Wednesday, 25 November 2015

4. ਤਣਾਅਗ੍ਰਸਤ ਪੰਜਾਬ ਦੋਸ਼ੀ ਸਿਆਸੀ ਧਿਰਾਂ ਟਿੱਕੋ ਅਤੇ ਪਛਾੜੋ


ਤਣਾਅਗ੍ਰਸਤ ਪੰਜਾਬ


ਦੋਸ਼ੀ ਸਿਆਸੀ ਧਿਰਾਂ ਟਿੱਕੋ ਅਤੇ ਪਛਾੜੋ

ਪੰਜਾਬ ਦੇ ਲੋਕਾਂ ਨੂੰ ਭਰਾਮਾਰ ਲੜਾਈ ਮੂੰਹ ਧੱਕਣਾ ਚਾਹੁੰਦੀਆਂ ਸ਼ਕਤੀਆਂ ਦਾ ਪਰਦਾਫਾਸ਼ ਕਰਨਾ ਤੇ ਪਛਾੜਨਾ ਲੋਕ ਹੱਕਾਂ ਦੀ ਲਹਿਰ ਦਾ ਅਹਿਮ ਕਾਰਜ ਬਣਦਾ ਹੈ। ਬੀਤੇ ਘਟਨਾਕ੍ਰਮ ਪਿੱਛੇ ਕੰਮ ਕਰਦੀਆਂ ਸਾਜਸ਼ਾਂ ਤੇ ਗਿਣਤੀਆਂ ਮਿਣਤੀਆਂ ਨੂੰ ਉਜਾਗਰ ਕੀਤਾ ਜਾਣਾ ਚਾਹੀਦਾ ਹੈ। ਹੁਣ ਤੱਕ ਵਾਪਰੇ ਘਟਨਾਕ੍ਰਮ ਦੇ ਤੱਥਾਂ ਦੀ ਛਾਣਬੀਣ ਦੱਸਦੀ ਹੈ ਕਿ ਬੀੜ ਚੋਰੀ ਹੋਣ ਜਾਂ ਮਗਰੋਂ ਪੱਤਰੇ ਖਿਲਾਰਨ ਵਾਲਿਆਂ ਦੀ ਪੈੜ ਉਨਾਂ ਸਿਆਸੀ ਸ਼ਕਤੀਆਂ ਦੇ ਘਰਾਂ ਤੱਕ ਜਾਂਦੀ ਹੈ ਜਿਨਾਂ ਨੇ ਵੀ ਅਜਿਹੀਆਂ ਘਟਨਾਵਾਂ ਦਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਅੰਦਰ ਬਣਿਆ ਮਾਹੌਲ ਸਿਰਫ਼ ਬੀੜ ਚੋਰੀ ਹੋਣ ਜਾਂ ਪੱਤਰੇ ਪਾੜ ਕੇ ਸੁੱਟਣ ਦੀ ਘਟਨਾ ਦਾ ਸਿੱਟਾ ਨਹੀਂ ਸਗੋਂ ਅਜਿਹੀਆਂ ਘਟਨਾਵਾਂ ਨੂੰ ਸੌੜੀ ਸਿਆਸੀ ਮੰਤਵਾਂ ਲਈ ਵਰਤਣ ਦਾ ਸਿੱਟਾ ਹੈ।
1 ਜੂਨ ਨੂੰ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਚੋਂ ਬੀੜ ਚੋਰੀ ਹੋਣ ਦੀ ਘਟਨਾ ਮਗਰੋਂ ਪੁਲਸ ਪ੍ਰਸ਼ਾਸਨ ਦਾ ਰਵੱਈਆ ਕਾਰਵਾਈ ਪਾਉਣ ਵਾਲਾ ਰਿਹਾ ਹੈ। ਦੋਸ਼ੀ ਲੱਭਣ ਲਈ ਕੋਈ ਵਿਸ਼ੇਸ਼ ਤਰੱਦਦ ਨਹੀਂ ਕੀਤਾ ਗਿਆ। ਉਦੋਂ ਤੋਂ ਲੈ ਕੇ ਹੀ ਚੱਕਵੀਂ ਫਿਰਕੂ ਸੁਰ ਵਾਲੇ ਅਕਾਲੀ ਧੜਿਆਂ ਤੇ ਧਾਰਮਿਕ ਚੌਧਰੀਆਂ ਵੱਲੋਂ ਲੋਕਾਂ ਦੇ ਧਾਰਮਿਕ ਜਜ਼ਬਾਤ ਭੜਕਾਉਣ ਦੀਆਂ ਸਾਜਸ਼ਾਂ ਚੱਲਦੀਆਂ ਰਹੀਆਂ ਹਨ, ਸਰਕਾਰ ਅਣਗੌਲੀਆਂ ਕਰਦੀ ਰਹੀ ਹੈ। ਇਨਾਂ ਲੀਡਰਾਂ ਨੇ ਪਿੰਡ ਲਗਾਤਾਰ ਗੇੜਾ ਰੱਖਿਆ ਹੈ ਤੇ ਮਾਹੌਲ ਚ ਭੜਕਾਹਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਿਸ਼ਾਨਾ ਡੇਰਾ ਪ੍ਰੇਮੀਆਂ ਤੇ ਦਲਿਤਾਂ ਵੱਲ ਸੇਧਣ ਦਾ ਯਤਨ ਕੀਤਾ ਹੈ। ਇਨਾਂ ਫਿਰਕੂ ਜਥੇਬੰਦੀਆਂ ਦੇ ਰਵੱਈਏ ਤੇ ਪਿੰਡ ਵਾਸੀਆਂ ਨੇ ਡਾਢੀ ਔਖ ਪ੍ਰਗਟ ਕੀਤੀ ਤੇ ਉਨਾਂ ਨੂੰ ਪਿੰਡ ਵੜਨੋਂ ਰੋਕਿਆ ਗਿਆ। ਕੋਟਕਪੂਰਾ ਕਾਂਡ ਤੋਂ ਪਹਿਲਾਂ ਜਨੂੰਨੀ ਅਨਸਰਾਂ ਵੱਲੋਂ ਭੜਕਾਊ ਮਾਹੌਲ ਬਣਾਇਆ ਗਿਆ। ਬੇਅਦਬੀ ਦੀ ਘਟਨਾ ਤੋਂ ਬਾਅਦ ਧੜਾਧੜ ਬਰਗਾੜੀ ਪੁੱਜੇ ਧਾਰਮਿਕ ਚੌਧਰੀ ਤੇ ਫਿਰਕੂ ਲੀਡਰ ਧਾਰਮਿਕ ਜਜ਼ਬਾਤ ਭੜਕਾਉਣ ਚ ਲੱਗੇ ਰਹੇ। ਕੋਟਕਪੂਰੇ ਅਤੇ ਨੇੜਲੇ ਖੇਤਰਾਂ ਦੀਆਂ ਦੁਕਾਨਾਂ ਤੋਂ ਝਟਪਟ ਤਲਵਾਰਾਂ ਮੁੱਕ ਗਈਆਂ। ਹਰਿਆਣੇ ਤੇ ਰਾਜਸਥਾਨ ਤੋਂ ਵੱਡੀ ਗਿਣਤੀ ਆਪਣੇ ਸ਼ਰਧਾਲੂ ਲਿਆਂਦੇ ਗਏ। ਕੋਟਕਪੂਰਾ ਧਰਨੇ ਚ ਸ਼ਹਿਰੀਆਂ ਦੀ ਗਿਣਤੀ ਨਾ-ਮਾਤਰ ਸੀ। ਆਲੇ ਦੁਆਲੇ ਦੇ ਪਿੰਡਾਂ ਦੀ ਸ਼ਮੂਲੀਅਤ ਨਾਲੋਂ ਜ਼ਿਆਦਾ ਗਿਣਤੀ ਦੂਰੋਂ ਆਏ ਨੌਜਵਾਨ ਟੋਲਿਆਂ ਦੀ ਸੀ। ਉ¤ਥੇ ਭੜਕਾਊ ਤਕਰੀਰਾਂ ਹੁੰਦੀਆਂ ਰਹੀਆਂ ਤੇ ਨੰਗੀਆਂ ਤਲਵਾਰਾਂ ਲਹਿਰਾਈਆਂ ਜਾਂਦੀਆਂ ਰਹੀਆਂ। ਖਾਲਿਸਤਾਨ ਜ਼ਿੰਦਾਬਾਦ ਤੇ ਭਿੰਡਰਾਵਾਲਾ ਜ਼ਿੰਦਾਬਾਦ ਦੇ ਨਾਅਰੇ ਲੱਗਦੇ ਰਹੇ।
ਅਜਿਹੀ ਸਥਿਤੀ ਚ ਸਰਕਾਰ ਤੇ ਪ੍ਰਸ਼ਾਸਨ ਦਾ ਰਵੱਈਆ ਮਾਹੌਲ ਨੂੰ ਸ਼ਾਂਤ ਕਰਨ ਤੇ ਠੰਡਾ ਛਿੜਕਣ ਵਾਲਾ ਨਹੀਂ ਸੀ। ਸਗੋਂ ਹੋਰ ਭੜਕਾਉਣ ਵਾਲਾ ਸੀ। ਡੇਰਾ ਸਿਰਸਾ ਮੁਖੀ ਦੀ ਮੁਆਫ਼ੀ ਦੇ ਮੁੱਦੇ ਤੇ ਸ਼ਰੀਕ ਅਕਾਲੀ ਧੜਿਆਂ ਨਾਲ ਭਿੜ ਰਹੇ ਬਾਦਲ ਦਲ ਨੇ ਸ਼ਰੀਕਾਂ ਨੂੰ ਪੱਧਰ ਕਰਨ ਦਾ ਨਿਆਮਤੀ ਮੌਕਾ ਸਮਝ ਕੇ ਜਬਰ ਦਾ ਰਾਹ ਫੜ ਲਿਆ। ਬਿਨਾਂ ਪਰਵਾਹ ਕੀਤੇ ਕਿ ਇਹ ਮਾਹੌਲ ਪੰਜਾਬ ਨੂੰ ਫਿਰਕੂ ਅੱਗ ਦੇ ਮੂੰਹ ਦੇ ਸਕਦਾ ਹੈ। ਗੋਲੀਆਂ ਡਾਂਗਾਂ ਦੀ ਬੇਦਰੇਗ ਵਰਤੋਂ ਕੀਤੀ ਗਈ। ਦੋ ਨੌਜਵਾਨਾਂ ਦੀ ਜਾਨ ਗਈ। ਇਥੋਂ ਤੱਕ ਕਿ ਪ੍ਰਸ਼ਾਸਨ ਦੇ ਕਹਿਣ ਤੇ ਬਰਗਾੜੀ ਮੁੱਖ ਸੜਕ ਤੇ ਲੱਗਿਆ ਧਰਨਾ ਲਿੰਕ ਰੋਡ ਤੇ ਤਬਦੀਲ ਕਰ ਲਿਆ ਗਿਆ ਸੀ। ਪੁਲਸ ਨੇ ਉ¤ਥੇ ਜਾ ਕੇ ਬੁਰੀ ਤਰ੍ਹਾਂ ਲਾਠੀਚਾਰਜ ਕੀਤਾ, ਔਰਤਾਂ ਨੂੰ ਵੀ ਨਹੀਂ ਬਖਸ਼ਿਆ। ਆਪਣੀਆਂ ਫੌਰੀ ਸਿਆਸੀ ਗਿਣਤੀਆਂ ਚੋਂ ਬਾਦਲ ਸਰਕਾਰ ਨੇ ਜੋ ਕੀਤਾ ਉਹ ਸ਼ਰੀਕ ਅਕਾਲੀ ਧੜਿਆਂ ਨੂੰ ਹੋਰ ਤਕੜਾਈ ਦੇਣ ਦਾ ਸਾਧਨ ਬਣ ਗਿਆ। ਇਸ ਤੋਂ ਬਾਅਦ ਹੁਣ ਤੱਕ ਦੇ ਘਟਨਾਕ੍ਰਮ ਦੌਰਾਨ ਪੰਥ ਦੀ ਸੱਚੀ ਰਖਵਾਲਾ ਹੋਣ ਦੀ ਗੁਰਜ ਆਪਣੇ ਹੱਥ ਰੱਖਣ ਦੇ ਚੱਕਰ ਚ ਬਾਦਲ ਹਕੂਮਤ ਸ਼ਰੀਕ ਧੜਿਆਂ ਨਾਲ ਸਮਝੌਤੇ ਅਤੇ ਟਕਰਾਅ ਦੀ ਕਸ਼ਮਕਸ਼ ਚ ਉਲਝੀ ਦਿਖੀ ਹੈ। ਅਸਲ ਮੁਜਰਮਾਂ ਦੀ ਸ਼ਨਾਖਤ ਕਰਨ ਅਤੇ ਲੋਕਾਂ ਚ ਨੰਗਾ ਕਰਨ ਦੀ ਬਜਾਏ ਵਿਰੋਧੀ ਧੜਿਆਂ ਤੋਂ ਪੰਥਕ ਏਜੰਡਾ ਖੋਹਣ ਚ ਜੁਟੀ ਦਿਖਾਈ ਦਿੱਤੀ ਹੈ। ਅਜਿਹੇ ਹਕੂਮਤੀ ਰਵੱਈਏ ਨੇ ਮਾਹੌਲ ਹੋਰ ਵਿਗਾੜਨ ਚ ਹਿੱਸਾ ਪਾਇਆ ਹੈ।
ਕਾਂਗਰਸ ਨੇ ਵੀ ਅਕਾਲੀ ਧੜਿਆਂ ਦੀ ਆਪਸੀ ਕਸ਼ਮਕਸ਼ ਦਾ ਲਾਹਾ ਲੈਣ ਦੇ ਯਤਨ ਕੀਤੇ ਹਨ ਤੇ ਬਾਦਲ ਵਿਰੋਧੀ ਅਕਾਲੀ ਧੜਿਆਂ ਤੇ ਧਾਰਮਿਕ ਚੌਧਰੀਆਂ ਨੂੰ ਅੰਦਰਖਾਤੇ ਹਮਾਇਤ ਦੇ ਕੇ ਤਕੜਾਈ ਦੇਣ ਦਾ ਰੋਲ ਨਿਭਾਇਆ ਹੈ। ਇਉਂ ਇਨਾਂ ਤਿੰਨੋਂ ਧਿਰਾਂ ਦੀਆਂ ਮੁਜਰਮਾਨਾਂ ਕਰਤੂਤਾਂ ਨੇ ਪੰਜਾਬ ਚ ਦਹਿਸ਼ਤ ਤੇ ਖੌਫ਼ ਦਾ ਮਾਹੌਲ ਬਣਾਉਣ ਚ ਆਪੋ ਆਪਣਾ ਹਿੱਸਾ ਪਾਇਆ ਹੈ। ਇਹ ਭੇੜ ਹੁਣ ਵੀ ਜਾਰੀ ਹੈ। ਲੋਕਾਂ ਨੂੰ ਅਜਿਹੀ ਹਾਕਮ ਜਮਾਤੀ ਸਿਆਸਤ ਦੇ ਮਾਰੂ ਨਤੀਜੇ ਭੁਗਤਣੇ ਪੈ ਰਹੇ ਹਨ।

No comments:

Post a Comment