Wednesday 15 August 2012

ਆਜ਼ਾਦੀ ਦਿਵਸ ਅਤੇ ਨੌਜਵਾਨ - ਨੌਜਵਾਨ ਪੈਂਫਲਿਟ ਲੜੀ 4 'ਚੋਂ


ਆਜ਼ਾਦੀ ਦਿਵਸ ਅਤੇ ਨੌਜਵਾਨ
ਆਓ ਅਸਲ ਆਜ਼ਾਦੀ ਦੀ ਤਲਾਸ਼ ਕਰੀਏ
ਹਰ ਸਾਲ ਪੰਦਰਾਂ ਅਗਸਤ ਨੂੰ ਕੌਮੀ ਆਜ਼ਾਦੀ ਦੇ ਜਸ਼ਨ ਮਨਾਏ ਜਾਂਦੇ ਹਨ, ਇਸ ਵਾਰ ਵੀ ਮਨਾਏ ਜਾਣੇ ਹਨ। ਦੇਸ਼ ਦੇ ਨੇਤਾਵਾਂ ਨੇ ਕੁਰਬਾਨੀਆਂ ਕਰ ਕੇ ਲਈ ਆਜ਼ਾਦੀ ਨੂੰ ਸਾਂਭ ਕੇ ਰੱਖਣ ਦੀ ਮੁਹਾਰਨੀ ਹਰ ਸਾਲ ਵਾਂਗ ਦੁਹਰਾਉਣੀ ਹੈ। ਆਜ਼ਾਦੀ ਦੀ ਰਾਖੀ ਕਰਨ ਦੀ 'ਮਹੱਤਵਪੂਰਨ' ਜੁੰਮੇਵਾਰੀ ਨਿਭਾਉਣ ਦੀਆਂ ਆਸਾਂ ਮੁਲਕ ਦੀ ਜਵਾਨੀ ਤੋਂ ਕੀਤੀਆਂ ਜਾਂਦੀਆਂ ਹਨ। ਪਰ ਮੁਲਕ ਦੇ ਨੌਜਵਾਨਾਂ ਲਈ ਇਸ ਆਜ਼ਾਦੀ ਦੇ ਕੀ ਅਰਥ ਹਨ? ਅਸੀਂ ਕਿਹੜੀ ਆਜ਼ਾਦੀ ਦੀ ਰੱਖਿਆ ਕਰਨੀ ਹੈ?
65 ਵਰ•ੇ ਦੀ ਆਜ਼ਾਦੀ ਤੋਂ ਬਾਅਦ ਵੀ ਨੌਜਵਾਨਾਂ ਨੂੰ ਆਪਣੇ ਹੀ ਵਤਨ 'ਚ ਬੇਗਾਨੇ ਹੋਣ ਦਾ ਅਹਿਸਾਸ ਹੰਢਾਉਣਾ ਪੈ ਰਿਹਾ ਹੈ। ਇਹ ਮੁਲਕ ਨੌਜਵਾਨਾਂ ਨੂੰ ਆਪਣਾ ਨਹੀਂ ਲੱਗਦਾ। ਸਗੋਂ ਇੱਥੇ ਜਨਮ ਲੈਣਾ ਵੀ ਸਰਾਪ ਜਾਪਦਾ ਹੈ। ਨਵੀਂ ਨਵੀਂ ਆਈ ਆਜ਼ਾਦੀ ਮੌਕੇ ਸਭਨਾਂ ਲਈ ਸਿੱਖਿਆ ਅਤੇ ਰੁਜ਼ਗਾਰ ਦੇ ਹੱਕ ਦੀਆਂ ਕੀਤੀਆਂ ਗੱਲਾਂ ਕਿਧਰੇ ਹੀ ਉੱਡ ਪੁੱਡ ਗਈਆਂ ਹਨ। ਬਸਤੀਵਾਦੀ ਰਾਜ ਵਾਂਗ ਹੀ 'ਬਰਾਬਰੀ' ਵਾਲੇ ਭਾਰਤ 'ਚ ਵੀ ਸਿੱਖਿਆ ਹੁਣ ਵੱਡਿਆਂ ਘਰਾਂ ਵਾਲਿਆਂ ਲਈ ਰਾਖਵੀਂ ਹੁੰਦੀ ਜਾ ਰਹੀ ਹੈ। ਹੋਟਲਾਂ ਵਰਗੀਆਂ ਯੂਨੀਵਰਸਿਟੀਆਂ ਦੇ ਬਾਹਰੋਂ ਦਰਸ਼ਨ ਕਰਨੇ ਵੀ ਗ਼ਰੀਬਾਂ ਦੇ ਜੁਆਕਾਂ ਲਈ ਸੰਭਵ ਨਹੀਂ ਹਨ। ਆਜ਼ਾਦੀ ਦੀ ਉਮਰ ਦੇ ਨਾਲ ਨਾਲ ਬੇਰੁਜ਼ਗਾਰੀ ਦਾ ਦੈਂਤ ਵੀ ਹੋਰ ਖੂੰਖਾਰ ਹੁੰਦਾ ਗਿਆ ਹੈ।
ਜਿਹੜਾ ਨੌਜਵਾਨਾਂ ਨੂੰ ਨਿਗਲਦਾ ਤੁਰਿਆ ਜਾ ਰਿਹਾ ਹੈ। ਜਵਾਨੀ ਹਾਲੋਂ ਬੇਹਾਲ ਹੈ ਤੇ ਮੁਲਕ ਦੇ ਹਾਕਮ ਦੁਨੀਆਂ ਭਰ 'ਚ ਭਾਰਤ ਦੇ ਵਿਕਾਸ ਦੀ ਰਫ਼ਤਾਰ ਦੀਆਂ ਗੱਲਾਂ ਕਰਦੇ ਫਿਰਦੇ ਹਨ। ਆਉਂਦੇ ਸਮੇਂ 'ਚ ਦੁਨੀਆਂ ਦੀ ਵੱਡੀ ਸ਼ਕਤੀ ਬਣਨ ਦੇ ਦਾਅਵੇ ਕੀਤੇ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਭਾਰਤ ਦੀ ਕੁੱਲ ਵਸੋਂ ਦਾ 65% ਹਿੱਸਾ ਨੌਜਵਾਨ ਤਬਕਾ ਹੈ ਜਿਹੜਾ ਹੋਰ ਕਿਸੇ ਵੀ ਮੁਲਕ ਦੀ ਨੌਜਵਾਨ ਗਿਣਤੀ ਤੋਂ ਜ਼ਿਆਦਾ ਹੈ। ਤੇਜ਼ ਰਫ਼ਤਾਰ ਤਰੱਕੀ ਕਰ ਰਹੇ ਗੁਆਂਢੀ ਮੁਲਕ ਚੀਨ ਕੋਲ ਵੀ ਸਾਡੇ ਤੋਂ ਘੱਟ ਗਿਣਤੀ 'ਚ ਨੌਜਵਾਨ ਹਨ। ਭਾਰਤ ਆਪਣੀ ਨੌਜਵਾਨ ਵਸੋਂ ਦੇ ਜ਼ੋਰ ਸਭਨਾਂ ਮੁਲਕਾਂ ਨੂੰ ਪਛਾੜ ਦੇਵੇਗਾ। ਇਉਂ, ਆਜ਼ਾਦੀ ਦਿਵਸ ਮੌਕੇ ਨੌਜਵਾਨਾਂ ਨੂੰ ਭਾਰਤ ਦੀ ਤਰੱਕੀ 'ਚ ਵਧ ਚੜ• ਕੇ ਹਿੱਸਾ ਪਾਉਣ ਦਾ ਸੱਦਾ ਫਿਰ ਦਿੱਤਾ ਜਾਵੇਗਾ।
ਜਿਹੜੀ ਨੌਜਵਾਨ ਵਸੋਂ ਦੇ ਸਿਰ 'ਤੇ ਮੁਲਕ ਦੇ ਹਾਕਮ ਦੁਨੀਆਂ ਦੇ ਸਰਤਾਜ ਬਣਨ ਦੇ ਦਮਗਜੇ ਮਾਰ ਰਹੇ ਹਨ ਉਹ ਘੋਰ ਨਿਰਾਸ਼ਾ ਤੇ ਬੇਬਸੀ ਦੇ ਆਲਮ 'ਚ ਹੈ। ਆਜ਼ਾਦੀ ਦੀਆਂ ਬਰਕਤਾਂ ਹੰਢਾਂ ਰਹੇ ਨੌਜਵਾਨ ਗੁਜ਼ਾਰੇ ਜੋਗੇ ਰੁਜ਼ਗਾਰ ਤੋਂ ਵੀ ਵਾਂਝੇ ਹਨ। ਭਵਿੱਖ ਤੇ ਵਰਤਮਾਨ ਦੋਹੇਂ ਹੀ ਘੋਰ ਹਨੇਰੇ ਹਨ। ਆਜ਼ਾਦ ਭਾਰਤ ਦੀ ਨੌਜਵਾਨ ਸ਼ਕਤੀ ਖੁਸ਼ਹਾਲ ਜ਼ਿੰਦਗੀ ਦੀ ਤਲਾਸ਼ 'ਚ ਦੁਨੀਆਂ ਦੇ ਹਰ ਕੋਨੇ 'ਚ ਰੁਲ਼ ਰਹੀ ਹੈ, ਸਮੁੰਦਰਾਂ 'ਚ ਡੁੱਬ ਰਹੀ ਹੈ, ਵਿਦੇਸ਼ਾਂ ਦੇ ਜੰਗਲਾਂ 'ਚ ਜਾਨਵਰਾਂ ਦੀ ਖੁਰਾਕ ਬਣ ਰਹੀ ਹੈ। ਵਿਦੇਸ਼ੀ ਧਰਤੀਆਂ 'ਤੇ ਤਾਂ ਸਾਡਾ ਸਵੈਮਾਣ ਰੁਲ਼ਣਾ ਹੀ ਹੈ ਜਦੋਂ ਆਪਣੇ ਆਜ਼ਾਦ ਮੁਲਕ ਦੀ ਧਰਤੀ ਹੀ ਥਾਂ ਦੇਣ ਤੋਂ ਇਨਕਾਰੀ ਹੋਵੇ। ਜਿਹੜੀ ਆਜ਼ਾਦੀ ਨੇ ਹੁਣ ਤੱਕ ਸਾਡੀਆਂ ਰੀਝਾਂ, ਉਮੰਗਾਂ ਤੇ ਉੱਚੀਆਂ ਉਡਾਰੀਆਂ ਭਰਨ ਦੀਆਂ ਸਭਨਾਂ ਇੱਛਾਵਾਂ ਨੂੰ ਮਧੋਲਿਆ ਹੋਵੇ ਭਲਾਂ ਕਿਹੜੇ ਚਾਵਾਂ ਨਾਲ ਅਸੀਂ ਉਸ ਆਜ਼ਾਦੀ ਦੇ ਜਸ਼ਨਾਂ 'ਚ ਸ਼ਾਮਲ ਹੋਈਏ ਤੇ ਕਿਵੇਂ ਆਜ਼ਾਦ ਭਾਰਤ ਦੀ ਤਰੱਕੀ 'ਚ ਵਧ ਚੜ• ਕੇ ਹਿੱਸਾ ਪਾਉਣ ਦਾ ਵਾਅਦਾ ਕਰੀਏ। 
ਆਏ ਵਰ•ੇ 15 ਅਗਸਤ ਸਾਡੇ ਸਾਹਮਣੇ ਇਹ ਸਵਾਲ ਕਰਦਾ ਹੈ ਕਿ ਫਿਰ ਸਾਡੀ ਅਸਲੀ ਆਜ਼ਾਦੀ ਕਿੱਥੇ ਹੈ? ਸਾਨੂੰ ਆਪਣੇ ਮੁਲਕ ਦੇ ਮਾਣਮੱਤੇ ਨਾਗਰਿਕ ਬਣਾਉਣ ਤੇ ਖੁਸ਼ਹਾਲ ਜਿੰਦਗੀ ਗੁਜ਼ਾਰਨ ਜੋਗੇ ਕਰਨ ਵਾਲੀ ਆਜ਼ਾਦੀ ਦੀ ਤਲਾਸ਼ ਕਰਨੀ ਪੈਣੀ ਹੈ। ਇਹ ਤਲਾਸ਼ ਕਰਨੀ ਅੱਜ ਹਰ ਨੌਜਵਾਨ ਦੀ ਲੋੜ ਹੈ। ਆਓ, ਆਪਣੀ ਅਸਲ ਆਜ਼ਾਦੀ ਵੱਲ ਜਾਂਦੇ ਰਾਹਾਂ ਨੂੰ ਖੋਜਣ ਬਾਰੇ ਸੋਚੀਏ।

No comments:

Post a Comment