ਹਾਕਮ ਜਮਾਤਾਂ ਦੇ ਫਿਰਕੂ ਹੱਲੇ ਦੀ ਸਿਰ ਚੁੱਕ ਰਹੀ ਚੁਣੌਤੀ
ਲੋਕ ਲਹਿਰ ਦੀ ਇੱਕਜੁਟ ਦਖਲਅੰਦਾਜ਼ੀ ਦੀ ਜ਼ਰੂਰਤ
ਪੰਜਾਬ ’ਚ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇ-ਅਦਬੀ ਦੀਆਂ ਵਾਪਰੀਆਂ ਘਟਨਾਵਾਂ ’ਚੋਂ ਉਪਜੇ ਦ੍ਰਿਸ਼ ਨੇ ਹਾਕਮ ਜਮਾਤੀ ਸਿਆਸਤ ਦੇ ਕਾਲੇ ਮਨਸੂਬੇ ਪੂਰੀ ਤਰ੍ਹਾਂ ਸਾਹਮਣੇ ਲੈ
ਆਂਦੇ ਹਨ। ਸੂਬੇ ਦੀ ਬਹੁ-ਗਿਣਤੀ ਬਣਦੀ ਸਿੱਖ ਵਸੋਂ ਦੀਆਂ ਵੋਟਾਂ ਪੱਕੀਆਂ ਕਰਨ ਲਈ ਧਾਰਮਿਕ ਜਜ਼ਬਾਤ
ਭੜਕਾਉਣ, ਫਿਰ ਧਰਮ ਦੇ ਸੱਚੇ ਰਖਵਾਲਿਆਂ ਵਜੋਂ ਪੇਸ਼ ਹੋਣ ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ’ਤੇ ਸਵਾਰ ਹੋ ਕੇ ਸਿਆਸੀ ਵਿਰੋਧੀਆਂ ਨੂੰ ਪਛਾੜਨ ਦੀ ਪਰਖੀ-ਪਰਤਿਆਈ ਖੇਡ ਖੇਡੀ ਜਾ ਰਹੀ ਹੈ।
ਹਾਕਮ ਜਮਾਤੀ ਧੜਿਆਂ ’ਚ ਇੱਕ ਦੂਜੇ ਨੂੰ ਠਿੱਬੀ ਲਾਉਣ ਦੀ ਲੱਗੀ ਅਜਿਹੀ ਦੌੜ ਨੇ ਹੀ ਬੀਤੇ ਮਹੀਨੇ ਤੋਂ ਪੰਜਾਬ ਦੇ
ਲੋਕਾਂ ਦੀ ਭਾਈਚਾਰਕ ਸਾਂਝ ਤੇ ਫਿਰਕੂ ਅਮਨ ’ਤੇ ਖਤਰੇ ਦੇ ਬੱਦਲ ਲਿਆਂਦੇ
ਹਨ।
ਬਰਗਾੜੀ ਕਾਂਡ ਦੀ
ਵਰਤੋਂ ਕਰਕੇ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਤੋਂ ਬਾਦਲ ਪਰਿਵਾਰ ਦਾ ਗਲਬਾ ਲਾਹ ਕੇ ਆਪਣੀ
ਸਰਦਾਰੀ ਸਥਾਪਤ ਕਰਨਾ ਚਾਹੁੰਦੇ ਸ਼ਰੀਕ ਅਕਾਲੀ ਧੜਿਆਂ ਵੱਲੋਂ ਸੱਦੇ ਸਰਬੱਤ ਖਾਲਸਾ ਸਮਾਗਮ ਨੇ
ਅਜਿਹੀ ਤਸਵੀਰ ਸਪਸ਼ਟ ਵਿਖਾ ਦਿੱਤੀ ਹੈ। ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ’ਤੇ ਕਬਜ਼ਾ ਕਰਕੇ ‘ਪੰਥ’ ’ਤੇ ਸਰਦਾਰੀ ਬਣਾਉਣ ਲਈ ਲੜਾਈ ਤੇਜ਼ ਹੋ ਗਈ ਹੈ। ਧਾਰਮਿਕ ਸੰਸਥਾਵਾਂ ਤੇ ਸਰਦਾਰੀ ਆਸਰੇ ਰਾਜਭਾਗ
ਦੀਆਂ ਪੌੜੀਆਂ ਚੜ•ਨ ਦੀਆਂ ਲਾਲਸਾਵਾਂ ਪੂਰੀਆਂ ਕਰਨੀਆਂ ਹਨ। ਜਿਵੇਂ 70 ਵਿਆਂ ਦੇ ਦਹਾਕੇ ਦੇ ਮਗਰਲੇ ਸਾਲਾਂ ਦੌਰਾਨ ਗਿਆਨੀ ਜੈਲ ਸਿੰਘ ਨੇ ਅਕਾਲੀਆਂ ਦੀ ਧਰਮ-ਸਿਆਸਤ
ਦਾ ਤੋੜ ਲੱਭਣ ਲਈ ਭਿੰਡਰਾਂਵਾਲੇ ਵਰਗੇ ਸਿੱਖ ਜਨੂੰਨੀ ਨੂੰ ਉਭਾਰਿਆ ਸੀ ਤੇ ਹਾਕਮ ਜਮਾਤੀ ਧੜਿਆਂ
ਦੀਆਂ ਮਾਰੂ ਚਾਲਾਂ ਦਾ ਸੰਤਾਪ ਪੰਜਾਬ ਦੇ ਲੋਕਾਂ ਨੇ ਪੂਰਾ ਡੇਢ ਦਹਾਕਾ ਆਪਣੇ ਪਿੰਡਿਆਂ ’ਤੇ ਝੱਲਿਆ ਸੀ ਤੇ ਪੰਜਾਬ ਹਕੂਮਤੀ ਤੇ ਖਾਲਿਸਤਾਨੀ ਦਹਿਸ਼ਤਗਰਦੀ ਦੀ ਭੱਠੀ ’ਚ ਭੁੱਜਿਆ ਸੀ।
ਹੁਣ ਵੀ ਚੱਕਵੀਂ
ਫਿਰਕੂ ਸੁਰ ਵਾਲੇ ਅਕਾਲੀ ਧੜਿਆਂ ਵੱਲੋਂ ਪੂਰਾ ਤਾਣ ਜੁਟਾ ਕੇ ਸਿੱਖ ਫਿਰਕੇ ਦੀਆਂ ਧਾਰਮਿਕ
ਭਾਵਨਾਵਾਂ ਭੜਕਾਈਆਂ ਜਾ ਰਹੀਆਂ ਹਨ। ਪਹਿਲਾਂ ਡੇਰਾ ਸਿਰਸਾ ਦੀ ਪੈਰੋਕਾਰ ਜਨਤਾ ਖਿਲਾਫ਼ ਧਾਰਮਿਕ
ਭਾਵਨਾਵਾਂ ਵਰਤ ਕੇ ਆਪਣੇ ਆਧਾਰ ਨੂੰ ਤਕੜਾਈ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਬੇਅਦਬੀ ਦੀਆਂ
ਘਟਨਾਵਾਂ ਦਾ ਲਾਹਾ ਲੈਣ ’ਚ ਸਭ ਤੋਂ ਮੂਹਰੇ ਇਹੀ ਹਿੱਸੇ ਹਨ। ਇਹ ਹਿੱਸੇ
ਜੂਨ ’ਚ ਬੀੜ ਚੋਰੀ ਹੋਣ ਵੇਲੇ ਤੋਂ ਹੀ ਅਜਿਹਾ ਮਾਹੌਲ ਬਣਾਉਣ ਦੀਆਂ ਕਰਤੂਤਾਂ ਕਰਦੇ ਆ ਰਹੇ ਹਨ।
ਆਪਣੇ ਸ਼ਰੀਕ ਅਕਾਲੀ ਧੜਿਆਂ ਨੂੰ ਰੋਲਣ ਦੀ ਨੀਤੀ ਨਾਲ ਹੀ ਅਕਾਲੀ ਦਲ ਬਾਦਲ ਦੀਆਂ ਕਾਰਵਾਈਆਂ ਵੀ
ਮਾਹੌਲ ਨੂੰ ਭੜਕਾਉਣ ਵਾਲੀਆਂ ਹੀ ਹਨ। ਡੇਰਾ ਸਿਰਸਾ ਮੁਖੀ ਨੂੰ ਪਹਿਲਾਂ ਮੁਆਫ਼ੀ ਦਿਵਾਉਣ ਤੇ ਫਿਰ
ਰੱਦ ਕਰਵਾਉਣ ਦੇ ਹੋਏ ਫ਼ੈਸਲੇ ਇਹਨਾਂ ਅਕਾਲੀ ਧੜਿਆਂ ਨਾਲ ਕਸ਼ਮਕਸ਼ ਦਾ ਮਸਲਾ ਹਨ। ਏਸੇ ਪ੍ਰਸੰਗ ’ਚ ਹੀ ਕਾਂਗਰਸ ਵੀ ਸਰਗਰਮ ਹੋਈ ਹੈ। ਇਉਂ ਇਨ•ਾਂ ਵੱਖ ਵੱਖ ਪਾਰਟੀਆਂ
ਦੀਆਂ ਵੋਟ-ਗਿਣਤੀਆਂ ਨੇ ਪੰਜਾਬ ਨੂੰ ਮੁੜ ਫ਼ਿਰਕੂ ਅੱਗ ’ਚ ਝੋਕਣਾ ਚਾਹਿਆ ਹੈ।
ਹੁਣ ਵੀ ਹਾਕਮ
ਜਮਾਤੀ ਫਿਰਕੂ ਚਾਲਾਂ ਦੇ ਸਿੱਟਿਆਂ ਦੀ ਝਲਕ ਇੱਕ ਮਹੀਨੇ ਦੌਰਾਨ ਹੀ ਸਾਹਮਣੇ ਆ ਚੁੱਕੀ ਹੈ। ਇਹਨਾਂ
ਘਟਨਾਵਾਂ ਤੋਂ ਪਹਿਲਾਂ ਜਮਾਤੀ-ਤਬਕਾਤੀ ਮੰਗਾਂ ਲਈ ਭਖੇ ਹੋਏ ਲੋਕ ਘੋਲਾਂ ਨੇ ਪੰਜਾਬ ਦੇ ਲੋਕ
ਸਮੂਹਾਂ ਦੀ ਸੁਰਤ ਮੱਲੀ ਹੋਈ ਸੀ। ਕਿਸਾਨ-ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਤੇ ਹੋਰ ਮਿਹਨਤਕਸ਼ ਤਬਕੇ ਆਪਣੇ ਹੱਕੀ ਮਸਲਿਆਂ ਲਈ ਆਵਾਜ਼ ਉਠਾ ਰਹੇ ਸਨ। ਖਾਸ ਕਰ
ਨਰਮਾ ਘੋਲ ਨੇ ਬਾਦਲ ਹਕੂਮਤ ਕਸੂਤੀ ਫਸਾਈ ਹੋਈ ਸੀ ਤੇ ਇਸ ਘੋਲ ਦਾ ਸੇਕ ਤਾਂ ਮੁੱਖ ਵਿਰੋਧੀ ਪਾਰਟੀ
ਕਾਂਗਰਸ ਵੀ ਮਹਿਸੂਸ ਕਰ ਰਹੀ ਸੀ। ਕਿਉਂਕਿ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਉਭਰਨ ਜਾ ਰਹੇ ਹਕੀਕੀ ਤੇ ਬੁਨਿਆਦੀ ਲੋਕ ਮੁੱਦਿਆਂ ’ਤੇ ਉਹਦੇ ਕੋਲ ਵੀ ਕਹਿਣ-ਕਰਨ ਨੂੰ ਕੁੱਝ ਨਹੀਂ ਸੀ। ਪਰ ਪਿਛਲੇ ਇੱਕ ਮਹੀਨੇ ਤੋਂ ਅਜਿਹੇ
ਦ੍ਰਿਸ਼ ’ਚ ਤਬਦੀਲੀ ਹੋਈ ਹੈ। ਜਮਾਤੀ ਤਬਕਾਤੀ ਮੁੱਦਿਆਂ ਦੀ ਥਾਂ ਧਾਰਮਿਕ-ਜਜ਼ਬਾਤੀ ਮੁੱਦੇ ਮੂਹਰੇ
ਲਿਆਉਣ ਦੀਆਂ ਚਾਲਾਂ ਚੱਲੀਆਂ ਗਈਆਂ ਹਨ। ਹਾਕਮ ਜਮਾਤੀ ਪਾਰਟੀਆਂ ਲਈ ਇਹ ਰਾਹਤ ਦਾ ਸਬੱਬ ਹੈ।
ਫਿਰਕੂ ਪੱਤੇ ਦੀ
ਖੁੱਲ• ਕੇ ਵਰਤੋਂ ਕਰਨ ਤੁਰ ਰਹੇ ਹਾਕਮ ਧੜਿਆਂ ਦੇ ਪੈਂਤੜਿਆਂ ਨੂੰ ਟੱਕਰਨ ਦੀ ਜ਼ਰੂਰਤ ਹੈ। ਇਹ ਟੱਕਰ
ਪੰਜਾਬ ਦੀ ਜਨਤਕ ਜਮਹੂਰੀ ਲਹਿਰ ਦੀ ਸਾਂਝੀ ਤੇ ਇੱਕਜੁਟ ਦਖਲਅੰਦਾਜ਼ੀ ਰਾਹੀਂ ਅਸਰਦਾਰ ਢੰਗ ਨਾਲ
ਦਿੱਤੀ ਜਾ ਸਕਦੀ ਹੈ। ਬੀਤੇ ਮਹੀਨੇ ਦੌਰਾਨ ਜੋ ਸਰਗਰਮੀ ਪੰਜਾਬ ਦੀਆਂ ਲੋਕ-ਪੱਖੀ ਜਨਤਕ ਜਥੇਬੰਦੀਆਂ
ਵੱਲੋਂ ਹੋਈ ਹੈ, ਉਹ ਅਜਿਹੀ ਇੱਕਜੁਟ ਸਰਗਰਮੀ ਦੀਆਂ ਸੰਭਾਵਨਾਵਾਂ ਦਰਸਾਉਂਦੀ ਹੈ। ਫੌਰੀ ਤੌਰ ’ਤੇ ਹੋਈ ਇਸ ਸਰਗਰਮੀ ਨੇ ਭਾਈਚਾਰਕ ਸਾਂਝ ਬਚਾਉਣ ਤੇ ਸਦਭਾਵਨਾ ਦਾ ਮਾਹੌਲ ਉਸਾਰਨ ’ਚ ਆਪਣਾ ਹਿੱਸਾ ਪਾਇਆ ਹੈ। ਤਣਾਅਗ੍ਰਸਤ ਮਾਹੌਲ ਦੌਰਾਨ ਧੜੱਲੇ ਦੇ ਪੈਂਤੜੇ ਤੋਂ ਗੂੰਜੇ ਫਿਰਕੂ
ਸਦਭਾਵਨਾ ਦੇ ਹੋਕੇ ਨੂੰ ਲੋਕਾਂ ਦਾ ਮਿਲਿਆ ਹੁੰਗਾਰਾ ਦੱਸਦਾ ਹੈ ਕਿ ਜੇਕਰ ਲੋਕ ਪੱਖੀ ਜਥੇਬੰਦੀਆਂ
ਤੇ ਪਲੇਟਫਾਰਮਾਂ ਦਾ ਕੈਂਪ ਇੱਕਜੁਟ ਸਰਗਰਮੀ ’ਚ ਪਵੇ ਤਾਂ ਹਾਕਮਾਂ ਦੀਆਂ
ਵਿਉਂਤਾਂ ਫੇਲ• ਕੀਤੀਆਂ ਜਾ ਸਕਦੀਆਂ ਹਨ। ਲੋਕਾਂ ਨੂੰ ਭਾਈਚਾਰਕ ਏਕਤਾ ਤੇ ਫਿਰਕੂ ਅਮਨ ਬਣਾਈ ਰੱਖਣ, ਜਮਾਤੀ ਤਬਕਾਤੀ ਏਕਤਾ ਕਾਇਮ ਕਰਨ ਅਤੇ ਹੱਕੀ ਮੰਗਾਂ ’ਤੇ ਸੰਘਰਸ਼ ਤੇਜ਼ ਕਰਨ ਦਾ ਸੁਨੇਹਾ ਦੇਣਾ ਅਜਿਹੀ ਸਾਂਝੀ ਸਰਗਰਮੀ ਦਾ ਘੱਟੋ ਘੱਟ ਪੈਮਾਨਾ ਬਣਦਾ
ਹੈ ਜੋ ਸਭਨਾਂ ਲੋਕ ਪੱਖੀ ਜਨਤਕ ਜਥੇਬੰਦੀਆਂ ਦੀ ਅਣਸਰਦੀ ਜ਼ਰੂਰਤ ਹੈ।
ਸਭਨਾਂ ਮਿਹਨਤਕਸ਼
ਤਬਕਿਆਂ ਦੀਆਂ ਜਨਤਕ ਜਥੇਬੰਦੀਆਂ, ਤਰਕਸ਼ੀਲਾਂ, ਦੇਸ਼ ਭਗਤਾਂ ਤੇ ਜਮਹੂਰੀ ਹਲਕਿਆਂ, ਲੋਕ ਪੱਖੀ ਕਲਾਕਾਰਾਂ ਤੇ
ਸਾਹਿਤਕਾਰਾਂ ਨੂੰ ਸਾਂਝੇ ਤੌਰ ’ਤੇ ਵੀ ਤੇ ਤਾਲਮੇਲਵੀਂ
ਸਰਗਰਮੀ ਰਾਹੀਂ ਵੀ ਹਾਲਤ ਨੂੰ ਹੁੰਗਾਰਾ ਭਰਨਾ ਚਾਹੀਦਾ ਹੈ।
ਅਗਲੇ ਪੰਨਿਆਂ ’ਤੇ ਅਸੀਂ ਪਿਛਲੇ ਮਹੀਨੇ ਦੌਰਾਨ ਲੋਕ ਧੜੇ ਦੀਆਂ ਜਥੇਬੰਦੀਆਂ ਵੱਲੋਂ ਫਿਰਕੂ ਸਦਭਾਵਨਾ ਦੇ
ਹੋਕੇ ਦੀਆਂ ਸਰਗਰਮੀਆਂ ਦੀਆਂ ਝਲਕਾਂ ਅਤੇ ਇਸ ਮਾਮਲੇ ਬਾਰੇ ਕੁਝ ਟਿੱਪਣੀਆਂ ਦੇ ਰਹੇ ਹਾਂ।
No comments:
Post a Comment