Wednesday, 25 November 2015

7. ਜਥੇਬੰਦੀਆਂ ਵੱਲੋਂ ਸਦਭਾਵਨਾ ਸੁਨੇਹਾ-ਪੰਜਾਬ ਭਰ ’ਚ ਗੂੰਜ



ਲੋਕ ਹੱਕਾਂ ਲਈ ਜੂਝਦੀਆਂ ਜਥੇਬੰਦੀਆਂ ਵੱਲੋਂ ਸਦਭਾਵਨਾ ਸੁਨੇਹਾ-ਪੰਜਾਬ ਭਰ ਚ ਗੂੰਜ

ਅੱਧ ਅਕਤੂਬਰ ਤੋਂ ਲੈ ਕੇ ਸ਼ੁਰੂ ਹੋਈਅਾਂ ਗੁਰੂ ਗਰੰਥ ਸਾਹਿਬ ਦੀ ਬੇ-ਅਦਬੀ ਦੀਅਾਂ ਘਟਨਾਵਾਂ ਕਾਰਨ ਪੰਜਾਬ ਦਾ ਮਾਹੌਲ ਤਣਾਅਪੂਰਨ ਰਿਹਾ ਹੈ। ਬਰਗਾੜੀ ਚ ਰੋਸ ਪ੍ਰਗਟਾ ਰਹੇ ਲੋਕਾਂ ਤੇ ਹਕੂਮਤੀ ਜਬਰ ਨੇ ਬਲਦੀ ਤੇ ਹੋਰ ਤੇਲ ਪਾਇਆ ਹੈ। ਲੋਕਾਂ ਦੀ ਭਾਈਚਾਰਕ ਸਾਂਝ ਅਤੇ ਫਿਰਕੂ ਅਮਨ ਖਤਰੇ ਮੂੰਹ ਆਇਆ ਹੈ। ਅਜਿਹੇ ਮਾਹੌਲ ਦਰਮਿਆਨ ਲੋਕ ਪੱਖੀ ਜਨਤਕ ਜਥੇਬੰਦੀਅਾਂ ਤੇ ਲੋਕ ਮੁਖੀ ਸਰੋਕਾਰਾਂ ਨਾਲ ਜੁੜੇ ਹਿੱਸਿਅਾਂ ਨੇ ਆਪਣਾ ਰੋਲ ਪਛਾਣਦਿਅਾਂ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਸਰਗਰਮ ਦਖਲ ਅੰਦਾਜੀ ਕੀਤੀ ਹੈ। ਫਿਰਕੂ ਅਮਨ ਬਰਕਰਾਰ ਰੱਖਣ ਅਤੇ ਰੋਹ ਦਾ ਨਿਸ਼ਾਨਾ ਹਾਕਮਾਂ ਵੱਲ ਸੇਧਤ ਕਰਨ ਦਾ ਹੋਕਾ ਉ¤ਚਾ ਹੋਇਆ ਹੈ।ਅਜਿਹੇ ਯਤਨ ਪ੍ਰੈਸ ਰਾਹੀਂ ਅਪੀਲਾਂ ਕਰਨ ਤੋਂ ਲੈ ਕੇ ਅਮਲੀ ਜਨਤਕ ਸਰਗਰਮੀ ਤੱਕ ਫੈਲੇ ਹੋਏ ਹਨ। ਲੀਫਲੈ¤, ਪੋਸਟਰਾਂ ਤੋਂ ਲੈ ਕੇ ਰੈਲੀਅਾਂ ਮਾਰਚਾਂ ਤੱਕ ਦਾ ਸਿਲਸਿਲਾ ਚੱਲਿਆ ਹੈ ਅਤੇ ਹੁਣ ਵੀ ਜਾਰੀ ਹੈ।
ਇਹ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਦੇ ਨਰੋਏ ਲੱਛਣ ਦਾ ਪ੍ਰਗਟਾਵਾ ਹੈ ਕਿ ਇੱਕ ਅਹਿਮ ਹਿੱਸੇ ਨੇ ਅਜਿਹੇ ਮੌਕੇ ਆਪਣੀ ਸਰਗਰਮ ਦਖਲਅੰਦਾਜੀ ਦੇ ਮਹੱਤਵ ਦੀ ਪਛਾਣ ਕੀਤੀ ਹੈ ਅਤੇ ਅਜਿਹੇ ਮਾਹੌਲ ਨਾਲ ਅਹਿਮ ਤਬਕਾਤੀ ਮੁੱਦਿਅਾਂ ਦੇ ਕਿਨਾਰੇ ਹੋ ਜਾਣ ਦਾ ਖਤਰਾ ਫੌਰੀ ਮਹਿਸੂਸ ਕੀਤਾ ਗਿਆ ਹੈ। ਅਜਿਹੇ ਸਰੋਕਾਰਾਂ ਚੋਂ ਹੀ ਫਿਰਕੂ ਸਾਜਿਸ਼ਾਂ ਪਛਾੜਨ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਵਾਜ਼ ਉ¤ਚੀ ਹੋਈ ਹੈ ਤੇ ਲੋਕ ਸਮੂਹਾਂ ਵੱਲੋਂ ਸੁਣੀ ਗਈ ਹੈ। ਅਫਵਾਹਾਂ ਅਤੇ ਫਿਰਕੂ ਸ਼ੋਰ ਦਰਮਿਆਨ ਭਾਈਚਾਰਕ ਸਾਂਝ ਤੇ ਏਕਤਾ ਦੀਅਾਂ ਅਪੀਲਾਂ ਦਾ ਸੁਲੱਖਣਾ ਵਰਤਾਰਾ ਉਘੜਵੇਂ ਤੌਰ ਤੇ ਨੋਟ ਹੋਇਆ ਹੈ।
ਬਰਗਾੜੀ ਕਾਂਡ ਤੋਂ ਫੌਰੀ ਬਾਅਦ ਬਣੇ ਤਣਾਅ-ਪੂਰਨ ਮਾਹੌਲ ਦੌਰਾਨ ਮਾਲਵਾ ਖੇਤਰ ਚ ਵਿਸ਼ਾਲ ਜਨਤਕ ਅਧਾਰ ਰੱਖਦੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਨੇ ਢੁਕਵੇਂ ਪੈਂਤੜੇ ਤੋਂ ਸਰਗਰਮ ਦਖਲਅੰਦਾਜੀ ਕੀਤੀ। ਇਸ ਘਟਨਾਕ੍ਰਮ ਨੂੰ ਕਿਸਾਨ ਮਜ਼ਦੂਰ ਅੰਦੋਲਨ ਨੂੰ ਲੀਹੋਂ ਲਾਹੁਣ ਦੀ ਸਾਜਿਸ਼ ਕਰਾਰ ਦਿੰਦਿਅਾਂ ਭਾਈਚਾਰਕ ਏਕਤਾ ਤੇ ਫਿਰਕੂ ਅਮਨ ਕਾਇਮ ਰੱਖਣ ਦੀ ਅਪੀਲ ਕੀਤੀ ਗਈ। ਅਜਿਹਾ ਸੱਦਾ ਦਿੰਦਾ ਸੂਬਾ ਕਮੇਟੀ ਦਾ ਬਿਆਨ ਅਕਤੂਬਰ ਦੀਅਾਂ ਅਖਬਾਰਾਂ ਚ ਛਪਿਆ। ਫਿਰਕੂ ਅਮਨ ਮੁਹਿੰਮ ਚਲਾਉਣ ਲਈ ਜਥੇਬੰਦੀ ਦੇ ਸੱਦੇ ਨੂੰ ਫੌਰੀ ਹੁੰਗਾਰਾ ਭਰਦਿਅਾਂ ਬਠਿੰਡਾ, ਮਾਨਸਾ, ਬਰਨਾਲਾ ਤੇ ਸੰਗਰੂਰ ਚ ਜਿਲਾ ਹੈਡਕੁਆਟਰਾਂ ਤੇ ਸਦਭਾਵਨਾ ਮਾਰਚ ਕੀਤੇ ਗਏ। ਚੱਲ ਰਹੇ ਨਰਮਾ ਘੋਲ ਦੇ ਥਕਾਊ ਰੁਝੇਵੇਂ ਤੇ ਕੰਮ ਦੇ ਸੀਜ਼ਨ ਦੌਰਾਨ ਵੀ ਫੌਰੀ ਨੋਟਿਸ ਤੇ ਆਪਣੀ ਜਿੰਮੇਵਾਰੀ ਦੇ ਅਹਿਸਾਸ ਨਾਲ ਕਿਸਾਨ ਕਾਫ਼ਲੇ ਸੜਕਾਂ ਤੇ ਆਏ। ਫਿਰ ਵੱਖ-2 ਪਿੰਡਾਂ ਤੇ ਕਸਬਿਅਾਂ ਚ ਅਜਿਹੇ ਸਦਭਾਵਨਾ ਮਾਰਚਾਂ ਦਾ ਸਿਲਸਿਲਾ ਜਾਰੀ ਰਿਹਾ ਅਤੇ ਬਠਿੰਡਾ, ਮਾਨਸਾ, ਸੰਗਰੂਰ, ਮੁਕਤਸਰ, ਫਰੀਦਕੋਟ, ਮੋਗਾ, ਬਰਨਾਲਾ ਆਦਿ ਜ਼ਿਲਿਆਂ ਦੇ ਲਗਭਗ 50-55 ਪਿੰਡਾਂ ਤੇ ਕਸਬਿਆਂ ਚ ਜਥੇਬੰਦੀ ਵੱਲੋਂ ਸਦਭਾਵਨਾ ਮਾਰਚ ਕੱਢੇ ਗਏ। ਇੰਨਾਂ ਚੋਂ ਕੁੱਝ ਥਾਵਾਂ ਤੇ ਖੇਤ-ਮਜ਼ਦੂਰਾਂ ਨੇ ਵੀ ਸ਼ਮੂਲੀਅਤ ਕੀਤੀ।  ਇਹਦੇ ਦੌਰਾਨ ਹੀ 23 ਅਕਤੂਬਰ ਨੂੰ ਅਕਾਲੀ ਵਿਧਾਇਕਾਂ ਤੇ ਮੰਤਰੀਆਂ ਦੇ ਘਿਰਾਓ ਦੇ ਐਕਸ਼ਨਾਂ ਦੌਰਾਨ ਜੁੜੇ ਇਕੱਠਾਂ ਨੂੰ ਜਥੇਬੰਦੀ ਦੇ ਬੁਲਾਰਿਆਂ ਨੇ ਸੰਬੋਧਨ ਦੌਰਾਨ ਹਕੂਮਤ ਤੇ ਸਿਆਸਤਦਾਨਾਂ ਦੀਆਂ ਸਾਜਸ਼ਾਂ ਨੂੰ ਪਛਾੜਨ ਦਾ ਸੱਦਾ ਦਿੱਤਾ। ਕੁੱਝ ਕੁ ਥਾਵਾਂ ਤੇ ਇਹ ਮਾਰਚ ਹੋਰਨਾਂ ਜਥੇਬੰਦੀਅਾਂ ਨਾਲ ਸਾਂਝੇ ਤੌਰ ਤੇ ਵੀ ਕੀਤੇ ਗਏ। ਜਥੇਬੰਦੀ ਵੱਲੋਂ 25000 ਦੀ ਗਿਣਤੀ ਚ ਛਾਪਿਆ ਗਿਆ ਪੋਸਟਰ ਪੰਜਾਬ ਦੇ ਪਿੰਡਾਂ ਚ ਲੱਗਿਆ। ਇਹਦੇ ਦੌਰਾਨ ਹੀ ਨੌਜਵਾਨ ਭਾਰਤ ਸਭਾ ਦੀ ਪਹਿਲਕਦਮੀ ਅਤੇ ਹੋਰਨਾਂ ਜਥੇਬੰਦੀਅਾਂ ਦੇ ਸਹਿਯੋਗ ਨਾਲ ਬਠਿੰਡਾ ਜਿਲੇ ਦੇ ਸੰਗਤ, ਨਥਾਣਾ, ਗੋਨੇਆਣਾ ਤੇ ਮੌੜ ਕਸਬਿਅਾਂ , ਸੰਗਰੂਰ ਚ ਸੁਨਾਮ ਤੇ ਮੁਕਤਸਰ ਚ ਲੰਬੀ ਆਦਿ ਥਾਵਾਂ ਤੇ ਸਦਭਾਵਨਾ ਮਾਰਚ ਕੀਤੇ ਗਏ। ਇਹਨਾਂ ਮਾਰਚਾਂ ਦੌਰਾਨ ਨੌਜਾਵਨਾਂ ਵੱਲੋਂ ਫਿਰਕੂ ਸਦਭਾਵਨਾ ਅਤੇ ਲੋਕ ਏਕਤਾ ਉਸਾਰਨ ਦਾ ਸੱਦਾ ਦਿੰਦੇ ਬੈਨਰਾਂ ਤੇ ਤਖਤੀਅਾਂ ਵੱਡੀ ਗਿਣਤੀ ਚ ਸਨ। ਇਹਨਾਂ ਮਾਰਚਾਂ ਚ ਮਜ਼ਦੂਰ ਕਿਸਾਨ ਜਥੇਬੰਦੀਅਾਂ ਤੋਂ ਇਲਾਵਾ ਮੈਡੀਕਲ ਪਰੈਕਟੀਸ਼ਨਰਜ਼ ਐਸੋਸੀਏਸ਼ਨ, ਜਮਹੂਰੀ ਅਧਿਕਾਰ ਸਭਾ, ਅਧਿਆਪਕਾਂ ਤੇ ਬਿਜਲੀ ਮੁਲਾਜਮਾਂ ਦੀਅਾਂ ਜਥੇਬੰਦੀਅਾਂ ਸ਼ਾਮਲ ਸਨ।
-ਜਮਹੂਰੀ ਅਧਿਕਾਰ ਸਭਾ, ਨੌਜਵਾਨ ਭਾਰਤ ਸਭਾ, ਡੀ.ਟੀ.ਐਫ. ਤੇ ਹੋਰਨਾਂ ਜਥੇਬੰਦੀਅਾਂ ਸਮੇਤ ਲਗਭਗ ਸੈਂਕੜੇ ਕਾਰਕੁੰਨਾਂ ਨੇ ਬਠਿੰਡਾ ਸ਼ਹਿਰ ਚ ਸਦਭਾਵਨਾ ਮਾਰਚ ਕੀਤਾ ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਜਾ ਕੇ ਮੋਮਬੱਤੀਅਾਂ ਲਗਾਈਅਾਂ। ਇਸ ਚ ਸ਼ਹਿਰ ਦੀਅਾਂ ਸਾਹਿਤਕ ਹਸਤੀਅਾਂ ਕਲਾਕਾਰਾਂ ਤੇ ਤਰਕਸ਼ੀਲ ਕਾਰਕੁੰਨਾਂ ਨੇ ਵੀ ਸ਼ਮੂਲੀਅਤ ਕੀਤੀ।
-ਲੁਧਿਆਣਾ ਸ਼ਹਿਰ ਚ ਮੋਲਡਰ ਤੇ ਸਟੀਲ, ਵਰਕਰਜ਼ ਯੂਨੀਅਨ ਵੱਲੋਂ ਵੱਖ-2 ਮਜ਼ਦੂਰ ਬਸਤੀਅਾਂ ਚ ਮੀਟਿੰਗਾਂ, ਰੈਲੀਅਾਂ ਰਾਹੀਂ ਮਜ਼ਦੂਰਾਂ ਨੂੰ ਹਾਲਾਤ ਤੋਂ ਜਾਣੂੰ ਕਰਵਾਇਆ ਗਿਆ। ਸਨਅਤੀ ਮਜ਼ਦੂਰ ਦਾ ਵੱਡਾ ਹਿੱਸਾ ਪ੍ਰਵਾਸੀ ਹੋਣ ਕਰਕੇ, ਬਣੇ ਹਾਲਤਾਂ ਬਾਰੇ ਉਹਨਾਂ ਨੂੰ ਜਾਣਕਾਰੀ ਦੀ ਘਾਟ ਵੀ ਸੀ ਤੇ ਵਾਪਰ ਰਹੇ ਨੂੰ ਦੇਖ ਕੇ ਖੌਫ਼ ਵੀ ਸੀ। ਅਜਿਹੇ ਮਾਹੌਲ ਦਰਮਿਆਨ ਯੂਨੀਅਨ ਨੇ ਬਸਤੀਅਾਂ ਚ ਇੱਕ ਝੰਡਾ ਮਾਰਚ ਕੀਤਾ ਜੀਹਦੇ ਚ 60-70 ਮਜ਼ਦੂਰਾਂ ਦੀ ਸ਼ਮੂਲੀਅਤ ਸੀ। ਮਾਰਚ ਦੌਰਾਨ ਕਈ ਥਾਵਾਂ ਤੇ ਰੈਲੀਆਂ ਵੀ ਕੀਤੀਆਂ ਗਈਆਂ।
-ਬਿਜਲੀ ਕਾਮਿਅਾਂ ਦੀ ਜਥੇਬੰਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਸ਼ਾਹਕੋਟ ਇਕਾਈ ਵੱਲੋਂ ਸ਼ਹਿਰ ਚ ਸਦਭਾਵਨਾ ਮਾਰਚ ਕੀਤਾ ਗਿਆ ਤੇ ਹਾਕਮਾਂ ਦੀਅਾਂ ਫਰਕੂ ਚਾਲਾਂ ਪਛਾੜਨ ਦਾ ਸੱਦਾ ਦਿੱਤਾ ਗਿਆ। ਇਸਤੋਂ ਬਿਨਾਂ ਜਥੇਬੰਦੀ ਵੱਲੋਂ ਬਿਜਲੀ ਕਾਮਿਅਾਂ ਦੀਅਾਂ ਮੰਗਾਂ ਨੂੰ ਲੈ ਕੇ ਡਿਵੀਜ਼ਨ ਦਫਤਰਾਂ ਤੇ ਦਿੱਤੇ ਧਰਨਿਅਾਂ ਦੌਰਾਨ ਪੰਜਾਬ ਦੇ ਮਾਹੌਲ ਦੀ ਉ¤ਭਰਵੀਂ ਚਰਚਾ ਹੋਈ ਤੇ ਸਭਨਾਂ ਬੁਲਾਰਿਅਾਂ ਨੇ ਵਿਸ਼ੇਸ਼ ਤੌਰ ਤੇ ਇਸ ਮਾਹੌਲ ਬਾਰੇ ਟਿੱਪਣੀਅਾਂ ਕੀਤੀਅਾਂ। ਇਸ ਮੌਕੇ ਸੱਦਾ ਦਿੱਤਾ ਗਿਆ ਕਿ ਉਹ ਅਜਿਹੇ ਨਾਜ਼ੁਕ ਮੌਕੇ ਏਕਤਾ ਬਣਾਈ ਰੱਖਣ ਲਈ ਆਪਣਾ ਯੋਗਦਾਨ ਪਾਉਣ।
-ਰੋਪੜ ਸ਼ਹਿਰ ਚ ਵੀ ਅੱਧੀ ਦਰਜਨ ਜਥੇਬੰਦੀਅਾਂ ਵੱਲੋਂ ਤਰਕਸ਼ੀਲ ਸੁਸਾਇਟੀ ਦੀ ਪਹਿਲਕਦਮੀ ਤੇ ਅਮਨ ਮਾਰਚ ਕੱਢਿਆ ਗਿਆ ਜਿੱਥੇ ਗੁਰੂ ਗਰੰਥ ਸਾਹਿਬ ਦੀ ਬੇ-ਅਦਬੀ ਦੀਅਾਂ ਘਟਨਾਵਾਂ ਦੀ ਨਿੰਦਾ ਕੀਤੀ ਗਈ ਤੇ ਅਮਨ ਕਾਇਮ ਰੱਖਣ ਦਾ ਸੱਦਾ ਦਿੱਤਾ ਗਿਆ। ਇਸ ਮਾਰਚ ਚ ਅੱਧੀ ਦਰਜਨ ਜਥੇਬੰਦੀਅਾਂ ਸ਼ਾਮਲ ਹੋਈਅਾਂ।
- ਮੋਰਿੰਡਾ ਸ਼ਹਿਰ ਚ ਵੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੇ ਸੱਦੇ ਤੇ ਇਕੱਠੀਆਂ ਹੋਈਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਰੈਲੀ ਕਰਕੇ ਮਾਰਚ ਕੀਤਾ ਗਿਆ।
-ਭਾਖੜਾ ਬਿਆਨ ਮੈਨੇਜਮੈਂਟ ਬੋਰਡ ਚ ਕੰਮ ਕਰਕੇ ਮੁਲਾਜ਼ਮਾਂ ਦੀ ਜਥੇਬੰਦੀ ਦੀ ਇਕੱਤਰਤਾ ਹੋਈ ਜੀਹਦੇ ਚ ਪਰਿਵਾਰਾਂ ਸਮੇਤ ਲਗਭਗ 100 ਦੀ ਗਿਣਤੀ ਸ਼ਾਮਲ ਹੋਈ।
-ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਇਹਨਾਂ ਘਟਨਾਵਾਂ ਨੂੰ ਕਿਸਾਨ-ਮਜ਼ਦੂਰ ਅੰਦੋਲਨ ਨੂੰ ਲੀਹੋਂ ਲਾਹੁਣ ਦੀ ਸਾਜਿਸ਼ ਗਰਦਾਨਿਆ ਗਿਆ। ਸੰਗਰੂਰ, ਫਰੀਦਕੋਟ, ਬਰਨਾਲਾ, ਨਵਾਂ ਸ਼ਹਿਰ, ਹੁਸ਼ਿਆਰਪੁਰ ਤੇ ਨੰਗਲ ਆਦਿ ਥਾਵਾਂ ਤੇ ਰੈਲੀਅਾਂ ਕਰਕੇ ਪੰਜਾਬ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ।
-ਬੀ.ਕੇ.ਯੂ. (ਏਕਤਾ) ਡਕੌਂਦਾ ਵੱਲੋਂ ਫਿਰਕੂ ਅਮਨ ਕਾਇਮ ਰੱਖਣ ਲਈ ਹੋਏ ਮਾਰਚਾਂ ਚ ਸ਼ਮੂਲੀਅਤ ਕਰਨ ਦੀਆਂ ਖਬਰਾਂ ਪ੍ਰਾਪਤ ਹੋਈਆਂ ਹਨ।
-ਦੇਸ਼ ਭਗਤ ਯਾਦਗਰ ਹਾਲ ਜਲੰਧਰ ਚ ਹਰ ਵਰੇ ਲਗਦੇ ਗਦਰੀ ਬਾਬਿਅਾਂ ਦੇ ਮੇਲੇ ਮੌਕੇ ਵੀ ਹਜਾਰਾਂ ਲੋਕਾਂ ਦੇ ਇਕੱਠ ਚ ਪਾਏ ਗਏ ਮਤਿਅਾਂ ਚ ਲੋਕਾਂ ਨੂੰ ਫਿਰਕੂ ਅਮਨ ਬਰਕਰਾਰ ਰੱਖਣ ਦਾ ਸੱਦਾ ਦਿੱਤਾ ਗਿਆ।
-ਲੋਕ ਸੰਘਰਸ਼ ਕਮੇਟੀ ਸਮਰਾਲਾ ਵੱਲੋਂ ਵੀ ਸ਼ਹਿਰ ਚ ਮਾਰਚ ਕੀਤਾ ਗਿਆ ਜੀਹਦੇ ਚ ਸੈਂਕੜਿਅਾਂ ਦੀ ਗਿਣਤੀ ਚ ਸ਼ਮੂਲੀਅਤ ਹੋਈ।
ਪੂਰੇ ਪੰਜਾਬ ਚ ਹੋਈ ਸਰਗਰਮੀ ਤੇ ਜੇਕਰ ਤਰਦੀ ਝਾਤ ਵੀ ਮਾਰੀਏ ਤਾਂ ਲਗਭਗ 100 ਕੁ ਥਾਵਾਂ ਬਣਦੀਆਂ ਹਨ ਜਿੱਥੇ ਰੈਲੀਆਂ ਮਾਰਚਾਂ ਰਾਹੀਂ ਹਾਕਮ ਜਮਾਤੀ ਫਿਰਕੂ ਮਨਸੂਬਿਆਂ ਦਾ ਪਾਜ ਉਘੇੜਿਆ ਗਿਆ ਹੈ ਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਦੀਆਂ ਅਪੀਲਾਂ ਕੀਤੀਆਂ ਗਈਆਂ। ਇਹ ਸਰਗਰਮੀ ਕਿਸੇ ਇੱਕਾ ਦੁੱਕਾ ਜ਼ਿਲੇ ਜਾਂ ਖੇਤਰ ਤੱਕ ਸੀਮਤ ਨਹੀਂ ਹੈ ਸਗੋਂ ਪੂਰੇ ਪੰਜਾਬ ਨੂੰ ਇਸਨੇ ਆਪਣੇ ਕਲਾਵੇ ਚ ਲਿਆ ਹੈ। ਬੀ. ਕੇ. ਯੂ. (ਏਕਤਾ) ਉਗਰਾਹਾਂ ਵੱਲੋਂ ਚਲਾਈ ਫਿਰਕੂ ਅਮਨ ਮੁਹਿੰਮ ਤੋਂ ਇਲਾਵਾ ਵੀ ਮੁਕਤਸਰ, ਜੈਤੋ, ਫਰੀਦਕੋਟ, ਅਮ੍ਰਿਤਸਰ, ਮੋਰਿੰਡਾ, ਪਾਤੜਾਂ, ਸਮਰਾਲਾ, ਗੁਰਦਾਸਪੁਰ, ਨੰਗਲ, ਬਾਘਾ ਪੁਰਾਣਾ, ਨਿਹਾਲ ਸਿੰਘ ਵਾਲਾ ਤੇ ਪਟਿਆਲਾ ਆਦਿ ਸ਼ਹਿਰਾਂ ਚ ਸਾਂਝੇ ਸਦਭਾਵਨਾ ਮਾਰਚ ਹੋਏ ਹਨ ਜਿੰਨਾਂ ਚ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਨੌਜਵਾਨਾਂ ਵਿਦਿਆਰਥੀਆਂ, ਮੁਲਾਜ਼ਮਾਂ,  ਜਮਹੂਰੀ ਹੱਕਾਂ ਤੇ ਤਰਕਸ਼ੀਲ ਲਹਿਰ ਦੇ ਕਾਰਕੁੰਨਾਂ ਨੇ ਸ਼ਮੂਲੀਅਤ ਕੀਤੀ ਹੈ। ਇਉਂ ਲੋਕ ਪੱਖੀ ਤੇ ਧਰਮ ਨਿਰਪੱਖ ਪੈਂਤੜੇ ਤੋਂ ਗੂੰਜਿਆ ਸਦਭਾਵਨਾ ਦਾ ਹੋਕਾ ਤਣਾਅਗ੍ਰਸਤ ਹੋਏ ਪੰਜਾਬ ਦੇ ਮਾਹੌਲ ਚ ਰਾਹਤ ਦੇ ਬੁੱਲੇ ਵਾਂਗ ਮਹਿਸੂਸ ਕੀਤਾ ਗਿਆ ਹੈ। ਇਹਨਾਂ ਮਾਰਚਾਂ ਦੌਰਾਨ ਘਰਾਂ ਤੇ ਦੁਕਾਨਾਂ ਦੇ ਬਾਹਰ ਆ ਕੇ ਦੇਖਦੇ ਲੋਕਾਂ ਦੇ ਚਿਹਰਿਆਂ ਤੋਂ ਰਾਹਤ ਤੇ ਸਮਰਥਨ ਦੇ ਭਾਵ ਉ¤ਘੜਦੇ ਦੇਖੇ ਗਏ ਹਨ। ਤੇਜ਼ੀ ਨਾਲ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਕਰਦੀਆਂ ਅਪੀਲਾਂ ਵੀ ਸੋਸ਼ਲ ਮੀਡੀਏ ਤੇ ਪਾਈਆਂ ਜਾਂਦੀਆਂ ਰਹੀਆਂ ਹਨ। ਵੱਖ-ਵੱਖ ਜਥੇਬੰਦੀਆਂ ਵੱਲੋਂ ਜਾਰੀ ਹੋਏ ਬਿਆਨਾਂ, ਹੱਥ ਪਰਚਿਆਂ ਤੇ ਪੋਸਟਰਾਂ ਨੂੰ ਸਭਨਾਂ ਲੋਕ ਹਿੱਸਿਆਂ ਵੱਲੋਂ ਹੀ ਕਬੂਲਵਾਂ ਹੁੰਗਾਰਾ ਮਿਲਿਆ ਹੈ।
ਉਪਰੋਕਤ ਸਰਗਰਮੀ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਦੇ ਨਰੋਏ ਲੱਛਣਾਂ ਦਾ ਉ¤ਘੜਵਾਂ ਪ੍ਰਗਟਾਵਾ ਹੈ। ਲੋਕ ਲਹਿਰ ਦੇ ਕਲਾਵੇ ਚ ਆਉਂਦੇ ਜਨ-ਸਮੂਹਾਂ ਤੋਂ ਅਗਲੀਆਂ ਪਰਤਾਂ ਤੇ ਵੀ ਬੀਤੇ ਸਾਲਾਂ ਦੇ ਲੋਕ ਸੰਘਰਸ਼ਾਂ ਵੱਲੋਂ ਵੰਡੀ ਚੇਤਨਾ ਦੇ ਅਸਰ ਵੇਖੇ ਗਏ ਹਨ। ਲੋਕਾਂ ਨੇ ਅਜਿਹੀਆਂ ਘਟਨਾਵਾਂ ਨੂੰ ਕਿਸਾਨ ਮਜ਼ਦੂਰ ਅੰਦੋਲਨ ਨੂੰ ਲੀਹੋਂ ਲਾਹੁਣ ਦੀ ਸਾਜਿਸ਼ ਵਜੋਂ ਸੌਖਿਆਂ ਹੀ ਟਿੱਕ ਲਿਆ ਹੈ। ਹਾਕਮਾਂ ਦੇ ਅਜਿਹੇ ਮਨਸੂਬੇ ਪਛਾਣੇ ਜਾਣ ਨੇ ਲੋਕ ਰੋਹ ਨੂੰ ਹੋਰ ਤੇਜ਼ ਕੀਤਾ ਹੈ। ਏਸੇ ਲਈ ਫਿਰਕੂ ਸਦਭਾਵਨਾ ਕਾਇਮ ਰੱਖਣ ਤੇ ਰੋਹ ਹਾਕਮਾਂ ਖਿਲਾਫ਼ ਸੇਧਤ ਕਰਨ ਦੇ ਸੁਨੇਹੇ ਨੂੰ ਲੋਕਾਂ ਨੇ ਸਹਿਜੇ ਹੀ ਕਬੂਲਿਆ ਹੈ। ਉਪਰੋਕਤ ਸਰਗਰਮੀ ਫਿਰਕਾਪ੍ਰਸਤੀ ਦੇ ਹੱਲੇ ਨੂੰ ਪਛਾੜਨ ਪੱਖੋਂ ਲੋਕ ਲਹਿਰ ਵੱਲੋਂ ਉਪਰੋਕਤ ਸਰਗਰਮੀ ਫਿਰਕਾਪ੍ਰਸਤੀ ਦੇ ਹੱਲੇ ਨੂੰ ਪਛਾੜਨ ਪੱਖੋਂ ਲੋਕ ਲਹਿਰ ਵੱਲੋਂ ਅਜਿਹਾ ਹੰਭਲਾ ਜੁਟਾਉਣ ਦੀਆਂ ਗੁੰਜਾਇਸ਼ਾਂ ਨੂੰ ਦਰਸਾਉਂਦੀ ਹੈ।

No comments:

Post a Comment