Wednesday, 12 September 2012

ਕਿਸਾਨ ਮਜ਼ਦੂਰ ਔਰਤ ਕਾਰਕੁੰਨਾਂ ਦੀ ਇਕੱਤਰਤਾ


'ਗੁਰਸ਼ਰਨ ਸਿੰਘ ਦੀ ਕਲਾ ਸਰਗਰਮੀ ਅਤੇ ਔਰਤ ਮੁਕਤੀ ਦਾ ਮਸਲਾ' ਵਿਸ਼ੇ 'ਤੇ

ਕਿਸਾਨ ਮਜ਼ਦੂਰ ਔਰਤ ਕਾਰਕੁੰਨਾਂ ਦੀ ਇਕੱਤਰਤਾ







ਉੱਘੇ ਇਨਕਲਾਬੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਪਹਿਲੀ ਬਰਸੀ ਮਨਾਉਣ ਦੀ ਤਿਆਰੀ 'ਚ ਚੱਲ ਰਹੇ ਸਮਾਗਮਾਂ ਦੀ ਲੜੀ ਦੌਰਾਨ ਅੱਜ ਟੀਚਰਜ਼ ਹੋਮ ਬਠਿੰਡਾ 'ਚ ਸੈਂਕੜੇ ਕਿਸਾਨ ਮਜ਼ਦੂਰ ਔਰਤ ਕਾਰਕੁੰਨਾਂ ਦੀ ਇਕੱਤਰਤਾ ਹੋਈ। ਗੁਰਸ਼ਰਨ ਸਿੰਘ ਸ਼ਰਧਾਂਜਲੀ ਸਮਾਗਮ ਤਿਆਰੀ ਕਮੇਟੀ ਵੱਲੋਂ 'ਗੁਰਸ਼ਰਨ ਸਿੰਘ ਦੀ ਕਲਾ ਸਰਗਰਮੀ ਅਤੇ ਔਰਤ ਮੁਕਤੀ ਦਾ ਮਸਲਾ' ਵਿਸ਼ੇ 'ਤੇ ਸੱਦੀ ਇਸ ਇਕੱਤਰਤਾ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਡਾ. ਪਰਮਿੰਦਰ ਸਿੰਘ ਅਤੇ ਐਡਵੋਕੇਟ ਐਨ. ਕੇ. ਜੀਤ ਨੇ ਵਿਸਥਾਰੀ ਭਾਸ਼ਣ ਦਿੱਤੇ। ਮਾਲਵਾ ਖੇਤਰ ਤੋਂ ਜੁੜੀਆਂ ਮਜ਼ਦੂਰ ਕਿਸਾਨ ਔਰਤ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਗੁਰਸ਼ਰਨ ਸਿੰਘ ਨੇ ਆਪਣੇ ਜੀਵਨ ਭਰ ਦੀ ਸਰਗਰਮੀ ਦੌਰਾਨ ਔਰਤਾਂ ਦੀ ਸਮਾਜਕ ਆਰਥਕ ਬਰਾਬਰੀ ਦੇ ਮਸਲੇ ਨੂੰ ਬਹੁਤ ਜ਼ੋਰ ਨਾਲ ਉਭਾਰਿਆ। ਸਾਡੇ ਸਮਾਜ 'ਚ ਔਰਤਾਂ ਨੂੰ ਪਈਆਂ ਬੇੜੀਆਂ, ਮਰਦਾਵਾਂ ਦਾਬਾ, ਔਰਤਾਂ 'ਤੇ ਹੁੰਦੇ ਜ਼ਬਰ ਅਤੇ ਵਿਤਕਰੇ ਗੁਰਸ਼ਰਨ ਸਿੰਘ ਦੇ ਨਾਟਕਾਂ 'ਚ ਬਹੁਤ ਉੱਭਰਵੇਂ ਢੰਗ ਨਾਲ ਪੇਸ਼ ਹੋਏ। ਔਰਤ ਵਿਰੋਧੀ ਸਮਾਜਕ ਧਾਰਨਾਵਾਂ ਉਹਨਾਂ ਦੀ ਕਲਾ ਦਾ ਚੁਣਵਾਂ ਨਿਸ਼ਾਨਾ ਬਣਦੀਆਂ ਰਹੀਆਂ। ਉਹਨਾਂ ਦੇ ਬਰਾਬਰੀ ਭਰੇ ਸਮਾਜ ਦੀ ਉਸਾਰੀ ਦੇ ਸੰਕਲਪ ਵਿੱਚ ਔਰਤ ਦੀ ਆਰਥਕ ਸਮਾਜਕ ਪੁੱਗਤ ਸਥਾਪਤ ਕਰਨਾ ਵੀ ਸ਼ਾਮਲ ਸੀ। ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਅੱਜ ਜਦੋਂ ਮਿਹਨਤਕਸ਼ ਲੋਕਾਂ 'ਤੇ ਨਵੀਆਂ ਆਰਥਿਕ ਨੀਤੀਆਂ ਤਹਿਤ ਵੱਡੇ ਆਰਥਕ ਬੋਝ ਲੱਦੇ ਜਾ ਰਹੇ ਹਨ ਤਾਂ ਇਹਦੀ ਸਭ ਤੋਂ ਵੱਧ ਮਾਰ ਔਰਤਾਂ 'ਤੇ ਪੈ ਰਹੀ ਹੈ। ਔਰਤਾਂ ਦੀ ਜ਼ਿੰਦਗੀ ਬਦਲਣ ਲਈ ਲਾਜ਼ਮੀ ਹੈ ਕਿ ਉਹ ਲੋਕ ਹੱਕਾਂ ਲਈ ਚੱਲਦੇ ਸੰਗਰਾਮਾਂ 'ਚ ਜ਼ੋਰਦਾਰ ਸ਼ਮੂਲੀਅਤ ਕਰਨ ਜੱਥੇਬੰਦ ਹੋਣ ਤੇ ਸੰਘਰਸ਼ਾਂ 'ਚ ਮੋਹਰੀ ਭੂਮਿਕਾ ਨਿਭਾਉਣ।
ਐਡਵੋਕੇਟ ਐਨ. ਕੇ. ਜੀਤ ਨੇ ਦੁਨੀਆਂ ਭਰ ਦੇ ਮੁਲਕਾਂ ਦੀਆਂ ਔਰਤ ਲਹਿਰਾਂ ਦੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਸਾਡੇ ਗੁਆਂਢੀ ਮੁਲਕ ਚੀਨ 'ਚ ਲੋਕ ਮੁਕਤੀ ਲਈ ਚੱਲਦੇ ਸੰਘਰਸ਼ਾਂ 'ਚ ਔਰਤਾਂ ਨੇ ਬਹੁਤ ਅਹਿਮ ਹਿੱਸਾ ਪਾਇਆ ਸੀ। ਉੱਥੇ ਸਥਾਪਤ ਹੋਏ ਲੋਕ ਪੱਖੀ ਨਿਜ਼ਾਮ 'ਚ ਔਰਤਾਂ ਹਕੀਕੀ ਤੌਰ 'ਤੇ ਅੱਧ ਦੀਆਂ ਮਾਲਕ ਬਣੀਆਂ ਤੇ ਆਪਦੀ ਤਕਦੀਰ ਦੀ ਉਸਾਰੀ ਆਪਣੇ ਹੱਥ ਲਈ। ਉਹਨਾਂ ਸਾਡੇ ਦੇਸ਼ ਤੇ ਪੰਜਾਬ 'ਚ ਲੜੇ ਜਾ ਰਹੇ ਸੰਘਰਸ਼ਾਂ ਦੌਰਾਨ ਔਰਤਾਂ ਵੱਲੋਂ ਨਿਭਾਈ ਭੂਮਿਕਾ ਦਾ ਮਹੱਤਵ ਉਘਾੜਿਆ ਤੇ ਕਈ ਵੱਡੇ ਜਨਤਕ ਘੋਲਾਂ ਦੀ ਜਿੱਤ 'ਚ ਔਰਤਾਂ ਦੀ ਸਰਗਰਮ ਸ਼ਮੂਲੀਅਤ ਬਾਰੇ ਵਿਸਥਾਰ 'ਚ ਦੱਸਿਆ। ਉਹਨਾਂ ਔਰਤ ਕਾਰਕੁੰਨਾਂ ਨੂੰ ਸੱਦਾ ਦਿੱਤਾ ਕਿ ਉਹ ਲੋਕ ਸੰਘਰਸ਼ਾਂ 'ਚ ਆਪਣੀ ਸਰਗਰਮ ਭੂਮਿਕਾ ਨਿਭਾਉਣ ਲਈ ਅੱਗੇ ਆਉਣ ਤਾਂ ਹੀ ਔਰਤ ਮੁਕਤੀ ਦਾ ਰਾਹ ਖੁੱਲਣਾ ਹੈ। ਔਰਤ ਕਾਰਕੁੰਨਾਂ ਤਰਫੋਂ ਹਰਿੰਦਰ ਬਿੰਦੂ ਨੇ ਜਿੱਥੇ ਬੁਲਾਰਿਆਂ ਦਾ ਧੰਨਵਾਦ ਕੀਤਾ ਉੱਥੇ ਨਾਲ ਹੀ ਤਾਜ਼ਾ ਕਿਸਾਨ ਸੰਘਰਸ਼ਾਂ 'ਚ ਔਰਤਾਂ ਦੀ ਸ਼ਾਨਾਮੱਤੀ ਭੂਮਿਕਾ ਦੀ ਚਰਚਾ ਵੀ ਕੀਤੀ। ਪਾਵੇਲ ਕੁੱਸਾ ਦੀ ਮੰਚ ਸੰਚਾਲਣਾ 'ਚ ਹੋਏ ਸਮਾਗਮ ਦੌਰਾਨ ਕਮੇਟੀ ਮੈਂਬਰ ਝੰਡਾ ਸਿੰਘ ਜੇਠੂਕੇ ਅਤੇ ਜ਼ੋਰਾ ਸਿੰਘ ਨਸਰਾਲੀ ਵੀ ਹਾਜ਼ਰ ਸਨ। ਅੰਤ ਵਿੱਚ ਕਮੇਟੀ ਨੇ ਸਭਨਾਂ ਨੂੰ ਗੁਰਸ਼ਰਨ ਸਿੰਘ ਦੀ ਪਹਿਲੀ ਬਰਸੀ ਲਈ ਹੋ ਰਹੇ ਸਮਾਗਮਾਂ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਮਿਤੀ12/09/2012                                   ਜਾਰੀ ਕਰਤਾ — ਪਾਵੇਲ ਕੁੱਸਾ, ਕਮੇਟੀ ਮੈਂਬਰ।
9417054015

Saturday, 1 September 2012

ਅਮਰੀਕੀ ਸਾਮਰਾਜ ਦੀ ਚਾਕਰੀ


ਅਮਰੀਕੀ ਸਾਮਰਾਜ ਦੀ ਚਾਕਰੀ 'ਚ 
ਜਵਾਨੀ ਦਾ ਲਹੂ ਭੇਂਟ ਕਰਨ ਦੀਆਂ ਤਿਆਰੀਆਂ

ਜਦੋਂ ਸਾਰਾ ਮੁਲਕ ਅੰਗਰੇਜ਼ੀ ਗੁਲਾਮੀ ਦੀ ਪੀੜ ਹੰਢਾ ਰਿਹਾ ਸੀ ਤਾਂ ਉਹਨਾਂ ਸਮਿਆਂ 'ਚ ਅੰਗਰੇਜ਼ੀ ਸਾਮਰਾਜੀਆਂ ਦੇ ਲੋਟੂ ਮਕਸਦਾਂ ਲਈ ਭਾਰਤ ਦੀ ਜਵਾਨੀ ਦਾ ਲਹੂ ਦੂਰ-ਦੁਰਾਡੇ ਮੁਲਕਾਂ ਦੀਆਂ ਧਰਤੀਆਂ 'ਤੇ ਡੁੱਲ•ਦਾ ਸੀ। ਅੰਗਰੇਜ਼ ਜਬਰੀ ਭਰਤੀ ਕਰਕੇ ਸੰਸਾਰ ਜੰਗਾਂ ਦੇ ਸਮੇਂ ਦੁਨੀਆਂ ਦੇ ਮੁਲਕਾਂ 'ਤੇ ਕਬਜ਼ਾ ਕਰਨ ਚੜ•ੇ ਤਾਂ ਸਾਡੇ ਮੁਲਕ ਦੀ ਜਵਾਨੀ ਨੂੰ ਦੁਸ਼ਮਣ ਦੀਆਂ ਗੋਲੀਆਂ ਮੂਹਰੇ ਝੋਕਿਆ। ਭਾਰਤੀ ਫੌਜੀ ਕਈ ਕਈ ਵਰ•ੇ ਵਿਦੇਸ਼ੀ ਧਰਤੀਆਂ 'ਤੇ ਲੜਦੇ ਰਹੇ। 'ਬਸਰੇ ਦੀ ਲਾਮ ਟੁੱਟਜੇ-ਮੈਂ ਰੰਡੀਓਂ ਸੁਹਾਗਣ ਹੋਵਾਂ . . . ' ਦੀਆਂ ਲਾਈਨਾਂ ਸਾਡੀ ਕੌਮ ਦੇ ਏਸੇ ਦਰਦ ਨੂੰ ਬਿਆਨਦੀਆਂ ਹਨ। ਪਰ ਹੁਣ ਤਾਂ ਅਸੀਂ 'ਆਜ਼ਾਦ' ਹਾਂ, 'ਪ੍ਰਭੂਸੱਤਾ ਸੰਪੰਨ ਹਾਂ'। ਅਸੀਂ ਤਾਂ ਆਪਣੀਆਂ ਸਰਹੱਦਾਂ ਦੀ ਹੀ ਰਾਖੀ ਕਰਨੀ ਹੈ, ਵਿਦੇਸ਼ੀ ਧਰਤੀਆਂ 'ਤੇ ਜਾ ਕੇ ਸਾਡੀ ਕੌਮ ਦਾ ਨਿਹੱਕਾ ਖੂਨ ਡੋਲ•ਣ ਵਾਲਾ ਅੰਗਰੇਜ਼ ਤਾਂ ਕਦੋਂ ਦਾ ਕੱਢਿਆ ਜਾ ਚੁੱਕਾ ਹੈ।
ਪਰ ਸਾਡੀ 'ਆਜ਼ਾਦੀ' ਨੂੰ ਏਨੇ ਵਰ•ੇ ਬੀਤ ਜਾਣ ਬਾਅਦ ਫ਼ਰਕ ਇਹ ਪਿਆ ਹੈ ਕਿ ਹੁਣ ਬਸਰਾ ਨਹੀਂ ਤਾਂ ਬਗਦਾਦ ਜਾਂ ਕਾਬਲ ਹੋ ਸਕਦਾ ਹੈ। ਅੰਗਰੇਜ਼ ਨਹੀਂ ਤਾਂ ਅਮਰੀਕੀ ਸਾਮਰਾਜੀਏ ਹੋ ਸਕਦੇ ਹਨ, ਮੁਲਕ ਦੀ ਜਵਾਨੀ ਨੂੰ ਉਥੇ ਭੇਜਣ ਵਾਲੇ ਸਾਮਰਾਜੀ ਮਾਲਕਾਂ ਦੇ ਸੇਵਾਦਾਰ ਭਾਰਤੀ ਹੋ ਸਕਦੇ ਹਨ। ਭਾਰਤ-ਅਮਰੀਕਾ ਦੀ ਵਧ ਰਹੀ ਦੋਸਤੀ ਦੀਆਂ ਖਬਰਾਂ ਇਹੀ ਕਹਿ ਰਹੀਆਂ ਹਨ ਕਿ ਭਾਰਤੀ ਹਾਕਮ ਆਪਣੇ ਅਮਰੀਕੀ ਪ੍ਰਭੂਆਂ ਦੀ ਸੇਵਾ 'ਚ ਮੁਲਕ ਦੀ ਜਵਾਨੀ ਦਾ ਲਹੂ ਭੇਂਟ ਕਰਨ ਦੇ ਇਰਾਦੇ ਰੱਖਦੇ ਹਨ। ਪਿਛਲੇ ਮਹੀਨੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਰੱਖਿਆ ਮੰਤਰੀ ਏ.ਕੇ. ਐਂਟਨੀ ਦੀਆਂ ਅਮਰੀਕੀ ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾਂ ਅਜਿਹੀ ਹੀ ਚਰਚਾ ਛੇੜ ਰਹੀਆਂ ਹਨ। ਅਮਰੀਕੀ ਰੱਖਿਆ ਸਕੱਤਰ ਲਿਉਨ ਪਨੇਟਾ ਨੇ ਕਿਹਾ ਹੈ ਕਿ ਭਾਰਤ ਨੂੰ ਅਫ਼ਗਾਨਿਸਤਾਨ 'ਚ ਸ਼ਾਂਤੀ ਬਹਾਲੀ ਦੇ ਕੰਮ 'ਚ ਆਪਣੀ ਸ਼ਮੂਲੀਅਤ ਵਧਾਉਣੀ ਚਾਹੀਦੀ ਹੈ ਕਿਉਂਕਿ 2014 'ਚ ਅਮਰੀਕਾ ਨੇ ਮੁੱਖ ਤੌਰ 'ਤੇ ਅਫਗਾਨਿਸਤਾਨ 'ਚੋਂ ਆਪਣੀਆਂ ਫੌਜਾਂ ਵਾਪਸ ਬੁਲਾਉਣੀਆਂ ਹਨ। ਜੀਹਦਾ ਭਾਵ ਸਪੱਸ਼ਟ ਹੈ ਕਿ ਹੁਣ ਜੋ ਕੰਮ ਅਮਰੀਕੀ ਫੌਜੀ ਅਫਗਾਨਿਸਤਾਨ 'ਚ ਕਰ ਰਹੇ ਹਨ ਉਹ ਕੰਮ ਭਾਰਤੀ ਫੌਜ ਸਾਂਭਣ ਲਈ ਤਿਆਰ ਰਹੇ।
ਅਮਰੀਕਾ ਨੇ ਦੁਨੀਆਂ ਭਰ 'ਚ ਆਪਣੇ ਲੋਟੂ ਮਕਸਦਾਂ ਦੀ ਪੂਰਤੀ ਲਈ ਤਬਾਹੀ ਮਚਾਈ ਹੋਈ ਹੈ। ਦੁਨੀਆਂ ਦੇ ਤੇਲ ਸੋਮਿਆਂ 'ਤੇ ਕਬਜ਼ੇ ਕਰਨ, ਉਹਦੀ ਢੋਆ-ਢੁਆਈ ਲਈ ਲਾਂਘੇ ਬਣਾਉਣ ਖਾਤਰ ਹੀ ਉਹਨੇ ਪਹਿਲਾਂ ਇਰਾਕ ਨੂੰ ਤਬਾਹ ਕਰਕੇ ਉਥੇ ਕਬਜ਼ਾ ਕੀਤਾ ਹੈ। 2001 'ਚ ਅਫ਼ਗਾਨਿਸਤਾਨ 'ਤੇ ਹਮਲਾ ਕਰਕੇ ਉੱਥੇ ਵੀ ਕਠਪੁਤਲੀ ਹਕੂਮਤ ਕਾਇਮ ਕੀਤੀ ਹੈ ਪਰ ਅਫ਼ਗਾਨਿਸਤਾਨ ਦੇ ਲੋਕਾਂ ਨੇ ਅਮਰੀਕੀ ਅਧੀਨਗੀ ਕਬੂਲ ਨਹੀਂ ਕੀਤੀ ਤੇ ਪਿਛਲੇ 11 ਵਰਿ•ਆਂ ਤੋਂ ਹੀ ਉੱਥੇ ਟਾਕਰਾ ਜਾਰੀ ਹੈ। ਅਮਰੀਕੀ ਸੈਨਿਕ ਲਗਾਤਾਰ ਮਰ ਰਹੇ ਹਨ। ਅਮਰੀਕਾ ਦੇ ਸਹਿਯੋਗੀ ਨਾਟੋ ਮੁਲਕਾਂ ਦੇ ਫੌਜੀਆਂ ਦੀਆਂ ਮੌਤਾਂ ਦੀ ਗਿਣਤੀ ਵੀ ਵਧ ਰਹੀ ਹੈ। ਇਹਨਾਂ ਮੁਲਕਾਂ 'ਚ ਪਹੁੰਚਦੀਆਂ ਲਾਸ਼ਾਂ ਉੱਥੇ ਤਿੱਖੇ ਵਿਰੋਧ ਨੂੰ ਜਨਮ ਦੇ ਰਹੀਆਂ ਹਨ। ਸਾਮਰਾਜੀ ਮੁਲਕਾਂ ਨੂੰ ਆਪਣੇ ਦੇਸ਼ ਅੰਦਰੋਂ ਹੀ ਵਿਰੋਧ ਦਾ ਸਾਹਮਣਾ ਕਰਨਾ ਵਾਰਾ ਨਹੀਂ ਖਾ ਰਿਹਾ। ਏਸੇ ਲਈ ਹੁਣ ਫੌਜਾਂ ਵਾਪਸ ਬੁਲਾਉਣ ਦੀਆਂ ਗੱਲਾਂ ਹੋ ਰਹੀਆਂ ਹਨ। ਇਹਨਾਂ ਜੰਗਾਂ 'ਤੇ ਹੋ ਰਹੇ ਖਰਚਿਆਂ ਨੇ ਵੀ ਅਮਰੀਕਾ ਅਤੇ ਨਾਟੋ ਮੁਲਕਾਂ ਦਾ ਦਵਾਲਾ ਕੱਢਣਾ ਸ਼ੁਰੂ ਕਰ ਦਿੱਤਾ ਹੈ। ਲੋਕ ਸਹੂਲਤਾਂ 'ਤੇ ਕੱਟ ਲਾ ਕੇ ਜੰਗਾਂ 'ਤੇ ਰੋੜ•ੇ ਜਾ ਰਹੇ ਪੈਸੇ ਅਤੇ ਆਪਣੇ ਲੋਕਾਂ ਦੀਆਂ ਜਾਨਾਂ ਦੀ ਅਹੂਤੀ ਨੇ ਇਹਨਾਂ ਸਾਮਰਾਜੀ ਹਾਕਮਾਂ ਨੂੰ ਹੁਣ ਹੋਰ ਜੰਗੀ ਖਰਚੇ ਕਰਨ ਤੋਂ ਪਹਿਲਾਂ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਪਰ ਅਫ਼ਗਾਨਿਸਤਾਨ ਤੇ ਹੋਰਨਾਂ ਮੁਲਕਾਂ 'ਤੇ ਕਬਜ਼ਾ ਰੱਖਣਾ ਜ਼ਰੂਰੀ ਹੈ। ਇਹਦੇ ਲਈ ਹੁਣ ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਦੀ ਵਰਤੋਂ ਕੀਤੀ ਜਾਣੀ ਹੈ।
ਭਾਰਤੀ ਹਾਕਮ ਆਪਣੇ ਆਂਢ-ਗੁਆਂਢ ਦੇ ਮੁਲਕਾਂ 'ਤੇ ਥਾਣੇਦਾਰੀ ਕਰਨ ਦੀ ਲਾਲਸਾ ਰੱਖਦੇ ਹਨ, ਦੱਖਣੀ ਏਸ਼ੀਆ ਖਿੱਤੇ 'ਚ ਇੱਕ ਵੱਡੀ ਫੌਜੀ ਤਾਕਤ ਵਜੋਂ ਉੱਭਰਨਾ ਚਾਹੁੰਦੇ ਹਨ। ਅਜਿਹਾ ਉਹ ਅਮਰੀਕੀ ਸਰਪ੍ਰਸਤੀ ਹੇਠ ਹੀ ਕਰ ਸਕਦੇ ਹਨ। ਇਹਨਾਂ ਲਾਲਸਾਵਾਂ ਦੀ ਪੂਰਤੀ ਲਈ ਦਿਨੋਂ ਦਿਨ ਅਮਰੀਕੀ ਸਾਮਰਾਜੀਆਂ ਦੀ ਅਧੀਨਗੀ ਸਵੀਕਾਰ ਕਰ ਰਹੇ ਹਨ। ਏਸ ਖੇਤਰ 'ਚ ਅਮਰੀਕੀਆਂ ਦੀ ਫੌਜੀ ਚੌਂਕੀ ਵਜੋਂ ਆਪਣੇ ਆਪ ਨੂੰ ਪੇਸ਼ ਕਰ ਰਹੇ ਹਨ। ਇਸ ਅਧੀਨਗੀ ਦੇ ਰਿਸ਼ਤੇ ਨੂੰ ਅਮਰੀਕਾ-ਭਾਰਤ ਦੋਸਤੀ ਦੇ ਨਾਂ ਥੱਲੇ ਪ੍ਰਚਾਰਿਆ ਜਾ ਰਿਹਾ ਹੈ। ਅਮਰੀਕੀ ਸਾਮਰਾਜੀ ਲੋੜਾਂ ਭਾਰਤੀ ਫੌਜ ਤੋਂ ਉਹ ਸਾਰੇ ਕੰਮ ਲੈਣ ਦੀ ਮੰਗ ਕਰਦੀਆਂ ਹਨ ਜਿਹੜੇ ਅਮਰੀਕਾ ਨੂੰ ਭਾਰੀ ਖਰਚੇ ਕਰਕੇ, ਆਪਣੇ ਮੁਲਕ ਤੋਂ ਫੌਜਾਂ ਭੇਜ ਕੇ ਕਰਨੇ ਪੈਂਦੇ ਹਨ। ਇਸ ਲਈ ਹੁਣ ਭਾਰਤ ਤੇ ਅਮਰੀਕਾ ਦੀਆਂ ਸਾਂਝੀਆਂ ਫੌਜੀ ਮਸ਼ਕਾਂ ਕੀਤੀਆਂ ਜਾ ਰਹੀਆਂ ਹਨ। ਦੁਨੀਆਂ ਦੇ ਹੋਰ ਕਿਸੇ ਵੀ ਮੁਲਕ ਨੇ ਅਮਰੀਕਾ ਨਾਲ ਏਨੀਆਂ ਫੌਜੀ ਮਸ਼ਕਾਂ ਨਹੀਂ ਕੀਤੀਆਂ ਜਿੰਨੀਆਂ ਭਾਰਤ ਨੇ ਕੀਤੀਆਂ ਹਨ। ਦੋਹੇਂ ਮੁਲਕ ਹੁਣ ਤੱਕ 50 ਸਾਂਝੀਆਂ ਮਸ਼ਕਾਂ ਕਰ ਚੁੱਕੇ ਹਨ।
ਅਮਰੀਕੀ ਹਾਕਮ ਇੱਕ ਪਾਸੇ ਇਰਾਨ ਤੇ ਹਮਲੇ ਦੀ ਤਿਆਰੀ ਕਰ ਰਹੇ ਹਨ ਤੇ ਨਾਲ ਹੀ ਚੀਨ ਨੂੰ ਲੰਮੇ ਦਾਅ ਦੀ ਯੋਜਨਾ ਅਨੁਸਾਰ ਘੇਰਨ ਦੀਆਂ ਤਿਆਰੀਆਂ ਵੱਟ ਰਹੇ ਹਨ। ਅਜਿਹੀਆਂ ਸਭਨਾਂ ਜੰਗੀ ਕਾਰਵਾਈਆਂ 'ਚ ਭਾਰਤੀ ਫੌਜ ਨੂੰ ਝੋਕਣਾ ਚਾਹੁੰਦੇ ਹਨ। ਭਾਰਤ ਦੀ ਧਰਤੀ 'ਤੇ ਸਮੁੰਦਰੀ ਖੇਤਰਾਂ ਦੀ ਖੁੱਲ•ੇਆਮ ਵਰਤੋਂ ਕਰਨਾ ਚਾਹੁੰਦੇ ਹਨ। ਹੁਣ ਅਫ਼ਗਾਨਿਸਤਾਨ 'ਚ ਫੌਜਾਂ ਭੇਜ ਕੇ ਉਹ ਅਜਿਹੇ ਹੀ ਲੰਮੇ ਅਮਲ ਦੀ ਸ਼ੁਰੂਆਤ ਕਰਨਾ ਚਾਹੁੰਦੇ ਹਨ।
ਅਮਰੀਕੀ ਜੰਗ ਨਿਹੱਕੀ ਜੰਗ ਹੈ ਜੀਹਨੇ ਅਫਗਾਨਿਸਤਾਨ 'ਚ ਲੱਖਾਂ ਲੋਕਾਂ ਨੂੰ ਮਾਰਿਆ ਹੈ, ਉਜਾੜਿਆ ਹੈ। ਭਾਰਤੀ ਹਾਕਮ ਹੁਣ ਤੱਕ ਅਮਰੀਕੀ ਜੰਗੀ ਕੁਕਰਮਾਂ 'ਚ ਹੱਥ ਵਟਾਉਂਦੇ ਆ ਰਹੇ ਹਨ, ਅਫ਼ਗਾਨਿਸਤਾਨ ਦੇ ਲੋਕਾਂ ਦੀ ਤਬਾਹੀ ਲਈ ਅਮਰੀਕੀਆਂ ਦਾ ਸਾਥ ਨਿਭਾਉਣ ਦੇ ਦੋਸ਼ੀ ਹਨ। ਭਾਰਤੀ ਫੌਜ ਹੁਣ ਤੱਕ ਵਿਦੇਸ਼ੀ ਫੌਜਾਂ ਦੀ ਸੇਵਾ ਕਰਨ ਦਾ ਕੰਮ ਕਰਦੀ ਆ ਰਹੀ ਹੈ। ਸਿੱਧੀ ਲੜਾਈ ਤੋਂ ਬਿਨਾਂ ਫੌਜੀਆਂ ਨੂੰ ਰਾਸ਼ਨ ਪਹੁੰਚਾਉਣ ਅਤੇ ਸੜਕਾਂ ਬਣਾਉਣ ਵਰਗੀਆਂ ਦੋਮ ਦਰਜ਼ੇ ਦੀਆਂ ਫੌਜੀ ਜੁੰਮੇਵਾਰੀਆਂ ਓਟਦੀ ਆ ਰਹੀ ਹੈ। ਹੁਣ ਭਾਰਤੀ ਫੌਜੀਆਂ ਨੂੰ ਸਿੱਧੇ ਗੋਲੀਆਂ ਮੂਹਰੇ ਖੜ•ੇ ਕਰਨ ਦੀ ਵਿਉਂਤ ਘੜੀ ਜਾ ਰਹੀ ਹੈ। ਅਫ਼ਗਾਨੀ ਲੋਕ ਸ਼ਾਨਦਾਰ ਟਾਕਰਾ ਕਰ ਰਹੇ ਹਨ। ਵਿਦੇਸ਼ੀ ਧਾੜਵੀਆਂ 'ਤੇ ਲਗਾਤਾਰ ਹਮਲੇ ਕਰ ਰਹੇ ਹਨ। ਉਥੇ ਗਏ ਭਾਰਤੀ ਫੌਜੀਆਂ ਨੇ ਇਹਨਾਂ ਹਮਲਿਆਂ ਦਾ ਨਿਸ਼ਾਨਾ ਬਣਨਾ ਹੈ, ਸਾਡੀ ਜਵਾਨੀ ਦਾ ਲਹੂ ਸਾਮਰਾਜੀ ਕੁਕਰਮਾਂ ਲਈ ਵਹਾਇਆ ਜਾਣਾ ਹੈ।
ਸਾਡੇ ਮੁਲਕ 'ਚ ਨੌਜਵਾਨਾਂ ਨੂੰ ਭਾਰੀ ਬੇ-ਰੁਜ਼ਗਾਰੀ ਦਾ ਸਾਹਮਣਾ ਹੈ। ਬੇ-ਰੁਜ਼ਗਾਰ ਜਵਾਨੀ ਢਿੱਡ ਨੂੰ ਝੁਲਕਾ ਦੇਣ ਲਈ ਗੋਲੀਆਂ ਮੂਹਰੇ ਵੀ ਹਿੱਕਾਂ ਡਾਹੁਣ ਲਈ ਮਜ਼ਬੂਰ ਹੁੰਦੀ ਹੈ। ਹਾਕਮ ਏਸ ਮਜ਼ਬੂਰੀ ਦਾ ਫਾਇਦਾ ਉਠਾਉਂਦੇ ਹਨ। ਸਾਮਰਾਜੀ ਹਿੱਤਾਂ ਅਤੇ ਆਪਣੀਆਂ ਲਾਲਸਾਵਾਂ ਦੀ ਪੂਰਤੀ ਲਈ ਸਾਡੇ ਨੌਜਵਾਨਾਂ ਨੂੰ ਅੱਗ 'ਚ ਝੋਕਣਾ ਚਾਹੁੰਦੇ ਹਨ। ਇਹ ਸ਼ਰੇਆਮ ਆਪਣੇ ਲੋਕਾਂ ਨਾਲ ਗੱਦਾਰੀ ਹੈ, ਕੌਮ ਧ੍ਰੋਹ ਹੈ, ਸਾਮਰਾਜੀ ਚਾਕਰੀ ਹੈ।
ਆਓ, ਹਾਕਮਾਂ ਦੇ ਕੌਮ ਧ੍ਰੋਹੀ ਮਨਸੂਬਿਆਂ ਨੂੰ ਪਛਾਣੀਏ। ਇਹਨਾਂ ਖਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰੀਏ। ਵਿਦੇਸ਼ੀ ਧਾੜਵੀਆਂ ਦੀ ਸੇਵਾ 'ਚ ਆਪਣੇ ਮੁਲਕ ਦੀ ਜਵਾਨੀ ਦਾ ਲਹੂ ਭੇਂਟ ਕਰਨ ਤੋਂ ਇਨਕਾਰ ਕਰੀਏ। ਅਮਰੀਕੀ ਸਾਮਰਾਜੀਆਂ ਦੀ ਨਿਹੱਕੀ ਜੰਗ ਦਾ ਵਿਰੋਧ ਕਰੀਏ। ਅਫਗਾਨਿਸਤਾਨ ਦੇ ਲੋਕਾਂ ਦੇ ਕੌਮੀ ਟਾਕਰੇ ਦੀ ਡਟਵੀਂ ਹਮਾਇਤ ਕਰੀਏ।

ਵਧ ਰਿਹਾ ਭਾਰਤ ਅਮਰੀਕਾ ਫੌਜੀ ਸਹਿਯੋਗ

ਭਾਰਤ ਸਾਮਰਾਜੀ ਮੁਲਕਾਂ ਲਈ ਹਥਿਆਰ ਵੇਚਣ ਦੀ ਮੰਡੀ ਹੈ। ਵੱਡੀ ਫੌਜੀ ਤਾਕਤ ਵਜੋਂ ਉਭਰਨ ਦੀਆਂ ਭਾਰਤੀ ਹਾਕਮਾਂ ਦੀਆਂ ਲਾਲਸਾਵਾਂ ਤਹਿਤ ਅਰਬਾਂ-ਖਰਬਾਂ ਰੁਪਏ ਫੌਜੀ ਸਾਜੋ ਸਮਾਨ 'ਤੇ ਖਰਚੇ ਜਾ ਰਹੇ ਹਨ। ਸਾਮਰਾਜੀ ਮੁਲਕਾਂ ਅਤੇ ਹਥਿਆਰ ਕੰਪਨੀਆਂ ਦਰਮਿਆਨ ਭਾਰਤ ਨੂੰ ਜੰਗੀ ਸਾਜੋ ਸਮਾਨ ਵੇਚਣ ਦੀ ਦੌੜ ਲੱਗੀ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਫਰਾਂਸ ਦੀ ਡਸਾਲਟ ਕੰਪਨੀ ਤੋਂ 50 ਹਜ਼ਾਰ ਕਰੋੜ ਰੁਪਏ ਦੇ ਜੰਗੀ ਜਹਾਜ਼ ਖਰੀਦਣ ਦੇ ਸੌਦੇ ਤੋਂ ਅਮਰੀਕੀ ਸਾਮਰਾਜੀਆਂ ਨੂੰ ਭਾਰੀ ਨਿਰਾਸ਼ਾ ਹੋਈ ਸੀ। ਹੁਣ ਅਮਰੀਕੀ ਹਾਕਮਾਂ ਦਾ ਕਹਿਣਾ ਹੈ ਕਿ ਇਹ ਵਰ•ਾ ਭਾਰਤੀਆਂ ਤੋਂ ਨਵੇਂ ਰੱਖਿਆ ਸੌਦੇ ਜਿੱਤਣ ਦਾ ਹੋਵੇਗਾ। ਅਮਰੀਕਾ ਦੀ ਸ਼ਾਂਤੀ ਸੰਸਥਾ 'ਚ ਬੋਲਦਿਆਂ ਅਮਰੀਕੀ ਰੱਖਿਆ ਸਕੱਤਰ ਲਿਓਨ ਪਨੇਟਾ ਨੇ ਕਿਹਾ ਕਿ ਅਸੀਂ ਆਪਣੇ ਰੱਖਿਆ ਸਮਾਨ ਬਾਹਰ ਭੇਜਣ ਦੇ ਪ੍ਰਬੰਧ 'ਚ ਮਹੱਤਵਪੂਰਣ ਤਬਦੀਲੀਆਂ ਕਰਾਂਗੇ ਜੀਹਦਾ ਭਾਰਤ ਨੂੰ ਕਾਫ਼ੀ ਫ਼ਾਇਦਾ ਹੋਵੇਗਾ। ਉਹਨੇ ਕਿਹਾ ਕਿ ਲੰਘੀ ਜੂਨ ਦੇ ਭਾਰਤ ਦੌਰੇ ਦੌਰਾਨ ਉਹ ਇਹ ਅਹਿਮ ਐਲਾਨ ਕਰਕੇ ਆਇਆ ਹੈ ਕਿ ਰੱਖਿਆ ਵਪਾਰ ਦੀ ਕਾਮਯਾਬੀ ਲਈ ਦੋਹਾਂ ਮੁਲਕਾਂ ਦੇ ਸਬੰਧਤ ਰੱਖਿਆ ਅਧਿਕਾਰੀਆਂ ਦਾ ਬੇਹਤਰ ਰਾਬਤਾ ਕਾਇਮ ਕੀਤਾ ਜਾਵੇਗਾ। ਅਮਰੀਕੀ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਅਮਰੀਕਾ ਤੋਂ ਹਥਿਆਰ ਖਰੀਦਣਾ ਸਿਰਫ਼ ਸੌਦਾ ਹੀ ਨਹੀਂ ਹੋਵੇਗਾ ਸਗੋਂ ਇਹ ਅਮਰੀਕਾ ਨਾਲ ਫੌਜੀ ਰਿਸ਼ਤੇ ਦਾ ਵਧਾਰਾ ਵੀ ਹੋਵੇਗਾ।
(30 ਜੂਨ, 'ਦ ਹਿੰਦੂ' ਦੇ ਹਵਾਲੇ ਨਾਲ)
ਭਾਰਤ ਤੇ ਅਮਰੀਕਾ ਲਗਾਤਾਰ ਫੌਜੀ ਸਬੰਧ ਵਧਾ ਰਹੇ ਹਨ ਭਾਵ ਭਾਰਤ ਨੂੰ ਲਗਾਤਾਰ ਅਮਰੀਕੀ ਜੰਗੀ ਮਨਸੂਬਿਆਂ ਨਾਲ ਨੱਥੀ ਕੀਤਾ ਜਾ ਰਿਹਾ ਹੈ। ਭਾਰਤ ਨੇ ਅਰਬਾਂ ਖਰਬਾਂ ਦੇ ਹਥਿਆਰ ਵੀ ਅਮਰੀਕਾ ਤੋਂ ਖਰੀਦਣੇ ਹਨ ਤੇ ਵਰਤਣੇ ਵੀ ਵਿਦੇਸ਼ੀ ਧਰਤੀਆਂ 'ਤੇ ਅਮਰੀਕੀ ਸੇਵਾ ਲਈ ਹਨ। ਸਾਮਰਾਜੀਆਂ ਪ੍ਰਤੀ ਵਫ਼ਾਦਾਰੀ ਨਿਭਾਉਣ ਦਾ ਹੋਰ ਉੱਚਤਮ ਨਮੂਨਾ ਕੀ ਹੋ ਸਕਦਾ ਹੈ! ਇਹ ਵਫ਼ਾਦਾਰੀ ਭਾਰਤੀ ਲੋਕਾਂ ਨੂੰ ਬਹੁਤ ਮਹਿੰਗੀ ਪੈ ਰਹੀ ਹੈ। ਇੱਕ ਪਾਸੇ ਲੋਕਾਂ ਦੀਆਂ ਸੇਵਾਵਾਂ ਲਈ ਬੱਜਟਾਂ 'ਚ ਲਗਾਤਾਰ ਕਟੌਤੀ ਹੋ ਰਹੀ ਹੈ, ਸਰਕਾਰ ਆਏ ਵਾਰ ਖਜ਼ਾਨਾ ਖਾਲੀ ਹੋਣ ਦਾ ਰਾਗ ਅਲਾਪ ਰਹੀ ਹੈ ਤੇ ਦੂਜੇ ਪਾਸੇ ਮਾਰੂ ਹਥਿਆਰ ਖ੍ਰੀਦਣ 'ਤੇ ਅਰਬਾਂ ਰੁਪਏ ਵਹਾਏ ਜਾਂਦੇ ਹਨ। ਮਹਿੰਗੀ ਕੀਮਤ ਤਾਰ ਕੇ ਖਰੀਦੇ ਇਹਨਾਂ ਹਥਿਆਰਾਂ ਨਾਲ ਹਾਕਮਾਂ ਨੇ ਗੁਆਂਢੀ ਮੁਲਕਾਂ ਨਾਲ ਵੀ ਦੁਸ਼ਮਣੀ ਖਰੀਦਣੀ ਹੈ, ਜੰਗਾਂ ਲਾਉਣੀਆਂ ਹਨ। ਇਹਦੀ ਸਾਡੀ ਕੌਮ ਨੂੰ ਹੋਰ ਵੀ ਵੱਡੀ ਕੀਮਤ 'ਤਾਰਨੀ ਪੈਣੀ ਹੈ।

Wednesday, 15 August 2012

ਆਜ਼ਾਦੀ ਦਿਵਸ ਅਤੇ ਨੌਜਵਾਨ - ਨੌਜਵਾਨ ਪੈਂਫਲਿਟ ਲੜੀ 4 'ਚੋਂ


ਆਜ਼ਾਦੀ ਦਿਵਸ ਅਤੇ ਨੌਜਵਾਨ
ਆਓ ਅਸਲ ਆਜ਼ਾਦੀ ਦੀ ਤਲਾਸ਼ ਕਰੀਏ
ਹਰ ਸਾਲ ਪੰਦਰਾਂ ਅਗਸਤ ਨੂੰ ਕੌਮੀ ਆਜ਼ਾਦੀ ਦੇ ਜਸ਼ਨ ਮਨਾਏ ਜਾਂਦੇ ਹਨ, ਇਸ ਵਾਰ ਵੀ ਮਨਾਏ ਜਾਣੇ ਹਨ। ਦੇਸ਼ ਦੇ ਨੇਤਾਵਾਂ ਨੇ ਕੁਰਬਾਨੀਆਂ ਕਰ ਕੇ ਲਈ ਆਜ਼ਾਦੀ ਨੂੰ ਸਾਂਭ ਕੇ ਰੱਖਣ ਦੀ ਮੁਹਾਰਨੀ ਹਰ ਸਾਲ ਵਾਂਗ ਦੁਹਰਾਉਣੀ ਹੈ। ਆਜ਼ਾਦੀ ਦੀ ਰਾਖੀ ਕਰਨ ਦੀ 'ਮਹੱਤਵਪੂਰਨ' ਜੁੰਮੇਵਾਰੀ ਨਿਭਾਉਣ ਦੀਆਂ ਆਸਾਂ ਮੁਲਕ ਦੀ ਜਵਾਨੀ ਤੋਂ ਕੀਤੀਆਂ ਜਾਂਦੀਆਂ ਹਨ। ਪਰ ਮੁਲਕ ਦੇ ਨੌਜਵਾਨਾਂ ਲਈ ਇਸ ਆਜ਼ਾਦੀ ਦੇ ਕੀ ਅਰਥ ਹਨ? ਅਸੀਂ ਕਿਹੜੀ ਆਜ਼ਾਦੀ ਦੀ ਰੱਖਿਆ ਕਰਨੀ ਹੈ?
65 ਵਰ•ੇ ਦੀ ਆਜ਼ਾਦੀ ਤੋਂ ਬਾਅਦ ਵੀ ਨੌਜਵਾਨਾਂ ਨੂੰ ਆਪਣੇ ਹੀ ਵਤਨ 'ਚ ਬੇਗਾਨੇ ਹੋਣ ਦਾ ਅਹਿਸਾਸ ਹੰਢਾਉਣਾ ਪੈ ਰਿਹਾ ਹੈ। ਇਹ ਮੁਲਕ ਨੌਜਵਾਨਾਂ ਨੂੰ ਆਪਣਾ ਨਹੀਂ ਲੱਗਦਾ। ਸਗੋਂ ਇੱਥੇ ਜਨਮ ਲੈਣਾ ਵੀ ਸਰਾਪ ਜਾਪਦਾ ਹੈ। ਨਵੀਂ ਨਵੀਂ ਆਈ ਆਜ਼ਾਦੀ ਮੌਕੇ ਸਭਨਾਂ ਲਈ ਸਿੱਖਿਆ ਅਤੇ ਰੁਜ਼ਗਾਰ ਦੇ ਹੱਕ ਦੀਆਂ ਕੀਤੀਆਂ ਗੱਲਾਂ ਕਿਧਰੇ ਹੀ ਉੱਡ ਪੁੱਡ ਗਈਆਂ ਹਨ। ਬਸਤੀਵਾਦੀ ਰਾਜ ਵਾਂਗ ਹੀ 'ਬਰਾਬਰੀ' ਵਾਲੇ ਭਾਰਤ 'ਚ ਵੀ ਸਿੱਖਿਆ ਹੁਣ ਵੱਡਿਆਂ ਘਰਾਂ ਵਾਲਿਆਂ ਲਈ ਰਾਖਵੀਂ ਹੁੰਦੀ ਜਾ ਰਹੀ ਹੈ। ਹੋਟਲਾਂ ਵਰਗੀਆਂ ਯੂਨੀਵਰਸਿਟੀਆਂ ਦੇ ਬਾਹਰੋਂ ਦਰਸ਼ਨ ਕਰਨੇ ਵੀ ਗ਼ਰੀਬਾਂ ਦੇ ਜੁਆਕਾਂ ਲਈ ਸੰਭਵ ਨਹੀਂ ਹਨ। ਆਜ਼ਾਦੀ ਦੀ ਉਮਰ ਦੇ ਨਾਲ ਨਾਲ ਬੇਰੁਜ਼ਗਾਰੀ ਦਾ ਦੈਂਤ ਵੀ ਹੋਰ ਖੂੰਖਾਰ ਹੁੰਦਾ ਗਿਆ ਹੈ।
ਜਿਹੜਾ ਨੌਜਵਾਨਾਂ ਨੂੰ ਨਿਗਲਦਾ ਤੁਰਿਆ ਜਾ ਰਿਹਾ ਹੈ। ਜਵਾਨੀ ਹਾਲੋਂ ਬੇਹਾਲ ਹੈ ਤੇ ਮੁਲਕ ਦੇ ਹਾਕਮ ਦੁਨੀਆਂ ਭਰ 'ਚ ਭਾਰਤ ਦੇ ਵਿਕਾਸ ਦੀ ਰਫ਼ਤਾਰ ਦੀਆਂ ਗੱਲਾਂ ਕਰਦੇ ਫਿਰਦੇ ਹਨ। ਆਉਂਦੇ ਸਮੇਂ 'ਚ ਦੁਨੀਆਂ ਦੀ ਵੱਡੀ ਸ਼ਕਤੀ ਬਣਨ ਦੇ ਦਾਅਵੇ ਕੀਤੇ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਭਾਰਤ ਦੀ ਕੁੱਲ ਵਸੋਂ ਦਾ 65% ਹਿੱਸਾ ਨੌਜਵਾਨ ਤਬਕਾ ਹੈ ਜਿਹੜਾ ਹੋਰ ਕਿਸੇ ਵੀ ਮੁਲਕ ਦੀ ਨੌਜਵਾਨ ਗਿਣਤੀ ਤੋਂ ਜ਼ਿਆਦਾ ਹੈ। ਤੇਜ਼ ਰਫ਼ਤਾਰ ਤਰੱਕੀ ਕਰ ਰਹੇ ਗੁਆਂਢੀ ਮੁਲਕ ਚੀਨ ਕੋਲ ਵੀ ਸਾਡੇ ਤੋਂ ਘੱਟ ਗਿਣਤੀ 'ਚ ਨੌਜਵਾਨ ਹਨ। ਭਾਰਤ ਆਪਣੀ ਨੌਜਵਾਨ ਵਸੋਂ ਦੇ ਜ਼ੋਰ ਸਭਨਾਂ ਮੁਲਕਾਂ ਨੂੰ ਪਛਾੜ ਦੇਵੇਗਾ। ਇਉਂ, ਆਜ਼ਾਦੀ ਦਿਵਸ ਮੌਕੇ ਨੌਜਵਾਨਾਂ ਨੂੰ ਭਾਰਤ ਦੀ ਤਰੱਕੀ 'ਚ ਵਧ ਚੜ• ਕੇ ਹਿੱਸਾ ਪਾਉਣ ਦਾ ਸੱਦਾ ਫਿਰ ਦਿੱਤਾ ਜਾਵੇਗਾ।
ਜਿਹੜੀ ਨੌਜਵਾਨ ਵਸੋਂ ਦੇ ਸਿਰ 'ਤੇ ਮੁਲਕ ਦੇ ਹਾਕਮ ਦੁਨੀਆਂ ਦੇ ਸਰਤਾਜ ਬਣਨ ਦੇ ਦਮਗਜੇ ਮਾਰ ਰਹੇ ਹਨ ਉਹ ਘੋਰ ਨਿਰਾਸ਼ਾ ਤੇ ਬੇਬਸੀ ਦੇ ਆਲਮ 'ਚ ਹੈ। ਆਜ਼ਾਦੀ ਦੀਆਂ ਬਰਕਤਾਂ ਹੰਢਾਂ ਰਹੇ ਨੌਜਵਾਨ ਗੁਜ਼ਾਰੇ ਜੋਗੇ ਰੁਜ਼ਗਾਰ ਤੋਂ ਵੀ ਵਾਂਝੇ ਹਨ। ਭਵਿੱਖ ਤੇ ਵਰਤਮਾਨ ਦੋਹੇਂ ਹੀ ਘੋਰ ਹਨੇਰੇ ਹਨ। ਆਜ਼ਾਦ ਭਾਰਤ ਦੀ ਨੌਜਵਾਨ ਸ਼ਕਤੀ ਖੁਸ਼ਹਾਲ ਜ਼ਿੰਦਗੀ ਦੀ ਤਲਾਸ਼ 'ਚ ਦੁਨੀਆਂ ਦੇ ਹਰ ਕੋਨੇ 'ਚ ਰੁਲ਼ ਰਹੀ ਹੈ, ਸਮੁੰਦਰਾਂ 'ਚ ਡੁੱਬ ਰਹੀ ਹੈ, ਵਿਦੇਸ਼ਾਂ ਦੇ ਜੰਗਲਾਂ 'ਚ ਜਾਨਵਰਾਂ ਦੀ ਖੁਰਾਕ ਬਣ ਰਹੀ ਹੈ। ਵਿਦੇਸ਼ੀ ਧਰਤੀਆਂ 'ਤੇ ਤਾਂ ਸਾਡਾ ਸਵੈਮਾਣ ਰੁਲ਼ਣਾ ਹੀ ਹੈ ਜਦੋਂ ਆਪਣੇ ਆਜ਼ਾਦ ਮੁਲਕ ਦੀ ਧਰਤੀ ਹੀ ਥਾਂ ਦੇਣ ਤੋਂ ਇਨਕਾਰੀ ਹੋਵੇ। ਜਿਹੜੀ ਆਜ਼ਾਦੀ ਨੇ ਹੁਣ ਤੱਕ ਸਾਡੀਆਂ ਰੀਝਾਂ, ਉਮੰਗਾਂ ਤੇ ਉੱਚੀਆਂ ਉਡਾਰੀਆਂ ਭਰਨ ਦੀਆਂ ਸਭਨਾਂ ਇੱਛਾਵਾਂ ਨੂੰ ਮਧੋਲਿਆ ਹੋਵੇ ਭਲਾਂ ਕਿਹੜੇ ਚਾਵਾਂ ਨਾਲ ਅਸੀਂ ਉਸ ਆਜ਼ਾਦੀ ਦੇ ਜਸ਼ਨਾਂ 'ਚ ਸ਼ਾਮਲ ਹੋਈਏ ਤੇ ਕਿਵੇਂ ਆਜ਼ਾਦ ਭਾਰਤ ਦੀ ਤਰੱਕੀ 'ਚ ਵਧ ਚੜ• ਕੇ ਹਿੱਸਾ ਪਾਉਣ ਦਾ ਵਾਅਦਾ ਕਰੀਏ। 
ਆਏ ਵਰ•ੇ 15 ਅਗਸਤ ਸਾਡੇ ਸਾਹਮਣੇ ਇਹ ਸਵਾਲ ਕਰਦਾ ਹੈ ਕਿ ਫਿਰ ਸਾਡੀ ਅਸਲੀ ਆਜ਼ਾਦੀ ਕਿੱਥੇ ਹੈ? ਸਾਨੂੰ ਆਪਣੇ ਮੁਲਕ ਦੇ ਮਾਣਮੱਤੇ ਨਾਗਰਿਕ ਬਣਾਉਣ ਤੇ ਖੁਸ਼ਹਾਲ ਜਿੰਦਗੀ ਗੁਜ਼ਾਰਨ ਜੋਗੇ ਕਰਨ ਵਾਲੀ ਆਜ਼ਾਦੀ ਦੀ ਤਲਾਸ਼ ਕਰਨੀ ਪੈਣੀ ਹੈ। ਇਹ ਤਲਾਸ਼ ਕਰਨੀ ਅੱਜ ਹਰ ਨੌਜਵਾਨ ਦੀ ਲੋੜ ਹੈ। ਆਓ, ਆਪਣੀ ਅਸਲ ਆਜ਼ਾਦੀ ਵੱਲ ਜਾਂਦੇ ਰਾਹਾਂ ਨੂੰ ਖੋਜਣ ਬਾਰੇ ਸੋਚੀਏ।

Wednesday, 8 August 2012

ਈਵਨ ਦੇ ਰੇਨ ਲੋਕ ਸੰਗਰਾਮ ਦੀ ਨਿਰੰਤਰਤਾ ਦੀ ਗਾਥਾ


ਈਵਨ ਦੇ ਰੇਨ
ਲੋਕ 
ਸੰਗਰਾਮ 
ਦੀ 
ਨਿਰੰਤਰਤਾ 
ਦੀ 
ਗਾਥਾ
ਰੌਸ਼ਨ ਕੁੱਸਾ 

''ਉਹਨਾਂ ਨੇ ਸਾਡੇ ਖੂਹ ਵੇਚੇ, ਸਾਡੀਆਂ ਝੀਲਾਂ ਵੇਚੀਆਂ ਅਤੇ ਇੱਥੋਂ ਤੱਕ ਕਿ ਸਾਡੇ ਸਿਰਾਂ 'ਤੇ ਪੈਣ ਵਾਲਾ ਮੀਂਹ ਵੀ। ਕਾਨੂੰਨ ਮੁਤਾਬਕ ਅਸੀਂ ਮੀਂਹ ਦਾ ਪਾਣੀ ਵੀ ਇਕੱਠਾ ਨਹੀਂ ਕਰ ਸਕਦੇ। . . . ਤੇ ਮੀਂਹ ਕਿਸ ਨੇ ਲਿਆ? ਕੰਪਨੀਆਂ ਨੇ। ਜਿਹਨਾਂ ਦੇ ਮਾਲਕ ਲੰਡਨ, ਕੈਲੇਫੋਰਨੀਆ ਬੈਠੇ ਹਨ। ਅੱਗੇ ਉਹ ਕੀ ਲੈਣਗੇ, ਸਾਡੇ ਸਾਹਾਂ ਦੀ ਹਵਾ?''

ਇਹ ਸ਼ਬਦ ਹਨ ਫਿਲਮ ''ਈਵਨ ਦ ਰੇਨ'' (ਤੇ ਮੀਂਹ ਵੀ) ਦੇ ਪਾਤਰ ਡੇਨੀਅਲ ਦੇ। ਜਿਹੜਾ ਇੱਕ ਮੁਜ਼ਾਹਰੇ ਨੂੰ ਸੰਬੋਧਨ ਕਰ ਰਿਹਾ ਹੈ। ਜਿਸਦੀ ਸ਼ਕਲ ਸੁਹੱਪਣ ਦੇ ਕੁਝ ਖਾਸ ਮਿਆਰਾਂ ਦੇ ਕਿਸੇ ਵੀ ਤਰ•ਾਂ ਮੇਚ ਦੀ ਨਹੀਂ। ਪਰ ਉਸਦੀ ਸ਼ਕਲ ਅਤੇ ਉਸਦੇ ਬੋਲ, ਲੋਕ-ਟਾਕਰੇ ਦੇ ਇਤਿਹਾਸ ਦੀ ਨਿਰੰਤਰਤਾ ਦੇ ਤਰਜਮਾਨ ਹਨ। ਜਿਸ ਨੇ 'ਕੋਲੰਬਸ' ਅਤੇ ਉਸਦੇ ਪਿੱਛੇ ਆਏ ਯੂਰਪੀਅਨ ਧਾੜਵੀਆਂ ਅਤੇ ਅੱਜ ਦੀਆਂ ਬਹੁਕੌਮੀ ਕੰਪਨੀਆਂ ਦਾ ਆਪੋ-ਆਪਣੇ ਸਮਿਆਂ 'ਚ ਮੁਕਾਬਲਾ ਕੀਤਾ।
 
ਬੋਲੀਵੀਆ ਲਾਤੀਨੀ ਅਮਰੀਕਾ ਦਾ ਉਹ ਦੇਸ਼ ਹੈ ਜਿਹੜਾ ਨਵੀਆਂ ਆਰਥਿਕ ਨੀਤੀਆਂ ਦੀ ਪਹਿਲੀ ਪ੍ਰਯੋਗਸ਼ਾਲਾ ਬਣਿਆ ਅਤੇ ਜਿੱਥੇ ਨਿੱਜੀਕਰਨ ਦੇ ਦੈਂਤ ਦੇ ਸੰਗਲ ਖੋਲ•ੇ ਗਏ। ਇਹ ਦੈਂਤ ਬਾਕੀ ਵਸੀਲਿਆਂ ਨੂੰ ਹੜੱਪਣ ਤੋਂ ਬਾਅਦ ਪਾਣੀ 'ਤੇ ਝਪਟਿਆ। ਇਹੀ ਪਾਣੀ ਬੋਲੀਵੀਆ ਦੀਆਂ 'ਪਾਣੀ ਜੰਗਾਂ' ਦਾ ਧਰਾਤਲ ਬਣਦਾ ਹੈ ਅਤੇ ਫਿਲਮ 'ਈਵਨ ਦ ਰੇਨ' ਦਾ ਵੀ।

ਕਹਾਣੀ ਕੁਝ ਫਿਲਮਸਾਜ਼ਾਂ ਤੋਂ ਸ਼ੁਰੂ ਹੁੰਦੀ ਹੈ। ਨਿਰਮਾਤਾ 'ਕੌਸਟਾ' ਅਤੇ ਨਿਰਦੇਸ਼ਕ 'ਸੈਬੇਸਤੀਅਨ' ਕੋਲੰਬਸ ਦੇ ਅਮਰੀਕਾ ਲੱਭਣ ਅਤੇ ਉਹਨਾਂ ਦੀਆਂ 'ਇੰਡੀਅਨਾਂ' (ਸਥਾਨਿਕ ਮੂਲ ਵਾਸੀਆਂ) ਨਾਲ ਲੜਾਈਆਂ 'ਤੇ ਫਿਲਮ ਬਣਾਉਣ ਬੋਲੀਵੀਆ ਆਏ ਹਨ। ਇੰਡੀਅਨਾਂ ਦੇ ਕਿਰਦਾਰਾਂ ਲਈ ਸਥਾਨਕ ਲੋਕਾਂ ਦੀ ਚੋਣ ਕੀਤੀ ਜਾਂਦੀ ਹੈ। ਇਸ ਦੌਰਾਨ ਹੀ, ਖਾੜਕੂ ਸੁਭਾਅ ਅਤੇ ਇੰਡੀਅਨ ਸ਼ਕਲ ਵਾਲੇ 'ਡੇਨੀਅਲ' ਅਤੇ ਉਸਦੀ ਧੀ ਨੂੰ ਵੀ ਦੋ ਡਾਲਰ ਦਿਹਾੜੀ 'ਤੇ ਲੈ ਲਿਆ ਜਾਂਦਾ ਹੈ। ਡੇਨੀਅਲ ਹਰ ਧੱਕੇ ਖਿਲਾਫ਼ ਅੜਨ ਵਾਲਾ ਖਾੜਕੂ ਸੁਭਾਅ ਦਾ ਬੰਦਾ ਹੈ ਅਤੇ ਬਣਾਈ ਜਾ ਰਹੀ ਫਿਲਮ ਵਿੱਚ ਉਸਦਾ ਕਿਰਦਾਰ ਕੋਲੰਬਸ ਅਤੇ ਯੂਰਪੀਅਨ ਧਾੜਵੀਆਂ ਖਿਲਾਫ਼ ਬਗ਼ਾਵਤ ਦੇ ਆਗੂ ਦਾ ਹੈ ਜਿਹਨਾਂ ਦੇ ਸੋਨੇ ਦੀ ਚਮਕ ਕੋਲੰਬਸ ਨੂੰ ਏਨੀ ਦੂਰ ਖਿੱਚ ਲਿਆਈ ਹੈ।

ਏਸੇ ਦੌਰਾਨ ਪਹਿਲਾਂ ਹੀ ਬੁਨਿਆਦੀ ਸਹੂਲਤਾਂ ਖੁਣੋਂ ਤੰਗੀ ਝੱਲ ਰਹੇ ਲੋਕਾਂ 'ਤੇ ਪਾਣੀ ਦੇ ਨਿੱਜੀਕਰਨ ਦੀ ਬਿਪਤਾ ਆ ਪੈਂਦੀ ਹੈ। ਲੋਕਾਂ ਦੇ ਚੱਟਾਨਾਂ ਵਿੱਚ ਆਪਣੇ ਹੱਥੀਂ ਪੁੱਟੇ ਖੂਹਾਂ ਨੂੰ ਬੰਦ ਕਰਵਾ ਦਿੱਤਾ ਜਾਂਦਾ ਹੈ। ਡੇਨੀਅਲ ਪਾਣੀ ਦੇ ਨਿੱਜੀਕਰਨ ਦਾ ਵਿਰੋਧ ਕਰਨ ਵਾਲੇ ਪਹਿਲੇ ਬੰਦਿਆਂ 'ਚੋਂ ਹੈ ਤੇ ਸੰਘਰਸ਼ ਦਾ ਸਥਾਨਕ ਆਗੂ ਵੀ। ਪਰ ਉਹਦਾ ਲੜਾਈ ਵਿੱਚ ਸ਼ਾਮਲ ਹੋਣਾ ਫਿਲਮਸਾਜ਼ਾਂ ਲਈ ਮੁਸੀਬਤ ਹੈ। ਫਿਲਮਸਾਜ਼, ਜਿਹੜੇ ਇਤਿਹਾਸ ਦੇ ਕਿਸੇ ਇੱਕ ਦੌਰ ਵਿਚਲੇ ਧੱਕੇ ਅਤੇ ਉਸਦੇ ਟਾਕਰੇ 'ਤੇ ਫਿਲਮ ਬਣਾ ਰਹੇ ਹਨ ਅਤੇ ਵਰਤਮਾਨ ਦੇ ਇਤਿਹਾਸਕ-ਟਾਕਰੇ ਤੋਂ ਆਪਣੇ ਸਰੋਕਾਰਾਂ ਨੂੰ ਨਿਰਲੇਪ ਰੱਖਦੇ ਹਨ। ਇਹ ਟਾਕਰਾ ਉਹਨਾਂ ਲਈ ਸਮੱਸਿਆ ਹੈ ਕਿਉਂਕਿ ਉਹਨਾਂ ਦਾ ਇੱਕ ਕਲਾਕਾਰ ਉਸਦਾ ਹਿੱਸਾ ਹੈ।

ਡੇਨੀਅਲ ਅਤੇ ਉਸਦੇ ਸਾਥੀ ਪੂਰੇ ਬੋਲੀਵੀਆ ਤੱਕ ਸੰਘਰਸ਼ ਫੈਲਾਉਣ ਦਾ ਐਲਾਨ ਕਰਦੇ ਹਨ ਅਤੇ ਪਾਣੀ 'ਤੇ ਕਾਬਜ਼ ਕੰਪਨੀਆਂ ਦੇ ਦਫ਼ਤਰਾਂ ਨੂੰ ਘੇਰਨਾ ਸ਼ੁਰੂ ਕਰਦੇ ਹਨ। ਲਾਠੀਚਾਰਜ, ਅੱਥਰੂ ਗੈਸ ਅਤੇ ਗ੍ਰਿਫਤਾਰੀਆਂ ਦੇ ਦੌਰ ਚੱਲਦੇ ਹਨ। ਲੋਕਾਂ ਦੇ ਹਜ਼ੂਮ ਦੇ ਸਾਂਝੇ ਨਾਅਰੇ ਹਨ ''ਪਾਣੀ ਕਿਸਦਾ ਹੈ . . . ਸਾਡੇ ਬੱਚਿਆਂ ਦਾ'' ਅਤੇ ''ਗਲ਼ ਪੈ ਜਾਣ ਜੇ ਅੱਕੇ ਲੋਕ, ਬੰਬ ਬੰਦੂਖਾਂ ਸਕਣ ਨਾ ਰੋਕ।'' ਇਹ ਸਾਂਝ ਹੈ, ਇਤਫ਼ਾਕ ਨਹੀਂ ਕਿ ਇਹੀ ਨਾਅਰਾ ਪੰਜਾਬ ਦੇ ਸੰਘਰਸ਼ੀਲ ਲੋਕਾਂ ਦਾ ਵੀ ਹੈ।

ਉੱਧਰ ਫਿਲਮਸਾਜ਼ ਆਪਣੀ ਫਿਲਮ ਪੂਰੀ ਕਰਨ ਲਈ ਛਟਪਟਾ ਰਹੇ ਹਨ। ਫਿਲਮ ਦਾ ਅਹਿਮ ਕਲਾਕਾਰ ਡੇਨੀਅਲ ਲਾਠੀਚਾਰਜ ਵਿੱਚ ਜ਼ਖਮੀ ਹੈ। ਜਦੋਂ ਫਿਲਮ ਨਿਰਮਾਤਾ ਕੌਸਟਾ ਉਸ 'ਤੇ ਵਰ•ਦਾ ਹੈ ਤਾਂ ਡੇਨੀਅਲ ਜਵਾਬ ਦਿੰਦਾ ਹੈ, ''ਫਿਲਮ ਏਨੀ ਜ਼ਰੂਰੀ ਨਹੀਂ, ਬਹੁਤ ਕੁਝ ਫਿਲਮ ਤੋਂ ਜ਼ਿਆਦਾ ਜ਼ਰੂਰੀ ਹੈ।''

ਜ਼ਰੂਰੀ ਕੀ ਹੈ? ਲੜਾਈ ਦਾ ਬਰਕਰਾਰ ਰਹਿਣਾ। ਕੋਲੰਬਸ ਹੁਰਾਂ ਦੀ ਆਮਦ ਸਮੇਂ ਲੁਟੇਰਿਆਂ ਦੀ ਲੁੱਟ ਅਧੂਰੀ ਰਹਿ ਗਈ ਸੀ ਅਤੇ ਬਾਗੀਆਂ ਦੀ ਬਗਾਵਤ ਵੀ। ਉਦੋਂ 'ਮਾਤਾ-ਧਰਤ' ਲੁੱਟੀ ਗਈ ਸੀ ਤਾਂ ਹੁਣ 'ਪਾਣੀ-ਪਿਤਾ' ਦੀ ਵਾਰੀ ਸੀ। 'ਡੇਨੀਅਲ' ਉਦੋਂ ਵੀ ਧਰਤੀ ਦੀ ਰਾਖੀ ਲਈ ਲੜੇ ਸਨ ਅਤੇ 'ਡੇਨੀਅਲ' ਅੱਜ ਵੀ ਪਾਣੀ ਲਈ ਲੜ ਰਹੇ ਹਨ। ਬਹੁਤ ਕੁਝ ਸੱਚੀਓਂ ਹੀ ਫਿਲਮ ਤੋਂ ਜ਼ਰੂਰੀ ਸੀ।

ਪਾਣੀ ਦੇ 'ਸੰਘਰਸ਼' ਪਾਣੀ ਦੀਆਂ 'ਜੰਗਾਂ' ਦਾ ਰੂਪ ਧਾਰਦੇ ਜਾ ਰਹੇ ਹਨ। ਕੁਲੀਨ ਵਰਗ ਦੀ ਇੱਕ ਦਾਅਵਤ ਵਿੱਚ ਕੋਈ ਕਹਿ ਰਿਹਾ ਹੈ ਕਿ '' . . . ਵੱਡੇ ਵਿਦੇਸ਼ੀ ਨਿਵੇਸ਼ ਤੋਂ ਬਿਨਾਂ ਪਾਣੀ ਦੀ ਸਪਲਾਈ ਚਾਲੂ ਨਹੀਂ ਰੱਖੀ ਜਾ ਸਕਦੀ। ਇਹ ਲੋਕ (ਸੰਘਰਸ਼ ਕਰਨ ਵਾਲੇ) ਸਮਝਦੇ ਹਨ ਕਿ ਸਰਕਾਰੀ ਪੈਸਾ ਦਰੱਖਤਾਂ ਨੂੰ ਲੱਗਦਾ ਹੈ।'' ਉਹ ਬੋਲਦਾ ਹੋਇਆ ਭਾਰਤ ਦੀ ਕੌਮੀ ਜਲ ਨੀਤੀ 2012 ਦੀ ਵਕਾਲਤ ਕਰਦਾ ਜਾਪਦਾ ਹੈ ਕਿਉਂਕਿ ਪਾਣੀ ਹੜੱਪਣ ਵਾਲਿਆਂ ਦੇ ਸੰਸਾਰ ਪੱਧਰੇ 'ਵਕੀਲ' ਇਹੀ ਸੰਸਾਰ ਪੱਧਰੀ 'ਦਲੀਲ' ਦਿੰਦੇ ਹਨ।

ਪਾਣੀ-ਜੰਗਾਂ ਜ਼ੋਰ ਫੜ• ਰਹੀਆਂ ਹਨ ਅਤੇ ਡੇਨੀਅਲ ਨੂੰ ਫੜ• ਕੇ ਜੇਲ• ਵਿੱਚ ਸੁੱਟ ਦਿੱਤਾ ਜਾਂਦਾ ਹੈ। ਫ਼ਿਲਮ ਦਾ ਇੱਕ ਜ਼ਰੂਰੀ ਸੀਨ ਫਿਲਮਾਉਣਾ ਬਾਕੀ ਹੈ ਅਤੇ ਉਸ ਲਈ ਡੇਨੀਅਲ ਚਾਹੀਦਾ ਹੈ। ਨਿਰਮਾਤਾ ਕੌਸਟਾ ਪੁਲਸੀਆਂ ਨੂੰ ਰਿਸ਼ਵਤ ਦੇ ਕੇ ਡੇਨੀਅਲ ਨੂੰ ਇੱਕ ਦਿਨ ਲਈ ਛੁਡਵਾ ਲੈਂਦਾ ਹੈ। ਉਹ ਸੀਨ ਕੀ ਹੈ?

ਜੰਗਲ ਵਿੱਚ ਉਹ ਬਾਗ਼ੀ ਬੰਨ•ੇ ਹੋਏ ਹਨ ਜਿਹਨਾਂ ਨੇ ਕੋਲੰਬਸੀ ਧਾੜਵੀਆਂ ਖਿਲਾਫ਼ ਬਗ਼ਾਵਤ ਕੀਤੀ ਹੈ। ਉਹਨਾਂ ਨੂੰ ਸਲੀਬ ਦਿੱਤੀ ਜਾ ਰਹੀ ਹੈ। ਉਹਨਾਂ ਵਿਚ ਬਾਗ਼ੀ ਆਗੂ ਦੀ ਭੂਮਿਕਾ ਵਿੱਚ ਡੇਨੀਅਲ ਵੀ ਖੜ•ਾ ਹੈ। ਸਲੀਬ ਦੇਣ ਵੇਲੇ ਇਹਨਾਂ ਅਧਨੰਗੇ ਬਾਗ਼ੀਆਂ, ਜਿਹਨਾਂ ਨੂੰ ਕਿਸੇ ਵੇਲੇ ਇਸਾਈ ਬਣਾਇਆ ਗਿਆ ਸੀ, ਨੂੰ ਈਸਾ ਤੋਂ ਮਾਫ਼ੀ ਮੰਗਣ ਲਈ ਕਿਹਾ ਜਾ ਰਿਹਾ ਹੈ। ਪਰ ਉਹ ਤਰੰਨੁਮ ਵਿੱਚ ਅਲਾਪ ਰਹੇ ਹਨ, ''ਅਸੀਂ ਤੁਹਾਡੇ ਰੱਬ ਨੂੰ ਨਫ਼ਰਤ ਕਰਦੇ ਹਾਂ।'' ਇਹ ਧਾੜਵੀਆਂ ਅਤੇ ਪੀੜਤਾਂ ਦੇ ਰੱਬਾਂ ਦੇ ਵੱਖ-ਵੱਖ ਹੋਣ ਦੀ ਨਿਸ਼ਾਨਦੇਹੀ ਹੈ।

ਇੰਨੇ ਵਿੱਚ ਹੀ ਪੁਲਿਸ ਆਉਂਦੀ ਹੈ ਤੇ ਡੇਨੀਅਲ ਨੂੰ ਗ੍ਰਿਫਤਾਰ ਕਰਕੇ ਗੱਡੀ ਵਿੱਚ ਸੁੱਟ ਲੈਂਦੀ ਹੈ। ਡੇਨੀਅਲ ਦੇ ਸਾਥੀ ਕਲਾਕਾਰ ਪੁਲਿਸ ਨਾਲ ਭਿੜਦੇ ਹਨ ਅਤੇ ਗੱਡੀ ਮੂਧੀ ਮਾਰ ਦਿੰਦੇ ਹਨ। ਇਹ ਦ੍ਰਿਸ਼ ਹੈ ਜਿਹੜਾ ਇਤਿਹਾਸ ਦੇ ਟਾਕਰੇ ਨੂੰ ਹੀ ਵਰਤਮਾਨ ਦੀ ਲੁੱਟ ਦੇ ਵਿਰੋਧ ਦਾ ਚਿੰਨ• ਵਿਖਾਉਂਦਾ ਹੈ। ਇਤਿਹਾਸ 'ਚੋਂ ਆਏ ਅਧਨੰਗੇ ਇੰਡੀਅਨ ਬੋਲੀਵੀਆ ਦੀ ਵਰਤਾਮਾਨ ਪੁਲਿਸ ਨਾਲ ਭਿੜ ਰਹੇ ਹਨ। ਸੰਘਰਸ਼ ਦੀ ਰਵਾਇਤ ਦਾ ਵਰਤਮਾਨ ਦੇ ਮੁਨਾਫ਼ੇ ਦੀ ਲਲਕ ਦੇ ਮੂੰਹ 'ਤੇ ਥੱਪੜ ਪੈਂਦਾ ਹੈ ਅਤੇ ਉਹ ਅਧਨੰਗੇ ਜਿਹੇ ਲੋਕ ਡੇਨੀਅਲ ਨੂੰ ਛੁਡਾ ਕੇ ਲੈ ਜਾਂਦੇ ਹਨ।
ਹੁਣ ਪੂਰਾ ਬੋਲੀਵੀਆ ਮੱਚ ਰਿਹਾ ਹੈ। ਸੜਕਾਂ ਜਾਮ ਹਨ, ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਹੋ ਚੁੱਕਿਆ ਹੈ, ਸੜਕਾਂ ਤੇ ਫੌਜ ਦਾ ਆਤੰਕ ਹੈ, ਗਲੀਆਂ ਵਿੱਚ ਲੋਕਾਂ ਅਤੇ ਫੌਜ ਦੀਆਂ ਝੜਪਾਂ ਹਨ, ਡੇਨੀਅਲ ਦੀ ਧੀ ਜਖ਼ਮੀ ਹੈ, ਅਤੇ ਫਿਲਮ ਵਾਲੇ ਡਰੇ ਹੋਏ ਹਨ। ਅੰਤ ਏਸ ਰਾਤ ਦੀ ਸੁਬਾਹ ਹੁੰਦੀ ਹੈ। ਧੂੰਏ ਦੇ ਬੱਦਲਾਂ 'ਚੋਂ ਇੱਕ ਪਾਦਰੀ ਦੀ ਆਵਾਜ਼ ਆਉਂਦੀ ਹੈ ''ਤੁਹਾਡਾ ਪਾਣੀ ਤੁਹਾਡਾ ਹੀ ਹੈ''। ਅੱਜ ਦੇ ਕੋਲੰਬਸ ਝੁਕਾ ਲਏ ਜਾਂਦੇ ਹਨ, ਨਿੱਜੀਕਰਨ ਰੋਕ ਦਿੱਤਾ ਜਾਂਦਾ ਹੈ। ਬੋਲੀਵੀਆ ਪਾਣੀ ਦੇ ਸੰਘਰਸ਼ ਦਾ ਪ੍ਰਤੀਕ ਹੋ ਨਿੱਬੜਦਾ ਹੈ ਕਿ ਪਾਣੀ ਲਈ ਲੜਨਾ ਬੋਲੀਵੀਆ ਤੋਂ ਸਿੱਖੋ।
ਪਰ ਗੱਲ ਸਿਰਫ਼ ਪਾਣੀ ਦੀ ਨਹੀਂ। ਸਗੋਂ ਗੱਲ ਪਾਣੀ ਤੱਕ ਵਧ ਚੁੱਕੀ ਹੈ।
ਫਿਲਮ ਦੇ ਸ਼ੁਰੂ ਵਿੱਚ ਵਿਦੇਸ਼ੀ ਕਲਾਕਾਰ ਇੰਡੀਅਨਾਂ ਤੋਂ ਮੌਜ ਵਜੋਂ ਉਹਨਾਂ ਦੀ ਸ਼ਬਦਾਵਲੀ ਪੁੱਛ ਰਿਹਾ ਹੈ। ਤੇ ਉਸ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਭਾਸ਼ਾ ਵਿੱਚ ਪਾਣੀ 'ਯਾਕੂ' ਹੈ। ਦੂਜਾ ਕਲਾਕਾਰ ਕਹਿੰਦਾ ਹੈ ਕਿ ਕੀ ਫਾਇਦਾ ਇਹ ਪੁੱਛਣ ਦਾ ਕਿਉਂਕਿ ਉਹ ਪਾਣੀ ਦੇ ਯਾਕੂ ਹੋਣ ਨੂੰ ਬਹੁਤੀ ਦੇਰ ਯਾਦ ਨਹੀਂ ਰੱਖੇਗਾ। ਅੰਤ ਵਿੱਚ ਡੇਨੀਅਲ ਕੌਸਟਾ ਨੂੰ ਇੱਕ ਤੋਹਫ਼ਾ ਦਿੰਦਾ ਹੈ। ਉਹ ਤੋਹਫ਼ਾ ਖੋਲ•ਦਾ ਹੈ ਤਾਂ ਇਹ ਇੱਕ ਪਾਣੀ ਦੀ ਸ਼ੀਸ਼ੀ ਹੈ। ਉਸਦੇ ਮੂੰਹ 'ਚੋਂ ਆਪ-ਮੁਹਾਰੇ ਨਿਕਲਦਾ ਹੈ ਯਾਕੂ। ਅਰਥ ਸਪੱਸ਼ਟ ਹੈ, ਕੌਸਟਾ ਕਦੇ ਵੀ ਭੁਲਾ ਨਹੀਂ ਸਕੇਗਾ ਕਿ ਇੰਡੀਅਨ ਪਾਣੀ ਨੂੰ 'ਯਾਕੂ' ਕਹਿੰਦੇ ਹਨ।

Friday, 3 August 2012

'ਯੂਰੋ' ਨੂੰ ਬਚਾਉਣ ਲਈ ਸਹਾਇਤਾ - From Naujwan Pamphlet Series 4


'ਯੂਰੋ' ਨੂੰ ਬਚਾਉਣ ਲਈ ਭਾਰਤ ਵੱਲੋਂ 55 ਹਜ਼ਾਰ ਕਰੋੜ ਦੀ ਸਹਾਇਤਾ
ਹਾਕਮਾਂ ਦੀਆਂ ਲਾਲਸਾਵਾਂ ਲੋਕਾਂ 'ਤੇ ਬੋਝ
ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਜੀ-20 ਮੁਲਕਾਂ ਦੇ ਹੁਣੇ-ਹੁਣੇ ਹੋਏ ਸੰਮੇਲਨ 'ਚ ਸਾਮਰਾਜੀਆਂ ਦੀ ਸੰਸਥਾ ਆਈ. ਐਮ. ਐਫ (ਕੌਮਾਂਤਰੀ ਮੁਦਰਾ ਫੰਡ) ਨੂੰ 10 ਬਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ। ਸੰਕਟ 'ਚ ਬੁਰੀ ਤਰ•ਾਂ ਘਿਰੇ ਹੋਏ ਯੂਰਪੀ ਮੁਲਕਾਂ ਦੇ ਸਰਮਾਏਦਾਰ ਹਾਕਮਾਂ ਨੂੰ ਬਚਾਉਣ ਲਈ ਤੇ ਦੂਸਰੇ ਸਾਮਰਾਜੀ ਮੁਲਕਾਂ ਨੂੰ ਇਸ ਸੰਕਟ ਦੀ ਮਾਰ ਤੋਂ ਪਰ•ੇ ਰੱਖਣ ਲਈ ਆਈ. ਐਮ. ਐਫ. ਵੱਲੋਂ ਦੁਨੀਆਂ ਭਰ ਦੇ ਮੁਲਕਾਂ ਤੋਂ ਫੰਡ ਜੁਟਾਇਆ ਜਾ ਰਿਹਾ ਹੈ। ਭਾਰਤ ਵੱਲੋਂ ਦਿੱਤੇ ਜਾ ਰਹੇ 55 ਹਜ਼ਾਰ ਕਰੋੜ ਰੁਪਏ ਵੀ ਇਸੇ ਫੰਡ 'ਚ ਪਾਏ ਜਾਣੇ ਹਨ। ਭਾਵੇਂ ਕਿ ਭਾਰਤੀ ਹਾਕਮਾਂ ਵੱਲੋਂ ਆਈ. ਐਮ. ਐਫ. ਨੂੰ ਪੈਸੇ ਦੇਣ ਦੀ ਹੁੱਬ ਕੇ ਵਜਾਹਤ ਕੀਤੀ ਜਾ ਰਹੀ ਹੈ, ਤੇ ਕਿਹਾ ਜਾ ਰਿਹਾ ਹੈ ਕਿ ਇਹ ਕਦਮ ਮੁਲਕ ਲਈ ਲਾਹੇਵੰਦਾ ਹੋਵੇਗਾ। ਪਰ ਅਸਲੀਅਤ ਇਹ ਹੈ ਕਿ ਇਹ ਪੈਸੇ ਭਾਰਤੀ ਸਰਮਾਏਦਾਰ ਹਾਕਮਾਂ ਦੀਆਂ ਲਾਲਸਾਵਾਂ ਨੂੰ ਪੂਰਾ ਕਰਨ ਲਈ ਝੋਕੇ ਗਏ ਹਨ ਤੇ ਇਸ ਕਦਮ ਦਾ ਲਾਹਾ, ਜੇ ਹੋਣਾ ਵੀ ਹੋਇਆ, ਤਾਂ ਭਾਰਤੀ ਹਾਕਮਾਂ ਨੂੰ ਹੋਵੇਗਾ, ਲੋਕਾਂ ਨੂੰ ਨਹੀਂ। ਲੋਕਾਂ ਸਿਰ ਤਾਂ ਇਸ ਵਧਵੇਂ ਖਰਚੇ ਦਾ ਬੋਝ ਪਾਇਆ ਜਾਣਾ ਹੈ ਤੇ ਉਹਨਾਂ ਦਾ ਹੋਰ ਕਚੂੰਮਰ ਕੱਢਿਆ ਜਾਣਾ ਹੈ।
ਸੰਸਾਰ ਬੈਂਕ ਵਾਂਗ ਆਈ. ਐਮ. ਐਫ. ਵੀ ਸਾਮਰਾਜੀ ਮੁਲਕਾਂ ਦੀ ਸੰਸਥਾ ਹੈ ਜਿਹੜੀ ਹਰ ਵੇਲੇ ਇਸ ਗੱਲ ਦੀ ਵਿਉਂਤ ਘੜਦੀ ਹੈ ਕਿ ਦੁਨੀਆਂ ਭਰ ਦੇ ਮੁਲਕਾਂ 'ਚ ਸਾਮਰਾਜੀ ਲੁੱਟ ਅਤੇ ਗ਼ਲਬੇ ਦਾ ਪਸਾਰਾ ਅਤੇ ਮਜ਼ਬੂਤੀ ਕਿਵੇਂ ਕਰਨੀ ਹੈ। ਇਸ ਸੰਸਥਾ ਦੇ ਕੰਮਾਂ-ਕਾਰਾਂ, ਕਾਰਵਾਈਆਂ ਅਤੇ ਫੈਸਲਿਆਂ 'ਚ ਮੁੱਖ ਤੌਰ 'ਤੇ ਅਮਰੀਕਾ, ਇੰਗਲੈਂਡ, ਫਰਾਂਸ, ਜਰਮਨ ਤੇ ਜਪਾਨ ਵਰਗੇ ਸਾਮਰਾਜੀ ਮੁਲਕਾਂ ਦੀ ਮਰਜ਼ੀ ਚਲਦੀ ਹੈ। ਭਾਰਤ ਵਰਗੇ ਗ਼ਰੀਬ ਤੇ ਪਛੜੇ ਮੁਲਕਾਂ ਦੀ ਕੋਈ ਸੱਦ ਪੁੱਛ ਨਹੀਂ ਹੈ। ਆਈ. ਐਮ. ਐਫ. ਵਰਗੀਆਂ ਸੰਸਥਾਵਾਂ ਦੀ ਵਰਤੋਂ ਅਮੀਰ ਸਾਮਰਾਜੀ ਮੁਲਕ ਦੁਨੀਆਂ ਭਰ 'ਚ ਆਪਣੇ ਕਾਰੋਬਾਰਾਂ ਦਾ ਪਸਾਰਾ ਕਰਨ, ਦੁਨੀਆਂ ਭਰ ਦੇ ਲੋਕਾਂ ਦੀ ਲੁੱਟ ਕਰਕੇ ਮੋਟੇ ਮੁਨਾਫ਼ੇ ਕਮਾਉਣ ਤੇ ਆਪਣੇ ਹਿਤਾਂ ਦੀ ਪੂਰਤੀ ਲਈ ਕਰਦੇ ਹਨ। ਭਾਰਤ ਵਰਗੇ ਪਛੜੇ ਮੁਲਕਾਂ ਦੇ ਸਰਮਾਏਦਾਰ ਹਾਕਮਾਂ ਨੂੰ ਇਹਨਾਂ ਸੰਸਥਾਵਾਂ ਦੇ ਅੰਦਰ ਵੀ 'ਵੱਡਿਆਂ' ਦੀ ਰਜ਼ਾ 'ਚ ਰਹਿ ਕੇ ਚੱਲਣਾ ਪੈਂਦਾ ਹੈ। ਪਰ ਇਉਂ, ਆਪਣੇ ਮੁਲਕਾਂ ਦੀ ਧਨਾਢ ਜਮਾਤ ਦੇ ਮੁਨਾਫ਼ਿਆਂ 'ਚ ਹੋਰ ਵਾਧਾ ਕਰ ਸਕਣ ਦੀਆਂ ਲਾਲਸਾਵਾਂ ਦੀ ਇੱਛਾ ਅਨੁਸਾਰ ਪੂਰਤੀ ਨਹੀਂ ਹੁੰਦੀ। ਜਿਸ ਕਰਕੇ ਅਜਿਹੇ ਮੁਲਕਾਂ ਦੇ ਹਾਕਮ ਸਾਮਰਾਜੀ ਮੁਲਕਾਂ ਨੂੰ ਆਪਣਾ ਮੁਲਕ ਲੁਟਾਉਣ ਦੀ ਸੌਦੇਬਾਜ਼ੀ 'ਚੋਂ ਹਿੱਸਾ ਪੱਤੀ ਵਧਾਉਣ ਵਾਸਤੇ ਇਹਨਾਂ ਸੰਸਥਾਵਾਂ 'ਚ ਆਪਣਾ ਪ੍ਰਭਾਵ ਵਧਾਉਣ ਲਈ ਤਰਲੋਮੱਛੀ ਹੁੰਦੇ ਰਹਿੰਦੇ ਹਨ। ਭਾਰਤੀ ਹਾਕਮ ਵੀ ਅਜਿਹਾ ਕਰਨ ਲਈ ਹੱਥ ਪੈਰ ਮਾਰਦੇ ਰਹਿੰਦੇ ਹਨ। ਡੇਢ ਦੋ ਸਾਲ ਪਹਿਲਾਂ ਭਾਰਤੀ ਹਾਕਮਾਂ ਵੱਲੋਂ ਮੁਲਕ ਨੂੰ ਉੱਭਰ ਰਹੀ ਸੰਸਾਰ ਤਾਕਤ ਵਜੋਂ ਪੇਸ਼ ਕਰਕੇ ਯੂ. ਐਨ. ਓ. ਦੀ ਸੁਰੱਖਿਆ ਕੌਂਸਲ 'ਚ ਸੀਟ ਲੈਣ ਦੇ ਤਰਲੇ ਏਸੇ ਕਰਕੇ ਹੀ ਲਏ ਗਏ ਸਨ। ਹੁਣ ਆਈ. ਐਮ. ਐਫ ਨੂੰ ਦਿੱਤੀ ਗਈ 55 ਹਜ਼ਾਰ ਕਰੋੜ ਦੀ ਵੱਡੀ ਰਾਸ਼ੀ ਪਿੱਛੇ ਵੀ ਇਹੀ ਕਾਰਨ ਹੈ। ਅਜਿਹਾ ਕਰਕੇ ਭਾਰਤੀ ਹਾਕਮ ਆਈ. ਐਮ. ਐਫ. ਅੰਦਰ ਆਪਣਾ ਵੋਟ ਹਿੱਸਾ ਅਤੇ ਕੋਟਾ ਵਧਾਉਣ ਦੀ ਮਨਸ਼ਾ ਰੱਖਦੇ ਹਨ ਤਾਂ ਕਿ ਸੰਸਥਾ ਅੰਦਰ ਭਾਰਤੀ ਹਾਕਮਾਂ ਦੀ ਵੁੱਕਤ ਵਧ ਸਕੇ। ਤੇ ਵਧੀ ਹੋਈ ਵੁੱਕਤ ਦਾ ਲਾਹਾ ਸਾਮਰਾਜੀ ਮੁਲਕਾਂ ਨੂੰ ਦੇਸ਼ ਦਾ ਧਨ-ਦੌਲਤ ਲੁਟਾਉਣ ਮੌਕੇ ਦੇਸੀ ਸਰਮਾਏਦਾਰਾਂ ਲਈ ਵਧੇ ਹੋਏ ਮੁਨਾਫਿਆਂ ਦੇ ਰੂਪ 'ਚ ਹਾਸਲ ਕੀਤਾ ਜਾ ਸਕੇ।
ਸੋ ਮੁਲਕ ਦੇ ਲੋਕਾਂ ਦਾ 55 ਹਜ਼ਾਰ ਕਰੋੜ ਰੁਪਈਆ ਭਾਰਤੀ ਹਾਕਮਾਂ ਵੱਲੋਂ ਦੇਸੀ ਸਰਮਾਏਦਾਰਾਂ ਦੀਆਂ ਲਾਲਸਾਵਾਂ ਨੂੰ ਪੂਰਾ ਕਰਨ ਲਈ ਰੋੜਿ•ਆ ਗਿਆ ਹੈ, ਨਾ ਕਿ ਲੋਕਾਂ ਦੇ ਕਿਸੇ ਭਲੇ ਖਾਤਰ। ਇਹ ਗੱਲ ਹੋਰ ਵੀ ਸਾਫ਼ ਹੋ ਜਾਂਦੀ ਹੈ ਜਦੋਂ ਅਸੀਂ ਵੇਖਦੇ ਹਾਂ ਕਿ ਇੱਕ ਪਾਸੇ ਤਾਂ ਭਾਰਤੀ ਹਾਕਮਾਂ ਵੱਲੋਂ ਇਹ ਗੱਲ ਧੁੰਮਾਈ ਜਾ ਰਹੀ ਹੈ ਕਿ ਮੁਲਕ ਦੀ ਆਰਥਕਤਾ ਸੰਕਟ 'ਚ ਹੈ। ਇਸ ਬਹਾਨੇ ਹੇਠ ਆਏ ਦਿਨ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸਬਸਿਡੀਆਂ ਛਾਂਗੀਆਂ ਜਾ ਰਹੀਆਂ ਹਨ। ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਇਆ ਜਾ ਰਿਹਾ ਹੈ, ਗ਼ਰੀਬਾਂ ਨੂੰ ਸਬਸਿਡੀ ਦੇਣ ਤੋਂ ਬਚਣ ਖਾਤਰ ਯੋਜਨਾ ਕਮਿਸ਼ਨ ਗ਼ਰੀਬਾਂ ਨੂੰ ਗ਼ਰੀਬ ਮੰਨਣ ਤੋਂ ਇਨਕਾਰੀ ਹੋ ਰਿਹਾ ਹੈ; ਪੈਟਰੋਲ, ਡੀਜ਼ਲ, ਮਿੱਟੀ ਦਾ ਤੇਲ, ਰਸੋਈ ਗੈਸ ਵਰਗੀਆਂ ਨਿਤ ਵਰਤੋਂ ਦੀਆਂ ਚੀਜ਼ਾਂ ਮਹਿੰਗੀਆਂ ਕੀਤੀਆਂ ਜਾ ਰਹੀਆਂ ਹਨ; ਬਿਜਲੀ, ਪਾਣੀ, ਸਿੱਖਿਆ, ਸਿਹਤ, ਟਰਾਂਸਪੋਰਟ ਆਦਿ ਸਹੂਲਤਾਂ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਗ਼ਰੀਬੀ, ਕੰਗਾਲੀ, ਬੇਰੁਜ਼ਗਾਰੀ, ਅੱਤ ਦੀ ਮਹਿੰਗਾਈ ਤੇ ਭ੍ਰਿਸ਼ਟਾਚਾਰ ਵਰਗੀਆਂ ਅਲਾਮਤਾਂ ਦੇ ਮੂੰਹ ਧੱਕਿਆ ਜਾ ਰਿਹਾ ਹੈ। ਦੂਜੇ ਪਾਸੇ ਕਿੱਡੀ ਮੌਜ ਨਾਲ ਤੇ ਕਿੰਨਾ ਹੁੱਬ ਕੇ ਭਾਰਤੀ ਹਾਕਮਾਂ ਨੇ 55 ਹਜ਼ਾਰ ਕਰੋੜ ਰੁਪਏ ਦੀ ਵੱਡੀ ਰਕਮ ਵੱਡੇ ਧਨਾਢਾਂ ਦੇ ਲਾਹੇ ਖਾਤਰ ਰੋੜ• ਦਿੱਤੀ ਹੈ। ਇਸ ਰੋੜ•ੀ ਗਈ ਰਕਮ ਨਾਲ ਭਾਰਤੀ ਹਾਕਮਾਂ ਦੀ ਮਨਸ਼ਾ ਪੂਰਾ ਹੋਵੇ ਜਾਂ ਨਾ, ਲੋਕਾਂ ਸਿਰ ਇਸਦਾ ਬੋਝ ਪਾਇਆ ਜਾਣਾ ਲਾਜ਼ਮੀ ਹੈ। ਇਸ ਫੈਸਲੇ ਨੇ ਇੱਕ ਵਾਰ ਫਿਰ ਭਾਰਤੀ ਹਾਕਮਾਂ ਦੇ ਲੋਕ-ਦੋਖੀ ਤੇ ਸਰਮਾਏਦਾਰ ਪੱਖੀ ਚਿਹਰੇ ਨੂੰ ਨੰਗਾ ਕਰ ਦਿੱਤਾ ਹੈ।