਨੂੰ ਖਿੰਡਾਉਣ ਦੇ ਯਤਨ ਕੀਤੇ ਜਾਂਦੇ ਹਨ। ਕਦੇ ਲਾਰਿਆਂ ਨਾਲ, ਕਦੇ ਡੰਡੇ ਨਾਲ, ਕਦੇ 'ਪਾੜੋ ਤੇ ਰਾਜ' ਦੀ ਨੀਤੀ ਨਾਲ। ਕਦੇ ਜੰਮੂ ਤੇ ਪੰਜਾਬ ਤੇ ਈ.ਟੀ.ਟੀ. ਅਧਿਆਪਕਾਂ ਨੂੰ ਆਪੋ 'ਚ ਵੰਡ ਕੇ, ਕਦੇ ਰਿਜ਼ਰਵੇਸ਼ਨ ਤੇ ਜਨਰਲ ਵਾਲਿਆਂ ਨੂੰ ਇੱਕ ਦੂਜੇ ਦੇ ਵਿਰੋਧ 'ਚ ਖੜਾ ਕਰਕੇ ਤੇ ਕਦੇ ਬੀ.ਐੱਡ. ਤੇ ਈ.ਟੀ.ਟੀ. ਅਧਿਆਪਕਾਂ ਦੇ ਹਿੱਤਾਂ ਦਾ ਟਕਹਾਅ ਦਿਖਾਕੇ ਵਖਰੇਵਿਆਂ ਨੂੰ ਹਵਾ ਦਿੱਤੀ ਜਾਂਦੀ ਹੈ। ਹਰ ਹਾਲਤ ਵਿੱਚ ਲੋਕ ਧਰੋਹੀ ਨੀਤੀਆਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹਨਾਂ ਨੀਤੀਆਂ ਦੇ ਖ਼ਿਲਾਫ ਉੱਠਦੀ ਕੋਈ ਵੀ ਆਵਾਜ਼ ਭਾਰਤੀ ਹਾਕਮ ਜਮਾਤਾਂ ਲਈ ਵਿਹੁ ਵਰਗੀ ਹੈ। ਪਰ ਏਹੀ ਆਵਾਜ਼ ਭਾਰਤੀ ਲੋਕਾਂ ਦੀ ਮੁਕਤੀ, ਖੁਸ਼ਹਾਲੀ, ਸਵੈਨਿਰਭਰਤਾ ਤੇ ਰੁਜ਼ਗਾਰ ਦਾ ਰਾਹ ਹੈ।
ਇਸ ਕਰਕੇ ਰੁਜ਼ਗਾਰ ਲਈ ਸੰਘਰਸ਼ ਵੱਡੀ ਏਕਤਾ, ਤਿਆਰੀ, ਸਬਰ ਅਤੇ ਸਿਆਣਪ ਦੀ ਮੰਗ ਕਰਦਾ ਹੈ। ਆਪੋ ਵਿੱਚੀ ਵੰਡੇ ਹੋਏ ਵੱਖ-ਵੱਖ ਤਬਕਿਆਂ ਦੇ ਟੁੱਟਵੇਂ ਸੰਘਰਸ਼ਾਂ ਦੀ ਥਾਵੇਂ ਇੱਕਜੁੱਟ ਲਹਿਰ ਦੀ ਮੰਗ ਕਰਦਾ ਹੈ। ਰੁਜ਼ਗਾਰ ਦੇ ਹੱਕ 'ਤੇ ਹਮਲੇ ਨੂੰ ਸੀਮਤ ਪ੍ਰਸੰਗ ਵਿੱਚ ਦੇਖਣ ਦੀ ਥਾਵੇਂ ਸਮੁੱਚੇ ਲੋਕਾਂ ਉੱਪਰ ਨਵੀਆਂ ਆਰਥਿਕ ਨੀਤੀਆਂ ਦੇ ਹਮਲੇ ਦੇ ਅੰਗ ਵਜੋਂ ਦੇਖਣ ਦੀ ਮੰਗ ਕਰਦਾ ਹੈ। ਇਹਨਾਂ ਨੀਤੀਆਂ ਦੀ ਮਾਰ ਹੰਢਾ ਰਹੇ ਸਮਾਜ ਦੇ ਹੋਰਨਾਂ ਮਿਹਨਤਕਸ਼ ਲੋਕਾਂ ਤੇ ਇਹਨਾਂ ਨੀਤੀਆਂ ਦਾ ਵਿਰੋਧ ਕਰ ਰਹੇ ਹੋਰਨਾਂ ਸੰਘਰਸ਼ਸ਼ੀਲ ਤਬਕਿਆਂ ਨਾਲ ਸਾਂਝ ਪਾਉਣ ਦੀ ਮੰਗ ਕਰਦਾ ਹੈ। ਸਭਨਾਂ ਲਈ ਰੁਜ਼ਗਾਰ ਗਾਰੰਟੀ ਦੀ ਮੰਗ ਕਰਨ, ਬੇਰੁਜ਼ਗਾਰੀ ਭੱਤਾ ਦੇਣ, ਸਭਨਾਂ ਅਦਾਰਿਆਂ 'ਚ ਖਾਲੀ ਪਈਆਂ ਅਸਾਮੀਆਂ ਭਰਨ ਤੇ ਹੋਰ ਅਸਾਮੀਆਂ ਪੈਦਾ ਕਰਨ ਦੀਆਂ ਮੰਗਾਂ 'ਤੇ ਆਵਾਜ਼ ਬੁਲੰਦ ਕਰਦਿਆਂ ਜਨਤਕ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਨ, ਰੁਜ਼ਗਾਰ ਉਜਾੜਾ ਕਰਨ ਵਾਲੀਆਂ ਨਿੱਜੀਕਰਨ ਤੇ ਵਪਾਰੀਕਰਨ ਦੀਆਂ ਨੀਤੀਆਂ ਰੱਦ ਕਰਨ, ਵਿਦੇਸ਼ੀ ਤਕਨੀਕ ਤਿਆਗ ਕੇ ਦੇਸੀ ਸਨਅਤ ਦਾ ਪਸਾਰਾ ਕਰਨ, ਸਾਮਰਾਜੀ ਬਹੁਕੌਮੀ ਕੰਪਨੀਆਂ ਨਾਲ ਹੋਏ ਕੌਮ ਧਰੋਹੀ ਸਮਝੌਤੇ ਰੱਦ ਕਰਨ, ਮੁਲਕ ਦੇ ਧਨ ਦੌਲਤ ਤੇ ਵਸੀਲੇ ਲੋਕ ਹਿੱਤਾਂ ਲਈ ਵਰਤਣ ਤੇ ਸਰਕਾਰੀ ਖਜ਼ਾਨੇ ਦਾ ਮੂੰਹ ਲੋਕਾਂ ਦੀ ਸੇਵਾ 'ਚ ਖੋਲਣ ਦੀਆਂ ਮੰਗਾਂ ਉਭਾਰਨ ਦੀ ਮੰਗ ਕਰਦਾ ਹੈ। ਇਹਨਾਂ ਮੰਗਾਂ ਦੀ ਪੂਰਤੀ ਲਈ ਸਾਂਝੇ ਸੰਘਰਸ਼ਾਂ ਦੇ ਰਾਹ 'ਤੇ ਚਲਦਿਆਂ ਹੀ ਰੁਜ਼ਗਾਰ ਲਈ ਲੜਾਈ ਜਿੱਤੀ ਜਾ ਸਕਦੀ ਹੈ।

Sunday, 31 July 2011

31 ਜੁਲਾਈ, ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼

ਸਾਮਰਾਜੀ ਦਾਬੇ ਨੂੰ ਕੌਮੀ ਵੰਗਾਰ ਦਾ ਚਿੰਨ : ਸ਼ਹੀਦ ਊਧਮ ਸਿੰਘ

     ਬਰਤਾਨਵੀ ਸਾਮਰਾਜ ਦੀ ਲੁੱਟ ਤੇ ਦਾਬੇ ਤੋਂ ਮੁਕਤੀ ਲਈ ਸਾਡੀ ਕੌਮ ਦੀ ਜਦੋਜਹਿਦ 'ਚ ਮੁਲਕ ਦੇ ਨੌਜਵਾਨਾਂ ਦਾ ਮੋਹਰੀ ਰੋਲ ਰਿਹਾ ਹੈ। ਮੁਲਕ ਦੀ ਜਵਾਨੀ ਨੇ ਜ਼ਾਲਮ ਅੰਗਰੇਜ਼ੀ ਸਾਮਰਾਜ ਦੇ ਜ਼ੁਲਮਾਂ ਦੀ ਪੀੜ ਸਹਿ ਰਹੀ ਮੁਲਕ ਦੀ ਲੋਕਾਈ ਨੂੰ ਝੰਜੋੜ ਕੇ ਜਗਾਉਣ ਲਈ ਆਪਣੀਆਂ ਜ਼ਿੰਦਗੀਆਂ ਵਾਰੀਆਂ। ਕੌਮੀ ਮੁਕਤੀ ਲਹਿਰ 'ਚ ਨੌਜਵਾਨ ਭਾਰਤ ਸਭਾ ਦੇ ਝੰਡੇ ਹੇਠ ਇਕੱਠੇ ਹੋ ਕੇ ਜੂਝਦੇ ਨੌਜਵਾਨਾਂ ਦੀਆਂ ਕੁਰਬਾਨੀਆਂ ਦੀ ਲੰਮੀ ਗਾਥਾ ਹੈ। ਇਹਨਾਂ 'ਚ ਸ਼ਹੀਦ ਊਧਮ ਸਿੰਘ ਉਭਰਵਾਂ ਨਾਮ ਹੈ।

     ਸ਼ਹੀਦ ਊਧਮ ਸਿੰਘ ਦਾ ਜੀਵਨ ਜਲਿਆਂਵਾਲੇ ਬਾਗ ਦੇ ਕਤਲੇਆਮ ਦੇ ਦੋਸ਼ੀ ਮਾਈਕਲ ਉਡਵਾਇਰ ਨੂੰ ਚਿੱਤ ਕਰਕੇ, ਨਿਰਦੋਸ਼ ਲੋਕਾਂ ਦੇ ਕਤਲਾਂ ਤੇ ਕੌਮ ਦੇ ਅਪਮਾਨ ਦਾ ਬਦਲਾ ਲੈਣ ਤੱਕ ਹੀ ਸੀਮਤ ਨਹੀਂ ਹੈ ਸਗੋਂ ਉਹਦੀ ਪੂਰੀ ਜੀਵਨ ਸਰਗਰਮੀ ਤੇ ਇਨਕਲਾਬੀ ਵਿਚਾਰ ਅਜਿਹੀ ਰੌਸ਼ਨੀ ਵੰਡਦੇ ਹਨ ਜਿੰਨਾਂ ਤੋਂ ਅੱਜ ਦੀ ਨੌਜਵਾਨ ਪੀੜੀ ਨੂੰ ਆਪਣੀ ਬਣਦੀ ਇਨਕਲਾਬੀ ਭੂਮਿਕਾ ਨਿਭਾਉਣ ਦੀ ਪ੍ਰੇਰਨਾ ਮਿਲਦੀ ਹੈ।
     ਊਧਮ ਸਿੰਘ ਦਾ ਜਨਮ ਸੁਨਾਮ ਦੇ ਇਕ ਗਰੀਬ ਪਰਿਵਾਰ 'ਚ 26 ਦਸੰਬਰ 1899 ਨੂੰ ਹੋਇਆ। ਊਧਮ ਸਿੰਘ ਦੋ ਵਰਿਆਂ ਦਾ ਸੀ ਜਦੋਂ ਉਹਦੀ ਮਾਂ ਗੁਜ਼ਰ ਗਈ। ਥੋੜੀ ਜਿਹੀ ਜ਼ਮੀਨ ਤੇ ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ ਸੀ। ਕੰਮ ਦੀ ਭਾਲ 'ਚ ਉਹਦਾ ਬਾਪ ਆਪਣੇ ਦੋਨਾਂ ਲੜਕਿਆਂ ਵੱਡੇ ਸਾਧੂ ਸਿੰਘ ਤੇ ਛੋਟੇ ਊਧਮ ਸਿੰਘ ਨਾਲ ਅੰਮ੍ਰਿਤਸਰ ਆ ਗਿਆ। ਏਥੇ ਆਉਣ ਸਾਰ ਹੀ ਬਿਮਾਰ ਪੈ ਗਿਆ ਤੇ ਗੁਜ਼ਰ ਗਿਆ। ਸੱਤ ਤੇ ਪੰਜ ਸਾਲ ਦੀ ਉਮਰ ਦੇ ਦੋਨੋਂ ਭਰਾ ਯਤੀਮ ਹੋ ਗਏ। ਕੁਝ ਸਮਾਂ ਟੱਪਰੀਵਾਸਾਂ ਕੋਲ ਰਹੇ, ਫਿਰ ਕਿਸੇ ਨੇ ਯਤੀਮਖਾਨੇ ਭਰਤੀ ਕਰਵਾ ਦਿੱਤੇ। ਇਥੇ ਹੀ ਉਹਨਾਂ ਮੁੱਢਲੀ ਵਿੱਦਿਆ ਹਾਸਲ ਕੀਤੀ। ਕੁਝ ਸਮੇਂ ਬਾਅਦ ਵੱਡਾ ਭਰਾ ਸਾਧੂ ਸਿੰਘ ਵੀ ਗੁਜ਼ਰ ਗਿਆ। ਮੌਤ ਦੇ ਇਹਨਾਂ ਝਟਕਿਆਂ 'ਚੋਂ ਗੁਜ਼ਰਦੇ ਊਧਮ ਸਿੰਘ ਦੇ ਸਖ਼ਤ ਘਾਲਣਾ ਭਰੇ ਬਚਪਨ ਨੇ ਹੀ ਉਹਨੂੰ ਜ਼ਿੰਦਗੀ ਦੇ ਅਰਥਾਂ ਨੂੰ ਜਾਨਣ ਸਮਝਣ ਦੇ ਰਾਹ ਤੋਰਿਆ। ਉਹਦੀ ਬਚਪਨ ਦੀ ਅਜਿਹੀ ਹਾਲ਼ਤ ਨੇ ਉਹਨੂੰ ਬੇਹੱਦ ਮੁਸ਼ਕਿਲ ਸਮਿਆਂ 'ਚ ਨਿਭਣਯੋਗ ਬਣਾਇਆ।
     13 ਅਪ੍ਰੈਲ 1919 ਨੂੰ ਜਦੋਂ ਲੋਕ ਜਲਿਆਂਵਾਲੇ ਬਾਗ 'ਚ ਇਕੱਠੇ ਹੋਏ ਤਾਂ ਇਹ ਉਹ ਸਮਾਂ ਸੀ ਜਦੋਂ ਅੰਗਰੇਜ਼ਾਂ ਵੱਲੋਂ ਬਣਾਏ ਕਾਲ਼ੇ ਕਾਨੂੰਨ ਰੋਲਟ ਐਕਟ ਖਿਲਾਫ਼ ਵਿਰੋਧ ਲਹਿਰ ਚੱਲ ਰਹੀ ਸੀ, ਲੋਕ ਥਾਂ-ਥਾਂ ਸੜਕਾਂ ਤੇ ਨਿਕਲ ਰਹੇ ਸਨ। ਅੰਗਰੇਜ਼ਾਂ ਦੇ ਜ਼ੁਲਮਾਂ ਦੀ ਹਨੇਰੀ ਝੁੱਲ ਰਹੀ ਸੀ। ਅੰਗਰੇਜ਼ਾਂ ਦੀਆਂ ਚਾਲਾਂ ਨੂੰ ਫੇਲ ਕਰਦਿਆਂ ਲੋਕਾਂ 'ਚ ਫਿਰਕੂ ਸਦਭਾਵਨਾ ਤੇ ਏਕਤਾ ਦਾ ਪਸਾਰਾ ਹੋ ਰਿਹਾ ਸੀ ਤੇ ਅੰਗਰੇਜ਼ ਹਾਕਮਾਂ ਖਿਲਾਫ਼ ਨਫ਼ਰਤ ਤਿੱਖੀ ਹੋ ਰਹੀ ਸੀ। ਵੱਖ-2 ਫਿਰਕਿਆਂ ਦੇ ਲੋਕਾਂ ਨੇ ਵਿਸਾਖੀ ਮੌਕੇ ਰਲ਼ ਕੇ ਛਬੀਲਾਂ ਲਾਈਆਂ ਸਨ। ਜਲਿਆਂਵਾਲੇ ਬਾਗ 'ਚ ਹੋ ਰਹੇ ਜਲਸੇ 'ਤੇ ਜਦੋਂ ਜਨਰਲ ਡਾਇਰ ਨੇ ਆ ਕੇ ਗੋਲ਼ੀਆਂ ਦੀ ਵਾਛੜ ਕੀਤੀ ਤਾਂ ਉਦੋਂ ਊਧਮ ਸਿੰਘ ਅਜਿਹੀ ਹੀ ਛਬੀਲ ਤੇ ਸੇਵਾ ਕਰ ਰਿਹਾ ਸੀ। ਇਸ ਖੂਨੀ ਕਾਂਡ ਨੂੰ ਉਹਨੇ ਅੱਖੀਂ ਤੱਕਿਆ। ਬਾਗ ਦਾ ਇਕੋ ਇੱਕ ਰਸਤਾ ਸਿਪਾਹੀਆਂ ਨੇ ਰੋਕ ਲਿਆ ਤੇ ਨਿਹੱਥੇ ਲੋਕਾਂ ਨੂੰ ਦਾਣਿਆਂ ਵਾਂਗ ਭੁੰਨ ਸੁੱਟਿਆ। ਬਾਗ ਦਾ ਖੂਹ ਲਾਸ਼ਾਂ ਨਾਲ ਭਰ ਗਿਆ। ਸੈਕੜੇਂ ਲੋਕ ਮਾਰੇ ਗਏ। ਇਸ ਖੂਨੀ ਕਾਂਡ ਖਿਲਾਫ਼ ਪੂਰੇ ਮੁਲਕ 'ਚ ਹੀ ਜ਼ੋਰਦਾਰ ਲਹਿਰ ਉੱਠੀ। ਇਹਨੇ ਅਨੇਕਾਂ ਹੋਰਨਾਂ ਨੌਜਵਾਨਾਂ ਵਾਂਗ ਊਧਮ ਸਿੰਘ ਦੀ ਜ਼ਿੰਦਗੀ ਦੇ ਅਰਥ ਵੀ ਬਦਲ ਦਿੱਤੇ ਤੇ ਉਹਨੇ ਲੋਕਾਂ ਦੇ ਖੂਨ ਨਾਲ ਲਿਬੜਿਆ ਮੁਲਕ ਦੀ ਆਜ਼ਾਦੀ ਦਾ ਝੰਡਾ ਆਪਣੇ ਹਾਣੀਆਂ ਨਾਲ ਰਲ਼ਕੇ ਹੋਰ ਉੱਚਾ ਚੁੱਕਣ ਦਾ ਅਹਿਦ ਕੀਤਾ ਤੇ ਉਹ ਆਜ਼ਾਦੀ ਦਾ ਪਰਵਾਨਾ ਬਣ ਗਿਆ। ਆਪਣੀ ਕੌਮ ਦੇ ਅਪਮਾਨ ਦੇ ਬਦਲੇ ਦੀ ਅੱਗ ਉਹਦੇ ਸੀਨੇ 'ਚ ਬਲ਼ਣ ਲੱਗੀ।
     ਊਧਮ ਸਿੰਘ ਨੇ ਯਤੀਮਖਾਨੇ 'ਚ ਹੀ ਤਰਖਾਣਾ, ਲੁਹਾਰਾ ਤੇ ਪੇਂਟਿੰਗ ਦੇ ਕੰਮ ਸਿੱਖ ਲਏ ਸਨ ਪਰ ਉਹਨੇ ਜ਼ਿੰਦਗੀ ਦਾ ਮਕਸਦ ਸਿਰਫ਼ ਰੁਜ਼ਗਾਰ 'ਤੇ ਲੱਗ ਕੇ ਪੇਟ ਪਾਲਣ ਤੱਕ ਸੀਮਤ ਨਾ ਕੀਤਾ ਸਗੋਂ ਇਕ ਨੌਜਵਾਨ ਵਜੋਂ ਆਪਣੇ ਵਡੇਰੇ ਸਮਾਜਿਕ ਫਰਜ਼ਾਂ ਦੀ ਪਹਿਚਾਣ ਵੀ ਕੀਤੀ। ਕੌਮ ਦੀਆਂ ਪੀੜਾਂ ਨੂੰ ਉਹਨੇ ਗਹਿਰੀ ਤਰਾਂ ਮਹਿਸੂਸ ਕੀਤਾ। ਉਹਦਾ ਨਿਸ਼ਾਨਾ ਸਿਰਫ਼ ਜਲਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲੈਣ ਤੱਕ ਹੀ ਸੀਮਤ ਨਾ ਰਿਹਾ ਸਗੋਂ ਉਹ ਵਤਨ ਦੀ ਆਜ਼ਾਦੀ ਲਈ ਅਤੇ ਲੁੱਟ, ਜਬਰ ਤੇ ਵਿਤਕਰਿਆਂ ਦਾ ਖਾਤਮਾ ਕਰਕੇ ਖੁਸ਼ਹਾਲ ਸਮਾਜ ਸਿਰਜਣ ਲਈ ਜਦੋਜਹਿਦ ਕਰਨ ਦੇ ਵਿਚਾਰਾਂ ਦਾ ਵੀ ਧਾਰਨੀ ਬਣਿਆ। ਉਹਨੇ ਦੇਸ਼ ਦੀ ਜਨਤਾ ਦੀ ਤਕਦੀਰ ਬਦਲਣ ਲਈ ਚੱਲਦੀ ਜਦੋਜਹਿਦ ਨਾਲ ਆਪਣੇ ਆਪ ਨੂੰ ਜੋੜਿਆ। 1923 'ਚ 1857 ਦੇ ਗ਼ਦਰ ਦੀ ਬਰਸੀ ਮੌਕੇ ਬੋਲਦਿਆਂ ਊਧਮ ਸਿੰਘ ਨੇ ਕਿਹਾ :
               ''ਹਿੰਦੋਸਤਾਨ ਦੀ ਆਜ਼ਾਦੀ ਦੀ ਜੰਗ ਦੇ ਉਹਨਾਂ ਬਹਾਦਰ ਸ਼ਹੀਦਾਂ ਨੂੰ ਮੈਂ ਸ਼ਰਧਾਂਜਲੀ ਭੇਂਟ ਕਰਦਾ ਹਾਂ ਜਿਹਨਾਂ ਨੇ ਆਪਣਾ ਖੂਨ ਦੇ ਕੇ ਆਜ਼ਾਦੀ ਦੇ ਝੰਡੇ ਨੂੰ ਉੱਚਿਆਂ ਕੀਤਾ ਹੈ। ਉਹਨਾਂ ਦੇ ਆਜ਼ਾਦ ਆਦਰਸ਼ ਨੂੰ ਅਪਣਾਉਂਦੇ ਹੋਏ ਅਸੀਂ ਹਕੂਮਤ ਦੇ ਹਰ ਵਾਰ ਤੇ ਕਹਿਰ ਨੂੰ ਛਾਤੀਆਂ ਤੇ ਝੱਲਾਂਗੇ। ਅੰਗਰੇਜ਼ ਸਾਮਰਾਜ ਨਾਲ ਸਾਡਾ ਸਮਝੌਤਾ ਅਸੰਭਵ ਹੈ। ਉਸ ਵਿਰੁੱਧ ਸਾਡੀ ਜੰਗ ਦਾ ਉਸ ਵੇਲੇ ਅੰਤ ਹੋਏਗਾ ਜਦ ਸਾਡੀ ਜਿੱਤ ਦਾ ਕੌਮੀ ਝੰਡਾ ਭਾਰਤ ਵਿਚ ਬ੍ਰਿਟਿਸ਼ ਸਾਮਰਾਜ ਦੀ ਕਬਰ ਤੇ ਝੂਲੇਗਾ।''
     ਜਦੋਂ ਬਾਹਰੋਂ ਵਾਪਸ ਪਰਤਣ ਮੌਕੇ ਉਹ ਅੰਮ੍ਰਿਤਸਰ ਤੋਂ ਫੜਿਆ ਗਿਆ ਤਾਂ ਉਹਦੇ ਕੋਲੋਂ ਜਿੱਥੇ ਹਥਿਆਰ ਬਰਾਮਦ ਹੋਏ ਉਥੇ ਵੇਲ਼ੇ ਦਾ ਇਨਕਲਾਬੀ ਸਾਹਿਤ ਵੀ ਮਿਲਿਆ ਜੀਹਦੇ 'ਚ ਰੂਸੀ ਗ਼ਦਰ ਗਿਆਨ ਸਮਾਚਾਰ, ਗ਼ਦਰ ਦੀ ਗੂੰਜ, ਡਾਇਰੀ, ਗੁਲਾਮੀ ਦੀ ਜ਼ਹਿਰ, ਗ਼ਦਰ ਦੀ ਧਰਤੀ ਆਦਿ ਕਿਤਾਬਾਂ ਸ਼ਾਮਲ ਸਨ।
     ਉਹ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਵੱਲੋਂ ਜਥੇਬੰਦ ਕੀਤੀ ਨੌਜਵਾਨ ਭਾਰਤ ਸਭਾ ਦੇ ਸੰਪਰਕ 'ਚ ਵੀ ਰਿਹਾ। ਭਗਤ ਸਿੰਘ ਨਾਲ ਉਹਦੀ ਦੋਸਤੀ ਪਈ। ਵਤਨੋਂ ਦੂਰ ਉਹ ਗ਼ਦਰੀ ਬਾਬਿਆਂ ਦੇ ਸੰਪਰਕ 'ਚ ਰਿਹਾ, ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨਾਲ ਵੀ ਉਹਦੀ ਮੁਲਾਕਾਤ ਦਾ ਜ਼ਿਕਰ ਮਿਲਦਾ ਹੈ। ਉਹ ਨੌਜਵਾਨ ਭਾਰਤ ਸਭਾ ਦੀਆਂ ਮੀਟਿੰਗਾਂ ਤੇ ਇਕੱਠਾਂ 'ਚ ਸ਼ਾਮਲ ਹੁੰਦਾ ਰਿਹਾ। 1925 'ਚ ਨੌਜਵਾਨ ਭਾਰਤ ਸਭਾ ਦੀ ਕਾਨਫਰੰਸ 'ਚ ਬੋਲਦਿਆਂ ਉਹਨੇ ਕਿਹਾ :
     ''ਆਜ਼ਾਦੀ ਦੀ ਬੁਨਿਆਦ ਇਨਕਲਾਬ ਹੈ। ਗੁਲਾਮੀ ਦੇ ਵਿਰੁੱਧ ਇਨਕਲਾਬ, ਮਨੁੱਖ ਦਾ ਧਰਮ ਹੈ। ਇਹ ਮਨੁੱਖ ਦੀ  ਮਨੁੱਖਤਾ ਦਾ ਆਦਰਸ਼ ਹੈ। ਜਿਹੜੀ ਕੌਮ ਅਧੀਨਗੀ ਕਬੂਲ ਕਰਕੇ ਸਿਰ ਨਿਵਾ ਦਿੰਦੀ ਹੈ ਉਹ ਮੌਤ ਨੂੰ ਪ੍ਰਵਾਨ ਕਰਦੀ ਹੈ ਕਿਉਂਕਿ ਆਜ਼ਾਦੀ ਜੀਵਨ ਤੇ ਗੁਲਾਮੀ ਮੌਤ ਹੈ। ਆਜ਼ਾਦੀ ਸਾਡਾ ਜਮਾਂਦਰੂ ਹੱਕ ਹੈ। ਅਸੀਂ ਇਹਨੂੰ ਪ੍ਰਾਪਤ ਕਰਕੇ ਹੀ ਰਹਾਂਗੇ। ਅਸੀਂ ਇਨਕਲਾਬ ਦੇ ਦਰ 'ਤੇ ਆਪਣੀ ਜਵਾਨੀ ਦੀਆਂ ਬਹਾਰਾਂ ਵਾਰਨ ਲਈ ਤਤਪਰ ਹੋ ਗਏ ਹਾਂ ਇਸ ਮਹਾਨ ਆਦਰਸ਼ ਦੀ ਭੇਂਟ ਆਪਣੀ ਜਵਾਨੀ ਤੋਂ ਘੱਟ ਹੋਰ ਹੋ ਵੀ ਕੀ ਸਕਦਾ ਹੈ।''
     ਇਨਕਲਾਬ ਦੇ ਸੰਕਲਪ ਬਾਰੇ ਉਹਦੇ ਵਿਚਾਰਾਂ 'ਚ ਪਰਪੱਕਤਾ ਆਉਂਦੀ ਗਈ। ਇਹਦਾ ਇੱਕ ਪ੍ਰਮਾਣ ਨੌਜਵਾਨ ਭਾਰਤ ਸਭਾ ਦੀ ਕਾਨਫਰੰਸ 'ਚ ਪੇਸ਼ ਕੀਤੇ ਉਹਦੇ ਵਿਚਾਰਾਂ ਤੋਂ ਮਿਲਦਾ ਹੈ :
    ''ਇਨਕਲਾਬ ਦੇ ਅਰਥ ਹਨ ਵਿਦੇਸ਼ੀ ਖੂਨੀ ਜਬਾੜਿਆਂ ਤੋਂ ਛੁਟਕਾਰਾ। ਲੁੱਟ-ਖਸੁੱਟ ਦੇ ਉਸ ਨਿਜ਼ਾਮ ਦਾ ਅੰਤ ਜੋ ਅਮੀਰ ਨੂੰ ਹੋਰ ਅਮੀਰ ਬਣਾਉਣ ਤੇ ਗਰੀਬ ਨੂੰ ਕੰਗਾਲੀ ਦੇ ਪੁੜਾਂ 'ਚ ਪੀਸੇ ਜਾਣ ਲਈ ਮਜ਼ਬੂਰ ਕਰਦਾ ਹੈ। ਸਾਮਰਾਜੀ ਨਿਜ਼ਾਮ ਕਾਰਨ ਲੱਖੂਖਾਂ ਕਿਰਤੀ, ਹਿੰਦੋਸਤਾਨੀ ਕੁੱਲੀ, ਗੁੱਲੀ, ਜੁੱਲੀ ਵਿੱਦਿਆ ਅਤੇ ਇਲਾਜ ਤੱਕ ਦੀਆਂ ਬੁਨਿਆਦੀ ਲੋੜਾਂ ਦੇ ਮੁਹਤਾਜ ਹਨ। ਕਿਹੜਾ ਐਸਾ ਪੱਥਰ ਦਿਲ ਮਨੁੱਖ ਹੈ ਕਿਰਤੀਆਂ ਕਿਸਾਨਾਂ ਦੀ ਬੇਵਸੀ ਤੇ ਲਾਚਾਰੀ ਨੂੰ ਵੇਖ ਕੇ ਜਿਸ ਦਾ ਖੂਨ ਉੱਬਲ ਨਹੀਂ ਪੈਂਦਾ। ਕਹਿਰ ਹੈ ਯਾਰੋ! ਜਿਹੜਾ ਆਪਣੀ ਜ਼ਿੰਦਗੀ ਅਤੇ ਖੂਨ ਨਾਲ ਸਰਮਾਏਦਾਰੀ ਦੇ ਮਹੱਲ ਉਸਾਰਦਾ ਹੈ ਉਹ ਆਪ ਰਾਤ ਨੂੰ ਢਿੱਡੋਂ ਖਾਲੀ ਤੇ ਕੇਵਲ ਆਕਾਸ਼ ਦੀ ਛੱਤ ਥੱਲੇ ਸੌਂਵੇ, ਅਜਿਹੇ ਨਿਜ਼ਾਮ ਨੂੰ ਸਾੜ ਕੇ ਸੁਆਹ ਕਿਉਂ ਨਹੀਂ ਕਰ ਦਿੱਤਾ ਜਾਂਦਾ। ਹੁਣ ਦਾ ਇਨਕਲਾਬ, ਇਨਕਲਾਬ ਦੇ ਵਹਿਣ ਤੇ ਖੜਾ ਹੈ। ਅਸੀਂ ਕਰੋੜਾਂ ਲੋਕੀਂ ਜਿਹੜੇ ਵਿਦੇਸ਼ੀ ਗੁਲਾਮੀ ਦੀ ਅੱਗ 'ਚ ਧੁਖ ਰਹੇ ਹਾਂ ਜੇਕਰ ਆਪਣੀ ਕਿਸਮਤ ਦੇ ਆਪ ਕਰਿੰਦੇ ਬਣ ਜਾਈਏ ਤਾਂ ਇਸਦਾ ਸਿੱਟਾ ਇਨਕਲਾਬ ਹੋਵੇਗਾ ਅਤੇ ਇਹੋ ਇਨਕਲਾਬ ਸਾਡੀ ਆਜ਼ਾਦੀ ਦੀ ਜ਼ਾਮਨੀ ਹੈ।'' 
     ਊਧਮ ਸਿੰਘ ਦੇਸ਼ ਭਗਤਾਂ ਨਾਲ ਕੰਮ ਕਰਦਾ, ਇਕ ਤੋਂ ਦੂਜੇ ਮੁਲਕ ਹੁੰਦਾ ਹੋਇਆ ਅਫਰੀਕਾ ਤੋਂ ਅਮਰੀਕਾ ਪਹੁੰਚਿਆ। ਭਗਤ ਸਿੰਘ ਦੇ ਕਹਿਣ ਤੇ ਉਹ ਭਾਰਤ ਵਾਪਸ ਪਰਤਿਆ। ਏਥੇ ਪੁਲਸ ਨੇ ਘੇਰਿਆ, ਉਹਦੋਂ ਕੋਲੋਂ ਪਸਤੌਲ ਫੜਿਆ ਗਿਆ ਤੇ ਪੰਜ ਸਾਲ ਦੀ ਸਜ਼ਾ ਹੋਈ। ਰਿਹਾਅ ਹੋ ਕੇ ਉਹ ਰਾਮ ਮੁਹੰਮਦ ਸਿੰਘ ਆਜ਼ਾਦ ਪੇਂਟਰ ਦੇ ਨਾਂ ਹੇਠ ਅੰਮ੍ਰਿਤਸਰ 'ਚ ਦੁਕਾਨ ਕਰਨ ਲੱਗਾ ਜਿਹੜੀ ਨੌਜਵਾਨ ਭਾਰਤ ਸਭਾ ਦੀਆਂ ਸਰਗਰਮੀਆਂ ਦੇ ਸੰਚਾਲਨ ਦਾ ਅੱਡਾ ਬਣੀ ਰਹੀ।
     1933 'ਚ ਉਹ ਇੰਗਲੈਂਡ ਪਹੁੰਚਿਆ। ਉਹਨੇ ਵੱਖ-2 ਤਰਾਂ ਦੇ ਕੰਮ ਕੀਤੇ ਪਰ ਉਹ ਆਪਣੇ ਸ਼ਿਕਾਰ ਦੀ ਭਾਲ 'ਚ ਰਿਹਾ। ਉਹਦਾ ਵਿਸ਼ਵਾਸ਼ ਸੀ ਕਿ ਹਜ਼ਾਰਾਂ ਬੇਦੋਸ਼ੇ ਭਾਰਤੀਆਂ ਦੇ ਕਾਤਲ, ਅਨੇਕਾਂ ਹੀ ਬਹਾਦਰ ਯੋਧਿਆਂ ਨੂੰ ਫਾਂਸੀ ਤੇ ਲਟਕਾਉਣ, ਉਮਰ ਕੈਦਾਂ 'ਚ ਭੇਜਣ ਤੇ ਆਜ਼ਾਦੀ ਸੰਗਰਾਮ ਨੂੰ ਕੁਚਲਣ ਦਾ ਸਿਰਤੋੜ ਯਤਨ ਕਰਨ ਵਾਲੇ ਸਾਬਕਾ ਗਵਰਨਰ ਮਾਈਕਲ ਉਡਵਾਇਰ ਨੂੰ ਮਾਰ ਕੇ ਉਹ ਕੌਮੀ ਸਵੈਮਾਣ ਨੂੰ ਉੱਚਾ ਕਰੇਗਾ ਤੇ ਇਹ ਕਾਰਨਾਮਾ ਨੌਜਵਾਨਾਂ 'ਚ ਜੋਸ਼ ਤੇ ਕ੍ਰਾਂਤੀ ਦੀ ਭਾਵਨਾ ਪੈਦਾ ਕਰੇਗਾ।
     13 ਮਾਰਚ 1940 ਦੀ ਸ਼ਾਮ ਨੂੰ ਉਹ ਲੰਡਨ ਦੇ ਕੈਕਸਟਨ ਹਾਲ ਜਾ ਪਹੁੰਚਿਆ ਜਿਥੇ ਇੱਕ ਇਕੱਤਰਤਾ 'ਚ ਮਾਈਕਲ ਉਡਵਾਇਰ ਭਾਰਤੀ ਲੋਕਾਂ 'ਤੇ ਕੀਤੇ ਜਬਰ ਦੀਆਂ ਸ਼ੇਖੀਆਂ ਮਾਰ ਰਿਹਾ ਸੀ। ਊਧਮ ਸਿੰਘ ਦੀਆਂ ਗੋਲੀਆਂ ਨੇ ਉਹਨੂੰ ਥਾਏਂ ਚਿੱਤ ਕਰ ਦਿੱਤਾ। ਭੱਜਣ ਦੀ ਬਜਾਏ ਊਧਮ ਸਿੰਘ ਨੇ ਹੱਸ ਕੇ ਗ੍ਰਿਫਤਾਰੀ ਦਿੱਤੀ ਤੇ ਆਪਣਾ ਨਾਂ ਰਾਮ ਮਹੁੰਮਦ ਸਿੰਘ ਆਜ਼ਾਦ ਦੱਸਿਆ। ਗ੍ਰਿਫਤਾਰੀ ਮੌਕੇ ਉਹਨੇ ਕਿਹਾ :
''. . . . . . . ਮੈਂ ਇਹ ਸਭ ਕੁਝ ਸੋਚ ਸਮਝ ਕੇ ਕੀਤਾ ਹੈ। ਉਡਵਾਇਰ ਏਸੇ ਤਰਾਂ ਦੀ ਮੌਤ ਦਾ ਹੱਕਦਾਰ ਸੀ। ਇਹ ਅਣਗਿਣਤ ਬੇਦੋਸ਼ੇ ਲੋਕਾਂ ਅਤੇ ਦੇਸ਼-ਭਗਤ ਇਨਕਲਾਬੀਆਂ ਦੇ ਖੂਨ ਨਾਲ ਹੱਥ ਰੰਗਣ ਦਾ ਦੋਸ਼ੀ ਹੈ। ਇਹ ਸਭ ਕੁਝ ਮੈਂ ਆਪਣੇ ਵਤਨ ਦੀ ਆਬਰੂ ਲਈ ਕੀਤਾ ਹੈ. . . . ..।''
     ਆਪਣੇ ਕਿਰਦਾਰ ਅਨੁਸਾਰ, ਊਧਮ ਸਿੰਘ ਦੀ ਇਸ ਬਹਾਦਰਾਨਾ ਕਾਰਵਾਈ ਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਰਾਮਗੜ ਵਿਖੇ ਹੋ ਰਹੇ ਇਜਲਾਸ 'ਚ ਮਹਾਤਮਾ ਗਾਂਧੀ ਨੇ ਇਉਂ ਟਿੱਪਣੀ ਕੀਤੀ :
                 ''ਸਰ ਮਾਈਕਲ ਉਡਵਾਇਰ ਦੀ ਮੌਤ, ਲਾਰਡ ਜੈਟਲੈਂਡ, ਲਾਰਡ ਲਸਿੰਗਟਨ ਅਤੇ ਸਰ ਲੂਈ ਡੇਨ ਦੇ ਜਖ਼ਮੀ ਹੋਣ ਨਾਲ ਮੈਨੂੰ ਡੂੰਘਾ ਦੁੱਖ ਹੋਇਆ ਹੈ। ਮੈਂ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਾ ਹਾਂ ਤੇ ਜ਼ਖ਼ਮੀ ਛੇਤੀ ਤੰਦਰੁਸਤ ਹੋ ਜਾਣਗੇ। ਮੈਂ ਇਸ ਕਾਰਨਾਮੇ ਨੂੰ ਪਾਗਲਪਣ ਸਮਝਦਾ ਹਾਂ। ਇਹੋ ਜਿਹੇ ਕਾਰਨਾਮੇ ਉਹਨਾਂ ਮੰਤਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਜਿੰਨਾਂ ਲਈ ਉਹ ਕੀਤੇ ਜਾਂਦੇ ਹਨ। ਮੈਨੂੰ ਆਸ ਹੈ ਕਿ ਰਾਜਸੀ ਫੈਸਲੇ ਵੇਲੇ ਇਸਨੂੰ ਅਸਰ ਅੰਦਾਜ਼ ਨਹੀਂ ਹੋਣ ਦਿੱਤਾ ਜਾਵੇਗਾ।''
      ਇਸਤੋਂ ਬਿਨਾਂ ਕਾਂਗਰਸ ਦੇ ਪ੍ਰਧਾਨ ਮੌਲਾਨਾ ਆਜ਼ਾਦ, ਰਿਆਸਤੀ ਰਾਜਿਆਂ ਦੀ ਐਸੋਸੀਏਸ਼ਨ ਤੇ ਕਪੂਰਥਲੇ ਦੇ ਮਹਾਰਾਜਾ ਜਗਤਜੀਤ ਸਿੰਘ ਵਰਗੇ ਸਭ ਹੀ ਉਡਵਾਇਰ ਦੀ ਮੌਤ ਤੇ ਅਫ਼ਸੋਸ ਪ੍ਰਗਟ ਕਰਦੇ ਰਹੇ।
     31 ਜੁਲਾਈ 1940 ਨੂੰ ਵਤਨੋਂ ਦੂਰ ਇਸ ਬਹਾਦਰ ਯੋਧੇ ਨੂੰ ਫਾਂਸੀ ਦੇ ਦਿੱਤੀ ਗਈ। ਊਧਮ ਸਿੰਘ ਭਾਵੇਂ ਨਹੀਂ ਰਿਹਾ। ਉਹਦੀ ਜਗਾਈ ਮਸ਼ਾਲ ਬਲਦੀ ਰਹੀ, ਹੋਰ ਉੱਚੀ ਹੁੰਦੀ ਰਹੀ। ਉਹਨੇ ਆਪਣੇ ਸਮਿਆਂ ਦੇ ਨੌਜਵਾਨਾਂ ਲਈ ਤਾਂ ਮਿਸਾਲ ਬਣਿਆ ਹੀ ਸਗੋਂ ਅੱਜ ਵੀ ਸਾਡੇ ਸਭਨਾਂ ਲਈ ਪ੍ਰੇਰਨਾ ਦਾ ਸੋਮਾ ਹੈ। ਉਹ ਆਪਣੀ 'ਜਵਾਨੀ ਦੀ ਬਹਾਰ' ਇਨਕਲਾਬ ਦੇ ਲੇਖੇ ਲਾਈ। ਉਹਦਾ ਆਜ਼ਾਦ, ਖੁਸ਼ਹਾਲ ਤੇ ਲੁੱਟ ਰਹਿਤ ਮੁਲਕ ਦਾ ਸੁਪਨਾ ਅਜੇ ਪੂਰਾ ਨਹੀਂ ਹੋਇਆ। 1947 ਨੂੰ ਸਾਮਰਾਜੀਆਂ ਦੇ ਦਲਾਲਾਂ ਨੇ ਰਾਜ ਭਾਗ ਸਾਂਭ ਕੇ ਊਧਮ ਸਿੰਘ ਵਰਗੇ ਅਨੇਕਾਂ ਇਨਕਲਾਬੀਆਂ ਤੇ ਦੇਸ਼ ਭਗਤਾਂ ਦੇ ਕਾਜ਼ ਨਾਲ ਗਦਾਰੀ ਕੀਤੀ। ਸਾਮਰਾਜੀ ਲੁੱਟ ਤੇ ਗਲਬਾ ਹੋਰ ਵਧਦਾ ਗਿਆ ਹੈ ਤੇ ਅੱਜ ਸਾਡਾ ਵਤਨ ਸਾਮਰਾਜੀ ਮੁਲਕਾਂ ਤੇ ਉਹਨਾਂ ਦੇ ਦਲਾਲਾਂ ਦੀ ਅੰਨੀ ਲੁੱਟ ਦਾ ਸ਼ਿਕਾਰ ਹੈ। ਜਦੋਂ ਤੱਕ ਦੇਸ਼ 'ਚੋਂ ਸਾਮਰਾਜੀ ਲੁੱਟ ਤੇ ਗਲਬੇ ਨੂੰ ਖਤਮ ਕਰਕੇ, ਮਿਹਨਤਕਸ਼ ਲੋਕਾਂ ਦੀ ਪੁੱਗਤ ਵਾਲੇ ਬਰਾਬਰੀ ਭਰੇ ਰਾਜ-ਭਾਗ ਦੀ ਸਿਰਜਣਾ ਨਹੀਂ ਹੋ ਜਾਂਦੀ ਉਹਦੀ ਮਸ਼ਾਲ ਤੋਂ ਰੋਸ਼ਨੀ ਲੈ ਕੇ ਹਜ਼ਾਰਾਂ ਲੱਖਾਂ ਨੌਜਵਾਨ ਮੈਦਾਨ-ਏ-ਜੰਗ 'ਚ ਨਿੱਤਰਦੇ ਰਹਿਣਗੇ ਤੇ ਆਪਣੀਆਂ ਜਵਾਨੀਆਂ ਮੁਲਕ ਤੋਂ ਕੁਰਬਾਨ ਕਰਦੇ ਰਹਿਣਗੇ। 31 ਜੁਲਾਈ ਦਾ ਦਿਹਾੜਾ, ਆਪਣੀਆਂ ਜਵਾਨੀਆਂ ਨੂੰ ਮੁਲਕ ਦੇ ਲੇਖੇ ਲਾਉਣ ਲਈ ਅਹਿਦ ਕਰਨ ਦਾ ਦਿਹਾੜਾ ਹੈ।