Tuesday 24 January 2012

ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ):ਪਗੜੀ ਸੰਭਾਲ ਕਾਨਫਰੰਸ ਸਬੰਧੀ ਵਿਦਿਆਰਥੀਆਂ ਵੱਲੋਂ ਰੈਲੀ

ਪਗੜੀ ਸੰਭਾਲ ਕਾਨਫਰੰਸ ਸਬੰਧੀ ਵਿਦਿਆਰਥੀਆਂ ਵੱਲੋਂ ਰੈਲੀ
Posted On January - 24 – 2012                               ਖੇਤਰੀ ਪ੍ਰਤੀਨਿੱਧ, ਬਠਿੰਡਾ, 23 ਜਨਵਰੀ
ਬਰਨਾਲਾ ਵਿਖੇ 27 ਜਨਵਰੀ ਨੂੰ ਸੰਘਰਸ਼ਸ਼ੀਲ ਲੋਕਾਂ ਵੱਲੋਂ ਕੀਤੀ ਜਾਣ ਵਾਲੀ ਪਗੜੀ ਸੰਭਾਲ ਕਾਨਫਰੰਸ ਨੂੰ ਭਰਪੂਰ ਹੁੰਗਾਰਾ ਦੇਣ ਲਈ ਅੱਜ ਬਠਿੰਡਾ ਦੇ ਸਰਕਾਰੀ ਰਾਜਿੰਦਰਾ ਕਾਲਜ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਵੀ ਇੱਕ ਵਿਦਿਆਰਥੀ ਰੈਲੀ ਕੀਤੀ ਗਈ।
ਕਾਲਜ ਦੇ ਬਲਵੰਤ ਗਾਰਗੀ ਥੀਏਟਰ ਵਿੱਚ ਹੋਈ ਇਸ ਰੈਲੀ ਨੂੰ ਜਥੇਬੰਦੀ ਦੇ ਸੂਬਾ ਕਮੇਟੀ ਮੈਂਬਰ ਸੁਮੀਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਅਤੇ ਨੌਜੁਆਨਾਂ ਲਈ ਮੁੱਖ ਮੁੱਦੇ ਸਸਤੀ ਸਿੱਖਿਆ ਅਤੇ ਪੱਕਾ ਰੁਜ਼ਗਾਰ ਹੈ ਪਰੰਤੂ ਕੋਈ ਵੀ ਸਿਆਸੀ ਪਾਰਟੀ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਵਾਲੀ ਨਹੀਂ ਹੈ। ਸਾਰੀਆਂ ਪਾਰਟੀਆਂ ਹੀ ਨਵੀਆਂ ਆਰਥਿਕ ਨੀਤੀਆਂ ਨੂੰ ਲਾਗੂ ਕਰਨ ਲਈ ਇਕਮੱਤ ਹਨ। ਇਨ੍ਹਾਂ ਨਵੀਆਂ ਨੀਤੀਆਂ ਤਹਿਤ ਸਿੱਖਿਆ ਨੂੰ ਪ੍ਰਾਈਵੇਟ ਧਨਾਢਾਂ ਦੇ ਮੁਨਾਫੇ ਦਾ ਸਾਧਨ ਬਣਾਇਆ ਜਾ ਰਿਹਾ ਹੈ। ਸਰਕਾਰੀ ਸਕੂਲਾਂ, ਕਾਲਜਾਂ ਵਿੱਚ ਗ੍ਰਾਂਟਾਂ ਜਾਮ ਹਨ ਅਤੇ ਇਨ੍ਹਾਂ ਦਾ ਸਹੂਲਤਾਂ ਪੱਖੋਂ ਮੰਦਾ ਹਾਲ ਹੈ। ਉਨ੍ਹਾਂ ਇਹ ਵੀ ਆਖਿਆ ਕਿ ਪ੍ਰਾਈਵੇਟ ਸਕੂਲ ਕਾਲਜ ਖੁੰਭਾਂ ਵਾਂਗੂ ਉਗ ਰਹੇ ਹਨ ਅਤੇ ਫੀਸਾਂ ਅਸਮਾਨੀ ਚੜ੍ਹ ਗਈਆਂ ਹਨ। ਮਹਿੰਗੀਆਂ ਪੜ੍ਹਾਈਆਂ ਕਰ ਕੇ ਵੀ ਪੱਕਾ ਰੁਜ਼ਗਾਰ ਨਹੀਂ ਮਿਲਣਾ। ਠੇਕੇ ’ਤੇ ਨਿਗੂਣਾ ਰੁਜ਼ਗਾਰ ਲੱਖਾਂ, ਬੇਰੁਜ਼ਗਾਰਾਂ ਦੀ ਲੋੜ ਪੂਰੀ ਨਹੀਂ ਕਰਦਾ। 
ਇਸ ਲਈ ਨੌਜੁਆਨਾਂ ਸਾਹਮਣੇ ਭਾਰੀ ਨਿਰਾਸ਼ਾ ਦਾ ਆਲਮ ਹੈ। ਉਹ ਵਿਦੇਸ਼ਾਂ ਵਿੱਚ ਜਾਣ ਲਈ ਅਤੇ ਉਥੇ ਨੌਕਰੀਆਂ ਲੱਭਣ ਖਾਤਰ ਧੱਕੇ ਖਾਣ ਲਈ ਮਜ਼ਬੂਰ ਹਨ। ਨੌਜਆਨਾਂ ਦਾ ਇੱਕ ਹਿੱਸਾ ਨਸ਼ਿਆਂ ਦੀ ਦਲਦਲ ਵਿੱਚ ਗੜੁੱਚ ਹੋ ਚੁਕਿਆ ਹੈ। ਰੈਲੀ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਵੋਟ ਬਟੋਰੂ ਪਾਰਟੀਆਂ ਵੱਲੋਂ ਪੈਸਿਆਂ ਅਤੇ ਨਸ਼ਿਆਂ ਦੇ ਜਾਲ ਤੋਂ ਬਾਹਰ ਨਿਕਲਣ ਅਤੇ ਉਨ੍ਹਾਂ ਦੀਆਂ ਗੱਡੀਆਂ ਵਿੱਚ ਚੜ੍ਹ ਕੇ ਸਾਧਨ ਬਨਣ ਦੀ ਬਜਾਏ ਆਪਣੀ ਏਕਤਾ ਅਤੇ ਜਥੇਬੰਦੀ ਕਾਇਮ ਕਰਦੇ ਹੋਏ ਸੰਘਰਸ਼ਾਂ ਦੇ ਰਾਹ ’ਤੇ ਅੱਗੇ ਵਧਣ ਦਾ ਸੱਦਾ ਦਿੱਤਾ ਹੈ। ਇਸ ਦੌਰਾਨ ਜਥੇਬੰਦੀ ਦੇ ਕਾਲਜ ਕਮੇਟੀ ਪ੍ਰਧਾਨ ਸੰਦੀਪ ਚੱਕ, ਸਕੱਤਰ ਗੁਰਮੀਤ ਕੋਟਗੁਰੂ, ਗੁਰਪ੍ਰੀਤ ਚੱਕ, ਭੁਪਿੰਦਰ ਚੱਕ, ਕਮਲ ਡੱਬਵਾਲੀ, ਗੁਰਦੀਪ ਝੁੰਬਾ ਅਤੇ ਸੁਖਪ੍ਰੀਤ ਕੋਠਾ ਗੁਰੂ ਸਮੇਤ ਸਾਰੇ ਆਗੂ ਤੇ ਮੈਂਬਰ ਮੌਜੂਦ ਸਨ।



No comments:

Post a Comment