Tuesday, 29 November 2011

ਵਿਦੇਸ਼ੀ ਨਿਵੇਸ਼ ਦੇ ਫੈਸਲੇ ਦੀ ਨਿਖੇਧੀ


ਪ੍ਰਚੂਨ ਵਪਾਰ ਦੇ ਖੇਤਰ 'ਚ ਵਿਦੇਸ਼ੀ ਨਿਵੇਸ਼ ਦੇ ਸਰਕਾਰੀ ਫੈਸਲੇ ਦੀ ਨਿਖੇਧੀ

ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਮੁਲਕ ਅੰਦਰ ਪ੍ਰਚੂਨ ਵਪਾਰ ਦੇ ਖੇਤਰ 'ਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਇਜਾਜ਼ਤ ਦੇਣ ਦੇ ਫੈਸਲੇ ਦੀ ਨੌਜਵਾਨ ਭਾਰਤ ਸਭਾ ਵੱਲੋਂ ਜ਼ੋਰਦਾਰ ਨਿਖੇਧੀ ਕੀਤੀ ਗਈ ਹੈ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਜੱਥੇਬੰਦੀ ਦੇ ਸੂਬਾ ਸਕੱਤਰ ਪਾਵੇਲ ਕੁੱਸਾ, ਸੂਬਾ ਕਮੇਟੀ ਮੈਂਬਰ ਸੁਮੀਤ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਦੇਸ਼ ਅੰਦਰ ਪ੍ਰਚੂਨ ਵਪਾਰ ਦੇ ਖੇਤਰ 'ਚ ਲੱਗੇ ਕਰੋੜਾਂ ਲੋਕਾਂ ਦੇ ਰੋਜ਼ਗਾਰ ਦਾ ਉਜਾੜਾ ਕਰੇਗਾ। ਇਸ ਖੇਤਰ 'ਚ ਧੜਵੈਲ ਬਹੁ-ਕੌਮੀ ਕੰਪਨੀਆਂ ਦੇ ਕਾਰੋਬਾਰ ਖੋਲ੍ਹੇ ਜਾਣ ਦੀ ਇਜਾਜ਼ਤ ਦੇ ਦਿੱਤੇ ਜਾਣ ਦੇ ਦੇਸ਼ ਲਈ ਗੰਭੀਰ ਦੂਰ-ਰਸ ਸਿੱਟੇ ਨਿਕਲਣਗੇ। ਪ੍ਰਚੂਨ ਦੇ ਖੇਤਰ 'ਚ ਵੱਡੀਆਂ ਕੰਪਨੀਆਂ ਦੀ ਇਜਾਰੇਦਾਰੀ ਕਾਇਮ ਹੋਣ ਨਾਲ ਪਹਿਲਾਂ ਹੀ ਸਿਖਰਾਂ ਛੋਹ ਰਹੀ ਮਹਿੰਗਾਈ ਹੋਰ ਵਧੇਗੀ। ਹੁਣ ਵੀ ਦੇਸੀ ਵੱਡੇ ਸਰਮਾਏਦਾਰਾਂ ਅਤੇ ਜਖੀਰੇਬਾਜਾਂ ਦੀ ਸਰਦਾਰੀ ਦਾ ਸਿੱਟਾ ਹੈ ਕਿ ਆਏ ਦਿਨ ਮਹਿੰਗਾਈ 'ਚ ਵਾਧਾ ਹੋ ਰਿਹਾ ਹੈ ਤੇ ਵੱਡੇ ਵਿਦੇਸ਼ੀ ਸਰਮਾਏਦਾਰਾਂ ਦੀ ਇਸ ਖੇਤਰ 'ਚ ਚੌਧਰ ਸਥਾਪਤ ਹੋ ਜਾਣ ਨਾਲ ਕੀਮਤਾਂ ਪੂਰੀ ਤਰ੍ਹਾਂ ਹੀ ਉਹਨਾਂ ਦੇ ਕੰਟਰੋਲ 'ਚ ਆ ਜਾਣਗੀਆਂ। ਜਦੋਂ ਦੇਸ਼ ਨੂੰ ਭਾਰੀ ਬੇਰੁਜ਼ਗਾਰੀ ਦਾ ਸਾਹਮਣਾ ਹੈ ਤਾਂ ਓਸ ਮੌਕੇ ਇਸ ਫੈਸਲੇ ਨਾਲ ਪਰਚੂਨ ਖੇਤਰ 'ਚ ਲੱਗੇ ਛੋਟੇ ਕਾਰੋਬਾਰੀਆਂ ਅਤੇ ਹੋਰਨਾਂ ਕਰੋੜਾਂ ਲੋਕਾਂ 'ਤੇ ਸਿੱਧੀ ਮਾਰ ਪਵੇਗੀ ਅਤੇ ਉਹ ਇਸ ਖੇਤਰ 'ਚੋਂ ਬਾਹਰ ਹੋ ਜਾਣਗੇ। ਹਕੂਮਤ ਇਹ ਫੈਸਲਾ ਕਰਨ ਮੌਕੇ ਗੁੰਮਰਾਹਕੁਨ ਪ੍ਰਚਾਰ ਕਰ ਰਹੀ ਹੈ ਕਿ ਇਹ ਫੈਸਲਾ ਮਹਿੰਗਾਈ ਰੋਕਣ, ਰੁਜ਼ਗਾਰ ਪੈਦਾ ਕਰਨ ਅਤੇ ਛੋਟੇ ਉਤਪਾਦਕ ਕਿਸਾਨਾਂ ਦੀ ਚੰਗੀ ਅਤੇ ਸਥਾਈ ਆਮਦਨ ਦਾ ਸਾਧਨ ਬਣੇਗਾ ਜਦੋਂਕਿ ਇਹ ਕੋਰਾ ਝੂਠ ਹੈ। ਇੱਕ ਵਾਰ ਮਾਰਕੀਟ 'ਚ ਆਉਣ ਮੌਕੇ ਆਪਣੇ ਵੱਡੇ ਆਰਥਿਕ ਵਿਤ ਸਹਾਰੇ ਬਾਜ਼ਾਰ ਨਾਲੋਂ ਕੁਝ ਘੱਟ ਕੀਮਤਾਂ ਰੱਖ ਕੇ, ਇਹ ਕੰਪਨੀਆਂ ਪੈਰ ਜਮਾਉਣ ਦੀ ਨੀਤੀ ਅਖਤਿਆਰ ਕਰਦੀਆਂ ਹਨ ਅਤੇ ਬਾਕੀ ਦੁਕਾਨਦਾਰਾਂ ਨੂੰ ਮਾਰਕੀਟ 'ਚੋਂ ਬਾਹਰ ਕਰਦੀਆਂ ਹਨ। ਨਾਲ ਹੀ, ਸਰਕਾਰੀ ਖਰੀਦ ਪ੍ਰਬੰਧ ਨਾ ਹੋਣ ਦੀ ਮਾਰ ਹੰਢਾ ਰਹੇ ਛੋਟੇ ਕਿਸਾਨ ਹੁਣ ਪੂਰੀ ਤਰ੍ਹਾਂ ਇਹਨਾਂ ਮੁਨਾਫਾਖੋਰ ਬਹੁਕੌਮੀ ਕੰਪਨੀਆਂ ਦੀ ਲੁੱਟ ਦਾ ਸ਼ਿਕਾਰ ਹੋਣਗੇ। ਦੁਨੀਆਂ ਭਰ ਅੰਦਰ ਜਿੱਥੇ ਜਿੱਥੇ ਵੀ ਇਹਨਾਂ ਕੰਪਨੀਆਂ ਦੇ ਨਿਵੇਸ਼ ਵਾਲੇ ਬਾਜ਼ਾਰ ਹਨ ਉੱਥੇ ਹੀ ਮਹਿੰਗਾਈ ਛੜੱਪੇ ਮਾਰ ਕੇ ਵਧ ਰਹੀ ਹੈ ਅਤੇ ਲੋਕ ਵੱਡੀ ਪੱਧਰ 'ਤੇ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ। ਕੰਪਨੀਆਂ ਦੇ ਉਜਾੜੇ ਲੋਕਾਂ ਦਾ ਰੋਸ ਦਿਨੋਂ ਦਿਨ ਫੈਲ ਰਿਹਾ ਹੈ।
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਕਦਮ ਸੰਸਾਰੀਕਰਨ, ਨਿੱਜੀਕਰਨ ਦੀਆਂ ਨੀਤੀਆਂ ਤਹਿਤ ਚੁੱਕੇ ਜਾ ਰਹੇ ਕਦਮਾਂ ਦਾ ਹੀ ਹਿੱਸਾ ਹੈ। ਇਹਨਾਂ ਨੀਤੀਆਂ ਤਹਿਤ ਦੇਸ਼ ਦੇ ਬੂਹੇ ਵਿਦੇਸ਼ੀ ਵੱਡੀਆਂ ਬਹੁਕੌਮੀ ਕੰਪਨੀਆਂ ਲਈ ਖੋਲ ਕੇ, ਲੋਕਾਂ ਦੀਆਂ ਕਮਾਈਆਂ ਅਤੇ ਦੇਸ਼ ਦੇ ਧਨ ਦੌਲਤ ਲੁੱਟਣ ਦੇ ਲਾਇਸੰਸ ਜਾਰੀ ਕੀਤੇ ਜਾ ਰਹੇ ਹਨ। ਦੇਸ਼ 'ਤੇ ਦਿਨੋਂ ਦਿਨ ਸਾਮਰਾਜੀ ਗਲਬਾ ਵਧਾਇਆ ਜਾ ਰਿਹਾ ਹੈ। ਮੁਲਕ ਨੂੰ ਸਾਮਰਾਜੀ ਦਿਉ-ਕੰਪਨੀਆਂ ਦੇ ਵਪਾਰ ਕਰਨ ਲਈ ਪੂਰੀ ਤਰ੍ਹਾਂ ਸ਼ਿੰਗਾਰ ਕੇ ਪਰੋਸਿਆ ਜਾ ਰਿਹਾ ਹੈ। ਪਹਿਲਾਂ ਵੱਡੀਆਂ ਕੰਪਨੀਆਂ ਨੂੰ ਕਿਸਾਨਾਂ ਦੀਆਂ ਉਪਜਾਊ ਜਮੀਨਾਂ ਜ਼ਬਰੀ ਖੋਹ ਕੇ ਦਿੱਤੀਆਂ ਜਾ ਰਹੀਆਂ ਹਨ। ਸਿੱਖਿਆ, ਸਿਹਤ, ਬਿਜਲੀ ਅਤੇ ਆਵਾਜਾਈ ਦੇ ਖੇਤਰਾਂ 'ਚ ਵੀ ਦੇਸੀ ਵਿਦੇਸ਼ੀ ਵੱਡੇ ਸਰਮਾਏਦਾਰਾਂ ਦੇ ਦਾਖਲੇ ਦੇ ਰਾਹ ਖੋਲ੍ਹੇ ਜਾ ਰਹੇ ਹਨ। ਇਹਨਾਂ ਨੀਤੀਆਂ ਦੀ ਮਾਰ ਸਹਿ ਰਹੇ ਮਜ਼ਦੂਰ, ਕਿਸਾਨ ਤੇ ਮੁਲਾਜ਼ਮ ਹਿੱਸੇ ਪਹਿਲਾਂ ਹੀ ਸੰਘਰਸ਼ਾਂ ਦੇ ਰਾਹ 'ਤੇ ਹਨ। ਹੁਣ ਪ੍ਰਚੂਨ ਵਪਾਰ ਦੇ ਖੇਤਰ 'ਚ ਚੁੱਕੇ ਜਾ ਰਹੇ ਇਹਨਾਂ ਕਦਮਾਂ ਨੇ ਛੋਟੇ ਕਾਰੋਬਾਰੀਆਂ ਤੋਂ ਲੈ ਕੇ ਦੁਕਾਨਦਾਰਾਂ ਅਤੇ ਰੇਹੜੀ- ਫੜ੍ਹੀ ਵਾਲਿਆਂ ਨੂੰ ਵੀ ਸੰਘਰਸ਼ ਦੇ ਰਾਹ ਧੱਕਣਾ ਹੈ।
ਸਭਾ ਦੇ ਆਗੂਆਂ ਨੇ ਨੌਜਵਾਨਾਂ ਤੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਦੀ ਲੁੱਟ ਕਰਨ ਲਈ ਕੀਤੇ ਜਾ ਰਹੇ ਇਸ ਆਰਥਿਕ ਹਮਲੇ ਦਾ ਵਿਰੋਧ ਕਰਨ ਲਈ ਜੱਥੇਬੰਦ ਹੋਣ। ਦੇਸ਼ ਭਰ 'ਚ ਰੁਜ਼ਗਾਰ ਦਾ ਉਜਾੜਾ ਕਰ ਰਹੀਆਂ ਨੀਤੀਆਂ ਨੂੰ ਰੱਦ ਕਰਨ ਦੀ ਜ਼ੋਰਦਾਰ ਮੰਗ ਉਠਾਉਣ। ਉਹਨਾਂ ਉਕਤ ਸਰਕਾਰੀ ਫੈਸਲੇ ਦੇ ਵਿਰੋਧ 'ਚ ਦੇਸ਼ ਭਰ ਅੰਦਰ 1 ਦਸੰਬਰ ਦੇ 'ਭਾਰਤ ਬੰਦ' ਦੇ ਸੱਦੇ ਦਾ ਵੀ ਸਮਰਥਨ ਕੀਤਾ। ਆਗੂਆਂ ਨੇ ਕਿਹਾ ਕਿ ਨੌਜਵਾਨ ਭਾਰਤ ਸਭਾ ਲੋਕ ਮਾਰੂ ਨੀਤੀਆਂ ਖਿਲਾਫ਼ ਨੌਜਵਾਨਾਂ ਨੂੰ ਜੱਥੇਬੰਦ ਕਰਨ ਲਈ ਯਤਨਸ਼ੀਲ ਹੈ।
                                  ਵੱਲੋਂ-ਨੌਜਵਾਨ ਭਾਰਤ ਸਭਾ।  
ਸੂਬਾ ਜੱਥੇਬੰਦਕ ਸਕੱਤਰ-ਪਾਵੇਲ ਕੁੱਸਾ (94170-24641)

Friday, 25 November 2011

ਨੌਜਵਾਨ ਭਾਰਤ ਸਭਾ ਦੀਆਂ ਸਰਗਰਮੀਆਂ - I


ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਮੁਹਿੰਮ
ਭ੍ਰਿਸ਼ਟਾਚਾਰ ਅਤੇ ਕਾਲ਼ੇ ਕਾਨੂੰਨਾਂ ਦੇ ਵਿਰੋਧ ਦਾ ਸੱਦਾ
ਨੌਜਵਾਨ ਭਾਰਤ ਸਭਾ ਦੇ ਸੱਦੇ 'ਤੇ ਸ਼ਹੀਦ ਭਗਤ ਸਿੰਘ ਦਾ 104ਵਾਂ ਜਨਮ ਦਿਹਾੜਾ ਨੌਜਵਾਨਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਇਨਕਲਾਬੀ ਉਤਸ਼ਾਹ ਨਾਲ ਮਨਾਇਆ ਗਿਆ। ਸਤੰਬਰ ਦੇ ਮਗਰਲੇ ਅੱਧ ਦੌਰਾਨ ਨੌਜਵਾਨਾਂ ਦੀਆਂ ਟੋਲੀਆਂ ਵੱਖ-2 ਢੰਗ ਤਰੀਕਿਆਂ ਨਾਲ ਸ਼ਹੀਦ ਦੇ ਵਿਚਾਰਾਂ ਨੂੰ ਲੋਕਾਂ ਤੇ ਨੌਜਵਾਨਾਂ ਤੱਕ ਪਹੁੰਚਾਉਣ 'ਚ ਸਰਗਰਮ ਰਹੀਆਂ। ਨਾਟਕ ਸਮਾਗਮਾਂ ਤੋਂ ਲੈ ਕੇ ਮਸ਼ਾਲ ਮਾਰਚਾਂ, ਮੀਟਿੰਗਾਂ, ਰੈਲੀਆਂ ਦੀ ਲੜੀ ਚੱਲਦੀ ਰਹੀ ਹੈ। ਵੱਖ-2 ਥਾਵਾਂ ਦੇ ਸਮਾਗਮਾਂ ਦਾ ਸੱਦਾ ਦਿੰਦੇ ਹੱਥ ਪਰਚੇ, ਇਸ਼ਤਿਹਾਰ ਤੇ ਲਿਖਤਾਂ ਜਾਰੀ ਹੋਈਆਂ ਹਨ ਜਿਨ•ਾਂ 'ਚ ਸ਼ਹੀਦ ਭਗਤ ਸਿੰਘ ਦੀ ਮੁਲਕ ਦੀ ਇਨਕਲਾਬੀ ਲਹਿਰ ਨੂੰ ਦੇਣ ਬਾਰੇ ਚਰਚਾ ਕੀਤੀ ਗਈ ਹੈ। ਮੁਹਿੰਮ ਦੌਰਾਨ ਦੇਸ਼ ਦੇ ਮਿਹਨਤਕਸ਼ ਲੋਕਾਂ ਦੀਆਂ ਸਭਨਾਂ ਦੁੱਖ ਤਕਲੀਫ਼ਾਂ ਦੇ ਖਾਤਮੇ ਲਈ ਸ਼ਹੀਦ ਦੇ ਵਿਚਾਰਾਂ ਅਨੁਸਾਰ ਇਨਕਲਾਬੀ ਤਬਦੀਲੀ ਦੀ ਲੋੜ ਨੂੰ ਉਭਾਰਿਆ ਗਿਆ। ਨੌਜਵਾਨਾਂ ਨੂੰ ਇਸ ਤਬਦੀਲੀ ਦੀ ਲਹਿਰ 'ਚ ਆਪਣੇ ਬਣਦੇ ਰੋਲ ਨੂੰ ਪਛਾਨਣ ਦਾ ਸੱਦਾ ਦਿੱਤਾ ਗਿਆ ਅਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਇਨਕਲਾਬੀ ਨੌਜਵਾਨ ਲਹਿਰ ਨੂੰ ਪ੍ਰੇਰਨਾ ਦੇ ਸੋਮੇ ਵਜੋਂ ਦਰਸਾਇਆ ਗਿਆ।
ਜਨਮ ਦਿਹਾੜਾ ਮਨਾਉਣ ਦੀ ਮੁਹਿੰਮ ਦੌਰਾਨ ਮੌਜੂਦਾ ਸਮੇਂ 'ਚ ਉੱਭਰੇ ਹੋਏ ਭ੍ਰਿਸ਼ਟਾਚਾਰ ਤੇ ਕਾਲੇ ਕਾਨੂੰਨਾਂ ਦੇ ਮਸਲਿਆਂ ਨੂੰ ਵਿਸ਼ੇਸ਼ ਤੌਰ 'ਤੇ ਸੰਬੋਧਿਤ ਹੋਇਆ ਗਿਆ। ਅਗਸਤ ਮਹੀਨੇ 'ਚ ਭ੍ਰਿਸ਼ਟਾਚਾਰ ਦੇ ਮਸਲੇ 'ਤੇ ਚੱਲੀ ਮੁਹਿੰਮ ਦੌਰਾਨ ਉਠਾਏ ਗਏ ਨੁਕਤਿਆਂ ਨੂੰ ਭਗਤ ਸਿੰਘ ਦੇ ਇਨਕਲਾਬੀ ਵਿਚਾਰਾਂ ਨਾਲ ਜੋੜਿਆ ਗਿਆ। ਮੌਜੂਦਾ ਰਾਜ ਪ੍ਰਬੰਧ 'ਚ ਭ੍ਰਿਸ਼ਟਾਚਾਰ ਨੂੰ ਵੱਡੀਆਂ ਜੋਕਾਂ ਲਈ ਲੁੱਟ ਦਾ ਅਹਿਮ ਸਾਧਨ ਦੱਸਦਿਆਂ ਕਿਹਾ ਗਿਆ ਕਿ ਰਾਜ ਪ੍ਰਬੰਧ 'ਚ ਲੋਕਾਂ ਦੀ ਪੁੱਗਤ ਸਥਾਪਤ ਹੋਣ ਨਾਲ ਹੀ ਭ੍ਰਿਸ਼ਟਾਚਾਰ ਦਾ ਖਾਤਮਾ ਹੋ ਸਕਦਾ ਹੈ। ਇਹਦੇ ਲਈ ਲੋਕਾਂ ਦੀ ਵਿਸ਼ਾਲ ਤੇ ਮਜ਼ਬੂਤ ਲਹਿਰ ਹੀ ਜ਼ਾਮਨੀ ਬਣਦੀ ਹੈ ਤੇ ਇਸ ਲਹਿਰ ਦਾ ਨਿਸ਼ਾਨਾ ਵੱਡੇ ਅਮੀਰ ਘਰਾਣੇ, ਕੰਪਨੀਆਂ ਤੇ ਰਾਜ ਭਾਗ ਦੀਆਂ ਅਥਾਹ ਤਾਕਤਾਂ ਬਣਨੀਆਂ ਚਾਹੀਦੀਆਂ ਹਨ।
ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਪੰਜਾਬ ਅਸੈਂਬਲੀ 'ਚ ਪਾਸ ਕੀਤੇ ਗਏ ਦੋ ਕਾਲ਼ੇ ਕਾਨੂੰਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਵਾਉਂਦਿਆਂ ਇਹਨਾਂ ਦੇ ਵਿਰੋਧ ਦਾ ਸੱਦਾ ਦਿੱਤਾ ਗਿਆ। ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੇ ਅੰਗਰੇਜ਼ ਹਕੂਮਤ ਵੱਲੋਂ ਪਾਸ ਕੀਤੇ ਜਾ ਰਹੇ ਕਾਲੇ ਕਾਨੂੰਨਾਂ ਨੂੰ ਪਾਰਲੀਮੈਂਟ 'ਚ ਬੰਬ ਧਮਾਕੇ ਕਰਕੇ ਚੁਣੌਤੀ ਦਿੱਤੀ ਸੀ। ਇਸ ਵਿਰਾਸਤ ਨੂੰ ਬੁਲੰਦ ਕਰਦਿਆਂ ਕਾਲ਼ੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਨਤਕ ਸੰਘਰਸ਼ ਕਰਨ ਦੀ ਲੋੜ ਉਭਾਰੀ ਗਈ।
ਅਗਲੇ ਪੰਨਿਆਂ ਤੇ ਇਸ ਮੁਹਿੰਮ ਦੌਰਾਨ ਹੋਈ ਸਰਗਰਮੀ ਦੀ ਰਿਪੋਰਟ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ :  
ਸੰਗਤ-ਲੰਬੀ ਇਲਾਕਾ : ਪਿੰਡ ਘੁੱਦਾ 'ਚ ਸਭਿਆਚਾਰਕ ਸਮਾਗਮ
ਸਭਾ ਦੀ ਸੰਗਤ-ਲੰਬੀ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਪਿੰਡ ਘੁੱਦਾ 'ਚ ਇਲਾਕੇ ਪੱਧਰਾ ਸੱਭਿਆਚਾਰਕ ਸਮਾਗਮ ਕਰਕੇ ਮਨਾÂਆ ਗਿਆ। ਇਸ ਸਮਾਗਮ ਦੀ ਤਿਆਰੀ 'ਚ ਇਲਾਕੇ ਦੇ ਪਿੰਡਾਂ ਘੁੱਦਾ, ਸਿੰਘੇਵਾਲਾ, ਮਹਿਣਾ, ਕਿੱਲਿਆਂਵਾਲੀ, ਖੁੱਡੀਆਂ, ਕੋਟਗੁਰੂ, ਸਰਦਾਰਗੜ• ਤੇ ਬੀੜ ਤਲਾਬ ਆਦਿ ਪਿੰਡਾਂ 'ਚ ਨੌਜਵਾਨਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ ਜਿੰਨ•ਾਂ 'ਚ ਨੌਜਵਾਨਾਂ ਦੀ ਗਿਣਤੀ 50-55 ਤੋਂ ਲੈ ਕੇ 15-20 ਤੱਕ ਦੇ ਕਰੀਬ ਰਹੀ। ਸਮਾਗਮ 'ਚ ਪਹੁੰਚਣ ਦਾ ਸੱਦਾ ਦਿੰਦਾ ਇੱਕ ਕੰਧ ਪੋਸਟਰ ਲਗਭਗ 1000 ਦੀ ਗਿਣਤੀ 'ਚ ਛਪਵਾ ਕੇ ਇਲਾਕੇ ਦੇ ਪਿੰਡਾਂ 'ਚ ਲਗਾਇਆ ਗਿਆ। ਸਭਾ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਵੀ ਚੱਲੀ ਜੀਹਦੇ ਦੌਰਾਨ ਕਈ ਪਿੰਡਾਂ 'ਚ ਨੌਜਵਾਨਾ ਦੀਆਂ ਟੀਮਾਂ ਨੇ ਘਰ-ਘਰ ਤੱਕ ਪਹੁੰਚ ਕੀਤੀ ਅਤੇ ਲੋਕਾਂ ਨੇ ਭਰਪੂਰ ਹੁੰਗਾਰਾ ਦਿੱਤਾ। ਪੂਰੇ ਇਲਾਕੇ 'ਚੋਂ 50 ਹਜ਼ਾਰ ਰੁ: ਦੇ ਲਗਭਗ ਫੰਡ ਇਕੱਠਾ ਹੋਇਆ।
25 ਸਤੰਬਰ ਨੂੰ ਪਿੰਡ ਘੁੱਦਾ 'ਚ ਹੋਏ ਨਾਟਕਾਂ ਦੇ ਸਮਾਗਮ 'ਚ ਆਸ ਪਾਸ ਦੇ ਪਿੰਡਾਂ 'ਚੋਂ ਲਗਭਗ 200 ਨੌਜਵਾਨ ਸ਼ਾਮਲ ਹੋਏ ਉਥੇ ਪਿੰਡ 'ਚੋਂ ਮਰਦਾਂ-ਔਰਤਾਂ ਨੇ ਵੀ ਭਰਵੀਂ ਸ਼ਮੂਲੀਅਤ ਕੀਤੀ। ਕੁੱਲ ਇਕੱਠ ਲਗਭਗ 1000 ਤੋਂ ਉਪਰ ਚਲਾ ਗਿਆ। ਸਮਾਗਮ ਦੀ ਤਿਆਰੀ ਲਈ ਪਿੰਡ 'ਚ ਘਰ ਘਰ ਤੱਕ ਪਹੁੰਚ ਕੀਤੀ ਗਈ ਸੀ। ਸਵੇਰ ਵੇਲੇ ਨੌਜਵਾਨਾਂ ਦੀ ਟੀਮ ਵੱੱਲੋਂ ਘਰ-ਘਰ ਜਾ ਕੇ ਠੰਢੇ ਪਾਣੀ ਲਈ ਬਰਫ਼ ਤੇ ਦੁੱਧ ਇਕੱਠਾ ਕੀਤਾ ਗਿਆ ਤੇ ਸਮਾਗਮ 'ਚ ਪਹੁੰਚਣ ਦਾ ਸੱਦਾ ਦਿੱਤਾ ਗਿਆ। ਸਵੇਰ ਤੋਂ ਹੀ 25-30 ਨੌਜਵਾਨ ਵਲੰਟੀਅਰ ਕੰਮਾਂ 'ਚ ਜੁਟੇ ਰਹੇ। ਖਚਾਖਚ ਭਰੇ ਪੰਡਾਲ 'ਚ ਲੋਕਾਂ ਨੇ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਖੇਡੇ ਗਏ ਨਾਟਕ 'ਇਕੋ ਰਾਹ ਸੁਵੱਲੜਾ' ਤੇ 'ਮੈਂ ਫਿਰ ਆਵਾਂਗਾ' ਬਹੁਤ ਇਕਾਗਰਤਾ ਨਾਲ ਦੇਖੇ। ਇਕੱਠ ਨੂੰ ਸਭਾ ਦੇ ਸੂਬਾ ਜਥੇਬੰਦਕ ਸਕੱਤਰ ਪਾਵੇਲ ਕੁੱਸਾ ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਸ਼ਿੰਗਾਰਾ ਸਿੰਘ ਮਾਨ ਨੇ ਸੰਬੋਧਨ ਕੀਤਾ। ਸਭਾ ਦੇ ਨੌਜਵਾਨ ਕਾਰਕੁੰਨਾਂ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਸਮਾਗਮ 'ਚ ਮੰਚ ਸੰਚਾਲਨ ਸਭਾ ਦੇ ਇਲਾਕਾ ਸਕੱਤਰ ਜਗਮੀਤ ਸਿੰਘ ਨੇ ਕੀਤਾ।
ਇਉਂ ਸਫਲਤਾਪੂਰਵਕ ਤਰੀਕੇ ਨਾਲ ਇਹ ਸਭਿਆਚਾਰਕ ਸਮਾਗਮ ਲੋਕਾਂ ਨੂੰ ਸਿਹਤਮੰਦ ਮਨੋਰੰਜਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸ਼ਹੀਦਾਂ ਦਾ ਇਨਕਲਾਬੀ ਸੁਨੇਹਾ ਵੰਡਣ 'ਚ ਕਾਮਯਾਬ ਹੋਇਆ। ਨੌਜਵਾਨਾਂ 'ਚ ਜੋਸ਼ ਤੇ ਉਤਸ਼ਾਹ ਜਗਾਉਣ 'ਚ ਸਫ਼ਲ ਹੋਇਆ। ਭਾਵੇਂ ਕਿ ਕਮੇਟੀ ਵੱਲੋਂ ਇਹ ਮੁਹਿੰਮ 25 ਤੱਕ ਹੀ ਮਿਥੀ ਗਈ ਸੀ ਪਰ ਇਸ ਸਮਾਗਮ ਦੇ ਅਸਰ ਹੇਠ ਝੂਣੇ ਗਏ ਨੌਜਵਾਨਾਂ ਨੇ 25 ਤੋਂ ਬਾਅਦ ਵੀ ਮੁਹਿੰਮ ਨੂੰ ਜਾਰੀ ਰੱਖਿਆ ਤੇ ਆਪੋ ਆਪਣੇ ਪਿੰਡਾਂ 'ਚ ਵੀ ਇਹ ਸੁਨੇਹਾ ਜਨਤਾ ਤੱਕ ਪਹੁੰਚਾਉਣ ਲਈ ਉਪਰਾਲੇ ਕੀਤੇ।
ਖੁੱਡੀਆਂ 'ਚ ਮਸ਼ਾਲ ਮਾਰਚ : 28 ਸਤੰਬਰ ਦੀ ਰਾਤ ਨੂੰ ਪਿੰਡ ਖੁੱਡੀਆਂ 'ਚ ਨੌਜਵਾਨਾਂ ਨੇ ਮਸ਼ਾਲ ਮਾਰਚ ਕੀਤਾ ਜੀਹਦੇ 'ਚ ਲਗਭਗ 80 ਨੌਜਵਾਨ ਸ਼ਾਮਲ ਹੋਏ। ਨੌਜਾਵਾਨਾਂ ਨੇ ਇਨਕਲਾਬ-ਜ਼ਿੰਦਾਬਾਦ ਤੇ ਭਗਤ ਸਿੰਘ ਅਮਰ ਰਹੇ ਦੇ ਨਾਅਰੇ ਗੁੰਜਾਏ। ਕਾਫ਼ਲੇ ਨੇ ਪਿੰਡ 'ਚ ਮੋਮਬੱਤੀਆਂ ਜਗਾਉਣ ਦਾ ਸੱਦਾ ਦਿੱਤਾ।
ਕਿੱਲਿਆਂਵਾਲੀ 'ਚ ਜਾਗੋ : ਇਲਾਕੇ ਦੇ ਪਿੰਡ ਕਿੱਲਿਆਂਵਾਲੀ 'ਚ ਸਭਾ ਦੇ ਕਾਰਕੁੰਨਾਂ ਦੀ ਅਗਵਾਈ 'ਚ ਜਾਗੋ ਕੱਢੀ ਗਂਈ। ਇਸ ਜਾਗੋ ਮਾਰਚ 'ਚ 215-220 ਦੀ ਗਿਣਤੀ ਤੱਕ ਲੋਕਾਂ ਦਾ ਇਕੱਠ ਹੋਇਆ। ਪਿੰਡ ਦੀਆਂ ਗਲੀਆਂ 'ਚ ਜਾਗੋ ਲੈ ਕੇ ਲੋਕਾਂ ਨੂੰ ਲੁੱਟ ਜਬਰ ਖਿਲਾਫ਼ ਉਠ ਕੇ, ਸੰਗਰਾਮ ਕਰਨ ਦਾ ਹੋਕਾ ਦਿੱਤਾ ਗਿਆ। ਇਸ ਮੌਕੇ ਲੋਕਾਂ ਨੇ ਘਰ-ਘਰ ਦੀਵੇ ਜਗਾਏ।
ਘੁੱਦਾ : 28 ਸਤੰਬਰ ਦੀ ਸ਼ਾਮ ਨੂੰ 30 ਦੇ ਲਗਭਗ ਇਕੱਠੇ ਹੋਏ ਨੌਜਵਾਨਾਂ ਨੇ ਪਿੰਡ 'ਚ ਮੋਮਬੱਤੀਆਂ ਲਾਉਣ ਦਾ ਸੁਨੇਹਾ ਦਿੱਤਾ ਤੇ ਕੁਝ ਸਾਂਝੀਆਂ ਥਾਵਾਂ 'ਤੇ ਆਪ ਮੋਮਬੱਤੀਆਂ ਲਾਈਆਂ।
ਸਿੰਘੇਵਾਲਾ : ਸਿੰਘੇਵਾਲਾ ਪਿੰਡ 'ਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਇਕੱਤਰਤਾ ਕਰਕੇ ਸ਼ਹੀਦ ਦੇ ਜਨਮ ਦਿਹਾੜੇ ਮੌਕੇ ਝੰਡਾ ਝੁਲਾਇਆ ਗਿਆ। ਇਸ 'ਚ ਸਭਾ ਦੀ ਅਗਵਾਈ 'ਚ ਪਿੰਡ ਦੇ ਨੌਜਵਾਨ ਸ਼ਾਮਿਲ ਹੋਏ। ਇਕੱਠ ਨੂੰ ਮਜ਼ਦੂਰ ਜਥੇਬੰਦੀ ਤੇ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ।
ਗੁਰੂਕੇ ਪਿੰਡ 'ਚ ਨੌਜਵਾਨਾਂ ਵੱਲੋਂ ਸ਼ਾਮ ਨੂੰ ਹੋਕੇ ਲਗਾ ਕੇ ਘਰ-ਘਰ ਦੀਵੇ ਜਗਾਉਣ ਦਾ ਸੱਦਾ ਦਿੱਤਾ।
ਚੁੱਘੇ ਕਲਾਂ ਪਿੰਡ 'ਚ 28 ਸਤੰਬਰ ਦੀ ਸਵੇਰ ਨੂੰ 50 ਦੇ ਲਗਭਗ ਨੌਜਵਾਨਾਂ ਨੇ ਮਾਰਚ ਕੀਤਾ। ਪਿੰਡ ਦੇ ਸਥਾਨਕ ਕਲੱਬ ਵੱਲੋਂ ਮਾਰਚ ਦੇ ਦਿੱਤੇ ਸੱਦੇ 'ਚ ਸਭਾ ਦੇ ਨੌਜਵਾਨ ਵੀ ਸ਼ਾਮਿਲ ਹੋਏ। ਨਾਅਰੇ ਲਗਾ ਕੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਗਈ।
ਸ਼ੀਹਾਂ-ਦਾਉਦ 'ਚ ਬੱਚਿਆਂ ਦੇ ਕੁਇਜ਼ ਮੁਕਾਬਲੇ : ਨੌਜਵਾਨ ਭਾਰਤ ਸਭਾ ਦੇ ਖੰਨਾਂ ਇਲਾਕੇ ਦੇ ਨੌਜਵਾਨਾਂ ਨੇ ਪਿੰਡ ਸ਼ੀਹਾਂ-ਦਾਉਦ 'ਚ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ। ਇਸ ਮੌਕੇ 'ਤੇ ਸਕੂਲੀ ਬੱਚਿਆਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ ਤੇ ਲੋਕਾਂ ਦੀ ਭਰਵੀਂ ਇਕੱਤਰਤਾ ਹੋਈ। 250 ਦੇ ਲਗਭਗ ਇਕੱਠੇ ਹੋਏ ਪਿੰਡ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਕਮੇਟੀ ਮੈਂਬਰ ਰਵਿੰਦਰ ਹੈਪੀ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਆਦਰਸ਼ਾਂ 'ਤੇ ਚਾਨਣਾ ਪਾਉਂਦਿਆਂ ਭ੍ਰਿਸ਼ਟਾਚਾਰ ਤੇ ਕਾਲੇ ਕਾਨੂੰਨਾਂ ਦੇ ਮੁੱਦਿਆ 'ਤੇ ਵਿਚਾਰ ਪੇਸ਼ ਕੀਤੇ ਅਤੇ ਨੌਜਵਾਨਾਂ ਨੂੰ ਸਭਾ ਦੇ ਝੰਡੇ ਹੇਠ ਜਥੇਬੰਦ ਹੋਣ ਦਾ ਸੱਦਾ ਦਿੱਤਾ। ਬੱਚਿਆਂ ਨੂੰ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਦੇ ਜੀਵਨ 'ਚੋਂ ਤੇ ਵਿਗਿਆਨ ਇਤਿਹਾਸ ਦੇ ਵਿਸ਼ਿਆਂ 'ਚੋਂ ਸਵਾਲ ਪੁੱਛੇ ਗਏ ਜਿੰਨ•ਾਂ ਦੇ ਜਵਾਬ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਦਿੱਤੇ ਤੇ ਨਵਾਂ ਜਾਨਣ ਦੀ ਜਗਿਆਸਾ ਵੀ ਜ਼ਾਹਰ ਹੋਈ। ਇਹਨਾਂ ਬੱਚਿਆਂ ਵੱਲੋਂ ਇਨਕਲਾਬੀ ਗੀਤ, ਕਵਿਤਾਵਾਂ ਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਇਸ ਇਕੱਠ ਨੂੰ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਆਗੂ ਦਰਸ਼ਨ ਕੂਹਲੀ ਨੇ ਵੀ ਸੰਬੋਧਨ ਕੀਤਾ। ਇਉਂ ਇਹ ਸਮਾਗਮ ਪਿੰਡ ਨਿਵਾਸੀਆਂ ਅਤੇ ਨੌਜਵਾਨਾਂ 'ਤੇ ਆਪਣਾ ਅਸਰ ਛੱਡਣ 'ਚ ਕਾਮਯਾਬ ਹੋਇਆ।
ਛਾਜਲੀ (ਸੁਨਾਮ) 'ਚ ਮਸ਼ਾਲ ਮਾਰਚ : ਸੁਨਾਮ ਇਲਾਕੇ ਦੇ ਪਿੰਡ ਛਾਜਲੀ 'ਚ ਸਭਾ ਦੇ ਸੱਦੇ 'ਤੇ ਸ਼ਹੀਦ ਭਗਤ ਸਿੰਘ ਸਟੱਡੀ ਸਰਕਲ ਵੱਲੋਂ ਮਸ਼ਾਲ ਮਾਰਚ ਕੀਤਾ ਗਿਆ। 60-70 ਦੇ ਲਗਭਗ ਨੌਜਵਾਨਾਂ ਵੱਲੋਂ ਮਸ਼ਾਲਾਂ ਲੈ ਕੇ ਪਿੰਡ ਦੀ ਫਿਰਨੀ 'ਤੇ ਮੁਜ਼ਾਹਰਾ ਕੀਤਾ ਅਤੇ ਲੋਕਾਂ ਨੂੰ ਘਰਾਂ ਦੇ ਬਨੇਰਿਆਂ ਉੱਤੇ ਮੋਮਬੱਤੀਆਂ ਬਾਲਣ ਦਾ ਸੱਦਾ ਦਿੱਤਾ। ਏਸੇ ਤਰ•ਾਂ ਉਗਰਾਹਾਂ ਪਿੰਡ 'ਚ ਵੀ ਨੌਜਵਾਨਾਂ ਨੇ ਮਸ਼ਾਲ ਮਾਰਚ ਰਾਹੀਂ ਭਗਤ ਸਿੰਘ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ।
ਖਟਕੜ ਕਲਾਂ ਦੀ ਧਰਤੀ 'ਤੇ ਨਤਮਸਤਕ ਹੋਇਆ ਨੌਜਵਾਨਾਂ ਦਾ ਕਾਫਲਾ 
ਮੋਗਾ ਇਲਾਕੇ ਦੇ ਸੈਂਕੜੇ ਨੌਜਵਾਨਾਂ ਦਾ ਕਾਫ਼ਲਾ 25 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਪਹੁੰਚ ਕੇ ਇਤਿਹਾਸਕ ਧਰਤੀ ਨੂੰ ਨਤਮਸਤਕ ਹੋਇਆ ਅਤੇ ਸ਼ਹੀਦ ਦੇ ਅਧੂਰੇ ਕਾਜ਼ ਦੀ ਪੂਰਤੀ ਲਈ ਜਦੋਜਹਿਦ ਨੂੰ ਤੇਜ਼ ਕਰਨ ਦਾ ਅਹਿਦ ਲਿਆ। ਖਟਕੜ ਕਲਾਂ ਪਹੁੰਚਣ ਦਾ ਸੱਦਾ ਨੌਜਵਾਨ ਭਾਰਤ ਸਭਾ ਦੀ ਮੋਗਾ ਇਲਾਕਾ ਕਮੇਟੀ ਵੱਲੋਂ ਦਿੱਤਾ ਗਿਆ ਸੀ।
ਕਮੇਟੀ ਵੱਲੋਂ 15 ਦਿਨ ਦੀ ਮੁਹਿੰਮ ਵਿਉਂਤੀ ਗਈ ਜੀਹਦੇ ਸਿਖ਼ਰ 'ਤੇ ਨੌਜਵਾਨਾਂ ਦਾ ਕਾਫਲਾ ਖਟਕੜ ਕਲਾਂ ਪਹੁੰਚਿਆ। ਇਸ ਮੁਹਿੰਮ ਤਹਿਤ ਇਲਾਕੇ ਦੇ ਪਿੰਡਾਂ ਕੁੱਸਾ, ਮਾਛੀਕੇ, ਦੌਧਰ, ਰਾਮਾਂ, ਮੱਦੋਕੇ, ਭਾਗੀਕੇ, ਹਿੰਮਤਪੁਰਾ, ਤਖਤੂਪੁਰਾ, ਸੈਦੋਕੇ, ਰੌਂਤਾ, ਬਿਲਾਸਪੁਰ 'ਚ ਨੌਜਵਾਨਾਂ ਦੀਆਂ ਮੀਟਿੰਗਾਂ ਜਥੇਬੰਦ ਕੀਤੀਆਂ ਗਈਆਂ ਜਿਨ•ਾਂ 'ਚ 15 ਤੋਂ 30 ਤੱਕ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਇਲਾਕਾ ਕਮੇਟੀ ਦੇ ਆਗੂਆਂ ਕਰਮ ਰਾਮਾਂ, ਅਮਨ ਮਾਛੀਕੇ, ਗੁਰਮੁਖ ਹਿੰਮਤਪੁਰਾ ਨੇ ਸ਼ਹੀਦ ਭਗਤ ਸਿੰਘ ਦੀ ਜੀਵਨ ਘਾਲਣਾ ਤੇ ਕੁਰਬਾਨੀ ਦੇ ਮਹੱਤਵ ਬਾਰੇ ਚਾਨਣਾ ਪਾਇਆ ਤੇ ਉਹਦੇ ਇਨਕਲਾਬੀ ਵਿਚਾਰਾਂ ਤੋਂ ਪ੍ਰੇਰਨਾ ਲੈ ਕੇ ਇਨਕਲਾਬ ਦੇ ਸੰਗਰਾਮ 'ਚ ਨੌਜਵਾਨਾਂ ਨੂੰ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਭ੍ਰਿਸ਼ਟਾਚਾਰ ਦੇ ਮਸਲੇ ਬਾਰੇ ਚਰਚਾ ਕਰਦਿਆਂ ਭ੍ਰਿਸ਼ਟਾਚਾਰ ਦੇ ਅਸਲ ਕਾਰਨਾਂ ਅਤੇ ਨਵੀਆਂ ਆਰਥਿਕ ਨੀਤੀਆਂ ਖਿਲਾਫ਼ ਜਦੋਜਹਿਦ ਨਾਲ ਜੁੜਕੇ ਭ੍ਰਿਸ਼ਟਾਚਾਰ ਵਿਰੋਧੀ ਸੰਘਰਸ਼ਾਂ ਦੇ ਮਹੱਤਵ ਨੂੰ ਉਭਾਰਿਆ ਗਿਆ। ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਕਾਲ਼ੇ ਕਾਨੂੰਨਾਂ ਦਾ ਵਿਰੋਧ ਕਰਨ ਦਾ ਸੱਦਾ ਦਿੰਦਿਆਂ ਸ਼ਹੀਦ ਦੀ ਕਾਲੇ ਕਾਨੂੰਨਾਂ ਦਾ ਵਿਰੋਧ ਕਰਨ ਦੀ ਵਿਰਾਸਤ 'ਤੇ ਪਹਿਰਾ ਦੇਣ ਦਾ ਸੱਦਾ ਦਿੱਤਾ ਗਿਆ।
ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੰਦਾ ਇਕ ਹੱਥ ਪਰਚਾ ਛਾਪ ਕੇ ਪੂਰੇ ਇਲਾਕੇ ਦੇ ਨੌਜਵਾਨਾਂ ਤੇ ਲੋਕਾਂ ਤੱਕ ਪਹੁੰਚਾਇਆ ਗਿਆ। ਇਸ ਦੌਰਾਨ ਹੀ ਸਭਾ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਚਲਾਈ ਗਈ ਜਿਸ ਨੂੰ ਲੋਕਾਂ ਨੇ ਭਰਪੂਰ ਹੁੰਗਾਰਾ ਦਿੱਤਾ। ਜਿਸ ਤਹਿਤ 40 ਹਜ਼ਾਰ ਰੁ: ਦੇ ਲਗਭਗ ਫੰਡ ਇਕੱਠਾ ਹੋਇਆ।
25 ਸਤੰਬਰ ਐਤਵਾਰ ਦੀ ਸਵੇਰ ਨੂੰ ਇਲਾਕੇ ਦੇ 12 ਪਿੰਡਾਂ 'ਚੋਂ ਲਗਭਗ 150 ਨੌਜਵਾਨ ਪਿੰਡ ਰਾਮਾਂ 'ਚ ਇਕੱਠੇ ਹੋ ਕੇ ਖਟਕੜ ਕਲਾਂ ਵੱਲ ਰਵਾਨਾ ਹੋਏ। ਬਸੰਤੀ ਪੱਗਾਂ 'ਚ ਸਜੇ ਨੌਜਵਾਨਾਂ ਨੂੰ ਜੋਸ਼ੀਲੇ ਨਾਅਰੇ ਮਾਰਦਿਆਂ ਲੋਕ ਚਾਅ ਤੇ ਉਤਸ਼ਾਹ ਨਾਲ ਦੇਖ ਰਹੇ ਸਨ ਤੇ ਇਹ ਉਤਸ਼ਾਹ ਨਾਅਰਿਆਂ ਦੇ ਜਵਾਬ ਦੇਣ ਰਾਹੀਂ ਵੀ ਪ੍ਰਗਟ ਹੋ ਰਿਹਾ ਸੀ। ਸਾਰੇ ਸਾਧਨਾਂ 'ਤੇ ਸ਼ਹੀਦ ਭਗਤ ਸਿੰਘ ਦੀਆਂ ਵੱਡੀਆਂ ਤਸਵੀਰਾਂ ਅਤੇ ਨਾਅਰਿਆਂ ਵਾਲੀਆਂ ਫਲੈਕਸਾਂ, ਬੈਨਰ ਲੱਗੇ ਹੋਏ ਸਨ। 'ਸ਼ਹੀਦੋ ਥੋਡੇ ਕਾਜ਼ ਅਧੂਰੇ, ਲਾ ਕੇ ਜਿੰਦੜੀਆਂ ਕਰਾਂਗੇ ਪੂਰੇ' ਤੇ 'ਇਨਕਲਾਬ-ਜ਼ਿੰਦਾਬਾਦ!' 'ਸਾਮਰਾਜਵਾਦ-ਮੁਰਦਾਬਾਦ!' ਦੇ ਨਾਅਰੇ ਗੂੰਜ ਰਹੇ ਸਨ। ਗੱਡੀਆਂ 'ਤੇ ਰੱਖੇ ਸਪੀਕਰਾਂ 'ਚੋਂ ਸਾਰੇ ਸਫ਼ਰ ਦੌਰਾਨ 'ਮੇਰਾ ਰੰਗ ਦੇ ਬਸੰਤੀ ਚੋਲਾ. . . . ' ਤੇ ਅਜਿਹੇ ਹੀ ਹੋਰ ਇਨਕਲਾਬੀ ਗੀਤਾਂ ਦੀ ਧਮਕ ਪੈਂਦੀ ਰਹੀ।
ਦੁਪਹਿਰ ਵੇਲੇ ਕਾਫ਼ਲਾ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਤੇ ਫਿਰ ਮਿਊਜ਼ੀਅਮ 'ਚ ਪਹੁੰਚਿਆ। ਇਤਿਹਾਸਕ ਧਰਤੀ 'ਤੇ ਖੜ• ਕੇ ਸ਼ਹੀਦ ਦੀ ਮਹਾਨ ਦੇਣ ਨੂੰ ਨਤਮਸਤਕ ਹੁੰਦੇ ਹੋਏ ਨੌਜਵਾਨਾਂ ਨੇ ਲੋਕ ਮੁਕਤੀ ਦੀ ਜਦੋਜਹਿਦ 'ਚ ਹਿੱਸਾ ਪਾਉਣ ਦੇ ਇਰਾਦੇ ਨੂੰ ਸਾਣ 'ਤੇ ਲਾਇਆ। ਇਸ ਮੌਕੇ ਹੋਈ ਰੈਲੀ ਨੂੰ ਸਭਾ ਦੀ ਇਲਾਕਾ ਕਮੇਟੀ ਦੇ ਮੈਂਬਰਾਂ ਕਰਮ ਰਾਮਾਂ ਅਤੇ ਜਗਰਾਜ ਕੁੱਸਾ ਨੇ ਸੰਬੋਧਨ ਕੀਤਾ।
ਇਨਕਲਾਬੀ ਉਤਸ਼ਾਹ ਨਾਲ ਡੁੱਲ• ਡੁੱਲ• ਪੈਂਦੇ ਨੌਜਵਾਨਾਂ ਦਾ ਕਾਫ਼ਲਾ ਸ਼ਾਮ ਨੂੰ ਵਾਪਸ ਰਵਾਨਾ ਹੋਇਆ।
ਪਿੰਡ ਸਿਵੀਆਂ 'ਚ ਮਸ਼ਾਲ ਮਾਰਚ : ਬਠਿੰਡਾ ਜ਼ਿਲ•ੇ ਦੇ ਪਿੰਡ ਸਿਵੀਆਂ 'ਚ ਨੌਜਵਾਨ ਭਾਰਤ ਸਭਾ ਦੇ ਸੱਦੇ 'ਤੇ 28 ਸਤੰਬਰ ਦੀ ਰਾਤ ਨੂੰ ਪਿੰਡ ਦੇ ਨੌਜਵਾਨਾਂ ਨੇ ਮਸ਼ਾਲਾਂ ਨਾਲ ਮਾਰਚ ਕੀਤਾ। 80 ਦੇ ਲਗਭਗ ਨੌਜਵਾਨਾਂ ਤੇ ਹੋਰਨਾਂ ਲੋਕਾਂ ਵੱਲੋਂ ਪਿੰਡ ਦੀਆਂ ਗਲੀਆਂ 'ਚ ਜ਼ੋਰਦਾਰ ਨਾਅਰੇ ਗੁੰਜਾਏ ਗਏ ਤੇ ਵੱਖ-2 ਥਾਵਾਂ 'ਤੇ ਰੁਕ ਕੇ ਲੋਕਾਂ ਨੂੰ ਆਗੂਆਂ ਨੇ ਸੰਬੋਧਨ ਵੀ ਕੀਤਾ। ਸੰਬੋਧਨ ਕਰਨ ਵਾਲਿਆਂ 'ਚ ਸਭਾ ਦੇ ਆਗੂ ਸਤਵਿੰਦਰ ਸਿੰਘ, ਬੇਅੰਤ ਸਿੰਘ, ਸੁਖਰਾਜ ਸਿੰਘ ਤੋਂ ਬਿਨਾਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਆਗੂ ਅਮਰੀਕ ਸਿਵੀਆਂ ਵੀ ਸ਼ਾਮਲ ਸਨ। ਘਰਾਂ 'ਚ ਦੀਵੇ ਬਾਲਣ ਦਾ ਸੱਦਾ ਦਿੰਦਾ ਇਹ ਨੌਜਵਾਨ ਮਾਰਚ ਨੌਜਾਵਨਾਂ ਤੇ ਹੋਰਨਾਂ ਲੋਕਾਂ 'ਚ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੇ ਪ੍ਰਸੰਗ 'ਚ ਅਜੋਕੀਆਂ ਚੁਣੌਤੀਆਂ ਨਾਲ ਮੱਥਾ ਲਾਉਣ ਦਾ ਸੱਦਾ ਦੇਣ 'ਚ ਸਫ਼ਲ ਰਿਹਾ।
28 ਸਤੰਬਰ ਨਿਹਾਲ ਸਿੰਘ ਵਾਲਾ ਬਲਾਕ ਦੇ ਪਿੰਡਾਂ 'ਚ ਮਾਰਚ : 28 ਸਤੰਬਰ ਨੂੰ ਨਿਹਾਲ ਸਿੰਘ ਵਾਲਾ (ਮੋਗਾ) ਇਲਾਕੇ ਦੇ ਅੱਧੀ ਦਰਜਨ ਤੋਂ ਉਪਰ ਪਿੰਡਾਂ 'ਚ ਨੌਜਵਾਨ ਭਾਰਤ ਸਭਾ ਵੱਲੋਂ ਮੋਟਰ ਸਾਇਕਲਾਂ-ਸਕੂਟਰਾਂ ਤੇ ਮਾਰਚ ਕੀਤਾ ਗਿਆ। 25-30 ਦੇ ਲਗਭਗ ਨੌਜਵਾਨਾਂ ਵੱਲੋਂ ਕਾਫ਼ਲਾ ਮਾਰਚ ਪਿੰਡ ਸੈਦੋਕੇ ਤੋਂ ਸ਼ੁਰੂ ਕਰਕੇ ਮਧੇਕੇ, ਬੁਰਜ ਹਮੀਰਾ, ਗਾਜੀਆਣਾ, ਨਿਹਾਲ ਸਿੰਘ ਵਾਲਾ, ਭਾਗੀਕੇ ਆਦਿ ਪਿੰਡਾਂ 'ਚੋਂ ਹੁੰਦਾ ਹੋਇਆ ਮਾਛੀਕੇ ਵਿਖੇ ਸਮਾਪਤ ਹੋਇਆ। ਇਸ ਦੌਰਾਨ ਵੱਖ-2 ਪਿੰਡਾਂ 'ਚ ਹੋਈਆਂ ਰੈਲੀਆਂ ਨੂੰ ਸਭਾ ਦੇ ਇਲਾਕਾ ਕਮੇਟੀ ਮੈਂਬਰਾਂ ਮਨਵੀਰ ਸੈਦੋਕੇ ਤੇ ਸੁੱਖੀ ਮਾਛੀਕੇ ਨੇ ਸੰਬੋਧਨ ਕੀਤਾ। ਮਾਰਚ  ਦੌਰਾਨ ਪਿੰਡਾਂ 'ਚ ਲੋਕਾਂ ਨੂੰ ਘਰਾਂ ਦੇ ਬਨੇਰਿਆਂ 'ਤੇ ਦੀਵੇ ਬਾਲਣ ਦਾ ਸੱਦਾ ਦਿੱਤਾ ਗਿਆ ਅਤੇ ਕਈ ਥਾਵਾਂ 'ਤੇ ਕਾਫ਼ਲੇ ਵੱਲੋਂ ਮੋਮਬੱਤੀਆਂ ਵੀ ਵੰਡੀਆਂ ਗਈਆਂ। ਸਾਰੇ ਮਾਰਚ ਦੌਰਾਨ ਨੌਜਵਾਨਾਂ ਵੱਲੋਂ ਜੋਸ਼-ਭਰਪੂਰ ਨਾਅਰੇ ਲੱਗਦੇ ਰਹੇ। ਇਹ ਮਾਰਚ ਪਿਛਲੇ ਤਿੰਨ ਕੁ ਸਾਲ ਤੋਂ ਇਸ ਖੇਤਰ ਦੇ ਨੌਜਵਾਨਾਂ ਵੱਲੋਂ 28 ਸਤੰਬਰ ਦੇ ਦਿਨ ਕੀਤੇ ਜਾ ਰਹੇ ਮਾਰਚਾਂ ਦੀ ਲੜੀ ਨੂੰ ਜਾਰੀ ਰੱਖਣ ਦਾ ਉੱਦਮ ਸੀ ਕਿਉਂਕਿ ਇਸ ਵਾਰ ਇਲਾਕਾ ਕਮੇਟੀ ਦੀ ਅਗਵਾਈ 'ਚ ਨੌਜਵਾਨਾਂ ਦਾ ਕਾਫ਼ਲਾ ਖਟਕੜ ਕਲਾਂ ਜਾ ਕੇ ਆਇਆ ਸੀ ਤੇ 28 ਸਤੰਬਰ ਵਾਲੇ ਦਿਨ ਵੀ ਆਗੂ ਟੀਮ ਦਾ ਇਕ ਹਿੱਸਾ ਸ਼੍ਰੀ ਗੁਰਸ਼ਰਨ ਸਿੰਘ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਚੰਡੀਗੜ• ਗਿਆ ਹੋਇਆ ਸੀ। ਪਿੱਛੇ ਰਹਿ ਗਏ ਨੌਜਵਾਨਾਂ ਦੀ ਟੀਮ ਨੇ ਇਸ ਮਾਰਚ ਰਾਹੀਂ ਭਗਤ ਸਿੰਘ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਇਆ।
ਪਿੰਡ ਕੁੱਸਾ 'ਚ ਮਸ਼ਾਲ ਮਾਰਚ : ਪਿੰਡ ਕੁੱਸਾ 'ਚ ਵੀ 28 ਸਤੰਬਰ ਦੀ ਸ਼ਾਮ ਨੂੰ 30 ਦੇ ਕਰੀਬ ਨੌਜਵਾਨਾਂ ਵੱਲੋਂ ਮਸ਼ਾਲ ਮਾਰਚ ਕੀਤਾ ਗਿਆ। ਲਟ ਲਟ ਬਲਦੀਆਂ ਮਸ਼ਾਲਾਂ ਹੱਥਾਂ 'ਚ ਫੜੀ ਨੌਜਵਾਨਾਂ ਨੇ ਪਿੰਡ ਦੀਆਂ ਗਲੀਆਂ 'ਚ ਨਾਅਰੇ ਮਾਰਦੇ ਹੋਏ ਮਾਰਚ ਕੀਤਾ ਅਤੇ ਪਟਾਕੇ ਚਲਾਏ।
ਮੌੜ ਚੜ•ਤ ਸਿੰਘ ਵਾਲਾ ਪਿੰਡ 'ਚ 70-75 ਨੌਜਵਾਨਾਂ ਵੱਲੋਂ ਮਸ਼ਾਲ ਮਾਰਚ ਕੀਤਾ ਗਿਆ। ਪਿੰਡ ਦੀ ਫਿਰਨੀ ਅਤੇ ਗਲੀਆਂ 'ਚੋਂ ਨੌਜਵਾਨਾਂ ਦਾ ਕਾਫ਼ਲਾ ਨਾਅਰੇ ਮਾਰਦਾ ਗੁਜ਼ਰਿਆ। ਪਿੰਡ 'ਚ 3 ਥਾਵਾਂ 'ਤੇ ਪੜਾਅ ਕਰਕੇ ਰੈਲੀਆਂ ਕੀਤੀਆਂ ਗਈਆਂ। ਇਹਨਾਂ ਰੈਲੀਆਂ 'ਚ ਨੌਜਵਾਨਾਂ ਤੋਂ ਬਿਨਾਂ ਹੋਰਨਾਂ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। ਰੈਲੀਆਂ ਨੂੰ ਸਭਾ ਦੇ ਇਲਾਕਾ ਆਗੂ ਸਰਬਜੀਤ ਮੌੜ ਨੇ ਸੰੰਬੋਧਨ ਕੀਤਾ। ਇਸਤੋਂ ਬਿਨਾਂ ਜੋਗੇਵਾਲਾ ਪਿੰਡ 'ਚ ਨੌਜਵਾਨਾਂ ਦੀ  ਭਰਵੀਂ ਮੀਟਿੰਗ ਦੌਰਾਨ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

Wednesday, 23 November 2011

ਅਸੀਂ ਆਹ ਕਰ ਦਿਆਂਗੇ, ਅਸੀਂ ਔਹ ਕਰ ਦਿਆਂਗੇ!!

ਕਬੱਡੀ ਉਲੰਪਿਕਸ 'ਚ? ਨਿਰੇ ਸ਼ੇਖ ਚਿੱਲੀ ਦੇ ਸੁਪਨੇ!
ਹਿੰਦੋਸਤਾਨ ਟਾਈਮਜ਼ ਦੀ ਇੱਕ ਖ਼ਬਰ (ਨਵੰਬਰ 23, 2011)
        ਜੇ ਹਵਾ 'ਚ ਮਹਿਲ ਉਸਾਰੇ ਜਾ ਸਕਦੇ ਹੁੰਦੇ ਤਾਂ 2016 ਦੀਆਂ ਉਲੰਪਿਕ ਖੇਡਾਂ 'ਚ ਕਬੱਡੀ ਨੇ ਵੀ ਸ਼ਾਮਿਲ ਹੋਣਾ ਸੀ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਇਹ ਸੁਪਨਾ ਜਿਹੜਾ ਕਿ ਹੁਣੇ ਹੁਣੇ ਨੇਪਰੇ ਚੜ੍ਹੇ ਕਬੱਡੀ ਕੱਪ ਦੌਰਾਨ ਜੋਰਾਂ ਸ਼ੋਰਾਂ ਨਾਲ ਪ੍ਰਚਾਰਿਆ ਗਿਆ ਹੈ, ਸੁਪਨਾ ਹੀ ਰਹੇਗਾ।

ਸੁਖਬੀਰ ਬਾਦਲ, ਜਿਸ ਕੋਲ ਕਿ ਖੇਡ ਮੰਤਰਾਲਾ ਵੀ ਹੈ, ਕਬੱਡੀ (ਸਰਕਲ ਜਾਂ ਪੰਜਾਬ ਸਟਾਈਲ) ਨੂੰ ਉਲੰਪਿਕ ਖੇਡਾਂ 'ਚ ਪਹੁੰਚਾਉਣ ਲਈ ਹਰ ਤਰ੍ਹਾਂ ਦੇ ਯਤਨ ਜੁਟਾਉਣ ਦੇ ਵਾਅਦੇ ਕਰਦਾ ਰਿਹਾ ਹੈ। ਹਾਲਾਂਕਿ ਰਿਓ ਡੀ ਜਨੇਰੀਓ ਵਿਖੇ ਹੋ ਰਹੀਆਂ ਉਲੰਪਿਕ ਖੇਡਾਂ 'ਚ ਸ਼ਾਮਲ ਕੀਤੀਆਂ ਜਾ ਰਹੀਆਂ 28 ਕਿਸਮ ਦੀਆਂ ਖੇਡਾਂ ਦੋ ਸਾਲ ਪਹਿਲਾਂ ਹੀ ਤਹਿ ਹੋ ਚੁੱਕੀਆਂ ਹਨ। 
        . . . ਇੱਥੋਂ ਤੱਕ ਕਿ ਭਵਿੱਖ 'ਚ ਵੀ ਕਬੱਡੀ ਦੇ ਉਲੰਪਿਕਸ ਖੇਡਾਂ 'ਚ ਸ਼ਾਮਲ ਹੋਣ ਦੀ ਕੋਈ ਹਕੀਕੀ ਸੰਭਾਵਨਾ ਨਹੀਂ ਹੈ। 
        ਉਲੰਪਿਕਸ 'ਚ ਸ਼ਾਮਲ ਹੋਣ ਦੇ ਯੋਗ ਹੋਣ ਲਈ ਕਿਸੇ ਵੀ ਖੇਡ ਦਾ ਮਰਦਾਂ ਦੀ ਵੰਨਗੀ 'ਚ ਪੰਜ ਉਪ-ਮਹਾਂਦੀਪਾਂ ਦੇ 70 ਮੁਲਕਾਂ ਅਤੇ ਔਰਤਾਂ ਦੀ ਵੰਨਗੀ 'ਚ 4 ਉਪ-ਮਹਾਂਦੀਪਾਂ ਦੇ 40 ਮੁਲਕਾਂ 'ਚ ਖੇਡੇ ਜਾਂਦਾ ਹੋਣਾ ਲਾਜ਼ਮੀ ਹੈ। . . . 
        ਪੰਜਾਬ ਸਟਾਈਲ ਕਬੱਡੀ ਬਹੁਤਾ ਕਰਕੇ ਪੰਜਾਬੀਆਂ ਵੱਲੋਂ ਹੀ ਖੇਡੀ ਜਾਂਦੀ ਹੈ। ਇਹ ਤਾਂ ਭਾਰਤ ਦੀਆਂ ਕੌਮੀ ਖੇਡਾਂ ਤੱਕ ਦਾ ਵੀ ਹਿੱਸਾ ਨਹੀਂ ਹੈ। ਲੰਘੇ ਕਬੱਡੀ ਵਿਸ਼ਵ ਕੱਪ 'ਚ 14 ਬਾਹਰਲੀਆਂ ਟੀਮਾਂ ਸ਼ਾਮਲ ਹੋਈਆਂ ਸਨ। ਲਗਭਗ 90% ਖਿਡਾਰੀ ਜਾਂ ਪੰਜਾਬੀ ਤੇ ਜਾਂ ਪੰਜਾਬੀ ਪਿਛੋਕੜ ਵਾਲੇ ਸਨ।
ਰੋਪੜ ਜ਼ਿਲ੍ਹੇ 'ਚ ਕਬੱਡੀ ਅਕੈਡਮੀ ਚਲਾ ਰਹੇ ਦਿਨੇਸ਼ ਚੱਢਾ ਅਨੁਸਾਰ, ''ਕਬੱਡੀ ਨੂੰ ਉਲੰਪਿਕ ਖੇਡਾਂ 'ਚ ਥਾਂ ਦਿਵਾਉਣ ਦਾ ਵਾਅਦਾ ਕਰਕੇ ਸੂਬਾ ਸਰਕਾਰ ਲੋਕਾਂ ਨੂੰ ਮੂਰਖ ਬਣਾ ਰਹੀ ਹੈ। ਇਹਦੀ ਬਜਾਏ ਸੁਖਬੀਰ ਨੂੰ ਚਾਹੀਦਾ ਹੈ ਕਿ ਉਹ ਹੇਠਲੇ ਪੱਧਰ 'ਤੇ ਇਸ ਖੇਡ ਨੂੰ ਉਤਸ਼ਾਹਿਤ ਕਰਨ ਵੱਲ ਧਿਆਨ ਕੇਂਦਰਤ ਕਰੇ।''
       


Monday, 21 November 2011

ਇਲਾਕਾ ਕਮੇਟੀ ਦੀ ਚੋਣ

ਨੌਜਵਾਨ ਭਾਰਤ ਸਭਾ ਵੱਲੋਂ ਇਲਾਕਾ ਕਮੇਟੀ ਦੀ ਚੋਣ
Posted On November - 21 - 2011
ਪੱਤਰ ਪ੍ਰੇਰਕ
ਨਥਾਣਾ, 20 ਨਵੰਬਰ
ਨੌਜਵਾਨ ਭਾਰਤ ਸਭਾ ਵੱਲੋਂ ਅੱਜ ਇਥੇ ਵੱਖ ਵੱਖ ਪਿੰਡਾਂ ਦੇ ਨੌਜਵਾਨਾਂ ਦੀ ਸਾਂਝੀ ਇਕੱਤਰਤਾ ਕਰਕੇ ਨਥਾਣਾ ਗੋਨਿਆਣਾ ਭਗਤਾ ਇਲਾਕਾ ਕਮੇਟੀ ਦੀ ਚੋਣ ਕੀਤੀ ਗਈ। ਮਨਪ੍ਰੀਤ ਸਿੰਘ ਨੂੰ ਇਲਾਕਾ ਜਥੇਬੰਦਕ ਸਕੱਤਰ ਬਣਾਇਆ ਗਿਆ ਜਦੋਂ ਕਿ ਸਵਰਨ ਸਿੰਘ ਭਗਤਾ, ਗੁਰਪ੍ਰੀਤ ਸਿੰਘ ਤੇ ਕੁਲਵਿੰਦਰ ਸਿੰਘ ਕੋਠਾਗੁਰੂ, ਸੰਦੀਪ ਸਿੰਘ ਗਿੱਦੜ, ਭਰਪੂਰ ਸਿੰਘ ਨਥਾਣਾ,  ਅਵਤਾਰ ਸਿੰਘ ਪੂਹਲਾ, ਜਸਪ੍ਰੀਤ ਸਿੰਘ ਅਤੇ ਸਤਵਿੰਦਰ ਸਿੰਘ ਸਿਵੀਆਂ ਕਮੇਟੀ ਮੈਂਬਰ ਚੁਣੇ ਗਏ। ਗਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ 96ਵੀਂ ਬਰਸੀ ਸਬੰਧੀ ਸ਼ਰਧਾਂਜਲੀ ਭੇਟ ਕੀਤੀ ਗਈ।
ਨੌਜਵਾਨ ਭਾਰਤ ਸਭਾ ਦੇ ਸੂਬਾ ਕਮੇਟੀ ਮੈਂਬਰ ਮਨਪ੍ਰੀਤ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਅਤੇ ਲੁੱਟ ਰਹਿਤ ਸਮਾਜ ਦੀ ਸਿਰਜਣਾ ਵਾਸਤੇ ਕੁਰਬਾਨੀਆਂ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 64 ਵਰ੍ਹੇ ਬੀਤ ਜਾਣ ’ਤੇ ਵੀ ਦੇਸ਼ ਦੇ ਬਹੁ ਗਿਣਤੀ  ਲੋਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਬੇਰੁਜ਼ਗਾਰੀ ਭੁੱਖਮਰੀ, ਗਰੀਬੀ ਅਤੇ ਭ੍ਰਿਸ਼ਟਾਚਾਰ ਨੇ ਜੜ੍ਹਾਂ ਡੂੰਘੀਆਂ ਕਰ ਲਈਆਂ ਹਨ। ਲੋਕੀਂ ਮਾੜੀਆਂ ਸਿਹਤ ਸਹੂਲਤਾਂ ਅਤੇ ਮਹਿੰਗੀ ਸਿੱਖਿਆ ਦੀ ਮਾਰ ਝੱਲ ਰਹੇ ਹਨ। ਅਜਿਹੀ ਸ
Îਥਿਤੀ ਵਿੱਚ ਵੀ ਉਨ੍ਹਾਂ ਉੱਪਰ ਨਿੱਜੀਕਰਨ ਅਤੇ ਵਪਾਰੀਕਰਨ ਦੀਆਂ ਨੀਤੀਆਂ ਥੋਪ ਕੇ ਨੌਜਵਾਨਾਂ ਦਾ ਭਵਿੱਖ ਧੁੰਦਲਾ ਕੀਤਾ ਜਾ ਰਿਹਾ ਹੈ। ਨੌਜਵਾਨ ਭਾਰਤ ਸਭਾ ਦੇ ਸੂਬਾ ਸਕੱਤਰ ਪਾਵੇਲ ਕੁੱਸਾ ਨੇ ਇਸ ਮੀਟਿੰਗ ’ਚ ਬੋਲਦਿਆਂ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਭਵਿੱਖ ਦੀ ਰਾਖੀ ਖਾਤਰ ਇਕੱਲੇ ਇਕੱਲੇ ਨਹੀਂ ਬਲਕਿ  ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਸਮੇਂ ਉਨ੍ਹਾਂ ਨੂੰ ਸਿਆਸੀ ਪਾਰਟੀਆਂ ਦੇ ਹੱਥ ਠੋਕੇ ਬਣਨ ਦੀ ਥਾਂ ਆਪਣੀਆਂ ਹੱਕੀ ਮੰਗਾਂ ਅਤੇ ਮਸਲਿਆਂ ਉੱਪਰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

Friday, 18 November 2011

ਅਰੁੰਧਤੀ ਰਾਏ 'ਕਬਜ਼ਾ ਕਰੋ' ਲਹਿਰ ਬਾਰੇ-ਪੀਪਲਜ਼ ਯੂਨੀਵਰਸਿਟੀ ਵਾਸ਼ਿੰਗਟਨ ਸਕੁਏਰ ਭਾਸ਼ਣ


ਆਪਾਂ ਸਾਰੇ ਕਬਜ਼ਾ ਕਰਨ ਵਾਲੇ ਹਾਂ
(16 ਨਵੰਬਰ 2011 ਨੂੰ ਪੀਪਲਜ਼ ਯੂਨੀਵਰਸਿਟੀ ਵਾਸ਼ਿੰਗਟਨ ਸਕੁਏਰ ਵਿਖੇ ਅਰੁੰਧਤੀ ਰਾਏ ਵੱਲੋਂ ਦਿੱਤਾ ਗਿਆ ਭਾਸ਼ਣ) follow at:www.naujwan.blogspot.com
        ਸਾਮਰਾਜ ਦੇ ਗੜ੍ 'ਚ ਅਨਿਆਂ ਵਿਰੁੱਧ ਉੱਠ ਖੜ੍ਹੇ ਹੋਣ ਅਤੇ ਬਰਾਬਰੀ ਲਈ ਲੜਨ ਵਾਲੀ ''ਕਬਜ਼ਾ ਕਰੋ'' ਲਹਿਰ ਨੂੰ ਸੰਸਾਰ ਭਰ ਦੇ ਲੋਕਾਂ ਵੱਲੋਂ ਸਲਾਮ
        ਮੰਗਲਵਾਰ ਸਵੇਰੇ ਪੁਲਸ ਨੇ ਜ਼ੁਕੋਟੀ ਪਾਰਕ ਨੂੰ ਖਾਲੀ ਕਰਵਾ ਲਿਆ ਸੀ, ਪਰ ਅੱਜ ਲੋਕ ਫਿਰ ਵਾਪਸ ਆ ਗਏ ਹਨ। ਪੁਲਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਲੜਾਈ ਕਿਸੇ ਇਲਾਕੇ ਖਾਤਰ ਨਹੀਂ ਲੜੀ ਜਾ ਰਹੀ। ਅਸੀਂ ਇੱਥੇ ਜਾਂ ਉਥੇ ਕਿਸੇ ਪਾਰਕ 'ਤੇ ਕਬਜ਼ਾ ਕਰਨ ਦੇ ਹੱਕ ਖਾਤਰ ਨਹੀਂ ਲੜ ਰਹੇ ਹਾਂ। ਅਸੀਂ ਨਿਆਂ ਲਈ ਲੜ ਰਹੇ ਹਾਂ। ਸਿਰਫ਼ ਅਮਰੀਕਾ ਦੇ ਲੋਕਾਂ ਖਾਤਰ ਨਿਆਂ ਲਈ ਨਹੀਂ, ਸਗੋਂ ਹਰ ਇੱਕ ਖਾਤਰ ਨਿਆਂ ਲਈ।
        ਅਮਰੀਕਾ ਅੰਦਰ 17 ਸਤੰਬਰ ਤੋਂ ਸ਼ੁਰੂ ਹੋਈ 'ਕਬਜ਼ਾ ਕਰੋ' ਦੀ ਲਹਿਰ ਰਾਹੀਂ ਤੁਸੀਂ ਸਾਮਰਾਜ ਦੀ ਐਨ ਹਿੱਕ 'ਚ ਇੱਕ ਨਵੀਂ ਸੋਚ, ਨਵੇਂ ਸਿਆਸੀ ਬੋਲਾਂ ਨੂੰ ਦਾਖਲ ਕਰਨ 'ਚ ਕਾਮਯਾਬ ਹੋਏ ਹੋਂ। ਤੁਸੀਂ ਓਸ ਪ੍ਰਬੰਧ ਅੰਦਰ ਸੁਪਨੇ ਲੈਣ ਦੇ ਹੱਕ ਨੂੰ ਮੁੜ ਦਾਖਲ ਕੀਤਾ ਹੈ ਜੋ ਹਰ ਬੰਦੇ ਨੂੰ ਸੰਮੋਹਿਤ ਕਰਕੇ ਅਜਿਹੀਆਂ ਜਿਉਂਦੀਆਂ ਲੋਥਾਂ 'ਚ ਤਬਦੀਲ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਹੜੀਆਂ ਬੇਥਵ੍ਹੇ  ਉਪਭੋਗਤਾਵਾਦ ਨੂੰ ਹੀ ਖੁਸ਼ਹਾਲੀ ਅਤੇ ਸੰਪੂਰਣਤਾ ਸਮਝਦੀਆਂ ਹਨ।
        ਇੱਕ ਲੇਖਕ ਦੇ ਤੌਰ 'ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਜ਼ਬਰਦਸਤ ਪ੍ਰਾਪਤੀ ਹੈ। ਮੇਰੇ ਕੋਲ ਤੁਹਾਡਾ ਧੰਨਵਾਦ ਕਰਨ ਲਈ ਸ਼ਬਦ ਨਹੀਂ ਹਨ।
        ਅਸੀਂ ਨਿਆਂ ਦੀ ਗੱਲ ਕਰ ਰਹੇ ਸੀ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਅਮਰੀਕਾ ਦੀ ਫੌਜ ਇਰਾਕ ਅਤੇ ਅਫ਼ਗਾਨੀਸਤਾਨ ਅੰਦਰ ਕਬਜ਼ਾ ਕਰਨ ਲਈ ਜੰਗ ਲੜ ਰਹੀ ਹੈ। ਅਮਰੀਕੀ ਡਰੋਨ ਜਹਾਜ਼ ਪਾਕਿਸਤਾਨ ਅਤੇ ਉਸਤੋਂ ਪਰ੍ਹੇ ਆਮ ਸ਼ਹਿਰੀਆਂ ਨੂੰ ਮਾਰ ਰਹੇ ਹਨ। ਦਹਿ ਹਜ਼ਾਰਾਂ ਦੀ ਗਿਣਤੀ 'ਚ ਅਮਰੀਕੀ ਪਲਟਨਾਂ ਅਤੇ ਮੌਤ ਵੰਡਦੇ ਜੱਥੇ ਅਫਰੀਕਾ 'ਚ ਦਾਖਲ ਹੋ ਰਹੇ ਹਨ। ਤੇ ਹੁਣ ਇਰਾਨ ਖਿਲਾਫ਼ ਜੰਗ ਲਈ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ, ਜਿਵੇਂ ਕਿਤੇ ਹਾਲੇ ਇਰਾਕ ਅਤੇ ਅਫਗਾਨੀਸਤਾਨ 'ਤੇ ਕਬਜ਼ਾ ਕਰਨ ਲਈ ਵਹਾਏ ਜਾ ਰਹੇ ਤੁਹਾਡੇ ਕਰੋੜਾਂ ਡਾਲਰ ਕਾਫ਼ੀ ਨਾ ਹੋਣ।
ਵੱਡੇ ਆਰਥਿਕ ਮੰਦਵਾੜੇ ਦੇ ਵੇਲੇ ਤੋਂ ਲੈ ਕੇ, ਹਥਿਆਰ ਬਣਾਉਣਾ ਅਤੇ ਜੰਗ ਲਾਉਣਾ ਦੋ ਅਜਿਹੀਆਂ ਮੁੱਖ ਜੁਗਤਾਂ ਹਨ ਜਿਹਨਾਂ ਰਾਹੀਂ ਅਮਰੀਕਾ ਆਪਣੇ ਅਰਥਚਾਰੇ ਨੂੰ ਬਲ ਬਖਸ਼ਦਾ ਰਿਹਾ ਹੈ। ਹੁਣੇ ਹੁਣੇ ਹੀ, ਰਾਸ਼ਟਰਪਤੀ ਉਬਾਮਾ ਦੇ ਸਮੇਂ 'ਚ ਹੀ ਅਮਰੀਕਾ ਨੇ ਸਾਊਦੀ 
ਰਬ ਨਾਲ 60 ਬਿਲੀਅਨ ਡਾਲਰ ਦੇ ਹਥਿਆਰਾਂ ਦਾ ਸੌਦਾ ਕੀਤਾ ਹੈ। ਇਹ ਸਯੁੰਕਤ ਅਰਬ ਅਮੀਰਾਤ ਨੂੰ ਹਜ਼ਾਰਾਂ ਦੀ ਗਿਣਤੀ 'ਚ ਬੰਕਰ-ਭੰਨ ਬੰਬ ਵੇਚਣ ਦੀ ਤਿਆਰੀ 'ਚ ਬੈਠਾ ਹੈ। ਇਹਨੇ ਮੇਰੇ ਮੁਲਕ ਭਾਰਤ ਨੂੰ 5 ਬਿਲੀਅਨ ਡਾਲਰ ਦੇ ਫੌਜੀ ਜਹਾਜ਼ ਵੇਚੇ ਹਨ ਜਿੱਥੇ ਅਫ਼ਰੀਕਾ ਦੇ ਸਾਰੇ ਗਰੀਬ ਮੁਲਕਾਂ ਦੇ ਕੁੱਲ ਜੋੜ ਨਾਲੋਂ ਵੀ ਜਿਆਦਾ ਗ਼ਰੀਬ ਲੋਕ ਵਸਦੇ ਹਨ। ਹੀਰੋਸ਼ੀਮਾਂ ਅਤੇ ਨਾਗਾਸਾਕੀ 'ਤੇ ਸੁੱਟੇ ਬੰਬਾਂ ਤੋਂ ਲੈ ਕੇ ਵਿਅਤਨਾਮ, ਕੋਰੀਆ, ਲਾਤੀਨੀ ਅਮਰੀਕਾ ਤੱਕ ਦੇ ਸਾਰੇ ਯੁੱਧਾਂ ਦੌਰਾਨ ਲੱਖਾਂ ਹੀ ਜਾਨਾਂ ਗਈਆਂ ਹਨ-ਤੇ ਇਹ ਸਾਰੇ ਯੁੱਧ ''ਅਮਰੀਕੀ ਜੀਵਨ ਜਾਚ'' ਦੀ ਚੜ੍ਹਾਈ ਯਕੀਨੀ ਕਰਨ ਲਈ ਲੜੇ ਗਏ। ਅੱਜ ਅਸੀਂ ਜਾਣਦੇ ਹਾਂ ਕਿ ''ਅਮਰੀਕੀ ਜੀਵਨ ਜਾਚ''-ਜਿਹੋ ਜਿਹਾ ਬਣਨ ਦੀ ਇੱਛਾ ਕਰਨ ਦੀ ਬਾਕੀ ਸਾਰੇ ਮੁਲਕਾਂ ਤੋਂ ਆਸ ਕੀਤੀ ਜਾਂਦੀ ਹੈ- ਦਾ ਸਿੱਟਾ ਇਹ ਨਿਕਲਿਆ ਹੈ ਕਿ ਅਮਰੀਕਾ ਦੀ ਅੱਧੀ ਵਸੋਂ ਦੀ ਦੌਲਤ 'ਤੇ 4 ਸੌ ਲੋਕਾਂ ਦੀ ਮਾਲਕੀ ਹੈ। ਇਸਦਾ ਮਤਲਬ ਹੈ ਕਿ ਹਜ਼ਾਰਾਂ ਲੋਕਾਂ ਨੂੰ ਘਰਾਂ ਅਤੇ ਨੌਕਰੀਆਂ ਤੋਂ ਕੱਢਿਆ ਗਿਆ ਹੈ ਜਦੋਂ ਕਿ ਅਮਰੀਕੀ ਸਰਕਾਰ ਨੇ ਬੈਂਕਾਂ ਅਤੇ ਕਾਰਪੋਰੇਸ਼ਨਾਂ ਨੂੰ ਰਾਹਤ ਪੈਕੇਜ ਵੰਡੇ ਹਨ — ਇਕੱਲੇ ਅਮਰੀਕੀ ਕੌਮਾਂਤਰੀ ਗਰੁੱਪ ਨੂੰ ਹੀ 182 ਬਿਲੀਅਨ ਡਾਲਰ ਦਿੱਤੇ ਗਏ ਹਨ।
        ਭਾਰਤੀ ਸਰਕਾਰ ਅਮਰੀਕੀ ਆਰਥਿਕ ਨੀਤੀ ਦੀ ਸ਼ਰਧਾਵਾਨ ਭਗਤ ਹੈ। ਖੁੱਲੀ ਮੰਡੀ ਦੀ ਆਰਥਿਕਤਾ ਦੇ 20 ਸਾਲਾਂ ਦੇ ਸਿੱਟੇ ਵਜੋਂ ਭਾਰਤ ਦੇ ਸਿਖਰਲੇ 100 ਧਨਾਢਾਂ ਕੋਲ ਮੁਲਕ ਦੀ ਕੁੱਲ ਪੈਦਾਵਾਰ ਦੇ ਇੱਕ ਚੌਥਾਈ ਦੇ ਬਰਾਬਰ ਧਨ-ਦੌਲਤ ਹੈ, ਜਦੋਂ ਕਿ 80 ਫੀਸਦੀ ਤੋਂ ਵੀ ਜਿਆਦਾ ਲੋਕ 50 ਸੈਂਟ (23-24 ਰੁ.) ਦਿਹਾੜੀ ਨਾਲੋਂ ਵੀ ਘੱਟ 'ਤੇ ਗੁਜ਼ਾਰਾ ਕਰਦੇ ਹਨ; 2 ਲੱਖ 50 ਹਜ਼ਾਰ ਕਿਸਾਨ ਮੌਤ ਦੇ ਮੂੰਹ 'ਚ ਧੱਕੇ ਜਾ ਚੁੱਕੇ ਹਨ, ਉਹਨਾਂ ਨੇ ਖੁਦਕੁਸ਼ੀ ਕਰ ਲਈ ਹੈ। ਸਾਡੇ ਲਈ ਇਹ ਵਿਕਾਸ ਹੈ, ਅਤੇ ਹੁਣ ਅਸੀਂ ਆਵਦੇ ਆਪ ਨੂੰ ਸੁਪਰ-ਪਾਵਰ (ਮਹਾਂ-ਸ਼ਕਤੀ) ਸਮਝਦੇ ਹਾਂ। ਤੁਹਾਡੀ ਤਰ੍ਹਾਂ ਅਸੀਂ ਵੀ ਯੋਗਤਾ ਸ਼ਰਤਾਂ ਪੂਰੀਆਂ ਕਰ ਲਈਆਂ ਹਨ : ਸਾਡੇ ਕੋਲ ਪ੍ਰਮਾਣੂ ਬੰਬ ਹਨ ਅਤੇ ਘਿਣਾਉਣੀ ਨਾ-ਬਰਾਬਰੀ ਹੈ।
        ਚੰਗੀ ਖ਼ਬਰ ਇਹ ਹੈ ਕਿ ਲੋਕ ਅੱਕ ਚੁੱਕੇ ਹਨ ਅਤੇ ਉਹ ਹੋਰ ਬਰਦਾਸ਼ਤ ਨਹੀਂ ਕਰਨ ਲੱਗੇ। 'ਕਬਜ਼ਾ ਕਰੋ' ਲਹਿਰ ਵੀ ਸੰਸਾਰ ਭਰ 'ਚ ਚੱਲ ਰਹੀਆਂ ਉਹਨਾਂ ਹਜ਼ਾਰਾਂ ਵਿਰੋਧ ਲਹਿਰਾਂ 'ਚ ਸ਼ਾਮਲ ਹੋ ਗਈ ਹੈ ਜਿਹਨਾਂ ਰਾਹੀਂ ਗਰੀਬੀ ਮਾਰੇ ਲੋਕ ਉੱਠ ਖੜ੍ਹੇ ਹੋਏ ਹਨ ਅਤੇ ਧਨਾਢ ਕਾਰਪੋਰੇਸ਼ਨਾਂ ਦਾ ਰਾਹ ਰੋਕ ਰਹੇ ਹਨ। ਸਾਡੇ 'ਚੋਂ ਥੋੜਿਆਂ ਨੇ ਹੀ ਸੋਚਿਆ ਸੀ ਕਿ ਅਸੀਂ ਤੁਹਾਨੂੰ, ਯਾਨੀ ਕਿ ਅਮਰੀਕਾ ਦੇ ਲੋਕਾਂ ਨੂੰ ਆਵਦੇ ਨਾਲ ਖੜ੍ਹੇ ਅਤੇ ਸਾਮਰਾਜ ਦੇ ਗੜ੍ 'ਚ ਅਜਿਹਾ ਕਰਦੇ ਹੋਏ ਤੱਕਾਂਗੇ। ਮੈਨੂੰ ਨਹੀਂ ਪਤਾ ਵੀ ਮੈਂ ਕਿਵੇਂ ਦੱਸਾਂ ਕਿ ਇਹ ਕਿੱਡੀ ਵੱਡੀ ਗੱਲ ਹੈ।
        ਉਹ (1% ਧਨਾਢ) ਕਹਿੰਦੇ ਹਨ ਕਿ ਸਾਡੇ ਕੋਲ ਮੰਗਾਂ ਨਹੀਂ ਹਨ . . . ਸ਼ਾਇਦ ਉਹ ਨਹੀਂ ਜਾਣਦੇ ਕਿ ਉਹਨਾਂ ਨੂੰ ਤਬਾਹ ਕਰਨ ਲਈ ਸਿਰਫ਼ ਸਾਡਾ ਰੋਹ ਹੀ ਕਾਫ਼ੀ ਹੈ। ਪਰ ਮੈਂ ਸਾਡੇ ਸਾਰਿਆਂ ਦੇ ਇਕੱਠਿਆਂ ਸੋਚਣ ਲਈ ਕੁੱਝ ਗੱਲਾਂ ਕਹਿਣਾ ਚਾਹਾਂਗੀ-ਕੁਝ ''ਪੂਰਵ-ਇਨਕਲਾਬੀ'' ਵਿਚਾਰ ਜੋ ਮੈਂ ਸੋਚੇ ਸਨ : 
        ਅਸੀਂ ਏਸ ਪ੍ਰਬੰਧ ਨੂੰ ਥੰਮ੍ਹਣਾ ਚਾਹੁੰਦੇ ਹਾਂ ਜੋ ਨਾ-ਬਰਾਬਰੀ ਪੈਦਾ ਕਰਦਾ ਹੈ। ਅਸੀਂ ਇਕੱਲੇ-'ਕਹਿਰੇ ਬੰਦਿਆਂ ਅਤੇ ਕਾਰਪੋਰੇਸ਼ਨਾਂ ਵੱਲੋਂ ਧਨ ਅਤੇ ਦੌਲਤ ਦੀ ਬੇਮੁਹਾਰ ਇਕੱਤਰਤਾ ਨੂੰ ਨੂੜ ਲੈਣਾ ਚਾਹੁੰਦੇ ਹਾਂ। ''ਨੂੜਨ'' ਵਾਲਿਆਂ ਅਤੇ ''ਥੰਮ੍ਹਣ'' ਵਾਲਿਆਂ ਵਜੋਂ ਅਸੀਂ ਮੰਗ ਕਰਦੇ ਹਾਂ-
ਕਾਰੋਬਾਰਾਂ 'ਚ ਦੁਪਾਸੜ ਮਾਲਕੀ ਬੰਦ ਹੋਵੇ। ਉਦਾਹਰਣ ਲਈ ਹਥਿਆਰ ਬਣਾਉਣ ਵਾਲੇ     
  ਟੀ.ਵੀ. ਸਟੇਸ਼ਨਾਂ ਦੇ ਮਾਲਕ ਨਹੀਂ ਬਣ ਸਕਦੇ; ਖਾਣਾਂ ਪੁੱਟਣ ਵਾਲੀਆਂ ਕਰਪੋਰੇਸ਼ਨਾਂ ਅਖ਼ਬਾਰ ਨਹੀਂ
  ਚਲਾ ਸਕਦੀਆਂ; ਵਪਾਰਕ ਘਰਾਣੇ ਯੂਨੀਵਰਸਿਟੀਆਂ ਨੂੰ ਫੰਡ ਨਹੀਂ ਦੇ ਸਕਦੇ; ਦਵਾਈਆਂ ਬਣਾਉਣ
  ਵਾਲੀਆਂ ਕੰਪਨੀਆਂ ਜਨਤਕ ਸਿਹਤ ਨਾਲ ਸੰਬੰਧਿਤ ਫੰਡਾਂ ਨੂੰ ਕੰਟਰੋਲ ਨਹੀਂ ਕਰ ਸਕਦੀਆਂ।
• ਕੁਦਰਤੀ ਸੋਮਿਆਂ ਅਤੇ ਪਾਣੀ ਦੀ ਸਪਲਾਈ, ਬਿਜਲੀ, ਸਿਹਤ ਅਤੇ ਸਿੱਖਿਆ ਜਿਹੇ ਜ਼ਰੂਰੀ
  ਢਾਂਚਿਆਂ ਦਾ ਨਿੱਜੀਕਰਨ ਨਹੀਂ ਕੀਤਾ ਜਾ ਸਕਦਾ। 
• ਰਿਹਾਇਸ਼, ਸਿੱਖਿਆ ਅਤੇ ਸਿਹਤ ਸੰਭਾਲ ਹਰ ਇੱਕ ਦਾ ਹੱਕ ਹੋਵੇ।
• ਧਨਾਢਾਂ ਦੇ ਬੱਚਿਆਂ ਨੂੰ ਆਪਣੇ ਮਾਪਿਆਂ ਦੀ ਦੌਲਤ ਵਿਰਾਸਤ 'ਚ ਨਹੀਂ ਮਿਲ ਸਕਦੀ।
        ਮੌਜੂਦਾ ਸੰਘਰਸ਼ ਨੇ ਸਾਡੀ ਸੋਚ ਨੂੰ ਮੁੜ-ਸੁਰਜੀਤ ਕਰ ਦਿੱਤਾ ਹੈ। ਪਤਾ ਨਹੀਂ ਕਿਹੜੇ ਵੇਲੇ ਪੂੰਜੀਵਾਦ ਨੇ ਨਿਆਂ ਦਾ ਮਤਲਬ ਸਿਰਫ਼ ''ਮਨੁੱਖੀ ਅਧਿਕਾਰਾਂ'' ਤੱਕ ਹੀ ਸੁੰਗੇੜ ਦਿੱਤਾ ਸੀ ਅਤੇ ਬਰਾਬਰੀ ਦਾ ਸੁਪਨਾ ਲੈਣ ਦਾ ਵਿਚਾਰ ਵੀ ਕਾਫ਼ਰਾਨਾ ਹੋ ਗਿਆ ਸੀ। ਅਸੀਂ ਏਸ ਪ੍ਰਬੰਧ ਨੂੰ ਸੋਧਣ ਜਾਂ ਇਹਦੀ ਗੰਢ-ਤੁੱਪ ਕਰਨ ਲਈ ਨਹੀਂ ਲੜ ਰਹੇ, ਇਹਨੂੰ ਬਦਲਣ ਦੀ ਜ਼ਰੂਰਤ ਹੈ।
        ''ਨੂੜਨ'' ਵਾਲੀ ਅਤੇ ''ਥੰਮ੍ਹਣ'' ਵਾਲੀ ਵਜੋਂ ਮੈਂ ਤੁਹਡੇ ਸੰਘਰਸ਼ ਨੂੰ ਸਲਾਮ ਕਰਦੀ ਹਾਂ।
        ਸਲਾਮ ਅਤੇ ਜ਼ਿੰਦਾਬਾਦ।

ਨਿੱਜੀਕਰਨ ਦੇ ਰੰਗ

ਪੰਜਾਬ ਦੇ ਪ੍ਰਾਈਵੇਟ ਇੰਜਨੀਅਰਿੰਗ ਕਾਲਜ ਘਾਟੇ ’ਚ ਜਾਣ ਲੱਗੇ
22 ਹਜ਼ਾਰ ਦੇ ਕਰੀਬ ਸੀਟਾਂ ਖਾਲੀ
ਦਵਿੰਦਰ ਪਾਲ/ਟ੍ਰਿਬਿਊਨ ਨਿਊਜ਼ ਸਰਵਿਸ, ਚੰਡੀਗੜ੍ਹ, 17 ਨਵੰਬਰ
(follow at-www.naujwan.blogspot.com)
pMjfbI itRibAUn `coˆ Dnvfd sihq
ਪੰਜਾਬ ਦੇ ਇੰਜਨੀਅਰਿੰਗ ਕਾਲਜਾਂ ਤੇ ਪੰਜਾਬ ਤਕਨੀਕੀ ਯੂਨੀਵਰਸਿਟੀ ਨਾਲ ਜੁੜੀਆਂ ਸਿੱਖਿਆ ਸੰਸਥਾਵਾਂ ਵਿੱਚ 22 ਹਜ਼ਾਰ ਦੇ ਕਰੀਬ ਸੀਟਾਂ ਖਾਲੀ ਰਹਿਣ ਕਾਰਨ ਇਨ੍ਹਾਂ ਸੰਸਥਾਵਾਂ ਦੀ ਹੋਂਦ ’ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਭਿਆਨਕ ਵਿੱਤੀ ਸੰਕਟ ਦਾ ਸ਼ਿਕਾਰ ਹੋਈਆਂ ਇਨ੍ਹਾਂ ਸੰਸਥਾਵਾਂ ਦੀ ਹਾਲਤ ਇਸ ਕਦਰ ਤਰਸਯੋਗ ਹੋ ਗਈ ਹੈ ਕਿ ਦੋ ਦਰਜ਼ਨ ਦੇ ਕਰੀਬ ਇੰਜਨੀਅਰਿੰਗ ਕਾਲਜਾਂ ਦੇ ਮਾਲਕਾਂ ਨੂੰ ਕੋਈ ਖਰੀਦਦਾਰ ਹੀ ਨਹੀਂ ਲੱਭ ਰਿਹਾ। ਇੱਕ ਦਹਾਕਾ ਪਹਿਲਾਂ ਖੁੰਬਾਂ ਵਾਂਗੂ ਪੈਦਾ ਹੋਏ ਇੰਜੀਨੀਅਰਿੰਗ ਕਾਲਜਾਂ ਵਿੱਚੋਂ ਬਹੁਤਿਆਂ ਦੇ ਮਾਲਕਾਂ ਨੂੰ ਰੋਟੀ ਰੋਜ਼ੀ ਤਾਂ ਦੂਰ ਸਾਲਾਨਾ ਖਰਚੇ ਵੀ  ਕੱਢਣੇ ਮੁਸ਼ਕਲ ਹੋ ਗਏ ਹਨ। ਸੀਟਾਂ ਖਾਲੀ ਰਹਿਣ ਕਾਰਨ ਕਾਲਜਾਂ ਨੂੰ ਵੱਡੀ ਵਿੱਤੀ ਸੱਟ ਵੱਜੀ ਹੈ। ਸੂਬੇ ਵਿੱਚ ਕੁੱਲ ਇੰਜੀਨੀਅਰਿੰਗ ਤੇ ਮੈਨੇਜਮੈਂਟ ਦੇ ਵੱਖ ਵੱਖ ਕਾਲਜਾਂ ਦੀ ਗਿਣਤੀ 400 ਦੇ ਕਰੀਬ ਹੈ। ਸਾਲ 2008 ਤੱਕ ਇੰਜੀਨੀਅਰਿੰਗ ਕਾਲਜਾਂ ਦੀ ਹਾਲਤ ਕੁੱਝ ਠੀਕ ਸੀ ਪਰ ਹੁਣ ਬੁਰੀ ਤਰ੍ਹਾਂ ਨਿਘਾਰ ਆ ਚੁੱਕਾ ਹੈ। ਪੰਜਾਬ ਵਿੱਚ ਤਕਨੀਕੀ ਸਿੱਖਿਆ ਨਾਲ ਸਬੰਧਤ ਕੋਈ ਵੱਡਾ ਉਦਯੋਗ ਨਾ ਹੋਣ ਕਾਰਨ ਵੀ ਇਥੋਂ ਦੀਆਂ ਇਹ ਸੰਸਥਾਵਾਂ ਤਕਨੀਕੀ ਤੇ ਇੰਜੀਨੀਅਰਿੰਗ ਦੀ ਪੜ੍ਹਾਈ ਲਈ ਤਰਜੀਹੀ ਨਹੀਂ ਰਹੀਆਂ।
ਪੰਜਾਬ ਸਰਕਾਰ ਨੇ ਕੌਮੀ ਪੱਧਰ ਦੀ ਸੰਸਥਾ ਆਈ.ਆਈ.ਟੀ. ਰੋਪੜ ਦੇ ਨਜ਼ਦੀਕ ਬਿਰਲਾ ਫਾਰਮ ਦੀ 250 ਏਕੜ ਜ਼ਮੀਨ ’ਤੇ ਤਕਨੀਕੀ ਸਿੱਖਿਆ ਨਾਲ ਸਬੰਧਤ ਉਦਯੋਗ ਦੀ ਸਥਾਪਨਾ ਤੋਂ ਟਾਲਾ ਵੱਟ ਲਿਆ ਹੈ। ਸੂਤਰਾਂ ਦਾ ਦੱਸਣਾ ਹੈ ਕਿ ਉਦਯੋਗ ਦੀ ਸਥਾਪਨਾ ਦੇ ਪ੍ਰਸਤਾਵ ਨੂੰ ਰੱਦ ਕਰਕੇ ਜ਼ਮੀਨ ਸਰਕਾਰ ਨੇ ਰੱਖਿਆ ਵਿਭਾਗ ਨੂੰ ਭਰਤੀ ਸਥਾਨ ਬਨਾਉਣ ਲਈ ਦੇਣ ਦਾ ਫੈਸਲਾ ਕਰ ਲਿਆ ਹੈ। ਪੰਜਾਬ ਦੇ ਇੰਜੀਨੀਅਰਿੰਗ ਕਾਲਜਾਂ ਦੀ ਹਾਲਤ ਇਹ ਹੈ ਕਿ 102 ਕਾਲਜਾਂ ਦੀਆਂ 39900 ਸੀਟਾਂ ਵਿੱਚੋਂ ਮਸਾਂ 22000 ਦੇ ਕਰੀਬ ਸੀਟ ਭਰੀਆਂ ਹਨ। ਇਸੇ ਤਰ੍ਹਾਂ ਐਮ.ਟੈਕ ਦੀਆਂ 3732 ਸੀਟਾਂ ਵਿੱਚੋਂ 2358 ਹੀ ਭਰ ਸਕੀਆਂ, ਐਮ. ਫਾਰਮੇਸੀ ਦੇ ਕਾਲਜਾਂ ਦੀਆਂ ਤਾਂ 812 ਸੀਟਾਂ ਵਿੱਚੋਂ 500 ਦੇ ਲੱਗਪਗ ਸੀਟਾਂ ਹੀ ਭਰੀਆਂ ਹਨ ਤੇ ਐਮ.ਬੀ.ਏ. ਦੀਆਂ 10,000 ਸੀਟਾਂ ਵਿੱਚੋਂ 6000 ਦੇ ਕਰੀਬ ਸੀਟਾਂ ਖਾਲੀ ਰਹਿ ਗਈਆਂ ਹਨ। ਸੀਟਾਂ ਦੇ ਖਾਲੀ ਰਹਿਣ ਕਾਰਨ ਕਾਲਜਾਂ ਦੇ ਸਾਹਮਣੇ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ ਕਿਉਂਕਿ ਕਾਲਜਾਂ ਦੇ ਖਰਚੇ ਤਾਂ ਜਿਉਂ ਦੇ ਤਿਉਂ ਖੜ੍ਹੇ ਹਨ ਪਰ ਵਿਦਿਆਰਥੀ ਘੱਟਣ ਕਾਰਨ ਆਦਮਨ ਘਟ ਗਈ। ਕਾਲਜਾਂ ਦੇ ਬੰਦ ਹੋਣ ਕਾਰਨ ਅਧਿਕਾਪਕਾਂ ਦੇ ਬੇਰੁਜ਼ਗਾਰ ਹੋਣ ਦਾ ਸੰਕਟ ਦੀ ਦਿਖਾਈ ਦੇ ਰਿਹਾ ਹੈ। ਕਾਲਜ ਮਾਲਕਾਂ ਦੀ (ਯੂਨੀਅਨ ਪੰਜਾਬ ਅਨਏਡਿਡ ਤਕਨੀਕੀ ਸੰਸਥਾਵਾਂ) ਦੇ ਪ੍ਰਧਾਨ ਜੇ.ਐਸ. ਧਾਲੀਵਾਲ ਦਾ ਕਹਿਣਾ ਹੈ ਕਿ ਸਰਕਾਰ ਨੇ ਇੰਜੀਨੀਅਰਿੰਗ ਕਾਲਜਾਂ ਨੂੰ ਬਚਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਤਕਨੀਕੀ ਸਿੱਖਿਆ ਦੇ ਖੇਤਰ ’ਚ ਵੱਡੀ ਭੂਮਿਕਾ ਨਿਭਾਉਣ ਵਾਲੀਆਂ ਸੰਸਥਾਵਾਂ ਨੂੰ ਸਰਕਾਰ ਕਮਾਈ ਦਾ ਸਾਧਨ ਸਮਝ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਸੰਸਥਾਵਾਂ ਨੂੰ ਕਰਾਂ ਤੋਂ ਛੋਟ ਦੇਵੇ ਤਾਂ ਸੰਸਥਾਵਾਂ ਬਚ ਸਕਦੀਆਂ ਹਨ। ਇੰਜੀਨਅਰਿੰਗ ਕਾਲਜਾਂ ਦੇ ਮਾਲਕਾਂ ਵੱਲੋਂ ਭਲਕੇ ਜਨਰਲ ਇਜਲਾਸ ਵੀ ਸੱਦਿਆ ਗਿਆ ਹੈ। ਇਸ ਵਿੱਚ ਸੰਸਥਾਵਾਂ ਦੇ ਵਿੱਤੀ ਮਾਮਲੇ ਵਿਚਾਰੇ ਜਾਣਗੇ। ਇੱਕ ਜਾਣਕਾਰੀ ਮੁਤਾਬਕ ਮਾਲਵੇ ਦੇ ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਸੰਗਰੂਰ ਤੇ ਮੁਕਤਸਰ ਵਿੱਚ ਤਾਂ ਬਹੁਤ ਸਾਰੀਆਂ ਇੰਜੀਨੀਅਰਿੰਗ ਸੰਸਥਾਵਾਂ ਹਨ ਜੋ ਬੰਦ ਹੋਣ ਕੰਢੇ ਪਹੁੰਚ ਗਈਆਂ ਹਨ ਪਰ ਖਰੀਦਦਾਰ ਕੋਈ ਵੀ ਨਹੀਂ। ਹੋਰ ਤਾਂ ਹੋਰ ਚੰਡੀਗੜ੍ਹ ਦੇ ਆਸ ਪਾਸ ਦੀਆਂ ਸੰਸਥਾਵਾਂ ਵੀ ਘਾਟੇ ਦਾ ਸ਼ਿਕਾਰ ਹਨ ਤੇ ਵਿਕਣ ’ਤੇ ਲੱਗੀਆਂ ਹੋਈਆਂ ਹਨ। ਗੁਰੂਕੂਲ ਵਿੱਦਿਆ ਪੀਠ ਦੇ ਮਾਲਕ ਮਨਮੋਹਨ ਕੁਮਾਰ ਗਰਗ ਦਾ ਦੱਸਣਾ ਹੈ ਕਿ ਉਸ ਵੱਲੋਂ ਪਿਛਲੇ ਕਈ ਸਾਲਾਂ ਤੋਂ ਇੰਜਨੀਅਰਿੰਗ ਤੇ ਬਿਜ਼ਨੈੱਸ ਮੈਨੇਜਮੈਂਟ ਦੀਆਂ 4 ਸੰਸਥਾਵਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਸੰਸਥਾਵਾਂ ਦੇ ਘਾਟੇ ਵਿੱਚ ਜਾਣ ਕਾਰਨ ਇੱਕ ਕਾਲਜ ਤਾਂ ਵੇਚ ਦਿੱਤਾ ਗਿਆ ਹੈ ਤੇ ਬਾਕੀ ਦੀਆਂ ਸੰਸਥਾਵਾਂ ਵੇਚਣ ਦਾ ਮਨ ਬਣਾ ਲਿਆ ਹੈ। ਮਨਮੋਹਨ ਗਰਗ ਦਾ ਦੱਸਣਾ ਹੈ ਕਿ ਕਾਲਜ ਦੀ ਵਿੱਕਰੀ ਸਬੰਧੀ ਹਰ ਤਰ੍ਹਾਂ ਦੇ ਪ੍ਰਚਾਰ ਸਾਧਨ ਦਾ ਸਹਾਰਾ ਲਿਆ ਪਰ ਕੋਈ ਖਰੀਦਦਾਰ ਨਹੀਂ ਲੱਭ ਰਿਹਾ। ਉਨ੍ਹਾਂ ਕਿਹਾ ਕਿ 50 ਕਰੋੜ ਰੁਪਏ ਦਾ ਪੂੰਜੀ ਨਿਵੇਸ਼ ਕਰਕੇ ਵੀ ਉਹ ਕਰਜ਼ਾਈ ਹੋਇਆ ਬੈਠਾ ਹੈ। ਇਸੇ ਤਰ੍ਹਾਂ ਦਾ ਹਾਲ ਬਾਕੀ ਦੀਆਂ ਸੰਸਥਾਵਾਂ ਦੇ ਮਾਲਕਾਂ ਨੇ ਸੁਣਾਇਆ ਪਰ ਉਨ੍ਹਾਂ ਆਪਣੀ ਸੰਸਥਾ ਦਾ ਨਾਂ ਗੁਪਤ ਰੱਖਣਾ ਚਾਹਿਆ।


Thursday, 17 November 2011

Kartar Singh Sarabha-Punjabi Tribune


ਆਜ਼ਾਦੀ ਦੀ ਵੀਰ ਗਾਥਾ ਦਾ ਗੂੰਜਵਾਂ ਬੋਲ ਸ਼ਹੀਦ ਕਰਤਾਰ ਸਿੰਘ ਸਰਾਭਾ
Posted On November - 16 – 2011 (at http://punjabitribuneonline.com)
ਡਾ. ਜਸਬੀਰ ਸਿੰਘ ਸਰਨਾ
ਜੀਵਨ ਦੀ ਮੁੱਢਲੀ ਪੈੜ: ਸ੍ਰੀ ਮੰਗਲ ਸਿੰਘ ਗਰੇਵਾਲ ਦੇ ਘਰ ਪਿੰਡ ਸਰਾਭਾ (ਲੁਧਿਆਣਾ) ਵਿਚ ਬਾਲਕ ਕਰਤਾਰ ਸਿੰਘ ਦਾ ਜਨਮ 24 ਮਈ 1896 ਨੂੰ ਹੋਇਆ। ਜ਼ਿੰਦਗੀ ਵਿਚ ਕੁਝ ਖੜ੍ਹਾਵਾਂ ਹੀ ਤੁਰਿਆ ਸੀ ਕਿ ਮਾਤਾ ਅਤੇ ਪਿਤਾ ਜੀ ਅਲਵਿਦਾ ਆਖ ਗਏ। ਬਾਲਕ ਕਰਤਾਰ ਸਿੰਘ ਦੀ ਉਸ ਦੇ ਬਾਬੇ ਨੇ ਚੰਗੀ ਤਰ੍ਹਾਂ ਪ੍ਰਵਰਿਸ਼ ਕੀਤੀ। ਪੰਜਵੀਂ ਜਮਾਤ ਆਪਣੇ ਪਿੰਡ ਦੇ ਸਕੂਲ ਤੋਂ ਪਾਸ ਕਰਕੇ ਉਹ ‘ਮਾਲਵਾ ਖ਼ਾਲਸਾ ਹਾਈ ਸਕੂਲ ਲੁਧਿਆਣਾ’ ਵਿਚ ਦਾਖਲ ਹੋ ਗਿਆ। ਦਸਵੀਂ ਦੀ ਪੜ੍ਹਾਈ ਦੌਰਾਨ ਉਹ ਸਕੂਲ ਦੀ ਖੇਡ ਟੀਮ ਦਾ ਮੋਹਰੀ ਬਣ ਗਿਆ। ਸਕੂਲ ਜਾਣ ਤੋਂ ਪਹਿਲਾਂ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੁੰਦਾ। ਸਿੱਖ ਸ਼ਹੀਦਾਂ ਅਤੇ ਸੂਰਮਿਆਂ ਦੀਆਂ ਲਾਸਾਨੀ ਕੁਰਬਾਨੀਆਂ ਬਾਰੇ ਉਹ ਆਪਣੇ ਬਾਬੇ ਤੇ ਚਾਚੇ ਕੋਲੋਂ ਲਗਾਤਾਰ ਸੁਣਦਾ ਰਹਿੰਦਾ। ਦਸਵੀਂ ਪੜ੍ਹਦਿਆਂ ਹੀ ਉਸ ਦਾ ਆਪਣਾ ਚਾਚਾ ਉੜੀਸਾ ਲੈ ਗਿਆ, ਜਿੱਥੇ ਦਸਵੀਂ ਪਾਸ ਕਰਕੇ ਉਹ ਕਾਲਜ ਦਾਖਲ ਹੋ ਗਿਆ। ਅਜੇ ਉਹ ਸੋਲਾਂ ਵਰ੍ਹੇ ਦਾ ਹੀ ਸੀ ਕਿ ਸਾਰੇ ਰਿਸ਼ਤੇਦਾਰਾਂ ਨੇ ਸਲਾਹ ਕਰਕੇ ਉਸ ਨੂੰ ਸਾਨਫਰਾਂਸਿਸਕੋ (ਕੈਲਾਫ਼ੋਰਨੀਆਂ, ਅਮਰੀਕਾ) ਜਨਵਰੀ 1912 ਨੂੰ ਭੇਜ ਦਿੱਤਾ। ਇੰਮੀਗ੍ਰੇਸ਼ਨ ਅਫਸਰ ਵੱਲੋਂ ਹਿੰਦੁਸਤਾਨੀਆਂ ਨੂੰ ਬੜਾ ਤੰਗ ਕੀਤਾ ਜਾਂਦਾ ਸੀ, ਜਿਸ ਦੇ ਵਤੀਰਾ ਨੇ ਕਰਤਾਰ ਸਿੰਘ ਦੇ ਜੀਵਨ ‘ਤੇ ਬੜਾ ਅਸਰ ਕੀਤਾ। 1914 ਵਿਚ ਬਹੁਤੇ ਹਿੰਦੁਸਤਾਨੀ ਵਿਦੇਸ਼ਾਂ ਵਿਚ ਮਜ਼ਦੂਰੀ ਆਦਿ ਕਰਨ ਲਈ ਜਾਂਦੇ ਸਨ। ਕਰਤਾਰ ਸਿੰਘ ਨੇ ਆਪਣਾ ਨਾਂ ਕੈਮਿਸਟਰੀ ਦੀ ਡਿਗਰੀ ਲਈ ਯੂਨੀਵਰਸਿਟੀ ਆਫ਼ ਕੈਲਾਫੋਰਨੀਆ (ਬਰੱਕਲੇ) ਵਿਚ ਦਰਜ ਕਰਾਇਆ। ਬਾਗਾਂ ਵਿਚ ਮੇਵਾ ਚੁਣਨ ਲਈ ਮਜ਼ਦੂਰੀ ਕਰਦਾ ਅਤੇ ਰਾਤ ਨੂੰ ਯੂਨੀਵਰਸਿਟੀ ਪੜ੍ਹਨ ਜਾਂਦਾ। ਉਹ ਵਿਦਿਆਰਥੀਆਂ ਅਤੇ ਕਾਮਿਆਂ ਵਿਚ ਰਿੱਚਮਿਚ ਗਿਆ। ਉਹ ਹਿੰਦੁਸਤਾਨੀ ਵਿਦਿਆਰਥੀਆਂ ਦੀ ਬਣੀ ਸੰਸਥਾ ‘ਨਾਲੰਦਾ ਕਲੱਬ’ ਵਿਚ ਸ਼ਾਮਲ ਹੋ ਗਿਆ, ਜਿੱਥੇ ਆਜ਼ਾਦੀ ਹਾਸਲ ਕਰਨ ਦੇ ਵਿਚਾਰ-ਵਟਾਂਦਰੇ ਹੁੰਦੇ ਰਹਿੰਦੇ।
ਧਾਰਮਿਕ ਚੇਤਨਾ ਵੱਲ: ਕਰਤਾਰ ਸਿੰਘ ਸਰਾਭਾ ਦਾ ਧਾਰਮਿਕ ਦ੍ਰਿਸ਼ਟੀਕੌਣ ਬੜਾ ਬਲਵਾਨ ਅਤੇ ਅਧਿਐਨ ਮੁਖੀ ਸੀ। ਉਹ ਮੁੱਢ ਤੋਂ ਹੀ ਸਕੂਲ ਜਾਣ ਤੋਂ ਪਹਿਲਾਂ ਪਿੰਡ ਦੇ ਗੁਰਦੁਆਰੇ ਜਾਂਦਾ ਅਤੇ ਸਿੱਖੀ ਦੇ ਗੌਰਵਮਈ ਵਿਰਸੇ ਬਾਰੇ ਚੇਤਨ ਹੁੰਦਾ। ਸਿੱਖ ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਅਤੇ ਸਿੱਖ ਸ਼ਹੀਦਾਂ ਦੀਆਂ ਸਾਖੀਆਂ ਉਹ ਆਪਣੇ ਹਮਜਮਾਤੀਆਂ ਨਾਲ ਸਾਂਝੀਆਂ ਕਰ ਕੇ ਫ਼ਖ਼ਰ ਮਹਿਸੂਸ ਕਰਦਾ ਰਹਿੰਦਾ। ਉਹ ਦਸਵੀਂ ਪੜ੍ਹਦਿਆਂ ਹੀ ਸਿੱਖ ਇਤਿਹਾਸ ਦਾ ਅਧਿਐਨ ਕਰ ਚੁੱਕਾ ਸੀ। ਇਸ ਧਾਰਮਿਕ ਚੇਤਨਾ ਨੇ ਉਸ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਹਿੰਦੁਸਤਾਨੀ ਦੀ ਆਜ਼ਾਦੀ ਲਈ ਮੀਰੇ-ਕਾਰਵਾਂ ਬਣਾ ਦਿੱਤਾ ਸੀ। ਸਿੱਖ ਗੁਰੂਆਂ ਅਤੇ ਸ਼ਹੀਦਾਂ ਦੀਆਂ ਅਨੋਖੀਆਂ ਕੁਰਬਾਨੀਆਂ ਉਸ ਲਈ ਪ੍ਰੇਰਨਾ ਸਰੋਤ ਅਤੇ ਆਦਰਸ਼ ਹੋ ਨਿੱਬੜੀਆਂ। 1910-1912 ਦੇ ਵਰ੍ਹਿਆਂ ਦੌਰਾਨ ਉਸ ਨੇ ਬਹੁਤ ਸਾਰੀਆਂ ਸਿੱਖ ਇਤਿਹਾਸ, ਤਵਾਰੀਖ ਦੀਆਂ ਕਿਤਾਬਾਂ ਪੜ੍ਹ ਲਈਆਂ ਸਨ। ਉਹ ਪੰਜਾਬੀ ਲਿਖਣ ਪੜ੍ਹਨ ਵਿਚ ਮੁਹਾਰਤ ਰੱਖਦਾ ਸੀ, ਉੱਥੇ ਅੰਗਰੇਜ਼ੀ ਵਿਚ ਵੀ ਪ੍ਰਬੀਨ ਸੀ।
ਗਦਰ ਪਾਰਟੀ ਦੀ ਸਥਾਪਨਾ: ਮਾਰਚ-ਅਪਰੈਲ 1913 ਵਿਚ ਗ਼ਦਰ ਪਾਰਟੀ ਦੀ ਸਥਾਪਨਾ ਕੈਲਾਫ਼ੋਰਨੀਆਂ ਵਿਚ ਰਹਿ ਰਹੇ ਹਿੰਦੁਸਤਾਨੀਆਂ ਨੇ ਕੀਤੀ ਤਾਂ ਜੋ ਅੰਗਰੇਜ਼ਾਂ ਦੀ ਗੁਲਾਮੀ ਤੋਂ ਹਿੰਦੁਸਤਾਨ ਨੂੰ ਆਜ਼ਾਦ ਕਰਾਇਆ ਜਾ ਸਕੇ। ਉਨ੍ਹਾਂ ਦਾ ਪ੍ਰਮੁੱਖ ਮੰਤਵ ਸੀ ‘ਦੇਸ਼ ਨੂੰ ਆਜ਼ਾਦ ਕਰਨ ਲਈ ਹਰ ਹੀਲਾ ਵਰਤਿਆ ਜਾਏ।’ ਕੈਲਾਫੋਰਨੀਆਂ ਵਿਚ ਬਹੁਤੇ ਗ਼ਦਰੀਆਂ ਨੂੰ ਇਕੱਠਾ ਕਰਨ ਦਾ ਸੇਹਰਾ ਸ. ਕਰਤਾਰ ਸਿੰਘ ਸਰਾਭਾ ਨੂੰ ਜਾਂਦਾ ਹੈ। ਬਾਬਾ ਸੋਹਨ ਸਿੰਘ ਭਕਨਾ ਨੇ ਗ਼ਦਰ ਪਾਰਟੀ ਦੀ ਬੁਨਿਆਦ ਰੱਖੀ। ਉਹ ਇਸ ਪਾਰਟੀ ਦੇ ਪ੍ਰਧਾਨ ਸਨ ਅਤੇ ਲਾਲਾ ਹਰਦਿਆਲ ਸਕੱਤਰ ਚੁਣੇ ਗਏ। ਸ. ਕਰਤਾਰ ਸਿੰਘ ਮਜ਼ਦੂਰਾਂ ਅਤੇ ਵਿਦਿਆਰਥੀਆਂ ਕੋਲ ਜਾ ਕੇ ਮੀਟਿੰਗਾਂ ਕਰਦਾ ਅਤੇ ਗ਼ਦਰੀ ਨੇਤਾਵਾਂ ਨੂੰ ਨਾਲ ਲੈ ਕੇ ਭਾਸ਼ਣ ਦੇਂਦੇ ਅਤੇ ਅੰਗਰੇਜ਼ਾਂ ਖ਼ਿਲਾਫ਼ ਲਾਮਬੰਦ ਕਰਦਾ ਰਹਿੰਦਾ। ਸ. ਕਰਤਾਰ ਸਿੰਘ ਜੋ ਕਹਿੰਦਾ ਸੀ ਉਸ ‘ਤੇ ਅਮਲਾ ਕਰਨਾ ਉਸ ਦਾ ਦਸਤੂਰ ਬਣ ਗਿਆ ਸੀ।
ਗ਼ਦਰ ਅਖ਼ਬਾਰ ਦੀ ਸ਼ੁਰੂਆਤ: ਸ. ਕਰਤਾਰ ਸਿੰਘ ਸਰਾਭਾ ਨੇ ਯੂਨੀਵਰਸਿਕੀ ਦੀ ਪੜ੍ਹਾਈ ਛੱਡ ਦੇ ਲਾਲਾ ਹਰਦਿਆਲ ਸਿੰਘ ਨਾਲ ਸਲਾਹ-ਮਸ਼ਵਰਾ ਕਰਕੇ ਅਤੇ ਬਾਬਾ ਸੋਹਨ ਸਿੰਘ ਭਕਨਾ ਵੱਲੋਂ ਹਰੀ ਝੰਡੀ ਮਿਲਦੇ ਸਾਰ ਹੀ ਇਨਕਲਾਬੀ ਅਖ਼ਬਾਰ ‘ਗਦਰ’ 1 ਨਵੰਬਰ 1913 ਨੂੰ ਸ਼ੁਰੂ ਕੀਤਾ। ਇਹ ਪੰਜਾਬੀ, ਹਿੰਦੀ, ਉਰਦੂ, ਬੰਗਾਲੀ, ਗੁਜਰਾਤੀ ਅਤੇ ਪਸ਼ਤੋ ਭਾਸ਼ਾਵਾਂ ਵਿਚ  ਛੱਪਣਾ ਸ਼ੁਰੂ ਹੋਇਆ। ਸ. ਕਰਤਾਰ ਸਿੰਘ ਦਾ ਕੰਮ ਪੰਜਾਬੀ (ਗੁਰਮੁਖੀ) ਐਡੀਸ਼ਨ ਪ੍ਰਕਾਸ਼ਿਤ ਕਰਨਾ ਸੀ ਅਤੇ ਉਸ ਦਾ ਸੰਪਾਦਕੀ, ਲੇਖ, ਕਵਿਤਾਵਾਂ ਲਿਖਣ ਵਿਚ ਰੁਝ ਗਿਆ। ਜਿਸ ਹੱਥੀਂ ਚੱਲਣ ਵਾਲੀ ਮਸ਼ੀਨ ਤੇ ਅਖ਼ਬਾਰ ਛੱਪਦਾ ਸੀ  ਉਸ ਨੂੰ ਚਲਾਉਣ ਦਾ ਕੰਮ ਵੀ ਕਰਤਾਰ ਸਿੰਘ ਸਰਾਭਾ ਕਰਦਾ ਸੀ। ਇਸ ਅਖ਼ਬਾਰ ਨੂੰ ਸੰਸਾਰ ਦੇ ਹਰ ਦੇਸ਼ ਵਿਚ ਭੇਜਿਆ ਜਾਂਦਾ ਸੀ। ਇਸ ਅਖ਼ਬਾਰ ਰਾਹੀਂ ਸਾਰੇ ਹਿੰਦੁਸਤਾਨੀਆਂ ਨੂੰ ਅੰਗਰੇਜ਼ਾਂ ਦੇ ਖ਼ਿਲਾਫ਼ ਲੜਨਾ, ਹਥਿਆਰਬੰਦ ਟਰੇਨਿੰਗ, ਬਾਰੂਦ ਅਤੇ ਹਥਿਆਰਾਂ ਦੀ ਸਿਖਲਾਈ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ। ਇਹ ਸ. ਕਰਤਾਰ ਸਿੰਘ ਸਰਾਭਾ ਦੀ ਦੂਰ-ਦ੍ਰਿਸ਼ਟੀ ਸੀ ਕਿ ਉਸ ਨੇ ਪਾਰਟੀ ਦੇ ਝੰਡੇ ਵਿਚ ਤਿੰਨ ਰੰਗਾਂ (ਭਾਵ ਸਿੱਖਾਂ-ਮੁਸਲਮਾਨਾਂ ਅਤੇ ਹਿੰਦੂਆਂ) ਦਾ ਰੱਖਿਆ। ਗ਼ਦਰੀ ਬਗਾਵਤ ਦੀ ਧਾਰਮਿਕ ਚੇਤਨਾ ਕਾਰਨ ਹੀ ਬਾਬਾ ਵਿਸਾਖਾ ਸਿੰਘ ਅਤੇ ਭਾਈ ਰਣਧੀਰ ਸਿੰਘ ਨਾਰੰਗਵਾਲ ਇਸ ਲਹਿਰ ਵਿਚ ਕੁੱਦ ਗਏ ਸਨ। ਇਸ ‘ਗ਼ਦਰ ਅਖ਼ਬਾਰ’ ਰਾਹੀਂ ਸਾਰੀ ਪਾਰਟੀ ਬੜੀ ਪ੍ਰਸਿੱਧ ਹੋਈ ਅਤੇ ਹਰ ਵਰਗ ਦੇ ਹਿੰਦੁਸਤਾਨੀ ਇਸ ਨਾਲ ਜੁੜ ਕੇ ਫਖ਼ਰ ਮਹਿਸੂਸ ਕਰਨ ਲੱਗੇ।
ਫੈਸਲਾਕੁੰਨ ਬਗਾਵਤ ਵੱਲ: ਪਹਿਲੀ ਸੰਸਾਰ ਜੰਗ 1914 ਵਿਚ ਅੰਗਰੇਜ਼ ਪੂਰੀ ਤਰ੍ਹਾਂ ਲੜਾਈ ਵਿਚ ਮਸਰੂਫ਼ ਹੋ ਗਏ। ਗ਼ਦਰ ਪਾਰਟੀ ਦੇ ਨੇਤਾਵਾਂ ਨੇ ਚੰਗਾ ਮੌਕਾ ਜਾਣ ਕੇ ‘ਐਲਾਨੇ ਜੰਗ’ ਦਾ ਬਿਗਲ ਵਜਾ ਦਿੱਤਾ ”ਅੰਗਰੇਜ਼ਾਂ ਖ਼ਿਲਾਫ਼”। ਸਟੋਕਟਨ  ਵਿਚ ਫਰਵਰੀ 1914 ਨੂੰ ਹਿੰਦੁਸਤਾਨ ਦੇ ਆਜ਼ਾਦੀ ਦੇ ਝੰਡੇ ਨੂੰ ਲਹਿਰਾਇਆ ਗਿਆ। ਕਰਤਾਰ ਸਿੰਘ ਨੇ ਮੁੱਖ ਭਾਸ਼ਣ ਦਿੱਤਾ। ਸ. ਕਰਤਾਰ ਸਿੰਘ, ਕ੍ਰਾਂਤੀਕਾਰੀ ਗੁਪਤਾ ਅਤੇ ਇਕ ਅਮਰੀਕਨ ਜੈਕ ਨਾਲ ਜਪਾਨ ਜਾ ਕੇ ਬਾਬਾ ਗੁਰਦਿੱਤ ਸਿੰਘ ਨੂੰ ਕੂਬੇ (Kobe) ਗਿੱਲ ਨੇ ਕਈ ਗੁਪਤ ਵਿਚਾਰਾਂ ਕੀਤੀਆਂ। ਗ਼ਦਰ ਅਖ਼ਬਾਰ ਨੇ 5 ਅਗਸਤ 1914 ਨੂੰ ਐਲਾਨੇ ਜੰਗ ਦਾ ਇਸ਼ਤਿਹਾਰ ਛਾਪ ਦਿੱਤਾ। ਇਸ ਅਖ਼ਬਾਰ ਦੀਆਂ ਹਜ਼ਾਰਾਂ ਕਾਪੀਆਂ ਫੌਜੀ ਛਾਉਣੀਆਂ, ਪਿੰਡਾਂ ਅਤੇ ਸ਼ਹਿਰਾਂ ਵਿਚ ਵੰਡੀਆਂ ਗਈਆਂ। ਸ. ਕਰਤਾਰ ਸਿੰਘ 15 ਸਤੰਬਰ  1914 ਨੂੰ ਅਮਰੀਕਾ ਤੋਂ ਪੰਜਾਬ ਵੱਲ ਆ ਗਿਆ। ਦਸੰਬਰ 1914 ਨੂੰ ਭਾਈ ਪਰਮਾਨੰਦ ਨੇ ਹਿੰਦੁਸਤਾਨ ਪੁੱਜ ਕੇ ਲਹਿਰ ਨੂੰ ਤੇਜ਼ ਕੀਤਾ ਅਤੇ ਸ. ਕਰਤਾਰ ਸਿੰਘ ਨੂੰ ਪੰਜਾਬ ਵਿਚ ਬਗਾਵਤ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸੇ ਮਕਸਦ ਲਈ ਉਹ ਬੰਗਾਲ ਜਾ ਕੇ ਹਥਿਆਰ, ਬਾਰੂਦ, ਗੋਲੀ-ਸਿੱਕਾ ਆਦਿ ਲੈ ਆਇਆ ਅਤੇ ਉੱਥੇ ਹੀ ਵਿਸ਼ਨੂੰ, ਗਨੇਸ਼ ਪਿੰਗਲੇ, ਸਚਿੰਦਰਾ ਨਾਥ ਸਨਿਆਲ, ਗੈਸ਼ ਬਿਹਾਰੀ ਬੋਸ ਨਾਲ ਸੰਪਰਕ ਸਥਾਪਤ ਕੀਤੇ। ਪਿੰਗਲੇ ਨਾਲ ਜਾ ਕੇ ਮੇਰਠ, ਆਗਰਾ, ਬਨਾਰਸ, ਅਲਾਹਬਾਦ, ਅੰਬਾਲਾ, ਲਾਹੌਰ ਤੇ ਰਾਵਲਪਿੰਡੀ ਛਾਉਣੀਆਂ ਵਿਚ ਜਾ ਕੇ ਫੌਜੀਆਂ ਨੂੰ ਬਗਾਵਤ ਕਰਨ ਲਈ ਤਿਆਰ ਕੀਤਾ। ਕਰਤਾਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਲੁਧਿਆਣਾ ਦੇ ਜੱਬੇਵਾਲ ਅਤੇ ਲੋਹਤਬਾਦੀ ਨਗਰਾਂ ਵਿਚ ਬੰਬ ਬਣਾਉਣੇ ਸ਼ੁਰੂ ਕੀਤੇ। ਇਸ ਮਿਸ਼ਨ ਦੀ ਪ੍ਰਾਪਤੀ ਲਈ ਜਨਵਰੀ 1915 ਵਿਚ ਸਾਥੀਆਂ ਸਮੇਤ ਅਮੀਰਾਂ ਨੂੰ ਲੁੱਟ ਕੇ ਪਾਰਟੀ ਲਈ ਫੰਡ ਇਕੱਠੇ ਕੀਤੇ।
ਜੁਗਾਂਤਰ ਗਰੁੱਪ ਦੇ ਨੇਤਾ ਜਤਿੰਦਰ ਨਾਥ ਮੁਖਰਜੀ ਦੀ ਮੁਲਾਕਾਤੀ ਚਿੱਠੀ ਲੈ ਕੇ ਹੀ ਪਿੰਗਲੇ ਅਤੇ ਬੋਸ ਨੂੰ ਕਰਤਾਰ ਸਿੰਘ ਕੋਲ ਬਨਾਰਸ ਪੁੱਜੇ ਸਨ ਅਤੇ ਇਹ ਇਤਲਾਹ ਦਿੱਤੀ ਕਿ 25,000 ਗ਼ਦਰੀ ਜਲਦੀ ਵਾਪਸ ਹਿੰਦੁਸਤਾਨ ਆ ਰਹੇ ਹਨ। ਇਕ ਮਹੀਨੇ ਮਗਰੋਂ ਸਿੱਖ ਗ਼ਦਰੀ ਬਾਬਿਆਂ ਦਾ ਜਥਾ ਵੀ ਪੰਜਾਬ ਪੁੱਜਣਾ ਸੀ। ਬੰਦਰਗਾਹਾਂ ‘ਤੇ ਪੁੱਜਦੇ ਹੀ ਬਹੁਤ ਸਾਰੇ ਗ਼ਦਰੀ ਨੇਤਾਵਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਹਿਰਾਸਤਾਂ ਦੇ ਬਾਵਜੂਦ ਗਦਰ ਪਰਟੀ ਦੇ ਮੈਂਬਰਾਂ ਦੀ ਮੀਟਿੰਗ ਲਾਡੋਵਾਲ (ਲੁਧਿਆਣਾ) ਵਿਚ ਹੋਈ ਜਿੱਥੇ ਜੰਗੀ ਪੈਂਤੜੇਬਾਜ਼ੀ ਦੇ ਨਕਸ਼ ਉਲੀਕੇ ਗਏ। ਦੋ ਗ਼ਦਰੀ ਸ. ਵਰਿਆਮ ਸਿੰਘ ਅਤੇ ਰਾਮ ਰਾਖਾ ਬੰਬਾਂ ਦਾ ਪ੍ਰਯੋਗ ਕਰਦੇ ਮਾਰੇ ਗਏ। ਰਾਸ਼ ਬਿਹਾਰੀ ਬੋਸ ਦੇ 25 ਜਨਵਰੀ 1915 ਨੂੰ ਪੁੱਜਣ ‘ਤੇ 12 ਫਰਵਰੀ ਦੀ ਮੀਟਿੰਗ ਵਿਚ ਇਹ ਫੈਸਲਾ ਹੋਇਆ ਕਿ ਫਰਵਰੀ 21 ਨੂੰ  ਬਗਾਵਤ ਦਾ ਆਗਾਜ਼ ਹੋਵੇਗਾ। ਪਹਿਲਾਂ ਮੀਆਂਮੀਰ ਅਤੇ ਫਿਰੋਜ਼ਪੁਰ ਛਾਉਣੀ ਕਾਬੂ ਕਰਕੇ ਅੰਬਾਲਾ ਅਤੇ ਦਿੱਲੀ ਬਾਰੇ ਵਿਚਾਰਾਂ ਹੋਈਆਂ।
ਵਿਸ਼ਵਾਸਘਾਤੀ ਦਾ ਰੋਲ: ਗ਼ਦਰ ਪਾਰਟੀ ਵਿਚ ਇਕ ਕ੍ਰਿਪਾਲ ਸਿੰਘ ਨਾਂ ਦਾ ਪੁਲੀਸ ਵਾਲਾ ਮੁਖ਼ਬਰੀ ਕਰਦਾ ਸੀ। ਫਰਵਰੀ 19 ਨੂੰ ਬਹੁਤੇ ਮੈਂਬਰਾਂ ਨੂੰ ਗ੍ਰਿਫਤਾਰ ਕਰਾਉਣ ਵਿਚ ਉਸ ਦੀ ਭੂਮਿਕਾ ਸੀ। ਉਸ ਨੇ ਸਰਕਾਰ ਨੂੰ ਸੰਭਾਵੀ ਬਗਾਵਤ ਦੀ ਸੂਹ ਦੇ ਦਿੱਤੀ ਸੀ। ਸਰਕਾਰ ਨੇ ਮੁਕਾਮੀ ਫੌਜੀਆਂ ਤੋਂ ਹਥਿਆਰ ਲੈ ਕੇ ਬਗਾਵਤ ਨੂੰ ਫੇਲ ਕਰ ਦਿੱਤਾ। ਜੋ ਮੈਂਬਰ ਗ੍ਰਿਫਤਾਰੀ ਤੋਂ ਬਚ ਗਏ ਉਨ੍ਹਾਂ ਨੇ ਹਿੰਦੁਸਤਾਨ ਛੱਡਣ ਦਾ ਮਨਸੂਬਾ ਬਣਾ ਲਿਆ ਸੀ। ਸ. ਕਰਤਾਰ ਸਿੰਘ ਸਰਾਭਾ, ਸ. ਹਰਨਾਮ ਸਿੰਘ ਟੁੰਡੀਲਾਟ ਅਤੇ ਸ. ਜਗਤ ਸਿੰਘ, ਗੁਰਸਿੰਘ ਕਾਬਲ (ਅਫ਼ਗਾਨਿਸਤਾਨ) ਜਾਣ ਵਿਚ ਸਫਲ ਹੋ ਗਏ। ਮਾਰਚ 2, 1915 ਨੂੰ ਸੈਂਟਰਲ ਜੇਲ੍ਹ ਲਾਹੌਰ ਵਿਚ ਕੈਦ ਕਰਕੇ ਮੌਤ ਦੀ ਸਜ਼ਾ ਸੁਣਾ ਦਿੱਤੀ ਸੀ।  ਉਸ ਦੀ ਪੇਸ਼ੀ ਦੌਰਾਨ ਸਾਰੇ ਜੱਜ ਉਸ ਦੀ ਤੀਖਣਬੁਧੀ ਦੇ ਕਾਇਲ ਸਨ। ਅਦਾਲਤ ਨੇ ਆਪਣੇ ਫੈਸਲੇ ਵਿਚ ਸ. ਕਰਤਾਰ ਸਿੰਘ ਸਰਾਭਾ ਨੂੰ ਸਾਰੇ ਬਾਗੀਆਂ ਤੋਂ ਵੱਧ ਖ਼ਤਰਨਾਕ ਗਰਦਾਨਿਆ। ਆਜ਼ਾਦੀ ਨੇ ਇਸ ਇਸ ਘੁਲਾਟੀਏ ਨੂੰ 18 ਹੋਰ ਗ਼ਦਰੀਆਂ ਵਾਂਗ ਸੈਂਟਰਲ ਜੇਲ੍ਹ, ਲਾਹੌਰ ਵਿਚ 16 ਨਵੰਬਰ 1915 ਨੂੰ ਫ਼ਾਂਸੀ ਦੇ ਤਖ਼ਤੇ ‘ਤੇ ਚਾੜ੍ਹ ਦਿੱਤਾ ਗਿਆ। ਫ਼ਾਂਸੀ ਲੱਗਣ ਸਮੇਂ ਉਸ ਨੇ ਆਪਣਾ ਲਿਖਿਆ ਆਜ਼ਾਦੀ ਗੀਤ ਗਾਇਆ:
”ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ
ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੀ
ਜਿਨ੍ਹਾਂ ਦੇਸ਼ ਸੇਵਾ ‘ਚ ਪੈਰ ਪਾਇਆ
ਉਨ੍ਹਾਂ ਲੱਖਾਂ ਮੁਸੀਬਤਾਂ ਝੱਲੀਆਂ ਨੀ।”
ਸ. ਕਰਤਾਰ ਸਿੰਘ ਸਰਾਭਾ ਸ਼ਹੀਦੀ ਦਾ ਚਿੰਨ੍ਹ ਬਣ ਕੇ ਬਹੁਤ ਸਾਰੇ ਭਾਰਤੀਆਂ ਲਈ ਬਹਾਦਰੀ ਅਤੇ ਕੁਰਬਾਨੀ ਦਾ ਪ੍ਰੇਰਨਾ ਸਰੋਤ ਬਣ ਉੱਭਰਿਆ। ਸ਼ਹੀਦ ਭਗਤ ਸਿੰਘ, ਸ. ਕਰਤਾਰ ਸਿੰਘ ਸਰਾਭਾ ਨੂੰ ਆਪਣਾ ਗੁਰੂ ਦੋਸਤ ਅਤੇ ਵੱਡਾ ਭਾਈ ਸਮਝਦਾ ਸੀ।

Wednesday, 16 November 2011

ਸ਼ਹੀਦ ਕਰਤਾਰ ਸਿੰਘ ਸਰਾਭਾ

ਸ਼ਹੀਦ ਕਰਤਾਰ ਸਿੰਘ ਸਰਾਭਾ
ਭਗਤ ਸਿੰਘ ਦੀਆਂ ਨਜ਼ਰਾਂ 'ਚ

(17ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ 96 ਵੀਂ ਬਰਸੀ ਹੈ। ਇਸ ਮੌਕੇ ਸ਼ਹੀਦ ਭਗਤ ਸਿੰਘ ਵੱਲੋਂ ਕਿਰਤੀ ਅਖ਼ਬਾਰ ਵਿੱਚ ਲਿਖੇ ਗਏ ਲੇਖ ਦੇ ਅੰਸ਼ ਪੇਸ਼ ਕਰ ਰਹੇ ਹਾਂ)

ਰਣਚੰਡੀ ਦੇ ਇਸ ਪਰਮ ਭਗਤ ਬਾਗੀ ਕਰਤਾਰ ਸਿੰਘ ਦੀ ਉਮਰ ਇਸ ਵੇਲੇ ਵੀਹਾਂ ਸਾਲਾਂ ਦੀ ਵੀ ਨਹੀਂ ਹੋਈ ਸੀ ਕਿ ਜਦ ਉਨ•ਾਂ ਨੇ ਸਵਤੰਤਰਤਾ ਦੇਵੀ ਦੀ ਬਲੀ ਵੇਦੀ ਉੱਤੇ ਆਪਣੀ ਕੁਰਬਾਨੀ ਦੇ ਦਿੱਤੀ। ਹਨੇਰੀ ਵਾਂਗ ਉਹ ਇਕਦਮ ਕਿਤਿਓਂ ਆਏ, ਅੱਗ ਭੜਕਾਈ ਤੇ ਸੁਪਨਿਆਂ 'ਚ ਪਈ ਰਣਚੰਡੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਬਗਾਵਤ ਦਾ ਯੱਗ ਰਚਿਆ ਅਤੇ ਆਖ਼ਰ ਉਹ ਆਪ ਖੁਦ ਇਸ ਵਿੱਚ ਭਸਮ ਹੋ ਗਏ। ਉਹ ਕੀ ਸਨ, ਇਸ ਦੁਨੀਆਂ ਤੋਂ ਅਚਾਨਕ ਆਏ ਅਤੇ ਝੱਟ ਕਿੱਧਰੇ ਚਲੇ ਗਏ, ਅਸੀਂ ਕੁਝ ਵੀ ਨਾ ਜਾਣ ਸਕੇ। 19 ਸਾਲ ਦੀ ਉਮਰ ਵਿਚ ਹੀ ਉਨ•ਾਂ ਨੇ ਇੰਨੇ ਕੰਮ ਕਰ ਦਿਖਾਏ ਕਿ ਸੋਚ ਕੇ ਹੈਰਾਨੀ ਹੁੰਦੀ ਐ। ਐਨੀ ਜੁਰਅਤ, ਐਨਾ ਆਤਮ-ਵਿਸ਼ਵਾਸ਼, ਐਨਾ ਆਤਮ-ਤਿਆਗ ਅਤੇ ਐਨੀ ਲਗਨ ਬਹੁਤ ਘੱਟ ਦੇਖਣ ਨੂੰ ਮਿਲੇਗੀ। ਭਾਰਤਵਰਸ਼ ਵਿੱਚ ਐਸੇ ਇਨਸਾਨ ਬਹੁਤ ਘੱਟ ਪੈਦਾ ਹੋਏ ਹਨ ਜਿੰਨ•ਾਂ ਨੂੰ ਕਿ ਸਹੀ ਅਰਥਾਂ ਵਿੱਚ ਬਾਗੀ ਆਖਿਆ ਜਾ ਸਕਦਾ ਹੈ। ਪਰੰਤੂ ਇਨ•ਾਂ ਗਿਣਿਆ-ਮਿਣਿਆਂ ਆਗੂਆਂ ਵਿੱਚ ਕਰਤਾਰ ਸਿੰਘ ਦਾ ਨਾਂ ਸੂਚੀ ਦੇ ਉੱਪਰ ਹੈ। ਉਨ•ਾਂ ਦੀ ਰਗ-ਰਗ ਵਿੱਚ ਇਨਕਲਾਬ ਦਾ ਜਜ਼ਬਾ ਸਮਾਇਆ ਹੋਇਆ ਸੀ। ਉਨ•ਾਂ ਦੀ ਜ਼ਿੰਦਗੀ ਦਾ ਇਕੋ ਇਕ ਮਕਸਦ, ਇਕੋ ਖਾਹਸ਼ ਅਤੇ ਇਕੋ ਉਮੀਦ ਜੋ ਕੁਝ ਵੀ ਸੀ ਇਨਕਲਾਬ ਹੀ ਸੀ। ਇਸ ਦੇ ਲਈ ਉਨ•ਾਂ ਜ਼ਿੰਦਗੀ ਵਿੱਚ ਪੈਰ ਪਾਇਆ ਤੇ ਅਖੀਰ ਇਸੇ ਲਈ ਹੀ ਇਸ ਦੁਨੀਆਂ ਤੋਂ ਚਲਾਣਾ ਕਰ ਗਏ ... ... ... 
        ... ... ... ਕਰਤਾਰ ਸਿੰਘ ਜਿਸ ਲਗਨ ਨਾਲ ਮਿਹਨਤ ਕਰਦੇ ਸਨ, ਇਸ ਨਾਲ ਸਭ ਦਾ ਹੌਂਸਲਾ ਵਧ ਜਾਂਦਾ ਸੀ। ਭਾਰਤ ਨੂੰ ਕਿਸ ਤਰ•ਾਂ ਆਜ਼ਾਦ ਕਰਵਾਇਆ ਜਾਵੇ? ਇਹ ਕਿਸੇ ਨੂੰ ਪਤਾ ਹੋਵੇ ਜਾਂ ਨਾ। ਕਿਸੇ ਨੇ ਇਸ ਸਵਾਲ 'ਤੇ ਸੋਚ ਵਿਚਾਰ ਕੀਤੀ ਹੋਵੇ ਜਾਂ ਨਾ ਕੀਤੀ ਹੋਵੇ ਪਰ ਕਰਤਾਰ ਸਿੰਘ ਨੇ ਇਸ ਸਵਾਲ ਬਾਰੇ ਬਹੁਤ ਕੁਝ ਸੋਚ ਰੱਖਿਆ ਸੀ। ਇਸ ਦੌਰਾਨ ਆਪ ਨਿਊਯਾਰਕ ਵਿੱਚ ਹਵਾਈ ਜਹਾਜ਼ਾਂ ਦੀ ਕੰਪਨੀ ਵਿੱਚ ਭਰਤੀ ਹੋ ਗਏ। ਇੱਥੇ ਦਿਲ ਲਗਾ ਕੇ ਕੰਮ ਸਿੱਖਣ ਲੱਗੇ।
        ਸਤੰਬਰ 1914 ਵਿੱਚ ਕਾਮਾਗਾਟਾ ਮਾਰੂ ਜਹਾਜ਼ ਨੂੰ ਜ਼ਾਲਮ ਗੋਰਾਸ਼ਾਹੀ ਦੇ ਹੱਥੋਂ ਨਾ ਵਰਨਣ ਯੋਗ ਤਸੀਹੇ ਝੱਲਣ 'ਤੇ ਉਸੇ ਤਰ•ਾਂ ਹੀ ਵਾਪਸ ਮੁੜਨਾ ਪਿਆ। ਤਦ ਸਾਡੇ ਕਰਤਾਰ ਸਿੰਘ, ਇਨਕਲਾਬ ਪਸੰਦ ਗੁਪਤਾ ਤੇ ਇਕ ਅਮਰੀਕਨ ਅਨਾਰਕਿਸਟ ਜੈਕ ਨੂੰ ਨਾਲ ਲੈ ਕੇ ਹਵਾਈ ਜਹਾਜ਼ 'ਤੇ ਜਾਪਾਨ ਆਏ ਅਤੇ ਕੋਬੇ ਵਿੱਚ ਬਾਬਾ ਗੁਰਦਿੱਤ ਸਿੰਘ ਜੀ ਨਾਲ ਮਿਲ ਕੇ ਸਭ ਗੱਲਬਾਤ ਕੀਤੀ। ਯੁਗਾਂਤਰ ਆਸ਼ਰਮ ਸਾਨਫ੍ਰਾਂਸਿਸਕੋ ਦੇ ਗ਼ਦਰ ਪ੍ਰੈਸ ਵਿੱਚ 'ਗ਼ਦਰ ਅਤੇ ਗ਼ਦਰ ਦੀ ਗੂੰਜ' ਅਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਛਾਪ ਕੇ ਵੰਡੀਆਂ ਜਾਂਦੀਆਂ ਰਹੀਆਂ। ਦਿਨੋ-ਦਿਨ ਪ੍ਰਚਾਰ ਜ਼ੋਰਾਂ ਤੇ ਹੁੰਦਾ ਗਿਆ। ਜੋਸ਼ ਵੱਧਦਾ ਗਿਆ। ਫਰਵਰੀ 1914 ਵਿਚ ਸਟਾਕਨ ਦੇ ਆਮ ਜਲਸੇ ਵਿੱਚ ਆਜ਼ਾਦੀ ਦਾ ਝੰਡਾ ਲਹਿਰਾਇਆ ਗਿਆ ਅਤੇ ਆਜ਼ਾਦੀ ਤੇ ਬਰਾਬਰੀ ਦੇ ਨਾਂ 'ਤੇ ਕਸਮ ਖਾਧੀ ਗਈ। ਇਸ ਜਲਸੇ ਦੇ ਬੁਲਾਰਿਆਂ ਵਿੱਚ ਕਰਤਾਰ ਸਿੰਘ ਵੀ ਸਨ। ਸਾਰਿਆਂ ਨੇ ਐਲਾਨ ਕੀਤਾ ਕਿ ਉਹ ਆਪਣੀ ਖੂਨ-ਪਸੀਨੇ ਦੀ ਕਮਾਈ ਇੱਕ ਕਰਕੇ ਮੁਲਕ ਦੀ ਆਜ਼ਾਦੀ ਲਈ ਜਦੋਜਹਿਦ ਲਈ ਲਗਾ ਦੇਣਗੇ। ਇਸ ਤਰ•ਾਂ ਦਿਨ ਗੁਜ਼ਰਦੇ ਰਹੇ। ਅਚਾਨਕ ਯੂਰਪ ਵਿੱਚ ਪਹਿਲੀ ਜੰਗ ਲੱਗਣ ਦੀ ਖ਼ਬਰ ਮਿਲੀ। ਉਹ ਖੁਸ਼ੀ ਵਿੱਚ ਫੁੱਲੇ ਨਹੀਂ ਸਮਾਉਂਦੇ ਸਨ। ਇਕਦਮ ਸਾਰੇ ਗਾਉਣ ਲੱਗ ਪਏ-
''ਚੱਲੋ ਚੱਲੀਏ ਦੇਸ਼ ਨੂੰ ਯੁੱਧ ਕਰਨ,
              ਇਹੋ ਆਖਰੀ ਵਚਨ ਤੇ ਫੁਰਮਾਨ ਹੋ ਗਏ।'' . . . . .
        . . . . .  ਫਰਵਰੀ 1915 ਵਿਚ ਬਗਾਵਤ ਦੀ ਤਿਆਰੀ ਸੀ। ਪਹਿਲੇ ਹਫ਼ਤੇ ਆਪ, ਪਿੰਗਲੇ ਅਤੇ ਦੂਜੇ ਦੋ-ਤਿੰਨ ਸਾਥੀਆਂ ਨਾਲ ਆਗਰਾ, ਕਾਨ•ਪੁਰ, ਅਲਾਹਾਬਾਦ, ਲਖਨਊ, ਮੇਰਠ ਅਤੇ ਕਈ ਹੋਰ ਥਾਂ ਗਏ ਅਤੇ ਬਗ਼ਾਵਤ ਲਈ ਉਨ•ਾਂ ਨਾਲ ਮੇਲ-ਮਿਲਾਪ ਕਰ ਆਏ। ਅਖੀਰ ਉਹ ਦਿਨ ਨੇੜੇ ਆਉਣ ਲੱਗਾ, ਜਿਸ ਦਾ ਬੜੇ ਚਿਰ ਤੋਂ ਇੰਤਜ਼ਾਰ ਹੋ ਰਿਹਾ ਸੀ। 21ਫਰਵਰੀ 1915 ਨੂੰ ਭਾਰਤ ਵਿੱਚ ਬਗ਼ਾਵਤ ਦਾ ਦਿਨ ਮੁਕਰੱਰ ਹੋਇਆ ਸੀ। ਇਸ ਦੇ ਮੁਤਾਬਕ ਤਿਆਰੀ ਹੋ ਰਹੀ ਸੀ ਪ੍ਰੰਤੂ ਬਿਲਕੁਲ ਇਸ ਵੇਲੇ ਹੀ ਉਨ•ਾਂ ਦੀਆਂ ਉਮੀਦਾਂ ਦੇ ਰੁੱਖ ਦੀ ਜੜ• 'ਤੇ ਬੈਠਾ ਇੱਕ ਚੂਹਾ ਇਸ ਨੂੰ ਕੱਟ ਰਿਹਾ ਸੀ। ਚਾਰ-ਪੰਜ ਦਿਨ ਪਹਿਲਾਂ ਸ਼ੱਕ ਪੈ ਗਿਆ ਕਿ ਕਿਰਪਾਲ ਸਿੰਘ ਦੀ ਗ਼ਦਾਰੀ ਨਾਲ ਸਭ ਕੁਝ ਢਹਿ-ਢੇਰੀ ਹੋ ਜਾਏਗਾ। ਇਸ ਡਰ ਨਾਲ ਹੀ ਕਰਤਾਰ ਸਿੰਘ ਨੇ ਰਾਸ ਬਿਹਾਰੀ ਬੋਸ ਨੂੰ ਬਗਾਵਤ ਦੀ ਤਰੀਕ 21 ਦੀ ਬਜਾਏ 19 ਫਰਵਰੀ ਕਰਨ ਲਈ ਕਿਹਾ। ਇਸ ਤਰ•ਾਂ ਹੋ ਜਾਣ ਦੀ ਵੀ ਕਿਰਪਾਲ ਸਿੰਘ ਨੂੰ ਸੂਹ ਪਹੁੰਚ ਗਈ। ਇਸ ਇਨਕਲਾਬੀ ਗਰੋਹ ਵਿੱਚ ਇਕੋ ਗ਼ਦਾਰ ਦੀ ਹੋਂਦ ਕਿੰਨੀ ਖਤਰਨਾਕ ਨਤੀਜੇ ਦਾ ਕਾਰਨ ਬਣੀ। ਰਾਸ ਬਿਹਾਰੀ ਤੇ ਕਰਤਾਰ ਸਿੰਘ ਵੀ ਕੋਈ ਮੁਨਾਸਬ ਇੰਤਜ਼ਾਮ ਨਾ ਹੋਣ ਕਰਕੇ ਆਪਣਾ ਭੇਦ ਨਾ ਛੁਪਾ ਸਕੇ। ਇਸ ਦਾ ਕਾਰਨ ਭਾਰਤ ਦੀ ਬਦਕਿਸਮਤੀ ਦੇ ਸਿਵਾਏ ਹੋਰ ਕੀ ਹੋ ਸਕਦਾ ਹੈ . . . . .
        . . . . . . . ਆਪ ਦੀ ਬਹਾਦਰੀ ਨੇ ਜੱਜਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਪ੍ਰੁੰਤੂ ਉਨ•ਾਂ ਨੇ ਖੁੱਲ•ੇ ਦਿਲ ਦੁਸ਼ਮਣ ਦੀ ਤਰ•ਾਂ ਆਪਦੀ ਬਹਾਦਰੀ ਨੂੰ ਬਹਾਦਰੀ ਨਾ ਕਹਿ ਕੇ ਢੀਠਪੁਣੇ ਦੇ ਸ਼ਬਦਾਂ ਨਾਲ ਯਾਦ ਕੀਤਾ। ਕਰਤਾਰ ਸਿੰਘ ਨੂੰ ਸਿਰਫ਼ ਗਾਲ਼ਾਂ ਹੀ ਨਹੀਂ, ਮੌਤ ਦੀ ਸਜ਼ਾ ਵੀ ਮਿਲੀ। ਆਪ ਨੇ ਮੁਸਕਰਾਉਂਦੇ ਹੋਏ ਜੱਜ ਦਾ ਸ਼ੁਕਰੀਆ ਅਦਾ ਕੀਤਾ। ਕਰਤਾਰ ਸਿੰਘ ਫਾਂਸੀ ਦੀ ਕੋਠੜੀ ਵਿੱਚ ਬੰਦ ਸਨ। ਆਪ ਦੇ ਦਾਦਾ ਨੇ ਆ ਕੇ ਕਿਹਾ ਕਿ , ''ਕਰਤਾਰ ਸਿੰਘ, ਜਿਨ•ਾਂ ਲਈ ਮਰ ਰਿਹਾ ਹੈਂ? ਜਿਹੜੇ ਤੈਨੂੰ ਗਾਲ਼ੀਆ ਦਿੰਦੇ ਹਨ। ਤੇਰੇ ਮਰਨ ਨਾਲ ਦੇਸ਼ ਨੂੰ ਕੁਝ ਫਾਇਦਾ ਹੋਵੇਗਾ, ਇਹ ਵੀ ਨਜ਼ਰ ਨਹੀਂ ਆਉਂਦਾ।'' ਕਰਤਾਰ ਸਿੰਘ ਨੇ ਬਹੁਤ ਹੌਲੀ ਜਿਹੀ ਪੁੱਛਿਆ :-
''ਦਾਦਾ ਜੀ, ਫਲਾਣਾ ਰਿਸ਼ਤੇਦਾਰ ਕਿੱਥੇ ਹੈ?''
''ਪਲੇਗ ਨਾਲ ਮਰ ਗਿਆ।''
''ਫਲਾਣਾ ਕਿੱਥੇ ਹੈ?''
''ਹੈਜੇ ਨਾਲ ਮਰ ਗਿਆ।''
''ਤਾਂ ਕੀ ਤੁਸੀਂ ਚਾਹੁੰਦੇ ਹੋ ਕਿ ਕਰਤਾਰ ਸਿੰਘ ਬਿਸਤਰੇ 'ਤੇ ਮਹੀਨਿਆਂ ਬੱਧੀ ਪਿਆ ਰਹੇ ਤੇ ਦਰਦ ਨਾਲ ਦੁਖੀ ਕਿਸੇ ਰੋਗ ਨਾਲ ਮਰੇ? ਕੀ ਉਸ ਮੌਤ ਨਾਲੋਂ ਇਹ ਮੌਤ ਹਜ਼ਾਰ ਦਰਜੇ ਚੰਗੀ ਨਹੀਂ?'' ਦਾਦਾ ਚੁੱਪ ਹੋ ਗਏ।
        ਅੱਜ ਫਿਰ ਸਵਾਲ ਉੱਠਦਾ ਹੈ ਕਿ ਉਨ•ਾਂ ਦੇ ਮਰਨ ਨਾਲ ਕੀ ਫਾਇਦਾ ਹੋਇਆ? ਉਹ ਕਿਸ ਲਈ ਮਰੇ? ਇਸ ਦਾ ਜਵਾਬ ਬਿਲਕੁਲ ਸਾਫ਼ ਹੈ। ਦੇਸ਼ ਲਈ ਮਰੇ। ਉਨ•ਾਂ ਦਾ ਆਦਰਸ਼ ਹੀ ਦੇਸ਼ ਸੇਵਾ ਵਿੱਚ ਲੜਦੇ ਮਰਨਾ ਸੀ। ਉਹ ਇਸ ਤੋਂ ਜ਼ਿਆਦਾ ਕੁਝ ਨਹੀਂ ਚਾਹੁੰਦੇ ਸਨ। ਮਰਨਾ ਵੀ ਗੁੰਮਨਾਮ ਰਹਿ ਕੇ ਚਾਹੁੰਦੇ ਸਨ।
ਚਮਨ ਜਾਰੇ ਮੁਹੱਬਤ ਮੇਂ, ਉਸੀ ਨੇ ਕੀ ਬਾਗਬਾਨੀ।
ਜਿਸਨੇ ਮਿਹਨਤ ਕੋ ਹੀ ਮਿਹਨਤ ਕਾ ਸਮਰ ਜਾਨਾ।
ਨਹੀਂ ਹੋਤਾ ਮੁਹਤਾਜੇ ਨੁਮਾਇਸ਼ ਫੈਜ਼ ਸਬਨਮ ਕਾ,
ਅੰਧੇਰੀ ਰਾਤ ਮੇਂ ਮੋਤੀ ਲੁਟਾ ਜਾਤੀ ਹੈ ਗੁਲਸ਼ਨ ਮੇਂ।
        (ਮੁਹੱਬਤ ਦੀ ਫੁਲਵਾੜੀ ਵਿੱਚ ਉਸ ਮਾਲੀ ਦੀ ਥਾਂ ਹੈ, ਜਿਹੜਾ ਆਪਣੀ ਮਿਹਨਤ ਨੂੰ ਹੀ ਆਪਣਾ ਫਲ ਸਮਝਦਾ ਹੈ। ਤ੍ਰੇਲ ਦੀ ਦਰਿਆਦਿਲੀ ਵਿਖਾਵੇ ਲਈ ਨਹੀਂ ਹੈ, ਉਹ ਤਾਂ ਹਨੇਰੀ ਰਾਤ ਵਿੱਚ ਚੁੱਪ-ਚਾਪ ਬਾਗ਼ ਵਿੱਚ ਮੋਤੀ ਕੇਰ ਜਾਂਦੀ ਹੈ।)
        ਡੇਢ ਸਾਲ ਤੱਕ ਮੁਕੱਦਮਾ ਚੱਲਿਆ। 16 ਨਵੰਬਰ, 1915 ਦਾ ਦਿਨ ਸੀ, ਜਦ ਉਨ•ਾਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ। ਉਸ ਦਿਨ ਵੀ ਹਮੇਸ਼ਾ ਦੀ ਤਰ•ਾਂ ਖੁਸ਼ ਸਨ। ਇਨ•ਾਂ ਦਾ ਭਾਰ ਦਸ ਪੌਂਡ ਵਧ ਗਿਆ ਸੀ। ਭਾਰਤ ਮਾਤਾ ਦੀ ਜੈ ਕਹਿੰਦੇ ਹੋਏ ਉਹ ਫਾਂਸੀ ਦੇ ਤਖਤੇ 'ਤੇ ਝੂਲ ਗਏ। 

Wednesday, 9 November 2011

ਆਪਣਿਆਂ ਨੂੰ ਗੱਫੇ

ਆਪਣਿਆਂ ਨੂੰ ਇਉਂ ਦਿੱਤੇ ਜਾਂਦੇ ਨੇ ਗੱਫੇ
ਪੰਜਾਬ 'ਚ ਆਈ.ਟੀ. ਕੰਪਨੀਆਂ ਲਈ ਵਿਸ਼ੇਸ਼ ਰਿਆਇਤਾਂ ਦਾ ਐਲਾਨ
        ਪੰਜਾਬ ਸਰਕਾਰ ਨੇ ਸੂਬੇ ਭਰ 'ਚ ਸੂਚਨਾ ਤਕਨੀਕ ਉਦਯੋਗ ਦੇ ਵਿਕਾਸ ਲਈ ਵਿਸ਼ੇਸ਼ ਰਿਆਇਤਾਂ ਦਾ ਐਲਾਨ ਕੀਤਾ ਹੈ, ਜਿਸ ਤਹਿਤ ਵਿਕਸਿਤ ਕੀਤੇ ਜਾ ਰਹੇ ਆਈ.ਟੀ. ਪਾਰਕਾਂ 'ਚ ਦਫ਼ਤਰ ਬਣਾਉਣ 'ਤੇ ਸਟੈਂਪ ਡਿਊਟੀ 'ਚ ਸੌ ਫੀਸਦੀ ਛੋਟ ਦਿੱਤੀ ਜਾਵੇਗੀ। ਪੰਜਾਬ ਦੇ ਉਦਯੋਗ ਮੰਤਰੀ ਤੀਕਸ਼ਣ ਸੂਦ ਨੇ ਦੱਸਿਆ ਕਿ ਸੂਚਨਾ ਤਕਨੀਕ ਖੇਤਰ 'ਚ ਵਾਧੇ ਲਈ ਪੰਜਾਬ ਸਰਕਾਰ ਵੱਲੋਂ ਮੁਹਾਲੀ ਤੋਂ ਬਾਅਦ ਕਪੂਰਥਲਾ ਅਤੇ ਨਵਾਂ ਸ਼ਹਿਰ ਵਿਖੇ ਆਈ.ਟੀ. ਪਾਰਕ ਸਥਾਪਤ ਕੀਤੇ ਜਾ ਰਹੇ ਹਨ ਅਤੇ ਇਹਨਾਂ 'ਚ ਨਿਵੇਸ਼ ਲਈ ਉਤਸ਼ਾਹਿਤ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਆਈ.ਟੀ. ਕੰਪਨੀਆਂ ਲਈ ਵੱਡੀਆਂ ਰਿਆਇਤਾਂ ਦਿੱਤੀਆਂ ਗਈਆਂ ਹਨ। ਆਈ.ਟੀ. ਕੰਪਨੀਆਂ ਲਈ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਤੋਂ ਮਨਜ਼ੂਰੀ ਲੈਣ 'ਚ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੰਪਨੀਆਂ ਵੱਲੋਂ ਆਪਣੇ ਸਥਾਪਤ ਕੀਤੇ ਊਰਜਾ ਕੇਂਦਰਾਂ ਲਈ ਪੰਜ ਸਾਲ ਲਈ ਬਿਜਲੀ ਡਿਊਟੀ ਤੋਂ ਵੀ ਛੋਟ ਦਿੱਤੀ ਗਈ ਹੈ। ਸ਼੍ਰੀ ਸੂਦ ਨੇ ਕਿਹਾ ਕਿ ਪੰਜਾਬ 'ਚ ਆਈ.ਟੀ. ਕੰਪਨੀਆਂ 'ਤੇ ਅਪਾਰਟਮੈਂਟ ਐਂਡ ਰੈਗੂਲੇਸ਼ਨ ਐਕਟ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਤੇ ਕਿਰਤ ਕਾਨੂੰਨਾਂ ਤਹਿਤ ਆਈ.ਟੀ. ਕੰਪਨੀਆਂ ਵਿੱਚ ਜਾਂਚ ਪੜਤਾਲ ਤੋਂ ਵੀ ਛੋਟ ਦਿੱਤੀ ਗਈ ਹੈ . . .
. . . ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਕਿਸੇ ਵੀ ਅਦਾਰੇ ਜਾਂ ਬੋਰਡ ਵੱਲੋਂ ਆਈ.ਟੀ. ਕੰਪਨੀ ਨੂੰ ਅਲਾਟ ਕੀਤੀ ਜ਼ਮੀਨ 'ਤੇ ਕੋਈ ਸਟੈਂਪ ਡਿਊਟੀ ਤੇ ਰਜਿਸਟਰੇਸ਼ਨ ਫੀਸ ਨਹੀਂ ਲਈ ਜਾਵੇਗੀ। ਆਈ.ਟੀ. ਪਾਰਕਾਂ 'ਚ ਚੇਂਜ਼ ਆਫ ਲੈਂਡ ਯੂਜ਼ ਵੀ ਨਹੀਂ  ਲਿਆ ਜਾਵੇਗਾ ਤੇ ਆਈ.ਟੀ. ਕੰਪਨੀਆਂ ਲਈ ਸਬਸਿਡੀ ਅਤੇ ਵਿੱਤੀ ਸਹਾਇਤਾ ਦਾ ਪ੍ਰਬੰਧ ਵੀ ਕੀਤਾ ਗਿਆ ਹੈ।  
                                                              (ਪੰਜਾਬੀ ਟ੍ਰਿਬਿਊਨ, 24 ਅਕਤੂਬਰ)
        ਇਉਂ ਪੰਜਾਬ ਅੰਦਰ ਵੱਡੇ ਨਿੱਜੀ ਕਾਰੋਬਾਰੀਆਂ ਨੂੰ ਖੁੱਲੇ ਗੱਫੇ ਲੁਟਾਏ ਜਾ ਰਹੇ ਹਨ। ਆਈ.ਟੀ. ਕੰਪਨੀਆਂ ਨੂੰ ਲੋਕਾਂ ਦੀ ਲੁੱਟ ਕਰਨ ਦੇ ਲਾਇਸੰਸ ਜਾਰੀ ਕੀਤੇ ਜਾ ਰਹੇ ਹਨ। ਹਰ ਤਰ•ਾਂ ਦੀਆਂ ਟੈਕਸ ਛੋਟਾਂ ਦੇ ਕੇ ਸਰਕਾਰੀ ਖਜ਼ਾਨਾ ਲੁਟਾਇਆ ਜਾ ਰਿਹਾ ਹੈ। ਹਾਲਾਂਕਿ ਬਹਾਨਾ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਲਾਇਆ ਜਾ ਰਿਹਾ ਹੈ ਜਦੋਂਕਿ ਸੂਚਨਾ ਤਕਨੀਕ ਦਾ ਖੇਤਰ ਹੈ ਹੀ ਅਜਿਹਾ ਜਿੱਥੇ ਵੱਡੀ ਗਿਣਤੀ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਹੀ ਨਹੀਂ ਜਾ ਸਕਦਾ। ਪਹਿਲਾਂ ਅਕਾਲੀ ਭਾਜਪਾ ਸਰਕਾਰ ਵੱਲੋਂ ਵੱਡੀਆਂ ਕੰਪਨੀਆਂ ਨੂੰ ਥਰਮਲ ਪਾਵਰ ਪਲਾਂਟ ਲਗਵਾਉਣ ਲਈ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਦਿੱਤੀਆਂ ਗਈਆਂ ਹਨ। ਇਹਦੇ ਲਈ ਲੋਕਾਂ ਦਾ ਕੁਟਾਪਾ ਕੀਤਾ ਜਾ ਰਿਹਾ ਹੈ। ਦੁਨੀਆਂ ਦੇ ਸਿਖਰਲੇ ਅਮੀਰਾਂ 'ਚ ਸ਼ੁਮਾਰ ਹੁੰਦੇ ਲਕਸ਼ਮੀ ਮਿੱਤਲ ਨੂੰ ਬਠਿੰਡਾ ਨੇੜਲੇ ਰਾਮਾਂ ਵਿਖੇ ਤੇਲ ਸੋਧਕ ਕਾਰਖਾਨਾ ਲਾਉਣ ਲਈ ਕਰੋੜਾਂ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਮਾਰੂਤੀ ਵਾਲਿਆਂ ਨੂੰ ਪੰਜਾਬ 'ਚ ਆ ਕੇ ਆਪਣਾ ਕਾਰੋਬਾਰ ਕਰਨ ਦਾ ਸੱਦਾ ਦੇ ਰਿਹਾ ਹੈ ਤੇ ਉਹਨਾਂ ਦੇ ਹਿਤਾਂ ਦਾ ਪੂਰਾ ਖਿਆਲ ਰੱਖਣ ਦੀ ਯਕੀਨਦਹਾਨੀ ਕਰ ਰਿਹਾ ਹੈ। ਇਉਂ ਪੰਜਾਬ ਦਾ ਖਜ਼ਾਨਾ ਹਾਕਮਾਂ ਦੇ ਚਹੇਤਿਆਂ ਲਈ ਤਾਂ ਡੁੱਲ-ਡੁੱਲ ਪੈਂਦਾ ਹੈ, ਕਦੇ ਨਾ ਮੁੱਕਣ ਵਾਲਾ ਭੰਡਾਰਾ ਹੈ। ਪਰ ਜਦੋਂ ਲੋਕਾਂ ਨੂੰ ਸਹੂਲਤਾਂ ਦੇਣ ਦੀ ਵਾਰੀ ਹੁੰਦੀ ਹੈ ਤਾਂ ਇਹ ਖਾਲੀ ਹੁੰਦਾ ਹੈ। ਬਜ਼ੁਰਗਾਂ ਦੀਆਂ ਬੁਢਾਪਾ ਪੈਨਸ਼ਨਾਂ ਤੋਂ ਲੈ ਕੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੱਕ ਕਿਸਾਨਾਂ ਮਜ਼ਦੂਰਾਂ ਨੂੰ ਮੁਫਤ ਬਿਜਲੀ ਦੇਣ ਜਾਂ ਸਕੂਲਾਂ ਕਾਲਜਾਂ ਨੂੰ ਗਰਾਂਟਾਂ ਦੇਣ ਮੌਕੇ ਖਜ਼ਾਨੇ 'ਚ ਸੋਕਾ ਪੈ ਜਾਂਦਾ ਹੈ। ਜ਼ਾਹਰ ਹੈ ਕਿ ਹਕੂਮਤਾਂ ਲਈ ਕੌਣ ਆਪਣੇ ਹਨ ਤੇ ਕੌਣ ਬੇਗਾਨੇ।