Sunday 10 February 2013


ਫਰੀਦਕੋਟ 'ਚ ਗੁੰਡਾਗਰਦੀ ਵਿਰੁੱਧ ਲਾਮਿਸਾਲ ਔਰਤ-ਸ਼ਕਤੀ-ਪ੍ਰਦਰਸ਼ਨ
ਗੁੰਡਾ ਗ੍ਰੋਹਾਂ ਨੂੰ ਰਾਜਸੀ ਸਰਪ੍ਰਸਤੀ ਬੰਦ ਕਰਨ ਦੀ ਮੰਗ

ਫਰੀਦਕੋਟ, 9 ਫਰਵਰੀ - ਪੰਜਾਬ ਭਰ ਤੋਂ ਗੁੰਡਾਗਰਦੀ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੱਦੇ 'ਤੇ ਲਾਮਬੰਦ ਹੋ ਕੇ ਇੱਥੇ ਪੁੱਜੀਆਂ ਹਜ਼ਾਰਾਂ ਕਿਸਾਨ ਤੇ ਖੇਤ ਮਜ਼ਦੂਰ ਔਰਤਾਂ ਵੱਲੋਂ ਮੇਨ ਬਜਾਰ 'ਚ ਰੋਹ ਭਰਪੂਰ ਮਾਰਚ ਕਰਨ ਮਗਰੋਂ ਸ਼ਹੀਦ ਭਗਤ ਸਿੰਘ ਪਾਰਕ ਵਿਚ ਜਬਰਦਸਤ ਰੈਲੀ ਕੀਤੀ ਗਈ। ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਸੋਚ ਦੇ ਪ੍ਰਤੀਕ ਬਸੰਤੀ ਰੰਗ 'ਤੇ ਹਰੇ ਛਾਪੇ ਵਾਲੇ ਝੰਡਿਆਂ ਨੂੰ ਉੱਚੇ ਲਹਿਰਾਉਂਦਾ ਕਾਫ਼ਲਾ ਹੜ• ਦੀਆਂ ਲਹਿਰਾਂ ਵਾਂਗ ਅੱਗੇ ਵਧ ਰਿਹਾ ਸੀ। ਸਹਿਯੋਗੀ ਜਥੇਬੰਦੀਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਸ਼ਰੂਤੀ ਅਗਵਾਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਲਾਲ ਝੰਡੇ ਫੁਲਕਾਰੀ 'ਤੇ ਫੁੱਲਾਂ ਵਾਂਗ ਜਾਪ ਰਹੇ ਸਨ। ਵਿਸ਼ਾਲ ਪਾਰਕ 'ਚ ਤਿਲ ਸੁੱਣ ਜੋਗੀ ਥਾਂ ਨਹੀਂ ਬਚੀ। ''ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ'' ਅਤੇ ''ਗੁੰਡਾਗਰਦੀ ਚੱਕ ਦਿਆਂਗੇ, ਧੌਣ 'ਤੇ ਗੋਡਾ ਰੱਖ ਦਿਆਂਗੇ'' ਵਰਗੇ ਨਾਹਰੇ ਆਕਾਸ਼ ਗੁੰਜਾ ਰਹੇ ਸਨ। ਰੈਲੀ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ 'ਚ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ, ਕੁਲਦੀਪ ਕੌਰ ਕੁੱਸਾ, ਪਰਮਜੀਤ ਕੌਰ ਕੋਟੜਾ ਅਤੇ ਸੁਖਦੇਵ ਸਿੰਘ ਕੋਕਰੀ ਕਲਾਂ ਤੋਂ ਇਲਾਵਾ ਖੇਤ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਸ਼ਾਮਲ ਸਨ ਅਤੇ ਸਟੇਜ ਸਕੱਤਰ ਦੀ ਜਿੰਮੇਵਾਰੀ ਨਿਰਲੇਪ ਕੌਰ ਢਿੱਲਵਾਂ ਨੇ ਨਿਭਾਈ। ਸ਼੍ਰੀਮਤੀ ਬਿੰਦੂ ਨੇ ਫਰੀਦਕੋਟ, ਅੰਮ੍ਰਿਤਸਰ (ਛੇਹਰਟਾ), ਜਲੰਧਰ, ਪਟਿਆਲਾ (ਬਾਦਸ਼ਾਹਪੁਰ), ਬੰਬੇ ਤੇ ਦਿੱਲੀ ਵਰਗੇ ਵੱਡੇ ਸ਼ਹਿਰਾਂ ਸਮੇਤ ਪੂਰੇ ਦੇਸ਼ ਅੰਦਰ ਅਮਰਵੇਲ ਵਾਂਗ ਫੈਲ ਰਹੀ ਔਰਤਾਂ ਵਿਰੁੱਧ ਹਿੰਸਾ 'ਤੇ ਗਹਿਰੀ ਚਿੰਤਾ ਜ਼ਾਹਰ ਕੀਤੀ। ਖਾਸ ਕਰਕੇ ਸ਼ਰੂਤੀ ਅਗਵਾ ਕਾਂਡ 'ਚ ਫਰੀਦਕੋਟ ਦੇ ਥਾਣੇਦਾਰ ਸੰਜੀਵ ਕੁਮਾਰ ਤੋਂ ਲੈ ਕੇ ਡੀ.ਜੀ.ਪੀ. ਤੱਕ ਅਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸਮੇਤ ਸ਼ਰੂਤੀ ਨੂੰ ਉਹਦੀ ਮਰਜੀ ਦੇ ਵਿਰੁੱਧ ਨਾਰੀ ਨਿਕੇਤਨ ਭੇਜਣ ਵਾਲੀ ਨਿਆਂਪਾਲਕਾ ਸਣੇ ਰਾਜ ਦੇ ਚੌਹਾਂ ਥੰਮਾਂ ਉਤੇ ਵੀ ਗੁੰਡਾਗਰਦੀ ਦੀ ਸਰਪ੍ਰਸਤੀ ਦਾ ਦੋਸ਼ ਲਾਇਆ। ਸ੍ਰੀਮਤੀ ਕੁੱਸਾ ਨੇ ਕਿਹਾ ਕਿ ਮਨੁੱਖਾ-ਸਮਾਜ ਦੀ ਮੂਲ ਇਕਾਈ ਪਰਵਾਰ ਤੋਂ ਲੈ ਕੇ (ਕੁੱਖ ਤੋਂ ਕਬਰ) ਤੱਕ ਸਮਾਜ ਦੇ ਹਰ ਖੇਤਰ 'ਚ ਔਰਤ ਨਾਲ ਹੁੰਦੇ ਵਿਤਕਰੇ/ਹਿੰਸਾ ਦੀਆਂ ਜੜ•ਾਂ ਮੁਲਕ ਦੀ ਆਰਥਿਕਤਾ 'ਤੇ ਕਾਬਜ ਮਰਦ-ਪ੍ਰਧਾਨ ਸਮਾਜਕ ਸਭਿਆਚਾਰਕ ਕਦਰਾਂ-ਕੀਮਤਾਂ 'ਚ ਲੱਗੀਆਂ ਹੋਈਆਂ ਹਨ। ਕਿਉਂਕਿ ਜਿੰਨਾ ਚਿਰ ਅੰਨ•ੇ ਨਿੱਜੀ ਮੁਨਾਫ਼ਿਆਂ ਦੀ ਹਵਸ ਆਰਥਿਕਤਾ ਦਾ ਧੁਰਾ ਬਣੀ ਹੋਈ ਹੈ, ਉਨਾ ਚਿਰ ਆਰਥਿਕ ਸਾਧਨਾਂ ਤੋਂ ਵਿਹੂਣੀ ਔਰਤ ਦਾ ਸਥਾਨ ਮਰਦ ਦੇ ਬਰਾਬਰ ਹੋ ਹੀ ਨਹੀਂ ਸਕਦਾ। ਵੱਡੇ ਆਰਥਿਕ ਪਾੜੇ ਤੇ ਕਿਰਤ ਦੀ ਅੰਨ•ੀ ਲੁੱਟ 'ਚੋਂ ਉਪਜੀ ਅੰਤਾਂ ਦੀ ਗਰੀਬੀ ਤੇ ਲਾਚਾਰੀ ਨਾਲ ਗ੍ਰਸੀਆਂ ਔਰਤਾਂ ਦੀ ਪਸ਼ੂਆਂ ਵਾਂਗ ਵਿਕਰੀ ਉਨਾ ਚਿਰ ਬੰਦ ਨਹੀਂ ਹੋ ਸਕਦੀ। ਸ੍ਰੀ ਕੋਕਰੀ ਕਲਾਂ ਨੇ ਕਿਹਾ ਕਿ ਆਰਥਿਕ ਲੁੱਟ ਦੇ ਸਭ ਤੋਂ ਵੱਧ ਝੰਬੇ ਗੈਰ-ਜਥੇਬੰਦ ਅਤੇ ਬੇ-ਆਵਾਜ਼ ਸਮਾਜ ਦੇ ਬਹੁਤ ਵੱਡੇ ਹਿੱਸੇ ਦੀਆਂ ਦੂਹਰੀ ਗੁਲਾਮੀ ਦਾ ਸ਼ਿਕਾਰ ਔਰਤਾਂ ਉੱੇਤੇ ਲਿੰਗ-ਹਿੰਸਾ ਤੇ ਅੱਤਿਆਚਾਰਾਂ ਦੇ ਸਦੀਆਂ ਤੋਂ ਢਾਹੇ ਜਾ ਰਹੇ ਕਹਿਰ ਦਾ ਸੇਕ ਜਦੋਂ ਦੇਸ਼ ਦੇ ਮਹਾਂਨਗਰਾਂ 'ਚ ਵਸਦੇ ਬਾ-ਆਵਾਜ਼ ਹਿੱਸਿਆਂ ਤੱਕ ਪਹੁੰਚਣ ਲੱਗਾ ਤਾਂ ਚਾਰੇ ਪਾਸੇ ਹਾਹਾਕਾਰ ਮੱਚ ਉੱਠੀ, ਹਜ਼ਾਰਾਂ ਲੋਕ ਸੜਕਾਂ 'ਤੇ ਉੱਤਰ ਆਏ। ਸਮਾਜ ਦਾ ਵਹਿਸ਼ੀਪੁਣਾ ਨਸ਼ਰ ਹੋਣ ਲੱਗਾ। ਪ੍ਰੰਤੂ ਅਜੇ ਵੀ ਛੇਹਰਟਾ ਥਾਣੇਦਾਰ ਕਤਲਕਾਂਡ ਨੂੰ ਛੱਡ ਕੇ ਹਰ ਮਾਮਲੇ 'ਚ ਰਾਜ ਦੇ ਚੌਂਹਾਂ ਥੰਮਾਂ ਨੇ ਸ਼ੁਰੂ 'ਚ ਫਰੀਦਕੋਟ ਵਰਗਾ ਹੀ ਰੋਲ ਅਦਾ ਕੀਤਾ। ਦਿੱਲੀ 'ਚ ਦਫ਼ਾ 144, ਮੈਟਰੋ ਰੇਲਾਂ ਤੇ ਸਕੂਲ ਕਾਲਜ ਬੰਦ, ਪੁਲਸੀ ਲਾਠੀਆਂ ਅਤੇ ਅੱਤਵਾਦੀ ਘੁਸਪੈਠ ਵਰਗੇ ਗੁੰਮਰਾਹਕੁੰਨ ਪ੍ਰਾਪੇਗੰਡੇ ਜਿਹੇ ਸਾਰੇ ਹਰਬੇ ਵਰਤੇ ਗਏ। ਇਥੋਂ ਤੱਕ ਕਿ ਆਸਾ ਰਾਮ ਬਾਪੂ ਵਰਗੇ ਧਾਰਮਕ ਆਗੂ ਵੀ ਦਾਮਿਨੀ ਵੱਲੋਂ ਗੁੰਡਿਆਂ ਦੇ ਬਹਾਦਰੀ ਭਰੇ ਵਿਰੋਧ ਨੂੰ ਹੀ ਘਟਨਾ ਦਾ ਕਾਰਨ ਦੱਸਣ ਲੱਗੇ ਅਤੇ ਤਾੜੀ ਦੋਵੇਂ ਹੱਥੀਂ ਵੱਜਣ ਦੀ ਗੱਲ ਕਰਕੇ ਸ਼ਰੇਆਮ ਗੁੰਡਿਆਂ ਦਾ ਪੱਖ ਪੂਰਨ ਲੱਗੇ। ਸਾਰੇ ਹਰਬੇ ਨਾਕਾਮ ਹੋਣ ਮਗਰੋਂ ਛਲ ਖੇਡਦਿਆਂ ਸਖ਼ਤ ਕਾਨੂੰਨਾਂ, ਫਾਂਸੀਆਂ, ਉਮਰ ਕੈਦਾਂ, ਫਾਸਟ ਟ੍ਰੈਕ ਅਦਾਲਤਾਂ ਆਦਿ ਦੀ ਡੌਂਡੀ ਪਿੱਟੀ ਜਾਣ ਲੱਗੀ। ਫਿਰ ਵੀ ਔਰਤ-ਵਿਰੋਧੀ ਹਿੰਸਾ ਨੂੰ ਰਾਜ ਦੀ ਸਰਪ੍ਰਸਤੀ ਗੁੱਝੀ ਨਾ ਰਹਿ ਸਕੀ। ਯੂ.ਪੀ.ਏ. ਸਰਕਾਰ ਵੱਲੋਂ ਖੁਦ ਥਾਪੇ ਗਏ ਵਰਮਾ ਕਮਿਸ਼ਨ ਦੁਆਰਾ ਔਰਤਾਂ 'ਤੇ ਲਿੰਗ-ਹਿੰਸਾ ਤੇ ਕਤਲਾਂ ਵਰਗੇ ਸੰਗੀਨ ਅਪਰਾਧਾਂ 'ਚ ਸ਼ਾਮਲ ਪੁਲਸੀ, ਅਰਧ-ਫੌਜੀ ਤੇ ਫੌਜੀ ਜਵਾਨਾਂ ਨੂੰ ਵੀ ਆਮ ਸ਼ਹਿਰੀਆਂ ਵਾਂਗ ਨਵੇਂ ਕਾਨੂੰਨ ਦੀ ਜ਼ੱਦ 'ਚ ਲਿਆਉਣ ਅਤੇ ਅਜਿਹੇ ਅਪਰਾਧਾਂ 'ਚ ਸ਼ਾਮਲ ਰਾਜਸੀ ਆਗੂਆਂ 'ਤੇ ਜਨਤਾ ਦੇ ਵਿਧਾਨਕ ਨੁਮਾਇੰਦੇ ਬਣਨ 'ਤੇ ਰੋਕ ਲਾਉਣ ਵਰਗੀਆਂ ਅਹਿਮ ਸਿਫਾਰਸ਼ਾਂ ਨੂੰ ਜਾਣ ਬੁੱਝ ਕੇ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ ਗਿਆ। ਸ੍ਰੀਮਤੀ ਕੋਟੜਾ ਵੱਲੋਂ ਰੱਖੀਆਂ ਗਈਆਂ ਮੰਗਾਂ 'ਚ ਉਕਤ ਦੋਵੇਂ ਧਾਰਾਵਾਂ ਨਵੇਂ ਕਾਨੂੰਨ 'ਚ ਸ਼ਾਮਲ ਕਰਨ ਤੋਂ ਇਲਾਵਾ ਗੁੰਡਾਗਰਦੀ ਨੂੰ ਰਾਜਕੀ ਸਰਪ੍ਰਸਤੀ ਬੰਦ ਕਰਨ; ਸ਼ਰੂਤੀ ਮਾਮਲੇ 'ਚ ਸ਼ਾਮਲ ਪੁਲਸੀ ਤੇ ਰਾਜਸੀ ਸਰਪ੍ਰਸਤਾਂ ਨੂੰ ਕਟਹਿਰੇ 'ਚ ਖੜਾ ਕਰਨ; ਨਿਸ਼ਾਨ ਨੂੰ ਜੇਲ• 'ਚ ਮੋਬਾਈਲ ਪਹੁੰਚਾਉਣ ਦੇ ਦੋਸ਼ੀ ਜੇਲ• ਅਧਿਕਾਰੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਅਤੇ ਨਿਸ਼ਾਨ ਸਮੇਤ ਸਾਰੇ ਨਜ਼ਰਬੰਦ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ।





No comments:

Post a Comment