Tuesday, 12 March 2013

ਰਾਮਾਂ ਮੰਡੀ ਜਬਰ ਜਿਨਾਹ ਤੇ ਹਕੂਮਤੀ ਮਸ਼ੀਨਰੀ ਦੀ ਨਕਲੀ ਫ਼ੁਰਤੀ


ਰਾਮਾਂ ਮੰਡੀ 'ਚ ਛੇ ਸਾਲਾ ਬੱਚੀ ਨਾਲ ਜਬਰ ਜਿਨਾਹ
12 ਫ਼ਰਵਰੀ ਨੂੰ ਰਾਮਾਂ ਮੰਡੀ ਬਠਿੰਡਾ ਵਿਖੇ ਗ਼ਰੀਬ ਪਰਵਾਸੀ ਮਜ਼ਦੂਰ ਦੀ ਛੇ ਸਾਲਾ ਬੱਚੀ ਨੂੰ ਜਬਰ ਜਿਨਾਹ ਦਾ ਸ਼ਿਕਾਰ ਬਣਾਇਆ ਗਿਆ। ਰੇਲਵੇ ਪੁਲਿਸ ਚੌਂਕੀ ਅਤੇ ਰਾਮਾਂ ਮੰਡੀ ਥਾਣਾ ਦੀ ਪੁਲਿਸ ਦੇ ਐਨ ਨੱਕ ਥੱਲੇ ਵਾਪਰੀ ਘਟਨਾ ਨੇ ਸਥਾਨਕ ਨਿਵਾਸੀਆਂ 'ਚ ਗਹਿਰਾ ਰੋਸ ਜਗਾਇਆ। ਲੋਕਾਂ ਨੇ ਦੋਸ਼ੀ ਲੱਭਣ ਤੇ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਰੇਲਵੇ ਲਾਈਨ 'ਤੇ ਧਰਨਾ ਮਾਰਿਆ ਜਿਸ ਵਿੱਚ ਨੌਜਵਾਨ ਭਾਰਤ ਸਭਾ ਅਤੇ ਬੀ. ਕੇ. ਯੂ. ਏਕਤਾ (ਉਗਰਾਹਾਂ) ਦੇ ਕਾਰਕੁੰਨ ਵੀ ਸ਼ਾਮਲ ਹੋਏ। ਬਠਿੰਡਾ ਪੁਲਿਸ ਨੇ ਦੋਸ਼ੀ ਗ੍ਰਿਫਤਾਰ ਕਰਨ ਦਾ ਦਾਅਵਾ ਕਰਕੇ ਲੋਕ ਰੋਹ 'ਤੇ ਠੰਡਾ ਛਿੜਕਣ ਦਾ ਯਤਨ ਕੀਤਾ। ਪੁਲਿਸ ਨੇ ਅਖਿਲੇਸ਼ ਕੁਮਾਰ ਨਾਮ ਦੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਦੋਸ਼ੀ ਕਰਾਰ ਦੇ ਕੇ ਜੇਲ• ਭੇਜ ਦਿੱਤਾ ਹੈ ਤੇ ਝਟਪਟ ਕੇਸ ਹੱਲ ਕਰਨ ਦਾ ਸਿਹਰਾ ਆਪਣੇ ਸਿਰ ਸਜਾਉਣਾ ਚਾਹਿਆ। ਸਭਾ ਤੇ ਕਿਸਾਨ ਕਾਰਕੁੰਨਾਂ ਦੀ ਪੜਤਾਲ ਅਨੁਸਾਰ ਪੁਲਸ ਨੇ ਅਸਲ ਦੋਸ਼ੀ ਨਹੀਂ ਲੱਭਿਆ। ਪੀੜਤ ਲੜਕੀ ਅਤੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ। ਇੱਕ ਨਿਰਦੋਸ਼ ਪ੍ਰਵਾਸੀ ਮਜ਼ਦੂਰ ਦੀ ਬਲੀ ਦੇ ਦਿੱਤੀ ਗਈ ਹੈ। ਇਸ ਮਸਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਨੂੰ ਲੈ ਕੇ ਇਲਾਕੇ 'ਚ ਲਾਮਬੰਦੀ ਹੋ ਰਹੀ ਹੈ ਅਤੇ 27 ਤਰੀਕ ਨੂੰ ਬਠਿੰਡੇ 'ਚ ਸਭਾ ਵੱਲੋਂ ਰੋਸ ਮੁਜ਼ਾਹਰੇ ਦਾ ਸੱਦਾ ਦਿੱਤਾ ਗਿਆ ਹੈ। ਔਰਤਾਂ ਦੀ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਮੁਲਕ ਪੱਧਰ 'ਤੇ ਹੀ ਸਖ਼ਤ ਕਾਨੂੰਨਾਂ ਅਤੇ ਸਜ਼ਾਵਾਂ ਦੀ ਮੰਗ ਜ਼ੋਰ ਨਾਲ ਉੱਠ ਰਹੀ ਹੈ। ਪਰ ਰਾਮਾਂ ਮੰਡੀ ਦੀ ਘਟਨਾ ਨੇ ਦਰਸਾਇਆ ਹੈ ਕਿ ਲੋਕਾਂ ਦੀ ਚੇਤਨ ਅਤੇ ਜੱਥੇਬੰਦਕ ਤਾਕਤ ਦੀ ਗੈਰ-ਮੌਜੂਦਗੀ ਦੀ ਹਾਲਤ 'ਚ ਅਜਿਹੇ ਸਖ਼ਤ ਕਾਨੂੰਨਾਂ ਅਤੇ ਸਜ਼ਾਵਾਂ ਦੀਆਂ ਕੀ ਅਰਥ ਸੰਭਾਵਨਾ ਬਣ ਸਕਦੀਆਂ ਹਨ। ਹੇਠਾਂ ਅਸੀਂ ਜੱਥੇਬੰਦੀਆਂ ਵੱਲੋਂ ਇਲਾਕੇ 'ਚ ਵੰਡੇ ਜਾ ਰਹੇ ਹੱਥ ਪਰਚੇ 'ਚੋਂ ਇੱਕ ਹਿੱਸਾ ਦੇ ਰਹੇ ਹਾਂ। 

ਹਕੂਮਤੀ ਮਸ਼ੀਨਰੀ ਦੀ ਨਕਲੀ ਫ਼ੁਰਤੀ ਦਾ ਸੱਚ
ਜੋ ਰਾਮਾਂ ਮੰਡੀ ਵਾਲੇ ਕੇਸ 'ਚ ਵਾਪਰਿਆ ਹੈ, ਉਹ ਨਵਾਂ ਨਹੀਂ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਦੋਸ਼ੀ ਬਚ ਗਿਆ ਹੈ। ਦੋਸ਼ੀ ਅਕਸਰ ਹੀ ਬਚ ਜਾਂਦੇ ਹਨ। ਜਿੱਥੇ ਪਤਾ ਵੀ ਹੁੰਦਾ ਹੈ, ਜੱਗ ਜ਼ਾਹਰ ਵੀ ਹੁੰਦਾ ਹੈ ਉੱਥੇ ਵੀ ਬਚ ਜਾਂਦੇ ਹਨ। ਸ਼ਰੇਆਮ ਘੁੰਮਦੇ ਹਨ। ਦੇਸ਼ ਭਰ 'ਚੋਂ ਹੁਣ ਬਲਾਤਕਾਰ ਦੀ ਹਨੇਰੀ ਖਿਲਾਫ਼ ਲੋਕਾਂ ਦੀ ਵਿਆਪਕ ਰੋਸ ਲਹਿਰ ਉੱਠੀ ਹੈ। ਲੋਕ ਹਰਕਤ 'ਚ ਆਉਣ ਲੱਗੇ ਹਨ। ਪੰਜਾਬ 'ਚ ਪਹਿਲਾਂ ਵਾਪਰੇ ਸ਼ਰੂਤੀ ਅਗਵਾ ਕਾਂਡ ਅਤੇ ਫਿਰ ਦਿੱਲੀ ਦੀ ਵਿਦਿਆਰਥਣ ਨਾਲ ਵਾਪਰੀ ਜਬਰ ਜਿਨਾਹ ਤੇ ਕਤਲ ਦੀ ਘਟਨਾ ਨੇ ਸਰਕਾਰਾਂ, ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਅਦਾਲਤੀ ਅਮਲਾਂ ਖਿਲਾਫ਼ ਲੋਕਾਂ 'ਚ ਰੋਸ ਹੋਰ ਵਧਾਇਆ ਹੈ। ਸਖ਼ਤ ਕਾਨੂੰਨ ਅਤੇ ਸਖ਼ਤ ਸਜ਼ਾਵਾਂ ਦੀ ਮੰਗ ਵੀ ਉੱਠਣ ਲੱਗੀ ਹੈ। ਸਰਕਾਰਾਂ ਤੇ ਅਫ਼ਸਰਸ਼ਾਹੀ ਨੂੰ ਕੁਝ ਨਾ ਕੁਝ ਕਦਮ ਚੁੱਕਣ ਲਈ ਮਜ਼ਬੂਰ ਵੀ ਹੋਣਾ ਪਿਆ ਹੈ। ਪਰ ਉਹਨਾਂ ਦਾ ਰਵੱਈਆ ਆਮ ਤੌਰ 'ਤੇ ਦੋਸ਼ੀਆਂ ਨੂੰ ਬਚਾਉਣ ਵਾਲਾ ਤੇ ਉਹਨਾਂ ਦੀ ਰੱਖਿਆ ਕਰਨ ਵਾਲਾ ਰਹਿੰਦਾ ਆ ਰਿਹਾ ਹੈ। ਸ਼ਰੇਆਮ ਘੁੰਮਦੇ ਦੋਸ਼ੀਆਂ 'ਤੇ ਕੋਈ ਕਾਰਵਾਈ ਤੱਕ ਨਹੀਂ ਕੀਤੀ ਜਾਂਦੀ। ਹੁਣ ਦੇਸ਼ ਵਿਆਪੀ ਰੋਸ ਲਹਿਰ ਦੇ ਬਣੇ ਦਬਾਅ ਸਦਕਾ ਹੀ ਅਜਿਹੇ ਮਾਮਲਿਆਂ 'ਚ ਤੇਜ਼ੀ ਨਾਲ ਕਾਰਵਾਈ ਕਰਨ ਦਾ ਪ੍ਰਭਾਵ ਦਿੱਤਾ ਜਾ ਰਿਹਾ ਹੈ। ਅਦਾਲਤਾਂ ਤੇਜ਼ੀ ਨਾਲ ਕੁਝ ਫੈਸਲੇ ਕਰਨ ਲੱਗੀਆਂ ਹਨ। ਪਰ ਅਸਲ ਮਕਸਦ ਹਾਲੇ ਵੀ ਦੋਸ਼ੀਆਂ ਨੂੰ ਸਜ਼ਾਵਾਂ ਦੇਣਾ ਨਹੀਂ ਹੈ ਸਗੋਂ ਹਕੂਮਤੀ ਮਸ਼ੀਨਰੀ ਦੀ ਫੁਰਤੀ ਦਾ ਪ੍ਰਭਾਵ ਦੇਣਾ ਹੀ ਹੈ।

ਇਸ ਲਈ ਲੋਕਾਂ ਦੇ ਦਬਾਅ ਮੂਹਰੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇੱਕ ਵਾਰ ਮਾਮਲਾ ਠੰਡਾ ਕਰ ਦਿੱਤਾ ਜਾਵੇ ਚਾਹੇ ਝੂਠੀ ਕਹਾਣੀ ਬਣਾ ਕੇ ਹੀ ਕਿਉਂ ਨਾ ਪੇਸ਼ ਕਰਨੀ ਪਵੇ। ਚਾਹੇ ਇਹਦੀ ਮਾਰ 'ਚ ਕੋਈ ਨਿਰਦੋਸ਼ ਹੀ ਕਿਉਂ ਨਾ ਆ ਜਾਵੇ। ਇੱਕ ਪਾਸੇ ਜਿੱਥੇ ਸੱਚਾਈ ਇਹ ਹੈ ਕਿ ਸਾਡੇ ਮੁਲਕ 'ਚ ਆਏ ਦਿਨ ਛੋਟੀਆਂ ਬੱਚੀਆਂ ਤੋਂ ਲੈ ਕੇ ਵੱਡੀਆਂ ਔਰਤਾਂ ਨਾਲ ਛੇੜਛਾੜ, ਕੁੱਟਮਾਰ, ਬਲਾਤਕਾਰ ਤੇ ਤੇਜ਼ਾਬ ਸੁੱਟਣ ਦੀਆਂ ਘਟਨਾਵਾਂ ਬੇਰੋਕ ਵਾਪਰ ਰਹੀਆਂ ਹਨ। ਉੱਥੇ ਦੂਜੇ ਪਾਸੇ ਸੱਚ ਇਹ ਵੀ ਹੈ ਕਿ ਹਕੂਮਤੀ ਮਸ਼ੀਨਰੀ ਵੱਲੋਂ ਵਿਖਾਈ ਜਾ ਰਹੀ ਇਸ ਨਕਲੀ ਫੁਰਤੀ ਦੇ ਬਾਵਜੂਦ ਵੀ ਔਰਤਾਂ ਦੀ ਸੁਰੱਖਿਆ ਅਤੇ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਦੀ ਕੋਈ ਗਰੰਟੀ ਨਹੀਂ ਹੈ। ਸਗੋਂ ਇਸ ਫੋਕੀ ਫੁਰਤੀ ਦੇ ਚੱਕਰ 'ਚ ਕਈ ਵਾਰ ਬੇਦੋਸ਼ੇ ਵੀ ਮਾਰ 'ਚ ਆਉਂਦੇ ਹਨ। ਹੋਰ ਸਖ਼ਤ ਕਾਨੂੰਨਾਂ ਤੇ ਸਜ਼ਾਵਾਂ ਦੀ ਆੜ 'ਚ ਪੁਲਿਸ ਅਧਿਕਾਰੀਆਂ, ਅਦਾਲਤਾਂ, ਵਕੀਲਾਂ, ਜੱਜਾਂ ਨੇ ਹੋਰ ਹੱਥ ਰੰਗਣੇ ਹਨ। ਜਿਸਦੀ ਤਾਜ਼ਾ ਉਦਾਹਰਣ ਰਾਜਾਸਾਂਸੀ (ਅਮ੍ਰਿਤਸਰ) ਦੇ S8O ਵੱਲੋਂ ਨਿਰਦੋਸ਼ ਵਿਅਕਤੀਆਂ ਨੂੰ ਬਲਾਤਕਾਰ ਦੇ ਝੂਠੇ ਮਾਮਲੇ 'ਚ ਉਲਝਾਉਣ ਨਾਲ ਸਾਹਮਣੇ ਆਈ ਹੈ। ਇਹਨਾਂ ਕਾਨੂੰਨਾਂ ਤੇ ਸਜ਼ਾਵਾਂ ਦੀ ਅਸਲ ਮਾਰ ਗ਼ਰੀਬ ਜਨਤਾ ਅਤੇ ਬੇਦੋਸ਼ਿਆਂ 'ਤੇ ਹੀ ਪੈਣੀ ਹੈ। ਸਿਆਸੀ ਚੌਧਰ ਦੇ ਜ਼ੋਰ ਆਪਣੇ ਚਹੇਤਿਆਂ ਨੂੰ ਬਚਾਉਣ ਲਈ ਪਹਿਲਾਂ ਦੀ ਤਰ•ਾਂ ਹੀ ਜ਼ੋਰ ਲਾਇਆ ਜਾਂਦਾ ਰਹਿਣਾ ਹੈ।
(ਨੌਜਵਾਨ ਪੈਂਫਲਟ ਲੜੀ ਨੰ. 5 'ਚੋਂ)

ਸਭਾ ਵੱਲੋਂ ਬਲਾਤਕਾਰ ਘਟਨਾਵਾਂ 'ਤੇ ਰੋਸ ਪ੍ਰਦਰਸ਼ਨ
16 ਦਸੰਬਰ ਨੂੰ ਦਿੱਲੀ ਬਲਾਤਕਾਰ ਤੇ ਕਤਲ ਕਾਂਡ ਖਿਲਾਫ਼ ਉੱਠੀ ਮੁਲਕ ਵਿਆਪੀ ਰੋਸ ਆਵਾਜ਼ ਨਾਲ ਆਵਾਜ਼ ਮਿਲਾਉਂਦਿਆਂ ਨੌਜਵਾਨ ਭਾਰਤ ਸਭਾ ਨੇ ਵੱਖ-ਵੱਖ ਖੇਤਰਾਂ 'ਚ ਰੋਸ ਪ੍ਰਦਰਸ਼ਨ ਕੀਤੇ ਅਤੇ ਇਸ ਮਸਲੇ ਨਾਲ ਜੁੜੇ ਅਹਿਮ ਸਵਾਲ ਉਭਾਰੇ ਹਨ। ਜਿੱਥੇ ਸਭਾ ਵੱਲੋਂ ਪੀੜਤ ਕੁੜੀ ਦੀ ਮੌਤ ਤੋਂ ਫੌਰੀ ਬਾਅਦ ਕੇਂਦਰ ਸਰਕਾਰ ਦੀਆਂ ਵੱਖ-ਵੱਖ ਥਾਵਾਂ 'ਤੇ ਅਰਥੀਆਂ ਸਾੜੀਆਂ ਗਈਆਂ ਅਤੇ ਵਿਦਿਆਰਥਣ ਨੂੰ ਸ਼ਰਧਾਂਜਲੀ ਵਜੋਂ ਮਾਰਚ ਜਥੇਬੰਦ ਕੀਤੇ ਗਏ ਉਥੇ ਬਠਿੰਡਾ ਸ਼ਹਿਰ 'ਚ ਵਿਦਿਆਰਥਣਾਂ ਵੱਲੋਂ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ।

ਸੰਗਤ (ਬਠਿੰਡਾ) ਇਲਾਕੇ ਦੇ ਪਿੰਡਾਂ ਘੁੱਦਾ, ਕੋਟਗੁਰੂ ਅਤੇ ਮਹਿਮਾ ਭਗਵਾਨਾ 'ਚ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ ਅਤੇ ਰੋਸ ਰੈਲੀਆਂ ਕੀਤੀਆਂ ਗਈਆਂ ਉੱਥੇ ਚੁੱਘੇ ਕਲਾਂ 'ਚ ਰੋਸ ਮੁਜ਼ਾਹਰਾ ਕੀਤਾ ਗਿਆ। ਸੰਗਤ ਮੰਡੀ 'ਚ ਵੀ ਰਾਤ ਨੂੰ ਲਗਭਗ 200 ਲੋਕਾਂ ਅਤੇ ਨੌਜਵਾਨਾਂ ਨੇ ਮੋਮਬੱਤੀ ਮਾਰਚ ਕੀਤਾ ਅਤੇ ਵੱਖ ਵੱਖ ਥਾਵਾਂ ਤੇ ਰੈਲੀਆਂ ਕੀਤੀਆਂ। ਲੰਬੀ (ਮੁਕਤਸਰ) ਬਲਾਕ ਦੇ ਪਿੰਡਾਂ ਸਿੰਘੇਵਾਲਾ ਤੇ ਕਿੱਲਿਆਂਵਾਲੀ ਦੇ ਨੌਜਵਾਨਾਂ ਨੇ ਖੇਤ ਮਜ਼ਦੂਰਾਂ ਨਾਲ ਸਾਂਝੇ ਤੌਰ 'ਤੇ ਸਰਕਾਰ ਦੀ ਅਰਥੀ ਫੂਕੀ। ਖੰਨਾ ਖੇਤਰ ਦੇ ਪਿੰਡ ਸਿਹੌੜਾ 'ਚ ਨੌਜਵਾਨ ਭਾਰਤ ਸਭਾ ਨੇ ਮੁਜ਼ਾਹਰਾ ਕੀਤਾ ਤੇ ਪਿੰਡ ਦੇ ਬੱਸ ਅੱਡੇ 'ਚ ਹੋਈ ਰੈਲੀ ਦੌਰਾਨ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ 'ਕਾਕੇ' ਸਭਾ ਦੇ ਵਰਕਰਾਂ ਵੱਲੋਂ ਪੇਸ਼ ਕੀਤਾ ਗਿਆ। ਜਿਸਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਇਸਤੋਂ ਬਿਨਾਂ  ?????? 'ਚ ਵੀ ਵੀ ਲੋਕਾਂ ਦੇ ਭਰਵੇਂ ਇਕੱਠ 'ਚ ਇਹ ਨਾਟਕ ਪੇਸ਼ ਕੀਤਾ ਗਿਆ ਤੇ ਬਲਾਤਕਾਰ ਦੀ ਹਨੇਰੀ ਖਿਲਾਫ਼ ਲੋਕਾਂ ਨੂੰ ਇੱਕਜੁਟ ਹੋਣ ਦਾ ਸੱਦਾ ਦਿੱਤਾ ਗਿਆ। ਨਿਹਾਲ ਸਿੰਘ ਵਾਲਾ ਇਲਾਕੇ ਦੇ ਨੌਜਵਾਨਾਂ ਨੂੰ ਇਲਾਕੇ ਦੇ ਕਿਸਾਨ ਕਾਰਕੁਨਾਂ ਨਾਲ ਸਾਂਝੇ ਤੌਰ 'ਤੇ ਪਹਿਲਾਂ ਤਹਿਸੀਲ ਪੱਧਰ 'ਤੇ ਮਾਰਚ ਕੀਤਾ ਅਤੇ ਫਿਰ ਕੁੱਝ ਦਿਨਾਂ ਬਾਅਦ ਵੱਖ-ਵੱਖ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਮੋਗਾ 'ਚ ਦਿੱਤੇ ਧਰਨੇ 'ਚ ਸ਼ਮੂਲੀਅਤ ਕੀਤੀ। ਇਸਤੋਂ ਬਿਨਾਂ ਮੌੜ ਮੰਡੀ ਅਤੇ ਤਲਵੰਡੀ ਸਾਬੋ ਕਸਬਿਆਂ 'ਚ ਨੌਜਵਾਨ ਕਲੱਬਾਂ ਵੱਲੋਂ ਜੱਥੇਬੰਦ ਕੀਤੇ ਰੋਸ ਮਾਰਚਾਂ 'ਚ ਸਭਾ ਦੇ ਵਰਕਰਾਂ ਨੇ ਭਰਵੀਂ ਸ਼ਮੂਲੀਅਤ ਕਰਦਿਆਂ ਸਭਾ ਦੀ ਇਸ ਮੁੱਦੇ ਤੇ ਸਮਝ ਪੇਸ਼ ਕੀਤੀ।
1 ਜਨਵਰੀ ਨੂੰ ਬਠਿੰਡਾ ਆਈ. ਟੀ. ਆਈ ਅਤੇ ਰਿਜ਼ਨਲ ਸੈਂਟਰ 'ਚ ਪੀ. ਐਸ. ਯੂ. (ਸ਼ਹੀਦ ਰੰਧਾਵਾ) ਵੱਲੋਂ ਵਿਦਿਆਰਥੀਆਂ ਦੀਆਂ ਰੈਲੀਆਂ ਜੱਥੇਬੰਦ ਕੀਤੀਆਂ ਗਈਆਂ। 2 ਫਰਵਰੀ ਨੂੰ ਸੈਂਕੜੇ ਵਿਦਿਆਰਥੀਆਂ ਵੱਲੋਂ ਬਠਿੰਡਾ ਸ਼ਹਿਰ ਦੀਆਂ ਸੜਕਾਂ ਤੇ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਫੌਜੀ ਚੌਂਕ 'ਚ ਆ ਕੇ ਸਮਾਪਤ ਹੋਇਆ ਜਿੱਥੇ ਇੱਕ ਘੰਟਾ ਵਿਦਿਆਰਥੀਣਾਂ ਨੇ ਚੌਂਕ ਦੁਆਲੇ ਮਨੁੱਖੀ ਕੜੀ ਬਣਾ ਕੇ ਰੋਸ ਪ੍ਰਗਟਾਇਆ। ਲੜਕੀਆਂ ਵੱਲੋਂ ਚੱਕੇ ਬੈਨਰਾਂ 'ਤੇ ਬਲਾਤਕਾਰੀ ਪੰਜਿਆਂ ਤੋਂ ਰਾਖੀ ਲਈ ਤੇ ਸਵੈਮਾਣ ਨਾਲ ਜਿਉਣ ਲਈ ਜੱਥੇਬੰਦ ਹੋਣ ਤੇ ਸੰਘਰਸ਼ਾਂ 'ਤੇ ਟੇਕ ਰੱਖਣ ਦਾ ਸੱਦਾ ਦਿੱਤਾ ਗਿਆ ਸੀ। ਇਸ ਮੌਕੇ ਸਭਾ ਦੇ ਵਰਕਰ ਵੀ ਸ਼ਾਮਲ ਹੋਏ। ਇਹ ਮਾਰਚ ਵਾਪਸ ਆਈ. ਟੀ. ਆਈ. ਜਾ ਕੇ ਸਮਾਪਤ ਹੋਇਆ। ਵੱਖ ਵੱਖ ਜਥੇਬੰਦੀਆਂ ਨੇ ਪੰਜਾਬ 'ਚ ਵਧ ਰਹੀ ਗੁੰਡਾਗਰਦੀ ਅਤੇ ਔਰਤਾਂ ਦੀ ਸੁਰੱਖਿਆ ਦੇ ਮੁੱਦੇ 'ਤੇ ਬਠਿੰਡਾ 'ਚ ਕੀਤੇ ਸਾਂਝੇ ਮੁਜ਼ਾਹਰੇ 'ਚ ਸ਼ਮੂਲੀਅਤ ਕੀਤੀ।
ਇਸ ਸਾਰੀ ਸਰਗਰਮੀ ਦੌਰਾਨ ਜਿੱਥੇ ਔਰਤਾਂ ਖਿਲਾਫ਼ ਵਧਦੇ ਜੁਰਮ ਰੋਕਣ ਲਈ ਸਰਕਾਰ 'ਤੇ ਪ੍ਰਸ਼ਾਸਨ ਵੱਲੋਂ ਕਦਮ ਚੁੱਕਣ ਦੀ ਮੰਗ ਕੀਤੀ ਗਈ ਉੱਥੇ ਸਰਕਾਰਾਂ ਨੂੰ ਅਜਿਹੇ ਕਦਮ ਚੁੱਕਣ ਵਾਸਤੇ ਮਜ਼ਬੂਰ ਕਰਨ ਲਈ ਸੰਘਰਸ਼ਾਂ ਦੀ ਮਹੱਤਤਾ ਉਭਾਰੀ ਗਈ ਵਿਸ਼ੇਸ਼ ਕਰਕੇ ਸ਼ਰੂਤੀ ਅਗਵਾ ਕਾਂਡ ਖਿਲਾਫ਼ ਲੋਕ ਸੰਘਰਸ ਦੀ ਅੰਸ਼ਕ ਜਿੱਤ ਦਾ ਤਜ਼ਰਬਾ ਦਰਸਾਇਆ ਗਿਆ। ਲੱਚਰ ਸੱਭਿਆਚਾਰ ਦੇ ਮਾਰੂ ਹਮਲੇ ਦਾ ਟਾਕਰਾ ਕਰਨ ਲਈ ਲੋਕ ਪੱਖੀ ਸਭਿਆਚਾਰਕ ਲਹਿਰ ਉਸਾਰਨ ਦੀ ਲੋੜ ਤੇ ਜ਼ੋਰ ਦਿੱਤਾ ਗਿਆ।  
 (ਨੌਜਵਾਨ ਪੈਂਫਲਟ ਲੜੀ ਨੰ. 5 'ਚੋਂ)

No comments:

Post a Comment