Tuesday, 12 March 2013

ਰਾਮਾਂ ਮੰਡੀ ਜਬਰ ਜਿਨਾਹ ਤੇ ਹਕੂਮਤੀ ਮਸ਼ੀਨਰੀ ਦੀ ਨਕਲੀ ਫ਼ੁਰਤੀ


ਰਾਮਾਂ ਮੰਡੀ 'ਚ ਛੇ ਸਾਲਾ ਬੱਚੀ ਨਾਲ ਜਬਰ ਜਿਨਾਹ
12 ਫ਼ਰਵਰੀ ਨੂੰ ਰਾਮਾਂ ਮੰਡੀ ਬਠਿੰਡਾ ਵਿਖੇ ਗ਼ਰੀਬ ਪਰਵਾਸੀ ਮਜ਼ਦੂਰ ਦੀ ਛੇ ਸਾਲਾ ਬੱਚੀ ਨੂੰ ਜਬਰ ਜਿਨਾਹ ਦਾ ਸ਼ਿਕਾਰ ਬਣਾਇਆ ਗਿਆ। ਰੇਲਵੇ ਪੁਲਿਸ ਚੌਂਕੀ ਅਤੇ ਰਾਮਾਂ ਮੰਡੀ ਥਾਣਾ ਦੀ ਪੁਲਿਸ ਦੇ ਐਨ ਨੱਕ ਥੱਲੇ ਵਾਪਰੀ ਘਟਨਾ ਨੇ ਸਥਾਨਕ ਨਿਵਾਸੀਆਂ 'ਚ ਗਹਿਰਾ ਰੋਸ ਜਗਾਇਆ। ਲੋਕਾਂ ਨੇ ਦੋਸ਼ੀ ਲੱਭਣ ਤੇ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਰੇਲਵੇ ਲਾਈਨ 'ਤੇ ਧਰਨਾ ਮਾਰਿਆ ਜਿਸ ਵਿੱਚ ਨੌਜਵਾਨ ਭਾਰਤ ਸਭਾ ਅਤੇ ਬੀ. ਕੇ. ਯੂ. ਏਕਤਾ (ਉਗਰਾਹਾਂ) ਦੇ ਕਾਰਕੁੰਨ ਵੀ ਸ਼ਾਮਲ ਹੋਏ। ਬਠਿੰਡਾ ਪੁਲਿਸ ਨੇ ਦੋਸ਼ੀ ਗ੍ਰਿਫਤਾਰ ਕਰਨ ਦਾ ਦਾਅਵਾ ਕਰਕੇ ਲੋਕ ਰੋਹ 'ਤੇ ਠੰਡਾ ਛਿੜਕਣ ਦਾ ਯਤਨ ਕੀਤਾ। ਪੁਲਿਸ ਨੇ ਅਖਿਲੇਸ਼ ਕੁਮਾਰ ਨਾਮ ਦੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਦੋਸ਼ੀ ਕਰਾਰ ਦੇ ਕੇ ਜੇਲ• ਭੇਜ ਦਿੱਤਾ ਹੈ ਤੇ ਝਟਪਟ ਕੇਸ ਹੱਲ ਕਰਨ ਦਾ ਸਿਹਰਾ ਆਪਣੇ ਸਿਰ ਸਜਾਉਣਾ ਚਾਹਿਆ। ਸਭਾ ਤੇ ਕਿਸਾਨ ਕਾਰਕੁੰਨਾਂ ਦੀ ਪੜਤਾਲ ਅਨੁਸਾਰ ਪੁਲਸ ਨੇ ਅਸਲ ਦੋਸ਼ੀ ਨਹੀਂ ਲੱਭਿਆ। ਪੀੜਤ ਲੜਕੀ ਅਤੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ। ਇੱਕ ਨਿਰਦੋਸ਼ ਪ੍ਰਵਾਸੀ ਮਜ਼ਦੂਰ ਦੀ ਬਲੀ ਦੇ ਦਿੱਤੀ ਗਈ ਹੈ। ਇਸ ਮਸਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਨੂੰ ਲੈ ਕੇ ਇਲਾਕੇ 'ਚ ਲਾਮਬੰਦੀ ਹੋ ਰਹੀ ਹੈ ਅਤੇ 27 ਤਰੀਕ ਨੂੰ ਬਠਿੰਡੇ 'ਚ ਸਭਾ ਵੱਲੋਂ ਰੋਸ ਮੁਜ਼ਾਹਰੇ ਦਾ ਸੱਦਾ ਦਿੱਤਾ ਗਿਆ ਹੈ। ਔਰਤਾਂ ਦੀ ਸੁਰੱਖਿਆ ਦੇ ਮੁੱਦੇ ਨੂੰ ਲੈ ਕੇ ਮੁਲਕ ਪੱਧਰ 'ਤੇ ਹੀ ਸਖ਼ਤ ਕਾਨੂੰਨਾਂ ਅਤੇ ਸਜ਼ਾਵਾਂ ਦੀ ਮੰਗ ਜ਼ੋਰ ਨਾਲ ਉੱਠ ਰਹੀ ਹੈ। ਪਰ ਰਾਮਾਂ ਮੰਡੀ ਦੀ ਘਟਨਾ ਨੇ ਦਰਸਾਇਆ ਹੈ ਕਿ ਲੋਕਾਂ ਦੀ ਚੇਤਨ ਅਤੇ ਜੱਥੇਬੰਦਕ ਤਾਕਤ ਦੀ ਗੈਰ-ਮੌਜੂਦਗੀ ਦੀ ਹਾਲਤ 'ਚ ਅਜਿਹੇ ਸਖ਼ਤ ਕਾਨੂੰਨਾਂ ਅਤੇ ਸਜ਼ਾਵਾਂ ਦੀਆਂ ਕੀ ਅਰਥ ਸੰਭਾਵਨਾ ਬਣ ਸਕਦੀਆਂ ਹਨ। ਹੇਠਾਂ ਅਸੀਂ ਜੱਥੇਬੰਦੀਆਂ ਵੱਲੋਂ ਇਲਾਕੇ 'ਚ ਵੰਡੇ ਜਾ ਰਹੇ ਹੱਥ ਪਰਚੇ 'ਚੋਂ ਇੱਕ ਹਿੱਸਾ ਦੇ ਰਹੇ ਹਾਂ। 

ਹਕੂਮਤੀ ਮਸ਼ੀਨਰੀ ਦੀ ਨਕਲੀ ਫ਼ੁਰਤੀ ਦਾ ਸੱਚ
ਜੋ ਰਾਮਾਂ ਮੰਡੀ ਵਾਲੇ ਕੇਸ 'ਚ ਵਾਪਰਿਆ ਹੈ, ਉਹ ਨਵਾਂ ਨਹੀਂ ਹੈ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਦੋਸ਼ੀ ਬਚ ਗਿਆ ਹੈ। ਦੋਸ਼ੀ ਅਕਸਰ ਹੀ ਬਚ ਜਾਂਦੇ ਹਨ। ਜਿੱਥੇ ਪਤਾ ਵੀ ਹੁੰਦਾ ਹੈ, ਜੱਗ ਜ਼ਾਹਰ ਵੀ ਹੁੰਦਾ ਹੈ ਉੱਥੇ ਵੀ ਬਚ ਜਾਂਦੇ ਹਨ। ਸ਼ਰੇਆਮ ਘੁੰਮਦੇ ਹਨ। ਦੇਸ਼ ਭਰ 'ਚੋਂ ਹੁਣ ਬਲਾਤਕਾਰ ਦੀ ਹਨੇਰੀ ਖਿਲਾਫ਼ ਲੋਕਾਂ ਦੀ ਵਿਆਪਕ ਰੋਸ ਲਹਿਰ ਉੱਠੀ ਹੈ। ਲੋਕ ਹਰਕਤ 'ਚ ਆਉਣ ਲੱਗੇ ਹਨ। ਪੰਜਾਬ 'ਚ ਪਹਿਲਾਂ ਵਾਪਰੇ ਸ਼ਰੂਤੀ ਅਗਵਾ ਕਾਂਡ ਅਤੇ ਫਿਰ ਦਿੱਲੀ ਦੀ ਵਿਦਿਆਰਥਣ ਨਾਲ ਵਾਪਰੀ ਜਬਰ ਜਿਨਾਹ ਤੇ ਕਤਲ ਦੀ ਘਟਨਾ ਨੇ ਸਰਕਾਰਾਂ, ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਅਦਾਲਤੀ ਅਮਲਾਂ ਖਿਲਾਫ਼ ਲੋਕਾਂ 'ਚ ਰੋਸ ਹੋਰ ਵਧਾਇਆ ਹੈ। ਸਖ਼ਤ ਕਾਨੂੰਨ ਅਤੇ ਸਖ਼ਤ ਸਜ਼ਾਵਾਂ ਦੀ ਮੰਗ ਵੀ ਉੱਠਣ ਲੱਗੀ ਹੈ। ਸਰਕਾਰਾਂ ਤੇ ਅਫ਼ਸਰਸ਼ਾਹੀ ਨੂੰ ਕੁਝ ਨਾ ਕੁਝ ਕਦਮ ਚੁੱਕਣ ਲਈ ਮਜ਼ਬੂਰ ਵੀ ਹੋਣਾ ਪਿਆ ਹੈ। ਪਰ ਉਹਨਾਂ ਦਾ ਰਵੱਈਆ ਆਮ ਤੌਰ 'ਤੇ ਦੋਸ਼ੀਆਂ ਨੂੰ ਬਚਾਉਣ ਵਾਲਾ ਤੇ ਉਹਨਾਂ ਦੀ ਰੱਖਿਆ ਕਰਨ ਵਾਲਾ ਰਹਿੰਦਾ ਆ ਰਿਹਾ ਹੈ। ਸ਼ਰੇਆਮ ਘੁੰਮਦੇ ਦੋਸ਼ੀਆਂ 'ਤੇ ਕੋਈ ਕਾਰਵਾਈ ਤੱਕ ਨਹੀਂ ਕੀਤੀ ਜਾਂਦੀ। ਹੁਣ ਦੇਸ਼ ਵਿਆਪੀ ਰੋਸ ਲਹਿਰ ਦੇ ਬਣੇ ਦਬਾਅ ਸਦਕਾ ਹੀ ਅਜਿਹੇ ਮਾਮਲਿਆਂ 'ਚ ਤੇਜ਼ੀ ਨਾਲ ਕਾਰਵਾਈ ਕਰਨ ਦਾ ਪ੍ਰਭਾਵ ਦਿੱਤਾ ਜਾ ਰਿਹਾ ਹੈ। ਅਦਾਲਤਾਂ ਤੇਜ਼ੀ ਨਾਲ ਕੁਝ ਫੈਸਲੇ ਕਰਨ ਲੱਗੀਆਂ ਹਨ। ਪਰ ਅਸਲ ਮਕਸਦ ਹਾਲੇ ਵੀ ਦੋਸ਼ੀਆਂ ਨੂੰ ਸਜ਼ਾਵਾਂ ਦੇਣਾ ਨਹੀਂ ਹੈ ਸਗੋਂ ਹਕੂਮਤੀ ਮਸ਼ੀਨਰੀ ਦੀ ਫੁਰਤੀ ਦਾ ਪ੍ਰਭਾਵ ਦੇਣਾ ਹੀ ਹੈ।

ਇਸ ਲਈ ਲੋਕਾਂ ਦੇ ਦਬਾਅ ਮੂਹਰੇ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇੱਕ ਵਾਰ ਮਾਮਲਾ ਠੰਡਾ ਕਰ ਦਿੱਤਾ ਜਾਵੇ ਚਾਹੇ ਝੂਠੀ ਕਹਾਣੀ ਬਣਾ ਕੇ ਹੀ ਕਿਉਂ ਨਾ ਪੇਸ਼ ਕਰਨੀ ਪਵੇ। ਚਾਹੇ ਇਹਦੀ ਮਾਰ 'ਚ ਕੋਈ ਨਿਰਦੋਸ਼ ਹੀ ਕਿਉਂ ਨਾ ਆ ਜਾਵੇ। ਇੱਕ ਪਾਸੇ ਜਿੱਥੇ ਸੱਚਾਈ ਇਹ ਹੈ ਕਿ ਸਾਡੇ ਮੁਲਕ 'ਚ ਆਏ ਦਿਨ ਛੋਟੀਆਂ ਬੱਚੀਆਂ ਤੋਂ ਲੈ ਕੇ ਵੱਡੀਆਂ ਔਰਤਾਂ ਨਾਲ ਛੇੜਛਾੜ, ਕੁੱਟਮਾਰ, ਬਲਾਤਕਾਰ ਤੇ ਤੇਜ਼ਾਬ ਸੁੱਟਣ ਦੀਆਂ ਘਟਨਾਵਾਂ ਬੇਰੋਕ ਵਾਪਰ ਰਹੀਆਂ ਹਨ। ਉੱਥੇ ਦੂਜੇ ਪਾਸੇ ਸੱਚ ਇਹ ਵੀ ਹੈ ਕਿ ਹਕੂਮਤੀ ਮਸ਼ੀਨਰੀ ਵੱਲੋਂ ਵਿਖਾਈ ਜਾ ਰਹੀ ਇਸ ਨਕਲੀ ਫੁਰਤੀ ਦੇ ਬਾਵਜੂਦ ਵੀ ਔਰਤਾਂ ਦੀ ਸੁਰੱਖਿਆ ਅਤੇ ਅਸਲ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਦੀ ਕੋਈ ਗਰੰਟੀ ਨਹੀਂ ਹੈ। ਸਗੋਂ ਇਸ ਫੋਕੀ ਫੁਰਤੀ ਦੇ ਚੱਕਰ 'ਚ ਕਈ ਵਾਰ ਬੇਦੋਸ਼ੇ ਵੀ ਮਾਰ 'ਚ ਆਉਂਦੇ ਹਨ। ਹੋਰ ਸਖ਼ਤ ਕਾਨੂੰਨਾਂ ਤੇ ਸਜ਼ਾਵਾਂ ਦੀ ਆੜ 'ਚ ਪੁਲਿਸ ਅਧਿਕਾਰੀਆਂ, ਅਦਾਲਤਾਂ, ਵਕੀਲਾਂ, ਜੱਜਾਂ ਨੇ ਹੋਰ ਹੱਥ ਰੰਗਣੇ ਹਨ। ਜਿਸਦੀ ਤਾਜ਼ਾ ਉਦਾਹਰਣ ਰਾਜਾਸਾਂਸੀ (ਅਮ੍ਰਿਤਸਰ) ਦੇ S8O ਵੱਲੋਂ ਨਿਰਦੋਸ਼ ਵਿਅਕਤੀਆਂ ਨੂੰ ਬਲਾਤਕਾਰ ਦੇ ਝੂਠੇ ਮਾਮਲੇ 'ਚ ਉਲਝਾਉਣ ਨਾਲ ਸਾਹਮਣੇ ਆਈ ਹੈ। ਇਹਨਾਂ ਕਾਨੂੰਨਾਂ ਤੇ ਸਜ਼ਾਵਾਂ ਦੀ ਅਸਲ ਮਾਰ ਗ਼ਰੀਬ ਜਨਤਾ ਅਤੇ ਬੇਦੋਸ਼ਿਆਂ 'ਤੇ ਹੀ ਪੈਣੀ ਹੈ। ਸਿਆਸੀ ਚੌਧਰ ਦੇ ਜ਼ੋਰ ਆਪਣੇ ਚਹੇਤਿਆਂ ਨੂੰ ਬਚਾਉਣ ਲਈ ਪਹਿਲਾਂ ਦੀ ਤਰ•ਾਂ ਹੀ ਜ਼ੋਰ ਲਾਇਆ ਜਾਂਦਾ ਰਹਿਣਾ ਹੈ।
(ਨੌਜਵਾਨ ਪੈਂਫਲਟ ਲੜੀ ਨੰ. 5 'ਚੋਂ)

ਸਭਾ ਵੱਲੋਂ ਬਲਾਤਕਾਰ ਘਟਨਾਵਾਂ 'ਤੇ ਰੋਸ ਪ੍ਰਦਰਸ਼ਨ
16 ਦਸੰਬਰ ਨੂੰ ਦਿੱਲੀ ਬਲਾਤਕਾਰ ਤੇ ਕਤਲ ਕਾਂਡ ਖਿਲਾਫ਼ ਉੱਠੀ ਮੁਲਕ ਵਿਆਪੀ ਰੋਸ ਆਵਾਜ਼ ਨਾਲ ਆਵਾਜ਼ ਮਿਲਾਉਂਦਿਆਂ ਨੌਜਵਾਨ ਭਾਰਤ ਸਭਾ ਨੇ ਵੱਖ-ਵੱਖ ਖੇਤਰਾਂ 'ਚ ਰੋਸ ਪ੍ਰਦਰਸ਼ਨ ਕੀਤੇ ਅਤੇ ਇਸ ਮਸਲੇ ਨਾਲ ਜੁੜੇ ਅਹਿਮ ਸਵਾਲ ਉਭਾਰੇ ਹਨ। ਜਿੱਥੇ ਸਭਾ ਵੱਲੋਂ ਪੀੜਤ ਕੁੜੀ ਦੀ ਮੌਤ ਤੋਂ ਫੌਰੀ ਬਾਅਦ ਕੇਂਦਰ ਸਰਕਾਰ ਦੀਆਂ ਵੱਖ-ਵੱਖ ਥਾਵਾਂ 'ਤੇ ਅਰਥੀਆਂ ਸਾੜੀਆਂ ਗਈਆਂ ਅਤੇ ਵਿਦਿਆਰਥਣ ਨੂੰ ਸ਼ਰਧਾਂਜਲੀ ਵਜੋਂ ਮਾਰਚ ਜਥੇਬੰਦ ਕੀਤੇ ਗਏ ਉਥੇ ਬਠਿੰਡਾ ਸ਼ਹਿਰ 'ਚ ਵਿਦਿਆਰਥਣਾਂ ਵੱਲੋਂ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ।

ਸੰਗਤ (ਬਠਿੰਡਾ) ਇਲਾਕੇ ਦੇ ਪਿੰਡਾਂ ਘੁੱਦਾ, ਕੋਟਗੁਰੂ ਅਤੇ ਮਹਿਮਾ ਭਗਵਾਨਾ 'ਚ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ ਅਤੇ ਰੋਸ ਰੈਲੀਆਂ ਕੀਤੀਆਂ ਗਈਆਂ ਉੱਥੇ ਚੁੱਘੇ ਕਲਾਂ 'ਚ ਰੋਸ ਮੁਜ਼ਾਹਰਾ ਕੀਤਾ ਗਿਆ। ਸੰਗਤ ਮੰਡੀ 'ਚ ਵੀ ਰਾਤ ਨੂੰ ਲਗਭਗ 200 ਲੋਕਾਂ ਅਤੇ ਨੌਜਵਾਨਾਂ ਨੇ ਮੋਮਬੱਤੀ ਮਾਰਚ ਕੀਤਾ ਅਤੇ ਵੱਖ ਵੱਖ ਥਾਵਾਂ ਤੇ ਰੈਲੀਆਂ ਕੀਤੀਆਂ। ਲੰਬੀ (ਮੁਕਤਸਰ) ਬਲਾਕ ਦੇ ਪਿੰਡਾਂ ਸਿੰਘੇਵਾਲਾ ਤੇ ਕਿੱਲਿਆਂਵਾਲੀ ਦੇ ਨੌਜਵਾਨਾਂ ਨੇ ਖੇਤ ਮਜ਼ਦੂਰਾਂ ਨਾਲ ਸਾਂਝੇ ਤੌਰ 'ਤੇ ਸਰਕਾਰ ਦੀ ਅਰਥੀ ਫੂਕੀ। ਖੰਨਾ ਖੇਤਰ ਦੇ ਪਿੰਡ ਸਿਹੌੜਾ 'ਚ ਨੌਜਵਾਨ ਭਾਰਤ ਸਭਾ ਨੇ ਮੁਜ਼ਾਹਰਾ ਕੀਤਾ ਤੇ ਪਿੰਡ ਦੇ ਬੱਸ ਅੱਡੇ 'ਚ ਹੋਈ ਰੈਲੀ ਦੌਰਾਨ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ 'ਕਾਕੇ' ਸਭਾ ਦੇ ਵਰਕਰਾਂ ਵੱਲੋਂ ਪੇਸ਼ ਕੀਤਾ ਗਿਆ। ਜਿਸਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ। ਇਸਤੋਂ ਬਿਨਾਂ  ?????? 'ਚ ਵੀ ਵੀ ਲੋਕਾਂ ਦੇ ਭਰਵੇਂ ਇਕੱਠ 'ਚ ਇਹ ਨਾਟਕ ਪੇਸ਼ ਕੀਤਾ ਗਿਆ ਤੇ ਬਲਾਤਕਾਰ ਦੀ ਹਨੇਰੀ ਖਿਲਾਫ਼ ਲੋਕਾਂ ਨੂੰ ਇੱਕਜੁਟ ਹੋਣ ਦਾ ਸੱਦਾ ਦਿੱਤਾ ਗਿਆ। ਨਿਹਾਲ ਸਿੰਘ ਵਾਲਾ ਇਲਾਕੇ ਦੇ ਨੌਜਵਾਨਾਂ ਨੂੰ ਇਲਾਕੇ ਦੇ ਕਿਸਾਨ ਕਾਰਕੁਨਾਂ ਨਾਲ ਸਾਂਝੇ ਤੌਰ 'ਤੇ ਪਹਿਲਾਂ ਤਹਿਸੀਲ ਪੱਧਰ 'ਤੇ ਮਾਰਚ ਕੀਤਾ ਅਤੇ ਫਿਰ ਕੁੱਝ ਦਿਨਾਂ ਬਾਅਦ ਵੱਖ-ਵੱਖ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਮੋਗਾ 'ਚ ਦਿੱਤੇ ਧਰਨੇ 'ਚ ਸ਼ਮੂਲੀਅਤ ਕੀਤੀ। ਇਸਤੋਂ ਬਿਨਾਂ ਮੌੜ ਮੰਡੀ ਅਤੇ ਤਲਵੰਡੀ ਸਾਬੋ ਕਸਬਿਆਂ 'ਚ ਨੌਜਵਾਨ ਕਲੱਬਾਂ ਵੱਲੋਂ ਜੱਥੇਬੰਦ ਕੀਤੇ ਰੋਸ ਮਾਰਚਾਂ 'ਚ ਸਭਾ ਦੇ ਵਰਕਰਾਂ ਨੇ ਭਰਵੀਂ ਸ਼ਮੂਲੀਅਤ ਕਰਦਿਆਂ ਸਭਾ ਦੀ ਇਸ ਮੁੱਦੇ ਤੇ ਸਮਝ ਪੇਸ਼ ਕੀਤੀ।
1 ਜਨਵਰੀ ਨੂੰ ਬਠਿੰਡਾ ਆਈ. ਟੀ. ਆਈ ਅਤੇ ਰਿਜ਼ਨਲ ਸੈਂਟਰ 'ਚ ਪੀ. ਐਸ. ਯੂ. (ਸ਼ਹੀਦ ਰੰਧਾਵਾ) ਵੱਲੋਂ ਵਿਦਿਆਰਥੀਆਂ ਦੀਆਂ ਰੈਲੀਆਂ ਜੱਥੇਬੰਦ ਕੀਤੀਆਂ ਗਈਆਂ। 2 ਫਰਵਰੀ ਨੂੰ ਸੈਂਕੜੇ ਵਿਦਿਆਰਥੀਆਂ ਵੱਲੋਂ ਬਠਿੰਡਾ ਸ਼ਹਿਰ ਦੀਆਂ ਸੜਕਾਂ ਤੇ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਫੌਜੀ ਚੌਂਕ 'ਚ ਆ ਕੇ ਸਮਾਪਤ ਹੋਇਆ ਜਿੱਥੇ ਇੱਕ ਘੰਟਾ ਵਿਦਿਆਰਥੀਣਾਂ ਨੇ ਚੌਂਕ ਦੁਆਲੇ ਮਨੁੱਖੀ ਕੜੀ ਬਣਾ ਕੇ ਰੋਸ ਪ੍ਰਗਟਾਇਆ। ਲੜਕੀਆਂ ਵੱਲੋਂ ਚੱਕੇ ਬੈਨਰਾਂ 'ਤੇ ਬਲਾਤਕਾਰੀ ਪੰਜਿਆਂ ਤੋਂ ਰਾਖੀ ਲਈ ਤੇ ਸਵੈਮਾਣ ਨਾਲ ਜਿਉਣ ਲਈ ਜੱਥੇਬੰਦ ਹੋਣ ਤੇ ਸੰਘਰਸ਼ਾਂ 'ਤੇ ਟੇਕ ਰੱਖਣ ਦਾ ਸੱਦਾ ਦਿੱਤਾ ਗਿਆ ਸੀ। ਇਸ ਮੌਕੇ ਸਭਾ ਦੇ ਵਰਕਰ ਵੀ ਸ਼ਾਮਲ ਹੋਏ। ਇਹ ਮਾਰਚ ਵਾਪਸ ਆਈ. ਟੀ. ਆਈ. ਜਾ ਕੇ ਸਮਾਪਤ ਹੋਇਆ। ਵੱਖ ਵੱਖ ਜਥੇਬੰਦੀਆਂ ਨੇ ਪੰਜਾਬ 'ਚ ਵਧ ਰਹੀ ਗੁੰਡਾਗਰਦੀ ਅਤੇ ਔਰਤਾਂ ਦੀ ਸੁਰੱਖਿਆ ਦੇ ਮੁੱਦੇ 'ਤੇ ਬਠਿੰਡਾ 'ਚ ਕੀਤੇ ਸਾਂਝੇ ਮੁਜ਼ਾਹਰੇ 'ਚ ਸ਼ਮੂਲੀਅਤ ਕੀਤੀ।
ਇਸ ਸਾਰੀ ਸਰਗਰਮੀ ਦੌਰਾਨ ਜਿੱਥੇ ਔਰਤਾਂ ਖਿਲਾਫ਼ ਵਧਦੇ ਜੁਰਮ ਰੋਕਣ ਲਈ ਸਰਕਾਰ 'ਤੇ ਪ੍ਰਸ਼ਾਸਨ ਵੱਲੋਂ ਕਦਮ ਚੁੱਕਣ ਦੀ ਮੰਗ ਕੀਤੀ ਗਈ ਉੱਥੇ ਸਰਕਾਰਾਂ ਨੂੰ ਅਜਿਹੇ ਕਦਮ ਚੁੱਕਣ ਵਾਸਤੇ ਮਜ਼ਬੂਰ ਕਰਨ ਲਈ ਸੰਘਰਸ਼ਾਂ ਦੀ ਮਹੱਤਤਾ ਉਭਾਰੀ ਗਈ ਵਿਸ਼ੇਸ਼ ਕਰਕੇ ਸ਼ਰੂਤੀ ਅਗਵਾ ਕਾਂਡ ਖਿਲਾਫ਼ ਲੋਕ ਸੰਘਰਸ ਦੀ ਅੰਸ਼ਕ ਜਿੱਤ ਦਾ ਤਜ਼ਰਬਾ ਦਰਸਾਇਆ ਗਿਆ। ਲੱਚਰ ਸੱਭਿਆਚਾਰ ਦੇ ਮਾਰੂ ਹਮਲੇ ਦਾ ਟਾਕਰਾ ਕਰਨ ਲਈ ਲੋਕ ਪੱਖੀ ਸਭਿਆਚਾਰਕ ਲਹਿਰ ਉਸਾਰਨ ਦੀ ਲੋੜ ਤੇ ਜ਼ੋਰ ਦਿੱਤਾ ਗਿਆ।  
 (ਨੌਜਵਾਨ ਪੈਂਫਲਟ ਲੜੀ ਨੰ. 5 'ਚੋਂ)

ਜਸਟਿਸ ਵਰਮਾ ਕਮੇਟੀ ਤੇ ਨਵਾਂ ਆਰਡੀਨੈਂਸ


ਜਸਟਿਸ ਵਰਮਾ ਕਮੇਟੀ ਤੇ ਨਵਾਂ ਆਰਡੀਨੈਂਸ
ਦਿੱਲੀ ਬਲਾਤਕਾਰ ਤੇ ਕਤਲ ਕਾਂਡ ਤੋਂ ਬਾਅਦ ਔਰਤਾਂ ਦੀ ਸੁਰੱਖਿਆ ਲਈ ਅਤੇ ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਲਈ ਹੋਰ ਕਾਨੂੰਨ ਬਣਾਉਣ ਦੀ ਮੰਗ ਰੋਸ ਪ੍ਰਦਰਸ਼ਨਾਂ ਰਾਹੀਂ ਜੋਰਦਾਰ ਢੰਗ ਨਾਲ ਉੱਠੀ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਜੇ.ਐਸ.ਵਰਮਾ ਦੀ ਅਗਵਾਈ 'ਚ ਸੁਝਾਅ ਦੇਣ ਲਈ ਤਿੰਨ ਕਾਨੂੰਨੀ ਮਾਹਰਾਂ ਦੀ ਕਮੇਟੀ ਦਾ ਗਠਨ ਕਰ ਦਿੱਤਾ। ਕਮੇਟੀ ਨੇ ਕਾਫ਼ੀ ਫੁਰਤੀ ਵਿਖਾਉਂਦਿਆਂ 29 ਦਿਨਾਂ ਬਾਅਦ 630 ਪੰਨਿਆਂ ਦੀ ਵਿਸਥਾਰੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ। ਵਰਮਾ ਕਮੇਟੀ ਨੇ ਜਿੱਥੇ ਘਟਨਾ ਵਾਪਰਨ ਪਿੱਛੇ ਦਿੱਲੀ ਦੇ ਪੁਲਿਸ ਪ੍ਰਬੰਧਾਂ ਦੀ ਲਾਪ੍ਰਵਾਹੀ ਨੂੰ ਇੱਕ ਅਹਿਮ ਕਾਰਨ ਟਿੱਕਿਆ ਹੈ ਉੱਥੇ ਰੋਸ ਪ੍ਰਗਟਾਉਂਦੇ ਨੌਜਵਾਨਾਂ ਅਤੇ ਲੋਕਾਂ ਦੀ ਆਵਾਜ਼ ਨੂੰ ਹੱਕੀ ਅਤੇ ਵਾਜਬ ਕਿਹਾ ਹੈ। ਕਮੇਟੀ ਨੇ ਔਰਤਾਂ ਖਿਲਾਫ਼ ਅਪਰਾਧਾਂ ਦੀ ਪਰਿਭਾਸ਼ਾ ਨੂੰ ਵਿਸਥਾਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਈ ਸੁਝਾਅ ਦਿੱਤੇ ਹਨ। ਕਮੇਟੀ ਨੂੰ ਪੂਰੇ ਦੇਸ਼ 'ਤੋਂ 80 ਹਜ਼ਾਰ ਦੇ ਲਗਭਗ ਸੁਝਾਅ ਮਿਲੇ ਸਨ, ਪਰ ਕਮਾਲ ਦੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਆਪ ਇੱਕ ਵੀ ਸੁਝਾਅ ਨਹੀਂ ਭੇਜਿਆ। ਨਾ ਹੀ ਕੋਈ ਪੁਲਿਸ ਅਧਿਕਾਰੀ ਸੁਝਾਅ ਲੈ ਕੇ ਕਮੇਟੀ ਸਾਹਮਣੇ ਪੇਸ਼ ਹੋਇਆ ਹੈ। ਹਕੂਮਤ ਦਾ ਇਹ ਰਵੱਈਆ ਹੀ ਸਖ਼ਤ ਕਾਨੂੰਨ ਬਣਾਉਣ ਦੇ ਦਾਅਵਿਆਂ ਦੀ ਪੋਲ ਖੋਲ•ਦਾ ਹੈ।
ਜਸਟਿਸ ਵਰਮਾ ਕਮੇਟੀ ਨੇ ਇੱਕ ਅਹਿਮ ਸੁਝਾਅ ਦਿੰਦਿਆਂ ਕਿਹਾ ਹੈ ਕਿ ਅਫਸਪਾ ਕਾਨੂੰਨ ਵਾਲੇ ਰਾਜਾਂ 'ਚ ਸੁਰੱਖਿਆ ਬਲਾਂ ਵੱਲੋਂ ਕੀਤੇ ਜਾਂਦੇ ਅਪਰਾਧਾਂ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਉਹਨਾਂ 'ਤੇ ਮੁਕੱਦਮੇ ਆਮ ਅਦਾਲਤਾਂ 'ਚ ਚਲਾਏ ਜਾਣੇ ਚਾਹੀਦੇ ਹਨ। ਕਮੇਟੀ ਨੇ ਇਸ ਕਾਨੂੰਨ ਬਾਰੇ ਵੀ ਪੁਨਰ ਵਿਚਾਰ ਕਰਨ ਲਈ ਕਿਹਾ ਹੈ ਤਾਂ ਕਿ ਇਹਦੇ ਰਾਹੀਂ ਹੁੰਦਾ ਔਰਤਾਂ ਦਾ ਸ਼ੋਸ਼ਣ ਰੋਕਿਆ ਜਾਵੇ। ਜ਼ਿਕਰਯੋਗ ਹੈ ਕਿ ਭਾਰਤ ਦੇ ਉੱਤਰ-ਪੂਰਬ ਦੇ ਰਾਜਾਂ ਜਿਵੇਂ ਮਨੀਪੁਰ, ਨਾਗਾਲੈਂਡ ਆਦਿ ਅਤੇ ਜੰਮੂ ਕਸ਼ਮੀਰ 'ਚ ਫੌਜਾਂ ਦਾ ਵਿਸ਼ੇਸ਼ ਅਧਿਕਾਰਾਂ ਸਬੰਧੀ ਕਾਨੂੰਨ ਲਾਗੂ ਕੀਤਾ ਹੋਇਆ ਹੈ। ਹਿ ਕਾਨੂੰਨ ਇਹਨਾਂ ਰਾਜਾਂ 'ਚ ਲੋਕਾਂ ਵੱਲੋਂ ਲੜੇ ਜਾ ਰਹੇ ਹੱਕੀ ਸੰਘਰਸ਼ਾਂ ਨੂੰ ਕੁਚਲਣ ਲਈ ਭਾਰਤੀ ਫੌਜਾਂ ਨੂੰ ਹਰ ਤਰ•ਾਂ ਦਾ ਜਬਰ ਕਰਨ ਦੀਆਂ ਖੁੱਲਾਂ ਬਖਸ਼ਦਾ ਹੈ। ਇਸ ਕਾਨੂੰਨ ਤਹਿਤ ਹੀ ਭਾਰਤੀ ਫੌਜਆਂ ਕੋਲ ਕਿਸੇ ਵੀ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਗੋਲੀ ਮਾਰਨ ਦਾ ਅਧਿਕਾਰ ਹਾਸਲ ਹੈ। ਇਹਨਾਂ ਰਾਜਾਂ 'ਚ ਭਾਰਤੀ ਸੁਰੱਖਿਆ ਬਲਾਂ, ਨੀਮ ਫੌਜੀ ਬਲਾਂ ਵੱਲੋਂ ਔਰਤਾਂ ਨਾਲ ਬਲਾਤਕਾਰ ਕਰਨ ਦੀਆਂ ਘਟਨਾਵਾਂ ਦੀ ਲੰਮੀ ਲੜੀ ਹੈ। ਔਰਤਾਂ ਨੂੰ ਜਬਰੀ ਅਗਵਾ ਕਰਨਾ, ਘਰਾਂ 'ਚ ਘੁਸ ਕੇ ਸ਼ਰੇਆਮ ਬਲਾਤਕਾਰ ਕਰਨਾ ਤੇ ਕਤਲ ਕਰ ਦੇਣਾ ਭਾਰਤੀ ਫੌਜੀਆਂ ਲਈ ਸਧਾਰਨ ਗੱਲ ਬਣ ਚੁੱਕੀ ਹੈ। ਪਰ ਅਫਸਪਾ ਕਾਨੂੰਨ ਅਨੁਸਾਰ ਇਹਨਾਂ ਦੋਸ਼ੀਆਂ ਖਿਲਾਫ਼ ਮੁਕੱਦਮੇ ਆਮ ਅਦਾਲਤਾਂ 'ਚ ਨਹੀਂ ਚਲਾਏ ਜਾ ਸਕਦੇ। ਸਗੋਂ ਇਹਦੇ ਲਈ ਫੌਜੀ ਅਫਸਰਾਂ ਤੋਂ ਵਿਸ਼ੇਸ਼ ਮਨਜੂਰੀ ਲੈਣੀ ਪੈਂਦੀ ਹੈ। ਇਹ ਮਨਜ਼ੂਰੀ ਕਦੇ ਵੀ ਨਹੀਂ ਮਿਲਦੀ। ਅਜਿਹਾ ਵਿਹਾਰ ਵੀ ਭਾਰਤੀ ਫੌਜਾਂ ਵੱਲੋਂ ਮੱਧ ਭਾਰਤ ਦੇ ਜੰਗਲਾਂ 'ਚ ਸੰਘਰਸ਼ ਕਰਦੇ ਆਦਿਵਾਸੀਆਂ ਨਾਲ ਕੀਤਾ ਜਾਂਦਾ ਹੈ। ਜਿੱਥੇ ਆਦਿਵਾਸੀ ਔਰਤਾਂ ਜਬਰ ਜਿਨਾਹ ਦਾ ਸ਼ਿਕਾਰ ਬਣਦੀਆਂ ਹਨ। ਪੁਲਿਸ ਤੇ ਫੌਜੀ ਅਧਿਕਾਰੀ ਬਿਨਾਂ ਕਿਸੇ ਕਾਨੂਨੀ ਕਾਰਵਾਈ ਦਾ ਸਾਹਮਣਾ ਕਰਦਿਆਂ ਸ਼ਰੇਆਮ ਜਬਰ ਢਾਹੁੰਦੇ ਹਨ। ਉਂਝ ਵੀ ਜੇਕਰ ਦੇਖਣਾ ਹੋਵੇ ਤਾਂ ਮੁਲਕ ਭਰ 'ਚ ਬਲਾਤਕਾਰ ਮਾਮਲਿਆਂ ਦੀ ਵੱਡੀ ਗਿਣਤੀ ਉੱਥੇ ਹੈ ਫੌਜਾਂ ਤੇ ਪੁਲਿਸ ਲੋਕਾਂ ਦੇ ਹੱਕਾਂ ਸੰਘਰਸ਼ਾਂ ਨੂੰ ਕੁਚਲਣ ਲਈ ਮੁਹਿੰਮਾਂ ਚਲਾ ਰਹੇ ਹਨ। ਸੰਘਰਸ਼ ਕਰਦੇ ਲੋਕਾਂ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਔਰਤਾਂ ਨੂੰ ਵਿਸ਼ੇਸ਼ ਤੌਰ 'ਤੇ ਜਬਰ ਜਿਨਾਹ ਦਾ ਨਿਸ਼ਾਨਾ ਬਣਾਉਂਦੇ ਹਨ।
ਵਰਮਾ ਕਮੇਟੀ ਨੇ ਇੱਕ ਹੋਰ ਅਹਿਮ ਸੁਝਾਅ ਦਿੰਦਿਆਂ ਕਿਹਾ ਕਿ ਜਿੰਨ•ਾਂ ਸਿਆਸਤਦਾਨਾਂ 'ਤੇ ਫੌਜਦਾਰੀ ਮੁਕੱਦਮੇ ਚੱਲ ਰਹੇ ਹੋਣ ਉਹਨਾਂ ਨੂੰ ਚੋਣ ਪ੍ਰਕਿਰਿਆ ਲਈ ਅਯੋਗ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਸੁਝਾਅ ਦਿੱਤਾ ਕਿ ਦੇਸ਼ ਦੀਆਂ ਅਸੰਬਲੀਆਂ ਤੇ ਪਾਰਲੀਮੈਂਟਾਂ 'ਚ ਮੌਜੂਦ ਉਹਨਾਂ ਸਭਨਾਂ ਨੂੰ ਤੁਰੰਤ ਅਸਤੀਫ਼ੇ ਦੇਣੇ ਚਾਹੀਦੇ ਹਨ ਜਿਹੜੇ ਵੱਖ-ਵੱਖ ਫੌਜਦਾਰੀ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਸਿਆਸਤਦਾਨਾਂ ਦੀ ਰਾਜਾਂ ਦੀਆਂ ਅਸੰਬਲੀਆਂ ਤੇ ਪਾਰਲੀਮੈਂਟਾਂ 'ਚ 17% ਗਿਣਤੀ ਬਣਦੀ ਹੈ ਤੇ ਲਗਭਗ ਸਭਨਾਂ ਸਿਆਸੀ ਪਾਰਟੀਆਂ 'ਚ ਹੀ ਅਜਿਹੇ ਅਪਰਾਧਈ ਸਿਆਸਤਦਾਨ ਸ਼ਾਮਲ ਹਨ। ਕਮੇਟੀ ਨੇ ਇਹਨਾਂ ਕੇਸਾਂ 'ਚ ਲਾਪ੍ਰਵਾਹੀ ਵਰਤਣ ਵਾਲੇ ਪੁਲਿਸ ਅਫਸਰਾਂ ਲਈ ਵੀ ਸਜਾਵਾਂ ਦੀ ਸਿਫਾਰਸ਼ ਕੀਤੀ ਹੈ। ਖਾਪ ਪੰਚਾਇਤਾਂ ਨੂੰ ਗੈਰ ਕਾਨੂੰਨੀ ਐਲਾਨਣ, ਪਾਬੰਦੀ ਲਾਉਣ ਤੇ ਕਾਰਵਾਈ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਇਹਨਾਂ ਤੋਂ ਇਲਾਵਾ ਕਮੇਟੀ ਨੇ ਹੋਰ ਵੀ ਕੀ ਸੁਝਾਅ ਦਿੱਤੇ ਹਨ ਜਿਹਨਾਂ 'ਚ ਔਰਤਾਂ ਦਾ ਪਿੱਛਾ ਕਰਨਾ, ਤੇਜ਼ਾਬ ਸੁਟਣਾ, ਮਾੜੀ ਨਿਗ•ਾ ਨਾਲ ਦੇਖਣਾ ਤੇ ਗਲਤ ਢੰਗ ਨਾਲ ਛੁਹਣ ਦੇ ਮਾਮਲਿਆਂ 'ਚ ਸਜ਼ਾ ਵਧਾਉਣ ਦੀ ਵਿਵਸਥਾ ਦੀ ਗੱਲ ਕੀਤੀ ਹੈ।
ਕੇਂਦਰੀ ਮੰਤਰੀ ਮੰਡਲ ਨੇ ਇਹਨਾਂ ਸਿਫਾਰਸ਼ਾਂ ਦੇ ਆਧਾਰ 'ਤੇ ਅਪਰਾਧਿਕ ਕਾਨੂੰਨ (ਸੋਧ) ਆਰਡੀਨੈਂਸ ਨੂੰ ਰਾਸ਼ਟਰਪਤੀ ਕੋਲ ਭੇਜਿਆ ਜਿਸਨੂੰ ਰਾਸ਼ਟਰਪਤੀ ਨੇ ਮਨਜ਼ੂਰੀ ਦੇ ਦਿੱਤੀ ਹੈ। ਪਰ ਸਰਕਾਰ ਨੇ ਕਈ ਅਹਿਮ ਸੁਝਾਅ ਛੱਡ ਦਿੱਤੇ ਹਨ ਤੇ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਦਰ-ਕਿਨਾਰ ਕਰ ਦਿੱਤਾ ਹੈ। ਕਈ ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਉਹੀ ਕੁੱਝ ਨਵਾਂ ਜੋੜਿਆ ਗਿਆ ਹੈ ਜੋ ਸਰਕਾਰ ਪਹਿਲਾਂ ਹੀ ਫੌਜਦਾਰੀ ਕਾਨੂੰਨਾਂ 'ਚ ਕੁੱਝ ਸੋਧਾਂ ਕਰਨ ਦਾ ਇਰਾਦਾ ਰੱਖਦੀ ਸੀ। ਸਰਕਾਰ ਨੇ ਅਫਸਪਾ ਕਾਨੂੰਨ ਤੇ ਚੋਣ ਸੁਧਾਰਾਂ ਸਬੰਧੀ ਦੋਨੋਂ ਅਹਿਮ ਸੁਝਾਅ ਛੱਡ ਦਿੱਤੇ ਹਨ। ਦੋਸ਼ੀ ਬਣਦੇ ਪੁਲਸ ਅਧਿਕਾਰੀਆਂ ਦਾ ਵੀ ਬਚਾਅ ਕਰਨ ਦਾ ਯਤਨ ਕੀਤਾ ਗਿਆ ਹੈ। ਇਉਂ ਸਰਕਾਰ ਨੇ ਫੌਜ, ਪੁਲਿਸ ਅਧਿਕਾਰੀਆਂ ਤੇ ਸਿਆਸਤਦਾਨਾਂ ਨੂੰ ਸਿੱਧੇ ਰੂਪ 'ਚ ਇਸ ਕਾਨੂੰਨ ਤੋਂ ਬਾਹਰ ਰੱਖ ਲਿਆ ਹੈ। ਨਵੇਂ ਆਰਡੀਨੈਂਸ ਖਿਲਾਫ਼ ਮੁਲਕ ਭਰ ਦੀਆਂ ਔਰਤ ਜੱਥੇਬੰਦੀਆਂ ਨੇ ਜ਼ੋਰਦਾਰ ਆਵਾਜ਼ ਉਠਾਉਂਦਿਆਂ ਇਸਨੂੰ ਵਰਮਾ ਕਮੇਟੀ ਸਿਫਾਰਸ਼ਾਂ ਤੋਂ ਕੋਹਾਂ ਦੂਰ ਕਿਹਾ ਹੈ ਤੇ ਸਰਕਾਰੀ ਮਨਸ਼ਿਆਂ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਉੱਘੇ ਪੱਤਰਕਾਰ ਸ਼੍ਰੀ ਕੁਲਦੀਪ ਨਈਅਰ ਨੇ ਟਿੱਪਣੀ ਕੀਤੀ ਹੈ ਕਿ ਸਭ ਤੋਂ ਅਹਿਮ ਗੱਲ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਭਰੋਸੇਯੋਗਤਾ ਬਣਦੀ ਹੈ। ਪਰ ਇਹਨਾਂ ਦੋਹਾਂ ਨੂੰ ਹੀ ਸਰਕਾਰ ਨੇ ਫਿਰ ਖੁੱਲ•ੇ ਛੱਡ ਦਿੱਤਾ ਹੈ। ਰਾਜਿੰਦਰ ਸੱਚਰ (ਸੇਵਾ ਮੁਕਤ ਜੱਜ) ਨੇ ਕਿਹਾ ਹੈ ਕਿ ਸਭ ਤੋਂ ਅਹਿਮ ਸੁਝਾਅ ਸਾਡੇ ਸਿਆਸਤਦਾਨਾਂ ਨੂੰ ਪਸੰਦ ਨਹੀਂ ਆਏ ਜਦਕਿ ਜ਼ਰੂਰਤ ਹੈ ਕਿ ਸਾਰੇ ਸੁਝਾਅ ਤੇਜ਼ੀ ਨਾਲ ਲਾਗੂ ਕੀਤੇ ਜਾਣ। 
ਅਜਿਹੀ ਸਥਿਤੀ 'ਚ ਵਰਮਾ ਕਮੇਟੀ ਦੀ ਆਪਣੀ ਟਿੱਪਣੀ 'ਤੇ ਹੀ ਗੌਰ ਕਰਨ ਦੀ ਜ਼ਰੂਰਤ ਹੈ ਜੀਹਦੇ 'ਚ ਉਹਨਾਂ ਕਿਹਾ ਕਿ ਜਿੱਥੇ ਅਸੰਬਲੀਆਂ 'ਚ ਬੈਠੇ ਵਿਅਕਤੀ ਹੀ ਫੌਜਦਾਰੀ ਕੇਸਾਂ ਦਾ ਸਾਹਮਣਾ ਕਰ ਰਹੇ ਹੋਣ, ਉੱਥੋਂ ਭਲਾਂ ਸਖ਼ਤ ਸਜ਼ਾਵਾਂ ਵਾਲੇ ਕਾਨੂੰਨ ਬਣਾਉਣ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ। ਕਮੇਟੀ ਦਾ ਕਹਿਣਾ ਹੈ ਕਿ ਕਾਨੂੰਨ ਤਾਂ ਪਹਿਲਾਂ ਵੀ ਮੌਜੂਦ ਹਨ ਪਰ ਮਸਲਾ ਤਾਂ ਇਹਨਾਂ ਨੂੰ ਲਾਗੂ ਕਰਨ ਵਾਲੀ ਅਫਸਰਸ਼ਾਹੀ ਤੇ ਸਿਆਸਤਦਾਨਾਂ ਦੇ ਇਰਾਦੇ ਹਨ ਜਿੱਥੋਂ ਸਮੱਸਿਆ ਪੈਦਾ ਹੁੰਦੀ ਹੈ।
(ਨੌਜਵਾਨ ਪੈਂਫਲਟ ਲੜੀ ਨੰ. 5 'ਚੋਂ)



Wednesday, 6 March 2013

Struggle on Women Question - Naujwan 5


ਔਰਤਾਂ ਦੀ ਸੁਰੱਖਿਆ ਦੇ ਮੁੱਦੇ 'ਤੇ ਸੰਘਰਸ਼

ਸਾਡੇ ਦੇਸ਼ 'ਚ ਔਰਤਾਂ ਸੁਰੱਖਿਅਤ ਨਹੀਂ ਹਨ। ਫਰੀਦਕੋਟ 'ਚ ਵਾਪਰੇ ਸ਼ਰੂਤੀ ਅਗਵਾ ਕਾਂਡ ਨਾਲ ਜੁੜਕੇ ਇਹ ਚਰਚਾ ਪੰਜਾਬ 'ਚ ਪਹਿਲਾਂ ਹੀ ਭਖੀ ਹੋਈ ਸੀ। ਦਿਨ ਦਿਹਾੜੇ ਵਾਪਰੀ ਨੰਗੀ ਚਿੱਟੀ ਧੱਕੇਸ਼ਾਹੀ ਨੇ ਪੰਜਾਬ ਦੇ ਲੋਕਾਂ ਦੇ ਮਨਾਂ ਅੰਦਰ ਔਰਤਾਂ ਲਈ ਅਸੁਰੱਖਿਅਤ ਹੋ ਰਹੇ ਹਾਲਾਤਾਂ ਬਾਰੇ ਗੰਭੀਰ ਸਰੋਕਾਰ ਜਗਾ ਦਿੱਤੇ ਸਨ। ਇਸ ਦੌਰਾਨ 16 ਦਸੰਬਰ ਨੂੰ ਰਾਜਧਾਨੀ 'ਚ ਵਾਪਰੀ ਬਲਾਤਕਾਰ ਅਤੇ ਕਤਲ ਦੀ ਹੌਲ਼ਨਾਕ ਘਟਨਾ ਨੇ ਮੁਲਕ ਭਰ 'ਚ ਹੀ ਔਰਤਾਂ ਤੇ ਹੁੰਦੇ ਜਬਰ ਜਿਨਾਹ ਦਾ ਮਸਲਾ ਹੋਰ ਜ਼ੋਰ ਨਾਲ ਉਭਾਰ ਕੇ ਸਾਹਮਣੇ ਲਿਆਂਦਾ। ਪਹਿਲਾਂ ਵੀ ਲੋਕਾਂ ਲਈ ਚਿੰਤਾ ਜਗਾਉਂਦਾ ਆ ਰਿਹਾ ਇਹ ਮਸਲਾ 16 ਤਰੀਕ ਤੋਂ ਬਾਅਦ ਸਿਰਫ਼ ਫਿਕਰ ਹੀ ਨਾ ਰਿਹਾ ਸਗੋਂ ਲੋਕਾਂ ਦੇ ਵੱਖ-ਵੱਖ ਹਿੱਸੇ ਹਰਕਤਸ਼ੀਲ ਵੀ ਹੋਏ। ਦਿਨੋਂ ਦਿਨ ਵਧ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਨੱਥ ਪਾਉਣ ਦੀ ਜ਼ੋਰਦਾਰ ਮੰਗ ਉੱਠੀ। ਮੁਲਕ ਦੀ ਰਾਜਧਾਨੀ ਸੰਘਰਸ਼ ਦਾ ਅਖਾੜਾ ਬਣ ਗਈ। ਦੇਸ਼ ਭਰ 'ਚ ਰੋਸ ਪ੍ਰਦਰਸ਼ਨਾਂ ਦੀ ਲੜੀ ਚੱਲੀ। ਵੱਖ-ਵੱਖ ਤਰ•ਾਂ ਦੀਆਂ ਮੰਗਾਂ ਉੱਭਰੀਆਂ। ਸਬੰਧਤ ਘਟਨਾ ਦੇ ਦੋਸ਼ੀਆਂ ਨੂੰ ਫਾਹੇ ਲਾਉਣ ਦੀ ਫੌਰੀ ਮੰਗ ਤੋਂ ਲੈ ਕੇ ਔਰਤਾਂ ਦੀ ਸੁਰੱਖਿਆ ਦੀ ਜ਼ਾਮਨੀ, ਸਮਾਜ 'ਚ ਔਰਤਾਂ ਦੇ ਮਾਣ ਸਨਮਾਨ ਤੇ ਅਧਿਕਾਰਾਂ ਵਰਗੇ ਬੁਨਿਆਦੀ ਮਸਲੇ ਵੀ ਚਰਚਾ 'ਚ ਆਏ। ਇਹ ਚਰਚਾ ਲਗਾਤਾਰ ਜਾਰੀ ਹੈ।
ਔਰਤਾਂ ਨਾਲ ਬਲਾਤਕਾਰ ਤੇ ਛੇੜਛਾੜ ਦੀਆਂ ਘਟਨਾਵਾਂ ਦੇ ਲੰਮੇ ਅਮਲ 'ਚੋਂ ਆਮ ਲੋਕਾਂ ਅੰਦਰ ਇਹ ਅਹਿਸਾਸ ਦਿਨੋਂ ਦਿਨ ਡੂੰਘਾ ਹੋ ਰਿਹਾ ਹੈ ਕਿ ਦੇਸ਼ ਦਾ ਅਦਾਲਤੀ-ਪ੍ਰਸ਼ਾਸਨਿਕ ਪ੍ਰਬੰਧ ਇਨਸਾਫ਼ ਨਹੀਂ ਦੇ ਰਿਹਾ। ਨਿਆਂ ਤੇ ਪ੍ਰਸ਼ਾਸਕੀ ਪ੍ਰਣਾਲੀ ਦਾ ਜਲੂਸ ਨਿਕਲਿਆ ਪਿਆ ਹੈ। ਬਲਾਤਕਾਰ ਦੇ ਕੇਸਾਂ ਦਾ ਅਮਲ ਪੀੜਤ ਔਰਤ ਲਈ ਲੋਹੜੇ ਦੇ ਮਾਨਸਿਕ ਕਸ਼ਟ ਵਾਲਾ ਹੈ ਕਿ ਛੇਤੀ ਕੋਈ ਕੇਸ ਲੈ ਕੇ ਥਾਣੇ ਹੀ ਨਹੀਂ ਪਹੁੰਚਦਾ। ਜਿੱਥੇ ਕੇਸ ਦਰਜ ਵੀ ਹੁੰਦੇ ਹਨ, ਸਿਆਸੀ ਤੇ ਅਫ਼ਸਰਸ਼ਾਹੀ ਪਹੁੰਚ ਦੇ ਜ਼ੋਰ ਦੋਸ਼ੀ ਸ਼ਰੇਆਮ ਬਚ ਨਿਕਲਦੇ ਹਨ। ਅਜਿਹੇ ਕੇਸਾਂ 'ਚ ਦੋਸ਼ੀਆਂ ਨੂੰ ਸਜ਼ਾ ਦੀ ਦਰ ਲਗਾਤਾਰ ਘਟ ਰਹੀ ਹੈ। ਇਸ ਤਿੱਖੇ ਹੋ ਰਹੇ ਅਹਿਸਾਸ ਦਾ ਸਿੱਟਾ ਹੈ ਕਿ ਲੋਕ ਹਰਕਤ 'ਚ ਆਏ। ਕਾਨੂੰਨਾਂ ਨੂੰ ਹੋਰ ਸਖ਼ਤ ਕਰਨ ਅਤੇ ਲਾਗੂ ਕਰਨ ਦੀ ਮੰਗ ਉੱਠੀ। ਔਰਤਾਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕਣ ਦੀ ਮੰਗ ਉੱਚੀ ਹੋਈ। ਆਪਣੇ ਕਿਰਦਾਰ ਅਨੁਸਾਰ ਹੀ ਹਕੂਮਤ ਲੋਕਾਂ ਦਾ ਹੱਕੀ ਤੇ ਵਾਜਬ ਰੋਸ ਸੁਣਨ ਸਮਝਣ ਦੀ ਬਜਾਏ ਜਬਰ 'ਤੇ ਉੱਤਰ ਆਈ। ਲੋਕ ਰੋਹ ਨੂੰ ਦਬਾਉਣ ਲਈ ਲਾਠੀਚਾਰਜ, ਅੱਥਰੂ ਗੈਸ ਤੇ ਪਾਣੀ ਦੀਆਂ ਬੁਛਾੜਾਂ ਦੀ ਖੁੱਲ• ਕੇ ਵਰਤੋਂ ਕੀਤੀ। ਪਰ ਲੋਕਾਂ ਖਾਸ ਕਰ ਨੌਜਵਾਨਾਂ ਵਿਦਿਆਰਥੀਆਂ ਨੂੰ ਜਦੋਂ ਦਬਾਇਆ ਨਾ ਜਾ ਸਕਿਆ, ਜਬਰ ਕਰ ਕੇ ਖਿੰਡਾਇਆ ਨਾ ਜਾ ਸਕਿਆ ਤਾਂ ਆਖਰ ਸਰਕਾਰ ਨੂੰ ਕੁੱਝ ਕਦਮ ਲੈਣ ਦਾ ਐਲਾਨ ਕਰਨ ਪਿਆ। ਸਰਕਾਰ ਨੇ ਫਾਸਟ ਟਰੈਕ ਅਦਾਲਤਾਂ ਬਣਾਉਣ ਦੇ ਐਲਾਨ ਕੀਤੇ। ਹੋਰ ਕਾਨੂੰਨੀ ਸੁਝਾਵਾਂ ਲਈ ਜਸਟਿਸ ਵਰਮਾ ਕਮੇਟੀ ਦਾ ਗਠਨ ਕੀਤਾ। ਕਮੇਟੀ ਦੀਆਂ ਕੁੱਝ ਸਿਫਾਰਸ਼ਾਂ ਪ੍ਰਵਾਨ ਕਰਕੇ ਅਤੇ ਕੇਸ ਦੀ ਰੋਜ਼ਾਨਾ ਸੁਣਵਾਈ ਕਰਕੇ ਸਰਕਾਰ ਨੇ ਲੋਕ ਰੋਹ 'ਤੇ ਠੰਢਾ ਛਿੜਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਇਹ ਸਾਰੇ ਕਦਮ ਸਰਕਾਰ ਨੇ ਲੋਕਾਂ ਦੇ ਦਬਾਅ ਮੂਹਰੇ ਮਜਬੂਰੀ ਵੱਸ ਲਏ ਪਰ ਨਾਲ ਹੀ ਸਰਕਾਰ ਨੇ ਮਸਲੇ ਨੂੰ ਮਹਿਜ਼ ਕਾਨੂੰਨੀ ਸਮੱਸਿਆ ਵਜੋਂ ਹੀ ਪੇਸ਼ ਕਰਨ 'ਤੇ ਜ਼ੋਰ ਲਾਇਆ ਹੈ। ਪਰ ਮਸਲਾ ਸਿਰਫ਼ ਸਖ਼ਤ ਕਾਨੂੰਨਾਂ ਜਾਂ ਸਜ਼ਾਵਾਂ ਨਾਲ ਹੀ ਹੱਲ ਹੋਣ ਵਾਲਾ ਨਹੀਂ ਹੈ। ਬੇਸ਼ੱਕ ਇਹ ਅਹਿਮ ਗੱਲ ਹੈ ਕਿ ਕਾਨੂੰਨ ਹੋਰ ਸਖ਼ਤ ਹੋਣੇ ਚਾਹੀਦੇ ਹਨ ਪਰ ਨਾਲ ਹੀ ਮਸਲਾ ਇਹ ਹੈ ਕਿ ਕਾਨੂੰਨ ਲਾਗੂ ਵੀ ਹੋਣੇ ਚਾਹੀਦੇ ਹਨ। ਕਿਉਂਕਿ ਕਈ ਕਾਨੂੰਨ ਪਹਿਲਾਂ ਵੀ ਮੌਜੂਦ ਹਨ। ਅਪਰਾਧੀਆਂ ਦੀ ਪਾਲਣਾ ਪੋਸ਼ਣਾ ਕਰਦੇ ਪੁਲਿਸ ਅਧਿਕਾਰੀਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਮੌਕਾਪ੍ਰਸਤ ਸਿਆਸਤਦਾਨਾਂ ਅਤੇ ਪਾਰਟੀਆਂ ਦੀ ਸਾਰ ਲਈ ਜਾਣੀ ਚਾਹੀਦੀ ਹੈ। ਇਨਸਾਫ਼ ਹਾਸਲ ਕਰਨ ਦਾ ਰਾਹ ਸ਼ਰੂਤੀ ਅਗਵਾ ਕਾਂਡ ਖਿਲਾਫ਼ ਲੜੇ ਸੰਘਰਸ਼ਾਂ ਦੇ ਤਜ਼ਰਬਿਆਂ 'ਚੋਂ ਲੱਭਿਆ ਜਾਣਾ ਚਾਹੀਦਾ ਹੈ। ਮਹਿਲ ਕਲਾਂ 'ਚ ਲੜੇ ਗਏ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਸੰਘਰਸ਼ ਦੇ ਸਬਕ ਚਿਤਾਰੇ ਜਾਣੇ ਚਾਹੀਦੇ ਹਨ।
ਸਮਾਜ ਅੰਦਰ ਔਰਤਾਂ ਦੀ ਸੁਰੱਖਿਆ ਤੇ ਮਾਣ ਸਨਮਾਨ ਭਰਿਆ ਜੀਵਨ ਤੈਅ ਕਰਨ ਵਾਸਤੇ ਲਾਜ਼ਮੀ ਹੈ ਅਜਿਹੇ ਅਪਰਾਧਾਂ ਦੀ ਜੰਮਣ ਭੋਂਇ ਬਣਦੀਆਂ ਔਰਤ ਵਿਰੋਧੀ ਰਵਾਇਤੀ ਸਮਾਜਿਕ ਧਾਰਨਾਵਾਂ ਨੂੰ ਵੀ ਚੁਣੌਤੀ ਦਿੱਤੀ ਜਾਵੇ। ਮਰਦ ਪ੍ਰਧਾਨ ਸਮਾਜਿਕ ਆਰਥਿਕ ਪ੍ਰਬੰਧ 'ਚ ਔਰਤ ਦੀ ਨੀਵੀਂ ਸਥਿਤੀ ਦਾ ਖਾਤਮਾ ਕੀਤੇ ਬਿਨਾਂ, ਔਰਤਾਂ ਨੂੰ ਸੁਰੱਖਿਆ ਤੇ ਮਾਣ ਇੱਜ਼ਤ ਭਰੀ ਜ਼ਿੰਦਗੀ ਨਸੀਬ ਨਹੀਂ ਹੋ ਸਕਦੀ। ਔਰਤਾਂ ਦੀ ਬਰਾਬਰੀ ਤੇ ਪੁੱਗਤ ਵਾਲੇ ਸਮਾਜ 'ਚ ਹੀ ਅਜਿਹੇ ਅਪਰਾਧਾਂ ਦਾ ਖਾਤਮਾ ਸੰਭਵ ਹੈ। ਅਜਿਹੇ ਸਮਾਜ ਦੀ ਉਸਾਰੀ ਲਈ ਯਤਨਸ਼ੀਲ ਤਾਕਤਾਂ ਨਾਲ ਜੁੜ ਕੇ ਨੌਜਵਾਨਾਂ ਨੂੰ ਆਪਣੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ।
ਅਗਲੇ ਪੰਨਿਆਂ 'ਤੇ ਇਸ ਮਸਲੇ ਦੇ ਕੁੱਝ ਪੱਖਾਂ ਬਾਰੇ ਚਰਚਾ ਕਰਦੀਆਂ ਕੁੱਝ ਲਿਖਤਾਂ ਪੇਸ਼ ਕਰ ਰਹੇ ਹਾਂ।
(ਨੌਜਵਾਨ ਪੈਂਫਲਟ ਲੜੀ ਨੰ. 5 'ਚੋਂ)

ਨੌਜਵਾਨ ਪ੍ਰਤੀਕਰਮ

ਨੌਜਵਾਨ ਲਹਿਰ ਦੀਆਂ ਰੌਸ਼ਨ ਸੰਭਾਵਨਾਵਾਂ ਵੱਲ ਸੰਕੇਤ

ਦੇਸ਼ ਭਰ 'ਚ ਔਰਤਾਂ ਨਾਲ ਵਾਪਰ ਰਹੀਆਂ ਬਲਾਤਕਾਰ ਅਤੇ ਛੇੜਛਾੜ ਦੀਆਂ ਘਟਨਾਵਾਂ ਖਿਲਾਫ਼ ਉੱਠੀ ਆਵਾਜ਼ 'ਚ ਨੌਜਵਾਨਾਂ-ਵਿਦਿਆਰਥੀਆਂ ਦੀ ਭਰਵੀਂ ਸ਼ਮੂਲੀਅਤ ਰਹੀ ਹੈ। 16 ਦਸੰਬਰ ਦੀ ਘਟਨਾ ਤੋਂ ਬਾਅਦ, ਦੇਸ਼ ਦੀ ਰਾਜਧਾਨੀ 'ਚ ਅਤੇ ਫਿਰ ਦੇਸ਼ ਦੇ ਵੱਖ-ਵੱਖ ਖੇਤਰਾਂ 'ਚ ਸੜਕਾਂ 'ਤੇ ਨਿੱਤਰਦੇ ਲੋਕ ਸਮੂਹਾਂ 'ਚ ਵੱਡੀ ਗਿਣਤੀ ਨੌਜਵਾਨ ਅਤੇ ਵਿਦਿਆਰਥੀ ਮੋਹਰੀ ਰਹੇ ਹਨ। ਦਿੱਲੀ ਦੀਆਂ ਸੜਕਾਂ 'ਤੇ ਅਤਿ ਠੰਢੀਆਂ ਰਾਤਾਂ 'ਚ ਵੀ ਵਿਦਿਆਰਥੀਆਂ ਅਤੇ ਨੌਜਵਾਨਾਂ ਦੀਆਂ ਜ਼ੋਰਦਾਰ ਰੋਸ ਭਾਵਨਾਵਾਂ ਨੇ ਮੁਲਕ ਦੇ ਸਭਨਾਂ ਲੋਕਾਂ ਦਾ ਧਿਆਨ ਖਿੱਚਿਆ ਹੈ। ਦਿੱਲੀ ਦੇ ਕਾਲਜਾਂ, ਯੂਨੀਵਰਸਿਟੀਆਂ 'ਚੋਂ ਨਿਕਲੇ ਮੁੰਡੇ ਕੁੜੀਆਂ ਦਾ ਰੋਸ ਰਾਸ਼ਟਰਪਤੀ ਭਵਨ ਵੱਲ ਸੇਧਤ ਹੋਇਆ ਹੈ। ਸਰਕਾਰ ਅਤੇ ਦਿੱਲੀ ਪੁਲਿਸ ਦੇ ਲਾਠੀਚਾਰਜਾਂ ਦਾ ਇਹਨਾਂ ਨੌਜਵਾਨਾਂ ਨੇ ਬਹਾਦਰੀ ਨਾਲ ਸਾਹਮਣਾ ਕੀਤਾ ਹੈ। ਪੁਲਿਸ ਨਾਲ ਟੱਕਰਾਂ ਲਈਆਂ ਹਨ, ਸਰਦ ਰਾਤਾਂ 'ਚ ਠੰਢੇ ਪਾਣੀ ਨਾਲ ਭਿੱਜ ਕੇ ਵੀ, ਡਾਂਗਾਂ ਖਾ ਕੇ ਵੀ ਮੈਦਾਨ ਨਹੀਂ ਛੱਡਿਆ, ਖਦੇੜੇ ਨਹੀਂ ਜਾ ਸਕੇ, ਵਾਰ-ਵਾਰ ਇਕੱਠੇ ਹੁੰਦੇ ਰਹੇ। ਸਿਰਫ਼ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਤੋਂ ਅਗਾਂਹ ਦੇਸ਼ ਭਰ 'ਚ ਔਰਤਾਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਲਈ ਆਵਾਜ਼ ਉੱਠੀ ਹੈ। ਇਸ ਆਪ ਮੁਹਾਰੀ ਰੋਸ ਲਹਿਰ 'ਚ ਬਹੁਤ ਛੋਟਾ ਹਿੱਸਾ ਹੀ ਵਿਦਿਆਰਥੀ-ਨੌਜਵਾਨ ਜੱਥੇਬੰਦੀਆਂ ਦੀ ਅਗਵਾਈ ਹੇਠ ਸੀ, ਵੱਡਾ ਹਿੱਸਾ ਗੈਰ-ਜੱਥੇਬੰਦ ਵਿਸ਼ਾਲ ਵਿਦਿਆਰਥੀ ਸਮੂਹ ਹੀ ਸਨ ਜਿਹੜੇ ਵੱਖ-ਵੱਖ ਗਰੁੱਪਾਂ 'ਚ ਆਉਂਦੇ ਰਹੇ, ਵੱਖ-ਵੱਖ ਢੰਗਾਂ ਨਾਲ ਰੋਸ ਪ੍ਰਗਟਾਉਂਦੇ ਰਹੇ। ਰਾਸ਼ਟਰਪਤੀ ਭਵਨ ਤੱਕ ਪਹੁੰਚਣ ਦੀਆਂ ਜੋਸ਼ੀਲੀਆਂ ਸ਼ਕਲਾਂ ਤੋਂ ਲੈ ਕੇ ਮੌਨ ਮਾਰਚ ਕਰਨ ਤੇ ਵੱਖ-ਵੱਖ ਤਰ•ਾਂ ਦੇ ਬੈਨਰ ਲੈ ਕੇ ਖੜ• ਜਾਣ ਤੱਕ ਦੇ ਢੰਗਾਂ ਰਾਹੀਂ ਆਵਾਜ਼ ਉਠਾਈ ਗਈ। ਪਰ ਇਹਨਾਂ ਸਭਨਾਂ ਨੌਜਵਾਨਾਂ ਦਾ ਰੋਸ, ਗੁੱਸਾ ਸਾਂਝੇ ਤੌਰ 'ਤੇ ਹਕੂਮਤ ਦੇ ਮਾੜੇ ਪੁਲਿਸ ਪ੍ਰਬੰਧਾਂ ਅਤੇ ਔਰਤਾਂ ਦੀ ਅਜਿਹੀ ਹਾਲਤ ਲਈ ਜਿੰਮੇਵਾਰ ਸਰਕਾਰ ਖਿਲਾਫ਼ ਸੇਧਤ ਸੀ। ਇਸ ਰੋਸ ਲਹਿਰ ਨੂੰ ਕੇਂਦਰ ਸਰਕਾਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੀਆਂ ਭੜਕਾਊ ਕਾਰਵਾਈਆਂ ਗਰਦਾਨਣ ਦੀਆਂ ਕੋਸ਼ਿਸ਼ਾਂ ਸਫ਼ਲ ਨਹੀਂ ਹੋਈਆਂ। ਨੌਜਵਾਨਾਂ ਦੀ ਦ੍ਰਿੜਤਾ ਨੇ ਸਰਕਾਰ ਦੇ ਕੂੜ ਪ੍ਰਚਾਰ ਦੀ ਫੂਕ ਕੱਢ ਦਿੱਤੀ ਹੈ। ਵਰਮਾ ਕਮੇਟੀ ਨੂੰ ਕਹਿਣਾ ਪਿਆ ਕਿ ਨੌਜਵਾਨਾਂ ਦਾ ਗੁੱਸਾ ਹੱਕੀ ਤੇ ਵਾਜਬ ਹੈ। ਦਿੱਲੀ ਤੋਂ ਬਿਨਾਂ ਵੀ ਦੇਸ਼ ਭਰ 'ਚ ਹੋਏ ਰੋਸ ਫੁਟਾਰਿਆਂ 'ਚ ਨੌਜਵਾਨ ਮੋਹਰੀ ਰਹੇ ਹਨ। ਪੰਜਾਬ 'ਚ ਵੀ ਜੱਥੇਬੰਦ ਅਤੇ ਚੇਤਨ ਨੌਜਵਾਨ ਜੱਥੇਬੰਦੀਆਂ ਤੋਂ ਬਿਨਾਂ ਯੂਥ ਕਲੱਬਾਂ ਅਤੇ ਆਮ ਨੌਜਵਾਨਾਂ ਨੇ ਵੀ ਔਰਤਾਂ ਦੀ ਸੁਰੱਖਿਆ ਦੇ ਮਸਲੇ 'ਤੇ ਆਵਾਜ਼ ਉਠਾਈ ਹੈ। ਨੌਜਵਾਨਾਂ ਅਤੇ ਲੋਕਾਂ ਦੇ ਇਸ ਉੱਦਮ ਦਾ ਫੌਰੀ ਸਿੱਟਾ ਇਹ ਨਿਕਲਿਆ ਹੈ ਕਿ ਸਰਕਾਰ ਨੂੰ ਫਾਸਟ ਟਰੈਕ ਅਦਾਲਤਾਂ ਬਣਾਉਣ ਤੋਂ ਲੈ ਕੇ ਵਰਮਾ ਕਮੇਟੀ ਗਠਿਤ ਕਰਨ, ਨਵਾਂ ਆਰਡੀਨੈਂਸ ਪਾਸ ਕਰਨ ਵਰਗੇ ਕਈ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਿਆ ਹੈ।
ਨੌਜਵਾਨਾਂ ਦੀ ਇਸ ਹਰਕਤਸ਼ੀਲਤਾ ਪਿੱਛੇ ਭਾਵੇਂ ਫੌਰੀ ਕਾਰਨ ਦਿੱਲੀ 'ਚ ਵਾਪਰੀ ਘਟਨਾ ਬਣੀ ਹੈ ਜੀਹਨੇ ਸੰਵੇਦਨਸ਼ੀਲ ਨੌਜਵਾਨ ਮਨਾਂ ਨੂੰ ਵੀ ਟੁੰਬਿਆ ਹੈ। ਪਰ ਇਹਨਾਂ ਰੋਹ ਭਰਪੂਰ ਪ੍ਰਦਰਸ਼ਨਾਂ ਰਾਹੀਂ ਮੁਲਕ ਦੀ ਨੌਜਵਾਨ ਜਨਤਾ 'ਚ ਦਿਨੋਂ ਦਿਨ ਜਮ•ਾਂ ਹੋ ਰਹੀ ਔਖ ਅਤੇ ਗੁੱਸੇ ਦੇ ਝਲਕਾਰੇ ਸਾਹਮਣੇ ਆਏ ਹਨ। ਇਹ ਔਖ ਅਤੇ ਗੁੱਸਾ ਦੇਸ਼ ਦੇ ਹਾਕਮਾਂ ਵੱਲੋਂ ਨੌਜਵਾਨਾਂ ਦੀ ਜ਼ਿੰਦਗੀ ਨਾਲ ਕੀਤੇ ਜਾ ਰਹੇ ਖਿਲਵਾੜ 'ਚੋਂ ਪੈਦਾ ਹੋਇਆ ਹੈ। ਹਾਕਮਾਂ ਵੱਲੋਂ ਅਖਤਿਆਰ ਕੀਤੀਆਂ ਜਾ ਰਹੀਆਂ ਨੀਤੀਆਂ ਦਾ ਸਿੱਟਾ ਹੈ ਕਿ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਬੁਰੀ ਤਰ•ਾਂ ਸੁੰਗੜ ਰਹੇ ਹਨ, ਭਵਿੱਖ ਅਤੇ ਵਰਤਮਾਨ ਹਨ•ੇਰਾ ਦਿਖਦਾ ਹੈ। ਪੇਟ ਭਰਨ ਜੋਗਾ ਰੁਜ਼ਗਾਰ ਹਾਸਲ ਕਰਨ ਲਈ ਵੀ ਸੌ-ਸੌ ਪਾਪੜ ਵੇਲਣੇ ਪੈ ਰਹੇ ਹਨ। ਮਹਿੰਗੀਆਂ ਪੜ•ਾਈਆਂ ਹੀ ਕਈ ਅਰਮਾਨ ਕੁਚਲ ਰਹੀਆਂ ਹਨ। ਅਜਿਹੀ ਸਥਿਤੀ 'ਚ ਨੌਜਵਾਨ ਜਨਤਾ ਭਾਰੀ ਬੇਚੈਨੀ ਤੇ ਰੋਸ ਹੇਠ ਜਿਉਂ ਰਹੀ ਹੈ। ਆਮ ਕਰਕੇ ਉਦਾਸੀ, ਨਿਰਾਸ਼ਾ ਤੇ ਬੇ-ਉਮੀਦੀ ਦਾ ਪਸਾਰਾ ਦਿਖਦਾ ਹੈ। ਖੁਸ਼ਹਾਲ ਜੀਵਨ ਜਿਉਣ ਦੀਆਂ ਉਮੰਗਾਂ ਸਾਕਾਰ ਕਰਨ ਵਾਸਤੇ ਇਕੱਲੇ-ਇਕੱਲੇ ਹਰ ਤਰ•ਾਂ ਦੇ ਜੁਗਾੜ ਕਰਨ ਦੇ ਰਾਹ ਪਏ ਹੋਏ ਹਨ। ਇਹ ਉਹ ਆਮ ਹਾਲਾਤ ਹਨ ਜਿਹਨਾਂ ਅੰਦਰ ਨੌਜਵਾਨ ਜਿਉਂ ਰਹੇ ਹਨ। ਇਹਨਾਂ ਹਾਲਤਾਂ ਨੇ ਨੌਜਵਾਨ ਜਨਤਾ ਅੰਦਰ ਗਹਿਰਾ ਰੋਸ, ਬੇਗਾਨਗੀ ਪੈਦਾ ਕੀਤੀ ਹੈ। ਜਦੋਂ ਏਸ ਰੋਸ ਨੂੰ, ਲਾਵੇ ਨੂੰ ਫੁੱਟਣ ਦਾ ਮੌਕਾ ਮਿਲਿਆ ਹੈ ਤਾਂ ਉਹ ਵਹਿ ਤੁਰਿਆ ਹੈ, ਦੇਸ਼ ਦੀ ਸਰਵ ਉੱਚ ਸਖਸ਼ੀਅਤ ਵੱਲ ਨੂੰ ਸੇਧਤ ਹੋ ਤੁਰਿਆ ਹੈ, ਮੌਕਾਪ੍ਰਸਤ ਪਾਰਟੀਆਂ ਅਤੇ ਸਿਆਸਤਦਾਨ ਨਿਸ਼ਾਨੇ 'ਤੇ ਆਏ ਹਨ। ਹਕੂਮਤ ਘਬਰਾਈ ਦਿਖੀ ਹੈ, ਬੁਖ਼ਲਾਹਟ 'ਚ ਆਈ ਹੈ। ਜੋ ਕੁਝ ਵਾਪਰਿਆ ਉਸਦੀ ਉਮੀਦੋਂ ਬਾਹਰਾ ਸੀ। ਮੁਲਕ ਦੀ ਜਵਾਨੀ ਨੂੰ ਕੀਲ ਕੇ ਰੱਖਣ ਦੀਆਂ ਉਸਦੀਆਂ ਕੋਸ਼ਿਸ਼ਾਂ ਅਸਫ਼ਲ ਹੁੰਦੀਆਂ ਜਾਪੀਆਂ ਹਨ। ਉਹਨਾਂ ਨੌਜਵਾਨ ਮੁੰਡੇ ਕੁੜੀਆਂ ਦੇ ਰੋਹ ਦਾ ਸੇਕ ਸੱਤ•ਾ ਤੱਕ ਪਹੁੰਚਿਆ ਹੈ ਜਿਹਨਾਂ ਨੂੰ ਪੌਪ ਸੰਗੀਤ ਦੀਆਂ ਧੁਨਾਂ 'ਤੇ ਝੂਮਦੇ ਵੇਖ ਸੱਤ•ਾ ਦੇ ਥੰਮ ਬੇਫ਼ਿਕਰ ਮਹਿਸੂਸ ਕਰਦੇ ਹਨ। ਦੇਸ਼ ਦੇ ਹਾਕਮਾਂ ਨੇ ਲੱਚਰ ਸਭਿਆਚਾਰਕ ਹੱਲੇ ਰਾਹੀਂ ਨੌਜਵਾਨ ਜਨਤਾ ਨੂੰ ਕੀਲ ਕੇ ਰੱਖਣ ਦੇ ਵੱਡੇ ਬੰਦੋਬਸਤ ਕੀਤੇ ਹੋਏ ਹਨ। ਕੁਰਾਹੇ ਪਾਉਣ ਦੇ ਨਵੇਂ ਤੋਂ ਨਵੇਂ ਢੰਗ ਖੋਜੇ ਹਨ। ਟੀ.ਵੀ. ਸੀਰੀਅਲਾਂ, ਫਿਲਮਾਂ, ਗੀਤਾਂ ਰਾਹੀਂ ਨੌਜਵਾਨਾਂ ਨੂੰ ਅਜਿਹੀ ਲੋਰੀ ਸੁਣਾਈ ਜਾਂਦੀ ਹੈ ਤਾਂ ਕਿ ਜਵਾਨੀ ਮਦਹੋਸ਼ੀ 'ਚ ਰਹੇ, ਇਹਨਾਂ 'ਤੇ ਝੂਮਦੀ ਰਹੇ। ਕਾਮ ਉਕਸਾਊ ਫਿਲਮਾਂ, ਗੀਤਾਂ ਦੀ ਭਰਮਾਰ ਨੇ ਇਸ ਕੁਦਰਤੀ ਲੋੜ ਨੂੰ ਲਗਾਤਾਰ ਹਵਾ ਦਿੱਤੀ ਹੈ। ਅਪਰਾਧਿਕ ਰੁਚੀਆਂ ਨੂੰ ਹਵਾ ਦਿੱਤੀ ਹੈ। ਔਰਤ ਮਰਦ ਰਿਸ਼ਤੇ ਨੂੰ ਵਿਗਾੜਿਆ ਹੈ। ਨੌਜਾਵਾਨ ਪੀੜ•ੀ ਨੂੰ ਤਰ•ਾਂ ਤਰ•ਾਂ ਨੌਜਵਾਨ ਪੀੜ•ੀ ਨੂੰ ਤਰ•ਾਂ ਤਰ•ਾਂ ਦੇ ਸਬਜ਼ਬਾਗਾਂ ਦੀ ਦੁਨੀਆਂ ਵਿਖਾ ਕੇ ਅਤੇ ਪੈਰਾਂ ਹੇਠੋਂ ਜ਼ਮੀਨ ਖਿੱਚਕੇ ਆਖਰ ਨੂੰ ਨਸ਼ਿਆਂ ਦੀ ਦਲਦਲ 'ਚ ਸੁੱਟਿਆ ਜਾ ਰਿਹਾ ਹੈ। ਅਜਿਹੀਆਂ ਅਲਾਮਤਾਂ ਦੀ ਮਾਰ ਹੇਠ ਆਈ ਨੌਜਵਾਨ ਜਨਤਾ ਵੱਖ-ਵੱਖ ਮੌਕਾਪ੍ਰਸਤ ਸਿਆਸੀ ਪਾਰਟੀਆਂ, ਵੱਡੇ ਧਨਾਢਾਂ, ਪੁਲਿਸ ਅਫਸਰਾਂ, ਮੌਕਾਪ੍ਰਸਤ ਸਿਆਸਤਦਾਨਾਂ, ਸਮੱਗਲਰਾਂ ਤੇ ਲੱਠਮਾਰ ਗਰੋਹਾਂ ਵੱਲੋਂ ਆਪਣੇ ਨਾਪਾਕ ਮੰਤਵਾਂ ਲਈ ਵਰਤੀ ਜਾਂਦੀ ਹੈ। ਆਪਣੀ ਸਿਆਸੀ ਚੌਧਰ ਕਾਇਮ ਕਰਨ ਦਾ ਸਾਧਨ ਬਣਾਈ ਜਾਂਦੀ ਹੈ। ਇਹਨਾਂ ਗਰੋਹਾਂ ਨੂੰ ਬਲਾਤਕਾਰ ਅਤੇ ਛੇੜਛਾੜ ਜਿਹੇ ਅਪਰਾਧਾਂ ਰਾਹੀਂ ਲੋਕਾਂ 'ਤੇ ਧੌਂਸ ਜਮਾਉਣ ਦੀ ਖੁੱਲੀ ਛੁੱਟੀ ਦਿੱਤੀ ਜਾਂਦੀ ਹੈ। ਫਿਰਕੂ ਫਾਸ਼ੀ ਗਰੋਹਾਂ ਵੱਲੋਂ ਆਪਣੇ ਫਿਰਕੂ ਮਨਸੂਬਿਆਂ ਲਈ ਜੁਟਾਇਆ ਜਾਂਦਾ ਹੈ। ਨੌਜਵਾਨਾਂ ਹੱਥ ਕਦੇ ਤ੍ਰਿਸ਼ੂਲ ਕਦੇ ਏ.ਕੇ. ਸੰਤਾਲੀ ਦੇ ਕੇ ਕਤਲੇਆਮ ਕਰਵਾਏ ਜਾਂਦੇ ਹਨ।
ਪਰ ਇਸ ਮਸਲੇ ਤੇ ਨੌਜਵਾਨ ਜਨਤਾ ਦੀ ਹਰਕਤਸ਼ੀਲਤਾ ਨੇ ਦਰਸਾਇਆ ਹੈ ਕਿ ਹਾਕਮਾਂ ਦੇ ਵੱਡੇ ਸਭਿਆਚਾਰਕ ਹਮਲੇ ਦੇ ਬਾਵਜੂਦ ਵੀ ਨੌਜਵਾਨਾਂ ਨੂੰ ਸਦਾ ਲਈ ਮਦਹੋਸ਼ੀ 'ਚ ਨਹੀਂ ਰੱਖਿਆ ਜਾ ਸਕਦਾ। ਔਖੀਆਂ ਹੋ ਰਹੀਆਂ ਜੀਵਨ ਹਾਲਤਾਂ ਨੌਜਵਾਨਾਂ ਸਾਹਮਣੇ ਜੀਵਨ ਰਾਹ ਦੀ ਚੋਣ ਕਰਨ ਦੇ ਅਹਿਮ ਸਵਾਲ ਉਭਾਰ ਰਹੀਆਂ ਹਨ। ਖੁਸ਼ਹਾਲ ਜ਼ਿੰਦਗੀ ਦੀਆਂ ਉਮੰਗਾ ਦੀ ਪੂਰਤੀ ਦੇ ਅਸਫ਼ਲ ਹੁੰਦੇ ਵਿਅਕਤੀਗਤ ਯਤਨ ਆਖ਼ਰ ਨੂੰ ਸਮੂਹਿਕ ਹੰਭਲੇ 'ਚ ਵਟ ਜਾਣ ਲਈ ਅਹੁਲ ਰਹੇ ਹਨ। ਪਹਿਲਾਂ ਵੀ ਦੇਸ਼ ਭਰ 'ਚ ਭ੍ਰਿਸ਼ਟਾਚਾਰ ਦੇ ਵਰਤਾਰੇ ਖਿਲਾਫ਼ ਨੌਜਵਾਨਾਂ ਦੀ ਜ਼ੋਰਦਾਰ ਆਵਾਜ਼ ਉੱਠੀ ਹੈ। ਇਸੇ ਤਰ•ਾਂ ਰੁਜ਼ਗਾਰ ਦੇ ਹੱਕ ਦੀ ਪ੍ਰਾਪਤੀ ਲਈ ਜਾਨ ਹੂਲਵੇਂ ਸੰਘਰਸ਼ਾਂ ਦੇ ਰਾਹ ਪਏ ਨੌਜਵਾਨਾਂ ਦੇ ਕਾਫ਼ਲੇ ਵੱਡੇ ਹੋਏ ਹਨ। ਨੌਜਵਾਨਾਂ ਦੇ ਮਨਾਂ 'ਚੋਂ ਸਮਾਜਿਕ ਸਰੋਕਾਰਾਂ ਨੂੰ ਮਿਟਾ ਕੇ ਖੁਦਗਰਜ਼ ਬਣਾਉਣ ਦੇ ਯਤਨਾਂ ਨੂੰ ਅਜੇ ਫਲ ਨਹੀਂ ਲੱਗਿਆ ਤੇ ਨਾ ਹੀ ਲੱਗ ਸਕੇਗਾ। ਸਗੋਂ ਨਿੱਘਰ ਰਹੇ ਸਮਾਜਿਕ ਹਾਲਾਤਾਂ ਖਿਲਾਫ਼ ਨੌਜਵਾਨਾਂ ਦੇ ਮਨਾਂ 'ਚ ਭਾਰੀ ਗੁੱਸਾ ਜਮ•ਾਂ ਹੋ ਰਿਹਾ ਹੈ। ਇਹ ਗੁੱਸਾ ਨਿੱਘਰੀਆਂ ਸਮਾਜਿਕ ਕਦਰਾਂ ਕੀਮਤਾਂ ਨੂੰ ਵੱਖ-ਵੱਖ ਢੰਗਾਂ ਨਾਲ ਚੁਣੌਤੀ ਦੇਣ ਰਾਹੀਂ ਪ੍ਰਗਟ ਹੋ ਰਿਹਾ ਹੈ ਤੇ ਇਹਨਾਂ ਕਦਰਾਂ ਨੂੰ ਪਾਲ਼ਦੀ ਪੋਸਦੀ ਤੇ ਸ਼ਹਿ ਦਿੰਦੀ ਹਕੂਮਤੀ ਮਸ਼ੀਨਰੀ ਵੱਲ ਵੀ ਸੇਧਤ ਹੋਣ ਨੂੰ ਅਹੁਲਦਾ ਹੈ।
ਇਨਕਲਾਬੀ ਨੌਜਵਾਨ ਲਹਿਰ ਉਸਾਰਨ ਲਈ ਯਤਨਸ਼ੀਲ ਕਾਰਕੁੰਨਾਂ ਨੂੰ ਉਹਨਾਂ ਸੰਭਾਵਨਾਵਾਂ ਨੂੰ ਬੁੱਝਣਾ ਚਾਹੀਦਾ ਹੈ ਜੋ ਇਹਨਾਂ ਨੌਜਵਾਨ ਰੋਸ ਪ੍ਰਦਰਸ਼ਰਨਾਂ ਨੇ ਦਰਸਾਈਆਂ ਹਨ। ਨੌਜਵਾਨ ਮਨਾਂ 'ਚ ਜਮ•ਾਂ ਹੋ ਰਿਹਾ ਗੁੱਸਾ ਜੱਥੇਬੰਦ ਸੰਘਰਸ਼ਾਂ 'ਚ ਵਟ ਜਾਣ ਦੀਆਂ ਅਥਾਹ ਗੁੰਜਾਇਸ਼ਾਂ ਰੱਖਦਾ ਹੈ। ਬਸ਼ਰਤੇ ਇਹਨਾਂ ਗੁੰਜਾਇਸ਼ਾਂ ਨੂੰ ਸਾਕਾਰ ਕਰਨ ਲਈ ਕਾਰਕੁੰਨ ਵੀ ਜ਼ੋਰਦਾਰ ਹੰਭਲਾ ਮਾਰਨ।
(ਨੌਜਵਾਨ ਪੈਂਫਲਟ ਲੜੀ ਨੰ. 5 'ਚੋਂ)


ਹੈਲੀਕਾਪਟਰ ਘਪਲਾ


ਹੈਲੀਕਾਪਟਰ ਘਪਲਾ ਨਵੀਆਂ ਆਰਥਿਕ ਨੀਤੀਆਂ ਦੀ ਪੈਦਾਇਸ਼

ਅਗਸਤ 2011 ਵਿੱਚ ਨੌਜਵਾਨ ਭਾਰਤ ਸਭਾ ਵੱਲੋਂ ਸ਼ੁਰੂ ਕੀਤੀ ਗਈ 'ਭ੍ਰਿਸ਼ਟਾਚਾਰ ਖਿਲਾਫ਼ ਨੌਜਵਾਨ ਮੁਹਿੰਮ' ਕਮੇਟੀ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ 'ਦੇਸ਼ ਦੇ ਵੱਡੇ ਧਨ ਕੁਬੇਰ ਅਤੇ ਬਹੁਕੌਮੀ ਕੰਪਨੀਆਂ ਭ੍ਰਿਸ਼ਟਾਚਾਰ ਦਾ ਵੱਡਾ ਸਰੋਤ ਬਣ ਰਹੀਆਂ ਹਨ . . . ਨਿੱਜੀਕਰਨ ਅਤੇ ਸੰਸਾਰੀਕਰਨ ਦੇ ਨਾਮ ਥੱਲੇ ਲੋਕਾਂ 'ਤੇ ਮੜ੍ਹੀਆਂ ਜਾ ਰਹੀਆਂ ਨਵੀਆਂ ਆਰਥਿਕ ਨੀਤੀਆਂ ਦੇ ਧਾਵੇ ਰਾਹੀਂ ਦੇਸ਼ ਦੇ ਮਾਲ ਖਜ਼ਾਨੇ ਦੇਸੀ ਵਿਦੇਸ਼ੀ ਧਨਾਢਾਂ ਵੱਲੋਂ ਲੁੱਟੇ ਜਾ ਰਹੇ ਹਨ . . . ਭ੍ਰਿਸ਼ਟਾਚਾਰ ਦੇ ਵਰਤਾਰੇ ਦੀਆਂ ਜੜ੍ਹਾਂ ਦੇਸ਼ ਅੰਦਰ ਉੱਚੇ ਅਹੁਦਿਆਂ ਤੇ ਬਿਰਾਜਮਾਨ ਸਿਆਸਤਦਾਨਾਂ ਅਤੇ ਵੱਡੀ ਅਫ਼ਸਰਸ਼ਾਹੀ ਕੋਲ ਅਥਾਹ ਸ਼ਕਤੀਆਂ 'ਚ ਵੀ ਮੌਜੂਦ ਹਨ। ਉਹ ਦੇਸ਼ ਦੀ ਆਰਥਿਕਤਾ ਸਬੰਧ ਵੱਡੇ ਫੈਸਲੇ ਲੈ ਸਕਦੇ ਹਨ ਤੇ ਇਹਨਾਂ ਨੂੰ ਜਨਤਾ ਦੀਆਂ ਨਜ਼ਰਾਂ ਤੋਂ ਉਹਲੇ ਰੱਖ ਸਕਦੇ ਹਨ। ਵੱਡੀਆਂ ਵਿਦੇਸ਼ੀ ਕੰਪਨੀਆਂ ਨਾਲ ਹਥਿਆਰਾਂ ਦੇ ਸੌਦਿਆਂ 'ਚ ਦਲਾਲੀ ਛਕ ਸਕਦੇ ਹਨ . . .
ਫਰਵਰੀ ਦੇ ਪਹਿਲੇ ਅੱਧ ਵਿੱਚ ਨਸ਼ਰ ਹੋਇਆ ਹੈਲੀਕਾਪਟਰ ਘਪਲਾ ਇਹਨਾਂ ਤੱਥਾਂ ਦੀ ਹੀ ਮੂੰਹ ਬੋਲਦੀ ਤਸਵੀਰ ਹੈ। ਹਵਾਈ ਸੈਨਾ ਦੇ ਸਾਬਕਾ ਮੁਖੀ ਦਾ ਨਾਮ ਇਸ ਘੁਟਾਲੇ ਵਿੱਚ ਬੋਲਦਾ ਹੈ। ਭਾਰਤ ਦੇ ਵੀ. ਵੀ. ਆਈ. ਪੀ. ਵਿਅਕਤੀਆਂ ਲਈ 3600 ਕਰੋੜ ਰੁਪਿਆ ਖਰਚ ਕੇ ਬ੍ਰਿਟਿਸ਼-ਇਤਾਲਵੀ ਕੰਪਨੀ ਆਗਸਤਾ ਵੈਸਟਲੈਂਡ ਤੋਂ ਖਰੀਦੇ ਜਾਣ ਵਾਲੇ 12 ਹੈਲੀਕਾਪਟਰਾਂ ਲਈ ਕੰਪਨੀ ਵੱਲੋਂ 362 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਗਈ ਹੈ। ਇਸ ਰਿਸ਼ਵਤ ਦੇ ਇਵਜ ਵੱਲੋਂ ਹੈਲੀਕਾਪਟਰਾਂ ਲਈ ਤੈਅ ਮਾਪਦੰਡਾਂ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ। ਇਹੋ ਜਿਹੀਆਂ ਮਦਾਂ ਜੋੜੀਆਂ ਗਈਆਂ ਹਨ ਕਿ ਜਾਰੀ ਕੀਤੇ ਟੈਂਡਰ ਨੂੰ ਹੁੰਗਾਰਾ ਭਰਨ ਵਾਲੀਆਂ ਤਿੰਨ ਕੰਪਨੀਆਂ ਵਿੱਚੋਂ ਸਿਰਫ਼ ਇਤਾਲਵੀ-ਬ੍ਰਿਟਿਸ਼ ਕੰਪਨੀ ਆਗਸਤਾ ਵੈਸਟਲੈਂਡ ਹੀ ਉਹਨਾਂ ਮਦਾਂ 'ਤੇ ਖਰਾ ਉੱਤਰੀ ਹੈ। ਭਾਰਤ ਦੇ ਅਖੌਤੀ 'ਸੁਰੱਖਿਆ ਸਰੋਕਾਰ' ਜਿਨ੍ਹਾਂ ਬਾਰੇ ਸਾਰੀਆਂ ਹਾਕਮ ਜਮਾਤੀ ਪਾਰਟੀਆਂ ਦੁਹਾਈ ਪਾਉਣੋਂ ਨਹੀਂ ਹਟਦੀਆਂ ਵਿੱਚ ਆਸਾਨੀ ਨਾਲ ਜੋੜ ਘਟਾਉ ਕੀਤਾ ਗਿਆ ਹੈ। ਟੈਂਡਰ ਦੀਆਂ ਮਦਾਂ ਵਿੱਚ ਇਹ ਬਦਲਾਅ ਹਵਾਈ ਸੈਨਾ ਮੁਖੀ ਐਸ. ਪੀ. ਤਿਆਗੀ ਦੇ ਕਾਰਜਕਾਲ ਸਮੇਂ ਵਾਪਰਿਆ ਹੈ। ਕੁੰਜੀਵਤ ਗਵਾਹ ਨੇ ਬਿਆਨ ਦਿੱਤਾ ਹੈ ਕਿ ਉਹ ਇਹਨਾਂ ਮਾਪਦੰਡਾਂ 'ਚ ਤਬਦੀਲੀ ਕਰਾਉਣ ਲਈ ਉਹ ਆਪ 6-7 ਵਾਰ ਹਵਾਈ ਸੈਨਾ ਮੁਖੀ ਨੂੰ ਮਿਲਿਆ ਹੈ। ਰਿਸ਼ਵਤ ਦਾ ਪੈਸਾ ਹਵਾਈ ਸੈਨਾ ਮੁਖੀ ਦੇ ਚਚੇਰੇ ਭਰਾਵਾਂ ਰਾਹੀਂ ਉਸ ਤੱਕ ਪਹੁੰਚਾਇਆ ਗਿਆ ਹੈ। ਮਾਪਦੰਡਾਂ ਦੀ ਇਸ ਤਬਦੀਲੀ ਨੂੰ ਸੁਰੱਖਿਆ ਮੰਤਰਾਲੇ, ਭਾਰਤੀ ਹਵਾਈ ਸੈਨਾ, ਪ੍ਰਧਾਨ ਮੰਤਰੀ ਦਫ਼ਤਰ, ਐਸ. ਪੀ. ਜੀ ਅਤੇ ਐਨ. ਐਸ. ਏ. ਕੌਮੀ ਸੁਰੱਖਿਆ ਏਜੰਸੀ ਨੇ ਪ੍ਰਵਾਨ ਕੀਤਾ ਹੈ। 362 ਕਰੋੜ ਵਿੱਚੋਂ ਸਪੈਸ਼ਨ ਰੱਖਿਆ ਗਰੁੱਪ 40 ਫੀਸਦੀ ਵਿਚੋਲਿਆਂ ਦਾ ਹਿੱਸਾ ਹੈ। ਬਾਕੀ ਬਚਦੇ ਵਿੱਚੋਂ ਕਿਸਨੂੰ ਕਿੰਨਾ ਮਿਲਿਆ ਹੈ, ਅਜੇ ਖੁਲਾਸਾ ਹੋਣਾ ਹੈ।

ਇਹ ਘੁਟਾਲਾ ਨਾ ਪਹਿਲਾ ਹੈ ਤੇ ਨਾ ਹੀ ਆਖ਼ਰੀ। ਭਾਰਤ ਦਾ ਲੋਕ ਦੁਸ਼ਮਣ ਪ੍ਰਬੰਦ ਇਹਨਾਂ ਘੁਟਾਲਿਆਂ ਦਾ ਜਨਮਦਾਤਾ ਹੈ। ਨਵੀਆਂ ਆਰਥਿਕ ਨੀਤੀਆਂ ਦੇ ਲਾਗੂ ਹੋਣ ਨੇ ਇਹਨਾਂ ਘੁਟਾਲਿਆਂ ਦੀ ਗਿਣਤੀ 'ਚ ਬੇਥਾਹ ਵਾਧਾ ਕੀਤਾ ਹੈ। ਬਹੁਕੌਮੀ ਕੰਪਨੀਆਂ ਨੂੰ ਵੱਡੇ ਮੁਨਾਫ਼ੇ ਪੁਹੰਚਾਉਣਾ, ਲੋਕਾਂ ਤੋਂ ਸਭ ਸਹੂਲਤਾਂ, ਰੋਟੀ ਰੁਜ਼ਗਾਰ ਖੋਹ ਕੇ ਮੁਲਕ ਦਾ ਕੁੱਲ ਸਰਮਾਇਆ ਇਹਨਾਂ ਸਾਮਰਾਜੀ ਕੰਪਨੀਆਂ ਦੇ ਕਦਮਾਂ 'ਚ ਪੇਸ਼ ਕਰਨਾ ਅਤੇ ਇਉਂ ਕਰਕੇ ਏਥੋਂ ਦੇ ਸਿਆਸਤਦਾਨਾਂ ਅਤੇ ਅਫਸਰਸ਼ਾਹੀ ਵੱਲੋਂ ਆਪਣੀਆਂ ਕੁਰਸੀਆਂ, ਦਲਾਲੀਆਂ ਤੇ ਜਾਇਦਾਦਾਂ 'ਚ ਅੰਨ੍ਹੇ ਵਾਧੇ ਦੇ ਰੂਪ ਵਿੱਚ ਸੇਵਾਦਾਰੀ ਹਾਸਲ ਕਰਨਾ ਇਹਨਾਂ ਨੀਤੀਆਂ ਦਾ ਨਿਚੋੜ ਹੈ। ਇਸ ਕਰਕੇ ਏਥੇ ਸਿੱਧੇ ਅਸਿੱਧੇ ਹਰ ਰੂਪ ਵਿੱਚ ਲੋਕਾਂ ਨਾਲ ਧੋਖਾਧੜੀ ਅਤੇ ਲੁੱਟ ਜਾਇਜ਼ ਹੈ।
1991 'ਚ ਇਹਨਾਂ ਨਵੀਆਂ ਆਰਥਿਕ ਨੀਤੀਆਂ ਦੇ ਲਾਗੂ ਹੋਣ ਬਾਅਦ ਸਕੈਡਲਾਂ ਤੇ ਘਪਲਿਆਂ ਦੀ ਗਿਣਤੀ 'ਚ ਵਾਧਾ ਦੇਖਣਯੋਗ ਹੈ। 1947 ਤੋਂ 1990 ਤੱਕ ਦੇ 43 ਸਾਲਾਂ ਵਿੱਚ ਭਾਰਤ ਅੰਦਰ ਨਸ਼ਰ ਹੋਏ ਘੁਟਾਲਿਆਂ ਦੀ ਗਿਣਤੀ 10 ਸੀ। 1991 ਤੋਂ 2000 ਤੱਕ ਸਿਰਫ਼ 10 ਸਾਲਾਂ ਵਿੱਚ ਇਹ ਗਿਣਤੀ 13 ਸੀ। 2000 ਤੋਂ 2009 ਤੱਕ ਦੇ 10 ਸਾਲਾਂ ਵਿੱਚ 27 ਘੁਟਾਲੇ ਹੋਏ। ਇਕੱਲੇ 2010 ਵਿੱਚ ਘੁਟਾਲਿਆਂ ਦੇ 9 ਕੇਸ ਸਾਹਮਣੇ ਆਏ ਜਿਹਨਾਂ ਦੀ ਗਿਣਤੀ 2011 ਵਿੱਚ ਵਧਕੇ 23 ਹੋ ਗਈ। ਸਾਲ 2012 ਵਿੱਚ ਕੱਲ ਨਸ਼ਰ ਘੁਟਾਲਿਆਂ ਦੀ ਗਿਣਤੀ 41 ਬਣਦੀ ਹੈ। ਜਿਨ੍ਹਾਂ ਵਿੱਚੋਂ 13 ਕੇਂਦਰ ਸਰਕਾਰ ਨਾਲ ਸਬੰਧਤ ਹਨ ਅਤੇ ਬਾਕੀ ਰਾਜ ਸਰਕਾਰਾਂ ਨਾਲ। ਇਹਨਾਂ 41 ਘੁਟਾਲਿਆਂ ਵਿੱਚੋਂ ਸਿਰਫ਼ ਤਿੰਨ ਵੱਡੇ ਘੁਟਾਲਿਆਂ ਵਿੱਚ ਹੀ ਲੋਕਾਂ ਨਾਲ 5186 ਲੱਖ ਕਰੋੜ ਦੀ ਠੱਗੀ ਵੱਜ ਗਈ ਹੈ। ਸਿਆਸਦਾਨ, ਕਾਰਪੋਰੇਟ ਲਾਬੀ, ਬਹੁਕੌਮੀ ਕੰਪਨੀਆਂ, ਅਫਸਰਸ਼ਾਹੀ ਇਹਨਾਂ ਘੁਟਾਲਿਆਂ 'ਚ ਮੁੱਖ ਧਿਰਾਂ ਬਣਦੀਆਂ ਰਹੀਆਂ ਹਨ। ਮੌਜੂਦਾ ਹੈਲੀਕਾਪਟਰ ਘਪਲਾ ਵੀ ਇਸੇ ਲੜੀ ਦਾ ਇੱਕ ਹਿੱਸਾ ਹੈ। ਭ੍ਰਿਸ਼ਟਾਚਾਰ ਦੇ ਇਸ ਭਿਅੰਕਰ ਵਰਤਾਰੇ ਨੂੰ ਠੱਲ੍ਹਣ ਲਈ ਜ਼ਰੂਰੀ ਹੈ ਕਿ --
1. ਨਿੱਜੀਕਰਨ ਸੰਸਾਰੀਕਰਨ ਦੇ ਨਾਮ ਹੇਠ ਹੋ ਰਹੀ ਸਰਕਾਰੀ ਕਾਰੋਬਾਰਾਂ, ਜ਼ਮੀਨਾਂ ਜਾਇਦਾਦਾਂ, ਸੰਸਥਾਵਾਂ ਦੀ ਥੋਕ ਨਿਲਾਮੀ - ਜੋ ਕਿ ਭ੍ਰਿਸ਼ਟਾਚਾਰ ਦਾ ਵੱਡਾ ਸਾਧਨ ਹੈ - ਬੰਦ ਕੀਤੀ ਜਾਵੇ।
2. ਵੱਡੀਆਂ ਵਿਦੇਸ਼ੀ ਕੰਪਨੀਆਂ ਜਿਨ੍ਹਾਂ ਕੋਲ ਅਰਬਾਂ ਖਰਬਾਂ ਦੇ ਕੇ ਸਰਕਾਰਾਂ ਨੂੰ ਖਰੀਦਣ ਦੀ ਤਾਕਤ ਹੈ ਮੁਲਕ ਤੋਂ ਦੂਰ ਰੱਖੀਆਂ ਜਾਣ। 
3. ਉੱਚ ਅਫ਼ਸਰਾਂ ਅਤੇ ਵਜ਼ੀਰਾਂ ਕੋਲ ਵੱਡੇ ਕਾਰੋਬਾਰਾਂ ਨਾਲ ਗੁਪਤ ਸੌਦਿਆਂ ਰਾਹੀਂ ਹੱਥ ਰੰਗਣ ਦੀਆਂ ਤਾਕਤਾਂ ਹਨ। ਉਹਨਾਂ ਦੇ ਖੰਭ ਕਤਰੇ ਜਾਣ ਅਤੇ ਪਾਰਦਰਸ਼ਤਾ ਯਕੀਨੀ ਬਣਾਈ ਜਾਵੇ। 

4. ਕਾਰੋਬਾਰਾਂ ਦੀ ਨਿਯਮ ਮੁਕਤੀ ਤੇ ਖੁੱਲ੍ਹਾਂ ਭ੍ਰਿਸ਼ਟਾਚਾਰ ਦਾ ਕਾਨੂੰਨੀਕਰਨ ਹਨ। ਇਹਨਾਂ ਨੂੰ ਨੱਥ ਪਾਈ ਜਾਵੇ।


5th Issue of Naujwan Pamphlet Series is Out